ਦੇਸ਼ ਦੀ ਆਜ਼ਾਦੀ ਤੋਂ ਦੋ ਦਹਾਕੇ ਬਾਅਦ ਬੰਗਾਲ ਵਿਚ ਕਿਸਾਨਾਂ ਦੇ ਵਿਦਰੋਹ ਅਤੇ ਫਿਰ ਇਸ ਵਿਦਰੋਹ ਨੂੰ ਇਨਕਲਾਬ ਦੇ ਰਾਹ ਤੋਰਨ ਵਾਲੀ ਤਿੱਕੜੀ ਦਾ ਆਖ਼ਰੀ ਸ਼ਾਹਸਵਾਰ ਕਾਨੂ (ਕ੍ਰਿਸ਼ਨ ਕੁਮਾਰ) ਸਾਨਿਆਲ ਵੀ ਆਖ਼ਰੀ ਅਲਵਿਦਾ ਆਖ ਗਿਆ। ਇਸ ਤਿੱਕੜੀ ਦਾ ਮੁੱਖ ਲੀਡਰ ਚਾਰੂ ਮੌਜੂਮਦਾਰ 28 ਜੁਲਾਈ 1972 ਨੂੰ ਪੁਲੀਸ ਹਿਰਾਸਤ ਵਿਚ ਫ਼ੌਤ ਹੋ ਗਿਆ ਸੀ ਅਤੇ ਲੋਕ ਲੀਡਰ ਜੰਗਲ ਸੰਥਾਲ 1981 ਵਿਚ ਸਦਾ ਸਦਾ ਲਈ ਤੁਰ ਗਿਆ ਸੀ। ਇਸ ਤਿੱਕੜੀ, ਇਨ੍ਹਾਂ ਦੇ ਸੰਗੀ-ਸਾਥੀਆਂ ਅਤੇ ਇਨ੍ਹਾਂ ਨਾਲ ਜੁੜੀਆਂ ਸੰਗਤਾਂ ਨੇ ਉਦੋਂ ਦੇਸ਼ ਦੇ ਸਿਆਸੀ ਪਿੜ ਵਿਚ ਅਜਿਹਾ ਵੱਢ ਮਾਰਿਆ ਜਿਸ ਦੀ ਗੂੰਜ ਅੱਜ ਵੀ ਸੁਣਾਈ ਦੇ ਰਹੀ ਹੈ।
ਚਾਰੂ, ਕਾਨੂ ਅਤੇ ਜੰਗਲ ਦਾ ਨਾਂ ਨਕਸਲਬਾੜੀ ਦੀ ਕਿਸਾਨ ਬਗ਼ਾਵਤ ਨਾਲ ਡੂੰਘਾ ਜੁੜਿਆ ਹੋਇਆ ਹੈ। ਤਿੰਨਾਂ ਵਿਚੋਂ ਮੁਕਾਬਲਤਨ ਵੱਧ ਚਰਚਾ ਚਾਰੂ ਦੀ ਹੋਈ। ਕਾਨੂ ਸਾਨਿਆਲ, ਚਾਰੂ ਮੌਜੂਮਦਾਰ ਦੇ ਅਸਰ ਥੱਲੇ ਹੀ ਸੀ.ਪੀ.ਆਈ. ਵਿਚ ਸ਼ਾਮਲ ਹੋਇਆ ਸੀ। ਜਦੋਂ ਉਹ ਸਿਲੀਗੁੜੀ ਦੀ ਅਦਾਲਤ ਵਿਚ ਬਤੌਰ ਕਲਰਕ ਕੰਮ ਕਰਦਾ ਸੀ ਤਾਂ ਮੁੱਖ ਮੰਤਰੀ ਬੀ.ਸੀ. ਰਾਏ ਨੂੰ ਕਾਲਾ ਝੰਡਾ ਦਿਖਾਉਣ ਦੇ ਦੋਸ਼ ਵਿਚ ਉਸ ਨੂੰ ਜਲਪਾਈਗੁੜੀ ਜੇਲ੍ਹ ਅੰਦਰ ਡੱਕਿਆ ਗਿਆ ਸੀ। ਉੱਥੇ ਉਸ ਦੀ ਮੁਲਾਕਾਤ ਚਾਰੂ ਮੌਜੂਮਦਾਰ ਨਾਲ ਹੋਈ ਜੋ ਉਦੋਂ ਸੀ ਪੀ.ਆਈ. ਦੀ ਜ਼ਿਲ੍ਹਾ ਕਮੇਟੀ ਦਾ ਮੈਂਬਰ ਸੀ। ਰਿਹਾਈ ਤੋਂ ਬਾਅਦ ਕਾਨੂ ਵੀ ਸੀ.ਪੀ.ਆਈ. ਵਿਚ ਸ਼ਾਮਲ ਹੋ ਗਿਆ ਅਤੇ 1964 ਵਿਚ ਪਾਰਟੀ ਵਿਚ ਫੁੱਟ ਤੋਂ ਬਾਅਦ ਉਹ ਸੀ ਪੀ.ਆਈ. (ਐੱਮ.) ਨਾਲ ਖੜ੍ਹਿਆ।
ਨਕਸਲਬਾੜੀ ਦੇ ਇਲਾਕੇ ਵਿਚ ਕਿਸਾਨਾਂ ਵਿਚ ਰੋਹ ਦੇ ਭਾਂਬੜ ਬਾਲਣ ਵਾਲਿਆਂ ਵਿਚ ਮੋਹਰੀ ਕਾਨੂ ਅਤੇ ਜੰਗਲ ਸਨ। ਇਹ ਬਗ਼ਾਵਤ ਅਚਾਨਕ ਕੁਝ ਦਿਨਾਂ ਵਿਚ ਪੈਦਾ ਨਹੀਂ ਸੀ ਹੋਈ ਜਿਸ ਤਰ੍ਹਾਂ ਅਕਸਰ ਪੇਸ਼ ਕੀਤਾ ਜਾਂਦਾ ਹੈ। ਕਾਨੂ ਦੀ ਸਤੰਬਰ 1968 ਨੂੰ ਲਿਖੀ 'ਰਿਪੋਰਟ ਆਨ ਦ ਪੀਜ਼ੈਂਟਸ ਮੂਵਮੈਂਟ ਇਨ ਦ ਤਰਾਈ ਰੀਜਨ' (ਤਰਾਈ ਖੇਤਰ ਵਿਚ ਕਿਸਾਨ ਘੋਲ਼ ਬਾਰੇ ਰਿਪੋਰਟ) ਅਤੇ ਫਿਰ ਅਪਰੈਲ 1973 ਵਿਚ ਲਿਖੀ 'ਮੋਰ ਆਨ ਨਕਸਲਬਾੜੀ' (ਨਕਸਲਬਾੜੀ ਬਾਰੇ ਕੁਝ ਹੋਰ ਤੱਥ) ਵਿਚ ਇਸ ਕਿਸਾਨ ਬਗ਼ਾਵਤ ਦਾ ਇਤਿਹਾਸ ਅਤੇ ਪਿਛੋਕੜ ਸਮੋਇਆ ਪਿਆ ਹੈ। ਇਸ ਦੀਆਂ ਜੜ੍ਹਾਂ 1946 ਤੱਕ ਪਸਰੀਆਂ ਹੋਈਆਂ ਹਨ। ਇਸ ਬਗ਼ਾਵਤ ਨੂੰ ਸਮਝਣ ਲਈ ਤੇਭਾਗਾ (ਬੰਗਾਲ) ਅਤੇ ਤਿਲੰਗਾਨਾ (ਆਂਧਰਾ ਪ੍ਰਦੇਸ਼) ਦੇ ਹਥਿਆਰ ਘੋਲ਼ਾਂ ਨੂੰ ਵੀ ਧਿਆਨ ਵਿਚ ਰੱਖਣਾ ਪਵੇਗਾ।
ਇਤਿਹਾਸ ਵਿਚ ਇਸ ਬਗ਼ਾਵਤ ਦੀ ਸ਼ੁਰੂਆਤ ਦਾ ਦਿਨ 25 ਮਈ 1967 ਮੰਨਿਆ ਜਾਂਦਾ ਹੈ ਜਿਸ ਦਿਨ ਪੁਲੀਸ ਨੇ 11 ਲੋਕਾਂ ਨੂੰ ਮਾਰ ਸੁੱਟਿਆ ਸੀ। ਇਨ੍ਹਾਂ ਵਿਚ 8 ਔਰਤਾਂ ਅਤੇ 2 ਬੱਚੇ ਸ਼ਾਮਲ ਸਨ। ਇਕ ਬੱਚਾ ਸਿਰਫ਼ 6 ਮਹੀਨੇ ਦਾ ਸੀ ਜਿਹੜਾ ਆਪਣੀ ਮਾਂ ਦੀ ਗੋਦੀ ਵਿਚ ਹੀ ਤੜਫ਼ਦਾ ਦਮ ਤੋੜ ਗਿਆ। ਉਂਝ ਕਾਨੂ ਬਗ਼ਾਵਤ ਦੀ ਸ਼ੁਰੂਆਤ ਦਾ ਦਿਨ 24 ਮਈ ਮੰਨਦਾ ਹੈ। ਇਸ ਦਿਨ ਪੁਲੀਸ ਪੂਰੀ ਤਿਆਰੀ ਨਾਲ ਪਿੰਡ ਬੋਰੋ-ਝੋਰੋ ਜੋਤ ਵਿਚ ਪੁੱਜੀ। ਇਹਦੀ ਸੂਹ ਸੀ ਕਿ ਇਸ ਪਿੰਡ ਵਿਚ ਇਨਕਲਾਬੀਆਂ ਦੀ ਸਮੁੱਚੀ ਲੀਡਰਸ਼ਿਪ ਪੁੱਜ ਰਹੀ ਹੈ ਪਰ ਉੱਥੇ ਤਾਂ ਆਮ ਕਿਸਾਨਾਂ ਦਾ ਇਕੱਠ ਸੀ। ਇਸੇ ਦੌਰਾਨ ਆਦਿਵਾਸੀਆਂ ਦੇ ਤੀਰ ਨਾਲ ਇਕ ਪੁਲੀਸ ਮੁਲਾਜ਼ਮ ਮਾਰਿਆ ਗਿਆ। ਦੂਜੇ ਦਿਨ ਪੁਲੀਸ ਨੇ ਪਿੰਡ ਪ੍ਰਸਾਦ ਜੋਤ ਵਿਚ ਲੋਕਾਂ ਦੇ ਇਕੱਠ ਉੱਤੇ ਅੰਧਾਧੁੰਦ ਗੋਲੀ ਚਲਾ ਦਿੱਤੀ ਅਤੇ ਗਿਆਰਾਂ ਜਣੇ ਮਾਰੇ ਗਏ। ਇਸ ਤੋਂ ਬਾਅਦ ਨਕਸਲਬਾੜੀ ਇਲਾਕੇ ਵਿਚ ਜੂਝ ਰਹੇ ਇਨ੍ਹਾਂ ਇਨਕਲਾਬੀਆਂ ਅਤੇ ਸੱਤਾਧਾਰੀ ਸੀ.ਪੀ.ਐੱਮ. ਵਿਚਕਾਰ ਪਾੜਾ ਵਧਦਾ ਗਿਆ। ਮਗਰੋਂ ਇਨ੍ਹਾਂ ਇਨਕਲਾਬੀਆਂ ਨੇ ਲਾਮਬੰਦੀ ਕਰਕੇ 'ਆਲ ਇੰਡੀਆ ਕੋਆਰਡੀਨੇਸ਼ਨ ਕਮੇਟੀ ਆਫ਼ ਦ ਕਮਿਉਨਿਸਟ ਰੈਵੋਲਿਊਸ਼ਨਰੀਜ਼' (ਏ.ਆਈ.ਸੀ.ਸੀ.ਸੀ.ਆਰ.) ਬਣਾ ਲਈ। ਬੰਗਾਲ, ਪੰਜਾਬ, ਬਿਹਾਰ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਕੇਰਲ, ਆਸਾਮ, ਉੜੀਸਾ ਅਤੇ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੇ ਇਸ ਕਮੇਟੀ ਲਈ ਭਰਵਾਂ ਹੁੰਗਾਰਾ ਭਰਿਆ ਅਤੇ ਸੀ.ਪੀ.ਐੱਮ. ਵਿਚਲਾ ਇਨਕਲਾਬੀ ਹਿੱਸਾ ਇਸ ਕਮੇਟੀ ਅਧੀਨ ਲਾਮਬੰਦ ਹੋਣ ਲੱਗ ਪਿਆ। ਇਸ ਕਮੇਟੀ ਦਾ ਹੋਕਾ ਅਤੇ ਟੀਚਾ ਚੋਣ ਸਿਆਸਤ ਛੱਡ ਕੇ ਹਥਿਆਰਬੰਦ ਘੋਲ਼ ਰਾਹੀਂ ਇਨਕਲਾਬ ਵੱਲ ਵਧਣਾ ਸੀ। ਸਾਲ 1969 ਵਿਚ 22 ਅਪਰੈਲ ਨੂੰ ਲੈਨਿਨ ਦੇ ਜਨਮ ਦਿਨ ਮੌਕੇ ਕਲਕੱਤਾ ਵਿਚ ਵੱਡੀ ਰੈਲੀ ਦੌਰਾਨ ਏ.ਆਈ.ਸੀ.ਸੀ.ਸੀ.ਆਰ. ਨੂੰ ਸੀ.ਪੀ.ਆਈ. (ਐੱਮ.ਐੱਲ਼) ਵਿਚ ਬਦਲਣ ਦਾ ਐਲਾਨ ਕਰ ਦਿੱਤਾ ਗਿਆ। ਇਹ ਨਵੀਂ ਕਮਿਉਨਿਸਟ ਪਾਰਟੀ ਬਣਾਉਣ ਦਾ ਐਲਾਨ ਕਾਨੂ ਸਾਨਿਆਲ ਨੇ ਕੀਤਾ ਸੀ।
1967 ਚੜ੍ਹਦਿਆਂ ਹੀ ਉੱਠੀ ਨਕਸਲਬਾੜੀ ਦੇ ਕਿਸਾਨਾਂ ਦੀ ਇਹ ਬਗ਼ਾਵਤ ਛੇਤੀ ਹੀ ਸਿਆਸੀ ਰੁਖ਼ ਅਖ਼ਤਿਆਰ ਕਰ ਗਈ। ਜੂਨ 1967 ਵਿਚ ਚੀਨ ਦੇ ਪੇਇਚਿੰਗ ਰੇਡੀਓ ਅਤੇ ਪੀਪਲਜ਼ ਡੇਲੀ ਅਖ਼ਬਾਰ ਨੇ ਇਸ ਬਗ਼ਾਵਤ ਨੂੰ 'ਭਾਰਤ ਵਿਚ ਬਸੰਤੀ ਗੜ੍ਹਕਾ' ਆਖਿਆ। ਕਾਨੂ ਸਤੰਬਰ 1967 ਵਿਚ ਚੀਨ ਵੀ ਗਿਆ ਅਤੇ ਉੱਥੇ ਚੀਨੀ ਕਮਿਉਨਿਸਟ ਪਾਰਟੀ ਦੇ ਲੀਡਰ ਮਾਓ ਨੂੰ ਮਿਲਿਆ। ਨਕਸਲਬਾੜੀ ਵਿਚ ਭਾਵੇਂ ਮੁੱਖ ਕੰਮ ਕਾਨੂ ਅਤੇ ਜੰਗਲ ਸੰਥਾਲ ਦਾ ਸੀ ਪਰ ਲੀਡਰ ਵਜੋਂ ਚਾਰੂ ਸਿਰ ਕੱਢ ਗਿਆ ਹਾਲਾਂਕਿ ਚਾਰੂ ਦੀ ਸਰਗਰਮੀ ਦਾ ਖੇਤਰ ਇਸਲਾਮਪੁਰ ਇਲਕੇ ਵਿਚ ਸੀ। ਉਂਝ ਘੋਖਿਆ ਜਾਵੇ ਤਾਂ ਇਨ੍ਹਾਂ ਲੀਡਰਾਂ ਦੀ ਲਾਈਨ ਵਿਚ ਫ਼ਰਕ ਪ੍ਰਤੱਖ ਸੀ। ਇਸਲਾਮਪੁਰ ਵਿਚ ਜਿਹੜੀ ਸਰਗਰਮੀ ਹੋਈ, ਉਸ ਦਾ ਆਧਾਰ ਚਾਰੂ ਦੇ ਪਹਿਲੇ ਛੇ ਉਹ ਦਸਤਾਵੇਜ਼ ਸਨ ਜਿਹੜੇ ਬਾਅਦ ਵਿਚ ਦੋ ਹੋਰ ਦਸਤਾਵੇਜ਼ ਜੁੜਨ ਕਾਰਨ ਚਾਰੂ ਦੇ ਅੱਠ ਦਸਤਾਵੇਜ਼ਾਂ ਵਜੋਂ ਮਸ਼ਹੂਰ ਹੋਏ। ਇਸਲਾਮਪੁਰ ਵਿਚ ਸਿਆਸੀ ਪਿੜ ਬੰਨ੍ਹਣ ਦੀ ਥਾਂ ਮੁੱਖ ਸਰਗਰਮੀ ਗੁਰੀਲਾ ਜੱਥਿਆਂ ਰਾਹੀਂ ਖਾੜਕੂ ਕਾਰਵਾਈਆਂ ਹੋ ਰਹੀਆਂ ਸਨ। ਦੂਜੇ ਬੰਨੇ ਨਕਸਲਬਾੜੀ ਵਿਚ ਮਾਸ ਲਾਈਨ ਮੁੱਖ ਸੀ ਅਤੇ ਇਸ ਮਾਸ ਲਾਈਨ ਨੂੰ ਨਾਲੋ ਨਾਲ, ਲੋੜ ਮੁਤਾਬਕ ਹਥਿਆਰਬੰਦ ਹੱਲੇ ਦੀ ਪੁੱਠ ਚਾੜ੍ਹੀ ਜਾ ਰਹੀ ਸੀ। ਕਾਨੂ ਦਾ ਐਲਾਨ ਸੀ ਕਿ ਇਹ ਲੜਾਈ ਹੁਣ ਜ਼ਮੀਨ ਲਈ ਨਹੀਂ ਸੀ ਰਹਿ ਗਈ, ਹੁਣ ਗੱਲ ਸੱਤਾ ਹਾਸਲ ਕਰਨ ਵੱਲ ਮੁੜ ਕੱਟ ਚੁੱਕੀ ਹੈ।ਤੇ ਸੱਚਮੁੱਚ ਗੱਲ ਜ਼ਮੀਨ ਦੀ ਨਾ ਰਹੀ। ਗੱਲ ਸੱਤਾ ਖੋਹਣ ਵੱਲ ਮੁੜ ਗਈ ਅਤੇ ਦਿਨਾਂ ਮਹੀਨਿਆਂ ਵਿਚ ਇਹ ਗੱਲ ਦੇਸ਼ ਦੇ ਕੋਨੇ ਕੋਨੇ ਵਿਚ ਹੋਣ ਲੱਗ ਪਈ। ਦੇਸ਼ ਦਾ ਨੌਜਵਾਨ ਤਬਕਾ ਜਿਹੜਾ 1947 ਵਿਚ ਅੰਗਰੇਜ਼ਾਂ ਦੇ ਦੇਸ਼ ਛੱਡਣ ਪਿੱਛੋਂ ਆਜ਼ਾਦੀ ਦੇ ਨਾਲੋ ਨਾਲ ਜਵਾਨ ਹੋਇਆ ਸੀ, ਯੁੱਗ ਪਲਟਾਉਣ ਵਿਚ ਮਸਰੂਫ਼ ਹੋ ਗਿਆ।
ਨੌਜਵਾਨਾਂ ਦੇ ਇਸ ਇਨਕਲਾਬੀ ਹੱਲੇ ਨੇ ਸਿਆਸਤ ਵਿਚ ਕਈ ਰਾਹ ਖੋਲ੍ਹੇ ਅਤੇ ਲੋਕਾਂ ਨੂੰ ਨਵੇਂ ਵਿਚਾਰਾਂ ਨਾਲ ਮਾਲਾਮਾਲ ਕੀਤਾ। ਨੌਜਵਾਨਾਂ ਦੀ ਇਸ ਲਹਿਰ ਦੌਰਾਨ ਤਿੰਨ ਵੱਡੇ ਨੀਤੀਗਤ/ਰਣਨੀਤਕ ਫ਼ੈਸਲੇ ਕੀਤੇ ਗਏ ਜਿਸ ਨੇ ਦੇਸ਼ ਦੀ ਸਿਆਸਤ ਨੂੰ ਬਹੁਤ ਜ਼ਰਬ ਦਿੱਤੀ। ਇਨ੍ਹਾਂ ਦਾ ਅਸਰ ਅੱਜ ਵੀ ਸਿਆਸਤ ਦੇ ਪਿੜ ਵਿਚ ਬਾਖੂਬੀ ਦੇਖਿਆ ਜਾ ਸਕਦਾ ਹੈ। ਪਹਿਲਾਂ ਸੀ, ਚੋਣਾਂ ਰਾਹੀ ਮੁੱਢੋਂ-ਸੁੱਢੋਂ ਤਬਦੀਲੀ ਸੰਭਵ ਨਹੀਂ। ਅੱਜ ਚੋਣ ਢਾਂਚੇ ਵਿਚ ਜਿਸ ਢੰਗ ਦੀਆਂ ਬਦਕਾਰੀਆਂ ਆ ਗਈਆਂ ਹਨ, ਉਸ ਪ੍ਰਸੰਗ ਵਿਚ ਇਸ ਨੁਕਤੇ ਨੂੰ ਘੋਖਣ ਦੀ ਬੜੀ ਅਹਿਮੀਅਤ ਹੈ। ਦੂਜਾ, ਸਮਾਜ ਦਾ ਵਿਸ਼ਲੇਸ਼ਣ ਸੀ। ਕਿਹਾ ਗਿਆ ਕਿ ਭਾਰਤੀ ਤਾਣਾ-ਬਾਣਾ ਅਰਧ-ਜਗੀਰੂ ਅਰਧ-ਬਸਤੀਵਾਦੀ ਹੈ। ਇਕ ਵਾਰ ਫਿਰ ਅੱਜ ਦੇ ਹਾਲਾਤ 'ਤੇ ਨਜ਼ਰ ਮਾਰੀਏ ਤਾਂ ਲੱਭਦਾ ਹੈ ਕਿ ਇਕ ਪਾਸੇ ਬਹੁ-ਕੌਮੀ ਕੰਪਨੀਆਂ ਰਾਹੀਂ ਨਵੀਂ ਤਰਜ਼ ਦਾ ਬਸਤੀਵਾਦ ਭਾਰੂ ਪੈ ਰਿਹਾ ਹੈ ਅਤੇ ਨਾਲ ਹੀ ਹਰਿਆਣਾ ਵਰਗੇ ਸੂਬੇ ਵਿਚ ਜਗੀਰੂ ਧੌਂਸ ਦਾ ਪ੍ਰਗਟਾਵਾ ਖਾਪ ਪੰਚਾਇਤਾਂ ਰਾਹੀ ਹੋ ਰਿਹਾ ਹੈ। ਤੀਜਾ ਦੇਸ਼ ਦੀ ਸਰਮਾਏਦਾਰੀ ਨੂੰ ਸਾਮਰਾਜਵਾਦ ਦੀ ਦਲਾਲ ਮਿਥਣਾ ਸੀ। ਦੇਸ਼ ਦੀ ਸੱਤਾਦਾਰੀ ਸਰਮਾਏਦਾਰ ਜਮਾਤ ਜਿਸ ਢੰਗ ਨਾਲ ਸਾਮਰਾਜਵਾਦ ਨੂੰ ਗਲੇ ਲਾ ਰਹੀ ਹੈ ਅਤੇ ਆਪਣੇ ਲੋਕਾਂ ਦੇ ਗਲੇ ਵੱਢ ਰਹੀ ਹੈ, ਉਸ ਤੋਂ ਜ਼ਾਹਿਰ ਹੀ ਹੈ ਕਿ ਇਹ ਵਿਸ਼ਲੇਸ਼ਣ ਕਿੰਨਾ ਸੱਚਾ ਸੀ।
ਕਾਨੂ ਨੇ ਚਾਰੂ ਦੀ ਜਮਾਤੀ ਸਫ਼ਾਏ ਵਾਲੀ ਲਾਈਨ ਦਾ ਤਿੱਖਾ ਵਿਰੋਧ ਕੀਤਾ। ਅਗਸਤ 1970 ਵਿਚ ਉਸ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ। ਉਸ ਉੱਤੇ ਆਂਧਰਾ ਪ੍ਰਦੇਸ਼ ਅਤੇ ੳੜੀਸਾ ਦੇ ਧਨਾਢ ਕਿਸਾਨਾਂ ਖ਼ਿਲਾਫ਼ ਲਾਮਬੰਦੀ ਕਰਨ ਦਾ ਕੇਸ ਬਣਾਇਆ ਜੋ ਪਾਰਬਤੀਪੁਰਮ ਸਾਜ਼ਿਸ ਕੇਸ ਵਜੋਂ ਚਰਚਿਤ ਹੋੲਆ। ਇਸੇ ਕੇਸ ਤਹਿਤ ਉਹ 7 ਸਾਲ ਵਿਸਾਖਾਪਟਨਮ ਦੀ ਜੇਲ੍ਹ ਵਿਚ ਬੰਦ ਰਿਹਾ। ਇਸੇ ਦੌਰਾਨ ਪਾਰਟੀ ਵਿਚ ਤਕਰਾਰ ਵੀ ਵਧਿਆ। ਜੁਲਾਈ 1972 ਵਿਚ ਚਾਰੂ ਦੀ ਪੁਲੀਸ ਹਿਰਾਸਤ ਵਿਚ ਮੌਤ ਤੋਂ ਬਾਅਦ ਲਹਿਰ ਖਿੰਡਣ ਲੱਗ ਪਈ। ਐਨੀਆਂ ਪਾਰਟੀਆਂ ਬਣ ਗਈਆਂ ਕਿ ਗਿਣਤੀ ਮੁਸ਼ਕਿਲ ਹੋ ਗਈ। ਸਾਲ 1977 ਵਿਚ ਰਿਹਾਅ ਹੋਣ ਤੋਂ ਬਾਅਦ ਕਾਨੂ ਨੇ ਆਰਗੇਨਾਈਜਿੰਗ ਕਮੇਟੀ ਆਫ਼ ਕਮਿਉਨਿਸਟ ਰੈਵੋਲਿਊਸ਼ਨਰੀ (ਓ.ਸੀ.ਸੀ.ਆਰ.) ਬਣਾਈ ਜੋ 1985 ਵਿਚ ਪੰਜ ਧੜਿਆਂ ਦੀ ਏਕਤਾ ਪਿੱਛੋਂ ਕਮਿਉਨਿਸਟ ਆਰਗੇਨਾਈਜੇਸ਼ਨ ਆਫ਼ ਇੰਡੀਆ (ਐੱਮ.ਐੱਲ਼) ਬਣ ਗਈ। ਫਿਰ 2003 ਵਿਚ ਚਾਰ ਐੱਮ.ਐੱਲ਼. ਗਰੁੱਪਾਂ ਦੇ ਰਲੇਵੇਂ ਪਿੱਛੋਂ ਇਸ ਦਾ ਨਾਂ ਸੀ.ਪੀ.ਆਈ. (ਐੱਮ.ਐੱਲ਼)-ਯੂਨਿਟੀ ਇਨੀਸ਼ੀਏਟਿਵ ਰੱਖ ਦਿੱਤਾ ਗਿਆ। 2005 ਵਿਚ ਚੀ. ਰਾਮਚੰਦਰਨ ਦੀ ਸੀ.ਪੀ.ਆਈ. (ਐੱਮ.ਐੱਲ਼)-ਰੈੱਡ ਫਲੈਗ ਨਾਲ ਏਕਤਾ ਤੋਂ ਬਾਅਦ ਪਾਰਟੀ ਦਾ ਨਾਂ ਸੀ.ਪੀ.ਆਈ. (ਐੱਮ.ਐੱਲ਼) ਪ੍ਰਚਾਰਿਆ ਗਿਆ। ਪਿਛਲੇ ਸਾਲ ਇਹ ਏਕਤਾ ਟੁੱਟ ਗਈ । ਮੌਤ ਵੇਲੇ ਉਹ ਸੀ.ਪੀ.ਆਈ. (ਐੱਮ.ਐੱਲ਼) ਦੇ ਜਨਰਲ ਸਕੱਤਰ ਸਨ। ਪਿਛਲੇ ਸਾਲ ਦਸੰਬਰ ਵਿਚ ਕੋਲਕਾਤਾ ਵਿਖੇ ਹੋਈ ਪਾਰਟੀ ਕਾਂਗਰਸ ਦੌਰਾਨ ਉਸ ਨੂੰ ਮੁੜ ਜਨਰਲ ਸਕੱਤਰ ਚੁਣਿਆ ਗਿਆ ਸੀ। ਉਹ ਆਪਣੀ ਜ਼ਿੰਦਗੀ ਦੇ ਆਖ਼ਰੀ ਲਮਹੇ ਤੱਕ ਸਰਗਰਮ ਰਹੇ। ਸਿਲੀਗੁੜੀ ਦੇ ਰੇਲ ਸਟੇਸ਼ਨ ਉੱਤੇ ਦਿੱਲੀ ਜਾ ਰਹੀ ਗੱਡੀ ਰਾਜਧਾਨੀ ਐਕਸਪ੍ਰੈੱਸ ਡੱਕਣ ਦੇ ਦੋਸ਼ ਵਿਚ ਉਸ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਨੇ ਨੰਦੀਗਰਾਮ ਅਤੇ ਸਿੰਗੂਰ ਵਿਚ ਸੀ ਪੀ.ਆਈ. (ਐੱਮ.) ਦੀਆਂ ਨੀਤੀਆਂ ਦਾ ਤਿੱਖਾ ਵਿਰੋਧ ਕੀਤਾ।
ਕਾਨੂ ਦੀ ਮੌਤ ਫ਼ਿਲਹਾਲ ਰਹੱਸ ਬਣ ਗਈ ਹੈ। ਉਹਦੇ ਪਿੰਡ ਹਤੀਘੀਸ਼ਾ ਵਿਚ 23 ਮਾਰਚ ਦੀ ਦੁਪਹਿਰ ਨੂੰ ਉਸ ਦੀ ਦੇਹ ਪੱਖੇ ਨਾਲ ਲਟਕਦੀ ਮਿਲੀ ਸੀ। ਪਾਰਟੀ ਦੇ ਆਗੂਆਂ ਮੁਤਾਬਕ ਕਾਨੂ ਇੰਨਾ ਬਿਮਾਰ ਸੀ ਕਿ ਇਕ ਕਦਮ ਤੁਰਨ ਲਈ ਵੀ ਸਹਾਰੇ ਦੀ ਲੋੜ ਪੈਂਦੀ ਸੀ। ਇੰਨੇ ਬਿਮਾਰ ਬੰਦੇ ਦਾ ਪੱਖੇ ਨਾਲ ਲਟਕਣਾ ਨਾਮੁਮਕਿਨ ਹੈ। ਨਾਲੇ ਉਹਦੇ ਪੈਰ ਤਾਂ ਜ਼ਮੀਨ ਨਾਲ ਲੱਗੇ ਹੋਏ ਸਨ। ਖ਼ੈਰ...ਐਤਕੀਂ 23 ਮਾਰਚ ਦਾ ਦਿਨ ਪਹਿਲੇ ਸਾਲਾਂ ਨਾਲੋਂ ਹੋਰ ਵੀ ਬੋਝਲ ਹੋ ਗਿਆ। ਪੰਜਾਬੀਆਂ ਲਈ 23 ਮਾਰਚ ਦੇ ਅਰਥ ਸਮੁੱਚੇ ਦੇਸ਼ ਨਾਲੋਂ ਵੱਖਰੇ ਹਨ। 79 ਵਰ੍ਹੇ ਪਹਿਲਾਂ ਅੰਗਰੇਜ਼ ਸ਼ਾਸਕਾਂ ਨੇ ਪੰਜਾਬ ਦੇ ਦੋ ਜ਼ਹੀਨ ਪੁੱਤਾਂ-ਭਗਤ ਸਿੰਘ ਤੇ ਸੁਖਦੇਵ ਅਤੇ ਮਹਾਂਰਾਸ਼ਟਰ ਦੇ ਜੁਝਾਰੂ ਨੌਜਵਾਨ ਰਾਜਗੁਰੂ ਨੂੰ ਸਿਆਸੀ ਪਿੜ ਵਿਚ ਆਪਣੀ ਗੱਲ ਠੋਕ ਵਜਾ ਕੇ ਕਹਿਣ ਦੇ ਜੁਰਮ ਵਿਚ ਫ਼ਾਂਸੀ ਉੱਤੇ ਲਟਕਾ ਦਿੱਤਾ ਸੀ। 23 ਮਾਰਚ ਦੀ ਹੀ ਗੱਲ ਕਰੀਏ ਤਾਂ ਇਸੇ ਦਿਨ 1988ਵੇਂ ਸਾਲ ਵਿਚ ਪੰਜਾਬ ਦੇ ਬੁਨਿਆਦਪ੍ਰਸਤਾਂ ਨੇ ਜ਼ਹੀਨ ਪੰਜਾਬੀ ਸ਼ਾਇਰ ਪਾਸ਼ ਨੂੰ ਮਾਰ ਦਿੱਤਾ ਸੀ। ਦੋਹਾਂ ਮਾਮਲਿਆਂ ਵਿਚ ਮਸਲਾ ਬੋਲਣ ਦਾ ਬਣਿਆ ਸੀ। ਜਿਸ ਤਰ੍ਹਾਂ ਸੱਤਾ ਉੱਤੇ ਕੁੰਡਲ ਮਾਰੀ ਬੈਠੇ ਅੰਗਰੇਜ਼ ਸ਼ਾਸਕਾਂ ਨੂੰ ਭਗਤ ਸਿੰਘ ਤੇ ਸਾਥੀਆਂ ਦੀ ਲਲਕਾਰ ਸਵੀਕਾਰ ਨਹੀਂ ਸੀ, ਉਸੇ ਤਰ੍ਹਾਂ ਪੰਜਾਬ ਦੇ ਬੁਨਿਆਦਪ੍ਰਸਤਾਂ ਨੂੰ ਵੀ ਵਿਰੋਧ ਦੀ ਆਵਾਜ਼ ਸਵੀਕਾਰ ਨਹੀਂ ਸੀ। ਉਹ ਆਪਣਾ ਵਿਰਸਾ ਭੁਲਾ ਬੈਠੇ ਸਨ ਕਿ ਬਾਬੇ ਨਾਨਕ ਨੇ ਵਿਰੋਧੀਆਂ ਨਾਲ ਗੋਸ਼ਟਾਂ ਰਚਾਉਣ ਦੀ ਪਿਰਤ ਪਾਈ ਸੀ। ਕਾਨੂ ਸਾਨਿਆਲ ਜਿਸ ਨੇ ਆਪਣੇ ਪਿੰਡ ਹਤੀਘੀਸ਼ਾ ਵਿਚ ਕੱਚੇ ਘਰ ਜਿਹੜਾ ਉਹਦੀ ਪਾਰਟੀ ਦਾ ਹੈੱਡਕੁਆਰਟਰ ਵੀ ਸੀ, ਵਿਚ ਆਖ਼ਰੀ ਸਾਹ ਲਿਆ ਪਰ ਉਹਨੇ ਚੰਗੇਰੀ ਜ਼ਿੰਦਗੀ ਲਈ ਲੜਾਈ ਲੜਦਿਆਂ ਪੈੜਾਂ ਪਾਈਆਂ ਅਤੇ ਉਹਦੇ ਸੰਗੀ-ਸਾਥੀ ਅਤੇ ਸੰਗਤ ਮਤਭੇਦਾਂ ਦੇ ਬਾਵਜੂਦ ਇਨ੍ਹਾਂ ਪੈੜਾਂ ਉੱਤੇ ਚੱਲ ਰਹੀ ਹੈ।
-ਜਸਵੀਰ ਸਮਰ
ਲੇਖਕ ਸੀਨੀਅਰ ਪੱਤਰਕਾਰ ਹਨ।
Friday, April 23, 2010
Subscribe to:
Post Comments (Atom)
Time have changed but not the mind set of establishment,i.e 23 march have become the example of ruling class `s repression. saheed bahgat singh , avatr pash and now kanu sanial . we should know that more name will be add to this line .because it`s the established fact that ruling class have the typical mindset and strugglar should ready to scarified.
ReplyDeletekhushal lali