ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, January 27, 2009

ਸ਼ੇਰਨੀਆਂ:---ਕੁੜੀਆਂ ਨੇ ਵਖਾਇਆ ਹੱਕਾਂ ਦੀ ਲੜਾਈ ਦਾ ਰਾਹ



ਆਪਣੇ ਹੱਕਾਂ ਖਾਤਰ ਅਵਾਜ਼ ਉਠਾਉਣਾ ਕਿਸੇ ਲੋਕਤੰਤਰ ‘ਚ ਮਿਲੇ ‘ਚ ਸਭ ਤੋਂ ਪਹਿਲੇ ਹੱਕਾਂ ‘ਚ ਹੁੰਦਾ ਏ।ਸਾਡੇ ਮੁਲਕ ‘ਚ ਏਸ ਹੱਕ ਦਾ ਧੱਕੇਸ਼ਾਹੀ ਵਾਲਾ ਇਸਤੇਮਾਲ ਬਹੁਤੀ ਵਾਰ ਬਲੈਕਮੇਲ ਦੇ ਤੌਰ ‘ਤੇ ਹੋਣ ਕਰਕੇ ਹੜਤਾਲ, ਰੋਸ ਧਰਨੇ ਜਾਂ ਮੁਜ਼ਾਹਰੇ ਆਮ ਜਨਤਾ ਦਾ ਦਿਮਾਗ ਖਰਾਬ ਹੀ ਕਰਦੇ ਆਏ ਨੇ।ਜੇ ਕਿਸੇ ਖਾਸ ਵਰਗ ਦੇ ਧਰਨਿਆਂ ਨੂੰ ਅੱਖਾਂ ਬੰਦ ਕਰ ਕੇ ਆਮ ਆਦਮੀ ਦਾ ਤੇ ਨਾਲ ਹੀ ਮੀਡੀਆ ਦਾ ਵੀ ਸਾਥ ਮਿਲ ਜਾਂਦਾ ਹੈ ਤਾਂ ਓਹ ਹੈ ਕਿਸਾਨ ਭਾਈਚਾਰਾ। ਹਾਲਾਂਕਿ ਬਹੁਤੀ ਵਾਰ ਮੁੱਖ ਧਾਰਾ ਮੀਡੀਆ ਇਹਨਾਂ ਧਰਨਿਆਂ ਵੇਲੇ ਵੀ ਕਿਸੇ ਫਿਲਮ ਸਟਾਰ ਦੇ ‘ਲਵ ਅਫੇਅਰ’ ਦੇ ਪੋਤੜੇ ਫੋਲਦਾ ‘ਬਿਜ਼ੀ’ ਹੁੰਦੈ ਪਰ ਸੂਬਾਈ ਅਖਬਾਰਾਂ ਤੇ ਚੈਨਲ ਅਜਿਹੀ ਕਿਸੇ ਖਬਰ ਨੂੰ ਚੰਗੀ ਥਾਂ ਵੀ ਦਿੰਦੇ ਨੇ, ਜਦੋਂਕਿ ਹੋਰ ਧਰਨੇ/ਮੁਜ਼ਾਹਰੇ ਚਾਹੇ ਓਹ ਨਿੱਜੀਕਰਨ ਖਿਲਾਫ ਕਰਮਚਾਰੀਆਂ ਦੇ ਹੋਣ ਜਾਂ ਨੌਕਰੀਆਂ ਲਈ ਅਧਿਆਪਕਾਂ ਦੇ ਹੋਣ, ਆਮ ਬੰਦੇ ਨੂੰ ਘੱਟ ਖਿੱਚਦੇ ਨੇ ਤੇ ਬਹੁਤੀ ਵਾਰ ਧਰਨੇ ਕਾਰਨ ਆਮ ਜਨਤਾ ਨੂੰ ਪੇਸ਼ ਆਈ ਔਖਿਆਈ ਕਾਰਨ ਓਹਨਾਂ ਦਾ ਵਿਰੋਧ ਵੀ ਲੈ ਜਾਂਦੇ ਨੇ। ਮੇਰਾ ਇਹ ਮਤਲਬ ਬਿਲਕੁਲ ਨਹੀਂ ਕਿ ਅਜਿਹੇ ਕਿਸੇ ਸੰਘਰਸ਼ ਦੀ ਅਵਾਜ਼ ਪੇਤਲੀ ਜਾਂ ਕਮਜ਼ੋਰ ਹੈ ਸਗੋਂ ਇਹ ਕਿ ਆਮ ਤੌਰ ‘ਤੇ ਰਾਹ ਤੁਰਿਆ ਜਾਂਦਾ ਬੰਦਾ ਇਸ ਅਵਾਜ਼ ਨੂੰ ਪਛਾਣਦਾ ਨਾ ਹੋਣ ਕਾਰਨ ਸ਼ਾਇਦ ਇਸ ਨਾਲ ਪੱਕਾ ਜਾਂ ਡੂੰਘਾ ਰਿਸ਼ਤਾ ਨਹੀਂ ਜੋੜ ਸਕਦਾ।ਇਸ ਹਾਲਾਤ ‘ਚ ਵੱਡਾ ਫਰਕ ਨਜ਼ਰ ਆਇਆ ਨਰਸਿੰਗ ਦੀਆਂ ਵਿਦਿਆਰਥਣਾਂ ਦੇ ਧਰਨੇ ਵੇਲੇ।

ਰਜਿੰਦਰਾ ਹਸਪਤਾਲ ਪਟਿਆਲੇ ਤੇ ਫਰੀਦਕੋਟ ਦੇ ਨਰਸਿੰਗ ਸਕੂਲ ਦੀਆਂ 450 ਦੇ ਲਗਭਗ ਵਿਦਿਆਰਥਣਾਂ ਨੇ ਲੰਮੇ ਸਮੇਂ ਤੋਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੜਕਾਂ ‘ਤੇ ਉਤਰ ਕੇ ਸੰਘਰਸ਼ ਸ਼ੁਰੂ ਕੀਤਾ ਹੋਇਆ ਸੀ।ਕਈ ਵਾਰ ਧਰਨੇ ਪ੍ਰਦਰਸ਼ਨ ਕੀਤੇ, ਇਕ ਵਾਰ ਪਟਿਆਲਾ ਸੰਗਰੂਰ ਰੋਡ ਜਾਮ ਕੀਤੀ ਤਾਂ ਇਲਾਕੇ ਦੇ ਆਗੂ ਸੈਫਦੀਪੁਰ ਨੂੰ ਆ ਕੇ ਭਰੋਸਾ ਦੇਣਾ ਪਿਆ ਤੇ ਮੁੱਖ ਮੰਤਰੀ ਵੱਲੋਂ ਵੀ ਸੁਨੇਹਾ ਆਇਆ ਕਿ ਥੌਡੀਆਂ ਮੰਗਾਂ ਮੰਨ ਲਾਂਗੇ। ਥੋਹੜੇ ਇੰਤਜ਼ਾਰ ਮਗਰੋਂ ਜਦੋਂ ਏਦਾਂ ਹੋ ਗਿਆ ਕਿ ਭਰੋਸੇ ‘ਕੱਲੇ ਲਾਰੇ ਈ ਨੇ ਤਾਂ ਆਖਿਰ ਸਬਰ ਦਾ ਬੰਨ ਟੁੱਟਿਆ ਤੇ ਇਹ ਕੁੜੀਆਂ ਬਿਨਾਂ ਕਿਸੇ ਵੱਡੀ ਜਥੇਬੰਦੀ ਦੇ ਸਾਥ ਦੇ, ਬਗੈਰ ਮਾਪਿਆਂ ਦੇ ਕੋਲ ਖੜੇ ਹੋਣ ਦੇ, ਬਗੈਰ ਕਿਸੇ ਸਿਆਸੀ ਪਾਰਟੀ ਦੀ ਮਦਦ ਦੇ ਤੇ ਸਿੱਧੀ ਪ੍ਰਸ਼ਾਸਨ. ਪੁਲਿਸ ਤੇ ਹਾਈਵੇਅ ਦੇ ਰਾਹਗੀਰਾਂ ਨਾਲ ਟੱਕਰ ਹੋਣ ਦੀ ਗਰੰਟੀ ਦੇ ਬਾਵਜੂਦ ਵੀ ਜਾ ਕੇ ਅੰਮ੍ਰਿਤਸਰ-ਦਿੱਲੀ ਹਾਈਵੇਅ ਮੱਲ ਕੇ ਬਹਿ ਗਈਆਂ।

ਕਾਲਜ ਵੜਦਿਆਂ ਕਿਸੇ ‘ਚ ਆਪਣੇ ਹੱਕਾਂ ਦੀ ਕਿੰਨੀ ਕੁ ਸੋਝੀ ਹੁੰਦੀ ਐ ਤੇ ਵਿਦਿਆਰਥੀਆਂ ‘ਚ ਏਕੇ ਦੀ ਕਿੰਨੀ ਘਾਟ ਹੁੰਦੀ ਹੈ ਇਹ ਹਰ ਕੋਈ ਜਾਣਦੈ। ਸਕੂਲਾਂ ‘ਚੋਂ ਨਿਕਲ ਕੇ ਹਾਲੇ ਕਾਲਜ ਪੁੱਜੀਆਂ ਮਲੂਕੜੀਆਂ ਜਿਹੀਆਂ ਕੁੜੀਆਂ ਤਾਂ ਯਕੀਨਨ ਪਹਿਲੋਂ ਆਪਣੀਆਂ ਜਮਾਤਾਂ ‘ਚ ਸਹੀ ਤਰਾਂ ਪੜਾਈ ਸ਼ੁਰੂ ਕਰਨ ਵੱਲ ਹੀ ਧਿਆਨ ਦੇ ਰਹੀਆਂ ਹੁੰਦੀਆਂ ਨੇ। ਜੇ ਇਹਨਾਂ ਨੂੰ ਸੜਕ ‘ਤੇ ਉਤਰਨਾ ਪੈ ਗਿਆ ਤਾਂ ਪੱਕੀ ਗੱਲ ਹੈ ਕਿ ਦੁੱਖੜੇ ਵੱਡੇ ਸਨ ਪਰ ਮੁੜ ਕੇ ਜੋ ਇਹਨਾਂ ਕਰ ਵਖਾਇਆ ਓਹ ਚੰਗੇ-ਚੰਗੇ ਆਗੂਆਂ ਨੂੰ ਸਬਕ ਸਿਖਾ ਗਿਆ। ਸੜਕ ਸੀ ਦਿੱਲੀ-ਅੰਮ੍ਰਿਤਸਰ ਹਾਈਵੇਅ, ਆਉਂਦੇ ਜਾਂਦੇ ਰਾਹੀਆਂ ਦੀਆਂ ਤੇਜ਼ ਰਫਤਾਰ ਅੰਨੇਵਾਹ ਚਲਦੀਆਂ ਗੱਡੀਆਂ ਦੇ ਰਾਹ ‘ਚ ਇਹ ਕੁੜੀਆਂ ਮੋਰਚਾ ਲਾ ਕੇ ਬਹਿ ਗਈਆਂ। ਦੈਂਤ ਵਾਂਗ ਮੂੰਹ ਅੱਡ ਕੇ ਸਾਹਮਣੇ ਪੰਜਾਬ ਪੁਲਿਸ ਦੇ ਰਾਇਟ ਵਹੀਕਲ ਯਾਨੀ ਦੰਗਾ ਰੋਕੂ ਗੱਡੀਆਂ ਮੌਜੂਦ ਸਨ ਜਿਹਨਾਂ ਦੇ ਸਿਰਾਂ ‘ਤੇ ਪਾਣੀ ਵਾਲੀਆਂ ਤੋਪਾਂ ਲੱਗੀਆਂ ਹੁੰਦੀਆਂ ਨੇ, ਜਿਹੜੀਆਂ ਭਰੀ ਸਰਦੀ ‘ਚ ਕਿਸੇ ਦੇ ਵੀ ਸਾਹ ਸੁਕਾ ਦੇਣ, ਪਰ ਇਹ ਮੁਟਿਆਰਾਂ ਅਡੋਲ ਰਹੀਆਂ। ਆਪੋ ਆਪਣੇ ਘਰ ਜਾਂਦਿਆਂ ਨੂੰ ਜਦੋਂ ਦੇਰ ਹੋਈ ਤਾਂ ਰਾਹੀਆਂ ਨੇ ਇਹਨਾਂ ਨੂੰ ਗਾਲਾਂ ਤੱਕ ਦੀ ਗੰਦੀ ਭਾਸ਼ਾ ‘ਚ ਪਾਸੇ ਹਟਣ ਨੂੰ ਵੀ ਆਖਿਆ, ਪਰ ਅਖਿਰ ਨੂੰ ਪ੍ਰਸ਼ਾਸਨ ਨੂੰ ਹੀ ਪਿੰਡਾਂ ਵਿੱਚ ਦੀ ਹਾਈਵੇਅ ਦਾ ਰਾਹ ਕੱਢਣਾ ਪਿਆ। ਠੰਢੀਆਂ ਰਾਤਾਂ ਨੂੰ ਨੰਗੀਆਂ ਸੜਕਾਂ ਤੁਰੇ ਜਾਂਦੇ ਬੰਦੇ ਦੇ ਹੱਡਾਂ ‘ਚ ਪਾਲਾ ਵਾੜ ਦਿੰਦੀਆਂ ਨੇ ਜਦੋਂ ਕਿ ਇਹ ਕੁੜੀਆਂ ਇਹਨਾਂ ਸੜਕਾਂ ‘ਤੇ ਬਗੈਰ ਕਿਸੇ ਤੰਬੂ/ਕਨਾਤ ਦੇ ਆਸਰੇ ਦੇ ਬੈਠੀਆਂ ਲੇਟੀਆਂ ਸਨ।

ਜਿਹੜੀ ਆਮ ਦੇ ਲੋਕ ਸੰਘਰਸ਼ਾਂ ਨਾਲ ਨਾਂ ਜੁੜਣ ਦੀ ਗੱਲ ਮੈਂ ਪਹਿਲੋਂ ਕਰ ਆਇਆ ਹਾਂ ਓਹ ਇਹਨਾਂ ਕੁੜੀਆਂ ਦੇ ਜਿਗਰੇ ਤੋਂ ਇੰਨੇ ਕੁ ਹੈਰਾਨ ਤੇ ਪ੍ਰਭਾਵਿਤ ਸਨ ਕਿ ਰਾਜਪੁਰੇ ਸ਼ਹਿਰ ਦੇ ਲੋਕ ਇਹਨਾਂ ਨੂੰ ਆਪਣੀਆਂ ਧੀਆਂ ਵਾਂਗ ਸਾਂਭਣ ਪੁੱਜੇ। ਚਿੱਟੇ ਦਾਹੜਿਆਂ ਵਾਲੇ ਬਜ਼ੁਰਗ ਆਪਣੀਆਂ ਨਵੀਆਂ ਬਣੀਆਂ ਪੋਤੀਆਂ, ਦੋਹਤੀਆਂ ਨੂੰ ਲੰਗਰ ਛਕਾ ਰਹੇ ਸਨ ਭਾਂਵੇਂ ਇਹਨਾਂ ਨੂੰ ਪੁਲਸੀਆ ਗਾਲਾਂ ਵੀ ਸੁਣਨੀਆਂ ਪੈ ਰਹੀਆਂ ਸਨ। ਆਮ ਤੌਰ ‘ਤੇ ਮੋੜਾਂ ‘ਤੇ ਖੜ੍ਹ ਕੇ ਕੁੜੀਆਂ ਛੇੜਣ ਨੂੰ ਬਦਨਾਮ ਹੋਣ ਵਾਲੇ ਨੌਜੁਆਨ ਇਹਨਾਂ ਨੂੰ ਆਪਣੀਆਂ ਧੀਆਂ ਭੈਣਾਂ ਕਹਿੰਦੇ ਆਪਣੇ ਘਰੋਂ ਬਿਸਤਰੇ ਚੁੱਕ ਕੇ ਲਿਆ ਰਹੇ ਸਨ। ਚੰਗੇ ਖਾਸੇ ਹੰਢੇ ਵਰਤੇ ਪੱਤਰਕਾਰ ਇਹਨਾਂ ਦੇ ਜਿਗਰੇ ਨੂੰ ਵੇਖ ਕੇ ਖੁਦ ਵੀ 30 ਘੰਟੇ ਤੋਂ ਵੱਧ ਸੜਕ ‘ਤੇ ਰਹਿਣ ਨੂੰ ਮਜਬੂਰ ਹੋ ਗਏ। ਓਧਰ ਸਰਕਾਰੇ ਦਰਬਾਰੇ ਤਾਰਾਂ ਖੜਕੀਆਂ ਤੇ ਦੋਵਾਂ ਧਿਰਾਂ ਦੇ ਸਿਆਸੀ ਆਗੂ ਵੀ ਰਜਾਈਆਂ ਛੱਡ ਕੇ ਸੜਕ ‘ਤੇ ਆਉਣ ਨੂੰ ਮਜਬੂਰ ਹੋ ਗਏ।ਇਹਨਾਂ ਸ਼ੇਰਨੀਆਂ ਅੜੀ ਓਦੋਂ ਤੱਕ ਨੀਂ ਛੱਡੀ ਜਦੋਂ ਤੱਕ ਪੱਕਾ ਨਹੀਂ ਹੋ ਗਿਆ ਕਿ ਹਰ ਮੰਗ ਮੰਨ ਲਈ ਗਈ ਏ ਤੇ ਗੱਲ ਮੁੱਖ ਮੰਤਰੀ ਵੱਲੋਂ ਪੱਕੀ ਹੋਈ ਏ। ਇਹਨਾਂ ਦੇ ਪੂਰੇ ਸੰਘਰਸ਼ ਵੇਲੇ ਲਗਾਤਾਰ ਮੈਨੂੰ ਸਕੂਲੇ ਪੜ੍ਹੀ ਕਹਾਣੀ ‘ਸ਼ੇਰਨੀਆਂ’ ਯਾਦ ਆਉਂਦੀ ਰਹੀ।ਅਜ਼ਾਦੀ ਦੇ ਨੇੜਲੇ ਸਮਿਆਂ ‘ਚ ਲਿਖੀ ਕਹਾਣੀ ‘ਚ ਲੇਖਕ ਦੇਰ ਰਾਤ ਨੂੰ ਸੈਰ ਕਰਨ ਨਿੱਕਲਿਆ ਤੇ ਮਰਦ ਪ੍ਰਧਾਨ ਸਮਾਜ ‘ਚ ਹਨੇਰੇ ਵੇਲੇ ਸਾਈਕਲ ਸਿੱਖਦੀਆਂ ਦੋ ਕੁੜੀਆਂ ਓਹਨੂੰ ਸ਼ੇਰਨੀਆਂ ਵਰਗੀਆਂ ਲੱਗੀਆਂ ਜਿਹੜੀਆਂ ਜ਼ਮਾਨੇ ਨਾਲ ਮੱਥਾ ਲੈਣ ਨੂੰ ਤਿਆਰ ਹੋ ਰਹੀਆਂ ਨੇ। ਵਾਪਸ 2009 ‘ਚ ਆਈਏ ਤਾਂ ਇਹ ਸ਼ੇਰਨੀਆਂ ਸਰਕਾਰਾਂ ਤੇ ਅਹੁਦੇਦਾਰਾਂ ਨੂੰ ਹਲਾ ਦੇਣ ਦਾ ਜਿਗਰਾ ਰੱਖਣ ਜੋਗੀਆਂ ਹੋ ਗਈਆਂ ਨੇ। ਨਰਸਾਂ ਬਣ ਕੇ ਜਿਹਨਾਂ ਨੇ ਹਰ ਹਾਲ ‘ਚ ਕਟੇ-ਫਟੇ, ਬਿਮਾਰ ਤੇ ਪਰੇਸ਼ਾਨ ਲੋਕਾਂ ਦਾ ਖਿਆਲ ਰੱਖਣਾ ਹੈ ਓਹਨਾਂ ਦਾ ਦਿਲ ਜਿਗਰਾ ਕਿੰਨਾਂ ਕੁ ਮਜ਼ਬੂਤ ਹੈ ਇਹਦਾ ਸਬੂਤ ਇਹਨਾਂ ਦੇ ਸੰਘਰਸ਼ ਨੇ ਹੀ ਦੇ ਦਿੱਤਾ। ਇਹ ਤਾਂ ਸੱਚ ਹੈ ਕਿ ਹੁਣ ਇਹਨਾਂ ਕੁੜੀਆਂ ਨੂੰ ਖੁਦ ਨੂੰ ਵੀ ਆਪਣੀ ਇਸ ਨਵੀਂ ਬਣੀ ਸਾਖ ਨੂੰ ਨਿਭਾਉਣਾ ਪਊਗਾ ਤੇ ਆਪਣੇ ਪੇਸ਼ੇ ਨੂੰ ਵੀ ਓਨੇ ਹੀ ਚਾਅ ਤੇ ਸ਼ੌਂਕ ਨਾਲ ਨਿਭਾਉਣਾ ਪਊਗਾ ਜਿੰਨੇ ਨਾਲ ਇਹਨਾਂ ਆਪਣਾ ਸੰਘਰਸ ਚਲਾਇਆ। ਪਰ ਇਹ ਵੀ ਸੱਚ ਹੈ ਕਿ ਨਸ਼ੇੜੀ ਹੁੰਦੇ ਮੁੰਡਿਆਂ ਤੇ ਧੀਆਂ ਮਾਰਦੇ ਮਾਪਿਆਂ ਦੋਹਾਂ ਨੂੰ ਹੀ ਕੁੜੀਆਂ ਦੀ ਤਾਕਤ, ਹਿੰਮਤ, ਦਲੇਰੀ ਤੇ ਮੁਸੀਬਤਾਂ ਨਾਲ ਨਜਿੱਠਣ ਦੇ ਅੰਦਾਜ਼ ਦਾ ਨਜ਼ਾਰਾ ਇਹਨਾਂ ਕੁੜੀਆਂ ਨੇ ਜ਼ਰੂਰ ਵਖਾ ਦਿੱਤਾ, ਨਾਲ ਹੀ ਇਹ ਵੀ ਯਾਦ ਕਰਾ ਦਿੱਤਾ ਕਿ ਚੁੱਪ ਬੈਠਿਆਂ ਕੋਈ ਨਿਜ਼ਾਮ ਕਿਸੇ ਤਰਾਂ ਦੇ ਹੱਕ ਥੋਡੀ ਝੋਲੀ ਨਹੀਂ ਪਾਉਣ ਵਾਲਾ। ਆਖਰੀ ਰਾਹ ਸਿਰਫ ਸੰਘਰਸ਼ ਹੀ ਰਹੇਗਾ, ਖੁੱਭ ਕੇ, ਗੱਡ ਕੇ ਪੂਰੇ ਜਿਗਰੇ ਨਾਲ ਕੀਤਾ ਗਿਆ ਸੰਘਰਸ਼, ਫੇਰ ਚਾਹੇ ਓਸ ਸੰਘਰਸ਼ ਦਾ ਪੱਧਰ ਕੋਈ ਵੀ ਹੋਵੇ।

ਦਵਿੰਦਰਪਾਲ

anchor501@yahoo.co.uk

No comments:

Post a Comment