ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, April 20, 2010

ਸਾਹਿਤ ਦਾ ਮਿਆਰ

ਅੱਜ ਭਾਰਤ ਰਾਜਨੀਤਕ, ਆਰਥਿਕ ਤੇ ਸੱਭਿਆਚਾਰਕ ਪੱਖੋਂ ਕਾਫੀ ਨਿਘਾਰ ਦਾ ਸ਼ਿਕਾਰ ਹੈ| ਅਜਿਹੇ ਵਿਚ ਸਹੀ ਸੇਧ ਦੇਣ ਵਾਲੇ ਸਾਹਿਤਕਾਰ ਤੇ ਵਿਦਵਾਨ ਲੋਕ ਵੀ ਆਪਸੀ ਗੁੱਟਬੰਦੀਆਂ ਤੇ ਪਦਵੀਆਂ ਦੀ ਗਰਜ ਖਾਤਰ ਕੁਰਾਹੇ ਪਏ ਨਜ਼ਰ ਆਉਂਦੇ ਹਨ| ਅੱਜ ਸਮਾਜ ਅੰਦਰ ਜਿਸ ਪੱਧਰ ’ਤੇ ਰਾਜਨੀਤਕ, ਸਭਿਆਚਾਰਕ ਕਦਰਾਂ-ਕੀਮਤਾਂ ਦਾ ਘਾਣ ਹੋ ਰਿਹਾ ਹੈ, ਉਸ ਦੀ ਯਥਾਰਥਕ ਤਸਵੀਰ ਪੇਸ਼ ਕਰਨ ਵਿਚ ਸਾਹਿਤ ਦਾ ਮਿਆਰ ਬਹੁਤ ਨੀਵਾਂ ਹੈ| ਚੰਗਾ ਸਾਹਿਤ ਉਹੀ ਹੁੰਦਾ ਹੈ ਜੋ ਸਮਾਜ ਦੀ ਸਹੀ ਤਸਵੀਰ ਪੇਸ਼ ਕਰਨ ਦੇ ਨਾਲ-ਨਾਲ ਆਪਣੀਆਂ ਉਸਾਰੂ ਰਚਨਾਵਾਂ ਰਾਹੀਂ ਸਮਾਜ ਨੂੰ ਸਹੀ ਸੇਧ ਦੇਵੇ ਤਾਂ ਹੀ ਤਾਂ ਸਾਹਿਤ ਨੂੰ ਸਮਾਜ ਦਾ ’ਅਕਸ’ ਕਿਹਾ ਜਾਂਦਾ ਹੈ|


ਅੱਜ-ਕੱਲ੍ਹ ਖਾਸ ਕਰ ਨੌਜਵਾਨ ਸਾਹਿਤਕਾਰ
ਆਪਣੇ ਜ਼ਮਾਨੇ ਦੀ ਆਵਾਜ਼ ਨੂੰ ਨਾ ਪਛਾਣਦੇ ਹੋਏ ਪਿਛਲੱਗ ਰੁਚੀਆਂ ਨੂੰ ਤਰਜੀਹ ਦਿੰਦੇ ਹਨ| ਕਈ ਸਾਹਿਤਕਾਰ ਨਿੱਜੀ ਲਾਭ ਜਾਂ ਨਾਮਣਾ ਖੱਟਣ ਦੇ ਲਾਲਚ ਵਿਚ ਲੋਕਾਂ ਨੂੰ ਕੁਰਾਹੇ ਪਾਉਣ ਦੀਆਂ ਸਿਆਸਤੀ ਨੀਤੀਆਂ ਨੂੰ ਫੁੱਲ੍ਹ ਚੜ੍ਹਾਉਂਦੇ ਹਨ| ਸਾਹਿਤ ਦਾ ਵਿਸ਼ਾ ਉਹ ਲੋਕ ਹੋਣੇ ਚਾਹੀਦੇ ਹਨ ਜਿਹੜੇ ਸਮਾਜਿਕ ਪੌੜੀ ਦੇ ਬਿਲਕੁਲ ਹੇਠਲੇ ਡੰਡਿਆਂ ਉਤੇ ਖੜ੍ਹੇ ਹਨ| ਸਾਹਿਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਲੋਕਾਂ ਦੇ ਮਸਲਿਆਂ,ਸੰਘਰਸ਼ਾਂ ਨੂੰ ਆਪਣੀਆਂ ਰਚਨਾਵਾਂ ਰਾਹੀਂ ਉਜਾਗਰ ਕਰਨ| ਜਿਵੇਂ ਮਹਾਨ ਰੂਸੀ ਸਾਹਿਤਕਾਰ ਮੈਕਸਿਮ ਗੋਰਕੀ ਨੇ ਲਿਖਿਆ ਸੀ, "ਸਾਡਾ ਮਨੋਰਥ ਨੌਜਵਾਨਾਂ ਵਿਚ, ਜ਼ਿੰਦਗੀ ਲਈ ਵਿਸ਼ਵਾਸ਼ ਅਤੇ ਲੋਕਾਂ ਲਈ ਮੁਹੱਬਤ ਭਰਨਾ ਹੈ| ਅਸੀਂ ਲੋਕਾਂ ਨੂੰ ਬਹਾਦਰ ਬਣਨ ਦਾ ਹੋਕਾ ਦੇਣਾ ਚਾਹੁੰਦੇ ਹਾਂ| ਇਹ ਜ਼ਰੂਰੀ ਹੈ ਅਤੇ ਮਨੁੱਖ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਸੰਸਾਰ ਦਾ ਮਾਲਕ ਤੇ ਸਿਰਜਣਹਾਰ ਹੈ| ਇਸ ਧਰਤੀ ਉਤੇ ਜ਼ਿੰਦਗੀ ਵਿਚ ਜੋ ਕੁਝ ਚੰਗਾ ਹੈ ਇਸ ਦਾ ਸਿਲਾ ਉਸ ਨੂੰ ਜਾਂਦਾ ਹੈ|"

ਅੱਜ ਸਮਾਜ ਅੰਦਰ ਮਿਹਨਤਕਸ਼ਾਂ ਦੀ ਬੇਕਿਰਕ ਲੁੱਟ, ਪੁਲਿਸ ਤਸ਼ਦੱਦ, ਭ੍ਰਿਸ਼ਟਾਚਾਰ, ਫਿਰਕੂ ਫਸਾਦ, ਬੇਰੁਜ਼ਗਾਰੀ ਤੇ ਬਾਲਾਤਕਾਰ ਜਿਹੀਆਂ ਘਟਨਾਵਾਂ ਗੰਭੀਰ ਰੂਪ ਧਾਰਨ ਕਰ ਚੁੱਕੀਆਂ ਹਨ| ਅਜਿਹੇ ਮਹੌਲ ਵਿਚ ਸਮਾਜ ਦਾ ਹਰੇਕ ਵਰਗ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ| ਦੇਸ਼ ਦੀ 77 ਫੀਸਦੀ ਆਬਾਦੀ ਭੁੱਖੇ ਢਿੱਡ ਗੁਲਾਮੀ ਭਰਿਆ ਜੀਵਨ ਬਤੀਤ ਕਰ ਰਹੀ ਹੈ| ਬੇਰੁਜ਼ਗਾਰੀ ਦੀ ਮਾਰ ਕਾਰਨ ਨੌਜਵਾਨ ਵਰਗ ਵਿਚ ਮਾਯੂਸੀ ਛਾਈ ਹੋਈ ਹੈ| ਹੱਕਾਂ ਲਈ ਉਠੇ ਹੋਏ ਹੱਥਾਂ ਨੂੰ ਜਬਰ ਰਾਹੀਂ ਝੁਕਾਉਣ ਦੇ ਜ਼ਾਲਮੀ ਹਥਕੰਡੇ ਵਰਤੇ ਜਾ ਰਹੇ ਹਨ| ਪਰ ਸਾਹਿਤਕਾਰਾਂ ਦੀ ਰਚਨਾ ਦਾ ਵਿਸ਼ਾ ਇਨ੍ਹਾਂ ਤੋਂ ਦੂਰ ਹੀ ਰਿਹਾ ਹੈ| ਇਨ੍ਹਾਂ ਸਰਮਾਏਦਾਰੀ ਤੇ ਪੂੰਜੀਵਾਦੀ ਵਧੀਕੀਆਂ ਖਿਲਾਫ਼ ਹਰ ਜਾਗਰੂਕ ਦਿਲਾਂ ਅੰਦਰ ਜਜ਼ਬੇ ਉਛਾਲੇ ਖਾ ਰਹੇ ਹਨ ਪਰ ਅਜੇ ਤੱਕ ਕਲਮਾਂ ਦੇ ਮੂੰਹ ਖਾਮੋਸ਼ ਨੇ|

ਸਾਹਿਤਕਾਰਾਂ ਨੂੰ ਚਾਹੀਦਾ ਹੈ ਕਿ ਫਰੇਬ ਤੇ ਲੁੱਟ ’ਤੇ ਟਿਕੇ ਇਸ ਨਿਜ਼ਾਮ ਦੀਆਂ ਖਾਮੀਆਂ, ਗਲਤ ਕੀਮਤਾਂ ਤੇ ਵਿਰੋਧਤਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ| ਖੁਦਗਰਜ਼ੀ ਦੇ ਰਿਸ਼ਤਿਆਂ ’ਚ ਪਨਾਹ ਲੈਣ ਵਾਲੀ ਸੂਖਮਤਾ ਦਾ ਲੜ ਛੱਡ ਕੇ ਜ਼ਿੰਦਗੀ ਦੇ ਕਰੂਪ ਹੋ ਰਹੇ ਚਿਹਰੇ ਵੱਲ ਝਾਤੀ ਮਾਰਨ|

ਸਾਹਿਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਮੇਂ ਦੇ ਹਾਣੀ ਹੋ ਕੇ ਲਿਖਣ ਤੇ ਲੋਕਾਂ ਨੂੰ ਉਨ੍ਹਾਂ ਦੀ ਤਾਕਤ ਤੋਂ ਜਾਣੂ ਕਰਵਾ ਕੇ ਉਨ੍ਹਾਂ ਨੂੰ ਜ਼ਿੰਦਗੀ ਦੇ ਸੰਘਰਸ਼ ਲਈ ਪ੍ਰੇਰਿਤ ਕਰਨ| ਸਾਹਿਤ ਵਿਚ ਇਹ ਸ਼ਕਤੀ ਹੈ ਜੋ ਕਿ ਉਹ ਲੋਕਾਂ ਨੂੰ ਉਨ੍ਹਾਂ ਦੀ ਉਸ ਸ਼ਕਤੀ ਤੋਂ ਜਾਣੂ ਕਰਵਾਉਂਦੀ ਹੈ ਜਿਸ ਨੂੰ ਵੱਡੀ ਤੋਂ ਵੱਡੀ ਫੌਜੀ ਤਾਕਤ ਵੀ ਕੁਚਲ ਨਹੀਂ ਸਕਦੀ| ਇਹ ਲੋਕ ਸ਼ਕਤੀ ਤਲਵਾਰ ਦੀ ਧਾਰ ਤੇ ਤੋਪਾਂ ਦੀਆਂ ਗਰਜਾਂ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ|

ਸਤਵਿੰਦਰ ਸਿੰਘ ਸਿਵੀਆਂ
ਪੰਜਾਬ ਲੋਕ-ਮੰਚਬਲੌਗ ਤੋਂ ਧੰਨਵਾਦ ਸਹਿਤ

1 comment:

  1. ਕੀ ਫ਼ਾਇਦਾ,ਜੋ ਸਾਹਿਤਕਾਰ ਚਰਚਿਤ ਹਨ, ਉਹ ਆਪ ਇਸ ਫਰੇਬ ਤੇ ਲੁੱਟ ’ਤੇ ਟਿਕੇ ਇਸ ਨਿਜ਼ਾਮ ਦੀਆਂ ਖਾਮੀਆਂ, ਗਲਤ ਕੀਮਤਾਂ ਤੇ ਵਿਰੋਧਤਾਵਾਂ ਦਾ ਹਿੱਸਾ ਹਨ, ਤੇ ਜਿਹਡ਼ੇ ਚਰਚਿਤ ਨਹੀਂ ਹਨ, ਉਹਨਾਂ ਨੂੰ ਪਡ਼੍ਹਦਾ ਕੋਈ ਨਹੀਂ।
    ਜਸਬੀਰ ਕੌਰ (ਡਾ.)

    ReplyDelete