Monday, May 2, 2011
ਸਿਲਵਰ ਸਕਰੀਨ ਦੀ ਸਿਨੇਮਾਈ ਸਿਆਸਤ-2
ਭਾਰਤੀ ਸਿਨੇਮਾ ‘ਚ ਪ੍ਰਕਾਸ਼ ਝਾਅ ਦਾ ਨਾਮ ਇੱਕ ਅਜਿਹਾ ਨਾਮ ਹੈ ਜਿਸ ਨੇ ਸਮਾਜਿਕ ਸਰੋਕਾਰ ਨੂੰ ਸਿਨੇਮਾ ‘ਚ ਬਹੁਤ ਅਹਿਮੀਅਤ ਦੇ ਨਾਲ ਉਭਾਰਨ ਦੀ ਕੌਸ਼ਿਸ਼ ਕੀਤੀ ਹੈ।ਬਿਹਾਰ ਦੀ ਸਿਆਸਤ ਦੇ ਚੱਪੇ-ਚੱਪੇ ਤੋਂ ਵਾਕਿਫ ਪ੍ਰਕਾਸ਼ ਝਾਅ ਨੇ ਬਿਹਾਰ ਦੀ ਨਬਜ਼ ਨੂੰ ਆਪਣੀ ਫਿਲਮਾਂ ਦਾ ਮੁੱਖ ਵਿਸ਼ਾ ਰੱਖਿਆ[ਭਾਰਤ ਦੀ ਸਿਆਸਤ ‘ਚ ਬਿਹਾਰ ਦੀ ਗਤੀਵਿਧੀਆਂ ਨੇ ਹਮੇਸ਼ਾ ਆਪਣਾ ਰੰਗ ਵਖਾਇਆ ਹੈ।ਇਹ ਕੋਈ ਅੱਜ ਦੀ ਗੱਲ ਨਹੀਂ ਪ੍ਰਚੀਨ ਭਾਰਤ ਤੋਂ ਲੈਕੇ ਅੱਜ ਤੱਕ ਬਿਹਾਰ ਭਾਰਤ ਦੀ ਸਿਆਸਤ ਦਾ ਕੇਂਦਰ ਬਿੰਦੂ ਰਿਹਾ ਹੈ।ਮੋਰੀਆ ਸਮਰਾਜ ਦੇ ਗੜ੍ਹ ਦੇ ਰੂਪ ‘ਚ ਬਿਹਾਰ ਜੇ ਪ੍ਰਾਚੀਨ ਸਿਆਸਤ ਦਾ ਅਸ਼ੋਕ ਰਾਜ ਸੀ ਤਾਂ ਵਿੱਦਿਆ ਦੇ ਖੇਤਰ ‘ਚ ਬਿਹਾਰ ਤਕਸ਼ਿਲਾ ਵਿਸ਼ਵ ਵਿਦਿਆਲਿਆ ਜਿਹੇ ਸਿੱਖਿਆ ਅਦਾਰਿਆਂ ਦੇ ਨਾਲ ਭਾਰਤੀ ਸੰਸਕ੍ਰਿਤੀ ਤੇ ਸੱਭਿਆਚਾਰ ਦਾ ਥੰਮ ਰਿਹਾ ਹੈ।ਬੁੱਧ ਧਰਮ ਦੀ ਅਸਲੀ ਤੇ ਮੁੱਢਲੀ ਸਰਜ਼ਮੀਨ ਬਿਹਾਰ ਹੀ ਸੀ ਤੇ ਬੁੱਧ ਧਰਮ ਦੇ ਮਠ ਵਿਹਾਰ ਤੋਂ ਹੀ ਬਿਹਾਰ ਦਾ ਨਾਮਕਰਨ ਵਿਹਾਰ ਤੋਂ ਬਿਹਾਰ ਦੇ ਰੂਪ ‘ਚ ਪ੍ਰਤਖ ਹੋਇਆ ਹੈ।ਐਸੇ ਅਮੀਰ ਬਿਹਾਰ ਦੀ ਅਜੋਕੀ ਵਿਰਾਸਤ ਬਹੁਤ ਸਾਰੇ ਕਾਲੇ ਤੇ ਗਰੀਬ ਕਾਰਨਾਮਿਆ ਕਰਕੇ ਮਸ਼ਹੂਰ ਹੈ।ਪ੍ਰਕਾਸ਼ ਝਾਅ ਦੇ ਸਿਨੇਮਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਪ੍ਰਕਾਸ਼ ਝਾਅ ਨੇ ਕਲਾ ਤੇ ਵਾਪਰਕ ਸਿਨੇਮਾ ਦੀ ਵਿੱਤ ਨੂੰ ਖਤਮ ਕਰਕੇ ਦੋਵਾਂ ਦਾ ਸੰਗਮ ਕੀਤਾ ਹੈ।ਇਸ ਜੁਗਲਬੰਦੀ ਚੋਂ ਹੀ ਪ੍ਰਕਾਸ਼ ਝਾਅ ਦੀਆਂ ਮ੍ਰਿਤਯੂਦੰਡ,ਗੰਗਾਜਲ,ਅਪਹਰਣ ਤੇ ਰਾਜਨੀਤੀ ਜਿਹੀਆਂ ਫਿਲਮਾਂ ਦਾ ਊਦੇ ਹੋਇਆ ਹੈ।ਇਹ ਪ੍ਰਕਾਸ਼ ਝਾਅ ਦਾ ਹੀ ਕਮਾਲ ਹੈ ਕਿ ਉਸ ਦੀਆਂ ਫਿਲਮਾਂ ਲਈ ਸ਼ੂਟਿੰਗ ਦੌਰਾਨ ਲੋਕਾਂ ਦੀ ਭੀੜ ਵਿਖਾਉਣ ਲਈ ਕਿਸੇ ਹੋਰ ਨਿਰਦੇਸ਼ਕ ਵਾਂਗੂ ਜਦੋਜਹਿਦ ਨਹੀਂ ਕਰਨੀ ਪੈਂਦੀ।ਪ੍ਰਕਾਸ਼ ਦੀਆਂ ਫਿਲਮਾਂ ਚੋਂ ਸਿਆਸਤ ਅਧਾਰਿਤ ਫਿਲਮ ‘ਚ ਸਭ ਤੋਂ ਪਹਿਲਾ ਨਾਮ ਫਿਲਮ ਦਾਮੂਲ ਦਾ ਹੈ।
ਦਾਮੂਲ(1984) ਭਾਵ ਮੌਤ ਤੱਕ ਬੰਨ੍ਹਿਆ ਹੋਇਆ,ਗ਼ੁਲਾਮ:ਅੰਮ੍ਰਿਤਸਰ ਦੀ ਦੀਪਤੀ ਨਵਲ(ਪ੍ਰਕਾਸ਼ ਝਾਅ ਦੀ ਸਾਬਕਾ ਪਤਨੀ) ਦੀ ਅਦਾਕਾਰੀ ਨਾਲ ਸਜੀ ਇਹ ਫਿਲਮ ਬਿਹਾਰ ਦੇ ਸਾਹੀਵਾਲ ਨਾਲ ਸੰਬਧਿਤ ਸੀ।ਬੰਦੂਆ ਮਜ਼ਦੂਰ ਦੇ ਜਾਤੀ ਅਧਾਰਿਤ ਸਿਆਸਤ ਨੂੰ ਇਸ ਫਿਲਮ ਰਾਹੀ ਬਾਖੂਬੀ ਉਭਾਰਿਆ ਗਿਆ ਹੈ।ਇਹ ਫਿਲਮ ਇਸ ਪੱਖ ਵੱਲ ਵੀ ਇਸ਼ਾਰਾ ਕਰਦੀ ਹੈ ਕਿ ਬਿਹਾਰ ਦੇ ਮਜ਼ਦੂਰ ਕਿੰਝ ਆਪਣੀ ਰੋਜ਼ੀ ਰੋਟੀ ਲਈ ਪੰਜਾਬ ਵੱਲ ਨੂੰ ਪਰਵਾਸ ਕਰਦੇ ਹਨ।
ਗੰਗਾਜਲ(2003) ਫਿਲਮ ਉਹਨਾਂ ਸਮਿਆਂ ਦੀ ਫਿਲਮ ਹੈ ਜਦੋਂ ਮੁਬੰਈ ‘ਚ ਬਾਲੀਵੁੱਡ ਨੂੰ ਪੁਲਿਸ ਦੀ ਭੂਮਿਕਾ ‘ਤੇ ਫਿਲਮ ਬਣਾਉਣ ਦਾ ਭੂਤ ਸਵਾਰ ਸੀ।ਉਸ ਸਮੇਂ ਪੁਲਿਸ ਨੂੰ ਅਧਾਰ ਬਣਾਕੇ ਗੰਗਾਜਲ ਦੇ ਨਾਲ,ਪੁਲਿਸ ਫੋਰਸ,ਆਨ-ਮੈਨ ਐਟ ਵਰਕ,ਦੇਵ,ਖਾਕੀ ਵਰਗੀਆਂ ਫਿਲਮਾਂ ਇੱਕਠੀਆਂ ਆਈਆਂ ਸਨ।ਪਰ ਉਹਨਾਂ ਚੋਂ ਗੰਗਾਜਲ ਸਾਰਥਕ ਸਿਨੇਮਾ ਦੀ ਸਭ ਤੋਂ ਉੱਤਮ ਫਿਲਮ ਸੀ।ਜੇ ਪੁਲਿਸ ਤੇ ਸਿਆਸਤ ਦੇ ਉਲਝੇਵੇਂ ਰਿਸ਼ਤਿਆਂ ਦੀ ਕੋਈ ਫਿਲਮ ਇਸ ਤੋਂ ਵਧੀਆ ਬਣੀ ਸੀ ਤੇ ਉਹ ਸੀ ਦੇਵ(ਅਮਿਤਾਬ ਬੱਚਨ ਅਭੀਨੀਤ)ਸਿਆਸਤਦਾਨਾਂ ਦੇ ਪ੍ਰਭਾਵ ‘ਚ ਕਿਵੇਂ ਪੁਲਿਸ ਆਪਣੇ ਕੰਮ ਪ੍ਰਤੀ ਬੇਈਮਾਨ ਹੁੰਦੀ ਹੈ ਤੇ ieਮਾਨਦਾਰ ਪੁਲਿਸ ਸਾਹਮਣੇ ਕੀ ਮੁਸ਼ਕਿਲਾਂ ਦਰਪੇਸ਼ ਆਉਂਦੀਆਂ ਹਨ ਇਸ ਫਿਲਮ ‘ਚ ਇਸ ਨੂੰ ਚੰਗੀ ਤਰ੍ਹਾਂ ਬੁਣਿਆ ਹੈ।ਬਿਹਾਰ ਦੇ ਮਸ਼ਹੂਰ ਭਾਗਲਪੁਰ ਤੇਜ਼ਾਬ ਕਾਂਡ ਨੂੰ ਵੀ ਇਸ ਫਿਲਮ ਦਾ ਹਿੱਸਾ ਬਣਾਇਆ ਗਿਆ ਹੈ।
ਅਪਹਰਣ(2005) ‘ਚ ਆਈ ਫਿਲਮ ਇੱਕ ਅਜਿਹੀ ਫਿਲਮ ਸੀ ਜਿਹਨੇ ਬਿਹਾਰ ਦੀ ਸਿਆਸਤ ਨੂੰ ਬਹੁਤ ਡੂੰਗਾਈ ਨਾਲ ਚੀਰ ਫਾੜ ਕੀਤਾ।ਮੇਰੇ ਮੁਤਾਬਕ ਨੌਜਵਾਨ ਦੇ ਤਸੱਵਰ ਨੂੰ ਸਮਝਨ ਲਈ ਕੁਝ ਫਿਲਮਾਂ ‘ਤੇ ਝਾਤ ਜ਼ਰੂਰੀ ਹੈ।ਇਹ ਫਿਲਮਾਂ ਨੇ ਲਕਸ਼,ਯੁਵਾ,ਅਪਹਰਣ,Rang de Basanti,ਹਾਸਿਲ,3 ਇਡੀਅਟਸ,ਦਿਲ ਦੋਸਤੀ ਐਕਸਟਰਾ ਆਦਿ।ਇਹਨਾਂ ਤੇ ਚਰਚਾ ਫਿਰ ਕਦੀ ਵੱਖਰੇ ਵਿਸ਼ੇ ਅਧੀਨ ਕਰਾਂਗੇ।ਕਿ ਇਹ ਫਿਲਮਾਂ ਹੀ ਕਿਉਂ ਹਨ।ਅਪਹਰਣ ਨੇ ਬਿਹਾਰ ਦੀ ਸਿਆਸਤ ‘ਚ ਜੇਲ੍ਹ ਅੰਦਰੋਂ ਚੱਲ ਰਹੀ ਸਿਆਸਤ ਤੇ ਇਸ ਦਾ ਪੂਰਾ ਪ੍ਰਬੰਧਕੀ ਢਾਂਚਾ,ਅਗਵਾਕਾਰਾਂ ਦੀ ਪੂਰੀ ਮੰਡਲੀ ਤੇ ਸਿਆਸਤ ‘ਚ ਇਸ ਦਾ ਯੋਗਦਾਨ,ਵੋਟ ਬੈਂਕ,ਸਰਕਾਰ ਤੇ ਸਰਕਾਰਾਂ ਅੰਦਰਲਾ ਰੋਹ ਸਭ ਕੁਝ ਪੇਸ਼ ਨਹੀਂ ਫਾੜ੍ਹਕੇ ਪੇਸ਼ ਕੀਤਾ ਹੈ।ਇੱਥੇ ਹਰਦਿਆਲ ਸਾਗਰ ਦੀਆਂ ਕੁਝ ਸਤਰਾਂ ਮੈਨੂੰ ਜ਼ਰੂਰ ਯਾਦ ਆ ਰਹੀਆਂ ਹਨ: ਬੁਰਾ ਸੁਣਨਾ,ਬੁਰਾ ਕਹਿਣਾ,ਬੁਰਾ ਤੱਕਣਾ ਹੈ ਫਿਤਰਤ ਵਿੱਚ,
ਯਕੀਨਨ ਸਿਖਰ ਤੇ ਪਹੁੰਚਗੇ ਇਹ ਬੰਦਾ ਸਿਆਸਤ ਵਿੱਚ।
ਸਾਹਿਤਕਾਰਾਂ ਦੀਆਂ ਅਜਿਹੀ ਰਚਨਾਵਾਂ ਇੰਝ ਹੀ ਨਹੀਂ ਪੈਦਾ ਹੁੰਦੀਆਂ।ਯਥਾਰਥ ਦੀ ਸਰਜ਼ਮੀਨ ਇੰਝ ਹੀ ਬਿਦ ਬਣਾਉਂਦੀ ਹੈ ਕਿਉਂ ਕਿ ਇਹ ਸੱਚ ਹੈ।ਇੱਥੇ ਜ਼ਿਕਰ-ਏ-ਖਾਸ ਹੈ- 16 ਅਪ੍ਰੈਲ ਨੂੰ ਪੰਜਾਬੀ ਟ੍ਰਿਬਿਊਨ ‘ਚ ਛਪਿਆ’ਭ੍ਰਿਸ਼ਟਾਚਾਰ ਦੇ ਖੂੰਖਾਰ ਦੈਂਤ’ ਜਿਸ ‘ਚ ਸਿਆਸਤ ‘ਚ ਨਿਜੀ ਸਨਅਤਕਾਰਾਂ ਦੀ ਅਜਿਹੀ ਜਮਾਤ ਵੱਲ ਇਸ਼ਾਰਾ ਕੀਤਾ ਗਿਆ ਸੀ।ਇਸ ਲੇਖ ‘ਚ ਭਾਰਤ ਦੇ ਸਾਬਕਾ ਚੋਣ ਕਮਿਸ਼ਨਰ ਜੇ.ਐੱਮ.ਲਿੰਗਦੋਹ ਦੀ ਕਾਰਪੋਰੇਟ ਕਲਚਰ ਤੇ ਸਿਆਸਤ ਦੇ ਮਿਸ਼ਰੀਘੋਲ ‘ਤੇ ਕੀਤੀ ਟਿੱਪਣੀ ਦਾ ਵੀ ਜ਼ਿਕਰ ਸੀ।ਜੇ.ਐੱਮ.ਲਿੰਗਦੋਹ ਮੁਤਾਬਕ ਸੰਸਾਰ ਉੱਤੇ 500 ਅਮੀਰਾਂ ਦਾ ਕਬਜਾ ਹੈ ਤੇ ਕਾਰਪੋਰੇਟ ਘਰਾਣੇ ਹੀ ਸਿਆਸਤ ਚਲਾ ਰਹੇ ਹਨ।ਹੂ ਤੂ ਤੂ ਤੋਂ ਲੈ ਕੇ(ਜਿਸ ਦਾ ਜ਼ਿਕਰ ਅਸੀ ਕਰ ਚੁੱਕੇ ਹਾਂ ਭਾਗ 1 ਵਿੱਚ) ਅਪਹਰਣ,ਰੰਗ ਦੇ ਬੰਸਤੀ ਆਦਿ ਫਿਲਮਾਂ ਵਿੱਚ ਇਸ ਦਾ ਜ਼ਿਕਰ ਸੂਖਮਤਾ ਨਾਲ ਕੀਤਾ ਗਿਆ ਹੈ।
ਰਾਜਨੀਤੀ(2010) “ਕਰਾਰਾ ਜਵਾਬ ਮਿਲੇਗਾ’ ਇਹ ਸੰਵਾਦ ਪੂਰੀ ਫਿਲਮ ਦਾ ਪਛਾਨ ਚਿੰਨ੍ਹ ਬਣ ਗਿਆ।ਮਨੋਜ ਵਾਜਪਾਈ ਤੋਂ ਲੈਕੇ ਨਾਨਾ ਪਾਟੇਕਰ,ਅਜੇ ਦੇਵਗਨ,ਅਰਜੁਨ ਰਾਮਪਾਲ ਤੇ ਰਣਬੀਰ ਕਪੂਰ ਹਰ ਅਦਾਕਾਰ ਨੇ ਪੂਰੀ ਸ਼ਿੱਦਤ ਨਾਲ ਅਦਾਕਾਰੀ ਕੀਤੀ।ਸਿਆਸਤ ‘ਚ ਇਹ ਫਿਲਮ ਭਾਰਤ ਦੀ ਸਿਆਸਤ ਦੇ ਮੁੱਢਲੇ ਫਲਸਫੇ ਨੂੰ ਉਜਾਗਰ ਕਰਦੀ ਹੈ।ਕਿਉਂ ਕਿ ਇਸ ਦੀਆਂ ਜੜ੍ਹਾਂ ਭਾਰਤ ਦੀ ਪ੍ਰਾਚੀਨ ਸ`ਭਿਅਤਾ ਦੇ ਗ੍ਰੰਥ ਨਾਲ ਜੁੜੀਆਂ ਸਨ।2010 ‘ਚ ਭਾਰਤ ਦੇ ਪ੍ਰਾਚੀਨ ਗ੍ਰੰਥਾਂ ‘ਤੇ ਅਧਾਰਿਤ ਦੋ ਖਾਸ ਫਿਲਮਾਂ ਆਈਆਂ ਸਨ।ਰਾਜਨੀਤੀ ਜੇ ਮਹਾਂਰੀਸੀ ਵੇਦ ਵਿਆਸ ਦੇ ਮਹਾਂਭਾਰਤ ‘ਤੇ ਅਧਾਰਿਤ ਸੀ ਤਾਂ ਰਮਾਇਣ ਉੱਤੇ ਅਧਾਰਿਤ ਫਿਲਮ ਮਨੀ ਰਤਨਮ ਦੀ ਰਾਵਣ ਸੀ।ਰਾਵਣ ਫਿਲਮ ਇਸ ਸਾਲ ਦਰਸ਼ਕਾਂ ਵੱਲੋਂ ਨਕਾਰ ਦਿੱਤੀ ਗਈ ਪਰ ਵਿਚਾਰਾਤਮਕ ਦ੍ਰਿਸ਼ਟੀਕੋਣ ਤੋਂ ਇਸ ਦੀ ਚਰਚਾ ਕਰਨੀ ਵੀ ਜ਼ਰੂਰੀ ਬਣਦੀ ਹੈ।ਪਰ ਰਾਜਨੀਤੀ ਫਿਲਮ ਨੂੰ ਦਰਸ਼ਕਾਂ ਨੇ ਭਰਵਾ ਹੁੰਗਾਰਾ ਦਿੱਤਾ ਸੀ।ਇਸ ਫਿਲਮ ਨੂੰ ਲੈਕੇ ਬਹੁਤ ਸਾਰੇ ਵਿਵਾਦ ਵੀ ਪੈਦਾ ਹੋਏ ਸਨ।ਮਸਲਨ ਸੋਨੀਆ ਗਾਂਧੀ ਨੂੰ ਧਿਆਨ ‘ਚ ਰੱਖਕੇ ਕੈਟਰੀਨਾ ਕੈਫ ਵਾਲਾ ਪਾਤਰ ਸਿਰਜਿਆ ਗਿਆ ਹੈ ਵਗੈਰਾ ਵਗੈਰਾ।ਪਰ ਇੱਥੇ ਇਹ ਗੱਲ ਕਹਿਣੀ ਜ਼ਰੂਰ ਬਣਦੀ ਹੈ।ਅਸੀ ਲੋਕਤੰਤਰ ਦੀ ਗਵਾਹੀ ਜ਼ਰੂਰ ਦਿੰਦੇ ਹਾਂ ਪਰ ਸਾਡਾ ਮਿਹਦਾ ਆਲੋਚਨਾ ਨੂੰ ਪਚਾਉਣ ਵਾਲਾ ਨਹੀਂ।
ਅਮਰੀਕਾ ਦੀ ਲੱਖ ਬੁਰਾਈ ਕੀਤੀ ਜਾ ਸਕਦੀ ਹੈ ਪਰ ਉੱਥੇ ਕੋਈ ਵੀ ਫਿਲਮ ਰਾਸ਼ਟਰ ਦੀ ਕੋਝੀ ਸਿਆਸਤ ‘ਤੇ ਟਿੱਪਣੀ ਜ਼ਰੂਰ ਕਰ ਸਕਦੀ ਹੈ ਚਾਹੇ ਫਿਰ ਕੋਈ ਪੁਰਸਕਾਰ ਨਾ ਮਿਲੇ ਉਹ ਵੱਖਰੀ ਗੱਲ ਹੈ।ਜਿਵੇਂ ਓਲੀਵਰ ਸਟੋਨ ਦੀ 1991 ਨੂੰ ਆਈ JFK ਜੋ ਅਮਰੀਕੀ ਰਾਸ਼ਟਰਪਤੀ ਜਾਨ ਆਫ ਕਨੈਡੀ ਦੇ ਕਤਲ ਨਾਲ ਸੰਬੰਧਿਤ ਸੀ।ਓਲੀਵਰ ਸਟੋਨ ਦੀ ਹੀ 1995 ਨੂੰ ਆਈ ਫਿਲਮ ‘ਨਿਕਸਨ’ ਐਂਥਨੀ ਹੋਪਕਿੰਨਸ ਅਭੀਨੀਤ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਜੀਵਨੀ ‘ਤੇ ਅਧਾਰਿਤ ਸੀ।ਜੇਮਸ ਕੈਮਰੂਨ ਦੀ 2009 ਨੂੰ ਆਈ ਫਿਲਮ ਅਵਤਾਰ ਹੋਵੇ ਜੋ ਅਮਰੀਕਾ ਦੇ ਵਾਤਾਵਰਨ ਵਿਰੋਧੀ ਏਜੰਡਿਆ ਦਾ ਗ਼ਲਪ ਤਰੀਕੇ ਨਾਲ ਵਿਰੋਧ ਕਰਦੀ ਹੈ।ਸ਼ਾਇਦ ਇਸੇ ਕਰਕੇ ਅਮਰੀਕਾ ਨੇ ਕੈਥਰੀਨ ਬਿੰਗਲੋ ਦੀ ‘ਦੀ ਹਾਰਟ ਲੋਕਰ’ ਨੂੰ ਆਸਕਰ ਨਾਲ ਨਵਾਜਿਆ ਤੇ ਅਵਤਾਰ ਨੂੰ ਇਸ ਪੁਰਸਕਾਰ ਤੋਂ ਵਾਂਝਾ ਰੱਖਿਆ।ਪਰ ਭਾਰਤ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਸਰਕਾਰਾਂ ਦਾ ਹਾਜਮਾ ਖਰਾਬ ਕਰਦੀਆਂ ਆਈਆਂ ਹਨ ਜਿਹਨਾਂ ਕਰਕੇ ਸਰਕਾਰ ਨੇ ਸੈਂਸਰ ਦੇ ਰਵਾਇਤੀ ਚੱਕਰ ‘ਚ ਇੰਨਾ ਫਿਲਮਾਂ ਨੂੰ ਘੜੀਸਿਆ।ਜਿਹਨਾਂ ਚੋਂ ਸੰਜੀਵ ਕੁਮਾਰ ਦੀ ਗੁਲਜ਼ਾਰ ਨਿਰਦੇਸ਼ਤ ਆਂਧੀ(1975) ਹੋਵੇ ਜਿਸ ਬਾਰੇ ਤੁਸੀ ਭਾਗ 1 ਵਿੱਚ ਪੜ੍ਹ ਚੁੱਕੇ ਹੋ।ਅਨੁਰਾਗ ਕਸ਼ਿਅਪ ਦੀ ਬਲੈਕ ਫਰਾਈ ਡੇ ਵੀ ਸਿਆਸਤ ਦੀ ਭੇਂਟ ਹੀ ਚੜ੍ਹੀ ਸੀ।ਅੰਮ੍ਰਿਤ ਨਾਹਟਾ ਦੀ ‘ਕਿੱਸਾ ਕੁਰਸੀ ਕਾ’ ਤੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਜਿਹਨਾਂ ਬਾਰੇ ਸੈਂਸਰ ਪੂਰੀ ਤਿਆਰੀ ਕਰ ਰਿਹਾ ਹੈ।ਜਿਹਨਾਂ ਚੋਂ ਇੱਕ ਹੈ ਆਉਣ ਵਾਲੀ ਫਿਲਮ ਐਲਕਸ ਵੋਨ ਟਨਜ਼ਲਮਨ ਦੀ ਕਿਤਾਬ Indian Summer-The Secrete history of the end of an Empire 'ਤੇ ਅਧਾਰਿਤ ਹੈ।ਜੋ ਫਿਲਹਾਲ ਭਾਰਤ ਸਰਕਾਰ ਵੱਲੋਂ ਏਤਰਾਜ਼ ਪ੍ਰਗਟ ਕਰਨ ਕਾਰਨ ਲਟਕੀ ਹੋਈ ਹੈ।ਇਸ ਫਿਲਮ ‘ਚ ਹਿਊਜ ਗ੍ਰਾਂਟ ਤੇ ਕੇਟ ਬਲੈਸ਼ੇਟ ਅਦਾਕਾਰੀ ਕਰਨ ਵਾਲੇ ਹਨ।
ਪ੍ਰਕਾਸ਼ ਝਾਅ ਦਾ ਸਿਨੇਮਾ ਸਾਰਥਕ ਤੇ ਆਰਥਿਕ ਹਿੱਤਾਂ ਰਾਹੀ ਸਿਆਸਤ ਦੀ ਨਬਜ਼ ਨੂੰ ਬਹੁਤ ਬਰੀਕੀ ਨਾਲ ਫੜ੍ਹਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ।ਇਸ ਦਾ ਅੰਦਾਜ਼ਾ ਤਾਂ ਇਸ ਗੱਲ ਤੋਂ ਹੀ ਲੱਗ ਜਾਂਦਾ ਹੈ ਕਿ ਪੰਜਾਬੀ ਫਿਲਮ ਜਿੰਮੀ ਸ਼ੇਰਗਿੱਲ ਅਭੀਨੀਤ ‘ਧਰਤੀ’ ਰਾਜਨੀਤੀ ਤੋਂ ਹੀ ਪ੍ਰਭਾਵਿਤ ਹੈ।ਆਖਰ ਕਦੋਂ ਤੱਕ ਪੰਜਾਬੀ ਸਿਨੇਮਾ ‘ਚ ਅਸੀ ਇਸ ਬਹਾਨੇ ਦੇ ਸਿਰ ‘ਤੇ ਚਲਦੇ ਰਹਾਂਗੇ ਕਿ ਹਿੰਦੀ ਫਿਲਮਾਂ ਲਈ ਵਿਸ਼ਾ ਪੁਰਾਣਾ ਸੀ ਪਰ ਪੰਜਾਬੀ ਫਿਲਮਾਂ ‘ਚ ਇਹ ਨਵਾਂ ਸੀ ਸੋ ਇਸ ਦੀ ਗੁੰਜਾਇਸ਼ ਹੈ।ਇਸ ਬਹਾਨੇ ਨੂੰ ਵਰਤਦੇ ਹੋਏ ਹੁਣ ਤੱਕ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਹਿੰਦੀ ਫਿਲਮਾਂ ਦੀ ਨਕਲ ਕਰਦੀਆਂ ਆ ਰਹੀਆਂ ਹਨ।ਗੁਰਦਾਸ ਮਾਨ ਦੀ ਮਿੰਨੀ ਪੰਜਾਬ ਫਿਲਮ ਕੱਲ੍ਹ ਹੋ ਨਾ ਹੋ’ ਦੀ ਨਕਲ ਸੀ ਤੇ ਧਰਤੀ ਫਿਲਮ ਤੇ ਨਿਰਦੇਸ਼ਕ ਨਵਨੀਤ ਸਿੰਘ ਦੀ ਇਸ ਤੋਂ ਪਹਿਲੀ ਫਿਲਮ ‘ਮੇਲ ਕਰਾਦੇ ਰੱਬਾ’ ਫਿਲਮ ਰਹਿਣਾ ਹੈ ਤੇਰੇ ਦਿਲ ਮੇਂ ਦੀ ਨਕਲ ਹੀ ਸੀ।ਖੈਰ ਪ੍ਰਕਾਸ਼ ਝਾਅ ਦੀਆਂ ਸਿਆਸਤ ਅਧਾਰਿਤ ਫਿਲਮਾਂ ਦਾ ਜ਼ਿਕਰ ਛਿੜੇ ਤਾਂ ਉਸ ਦੁਆਰਾ ਨਿਰਮਤ Film ਦਿਲ ਦੋਸਤੀ ਐਕਸਟਰਾ ਵੀ ਜ਼ਰੂਰ ਵੇਖਿਓ
(ਜਾਰੀ......)
ਹਰਪ੍ਰੀਤ ਸਿੰਘ ਕਾਹਲੋਂ ਟੀ ਵੀ ਪੱਤਰਕਾਰ ਹੈ,ਪਰ ਪੱਤਰਕਾਰੀ ਨਾਲੋਂ 1000 ਗੁਣਾ ਵੱਧ ਰੁਚੀ ਸਿਨੇਮੇ 'ਚ ਰੱਖਦਾ ਹੈ।
ਵੰਨਗੀ :
ਫਿਲਮ,
ਫਿਲਮ ਰੀਵਿਊ
Subscribe to:
Post Comments (Atom)
I read regularly Harpreet Singh Kahlon's writing on Cinema.He is really fantastic Punjabi Critic on Cinema.I would like to say Mr. Harpreet you are a new one fresh appeal about critics about Cinema.
ReplyDelete