ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, January 17, 2009

ਕਾਰਾਂ ਫੂਕਣ ਵਾਲੇ “ਕੁਝ” ਵੀ ਫੂਕ ਸਕਦੇ ਨੇ


ਨਵੇਂ ਸਾਲ ਮੌਕੇ ਕਿਸੇ ਨੇ ਸਾਰੀ ਰਾਤ ਨੱਚ ਕਟ ਕਿਸੇ ਨੇ ਗਾ ਕੇ ਕਿਸੇ ਨੇ ਧਰਮ ਕਰਮ ਕਰਦਿਆਂ ਤੇ ਕਿਸੇ ਨੇ ਸ਼ਰਾਬੀ ਹੋ ਕੇ ਆਉਂਦੇ ਵਰ੍ਹੇ ਦਾ ਸੁਆਗਤ ਕੀਤਾ। ਲਗਭਗ ਹਰ ਥਾਂ ਪਟਾਕੇ ਵੀ ਚਲਾਏ ਗਏ ਹੋਣੇ………….ਪਰ ਤੁਸੀਂ ਹੱਥ ਸੇਕਣ ਜਾਂ ਸਮਾਜਿਕ ਹਾਲਾਤਾਂ ‘ਤੇ ਟਿੱਪਣੀ ਵਜੋਂ ਕਾਰਾਂ ਸਾੜਣ ਬਾਰੇ ਸੁਣਿਆ ਨਹੀਂ ਹੋਣਾ???? ਸੁਣੋ ਫਰਾਂਸ ਬਾਰੇ। ਫਰਾਂਸ ‘ਚ ਪਿਛਲੇ ਕੁਝ ਸਾਲਾਂ ਤੋਂ ਮਾੜੀ ਸਰਕਾਰ, ਬੇਰੁਜ਼ਗਾਰੀ ਤੇ ਵਿਹਲੇਪਣ ਦੇ ਮਾਰੇ ਅਤੇ ਪੈਸਿਆਂ ਵੱਲੋਂ ਮੁਥਾਜ ਫਰਾਂਸੀਸੀ ਨੌਜੁਆਨ 31 ਦਸੰਬਰ ਨੂੰ ਸੜਕਾਂ ਤੇ ਖੜੀਆਂ ਕਾਰਾਂ ਨੂੰ ਅੱਗ ਲਾ ਦਿੰਦੇ ਨੇ।ਇਸ ਸਾਲ ਪਿਛਲੇ ਸਾਲ ਨਾਲੋਂ 20% ਵਾਧੂ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਪਿਛਲੇ ਵਰ੍ਹੇ ਨਾਲੋਂ 30% ਵੱਧ ਕਾਰਾਂ ਸਾੜੀਆਂ ਗਈਆਂ ਨੇ। 31 ਦਸੰਬਰ ਦੀ ਰਾਤ ਨੂੰ ਫਰਾਂਸ ਦੇ ਮੰਦੀ ਦੇ ਮਾਰੇ ਸ਼ਹਿਰਾਂ ‘ਚ ਕੁੱਲ 1,147 ਕਾਰਾਂ ਨੂੰ ਅੱਗ ਲਾਈ ਗਈ ਹੈ। 288 ਨੌਜੁਆਨਾਂ ਨੂੰ ਇਸ ਸਾਲ ਇੱਕੋ ਰਾਤ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਜੇ ਹੁਣ ਤੱਕ ਪੜ੍ਹੇ ਗਏ ਮੈਟਰ ਨੂੰ ਹਜ਼ਮ ਨਹੀਂ ਕਰ ਸਕੇ ਜਾਂ ਅਫਵਾਹ ਸਮਝਦੇ ਓ ਤਾਂ ਦੁਬਾਰਾ ਪੜ੍ਹੋ ਜਾਂ ਗੂਗਲ ਤੇ ਸਰਚ ਕਰ ਲਓ ਸੱਚ ਪਤਾ ਲੱਗ ਜੂ…………ਅਗਾਂਹ ਵਧੀਏ!!! ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੇ ਅਜਿਹੇ ਨੌਜੁਆਨਾਂ ਦੇ ਲਾਇਸੈਂਸ ਰੱਦ ਕਰਨ ਨੂੰ ਆਖਿਆ ਏ,ਜਿਹੜੇ ਹਾਲੇ ਨਬਾਲਿਗ ਸਨ ਓਹਨਾਂ ਨੂੰ ਲਾਇਸੈਂਸ ਜਾਰੀ ਨਾ ਕਰਨ ਨੂੰ ਆਖਿਆ ਏ,ਇਹ ਸਜ਼ਾ ਓਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕੇ ਇਹ ‘ਮੁਜਰਿਮ’ ਨੁਕਸਾਨੀਆਂ ਕਾਰਾਂ ਦਾ ਪੂਰਾ ਹਰਜ਼ਾਨਾ ਨਹੀਂ ਭਰਦੇ। ਹੁਣ ਵਾਰੀ ਆਉਂਦੀ ਏ ਸਰਕੋਜ਼ੀ ਦੀ ਅਕਲ ‘ਤੇ ਵੱਡੇ ਸਾਈਜ਼ ਦਾ ਸਵਾਲੀਆ ਨਿਸ਼ਾਨ ਲਾਉਣ ਦੀ ???????? ਬਈ ਕਮਲਿਆ ਹਾਸੋਹੀਣੀ ਗੱਲ ਕਰੀ ਜਾਨੈਂ, ਤਰੱਕੀਸ਼ੁਦਾ ਮੁਲਕ ਤੇ ਸੱਭਿਆਚਾਰ ਦੇ ਧੁਰੇ ਕਹਾਉਂਦੇ ਮੁਲਕ ਦਾ ਰਾਸ਼ਟਰਪਤੀ ਹੋ ਕੇ ਕਿਸੇ ਥਰਡ ਵਰਲਡ ਕੰਟਰੀ ਯਾਨੀ ਭਾਰਤ ਦੇ ਨੇਤਾ ਵਰਗੀ ਭੋਰ ਤੀ……ਸਿਆਣਿਆ ਜੇ ਇਹ ਮੁੰਡੇ ਹਰਜਾਨੇ ਭਰਨ ਜੋਗਾ ਕਮਾਉਂਦੇ ਤਾਂ ਸਾਰੀ ਰਾਤ ਆਪਣੀਆਂ ਗੱਡੀਆਂ ‘ਚ ਹੂਟੇ ਲੈ ਕੇ ਹੋਰਾਂ ਵਾਂਗ ਹੈਪੀ ਨਿਊ ਯੀਅਰ ਦਾ ਰਾਗ ਅਲਾਪਦੇ ਤੇ ਸਵੇਰੇ ਹੈਂਗਓਵਰ ਲਾਹੁੰਦੇ।ਪਹਿਲੋਂ ਹੀ ਬੇਰੋਜ਼ਗਾਰੀ ਤੇ ਗਰੀਬੀ ਦੇ ਸ਼ਿਕਾਰ ਇਹਨਾਂ ਨੌਜੁਆਂਨਾਂ ਕੋਲ ਪੈਸੇ ਕਿੱਥੋਂ ਆਉਣਗੇ,ਇਸ ਬਾਰੇ ਕੁਝ ਸੋਚਣ ਦੀ ਲੋੜ ਰਾਸ਼ਟਰਪਤੀ ਸਰਕੋਜ਼ੀ ਨੂੰ ਮਹਿਸੂਸ ਨਹੀਂ ਹੋਈ।
ਗੱਲ ਜੇ ਮੁੰਡਿਆਂ ਦੀ ਕਰਤੂਤ ਦੀ ਹੀ ਕਰੀਏ ਤਾਂ ਹਰ ਕੋਈ ਜਾਣਦਾ ਬਈ ਜੁਆਨੀ ਅੰਨ੍ਹੀ ਹੁੰਦੀ ਆ। ਤਾਕਤ, ਹਿੰਮਤ, ਅਕਲ ਸਾਰੀਆਂ ਚੀਜ਼ਾਂ ਮੌਜੂਦ ਹੁੰਦੀਆਂ ਨੇ। ਕਮੀ ਹੁੰਦੀ ਆ ਸਿਰਫ ਠਰੰਮੇ ਦੀ। ਸੋ ਮੁੰਡੇ ਮੰਗ ਕਰਦੇ ਆ………ਬਿਨਾਂ ਠੰਡ ਰੱਖਿਆਂ ਮੰਗ ਕਰਦੇ ਆ। ਕਿੱਡੀ ਵੱਡੀ ਮੰਗ-----ਰੋਟੀ, ਛੱਤ, ਨੌਕਰੀ ਤੇ ਇੱਜ਼ਤ ਦੀ ਜ਼ਿੰਦਗੀ। ਪਰ ਸਿਸਟਮ ਮੰਗ ਕਰਦਾ ਐ ਬਾਰਗੇਨਿੰਗ ਪਾਵਰ ਦੀ, ਯਾਨੀ ਮੇਰੀ ਫੈਕਟਰੀ ‘ਚ 100 ਮਜ਼ਦੂਰ ਚਾਹੀਦੇ ਨੇ ਤੇ ਜੇ ਸਿਰਫ 100 ਜਣੇ ਨੌਕਰੀ ਮੰਗਣ ਖੜੇ ਨੇ ਤਾਂ ਪੈਸੇ ਪੂਰੇ ਦੇਣੇ ਪੈਣੇ, ਜੇ 150 ਆ ਗਏ ਤਾਂ ਭਾਅ ਕਰ ਲਾਂ ਗੇ ਤੇ ਜੇ 1,500 ਆ ਗੇ ਤਾਂ ਜਿਹੜੇ 100 ਜਣੇ ਚਾਰ ਛਿੱਲੜਾਂ ‘ਤੇ ਮੰਨਗੇ ਓਹੀ ਰੱਖ ਲਾਂਗੇ। ਜੇ ਕੱਲ ਨੂੰ ਭੂਸਰਗੇ ਤਾਂ ਲੱਤ ਮਾਰ ਕੇ ਬਾਹਰ, ਬਈ ਅਖਿਰ ਬਾਕੀ ਦੇ 1,400 ਨੂੰ ਵੀ ਤਾਂ ਢਿੱਡ ਲੱਗਾ, ਆਪੇ ਆ ਜੂ ਕੋਈ ਵੇਕੈਂਸੀ ਭਰਨ ਨੂੰ।

ਵਗਦੇ ਦਰਿਆ ਵਰਗੀ ਜੁਆਨੀ ਜੇ ਕੰਮ ਲੱਗੀ ਹੋਵੇ ਤਾਂ ਪਹਾੜ ਚੀਰ ਕੇ ਨਹਿਰਾਂ, ਸੜਕਾਂ ਬਣਾ ਦੇਵੇ। ਜ਼ਮੀਨ ਹੇਠੋਂ ੳਤਾਂਹ ਕਰ ਦੇਵੇ……ਪਰ ਇਹ ਹੋਣਾ ਨੀਂ, ਕਿਉਂਕਿ ਕੰਮ ਕਰਨਗੇ ਕੰਪਿਊਟਰ, ਰੋਬੋਟ, ਅਸੈਂਬਲੀ ਲਾਈਨ ਫੈਕਟਰੀਆਂ ਜਾਂ ਹੋਰ ਨਵੀਆਂ ਮਸ਼ੀਨਾਂ, ਕਿਉਂਕਿ ਓਹਨਾਂ ਨੂੰ ਬਟਣ ਨੱਪ ਕੇ ਆਨ ਆਫ ਕਰ ਸਕਦੇ ਨੇ। ਮੈਂ ਤਕਨਾਲੋਜੀ ਨੂੰ ਇਲਜ਼ਾਮ ਨਹੀਂ ਦੇਣਾ ਚਾਹੁੰਦਾ ਪਰ ਇਹਦੇ ਸਿਰ ‘ਤੇ ਮਨੁੱਖੀ ਹੱਥ ਵੱਢਣ ਦਾ ਇਲਜ਼ਾਮ ਤਾਂ ਮਾਲਕਾਂ ਤੇ ਪੂੰਜੀਪਤੀਆਂ ਸਿਰ ਆਊਗਾ ਹੀ। ਸੋ ਦਿਮਾਗ ਤੇ ਹੱਥ ਦੋਵੇਂ ਵਿਹਲੇ ਨੇ ਤੇ ਵਿਹਲਾ ਦਿਮਾਗ ਸ਼ੈਤਾਨ ਦਾ ਨਹੀਂ ਗੁੱਸੇ, ਰੋਹ, ਕਰੋਧ, ਖੁੰਧਕ ਤੇ ਹੀਣ ਭਾਵਨਾ ਦਾ ਘਰ ਹੁੰਦੈ।ਇਹੋ ਸਭ ਕੁਝ ਕਾਰਾਂ ਫੂਕ ਕੇ ਬਾਹਰ ਨਿਕਲਿਆ।
ਹੁਣ ਪੰਜਾਬੀ ‘ਚ ਦਿੱਤੀ ਸਲਾਹ ਫਰਾਂਸੀਸੀ ਰਾਸ਼ਟਰਪਤੀ ਕੋਲ ਤਾਂ ਪੁੱਜਦੀ ਨੀ ਪਰ ਆਪਾਂ ਏਥੋਂ ਦੀ ਗੱਲ ਕਰ ਲਈਏ। ਜਿਹਨੂੰ ਰੈੱਡ ਕਾਰੀਡੋਰ ਜਾਂ ਨਕਸਲ ਪ੍ਰਭਾਵਤ ਖੇਤਰ ਜਾਂ ਨਕਸਲ ਕੋਰੀਡੋਰ ਕਹੀ ਜਾਂਦੇ ਆ ‘ਓਹ 17 ਸੂਬਿਆਂ ਦਾ ਇਲਾਕਾ ਅਸਲ ‘ਚ ਸਮਾਜਿਕ ਆਰਥਿਕ ਸਮੱਸਿਆ ਦਾ ਸ਼ਿਕਾਰ ਆ’ ਇਹ ਮੈਂ ਨਹੀਂ ਮੌਜੂਦਾ ਸਰਕਾਰ ਦੇ ਮੰਤਰੀ ਸੰਤਰੀ ਕਹਿੰਦੇ ਆਏ ਨੇ।ਸਮਾਜਿਕ ਆਰਥਿਕ ਸਮੱਸਿਆ ਮਤਲਬ ਓਸ ਇਲਾਕੇ ਦੇ ਬਜ਼ੁਰਗ, ਜੁਆਨ, ਬੱਚੇ, ਤੀਵੀਆਂ, ਧੀਆਂ, ਭੈਣਾਂ ਸਭ ਮਿਲ ਕੇ ਇੱਕ ਜੁਰਮ ਕਰ ਬੈਠੇ ਸਨ…………ਆਦਿਵਾਸੀ ਖੇਤਰਾਂ ‘ਚ ਜਨਮ ਲੈਣ ਦਾ ਜੁਰਮ, ਓਹ ਖੇਤਰ ਜਿੱਥੋਂ ਦੇ ਖਣਿਜ ਤੇ ਕੁਦਰਤੀ ਉਤਪਾਦਾਂ ਦੀ ਕਾਰਪੋਰੇਸ਼ਨਾਂ ਤੇ ਵੱਡੇ ਲਾਲਿਆਂ ਨੂੰ ਬਹੁਤ ਲੋੜ ਸੀ। ਆਜ਼ਾਦ ਭਾਰਤ ‘ਚ ਗੁਲਾਮੀ ਕੱਟਣਾ ਇਸੇ ਜੁਰਮ ਦੀ ਸਜ਼ਾ ਹੈ। ਤੁਸੀ ਆਪਣੇ ਕੰਪਿਊਟਰ ‘ਤੇ ਬੈਠੇ ਮਾਂ ਭਾਸ਼ਾ ‘ਚ ਬਲੌਗ ਪੜ੍ਹੀ ਜਾਂਦੇ ਓ………ਮਾਸੀ ਭਾਸ਼ਾਵਾਂ ਨੂੰ ਵੀ ਮਿਲ ਗਿਲ ਲੈਂਦੇ ਓ ਤੇ ਇਹ ਵਿਚਾਰੇ ਆਪਣੀ ਗੌਂਡੀ ਬੋਲੀ ਨੂੰ ਘਸੀ ਜਿਹੀ ਫੱਟੀ ‘ਤੇ ਜਾਂ ਮਰੀ ਜਿਹੀ ਕਾਪੀ ‘ਤੇ ਲਿਖਣ ਨੂੰ ਤਰਸਦੇ ਨੇ। ਤੁਸੀ ਰੈਸਟੋਰੈਂਟ ਜਾਂ ਢਾਬੇ ਵਾਲੇ ਨਾਲ ਮਸਾਲਾ ਘੱਟ ਵੱਧ ਹੋਣ ‘ਤੇ ਲੜਦੇ ਓ ਤੇ ਇਹ ਇੱਕ ਡੰਗ ਦੀ ਰੋਟੀ ਲਈ 10 ਘੰਟੇ ਜੰਗਲ ਦੀ ਮਿੱਟੀ ਛਾਣਦੇ ਆ। ਸਰਕਾਰੀ ਮਦਦ ਤਾਂ ਮਿਲੀ ਨਹੀਂ ਨਾਂ ਹੀ ਸੰਵਿਧਾਨਕ ਹੱਕ ਮਿਲੇ ਪਰ ਫੇਰ ਵੀ ਕੁਝ ਲੋਕ ਪੜ੍ਹ ਗਏ ਆਪਣੇ ਦਮ ‘ਤੇ ਤੇ ਹੋਰ ਪੜ੍ਹੇ ਲਿਖਿਆਂ ਤੋਂ ਮਦਦ ਲੈ ਕੇ ਆਪਣੇ ਹੱਕਾਂ ਲਈ ਆਵਾਜ਼ ਚੁੱਕੀ। ਜਦ ਜੁਆਬ ‘ਚ ਡਾਂਗ ਪਈ ਤਾਂ ਇਹਨਾਂ ਵੀ ਬੰਦੂਕ ਫੜੀ ਤੇ ਹੁਣ ਮੁਲਕ ਦਾ ਤਗੜਾ ਹਿੱਸਾ ਲਾਲ ਹੋਇਆ ਫਿਰਦੈ। ਗੱਲ ਸਹੀ ਹੈ ਕਿ ਇਸ ਪੂਰੀ ਸਮੱਸਿਆ ਦੇ ਕਈ ਪਹਿਲੂ ਨੇ ਜਿਹੜੇ ਮੇਰੀਆਂ ਜਾਂ ਕਿਸੇ ਦੀਆਂ ਵੀ ਚਾਰ ਲਾਈਨਾਂ ‘ਚ ਕਦੇ ਵੀ ਨੀ ਸਮਾ ਸਕਦੇ ਪਰ ਸੱਚ ਤਾਂ ਇਹ ਵੀ ਆ ਬਈ ਜੇ ਇੱਜ਼ਤ ਨਾਲ ਆਪਣੇ ਘਰੇ ਬਹਿ ਕੇ ਇਹਨਾਂ ਨੂੰ ਰੋਟੀ ਖਾਣ ਦਿੰਦੇ ਤਾਂ ਇਹ ਵੀ ਥੋਡੇ ਤੇ ਮੇਰੇ ਬਾਪੂ ਆਂਗ ਬੱਚੇ ਪਾਲਦੇ ਤੇ ਕਲੀ ਆਲੇ, ਦੁੱਧ ਆਲੇ, ਸਬਜ਼ੀ ਆਲੇ ਜਾਂ ਕਿਸੇ ਲਾਲੇ ਨਾਲ ਨਿੱਤ ਲੜਦੇ ਪਰ ਆਵਦੇ ਘਰੇ ਬਹਿੰਦੇ। ਤੁਸੀਂ ਬੇਘਰ ਵੀ ਕੀਤਾ ਭੁੱਖੇ ਵੀ ਰੱਖਿਆ ਤੇ ਹੁਣ ਅੱਤਵਾਦੀ ਵੀ ਕਹਿੰਦੇ ਓ, ਜਾਂ ਫੇਰ ਏਧਰਲੇ ਪਾਸੇ ਵਾਂਗ ਨਸ਼ਿਆਂ ਦੇ ਛੇਵੇਂ ਦਰਿਆ ‘ਚ ਗਰਕਾਉਣ ਨੂੰ ਫਿਰਦੇ ਓਂ। ਇਹ ਗੱਲ ਸਰਕੋਜ਼ੀ ਦੇ ਵੀ ਤੇ ਸਾਡੇ ਤੀਜੀ ਦੁਨੀਆਂ ਆਲੇ ਟੁੰਡੀਲਾਟਾਂ ਦੇ ਖਾਨੇ ਵੀ ਪੈਣੀ ਜ਼ਰੂਰੀ ਆ ਕਿ ਵੱਡੀਆਂ ਕਾਰਪੋਰੇਸ਼ਨਾਂ ਤੇ ਫੈਕਟਰੀਆਂ ਦਾ ਸਾਥ ਛੱਡ ਕੇ ਇਹਨਾਂ ਮੁੰਡਿਆਂ ਦੀ ਫਿਕਰ ਪਹਿਲੋਂ ਕਰਨੀ ਜ਼ਰੂਰੀ, ਨਹੀਂ ਤਾਂ ਕਾਰਾਂ ਫੂਕਣ ਵਾਲੇ ਹੋਰ ਥੋੜ੍ਹੇ ਦਿਨਾਂ ‘ਚ ਸਭ “ਕੁਝ” ਫੂਕਣ ਨੂੰ ਆਏ ਖੜੇ ਨੇ। ਫੇਰ ਨਾਂ ਕਿਹੋ ਬਈ ਦੱਸਿਆ ਨੀ ਸੀ…

ਦਵਿੰਦਰਪਾਲ

anchor501@yahoo.co.uk

1 comment:

  1. Very good effort and a wake up call at the right time!
    Our Punjabi youth fits well in this category- unfortunate it is...

    ReplyDelete