
ਬੀਤੇ ਸਮੇਂ ਵਿੱਚ ਪੰਜਾਬ, ਪੰਜਾਬੀਆਂ ਅਤੇ ਵਿਸ਼ੇਸ਼ ਰੂਪ ਵਿਚ ਸਿੱਖਾਂ ਨੇ ਡੇਢ ਦਹਾਕੇ ਦਾ ਜੋ ਸੰਤਾਪ ਭੋਗਿਆ ਹੈ, ਉਸਦੇ ਸੰਬੰਧ ਵਿਚ ਬਹੁਤ ਕੁਝ ਲਿਖਿਆ ਗਿਆ ਹੈ ਅਤੇ ਹੋਰ ਵੀ ਕਾਫੀ ਕੁੱਝ ਲਿਖਿਆ ਜਾ ਰਿਹਾ ਹੈ। ਇਸ ਸੰਬੰਧ ਵਿਚ ਅਜੇ ਤੱਕ ਜੋ ਕੁਝ ਲਿਖਿਆ ਗਿਆ ਹੈ ਤੇ ਹੋਰ ਜੋ ਕੁੱਝ ਲਿਖਿਆ ਜਾਇਗਾ, ਉਸ ਵਿਚ ਕਿਤਨਾ-ਕੁ ਸੱਚ ਹੈ ਜਾਂ ਕਿਤਨਾ-ਕੁ ਸੱਚ ਹੋਵੇਗਾ, ਕਿਹਾ ਨਹੀਂ ਜਾ ਸਕਦਾ। ਪ੍ਰੰਤੂ ਇਤਨੀ ਗਲ ਤਾਂ ਜ਼ਰੂਰ ਹੈ ਕਿ ਜੋ ਕੁਝ ਲਿਖਿਆ ਗਿਆ ਹੈ, ਉਸ ਵਿੱਚ ਕਿਸੇ ਹਦ ਤਕ ਤਾਂ ਸੱਚਾਈ ਹੋ ਸਕਦੀ ਹੈ, ਪ੍ਰੰਤੂ ਉਸ ਵਿਚ ਪੂਰਣ-ਰੂਪ ਵਿਚ ਸੱਚਾਈ ਹੋਵੇਗੀ, ਇਹ ਗੱਲ ਸਮੇਂ ਦੇ ਹਾਲਾਤ ਤੋਂ ਜਾਣਕਾਰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ।
ਇਹ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ ਇਸ ਸਿੱਖ-ਸੰਘਰਸ਼ ਦੇ ਸੰਬੰਧ ਵਿਚ ਲਿਖੇ ਗਏ ਹੋਏ ਸਾਹਿਤ ਦੇ ਬਾਰੇ ਵਿਚ, ਜਾਣਕਾਰ ਹੋਣ ਦਾ ਦਾਅਵਾ ਕਰਨ ਵਾਲੇ ਵੱਖ-ਵੱਖ ਵਿਅਕਤੀਆਂ ਦੇ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦਾ ਕਹਿਣਾ ਸੀ, ਕਿ ਪੰਜਾਬ ਦੇ ਇਸ ਸੰਘਰਸ਼ ਦੇ ਸੰਬੰਧ ਵਿਚ ਜੋ ਸਾਹਿਤ ਲਿਖਿਆ ਗਿਆ ਹੈ, ਉਸ ਵਿਚ ਕਈ ਗੱਲਾਂ ਤਾਂ ਸੱਚਾਈ ਦੇ ਬਹੁਤ ਨੇੜੇ ਹਨ, ਪ੍ਰੰਤੂ ਕੁੱਝ ਗੱਲਾਂ ਇਸ ਸਾਹਿਤ ਦੇ ਕਈ ਲੇਖਕਾਂ ਨੇ ਆਪਣੇ-ਆਪ ਨੂੰ ਸਭ ਤੋਂ ਵਧ ਜਾਣਕਾਰ ਹੋਣ ਵਜੋਂ ਸਥਾਪਤ ਕਰਨ ਦੇ ਉਦੇਸ਼ ਨਾਲ ਅਤੇ ਕੁਝ-ਇਕ ਨੇ ਆਪਣੀ ਸੋਚ ਦੇ ਵਿਰੋਧੀ ਨੂੰ ਕਟਹਿਰੇ ਵਿਚ ਖੜਿਆਂ ਕਰਨ ਲਈ ਵਧਾ-ਚੜ੍ਹਾਅ ਕੇ ਲਿਖੀਆਂ ਹਨ। ਇਨ੍ਹਾਂ ਲਿਖਤਾਂ ੳੁੱਪਰ ਜੇ ਕੋਈ ਉਂਗਲ ਉਠਾਂਦਾ ਹੈ ਤਾਂ ਉਨ੍ਹਾਂ ਵਲੋਂ ਉਸਨੂੰ ਪੰਥ-ਵਿਰੋਧੀ ਅਤੇ ਸਿੱਖ ਕਾਜ਼ ਦਾ ਦੁਸ਼ਮਣ ਕਰਾਰ ਕੇ ਭੰਡਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ।
ਇਨ੍ਹਾਂ ਜਾਣਕਾਰਾਂ ਅਨੁਸਾਰ, ਕਈ ਲੋਕੀ ਤਾਂ ਪੰਜਾਬ ਦੇ ਇਸ ਸੰਤਾਪ ਦੇ ਦੌਰ ਨੂੰ ਸਿੱਖ-ਸੰਘਰਸ਼ ਜਾਂ ਖਾੜਕੂਵਾਦ ਦਾ ਦੌਰ ਆਖਦੇ ਹਨ ਅਤੇ ਕਈ ਇਸਨੂੰ ਅੱਤਵਾਦ ਦਾ ਦੌਰ ਮੰਨਦੇ ਹਨ। ਜਦੋਂ ਕੋਈ ਇਸ ਸੰਤਾਪ ਦੇ ਦੌਰ ਨੂੰ ਅੱਤਵਾਦ ਦਾ ਦੌਰ ਆਖਦਾ ਹੈ, ਤਾਂ ਇਸਨੂੰ ਖਾੜਕੂਵਾਦ, ਅਰਥਾਤ ਸਿੱਖ-ਸੰਘਰਸ਼ ਦਾ ਦੌਰ ਮੰਨਣ ਵਾਲੇ ਉਸਦੀ ਖਿਚਾਈ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਉਸ ੳੁੱਪਰ ਦੋਸ਼ ਲਾਉਣ ਲਗਦੇ ਹਨ ਕਿ ਉਹ ਸਿੱਖ-ਸੰਘਰਸ਼ ਨੂੰ ਅੱਤਵਾਦ ਦਾ ਦੌਰ ਕਰਾਰ ਦੇ ਕੇ, ਉਸਨੂੰ ਬਦਨਾਮ ਕਰਨਾ ਚਾਹੁੰਦਾ ਹੈ।
ਇਸਦੇ ਵਿਰੁਧ, ਜਾਣਕਾਰ ਹੋਣ ਦਾ ਦਾਅਵਾ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਜੇ ਕੋਈ ਪੰਜਾਬ ਦੇ ਸੰਤਾਪ ਦੇ ਦੌਰ ਨੂੰ ਅੱਤਵਾਦ ਦਾ ਦੌਰ ਆਖਦਾ ਹੈ, ਤਾਂ ਉਸਦੇ ਵਿਰੁਧ ਲੱਠ ਲੈ ਕੇ ਪੈ ਜਾਣ ਦੀ ਬਜਾਏ, ਹਾਲਾਤ ਦੀ ਸੱਚਾਈ ਦੀ ਭਾਲ ਕਰਨ ਲਈ, ਸਾਰੀ ਸਥਿਤੀ ਨੂੰ ਘੋਖਣਾ ਅਤੇ ਸਮਝਣਾ ਚਾਹੀਦਾ ਹੈ। ਇਹ ਹਲਕੇ ਇਹ ਵੀ ਆਖਦੇ ਹਨ ਕਿ ਜੇ ਸੱਚਾਈ ਸਵੀਕਾਰ ਕਰਨ ਦੀ ਦਲੇਰੀ ਕੀਤੀ ਜਾਏ ਤਾਂ ਸੱਚਾਈ ਇਹ ਹੈ ਕਿ ਪੰਜਾਬ ਦੇ ਸੰਤਾਪ ਦਾ ਸਮਾਂ ਸਿੱਖ-ਸੰਘਰਸ਼ ਅਰਥਾਤ ਖਾੜਕੂਵਾਦ ਦਾ ਸਮਾਂ ਜ਼ਰੂਰ ਸੀ, ਪ੍ਰੰਤੂ ਇਸਦੇ ਨਾਲ ਹੀ ਦੂਸਰੇ ਪਾਸੇ ਅੱਤਵਾਦ ਦਾ ਦੌਰ ਵੀ ਅਰੰਭ ਹੋ ਗਿਆ ਸੀ। ਇਸ ਸਥਿਤੀ ਨੂੰ ਵੱਖ-ਵੱਖ ਲੈਣ ਜਾਂ ਸਮਝਣ ਦੀ ਬਜਾਏ, ਕੁਝ ਲੋਕੀ ਆਪਣੀ ਸੋਚ ਅਨੁਸਾਰ ਰਲਗੱਡ ਕਰ ਦਿੰਦੇ ਹਨ। ਇਨ੍ਹਾਂ ਵਿਚੋਂ ਕੁਝ ਅਜਿਹੇ ਹਨ, ਜੋ ਸਿੱਖਾਂ ਦੇ ਸੰਵਿਧਾਨਕ ਹਿਤਾਂ-ਅਧਿਕਾਰਾਂ ਦੀ ਪ੍ਰਾਪਤੀ ਲਈ ਕੀਤੇ ਗਏ ਸਿੱਖ-ਸੰਘਰਸ਼ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਅਤੇ ਕੁਝ ਅਜਿਹੇ ਹਨ, ਜੋ ਇਹ ਮੰਨ ਕੇ ਇਸਨੂੰ ਰਲਗੱਡ ਕਰ ਦਿੰਦੇ ਹਨ, ਕਿ ਜੇ ਇਸਨੂੰ ਅੱਤਵਾਦ ਦਾ ਦੌਰ ਕਿਹਾ ਗਿਆ ਤਾਂ ਸਿੱਖ-ਸੰਘਰਸ਼ ਬਦਨਾਮ ਹੋ ਜਾਇਗਾ। ਇਸਤਰ੍ਹਾਂ ਉਹ ਜਾਣੇ-ਅਨਜਾਣੇ ਆਪ ਹੀ ਸਿੱਖ-ਸੰਘਰਸ਼ ਨੂੰ ਬਦਨਾਮ ਕਰਨ ਦਾ ਆਧਾਰ ਪੇਸ਼ ਕਰ ਦਿੰਦੇ ਹਨ।
ਇਸ ਸੋਚ ਦੇ ਧਾਰਣੀ ਹਲਕਿਆਂ ਦਾ ਕਹਿਣਾ ਹੈ ਕਿ ਖਾੜਕੂ-ਲਹਿਰ ਦੇ ਨਾਲ ਸੰਬੰਧਤ ਉਹ ਸਿੱਖ ਨੌਜਵਾਨ ਸਨ, ਜੋ ਸਿੱਖ-ਵਿਚਾਰਧਾਰਾ ਅਤੇ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਪ੍ਰਤੀ ਸਮਰਪਿਤ ਭਾਵਨਾਂ ਦੇ ਆਧਾਰ ਤੇ ਸਿੱਖ ਹਿਤਾਂ ਅਤੇ ਅਧਿਕਾਰਾਂ ਦੇ ਲਈ ਸੰਘਰਸ਼ ਕਰਨ ਲਈ ਮੈਦਾਨ ਵਿਚ ਨਿਤਰੇ ਸਨ। ਜਿਸ ਕਾਰਣ ਉਨ੍ਹਾਂ ਦੇ ਲਈ ਬੇ-ਗੁਨਾਹਵਾਂ ਦਾ ਕਤਲ ਇਕ ਬੱਜਰ ਤੇ ਪਾਪ-ਪੂਰਣ ਗੁਨਾਹ ਸੀ। ਜਦਕਿ ਅੱਤਵਾਦੀ ਬੇ-ਗੁਨਾਹਵਾਂ ਦੇ ਕਤਲ ਕਰਕੇ ਖਾੜਕੂ (ਸਿੱਖ) ਨੌਜਵਾਨਾਂ ਨੂੰ ਬਦਨਾਮ ਕਰਨ ਲਈ, ਕਿਸੇ ਸੋਚੀ-ਸਮਝੀ ਸਾਜ਼ਸ਼ ਅਧੀਨ ਹੀ ਮੈਦਾਨ ਵਿਚ ਉਤਾਰੇ ਗਏ ਹੋਏ ਸਨ। ਇਹੀ ਅੱਤਵਾਦੀ ਆਪਣੀਆਂ ਗੁਨਾਹ ਭਰੀਆਂ ਕਾਰਵਾਈਆਂ ਦੇ ਨਾਲ ਧਰਮ-ਯੁੱਧ ਮੋਰਚੇ ਅਤੇ ਖਾੜਕੂ ਨੌਜਵਾਨਾਂ ਨੂੰ ਬਦਨਾਮ ਕਰ, ਉਨ੍ਹਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਦਾ ਕਾਰਣ ਬਣ ਰਹੇ ਸਨ।
ਇਨ੍ਹਾਂ ਜਾਣਕਾਰ ਹਲਕਿਆਂ ਦਾ ਇਹ ਵੀ ਕਹਿਣਾ ਹੈ ਕਿ ਇਸਤਰ੍ਹਾਂ ਇਕ ਪਾਸੇ ਤਾਂ ਅੱਤਵਾਦੀਆਂ ਦੇ ਕੇਸਾਧਾਰੀ ਸਰਪ੍ਰਸਤ ਬੇ-ਗੁਨਾਹਵਾਂ ਦੇ ਕਤਲ ਦੀ ਜ਼ਿਮੇਂਦਾਰੀ ਆਪਣੇ ਸਿਰ ਤੇ ਲੈਂਦੇ ਤੇ ਮੁੱਛਾਂ ਨੂੰ ਤਾਅ ਦਿੰਦੇ ਹੋਏ ਸਿੱਖ-ਸੰਘਰਸ਼ ਅਤੇ ਉਸ ਵਿਚ ਜੁਟੇ ਸਿੱਖ ਨੌਜਵਾਨਾਂ ਦੀ ਬਦਨਾਮੀ ਦਾ ਕਾਰਣ ਬਣਦੇ ਜਾ ਰਹੇ ਸਨ, ਅਤੇ ਦੂਜੇ ਪਾਸੇ ਉਹ ਸਿੱਖ ਆਗੂ, ਜੋ ਸਿੱਖਾਂ ਦੀ ਅਗਵਾਈ ਕਰਨ ਅਤੇ ਸਿੱਖ ਨੌਜਵਾਨਾਂ ਨੂੰ ਸੁਚੱਜੀ ਸੇਧ ਦੇਣ ਦਾ ਦਾਅਵਾ ਕਰਦੇ ਚਲੇ ਆ ਰਹੇ ਸਨ, ਉਸ ਦੌਰਾਨ ਇਤਨੀ ਹਿੰਮਤ ਵੀ ਨਹੀਂ ਸੀ ਜੁਟਾ ਪਾ ਰਹੇ, ਕਿ ਉਹ ਬੇ-ਗੁਨਾਹਵਾਂ ਦੇ ਕਤਲਾਂ ਦੀ ਨਿੰਦਿਆ ਕਰਕੇ, ਸਿੱਖੀ ਦੀਆਂ ਪਰੰਪਰਾਵਾਂ ਅਤੇ ਮਾਨਤਾਵਾਂ ਦੀ ਪਾਲਣਾ ਕਰਦਿਆਂ, ਸਿੱਖ-ਸੰਘਰਸ਼ ਵਿਚ ਜੂਝ ਰਹੇ ਸਿੱਖ ਨੌਜਵਾਨਾਂ ਨੂੰ ਬਦਨਾਮ ਕਰਨ ਦੀਆਂ ਹੋ ਰਹੀਆਂ ਇਨ੍ਹਾਂ ਸਾਜ਼ਸ਼ਾਂ ਨਾਲ, ਉਨ੍ਹਾਂ ਦਾ ਕੋਈ ਵਾਸਤਾ ਨਾ ਹੋਣ ਦੀ ਪੈਰਵੀ ਕਰਕੇ, ਉਨ੍ਹਾਂ ਨੂੰ ਬਦਨਾਮ ਹੋਣ ਤੋਂ ਬਚਾਉਣ ਵਿਚ ਅਪਣੀ ਜ਼ਿਮੇਂਦਾਰਾਨਾ ਭੂਮਿਕਾ ਨਿਭਾਉਂਦੇ। ਸਿੱਖਾਂ ਦੇ ਹਿਤਾਂ ਤੇ ਉਨ੍ਹਾਂ ਦੇ ਇੱਜ਼ਤ-ਮਾਣ ਦੇ ਰਖਿਅਕ ਹੋਣ ਦੇ ਦਾਅਵੇਦਾਰ ਇਹ ‘ਪੰਥਕ’ ਆਗੂ ਡਰਦੇ ਮਾਰੇ ਉਨ੍ਹਾਂ ਦਾ ਵਿਰੋਧ ਇਸ ਕਰਕੇ ਨਹੀਂ ਸੀ ਕਰਦੇ, ਕਿ ਕਿਧਰੇ ਉਹ ਅੱਤਵਾਦੀ ਉਨ੍ਹਾਂ ਨੂੰ ਹੀ ਆਪਣਾ ਨਿਸ਼ਾਨਾ ਨਾ ਬਣਾਉਣ ਲਗ ਪੈਣ। ਉਨ੍ਹਾਂ ਦੀ ਚੁੱਪੀ ਨਾ ਕੇਵਲ ਸਿੱਖ-ਸੰਘਰਸ਼ ਨੂੰ ਕਮਜ਼ੋਰ ਕਰਨ ਦਾ ਕਾਰਣ ਬਣ ਰਹੀ ਸੀ, ਸਗੋਂ ਸਿੱਖ-ਵਿਰੋਧੀਆਂ ਵਲੋਂ ਸਮੁਚੀ ਸਿੱਖ ਕੌਮ ਨੂੰ ਹੀ ਕਾਤਲ ਤੇ ਅੱਤਵਾਦੀ ਸਥਾਪਤ ਕਰ, ਮਾਨਵ ਸਮਾਜ ਤੋਂ ਸਮੁਚੇ ਤੌਰ ਤੇ ਅਲਗ-ਥਲਗ ਕਰ ਦੇਣ ਦੀ ਰਚੀ ਗਈ ਹੋਈ ਸਾਜ਼ਸ਼ ਨੂੰ ਵੀ ਸਿਰੇ ਚੜ੍ਹਾਉਣ ਵਿਚ ਆਪਣਾ ਯੋਗਦਾਨ ਵੀ ਪਾ ਰਹੀ ਸੀ।
ਇਨ੍ਹਾਂ ਹਲਕਿਆਂ ਦਾ ਇਹ ਵੀ ਮੰਨਣਾ ਹੈ ਕਿ ਉਨ੍ਹਾਂ ਦਾ ਪੂਰਾ ਵਿਸ਼ਵਾਸ ਹੈ ਕਿ ਸਿੱਖ-ਸੰਘਰਸ਼ ਦਾ ਅੰਗ ਬਣੀ ਚਲੇ ਆ ਰਹੇ ਸਿੱਖ ਨੌਜਵਾਨ ਪੂਰੀ ਤਰ੍ਹਾਂ ਸਿੱਖੀ-ਸਰੂਪ ਦੇ ਧਾਰਣੀ ਹੀ ਬਣੇ ਰਹੇ ਸਨ, ਕਿਉਂਕਿ ਉਨ੍ਹਾਂ ਦੀ ਸਵੇਰ-ਸ਼ਾਮ ਕੀਤੀ ਜਾਣ ਵਾਲੀ ਅਰਦਾਸ ਵਿਚਲਾ ਉਹ ਸਿੱਖ-ਇਤਿਹਾਸ, ਉਨ੍ਹਾਂ ਦੀ ਅਗਵਾਈ ਕਰ ਰਿਹਾ ਹੋਵੇਗਾ, ਜਿਸ ਵਿਚ ਉਨ੍ਹਾਂ ਸਿੱਖਾਂ ਪ੍ਰਤੀ ਅਦੁੱਤੀ ਸ਼ਰਧਾ ਪ੍ਰਗਟ ਕੀਤੀ ਗਈ ਹੋਈ ਹੈ, ਜਿਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾ ਜਾਣ ਤੋਂ ਬਾਅਦ, ਅਨੇਕਾਂ ਅਸਹਿ ਤੇ ਅਕਹਿ ਜ਼ੁਲਮਾਂ ਦਾ ਸ਼ਿਕਾਰ ਹੋਣਾ ਪਿਆ, ਜੋ ਛੋਟੇ-ਵਡੇ ਵਾਪਰੇ ਕਈ ਘਲੂਘਾਰਿਆਂ ਵਿਚ ਸ਼ਹੀਦ ਹੋਏ, ਖੋਪਰੀਆਂ ਉਤਰਵਾ ਗਏ, ਚਰਖੜੀਆਂ ਤੇ ਚੜ੍ਹ ਗਏ, ਫਿਰ ਵੀ ਸਿੱਖੀ-ਸਰੂਪ ਨੂੰ ਤਿਲਾਂਜਲੀ ਨਹੀਂ ਸੀ ਦਿੱਤੀ। ਨਾ ਹੀ ਕਿਸੇ ਸਮੇਂ ਆਪਣੇ ਧਾਰਮਕ ਵਿਸ਼ਵਾਸ ਵਿਚ ਤਰੇੜ ਆਉਣ ਦਿਤੀ ਸੀ। ਜਿਨ੍ਹਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਅਤੇ ਜਿਨ੍ਹਾਂ ਦਾ ਖੁਰਾ-ਖੋਜ ਮਿਟਾਣ ਲਈ ਸ਼ਿਕਾਰ-ਮੁਹਿੰਮਾਂ ਵੀ ਚਲਾਈਆਂ ਗਈਆਂ, ਫਿਰ ਵੀ ਸਿੱਖੀ-ਸਿਦਕ ਸੀ ਨਹੀਂ ਹਾਰਿਆ ਤੇ ਉਸਨੂੰ ਅੰਤਿਮ ਸਵਾਸਾਂ ਤਕ ਨਿਭਾਇਆ ਸੀ। ਸਿੱਖਾਂ ਦੀਆਂ ਕੁਰਬਾਨੀਆਂ ਭਰਿਆ ਇਹ ਇਤਿਹਾਸ, ਉਨ੍ਹਾਂ ਦਾ ਪ੍ਰੇਰਣਾ ਸ੍ਰੋਤ ਸੀ ਜਿਸ ਕਾਰਣ ਆਪਣੇ ਸਿੱਖੀ-ਸਰੂਪ ਦੇ ਧਾਰਣੀ ਹੋਣ ਤੇ ਉਨ੍ਹਾਂ ਨੂੰ ਮਾਣ ਵੀ ਜ਼ਰੂਰ ਰਿਹਾ ਹੋਵੇਗਾ। ਉਨ੍ਹਾਂ ਨੇ ਫਰਜ਼ੀ ਮੁਕਾਬਲਿਆਂ ਵਿਚ ਮਰਨਾ ਤਾਂ ਕਬੂਲ ਕਰ ਲਿਆ, ਪਰ ਆਪਣੇ ਸਿੱਖੀ-ਸਰੂਪ ਤੇ ਸਿੱਖੀ ਸਿਦਕ ਤੇ ਝਰੀਟ ਤਕ ਨਹੀਂ ਆਉਣ ਦਿਤੀ।
ਇਨ੍ਹਾਂ ਹਲਕਿਆਂ ਦਾ ਕਹਿਣਾ ਹੈ ਕਿ ਇਸਦੇ ਵਿਰੁਧ ਅੱਤਵਾਦੀਆਂ ਦਾ ਨਾ ਤਾਂ ਸਿੱਖੀ ਵਿਚ ਵਿਸ਼ਵਾਸ ਸੀ, ਨਾ ਹੀ ਗੁਰੂ ਸਾਹਿਬਾਂ ਪ੍ਰਤੀ ਦ੍ਰਿੜ੍ਹ ਸ਼ਰਧਾ, ਨਾ ਗੁਰੂ ਸਾਹਿਬਾਂ ਦੀਆਂ ਸਿਖਿਆਵਾਂ ਦੇ ਪਾਲਣ ਅਤੇ ਸਿੱਖੀ-ਸਰੂਪ ਦੀ ਰੱਖਿਆ ਪ੍ਰਤੀ ਵਚਨਬੱਧਤਾ। ਇਨ੍ਹਾਂ ਵਿਚੋਂ ਕਈ ਤਾਂ ‘ਭਾੜੇ’ ਦੇ ਟੱਟੂ ਸਨ, ਜਿਨ੍ਹਾਂ ਵਿਚ ਬਹੁਤੇ ਸਮਾਜ-ਵਿਰੋਧੀ ਤੱਤ ਸ਼ਾਮਲ ਸਨ। ਜਿਨ੍ਹਾਂ ਦਾ ਕੰਮ ਚੋਰੀਆਂ-ਚਕਾਰੀਆਂ ਕਰਨਾ, ਡਾਕੇ ਮਾਰਨਾ ਅਤੇ ਸੁਪਾਰੀਆਂ ਲੈ ਕੇ ਕਤਲ ਕਰਨਾ ਹੀ ਸੀ, ਇਨ੍ਹਾਂ ਨੇ ਸੁਪਾਰੀਆਂ ਲੈ, ਕਈਆਂ ਦੇ ਕਹਿਣ ਤੇ ਉਨ੍ਹਾਂ ਦੇ ਵਿਰੋਧੀਆਂ ਦੇ ਕਤਲ ਕਰ, ਉਨ੍ਹਾਂ ਨੂੰ ਸਿੱਖ ਸੰਘਰਸ਼ ਵਿਚ ਰੁਝੇ ਸਿੱਖ ਨੌਜਵਾਨਾਂ ਦੇ ਮੱਥੇ ਮੜ੍ਹਿਆ ਤੇ ਉਨ੍ਹਾਂ ਨੂੰ ਬਦਨਾਮ ਕੀਤਾ।
ਇਹ ਹਲਕੇ ਆਪਣੀ ਇਸ ਸੋਚ ਦੀ ਪੁਸ਼ਟੀ ਵਿਚ ਦੱਸਦੇ ਹਨ ਕਿ ਸੰਤਾਪ ਦੇ ਦੌਰ ਦੇ ਸਮੇਂ ਦੀਆਂ ਖਬਰਾਂ ਪੜ੍ਹ ਕੇ ਵੇਖ ਲਉ, ਉਨ੍ਹਾਂ ਦਿਨਾਂ ਦੀ ਤੁਹਾਨੂੰ ਸਮਾਜ-ਵਿਰੋਧੀ ਅਨਸਰਾਂ ਵਲੋਂ ਚੋਰੀ-ਚਕਾਰੀ ਕੀਤੇ ਜਾਣ, ਡਾਕਾ ਮਾਰੇ ਜਾਣ ਜਾਂ ਕਤਲ ਕੀਤੇ ਜਾਣ ਦੀ ਕੋਈ ਵੀ ਖਬਰ ਨਹੀਂ ਮਿਲੇਗੀ, ਕਿਉਂਕਿ ਅਜਿਹੀਆਂ ਸਾਰੀਆਂ ਘਟਨਾਵਾਂ ਸਿੱਖ-ਸੰਘਰਸ਼ ਵਿਚ ਜੁਟੇ ਸਿੱਖ ਨੌਜਵਾਨਾਂ ਦੇ ਮੱਥੇ ਮੜ੍ਹੀਆਂ ਜਾਂਦੀਆਂ ਚਲੀਆਂ ਆ ਰਹੀਆਂ ਸਨ। ਅਜਿਹਾ ਕੀਤੇ ਜਾਣ ਦਾ ਇਕੋ-ਇਕ ਮਕਸਦ ਇਹੀ ਸੀ ਕਿ ਸੰਸਾਰ ਭਰ ਵਿਚ ਸਿੱਖਾਂ ਦਾ ਅਕਸ ਖਰਾਬ ਕਰਕੇ, ਇਕ ਤਾਂ ਉਨ੍ਹਾਂ ਦੇ ਸਰਬ-ਸਾਂਝੀਵਾਲਤਾ, ਸਦਭਾਵਨਾ ਅਤੇ ਗ਼ਰੀਬ-ਮਜ਼ਲੂਮ ਦੀ ਰਖਿਆ ਪ੍ਰਤੀ ਵਚਨਬਧਤਾ ਪੂਰਣ ਸੁਨਹਿਰੀ ਇਤਿਹਾਸ ਨੂੰ ਕਲੰਕਤ ਕਰ ਦਿਤਾ ਜਾਏ ਅਤੇ ਦੂਜਾ ਉਨ੍ਹਾਂ ਨੂੰ ਅੱਤਵਾਦੀ ਤੇ ਬੇਗੁਨਾਹਵਾਂ ਦੇ ਕਾਤਲ ਸਥਾਪਤ ਕਰਕੇ ਸੰਸਾਰ ਦੇ ਮਨੁੱਖਾ-ਸਮਾਜ ਤੋਂ ਪੂਰੀ ਤਰ੍ਹਾਂ ਅਲਗ-ਥਲਗ ਕਰ ਦਿਤਾ ਜਾਏ।
ਇਨ੍ਹਾਂ ਹਲਕਿਆਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਅਫਸੋਸ ਹੈ ਤਾਂ ਇਸ ਗੱਲ ਦਾ ਹੈ, ਸਿੱਖ ਆਗੂ ਤਾਂ ਜਾਨਾਂ ਬਚਾਣ ਦੀ ਲਾਲਸਾ ਦੀ ਦਲਦਲ ਵਿਚ ਖੁਭੇ ਚੁਪ ਧਾਰੀ ਬੈਠੇ ਹੋਏ ਸਨ, ਪਰ ਸਿੱਖ-ਸੰਘਰਸ਼ ਵਿਚ ਜੁਟੇ ਸਿੱਖ ਨੌਜਵਾਨ ਵੀ ਬੇ-ਗੁਨਾਹਵਾਂ ਦੇ ਕਤਲਾਂ ਦੀ ਨਿੰਦਿਆ ਨਹੀਂ ਸੀ ਕਰ ਰਹੇ, ਹਾਲਾਂਕਿ ਉਹ ਇਹ ਜ਼ਰੂਰ ਜਾਣਦੇ ਹੋਣਗੇ ਕਿ ਇਹ ਕਤਲ ਉਨ੍ਹਾਂ ਦੇ ਸਾਥੀਆਂ ਵਲੋਂ ਨਹੀਂ ਸੀ ਕੀਤੇ ਜਾ ਰਹੇ, ਸਗੋਂ ਉਨ੍ਹਾਂ ਦੇ ਸੰਘਰਸ਼ ਦੇ ਦੁਸ਼ਮਣਾਂ ਵਲੋਂ ਉਨ੍ਹਾਂ ਦੇ ਮੱਥੇ ਜ਼ਬਰਦਸਤੀ ਮੜ੍ਹ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਸਿੱਖ ਆਗੂਆਂ ਨੂੰ ਮੌਤ ਦਾ ਡਰ ਅਤੇ ਇਨ੍ਹਾਂ ਨੌਜਵਾਨਾਂ ਦੀ ਚੁੱਪ ਹੀ ਸਮੁੱਚੇ ਸਿੱਖ-ਪੰਥ ਨੂੰ ਸਮੁੱਚੇ ਮਨੁੱਖੀ-ਸਮਾਜ ਤੋਂ ਪੂਰੀ ਤਰ੍ਹਾਂ ਅਲੱਗ-ਥਲੱਗ ਕਰਨ ਲਈ ਜ਼ਿਮੇਂਦਾਰ ਸਨ। ਇਸੇ ਦਾ ਹੀ ਨਤੀਜਾ ਸੀ ਕਿ ਨੀਲਾਤਾਰਾ ਸਾਕੇ ਤੇ ਨਵੰਬਰ-84 ਦੇ ਸਿੱਖ ਕਤਲੇ-ਆਮ ਦੇ ਵਾਪਰੇ ਘਲੂਘਾਰਿਆਂ ਸਮੇਂ ਸਿੱਖਾਂ ਪ੍ਰਤੀ ਹਮਦਰਦੀ ਜਤਾਣ ਜਾਂ ਉਨ੍ਹਾਂ ਨਾਲ ਵਾਪਰੇ ਦੁਖਾਂਤ ਤੇ ਦੋ ਅੱਥਰੂ ਵਹਾਣ ਲਈ, ਕੋਈ ਸਾਹਮਣੇ ਨਹੀਂ ਸੀ ਆਇਆ।
ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਅੱਜ ਵੀ ਕੁਝ ਸਿੱਖ ਆਗੂ ਸਿੱਖ-ਸੰਘਰਸ਼ ਅਤੇ ਅੱਤਵਾਦ ਦਾ ਨਿਖੇੜਾ ਕਰਨ ਲਈ ਤਿਆਰ ਨਹੀਂ, ਸੁਆਲ ਉਠਦਾ ਹੈ ਕਿ ਜੇ ਉਹ ਆਪ ਅਜਿਹਾ ਕਰਨ ਲਈ ਤਿਆਰ ਨਹੀਂ ਤਾਂ ਦੂਜੇ ਇਸਦਾ ਨਿਖੇੜਾ ਕਿਉਂ ਕਰਨਗੇ? ਜਦਕਿ ਇਸੇ ਦੇ ਸਹਾਰੇ ਹੀ ਉਨ੍ਹਾਂ ਦੀਆਂ ਰਾਜਸੀ ਰੋਟੀਆਂ ਸਿਕਦੀਆਂ ਚਲੀਆਂ ਆ ਰਹੀਆਂ ਹਨ।
…ਅਤੇ ਅੰਤ ਵਿਚ : ਇਕ ਕੌੜੀ ਸੱਚਾਈ ਇਹ ਵੀ : ਸ਼੍ਰੀ ਰਾਜੀਵ ਗਾਂਧੀ ਨੇ ਅਪਣੇ ਪ੍ਰਧਾਨ ਮੰਤਰੀ-ਕਾਲ ਦੌਰਾਨ ਜਿਨ੍ਹਾਂ ‘ਸਿੱਖ ਮੁਖੀਆਂ’ ਨੂੰ ਸਥਾਪਤ ਸਿੱਖ-ਲੀਡਰਸ਼ਿਪ ਦੇ ਮੁਕਾਬਲੇ ਖੜਿਆਂ ਕਰਨ ਲਈ ‘ਜ਼ਿੰਦਾ ਸ਼ਹੀਦ’ ਵਜੋਂ ਮਾਣ ਦੁਆਇਆ, ਉਹ ਅੱਜ ਵੀ ਸਿੱਖਾਂ ਦੇ ਸਭ ਤੋਂ ਵਧ ਸ਼ੁਭਚਿੰਤਕ ਆਗੂ ਹੋਣ ਦਾ ਭਰਮ ਪੈਦਾ ਕਰ, ਕੌਮ ਨੂੰ ਗੁਮਰਾਹ ਕਰਦੇ ਚਲੇ ਆ ਰਹੇ ਹਨ ਅਤੇ ਸਥਾਪਤ ਲੀਡਰਸ਼ਿਪ ਪਟੜੀਉਂ ਉਤਰ ਕੇ ਪ੍ਰਭਾਵਹੀਨ ਹੁੰਦੀ ਚਲੀ ਜਾ ਰਹੀ ਹੈ। ਜਿਸਦਾ ਦਾਅ ਚਲਦਾ ਹੈ, ਉਹ ਹੀ ‘ਪ੍ਰਭਾਵਪੂਰਣ’ ਸੁਆਰਥ-ਪੂਰਤੀ ਦੇ ਨਾਹਰੇ ਲਾ ਕੇ, ਸਿੱਖਾਂ ਦਾ ਧਾਰਮਕ, ਸਮਾਜਕ ਤੇ ਰਾਜਨੀਤਕ ਸ਼ੋਸ਼ਣ ਕਰਦਾ ਚਲਿਆ ਜਾ ਰਿਹਾ ਹੈ।
ਜਸਵੰਤ ਸਿੰਘ ‘ਅਜੀਤ’
Mobile : +91 98 68 91 77 31)
E-mail :jaswantsinghajit@gmail.com
No comments:
Post a Comment