ਬਲੌਗ ਸ਼ੁਰੂ ਕਰਨ ਦੇ ਵਿਚਾਰ ਸਮੇਂ ਹੀ ਸਾਡੀ ਕੋਸ਼ਿਸ ਸੀ ਕਿ "ਗੁਲਾਮ ਕਲਮ" ਇਕ ਜਨਤਕ ਬਲੌਗ ਦੇ ਰੂਪ 'ਚ ਸਮਾਜ ਦੇ ਰੂਬਰੂ ਹੋਵੇ ਤੇ ਇਸ ਕੋਸ਼ਿਸ਼ ਨੂੰ ਬਹੁਤ ਸਾਰੇ ਦੋਸਤਾਂ ਨੇ ਹੁੰਗਾਰਾ ਦਿੱਤਾ ਹੈ।ਇਸੇ ਲੜੀ 'ਚ ਸਾਡੇ ਕੋਲ ਪੀ.ਟੀ.ਸੀ. ਨਿਊਜ਼ ਨਾਲ ਸਬੰਧਿਤ ਦਵਿੰਦਰ ਪਾਲ ਦੀ ਰਚਨਾ ਆਈ ਹੈ,ਜਿਨ੍ਹਾਂ ਨੇ ਆਪਣੀ ਰਚਨਾ 'ਚ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਨੁੰ ਛੋਹਿਆ ਹੈ।---ਹਰਪ੍ਰੀਤ ਰਠੌੜ
ਮਾਰ ਲਿਆ ਆਈਡੈਂਟਿਟੀ ਕਰਾਈਸਿਸ ਨੇ
ਲਗਾਤਾਰ ਲੰਮੇ ਸਮੇਂ ਤੋਂ ਲਗਭਗ ਹਰ ਅੱਤਵਾਦੀ ਹਮਲੇ ‘ਚ ਮੁਸਲਿਮ ਭਾਈਚਾਰੇ ਦਾ ਨਾਂ ਜੋੜਣ ਤੇ ਮੁੜ ਕੇ ਮੁੱਖ ਧਾਰਾ ਦੇ ਮੀਡੀਆ ਵੱਲੋਂ ਇਸ ਗੱਲ ਨੂੰ ਤੁੰਨ ਤੁੰਨ ਕੇ ਆਮ ਇਨਸਾਨ ਦੇ ਦਿਮਾਗ ‘ਚ ਪਾਉਣ ਨਾਲ ਆਮ ਮੁਸਲਮਾਨ ਨੂੰ ਰੋਜ਼ਾਨਾ ਜ਼ਿੰਦਗੀ ‘ਚ ਕਿਹੋ ਜਿਹੀ ਤਕਲੀਫ ਦਾ ਸਾਹਮਣਾ ਕਰਨ ਪੈ ਸਕਦਾ ਹੈ ਇਹਦੀ ਤਾਜ਼ਾ ਉਦਾਹਰਣ ਅਮਰੀਕਾ ਦੇ ਰੀਗਨ ਨੈਸ਼ਨਲ ਏਅਰ ਪੋਰਟ ‘ਚੋਂ ਮਿਲੀ ਏ 2 ਜਨਵਰੀ ਨੂੰ। ਮੀਡੀਏ ਵੱਲੋਂ ਹਊਆ ਬਣਾ ਕੇ ਪੇਸ਼ ਕੀਤੇ ਮੁਸਲਮਾਨਾਂ ਨੂੰ ਆਮ ਅਮਰੀਕੀ ਸਣੇ ਤੀਵੀਂ ਬੱਚਿਆਂ ਸਫਰ ਕਰਦਿਆਂ ਵੀ ਅੱਤਵਾਦੀ ਹੀ ਸਮਝਦੈ। ਅਮਰੀਕਾ ਦੇ ਹੀ ਜੰਮੇ ਪਲੇ 9 ਮੈਂਬਰਾਂ ਦੇ ਮੁਸਲਿਮ ਪਰਿਵਾਰ ਨੂੰ ਓਸ ਵੇਲੇ ਹਵਾਈ ਜਹਾਜ਼ ਤੋਂ ਲਾਹ ਦਿੱਤਾ ਗਿਆ ਜਦੋਂ ਓਹਨਾਂ ਦੇ ਨੇੜੇ ਬੈਠੇ ਹੋਰ ਮੁਸਾਫਿਰਾਂ ਨੂੰ ਓਹਨਾਂ ਦੀ ਬੋਲਬਾਣੀ ਸ਼ੱਕੀ ਜਿਹੀ ਲੱਗੀ। ਇੱਕ ਵਕੀਲ ਤੇ ਡਾਕਟਰ ਸਣੇ 3 ਬੱਚਿਆਂ ਵਾਲੇ ਇਸ 9 ਮੈਂਬਰੀ ਪਰਿਵਾਰ ਨੂੰ ਓਹਨਾਂ ਦੀ ਮੁਸਲਿਮ ਦਿੱਖ ਕਾਰਨ ਇੰਨਾ ਖੱਜਲ ਖੁਆਰ ਕੀਤਾ ਗਿਆ ਕਿ ਪਹਿਲਾਂ ਜਹਾਜ਼ ‘ਚੋਂ ਲਾਹੁਣ ਤੋਂ ਬਾਅਦ ਇਹਨਾਂ ਨੂੰ ਘੇਰ ਕੇ ਐੱਫ.ਬੀ.ਆਈ ਵੱਲੋਂ ਪੂਰਾ ਪਿਛੋਕੜ ਜਾਂਚਿਆ ਗਿਆ ਤੇ ਓਸ ਤੋਂ ਬਾਅਦ ਵੀ ਨਵੇਂ ਜਹਾਜ਼ ‘ਚ ਦੁਬਾਰਾ ਪੈਸੇ ਖਰਚ ਕੇ ਟਿਕਟ ਲੈਣ ਨੂੰ ਮਜਬੂਰ ਕੀਤਾ ਗਿਆ।ਕਾਰਨ ਇਹ ਕਿ ਪੁਰਾਣੇ ਜਹਾਜ਼ ਵਾਲੇ ਸਾਥੀ ਯਾਤਰੀ ਕਮਫਰਟੇਬਲ ਨਹੀਂ ਸਨ। ਯਾਦ ਹੋਵੇਗਾ ਕਿ ਇਸ ਤੋਂ ਪਹਿਲੋਂ ਲਗਾਤਾਰ ਕੁਝ ਸਿੱਖ ਯਾਤਰੂਆਂ ਨੂੰ ਵੀ ਅਜਿਹੇ ਵਿਤਕਰਿਆਂ ਦਾ ਸਾਹਮਣਾ ਕਰਨਾ ਪਿਆ ਹੈ। ਮੁੱਦਾ ਏਥੇ ਦੁਹਰੀ ਮਾਰ ਦਾ ਹੈ ਇੱਕ ਪਾਸੇ ਤਾਂ ਸਦੀਆਂ ਪੁਰਾਣੇ ਵਰਤਾਰੇ ਦਾ ਹਿੱਸਾ ਬਣੇ ਰੋਟੀ ਦੀ ਲੋੜ ਦੇ ਮਾਰੇ ਲੋਕ ਆਪਣਾ ਮੁਲਕ ਛੱਡ ਕੇ ਜਾਣ ਨੂੰ ਮਜਬੂਰ ਨੇ ਪਰ ਬਿਗਾਨੀ ਥਾਵੇਂ ਖਾਸ ਤੌਰ ‘ਤੇ ਜਿੱਥੇ ਜਾ ਕੇ ਇਹ ਆਪਣੀ ਹੱਡ ਭੰਨਵੀ ਮਿਹਨਤ ਨੂੰ ਕਿਸੇ ਪੂੰਜੀਵਾਦੀ ਕਾਰਪੋਰੇਟ ਨੂੰ ਸਸਤਾ ਵੇਚਦੇ ਨੇ,ਓਥੇ ਸਿਆਸਤ ਇਹਨਾਂ ਨੂੰ ਆਪਣੀਆਂ ਪੱਕੀਆਂ ਜੜਾਂ ਨਹੀਂ ਲਾਉਣ ਦਿੰਦੀ। ਕਹਿਣ ਨੂੰ ਜਿੰਨਾ ਮਰਜੀ ਮਨੁੱਖੀ ਬਰਾਬਰੀ ਦਾ ਰਾਗ ਅਲਾਪ ਦਿਓ ਪਰ “ਹੇਟ ਕਰਾਈਮ” ਨਾਂ ਦੀ ਕਰਤੂਤ ਅਸਲ ‘ਚ ਇਸੇ ਸਿਆਸਤ ਦੀ ਉਪਜ ਹੈ। ਇਹ ਸਿਆਸਤ ਜਿਹਨੂੰ ਜਾਰਜ ਬੁਸ਼ ਰੱਬ ਦੇ ਨਾਂ ‘ਤੇ ਸਫਾਈ ਕਰਨ ਨੂੰ ਇਰਾਕ ‘ਚ ਲੈ ਕੇ ਜਾਂਦਾ ਹੈ ਤੇ ਮੁੜ ਕੇ ਕੱਲਾ ਕੱਲਾ ਅਮਰੀਕੀ ਓਹਦੇ ਰੰਗ ਦੇ ਕੁਝ ਤੁਪਕੇ ਆਪਣੀ ਸੋਚ ‘ਤੇ ਵੀ ਪਾ ਲੈਂਦਾ ਹੈ। ਇਸੇ ਸਿਆਸਤ ਨੂੰ ਆਪਣੇ ਘਰੇ ਰਾਜ ਠਾਕਰੇ ਉੱਤਰ ਭਾਰਤੀਆਂ ਖਿਲਾਫ ਵਰਤਦਾ ਹੈ ਜਦ ਕਿ ਨਤੀਜਾ ਅਸਲ ‘ਚ ਇਹ ਨਿਕਲਣਾ ਹੈ ਕਿ ਬਿਹਾਰੀ ਬੰਦਾ ਰੇਹੜੀ ਲਾਉਣੀ ਬੰਦ ਕਰੂ ਤਾਂ ਮਾਲਾਂ ਦਾ ਰਾਸ਼ਨ ਪਾਣੀ ਵਿਕੂ।ਪੰਜਾਬੀਆਂ ਦਾ ਦੋਗਲਾਪਣ ਵੀ ਆਪਣੀ ਪੂਰੀ ਬੁਲੰਦੀ ‘ਤੇ ਹੁੰਦਾ ਜ਼ਰਾ ਕੁ ‘ਭਈਆ” ਸ਼ਬਦ ਕਿਸੇ ਢਾਣੀ ‘ਚ ਵਰਤ ਕੇ ਵੇਖੋ।ਸਾਡੇ ਤਾਂ ਕਮੇਡੀਅਨ ਵੀ ਇਸੇ ਦੋਗਲੇਪਣ ‘ਚੋਂ ਆਪਣੇ ਕਰੀਅਰ ਬਣਾ ਗਏ ਨੇ,ਜਦਕਿ ਭੁੱਲ ਜਾਨੇ ਆਂ ਕਿ ਜਿਹਨੂੰ ਦਸਮ ਪਿਤਾ/ਬਾਜਾਂ ਵਾਲਾ ਪਾਤਸ਼ਾਹ/ਨੀਲੇ ਦਾ ਸਵਾਰ/ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਕਹਿ ਕੇ ਪੂਜਦੇ ਆਂ ਓਹਦਾ ਬਚਪਨ ਇਹਨਾਂ ਬਿਹਾਰੀਆਂ ਨਾਲ ਬੀਤਿਆ ਸੀ।ਗੱਲ ਤਾਂ ਮੁਸਲਮਾਨਾਂ ਤੋਂ ਸ਼ੁਰੂ ਹੋਈ ਸੀ ਕਿ ਓਹ ਮਾੜੀ ਸਜ਼ਾ ਭੁਗਤ ਰਹੇ ਨੇ ਪਰ ਅਸਲ ‘ਚ ਤਾਂ ਹਰ ਕੋਈ ਜਿਹੜਾ ਧਾਰਮਿਕ ਜਾਂ ਫਿਰਕੂ ਘੱਟਗਿਣਤੀ ਜਾਂ ‘ਪਾਸ਼’ ਵਾਲੀ ਚੁੱਪ/ਉਦਾਸ/ਖ਼ਾਮੋਸ਼ ਤੇ ਆਰਥਿਕ ਪੱਖੋਂ ਮਰੀ ਹੋਈ ਬਹੁਗਿਣਤੀ ਨਾਲ ਸਬੰਧ ਰੱਖਦਾ ਹੈ ਓਹੀ ਇਹ ਸਜ਼ਾ ਭੁਗਤਦਾ ਏ। ਰੋਜ਼, ਹਰ ਪਲ, ਹਰ ਛਿਣ ਜਦੋਂ ਕੋਈ ਤਗੜਾ ਓਹਨੂੰ ਬਿਨਾਂ ਗੱਲੋਂ ਘੂਰ ਰਿਹਾ ਹੁੰਦਾ ਹੈ ਤੇ ਫੇਰ ਵੀ ਕਸੂਰਵਾਰ ਆਪਣੇ ਅੰਦਰ ਹੀ ਬੈਠਾ ਨਜ਼ਰ ਆਉਂਦਾ ਏ। ਇਹ ਗੱਲ ਖਬਰ ਦਾ ਤਬਸਰਾ ਕਰ ਕੇ ਮੁਕਾਈ ਤਾਂ ਜਾ ਸਕਦੀ ਆ ਪਰ ਫੇਰ ਅਸੀਂ ਵੀ ਹੋਰਾਂ ਵਾਂਗ ਵਿਹਲੀ ਜਿਹੀ ਭਕਾਈ ਮਾਰ ਕੇ ਅਗਲੀ ਤੱਤੀ ਖਬਰ ਵੱਲ ਦੌੜਣ ਵਾਲੇ ਪੱਤਰਕਾਰ ਹੀ ਹੋਵਾਂਗੇ……ਹਾਲਾਂਕਿ ਗੁਲਾਮ ਕਲਮਾਂ ਲਈ ਦੂਜਾ ਕੋਈ ਰਾਹ ਵੀ ਨਹੀਂ। ਪਰ ਦਿਮਾਗ ਆਪਣੇ ਆਪ ਨਾਲ ਲੜਦਾ ਜ਼ਰੂਰ ਹੈ ਕਿ ਰੋਜ਼ ਦੀ ਇਹੋ ਜਿਹੀ ਕੁੱਤੇਖਾਣੀ ਸਹਿਣ ਵਾਲਾ ਹਰ ਬੰਦਾ ਇੱਕੋ ਵਾਰ ਕਿਉਂ ਨੀਂ ਲੜਦਾ।ਜੁਆਬ ‘ਚ ਚੰਗੀ ਖਾਸੀ ਡਿਬੇਟ ਛਿੜ ਜੂ ਪਰ ਅੰਤ ਇਹੋ ਨਿੱਕਲਣਾ ਬਈ ਆਖਰੀ ਜੰਗ ਲੜਣ ਵਾਲੇ ਯੋਧੇ ਇਸੇ ਲਈ ਨੀਂ ਉਠਦੇ ਕਿਉਂਕਿ ਸੱਤਾ/ਸਿਆਸਤ/ਪੂੰਜੀਵਾਦ/ਧਾਰਮਿਕ ਆਜੜੀ ਇਹਨਾਂ ਨੂੰ ਭੇਡਾਂ ਦੇ ਵੱਗ ਵਾਂਗ ਆਪਣੀ ਆਇਡੈਂਟਿਟੀ ਦਾ ਕਰਾਈਸਿਸ (ਪੰਥ ਨੂੰ ਖ਼ਤਰਾ) ਵਖਾ ਕੇ ਕਮਲੀਆਂ ਮਾਰਨ ਨੂੰ ਉਲਝਾਈ ਰੱਖਦੇ ਨੇ। ਜੇ ਹੌਂਸਲਾ ਰੱਖ ਕੇ ਏਥੋਂ ਤੱਕ ਪੜ੍ਹ ਲਿਆ ਤਾਂ ਅੱਗੋਂ ਕੀ ਹੋਵੇ ਬਾਰੇ ਕਮੈਂਟ ਲਿਖਿਓ ਫੇਰ ਖਲਾਰਾਂਗੇ ਹੋਰ ਗੱਲਬਾਤ ਨੂੰ।
ਦਵਿੰਦਰਪਾਲ
anchor501@yahoo.co.uk
muslim s di identity nu beharian nal jorh k dekhna kise v taran zaije nahi ... kyon k muslims di ID nu tagre ja zorawar khatam karna chunde ne ;jado k bhiye jorawara da ek hathTHOKA,INDIAN STATE DUWARA KUJ GHAT GINTIAN DE ID KHATAM KARAN LAI
ReplyDeletehmmmm bilkul sahi likhya hai.. asal ch eh sare kite he hai.. iss hate da sida sambndh dharm te ecnomic status naaal hai.. amitabh bachan nu uni hate ni krda koi jini ik aam bhaiye nu krda hai.. so eh na tan rukna ea kamm.. balki age age wadhuga he.. vese ithe england ch fer vi inna ni eh kamm..
ReplyDelete