ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, November 14, 2009

ਪੰਜਾਬ ਦੀ ਨਬਜ਼ ‘ਤੇ ਹੱਥ ਧਰਦਾ ਬੱਬੂ ਮਾਨ

ਪੰਜਾਬ ਦਾ ਨੌਜਵਾਨ ਗਾਇਕ ਬੱਬੂ ਮਾਨ ਇਕ ਵਾਰ ਫਿਰ ਆਪਣੀ ਨਿਵੇਕਲੀ ਅਤੇ ਵਿਲੱਖਣ ਕਿਸਮ ਦੀ ਗਾਇਕੀ ਨਾਲ ਪੰਜਾਬੀਆਂ ਦੇ ਪਿੜ ਵਿਚ ਹਾਜ਼ਰ ਹੈ। ਚਾਰ ਸਾਲ ਦੇ ਵਕਫੇ ਤੋਂ ਬਾਅਦ ਆਪਣੇ ਹੱਥੀਂ ਲਿਖੇ ਅਤੇ ਆਪਣੇ ਹੀ ਸੰਗੀਤ ਨਾਲ ਸੰਵਾਰੇ ਬਹੁਤ ਹੀ ਗੰਭੀਰ ਕਿਸਮ ਦੇ ਗੀਤਾਂ ਨਾਲ ਬੱਬੂ ਮਾਨ ਨੇ ਪੰਜਾਬੀ ਗਾਇਕੀ ਦੇ ਪਿੜ ਵਿਚ ਆਪਣੀ ਵਿਲੱਖਣ ਥਾਂ ਬਣਾ ਲਈ ਹੈ। ਪੰਜਾਬੀ ਗਾਇਕੀ ਦਾ ਜੋ ਰੁਝਾਨ ਚੱਲ ਰਿਹਾ ਹੈ ਉਸ ਵਿਚ ਕਿਸੇ ਵੀ ਥਾਂ ੱਤੇ ਕਿਸੇ ਗੰਭੀਰ ਸੋਚ, ਸਹਿਜ ਜਾਂ ਸੰਦੇਸ਼ ਦਾ ਝਲਕਾਰਾ ਨਹੀਂ ਮਿਲਦਾ। ਗੁਰਦਾਸ ਮਾਨ ਨੇ ਆਪਣੇ ਕੁਝ ਗੀਤਾਂ ਵਿਚ ਮਨੁੱਖੀ ਸੁਭਾਅ ਅਤੇ ਫਿਤਰਤ ਬਾਰੇ ਸਮਾਜਕ ਟਿੱਪਣੀਆਂ ਕੀਤੀਆਂ ਹਨ ਪਰ ਪੰਜਾਬ ਅਤੇ ਸਿੱਖ ਵਿਰਸੇ ਬਾਰੇ ਉਸ ਗੀਤਾਂ ਵਿਚੋਂ ਕੁਝ ਵੀ ਅਜਿਹਾ ਨਹੀਂ ਮਿਲਦਾ ਜਿਸ ਤੋਂ ਇਹ ਝਲਕਾਰਾ ਮਿਲਦਾ ਹੋਵੇ ਕਿ ਗੁਰਦਾਸ ਮਾਨ ਦਾ ਪੰਜਾਬ ਵਿਚ ਰਹਿ ਰਹੇ ਸਿੱਖਾਂ ਨਾਲ, ਉਨ੍ਹਾਂ ਦੇ ਜੀਵਨ ਨਾਲ ਜਾਂ ਉਨ੍ਹਾਂ ਦੇ ਸੰਘਰਸ਼ ਨਾਲ ਕੋਈ ਗਹਿਰਾ ਲਗਾਅ ਹੈ। ਬਾਕੀ ਦੇ ਪੰਜਾਬੀ ਗਾਇਕ ਤਾਂ ਸਿਰਫ ਭੰਗੜਾ ਪਾਉਣ ਵਾਲੇ ਚੱਕ ਵਿਚ ਹੀ ਰੁਝੇ ਹੋਏ ਹਨ।

ਬੱਬੂ ਮਾਨ ਨੇ ਸੱਭਿਆਚਾਰਕ ਗੀਤਾਂ ਵਿੱਚ ਵੀ ਲੀਹ ਤੋਂ ਹਟਵੇਂ ਗੀਤ ਲਿਖ ਕੇ ਆਪਣੀ ਗੀਤਕਾਰੀ ਦਾ ਸਿੱਕਾ ਮਨਵਾਇਆ ਸੀ ਅਤੇ ਹੁਣ ‘ਸਿੰਘ ਬੈਟਰ ਦੈਨ ਕਿੰਗੱ ਨਾਮੀ ਕੈਸਟ ਰਾਹੀਂ ਉਸ ਨੇ ਖਾਲਸਾ ਪੰਥ ਦੇ ਉਸ ਦਰਦ ਨੂੰ ਬੋਲ ਦਿੱਤੇ ਹਨ ਜਿਸ ਨੂੰ ਕੌਮ ਦਾ ਵੱਡਾ ਹਿੱਸਾ ਆਪਣੇ ਸੀਨੇ ਵਿੱਚ ਛੁਪਾਈ ਬੈਠਾ ਹੈ। ਸਥਾਪਤੀ ਦੇ ਉਚੇ ਡੰਡੇ ਤੇ ਬੈਠੇ ਬੱਬੂ ਮਾਨ ਵੱਲੋਂ ਇਸ ਮੁਕਾਮ ਤੇ ਪਹੁੰਚ ਕੇ ਵੀ ਪੰਜਾਬ ਲਈ ਸ਼ਹਾਦਤਾਂ ਪਾ ਗਏ ਸਿੱਖ ਨੌਜਵਾਨਾਂ ਦੇ ਦਰਦ ਦੀ ਗੱਲ ਕਰਨੀ ਆਪਣੇ ਆਪ ਵਿੱਚ ਇਕ ਵੱਡੀ ਗੱਲ ਹੈ।

ਦਾਅਵਿਆਂ ਦੀ ਦੌੜ ਵਿੱਚ ਪੰਜਾਬ ਪਿੱਛੇ ਰਹਿ ਗਿਆ
ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ
ਦੇਸ਼ ਦੀ ਆਜ਼ਾਦੀ ਕੱਲਾ ਗਾਂਧੀ ਕਿਵੇਂ ਲੈ ਗਿਆ
ਗਦਰੀ ਬਾਬਿਆਂ ਦਾ ਕਿਵੇਂ ਗਦਰ ਭੁਲਾਵਾਂ ਮੈਂ
ਝੂਠੇ ਇਤਿਹਾਸ ਉੱਤੇ ਮੋਹਰ ਕਿਵੇਂ ਲਾਵਾਂ ਮੈਂ

ਨਿਰਸੰਦੇਹ ਬੱਬੂ ਮਾਨ ਦਾ ਇਹ ਗੀਤ ਉਸ ਦੇ ਸਿੱਖ ਵਿਰਸੇ ਨਾਲ ਗੂੜ੍ਹੀ ਤਰ੍ਹਾਂ ਜੁੜੇ ਹੋਣ ਅਤੇ ਪੰਜਾਬ ਨਾਲ ਹੋਈਆਂ ਸਿਆਸੀ ਬੇਈਮਾਨੀਆਂ ਦੀ ਸਪਸ਼ਟ ਬਾਤ ਪਾਉਂਦਾ ਹੈ। ਪੰਜਾਬੀ ਦਾ ਕੋਈ ਵੀ ਗਾਇਕ ਅੱਜ ਤੱਕ ਇਹ ਸਪੱਸ਼ਟ ਲਕੀਰ ਮਾਰ ਕੇ ਨਹੀਂ ਤੁਰ ਸਕਿਆ। ਭਾਰਤੀ ਸਟੇਟ ਨਾਲ ਪੰਜਾਬ ਦੇ ਰਿਸ਼ਤੇ ਬਾਰੇ ਅਤੇ ਪੰਜਾਬ ਨਾਲ ਹੋਈਆਂ ਵਧੀਕੀਆਂ ਬਾਰੇ ਕਿਸੇ ਪੰਜਾਬੀ ਗਾਇਕ ਦਾ ਏਨਾ ਸਪੱਸ਼ਟ ਸਟੈਂਡ ਲੈਣ ਦੀ ਇਹ ਸ਼ਾਇਦ ਪਹਿਲੀ ਘਟਨਾ ਹੈ। ਵਰਨਾ ਪੰਜਾਬੀ ਗਾਇਕੀ ਸਿਰਫ ਗਿੱਦੜ ਟਪੂਸੀਆਂ ਮਾਰਨ ਦਾ ਨਾਂ ਬਣਕੇ ਹੀ ਰਹਿ ਗਈ ਹੈ। ਕਰਮ ਚੰਦ ਗਾਂਧੀ ਦੇ ‘ਮਹਾਤਮਾੱ ਬਣ ਜਾਣ ਦਾ ਦਰਦ ਬੱਬੂ ਮਾਨ ਨੇ ਉਸੇ ਤਰ੍ਹਾਂ ਮਹਿਸੂਸ ਕੀਤਾ ਹੈ ਜਿਵੇਂ ਖਾਲਸਾਈ ਸਭਿਆਚਾਰ ਨਾਲ ਜੁੜਿਆ ਹੋਇਆ ਕੋਈ ਆਮ ਸਿੱਖ ਮਹਿਸੂਸ ਕਰਦਾ ਹੈ। ਇਸੇ ਤਰ੍ਹਾਂ ਕਰਤਾਰ ਸਿੰਘ ਸਰਾਭਾ ਅਤੇ ਸਿੱਖੀ ਨਾਲ ਜੁੜੇ ਹੋਏ ਅੰਮ੍ਰਿਤਧਾਰੀ ਗਦਰੀ ਬਾਬਿਆਂ ਦੀ ਅਦੁੱਤੀ ਸ਼ਹੀਦੀ ਦੇ ਮੁਕਾਬਲੇ ਭਾਰਤ ਦੀ ਬਹੁਗਿਣਤੀ ਵੱਲੋਂ ਸਿਰਫ ਭਗਤ ਸਿੰਘ ਨੂੰ ਅਪਨਾ ਕੇ ਇੱਕੋ ਇੱਕ ਹੀਰੋ ਵੱਜੋਂ ਪੇਸ਼ ਕਰਨ ਪਿੱਛੇ ਕੰਮ ਕਰਦੀ ਗੰਦੀ ਰਾਜਨੀਤੀ ਨੂੰ ਵੀ ਬੱਬੂ ਮਾਨ ਦੀ ਅੱਖ ਸਪੱਸ਼ਟ ਦੇਖ ਰਹੀ ਹੈ।
ਇਸੇ ਤਰ੍ਹਾਂ ਖੁਦਕੁਸ਼ੀਆਂ ਕਰ ਰਹੀ ਪੰਜਾਬ ਦੀ ਕਿਸਾਨੀ ਨਾਲ ਸੈਂਟਰ ਸਰਕਾਰ ਦੇ ਧੱਕੇ ਦੀ ਗੱਲ ਕਰਦਿਆਂ ਬੱਬੂ ਮਾਨ ਸਪੱਸ਼ਟ ਰੂਪ ਵਿਚ ਖਾਲਸਾਈ ਸਭਿਆਚਾਰ ਨਾਲ ਜਾ ਖੜ੍ਹਦਾ ਹੈ।
ਪ੍ਰਸਿੱਧ ਪੱਤਰਕਾਰ ਅਤੇ ਗੀਤਕਾਰ ਸ਼ਮਸ਼ੇਰ ਸੰਧੂ ਨੇ ਬੱਬੂ ਮਾਨ ਨੂੰ ਇਸ ਦਹਾਕੇ ਦੀ ਪੰਜਾਬੀ ਗਾਇਕੀ ਦਾ ਸੁਭਾਗ ਆਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਬੂ ਮਾਨ ਦੀ ਗਾਇਕੀ ਵਿਚ ਇਕ ਸਹਿਜ, ਸਥਿਰਤਾ ਅਤੇ ਸੁਨੇਹਾ ਮੌਜੂਦ ਹੈ ਇਸੇ ਲਈ ਉਹ ਭੀੜ ਵਿੱਚ ਨਹੀਂ ਗੁਆਚਿਆ। ਵਾਕਿਆ ਹੀ ਸਿੱਖ ਸ਼ਹੀਦਾਂ ਦੇ ਲਹੂ ਨਾਲ ਰੰਗੀ ਹੋਈ ਘਰਤੀ ਤੇ ਜੰਮਿਆ ਪਲਿਆ ਬੱਬੂ ਮਾਨ ਭੀੜ ਤੋਂ ਹਟਕੇ ਚੱਲਣ ਦੀ ਕੋਸ਼ਿਸ ਕਰ ਰਿਹਾ ਪ੍ਰਤੀਤ ਹੋ ਰਿਹਾ ਹੈ।
‘ਸਿੰਘ ਬੈਟਰ ਦੈਨ ਕਿੰਗੱ ਵਿੱਚ ਉਸ ਨੇ ਜਿੱਥੇ ਆਪਣੀ ਗਾਇਕੀ ਅਤੇ ਗੀਤਕਾਰੀ ਦਾ ਲੋਹਾ ਮਨਵਾਇਆ ਹੈ ਉਥੇ ਉਸ ਨੇ ਇਸ ਕੈਸਟ ਰਾਹੀਂ ਆਪਣੀ ਨਿਖਰੀ ਹੋਈ ਸਿਆਸੀ ਸੂਝ ਦਾ ਵੀ ਬੇਖੌਫ ਮੁਜਾਹਰਾ ਕੀਤਾ ਹੈ :
ਇੱਕ ਬਾਬਾ ਨਾਨਕ ਸੀ ਜੀਹਨੇ ਤੁਰ ਕੇ ਦੁਨੀਆਂ ਗਾਹਤੀ
ਇੱਕ ਅੱਜ ਦੇ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ...


ਬਹੁਤ ਹੀ ਟਿਕਾਅ ਅਤੇ ਸਹਿਜ ਵਿੱਚ ਗਾਏ ਗਏ ਗੀਤ ਰਾਹੀਂ ਬੱਬੂ ਮਾਨ ਨੇ ਸਿੱਖ ਪੰਥ ਵਿੰਚ ਪੈਦਾ ਹੋ ਰਹੇ ਡੇਰਾਵਾਦ ਅਤੇ ਸਿੱਖੀ ਦੇ ਨਾਂ ਤੇ ਚਲਦੇ ‘ਕਾਰੋਬਾਰੱ ਦਾ ਪਾਜ਼ ਨੰਗਾ ਕੀਤਾ ਹੈ। ਜਿਹੜੇ ਵਿਚਾਰੇ ਕੁਝ ਵੀ ਨਹੀਂ ਸਨ ਅਤੇ ਨਾ ਹੀ ਕੁਝ ਹਨ ਉਹ ਰੱਬ ਬਣ ਬੈਠੇ ਹਨ ਪਰ ਜਿਹੜੇ ਖਾਲਸਾ ਪੰਥ ਦੇ ਗਹਿਰ ਗੰਭੀਰ ਕਾਫਲੇ ਦੇ ਵਾਰਸ ਸਨ ਉਹ ਜੇਲ੍ਹਾਂ ਵਿਚ ਡੱਕੇ ਹੋਏ ਹਨ। ਜਿਹੜੇ ਸਰਕਾਰ ਖਿਲਾਫ ਹਿੱਕਾਂ ਡਾਹ ਕੇ ਖੜੇ੍ਹ ਹਨ ਉਹ ਤਰੀਕਾਂ ਭੁਗਤਦੇ ਫਿਰਦੇ ਹਨ ਪਰ ਸਿੱਖੀ ਦੇ ਨਾਂ ਤੇ ਡੰਕੇ ਵਜਾਉਣ ਵਾਲੇ ਹਾਕਮਾਂ ਵਰਗੀ ਤਰਜ਼ੇ ਜਿੰਦਗੀ ਜੀਅ ਰਹੇ ਹਨ।
ਆਪਣੇ ਇਕ ਹੋਰ ਗੀਤ ..ਮਰਨੋ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ...ਰਾਹੀਂ ਬੱਬੂ ਮਾਨ ਨੇ ਖਾਲਸਾ ਪੰਥ ਵੱਲੋਂ ਆਪਣੇ ਅਕੀਦੇ ਅਤੇ ਵਿਰਸੇ ਦੀ ਸੰਭਾਲ ਲਈ ਲਾਈ ਸ਼ਹਾਦਤਾਂ ਦੀ ਝੜੀ ਦੀ ਗੱਲ ਕੀਤੀ ਹੈ। ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਅਤੇ ਸਰਦਾਰ ਹਰੀ ਸਿੰਘ ਨਲੂਆ ਦਾ ਜਿਕਰ ਕਰਦਾ ਕਰਦਾ ਬੱਬੂ ਮਾਨ ਵਰਤਮਾਨ ਸਮੇਂ ਦੀ ਸਿੱਖ ਸ਼ਹੀਦਾਂ ਦੀ ਗੱਲ ਵੀ ਡਟਕੇ ਕਰਦਾ ਹੈ।
ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸੁਰੰਗ ਪੁੱਟ ਕੇ ਜੇਲ੍ਹ ਵਿਚੋਂ ਫਰਾਰ ਹੋ ਜਾਣ ਦੇ ਇਤਿਹਾਸਕ ਕਾਰਨਾਮੇ ਨੂੰ ਵੀ ਬੱਬੂ ਮਾਨ ਨੇ ਪੁਰਾਤਨ ਸ਼ਹੀਦਾਂ ਦੀ ਕੁਰਬਾਨੀ ਦੇ ਬਰਾਬਰ ਸਲਾਹਿਆ ਹੈ।
ਸੁਰੰਗਾਂ ਪੱਟ ਕੇ ਨਿਕਲ ਗਏ ਅਗਲੇ ਕਾਹਨੂੰ ਡੱਕਦੀਆਂ ਜੇਲ੍ਹਾਂ ਦਾ ਜਿਕਰ ਕਰਕੇ ਉਸ ਨੇ ਆਪਣੀ ਗਵਾਂਢੀ ਪਿੰਡ ਦੇ ਸਿੱਖ ਜੁਝਾਰੂ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਦਲੇਰੀ ਨੂੰ ਪ੍ਰਣਾਮ ਕੀਤਾ ਹੈ। ਪੰਜਾਬੀ ਗਾਇਕੀ ਵਿਚ ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਕਿਸੇ ਏਡੇ ਵੱਡੇ ਸਥਾਪਤ ਗਾਇਕ ਨੇ ਸਿੱਖ ਵਿਰਸੇ ਨਾਲ ਆਪਣੀ ਵਫਾ ਕਮਾਈ ਹੈ।
ਕਈ ਵਾਰ ਕੌਮਾਂ ਦੇ ਸੀਨੇ ਤੇ ਲੱਗੇ ਵੱਡੇ ਫੱਟ ਸਦੀਆਂ ਤੱਕ ਕੌਮਾਂ ਦੇ ਦਿਲ ਦਾ ਦਰਦ ਬਣ ਜਾਂਦੇ ਹਨ। ਬੱਬੂ ਮਾਨ ਜਿਸ ਇਲਾਕੇ ਵਿਚ ਜੰਮਿਆ ਪਲਿਆ ਹੈ ਉਹ ਖਾੜਕੂ ਸਿੱਖ ਸੰਘਰਸ਼ ਦੀ ਬਹੁਤ ਹੀ ਵੱਡੀ ਕਰਮਭੂਮੀ ਰਹੀ ਹੈ। ਇਸ ਇਲਾਕੇ ਨੇ ਭਾਈ ਜਗਤਾਰ ਸਿੰਘ ਹਵਾਰਾ ਤੋਂ ਬਿਨਾਂ ਭਾਈ ਬਲਦੇਵ ਸਿੰਘ ਹਵਾਰਾ, ਭਾਈ ਚਰਨਜੀਤ ਸਿੰਘ ਚੰਨੀ, ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਖੰਟ ਮਾਨਪੁਰ ਪਿੰਡ ਦੇ ਹੀ ਬਹਤੁ ਦਲੇਰ ਅਤੇ ਸਾਊ ਖਾੜਕੂ ਸਿੰਘ ਭਾਈ ਜਸਵੀਰ ਸਿੰਘ ਲਾਲੀ ਖੰਟ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਪੰਥ ਨਾਲ ਹੋਏ ਧੱਕਿਆਂ ਦੇ ਖਿਲਾਫ ਜੰਗ ਦੇ ਮੈਦਾਨ ਵਿਚ ਜੂਝ ਕੇ ਸ਼ਹੀਦੀਆਂ ਪਾਈਆਂ। ਸਾਇਦ ਉਨ੍ਹਾਂ ਯੋਧਿਆਂ ਦੀ ਸ਼ਹੀਦੀ ਹੋਰ ਦਰਦਮੰਦ ਸਿੱਖਾਂ ਵਾਂਗ ਬੱਬੂ ਮਾਨ ਦੇ ਸੀਨੇ ਵਿੱਚ ਵੀ ਸੱਲ੍ਹ ਪਾਉਂਦੀ ਹੋਵੇਗੀ।
ਗੁਲਾਮੀ ਜਾਂ ਵਿਦੇਸ਼ੀ ਤਾਕਤਾਂ ਦੇ ਕਬਜ਼ੇ ਹੇਠ ਰਹਿ ਰਹੀਆਂ ਕੌਮਾਂ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ਬਾਰੇ ਬਹੁਤ ਹੀ ਗੰਭੀਰ ਖੋਜ ਕਾਰਜ ਕਰਨ ਵਾਲੇ ਇਤਿਹਾਸਾਕਾਰ ਜੇਮਜ਼ ਸੀ ਸਕਾਟ ਦਾ ਮੰਨਣਾ ਹੈ ਕਿ ਗੁਲਾਮੀ ਵਿਚ ਜਾਂ ਗੁਲਾਮੀ ਵਰਗੇ ਹਾਲਤਾਂ ਵਿਚ ਰਹਿਣ ਵਾਲੀਆਂ ਕੌਮਾਂ ਦਾ ਦਿਲ ਅਤੇ ਜਿਗਰਾ ਬਹੁਤ ਵੱਡਾ ਹੁੰਦਾ ਹੈ ਅਤੇ ਉਹ ਕਈ ਕਈ ਦਹਾਕੇ ਸਧਾਰਨ ਜਿੰਦਗੀ ਜੀਊਣ ਦੇ ਬਾਵਜੂਦ ਵੀ ਕਿਸੇ ਨੂੰ ਆਪਣੇ ਦਿਲ ਅਤੇ ਆਤਮਾ ਵਿਚ ਵਸੀ ਹੋਈ ਗੱਲ ਦਾ ਭੇਤ ਨਹੀਂ ਦੇਂਦੀਆਂ। ਅਜਿਹੀਆਂ ਕੌਮਾਂ ਆਪਣੀ ਆਜ਼ਾਦੀ ਦੀ ਤਾਂਘ ਹਮੇਸ਼ਾ ਹੀ ਆਪਣੇ ਦਿਲ ਵਿਚ ਵਸਾ ਕੇ ਰੱਖਦੀਆਂ ਹਨ। ਕਬਜ਼ੇ ਖਿਲਾਫ ਜੰਗ ਵਿਚ ਨਿਤਰੇ ਅਤੇ ਸ਼ਹੀਦ ਹੋ ਗਏ ਸੂਰਬੀਰਾਂ ਦੀ ਯਾਦ ਕੌਮਾਂ ਦੇ ਮਨ ਵਿਚ ਹਮੇਸ਼ਾ ਬਣੀ ਰਹਿੰਦੀ ਹੈ।
ਸ਼ਾਇਦ ਇਸੇ ਲਈ ਬੱਬੂ ਮਾਨ ਆਪਣੇ ਅਗਲੇ ਗੀਤ ਵਿਚ ਕੌਮ ਦੇ ਸ਼ਹੀਦਾਂ ਦੀ ਗੱਲ ਕਰਦਾ ਕਹਿੰਦਾ ਹੈ :
ਜਿਹੜੇ ਕੌਮ ਦੇ ਹੀਰੇ ਸੀ ਦੱਸ ਉਹ ਕਿਉਂ ਸੂਲੀ ਟੰਗੇ
ਜਿਹੜੇ ਕੌਮ ਦੇ ਕਾਤਲ ਸੀ ਉਹ ਲਹਿਰਾਉਂਦੇ ਫਿਰਦੇ ਝੰਡੇ...

ਇਸੇ ਗੀਤ ਵਿੱਚ ਉਹ ਸਮੇਂ ਦੀ ਬੇਵਫਾਈ ਤੇ ਟਕੋਰ ਕਰਦਾ ਹੋਇਆ ਸਿੱਖ ਕੌਮ ਵੱਲੋਂ ਭੁਲਾ ਦਿਤੇ ਗਏ ਆਪਣੇ ਹੀਰਿਆਂ ਦਾ ਉਲਾਂਭਾ ਦੇਂਦਾ ਹੈ :
ਜਿਹੜਾ ਧਰਮ ਲਈ ਮਰਦੈ
ਉਹਨੂੰ ਕਿੱਥੇ ਯਾਦ ਕੋਈ ਕਰਦੈ
ਜਿਹੜਾ ਪਾਵਰ ਵਿੰਚ ਹੁੰਦਾ ਉਸ ਦਾ ਹਰ ਕੋਈ ਪਾਣੀ ਭਰਦੈ
ਸਾਡੀ ਹਾਲਤ ਇਹ ਬਣ ਗਈ ਜਿਵੇਂ ਸੰਣਘ ਦੇ ਦੱਬੇ ਟੰਗੇ
ਜਿਹੜੇ ਕੌਮ ਦੇ ਹੀਰੇ ਸੀ ਦੱਸ ਉਹ ਕਿਉਂ ਸੂਲੀ ਟੰਗੇ
ਜਿਹੜੇ ਕੌਮ ਦੇ ਕਾਤਲ ਸੀ ਉਹ ਲਹਿਰਾਉਂਦੇ ਫਿਰਦੇ ਝੰਡੇ...

ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਤੇ ਕੁਰਸੀਆਂ ਡਾਹੀ ਬੈਠੇ ਮੌਕਾਪ੍ਰਸਤ ਲੀਡਰਾਂ ਲਈ ਇਹ ਵੱਡਾ ਮਿਹਣਾ ਹੈ। ਬੱਬੂ ਮਾਨ ਦੀ ਗੀਤਕਾਰੀ ਸਿਰਫ ਕਿਸ ਭਾਵੁਕ ਜਿਹੇ ਜਜ਼ਬਾਤ ਦੀ ਹੀ ਉਪਜ ਨਹੀਂ ਹੈ ਬਲਕਿ ਉਹ ਸਿਆਸੀ ਤੌਰ ੱਤੇ ਇਕ ਸੁਚੇਤ ਵਿਦਿਆਰਥੀ ਵਾਂਗ ਟਿੱਪਣੀਆਂ ਕਰਦਾ ਹੈ। ਇਸੇ ਗੀਤ ਵਿਚ ਉਹ ਅੱਗੇ ਜਾ ਕੇ ਲਿਖਦਾ ਹੈ:
ਮਾਂ-ਪਿਓ ਮਰਵਾ ਲਏ ਨੇ
ਇੱਜ਼ਤ ਭੈਣਾਂ ਦੀ ਲੁਟਵਾਈ
ਇਹ ਲੋਕੀ ਦੇਂਦੇ ਨੇ ਕਿਸ ਪੰਜਾਬੀ ਦੀ ਦੁਹਾਈ


ਇਸ ਛੰਦ ਨਾਲ ਬੱਬੂ ਮਾਨ ਸਿੱਖ ਪੰਥ ਦੇ ਆਪਣੇ ਵਿਲੱਖਣ ਅਤੇ ਇਤਿਹਾਸਕ ਵਿਰਸੇ ਦੇ ਮੁਕਾਬਲੇ ਸਟੇਟ ਵੱਲੋਂ ਅਤੇ ਉਸ ਦੇ ਚਮਚਿਆਂ ਵੱਲੋਂ ਫੈਲਾਈ ਜਾ ਰਹੀ ਨਿਪੁੰਸਕ ਜਿਹੀ ਪੰਜਾਬੀਅਤ ਦਾ ਪਾਜ ਉਘੇੜਿਆ ਹੈ। ਕਿਸੇ ਪੰਜਾਬੀ ਗਾਇਕ ਵਲੋਂ ਪੰਜਾਬ ਦੇ ਰਾਜਨੀਤਕ ਵਿਰਸੇ ਬਾਰੇ ਏਨਾ ਸੁਚੇਤ ਸਟੈਂਡ ਲੈਣਾ ਬਹੁਤ ਮਹੱਤਵਪੂਰਨ ਕਾਰਜ ਹੈ।

ਖਾੜਕੂ ਸਿੱਖ ਲਹਿਰ ਦੌਰਾਨ ਮਹਿਜ ਪੁਲਿਸ ਵਿਚ ਨੌਕਰੀ ਕਰਨ ਕਰਕੇ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਦਰਦ ਨੂੰ ਬੱਬੂ ਮਾਨ ਨੇ ਬਾਖੂਬ ਪੇਸ਼ ਕੀਤਾ ਹੈ। ਇਸ ਬੰਦ ਰਾਹੀਂ ਉਸ ਨੇ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋਏ ਖਾੜਕੂ ਸਿੱਖ ਲਹਿਰ ਦਾ ਇਕ ਪਿਆਰੇ ਦੋਸਤ ਵਾਂਗ ਮੁਤਾਲਿਆ ਕਰਨ ਦਾ ਯਤਨ ਕੀਤਾ ਹੈ। ਅਜਿਹਾ ਕਰਦਿਆਂ ਉਹ ਸਟੇਟ ਦਾ ਧੁਤੂ ਬਣੇ ਕਾਮਰੇਡਾਂ ਵਾਂਗ ਲਲਕਾਰੇ ਮਾਰਦਾ ਨਜ਼ਰ ਨਹੀਂ ਆਇਆ।

ਆਪਸ ਵਿਚ ਮਰ ਮਰ ਕੇ ਦੱਸੋ ਖੱਟੀ ਕੀ ਕਮਾਈ
ਜਿਹੜੀ ਪੁਲਿਸ ਵੀ ਮਰੀ ਹੈ ਉਹ ਵੀ ਸੀ ਸਾਡੇ ਭਾਈ...


ਸਿੱਖ ਵਿਰਸੇ ਨੂੰ ਖੋਰ ਕੇ ਅਤੇ ਢਾਹ ਕੇ ਉਸਾਰੇ ਜਾ ਰਹੇ ਸੰਗਮਰਮਰੀ ਗੁਰਦੁਆਰਿਆਂ ਬਾਰੇ ਵੀ ਬੱਬੂ ਮਾਨ ਇਕ ਸੁਚੇਤ ਸਿੱਖ ਵਾਂਗ ਦਰਦ ਮਹਿਸੂਸ ਕਰਦਾ ਹੈ। ਉਸ ਨੂੰ ਖਾਲਸਾ ਪੰਥ ਦੇ ਮਹਾਨ ਵਿਰਸੇ ਚੱਪੜਚਿੜੀ ਦੇ ਮੈਦਾਨ ਦੇ ਗੁਆਚ ਜਾਣ ਦਾ ਦਰਦ ਵੱਢ ਵੱਢ ਖਾ ਰਿਹਾ ਹੈ। ਦੀਵਾਨ ਟੋਡਰ ਮੱਲ ਦੀ ਹਵੇਲੀ ਨਾਲ ਪਿਆਰ ਕਰਨ ਦਾ ਹੋਕਾ ਵੀ ਬੱਬੂ ਮਾਨ ਇਸ ਕੈਸਟ ਰਾਹੀਂ ਦੇਂਦਾ ਹੈ।

ਸਮੁੱਚੇ ਰੂਪ ਵਿਚ ਆਖਿਆ ਜਾ ਸਕਦਾ ਹੈ ਕਿ ਬੱਬੂ ਮਾਨ ਨੇ ਸਥਾਪਤੀ ਦੇ ਇਸ ਮੁਕਾਮ ਤੇ ਪਹੁੰਚ ਕੇ ਵੀ ਸਿੱਖ ਵਿਰਸੇ ਨਾਲ ਆਪਣੇ ਮੋਹ ਨੂੰ ਟੁੱਟਣ ਨਹੀਂ ਦਿਤਾ ਹੈ। ਖਾਲਸਾਈ ਕਾਜ਼ ਲਈ ਜੂਝ ਕੇ ਸ਼ਹਾਦਤਾਂ ਪਾ ਗਏ ਸੂਰਮਿਆਂ ਦੀ ਯਾਦ ਹਮੇਸ਼ਾ ਹਮੇਸ਼ਾ ਲਈ ਦਰਦਮੰਦ ਸਿੱਖਾਂ ਵਾਂਗ ਉਸ ਦੀ ਰੂਹ ਦਾ ਹਿੱਸਾ ਬਣ ਗਈ ਹੈ।

ਸਿੱਖ ਮਾਨਸਿਕਤਾ ਤੇ ਲੱਗੇ ਜ਼ਖਮਾਂ ਨੂੰ ਇਸ ਤਰ੍ਹਾਂ ਬੋਲ ਦੇਣ ਦੀ ਜ਼ਿੰਮੇਵਾਰੀ ਵੈਸੇ ਤਾਂ ਹਰ ਸਿੱਖ ਇਤਿਹਾਸਕਾਰ, ਪੱਤਰਕਾਰ, ਕਵੀ, ਲਿਖਾਰੀ ਅਤੇ ਗਾਇਕ ਦੀ ਹੈ ਪਰ ਹਵਾ ਦੇ ਉਲਟ ਚੱਲਣ ਦਾ ਜਿਗਰਾ ਕਿਸੇ ਕਿਸੇ ਵਿੱਚ ਹੀ ਹੁੰਦਾ ਹੈ। ਆਪਣੀ ਨਵੀਂ ਕੈਸਟ ਰਾਹੀਂ ਬੱਬੂ ਮਾਨ ਨੇ ਸਿੱਖੀ ਨਾਲ ਆਪਣੀ ਸਾਂਝ ਦੀ ਗਵਾਹੀ ਦੇ ਦਿੱਤੀ ਹੈ।
ਅਵਤਾਰ ਸਿੰਘ ਯੂ ਕੇ
ਅੰਮ੍ਰਿਤਸਰ ਟਾਈਮਜ਼ ਤੋਂ ਧੰਨਵਾਦ ਸਹਿਤ

10 comments:

  1. Babbu di kalam ch Sanjidgai hai uh Punjab te Punjabiat de gal karda hai.Kam har sakash ne change made kite hunde han, but Babbu ne is Albumnal sare dhune dho ditte han. We all help him in this cause. BAbba Commented on him, which again gave Popularity to him. BABBU KEEP IT Up

    ReplyDelete
  2. ਡੇਰਿਆਂ, ਟਕਸਾਲਾਂ ਤੇ ਠਾਠਾ ਵਾਲਿਆਂ ਦੇ ਚਿਮਟਿਆਂ ਤੇ ਢੋਲ ਢਮੱਕਿਆਂ ‘ਚ ਮਰ ਰਹੀ ਸਿੱਖੀ ਦੀ ਇਨਕਲਾਬੀ ਵਿਚਾਰਧਾਰਾ ਨੂੰ ਬੱਬੂ ਮਾਨ ਨੇ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ। ਕਾਸ਼ ਸਿੱਖੀ ਸਰੂਪ ‘ਚ ਵਿਚਰਦੇ ਬਾਮਣ (ਕਹੇ ਜਾਦੇ ਸਿੱਖ ਤੇ ਅਕਾਲੀ ਬੂਬਨੇ) ਬੱਬੂ ਮਾਨ ਦੀ ਸੱਚ ਕਹਿਣ ਦੀ ਜੁਅਰਤ ਤੋਂ ਕੁਝ ਸਿੱਖ ਲੈਣ।ਪੰਜਾਬੀ ਦੇ ਕਿਸੇ ਸਥਾਪਤ ਗਾਇਕ ਵੱਲੋਂ ਅਜਿਹਾ ਹੰਬਲਾ ਸ਼ਾਇਦ ਪਹਿਲੀ ਵਾਰ ਮਾਰਿਆ ਗਿਆ ਹੈ। ਇੰਟਰਨੈਟ ਜਰੀਏ ਨੋਜਵਾਨਾਂ ਦੀ ਪ੍ਰਤੀਕਿਰਿਆਂ youtube ਤੇ ਹੋਰਨਾਂ ਸਾਇਟਾਂ ਤੇ ਦੇਖੀ ਜਾ ਸਕਦੀ ਹੈ। ਜਿਥੇ ਨੌਜਵਾਨ ਬੱਬੂ ਮਾਨ ਦੀ ਫੁੱਲ ਸਪੋਟ ਕਰ ਰਹੇ ਨੇ ਤੇ ਸਿੱਖੀ ਭੇਖ ਵਾਲੇ ਸਾਧ ਢੰਡਰੀਆਂ ਵਾਲੇ ਨੂੰ ਨਕਾਰ ਰਹੇ ਨੇ ਜੋ ਬੱਬੂ ਦੇ ਘੋਨ ਮੋਨ ਹੋਣ ਤੇ ਟਿਪਣੀ ਕਰ ਬੈਠਾ ਸੀ । ਲੋਕ ਸਪੱਸਟ ਕਹਿ ਰਹੇ ਨੇ ਕਿ ਅਸੀ ਕੇਸਾਂ ਜਾ ਦਾਹੜੇ ਦੇ ਭੇਖ ਨਾਲ ਨਹੀਂ ਸਗੋਂ ਸੱਚ ਨਾਲ ਹਾ।….ਖੂਬਸੂਰਤ ਲੇਖ ਲਈ ਧੰਨਵਾਦ

    ReplyDelete
  3. ਗੁਲਾਮ ਕਲਮ ਬਲੌਗ ਤੇ ਇਹੋ ਜਿਹੇ ਸੰਕੀਰਣਤਾ ਵਾਲੇ ਲੇਖ ਦੇਖ ਕੇ ਕਾਫੀ ਅਫਸੋਸ ਹੋਇਆ... ਕਲਮ ਦੇ ਨਾਲ ਨਾਲ ਸਾਡੀ ਜਿਹਨੀਅਤ ਵੀ ਗੁਲਾਮ ਹੈ...

    ReplyDelete
  4. ਅਮਗੀਤ ਜੀ, ਕਿਰਪਾ ਕਰਕੇ ਸੰਕੀਰਣਤਾ ਤੇ ਗੁਲਾਮ ਜਿਹਨੀਅਤ ਦੇ ਅਰਥ ਸਮਝਾਉਗੇ ਜਾ ਫਿਰ ਤੁਸੀ ਵੀ ਉਨ੍ਹਾਂ ਵਿਚੋਂ ਹੀ ਹੋ ਜੋ ਮਾਂ ਬੋਲੀ, ਪਛਾਣ,ਸੱਭਿਅਤਾ, ਸੱਭਿਆਚਾਰ, ਕਿਰਤ ਤੇ ਪਾਣੀ ਦੀ ਲੜਾਈ ਨੂੰ ਫਿਰਕੂ ਤੇ ਵੱਖਵਾਦੀ ਲੜਾਈ ਦੱਸ ਕੇ ਸਟੇਟ ਦੀ ਖੰਘ ‘ਚ ਖੰਘਦੇ ਨੇ । ਪੰਜਾਬ ‘ਚ ਹੋਰ ਤੇ ਪੱਛਮੀ ਬੰਗਾਲ ‘ਚ ਹੋਰ ਹੁੰਦੇ ਨੇ । ਜਿਹੜੇ ਪੰਜਾਬੀ ਦੀ ਪੱਗ ਨੂੰ ਸਿੱਖਾਂ ਦੀ ਦੱਸਦੇ ਨੇ (ਉਵੇ ਹੀ ਜਿਵੇ ਸ਼ਰਾਰਤੀ ਪੰਜਾਬੀ ਮਾਂ ਬੋਲੀ ਨੂੰ ਸਿੱਖਾਂ ਦੀ ਕਹਿ ਦੇਦੇ ਨੇ)। ਗਦਰੀ ਬਾਬਿਆਂ ਨੂੰ ਅੰਮ੍ਰਧਾਰੀ ਕਹੇ ਜਾਣ ਤੇ ਮੂੰਹ ਵੱਟ ਲੈਦੇ ਨੇ । ਪੰਜਾਬ ਦੀ ਕੌਮੀ ਲਹਿਰ ਦੇ ਸ਼ਹੀਦਾਂ ਨੂੰ ਅੱਤਵਾਦੀ ਤੇ ਕਿਰਤੀਆਂ ਦੀ ਦਾਤੀ ਹਥਾਉੜੇ ਦੇ ਉਹਲੇ ਸੱਤਾ ਦੀ ਦੱਲੇਬਾਜੀ (ਸੀਪੀਐੱਮ ਸੀਪੀਆਈ) ਕਰਨ ਵਾਲਿਆਂ ਨੂੰ ਦੇਸ਼ ਦੇ ਸ਼ਹੀਦ ਦੱਸਦੇ ਨੇ । ਮਾਫ ਕਰਨਾਂ ! ਰੰਗ ਭਾਵੇ ਇਨ੍ਹਾਂ ਦਾ ਲਾਲ ਏ ਪਰ ਏਨਾਂ ਵਫਾਦਾਰੀ ਹਮੇਸ਼ਾਂ ਭੰਗਵੇਂ ਦੀ ਕੀਤੀ ਏ। ਅੱਜ ਵੀ ਤੁਹਾਡੇ ਭਾਰਤ ਦੀਆਂ ਬਹੁਤੀਆਂ ਸਟੇਟਾਂ ‘ਚ ਇਹੀ ਕੁਝ ਕਰ ਰਹੇ ਨੇ ਕਿਰਤੀ ਯੋਧੇ ਰੋਟੀ ਦੀ ਜੰਗ ਲੜ ਰਹੇ ਨੇ ਤੇ ਇਹ ਅਜ਼ਾਦ ਜਿਹਨੀਅਤ ਵਾਲੇ ਭਾਰਤ ਦੀ ਅਜ਼ਾਦੀ ਤੇ ਏਕਤਾ ਅਖੰਡਤਾਂ ਕਾਇਮ ਰੱਖਣ ਲਈ ਉਨ੍ਹਾਂ ਦੇ ਖੂੁਨ ਨਾਲ ਖੇਡ ਰਹੇ ਨੇ । ਪਰ ਕਿਰਪਾ ਕਰਕੇ ਮੈਨੂੰ ਇਸ ਲੇਖ ਦੇ ਸਬੰਧ ‘ਚ ਸੰਕੀਰਣਤਾਂ (ਮੈ ਤਾਂ ਇਸ ਵਿਦੇਸੀ ਸ਼ਬਦ ਦੇ ਸ਼ਬਦੀ ਅਰਥ ਵੀ ਨਹੀਂ ਜਾਣਦਾ) ਅਤੇ ਗੁਲਾਮ ਜਿਹਨੀਅਤ ਦੇ ਅਰਥ ਸਮਝਾ ਦਿਉ । ਸਮਝ ਕੱਚੀ ਹੈ ਤੁਸੀ ਵਿਸਥਾਰ ਸਾਹਿਤ ਦੱਸੋਗੇ ਤਾਂ ਸਮਝ ਜਾਵਾਗਾ।
    ਧੰਨਵਾਦ ਸਹਿਤ
    ਚਰਨਜੀਤ ਸਿੰਘ ਤੇਜਾ
    mythbuster_teja@yahoo.co.in

    ReplyDelete
  5. This comment has been removed by the author.

    ReplyDelete
  6. ਹਾਂ ਜੀ ਚਰਨਜੀਤ ਜੀ... ਸ਼ੁਕਰੀਆ ਤੁਸੀਂ ਮੇਰੇ ਬਲੌਗ ਤੇ ਆਏ ਤੇ ਹੌਂਸਲਾ ਅਫਜਾਈ ਦਿੱਤੀ... ਹੁਣ ਕਰੀਏ ਤੁਹਾਡੇ ਸਵਾਲਾਂ ਬਾਰੇ ਗੱਲ... ਪਹਿਲਾਂ ਮੈਂ ਇਹ ਦੱਸ ਦੇਵਾਂ ਕਿ ਮੈਂ (ਸੀਪੀਐੱਮ ਸੀਪੀਆਈ) ਲਾਣੇ ਦੇ ਉਨਾ ਹੀ ਖਿਲਾਫ ਜਿੰਨੇ ਕਿ, ਤੁਹਾਡਾ ਉੱਤਰ ਪੜ ਕੇ ਮੈਨੂੰ ਲੱਗਿਆ, ਤੁਸੀਂ ਹੋ, ਪਰ ਮੈਂ ਮਾਂ ਬੋਲੀ, ਪਛਾਣ,ਸੱਭਿਅਤਾ, ਸੱਭਿਆਚਾਰ, ਧਰਮ, ਇਲਾਕਾਵਾਦ ਆਦਿ ਦੇ ਆਧਾਰ ਤੇ ਇੱਕ ਮਰਾਠੀ ਮਜ਼ਦੂਰ ਨੂੰ ਬਿਹਾਰੀ ਜਾਂ ਯੂਪੀ ਦੇ ਮਜ਼ਦੂਰ ਖਿਲਾਫ ਲੜਾਉਣ ਵਾਲੇ ਠਾਕਰੇ ਜੁੰਡਲੀ ਤੇ ਮੋਦੀ ਜਿਹੇ ਮਸੀਹਿਆਂ ਦੇ ਵੀ ਉਨਾ ਹੀ ਖਿਲਾਫ ਹਾਂ.. ਜੇ ਕੋਈ ਗਦਰੀਆਂ ਦੇ ਅੰਮ੍ਰਧਾਰੀ ਹੋਣ ਕਰਕੇ ਮੂੰਹ ਵੱਟਦਾ ਹੈ ਤਾਂ ਅਜਿਹਿਆਂ ਨੂੰ ਹੱਦ ਦਰਜੇ ਦੇ ਹੋਛੇ ਲੋਕ ਹੀ ਕਿਹਾ ਜਾ ਸਕਦਾ ਹੈ... ਪਰ ਮੇਰੇ ਲਈ ਉਹ ਵੀ ਉਨੇ ਹੀ ਹੋਛੇ ਜਿਹਨਾਂ ਨੂੰ ਗਦਰੀਆਂ ਦੀ ਯਾਦ ਸਿਰਫ ਇਸ ਕਰਕੇ ਹੀ ਆਉਂਦੀ ਹੈ ਕਿ ਉਹ ਅੰਮ੍ਰਧਾਰੀ ਸਨ ਤੇ ਜਿਹਨਾਂ ਨੂੰ ਸਿਰਫ ਅੰਮ੍ਰਧਾਰੀ ਗਦਰੀਆਂ ਦੀ ਹੀ ਯਾਦ ਆਉਂਦੀ ਹੈ .. ਤੇ ਜਿਹਨਾਂ ਲਈ ਭਗਤ ਸਿੰਘ ਇਸੇ ਲਈ ਅੱਤਵਾਦੀ ਹੋ ਜਾਂਦਾ ਹੈ ਕਿਉਂਕਿ ਉਸਨੇ ਮਾਰਕਸਵਾਦ ਦੀ ਗੱਲ ਕੀਤੀ... (ਸੀਪੀਐੱਮ ਸੀਪੀਆਈ) ਲਾਣਾ ਜੋ ਵੀ ਫਾਸੀਵਾਦੀ ਹਰਕਤਾਂ ਕਰ ਰਿਹਾ ਹੈ, ਉਸ ਲਈ ਕਿਰਤੀ ਲੋਕ ਕਦੇ ਵੀ ਇਹਨਾ ਗਦਾਰਾਂ ਨੂੰ ਮੁਆਫ ਨਹੀਂ ਕਰਨਗੇ, ਤੇ ਸੇਵਾ ਇਹ ਭਗਵੇਂ ਦੀ ਕਰਨ ਜਾਂ ਚਿੱਟੀ ਟੋਪੀ ਦੀ, ਖੜੇ ਇਹ ਹਮੇਸ਼ਾ ਮਿਹਨਤਕਸ਼ਾਂ ਦੇ ਖਿਲਾਫ ਹੀ ਹਨ.. ਭਾਰਤ ਵਿੱਚ ਜਿੱਥੇ ਵੀ ਕਿਰਤੀ ਲੋਕ ਰੋਟੀ ਲਈ ਤੇ ਆਪਣੇ ਰਾਜ ਲਈ ਸ਼ੰਘਰਸ ਕਰ ਰਹੇ ਹਨ [ਬਸ਼ਰਤੇ ਕਿ ਇਹ ਕਿਰਤੀ ਠਾਕਰੇ, ਮੋਦੀ ਨਸਲ ਦੇ ਨਾ ਹੋਣ]ਉਹਨਾਂ ਨਾਲ ਮੇਰੀ ਹਮਦਰਦੀ ਤੇ ਫੁੱਲ ਸਪੋਟ ਹੈ.. ਇਸ ਲੇਖ ਦੇ ਸੰਬੰਧ ਵਿੱਚ ਸੰਕੀਰਣਤਾ ਇਸ ਲਈ ਕਿਹਾ ਕਿਉਂਕਿ ਇੱਕਪਾਸੜ ਹੈ, ਬਾਬਿਆਂ ਦੇ ਸੰਬੰਧ ਵਿੱਚ ਨਹੀਂ, ਬੱਬੂ ਮਾਨ ਦਾ ਮੁਲਾਂਕਣ ਕਰਨ ਵਿੱਚ... ਗੁਲਾਮ ਜਿਹਨੀਅਤ ਇਸ ਕਰਕੇ ਅਸੀਂ ਅੱਜ ਵੀ ਉਨੇ ਹੀ ਜ਼ਜਬਾਤੀ ਹੋ ਕੇ ਲਿਖਦੇ ਹਾਂ ਜਿੰਨਾ ਕਿ ਅੰਗਰੇਜ਼ਾਂ ਲਈ ਸਾਮਰਾਜੀ ਲੜਾਈਆਂ ਲੜਦੇ ਸਾਂ...

    ReplyDelete
  7. ਬਾਈ ਅਮਗੀਤ,
    ਸਭਤੋਂ ਪਹਿਲਾਂ ਮੈਂ ਇਹ ਸ਼ਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਗੁਲਾਮ ਕਲਮ ਕੋਈ ਪੋਲੀਟੀਕਲ ਪਲੇਟਫਾਰਮ ਜਾਂ ਪਾਰਟੀ ਨਹੀਂ ਹੈ।ਕਿ ਜਿੱਥੇ ਸਭਨੂੰ ਇਕੋ ਧਾਰਾ ਦੇ ਸ਼ੁੱਧਤਾਵਾਦੀ ਧਾਗੇ ‘ਚ ਪਿਰੋਇਆ ਜਾਵੇ।ਇਹ“100 ਫੁੱਲ ਖਿੜਨ ਦਿਓ ਤੇ ਹਜ਼ਾਰ ਵਿਚਾਰ ਭਿੜਨ ਦਿਓ” ਦੇ ਫਲਸਫੇ ਨਾਲ ਸ਼ੁਰੂ ਕੀਤਾ ਗਿਆ।ਤੇ ਅਸੀਂ ਖੁਦ ‘ਬਾਇਓਡੈਵਰਸਿਟੀ ਆਫ ਰਜਿਸਟੈਂਸ” ‘ਚ ਪੂਰਾ ਯਕੀਨ ਰੱਖਦੇ ਹਾਂ।ਇਸੇ ਧਾਰਨਾ ਨਾਲ ਕਿ ਗੁਲਦਸਤਾ ਬੁਹਰੰਗੇ ਫੁੱਲਾਂ ਦਾ ਹੀ ਚੰਗਾ ਲੱਗਦਾ ਹੈ।

    ਸਾਨੂੰ ਲਗਦਾ“ਕਿ ਭਾਰਤੀ ਤੇ ਪੰਜਾਬੀ ਪੱਤਰਕਾਰੀ ‘ਚ ਲੋਕਤੰਤਰ ਦੇ ਮੌਲਿਕ ਅਧਿਕਾਰ “ਫ੍ਰੀਡਮ ਆਫ ਐਕਸਪ੍ਰੈਸ਼ਨ” ਦਾ ਗਲਾ ਘੁੱਟਿਆ ਜਾ ਰਿਹਾ ਹੈ।ਇਸ ਲਈ
    ਅਸੀਂ ਜਦੋਂ ਗੁਲਮ ਕਲਮ ਨੂੰ ਸ਼ੁਰੂ ਕੀਤਾ ਤਾਂ ਇਕ ਗੱਲ ਤਹਿ ਕੀਤੀ ਸੀ ਕਿ ਕੋਈ ਵੀ ਜਾਤੀਵਾਦੀ,ਬ੍ਰਹਮਣਵਾਦੀ ਜਾਂ ਫਾਸ਼ੀਵਾਦੀ ਲਿਖਤ ਨੂੰ ਸਪੇਸ ਨਹੀਂ ਦਿੱਤਾ ਜਾਵੇਗਾ।ਪਰ ਧਾਰਮਿਕ,ਸੱਭਿਆਚਾਰ ਤੇ ਰਾਜਨੀਤਕ ਜਾਂ ਹੋਰ ਕਿਸੇ ਵੀ ਹੋਰ ਵਿਚਾਰ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ।ਤੇ ਅਸੀਂ ਅਪਣੀ ਵਿਅਕਤੀਗਤ ਤੇ ਰਾਜਨੀਤਿਕ ਅਸਹਿਮਤੀ ਦੇ ਬਾਵਜੂਦ ਹਰ ਤਰ੍ਹਾਂ ਦੀ ਰਚਨਾਵਾਂ ਛਾਪੀਆਂ ਹਨ।ਇਹ ਇਸ ਲਈ ਵੀ ਜ਼ਰੂਰੀ ਸੀ ਕਿ ਜਿਸ ‘ਲਿਖਣ ਦੀ ਅਜ਼ਾਦੀ’ ਦੀ ਅਜ਼ਾਦੀ ਦਾ ਅਸੀਂ ਰੌਲਾ ਪਾ ਰਹੇ ਹਾਂ,ਕਿਤੇ ਉਸ ਦਾ ਘਾਣ ਸਾਡੇ ਕੋਲੋਂ ਨਾ ਹੋਵੇ।ਤੇ ਬਲੌਗ ਇਕ ਅਲਟਰਨੇਵਿਟ ਮੀਡੀਆ ਨਾ ਬਣਕੇ ਪਾਪੂਲਰ ਕਚਲਰ ਦਾ ਹਿੱਸਾ ਬਣੇ।
    ਤੁਹਾਡੇ ਨਜ਼ਰੀਏ ਮੁਤਾਬਿਕ ਲੇਖਕ ਦੇ ਵਿਚਾਰ ਸੰਕੀਰਨ ਹੋ ਸਕਦੇ ਹਨ,ਪਰ ਕਿਸੇ ਹੋਰ ਪਾਠਕ ਲਈ ਅਗਾਂਹਵਧੂ ਵੀ ਹੋ ਸਕਦੇ ਹਨ।ਇਥੇ ਮੁੱਦਾ ਰਾਜਨੀਤਿਕ ਸਮਝ ਤੇ ਵਿਚਾਰਾਂ ਦਾ ਆ ਜਾਵੇਗਾ ਜੋ ਕਿ ਅਸੀਂ ਗੁਲਾਮ ਕਲਮ ਬਾਰੇ ਪਹਿਲਾਂ ਹੀ ਸਾਫ ਕਰ ਚੁੱਕੇ ਹਾਂ।ਆਖਿਰ ‘ਚ ਇਹੀ ਕਹਾਂਗੇ ਕਿ ਰਾਜ ਠਾਕਰੇ,ਬਾਲ ਠਾਕਰੇ,ਮੋਦੀ ਆਦਿ ਆਦਿ ਵਰਗੀਆਂ ਫਾਸ਼ੀਵਾਦੀ ਸ਼ਕਤੀਆਂ ਦੇ ਅਸੀਂ ਕੱਟੜ ਖਿਲਾਫ ਹਾਂ।ਤੇ ਇਸ ਲੇਖ ‘ਚ ਅਜਿਹਾ ਕੁਝ ਵੀ ਨਹੀਂ ਜੋ ਮੋਦੀ ਜਾਂ ਠਾਕਰਿਆਂ ਦੀ ਰਾਜਨੀਤੀ ਵਰਗਾ ਹੋਵੇ।ਲੇਖਕ ਨੇ ਕੋਈ ਵੀ ਜਾਤੀਵਾਦੀ ਜਾਂ ਫਾਸ਼ੀਵਾਦੀ ਗੱਲ ਨਾ ਕਰਦੇ ਹੋਏ ਅਪਣੇ ਧਾਰਮਿਕ ਤੇ ਖਾਲਸਾਈ ਨਜ਼ਰੀਏ ਤੋਂ ਬੱਬੂ ਮਾਨ ਤੇ ਬਾਬਿਆਂ ਨੂੰ ਪ੍ਰਭਾਸ਼ਿਤ ਕੀਤਾ ਹੈ।ਇਸ ਰਚਨਾ ਦੇ ਕੁਝ ਕੁ ਪੱਖਾਂ ਨਾਲ ਸਾਡੀ ਵਿਅਕਤੀਗਤ ਤੌਰ ‘ਤੇ ਅਸਹਿਮਤੀ ਸੀ,ਪਰ ਜੇ ਇਸ ਕਰਕੇ ਅਸੀਂ ਰਚਨਾ ਦਾ ਗਲਾ ਘੱਟਾਂਗੇ ਤਾਂ ਸਾਡੇ ਤੇ ਮੁੱਖ ਧਾਰਾ ‘ਚ ਕੋਈ ਫਰਕ ਨਹੀਂ ਰਹੇਗਾ।ਬਾਕੀ ਚਰਨਜੀਤ ਤੇ ਤੁਹਾਡੀ ਸਾਰਥਿਕ ਬਹਿਸ ਬਹੁਤ ਚੰਗੀ ਲੱਗੀ।ਸਾਨੂੰ ਉਮੀਦ ਹੈ ਇਕ ਦਿਨ ਪੰਜਾਬੀ ‘ਚ ਇਸ ਤਰ੍ਹਾਂ ਬਹਿਸਾਂ ਕਰਨ ਵਾਲੇ ਲੱਖਾਂ ਪਾਠਕ ਤੇ ਚਿੰਤਕ ਹੋਣਗੇ।
    ਯਾਦਵਿੰਦਰ ਕਰਫਿਊ ,ਹਰਪ੍ਰੀਤ ਰਠੌੜ

    ReplyDelete
  8. "100 ਫੁੱਲ ਖਿੜਨ ਦਿਓ ਤੇ ਹਜ਼ਾਰ ਵਿਚਾਰ ਭਿੜਨ ਦਿਓ”
    There are two things you can find all over the planet called Earth is hydrogen and stupid people. So guyz its not surprise me to listen defensive answers from baba groups. You guys listen sharp speaks of all babaz.( Dhadi Tarsem Singh Moriwali & Baba Ranjit Singh )Speach are only one-way communication.No one can ask questions to someone who is on stage with full control of microphone. And if somebody wants to do so, you better know what kind control is over those functions (so called DIWANS). If you guys have chance to travel between Sangrur to Patiala, you can see a big concrete building of Baba Ranjit Singh’s resident (Koti) and Gurdwara also (Parmesher Duwar close to army shooting range) That will help you to understand all this story. A young guy from pind Dhadriiyan (near Longowal) from a middle calls farmers now enjoy HUMMER & AUDI rides, that will firstly surprise everyone and secondly shocked young, educated and specially unemployed person, who had hardly have bus fare in his pocket.

    Sikh religion’s three teaching are (1) kirat karo (2) wand shako (3) namm japoo.
    But I never see any baba cook his own food and serve him self, to earn food & shelter is like impossible. Sikh panth want to open indo –pak border to Gurdwara Kartarpur. But no one want to do farming like Baba Nanak, to self depended him self at the age of 60 plus .Its all about life style of Babaz not only car & red light. The way to follow first two teaching of Baba Nanak. There is hardly to find High School in every single village of Punjab, you can find more than one DERA easily (5 in my native village DHANAULA).

    So wake up and get real meaning of lyrics by Babbu Mann. More likely Dhadi Tarsem Singh Moriwali & Baba Ranjit Singh are not easy to find like water on earth

    Bhupinder Gill
    Edmonton,AB,Canada

    ReplyDelete
  9. babbu mann di kalam ne saabat kar ditta k oh kise v sach nu likhan ton nahin darda te ohde gaye geet ne eh saabat kar ditta k sach di awaaz nu kade v koi dabaa nahin sakeya te na hi dabaa sakega,babbu d kalam ch bahut sanjidgi hai

    ReplyDelete
  10. mainu tan ane khuse hoe a ke koi tan ha jehne tongea da bare avaj choke a . main up da rhen wala han main babbu veer nu bahut pasand karda /my name is baljinder singh ghuman/

    ReplyDelete