ਮਰ ਜਾਵਾਂ ਮੈਨੂੰ ਡਰ ਨਹੀਂ ਮੇਰੀ ਆਤਮਾ ਮਰ ਜਾਵੇ,ਅਸਲੀ ਮੌਤ ਹੈ।
ਇਹਨਾਂ ਹਰਫਾਂ 'ਚ ਕੁਝ ਤਾਂ ਲੁੱਕਿਆ ਹੈ ਜੋ ਇਹਨਾਂ ਸਤਰਾਂ ਨੂੰ ਦੁਹਰਾਉਣ 'ਤੇ ਹਰ ਸ਼ਖਸ ਦੇ ਅੰਦਰ ਤੋਂ ਜਵਾਬ ਮੰਗਣ ਲੱਗ ਪੈਂਦਾ ਹੈ।ਅਸੀ ਇਹਨੂੰ ਸਿੱਧੇ ਸ਼ਬਦਾਂ 'ਚ ਕਹੀਏ ਤਾਂ ਇਹੋ ਹੈ ਆਪਣੇ ਵਜੂਦ ਨੂੰ ਤਲਾਸ਼ ਕਰਨ ਦੀ ਜਦੋਜਹਿਦ।ਇਹ ਉਹ ਕਿਨਾਰਾ ਹੈ।ਜਿੱਥੇ ਇੱਕ ਆਦਮੀ ਆਪਣੇ ਵਿਰਾਸਤ ਆਪਣੀਆਂ ਸੱਭਿਆਚਾਰਕ ਜੜ੍ਹਾਂ ਤੇ ਆਪਣੀ ਪਹਿਲ ਨੂੰ ਪ੍ਰਭਾਸ਼ਤ ਕਰਨ 'ਚ ਸੰਘਰਸ਼ ਕਰ ਰਿਹਾ ਹੈ।ਇਹ ਅਜੋਕੇ ਸਮਾਜ 'ਚ ਆਮ ਵਰਤਾਰਾ ਹੈ ਜੋ ਕਿਸੇ ਨਾ ਕਿਸੇ ਰੂਪ 'ਚ ਸਾਨੂੰ ਵਿਖਦਾ ਹੈ।ਇੱਕ ਪੂਰਬ ਬਨਾਮ ਪੱਛਮ,ਦੂਜਾ ਨਵਾਂ ਬਨਾਮ ਪੁਰਾਣਾ,ਤੀਜਾ ਅਮਰੀਕਾ ਬਨਾਮ ਪੰਜਾਬ ਜਾਂ ਵਿਦੇਸ਼ ਬਨਾਮ ਦੇਸ਼।ਹਰ ਕੋਈ ਅਧੂਰਾ ਹੀ ਅਧੂਰਾ ਘੁੰਮ ਰਿਹਾ ਹੈ।
ਇਸ ਜਦੋ ਜਹਿਦ ਨੂੰ ਲੈਕੇ ਹੀ ਕਿਤੇ ਸੱਭਿਅਤਾਵਾਂ ਦੇ ਭੇੜ ਨੂੰ ਲੈਕੇ ਵਿਚਾਰ ਚਰਚਾ ਹੋ ਰਹੀ ਤੇ ਕਿਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਨੂੰ ਲੈਕੇ ਸੰਘਰਸ਼ ਹੋ ਰਿਹਾ ਹੈ।ਇਹਨਾਂ ਸਾਰੀਆਂ ਗੱਲਾਂ ਦੇ ਤਾਣੇ ਬਾਣੇ 'ਚ ਕਨੇਡਾ ਦੀ ਇੱਕ ਅਜਿਹੀ ਫ਼ਿਲਮ ਕੌਮਾਂਤਰੀ ਮੰਚ 'ਤੇ ਖ਼ੂਬ ਸਫ਼ਲ ਹੋਈ ਹੈ।ਫ਼ਿਲਮ ਹੈ ਸਰਬ ਸਿੰਘ ਨੀਲਮ ਦੁਆਰਾ ਨਿਰਦੇਸ਼ਤ ਕੀਤੀ ਗਈ 'ਓਸ਼ੀਅਨ ਆਫ ਪਰਲਸ' ਮੋਤੀਆਂ ਦੇ ਇਸ ਸਮੁੰਦਰ 'ਚ ਪਛਾਨ ਦਾ ਸੰਘਰਸ਼ ਕੀ ਹੈ ਤੇ ਇਸ ਰਾਹੀ ਸਾਡੀਆਂ ਮੁੱਢਲੀਆਂ ਚਣੌਤੀਆਂ ਕੀ ਹਨ,ਫਿਲਮ ਇਸ ਦਾ ਬਾਖੂਬੀ ਵਿਸ਼ਲੇਸ਼ਨ ਕਰਦੀ ਹੈ।ਇਸ ਫ਼ਿਲਮ ਨੇ ਆਪਣੇ ਕਥਾਨਕ ਨਾਲ ਇਹਨਾਂ ਦਾ ਹੱਲ ਲੱਭਣ 'ਚ ਸਫ਼ਲਤਾ ਪਾਈ ਹੈ।
ਸਿਨੇਮਾ ਦੇ ਲਿਹਾਜ ਤੋਂ ਇਹ ਫ਼ਿਲਮ ਬਹੁਤ ਸਾਰੀਆਂ ਗੱਲਾਂ ਕਰਕੇ ਚਰਚਾ ਦਾ ਵਿਸ਼ਾ ਬਣਦੀ ਹੈ।ਹੁਣ ਤੱਕ ਬਾਲੀਵੁੱਡ ਫ਼ਿਲਮਾਂ 'ਚ ਸਿੱਖ ਜਾਂ ਸਰਦਾਰ ਕਿਰਦਾਰ ਨੂੰ ਕਦੀ ਵੀ ਆਮ ਜ਼ਿੰਦਗੀ ਦਾ ਸਹਿਜਤਾ ਅਧੀਨ ਵਿਚਰਦਾ ਕਿਰਦਾਰ ਨਹੀਂ ਵਿਖਾਇਆ ਗਿਆ।ਰਾਕੇਟ ਸਿੰਘ-ਸੇਲਸਮੈਨ ਆਫ ਦੀ ਈਅਰ ਇਸ ਦਾ ਅਪਵਾਦ ਜ਼ਰੂਰ ਹੈ।ਹਿੰਦੀ ਫ਼ਿਲਮਾਂ 'ਚ ਜਾਂ ਭਾਰਤੀ ਫ਼ਿਲਮਾਂ 'ਚ ਸਿੱਖ ਹੀਰੋ ਹਮੇਸ਼ਾ ਮਜ਼ਾਕੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ।ਓਸ਼ੀਅਨ ਆਫ ਪਰਲਸ ਫ਼ਿਲਮ 'ਚ 'ਓਮੀਡ ਅਬਤਾਹੀ' ਨੇ ਜਿਸ ਅੰਦਾਜ਼ ਦਾ ਸਿੱਖ ਕਿਰਦਾਰ ਜ਼ਿੰਦਾ ਕੀਤਾ ਹੈ ਉਹ ਪੂਰੀ ਫ਼ਿਲਮ ਦੀ ਖ਼ੂਬਸੂਰਤੀ ਹੈ।ਸਿੱਖ ਜੀਵਨ ਜਾਂਚ ਨੂੰ ਕੇਂਦਰਤ ਕਰਦੀ ਵੀ ਇਹ ਹੁਣ ਤੱਕ ਦੀ ਪਹਿਲੀ ਫ਼ਿਲਮ ਹੈ।ਇਸ ਫ਼ਿਲਮ ਨੂੰ ਆਮ ਦਰਸ਼ਕਾਂ ਤੋਂ ਲੈਕੇ ਆਲੋਚਕਾਂ ਨੇ ਵੀ ਬਹੁਤ ਸਰਾਹਿਆ ਹੈ।
ਫ਼ਿਲਮ ਦੀ ਕਹਾਣੀ ਡਾ. ਅੰਮ੍ਰਿਤ ਸਿੰਘ ਦੀ ਹੈ।ਜੋ ਮੈਡੀਕਲ ਖੇਤਰ 'ਚ ਤਰੱਕੀ ਪਾਉਣਾ ਚਾਹੁੰਦਾ ਹੈ।ਕਿਉਂ ਕਿ ਉਹ ਇੱਕ ਨੌਜਵਾਨ ਹੈ ਠੀਕ ਅਜਿਹਾ ਨੌਜਵਾਨ ਜੋ ਸੁਫ਼ਨੇ ਵੇਖਦਾ ਹੈ,ਜਜ਼ਬਾ ਰੱਖਦਾ ਹੈ ਅੱਗੇ ਵੱਧਣਾ ਚਾਹੁੰਦਾ ਹੈ।ਉਸ ਦੇ ਲਈ ਇਸ ਦੁਨੀਆਂ 'ਚ ਆਪਣੀ ਪਛਾਨ ਤੇ ਆਪਣੀਆਂ ਜ਼ਰੂਰਤਾਂ ਦਰਮਿਆਨ ਜ਼ਿੰਦਗੀ 'ਚ ਵਿਚਰਨ ਨੂੰ ਲੈਕੇ ਸੰਘਰਸ਼ ਹੈ।ਡਾ. ਅੰਮ੍ਰਿਤ ਸਿੰਘ ਨੂੰ ਕੇਸ ਧਾਰਨ ਕਰਨੇ ਪੱਗ ਨੂੰ ਸਿਰ 'ਤੇ ਸਜਾਉਣਾ ਇੱਕ ਰੁਕਾਵਟ ਦੀ ਤਰ੍ਹਾਂ ਮਹਿਸੂਸ ਹੋ ਰਿਹਾ ਹੈ।ਕਿਉਂ ਕਿ ਉਹ ਆਪਣੇ ਬਾਕੀ ਅੰਗਰੇਜ਼ ਦੋਸਤਾਂ ਦੇ ਨਾਲ ਕਲੱਬ 'ਚ ਦਾਖਲ ਨਹੀਂ ਹੋ ਸਕਦਾ ਕਿਉਂ ਕਿ ਦਾਖਲ ਹੋਣ ਤੋਂ ਪਹਿਲਾਂ ਉਸ ਨੂੰ ਪੱਗ ਉਤਾਰ ਕੇ ਤਲਾਸ਼ੀ ਕਰਾਉਣ ਲਈ ਕਿਹਾ ਜਾਂਦਾ ਹੈ।ਏਅਰਪੋਰਟ 'ਤੇ ਉਸ ਨੂੰ ਸੁਰੱਖਿਆ ਕਾਰਨਾਂ ਕਰਕੇ ਪੱਗ ਉਤਾਰਨ ਲਈ ਕਿਹਾ ਜਾਂਦਾ ਹੈ।
'ਓਸ਼ੀਅਨ ਆਫ ਪਰਲਸ' ਦੀ ਸ਼ੁਰੂਆਤ ਹੀ ਬਹੁਤ ਦਾਰਸ਼ਨਿਕ ਲਹਿਜੇ ਨਾਲ ਹੁੰਦੀ ਹੈ।ਫ਼ਿਲਮ ਥੌੜ੍ਹਾ ਆਤਮ ਕਥਾਤਮਕ ਲਹਿਜੇ ਦੀ ਹੈ।ਫ਼ਿਲਮ ਦਾ ਨਾਇਕ ਆਪਣੇ ਬਾਰੇ ਦੱਸਦਾ ਹੋਇਆ ਸ਼ੁਰੂਆਤ 'ਚ ਹੀ ਸਵਾਲ ਪਾਉਂਦਾ ਹੈ ਕਿ ਜ਼ਿੰਦਗੀ ਦੇ ਇਸ ਚੱਕਰ ਬਾਰੇ ਕੀ ਕਦੀ ਸੋਚਿਆ ਹੈ।ਅਸੀ ਆਪਣੇ ਮਾਂ ਪਿਓ ਦੇ ਘਰ ਹੀ ਉਹਨਾਂ ਲਈ ਕਿਉਂ ਪੈਦਾ ਹੁੰਦੇ ਹੈ।ਇਸ ਸੰਸਾਰ 'ਚ ਇੰਨੀ ਧਰਤੀ ਹੈ ਪਰ ਅਸੀ ਆਪਣੇ ਦੇਸ਼ ਆਪਣੇ ਸ਼ਹਿਰ ਹੀ ਕਿਉਂ ਪੈਦਾ ਹੋਏ।ਨਾਇਕ 'ਤੇ ਉਸਦੀ ਮੰਗੇਤਰ ਦਾ ਪਰਿਵਾਰ 1960 'ਚ ਕਨੇਡਾ ਆਏ ਸਨ।
ਇੱਥੇ ਨਾਇਕ ਕਹਿੰਦਾ ਹੈ ਕਿ ਉਸ ਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਕਿਉਂ ਕੋਈ ਨਵੀਂ ਦੁਨੀਆ 'ਚ ਆਕੇ ਪੁਰਾਣੇ ਨੂੰ ਜ਼ਿੰਦਾ ਰੱਖਣ ਲਈ ਸੰਘਰਸ਼ ਕਰਦਾ ਰਹਿੰਦਾ ਹੈ।ਇਹ ਸੰਘਰਸ਼ ਹਰ ਬੰਦੇ ਦੇ ਅੰਦਰ ਚਲ ਰਿਹਾ ਹੈ।ਬੇਸ਼ੱਕ ਸਿਆਣੇ ਕਹਿੰਦੇ ਹਨ ਕਿ, "ਅੱਜ ਦੀ ਗਲਤੀ,ਕੱਲ੍ਹ ਦਾ ਸੱਭਿਆਚਾਰ,ਪਰਸੋਂ ਦਾ ਕਾਨੂੰਨ"ਇਹ ਇੰਝ ਹੀ ਚਲਦਾ ਹੈ।ਇਸੇ 'ਚ ਪੁਰਾਣੇ ਤੋਂ ਨਵੇਂ ਤੱਕ ਦਾ ਸੰਘਰਸ਼ ਹੈ।ਪੀੜ੍ਹੀ ਪਾੜਾ ਹੈ।ਸੱਭਿਆਤਾਵਾਂ ਦਾ ਅੰਤਰ ਹੈ।ਇਹ ਹਰ ਉਸ ਚੀਜ਼ 'ਚ ਹੈ ਜਿੱਥੇ ਪਰਵਾਸ ਹੈ।ਬਿਹਾਰ ਦਾ ਪੰਜਾਬ 'ਚ ਵਜੂਦ ਦਾ ਸੰਘਰਸ਼ ਹੈ।ਪੰਜਾਬੀ ਦਾ ਬਾਹਰ ਵਜੂਦ ਦਾ ਸੰਘਰਸ਼ ਹੈ।ਕਿਉਂ ਕਿ ਭੂਗੋਲਿਕ ਤੇ ਜਜ਼ਬਾਤੀ ਜੁੜਾਅ ਸਰੀਰ ਤੇ ਮਨ ਨੂੰ ਇੱਕਸੁਰਤਾ 'ਚ ਨਹੀਂ ਰੱਖ ਰਿਹਾ।ਅਮਰੀਕਾ 'ਚ ਪਲਿਆ ਵਧਿਆ ਡਾ. ਅੰਮ੍ਰਿਤ ਸਿੰਘ ਆਪਣੇ ਧਾਰਮਿਕ ਤੇ ਸੱਭਿਆਚਾਰਕ ਵਜੂਦ ਨੂੰ ਆਪਣੇ ਅੱਜ ਦੇ ਨਾਲ ਜੋੜਕੇ ਨਹੀਂ ਰੱਖ ਪਾ ਰਿਹਾ।ਪੱਗ ਤੇ ਸਿੱਖੀ ਜੀਵਨ ਜਾਚ ਦਾ ਅੰਦਰੂਨੀ ਭਾਵ ਉਸ ਦੇ ਦੁਨਿਆਵੀ ਸੰਘਰਸ਼ ਨਾਲ ਟਕਰਾ ਰਿਹਾ ਹੈ।ਇਸ ਤਰ੍ਹਾਂ ਦੇ ਮਾਨਸਿਕ ਤਾਣੇ-ਬਾਣੇ 'ਚ ਅੰਮ੍ਰਿਤ ਸਿੰਘ ਆਪਣੇ ਕੇਸ ਕਟਵਾ ਲੈਂਦਾ ਹੈ।ਕਿਉਂ ਕਿ ਉਸਦੇ ਸਿੱਖ ਹੋਣ ਕਰਕੇ,ਪੱਗੜੀਧਾਰੀ ਹੋਣ ਕਰਕੇ ਉਸ ਨੂੰ ਆਪਣੇ ਮੈਡੀਕਲ ਕਿੱਤੇ ਵਿੱਚ ਉਹਨਾਂ ਸਹੂਲਤਾਂ ਤੋਂ ਵਾਂਝਾ ਰਹਿਣਾ ਪਿਆ ਜਿਹਨਾਂ ਦਾ ਉਹ ਹੱਕਦਾਰ ਸੀ।
ਫ਼ਿਲਮ ਦਾ ਸਭ ਤੋਂ ਖੂਬਸੂਰਤ ਪੱਖ ਇਹ ਹੈ ਕਿ ਇਹ ਫ਼ਿਲਮ ਕਿਸੇ ਵੀ ਤਰ੍ਹਾਂ ਉਪਦੇਸ਼ ਸ਼ੈਲੀ ਦੇ ਪ੍ਰਭਾਵ 'ਚ ਪਏ ਬਗੈਰ ਆਪਣਾ ਸੰਦੇਸ਼ ਦਿੰਦੀ ਹੈ। ਫ਼ਿਲਮ ਸਿੱਖੀ ਦੇ ਅਸੂਲਾਂ ਵੱਲ ਇਸ਼ਾਰਾ ਕਰਦੀ ਹੈ।ਫ਼ਿਲਮ ਦੱਸਦੀ ਹੈ ਕਿ ਕਿੰਝ ਵਿਰਾਸਤੀ ਚਿੰਨ੍ਹ ਸਾਡੀ ਸ਼ਖਸੀਅਤ ਤੋਂ ਅਸੀ ਵੱਖ ਨਹੀਂ ਕਰ ਸਕਦੇ।ਅਸੀ ਆਪਣੀ ਪਛਾਣ ਕਿੰਨੀ ਵੀ ਬਦਲ ਲਈਏ ਪਰ ਸਾਡਾ ਉਜਾਗਰੀ ਸਰੋਤ ਹਮੇਸ਼ਾ ਸਾਡੇ ਨਾਲ ਚਲੇਗਾ।ਇਹ ਦੁਨੀਆ 'ਚ ਇੱਕ ਸਹਿਜ ਵਰਤਾਰਾ ਹੈ।
ਡਾ. ਅੰਮ੍ਰਿਤ ਸਿੰਘ ਦਾ ਪਿਤਾ ਉਸ ਨੂੰ ਦੱਸਦਾ ਹੈ ਕਿ ਮਸਲਾ ਨਿਜ ਨੂੰ ਜ਼ਮੀਨੀ ਪੱਧਰ 'ਤੇ ਸੰਤੁਸ਼ਟ ਕਰਨਾ ਨਹੀਂ ਹੈ।ਸਮਝੌਤੇ ਜਾਂ ਮੌਕਿਆ 'ਚ ਜ਼ਿਆਦਾ ਮਾਇਨੇ ਰੱਖਦੀ ਗੱਲ ਇਹੋ ਹੈ ਕਿ ਬੰਦਾ ਇਹਨਾਂ ਨੂੰ ਡਿੱਗਕੇ ਪਾਉਂਦਾ ਹੈ ਜਾਂ ਗਰਵ ਦੀ ਨਜ਼ਰਸਾਨੀ ਕਰਦਾ ਹੈ।ਉਸ ਦਾ ਪਿਤਾ ਦੱਸਦਾ ਹੈ ਕਿ ਬਹੁਤ ਸਾਰੇ ਖ਼ੌਫ਼ਨਾਕ ਪਲ ਆਏ ਹਨ ਪਰ ਕੀ ਉਹਨਾਂ 'ਚ ਆਪਣੇ ਵਜੂਦ ਨੂੰ ਮਿਟਾਕੇ ਆਉਣਾ ਸਹੀ ਬਚਾਅ ਨਹੀਂ ਸੀ।ਉਹ ਕਹਿੰਦੇ ਹਨ ਕਿ, "ਮੈਂ ਮਰ ਜਾਵਾਂ ਮੈਨੂੰ ਡਰ ਨਹੀਂ,ਮੇਰੀ ਆਤਮਾ ਮਰ ਜਾਵੇ ਅਸਲ ਮੌਤ ਹੈ।"
ਫ਼ਿਲਮ ਦਾ ਅਧਾਰ ਇਹ ਜ਼ਰੂਰ ਹੈ ਪਰ ਕਿਸੇ ਵਿਅਕਤੀ ਲਈ ਪਛਾਣ ਕੀ ਹੈ? ਇਸ ਦੀ ਕਹਾਣੀਆਂ ਬਹੁਤ ਸਾਰੀਆਂ ਪੇਚਦਗੀਆਂ ਚੋਂ ਨਿਕਲਕੇ ਨਿਜ ਤੱਕ ਪਹੁੰਚਦੀਆਂ ਹਨ।ਆਖਰ ਇੱਕ ਮਨੁੱਖ ਦਾ ਅਸਲ ਜੁੜਾਵ ਕਿੱਥੇ ਹੋਵੇਗਾ ਜਿੱਥੇ ਦੇ ਬਹੁਮਤ ਭਰੇ ਭੂਗੋਲਿਕ,ਸਮਾਜਿਕ ਤੇ ਆਰਥਿਕ ਵਰਤਾਰੇ 'ਚ ਉਹ ਵਿਚਰ ਰਿਹਾ ਹੈ ਜਾਂ ਉੱਥੇ ਜਿੱਥੇ ਉਹਦੇ ਪੂਰਵਜ਼ਾਂ ਦਾ ਉਦੈ ਹੈ।ਚਿੰਤਾ 'ਚ ਦੋਵੇਂ ਸਬੱਬ ਹਨ ਕਿ ਚਿੰਤਾ ਨਾ ਕਰੋ ਤੇ ਇਹ ਸੁਭਾਵਿਕ ਮੰਨੋ ਜੇ ਉਹ ਆਪਣਾ ਨਾਮ ਗੁਰਵਿੰਦਰ ਤੋਂ ਗੈਰੀ ਕਰ ਰਿਹਾ ਹੈ ਜਾਂ ਜਸਮੀਤ ਨੂੰ ਜੈਸੀ ਕਹਾਉਣਾ ਵਧੇਰੇ ਪਸੰਦ ਹੈ।ਕਿਉਂ ਕਿ ਪਛਾਣ ਦੀ ਮੂਰਤ ਵਧੇਰੇ ਤਾਂ ਉਘੜਦੀ ਹੈ ਜੇ ਭਾਵਨਾਤਮਕ ਅਧਾਰ ਮਜ਼ਬੂਤ ਹੋਵੇ।ਇਸਨੂੰ ਠੀਕ ਉਸੇ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਬਿਹਾਰ ਦੇ ਲੋਕ ਗੀਤਾਂ ਨਾਲ ਉਥੋਂ ਦੇ ਵਸਨੀਕਾਂ ਦਾ ਜੁੜਾਅ ਹੀ ਹੋਵੇਗਾ ਚਾਹੇ ਉਹ ਪੰਜਾਬ 'ਚ ਰਹਿ ਰਿਹਾ ਹੋਵੇ ਪਰ ਕਿਸੇ ਬਿਹਾਰ ਤੋਂ ਆਏ ਵਸਨੀਕ ਦੀ ਸੰਤਾਨ ਦਾ ਪਾਲਨ ਪੋਸ਼ਣ ਜੇ ਪੰਜਾਬ 'ਚ ਹੋਇਆ ਹੋਵੇ ਤਾਂ ਮਿਕਦਾਰੀ ਪੱਖੋਂ ਉਹ ਪੰਜਾਬ ਦੇ ਲੋਕ ਜੀਵਨ ਦੇ ਜ਼ਿਆਦਾ ਨੇੜੇ ਹੋ ਜਾਵੇਗਾ।ਇਹ ਵਰਤਾਰਾ ਸਿਰਫ ਪੰਜਾਬੀ ਜਾਂ ਸਿੱਖ ਪਛਾਣ 'ਚ ਹੀ ਨਹੀਂ ਦੁਨੀਆ ਦੀ ਹਰ ਸਮਾਜਿਕ ਇਕਾਈ 'ਚ ਵਰਤ ਰਿਹਾ ਹੈ।
ਪਰ ਇਸ ਸਾਰੇ ਵਰਤਾਰੇ 'ਚ ਅਹਿਮ ਫ਼ਰਜ਼ ਇਹ ਵੀ ਹੈ ਕਿ ਕੋਈ ਜ਼ਿੰਮੇਵਾਰੀ ਕਿਵੇਂ ਨਿਭਾ ਰਿਹਾ ਹੈ।ਵਿਦੇਸ਼ਾਂ 'ਚ ਵੱਸਦੇ ਪਰਿਵਾਰ ਬਹੁਤ ਸਾਰੇ ਅਜਿਹੇ ਹਨ ਜੋ ਵਿਦੇਸ਼ੀ ਧਰਤੀ 'ਤੇ ਆਪਣੀ ਹੋਂਦ ਨੂੰ ਆਪਣੇ ਪਿਛੋਕੜ ਦੇ ਸੰਦਰਭ 'ਚ ਜ਼ਿੰਦਾ ਰੱਖਦੇ ਆ ਰਹੇ ਹਨ।ਮੌਜ਼ੂ ਪਛਾਣ ਨੂੰ ਤਲਾਸ਼ ਕਰਦੀ ਜ਼ਿੰਦਗੀ ਦਾ ਹੀ ਹੈ।ਕੋਈ ਇਸ ਤੋਂ ਵੱਖ ਹੋਕੇ ਨਵੀਂ ਪਛਾਣ ਨਾਲ ਵਿਚਰਕੇ ਖੁਸ਼ ਹੈ ਤੇ ਕੋਈ ਆਪਣੇ ਪਿਛੋਕੜ ਦੀ ਪਛਾਣ ਨਾਲ ਜੁੜਕੇ ਖੁਸ਼ ਹੈ।
ਹਰਪ੍ਰੀਤ ਸਿੰਘ ਕਾਹਲੋਂ ਪੱਤਰਕਾਰ ਹੈ,ਪਰ ਪੱਤਰਕਾਰੀ ਨਾਲੋਂ 1000 ਗੁਣਾ ਵੱਧ ਰੁਚੀ ਸਿਨੇਮੇ 'ਚ ਰੱਖਦਾ ਹੈ।
No comments:
Post a Comment