ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, January 7, 2009

ਸ਼ਕਤੀਸ਼ਾਲੀ "ਓਬਾਮਾ" ਦੀ ਜ਼ੁਬਾਨ ਖ਼ਾਮੋਸ਼ ਕਿਉਂ..?



ਜੰਗਲੀ ਦੁਨੀਆਂ 'ਚ ਜਿਵੇਂ ਸ਼ੇਰ ਨੂੰ ਜੰਗਲ ਦੇ ਸਭਤੋਂ ਤਾਕਤਵਰ ਜਾਨਵਰ ਵਜੋਂ ਜਾਣਿਆ ਜਾਂਦਾ ਹੈ,ਉਸੇ ਤਰ੍ਹਾਂ 21ਵੀਂ ਸਦੀ ਦੀ ਜਮੂਹਰੀਅਤ 'ਚ ਅਮਰੀਕਾ ਦੇ ਰਾਸ਼ਟਰਪਤੀ ਨੂੰ ਦੁਨੀਆਂ ਦੇ ਸ਼ਕਤੀਸ਼ਾਲੀ ਮਨੁੱਖ ਦੇ ਤੌਰ 'ਤੇ ਜਾਣਿਆ ਜਾਂਦਾ ਹੈ।ਅਮਰੀਕਾ ਸ਼ਕਤੀਸ਼ਾਲੀ ਹੈ,ਰਾਸ਼ਟਰਪਤੀ ਵੀ ਸ਼ਕਤੀਸ਼ਾਲੀ ਹੀ ਹੋਵੇਗਾ।ਇਸੇ ਕਰਕੇ ਪੂਰੀ ਦੁਨੀਆਂ ਦਾ ਧੁਰਾ ਬਣਕੇ ਅਮਰੀਕਾ ਹੀ ਤਹਿ ਕਰਦਾ ਹੈ ਕਿ ਕੌਣ ਅੱਤਵਾਦੀ ਹੈ ਤੇ ਕੌਣ ਵੱਖਵਾਦੀ।ਅਮਰੀਕਾ ਦਾ ਹਰ ਸ਼ਕਤੀਸ਼ਾਲੀ ਰਾਸ਼ਟਰਪਤੀ ਵਿਵਾਦ ਦਾ ਵਿਸ਼ਾ ਬਣਦਾ ਰਿਹਾ ਹੈ।ਅਗਲੇ ਕਾਰਜਕਾਲ 'ਚ ਰਾਸ਼ਟਰਪਤੀ ਬਣਨ ਜਾ ਰਹੇ "ਬਰਾਕ ਓਬਾਮਾ" ਤਾਂ ਕਾਲੇ ਚਮੜੀ ਤੇ ‘ਮੁਸਲਿਮ’ ਹੋਣ ਕਰਕੇ ਪੂਰੀ ਦੁਨੀਆਂ ਦੇ ਮੀਡੀਏ ਦੀਆਂ ਸੁਰਖੀਆਂ ਰਹੇ।ਪੂਰੀ ਦੁਨੀਆਂ ਨੂੰ ਉਮੀਦ ਬੱਝੀ ਕਿ ਪਹਿਲੀ ਵਾਰੀ ਅਜਿਹੇ ਰਾਸ਼ਟਰਪਤੀ ਬਣਨ ਜਾ ਰਹੇ ਨੇ,ਜੋ ਦੱਬਿਆਂ ਕੁਚਲਿਆਂ ਦੀ ਅਵਾਜ਼ ਨੂੰ ਸੁਣਨਗੇ ਤੇ ਅਮਰੀਕਾ ਦੀ ਤਾਨਾਸ਼ਾਹ ਦਿੱਖ ਨੂੰ ਸੁਧਾਰਨਗੇ।"ਓਬਾਮਾ" ਦੀ ਤੁਲਨਾ ਅਗਾਂਗਵਧੂ ਦਲਿਤ ਲੀਡਰ ਮਾਰਟਿਨ ਲੂਥਰ ਕਿੰਗ ਨਾਲ ਕੀਤੀ ਗਈ।ਪਰ ਅਜਿਹੇ ਸਾਰੇ ਭਰਮ ਉਹਨਾਂ ਦੇ ਅਹੁਦੇ 'ਤੇ ਬੈਠਣ ਤੋਂ ਪਹਿਲਾਂ ਹੀ ਟੁੱਟਦੇ ਨਜ਼ਰ ਆ ਰਹੇ ਹਨ।ਅੱਜ ਮੱਧ ਪੂਰਬ(ਫਲਸਤੀਨ) ਤੇ ਦੱਖਣੀ ਏਸ਼ੀਆ(ਸ਼੍ਰੀ ਲੰਕਾ) ਦੀ ਧਰਤੀ ‘ਤੇ ਭਿਆਨਕ ਅੱਗ ਲੱਗੀ ਹੋਈ ਹੈ,ਪਰ ਪੂਰੀ ਦੁਨੀਆਂ ਨਾਲ ਵਿਸ਼ਵ ਸ਼ਾਂਤੀ ਦਾ ਵਾਅਦਾ ਕਰਨ ਵਾਲੇ ਸ਼ਕਤੀਸ਼ਾਲੀ ਮਨੁੱਖ ਦੇ ਮੂੰਹੋਂ ਸ਼ਾਂਤੀ ਲਈ ਕੋਈ ਸ਼ਬਦ ਨਹੀਂ ਨਿੱਕਲ ਰਿਹਾ।

ਮੱਧ ਪੂਰਬ 'ਚ ਫਲਸਤੀਨ ਦੇ ਗਾਜ਼ਾ 'ਤੇ ਇਜ਼ਰਾਇਲ ਵਲੋਂ ਲਗਾਤਾਰ ਹਵਾਈ ਤੇ ਜ਼ਮੀਨੀ ਹਮਲੇ ਕੀਤੇ ਜਾ ਰਹੇ ਹਨ ਤੇ ਦੱਖਣੀ ਏਸ਼ੀਆ 'ਚ ਸ਼੍ਰੀਲੰਕਾ ਦੀ ਫੌਜ ਵਲੋਂ ਤਮਿਲ ਬਹੁਗਿਣਤੀ ਵਾਲੇ ਸ਼੍ਰੀਲੰਕਾਈ ਇਲਾਕੇ ਦਾ ਘਾਣ ਜਾਰੀ ਹੈ।ਅਸਲ 'ਚ ਇਹ ਦੋਵੇਂ ਹੀ ਇਲਾਕਿਆਂ ਦੀ ਸਮੱਸਿਆ ਨੂੰ ਕੌਮਾਂਤਰੀ ਭਾਈਚਾਰਾ ਰਾਜਨੀਤਿਕ ਸਮੱਸਿਆ ਦੇ ਤੌਰ 'ਤੇ ਦੇਖਦਾ ਹੈ,ਪਰ ਸ਼ੁਰੂ ਤੋਂ ਹੀ ਇਜ਼ਰਾਇਲ ਨੇ ਫਲਸਤੀਨੀ ਖਾੜਕੂ ਜਥੇਬੰਦੀ ਹਮਾਸ ਤੇ ਸ਼੍ਰੀਲੰਕਾਈ ਸਰਕਾਰ ਨੇ ਲਿੱਟਿਆਂ ਦੇ ਨਾਂਅ 'ਤੇ ਹਜ਼ਾਰਾਂ ਆਮ ਲੋਕਾਂ ਨੂੰ ਆਪਣੇ ਬੰਬਾਂ ਤੇ ਟੈਕਾਂ ਦੀ ਚੱਕੀ 'ਚ ਪੀਸੀਆ ਹੈ।ਪਿਛਲੇ ਦਿਨਾਂ ਤੋਂ ਦੋਵਾਂ ਥਾਵਾਂ 'ਤੇ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ।ਘਰਾਂ ਦੇ ਘਰ ਤਾਂ ਤਬਾਅ ਹੋ ਹੀ ਰਹੇ ਨੇ,ਸਕੂਲਾਂ ਤੇ ਹਸਪਤਾਲਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਬੱਚਿਆਂ,ਬੁੱਢਿਆਂ ਤੇ ਔਰਤਾਂ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾ ਰਿਹਾ।ਗਾਜ਼ਾ ਪੱਟੀ 'ਚ ਅਨਾਜ,ਦਵਾਈਆਂ ਤੇ ਕੱਪੜੇ ਇਜ਼ਰਾਇਲ ਦੀ ਨਾਕਾਬੰਦੀ ਕਾਰਨ ਨਹੀਂ ਪਹੁੰਚ ਰਹੇ।ਬਿਜਲੀਘਰ ਬੰਦ ਨੇ ਤੇ ਲੋਕ ਪਲ ਪਲ ਹਨੇਰੇ 'ਚ ਕੱਟ ਰਹੇ ਨੇ।ਇਉਂ ਲੱਗਦਾ ਜਿਵੇਂ ਰਾਜਨੀਤਿਕ ਸੱਮਸਿਆ ਦਾ ਹੱਲ ਬੰਬਾਰੀ ਨਾਲ ਕੱਢਣਾ ਹੋਵੇ।ਫੌਜਾਂ ਨੂੰ ਕਿਸੇ ਦਾ ਡਰ ਨਹੀਂ,ਕਿਉਂ ਜੋ ਅਮਰੀਕਾ ਤੇ ਭਾਰਤ ਵਰਗੇ ਦੋਸਤ ਉਹਨਾਂ ਦੇ ਸਿਰ 'ਤੇ ਹਨ।ਇਜ਼ਰਾਇਲੀ ਫੌਜ ਦੇ ਹਮਲਿਆਂ ਨਾਲ ਗਾਜ਼ਾ 'ਚ ਹੁਣ ਤਕ 700 ਦੇ ਲਗਭਗ ਲੋਕਾਂ ਦੀ ਮੌਤ ਹੋ ਚੱਕੀ ਹੈ ਤੇ ਇਹੀ ਹਾਲ ਸ਼੍ਰੀਲੰਕਾ ਦੇ ਹਨ।ਇਸ ਵੱਡੇ ਮਨੁੱਖੀ ਕਤਲੇਆਮ ਤੋਂ ਬਾਅਦ ਵੀ,ਬੁਸ਼ ਹਮਾਸ ਨੂੰ ਜ਼ਿੰਮੇਂਵਾਰ ਮੰਨ ਰਹੇ ਹਨ ਤੇ ਮਨਮੋਹਨ ਸਿੰਘ ਲਿੱਟਿਆਂ ਨੂੰ।ਸਵਾਲ ਪੈਦਾ ਹੁੰਦਾ ਹੈ ਕਿ ਜੇ ਇਸ ਲਈ ਦੋਵੇਂ(ਲਿੱਟੇ ਤੇ ਹਮਾਸ)ਜ਼ਿੰਮੇਂਵਾਰ ਹਨ,ਤਾਂ ਹਜ਼ਾਰਾਂ ਆਮ ਬਲੀ ਦੇ ਬੱਕਰੇ ਕਿਉਂ ਬਣਾਏ ਜਾ ਰਹੇ ਹਨ।ਸ਼ੁੰਯਕਤ ਰਾਸ਼ਟਰ ਦੇ ਸਕੱਤਰ ਬਾਨ ਕੀ ਮੂਨ ਇਜ਼ਰਾਇਲ ਦੀ ਕਾਰਵਾਈ ਦੀ ਨਿੰਦਿਆ ਕਰ ਰਹੇ ਹਨ ਤੇ ਪੱਛਮੀ ਦੇਸ਼ਾਂ ਨੂੰ ਇਜ਼ਰਾਇਲ 'ਤੇ ਦਬਾਅ ਪਾਉਣ ਲਈ ਕਹਿ ਰਹੇ ਹਨ,ਪਰ ਸੰਯੁਕਤ ਰਾਸ਼ਟਰ ਦੀ ਕੌਣ ਸੁਣਦੈ।ਇਰਾਕ 'ਤੇ ਹਮਲੇ ਦੇ ਸਮੇਂ ਕਿਹੜਾ ਸੰਯੁਕਤ ਰਾਸ਼ਟਰ ਦਾ ਹੁਕਮਨਾਮਾ ਸੁਣਿਆ ਗਿਆ ਸੀ।ਕਿਸੇ ਸਮੇਂ ਇਜ਼ਰਾਇਲ ਦੀ ਨੀਤੀਆਂ ਦਾ ਸਮਰਥਨ ਕਰਦੇ ਰਹੇ ਕੁਝ ਯੂਰਪੀ ਦੇਸ਼ਾਂ ਨੇ ਵੀ,ਹੁਣ ਇਜ਼ਰਾਇਲ ਦੇ ਹਮਲਿਆਂ ਦੀ ਨਿਖੇਧੀ ਕੀਤੀ ਹੈ।ਵੱਖ ਵੱਖ ਤਰ੍ਹਾਂ ਦੀਆਂ ਅਵਾਜ਼ਾਂ ੳੁੱਠਣ ਤੋਂ ਬਾਅਦ ਵੀ ਸ਼ਕਤੀਸ਼ਾਲੀ ਡੈਮੋਕਰੇਟਿਕ ਓਬਾਮਾ ਦੀ ਅਵਾਜ਼ ਕਿਉਂ ਖਾਮੋਸ਼ ਹੈ,ਇਸਦਾ ਕੁਝ ਵੀ ਸਾਫ ਸਪੱਸ਼ਟ ਪਤਾ ਨਹੀਂ ਲੱਗ ਰਿਹਾ।

ਰਾਸ਼ਟਰਪਤੀ ਬੁਸ਼ ਤੋਂ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ,ਕਿਉਂਕਿ ਉਹਨਾਂ ਦਾ ਇਤਿਹਾਸ ਤਾਂ ਅਜਿਹੇ ਕਾਲੇ ਪੰਨਿਆਂ ਨਾਲ ਭਰਿਆ ਪਿਆ ਹੈ,ਪਰ ਓਬਾਮਾ ਜਿਨ੍ਹਾਂ ਤੋਂ ਪੂਰੀ ਦੁਨੀਆਂ ਨੂੰ ਇਕ ਉਮੀਦ ਹੈ,ਉਹ ਵੀ ਅਜਿਹੇ ਰਾਹ ਪੈਣਗੇ,ਇਹ ਸ਼ਾਇਦ ਕਿਸੇ ਨੇ ਨਾ ਸੋਚਿਆ ਹੋਵੇ।ਇਜ਼ਰਾਇਲ ਤੇ ਤਮਿਲਾਂ 'ਤੇ ਹੋ ਰਹੇ ਹਮਲਿਆਂ ਬਾਰੇ ਚੁੱਪ ਸਾਧੀ ਬੈਠੇ ਓਬਾਮਾ ਨੇ ਇਹ ਸਿੱਧ ਕਰ ਦਿੱਤਾ,ਕਿ ਉਹ ਵੀ ਅਮਰੀਕੀ ਸਿਸਟਮ ਦੀਆਂ ਨੀਤੀਆਂ ਤੋਂ ਮੁਕਤ ਨਹੀਂ।ਇਜ਼ਰਾਇਲ ਨੂੰ 1948 ਤੋਂ ਅਮਰੀਕਾ ਆਰਥਿਕ ਤੇ ਰਾਜਨੀਤਿਕ ਖੁਰਾਕ ਦਿੰਦਾ ਆ ਰਿਹਾ ਹੈ,ਅਮਰੀਕਾ ਦਾ ਰਾਸ਼ਟਰਪਤੀ ਚਾਹੇ ਕੋਈ ਵੀ ਰਿਹਾ ਹੋਵੇ,ਪਰ ਇਜ਼ਰਾਇਲ-ਫਲਸਤੀਨ ਸਮੱਸਿਆ ਨੂੰ ਲੈਕੇ ਸਮਝ ਇਕੋ ਰਹੀ ਹੈ।ਮੱਧ ਪੂਰਬ ਨੂੰ ਆਪਣੀ ਚੌਧਰ ਹੇਠ ਰੱਖਣ ਲਈ ਅਮਰੀਕਾ ਕੋਲ ਇਜ਼ਰਾਇਲ ਬੇਹਤਰੀਨ ਫੌਜੀ ਅੱਡਾ ਹੈ।ਹੁਣ ਓਬਾਮਾ ਨੇ ਇਜ਼ਰਾਇਲ-ਫਲਸਤੀਨ ਵਿਵਾਦ 'ਤੇ ਖ਼ਾਮੋਸ਼ ਰਹਿਕੇ ਇਸਤੇ ਮੋਹਰ ਲਗਾ ਦਿੱਤੀ ਹੈ,ਓਬਾਮਾ ਵੀ ਇਜ਼ਰਾਇਲੀ ਫੌਜੀ ਅੱਡੇ ਨੂੰ ਵਰਤਣੋ ਕਦੇ ਨਹੀਂ ਖੂੰਝਣਗੇ,ਕਿਉਂਕਿ ਅਮਰੀਕਾ ਨੇ ਹਮੇਸ਼ਾਂ ਹੀ ਖੂਨ ਦੇ ਬਦਲੇ ਤੇਲ ਦੀ ਨੀਤੀ ਨੂੰ ਉਤਸ਼ਾਹਿਤ ਕੀਤਾ ਹੈ।ਜਿਹੜੀ ਗਲਤੀ ਹਿਟਲਰ ਨੇ ਯਹੂਦੀਆਂ ਨਾਲ ਕੀਤੀ ਸੀ,ਉਹੋ ਹੁਣ ਇਜ਼ਰਾਇਲ ਤੇ ਅਮਰੀਕਾ ਫਲਸਤੀਨੀਆਂ ਖਿਲਾਫ ਕਰ ਰਹੇ ਹਨ।ਪੂਰਾ ਅਮਰੀਕੀ ਪ੍ਰਸ਼ਾਸ਼ਨ ਇਕੋ ਅਵਾਜ਼ ਹਮਾਸ ਨੂੰ ਜ਼ਿੰਮੇਂਵਾਰ ਠਹਿਰਾਕੇ,ਹਮਾਸ ਵਲੋਂ ਇਜ਼ਰਾਇਲ 'ਤੇ ਕੀਤੇ ਹਮਲਿਆਂ ਦੌਰਾਨ ਮਰੇ ਲੋਕਾਂ ਦੀ ਦਲੀਲ ਦੇ ਰਿਹਾ ਹੈ।ਪਿਛਲੇ 8 ਸਾਲਾਂ 'ਚ ਇਜ਼ਰਾਇਲ 'ਤੇ ਹੋਏ ਹਮਲਿਆਂ 'ਚ 20 ਆਮ ਇਜ਼ਰਾਇਲੀ ਮਰੇ ਹਨ,ਜਦੋਂਕਿ ਮੌਜੂਦਾ ਹਮਲੇ ਦੇ ਪਹਿਲੇ 8-10 ਦਿਨਾਂ 'ਚ ਇਜ਼ਰਾਇਲ ਵਲੋਂ ਹੋਈ ਫੌਜੀ ਕਾਰਵਾਈ 'ਚ 700 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ।

ਸਵਾਲ ਇਹ ਵੀ ਪੈਦਾ ਹੋ ਸਕਦਾ ਹੈ ਕੀ ਓਬਾਮਾ ਨੇ ਕਿਹੜਾ ਆਪਣਾ ਕਾਰਜਕਾਲ ਸੰਭਾਲਿਆ ਹੈ,ਪਰ ਕੀ ਇਕ ਸੱਭਿਅਕ ਮਨੁੱਖ ਹੋਣ ਦੇ ਨਾਤੇ ਓਬਾਮਾ ਘਾਣ ਹੋ ਰਹੀ ਮਨੁੱਖਤਾ ਦੇ ਪੱਖ 'ਚ ਹਾਅ ਦਾ ਨਾਅਰਾ ਨਹੀਂ ਮਾਰਨਗੇ।ਓਬਾਮਾ ਨੂੰ ਪੂਰੀ ਦੁਨੀਆਂ ਦੇ ਮੀਡੀਏ ਨੇ ਮਾਰਟਿਨ ਲੂਥਰ ਕਿੰਗ ਦੇ ਵਾਰਿਸ ਦੇ ਤੌਰ 'ਤੇ ਪੇਸ਼ ਕੀਤਾ ਸੀ।ਲੂਥਰ ਨੇ ਤਾਂ ਬਿਨਾਂ ਕਿਸੇ ਸ਼ਕਤੀ 'ਚ ਰਹਿੰਦਿਆਂ ਹਮੇਸ਼ਾ ਪੂਰੀ ਦੁਨੀਆਂ 'ਚ ਮਨੁੱਖੀ ਅਧਿਕਾਰਾਂ ਦੀ ਉੇਲੰਘਣਾ ਦੇ ਖਿਲਾਫ ਅਵਾਜ਼ ਬੁਲੰਦ ਕੀਤੀ ਸੀ।ਮੀਡੀਆ ਨੂੰ ਵੇਖਕੇ ਇੰਝ ਲਗਦਾ ਸੀ ਜਿਵੇਂ ਓਬਾਮਾ ਪੂਰੀ ਦੁਨੀਆਂ ਨੂੰ ਕਿਸੇ ਨਵੇਂ ਯੁੱਗ 'ਚ ਪ੍ਰਵੇਸ਼ ਕਰਾ ਦੇਣਗੇ।ਇਸੇ ਨੂੰ ਵੇਖਕੇ ਦੁਨੀਆਂ ਦੀਆਂ ਬਹੁਤ ਸਾਰੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ,ਚਿੰਤਕਾਂ ਤੇ ਮੁਸਲਿਮ ਸੰਸਥਾਵਾਂ ਨੇ ਓਬਾਮਾ ਦਾ ਭਰਭੂਰ ਸਵਾਗਤ ਕੀਤਾ ਸੀ।ਮੁਸਲਮਾਨਾਂ ਨੂੰ ਉਮੀਦ ਹੈ ਕਿ ਓਬਾਮਾ ਬੁਸ਼ ਦੀਆਂ ਇਸਲਾਮ ਵਿਰੋਧੀ ਨੀਤੀਆਂ ਦਾ ਵਿਰੋਧ ਕਰਨਗੇ ਤੇ ਮੱਧ ਪੂਰਬ ਦੇ ਦੇਸ਼ਾਂ ਨੂੰ ਜੰਗ ਦੀ ਥਾਂ ਸ਼ਾਂਤੀ ਨਸੀਬ ਹੋਵੇਗੀ।ਪਰ ਓਬਾਮਾ ਦੀ ਜ਼ੁਬਾਨ 'ਤੇ ਲੱਗੇ ਤਾਲੇ ਨੇ ਸਾਬਿਤ ਕਰ ਦਿੱਤਾ ਕਿ ਮਾਰਟਿਨ ਲੂਥਰ ਦੇ ਸੁਪਨਿਆਂ ਦੇ ਸਮਾਜ ਨੂੰ ਓਬਾਮਾ,ਸ਼ਾਇਦ ਹੀ ਅਮਲੀ ਜਾਮਾ ਪਾ ਸਕਣ।
-ਯਾਦਵਿੰਦਰ ਕਰਫਿਊ
ਜੇ. ਐਨ. ਯੂ, ਨਵੀਂ ਦਿੱਲੀ
ghulamkalam@ymail.com

1 comment:

  1. ਵਗਦੇ ਰਹੋ ਭਰਾਵੋ,
    ਮੱਠੇ ਨਾ ਹੋਏਓ,
    ਵਿਚਾਰਾਂ ਨੂੰ ਬਾਗੀ ਰੱਖਿਓ;

    ReplyDelete