ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, December 28, 2012

ਜੈ ਭੀਮ ਕਾਮਰੇਡ: ਲਾਲ ਸਿਆਸਤ ’ਤੇ ਨੀਲਾ ਦਾਗ

ਦੋਸਤੋ, ਮੇਰਾ ਇਹ ਫਿਲਮ ਰੀਵਿਊ ਪੰਜਾਬੀ ਦੇ ਸਾਹਿਤਕ ਰਸਾਲੇ 'ਫਿਲਹਾਲ' ਦੇ ਨਵੇਂ ਅੰਕ 'ਚ ਥੋੜ੍ਹੀ-ਬਹੁਤ ਕਾਂਟ-ਛਾਂਟ ਨਾਲ ਛਪਿਆ ਹੈ।ਨੈਟ ਦੇ ਸੇਲ੍ਹੀ ਚੱਕ ਯਾਰ ਰਸਾਲਾ ਖਰੀਦ ਕੇ ਵੀ ਪੜ੍ਹ ਸਕਦੇ ਹਨ।-ਯਾਦਵਿੰਦਰ ਕਰਫਿਊ 
(ਪ੍ਰਸੰਗ - ਅਨੰਦ ਪਟਵਰਧਨ ਦੀ ਫ਼ਿਲਮ : ਜੈ ਭੀਮ ਕਾਮਰੇਡ )
ਸਤਾਵੇਜ਼ੀ ਫਿਲਮਸਾਜ਼ ਅਨੰਦ ਪਟਵਰਧਨ ਦੀ ਫਿਲਮ 'ਜੈ ਭੀਮ ਕਾਮਰੇਡ' ਦਲਿਤ ਗਾਇਕ ਵਿਲਾਸ ਘੋਗਰੇ ਦੀ ਖੁਦਕੁਸ਼ੀ 'ਤੇ ਕੇਂਦਰਤ ਹੁੰਦਿਆਂ ਖੱਬੇਪੱਖੀ ਸਿਆਸਤ ਦੇ ਦਲਿਤ ਨਜ਼ਰੀਏ ਨੂੰ ਘੋਖਦੀ ਹੈ। ਵਿਲਾਸ ਘੋਗਰੇ ਨਾਲ ਪਟਵਰਧਨ ਦਾ ਨਾਤਾ ਨਿੱਜੀ ਪੱਧਰ ਦਾ ਸੀ। ਇਹ ਗਾਇਕ ਓਹਦੀ ਮੁੰਬਈ ਮਹਾਂਨਗਰ 'ਤੇ 1985 'ਚ ਬਣੀ ਫਿਲਮ 'ਸਾਡਾ ਸ਼ਹਿਰ' ਦਾ ਕਲਾਕਾਰ ਸੀ।ਦਲਿਤ ਕਲਾਕਾਰ ਵਿਲਾਸ ਖੱਬੇਪੱਖੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਸੀ, ਜਿਸ ਨੇ 1997 'ਚ ਖੁਦਕੁਸ਼ੀ ਕਰ ਲਈ। ਇਹ ਖੁਦਕੁਸ਼ੀ ਇਸ ਫ਼ਿਲਮ ਦਾ ਚੂਲਕ ਬਿੰਦੂ ਹੈ। ਇਸ ਦੁਆਲੇ ਅਨੇਕ ਸੁਆਲ ਬੁਣੇ ਜਾਂਦੇ ਹਨ, ਅਨੇਕ ਸੁਆਲ ਪੈਦਾ ਹੁੰਦੇ ਹਨ। ਇਹ ਆਮ ਤਰ੍ਹਾਂ ਦੀ ਖੁਦਕੁਸ਼ੀ ਨਹੀਂ ਸੀ।

ਇਸ ਦੀ ਪਿੱਠਭੂਮੀ ਇਹ ਸੀ : 1997 'ਚ ਬੰਬਈ ਦੇ ਰਮਾਬਾਈ ਨਗਰ 'ਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ 'ਤੇ ਜੁੱਤੀਆਂ ਦਾ ਹਾਰ ਪਾਉਣ ਦੀ ਘਟਨਾ ਵਾਪਰਦੀ ਹੈ। ਵਿਰੋਧ ਵਜੋਂ ਇਲਾਕੇ ਦੇ ਦਲਿਤ ਭਾਈਚਾਰੇ ਦੇ ਲੋਕ ਸੜਕਾਂ 'ਤੇ ਉੱਤਰਦੇ ਹਨ ਤੇ ਪੁਲੀਸ ਫਾਇਰਿੰਗ ਹੁੰਦੀ ਹੈ। ਫਾਇਰਿੰਗ 'ਚ 10 ਲੋਕਾਂ ਦੀ ਮੌਤ ਹੋ ਜਾਂਦੀ ਹੈ। ਰਮਾਬਾਈ ਨਗਰ ਦੇ ਕਾਂਡ ਤੋਂ ਛੇਵੇਂ ਦਿਨ ਵਿਲਾਸ ਘੋਗਰੇ ਖੁਦਕੁਸ਼ੀ ਕਰਦਾ ਹੈ। ਖੁਦਕੁਸ਼ੀ ਕਰਨ ਸਮੇਂ ਉਹ ਸਿਆਸੀ ਦਲਿਤ ਪਛਾਣ ਵਾਲਾ ਨੀਲਾ ਰਿਬਨ ਮੱਥੇ 'ਤੇ ਬੰਨ੍ਹਦਾ ਹੈ।ਖੁਦਕੁਸ਼ੀ ਤੋਂ ਪਹਿਲਾਂ ਕਮਰੇ ਦੀ ਕੰਧ 'ਤੇ ਰਮਾਬਈ ਨਗਰ ਕਾਂਡ 'ਚ ਮਰਨ ਵਾਲੇ ਲੋਕਾਂ ਨੂੰ 'ਸ਼ਹੀਦ ਭੀਮ ਪੁੱਤਰ' ਕਹਿ ਕੇ ਸਰਧਾਂਜ਼ਲੀ ਦਿੰਦਾ ਹੈ ਤੇ ਦਲਿਤ ਅੱਤਿਆਚਾਰਾਂ ਵਿਰੁੱਧ ਸਮੂਹ ਅੰਬੇਡਕਰਵਾਦੀਆਂ ਨੂੰ ਇੱਕਮੁੱਠ ਹੋਣ ਦੀ ਤਾਕੀਦ ਕਰਦਾ ਹੈ। ਦੂਜੇ ਸ਼ਬਦਾਂ ਵਿਚ ਘੋਗਰੇ ਆਪਣੀ ਮੌਤ ਰਾਹੀਂ ਦਲਿਤ ਸਮੱਸਿਆ ਦੇ ਹਵਾਲੇ ਨਾਲ ਖੱਬੇਪੱਖੀ ਸਿਆਸਤ ਨੂੰ ਹਮੇਸ਼ਾਂ ਲਈ ਕਟਹਿਰੇ 'ਚ ਖੜ੍ਹਾ ਕਰ ਦੇਂਦਾ ਹੈ। ਇਹ ਕੋਈ ਭੁੱਲ ਜਾਣ ਵਾਲਾ ਦੂਸ਼ਨ ਨਹੀਂ ਹੈ।ਸੁਆਲ ਹੈ :ਖੱਬੇਪੱਖੀ ਘੋਲ 'ਚੋਂ ਗੁਜ਼ਰਨ ਵਾਲਾ ਦਲਿਤ ਕਲਾਕਾਰ ਐਨਾ ਨਿਰਾਸ਼ ਕਿਉਂ ਹੋਇਆ?
1997: ਬੰਬਈ ਰਮਾਬਾਈ ਨਗਰ

ਪਟਵਰਧਨ ਦੀ ਇਹ ਫ਼ਿਲਮ 'ਚ ਸਿਰਫ਼ ਮਨੁੱਖੀ ਪੱਧਰ ਦੀ ਝੰਜੋੜ ਹੀ ਨਹੀਂ। ਕਿਸੇ ਕਾਮਰੇਡ ਵਲੋਂ ਖੁਦਕੁਸ਼ੀ ਵੇਲੇ ਕੰਧ 'ਤੇ ਸਮੂਹ ਅੰਬੇਡਕਰਵਾਦੀਆਂ ਨੂੰ ਆਪਣੀ ਮੁਕਤੀ ਲਈ ਇਕੱਠੇ ਹੋ ਕੇ ਲੜਨ ਦੀ ਲਲਕਾਰ ਦੇਣਾ ਇਕ ਤਕੜਾ ਸਿਆਸੀ ਪੈਂਤੜਾ ਹੈ। ਇਸ ਦੀ ਤੈਹ ਨੂੰ ਟਟੋਲਣ ਲਈ ਪਟਵਰਧਨ 14 ਸਾਲ ਲਗਾਉਂਦਾ ਹੈ ਤੇ ਇਹ ਫਿਲਮ ਉਸ ਦੌਰ 'ਚ ਤਿਆਰ ਹੁੰਦੀ ਹੈ ਜਦੋਂ ਸੰਸਾਰੀਕਰਨ ਨੇ ਅੱਤ ਨਿਮਨ ਵਰਗ ਦੇ ਬੰਦੇ ਨੂੰ ਹੋਰ ਨਿਮਨ ਕਰ ਦਿੱਤਾ ਹੈ, ਤੇ ਇਸ ਦੇਸ਼ ਦੀ ਖੱਬੇਪੱਖੀ ਸੰਸਦੀ ਸਿਆਸਤ ਆਈ ਸੀ ਯੂ 'ਚ ਹੈ ਅਤੇ ਗੈਰ-ਸੰਸਦੀ ਖੱਬੇਪੱਖੀ ਸਿਆਸਤ ਅੰਤਰ -ਵਿਰੋਧਾਂ ਤੇ ਸੰਕਟਾਂ 'ਚ ਘਿਰੀ ਹੋਈ ਹੈ। ਅਜਿਹੀ ਸਥਿਤੀ ਵਿਚ ਪਟਵਰਧਨ ਨੇ 'ਸਬਾੱਲਟ੍ਰਨ' ਅਤੇ ਖੱਬੇਪਖੀ ਲਹਿਰ ਦੇ ਹਵਾਲੇ ਨਾਲ ਅਨੇਕ ਅਹਮ ਸੁਆਲ ਖੜ੍ਹੇ ਕੀਤੇ ਹਨ।

ਦਲਿਤ ਲਹਿਰ ਤੇ ਭਾਰਤੀ ਕਮਿਊਨਿਸਟ ਲਹਿਰ ਲਗਭਗ ਸਮਕਾਲੀ ਰਹੀਆਂ ਹਨ। ਕਮਿਊਨਿਸਟਾਂ ਦਾ ਬਾਬਾ ਸਾਹਿਬ ਅੰਬੇਡਕਰ ਨਾਲ ਵਿਰੋਧ ਉਨ੍ਹਾਂ ਵਲੋਂ ਸਥਾਪਿਤ 'ਇੰਡੀਅਨ ਲੇਬਰ ਪਾਰਟੀ' ਤੋਂ ਪਹਿਲਾਂ ਦਾ ਹੈ।ਫਰਾਂਸਿਸੀ ਰਾਜਨੀਤੀ ਵਿਗਿਆਨੀ ਕ੍ਰਿਸਤੋਫ ਜੈਫਲੋਤ ਨੇ ਅੰਬੇਡਕਰ ਦੀ ਇੰਡੀਅਨ ਲੇਬਰ ਪਾਰਟੀ ਨੂੰ ਪਹਿਲੀ ਭਾਰਤੀ ਖੱਬੇਪੱਖੀ ਪਾਰਟੀ ਦਾ ਦਰਜਾ ਦਿੰਦਿਆਂ ਕਿਹਾ ਹੈ ਹੈ ਕਿ ਓਸ ਮੌਕੇ ਖੱਬੇਪਖੀ ਪਾਰਟੀਆਂ ਜਾਂ ਤਾਂ ਰੂਪੋਸ਼ ਹੋ ਗਈਆਂ ਜਾਂ 'ਕਾਂਗਰਸ ਸੋਸ਼ਲਿਸਟ ਬਲਾਕ' ਦੀ ਛਤਰੀ ਹੇਠ ਆ ਗਈਆਂ ਸਨ। ਇਹ ਪਾਰਟੀ ਉਸ ਤਜ਼ਰਬੇ 'ਚੋਂ ਬਣਾਈ ਸੀ,ਜਿਸ 'ਚ ਬੰਬਈ ਤੇ ਅਹਿਮਦਾਬਾਦ ਮਿਲਾਂ 'ਚ ਅਛੂਤ ਮਜ਼ਦੂਰਾਂ ਨੂੰ ਸਿਰਫ 'ਕਤਾਈ ਵਿਭਾਗ' 'ਚ ਕੰਮ ਕਰਨ ਲਈ ਕਿਹਾ ਜਾਂਦਾ ਸੀ, ਜਿਸ 'ਚ ਸਭ ਤੋਂ ਘੱਟ ਤਨਖਾਹ ਮਿਲਦੀ ਸੀ। 'ਬੁਣਾਈ ਵਿਭਾਗ' 'ਚ ਉਨ੍ਹਾਂ ਨੂੰ ਕੰਮ ਕਰਨ ਤੋਂ ਇਸ ਕਰਕੇ ਰੋਕ ਦਿੱਤਾ ਜਾਂਦਾ ਸੀ ਕਿਉਂਕਿ ਅਛੂਤ ਮਜ਼ਦੂਰਾਂ ਦਾ ਥੁੱਕ ਧਾਗੇ ਨਾਲ ਲੱਗਦਾ ਸੀ। ਉਦੋਂ ਬੰਬੇ ਦੀਆਂ ਮਿੱਲਾਂ 'ਚ ਕਮਿਊਨਿਸਟ ਪਾਰਟੀ ਦੀ 'ਗਿਰਨੀ ਕਾਮਗਾਰ ਯੂਨੀਅਨ' ਵੀ ਸੀ ਪਰ ਉਨ੍ਹਾਂ ਇਸ ਮਾਮਲੇ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਕਿਉਂ ਨਹੀਂ ਦਿੱਤਾ? ਉਦੋਂ ਹੀ ਡਾਕਟਰ ਅੰਬੇਡਕਰ ਨੇ 'ਜਾਤਪਾਤ ਦਾ ਖਾਤਮਾ' ਨਾਂਅ ਦਾ ਦਸਤਾਵੇਜ਼ ਲਿਖਿਆ ਸੀ ਤੇ ਕਿਹਾ ਸੀ ਕਿ 'ਜਾਤਪਾਤੀ ਪ੍ਰਬੰਧ ਸਿਰਫ ਕਿਰਤ ਨੂੰ ਹੀ ਨਹੀਂ ਸਗੋਂ ਕਿਰਤੀਆਂ ਨੂੰ ਵੀ ਵੰਡਦਾ ਹੈ'।ਏਸ ਵੇਲੇ ਹੀ ਉਨ•ਾਂ ਮਸ਼ਹੂਰ ਭਾਸ਼ਨ 'ਪੂੰਜੀਵਾਦ,ਕਿਰਤ ਤੇ ਬ੍ਰਹਮਣਵਾਦ' ਵੀ ਦਿੱਤਾ। ਉਦੋਂ ਸੀ. ਪੀ. ਆਈ ਵਾਲੇ ਦੌਰ 'ਚ ਕਮਿਊਨਿਸਟਾਂ ਨੂੰ ਕਲਾਸ ਦੇ ਨਾਲੋ ਨਾਲ ਕਾਸਟ ਦਾ ਵਿਰੋਧ ਕਰਨ ਵਾਲਾ 'ਰਾਸ਼ਟਰ ਵਿਰੋਧੀ' ਲੱਗਦਾ ਸੀ। ਸੀ ਪੀ ਆਈ ਦਾ ਮੋਢੀ ਆਗੂ ਐਸ ਏ ਡਾਂਗੇ ਅੰਬੇਡਕਰ ਨੂੰ 'ਵੱਖਵਾਦੀ' ਤੇ 'ਰਾਸ਼ਟਰ ਵਿਰੋਧੀ' ਕਿਹਾ ਕਰਦਾ ਸੀ ਅਤੇ 1952 ਦੀ ਬੰਬਈ ਦੇ ਉੱਤਰੀ ਹਲਕੇ ਤੋਂ ਹੋਈ ਚੋਣ ਵਿਚ ਅੰਬੇਡਕਰ ਨੂੰ ਹਰਾਉਣ 'ਚ ਉਹਨੇ ਵੱਡਾ ਰੋਲ ਅਦਾ ਕੀਤਾ ਸੀ। 'ਫੇਬੀਅਨ ਸਮਾਜਵਾਦੀ' ਵਿਚਾਰਧਾਰਾ ਦਾ ਧਾਰਨੀ ਹੁੰਦਾ ਹੋਇਆ ਵੀ ਅੰਬੇਡਕਰ ਕੁਝ ਮਸਲਿਆਂ ਨੂੰ ਛੱਡ ਕਮਿਊਨਿਸਟਾਂ ਦੀ ਹਮਾਇਤ ਕਰਦਾ ਰਿਹਾ ਸੀ।
ਮਰਹੂਮ ਵਿਲਾਸ ਘੋਗਰੇ

ਅੱਜ ਭਾਰਤੀ ਕਮਿਊਨਿਸਟ 'ਸਬਾੱਲਟ੍ਰਨ' ਦੇ ਮਸਲੇ ਨੂੰ 'ਪੋਸਟ ਮਾਰਡਨਿਸਟ ਪ੍ਰੋਜੈਕਟ' ਦੱਸਦੇ ਹਨ (ਜੋ ਇਕ ਹੱਦ ਤੱਕ ਸਹੀ ਹੈ), ਪਰ ਦੁਖਾਂਤ ਉਨ੍ਹਾਂ ਦਾ ਸ਼ੁਰੂ ਤੋਂ ਇਹ ਰਿਹਾ ਹੈ ਕਿ ਉਹ ਇਸ ਉੱਪ ਮਹਾਂਦੀਪ 'ਚ ਪਛਾਣ ਦੇ ਮਸਲਿਆਂ ਨੂੰ ਸੰਵਾਰ ਕੇ ਕਦੇ ਸੰਬੋਧਤ ਨਹੀਂ ਹੋਏ। ਨਤੀਜਾ ਇਹ ਕਿ ਇਸ ਖਿੱਤੇ ਦੇ 'ਸਬਾੱਲਟ੍ਰਨ' ਸਿਆਸੀ ਧਾਗੇ 'ਚ ਪਰੋਏ ਨਹੀਂ ਜਾ ਸਕੇ। ਨਾ ਤਾਂ ਪਛਾਣਾਂ ਦੇ ਮਸਲਿਆਂ ਲਈ ਕਮਿਊਨਿਸਟ ਸਿਆਸਤ ਕੋਲ ਕਦੇ ਕੋਈ ਏਜੰਡਾ ਰਿਹਾ ਹੈ।ਨਾ ਇਹ ਸਿਆਸਤ ਭਾਰਤੀ ਜਾਤੀਵਾਦ ਤੇ ਇਹਦੀ ਤਕੜੀ ਹੁੰਦੀ ਜਾ ਰਹੀ ਸਿਆਸਤ ਨੂੰ ਕੱਟਣ ਲਈ ਤੈਹ-ਦਿਲੋਂ ਯਤਨ ਕਰ ਸਕੀ ਹੈ। ਅਨੰਦ ਪਟਵਰਧਨ ਇਸ ਫਿਲਮ ਦੇ ਜ਼ਰੀਏ ਅਜਿਹੇ ਮਸਲਿਆਂ ਨਾਲ ਜੂਝਦਾ ਹੈ।

ਫਿਲਮ ਦੇ ਸ਼ੁਰੂ ਵਿਚ ਮਰਹੂਮ ਵਿਲਾਸ ਘੋਗਰੇ ਦੀ ਪਤਨੀ ਆਸ਼ਾ ਘੋਗਰੇ ਕਹਿੰਦੀ ਹੈ : 'ਲੋਕ ਰਮਾਬਾਈ ਨਗਰ ਕਾਂਡ ਦੀ ਗੱਲ ਕਰਨ ਤੋਂ ਡਰਦੇ ਨੇ, ਪਰ ਮੇਰੇ ਪਤੀ ਜਾਨ ਦੇਣ ਤੋਂ ਨਹੀਂ ਡਰੇ'। ਵਿਲਾਸ ਦਾ ਕਲਾਕਾਰ ਦੋਸਤ ਸਾਂਭਾਜੀ ਦੱਸਦਾ ਹੈ ਕਿ 'ਵਿਲਾਸ ਘਟਨਾ ਵਾਲੀ ਥਾਂ 'ਤੇ ਲਗਾਤਾਰ ਜਾਂਦਾ ਰਿਹਾ, ਉਸਨੂੰ ਗਹਿਰਾ ਸਦਮਾ ਪੁੱਜਾ ਸੀ। ਉਸਨੂੰ ਲੱਗਾ ਇਸ ਦੇਸ਼ 'ਚ ਜਿਉਣ ਦਾ ਕੋਈ ਅਰਥ ਨਹੀਂ ਹੈ'। ਫਿਲਮ ਮਹਾਰਾਸ਼ਟਰ 'ਚ ਦਲਿਤ ਲਹਿਰ ਨੂੰ 'ਦਲਿਤ ਪੈਂਥਰਜ਼' ਤੋਂ ਲੈ ਕੇ ਮੌਜੂਦਾ ਸਮੇਂ ਦੀ ਖਾੜਕੂ ਦਲਿਤ ਸਮਝ ਤੇ ਮਜ਼ਬੂਤ ਸੱਭਿਆਚਾਰਕ ਵਿਰਾਸਤ ਨੂੰ ਚਿੰਨ੍ਹਤ ਕਰਦੀ ਹੈ। ਰਮਾਬਾਈ ਨਗਰ ਤੇ ਹੋਰ ਦਲਿਤ ਅੱਤਿਆਚਾਰਾਂ 'ਚ ਮਰਨ ਵਾਲਿਆਂ ਨੂੰ ਦਲਿਤ ਲਹਿਰ ਦੇ ਲੋਕ 'ਸ਼ਹੀਦ ਭੀਮ ਸੈਨਿਕ ਅਮਰ ਰਹੇ' ਦੇ ਨਾਅਰਿਆਂ ਨਾਲ ਸ਼ਰਧਾਂਜ਼ਲੀ ਦਿੰਦੇ ਹਨ। ਅਨੰਦ ਮਹਾਰਾਸ਼ਟਰ ਦੀ ਦਲਿਤ ਚੇਤਨਾ ਨੂੰ ਦਰਸਾਉਂਦਾ ਹੋਇਆ ਇਹਦੀਆਂ ਘਾਟਾਂ ਕਮੀਆਂ ਬਾਰੇ ਸਖ਼ਤ ਨੁਕਤਾਚੀਨੀ ਵਾਲਾ ਰੁਖ ਅਪਣਾਉਂਦਾ ਹੈ।

ਇਹ ਫਿਲਮ ਦਲਿਤ ਚੇਤਨਾ ਦੀ ਵੱਖ ਵੱਖ ਵਰਗਾਂ ਦੇ ਹਵਾਲੇ ਨਾਲ ਨਿਸ਼ਾਨਦੇਹੀ ਕਰਦੀ ਹੈ। ਨਗਰ ਪਾਲਿਕਾ ਦਾ ਕੂੜਾ ਕਰਕਟ ਚੁੱਕਣ ਸੁੱਟਣ ਵਾਲੇ ਗਰੀਬ ਤੇ ਅਨਪੜ੍ਹ ਦਲਿਤ ਆਪਣੀ ਜਾਤ ਬੋਧ ਸਮਾਜ, ਭੀਮ ਸਮਾਜ ਆਦਿ ਦੱਸਦੇ ਹਨ। ਉਨ੍ਹਾਂ ਦੀ ਹਾਲਤ ਤੋਂ ਪਤਾ ਲੱਗਦਾ ਹੈ ਕਿ ਸਦੀਆਂ ਤੋਂ ਇਹੀ ਸਮਾਜ ਅਜਿਹੇ ਕੰਮ ਕਰਦੇ ਆ ਰਹੇ ਹਨ। ਇਵੇਂ ਭਾਈ ਸੰਘਾਰੇ ਜਿਹੇ ਭਾਰਤੀ ਸੱਤਾ ਨੂੰ 'ਹਿੰਦੂ ਰਾਜ' ਕਹਿੰਦੇ ਹਨ ਤੇ ਇਸ ਸੱਤਾ ਦੇ ਦਲਿਤ ਵਿਰੋਧੀ ਚਰਿੱਤਰ ਵਿਰੁੱਧ ਆਵਾਜ਼ ਉਠਾਂਦੇ ਹਨ। ਉਹ ਦਲਿਤ ਵਿਰੋਧੀ ਅੱਤਿਆਚਾਰਾਂ ਦੀ ਬੁਨਿਆਦ 'ਮੰਨੂ ਸਮ੍ਰਿਤੀ' ਨੂੰ ਮੰਨਦੇ ਹਨ। ਸਾਰੇ ਧਰਮ ਬਰਾਬਰ ਨਹੀਂ ਹੁੰਦੇ,ਕਿਵੇਂ ਹਿੰਦੂ ਧਰਮ ਸਦੀਆਂ ਤੋਂ ਦਲਿਤਾਂ ਦੀ ਗੁਲਾਮੀ ਦਾ ਸੰਦ ਰਿਹਾ ਹੈ? ਭਾਈ ਸੰਘਾਰੇ ਜਿਹੇ ਲੋਕ ਇਹ ਵਾਰ ਵਾਰ ਦੱਸਦੇ ਹਨ।ਸੰਘਾਰੇ ਨੂੰ ਮੰਨੂ ਸਮ੍ਰਿਤੀ ਸਾੜਦਿਆਂ ਇਸ ਲਈ ਜ਼ਿੰਦਗੀ ਗੁਆਉਣੀ ਪੈਂਦੀ ਹੈ,ਕਿਉਂਕਿ ਅੰਬੇਡਕਰ ਵਲੋਂ ਸਾੜੀ ਉਸ ਧਰਮ ਦੀ ਜਾਤੀਵਾਦੀ ਕਿਤਾਬ(ਮੰਨੂਸ੍ਰਿਮਤੀ) ਦੇ ਖ਼ਿਲਾਫ ਮੋਰਚਾ ਅੱਗੇ ਵਧਾ ਰਿਹਾ ਸੀ,ਜਿਸ ਧਰਮ ਦੀ ਕੰਧ ਬੇਇੰਸਾਫੀ ਤੇ ਗੈਰ-ਬਰਾਬਰੀ ਦੀ ਨੀਂਹ 'ਤੇ ਟਿਕੀ ਹੋਈ ਹੈ।

ਪਹਿਲੀਆਂ ਫਿਲਮਾਂ ਵਾਂਗ ਅਨੰਦ 'ਪ੍ਰੇਪੋਗੰਡਾ ਥਿਊਰੀ' ਨਹੀਂ ਅਪਣਾਉਂਦਾ।ਉਹ ਦਰਸ਼ਕਾਂ ਨੂੰ ਤਸਵੀਰ ਦੇ ਦੋਨਾਂ ਪਾਸਿਆਂ ਤੋਂ ਜਾਣੂ ਕਰਵਾਉਂਦਾ ਹੈ, ਕਿ ਕਿਵੇਂ ਰਾਖਵਾਂਕਰਨ ਵਿਰੋਧੀ ਇਲੀਟ ਲਾਣੇ ਨੂੰ ਦਲਿਤਾਂ ਤੋਂ ਨਫਰਤ ਹੈ ਤੇ ਰਾਖਵਾਂਕਰਨ ਉਨ੍ਹਾਂ ਨੂੰ ਉੱਚ ਜਾਤੀ ਸਮਾਜ 'ਤੇ ਹਮਲਾ ਲੱਗਦਾ ਹੈ।ਮੁੰਬਈ 'ਚ ਅੰਬੇਡਕਰ ਦੀਆਂ ਅਸਥੀਆਂ ਵਾਲੀ ਥਾਂ 'ਤੇ ਕੀਤੇ ਜਾਂਦੇ ਸਮਾਗਮ ਬਾਰੇ ਇਲੀਟ ਹਿੰਦੂ ਧੁਰੋਂ ਵਿਰੋਧੀ ਹਨ।ਉਨ੍ਹਾਂ ਨੂੰ ਲੱਗਦਾ ਹੈ ਕਿ ਚਾਰ ਦਿਨ ਚੱਲਦਾ ਇਹ ਸਮਾਗਮ ਸ਼ਹਿਰ 'ਚ ਗੰਦ ਪਾਉਂਦਾ ਹੈ ਪਰ ਉਹ ਗਣੇਸ਼ ਉਤਸਵ ਨਾਲ ਪਏ ਗੰਦ ਬਾਰੇ ਗੱਲ ਕਰਨਾ ਨਹੀਂ ਚਾਹੁੰਦੇ।

ਮਸਲਾ ਉੱਚ ਜਾਤ ਦੇ ਸਵਾਲ ਬਾਰੇ ਸਮਝ ਦਾ ਹੀ ਨਹੀਂ ਹੈ; ਮਸਲਾ ਹੈ ਕਿ ਖੱਬੇਪੱਖੀ ਲੋਕ ਵੀ ਇਸ ਬਾਰੇ ਪ੍ਰਸਾਸ਼ਕੀ ਰੁਖ ਅਖਤਿਆਰ ਕਰਦੇ ਹਨ।ਵਿਲਾਸ ਘੋਗਰੇ ਦੀ ਮੌਤ ਬਾਅਦ ਖੱਬੇਪੱਖੀ ਗੁਰਬੀਰ ਦਲੀਲ ਦਿੰਦਾ ਕਹਿੰਦਾ ਹੈ ਕਿ 'ਮੈਨੂੰ ਲੱਗਦਾ ਹੈ ਕਿ ਮੌਤ ਵੇਲੇ ਵਿਲਾਸ ਦੇ ਸਿਰ 'ਤੇ ਨੀਲਾ ਰੰਗ ਦਾ ਰਿਬਨ ਨਹੀਂ ਬਲਕਿ ਜਾਮਨੀ ਰੰਗ ਦਾ ਸੀ। ਇਸੇ ਤਰ੍ਹਾਂ ਮਾਓਵਾਦੀ ਕਵੀ ਵਰਵਰਾ ਰਾਓ ਤੋਂ ਅਨੰਦ ਪੁੱਛਦਾ ਹੈ ਕਿ 'ਵਿਲਾਸ ਮਾਰਕਸੀ ਸੀ, ਪਰ ਜਦੋਂ ਉਹ ਖੁਦਕੁਸ਼ੀ ਕਰਦਾ ਹੈ ਤਾਂ ਮੱਥੇ 'ਤੇ ਨੀਲਾ ਰਿਬਨ ਬੰਨ੍ਹ ਕੇ ਦਲਿਤ ਪਛਾਣ ਨਾਲ ਕਿਉਂ ਜੁੜਦਾ ਹੈ?' ਤਾਂ ਰਾਓ ਜਵਾਬ ਦਿੰਦਾ ਹੈ ਕਿ 'ਇਸਦਾ ਮਤਲਬ ਇਹ ਨਹੀਂ ਕਿ ਉਸਨੇ ਆਰ ਪੀ ਆਈ (ਰਿਪਬਲਿਕਨ ਪਾਰਟੀ ਆਫ ਇੰਡੀਆ) ਦੀ ਸਿਆਸਤ ਮੰਨੀ'। ਜਦ ਕਿ ਸੱਚ ਇਹ ਹੈ ਕਿ ਖੁਦਕੁਸ਼ੀ ਵੇਲੇ ਵਿਲਾਸ ਮੱਥੇ 'ਤੇ ਨੀਲਾ ਰਿਬਨ ਬੰਨ੍ਹ ਕੇ ਸਿਆਸੀ ਲਕੀਰ ਹੀ ਨਹੀਂ ਖਿੱਚਦਾ, ਬਲਕਿ ਰਮਾਬਾਈ ਨਗਰ ਦੇ ਸ਼ਹੀਦ ਭੀਮ ਸੈਨਿਕਾਂ ਨੂੰ ਸ਼ਰਧਾਂਜ਼ਲੀ ਵੀ ਦਿੰਦਾ ਹੈ ਤੇ ਅੰਬੇਡਕਰੀਆਂ (ਆਰ ਪੀ ਆਈ ਦੇ ਗੁੱਟਾਂ) ਨੂੰ ਦਲਿਤ ਅੱਤਿਆਚਾਰਾਂ ਵਿਰੁੱਧ ਇਕੱਠੇ ਹੋਣ ਦਾ ਸੱਦਾ ਦੇਂਦਾ ਹੈ।

ਸਵਾਲ ਪੈਦਾ ਹੁੰਦਾ ਹੈ ਕਿ 'ਖੱਬੇਪੱਖੀ ਚਿੰਤਕ ਇਸ ਗੰਭੀਰ ਮਸਲੇ ਨੂੰ ਲੈ ਕੇ ਪੇਤਲੀਆਂ ਗੱਲਾਂ ਹੀ ਕਿਉਂ ਕਰਦੇ ਹਨ? ਕੀ ਇਹ ਅਗੰਭੀਰਤਾ ਨਿੱਜੀ ਸੰਵੇਦਨਾ ਦੀ ਘਾਟ ਕਰਕੇ ਹੈ? ਉੱਚ ਵਰਗੀ ਅਵਚੇਤਨ ਹੈ ਜਾਂ ਕਮਿਊਨਿਸਟ ਲਹਿਰ ਦਾ ਸਿਆਸੀ ਸੰਕਟ ਹੈ? ਜਾਂ ਅਮਲਾਂ ਦੇ ਪੱਧਰ 'ਤੇ ਉੱਕਾ ਨਾਅਹਿਲੀ ਹੈ?ਜਾਤਪਾਤ ਦੇ ਸਵਾਲ ਬਾਰੇ ਪ੍ਰਸ਼ਾਸ਼ਕੀ ਸਮਝ ਦੇ ਕਾਰਨ ਹੀ  ਕਮਿਊਨਿਸਟ ਲਹਿਰ ਮਸਲੇ ਦੀ ਸੰਵੇਦਨਾ ਨੂੰ ਸਮਝਣ 'ਚ ਨਾਕਾਮਯਾਬ ਰਹੀ ਹੈ। ਇਸੇ ਲਈ ਜਾਤਪਾਤ ਦਾ ਮਸਲਾ ਜ਼ਿਆਦਾਤਾਰ ਪਾਰਟੀਆਂ 'ਚ ਅੰਦਰੂਨੀ ਖਿੱਚੋਤਾਣ ਬਣਦਾ ਰਿਹਾ ਹੈ। ਦੇਸ਼ ਦੀ ਖੱਬੇਪੱੱਖੀ ਸਿਆਸਤ ਦਾ ਗੜ੍ਹ ਮੰਨੀ ਜਾਂਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ,ਦਿੱਲੀ ਤੋਂ ਲੈ ਕੇ ਪੰਜਾਬ ਦੀ ਖੱਬੇਪੱਖੀ ਧਿਰਾਂ ਨਾਲ ਜੁੜੇ ਦਲਿਤ ਭਾਈਚਾਰੇ ਦੇ ਲੋਕ ਬ੍ਰਹਮਣ ਤੇ ਜੱਟ ਆਗੂਆਂ 'ਤੇ ਜਾਤੀਵਾਦੀ ਰਵੱਈਏ ਦੇ ਸਰੇਆਮ ਇਲਜ਼ਾਮ ਲਗਾਉਂਦੇ ਹਨ ਪਰ ਉਨ੍ਹਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ।ਮਰਹੂਮ ਲਾਲ ਸਿੰਘ ਦਿਲ ਵਰਗਾ ਕਵੀ ਨਕਸਲਵਾੜੀ ਲਹਿਰ ਦੌਰਾਨ ਹੋਏ ਜਾਤੀਵਾਦੀ ਭੇਦਭਾਵ ਨੂੰ ਗੰਭੀਰਤਾ ਨਾਲ ਉਠਾਉਂਦਾ ਰਿਹਾ ਹੈ।

ਪਟਵਰਧਨ ਫਿਲਮ 'ਚ ਇਕ ਹਵਾਲਾ ਦਿੰਦਾ ਹੈ ਕਿ ਅੱਜ ਵੀ ਕਮਿਊਨਿਸਟ ਪਾਰਟੀਆਂ ਦੇ ਜ਼ਿਆਦਾਤਰ ਆਗੂ ਉੱਚ ਜਾਤਾਂ ਨਾਲ ਸਬੰਧਤ ਹਨ। ਸੰਕਟ ਇਹ ਹੈ ਇਹ ਕਮਿਊਨਿਸਟ ਲਹਿਰ ਨਾਲ ਜੁੜਿਆ ਅਗਾਂਹਵਧੂ ਕਹਾਉਂਦਾ ਉੱਚ ਜਮਾਤੀ/ਜਾਤੀ ਲਾਣਾ (ਜਿਸ ਵਿਚ ਜਨਤਕ ਆਗੂ, ਬੁੱਧੀਜੀਵੀ/ਲੇਖਕ/ਪੱਤਰਕਾਰ ਆਦਿ ਸ਼ਾਮਲ ਹਨ) ਆਪਣੇ ਆਪ ਨੂੰ ਡੀ-ਕਲਾਸ ਕਰ ਹੀ ਨਹੀਂ ਸਕਿਆ। ਸ਼ਬਦੀ ਗੁਲਦਸਤਿਆਂ ਦੇ ਲੈਣ-ਦੇਣ ਵੇਲੇ ਇਹ ਕੁਝ ਹੋਰ ਹੁੰਦੇ ਹਨ ਪਰ ਅਵਚੇਤਨੀ ਪੱਧਰ 'ਤੇ ਆਪਣੇ ਆਪ ਨੂੰ ਉੱਚ ਵਰਗਾਂ ਨਾਲ ਅਡੈਂਟੀਫਾਈ ਕਰਦੇ ਹਨ, ਜੀਹਦਾ ਪਤਾ ਇਨ•ਾਂ ਦੇ ਅਮਲਾਂ ਤੋਂ ਲੱਗਦਾ ਹੈ।

ਫਿਲਮ 'ਚ ਆਂਧਰਾ ਪ੍ਰਦੇਸ਼ ਦਾ ਖੱਬੇਪੱਖੀ ਲੋਕ ਗਾਇਕ ਤੇ ਵਿਲਾਸ ਦਾ ਦੋਸਤ ਗਦਰ ਨਿੱਘੀ ਸੰਵੇਦਨਾ ਜ਼ਾਹਰ ਕਰਦਾ ਹੋਇਆ ਉਸਦੀ ਕਲਾ ਨੂੰ ਸਲਾਮ ਕਰਦਾ ਹੈ। ਜਾਤੀ ਪਛਾਣ ਨਾਲ ਮਰਨ ਦੇ ਬਾਵਜੂਦ ਉਹ ਵਿਲਾਸ ਦੇ ਵਰਗ ਸੰਘਰਸ਼ ਲਈ ਪਾਏ ਯੋਗਦਾਨ ਦੀ ਨਿਸ਼ਾਨਦੇਈ ਕਰਦਾ ਹੈ। ਗਦਰ ਇਸ਼ਾਰਾ ਕਰਦਾ ਹੈ ਕਿ ਵਿਲਾਸ ਕਲਾਸ ਦੀ ਲੜਾਈ 'ਚ ਕਾਸਟ ਨਾਲ ਜੂਝਦਾ ਰਿਹਾ ਹੈ ਅਤੇ ਜਾਤ ਦਾ ਸਵਾਲ ਬਹੁਤ ਅਹਿਮ ਹੈ। ਉਹ ਕਮਿਊਨਿਸਟ ਪਾਰਟੀਆਂ ਦੀ ਦਲੀਲ ਦਾ ਹਵਾਲਾ ਦੇਂਦਾ ਹੈ ਜਿਸ ਅਨੁਸਾਰ 'ਜਾਤ ਬੇਸ ਦੀ ਸਮੱਸਿਆ ਨਹੀਂ, ਸੁਪਰਸਟਰਕਚਰ ਦੀ ਸਮੱਸਿਆ ਹੈ। ਬੇਸ ਬਦਲ ਜਾਵੇਗਾ ਤਾਂ ਸਭ ਕੁਝ ਬਦਲ ਜਾਵੇਗਾ' ਤੇ ਕਹਿੰਦਾ ਹੈ ਕਿ ਅਜਿਹਾ ਹੁੰਦਾ ਨਹੀਂ ਹੈ। ਦਰ ਅਸਲ, ਸੱਭਿਆਚਾਰਕ ਕ੍ਰਾਂਤੀ ਦੀ ਲੋੜ ਇਸੇ ਲਈ ਹੀ ਪੈਂਦੀ ਹੈ। ਗਦਰ ਭਾਰਤੀ ਜਾਤ ਦੇ ਸਵਾਲ ਨੂੰ ਫਰਾਂਸਿਸੀ ਨਾਰੀਵਾਦੀ ਸਿਮੋਨ ਦੀ ਸਮਝ ਦੇ ਨੇੜੇ ਖੜ•ਾ ਕਰਦਾ ਹੈ ਜਿਸਨੇ 1972 'ਚ ਔਰਤ ਮੁਕਤੀ ਦੇ ਸਵਾਲ ਬਾਰੇ ਕਿਹਾ ਸੀ ਕਿ 'ਮਾਰਕਸਵਾਦੀ ਸਿਧਾਂਤਕਾਰਾਂ ਨੇ ਜੋ ਕੀਤਾ, ਉਹ ਸੀ ਪੂੰਜੀ ਦੀ ਨਿੱਜੀ ਜਗੀਰ ਦਾ ਖ਼ਾਤਮਾ ਤੇ ਉਤਪਾਦਨ ਸਬੰਧਾਂ 'ਚ ਬਦਲਾਅ, ਪਰ ਸਮੇਂ ਦੇ ਨਾਲ ਇਹ ਤੱਥ ਸਪੱਸ਼ਟ ਹੋ ਗਿਆ ਕਿ ਸਿਰਫ ਉਤਪਾਦਨ ਸਬੰਧਾਂ ਨੂੰ ਬਦਲ ਦੇਣਾ ਹੀ ਕਾਫੀ ਨਹੀਂ ਹੈ ਤੇ ਅਜਿਹਾ ਕਰਕੇ ਮਨੁੱਖ ਤੇ ਸਮਾਜ ਦੇ ਅੰਦਰੂਨੀ ਬਦਲਾਓ ਦੇ ਟੀਚੇ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ। ਵੱਖ ਵੱਖ ਆਰਥਿਕ ਪ੍ਰਬੰਧਾਂ 'ਚ ਵੀ ਸਦੀਆਂ ਤੋਂ ਚੱਲੇ ਆ ਰਹੇ ਮੁੱਲ, ਸੱਭਿਆਚਾਰ ਤੇ ਔਰਤ ਤੇ ਮਰਦ ਦੇ ਵਿਚਕਾਰ ਪੁਰਾਤਨ ਭੂਮਿਕਾਵਾਂ ਦੀ ਵੰਡ ਬਾਦਸਤੂਰ ਜਾਰੀ ਹੈ।'
ਕਬੀਰ ਕਲਾ ਮੰਚ ਦੀ ਕਲਾਕਾਰ ਸੀਤਲ ਸਾਠੇ

ਫਿਲਮ ਦੇ ਦੂਜੇ ਹਿੱਸੇ ਨੂੰ ਅਨੰਦ ਉੱਚ ਜਾਤਾਂ ਦੀ ਸਿਆਸੀ ਜਾਤੀਵਾਦੀ ਜ਼ਮੀਨ, ਦਲਿਤ ਆਗੂ ਦੀ ਮੌਕਾਪ੍ਰਸਤੀ, ਦਲਿਤਾਂ ਤੇ ਹਿੰਦੂਤਵੀ ਸਿਆਸਤ ਦਾ ਪ੍ਰਭਾਵ, ਸੰਸਾਰੀਕਰਨ ਦੇ ਦੌਰ 'ਚ ਦਲਿਤ ਦੀ ਸਥਿਤੀ ਤੇ ਅੰਬੇਡਕਰ ਤੋਂ ਮੌਜੂਦਾ ਦੌਰ ਤੱਕ ਬਦਲੇ ਸਮਾਜਿਕ,ਸਿਆਸੀ ਤੇ ਆਰਥਿਕਤਾ ਬਾਰੇ ਸੁਆਲਾਂ ਨੂੰ ਮੁਖ਼ਾਤਿਬ ਹੁੰਦਾ ਹੈ। ਇਸ ਤੋਂ ਇਲਾਵਾ ਉਹ ਵਿਲਾਸ ਘੋਗਰੇ ਦੀ ਸੱਭਿਆਚਾਰਕ ਵਿਰਾਸਤ ਤੇ ਦਲਿਤ ਸਮਾਜ ਨੂੰ ਚੇਤਨ ਤੇ ਉਸਦੀ ਜਮਾਤੀ ਗੋਲਬੰਦੀ ਕਰਦੇ ਕਬੀਰ ਕਲਾ ਮੰਚ 'ਤੇ ਕੇਂਦਰਤ ਕਰਦਾ ਹੈ।

ਫ਼ਿਲਮਸਾਜ਼ ਚਿਤਪਾਵਨ ਬ੍ਰਹਮਣ ਰੈਲੀ, ਬ੍ਰਹਮਣ ਮਹਾਂਸਭਾ ਤੇ ਮਰਾਠਾ ਮਹਾਂਸਭਾ ਦੇ ਜਾਤੀਵਾਦੀ ਸਮਾਗਮਾਂ ਨੂੰ ਚਿੰਨ੍ਹਤ ਕਰਦਾ ਹੈ ਹੋਇਆ ਦੱਸਦਾ ਹੈ ਕਿ ਕਿਵੇਂ ਉੱਚ ਜਾਤਾਂ ਉੱਚਾ ਹੋਣ ਦੇ ਮਾਣ ਵਜੋਂ ਜਸ਼ਨ ਮਨਾਉਂਦੀਆਂ ਹਨ। ਅਜਿਹੇ ਜਸ਼ਨਾਂ ਕਰਕੇ ਹੀ ਖੈਰਲਾਂਜੀ ਜਿਹੇ ਕਾਂਡ ਵਾਪਰਦੇ ਹਨ। ਜਿਨ੍ਹਾਂ ਥਾਵਾਂ 'ਤੇ ਉੱਚ ਜਾਤਾਂ ਜਥੇਬੰਦਕ ਹਨ ਉੱਥੇ ਦਲਿਤ ਅੱਤਿਆਚਾਰਾਂ ਦੀਆਂ ਘਟਨਾਵਾਂ ਜ਼ਿਆਦਾ ਸਾਹਮਣੇ ਆਉਂਦੀਆਂ ਹਨ। ਫਿਲਮ ਦੱਸਦੀ ਹੈ ਕਿ ਕਿਵੇਂ ਇਕ ਕਮਿਊਨਿਸਟ ਲੋਕ ਗਾਇਕ ਆਤਮਾਰਾਮ ਪਾਟਿਲ ਸਮਾਜਿਕ ਜਾਤੀਵਾਦੀ ਭੇਦਭਾਵ ਦੀ ਘਟਨਾ ਨੂੰ ਦੇਖ ਕੇ ਆਪਣੇ ਦੌਰ 'ਚ ਜਾਤਪਾਤੀ ਵਿਤਕਰੇ ਵਿਰੁੱਧ ਗੀਤ ਲਿਖਣੇ ਸ਼ੁਰੂ ਕਰਦਾ ਹੈ।

ਫਿਲਮ ਪੀੜ੍ਹਤ ਨੂੰ ਦੋਸ਼ੀ ਬਣਾਉਣ ਦੀ ਥਿਊਰੀ ਨੂੰ ਬੇਨਕਾਬ ਕਰਦੀ ਹੈ।ਸਿਰਫ ਸਰਕਾਰੀ ਅੰਕੜਿਆਂ ਮੁਤਾਬਕ 'ਭਾਰਤ 'ਚ ਹਰ ਰੋਜ਼ ਦੋ ਦਲਿਤਾਂ ਦੀ ਮੌਤ ਤੇ ਤਿੰਨ ਦਾ ਬਲਾਤਕਾਰ ਹੁੰਦਾ ਹੈ, ਪਰ ਪ੍ਰਬੰਧ ਇਨਸਾਫ਼ ਦੇਣ ਦੀ ਥਾਂ ਉਨ੍ਹਾਂ ਲੋਕਾਂ ਨੂੰ ਹੀ ਕਟਿਹਰੇ 'ਚ ਖੜ੍ਹਾ ਕਰਦਾ ਹੈ ਜੋ ਪੀੜ੍ਹਤ ਹਨ। 2005 'ਚ ਰਮਾਬਈ ਨਗਰ ਦੇ ਪੀੜ੍ਹਤਾਂ 'ਤੇ 307 ਦੇ ਪਰਚੇ ਦਰਜ਼ ਹੁੰਦੇ ਹਨ। ਰਮਾਬਾਈ ਨਗਰ ਤੇ ਖੈਰਲਾਜ਼ੀ ਕਾਂਡ 'ਚ ਪੀੜ੍ਹਤ ਪਰਿਵਾਰ ਨਾਲ ਹੋਈ ਸ਼ਰੇਆਮ ਬੇਇਨਸਾਫ਼ੀ ਹੁੰਦੀ ਹੈ।

ਉੱਚ ਜਾਤਾਂ ਨੂੰ 1989 ਦੇ ਅੱਤਿਆਚਾਰ ਵਿਰੋਧੀ ਕਨੂੰਨ ਹੇਠ ਕੇਸ ਦਰਜ ਹੋਣੇ ਜ਼ਿਆਦਤੀ ਲੱਗਦੀ ਹੈ। ਇਹਨੂੰ ਉਹ ਆਪਣੇ ਹੱਕਾਂ 'ਤੇ ਡਾਕਾ ਕਹਿੰਦੇ ਹਨ, ਘੱਟੋ ਘੱਟ ਉਹ ਹੁਣ ਕਨੂੰਨੀ ਦਾਅ ਹੇਠ ਆਉਂਦੇ ਹਨ। ਫਿਲਮ ਵਿਚ ਪੁਲੀਸ ਦਾ ਸੇਵਾ-ਮੁਕਤ ਉੱਚ ਅਫਸਰ ਐਸ ਸੁਰਡਕਰ ਕਹਿੰਦਾ ਹੈ ਕਿ ''ਪੁਲੀਸ ਤੇ ਸਰਕਾਰ ਦੀ ਮਾਨਸਿਕਤਾ ਬੁਨਿਆਦੀ ਰੂਪ 'ਚ ਦਲਿਤ ਵਿਰੋਧੀ ਹੈ''। ਇਹੀ ਕਾਰਣ ਹੈ ਕਿ ਦਲਿਤ ਮੁੱਦਿਆਂ ਨਾਲ ਜੁੜੀ ਜਾਂਚ ਤੋਂ ਲੈ ਕੇ ਹਰ ਪੱਧਰ 'ਤੇ ਭੇਦਭਾਵ/ ਛੇੜਛਾੜ ਹੁੰਦੀ ਹੈ। ਉਹ ਦੱਸਦਾ ਹੈ ਕਿ ਖੈਰਲਾਂਜੀ ਮਸਲੇ 'ਚ ਵੀ ਇਹੀ ਹੋਇਆ ਸੀ।

ਇਕ ਪਰਿਵਾਰ ਦੀ ਔਰਤ ਤੋਂ ਅਨੰਦ ਪੁੱਛਦਾ ਹੈ ਕਿ 'ਐਨੇ ਅੱਤਿਆਚਾਰਾਂ ਦੇ ਬਾਵਜੂਦ ਤੁਹਾਡੇ ਚਿਹਰੇ 'ਤੇ ਹਾਰ ਨਹੀਂ ਹੈ'? ਉਹ ਕਹਿੰਦੀ ਹੈ 'ਹਾਰ ਕੇ ਕਿਵੇਂ ਚੱਲੂਗਾ। ਮੈਨੂੰ ਲੱਗਦੈ ਜੋ ਮੈਂ ਹੰਢਾਇਆ, ਮੇਰੇ ਬੱਚੇ ਨਾ ਹੰਢਾਉਣ'।

ਹਿੰਦੂਤਵੀ ਤੇ ਮੌਕਾਪ੍ਰਸਤ ਦਲਿਤ ਸਿਆਸਤ ਦੇ ਆਗੂਆਂ ਦਾ ਕਾਕਟੇਲ ਅਨੰਦ ਨੇ ਖੂਬਸੂਰਤੀ ਨਾਲ ਪੇਸ਼ ਕੀਤਾ ਹੈ।ਮੌਕਾਪ੍ਰਸਤੀ ਕਾਕਟੇਲ ਸ਼ਿਵਸ਼ਕਤੀ+ਭੀਮਸ਼ਕਤੀ=ਦੇਸ਼ਭਗਤੀ ਹੋ ਨਿਬੜਦਾ ਹੈ। ਫਿਲਮ ਦੇ ਅੰਤ 'ਚ ਕਬੀਰ ਕਲਾ ਮੰਚ ਦੀ ਕਲਾਕਾਰ ਸੀਤਲ ਸਾਠੇ ਗੀਤਾਂ ਰਾਹੀਂ ਅਜਿਹੇ ਨਵੇਂ ਭੀਮ ਦੇ ਜਨਮ ਦੀ ਮੰਗ ਕਰਦੀ ਹੈ, ਜੋ ਜਾਤਪਾਤ ਦਾ ਖ਼ਾਤਮਾ ਕਰੇ। ਉਹ ਭੀਮ ਨੂੰ ਵੋਟ ਸਿਆਸਤ ਤੇ ਬਜ਼ਾਰ 'ਚੋਂ ਬਾਹਰ ਨਿਕਲਣ ਲਈ ਕਹਿੰਦੀ ਹੈ।

ਮੰਚ ਗੀਤਾਂ ਜ਼ਰੀਏ ਜਾਤਪਾਤ,ਸੰਸਾਰੀਕਰਨ,ਨਿਜੀਕਰਨ ਤੇ ਉਦਾਰੀਕਰਨ ਦੀ ਮਾਰ ਨੂੰ ਵੀ ਗਰੀਬਾਂ 'ਚੋਂ ਸਭ ਤੋਂ ਗਰੀਬਾਂ 'ਤੇ ਪਈ ਮਾਰ ਦੇ ਰੂਪ 'ਚ ਦਰਸਾਉਂਦਾ ਹੈ ਤੇ ਵਿਸ਼ੇਸ਼ ਆਰਥਿਕ ਜੋਨਾਂ ਤਹਿਤ ਲਵਾਸਾ(ਪੂਨਾ) ਜਿਹੇ ਪ੍ਰਜੈਕਟਾਂ ਜ਼ਰੀਏ ਭਾਰਤੀ ਉੱਪ ਮਹਾਂਦੀਪ 'ਚ ਉਸਰਦੇ ਇੰਡੀਆ ਤੇ ਭਾਰਤ ਦੀ ਕਹਾਣੀ ਕਹਿੰਦਾ ਹੈ।

ਸਰਕਾਰ ਕਬੀਰ ਕਲਾ ਮੰਚ ਦੇ ਕਲਾਕਾਰ ਨੂੰ ਮਾਓਵਾਦੀ ਐਲਾਨਦੀ ਹੈ ਤੇ ਕਲਾਕਾਰ ਰੂਪੋਸ਼ ਹੋ ਜਾਂਦੇ ਹਨ।
ਫਿਲਮਸਾਜ਼ ਅਨੰਦ ਪਟਵਰਧਨ

ਸਾਠੇ ਦੀ ਮਾਂ ਕਹਿੰਦੀ ਹੈ ਕਿ 'ਮੇਰੇ ਬੱਚੇ ਹਰ ਪ੍ਰੋਗਰਾਮ ਤੋਂ ਬਾਅਦ ਕਹਿੰਦੇ ਸਨ ਕਿ 'ਮਾਂ ਅਸੀਂ ਹਥਿਆਰ ਨਹੀਂ ਉਠਾਵਾਂਗੇ ਤੇ ਦੁਨੀਆ ਨੂੰ ਆਪਣੇ ਗਾਣਿਆਂ ਦੇ ਬੋਲਾਂ ਤੇ ਡਫਲੀ ਦੀ ਤਾਲ ਨਾਲ ਬਦਲਾਂਗੇ'। ਪਰ ਸੱਤਾ ਨਜ਼ਰੀਏ 'ਤੇ ਹੀ ਰੋਕ ਲਗਾ ਰਹੀ ਹੈ। ਅਸਲ 'ਚ ਨਜ਼ਰੀਏ ਕਾਰਨ ਵਿਲਾਸ ਨੂੰ ਖੁਦਕੁਸ਼ੀ ਤੇ ਕਬੀਰ ਕਲਾ ਮੰਚ ਨੂੰ ਰੂਪੋਸ਼ ਹੋਣ ਲਈ ਮਜ਼ਬੂਰ ਹੋਣਾ ਪੈਂਦਾ ਹੈ।ਅਨੰਦ ਬੜੀ ਰਚਨਾਤਮਿਕਤਾ ਨਾਲ ਫਿਲਮ ਨੂੰ ਇਕੋ ਸਿਆਸਤ ਤੇ ਇਕੋ ਵਿਰਾਸਤ ਦੀ ਤਾਰ ਨਾਲ ਜੋੜਦਾ ਹੋਇਆ ਫਿਲਮ ਦੀ ਸ਼ੁਰੂਆਤ ਵਿਲਾਸ ਦੇ ਗਾਣੇ ਤੇ ਅੰਤ ਕਬੀਰ ਕਲਾ ਮੰਚ ਗਾਣੇ ਨਾਲ ਕਰਦਾ ਹੈ।

ਫਿਲਮ ਭਾਰਤੀ ਸਮਾਜ ਦੀ ਨਬਜ਼ ਫੜ੍ਹਦੀ ਹੋਈ ਦੱਸਦੀ ਹੈ ਕਿ ਇਤਿਹਾਸ ਕਦੇ ਪਰਿਭਾਸ਼ਾਵਾਂ ਦੇ ਘਨੇੜੇ ਚੜ੍ਹ ਕੇ ਸਫ਼ਰ ਤੈਅ ਨਹੀਂ ਕਰਦਾ, ਸਗੋਂ ਅਸਲ ਮਨੁੱਖੀ ਸਮਾਜਿਕ ਵਿਕਾਸ ਦਾ ਅਮਲ ਇਤਿਹਾਸ ਨੂੰ ਨਵੇਂ ਮੋੜ 'ਤੇ ਖੜਾ ਕਰਦਾ ਹੈ, ਪਰ ਭਾਰਤੀ ਉੱਪ ਮਹਾਂਦੀਪ 'ਚ ਖੱਬੇਪੱਖੀ ਸਿਆਸਤ ਘੜੀਆਂ ਘੜਾਈਆਂ ਪਰਿਭਾਸ਼ਵਾਂ 'ਚੋਂ ਬਾਹਰ ਨਿਕਲ ਕੇ ਵਿਭਿੰਨਤਾਵਾਦੀ ਸਮਾਜ ਦਾ ਸਹੀ ਵਿਸ਼ਲੇਸ਼ਨ ਨਹੀਂ ਕਰ ਸਕੀ।

ਦਰ ਅਸਲ ਭਾਰਤੀ ਸਮਾਜ 'ਚ ਜਾਤ ਦੇ ਮਸਲਾ ਬੇਹੱਦ ਪੇਚੀਦਾ ਹੈ। ਜ਼ਮੀਨੀ ਪੱਧਰ 'ਤੇ ਹੀ ਦਲਿਤ ਦੀ ਹਾਲਤ ਖ਼ਸਤਾ ਨਹੀਂ ਬਲਕਿ ਦੇਸ਼ ਦੀ 8 ਫੀਸਦੀ ਬ੍ਰਹਮਣ ਅਬਾਦੀ ਦੀ ਭਾਰਤੀ ਮੀਡੀਆ 'ਚ 71 ਫੀਸਦੀ ਹਿੱਸੇਦਾਰੀ ਹੈ। ਮੀਡੀਆ ਦੇ ਉੱਚ ਅਹੁਦੇ 'ਤੇ ਅੱਜ ਵੀ ਕੋਈ ਦਲਿਤ ਜਾਂ ਆਦਿਵਾਸੀ ਨਹੀਂ ਹੈ। ਪਛਾਣਵਾਦੀ ਮਾਨਸਿਕਤਾ ਖ਼ਿਲਾਫ ਸਟੈਂਡ ਲੈਣ ਵਾਲੇ ਕਈ ਖੱਬੇਪੱਖੀ ਆਪਣੇ ਨਾਂਅ ਨਾਲ ਅਜਿਹੀ ਪਛਾਣ (ਜਾਤ, ਗੋਤ) ਲਗਾਉਣਾ ਨਹੀਂ ਭੁੱਲਦੇ,ਜਿਸ 'ਤੇ ਮਾਣ ਕਰਨ ਲਾਇਕ ਕੁਝ ਵੀ ਨਹੀਂ,ਸਗੋਂ ਇਨ੍ਹਾਂ ਦੀ ਕਿਰਤ ਦੇ ਇਤਿਹਾਸ 'ਚ ਸ਼ਰਮਨਾਕ ਥਾਂ ਹੈ।

ਅੰਬੇਡਕਰ ਅੰਤਰਜਾਤੀ ਵਿਆਹ ਨੂੰ ਜਾਤਪਾਤੀ ਖਾਤਮੇ ਦਾ ਵੱਡਾ ਸੰਦ ਮੰਨਦੇ ਸੀ ਪਰ ਕਹੇ ਜਾਂਦੇ ਅਧੁਨਿਕ ਸਮਾਜ 'ਚ ਮਸਲਾ ਐਨਾ ਗੰਭੀਰ ਹੈ ਪੰਜਾਬ ਦੇ ਜਿਨ੍ਹਾਂ ਚਾਰ ਆਈ ਏ ਐਸ ਤੇ ਆਈ ਪੀ ਐਸ ਜੋੜਿਆਂ ਨੇ ਅੰਤਰਜਾਤੀ ਵਿਆਹ ਕਰਵਾਏ ਸਨ, ਉਨ੍ਹਾਂ ਨੇ ਬੱਚਿਆਂ(ਕੁਝ ਪੰਜਾਬ ਦੇ ਮੌਜੂਦਾ ਸੀਨੀਅਰ ਅਫਸਰ) ਨੇ ਅੱਜਕਲ੍ਹ ਆਪਣੀਆਂ ਮਾਵਾਂ ਦਾ ਗੋਤ ਸਿਰਫ ਇਸ ਕਰਕੇ ਆਪਣੇ ਨਾਂਅ ਨਾਲ ਲਗਾਉਣਾ ਸ਼ੁਰੂ ਕੀਤਾ ਹੈ, ਕਿਉਂਕਿ ਪਿਓ ਦਲਿਤ ਤੇ ਮਾਵਾਂ ਉੱਚ ਜਾਤ ਨਾਲ ਸਬੰਧ ਰੱਖਦੀਆਂ ਸਨ ਤੇ ਉਹ ਆਪਣਾ ਵਿਆਹ ਉੱਚ ਜਾਤਾਂ 'ਚ ਕਰਵਾਉਣ ਦੇ ਚਾਹਵਾਨ ਸਨ।

'ਜੈ ਭੀਮ ਕਾਮਰੇਡ' ਅਮੀਰ ਕਲਾਤਮਿਕ ਦਸਤਾਵੇਜ਼ ਹੈ। ਲੋਕ ਗੀਤ ਫਿਲਮ ਦੀ ਜਾਨ ਹਨ। ਪਹਿਲੀ ਵਾਰ ਅਨੰਦ ਫਿਲਮ 'ਚ ਸਿਆਸਤ ਦੇ ਨਾਲ ਨਾਲ ਸਮਾਜਿਕ ਤੇ ਸੱਭਿਆਚਾਰਕ ਪੱਖਾਂ ਨੂੰ ਚੇਤਨ ਰੂਪ 'ਚ ਉਭਾਰਦਾ ਹੈ। ਦਰਸ਼ਕ ਨੂੰ ਮਹਿਸੂਸ ਹੁੰਦਾ ਹੈ ਕਿ ਫ਼ਿਲਮਸਾਜ਼ ਘਰੋਂ ਕੁਝ ਤੈਅ ਕਰਕੇ ਨਹੀਂ ਨਿਕਲਿਆ ਕਿ ਮੈਂ ਇਹੀ ਬਣਾ ਕੇ ਲਿਆਉਣਾ ਹੈ। ਅਸਲ 'ਚ ਅਨੰਦ ਸਿਆਸੀ ਸਮਝ ਸੇਧਤ ਹੁੰਦਾ ਹੋਇਆ ਵੀ ਸਮਾਜਿਕ ਅਮੀਰੀ ਨੂੰ ਵੱਧ ਤਰਜ਼ੀਹ ਦਿੰਦਾ ਹੈ।

ਫਿਲਮ ਦਾ ਇਕ ਹੋਰ ਮਜ਼ਬੂਤ ਪੱਖ ਹੈ ਕਿ 'ਜੈ ਭੀਮ ਕਾਮਰੇਡ' 'ਚ ਪਿੱਠਵਰਤੀ ਅਵਾਜ਼ (ਵਾਇਸ ਓਵਰ) ਨਹੀਂ ਹੈ।ਹਰ ਦਸਤਾਵੇਜ਼ੀ ਫਿਲਮ ਦਾ ਇਕ ਖਾਸ ਦਰਸ਼ਕ ਵਰਗ ਹੁੰਦਾ ਹੈ, ਪਰ ਜਦੋਂ ਕੋਈ ਫਿਲਮ ਆਪਣੇ ਆਪ ਨਵੇਂ ਦਰਸ਼ਕਾਂ ਨਾਲ ਰੂਬਰੂ ਹੁੰਦੀ ਹੈ, ਉਹ ਫਿਲਮਸਾਜ਼ ਲਈ ਵੱਡੀ ਪ੍ਰਾਪਤੀ ਹੁੰਦੀ ਹੈ।

ਅਨੰਦ ਨੇ ਇਕ ਸੂਝਵਾਨ ਸੱਭਿਆਚਾਰਕ ਕਾਮੇ ਦਾ ਰੋਲ ਅਦਾ ਕੀਤਾ ਹੈ। ਅਗਲੀ ਭੂਮਿਕਾ ਸਿਆਸਤ ਦੀ ਹੈ ਕਿ ਉਹ ਗੁੰਝਲਦਾਰ ਤੇ ਗੰਭੀਰ ਮਸਲੇ ਨੂੰ ਕਿਸੇ ਹੱਲ ਵੱਲ ਕਿਵੇਂ ਤੋਰਦੀ ਹੈ?

ਯਾਦਵਿੰਦਰ ਕਰਫਿਊ 
mail2malwa@gmail.com 
Mob-95308-95198

5 comments:

  1. ਜਿਸ ਤਰ੍ਹਾਂ ਕਿ ਸ਼ੁਰੂ ਵਿਚ ਕਿਹਾ ਗਿਆ ਹੈ, ਮੈਨੂੰ ਲੱਗਿਆ ਸੀ ਇਕ ਇਹ ਫ਼ਿਲਮ ਦੀ ਸਮੀਖਿਆ ਹੋਵੇਗੀ। ਲੇਖ ਪੜ੍ਹਨ ਤੋਂ ਬਾਅਦ ਮਹਿਸੂਸ ਹੋਇਆ ਇਹ ਫ਼ਿਲਮ ਵਿਚ ਦਿਖਾਈ ਅਤੇ ਸਮਝਾਈ ਗਈ ਵਿਚਾਰਧਾਰਾ ਦੀ ਪੜਚੋਲ ਕਰਦਾ ਹੈ, ਨਾ ਕਿ ਫ਼ਿਲਮ ਦੀ ਸਮੀਖਿਆ। ਹਾਂ ਅੰਤ ਵਿਚ ਫ਼ਿਲਮ ਦੇ ਕੁ੍ਝ ਤਕਨੀਕੀ ਪੱਖਾਂ ਬਾਰੇ ਝਲਕਾਰਾ ਪੈਂਦਾ ਹੈ।

    ਕਿਸੇ ਫ਼ਿਲਮ ਦੀ ਸਮੀਖਿਆ ਵੇਲੇ ਉਸ ਦੇ ਦੋਹਾਂ ਪੱਖਾਂ, ਫ਼ਿਲਮਕਾਰੀ ਅਤੇ ਵਿਚਾਰਧਾਰਕ, ਸਮੀਖਿਆ ਕਰਨੀ ਬਣਦੀ ਹੈ। ਖ਼ਾਸ ਕਰ ਜਦੋਂ ਫ਼ਿਲਮ ਕਿਸੇ ਖ਼ਾਸ ਵਿਸ਼ੇ ਤੇ ਆਧਾਰਿਤ ਹੋਵੇ।

    ਸੋ ਵਿਚਾਰਧਾਰਕ ਸਮੀਖਿਆ ਬੇਹੱਦ ਸਟੀਕ ਹੈ ਅਤੇ ਮਸਲੇ ਤੋਂ ਅਣਜਾਣ ਬੰਦੇ ਨੂੰ ਵੀ ਸਮਝਣ ਵਿਚ ਮਦਦਗਾਰ ਸਾਬਿਤ ਹੁੰਦੀ ਹੈ।

    ਮੇਰਾ ਨਿੱਜੀ ਵਿਚਾਰ ਹੈ ਕਿ ਜਦੋਂ ਇਹ ਧਿਰਾਂ ਆਪੋ ਵਿਚ ਹੀ ਇਕਜੁੱਟ ਨਹੀਂ ਅਤੇ ਸਾਰੀਆਂ ਸੰਬੰਧਤ ਧਿਰਾਂ ਵਿਚਾਲੇ ਐਨਾ ਵੱਡਾ ਵਿਚਾਰ-ਧਾਰਾਈ ਪਾੜਾ ਹੈ, ਫ਼ਿਰ ਉਹ ਆਪਣੀ ਮੁੱਖ-ਵਿਰੋਧੀ ਧਿਰ ਨਾਲ ਕਿਵੇਂ ਲੜ ਸਕਦੀਆਂ ਹਨ? ਸੱਤਾ ਅਤੇ ਸਿਆਸਤ ਤਾਂ ਆਪ 'ਪਾੜੋ ਅਤੇ ਰਾਜ ਕਰੋ' ਦੀ ਨੀਤੀ ਤੇ ਚਲਦੀ ਹੈ। ਅਜਿਹੀ ਹਾਲਤ ਵਿਚ ਸੱਤਾ ਦੀਆਂ ਹੀ ਪੌ ਬਾਰਾਂ ਹਨ ਅਤੇ ਉਪਰੋਕਤ ਲੇਖ ਵਿਚ ਜਿੰਨੀਆਂ ਵੀ ਧਿਰਾਂ ਦਾ ਜ਼ਿਕਰ ਹੈ, ਉਹ ਆਪਣੀ ਹਾਲਤ ਲਈ ਆਪ ਹੀ ਜਿੰਮੇਵਾਰ ਬਣ ਜਾਂਦੀਆਂ ਹਨ। ਆਪਣੀ ਖਿੱਲਰੀ ਹੋਈ 'ਇਕਜੁਟਤਾ' ਕਰ ਕੇ। ਪਹਿਲਾਂ ਇਸ ਦਾ ਹੱਲ ਕੱਢਣ ਦੀ ਲੋੜ ਹੈ।

    ReplyDelete
  2. ਖਬੇ ਪਖੀ ਪਾਰਟੀਆਂ ਨੇ ਜਾਤ ਪਾਤ ਦੀ ਘਨਾਉਣੀ ਬਿਮਾਰੀ ਨੂੰ ਆਖੋ ਪਰੋਖੇ ਕੀਤਾ ਲਗਦਾ ਹੈ ! ਜਾਤ ਪਾਤ ਖਿਲਾਫ਼ ਵੀ ਇਕ ਲੇਹਿਰ ਉਸਾਰਨ ਦੀ ਲੋੜ ਹੈ ! ਖਬੇ ਪਖੀਆਂ ਨੂੰ ਜਾਤ ਪਾਤ ਖਿਲਾਫ਼ ਨਾ ਬੋਲਣ ਦਾ ਨੁਕਸਾਨ ਤੇ ਹੋਇਆ !

    ReplyDelete
  3. ਪਟਵਰਧਨ ਦੀ ਇਹ ਫ਼ਿਲਮ 'ਚ ਸਿਰਫ਼ ਮਨੁੱਖੀ ਪੱਧਰ ਦੀ ਝੰਜੋੜ ਹੀ ਨਹੀਂ। ਕਿਸੇ ""ਕਾਮਰੇਡ ਵਲੋਂ ਖੁਦਕੁਸ਼ੀ"" ਵੇਲੇ ਕੰਧ 'ਤੇ ਸਮੂਹ ਅੰਬੇਡਕਰਵਾਦੀਆਂ ਨੂੰ ਆਪਣੀ ਮੁਕਤੀ ਲਈ ਇਕੱਠੇ ਹੋ ਕੇ ਲੜਨ ਦੀ ਲਲਕਾਰ ਦੇਣਾ ਇਕ """ਤਕੜਾ"""" ਸਿਆਸੀ ਪੈਂਤੜਾ ਹੈ। ਜਾਂ ਕਮਜੋਰ ??? ਜੋ ਲੜਨ ਦੀ ਪ੍ਰੇਰਨਾ ਦਿੰਦਾ ਹੈ ਉਹ ਖੁਦਕਸ਼ੀ ਕਰੇਗਾ ??????????????


    ਇਸ ਫਿਲਮ ਨੂੰ ਦੇਖਣ ਬਾਅਦ ਹੀ ਅਸਲੀ ਅੰਤਿਮ ਰਾਇ ਦੇਣ ਦੀ ਹਾਲਤ ਵਿੱਚ ਹੋਵਾਂਗਾ |

    ReplyDelete
  4. a very good documentary,ilike it very much.

    ReplyDelete
  5. veer ji ...eh documentary kiven mil sakdi hai ...main USA ch haan ji ..

    ReplyDelete