ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, October 14, 2009

ਆਓ ਦੀਵਿਆਂ ਦੇ ਨਾਲ ਦਿਮਾਗ ਵੀ ਰੌਸ਼ਨ ਕਰੀਏ



ਛੋਟੇ ਹੁੰਦਿਆਂ ਦੀਵਾਲੀ ਦਾ ਬੜਾ ਅਜੀਬ ਜਿਹਾ ਸ਼ੌਕ ਹੁੰਦਾ ਸੀ,ਹਰ ਵਾਰ ਕੁਝ ਖਾਸ ਕਰਨ ਦੀ ਕੋਸ਼ਿਸ਼ ਰਹਿੰਦੀ।ਹਾਲਾਂਕਿ ਮੋਟੀਆਂ ਮੋਟੀਆਂ ਚਾਰ ਗੱਲਾਂ,ਦੀਵਿਆਂ ਤੋਂ ਲੈਕੇ ਛੱਤ ‘ਤੇ ਟੰਗੇ ਗੜਬੜਿਆਂ ਤੋਂ ਬਿਨਾਂ ਕੁਝ ਨਹੀਂ ਸੀ ਪਤਾ ਹੁੰਦਾ।ਦੀਵਾਲੀ ਤੋਂ 5-7 ਦਿਨ ਪਹਿਲਾਂ ਤੇ ਬਾਅਦ ‘ਚ ਘੁਮਿਆਰਾਂ ਤੇ ਲਾਗੀਆਂ-ਤੱਥੀਆਂ ਆਦਿ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ।ਪਰ ਹੁਣ ਸਮੇਂ ਦੇ ਚੱਕਰ ਨੇ ਬਹੁਤ ਕੁਝ ਸਮੇਟ ਲਿਆ ਹੈ।ਤਿਉਹਾਰਾਂ ਦਾ ਮੁਖਰ ਬਜ਼ਾਰੀਕਰਨ ਹੋਣ ਨਾਲ ਦੀਵਾਲੀ ਵੀ ਮਾਰਕੀਟ ਦੀ ਭੇਂਟ ਚੜ੍ਹ ਗਈ ਹੈ।ਘੁਮਿਆਰਾਂ ਦੇ ਕੱਚੇ ਭਾਂਡਿਆਂ ਦੀ ਥਾਂ ਚੀਨੀ ਸਮਾਨ ਨੇ ਲੈ ਲਈ ਹੈ।ਦੀਵਾਲੀ ਹੁਣ ਟੀ.ਵੀ ਦੇ ਅਸਰ ‘ਚ ਮਨਾਈ ਜਾ ਰਹੀ ਹੈ।ਤਿਉਹਾਰ ਯਾਦ ਰੱਖਣ ਲਈ ਕੋਕਾ ਕੋਲਾ ਜ਼ਰੂਰੀ ਹੈ।“ਸ਼ਪੈਸ਼ਲ ਔਫਰਾਂ” ਦੇ ਵਿਗਿਆਪਨ ਦਿਲ ਦੀਆਂ ਘੰਟੀਆਂ ਵਜਾ ਰਹੇ ਨੇ।ਮੈਂ ਜਦੋਂ ਕਦੇ ਘਰੇ ਜ਼ਿਆਦਾ ਦੀਵਾਲੀ-ਦੀਵਾਲੀ ਕਰ ਦਿੰਦਾ ਸੀ,ਤਾਂ ਮੇਰਾ ਪਿਓ ਕਹਿੰਦਾ ਸੀ ‘ਓਏ ਜੱਟਾਂ ਦੀ ਕਾਹਦੀ ਦੀਵਾਲੀ ਹੁੰਦੀ ਹੈ।ਸਾਡਾ ਤਾਂ ਦੀਵਾਲਾ ਹੁੰਦਾ,ਲਕਸ਼ਮੀ ਤਾਂ ਸਾਰੀਆਂ ਬਾਣੀਆਂ ਦੇ ਘਰੇ ਚਲੀ ਜਾਂਦੀ ਹੈ।ਹੁਣ ਪਤਾ ਲਗਦਾ ਕਿ ਕਿਸ ਤਰ੍ਹਾਂ ਦੀਵਾਲੀ ਦੇ ਜ਼ਰੀਏ ਲੋਕਾਂ ਦੀਆਂ ਜੇਬਾਂ ‘ਚੋਂ ਅਰਬਾਂ ਰੁਪਏ ਨਿਕਲਕੇ ਵਪਾਰੀਆਂ ਦੀ ਜੇਬ ‘ਚ ਪੈਂਦੇ ਨੇ।ਇਸ ਵਾਰ ਭੋਗ ਵਿਲਾਸਤਾ ਦੀਆਂ ਫਾਲਤੂ ਚੀਜ਼ਾਂ ਦੇ ਲਗਭਗ 65,000 ਕਰੋੜ ਰੁਪਏ ਖਰਚ ਹੋਣ ਦੀ ਸੰਭਾਵਨਾ ਹੈ।ਇਸਤੋਂ ਇਲਾਵਾ ਦੀਵਾਲੀ ਨਾਲ 300 ਅਰਬ ਲਾਟਰੀ ਬਜ਼ਾਰ ਤੇ 500 ਅਰਬ ਦਾ ਜੂਆ ਬਜ਼ਾਰ ਜੁੜਿਆ ਹੋਇਆ ਹੈ।


ਦੀਵਾਲੀ ਦੇ ਮਿੱਥਹਾਸ ਨੂੰ ਜਾਣਕੇ ਪਤਾ ਲਗਦੈ ਕਿ ਦੇਵਤਿਆਂ ਨੇ ਲੰਬੀ ਲੜਾਈ ਲੜਕੇ “ਅਸੁਰਾਂ” ਯਾਨਿ ਕਿ ਕਹੇ ਜਾਂਦੇ "ਦੈਤਾਂ" ‘ਤੇ ਜਿੱਤ ਪ੍ਰਪਤ ਕੀਤੀ।ਪਿਛਲੇ ਸਮੇਂ ‘ਚ ਮੈਂ ਕੁਝ ਆਦਿਵਾਸੀ ਇਲਾਕਿਆਂ ‘ਚ ਰਹਿਕੇ ਆਇਆ।ਓਥੋਂ ਪਤਾ ਲੱਗਿਆ ਕਿ ਆਦਿਵਾਸੀ ਸਮਾਜ ਅੰਦਰ “ਅਸੁਰ” ਨਾਂਅ ਦੀ ਜਾਤੀ ਹੈ।ਇਸਤੋਂ ਇਲਾਵਾ ਉੜੀਸਾ ਦੇ ਇਕ ਪ੍ਰਸੱਧਿ ਨਾਵਲ ‘ਚ ਆਦਿਵਾਸੀ “ਅਸੁਰ” ਜਾਤੀ ਦੇ ਇਤਿਹਾਸ ਦਾ ਜ਼ਿਕਰ ਸੁਣਿਆ।ਏਥੇ ਮਿੱਥਹਾਸ ਦਾ ਇਤਿਹਾਸ ਨਾਲ ਕਿਤੇ ਨਾ ਕਿਤੇ ਸੁਮੇਲ ਨਜ਼ਰ ਆਇਆ।ਦੀਵਾਲੀ ਤੋਂ ਤੁਰੁੰਤ ਬਾਅਦ ਹੀ ਭਾਰਤੀ ਰਾਜਨੀਤਿਕ “ਦੇਵਤੇ” “ਆਦਿਵਾਸੀ ਅਸੁਰਾਂ” ‘ਤੇ ਹਮਲਾ ਕਰਨ ਜਾ ਰਹੇ ਹਨ।“ਮਾਓਵਾਦੀਆਂ” ਦੇ ਨਾਂਅ ਤੇ ਕੀਤੇ ਜਾ ਰਹੇ ਇਸ ਹਮਲੇ ‘ਚ ਲਗਭਗ 1 ਲੱਖ ਅਰਧ ਸੈਨਿਕ ਬਲਾਂ ਦੀ ਤੈਨਾਤੀ ਕੀਤੀ ਜਾ ਰਹੀ ਹੈ।ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਅਰਧ ਸੈਨਿਕ ਬਲਾਂ ਦੇ ਰਗੜੇ ‘ਚ ਅਜਿਹੇ ਨਿਹੱਥੇ ਲੋਕ ਹੀ ਆਉਣਗੇ।ਜੋ ਦੁਨੀਆਂ ਦੀ ਸਭਤੋਂ ਵੱਡੀ ਜਮਹੂਰੀਅਤ ਅੰਦਰ 62 ਸਾਲਾਂ ਬਾਅਦ ਵੀ “ਅਦਿਵਾਸੀ” ਸਦਵਾਉਂਦੇ ਨੇ।ਜਿਨ੍ਹਾਂ ਦਾ ਜੀਵਨ ਪੱਧਰ ਨੂੰ ੳੁੱਚਾ ਚੁੱਕਣ ਤੇ ਮੁੱਖ ਧਾਰਾ ‘ਚ ਲਿਆਉਣ ਲਈ ਸਰਕਾਰਾਂ ਵਲੋਂ ਕੋਈ ਉਪਰਾਲੇ ਨਹੀਂ ਕੀਤੇ ਗਏ।

ਖੈਰ,ਕਿਸੇ ਨੂੰ ਲੱਗ ਸਕਦੈ ਕਿ ਗੱਲ ਕਿਥੋਂ ਸ਼ੁਰੂ ਕੀਤੀ ਤੇ ਕਿੱਥੇ ਮੁਕਾਈ।ਪਰ ਮੈਨੂੰ ਲਗਦੈ ਕਿ ਅਸੀਂ ਸਰਬ-ਸਾਂਝੀਵਾਲਤਾ ਦੇ ਮੁੱਦਈ ਏਨੇ ਵਿਅਕਤੀਗਤ ਹੋ ਗਏ,ਕਿ ਆਲੇ ਦੁਆਲੇ ਤੋਂ ਅਲੱਗ ਥਲੱਗ ਹੋਏ ਪਏ ਹਾਂ।ਬਿਲਕੁਲ “ਦੀਵੇ ਥੱਲੇ ਹਨੇਰੇ ਵਾਲੀ ਗੱਲ”।ਅਜਿਹੇ ਸਮੇਂ ‘ਚ ਜਦੋਂ ਦੀਵਾਲੀ ਦੇ ਜ਼ਰੀਏ ਮਾਰਕੀਟ ਸਾਡੇ ਕੋਲੋਂ ਕਰੋੜਾਂ-ਅਰਬਾਂ ਰੁਪਏ ਹੜੱਪਣ ਲਈ ਤਿਆਰ ਬੈਠੀ ਹੈ ਤਾਂ ਫਰਜ਼ ਬਣਦੈ ਕਿ ਅਸੀਂ ਦੀਵਾਲੀ ‘ਤੇ ਫਿਕਰਮੰਦ ਹੋਏ ਘੁਮਿਆਰ ਤੇ ਕਿਸੇ ਆਦਿਵਾਸੀ ਦੇ ਰਿਸ਼ਤੇ ਨੂੰ ਜੋੜੀਏ।ਕਿਉਂਕਿ ਦੋਵਾਂ ਇਕ ਸਾਂਝ ਹੈ।ਦੋਵੇਂ ਨੂੰ ਮਾਰਕੀਟ ਦੇ ਚੱਕਰ ਦੇ ਚਲਦਿਆ ਧੰਦੇ ਤੋਂ ਬਾਹਰ ਤੇ ਵਿਸਥਾਪਿਤ ਹੋਣਾ ਪੈ ਰਿਹਾ ਹੈ।ਆਓ ਇਹਨਾਂ ਸਾਰੇ ਚੱਕਰਾਂ ਨੁੰ ਤੋੜਦੇ ਹੋਏ ਮਾਰਕੀਟ ਦੇ ਭੋਗ ਵਿਲਾਸੀ ਸੱਭਿਆਚਾਰ ਦੇ ਕਾਰੋਬਾਰ ਨੂੰ ਰੱਦ ਕਰੀਏ ਤੇ ਇਸ ਦੀਵਾਲੀ ਕੁਝ ਨਵਾਂ ਕਰਨ ਤੇ ਸਮਝਣ ਦੀ ਕੋਸ਼ਿਸ਼ ‘ਚ ਦੀਵਿਆਂ ਦੇ ਨਾਲ ਦਿਮਾਗਾਂ ਨੂੰ ਰੌਸ਼ਨ ਕਰੀਏ।

ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
MOB-09899436972
mail2malwa@gmail.com,malwa2delhi@yahoo.co.in

1 comment:

  1. Baiji baht wadiya, ajadi to baad vi oh aadivaasi akhvaunde a oh bahut sahi gal a,
    bahut gandhli a raajniti.

    ReplyDelete