ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, April 24, 2010

ਮਾਓਵਾਦੀ ਗੁਰੀਲਿਆਂ ਨਾਲ ਵਿਚਰਦਿਆਂ....

ਮਸ਼ਹੂਰ ਲੇਖਿਕਾ ਤੇ ਸਮਾਜਿਕ ਕਾਰਕੁੰਨ ਅਰੁੰਧਤੀ ਰਾਏ ਕੁਝ ਚਿਰ ਪਹਿਲਾਂ ਭਾਰਤ ਦੇ ਲਾਲ ਗਲਿਆਰੇ 'ਚ ਰਹਿਕੇ ਜ਼ਮੀਨੀ ਹਾਲਤਾਂ ਦਾ ਵਿਸ਼ਲੇਸ਼ਨ ਕਰਕੇ ਆਈ ਇਸ ਸਬੰਧੀ ਉਸਨੇ ਇਕ ਲੰਮਾ ਲੇਖ ਮਸ਼ਹੂਰ ਅੰਗਰੇਜ਼ੀ ਮੈਗਜ਼ੀਨ "ਆਉਟ ਲੁੱਕ" 'ਚ ਲਿਖਿਆ।ਲੇਖ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਅਰੁੰਧਤੀ ਰਾਏ 'ਤੇ ਛੱਤੀਸਗੜ੍ਹ ਜਨ ਸਰੁੱਖਿਆ ਐਕਟ ਦੇ ਤਹਿਤ ਕੇਸ ਵੀ ਦਰਜ਼ ਹੋਇਆ।ਇਸ ਲੇਖ ਨੂੰ ਸੁਤੰਤਰ ਬੁੱਧੀਜੀਵੀ ਬੂਟਾ ਸਿੰਘ ਨੇ ਪੰਜਾਬੀ 'ਚ ਅਨੁਵਾਦ ਕੀਤਾ ਹੈ--ਗੁਲਾਮ ਕਲਮ

ਕੁਝ ਸਵਾਲਾਂ ਦਾ ਜਵਾਬ ਲੈਣ ਲਈ ਅਰੁੰਧਤੀ ਰਾਏ ਗੌਂਡੀ ਲੋਕਾਂ ਦੇ ਸਮੁੰਦਰ 'ਚ ਜਾ ਪਹੁੰਚਦੀ ਹੈ

ਲਿਫ਼ਾਫ਼ਾ ਬੰਦ ਟਾਈਪ ਕੀਤਾ ਸੰਖੇਪ ਨੋਟ ਦਰਵਾਜ਼ੇ ਥੱਲਿਓ ਮੇਰੇ ਕੋਲ ਪਹੁੰਚਦਾ ਹੈ। ਇਹ 'ਮੁਲਕ ਦੇ ਸਭ ਤੋਂ ਵੱਡੇ ਅੰਦਰੂਨੀ ਖ਼ਤਰੇ' ਨਾਲ ਮੇਰੀ ਮਿਲਣੀ ਦੀ ਪੁਸ਼ਟੀ ਹੈ, ਜਿਸਦੀ ਮੈਨੂੰ ਕਈ ਮਹੀਨਿਆਂ ਤੋਂ ਉਡੀਕ ਸੀ। ਦੋ ਦਿਨਾਂ ਦਰਮਿਆਨ ਚਾਰ ਅਲੱਗ-ਅਲੱਗ ਵਕਤ ਤੈਅ ਕੀਤੇ ਗਏ ਹਨ। ਜਿਨ੍ਹਾਂ ਵਿਚੋਂ ਕਿਸੇ ਇਕ 'ਤੇ ਮੈਂ ਦਾਂਤੇਵਾੜਾ ਦੇ ਮਾਂ ਦਾਂਤੇਸ਼ਵਰੀ ਮੰਦਰ ਪਹੁੰਚਣਾ ਹੈ। ਚਾਰ ਅਲੱਗ-ਅਲੱਗ ਵਕਤ ਇਸ ਲਈ ਤਾਂ ਜੋ ਮਾੜਾ ਮੌਸਮ, ਬੱਸ ਪੰਕਚਰ ਹੋਣ, ਸੜਕਾਂ 'ਤੇ ਜਾਮ ਲੱਗਣ, ਟਰਾਂਸਪੋਰਟ ਹੜਤਾਲ, ਜਾਂ ਫਿਰ ਮੰਦੇ ਭਾਗੀਂ ਕੋਈ ਹੋਰ ਅੜਚਣ ਤੈਅ ਕੀਤੇ ਪ੍ਰੋਗਰਾਮ 'ਚ ਖ਼ਲਲ ਨਾ ਪਾ ਸਕੇ।

ਸੁਨੇਹੇ 'ਚ ਲਿਖਿਆ ਸੀ: ''ਲੇਖਕ ਕੋਲ ਕੈਮਰਾ, ਨਾਰੀਅਲ ਤੇ ਮੱਥੇ ਟਿੱਕਾ ਹੋਵੇ। ਮੂਹਰਿਓਂ ਮਿਲਣ ਵਾਲੇ ਦੇ ਸਿਰ 'ਤੇ ਟੋਪੀ, ਹੱਥ ਵਿਚ ਹਿੰਦੀ ਆਊਟਲੁੱਕ ਅਤੇ ਕੇਲੇ ਹੋਣਗੇ। 'ਨਮਸਕਾਰ ਗੁਰੂ ਜੀ' ਕੋਡ ਸ਼ਬਦ ਹੋਵੇਗਾ।''
ਨਮਸਕਾਰ ਗੁਰੂ ਜੀ। ਕਿਤੇ ਸਾਹਮਣੇ ਵਾਲਾ ਕਿਸੇ ਮਰਦ ਦੇ ਆਉਣ ਦੀ ਉਮੀਦ ਤਾਂ ਨਹੀਂ ਕਰ ਰਿਹਾ ਹੋਵੇਗਾ, ਮੇਰੀ ਪ੍ਰੇਸ਼ਾਨੀ ਵਧ ਗਈ। ਕਿਤੇ ਮੈਨੂੰ ਨਕਲੀ ਮੁੱਛਾਂ ਲਗਾਉਣ ਦੀ ਜ਼ਰੂਰਤ ਤਾਂ ਨਹੀਂ।

ਦਾਂਤੇਵਾੜਾ ਨੂੰ ਕਈ ਤਰ੍ਹਾਂ ਨਾਲ ਬਿਆਨ ਕੀਤਾ ਜਾ ਸਕਦਾ ਹੈ। ਇਹ ਉਲਟ ਪੱਖਾਂ ਦਾ ਸੁਮੇਲ ਹੈ। ਇਹ ਹਿੰਦੁਸਤਾਨ ਦੇ ਦਿਲ ਵਿਚ ਇਕ ਸਰਹੱਦੀ ਕਸਬਾ ਹੈ। ਇਹ ਇਸ ਜੰਗ ਦਾ ਕੇਂਦਰ ਹੈ। ਇੱਥੇ ਸਭ ਕੁਝ ਉਲਟਾ-ਪੁਲਟਾ ਹੈ।
ਪੁਲੀਸ ਦਾਂਤੇਵਾੜਾ ਵਿਚ ਸਾਦੇ ਕੱਪੜੇ ਪਹਿਨਦੀ ਹੈ, ਬਾਗ਼ੀ ਵਰਦੀਆਂ ਵਿੱਚ ਘੁੰਮਦੇ ਹਨ। ਜੇਲ੍ਹ ਸੁਪਰਡੈਂਟ, ਜੇਲ੍ਹ ਵਿਚ ਬੰਦ ਹੈ। ਕੈਦੀ ਆਜ਼ਾਦ ਹਨ। (ਦੋ ਸਾਲ ਪਹਿਲਾਂ, ਤਿੰਨ ਸੌ ਦੇ ਕਰੀਬ ਕੈਦੀ ਪੁਰਾਣੇ ਸ਼ਹਿਰ ਦੀ ਜੇਲ੍ਹ ਵਿਚੋਂ ਬਚ ਕੇ ਨਿਕਲ ਗਏ ਸਨ।) ਬਲਾਤਕਾਰ ਦਾ ਸ਼ਿਕਾਰ ਔਰਤਾਂ ਪੁਲੀਸ ਹਿਰਾਸਤ ਵਿੱਚ ਹਨ। ਬਲਾਤਕਾਰੀ ਸ਼ਰੇ-ਬਜ਼ਾਰ ਭਾਸ਼ਣਬਾਜ਼ੀ ਕਰਦੇ ਹਨ।

ਇੰਦਰਾਵਤੀ ਨਦੀ ਪਾਰਲੇ ਪਾਸੇ ਦੇ ਇਲਾਕੇ 'ਤੇ ਮਾਓਵਾਦੀਆਂ ਦਾ ਕੰਟਰੋਲ ਹੈ, ਜਿਸ ਨੂੰ ਪੁਲਿਸ 'ਪਾਕਿਸਤਾਨ' ਆਖਦੀ ਹੈ। ਇੱਥੇ ਪਿੰਡ ਖਾਲੀ ਹਨ, ਪਰ ਜੰਗਲ ਵਿਚ ਲੋਕਾਂ ਦਾ ਮੰਗਲ ਲੱਗਿਆ ਹੋਇਆ ਹੈ। ਬੱਚੇ ਜਿਨ੍ਹਾਂ ਨੂੰ ਸਕੂਲ ਵਿਚ ਹੋਣਾ ਚਾਹੀਦਾ ਹੈ ਵਿਹਲੇ ਘੁੰਮਦੇ ਹਨ। ਖ਼ੂਬਸੂਰਤ ਪਿੰਡਾਂ ਵਿਚ ਕੰਕਰੀਟ ਦੀਆਂ ਬਣੀਆਂ ਸਕੂਲੀ ਇਮਾਰਤਾਂ ਜਾਂ ਤਾਂ ਮਲਬੇ ਦੇ ਢੇਰ ਵਿਚ ਤਬਦੀਲ ਹੋ ਚੁੱਕੀਆਂ ਹਨ ਜਾਂ ਫਿਰ ਪੁਲਸੀਆਂ ਨਾਲ ਭਰੀਆਂ ਪਈਆਂ ਹਨ। ਜਿਸ ਮਾਰੂ ਜੰਗ ਦਾ ਪਿੜ ਜੰਗਲ 'ਚ ਬੰਨ੍ਹਿਆ ਜਾ ਰਿਹਾ ਹੈ, ਇਸ ਉੱਪਰ ਹਿੰਦੋਸਤਾਨ ਦੀ ਸਰਕਾਰ ਮਾਣ ਵੀ ਮਹਿਸੂਸ ਕਰਦੀ ਹੈ ਤੇ ਇਹ ਸ਼ਰਮਨਾਕ ਵੀ ਹੈ। ਓਪਰੇਸ਼ਨ ਗਰੀਨ ਹੰਟ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ ਤੇ ਖੰਡਨ ਵੀ। ਹਿੰਦੁਸਤਾਨ ਦਾ ਗ੍ਰਹਿ ਮੰਤਰੀ ਪੀ. ਚਿਦੰਬਰਮ (ਇਸ ਜੰਗ ਦਾ ਸੀ ਈ ਓ) ਕਹਿੰਦਾ ਹੈ ਗਰੀਨ ਹੰਟ ਨਾਂਅ ਦੀ ਕੋਈ ਚੀਜ਼ ਨਹੀਂ, ਇਹ ਤਾਂ ਮੀਡੀਆ ਦੀ ਕਾਢ ਹੈ। ਪਰ ਫਿਰ ਵੀ ਵੱਡੀ ਗਿਣਤੀ ਵਿਚ ਫੰਡ ਦਿੱਤੇ ਜਾ ਰਹੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਨੀਮ-ਫ਼ੌਜੀ ਦਸਤੇ ਭੇਜੇ ਜਾ ਰਹੇ ਹਨ। ਹਾਲਾਂਕਿ ਇਹ ਜੰਗ ਮੱਧ ਭਾਰਤ ਦੇ ਜੰਗਲਾਂ ਵਿਚ ਲੜੀ ਜਾਣੀ ਹੈ, ਪਰ ਇਸ ਦੇ ਸਿੱਟੇ ਸਾਡੇ ਸਾਰਿਆਂ ਲਈ ਹੀ ਘਾਤਕ ਨਿੱਕਲਣਗੇ।
ਜੇ ਭੂਤਾਂ ਬੀਤੇ ਦਾ, ਮਰ-ਮੁੱਕ ਚੁੱਕੀ ਹੋਂਦ ਦਾ ਪਰਛਾਵਾਂ ਹੁੰਦੀਆਂ ਹਨ, ਤਾਂ ਜੰਗਲ ਦੀ ਹਿੱਕ ਪਾੜਕੇ ਬਣ ਰਿਹਾ ਨਵਾਂ ਚਾਰ ਸੜਕਾਂ ਵਾਲਾ ਸ਼ਾਹੀ ਮਾਰਗ ਇਸ ਧਾਰਨਾ ਦੇ ਬਿਲਕੁਲ ਉਲਟ ਹੈ। ਇਹ ਦਸਤਕ ਹੈ ਆਉਣ ਵਾਲੇ ਕੱਲ੍ਹ ਦੀ।ਜੰਗਲ ਵਿਚਲੀਆਂ ਵਿਰੋਧੀ ਤਾਕਤਾਂ ਹਰ ਤਰ੍ਹਾਂ ਨਾਲ ਬੇਜੋੜ ਅਤੇ ਬੇਮੇਚੀਆਂ ਹਨ। ਇਕ ਪਾਸੇ ਪੈਸੇ, ਅਸਲੇ, ਮੀਡੀਆ 'ਤੇ ਕੰਟਰੋਲ ਰੱਖਦੀ ਅਤੇ ਉੱਭਰ ਰਹੀ ਮਹਾਂ ਸ਼ਕਤੀ ਦੇ ਘਮੰਡ ਨਾਲ ਲੈਸ ਨੀਮ ਫ਼ੌਜੀ ਦਸਤੇ ਹਨ। ਦੂਜੇ ਪਾਸੇ ਹਨ, ਰਵਾਇਤੀ ਹਥਿਆਰਾਂ ਨਾਲ ਲੈਸ ਸਾਧਾਰਨ ਪੇਂਡੂ ਲੋਕ, ਜਿਨ੍ਹਾਂ ਨੂੰ ਬਿਹਤਰੀਨ ਤਰੀਕੇ ਨਾਲ ਲਾਮਬੰਦ, ਬੁਲੰਦ ਹੌਂਸਲੇ ਵਾਲੀ ਮਾਓਵਾਦੀ ਲੜਾਕਾ ਤਾਕਤ, ਜਿਸਦਾ ਹਥਿਆਰਬੰਦ ਬਗ਼ਾਵਤ ਦਾ ਅਸਧਾਰਨ ਤੇ ਹਿੰਸਕ ਇਤਹਾਸ ਹੈ, ਦੀ ਹਮਾਇਤ ਹਾਸਲ ਹੈ। ਮਾਓਵਾਦੀ ਅਤੇ ਨੀਮ-ਫ਼ੌਜੀ ਤਾਕਤਾਂ ਇਕ ਦੂਜੇ ਦੇ ਪੁਰਾਣੇ ਵਿਰੋਧੀ ਰਹੇ ਹਨ ਤੇ ਬੀਤੇ ਦੌਰਾਨ ਇਕ ਦੂਜੇ ਨਾਲ ਵੱਖ-ਵੱਖ ਰੂਪਾਂ 'ਚ ਟਕਰਾਉਂਦੇ ਰਹੇ ਹਨ : 1950ਵਿਆਂ ਵਿਚ ਤੇਲੰਗਾਨਾ ਅੰਦਰ, ਪੱਛਮੀ ਬੰਗਾਲ, ਬਿਹਾਰ, ਅਤੇ ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਵਿਚ 1960ਵਿਆਂ ਦੇ ਅੰਤ ਤੇ 1970ਵਿਆਂ ਦੌਰਾਨ, ਅਤੇ ਫੇਰ ਆਂਧਰਾ ਪ੍ਰਦੇਸ਼, ਬਿਹਾਰ ਤੇ ਮਹਾਂਰਾਸ਼ਟਰ ਵਿਚ 80ਵਿਆਂ ਤੋਂ ਲੈ ਕੇ ਅੱਜ ਤੱਕ। ਮਾਓਵਾਦੀ ਅਤੇ ਨੀਮ-ਫ਼ੌਜੀ ਤਾਕਤਾਂ ਦੋਵੇਂ ਇਕ ਦੂਜੇ ਦੇ ਦਾਅਪੇਚਾਂ ਤੋਂ ਵੀ ਚੰਗੀ ਤਰ੍ਹਾਂ ਜਾਣੂੰ ਹਨ ਅਤੇ ਇਕ ਦੂਜੇ ਦੇ ਜੰਗੀ ਕਾਇਦੇ ਦਾ ਵੀ ਧਿਆਨ ਨਾਲ ਅਧਿਐਨ ਕਰ ਚੁੱਕੀਆਂ ਹਨ। ਹਰ ਵਾਰ ਇਸ ਤਰ੍ਹਾਂ ਲਗਦਾ ਰਿਹਾ ਜਿਵੇਂ ਮਾਓਵਾਦੀ (ਜਾਂ ਇਨ੍ਹਾਂ ਦੇ ਬੀਤੇ ਦੇ ਰੂਪ) ਹਰ ਵਾਰ ਸਿਰਫ਼ ਹਾਰੇ ਹੀ ਨਹੀਂ ਬਲਕਿ ਇੰਜ ਵੀ ਜਾਪਿਆ ਕਿ ਇਨ੍ਹਾਂ ਦੀ ਹੋਂਦ ਹੀ ਖ਼ਤਮ ਹੋ ਗਈ। ਪਰ ਹਰ ਵਾਰ ਉਹ ਪਹਿਲਾਂ ਨਾਲੋਂ ਜ਼ਿਆਦਾ ਪਰਪੱਕਤਾ ਨਾਲ ਲਾਮਬੰਦ ਹੋ ਕੇ, ਪੱਕੇ ਤਹੱਈਏ ਨਾਲ, ਫਿਰ ਉੱਭਰ ਕੇ ਸਾਹਮਣੇ ਆਏ। ਅੱਜ ਇਕ ਵਾਰ ਫਿਰ ਓਹੀ ਬਗ਼ਾਵਤ, ਪੱਛਮੀ ਬੰਗਾਲ, ਛੱਤੀਸਗੜ੍ਹ ਝਾਰਖੰਡ ਅਤੇ ਉੜੀਸਾ ਦੇ ਖਣਿਜ ਭਰਪੂਰ ਜੰਗਲਾਂ ਵਿਚ ਫੈਲ ਚੁੱਕੀ ਹੈ। ਇਹ ਜੰਗਲ ਕਰੋੜਾਂ ਆਦਿਵਾਸੀਆਂ ਦਾ ਘਰ ਹਨ ਅਤੇ ਦੂਜੇ ਪਾਸੇ ਕਾਰਪੋਰੇਟ ਜਗਤ ਦੇ ਸੁਪਨਿਆਂ ਦਾ ਸਵਰਗ ਹਨ।

ਉਦਾਰਵਾਦੀਆਂ ਲਈ ਇਹ ਵਿਸ਼ਵਾਸ ਕਰਨਾ ਆਸਾਨ ਹੈ ਕਿ ਜੰਗਲ ਵਿਚ ਲੜੀ ਜਾਣ ਵਾਲੀ ਇਹ ਲੜਾਈ ਭਾਰਤ ਸਰਕਾਰ ਅਤੇ ਮਾਓਵਾਦੀਆਂ ਵਿਚਕਾਰ ਹੈ, ਉਹ ਮਾਓਵਾਦੀ ਜੋ ਚੋਣਾਂ ਨੂੰ ਢੌਂਗ, ਸੰਸਦ ਨੂੰ ਸੂਰਾਂ ਦਾ ਵਾੜਾ ਕਹਿੰਦੇ ਹਨ ਅਤੇ ਖੁੱਲ੍ਹੇਆਮ ਹਿੰਦੁਸਤਾਨੀ ਰਾਜ ਨੂੰ ਉਲਟਾ ਦੇਣ ਦਾ ਐਲਾਨ ਕਰ ਚੁੱਕੇ ਹਨ। ਪਰ ਨਾਲ ਹੀ ਇਹ ਵੀ ਆਸਾਨੀ ਨਾਲ ਭੁੱਲਾ ਦਿੱਤਾ ਜਾਂਦਾ ਹੈ ਕਿ ਮੱਧ ਭਾਰਤ ਦੇ ਕਬਾਇਲੀਆਂ ਦਾ ਟਾਕਰੇ ਦਾ ਲੰਬਾ ਇਤਹਾਸ ਹੈ, ਜੋ ਮਾਓ ਤੋਂ ਵੀ ਸਦੀਆਂ ਪੁਰਾਣਾ ਹੈ। (ਤੇ ਇਹ ਵੀ ਸੱਚ ਹੈ ਕਿ ਜੇ ਉਹ ਇੰਜ ਨਾ ਕਰਦੇ ਤਾਂ ਅੱਜ ਉਨ੍ਹਾਂ ਦੀ ਹੋਂਦ ਹੀ ਨਾ ਹੁੰਦੀ। ਹੋ, ਓਰਾਓਂ, ਕੌਲ, ਸੰਥਾਲ ਤੇ ਮੁੰਡਾ ਤੇ ਗੌਂਡ ਕਈ ਵਾਰ ਬਗ਼ਾਵਤ ਕਰ ਚੁੱਕੇ ਹਨ, ਕਦੇ ਅੰਗਰੇਜ਼ਾਂ ਖ਼ਿਲਾਫ਼, ਕਦੇ ਜਗੀਰਦਾਰਾਂ ਖਿਲਾਫ਼ ਤੇ ਕਦੇ ਸੂਦਖੋਰਾਂ ਦੇ ਖਿਲਾਫ਼। ਇਹ ਬਗ਼ਾਵਤਾਂ ਬੇਰਹਿਮੀ ਨਾਲ ਕੁਚਲ ਦਿੱਤੀਆਂ ਗਈਆਂ, ਕਈ ਹਜ਼ਾਰ ਮਾਰ ਦਿੱਤੇ ਗਏ। ਪਰ ਲੋਕ ਕਦੇ ਵੀ ਜਿੱਤੇ ਨਾ ਜਾ ਸਕੇ। ਇੱਥੋਂ ਤੱਕ ਕਿ ਆਜ਼ਾਦੀ ਤੋਂ ਬਾਅਦ, ਬੰਗਾਲ ਦੇ ਛੋਟੇ ਜਿਹੇ ਪਿੰਡ ਨਕਸਲਬਾੜੀ (ਨਕਸਲੀ ਸ਼ਬਦ ਇਸੇ ਦੌਰਾਨ ਹੋਂਦ 'ਚ ਆਇਆ। ਹੁਣ ਇਸ ਨੂੰ ਤੇ 'ਮਾਓਵਾਦੀ' ਸ਼ਬਦ ਨੂੰ ਇਕ ਦੂਜੇ ਦੀ ਥਾਂ ਅਕਸਰ ਹੀ ਬਦਲ-ਬਦਲਕੇ ਵਰਤਿਆ ਜਾਂਦਾ ਹੈ) ਤੋਂ ਉੱਠੀ ਬਗ਼ਾਵਤ ਜਿਸ ਨੂੰ ਮਾਓਵਾਦੀ ਬਗ਼ਾਵਤ ਕਿਹਾ ਜਾ ਸਕਦਾ ਹੈ, ਦਾ ਧੁਰਾ ਵੀ ਆਦਿਵਾਸੀ ਲੋਕ ਹੀ ਸਨ। ਨਕਸਲੀ ਰਾਜਨੀਤੀ ਉਦੋਂ ਤੋਂ ਹੀ ਆਦਿਵਾਸੀ ਬਗ਼ਾਵਤਾਂ ਨਾਲ ਅਟੁੱਟ ਰੂਪ 'ਚ ਜੁੜ ਚੁੱਕੀ ਹੈ, ਜੋ ਆਦਿਵਾਸੀਆਂ ਦੀ ਵੀ ਓਨੀ ਹੀ ਗੱਲ ਕਰਦੀ ਹੈ ਜਿੰਨੀ ਨਕਸਲੀਆਂ ਦੀ।
ਬਗ਼ਾਵਤ ਦੀ ਇਹ ਵਿਰਾਸਤ ਉਨ੍ਹਾਂ ਲੋਕਾਂ 'ਚ ਰੋਹ ਦੇ ਭਾਂਬੜ ਬਾਲ ਗਈ ਜਿਨ੍ਹਾਂ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਜਾਣਬੁੱਝ ਕੇ ਅਲੱਗ-ਥਲੱਗ ਕਰਕੇ ਹਾਸ਼ੀਏ 'ਤੇ ਧੱਕਿਆ ਹੋਇਆ ਸੀ। 1950 'ਚ ਭਾਰਤੀ ਸੰਵਿਧਾਨ, ਭਾਰਤੀ ਜਮਹੂਰੀਅਤ ਦੀ ਨੈਤਿਕ ਟੇਕ, ਨੂੰ ਸੰਸਦ ਵੱਲੋਂ ਅਪਣਾ ਲਿਆ ਗਿਆ। ਕਬਾਇਲੀ ਲੋਕਾਂ ਲਈ ਇਹ ਕਹਿਰ ਵਰਤਾਊ ਦਿਨ ਸੀ। ਬਸਤੀਵਾਦੀ ਨੀਤੀਆਂ 'ਤੇ ਸੰਵਿਧਾਨ ਦੀ ਮੋਹਰ ਲਾ ਕੇ, ਰਾਜ ਕਬਾਇਲੀ ਲੋਕਾਂ ਦੀ ਜ਼ਮੀਨ ਦਾ ਸਰਪ੍ਰਸਤ ਬਣ ਗਿਆ। ਇਕ ਰਾਤ ਵਿਚ ਹੀ, ਸਮੁੱਚੀ ਕਬਾਇਲੀ ਵਸੋਂ ਆਪਣੀ ਹੀ ਜ਼ਮੀਨ 'ਤੇ ਮਾਲਕੀ ਹੱਕ ਤੋਂ ਵਾਂਝੀ ਅਬਾਦਕਾਰ ਬਣਕੇ ਰਹਿ ਗਈ। ਇਸ ਨੇ ਜੰਗਲ ਉੱਪਰ ਉਨ੍ਹਾਂ ਦਾ ਰਵਾਇਤੀ ਹੱਕ ਵੀ ਖੋਹ ਲਿਆ ਤੇ ਉਨ੍ਹਾਂ ਦੇ ਸਮੁੱਚੇ ਜੀਵਨ ਨੂੰ ਹੀ ਅਪਰਾਧ ਦੇ ਘੇਰੇ 'ਚ ਲੈ ਆਂਦਾ। ਵੋਟ ਦੇ ਹੱਕ ਬਦਲੇ, ਕਬਾਇਲੀਆਂ ਤੋਂ ਜੀਵਨ ਗੁਜ਼ਾਰੇ ਅਤੇ ਸਨਮਾਨਯੋਗ ਜ਼ਿੰਦਗੀ ਜਿਊਣ ਦਾ ਅਧਿਕਾਰ ਹੀ ਖੋਹ ਲਿਆ।
ਉਨ੍ਹਾਂ ਤੋਂ ਹਰ ਹੱਕ, ਹਰ ਚੀਜ਼ ਖੋਹਕੇ, ਹਕੂਮਤ ਨੇ ਪੂਰੀ ਚਲਾਕੀ ਨਾਲ ਉਨ੍ਹਾਂ ਦੀ ਗ਼ਰੀਬੀ ਨੂੰ ਹੀ ਉਨ੍ਹਾਂ ਦੇ ਖਿਲਾਫ਼ ਵਰਤਣਾ ਸ਼ੁਰੂ ਕਰ ਦਿੱਤਾ। ਜਦੋਂ ਕਦੇ ਵੀ ਸਰਕਾਰ ਨੂੰ ਡੈਮਾਂ, ਸਿੰਜਾਈ ਪ੍ਰਾਜੈਕਟਾਂ, ਖਾਣਾਂ ਵਾਸਤੇ ਕਬਾਇਲੀਆਂ ਨੂੰ ਵੱਡੇ ਪੱਧਰ 'ਤੇ ਉਜਾੜਨ ਦੀ ਲੋੜ ਮਹਿਸੂਸ ਹੋਈ ਤਾਂ ਇਹ 'ਕਬਾਇਲੀਆਂ ਨੂੰ ਮੁੱਖਧਾਰਾ ਵਿੱਚ ਲੈ ਕੇ ਆਉਣ' ਜਾਂ ਉਨ੍ਹਾਂ ਨੂੰ 'ਆਧੁਨਿਕ ਵਿਕਾਸ ਦੀਆਂ ਬਰਕਤਾਂ' ਮੁਹੱਈਆ ਕਰਾਉਣ ਦੀਆਂ ਟਾਹਰਾਂ ਮਾਰਨੀਆਂ ਸ਼ੁਰੂ ਕਰ ਦਿੰਦੀ। ਭਾਰਤ ਦੀ 'ਤਰੱਕੀ' ਦੀ ਬਦੌਲਤ ਜਿਹੜੇ ਕਰੋੜਾਂ ਲੋਕ ਉਜਾੜੇ ਦਾ ਸ਼ਿਕਾਰ ਹੋਏ (ਤਿੰਨ ਕਰੋੜ ਤੋਂ ਜ਼ਿਆਦਾ ਸਿਰਫ਼ ਵੱਡੇ ਡੈਮਾਂ ਦੇ ਕਾਰਣ), ਉਨ੍ਹਾਂ ਵਿਚ ਵੱਡੀ ਗਿਣਤੀ ਕਬਾਇਲੀ ਲੋਕਾਂ ਦੀ ਹੀ ਹੈ। ਹੁਣ ਜਦੋਂ ਸਰਕਾਰ ਕਬਾਇਲੀ ਭਲਾਈ ਦੀਆਂ ਟਾਹਰਾਂ ਮਾਰ ਰਹੀ ਹੈ ਇਸ ਕਰਕੇ ਚਿੰਤਾ ਤਾਂ ਹੋਣੀ ਹੀ ਹੈ।

ਪਿਛਲੇ ਦਿਨੀਂ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਉਨ੍ਹਾਂ ਨਾਲ ਹੇਜ ਦਿਖਾਉਂਦਿਆਂ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਕਬਾਇਲੀ ਲੋਕ ''ਅਜਾਇਬਘਰਾਂ ਦੇ ਸੱਭਿਆਚਾਰ'' ਦਾ ਸ਼ਿਕਾਰ ਬਣੇ ਰਹਿਣ, ਉਸ ਦਾ ਬਿਆਨ ਚਿੰਤਾ ਦਾ ਵਿਸ਼ਾ ਸੀ। ਜਦੋਂ ਚਿਦੰਬਰਮ ਵੱਡੀਆਂ ਕਾਰਪੋਰੇਸ਼ਨਾਂ ਦਾ ਵਕੀਲ ਬਣਕੇ ਖਾਣ ਕੰਪਨੀਆਂ ਦੇ ਮੁਕੱਦਮਿਆਂ ਦੀ ਪੈਰਵਾਈ ਕਰਦਾ ਰਿਹਾ ਸੀ ਓਦੋਂ ਤਾਂ ਕਬਾਇਲੀ ਲੋਕਾਂ ਦੀ ਭਲਾਈ ਉਸ ਦੀ ਤਰਜੀਹ ਨਹੀਂ ਸੀ! ਇਸ ਕਰਕੇ ਉਸਦੇ ਤਾਜ਼ਾ ਹੇਜ ਦੀ ਛਾਣਬੀਣ ਜ਼ਰੂਰ ਹੋਣੀ ਚਾਹੀਦੀ ਹੈ।
ਪਿਛਲੇ ਪੰਜ ਸਾਲਾਂ ਕੁ ਦੌਰਾਨ ਛੱਤੀਸਗੜ੍ਹ, ਝਾਰਖੰਡ, ਉੜੀਸਾ ਅਤੇ ਪੱਛਮੀ ਬੰਗਾਲ ਦੀਆਂ ਸਰਕਾਰਾਂ ਨੇ ਕਾਰਪੋਰੇਟ ਘਰਾਣਿਆਂ ਨਾਲ ਸੈਂਕੜੇ ਸਮਝੌਤੇ ਕੀਤੇ ਹਨ ਜਿਨ੍ਹਾਂ ਦੀ ਕੀਮਤ ਕਈ ਅਰਬ ਡਾਲਰ ਹੈ। ਸਟੀਲ ਪਲਾਟਾਂ, ਲੋਹਾ ਗਾਲਣ ਦੀਆਂ ਫੈਕਟਰੀਆਂ, ਬਿਜਲੀ ਘਰਾਂ, ਐਲਮਿਨੀਅਮ ਸੋਧਕ ਪਲਾਂਟਾਂ, ਡੈਮਾਂ ਅਤੇ ਖਾਣਾਂ ਦੇ ਸਬੰਧ 'ਚ ਕੀਤੇ ਗਏ ਇਹ ਸਾਰੇ ਸਮਝੌਤੇ ਗੁਪਤ ਰੱਖੇ ਗਏ ਹਨ। ਇਨ੍ਹਾਂ ਸਮਝੌਤਿਆਂ ਨੂੰ ਪੈਸੇ ਵੇਲਣ ਵਾਲੀਆਂ ਮਸ਼ੀਨਾਂ ਬਣਾਉਣ ਲਈ, ਕਬਾਇਲੀ ਲੋਕਾਂ ਨੂੰ ਉਥੋਂ ਹਟਾਉਣਾ ਬਹੁਤ ਜ਼ਰੂਰੀ ਹੈ।
ਇਹ ਜੰਗ ਇਸ ਖ਼ਾਤਰ ਹੈ।

ਜਦੋਂ ਆਪਣੇ ਆਪ ਨੂੰ ਜਮਹੂਰੀਅਤ ਅਖਵਾਉਣ ਵਾਲਾ ਕੋਈ ਮੁਲਕ ਆਪਣੀਆਂ ਹੀ ਹੱਦਾਂ ਅੰਦਰ ਆਪਣੇ ਹੀ ਲੋਕਾਂ ਖਿਲਾਫ਼ ਜੰਗ ਛੇੜ ਦੇਵੇ, ਤਾਂ ਇਹ ਜੰਗ ਕਿਹੋ ਜਿਹੀ ਲਗਦੀ ਹੈ। ਕੀ ਟਾਕਰੇ ਦਾ ਕੋਈ ਮੌਕਾ ਹੈ? ਕੀ ਇਹ ਹੋਣਾ ਚਾਹੀਦਾ ਹੈ? ਮਾਓਵਾਦੀ ਕੌਣ ਹਨ? ਕੀ ਉਹ ਸਿਰਫ਼ ਤੇ ਸਿਰਫ਼ ਹਿੰਸਾਪਸੰਦ ਨਾਸ਼ਵਾਦੀ ਹਨ ਜੋ ਕਬਾਇਲੀ ਲੋਕਾਂ 'ਤੇ ਵੇਲਾ ਵਿਹਾ ਚੁੱਕੀ ਵਿਚਾਰਧਾਰਾ ਥੋਪ ਕੇ, ਉਨ੍ਹਾਂ ਨੂੰ ਐਸੀ ਬਗ਼ਾਵਤ ਵੱਲ ਧੱਕ ਰਹੇ ਹਨ ਜਿਸ ਤੋਂ ਕੋਈ ਆਸ ਨਹੀਂ ਹੋ ਸਕਦੀ। ਉਨ੍ਹਾਂ ਨੇ ਆਪਣੇ ਬੀਤੇ ਦੇ ਅਨੁਭਵਾਂ ਤੋਂ ਕੀ ਸਿੱਖਿਆ ਹੈ? ਕੀ ਹਥਿਆਰਬੰਦ ਸੰਘਰਸ਼ ਸੁਭਾਵਿਕ ਤੌਰ 'ਤੇ ਹੀ ਗ਼ੈਰ-ਜਮਹੂਰੀ ਹੈ? ਕੀ ਦੋ ਪੁੜ੍ਹਾਂ ਵਿਚਾਲੇ ਦਾ ਸਿਧਾਂਤ--ਇਹ ਕਿ ਲੋਕ ਰਾਜ ਅਤੇ ਮਾਓਵਾਦੀਆਂ ਵਿਚਕਾਰ ਫਸੇ ਹੋਏ ਹਨ--ਠੀਕ ਹੈ? ਕੀ ਕਬਾਇਲੀ ਅਤੇ ਮਾਓਵਾਦੀ ਦੋ ਪੂਰੀ ਤਰ੍ਹਾਂ ਵੱਖ-ਵੱਖ ਸ਼੍ਰੇਣੀਆਂ ਹਨ ਜਿਵੇਂ ਦਾਅਵਾ ਕੀਤਾ ਜਾ ਰਿਹਾ ਹੈ? ਕੀ ਉਨ੍ਹਾਂ ਦੇ ਹਿੱਤ ਕਿਤੇ ਮੇਲ ਖਾਂਦੇ ਹਨ? ਕੀ ਉਨ੍ਹਾਂ ਨੇ ਇਕ ਦੂਜੇ ਤੋਂ ਕੁਝ ਸਿੱਖਿਆ ਹੈ? ਕੀ ਉਨ੍ਹਾਂ ਨੇ ਇਕ ਦੂਜੇ ਨੂੰ ਬਦਲਿਆ ਹੈ?

ਮੇਰੇ ਜਾਣ ਤੋਂ ਇਕ ਦਿਨ ਪਹਿਲਾਂ ਮੇਰੀ ਮਾਂ ਦਾ ਫੋਨ ਆਇਆ। ਉਹ ਉਨੀਂਦਰੀ ਜਾਪਦੀ ਸੀ। ਕਹਿਣ ਲੱਗੀ ''ਮੈਂ ਸੋਚਦੀ ਹਾਂ,'' ਜਿਵੇਂ ਮਾਵਾਂ ਸੁਭਾਵਿਕ ਹੀ ਬੋਲਦੀਆਂ ਹਨ, ''ਇਸ ਮੁਲਕ ਨੂੰ ਇਨਕਲਾਬ ਦੀ ਜ਼ਰੂਰਤ ਹੈ।''ਇੰਟਰਨੈਟ 'ਤੇ ਇਕ ਲੇਖ ਕਹਿੰਦਾ ਹੈ ਕਿ ਇਸਰਾਇਲੀ ਖੁਫ਼ੀਆ ਏਜੰਸੀ ਮੌਸਾਦ ਭਾਰਤੀ ਪੁਲੀਸ ਦੇ 30 ਆਹਲਾ ਅਧਿਕਾਰੀਆਂ ਨੂੰ ਘਾਤ ਲਗਾ ਕੇ ਹੱਤਿਆ ਕਰਨ ਦੇ ਗੁਰ ਸਿਖਾ ਰਹੀ ਹੈ ਤਾਂ ਜੋ ਮਾਓਵਾਦੀ ਜਥੇਬੰਦੀ ਨੂੰ ਆਗੂ-ਰਹਿਤ ਕੀਤਾ ਜਾ ਸਕੇ। ਪ੍ਰੈੱਸ ਵਿਚ ਵੀ ਨਵੀਂ ਜੰਗੀ ਮਸ਼ੀਨਰੀ, ਜੋ ਇਸਰਾਇਲ ਤੋਂ ਖ਼ਰੀਦੀ ਗਈ ਹੈ, ਦੀ ਚਰਚਾ ਹੋ ਰਹੀ ਹੈ: ਲੇਜ਼ਰ ਰੇਂਜ ਫਾਈਂਡਰ (ਲੇਜ਼ਰ ਨਾਲ ਮਦਦ ਨਾਲ ਨਿਸ਼ਾਨਾ ਲਾਉਣ ਵਾਲੇ ਯੰਤਰ), ਥਰਮਲ ਇਮੇਜਿੰਗ ਯੰਤਰ (ਇਨਫਰਾ ਰੈੱਡ ਕਿਰਨਾਂ ਦੀ ਮਦਦ ਨਾਲ ਤਸਵੀਰ ਲੈਣ ਦਾ ਤਰੀਕਾ) ਅਤੇ ਬਿਨਾ ਚਾਲਕ ਕੰਮ ਕਰਨ ਵਾਲੇ ਜਹਾਜ਼, ਜੋ ਅਮਰੀਕੀ ਫ਼ੌਜ ਵਿਚ ਮਕਬੂਲ ਹਨ। ਗ਼ਰੀਬਾਂ ਖਿਲਾਫ਼ ਵਰਤਣ ਲਈ ਪੂਰੀ ਤਰ੍ਹਾਂ ਦੋਸ਼ ਰਹਿਤ ਹਥਿਆਰ।
ਰਾਏਪੁਰ ਤੋਂ ਦਾਂਤੇਵਾੜਾ ਪਹੁੰਚਣ ਲਈ ਕਰੀਬ ਦਸ ਘੰਟੇ ਲਗਦੇ ਹਨ। ਇਹ ਰਾਹ ਮਾਓਵਾਦੀ ਪੀੜਤ ਇਲਾਕਿਆਂ ਵਿਚੋਂ ਦੀ ਲੰਘਦਾ ਹੈ। ਪੀੜਤ ਸ਼ਬਦ ਕੋਈ ਅਣਜਾਣਪੁਣੇ ਵਿਚ ਨਹੀਂ ਵਰਤਿਆ ਗਿਆ। ਪੀੜਤ/ਲਾਗ ਦਾ ਭਾਵ ਹੈ ਬਿਮਾਰੀ/ਕੀਟਾਣੂ, ਭਾਵ ਬੀਮਾਰੀ ਦਾ ਇਲਾਜ਼ ਕਰਨਾ ਜ਼ਰੂਰੀ ਹੁੰਦਾ ਹੈ ਅਤੇ ਕੀਟਾਣੂਆਂ ਦਾ ਖ਼ਾਤਮਾ ਕਰਨਾ। ਇਸ ਦਾ ਅਰਥ ਹੈ ਮਾਓਵਾਦੀਆਂ ਦਾ 'ਸਫਾਇਆ' ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਚੁੱਪ-ਚੁਪੀਤੇ, ਪਤਾ ਲੱਗਣ ਦਿੱਤੇ ਬਗ਼ੈਰ ਹੀ ਕਤਲੇਆਮ ਦੀ ਭਾਸ਼ਾ ਸਾਡੀ ਸ਼ਬਦਾਵਲੀ ਦਾ ਹਿੱਸਾ ਬਣ ਚੁੱਕੀ ਹੈ।
ਹਾਈਵੇਅ ਦੀ ਸੁਰੱਖਿਆ ਲਈ, ਸੁਰੱਖਿਆ ਦਸਤਿਆਂ ਨੇ ਨਾਲ ਲਗਦੇ ਥੋੜ੍ਹੇ ਥੋੜ੍ਹੇ ਜੰਗਲ 'ਚ ਦੋਵੇਂ ਪਾਸੇ 'ਕਿਲਾਬੰਦੀ' ਕੀਤੀ ਹੋਈ ਹੈ। ਉਸ ਤੋਂ ਅੱਗੇ 'ਦਾਦਾ ਲੋਕਾਂ' ਦਾ ਰਾਜ ਹੈ। ਵੱਡੇ ਵੀਰਾਂ ਦਾ। ਸਾਥੀਆਂ ਦਾ।

ਰਾਏਪੁਰ ਸ਼ਹਿਰ ਦੇ ਬਾਹਰਲੇ ਪਾਸੇ ਇਕ ਵਿਸ਼ਾਲ ਬੋਰਡ ਵੇਦਾਂਤਾ ਕੈਂਸਰ ਹਸਪਤਾਲ ਦੀ ਮਸ਼ਹੂਰੀ ਕਰ ਰਿਹਾ ਹੈ। ਵੇਦਾਂਤਾ ਉਹ ਕੰਪਨੀ ਹੈ ਜਿਸ ਨਾਲ ਸਾਡਾ ਗ੍ਰਹਿ ਮੰਤਰੀ ਚਿਦੰਬਰਮ ਕੰਮ ਕਰ ਚੁੱਕਾ ਹੈ। ਉੜੀਸਾ ਵਿਚ ਜਿੱਥੇ ਵੇਦਾਂਤਾ ਖਾਣਾਂ ਵਿਚੋਂ ਬਾਕਸਾਈਟ ਕੱਢ ਰਹੀ ਹੈ, ਉੱਥੇ ਵੀ ਇਹ ਕੰਪਨੀ ਇਕ ਯੂਨੀਵਰਸਿਟੀ ਨੂੰ ਆਰਥਕ ਮਦਦ ਦੇ ਰਹੀ ਹੈ। ਇਸ ਤਰ੍ਹਾਂ ਚੁੱਪ-ਚੁਪੀਤੇ ਇਹ ਖਣਿਜ ਕੰਪਨੀਆਂ ਸਾਡੇ ਕਲਪਨਾ ਜਗਤ ਦਾ ਹਿੱਸਾ ਬਣ ਰਹੀਆਂ ਹਨ: ਦੈਂਤ ਦੇ ਪਰਉਪਕਾਰੀ ਹੋਣ ਦਾ ਪ੍ਰਭਾਵ ਪੈਂਦਾ ਹੈ। ਇਸ ਨੂੰ ਇਹ ਸੀ ਐੱਸ ਆਰ ਭਾਵ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਕਹਿੰਦੇ ਹਨ। ਇਹ ਖਣਿਜ ਕੰਪਨੀਆਂ ਆਂਧਰਾ ਦੇ ਮਰਹੂਮ ਮੁੱਖ ਮੰਤਰੀ ਐੱਨ ਟੀ ਰਾਮਾਰਾਓ ਦੇ ਫਿਲਮੀ ਕਿਰਦਾਰ ਵਾਂਗ ਲੱਗਦੀਆਂ ਹਨ, ਜੋ ਆਪਣੀਆਂ ਫਿਲਮਾਂ 'ਚ ਇਕੋ ਸਮੇਂ ਨਾਇਕ ਤੇ ਖਲਨਾਇਕ ਦੇ ਰੂਪ 'ਚ ਹਰ ਤਰ੍ਹਾਂ ਦੀ ਭੂਮਿਕਾ ਨਿਭਾਇਆ ਕਰਦਾ ਸੀ। ਇਹ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦਾ ਮਖੌਟਾ ਉਸ ਅੱਤਿਆਚਾਰੀ ਆਰਥਿਕਤਾ ਨੂੰ ਛੁਪਾ ਲੈਂਦਾ ਹੈ ਜੋ ਹਿੰਦੁਸਤਾਨ ਦੇ ਖਣਿਜ ਖੇਤਰ ਵਿਚ ਵਾਪਰ ਰਿਹਾ ਹੈ। ਮਿਸਾਲ ਦੇ ਤੌਰ 'ਤੇ ਕਰਨਾਟਕ ਦੀ ਤਾਜ਼ਾ ਲੋਕਾਯੁਕਤ ਰਿਪੋਰਟ ਅਨੁਸਾਰ ਕੱਚੇ ਲੋਹੇ ਦੇ ਹਰ ਟਨ ਪਿੱਛੇ ਸਰਕਾਰ ਜੇ 27 ਰੁਪਏ ਰਾਇਲਟੀ ਦੇ ਕਮਾਉਂਦੀ ਹੈ ਤਾਂ ਖਣਿਜ ਕੰਪਨੀ ਇਕ ਟਨ ਪਿੱਛੇ 5,000 ਰੁਪਇਆ ਕਮਾ ਰਹੀ ਹੈ। ਬਾਕਸਾਈਟ ਅਤੇ ਐਲਮਿਨੀਅਮ ਦੇ ਖੇਤਰ ਵਿਚ ਹਾਲ ਇਸ ਤੋਂ ਵੀ ਮਾੜਾ ਹੈ। ਇਹ ਦਿਨ-ਦਿਹਾੜੇ ਖ਼ਰਬਾਂ ਡਾਲਰਾਂ ਦਾ ਡਾਕਾ ਹੈ। ਸਰਕਾਰਾਂ, ਜੱਜਾਂ, ਅਖ਼ਬਾਰਾਂ, ਟੀ. ਵੀ. ਚੈਨਲਾਂ, ਗ਼ੈਰ-ਸਰਕਾਰੀ ਜਥੇਬੰਦੀਆਂ ਤੇ ਸਹਾਇਤਾ ਸੰਸਥਾਵਾਂ ਆਦਿ ਨੂੰ ਖ਼ਰੀਦਣ ਲਈ ਇਹ ਕਾਫ਼ੀ ਹੈ। ਇਕਾ-ਦੁੱਕਾ ਕੈਂਸਰ ਹਸਪਤਾਲ, ਇੱਥੇ ਕੀ ਚੀਜ਼ ਹਨ?

ਮੇਰੇ ਯਾਦ ਨਹੀਂ ਕਿ ਮੈਂ ਵੇਦਾਂਤਾ ਦਾ ਨਾਂਅ ਛੱਤੀਸਗੜ੍ਹ ਸਰਕਾਰ ਦੁਆਰਾ ਕੀਤੇ ਸਹਿਮਤੀਨਾਮਿਆਂ ਦੀ ਸੂਚੀ ਵਿਚ ਦੇਖਿਆ ਹੋਵੇ, ਪਰ ਜੇ ਇੱਥੇ ਕੈਂਸਰ ਹਸਪਤਾਲ ਦੀ ਗੱਲ ਹੋ ਰਹੀ ਹੈ, ਤਾਂ ਕਿਤੇ ਨਾ ਕਿਤੇ ਪੱਧਰੇ ਸਿਰ ਵਾਲੀ ਪਹਾੜੀ ਵਿਚ ਬਾਕਸਾਈਟ ਜ਼ਰੂਰ ਹੋਵੇਗਾ।

ਅਸੀਂ ਕਾਂਕੇਰ ਤੋਂ ਅੱਗੇ ਲੰਘ ਜਾਂਦੇ ਹਨ, ਜੋ ਕਿ ਦਹਿਸ਼ਤਵਾਦ ਵਿਰੋਧੀ ਯੁੱਧ ਕਲਾ ਸਿਖਲਾਈ ਕਾਲਜ ਕਾਰਨ ਮਸ਼ਹੂਰ ਹੈ। ਇਹ ਕਾਲਜ ਬ੍ਰਿਗੇਡੀਅਰ ਬੀ ਕੇ ਪਨਵਰ, ਰਮਪੈੱਲਸਟਿਕਿਨ (ਯੂਰਪੀ ਪਰੀ ਕਹਾਣੀਆਂ ਦੀ ਚਮਤਕਾਰੀ ਨਾਇਕਾ ਜਿਸ ਬਾਰੇ ਮਸ਼ਹੂਰ ਸੀ ਕਿ ਉਹ ਕੱਖਾਂ ਨੂੰ ਸੋਨਾ ਬਣਾ ਦਿੰਦੀ ਸੀ) ਦੁਆਰਾ ਚਲਾਇਆ ਜਾ ਰਿਹਾ ਹੈ, ਜਿਸ ਨੂੰ ਭ੍ਰਿਸ਼ਟ, ਕੱਚੇ-ਪਿੱਲੇ ਪੁਲਸੀਆਂ (ਕੱਖਾਂ) ਨੂੰ ਗੁਰੀਲਾ ਯੁੱਧ ਦੇ ਕਮਾਂਡੋਆਂ (ਸੋਨੇ) ਵਿਚ ਬਦਲਣ ਦਾ ਕੰਮ ਸੌਂਪਿਆ ਗਿਆ ਹੈ। ''ਗੁਰੀਲੇ ਨਾਲ ਗੁਰੀਲੇ ਵਾਂਗ ਹੀ ਲੜੋ'', ਜੰਗਲ ਯੁੱਧ ਕਲਾ ਕਾਲਜ ਦਾ ਨਾਅਰਾ ਪੱਥਰਾਂ 'ਤੇ ਲਿਖਿਆ ਹੋਇਆ ਹੈ। ਰੰਗਰੂਟਾਂ ਨੂੰ ਘੋੜ ਸਵਾਰੀ, ਫੁਰਤੀ ਨਾਲ ਕੁੱਦਣਾ, ਭੱਜਣਾ, ਹਵਾਈ ਜਹਾਜ਼ ਤੋਂ ਕੁੱਦਣਾ, ਸੱਪ ਖਾਣਾ ਤੇ ਜੰਗਲ 'ਚ ਰਹਿਣਾ ਆਦਿ ਸਿਖਾਇਆ ਜਾ ਰਿਹਾ ਹੈ। ਬ੍ਰਿਗੇਡੀਅਰ ਮਾਣ ਮਹਿਸੂਸ ਕਰਦਾ ਹੈ ਕਿ ਉਹ ਅਵਾਰਾ ਕੁੱਤਿਆਂ ਨੂੰ ਵੀ 'ਦਹਿਸ਼ਤਗਰਦਾਂ' ਖਿਲਾਫ਼ ਲੜਨ ਦੀ ਸਿਖਲਾਈ ਦੇ ਰਿਹਾ ਹੈ। ਹਰ ਛੇ ਹਫ਼ਤੇ ਵਿਚ ਇਸ ਸਕੂਲ ਤੋਂ 800 ਪੁਲੀਸ ਵਾਲੇ ਸਿਖਲਾਈ ਹਾਸਲ ਕਰਦੇ ਹਨ। ਪੂਰੇ ਮੁਲਕ ਵਿਚ ਅਜਿਹੇ ਵੀਹ ਸਕੂਲ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੁਲੀਸ ਤਾਕਤ ਨੂੰ ਫ਼ੌਜ ਵਿਚ ਤਬਦੀਲ ਕਰ ਦਿੱਤਾ ਗਿਆ ਹੈ। (ਕਸ਼ਮੀਰ ਵਿਚ ਬਿਲਕੁਲ ਉਲਟਾ ਹੈ, ਉੱਥੇ ਫ਼ੌਜ ਨੂੰ ਘੁਮੰਡੀ, ਪ੍ਰਸ਼ਾਸਨਿਕ ਪੁਲੀਸ ਤਾਕਤ ਬਣਾ ਦਿੱਤਾ ਗਿਆ ਹੈ)। ਬਿਲਕੁਲ ਉਲਟ-ਪੁਲਟ। ਕੁਝ ਵੀ ਹੋਵੇ, ਦੁਸ਼ਮਣ ਸਿਰਫ਼ ਤੇ ਸਿਰਫ਼ ਲੋਕ ਹਨ।

ਰਾਤ ਕਾਫ਼ੀ ਹੋ ਚੁੱਕੀ ਹੈ। ਜਗਦਲਪੁਰ ਕਦੋਂ ਦਾ ਸੌਂ ਚੁੱਕਿਆ ਹੈ, ਕੇਵਲ ਰਾਹੁਲ ਗਾਂਧੀ ਦੀ ਮਸ਼ਹੂਰੀ ਕਰਦੇ ਬੋਰਡ, ਜੋ ਲੋਕਾਂ ਨੂੰ ਯੂਥ ਕਾਂਗਰਸ ਵਿਚ ਸ਼ਾਮਲ ਹੋਣ ਦਾ ਸੱਦਾ ਦੇ ਰਹੇ ਹਨ, ਜਾਗ ਰਹੇ ਹਨ। ਉਹ ਪਿਛਲੇ ਦਿਨੀਂ ਦੋ ਬਾਰ ਬਸਤਰ ਆਇਆ ਪਰ ਉਸ ਨੇ ਚੱਲ ਰਹੇ ਯੁੱਧ ਬਾਰੇ ਕੁਝ ਨਹੀਂ ਕਿਹਾ। ਸ਼ਾਇਦ ਇਸ ਵਕਤ ਲੋਕਾਂ ਦੇ ਰਾਜ ਕੁਮਾਰ ਨੂੰ ਇਸ ਘੜਮੱਸ ਵਿਚ ਦਖ਼ਲ-ਅੰਦਾਜ਼ੀ ਕਰਨਾ ਭੈੜਾ ਲੱਗਦਾ ਹੋਵੇ। ਉਸਦੇ ਮੀਡੀਆ ਪ੍ਰਬੰਧਕਾਂ ਨੇ ਵਰਜ ਦਿੱਤਾ ਹੋਵੇਗਾ। ਸਲਵਾ ਜੁਡਮ ਦੀ ਮੁਹਿੰਮ, ਜੋ ਕਿ ਕਾਂਗਰਸੀ ਐੱਮ ਐੱਲ ਏ ਮਹੇਂਦਰ ਕਰਮਾ ਦੀ ਅਗਵਾਈ ਹੇਠ ਸਰਕਾਰੀ ਸਰਪ੍ਰਸਤੀ ਨਾਲ ਬਣਾਇਆ ਗਿਆ ਭਿਆਨਕ, ਗੁਪਤ ਗਰੋਹ ਸੀ, ਜੋ ਬਲਾਤਕਾਰ, ਲੁੱਟ-ਮਾਰ, ਕਤਲੇਆਮ, ਪਿੰਡਾਂ ਦੀ ਸਾੜ-ਫੂਕ ਅਤੇ ਲੱਖਾਂ ਲੋਕਾਂ ਨੂੰ ਬੇਘਰ ਕਰਨ ਲਈ ਜ਼ਿੰਮੇਵਾਰ ਸੀ, ਦਾ ਨਾਇਕ ਮਹਿੰਦਰ ਕਰਮਾ ਰਾਹੁਲ ਗਾਂਧੀ ਦੀ ਮਸ਼ਹੂਰੀ ਲਈ ਪੂਰਾ ਧਿਆਨ ਦੇ ਕੇ ਬਣਾਏ ਗਏ ਮਸ਼ਹੂਰੀ ਬੋਰਡਾਂ ਵਿਚ ਕਿਤੇ ਨਜ਼ਰ ਨਹੀਂ ਆਉਂਦਾ।
ਤੈਅ ਸਮੇਂ ਅਨੁਸਾਰ ਮੈਂ ਮਾਂ ਦਾਂਤੇਸ਼ਵਰੀ ਦੇ ਮੰਦਰ ਪਹੁੰਚ ਗਈ (ਪਹਿਲੇ ਹੀ ਦਿਨ, ਪਹਿਲੇ ਹੀ ਸਮੇਂ 'ਤੇ)। ਮੇਰੇ ਕੋਲ ਜ਼ਰੂਰਤ ਅਨੁਸਾਰ, ਕੈਮਰਾ, ਮੱਥੇ 'ਤੇ ਲਾਲ ਟਿੱਕਾ ਅਤੇ ਨਾਰੀਅਲ ਸੀ। ਮੈਂ ਪ੍ਰੇਸ਼ਾਨ ਸੀ ਕਿ ਜਾਨਣ ਵਾਲੇ ਮੈਨੂੰ ਵੇਖ ਕੇ ਹੱਸ ਰਹੇ ਹੋਣਗੇ। ਕੁਝ ਹੀ ਮਿੰਟਾਂ ਵਿਚ ਇਕ ਨੌਜਵਾਨ ਮੁੰਡਾ ਮੇਰੇ ਕੋਲ ਆਇਆ ਉਸ ਦੇ ਸਿਰ 'ਤੇ ਟੋਪੀ ਅਤੇ ਮੋਢੇ ਸਕੂਲ ਬਸਤਾ ਲਟਕ ਰਿਹਾ ਸੀ। ਨਹੁੰਆਂ 'ਤੇ ਲਾਲ ਨਹੁੰ ਪਾਲਿਸ਼ ਲਾਈ ਹੋਈ ਸੀ। ਉਸ ਕੋਲ ਨਾ ਹਿੰਦੀ ਆਊਟਲੁੱਟ ਸੀ ਤੇ ਨਾ ਕੇਲੇ। ਉਹ ਬੋਲਿਆ, ''ਤੁਸੀਂ ਉਹੀ ਹੋ ਜਿਸ ਨੇ ਅੰਦਰ ਜਾਣਾ ਹੈ?'' ਉਹ ਗੁਰੂ ਜੀ ਨਮਸਕਾਰ ਵੀ ਨਹੀਂ ਬੋਲਿਆ। ਮੈਂ ਸ਼ਸ਼ੋਪੰਜ 'ਚ ਪੈ ਗਈ। ਉਸ ਨੇ ਜੇਬ 'ਚੋਂ ਸਲਾਬ੍ਹਿਆ ਜਿਹਾ ਕਾਗਜ਼ ਦਾ ਟੁਕੜਾ ਕੱਢ ਕੇ ਮੈਨੂੰ ਫੜਾ ਦਿੱਤਾ। ਇਸ 'ਤੇ ਲਿਖਿਆ ਸੀ, ''ਆਉਟ ਲੁੱਕ ਨਹੀਂ ਮਿਲਿਆ।''
''ਤੇ ਕੇਲੇ?''
''ਮੈਂ ਖਾ ਗਿਆ'', ਉਸ ਨੇ ਕਿਹਾ, ''ਮੈਨੂੰ ਭੁੱਖ ਲੱਗੀ ਸੀ।''
ਉਹ ਤਾਂ ਸੱਚੀਂਮੁੱਚੀਂ ਸੁਰੱਖਿਆ ਨੂੰ ਖ਼ਤਰਾ ਨਿਕਲਿਆ।
ਉਸ ਦੇ ਪਿੱਠ ਬੈਗ 'ਤੇ ਲਿਖਿਆ ਹੋਇਆ ਸੀ: ਚਾਰਲੀ ਬਰਾਊਨ--ਇਹ ਤੁਹਾਡਾ ਸਧਾਰਨ ਮੂਰਖ ਨਹੀਂ ਹੈ।
ਅਸੀਂ ਬੱਸ ਸਟੈਂਡ ਵੱਲ ਚੱਲ ਪਏ ਜੋ ਮੰਦਰ ਤੋਂ ਕੁਝ ਮਿੰਟ ਦੀ ਵਾਟ ਸੀ। ਉੱਥੇ ਪਹਿਲਾਂ ਹੀ ਭੀੜ ਭੜੱਕਾ ਸੀ। ਇਹ ਸਭ ਕੁਝ ਜਲਦੀ ਹੀ ਵਾਪਰਿਆ। ਉੱਥੇ ਦੋ ਲੋਕ ਮੋਟਰਸਾਈਕਲ ਸਵਾਰ ਤਿਆਰ ਖੜ੍ਹੇ ਸਨ। ਕੋਈ ਗੱਲਬਾਤ ਨਹੀਂ ਹੋਈ--ਪਹੁੰਚਦੇ ਸਾਰ ਹੀ, ਉਨ੍ਹਾਂ ਨੇ ਥੋੜ੍ਹਾ ਸਰਕਕੇ ਸੀਟ 'ਤੇ ਜਗ੍ਹਾ ਦਿੱਤੀ ਤੇ ਫੇਰ ਮੋਟਰ ਸਾਈਕਲ ਸਟਾਰਟ ਹੋ ਗਏ। ਮੈਨੂੰ ਕੁਝ ਨਹੀਂ ਪਤਾ ਸੀ ਕਿ ਅਸੀਂ ਕਿੱਥੇ ਜਾ ਰਹੇ ਸੀ। ਅਸੀਂ ਪੁਲੀਸ ਕਪਤਾਨ ਦਾ ਘਰ ਲੰਘ ਆਏ ਸੀ। ਇਹ ਵੀ ਮੈਨੂੰ ਪਿਛਲੀ ਫੇਰੀ ਤੋਂ ਯਾਦ ਸੀ। ਪੁਲਿਸ ਕਪਤਾਨ ਨਿਝੱਕ ਬੰਦਾ ਸੀ। ਉਸ ਨੇ ਉਦੋਂ ਦੱਸਿਆ ਸੀ ਕਿ, ''ਦੇਖੋ ਮੈਡਮ ਇਹ ਸਮੱਸਿਆ ਪੁਲੀਸ ਜਾਂ ਫ਼ੌਜ ਨਾਲ ਹੱਲ ਨਹੀਂ ਹੋ ਸਕਦੀ। ਇਨ੍ਹਾਂ ਕਬਾਇਲੀਆਂ ਦੀ ਸਮੱਸਿਆ ਇਹ ਹੈ ਕਿ ਇਹ ਲਾਲਚੀ ਨਹੀਂ ਹਨ। ਜਦੋਂ ਤੱਕ ਇਹ ਲਾਲਚੀ ਨਹੀਂ ਬਣ ਜਾਂਦੇ ਉਦੋਂ ਤੱਕ ਕੋਈ ਉਮੀਦ ਨਹੀਂ ਹੈ। ਮੈਂ ਆਪਣੇ ਮੁਖੀ ਨੂੰ ਸਲਾਹ ਦਿੱਤੀ ਹੈ ਕਿ ਸਾਰੀ ਫ਼ੌਜ ਨੂੰ ਹਟਾ ਲਿਆ ਜਾਵੇ ਤੇ ਹਰ ਘਰ ਵਿਚ ਇਕ ਟੀ ਵੀ ਲਗਾ ਦਿੱਤਾ ਜਾਵੇ। ਹਰ ਸਮੱਸਿਆ ਆਪਣੇ ਆਪ ਹੱਲ ਹੋ ਜਾਵੇਗੀ।''
ਜਲਦੀ ਹੀ ਅਸੀਂ ਸ਼ਹਿਰ ਤੋਂ ਬਾਹਰ ਨਿਕਲ ਆਏ। ਪਿੱਛੇ ਕੋਈ ਨਹੀਂ ਸੀ। ਇਹ ਇਕ ਲੰਬਾ ਸਫ਼ਰ ਸੀ। ਮੇਰੀ ਘੜੀ ਅਨੁਸਾਰ ਇਹ ਸਫ਼ਰ ਤਿੰਨ ਘੰਟੇ ਚੱਲਦਾ ਰਿਹਾ। ਫੇਰ ਖਾਲੀ ਸੜਕ ਦੇ ਐਨ ਵਿਚਾਲੇ ਅਚਾਨਕ ਹੀ ਉਹ ਰੁਕ ਗਏ, ਆਲੇ ਦੁਆਲੇ ਜੰਗਲ ਹੀ ਜੰਗਲ। ਮੰਗਤੂ ਮੋਟਰ ਸਾਈਕਲ ਤੋਂ ਉੱਤਰ ਗਿਆ ਸੀ। ਮੈਂ ਵੀ ਉੱਤਰ ਗਈ। ਮੋਟਰ ਸਾਈਕਲ ਚਲੇ ਗਏ। ਮੈਂ ਆਪਣਾ ਬੈਗ ਚੁੱਕਿਆ ਅਤੇ ਉਸ 'ਛੋਟੇ ਜਿਹੇ ਅੰਦਰੂਨੀ ਖ਼ਤਰੇ' ਦੇ ਪਿੱਛੇ ਹੀ ਜੰਗਲ ਵਿਚ ਦਾਖ਼ਲ ਹੋ ਗਈ। ਇਹ ਬਹੁਤ ਸੁਹਾਵਣਾ ਦਿਨ ਸੀ। ਜੰਗਲ ਦੀ ਧਰਤੀ ਸੁਨਿਹਰੀ ਗਲੀਚਾ ਲੱਗ ਰਹੀ ਸੀ।
ਜਲਦੀ ਹੀ ਅਸੀਂ ਇਕ ਸੁੱਕੇ, ਲੰਮੇ-ਚੌੜੇ ਦਰਿਆ ਦੇ ਸਫੈਦ ਰੇਤੇ ਉੱਪਰ ਚੱਲ ਰਹੇ ਸੀ। ਇਹ ਮੌਸਮੀ ਦਰਿਆ ਸੀ, ਇਸ ਸਮੇਂ ਇਹ ਰੇਤ ਦਾ ਮੈਦਾਨ ਜਿਹਾ ਸੀ, ਬਸ ਵਿਚਾਲੇ ਜਿਹੇ ਗਿੱਟੇ-ਗਿੱਟੇ ਡੂੰਘੀ ਪਾਣੀ ਦੀ ਧਾਰਾ ਸੀ, ਜਿਸ ਨੂੰ ਪਾਰ ਕਰਨਾ ਆਸਾਨ ਹੀ ਸੀ। ਉਸ ਪਾਰ 'ਪਾਕਿਸਤਾਨ' ਸੀ। ''ਮੈਡਮ, ਉਸ ਪਾਰ ਸਾਡੇ ਜਵਾਨ ਨਿਸ਼ਾਨੇ ਫੁੰਡਦੇ ਹਨ,'' ਜਦੋਂ ਅਸੀਂ ਪਾਰ ਕਰਨ ਲੱਗੇ ਤਾਂ ਮੈਨੂੰ ਉਸ ਨਿਝੱਕ ਪੁਲੀਸ ਕਪਤਾਨ ਦੀ ਗੱਲ ਚੇਤੇ ਆ ਗਈ ਜੋ ਉਸ ਨੇ ਮੇਰੀ ਪਿਛਲੀ ਫੇਰੀ ਸਮੇਂ ਕਹੀ ਸੀ। ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਜਿਵੇਂ ਪੁਲਸੀਆਂ ਦੀਆਂ ਬੰਦੂਕਾਂ ਸਾਡੇ ਵੱਲ ਸੇਧੀਆਂ ਹੁੰਦੀਆਂ ਹਨ--ਤੇ ਇਸ ਕੁਦਰਤੀ ਨਜ਼ਾਰੇ ਵਿਚਾਲੇ ਸਾਡੇ ਨਿੱਕੇ ਨਿੱਕੇ ਆਕਾਰ, ਝੱਟ ਹੀ ਫੁੰਡੇ ਜਾਣਗੇ। ਪਰ ਮੰਗਤੂ ਪੂਰੀ ਤਰ੍ਹਾਂ ਬੇਫ਼ਿਕਰ ਸੀ। ਮੈਨੂੰ ਵੀ ਹੌਂਸਲਾ ਹੋ ਗਿਆ।

ਨਦੀ ਦੇ ਉਸ ਪਾਸੇ ਨਾਰੰਗੀ ਰੰਗੀ ਕਮੀਜ਼ ਪਹਿਨੀਂ ਚੰਦੂ ਸਾਨੂੰ ਉਡੀਕ ਰਿਹਾ ਸੀ ਜਿਸ ਨੇ ਆਖਿਆ ਹੌਰਲਿਕਸ। ਇਹ ਥੋੜ੍ਹਾ ਵੱਡੀ ਉਮਰ ਵਾਲਾ ਸੁਰੱਖਿਆ ਖ਼ਤਰਾ ਸੀ, ਸ਼ਾਇਦ ਵੀਹਾਂ ਕੁ ਸਾਲਾਂ ਦਾ ਹੋਵੇਗਾ। ਉਸਦੀ ਮੁਸਕਰਾਹਟ ਦਿਲਕਸ਼ ਸੀ। ਉਸ ਕੋਲ ਸਾਈਕਲ, ਉੱਬਲੇ ਪਾਣੀ ਦੀ ਗੰਦੀ ਜਿਹੀ ਕੇਨੀ, ਤੇ ਗੁਲੂਕੋਜ ਬਿਸਕੁਟਾਂ ਦੇ ਪੈਕੇਟ ਸਨ, ਜੋ ਪਾਰਟੀ ਨੇ ਮੇਰੇ ਲਈ ਭੇਜੇ ਸਨ। ਥੋੜ੍ਹਾ ਸਾਹ ਲੈ ਕੇ ਅਸੀਂ ਫਿਰ ਚੱਲ ਪਏ। ਬਾਅਦ ਵਿਚ ਸਾਈਕਲ ਵੀ ਭੁਲੇਖਾ ਪਾਊ ਹੀ ਸਾਬਤ ਹੋਇਆ। ਸਾਰੇ ਰਾਹ 'ਤੇ ਸਾਈਕਲ ਕਿਤੇ ਵੀ ਨਹੀਂ ਚੱਲ ਸਕਦਾ ਸੀ। ਅਸੀਂ ਪਹਾੜਾਂ ਦੀ ਸਿੱਧੀ ਚੜ੍ਹਾਈ ਚੜ੍ਹੇ ਅਤੇ ਖ਼ੂਬਸੂਰਤ ਪਰ ਜੋਖ਼ਮ ਭਰੇ ਚਟਾਨੀ ਵਾਧਰਿਆਂ ਉੱਤਲੇ ਰਸਤਿਆਂ ਥਾਣੀਂ ਹੇਠਾਂ ਵੀ ਉਤਰਦੇ ਰਹੇ। ਜਿਨ੍ਹਾਂ ਰਾਹਾਂ 'ਤੇ ਸਾਈਕਲ ਨਹੀਂ ਚੱਲ ਸਕਦਾ ਸੀ, ਉੱਥੇ ਚੰਦੂ ਸਾਈਕਲ ਨੂੰ ਸਿਰ 'ਤੇ ਚੁੱਕ ਲੈਂਦਾ ਜਿਵੇਂ ਇਸ ਦਾ ਭਾਰ ਹੀ ਨਾ ਹੋਵੇ। ਮੈਂ ਉਸ ਪੇਂਡੂ ਮੁੰਡੇ ਦੇ ਰੰਗ-ਢੰਗ ਤੋਂ ਹੈਰਾਨ ਸੀ। ਖ਼ੈਰ (ਕਾਫ਼ੀ ਦੇਰ ਬਾਅਦ) ਉਸ ਨੇ ਮੈਨੂੰ ਚਾਈਂ ਚਾਈਂ ਦੱਸਿਆ ਕਿ ''ਐੱਲ ਐੱਮ ਜੀ ਤੋਂ ਬਿਨਾਂ'' ਉਹ ਹਰ ਤਰ੍ਹਾਂ ਦੇ ਹਥਿਆਰ ਚਲਾ ਸਕਦਾ ਹੈ।

ਇਸ ਤੋਂ ਪਹਿਲਾਂ ਕਿ ਅਸੀਂ ਆਪਣਾ ਰਾਹ ਬਦਲਦੇ, ਤਿੰਨ ਖ਼ੂਬਸੂਰਤ ਆਦਮੀ ਜੋ ਥੋੜ੍ਹਾ ਸ਼ਰਾਬ ਦੇ ਨਸ਼ੇ ਵਿਚ ਸਨ ਤੇ ਉਨ੍ਹਾਂ ਨੇ ਪਟਕਿਆਂ 'ਚ ਫੁੱਲ ਟੰਗੇ ਹੋਏ ਸਨ, ਅੱਧੇ ਘੰਟੇ ਤੱਕ ਸਾਡੇ ਨਾਲ ਚਲਦੇ ਰਹੇ। ਸੂਰਜ ਛਿਪਦੇ ਹੀ ਉਨ੍ਹਾਂ ਦੇ ਝੋਲਿਆਂ ਵਿਚੋਂ ਬਾਂਗਾਂ ਦੀ ਆਵਾਜ਼ ਆਉਣ ਲੱਗੀ। ਉਨ੍ਹਾਂ ਦੇ ਝੋਲਿਆਂ ਵਿਚ ਪਾਲਤੂ ਮੁਰਗੇ ਸਨ, ਜਿਨ੍ਹਾਂ ਨੂੰ ਉਹ ਸ਼ਹਿਰ ਵੇਚਣ ਲੈ ਕੇ ਗਏ ਸਨ, ਪਰ ਵਿਕੇ ਨਹੀਂ ਸਨ।
ਇੰਜ ਜਾਪਦਾ ਹੈ ਜਿਵੇਂ ਚੰਦੂ ਹਨੇਰੇ ਵਿਚ ਵੀ ਦੇਖ ਸਕਦਾ ਹੈ। ਮੈਨੂੰ ਟਾਰਚ ਦੀ ਵਰਤੋਂ ਕਰਨੀ ਪੈਂਦੀ ਹੈ। ਛੇਤੀ ਹੀ ਬੀਂਡਿਆਂ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ, ਫੇਰ ਇਹ ਆਰਕੈਸਟਰਾ ਦੇ ਸੰਗੀਤ ਵਿਚ ਬਦਲ ਗਈ, ਚਾਰ ਚੁਫੇਰਿਉਂ ਇਹੀ ਆਵਾਜ਼ ਆ ਰਹੀ ਸੀ। ਮੇਰਾ ਅੰਬਰ ਦਾ ਨਜ਼ਾਰਾ ਵੇਖਣ ਨੂੰ ਜੀਅ ਕਰਦਾ ਸੀ, ਪਰ ਹਿੰਮਤ ਨਹੀਂ ਪਈ। ਮੈਨੂੰ ਮੇਰੀਆਂ ਅੱਖਾਂ ਜ਼ਮੀਨ ਉੱਪਰ ਹੀ ਟਿਕਾ ਕੇ ਰੱਖਣੀਆਂ ਪੈ ਰਹੀਆਂ ਸਨ। ਬੋਚ ਬੋਚਕੇ ਪੈਰ ਟਿਕਾਉਣਾ ਪੈ ਰਿਹਾ ਸੀ। ਪੂਰੇ ਧਿਆਨ ਨਾਲ।

ਹੁਣ ਕੁੱਤਿਆਂ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਪਰ ਪਤਾ ਨਹੀਂ ਉਹ ਕਿੰਨੀ ਦੂਰ ਸਨ। ਹੁਣ ਪੱਧਰਾ ਮੈਦਾਨ ਆ ਗਿਆ ਸੀ। ਮੈਂ ਅੰਬਰ ਵੱਲ ਝਾਤੀ ਮਾਰਦੀ ਹਾਂ। ਨਜ਼ਾਰਾ ਦੇਖਕੇ ਝੂਮ ਉੱਠਦੀ ਹਾਂ। ਮੈਨੂੰ ਉਮੀਦ ਬੱਝੀ ਕਿ ਅਸੀਂ ਜਲਦੀ ਹੀ ਪੜਾਅ ਕਰਨ ਜਾ ਰਹੇ ਹਾਂ। ''ਜਲਦੀ ਹੀ'', ਚੰਦੂ ਨੇ ਹਾਮੀ ਭਰੀ। ਪਰ ਇਹ 'ਜਲਦੀ' ਇਕ ਘੰਟੇ ਤੋਂ ਵੀ ਜ਼ਿਆਦਾ ਸਮੇਂ ਬਾਅਦ ਆਈ। ਹਨੇਰੇ ਵਿਚ ਬਹੁਤ ਸਾਰੇ ਦਰੱਖ਼ਤਾਂ ਦੇ ਆਕਾਰ ਨਜ਼ਰ ਆ ਰਹੇ ਸਨ। ਅਸੀਂ ਪੜਾਅ 'ਤੇ ਪਹੁੰਚ ਚੁੱਕੇ ਸੀ।

ਪਿੰਡ ਖੁੱਲਾ-ਖੁੱਲਾ ਲੱਗ ਰਿਹਾ ਸੀ। ਘਰ ਦੂਰ-ਦੂਰ ਸਨ। ਜਿਸ ਘਰ ਵਿਚ ਅਸੀਂ ਦਾਖ਼ਲ ਹੋਏ, ਬਹੁਤ ਖ਼ੂਬਸੂਰਤ ਸੀ। ਅੱਗ ਦੇ ਦੁਆਲੇ ਕੁਝ ਲੋਕ ਬੈਠੇ ਸਨ। ਕਈ ਲੋਕ ਬਾਹਰ ਹਨੇਰੇ ਵਿਚ ਬੈਠੇ ਸਨ। ਪਤਾ ਨਹੀਂ ਕਿੰਨੇ। ਮੈਂ ਸਿਰਫ਼ ਉਨ੍ਹਾਂ 'ਤੇ ਨਜ਼ਰ ਹੀ ਦੌੜਾ ਸਕਦੀ ਹਾਂ। ਘੁਸਰ ਮੁਸਰ ਚਲਦੀ ਰਹੀ। ਲਾਲ ਸਲਾਮ ਕਾਮਰੇਡ! ਲਾਲ ਸਲਾਮ, ਮੈਂ ਵੀ ਕਹਿੰਦੀ ਹਾਂ। ਮੈਂ ਥੱਕ ਕੇ ਟੁੱਟ ਚੁੱਕੀ ਹਾਂ। ਘਰ ਦੀ ਮਾਲਕਣ ਮੈਨੂੰ ਅੰਦਰ ਆਉਣ ਲਈ ਕਹਿੰਦੀ ਹੈ ਅਤੇ ਮੈਨੂੰ ਹਰੀਆਂ ਫਲੀਆਂ ਪਾ ਕੇ ਬਣਾਈ ਕੜ੍ਹੀ ਦੀ ਪਲੇਟ ਦਿੰਦੀ ਹੈ। ਨਾਲ ਕੁਝ ਚੌਲ ਵੀ ਹਨ। ਬੇਹੱਦ ਸੁਆਦ। ਉਸਦਾ ਬੱਚਾ ਮੇਰੇ ਨੇੜੇ ਸੁੱਤਾ ਪਿਆ ਹੈ, ਉਸ ਦੀਆਂ ਚਾਂਦੀ ਦੀਆਂ ਝਾਂਜਰਾਂ ਅੱਗ ਦੀ ਰੌਸ਼ਨੀ 'ਚ ਚਮਕ ਰਹੀਆਂ ਹਨ।

ਰਾਤ ਦੇ ਖਾਣੇ ਤੋਂ ਬਾਅਦ ਮੈਂ ਆਪਣਾ ਸਲੀਪਿੰਗ ਬੈਗ ਖੋਲ੍ਹਦੀ ਹਾਂ। ਬੈਗ ਦੀ ਲੰਮੀ ਜਿੱਪ 'ਚੋਂ ਅਜੀਬ ਜਿਹੀ ਆਵਾਜ਼ ਆਉਂਦੀ ਹੈ। ਕਿਸੇ ਨੇ ਰੇਡੀਓ ਚਲਾ ਦਿੱਤਾ ਹੈ। ਬੀ ਬੀ ਸੀ ਦੀ ਹਿੰਦੀ ਸਰਵਿਸ ਹੈ। ਇੰਗਲੈਂਡ ਦੇ ਚਰਚ ਨੇ ਵੇਦਾਂਤਾ ਦੇ ਨਿਆਮਗਿਰੀ ਪ੍ਰਾਜੈਕਟ 'ਚੋਂ ਆਰਥਿਕ ਮਦਦ ਵਾਪਸ ਲੈ ਲਈ ਹੈ। ਵਾਤਾਵਰਨ ਦੀ ਤਬਾਹੀ ਅਤੇ ਡੌਂਗਰੀਆਂ ਕੌਂਦ ਕਬਾਇਲੀਆਂ ਦੇ ਹੱਕਾਂ ਦੀ ਉਲੰਘਣਾ ਕਾਰਣ। ਗਊਆਂ ਦੇ ਗਲਾਂ ਵਿਚ ਬੰਨ੍ਹੀਆਂ ਟੱਲੀਆਂ ਦੀ ਆਵਾਜ਼ ਆ ਰਹੀ ਹੈ। ਉਹ ਹਿਲਜੁਲ ਕਰਦੀਆਂ ਹਨ। ਦੁਨੀਆਂ ਵਿਚ ਸਭ ਕੁਝ ਠੀਕ ਹੈ। ਮੇਰੀਆਂ ਅੱਖਾਂ ਮੀਟੀਆਂ ਜਾਂਦੀਆਂ ਹਨ।

ਅਸੀ ਪੰਜ ਵਜੇ ਹੀ ਉਠ ਗਏ ਤੇ ਛੇ ਵਜੇ ਅੱਗੇ ਦੇ ਸਫ਼ਰ ਲਈ ਵੀ ਚੱਲ ਪਏ। ਅਗਲੇ ਕੁਝ ਘੰਟਿਆਂ 'ਚ ਹੀ ਅਸੀਂ ਇਕ ਹੋਰ ਦਰਿਆ ਪਾਰ ਕੀਤਾ। ਕਈ ਖ਼ੁਬਸੂਰਤ ਪਿੰਡਾਂ ਵਿਚੋਂ ਦੀ ਨਿਕਲੇ। ਹਰ ਪਿੰਡ ਵਿਚ ਇਮਲੀ ਦੇ ਦਰਖ਼ਤਾਂ ਦਾ ਇਕ ਝੁੰਡ ਜਿਹਾ ਹੈ ਜੋ ਪਿੰਡ ਨੂੰ ਪਰਉਪਕਾਰੀ ਦੇਵਤੇ ਵਾਂਗ ਉਪਰੋਂ ਦੇਖ ਰਿਹਾ ਜਾਪਦਾ ਹੈ। ਬਸਤਰ ਦੀ ਮਿੱਠੀ ਇਮਲੀ। ਗਿਆਰਾਂ ਵਜੇ ਸੂਰਜ ਪੂਰਾ ਚੜ੍ਹ ਆਇਆ ਹੈ, ਹੁਣ ਤੁਰਨ ਦਾ ਮਜ਼ਾ ਨਹੀਂ ਆ ਰਿਹਾ। ਖਾਣੇ ਲਈ ਅਸੀਂ ਇਕ ਪਿੰਡ ਵਿਚ ਰੁਕਦੇ ਹਾਂ। ਇੰਜ ਜਾਪਦਾ ਹੈ ਜਿਵੇਂ ਚੰਦੂ ਘਰ ਦੇ ਲੋਕਾਂ ਨੂੰ ਜਾਣਦਾ ਹੋਵੇ। ਇਕ ਖ਼ੂਬਸੂਰਤ ਨੌਜਵਾਨ ਕੁੜੀ ਉਸਨੂੰ ਛੇੜਦੀ ਹੈ। ਉਹ ਸ਼ਰਮਾਉਂਦਾ ਹੈ, ਸ਼ਾਇਦ ਮੇਰੀ ਮੌਜੂਦਗੀ ਦੇ ਕਾਰਨ। ਖਾਣੇ ਵਿਚ ਕੱਚਾ ਪਪੀਤਾ, ਲਾਲ ਚੌਲ ਅਤੇ ਨਾਲ ਮਸਰ ਦੀ ਦਾਲ ਹੈ। ਲਾਲ ਮਿਰਚ ਵੀ ਹੈ। ਅਗਲੇ ਸਫ਼ਰ 'ਤੇ ਨਿੱਕਲਣ ਤੋਂ ਪਹਿਲਾਂ ਅਸੀਂ ਧੁੱਪ ਥੋੜ੍ਹੀ ਘੱਟ ਹੋ ਜਾਣ ਦੀ ਉਡੀਕ ਕਰਦੇ ਹਾਂ। ਇਕ ਘਰ ਵਿਚ ਅਸੀਂ ਥੋੜ੍ਹੀ ਦੇਰ ਲਈ ਝਪਕੀ ਲੈਂਦੇ ਹਾਂ। ਜਗ੍ਹਾ ਬੜੀ ਖ਼ੂਬਸੂਰਤ ਹੈ। ਹਰ ਚੀਜ਼ ਸਾਫ਼ ਸੁਥਰੀ ਹੈ, ਕੋਈ ਬੇਤਰਤੀਬੀ ਨਹੀਂ। ਗਾਰੇ ਨਾਲ ਲਿੱਪੀ ਹੋਈ ਛੋਟੀ ਜਹੀ ਕੰਧ ਉੱਤੇ, ਇਕ ਕਾਲੀ ਮੁਰਗ਼ੀ ਉੱਤਰ ਚੜ੍ਹ ਰਹੀ ਹੈ। ਕਾਨਿਆਂ ਦੀ ਬਣੀ ਛੱਤ ਬਾਂਸ ਦੇ ਢਾਂਚੇ ਉੱਪਰ ਟਿਕੀ ਹੋਈ ਹੈ। ਇਹ ਪੜਛੱਤੀ ਦਾ ਕੰਮ ਵੀ ਦਿੰਦਾ ਹੈ। ਇਕ ਸਰਕੜੇ ਦਾ ਝਾੜੂ, ਦੋ ਢੋਲ, ਬੁਣੀ ਹੋਈ ਲਾਲ ਟੋਕਰੀ, ਇਕ ਟੁੱਟੀ ਹੋਈ ਛਤਰੀ, ਅਤੇ ਗੱਤੇ ਦੇ ਤਹਿ ਕੀਤੇ, ਖਾਲੀ, ਡੱਬਿਆਂ ਦਾ ਢੇਰ। ਅਚਾਨਕ ਮੇਰੀ ਨਿਗ੍ਹਾ ਡੱਬਿਆਂ 'ਤੇ ਛਪੇ ਸ਼ਬਦਾਂ 'ਤੇ ਜਾਂਦੀ ਹੈ। ਮੈਂ ਆਪਣੀ ਐਨਕ ਚੁੱਕਦੀ ਹਾਂ। ਇਹ ਡੱਬੇ ਆਈਡੀਅਲ ਪਾਵਰ-90 ਬੇਹੱਦ ਸ਼ਕਤੀਸ਼ਾਲੀ ਤਰਲ ਵਿਸਫੋਟ (ਸ਼੍ਰੇਣੀ ਦੋ) ਐੱਸ ਡੀ-ਸੀ ਏ ਟੀ-ਜ਼ੈੱਡ ਜ਼ੈੱਡ ਦੇ ਹਨ।

ਦੁਪਹਿਰ ਦੋ ਕੁ ਵਜੇ ਅਸੀਂ ਫਿਰ ਕੂਚ ਕਰਦੇ ਹਾਂ। ਪਿੰਡ ਵਿਚ ਅਸੀਂ ਦੀਦੀ ਨੂੰ ਮਿਲਣ ਜਾ ਰਹੇ ਹਾਂ, ਸਾਡੇ ਸਫ਼ਰ ਦੇ ਅਗਲੇ ਪੜਾਅ ਦੀ ਜਾਣਕਾਰੀ ਉਸ ਨੂੰ ਹੈ। ਚੰਦੂ ਨੂੰ ਕੋਈ ਪਤਾ ਨਹੀਂ ਹੈ। ਇੱਥੇ ਜਾਣਕਾਰੀ ਦੀ ਵੀ ਥੁੜ੍ਹ ਹੀ ਰਹਿੰਦੀ ਹੈ। ਕਿਸੇ ਨੂੰ ਵੀ ਸੰਪੂਰਨ ਜਾਣਕਾਰੀ ਹਾਸਲ ਨਹੀਂ ਹੁੰਦੀ। ਪਰ ਜਦੋਂ ਅਸੀਂ ਪਿੰਡ ਪਹੁੰਚੇ ਤਾਂ ਦੀਦੀ ਉੱਥੇ ਮੌਜੂਦ ਨਹੀਂ ਸੀ। ਉਸਦੀ ਕੋਈ ਖ਼ਬਰ ਨਹੀਂ। ਚੰਦੂ ਨੂੰ ਮੈਂ ਪਹਿਲੀ ਵਾਰ ਥੋੜ੍ਹਾ ਫ਼ਿਕਰਮੰਦ ਦੇਖਿਆ। ਮੇਰੀ ਚਿੰਤਾ ਵਧ ਗਈ। ਮੈਨੂੰ ਨਹੀਂ ਪਤਾ ਇਨ੍ਹਾਂ ਦਾ ਸੰਚਾਰ ਦਾ ਕੀ ਤਰੀਕਾ ਸੀ, ਪਰ ਜੇ ਕੁਝ ਗੜਬੜ ਹੋ ਗਈ ਤਾਂ ਕੀ ਹੋਵੇਗਾ?

ਪਿੰਡ ਤੋਂ ਥੋੜ੍ਹਾ ਬਾਹਰ ਅਸੀਂ ਇਕ ਖਾਲੀ ਪਏ ਸਕੂਲ ਦੀ ਇਮਾਰਤ ਦੇ ਬਾਹਰ ਰੁਕ ਜਾਂਦੇ ਹਾਂ। ਪਿੰਡਾਂ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਕਿਲ੍ਹੇ ਵਾਂਗ ਕਿਉਂ ਬਣਾਇਆ ਜਾਂਦਾ ਹੈ, ਪਤਾ ਨਹੀਂ ਕਿਉਂ ਲੋਹੇ ਦੇ ਪੱਲਿਆਂ ਵਾਲੀਆਂ ਖਿੜਕੀਆਂ ਤੇ ਕੈਂਚੀ ਗੇਟ ਲਗਾਏ ਜਾਂਦੇ ਹਨ। ਇਨ੍ਹਾਂ ਨੂੰ ਪਿੰਡਾਂ ਦੇ ਘਰਾਂ ਵਾਂਗ ਗਾਰੇ ਤੇ ਕਾਨਿਆਂ ਨਾਲ ਕਿਉਂ ਨਹੀਂ ਬਣਾਇਆ ਜਾਂਦਾ? ਕਿਉਂਕਿ ਇਹ ਸਰਕਾਰੀ ਤਾਕਤਾਂ ਲਈ ਬੈਰਕਾਂ ਅਤੇ ਬੰਕਰਾਂ ਦਾ ਦੂਹਰਾ ਕੰਮ ਦਿੰਦੇ ਹਨ। ''ਅਬੂਝਮਾੜ ਦੇ ਪਿੰਡਾਂ ਦੇ ਸਕੂਲ ਇਸੇ ਤਰ੍ਹਾਂ ਦੇ ਹਨ,'' ਚੰਦੂ ਨੇ ਦੱਸਿਆ। ਉਹ ਇਕ ਡੱਕੇ ਨਾਲ ਇਮਾਰਤ ਦਾ ਨਕਸ਼ਾ ਵਾਹੁੰਦਾ ਹੈ। ਤਿੰਨ ਅੱਠ-ਭੁਜੀ ਇਮਾਰਤਾਂ ਇਕ ਦੂਜੇ ਨਾਲ ਮਖਿਆਲ ਦੇ ਛੱਤੇ ਵਾਂਗ ਜੁੜੀਆਂ ਹੁੰਦੀਆਂ ਹਨ। ''ਤਾਂ ਜੋ ਲੋੜ ਪੈਣ 'ਤੇ ਉਹ ਚਾਰ-ਚੁਫੇਰੇ ਫਾਇਰਿੰਗ ਕਰ ਸਕਣ।'' ਉਹ ਤੀਰ ਗੱਡਕੇ ਆਪਣੀ ਗੱਲ ਸਮਝਾਉਂਦਾ ਹੈ। ਇਹ ਇਕ ਕ੍ਰਿਕਟ ਦੀ ਬੱਲੇਬਾਜ਼ੀ ਵਾਲੀ ਥਾਂ ਦੀ ਤਸਵੀਰ ਵਾਂਗ ਜਾਪ ਰਿਹਾ ਹੈ। ਚੰਦੂ ਦੱਸਦਾ ਹੈ ਕਿ ਕਿਸੇ ਵੀ ਸਕੂਲ ਵਿਚ ਅਧਿਆਪਕ ਨਹੀਂ ਹਨ। ਸਭ ਦੌੜ ਗਏ ਹਨ। ਜਾਂ ਤੁਸੀਂ ਭਜਾ ਦਿੱਤੇ? ਮੈਂ ਪੁੱਛਿਆ। ਨਹੀਂ, ਅਸੀਂ ਸਿਰਫ਼ ਪੁਲੀਸ ਨੂੰ ਭਜਾਇਆ। ਪਰ ਅਧਿਆਪਕ ਵੀ ਜੰਗਲ ਵਿਚ ਕਿਉਂ ਆਉਣਗੇ ਜਦੋਂ ਉਨ੍ਹਾਂ ਨੂੰ ਘਰ ਬੈਠਿਆਂ ਹੀ ਤਨਖਾਹਾਂ ਮਿਲ ਜਾਂਦੀਆਂ ਹਨ? ਵਧੀਆ ਦਲੀਲ ਸੀ।
ਉਹ ਦੱਸਦਾ ਹੈ ਕਿ ਇਹ 'ਨਵਾਂ ਇਲਾਕਾ' ਹੈ। ਪਾਰਟੀ ਇੱਥੇ ਕੁਝ ਸਮਾਂ ਪਹਿਲਾਂ ਹੀ ਆਈ ਹੈ।

ਵੀਹ ਦੇ ਕਰੀਬ ਮੁੰਡੇ ਕੁੜੀਆਂ ਆ ਜਾਂਦੇ ਹਨ। ਸਾਰੇ ਹੀ ਚੜ੍ਹਦੀ ਜਵਾਨੀ ਦੀ ਉਮਰ ਦੇ। ਚੰਦੂ ਦੱਸਦਾ ਹੈ ਕਿ ਇਹ ਪਿੰਡ ਪੱਧਰ ਦੀ ਮਿਲੀਸ਼ੀਆ ਹੈ, ਜੋ ਮਾਓਵਾਦੀ ਫ਼ੌਜੀ ਦਰਜਾਬੰਦੀ ਦਾ ਸਭ ਤੋਂ ਹੇਠਲਾ ਅੰਗ ਹੈ। ਉਹ ਪਹਿਲਾਂ ਮਿਲੇ ਲੋਕਾਂ ਨਾਲੋਂ ਵੱਖਰੀ ਤਰ੍ਹਾਂ ਦੇ ਹਨ। ਉਨ੍ਹਾਂ ਨੇ ਲੁੰਗੀਆਂ ਅਤੇ ਸਾੜੀਆਂ ਪਾਈਆਂ ਹੋਈਆਂ ਹਨ, ਕੁਝ ਘਸੀਆਂ ਹੋਈਆਂ ਜੈਤੂਨ ਰੰਗੀਆਂ ਫ਼ੌਜੀ ਵਰਦੀਆਂ ਵਿਚ ਵੀ ਹਨ। ਮੁੰਡੇ ਗਹਿਣੇ ਪਹਿਨਦੇ ਹਨ ਅਤੇ ਸਿਰ ਢਕ ਕੇ ਰੱਖਦੇ ਹਨ। ਉਨ੍ਹਾਂ 'ਚੋਂ ਹਰ ਇਕ ਕੋਲ ਪੁਰਾਣੀ ਤੋੜੇਦਾਰ ਬੰਦੂਕ ਹੈ, ਜਿਸ ਨੂੰ ਇਹ ਲੋਕ ਬਰਮਾਰ ਕਹਿੰਦੇ ਹਨ। ਕਈਆਂ ਕੋਲ ਚਾਕੂ, ਕੁਹਾੜੀ ਅਤੇ ਤੀਰ ਕਮਾਨ ਹਨ। ਇਕ ਮੁੰਡੇ ਨੇ ਨਿੱਕੀ ਤੋਪਨੁਮਾ ਤਿੰਨ ਫੁੱਟ ਲੰਮੀ ਜੀ ਆਈ ਪਾਈਪ ਚੁੱਕ ਰੱਖੀ ਹੈ। ਇਹ ਛਰਿਆਂ ਅਤੇ ਬਰੂਦ ਨਾਲ ਭਰੀ ਹੋਈ ਹੈ ਤੇ ਹਰ ਸਮੇਂ ਵਰਤਣ ਲਈ ਤਿਆਰ ਹੈ। ਇਹ ਚੱਲਣ ਸਮੇਂ ਬਹੁਤ ਉੱਚੀ ਖੜਾਕ ਕਰਦੀ ਹੈ, ਪਰ ਇਕ ਵਾਰ ਹੀ ਚਲਾਈ ਜਾ ਸਕਦੀ ਹੈ। ਪਰ ਫਿਰ ਵੀ ਇਹ ਪੁਲੀਸ ਨੂੰ ਕੰਬਣੀ ਛੇੜ ਦਿੰਦੀ ਹੈ, ਉਹ ਸਭ ਹੱਸ ਪੈਂਦੇ ਹਨ। ਯੁੱਧ ਦਾ ਉਨ੍ਹਾਂ 'ਤੇ ਜ਼ਿਆਦਾ ਅਸਰ ਨਜ਼ਰ ਨਹੀਂ ਆਉਂਦਾ। ਸ਼ਾਇਦ ਉਨ੍ਹਾਂ ਦਾ ਇਲਾਕਾ ਸਲਵਾ ਜੁਡਮ ਦੀ ਮਾਰ ਤੋਂ ਦੂਰ ਹੈ। ਉਨ੍ਹਾਂ ਨੇ ਆਪਣਾ ਰੋਜ਼ਾਨਾ ਕੰਮ ਖ਼ਤਮ ਹੀ ਕੀਤਾ ਹੈ, ਇਹ ਪਿੰਡ ਦੇ ਕੁਝ ਘਰਾਂ ਦੁਆਲੇ ਵਾੜ ਕਰਨ ਦਾ ਸੀ, ਤਾਂ ਜੋ ਬੱਕਰੀਆਂ ਨੂੰ ਖੇਤਾਂ 'ਚ ਵੜਕੇ ਨੁਕਸਾਨ ਨਾ ਕਰ ਸਕਣ। ਉਹ ਜਗਿਆਸਾ ਤੇ ਮਸਤੀ ਨਾਲ ਭਰੇ ਹੋਏ ਹਨ। ਲੜਕੀਆਂ 'ਚ ਪੂਰਾ ਸਵੈ-ਵਿਸ਼ਵਾਸ ਹੈ ਤੇ ਲੜਕਿਆਂ ਨਾਲ ਸਹਿਜ ਹੋਕੇ ਵਿਚਰਦੀਆਂ ਹਨ। ਅਜਿਹੀਆਂ ਗੱਲਾਂ ਨੂੰ ਮੈਂ ਜਲਦੀ ਪਕੜ ਲੈਂਦੀ ਹਾਂ, ਤੇ ਮੈਂ ਬਹੁਤ ਪ੍ਰਭਾਵਿਤ ਹੋਈ। ਚੰਦੂ ਦੱਸਦਾ ਹੈ ਇਨ੍ਹਾਂ ਦਾ ਕੰਮ, ਚਾਰ ਪੰਜ ਪਿੰਡਾਂ ਦੀ ਸੁਰੱਖਿਆ ਕਰਨਾ, ਗਸ਼ਤ ਕਰਨਾ, ਖੇਤਾਂ ਵਿਚ ਮਦਦ ਕਰਨਾ, ਘਰਾਂ ਦੀ ਮੁਰੰਮਤ ਕਰਨਾ ਅਤੇ ਖੂਹਾਂ ਦੀ ਸਫ਼ਾਈ ਰੱਖਣਾ ਹੈ।

ਦੀਦੀ ਅਜੇ ਤੱਕ ਨਹੀਂ ਆਈ। ਹੁਣ ਕੀ ਕਰੀਏ? ਕੁਝ ਨਹੀਂ। ਸਿਰਫ਼ ਉਡੀਕ। ਮੈਂ ਕੁਝ ਕੱਟਣ ਅਤੇ ਛਿੱਲਣ ਵਿਚ ਮਦਦ ਕਰਦੀ ਹਾਂ।ਖਾਣੇ ਤੋਂ ਬਾਅਦ, ਬਿਨਾਂ ਕਿਸੇ ਗੱਲਬਾਤ ਦੇ ਸਭ ਲੋਕ ਕਤਾਰ ਬਣਾ ਲੈਂਦੇ ਹਨ। ਸਾਫ਼ ਸੰਕੇਤ ਹੈ ਕਿ ਹੁਣ ਅਸੀਂ ਕੂਚ ਕਰਨਾ ਹੈ। ਹਰ ਚੀਜ਼, ਚੌਲ, ਸਬਜ਼ੀਆਂ, ਭਾਂਡੇ ਸਾਡੇ ਨਾਲ ਹੀ ਕੂਚ ਕਰਦੇ ਹਨ। ਅਸੀਂ ਸਕੂਲ ਨੂੰ ਪਿੱਛੇ ਛਡਦਿਆਂ, ਇਕਹਿਰੀ ਕਤਾਰ ਬਣਾਕੇ, ਜੰਗਲ ਅੰਦਰ ਦਾਖ਼ਲ ਹੋ ਜਾਂਦੇ ਹਾਂ। ਅੱਧਾ ਘੰਟੇ ਚੱਲਕੇ ਅਸੀਂ ਜੰਗਲ ਦੇ ਐਨ ਵਿਚਾਲੇ ਉਸ ਜਗ੍ਹਾ ਪਹੁੰਚ ਜਾਂਦੇ ਹਾਂ ਜਿੱਥੇ ਅਸੀਂ ਰਾਤ ਕੱਟਣੀ ਹੈ। ਇੱਥੇ ਪੂਰੀ ਤਰ੍ਹਾਂ ਸਨਾਟਾ ਹੈ। ਪਲਾਂ ਵਿਚ ਹੀ ਹਰ ਕਿਸੇ ਨੇ ਹਰ ਥਾਂ ਹਾਜ਼ਰ-ਨਾਜ਼ਰ ਪਲਾਸਟਿਕ ਦੀਆਂ ਨੀਲੀਆਂ ਝਿੱਲੀਆਂ (ਸ਼ੀਟਾਂ) ਵਿਛਾ ਲਈਆਂ। (ਇਨ੍ਹਾਂ ਬਿਨਾਂ ਸ਼ਾਇਦ ਇਨਕਲਾਬ ਨਹੀਂ ਹੋ ਸਕਦਾ।) ਚੰਦੂ ਤੇ ਮੰਗਤੂ ਇਕ 'ਤੇ ਹੀ ਸੌਂ ਜਾਂਦੇ ਹਨ, ਤੇ ਇਕ ਮੈਨੂੰ ਦੇ ਦਿੰਦੇ ਹਨ। ਇਕ ਸਲੇਟੀ ਪੱਥਰ ਦੇ ਨਾਲ ਉਹ ਮੇਰੇ ਲਈ ਬਿਹਤਰੀਨ ਜਗ੍ਹਾ ਚੁਣਦੇ ਹਨ। ਚੰਦੂ ਦੱਸਦਾ ਹੈ ਕਿ ਉਸ ਨੇ ਦੀਦੀ ਲਈ ਸੰਦੇਸ਼ ਭੇਜ ਦਿੱਤਾ ਹੈ। ਜੇ ਉਸਨੂੰ ਮਿਲ ਗਿਆ ਤਾਂ ਸਵੇਰੇ ਸਭ ਤੋਂ ਪਹਿਲਾਂ ਉਹ ਹੀ ਪਹੁੰਚੇਗੀ। ਜੇ ਸੰਦੇਸ਼ ਮਿਲਿਆ ਸਿਰਫ਼ ਤਾਂ।

ਮੈਂ ਇਸ ਸਭ ਤੋਂ ਖ਼ੂਬਸੂਰਤ ਕਮਰੇ 'ਚ ਲੰਮਾ ਸਮਾਂ ਸੁੱਤੀ ਰਹੀ। ਹਜ਼ਾਰਾਂ-ਤਾਰਾ ਹੋਟਲ ਵਿਚ ਮੇਰਾ ਨਿੱਜੀ ਕਮਰਾ। ਮੈਂ ਇਨ੍ਹਾਂ ਅਜਨਬੀ, ਖ਼ੂਬਸੂਰਤ ਬੱਚਿਆਂ ਵਿਚਕਾਰ ਘਿਰੀ ਹੋਈ ਹਾਂ ਜਿਨ੍ਹਾਂ ਕੋਲ ਅਨੋਖੇ ਹਥਿਆਰ ਹਨ। ਇਹ ਸਾਰੇ ਮਾਓਵਾਦੀ ਹਨ। ਕੀ ਇਹ ਸਭ ਦੇ ਸਭ ਮਰਨ ਜਾ ਰਹੇ ਹਨ? ਕੀ ਜੰਗਲ ਯੁੱਧ-ਕਲਾ ਸਿਖਲਾਈ ਸਕੂਲ ਇਨ੍ਹਾਂ ਨਾਲ ਨਜਿੱਠਣ ਲਈ ਬਣਾਇਆ ਗਿਆ ਹੈ? ਹੈਲੀਕਾਪਟਰਾਂ ਵਿਚ ਬੀੜੇ ਹਥਿਆਰ, ਥਰਮਲ ਇਮੇਜਿੰਗ) ਅਤੇ ਲੇਜ਼ਰ ਨਾਲ ਮਦਦ ਨਾਲ ਨਿਸ਼ਾਨਾ ਲਾਉਣ ਵਾਲੇ ਹਥਿਆਰ ਇਨ੍ਹਾਂ ਲਈ ਹਨ?

ਇਹ ਕਿਉਂ ਮਰਨ? ਕਿਸ ਲਈ? ਕੀ ਇਸ ਸਭ ਕਾਸੇ ਨੂੰ ਇਕ ਖਾਣ ਵਿਚ ਤਬਦੀਲ ਕਰਨ ਦੇ ਲਈ? ਮੈਨੂੰ ਕਿਓਂਝਰ, ਉੜੀਸਾ ਵਿਚ ਕੱਚੇ ਲੋਹੇ ਦੀਆਂ ਖੁੱਲ੍ਹੀਆਂ ਖਾਣਾਂ ਅੰਦਰ ਮੇਰੀ ਫੇਰੀ ਚੇਤੇ ਆ ਗਈ। ਉੱਥੇ ਵੀ ਕਦੇ ਜੰਗਲ ਹੁੰਦਾ ਸੀ। ਇਸ ਤਰ੍ਹਾਂ ਦੇ ਬੱਚੇ ਵੀ। ਹੁਣ ਉਹ ਜ਼ਮੀਨ ਖੁੱਲ੍ਹੇ ਹੋਏ ਲਾਲ ਜ਼ਖ਼ਮ ਵਾਂਗ ਦਿਖਾਈ ਦਿੰਦੀ ਹੈ। ਲਾਲ ਧੂੜ ਤੁਹਾਡੀਆਂ ਨਾਸਾਂ ਅਤੇ ਫੇਫੜਿਆਂ 'ਚ ਭਰ ਜਾਂਦੀ ਹੈ। ਪਾਣੀ, ਹਵਾ, ਲੋਕ, ਉਨ੍ਹਾਂ ਦੇ ਵਾਲ ਅਤੇ ਫੇਫੜੇ ਸਭ ਕੁਝ ਲਾਲ ਦਿਖਾਈ ਦਿੰਦਾ ਹੈ। ਦਿਨ-ਰਾਤ ਹਜ਼ਾਰਾਂ ਟਰੱਕ ਉਨ੍ਹਾਂ ਦੇ ਪਿੰਡਾਂ ਵਿਚ ਦਹਾੜਦੇ ਫਿਰਦੇ ਹਨ। ਸਭ ਦੇ ਸਭ ਕੱਚੇ ਲੋਹੇ ਨਾਲ ਲੱਦੇ ਹੋਏ ਪ੍ਰਾਦੀਪ ਬੰਦਰਗਾਹ 'ਤੇ ਖਾਲੀ ਹੁੰਦੇ ਹਨ ਜਿੱਥੋਂ ਇਹ ਕੱਚਾ ਲੋਹਾ ਚੀਨ ਪਹੁੰਚਦਾ ਹੈ। ਉੱਥੇ ਇਹ ਕਾਰਾਂ ਅਤੇ ਧੂੰਏ ਵਿਚ ਤਬਦੀਲ ਹੋ ਜਾਵੇਗਾ, ਕਈ ਨਵੇਂ ਸ਼ਹਿਰ ਅਚਾਨਕ ਹੀ ਪੈਦਾ ਹੋ ਜਾਣਗੇ। ਇਹ ਲੋਹਾ 'ਵਿਕਾਸ ਦਰ' ਬਣ ਜਾਵੇਗਾ ਜਿਸ ਨਾਲ ਅਰਥ-ਸ਼ਾਸਤਰੀਆਂ ਦੇ ਸਾਹ ਸੂਤੇ ਜਾਣਗੇ। ਇਹ ਯੁੱਧ ਲੜਨ ਲਈ ਹਥਿਆਰਾਂ ਵਿਚ ਤਬਦੀਲ ਹੋ ਜਾਵੇਗਾ।

ਡੇਢ-ਡੇਢ ਘੰਟੇ ਦੀ ਡਿਉਟੀ ਦੇ ਰਹੇ ਸੰਤਰੀਆਂ ਤੋਂ ਇਲਾਵਾ ਹਰ ਕੋਈ ਸੌਂ ਚੁੱਕਿਆ ਸੀ। ਆਖ਼ਿਰ, ਹੁਣ ਮੈਂ ਤਾਰਿਆਂ ਵੱਲ ਤੱਕ ਸਕਦੀ ਸਾਂ। ਮਿਨਾਸ਼ਲ ਨਦੀ ਦੇ ਕੰਢੇ 'ਤੇ, ਬਚਪਨ ਦੇ ਦਿਨਾਂ ਵਿਚ ਮੈਂ ਅਕਸਰ ਹੀ ਬੀਂਡਿਆਂ ਦੀ ਆਵਾਜ਼--ਜੋ ਦਿਨ ਛਿਪਦੇ ਹੀ ਸ਼ੁਰੂ ਹੋ ਜਾਂਦੀ--ਨੂੰ ਤਾਰਿਆਂ ਦੀ ਆਵਾਜ਼ ਸਮਝਦੀ ਜੋ ਚਮਕਣ ਦੇ ਲਈ ਤਿਆਰ ਹੋ ਰਹੇ ਹੁੰਦੇ ਸਨ। ਮੈਂ ਹੈਰਾਨ ਸੀ ਕਿ ਮੈਂ ਇੱਥੇ ਆ ਕੇ ਐਨੀ ਖੁਸ਼ ਸੀ। ਸ਼ਾਇਦ ਦੁਨੀਆਂ ਵਿਚ ਹੋਰ ਕਿਸੇ ਵੀ ਜਗ੍ਹਾ ਮੈਂ ਐਨੀ ਖੁਸ਼ ਨਾ ਹੋਵਾਂ। ਇਸ ਰਾਤ ਮੈਂ ਕੌਣ ਹਾਂ? ਕਾਮਰੇਡ ਰਾਹੇਲ, ਤਾਰਿਆਂ ਦੀ ਲੋਅ 'ਚ? ਸ਼ਾਇਦ ਦੀਦੀ ਕੱਲ੍ਹ ਆਵੇਗੀ।

ਦੁਪਹਿਰ ਦੇ ਪਹਿਲੇ ਪਹਿਰ ਉਹ ਪਹੁੰਚ ਜਾਂਦੇ ਹਨ। ਮੈਂ ਦੂਰ ਤੋਂ ਉਨ੍ਹਾਂ ਨੂੰ ਵੇਖ ਸਕਦੀ ਹਾਂ। ਜੈਤੂਨ ਰੰਗੀਆਂ ਵਰਦੀਆਂ ਪਾਈ ਲੱਗਭੱਗ 15 ਜਣੇ, ਉਨ੍ਹਾਂ ਦੇ ਚੱਲਣ ਦੇ ਤਰੀਕੇ ਤੋਂ ਮੈਂ ਦੱਸ ਸਕਦੀ ਹਾਂ ਕਿ ਉਹ ''ਜਬਰਦਸਤ ਲੜਾਕੇ'' ਹਨ। ਲੋਕ ਮੁਕਤੀ ਗੁਰੀਲਾ ਸੈਨਾ। ਇਨ੍ਹਾਂ ਵਾਸਤੇ ਹੀ ਲੇਜ਼ਰ ਬੰਦੂਕਾਂ ਅਤੇ ਥਰਮ ਇਮੇਜਿੰਗ ਲਗਾਏ ਗਏ ਹਨ। ਇਨ੍ਹਾਂ ਵਾਸਤੇ ਹੀ ਜੰਗਲ ਯੁੱਧ ਕਲਾ ਸਕੂਲ ਬਣਾਏ ਜਾ ਰਹੇ ਹਨ।

ਇਨ੍ਹਾਂ ਕੋਲ ਵੱਡੇ ਹਥਿਆਰ ਇਨਸਾਸ ਰਾਈਫਲਾਂ, ਐੱਸ ਐੱਲ ਆਰ ਅਤੇ ਦੋ ਏ ਕੇ-47 ਹਨ। ਇਸ ਗਰੁੱਪ ਦਾ ਲੀਡਰ ਕਾਮਰੇਡ ਮਾਧਵ ਹੈ ਜੋ ਪਾਰਟੀ ਵਿਚ ਨੌ ਸਾਲ ਦੀ ਉਮਰ ਤੋਂ ਕੰਮ ਕਰ ਰਿਹਾ ਹੈ। ਉਹ ਵਾਰੰਗਲ ਆਂਧਰਾ ਪ੍ਰਦੇਸ਼ ਤੋਂ ਹੈ। ਉਹ ਫ਼ਿਕਰਮੰਦ ਹੈ ਅਤੇ ਵਾਰ ਵਾਰ ਮਾਫ਼ੀ ਮੰਗ ਰਿਹਾ ਹੈ। ਤਾਲਮੇਲ ਵਿਚ ਕਿਤੇ ਕੋਈ ਵੱਡੀ ਗੜਬੜ ਹੋ ਗਈ ਸੀ। ਇਹ ਆਮ ਤੌਰ ਤੇ ਨਹੀਂ ਵਾਪਰਦਾ। ਮੈਂ ਪ੍ਰੋਗਰਾਮ ਮੁਤਾਬਿਕ ਪਹਿਲੀ ਰਾਤ ਨੂੰ ਹੀ ਮੁੱਖ ਕੈਂਪ ਪਹੁੰਚ ਜਾਣਾ ਸੀ। ਜੰਗਲ ਦੇ ਸੰਪਰਕ ਸਿਲਸਿਲੇ ਵਿਚ ਕਿਸੇ ਤੋਂ ਆਪਣੀ ਕਤਾਰ ਟੁੱਟ ਗਈ ਸੀ। ਮੋਟਰ ਸਾਈਕਲ 'ਤੇ ਮੈਨੂੰ ਪੂਰੀ ਤਰ੍ਹਾਂ ਵੱਖਰੀ ਥਾਂ ਤੇ ਪਹੁੰਚਾਇਆ ਜਾਣਾ ਸੀ ''ਅਸੀਂ ਤੁਹਾਨੂੰ ਐਨਾ ਇੰਤਜ਼ਾਰ ਕਰਵਾਇਆ। ਸਾਡੇ ਕਾਰਣ ਤੁਹਾਨੂੰ ਇੰਨਾ ਜ਼ਿਆਦਾ ਚੱਲਣਾ ਪਿਆ। ਅਸੀਂ ਸਾਰੇ ਰਸਤੇ ਭੱਜ ਕੇ ਆਏ ਜਦੋਂ ਸਾਨੂੰ ਪਤਾ ਲੱਗਿਆ ਕਿ ਤੁਸੀਂ ਇੱਥੇ ਹੋ।'' ਮੈਂ ਕਿਹਾ ਕਿ ਸਭ ਠੀਕ ਹੈ ਅਤੇ ਮੈਂ ਇੰਤਜ਼ਾਰ, ਤੁਰਨ ਅਤੇ ਸੁਨਣ ਦੀ ਤਿਆਰੀ ਕਰਕੇ ਆਈ ਹਾਂ। ਉਹ ਹੁਣੇ ਚੱਲਣਾ ਚਾਹੁੰਦਾ ਹੈ ਕਿਉਂਕਿ ਕੈਂਪ ਵਿਚ ਲੋਕ ਚਿੰਤਤ ਹਨ ਅਤੇ ਇੰਤਜ਼ਾਰ ਕਰ ਰਹੇ ਹਨ।

ਕੁਝ ਘੰਟੇ ਚੱਲ ਕੇ ਅਸੀਂ ਕੈਂਪ ਪਹੁੰਚਦੇ ਹਾਂ। ਹਨੇਰਾ ਹੋ ਰਿਹਾ ਹੈ। ਸੰਤਰੀਆਂ ਦੀਆਂ ਕਈ ਪਰਤਾਂ ਹਨ ਅਤੇ ਲਗਾਤਾਰ ਗਸ਼ਤ ਚੱਲ ਰਹੀ ਹੈ। ਸੌ ਦੇ ਲੱਗਭੱਗ ਕਾਮਰੇਡ ਦੋ ਕਤਾਰਾਂ ਬਣਾਈ ਖੜ੍ਹੇ ਹਨ। ਹਰ ਇਕ ਕੋਲ ਹਥਿਆਰ ਅਤੇ ਬੁੱਲ੍ਹਾਂ 'ਤੇ ਮੁਸਕਾਨ ਹੈ। ਉਹ ਗਾਉਣਾ ਸ਼ੁਰੂ ਕਰਦੇ ਹਨ, ''ਲਾਲ ਸਲਾਮ ਲਾਲ ਸਲਾਮ, ਆਉਣ ਵਾਲੇ ਸਾਥੀਆਂ ਨੂੰ ਲਾਲ ਸਲਾਮ।'' ਸੁਹਣਾ ਗਾਇਆ ਗਿਆ ਜਿਵੇਂ ਇਹ ਕਿਸੇ ਦਰਿਆ ਜਾਂ ਜੰਗਲ ਦੀ ਬਹਾਰ ਵਾਰੇ ਕੋਈ ਲੋਕ ਗੀਤ ਹੋਵੇ। ਗੀਤ ਦੇ ਨਾਲ ਮਿਲਣ, ਹੱਥ ਮਿਲਾਉਣ ਅਤੇ ਮੁੱਕਾ ਤਣਕੇ ਸਲਾਮੀ ਦਾ ਸਿਲਸਿਲਾ। ਸਭ ਲੋਕ ਲਾਲ ਸਲਾਮ ਕਹਿੰਦੇ ਹੋਏ ਇਕ ਦੂਸਰੇ ਨੂੰ ਮਿਲਦੇ ਹਨ।

ਵੱਡੀ ਸਾਰੀ ਨੀਲੀ ਝਿੱਲੀ ਤੋਂ ਬਿਨਾਂ 'ਕੈਂਪ' ਦੀ ਕੋਈ ਨਿਸ਼ਾਨੀ ਨਹੀਂ ਹੈ। ਝਿੱਲੀ ਦੀ ਛੱਤ ਵੀ ਬਣਾਈ ਹੋਈ ਹੈ। ਇਹ ਅੱਜ ਰਾਤ ਵਾਸਤੇ ਮੇਰਾ ਕਮਰਾ ਹੈ। ਇਸ ਤਰ੍ਹਾਂ ਮੈਨੂੰ ਅੱਗੇ ਆਉਣ ਵਾਲੀਆਂ ਮੁਸੀਬਤਾਂ ਲਈ ਜਾਂ ਪਿਛਲੇ ਕੁਝ ਦਿਨ ਚੱਲਣ ਕਾਰਣ ਹੋਈ ਥਕਾਵਟ ਲਾਹੁਣ ਲਈ ਆਰਾਮ ਦਿੱਤਾ ਜਾ ਰਿਹਾ ਸੀ। ਕੁਝ ਵੀ ਹੋਵੇ ਪਰ ਇਹ ਸਾਰੀ ਯਾਤਰਾ ਦੌਰਾਨ ਆਖ਼ਰੀ ਵਾਰ ਸੀ ਜਦੋਂ ਮੇਰੇ ਸਿਰ ਉਪਰ ਛੱਤ ਸੀ। ਰਾਤ ਦੇ ਖਾਣੇ ਵਕਤ ਮੈਂ ਕਰਾਂਤੀਕਾਰੀ ਆਦਿਵਾਸੀ ਮਹਿਲਾ ਸੰਗਠਨ ਦੀ ਇੰਚਾਰਜ ਕਾਮਰੇਡ ਨਰਮਦਾ ਜਿਸਦੇ ਸਿਰ ਦਾ ਮੁੱਲ ਰੱਖਿਆ ਹੋਇਆ ਹੈ, ਪੀ ਐੱਲ ਜੀ ਏ ਦੀ ਕਾਮਰੇਡ ਸਰੋਜ ਜੋ ਆਪਣੀ ਐੱਸ ਐੱਲ ਆਰ ਜਿੰਨੀ ਕੁ ਹੀ ਲੰਮੀ ਹੈ, ਕਾਮਰੇਡ ਮਾਸੇ (ਜਿਸਦਾ ਗੌਂਡ ਭਾਸ਼ਾ ਵਿਚ ਮਤਲਬ ਕਾਲੀ ਕੁੜੀ ਹੈ) ਉਸਦੇ ਸਿਰ 'ਤੇ ਵੀ ਇਨਾਮ ਹੈ, ਕਾਮਰੇਡ ਰੂਪੀ (ਟੈਕਨੀਕਲ ਮਾਹਿਰ), ਇਸ ਡਿਵੀਜ਼ਨ ਦੇ ਇੰਚਾਰਜ ਕਾਮਰੇਡ ਰਾਜੂ ਅਤੇ ਕਾਮਰੇਡ ਵੇਨੂੰ (ਜਾਂ ਮੁਰਲੀ ਜਾਂ ਸੋਨੂੰ ਜਾਂ ਸੁਸ਼ੀਲ ਤੁਸੀਂ ਕੁਝ ਵੀ ਕਹਿ ਸਕਦੇ ਹੋ) ਨੂੰ ਮਿਲੀ। ਕਾਮਰੇਡ ਵੇਨੂ ਇਨ੍ਹਾਂ ਵਿਚ ਸਭ ਤੋਂ ਸੀਨੀਅਰ ਹੈ, ਇਹ ਸਪਸ਼ਟ ਹੈ। ਉਹ ਕੇਂਦਰੀ ਕਮੇਟੀ ਜਾਂ ਹੋ ਸਕਦਾ ਹੈ ਪੋਲਿਟ ਬਿਊੁਰੋ ਦਾ ਮੈਂਬਰ ਹੋਵੇ। ਨਾ ਮੈਨੂੰ ਦੱਸਿਆ ਗਿਆ ਅਤੇ ਨਾ ਹੀ ਮੈਂ ਪੁੱਛਿਆ। ਅਸੀਂ ਆਪਸ ਵਿਚ ਗੌਂਡੀ, ਹਾਲਬੀ, ਤੇਲਗੂ, ਪੰਜਾਬੀ ਅਤੇ ਮਲਿਆਲਮ ਵਿਚ ਗੱਲ ਕਰਦੇ ਹਾਂ। ਸਿਰਫ ਮਾਸੇ ਹੀ ਅੰਗਰੇਜ਼ੀ ਜਾਣਦੀ ਹੈ। (ਸੋ ਅਸੀਂ ਸਾਰੇ ਹਿੰਦੀ ਵਿਚ ਗੱਲਬਾਤ ਕਰਦੇ ਹਾਂ!) ਕਾਮਰੇਡ ਮਾਸੇ ਲੰਮੇ ਡੀਲ-ਡੌਲ ਦੀ ਹੈ, ਲਗਦਾ ਹੈ ਗੱਲਬਾਤ ਸ਼ੁਰੂ ਕਰਨ ਲਈ ਉਸ ਨੂੰ ਕਾਫ਼ੀ ਪੀੜਾ ਵਿਚੋਂ ਲੰਘਣਾ ਪਿਆ ਹੈ। ਜਿਸ ਤਰ੍ਹਾਂ ਉਹ ਮੈਨੂੰ ਮਿਲਦੀ ਹੈ, ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਉਹ ਇਕ ਗੰਭੀਰ ਪਾਠਕ ਹੈ ਤੇ ਜੰਗਲ ਵਿਚ ਕਿਤਾਬਾਂ ਦੀ ਘਾਟ ਮਹਿਸੂਸ ਕਰਦੀ ਹੈ। ਉਹ ਮੈਨੂੰ ਆਪਣੀ ਕਹਾਣੀ ਬਾਅਦ ਵਿਚ ਸੁਣਾਵੇਗੀ ਜਦੋਂ ਉਸਨੂੰ ਮੇਰੇ 'ਤੇ ਪੂਰੀ ਤਰ੍ਹਾਂ ਯਕੀਨ ਹੋ ਜਾਵੇਗਾ। ਇਕ ਮਾੜੀ ਖ਼ਬਰ ਆ ਪਹੁੰਚੀ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਜੰਗਲ ਵਿਚ ਵਾਪਰਦਾ ਹੈ। ਇਕ ਦੌੜਾਕ 'ਬਿਸਕੁਟ' ਲੈ ਕੇ ਆਣ ਪੁੱਜਾ ਹੈ। ਹੱਥ ਲਿਖਤ ਰੁੱਕੇ ਜੋ ਸਟੈਪਲ ਕਰਕੇ ਚੌਰਸ ਤਹਿ ਕੀਤੇ ਹੋਏ ਹਨ। ਪੂਰਾ ਬੈਗ ਇਨ੍ਹਾਂ 'ਬਿਸਕੁਟਾਂ' ਨਾਲ ਭਰਿਆ ਹੋਇਆ ਹੈ। ਆਲੂ ਚਿਪਸ ਵਾਂਗ ਨੱਕੋ-ਨੱਕ ਭਰਿਆ ਬੈਗ। ਹਰ ਜਗ੍ਹਾ ਦੀ ਖ਼ਬਰ ਸਮੋਈ ਬੈਠਾ ਹੈ। ਖ਼ਬਰ ਆਈ ਹੈ ਕਿ ਓਂਗਨਾਰ ਪਿੰਡ ਵਿਚ ਪੁਲੀਸ ਨੇ ਪੰਜ ਲੋਕ ਮਾਰ ਦਿੱਤੇ, ਜਿਨ੍ਹਾਂ ਵਿਚ ਚਾਰ ਮਲੀਸ਼ੀਆ ਦੇ ਲੋਕ ਹਨ ਅਤੇ ਇਕ ਸਧਾਰਨ ਪੇਂਡੂ : ਸੰਤੂ ਪੋਟਾਈ (25) ਫੂਲੋ ਵਾਡੇ (22), ਕਾਂਡੇ ਪੋਟਾਈ (22) ਰਾਮੋਲੀ ਵਾਡੇ (20) ਦਲਸਾਈ ਕੋਰਮ (22)। ਜੋ ਬੱਚੇ ਕੱਲ੍ਹ ਰਾਤ ਤਾਰਿਆਂ ਦੀ ਛੱਤ ਵਾਲੇ ਕਮਰੇ ਹੇਠ ਮੇਰੇ ਕੋਲ ਸੁੱਤੇ ਸਨ, ਇਹ ਵੀ ਉਨ੍ਹਾਂ ਦੀ ਜਗ੍ਹਾ ਹੋ ਸਕਦੇ ਹਨ।
ਤੇ ਫੇਰ ਇਕ ਚੰਗੀ ਖ਼ਬਰ ਪਹੁੰਚਦੀ ਹੈ। ਲੋਕਾਂ ਦਾ ਛੋਟਾ ਜਿਹਾ ਸਮੂਹ ਆ ਪਹੁੰਚਦਾ ਹੈ, ਜਿਨ੍ਹਾਂ ਵਿਚ ਇਕ ਭਾਰਾ ਜਿਹਾ ਨੌਜਵਾਨ ਵੀ ਹੈ। ਉਹ ਵੀ ਥੱਕਿਆ ਹੋਇਆ ਹੈ। ਪਰ ਇਨ੍ਹਾਂ ਸਾਰਿਆਂ ਦੇ ਚਿਹਰੇ 'ਤੇ ਤਾਜ਼ਗੀ ਹੈ। ਹਰ ਕੋਈ ਉਨ੍ਹਾਂ ਦੇ ਫੱਬਦੇ ਹੋਣ ਦੀ ਤਾਰੀਫ਼ ਕਰਦਾ ਹੈ । ਉਹ ਖੁਸ਼ ਹੈ ਪਰ ਸ਼ਰਮਾ ਜਾਂਦਾ ਹੈ। ਉਹ ਡਾਕਟਰ ਹੈ ਜੋ ਇਨ੍ਹਾਂ ਸਾਥੀਆਂ ਨਾਲ ਰਹਿਣ ਅਤੇ ਇਲਾਜ ਕਰਨ ਲਈ ਆਇਆ ਹੈ। ਇਸ ਤੋਂ ਪਹਿਲਾਂ ਦੰਡਕਾਰਣੀਆਂ ਵਿਚ ਕੋਈ ਡਾਕਟਰ ਕਈ ਸਾਲ ਪਹਿਲਾਂ ਆਇਆ ਸੀ।

ਰੇਡੀਓ 'ਤੇ ਖ਼ਬਰ ਹੈ ਕਿ ਗ੍ਰਹਿ ਮੰਤਰੀ ਦੀ 'ਖੱਬੇ ਪੱਖੀ ਅੱਤਵਾਦ' ਤੋਂ ਪ੍ਰਭਾਵਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਹੋਈ। ਝਾਰਖੰਡ ਅਤੇ ਬਿਹਾਰ ਦੇ ਮੁੱਖ ਮੰਤਰੀ ਮਚਲੇ ਹਨ ਅਤੇ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਰੇਡੀਓ ਦੇ ਆਸ-ਪਾਸ ਬੈਠੇ ਲੋਕਾਂ ਵਿਚ ਹਾਸਾ ਫੁੱਟ ਪੈਂਦਾ ਹੈ। ਚੋਣਾਂ ਦੌਰਾਨ, ਪ੍ਰਚਾਰ ਕਰਦੇ ਹੋਏ, ਕਈ ਵਾਰ ਚੋਣਾਂ ਤੋਂ ਮਹੀਨਾ ਦੋ ਮਹੀਨੇ ਬਾਅਦ ਵੀ ਨੇਤਾ ਲੋਕ ਇਹੀ ਕਹਿੰਦੇ ਹਨ, ''ਨਕਸਲੀ ਸਾਡੇ ਆਪਣੇ ਬੱਚੇ ਹਨ।'' ਪਰ ਇਹ ਤੈਅ ਹੀ ਹੁੰਦਾ ਹੈ ਕਿ ਕੁਝ ਸਮੇਂ ਬਾਅਦ ਉਹ ਜ਼ਹਿਰ ਉਗਲਣ ਲੱਗਦੇ ਹਨ।
ਮੇਰੀ ਜਾਣ-ਪਛਾਣ ਕਾਮਰੇਡ ਕਮਲਾ ਨਾਲ ਕਰਵਾਈ ਜਾਂਦੀ ਹੈ। ਮੈਨੂੰ ਕਿਹਾ ਜਾਂਦਾ ਹੈ ਕਿ ਉਸ ਨੂੰ ਉਠਾਏ ਬਿਨਾਂ ਮੈਂ ਆਪਣੀ ਝਿੱਲੀ ਤੋਂ ਪੰਜ ਫੁੱਟ ਦੂਰ ਵੀ ਨਹੀਂ ਜਾਣਾ। ਕਿਉਂਕਿ ਹਨੇਰੇ ਵਿਚ ਕੋਈ ਵੀ ਆਸਾਨੀ ਨਾਲ ਭਟਕ ਸਕਦਾ ਹੈ ਅਤੇ ਗੁੰਮ ਵੀ ਹੋ ਸਕਦਾ ਹੈ। (ਮੈਂ ਉਸ ਨੂੰ ਨਹੀਂ ਉਠਾਉਂਦੀ। ਮੈਂ ਗੇਲੀ ਵਾਂਗ ਸੁੱਤੀ ਰਹਿੰਦੀ ਹਾਂ) ਸਵੇਰੇ ਕਮਲਾ ਮੈਨੂੰ ਕੰਨੀ ਤੋਂ ਕੱਟਿਆ ਪੀਲੇ ਰੰਗ ਦਾ ਲਿਫਾਫਾ ਫੜਾਉਂਦੀ ਹੈ। ਕਿਸੇ ਸਮੇਂ ਇਸ ਵਿਚ ਅਬਿਸ ਗੋਲਡ ਸੋਇਆਬੀਨ ਦਾ ਤੇਲ ਸੀ। ਹੁਣ ਇਹ ਮੇਰਾ ਪਖ਼ਾਨਾ ਜਾਣ ਸਮੇਂ ਵਰਤਿਆ ਜਾਣ ਵਾਲਾ ਮੱਘ ਹੈ। ਇਨਕਲਾਬ ਦੇ ਰਾਹ 'ਤੇ ਕਿਸੇ ਵੀ ਵਸਤੂ ਨੂੰ ਬੇਕਾਰ ਨਹੀਂ ਜਾਣ ਦਿੱਤਾ ਜਾਂਦਾ।
(ਹੁਣ ਵੀ ਹਰ ਸਮੇਂ ਹਰ ਦਿਨ ਮੈਂ ਕਾਮਰੇਡ ਕਮਲਾ ਬਾਰੇ ਸੋਚਦੀ ਰਹਿੰਦੀ ਹਾਂ। ਉਹ ਸਤਾਰਾਂ ਵਰ੍ਹਿਆਂ ਦੀ ਸੀ। ਉਹ ਦੇਸੀ ਕੱਟਾ ਆਪਣੇ ਲੱਕ 'ਤੇ ਟੰਗ ਕੇ ਰੱਖਦੀ ਸੀ ਤੇ ਉਹ ਖ਼ੂਬਸੂਰਤ ਮੁਸਕਰਾਹਟ। ਪਰ ਜਦੋਂ ਕਦੇ ਉਹ ਪੁਲੀਸ ਦੇ ਹੱਥ ਆਈ ਪੁਲੀਸ ਉਸ ਨੂੰ ਮਾਰ ਦੇਵੇਗੀ। ਹੋ ਸਕਦਾ ਹੈ ਪਹਿਲਾਂ ਉਸ ਦਾ ਬਲਾਤਕਾਰ ਹੋਏ। ਕੋਈ ਸਵਾਲ ਤੱਕ ਨਹੀਂ ਪੁੱਛਿਆ ਜਾਵੇਗਾ। ਕਿਉਂਕਿ ਉਹ ਅੰਦਰੂਨੀ ਸੁਰੱਖਿਆ ਨੂੰ ਖ਼ਤਰਾ ਹੈ।)

ਨਾਸ਼ਤੇ ਤੋਂ ਬਾਅਦ ਕਾਮਰੇਡ ਵੇਨੂ (ਸੁਸ਼ੀਲ, ਸੋਨੂੰ, ਮੁਰਲੀ) ਮੇਰੀ ਉਡੀਕ ਕਰ ਰਿਹਾ ਹੈ। ਉਹ ਝਿੱਲੀ 'ਤੇ ਚੌਕੜੀ ਮਾਰ ਕੇ ਬੈਠਾ ਕਿਸੇ ਸਕੂਲ ਅਧਿਆਪਕ ਵਾਂਗ ਜਾਪਦਾ ਹੈ। ਅੱਜ ਉਹ ਮੈਨੂੰ ਇਤਹਾਸ ਦਾ ਸਬਕ ਪੜ੍ਹਾਏਗਾ। ਠੀਕ ਤਰ੍ਹਾਂ ਨਾਲ ਕਹਿਣਾ ਹੋਵੇ ਤਾਂ ਪਿਛਲੇ ਤੀਹ ਸਾਲਾਂ ਦਾ ਇਤਹਾਸ ਇਸ ਦੰਡਕਾਰਣੀਆਂ ਦਾ, ਜਿਸ ਨਾਲ ਉਸ ਜੰਗ ਦਾ ਮੁੱਢ ਬੱਝਾ ਸੀ, ਜੋ ਅੱਜ ਵੀ ਚੱਲ ਰਹੀ ਹੈ। ਨਿਰਸੰਦੇਹ ਇਹ ਇਕ ਗੁਰੀਲੇ ਦਾ ਬਿਆਨ ਹੋਵੇਗਾ। ਪਰ, ਇਤਹਾਸ ਵੀ ਤਾਂ ਇਹੀ ਹੈ। ਗੁਪਤ ਇਤਹਾਸ ਹਰ ਹਾਲਤ 'ਚ ਲੋਕਾਂ ਸਾਹਮਣੇ ਆਉਣਾ ਹੀ ਚਾਹੀਦਾ ਹੈ, ਤਾਂ ਜੋ ਇਸ ਉੱਪਰ ਬਹਿਸ ਹੋ ਸਕੇ, ਸਵਾਲ ਕੀਤੇ ਜਾ ਸਕਣ, ਬਜਾਏ ਇਸ ਦੇ ਕਿ ਕੁਫ਼ਰ ਤੋਲਦੇ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਰਹੇ, ਜੋ ਹੁਣ ਹੋ ਰਿਹਾ ਹੈ।

ਕਾਮਰੇਡ ਵੇਨੂ ਸ਼ਾਂਤ ਹੈ, ਮਿੱਠੀ ਆਵਾਜ਼ ਵਿਚ ਗੱਲ ਕਰਦਿਆਂ ਉਹ ਤੁਹਾਡੇ ਹੁੰਗਾਰੇ ਦੀ ਉਡੀਕ ਕਰਦਾ ਹੈ। ਉਹ ਕਈ ਘੰਟਿਆਂ ਤੱਕ ਲਗਾਤਾਰ ਗੱਲਬਾਤ ਕਰਦਾ ਰਹਿੰਦਾ ਹੈ। ਉਹ ਉਸ ਸਟੋਰ ਪ੍ਰਬੰਧਕ ਦੀ ਤਰ੍ਹਾਂ ਲਗਦਾ ਹੈ ਜਿਸ ਕੋਲ ਬਹੁਤ ਸਾਰੀਆਂ ਚਾਬੀਆਂ ਹਨ ਅਤੇ ਉਹ ਅਲੱਗ-ਅਲੱਗ ਚਾਬੀਆਂ ਨਾਲ ਅਲੱਗ-ਅਲੱਗ ਕਹਾਣੀਆਂ ਦੀ ਪਟਾਰੀ ਖੋਲਦਾ ਜਾਂਦਾ ਹੈ।
ਕਾਮਰੇਡ ਵੇਨੂ ਉਨ੍ਹਾਂ ਸੱਤ ਹਥਿਆਰਬੰਦ ਦਸਤਿਆਂ ਦਾ ਹਿੱਸਾ ਸੀ ਜੋ ਤੀਹ ਸਾਲ ਪਹਿਲਾਂ ਜੂਨ 1980 ਵਿਚ ਆਂਧਰਾ ਪ੍ਰਦੇਸ਼ ਤੋਂ ਗੋਦਾਵਰੀ ਨਦੀ ਪਾਰ ਕਰਕੇ ਦੰਡਕਾਰਣੀਆਂ (ਪਾਰਟੀ ਦੀ ਭਾਸ਼ਾ ਵਿੱਚ ਡੀ ਕੇ) ਦੇ ਜੰਗਲ ਵਿਚ ਪਹਿਲੀ ਵਾਰ ਦਾਖ਼ਲ ਹੋਏ। ਉਹ ਉਨ੍ਹਾਂ ਪਹਿਲੇ 49 ਕਾਡਰਾਂ ਵਿਚੋਂ ਇਕ ਹੈ ਜਿਨ੍ਹਾਂ ਨੇ ਦੰਡਕਾਰਣੀਆਂ ਵਿੱਚ ਸੰਘਰਸ਼ ਦਾ ਪਿੜ ਬੰਨ੍ਹਿਆ। ਉਹ ਅਸਲੀ ਨਕਸਲੀਆਂ, ਸੀ ਪੀ ਆਈ (ਐੱਮ ਐੱਲ) ਦੇ ਇਕ ਧੜ੍ਹ੍ਹੇ ਪੀਪਲਜ਼ ਵਾਰ ਗਰੁੱਪ ਦੇ ਕਾਰਕੁੰਨ ਸਨ। ਉਸੇ ਸਾਲ ਅਪ੍ਰੈਲ ਮਹੀਨੇ ਵਿਚ ਕੌਂਡਪਲੀ ਸੀਤਾ ਰਮੱਈਆ ਦੀ ਅਗਵਾਈ ਵਿਚ, ਇਕ ਆਜ਼ਾਦ ਪਾਰਟੀ ਵਜੋਂ ਪੀਪਲਜ਼ ਵਾਰ ਦੀ ਸਥਾਪਨਾ ਕੀਤੇ ਜਾਣ ਦਾ ਐਲਾਨ ਕੀਤਾ ਗਿਆ। ਪੀਪਲਜ਼ ਵਾਰ ਨੇ ਇਕ ਸਥਾਈ ਫ਼ੌਜ ਬਣਾਉਣ ਦਾ ਫ਼ੈਸਲਾ ਕੀਤਾ, ਜਿਸ ਲਈ ਅਧਾਰ ਦੀ ਜ਼ਰੂਰਤ ਸੀ ਤੇ ਡੀ ਕੇ ਨੇ ਉਹ ਅਧਾਰ ਬਣਨਾ ਸੀ। ਪਹਿਲੇ ਦਸਤੇ ਇਲਾਕੇ ਨੂੰ ਸਮਝਣ ਲਈ ਅਤੇ ਡੀ ਕੇ ਨੂੰ ਗੁਰੀਲਾ ਜ਼ੋਨ ਬਣਾਉਣ ਲਈ ਭੇਜੇ ਗਏ ਸਨ। ਕੀ ਕਮਿਊਨਿਸਟ ਪਾਰਟੀਆਂ ਕੋਲ ਸਥਾਈ ਫ਼ੌਜ ਹੋਣੀ ਚਾਹੀਦੀ ਹੈ ਜਾਂ ਨਹੀਂ, ਕੀ 'ਲੋਕ ਫ਼ੌਜ' ਆਪਣੇ ਆਪ 'ਚ ਇਸ ਦੇ ਵਿਰੋਧੀ ਚੀਜ਼ ਹੈ ਜਾਂ ਨਹੀਂ, ਇਹ ਪੁਰਾਣੀਆਂ ਬਹਿਸਾਂ ਹਨ। ਪੀਪਲਜ਼ ਵਾਰ ਗਰੁੱਪ ਦਾ ਫ਼ੌਜ ਬਣਾਉਣ ਦਾ ਫ਼ੈਸਲਾ, ਇਸਦੇ ਆਪਣੇ ਅਨੁਭਵ ਵਿਚੋਂ ਪੈਦਾ ਹੋਇਆ, ਜਦ ਪਾਰਟੀ ਨੇ 'ਜ਼ਮੀਨ ਹਲਵਾਹਕ ਦੀ' ਦਾ ਨਾਅਰਾ ਦਿੱਤਾ, ਅਤੇ ਭੋਂਇਪਤੀਆਂ ਨਾਲ ਸਿੱਧੀ ਟੱਕਰ ਹੋਣੀ ਸ਼ੁਰੂ ਹੋ ਗਈ ਅਤੇ ਇਸਦੇ ਨਾਲ ਹੀ ਪੁਲੀਸ ਦੇ ਦਮਨ ਦਾ ਦੌਰ ਚੱਲ ਪਿਆ। ਪਾਰਟੀ ਲਈ ਆਪਣੀ ਫ਼ੌਜ ਤੋਂ ਇਲਾਵਾ ਇਸ ਸਾਰੇ ਦਮਨ ਦਾ ਸਾਹਮਣਾ ਕਰਨਾ ਅਸੰਭਵ ਹੋ ਗਿਆ।(ਸੰਨ 2004 ਤੱਕ ਪੀ ਡਬਲਿਊ ਜੀ ਦੀ ਸੀ ਪੀ ਆਈ (ਐੱਮ ਐੱਲ) [ਪਾਰਟੀ ਯੂਨਿਟੀ] ਅਤੇ ਮਾਓਵਾਦੀ ਕਮਿਊਨਿਸਟ ਸੈਂਟਰ ਨਾਲ ਏਕਤਾ ਹੋ ਚੁੱਕੀ ਸੀ। ਐਮ ਸੀ ਸੀ ਬਿਹਾਰ ਅਤੇ ਝਾਰਖੰਡ ਦੇ ਵੱਡੇ ਇਲਾਕੇ ਵਿੱਚ ਸਰਗਰਮ ਹੈ। ਇਸ ਤਰ੍ਹਾਂ ਇਨ੍ਹਾਂ ਪਾਰਟੀਆਂ ਦੀ ਏਕਤਾ ਨਾਲ ਅੱਜ ਦੀ ਭਾਰਤੀ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਓਵਾਦੀ) ਹੋਂਦ ਵਿੱਚ ਆਈ।

ਦੰਡਕਾਰਣੀਆਂ, ਜਿਵੇਂ ਕਿ ਅੰਗਰੇਜ਼ ਆਪਣੇ ਅੰਦਾਜ਼ ਵਿਚ ਇਸ ਨੂੰ ਗੌਂਡਵਾਨਾ ਕਹਿੰਦੇ ਸਨ, ਇਹ ਗੌਂਡ ਲੋਕਾਂ ਦੀ ਧਰਤੀ ਹੈ। ਅੱਜ ਮੱਧ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਆਂਧਰਾ ਪ੍ਰਦੇਸ਼ ਅਤੇ ਮਹਾਂਰਾਸ਼ਟਰ ਜਿਹੇ ਸੂਬਿਆਂ ਦੀਆਂ ਹੱਦਾਂ ਜੰਗਲ ਵਿਚੋਂ ਦੀ ਹੋ ਕੇ ਮਿਲਦੀਆਂ ਹਨ। ਲੜਾਕੂ ਲੋਕਾਂ ਨੂੰ ਵੱਖੋ ਵੱਖਰੇ ਖਿੱਤਿਆਂ ਵਿਚ ਵੰਡ ਦੇਣਾ ਪੁਰਾਣਾ ਤਰੀਕਾ ਹੈ। ਪਰ ਇਹ ਮਾਓਵਾਦੀ ਅਤੇ ਮਾਓਵਾਦੀ ਗੌਂਡ ਸਰਕਾਰਾਂ ਦੁਆਰਾ ਖਿੱਚੀਆਂ ਗਈਆਂ ਸੂਬਾਈ ਹੱਦਾਂ ਨੂੰ ਜ਼ਿਆਦਾ ਤਵੱਜੋਂ ਨਹੀਂ ਦਿੰਦੇ। ਉਨ੍ਹਾਂ ਦੀ ਮਾਨਸਿਕਤਾ ਵਿਚ ਆਪਣੇ ਹੀ ਖਿੱਚੇ ਹੋਏ ਨਕਸ਼ੇ ਹਨ ਅਤੇ ਜੰਗਲ ਦੇ ਹੋਰ ਪ੍ਰਾਣੀਆਂ ਵਾਂਗ ਆਪਣੇ ਹੀ ਬਣਾਏ ਹੋਏ ਰਾਹ। ਸੜਕਾਂ ਉਨ੍ਹਾਂ ਲਈ ਤੁਰਨ ਦਾ ਰਾਹ ਨਹੀਂ ਹਨ ਬਲਕਿ ਸੜਕਾਂ ਨੂੰ ਉਹ ਪਾਰ ਕਰਦੇ ਹਨ। ਜਾਂ ਫਿਰ ਇਹ ਘਾਤ ਲਾਕੇ ਹਮਲਾ ਕਰਨ ਦੀ ਇਕ ਜਗ੍ਹਾ ਹਨ। ਹਾਲਾਂਕਿ ਗੌਂਡ (ਜੋ ਕੋਇਆ ਅਤੇ ਦੋਰਲਾ ਕਬੀਲਿਆਂ ਵਿਚ ਵੰਡੇ ਹੋਏ ਹਨ) ਲੋਕਾਂ ਦੀ ਗਿਣਤੀ ਇੱਥੇ ਸਭ ਤੋਂ ਵੱਧ ਹੈ ਪਰ ਛੋਟੇ-ਛੋਟੇ ਹੋਰ ਆਦਿਵਾਸੀ ਸਮੂਹਾਂ ਦੀ ਵੀ ਇਹ ਰਹਿਣਗਾਹ ਹੈ। ਗ਼ੈਰ-ਕਬਾਇਲੀ, ਜਿਵੇਂ ਵਪਾਰੀ ਅਤੇ ਬਾਹਰੋਂ ਆ ਕੇ ਵਸਣ ਵਾਲੇ, ਜੰਗਲ ਦੇ ਬਾਹਰ-ਬਾਹਰ ਜਾਂ ਹੱਦ 'ਤੇ ਰਹਿੰਦੇ ਹਨ ਜੋ ਮੰਡੀ ਜਾਂ ਸੜਕ ਦੇ ਕੋਲ ਹੁੰਦਾ ਹੈ।

ਪੀ ਡਬਲਿਊ ਜੀ ਇੱਥੇ ਪੈਰ ਪਾਉਣ ਵਾਲੀ ਪਹਿਲੀ ਜਥੇਬੰਦੀ ਨਹੀਂ ਸੀ। ਉਸ ਤੋਂ ਪਹਿਲਾਂ ਪ੍ਰਸਿੱਧ ਗਾਂਧੀਵਾਦੀ ਬਾਬਾ ਆਮਟੇ ਨੇ 1975 ਵਿਚ ਵਾਰੋਰਾ ਨਾਂਅ ਦੀ ਥਾਂ 'ਤੇ ਆਪਣਾ ਪਹਿਲਾ ਆਸ਼ਰਮ ਅਤੇ ਕੋਹੜ ਦਾ ਹਸਪਤਾਲ ਖੋਲ੍ਹਿਆ ਸੀ। ਰਾਮਾ ਕ੍ਰਿਸ਼ਨ ਮਿਸ਼ਨ ਨੇ ਵੀ ਅਬੂਝਮਾੜ ਦੇ ਦੂਰ-ਦਰਾਜ ਦੇ ਜੰਗਲੀ ਇਲਾਕੇ ਦੇ ਪਿੰਡਾਂ ਵਿਚ ਸਕੂਲ ਖੋਹਲਣੇ ਸ਼ੁਰੂ ਕਰ ਦਿੱਤੇ ਸਨ। ਉੱਤਰੀ ਬਸਤਰ ਵਿਚ ਬਾਬਾ ਬਿਹਾਰੀ ਦਾਸ ਨੇ ਆਦਿਵਾਸੀਆਂ ਨੂੰ ਹਿੰਦੂ ਧਰਮ ਵਿਚ ਵਾਪਸ ਲਿਆਉਣ ਦੀ ਜ਼ੋਰਦਾਰ ਮੁਹਿੰਮ ਚਲਾ ਰੱਖੀ ਸੀ। ਆਦਿਵਾਸੀ ਸਭਿਆਚਾਰ ਨੂੰ ਬਰਬਾਦ ਕਰਨਾ, ਆਪਣੇ ਆਪ ਨੂੰ ਨਫ਼ਰਤ ਕਰਨਾ ਸਿਖਾਉਣਾ, ਹਿੰਦੂਵਾਦ ਦੇ ਮਹਾਨ ਤੋਹਫ਼ੇ ਜਾਤੀਵਾਦ ਨੂੰ ਫੈਲਾਉਣਾ ਇਸ ਮੁਹਿੰਮ ਦਾ ਮੁੱਖ ਹਿੱਸਾ ਸੀ। ਜਿਨ੍ਹਾਂ ਲੋਕਾਂ ਨੇ ਸ਼ੁਰੂਆਤੀ ਦੌਰ ਵਿੱਚ ਧਰਮ ਪਰਿਵਰਤਨ ਕੀਤਾ ਉਨ੍ਹਾਂ ਵਿਚ ਪਿੰਡਾਂ ਦੇ ਮੁਖੀ ਅਤੇ ਭੋਂਇਪਤੀ ਸਨ, ਸਲਵਾ ਜੁਡਮ ਦੇ ਬਾਨੀ ਮਹਿੰਦਰ ਕਰਮਾ ਵਰਗੇ ਲੋਕ, ਜਿਨ੍ਹਾਂ ਨੂੰ ਦਵਿਜ ਦੀ ਉਪਾਧੀ ਦਿੱਤੀ ਗਈ। ਭਾਵ ਦੁਬਾਰਾ ਪੈਦਾ ਹੋਏ ਬ੍ਰਾਹਮਣ। (ਨਿਰਸੰਦੇਹ ਇਹ ਇਕ ਹੇਰਾਫੇਰੀ ਸੀ ਕਿਉਂਕਿ ਕੋਈ ਵੀ ਬ੍ਰਾਹਮਣ ਨਹੀਂ ਬਣ ਸਕਦਾ। ਜੇ ਬਣ ਸਕਦੇ ਹੁੰਦੇ ਤਾਂ ਅਸੀਂ ਇਕ ਬ੍ਰਾਹਮਣ ਰਾਸ਼ਟਰ ਹੁੰਦੇ।) ਪਰ ਆਦਿਵਾਸੀ ਲੋਕਾਂ ਲਈ ਇਹ ਨਕਲੀ ਹਿੰਦੂਵਾਦ ਚੰਗਾ ਹੀ ਸਮਝਿਆ ਗਿਆ। ਬਿਲਕੁਲ ਉਸੇ ਤਰ੍ਹਾਂ ਜਿਵੇਂ ਬਿਸਕੁਟ, ਸਾਬਣ, ਸੀਖਾਂ ਦੀਆਂ ਡੱਬੀਆਂ, ਤੇਲ ਦੇ ਨਕਲੀ ਬਰੈਂਡ ਕਬਾਇਲੀਆਂ ਨੂੰ ਵੇਚੇ ਜਾਂਦੇ ਹਨ। ਇਸ ਹਿੰਦੂਤਵ ਮੁਹਿੰਮ ਅਨੁਸਾਰ ਬਹੁਤ ਸਾਰੇ ਪਿੰਡਾਂ ਦੇ ਨਾਂਅ ਤੱਕ ਵੀ ਬਦਲ ਦਿੱਤੇ ਗਏ। ਹੁਣ ਇਸ ਦੇ ਚਲਦਿਆਂ ਅਜੀਬ ਉਲਝਣ ਪੈਦਾ ਹੋ ਗਈ ਹੈ, ਬਹੁਤ ਸਾਰੇ ਪਿੰਡਾਂ ਦੇ ਦੋ ਨਾਂਅ ਪ੍ਰਚੱਲਤ ਹੋ ਗਏ ਹਨ: ਇਕ ਸਰਕਾਰੀ ਨਾਂਅ ਦੂਜਾ ਲੋਕਾਂ ਦੁਆਰਾ ਦਿੱਤਾ ਗਿਆ ਨਾਂਅ। ਜਿਵੇਂ ਇਨਾਰ ਪਿੰਡ ਦਾ ਨਾਂ ਚਿਲਾਰੀ ਰੱਖ ਦਿੱਤਾ ਗਿਆ। ਵੋਟ ਸੂਚੀਆਂ ਵਿਚ ਵੀ ਕਬਾਇਲੀ ਨਾਂਅ ਹਿੰਦੂ ਨਾਂਵਾਂ ਵਿਚ ਤਬਦੀਲ ਕਰ ਦਿੱਤੇ ਗਏ। (ਮਾਸਾ ਕਰਮਾ ਨੂੰ ਮਹੇਂਦਰ ਕਰਮਾ ਬਣਾ ਦਿੱਤਾ ਗਿਆ।) ਜੋ ਬ੍ਰਾਹਮਣ ਹਿੰਦੂਤਵ ਵਿਚ ਧਰਮ ਪਰਿਵਰਤਨ ਲਈ ਅੱਗੇ ਨਾ ਆਏ ਉਨ੍ਹਾਂ ਨੂੰ ਕਟਵਾ ਐਲਾਨ ਦਿੱਤਾ ਗਿਆ। (ਇਸ ਦਾ ਅਰਥ ਹੈ ਅਛੂਤ) ਜੋ ਬਾਅਦ ਵਿਚ ਮਾਓਵਾਦੀਆਂ ਦੀ ਕੁਦਰਤੀ ਠਾਹਰ ਬਣੇ।

ਪੀਪਲਜ਼ ਵਾਰ ਨੇ ਸ਼ੁਰੂਆਤੀ ਦੌਰ ਵਿਚ ਦੱਖਣੀ ਬਸਤਰ ਅਤੇ ਗੜ੍ਹਚਿਰੌਲੀ ਦੇ ਇਲਾਕੇ ਵਿਚ ਕੰਮ ਸ਼ੁਰੂ ਕੀਤਾ। ਕਾਮਰੇਡ ਵੇਨੂ ਉਨ੍ਹਾਂ ਸ਼ੁਰੂਆਤੀ ਮਹੀਨਿਆਂ ਦੀ ਵਿਆਖਿਆ ਵਿਸਥਾਰ ਨਾਲ ਕਰਦਾ ਹੈ : ਪਿੰਡਾਂ ਦੇ ਲੋਕ ਉਨ੍ਹਾਂ ਉਪਰ ਕਿਸ ਤਰ੍ਹਾਂ ਸ਼ੱਕ ਕਰਦੇ ਸਨ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਨਾ ਜਾਣ ਦਿੰਦੇ। ਕੋਈ ਵੀ ਉਨ੍ਹਾਂ ਨੂੰ ਪਾਣੀ ਜਾਂ ਖਾਣਾ ਨਾ ਦਿੰਦਾ। ਪੁਲੀਸ ਅਫਵਾਹ ਫੈਲਾਅ ਦਿੰਦੀ ਕਿ ਇਹ ਚੋਰ ਹਨ। ਔਰਤਾਂ ਆਪਣੇ ਗਹਿਣੇ ਚੁੱਲ੍ਹੇ ਦੀ ਰਾਖ ਵਿਚ ਛੁਪਾ ਦਿੰਦੀਆਂ। ਜਬਰ ਬਹੁਤ ਤਿੱਖਾ ਸੀ। ਨਵੰਬਰ 1980 ਵਿਚ ਗੜ੍ਹਚਿਰੌਲੀ ਵਿਚ ਇਕ ਪਿੰਡ ਅੰਦਰ ਮੀਟਿੰਗ ਦੌਰਾਨ ਪੁਲੀਸ ਨੇ ਗੋਲੀ ਚਲਾ ਦਿੱਤੀ ਅਤੇ ਪੂਰੇ ਦਸਤੇ ਨੂੰ ਖ਼ਤਮ ਕਰ ਦਿੱਤਾ। ਇਹ ਡੀ ਕੇ ਦਾ ਪਹਿਲਾ ਪੁਲੀਸ ਮੁਕਾਬਲਾ ਸੀ। ਇਸ ਨਾਲ ਬਹੁਤ ਗੰਭੀਰ ਪਿਛਾੜ ਪਈ। ਕਾਮਰੇਡ ਪਿੱਛੇ ਹਟ ਗਏ, ਗੋਦਾਵਰੀ ਪਾਰ ਕਰਕੇ ਵਾਪਸ ਆਦਿਲਾਬਾਦ ਚਲੇ ਗਏ। ਪਰ 1981 ਵਿਚ ਫਿਰ ਵਾਪਸ ਆਏ। ਉਨ੍ਹਾਂ ਨੇ ਕਬਾਇਲੀ ਲੋਕਾਂ ਨੂੰ ਤੇਂਦੂ ਪੱਤੇ (ਜੋ ਬੀੜੀ ਬਣਾਉਣ ਲਈ ਵਰਤਿਆ ਜਾਂਦਾ ਹੈ) ਦੀ ਕੀਮਤ ਵਧਾਉਣ ਦੇ ਮੁੱਦੇ ਉੱਪਰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ। ਉਸ ਸਮੇਂ ਪੰਜਾਹ ਤੇਂਦੂ ਪੱÎਤਿਆਂ ਦੇ ਬੰਡਲ ਪਿੱਛੇ ਵਪਾਰੀ ਤਿੰਨ ਪੈਸੇ ਦਿਆ ਕਰਦੇ ਸਨ। ਅਜਿਹੇ ਲੋਕ ਜੋ ਇਸ ਤਰ੍ਹਾਂ ਦੀ ਸਿਆਸਤ ਤੋਂ ਪੂਰੀ ਤਰ੍ਹਾਂ ਅਣਜਾਣ ਸਨ ਨੂੰ ਅਜਿਹੇ ਮੁੱਦਿਆਂ 'ਤੇ ਹੜਤਾਲ ਕਰਨ ਲਈ ਲਾਮਬੰਦ ਕਰਨਾ ਕੋਈ ਆਸਾਨ ਕੰਮ ਨਹੀਂ ਸੀ। ਆਖ਼ਿਰ ਹੜਤਾਲ ਕਾਮਯਾਬ ਰਹੀ ਅਤੇ ਇਕ ਬੰਡਲ ਦੀ ਕੀਮਤ ਦੁੱਗਣੀ ਭਾਵ ਛੇ ਪੈਸੇ ਹੋ ਗਈ। ਪਰ ਪਾਰਟੀ ਲਈ ਅਸਲੀ ਕਾਮਯਾਬੀ ਸੀ ਇਸ ਤੋਂ ਅੱਗੇ ਵੱਧ ਕੇ ਕਬਾਇਲੀਆਂ ਵੱਲੋਂ ਇਕਮੁੱਠਤਾ ਦਾ ਇਜ਼ਹਾਰ ਕਰਨਾ ਅਤੇ ਇਕ ਨਵੇਂ ਤਰੀਕੇ ਨਾਲ ਸਿਆਸੀ ਗੱਲਬਾਤ ਚਲਾ ਲੈਣਾ। ਅੱਜ ਬਹੁਤ ਸਾਰੀਆਂ ਹੜਤਾਲਾਂ ਅਤੇ ਸੰਘਰਸ਼ਾਂ ਦੀ ਬਦੌਲਤ ਤੇਂਦੂ ਪੱਤੇ ਦੇ ਉਸੇ ਬੰਡਲ ਦੀ ਕੀਮਤ ਇਕ ਰੁਪਈਆ ਹੈ। (ਹਾਲਾਂਕਿ ਇਹ ਕੀਮਤ ਛੋਟੀ ਲੱਗਦੀ ਹੈ ਪਰ ਤੇਂਦੂ ਪੱਤੇ ਦਾ ਪੂਰਾ ਵਪਾਰ ਕਈ ਸੌ ਕਰੋੜ ਵਿਚ ਜਾ ਪਹੁੰਚਦਾ ਹੈ।) ਹਰ ਸਾਲ ਸਰਕਾਰ ਠੇਕੇ 'ਤੇ ਤੇਂਦੂ ਪੱਤਾ ਤੋੜਨ ਦਾ ਟੈਂਡਰ ਕੱਢਦੀ ਹੈ। ਸਰਕਾਰ 1500 ਤੋਂ 5000 ਦੇ ਵਿਚਕਾਰ ਤੇਂਦੂ ਪੱਤੇ ਦੀਆਂ ਮਾਪ ਗੱਠਾਂ, ਜਿਨ੍ਹਾਂ ਨੂੰ ਮਨਕ ਬੋਰਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਇਕੱਠੀਆਂ ਕਰਨ ਦੀ ਇਜਾਜ਼ਤ ਦਿੰਦੀ ਹੈ। ਹਰ ਮਨਕ ਬੋਰੇ ਵਿਚ 1000 ਬੰਡਲ ਹੁੰਦੇ ਹਨ। (ਸਰਕਾਰ ਕੋਲ ਇਹ ਯਕੀਨੀ ਬਣਾਉਣ ਦਾ ਕੋਈ ਤਰੀਕਾ ਨਹੀਂ ਕਿ ਠੇਕੇਦਾਰ ਤੈਅ ਕੀਤੇ ਕੋਟੇ ਤੋਂ ਵੱਧ ਪੱਤੇ ਇਕੱਠੇ ਨਾ ਕਰ ਸਕੇ।) ਜਦੋਂ ਤੇਂਦੂ ਪੱਤਾ ਬਾਜ਼ਾਰ ਵਿਚ ਪਹੁੰਚਦਾ ਹੈ ਤਾਂ ਇਹ ਕਿੱਲੋਗ੍ਰਾਮਾਂ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ। ਇਹ ਬੇਈਮਾਨ ਭਰਿਆ ਹਿਸਾਬ-ਕਿਤਾਬ ਅਤੇ ਮਾਪ ਦੀ ਹੇਰਾਫੇਰੀ ਜੋ ਠੇਕੇਦਾਰਾਂ ਦੁਆਰਾ ਕੰਟਰੋਲ ਕੀਤੀ ਜਾਂਦੀ ਹੈ ਗੋਰਖ ਧੰਦੇ ਤੋਂ ਘੱਟ ਨਹੀਂ ਹੈ। ਇਸ ਤਰ੍ਹਾਂ ਬੰਡਲ ਮਨਕ ਬੋਰਿਆਂ ਵਿਚ ਅਤੇ ਅੱਗੇ ਇਹ ਬੋਰੇ ਕਿੱਲੋਗ੍ਰਾਮਾਂ ਵਿਚ ਬਦਲ ਜਾਂਦੇ ਹਨ, ਇਹ ਸਭ ਕੁਝ ਠੇਕੇਦਾਰਾਂ ਨੂੰ ਲੁੱਟ ਦਾ ਅੱਡਾ ਪ੍ਰਦਾਨ ਕਰਦਾ ਹੈ। ਇਸ ਪੈਮਾਨੇ ਮੁਤਾਬਿਕ ਉਹ ਹਰ ਬੋਰੇ ਮਗਰ ਘੱਟੋ ਘੱਟ 1100 ਰੁਪਏ ਰਕਮ ਲੈਂਦੇ ਹਨ। (ਉਹ ਵੀ ਪਾਰਟੀ ਨੂੰ 120 ਰੁਪਏ ਪ੍ਰਤੀ ਬੋਰਾ ਕਮਿਸ਼ਨ ਦੇ ਦੇਕੇ।) ਇਸ ਹਿਸਾਬ-ਕਿਤਾਬ ਮੁਤਾਬਕ ਵੀ ਇਕ ਛੋਟਾ ਠੇਕੇਦਾਰ (ਜੋ 1500 ਬੋਰੇ ਵੇਚਦਾ ਹੈ) 16 ਲੱਖ ਅਤੇ ਵੱਡੇ ਠੇਕੇਦਾਰ ਜੋ (5,000 ਬੋਰੇ ਵੇਚਦਾ ਹੈ) 55 ਲੱਖ ਰੁਪਿਆ ਹਰ ਸੀਜ਼ਨ ਦਾ ਬਣਾ ਲੈਂਦਾ ਹੈ। ਜੇ ਮੁਨਾਫ਼ੇ ਦੀ ਅਸਲੀ ਰਕਮ ਜਾਨਣੀ ਹੋਵੇ ਤਾਂ ਇਹ ਉੱਪਰ ਦੱਸੀ ਰਕਮ ਤੋਂ ਕਈ ਗੁਣਾਂ ਜ਼ਿਆਦਾ ਹੋਵੇਗੀ। ਪਰ 'ਸਭ ਤੋਂ ਖ਼ਤਰਨਾਕ ਅੰਦਰੂਨੀ ਖ਼ਤਰਾ' ਸਿਰਫ਼ ਐਨਾ ਕੁ ਹੀ ਕਮਾਉਂਦਾ ਹੈ ਕਿ ਅਗਲੇ ਸੀਜ਼ਨ ਤੱਕ ਜਿਊਂਦਾ ਰਹਿ ਸਕੇ।

ਉੱਚੀ ਉੱਚੀ ਹਾਸਾ ਪੈਣ ਕਰਕੇ ਅਤੇ ਨਾਲ ਹੀ ਪੀ ਐੱਲ ਜੀ ਏ ਦੇ ਮੈਂਬਰ ਨਿਲੇਸ਼ 'ਤੇ ਨਜ਼ਰ ਪੈਣ ਨਾਲ ਸਾਡਾ ਧਿਆਨ ਵੰਡਿਆ ਜਾਂਦਾ ਹੈ। ਉਹ ਆਪਣੇ ਆਪ ਨੂੰ ਚਪੇੜਾਂ ਮਾਰਦਾ ਫਟਾਫਟ ਲੰਗਰ ਵੱਲ ਤੁਰਿਆ ਜਾ ਰਿਹਾ ਹੈ। ਜਦੋਂ ਨੇੜੇ ਆਇਆ ਤਾਂ ਪਤਾ ਲੱਗਿਆ ਕਿ ਉਹ ਉਨ੍ਹਾਂ ਲਾਲ ਕੀੜੀਆਂ ਨੂੰ ਪੱਤੇ 'ਤੇ ਬੰਨ੍ਹ ਕੇ ਚੁੱਕੀ ਆ ਰਿਹਾ ਹੈ ਜੋ ਗੁੱਸੇ 'ਚ ਉਸਨੂੰ ਬਾਂਹ ਅਤੇ ਗਰਦਨ 'ਤੇ ਕੱਟ ਰਹੀਆਂ ਹਨ। ਨਿਲੇਸ਼ ਆਪ ਵੀ ਹੱਸ ਰਿਹਾ ਹੈ। ''ਤੁਸੀਂ ਕੀੜੀਆਂ ਦੀ ਚਟਨੀ ਖਾਣੀ ਹੈ?'' ਕਾਮਰੇਡ ਪੁੱਛਦਾ ਹੈ।
ਮੈਂ ਲਾਲ ਕੀੜੀਆਂ ਬਾਰੇ ਕੇਰਲਾ 'ਚ ਬਚਪਨ ਦੇ ਦਿਨਾਂ ਤੋਂ ਹੀ ਜਾਣੂੰ ਹਾਂ। ਉਨ੍ਹਾਂ ਨੇ ਮੈਨੂੰ ਬਹੁਤ ਵਾਰ ਕੱਟਿਆ ਹੈ, ਪਰ ਮੈਂ ਉਨ੍ਹਾਂ ਨੂੰ ਕਦੇ ਨਹੀਂ ਖਾਧਾ। (ਚਪੋਲੀ ਨਫ਼ੀਸ ਹੈ। ਖੱਟੀ। ਬਹੁਤ ਸਾਰਾ ਫੋਲਿਕ ਐਸਿਡ।)

ਨਿਲੇਸ਼ ਬੀਜਾਪੁਰ ਤੋਂ ਹੈ, ਜੋ ਸਲਵਾ ਜੁਡਮ ਦੀਆਂ ਕਾਰਵਾਈਆਂ ਦਾ ਕੇਂਦਰ ਹੈ। ਲੁੱਟਮਾਰ ਅਤੇ ਸਾੜਫੂਕ ਦੇ ਇਸ ਗੇੜ 'ਚ ਉਸਦਾ ਭਰਾ ਵੀ ਸਲਵਾ ਜੁਡਮ 'ਚ ਸ਼ਾਮਲ ਹੋ ਗਿਆ ਸੀ ਅਤੇ ਉਸ ਨੂੰ ਐੱਸ ਪੀ ਓ ਭਰਤੀ ਕਰ ਲਿਆ। ਉਹ ਆਪਣੀ ਮਾਂ ਨੂੰ ਲੈ ਕੇ ਬਾਸਾਗੁਡਾ ਕੈਂਪ ਵਿਚ ਰਹਿ ਰਿਹਾ ਹੈ। ਉਸ ਦੇ ਬਾਪ ਨੇ ਜਾਣ ਤੋਂ ਨਾਂਹ ਕਰ ਦਿੱਤੀ ਅਤੇ ਪਿੰਡ 'ਚ ਹੀ ਰਿਹਾ। ਅਸਲ ਵਿਚ, ਇਹ ਖ਼ਾਨਦਾਨੀ ਟਕਰਾਅ ਹੈ। ਬਾਅਦ 'ਚ, ਜਦੋਂ ਮੈਨੂੰ ਨਿਲੇਸ਼ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਮੈਂ ਉਸ ਨੂੰ ਪੁੱਛਿਆ ਕਿ ਉਸ ਦੇ ਭਰਾ ਨੇ ਅਜਿਹਾ ਕਿਉਂ ਕੀਤਾ। ਨਿਲੇਸ਼ ਦਾ ਕਹਿਣਾ ਸੀ, ''ਉਸ ਦੀ ਉਮਰ ਥੋੜ੍ਹੀ ਸੀ। ਉਸ ਨੂੰ ਆਪਮੁਹਾਰਾ ਹੋਣ ਦਾ ਮੌਕਾ ਮਿਲ ਗਿਆ। ਉਸ ਨੇ ਲੋਕਾਂ ਨੂੰ ਮਾਰਿਆ ਅਤੇ ਸਾੜ-ਫੂਕ ਕੀਤੀ। ਉਹ ਸ਼ੁਦਾਈ ਹੋ ਗਿਆ ਅਤੇ ਭਿਆਨਕ ਕੰਮਾਂ ਨੂੰ ਅੰਜਾਮ ਦਿੱਤਾ। ਹੁਣ ਉਹ ਫਸਿਆ ਹੋਇਆ ਹੈ। ਉਹ ਕਦੇ ਪਿੰਡ ਵਾਪਸ ਨਹੀਂ ਮੁੜ ਸਕੇਗਾ। ਉਸ ਨੂੰ ਮਾਫ਼ ਨਹੀਂ ਕੀਤਾ ਜਾਵੇਗਾ। ਉਸ ਨੂੰ ਇਹ ਪਤਾ ਹੈ।''
ਅਸੀਂ ਇਤਹਾਸ ਦੇ ਸਬਕ ਵੱਲ ਮੁੜਦੇ ਹਾਂ। ਕਾਮਰੇਡ ਵੇਨੂ ਕਹਿੰਦਾ ਹੈ, ਪਾਰਟੀ ਦਾ ਅਗਲਾ ਵੱਡਾ ਸੰਘਰਸ਼ ਬਲਾਰਪੁਰ ਕਾਗਜ਼ ਮਿੱਲਾਂ ਦੇ ਵਿਰੁੱਧ ਸੀ। ਸਰਕਾਰ ਨੇ ਥਾਪਰਾਂ ਨੂੰ ਬਹੁਤ ਜ਼ਿਆਦਾ ਸਬਸਿਡੀ ਵਾਲੀਆਂ ਦਰਾਂ ਉੱਪਰ 15 ਲੱਖ ਕਵਿੰਟਲ ਬਾਂਸ ਵੱਢਣ ਦਾ 45 ਸਾਲ ਦਾ ਠੇਕਾ ਦਿੱਤਾ ਹੋਇਆ ਸੀ। (ਬਾਕਸਾਈਟ ਦੀ ਤੁਲਨਾ 'ਚ ਇਹ ਛੋਟਾ ਗੱਫਾ ਹੈ, ਪਰ ਇਹ ਹਾਲੇ ਤੱਕ ਚੱਲ ਰਿਹਾ ਹੈ।) ਕਬਾਇਲੀਆਂ ਨੂੰ ਪ੍ਰਤੀ ਬੰਡਲ (ਇਕ ਬੰਡਲ 'ਚ 20 ਨਗ ਹੁੰਦੇ ਹਨ) 10 ਪੈਸੇ ਦਿੱਤੇ ਜਾਂਦੇ ਸਨ। (ਮੈਂ ਇੱਥੇ ਥਾਪਰਾਂ ਦੇ ਮੁਨਾਫ਼ਿਆਂ ਨਾਲ ਤੁਲਨਾ ਕਰਨ ਦਾ ਲਾਲਚ ਨਹੀਂ ਕਰਾਂਗੀ।) ਅੰਦੋਲਨ ਲੰਮਾ ਸਮਾਂ ਚੱਲਿਆ, ਹੜਤਾਲ ਰਹੀ, ਇਸ ਪਿੱਛੋਂ ਲੋਕਾਂ ਦੀ ਮੌਜੂਦਗੀ 'ਚ ਕਾਗਜ਼ ਮਿੱਲ ਦੇ ਅਧਿਕਾਰੀਆਂ ਨਾਲ ਗੱਲਬਾਤ 'ਚ ਪ੍ਰਤੀ ਬੰਡਲ ਤਿੰਨ ਗੁਣਾ ਭਾਵ 30 ਪੈਸੇ ਅਦਾਇਗੀ ਤੈਅ ਹੋ ਗਈ। ਕਬਾਇਲੀ ਲੋਕਾਂ ਲਈ ਇਹ ਬਹੁਤ ਵੱਡੀ ਪ੍ਰਾਪਤੀ ਸੀ। ਹੋਰ ਸਿਆਸੀ ਪਾਰਟੀਆਂ ਵਾਅਦੇ ਤਾਂ ਕਰਦੀਆਂ ਸਨ, ਪਰ ਪੂਰੇ ਕਦੇ ਨਹੀਂ ਸੀ ਕਰਦੀਆਂ। ਲੋਕਾਂ ਨੇ ਪੀ ਡਬਲਯੂ ਜੀ 'ਚ ਸ਼ਾਮਲ ਹੋਣ ਲਈ ਉਨ੍ਹਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ।

ਪਰ ਤੇਂਦੂ, ਬਾਂਸ ਅਤੇ ਹੋਰ ਜੰਗਲੀ ਉਪਜਾਂ ਦੀ ਸਿਆਸਤ ਮੌਸਮੀ ਸੀ। ਲੋਕਾਂ ਦੀਆਂ ਜ਼ਿੰਦਗੀਆਂ ਨੂੰ ਸਰਾਪ ਬਣਕੇ ਚਿੰਬੜੀ ਹੋਈ ਚਿਰਕਾਲੀ ਸਮੱਸਿਆ ਤਾਂ ਸਭ ਤੋਂ ਵੱਡੇ ਭੋਂਇਪਤੀ ਜੰਗਲਾਤ ਮਹਿਕਮੇ ਵਾਲੇ ਸਨ। ਰੋਜ਼ ਸਵੇਰੇ, ਜੰਗਲਾਤ ਦੇ ਅਧਿਕਾਰੀ, ਇੱਥੋਂ ਤੱਕ ਕਿ ਛੋਟੇ ਤੋਂ ਛੋਟੇ ਮੁਲਾਜ਼ਮ ਵੀ, ਭੈੜੇ ਸੁਪਨੇ ਵਾਂਗ, ਪਿੰਡਾਂ 'ਚ ਆ ਧਮਕਦੇ; ਖੇਤਾਂ 'ਚ ਹਲ ਵਾਹੁੰਦੇ, ਬਾਲਣ ਚੁਗਦੇ, ਪੱਤੇ ਤੋੜਦੇ, ਫ਼ਲ ਚੁਗਦੇ, ਪਸ਼ੂ ਚਾਰਦੇ ਲੋਕਾਂ ਨੂੰ ਰੋਕਕੇ ਉਨ੍ਹਾਂ ਦਾ ਜਿਊਣਾ ਹਰਾਮ ਕਰੀ ਰੱਖਦੇ। ਉਹ ਹਾਥੀ ਨਾਲ ਲੈ ਕੇ ਆਉਂਦੇ ਅਤੇ ਖੇਤ ਉਜਾੜ ਦਿੰਦੇ ਅਤੇ ਲੰਘਦੇ ਸਮੇਂ ਖੇਤਾਂ ਦੀ ਮਿੱਟੀ ਨੂੰ ਖ਼ਰਾਬ ਕਰਨ ਦੀ ਨੀਅਤ ਨਾਲ ਕਿੱਕਰ ਦੇ ਬੀਜ ਖਿੰਡਾ ਦਿੰਦੇ। ਲੋਕਾਂ ਨੂੰ ਕੁੱਟਦੇ ਮਾਰਦੇ, ਫੜ੍ਹਕੇ ਲੈ ਜਾਂਦੇ, ਜ਼ਲੀਲ ਕਰਦੇ, ਉਨ੍ਹਾਂ ਦੀਆਂ ਫ਼ਸਲਾਂ ਤਬਾਹ ਕਰ ਦਿੰਦੇ। ਜੰਗਲਾਤ ਮਹਿਕਮੇ ਦੀ ਮਾਨਸਿਕਤਾ ਇਹ ਸੀ ਕਿ ਇਹ ਲਾਕਾਨੂੰਨੀ ਲੋਕ ਗ਼ੈਰ-ਸੰਵਿਧਾਨਕ ਕੰਮ ਕਰਦੇ ਹਨ, ਅਤੇ ਮਹਿਕਮਾ ਤਾਂ ਕਾਨੂੰਨ ਦਾ ਰਾਜ ਹੀ ਲਾਗੂ ਕਰ ਰਿਹਾ ਹੈ। (ਇਨ੍ਹਾਂ ਵੱਲੋਂ ਔਰਤਾਂ ਦਾ ਸਰੀਰਕ ਸ਼ੋਸ਼ਣ ਤਾਂ ਔਖੀ ਜਗਾ੍ਹ ਨੌਕਰੀ ਦੇ ਇਵਜ਼ 'ਚ ਵਾਧੂ ਦਾ ਮੌਜ -ਮੇਲਾ ਸੀ।)

ਇਨ੍ਹਾਂ ਘੋਲਾਂ 'ਚ ਲੋਕਾਂ ਦੇ ਸ਼ਾਮਲ ਹੋਣ ਤੋਂ ਉਤਸ਼ਾਹਤ ਹੋ ਕੇ, ਪਾਰਟੀ ਨੇ ਜੰਗਲਾਤ ਮਹਿਕਮੇ ਨਾਲ ਮੱਥਾ ਲਾਉਣ ਦਾ ਫ਼ੈਸਲਾ ਕੀਤਾ। ਇਸ ਨੇ ਲੋਕਾਂ ਨੂੰ ਜੰਗਲ ਦੀ ਜ਼ਮੀਨ 'ਤੇ ਕਬਜ਼ੇ ਕਰਕੇ ਇਸ ਨੂੰ ਵਾਹੁਣ ਲਈ ਉਤਸ਼ਾਹਤ ਕੀਤਾ। ਜੰਗਲਾਤ ਮਹਿਕਮਾ ਜੰਗਲ ਦੇ ਇਲਾਕਿਆਂ 'ਚ ਨਵੇਂ ਵਸਾਏ ਪਿੰਡ ਸਾੜਨ ਦੀ ਬਦਲੇਖ਼ੋਰੀ 'ਤੇ ਉਤਰ ਆਇਆ। 1986 'ਚ, ਇਸ ਨੇ ਬੀਜਾਪੁਰ 'ਚ ਨੈਸ਼ਨਲ ਪਾਰਕ ਬਣਾਉਣ ਦਾ ਐਲਾਨ ਕਰ ਦਿੱਤਾ ਜਿਸ ਦਾ ਭਾਵ ਸੀ 60 ਪਿੰਡਾਂ ਨੂੰ ਉਜਾੜਿਆ ਜਾਣਾ। ਅੱਧੇ ਤੋਂ ਵੱਧ ਤਾਂ ਪਹਿਲਾਂ ਹੀ ਉੱਥੋਂ ਚਲੇ ਗਏ ਸਨ, ਜਦੋਂ ਪਾਰਟੀ ਇੱਥੇ ਆਈ ਤਾਂ ਉਸ ਸਮੇਂ ਨੈਸ਼ਨਲ ਪਾਰਕ ਦੇ ਸਹਾਇਕ ਢਾਂਚੇ ਦੀ ਉਸਾਰੀ ਸ਼ੁਰੂ ਹੋ ਚੁੱਕੀ ਸੀ। ਇਸ ਨੇ ਉਸਾਰੀ ਢਾਹ ਦਿੱਤੀ ਅਤੇ ਬਾਕੀ ਬਚਦੇ ਪਿੰਡਾਂ ਦਾ ਉਜਾੜਾ ਰੋਕ ਦਿੱਤਾ। ਕੁਝ ਮੌਕਿਆਂ 'ਤੇ, ਅਧਿਕਾਰੀਆਂ ਨੂੰ ਪਿੰਡਾਂ ਵਾਲਿਆਂ ਨੇ ਕਾਬੂ ਕਰ ਲਿਆ, ਅਤੇ ਦਰੱਖ਼ਤਾਂ ਨਾਲ ਬੰਨ੍ਹਕੇ ਕੁਟਾਪਾ ਚਾੜ੍ਹਿਆ। ਪੀੜ੍ਹੀਆਂ ਤੋਂ ਚਲੀ ਆ ਰਹੀ ਲੁੱਟ ਦਾ ਰੋਹ ਬਦਲਾ ਬਣਕੇ ਨਿੱਕਲ ਰਿਹਾ ਸੀ। 1986 ਤੋਂ ਲੈ ਕੇ 2000 ਦੇ ਵਿਚਕਾਰ ਪਾਰਟੀ ਨੇ 3 ਲੱਖ ਏਕੜ ਜ਼ਮੀਨ ਵੰਡੀ। ਕਾਮਰੇਡ ਵੇਨੂ ਕਹਿੰਦਾ ਹੈ ਕਿ ਹੁਣ ਦੰਡਕਾਰਣੀਆਂ ਵਿਚ ਇਕ ਵੀ ਬੇਜ਼ਮੀਨਾ ਕਿਸਾਨ ਨਹੀਂ ਹੈ।

ਅਜੋਕੀ ਪੀੜ੍ਹੀ ਦੇ ਨੌਜਵਾਨ ਲੋਕਾਂ ਲਈ, ਜੰਗਲਾਤ ਮਹਿਕਮਾ ਪੁਰਾਣੀ ਯਾਦ ਦੀ ਤਰ੍ਹਾਂ ਹੈ, ਜੋ ਗ਼ੁਲਾਮੀ ਅਤੇ ਜ਼ਲਾਲਤ ਦੀ ਮਿੱਥ ਬਣ ਚੁੱਕੇ ਬੀਤੇ ਬਾਰੇ, ਮਾਵਾਂ ਦੀਆਂ ਬੱਚਿਆਂ ਨੂੰ ਸੁਣਾਈਆਂ ਬਾਤਾਂ ਦੇ ਵਿਸ਼ਾ ਹੀ ਰਹਿ ਗਿਆ ਹੈ। ਬਜ਼ੁਰਗ ਪੀੜ੍ਹੀ ਲਈ, ਜੰਗਲਾਤ ਮਹਿਕਮੇ ਤੋਂ ਨਿਜ਼ਾਤ ਦਾ ਅਰਥ ਸੱਚੀ ਆਜ਼ਾਦੀ ਹੈ। ਉਹ ਇਸ ਨੂੰ ਛੂਹ ਸਕਦੇ ਹਨ, ਇਸ ਦਾ ਸੁਆਦ ਚੱਖ ਸਕਦੇ ਹਨ। ਜੋ ਭਾਰਤ ਦੀ ਆਜ਼ਾਦੀ ਨੇ ਕੀਤਾ ਇਹ ਉਸ ਤੋਂ ਕਿਤੇ ਵੱਧ ਸੀ। ਉਹ ਪਾਰਟੀ ਨਾਲ ਜੁੜਨੇ ਸ਼ੁਰੂ ਹੋ ਗਏ ਜੋ ਉਨ੍ਹਾਂ ਦੇ ਅੰਗ-ਸੰਗ ਰਹਿਕੇ ਲੜੀ ਸੀ।

ਸੱਤ ਮੈਂਬਰੀ ਸਕੁਐਡ ਟੀਮ ਲੰਮਾ ਪੈਂਡਾ ਕਰਕੇ ਇੱਥੇ ਆਈ ਸੀ। ਅੱਜ ਇਸ ਦਾ ਰਸੂਖ਼ ਜੰਗਲ ਦੀ 60,000 ਸਕੇਅਰ ਕਿਲੋਮੀਟਰ ਪੱਟੀ, ਹਜ਼ਾਰਾਂ ਪਿੰਡਾਂ ਅਤੇ ਦਹਿ ਲੱਖਾਂ ਲੋਕਾਂ 'ਚ ਹੈ। ਇਸ ਨਾਲ ਖ਼ੂਨ-ਖਰਾਬੇ ਦਾ ਗੇੜ ਚੱਲ ਪਿਆ। ਪੁਲਿਸ ਵੱਲੋਂ ਝੂਠੇ ''ਮੁਕਾਬਲੇ'', ਪੀ ਡਬਲਯੂ ਜੀ ਵੱਲੋਂ ਘਾਤ ਲਾ ਕੇ ਹਮਲੇ। ਜ਼ਮੀਨ ਦੀ ਮੁੜ ਵੰਡ ਨਾਲ ਹੋਰ ਜ਼ਿੰਮੇਵਾਰੀਆਂ ਆਣ ਪਈਆਂ: ਸਿੰਜਾਈ, ਖੇਤੀ ਦੀ ਉਪਜਾਇਕਤਾ ਅਤੇ ਜੰਗਲ ਦੀ ਜ਼ਮੀਨ ਆਪਮੁਹਾਰੇ ਸਾਫ਼ ਕਰਕੇ ਫੈਲ ਰਹੀ ਵਸੋਂ ਦੀ ਸਮੱਸਿਆ। 'ਜਨਤਕ ਕੰਮ' ਅਤੇ 'ਫ਼ੌਜੀ ਕੰਮ' ਨੂੰ ਵੱਖ-ਵੱਖ ਕਰਨ ਦਾ ਫ਼ੈਸਲਾ ਕੀਤਾ ਗਿਆ। ਅੱਜ ਦੰਡਕਾਰਣੀਆਂ ਦੇ ਪ੍ਰਸ਼ਾਸਨ ਦਾ ਸੰਚਾਲਨ ਜਨਤੰਨਾ ਸਰਕਾਰ ਦਾ ਵਿਸਤਾਰੀ ਢਾਂਚਾ ਕਰਦਾ ਹੈ। ਜਥੇਬੰਦਕ ਅਸੂਲ ਚੀਨੀ ਇਨਕਲਾਬ ਅਤੇ ਵੀਅਤਨਾਮ ਦੀ ਜੰਗ ਤੋਂ ਲਏ ਗਏ ਹਨ। ਹਰੇਕ ਜਨਤੰਨਾ ਸਰਕਾਰ ਨੂੰ ਪਿੰਡਾਂ ਦਾ ਇਕ ਸਮੂਹ ਚੁਣਦਾ ਹੈ ਜਿਸ ਦੀ ਮਿਲਾਕੇ ਵਸੋਂ 500 ਤੋਂ 5000 ਤੱਕ ਹੋ ਸਕਦੀ ਹੈ। ਇਸ ਦੇ ਨੌ ਵਿਭਾਗ ਹਨ: ਖੇਤੀਬਾੜੀ, ਵਪਾਰ-ਉਦਯੋਗ, ਆਰਥਕ, ਨਿਆਂ, ਰੱਖਿਆ, ਹਸਪਤਾਲ, ਜਨ ਸੰਪਰਕ, ਸਕੂਲ-ਸਭਿਆਚਾਰ, ਅਤੇ ਜੰਗਲ। ਜਨਤੰਨਾ ਸਰਕਾਰਾਂ ਦਾ ਇਕ ਸਮੂਹ ਇਲਾਕਾ ਕਮੇਟੀ ਦੇ ਅਧੀਨ ਹੁੰਦਾ ਹੈ। ਤਿੰਨ ਇਲਾਕਾ ਕਮੇਟੀਆਂ ਨੂੰ ਮਿਲਾਕੇ ਡਿਵੀਜ਼ਨ ਬਣਦੀ ਹੈ। ਦੰਡਕਾਰਣੀਆਂ 'ਚ ਦਸ ਡਿਵੀਜ਼ਨਾਂ ਹਨ।
ਕਾਮਰੇਡ ਵੇਨੂ ਕਹਿੰਦਾ ਹੈ, ''ਹੁਣ ਸਾਡੇ ਕੋਲ ਜੰਗਲ ਬਚਾਓ ਵਿਭਾਗ ਹੈ। ਤੁਸੀਂ ਸਰਕਾਰ ਦੀ ਰਿਪੋਰਟ ਲਾਜ਼ਮੀ ਪੜ੍ਹੀ ਹੋਵੇਗੀ ਜੋ ਕਹਿੰਦੀ ਹੈ ਕਿ ਨਕਸਲੀ ਇਲਾਕਿਆਂ ਵਿਚ ਜੰਗਲਾਂ ਦਾ ਵਾਧਾ ਹੋਇਆ ਹੈ।''

ਵੇਨੂੰ ਕਹਿੰਦਾ ਹੈ, ਵਿਅੰਗ ਦੀ ਗੱਲ ਦੇਖੋ, ਜੰਗਲਾਤ ਮਹਿਕਮੇ ਖਿਲਾਫ਼ ਪਾਰਟੀ ਦੀ ਮੁਹਿੰਮ ਦਾ ਲਾਹਾ ਲੈਣ ਵਾਲੇ ਪਹਿਲੇ ਮੁਖੀਏ ਲੋਕ ਸਨ--ਦਵਿਜ ਬ੍ਰਿਗੇਡ। ਜਦੋਂ ਮਾਹੌਲ ਠੀਕ ਸੀ ਤਾਂ ਉਨ੍ਹਾਂ ਨੇ ਆਪਣੀ ਮਨੁੱਖੀ ਤਾਕਤ ਅਤੇ ਵਸੀਲੇ ਵਰਤਕੇ ਜਿੰਨੀ ਵੱਧ ਤੋਂ ਵੱਧ ਜ਼ਮੀਨ ਉਹ ਹੜੱਪ ਸਕਦੇ ਸਨ ਹੜੱਪ ਲਈ। ਜਿਵੇਂ ਕਾਮਰੇਡ ਵੇਨੂ ਇਸ ਨੂੰ ਖ਼ਾਸ ਅੰਦਾਜ਼ 'ਚ ਬਿਆਨ ਕਰਦਾ ਹੈ, ਫਿਰ ਲੋਕ ''ਅੰਦਰੂਨੀ ਵਿਰੋਧਤਾਈਆਂ'' ਲੈ ਕੇ ਪਾਰਟੀ ਕੋਲ ਪਹੁੰਚ ਕਰਨ ਲੱਗੇ। ਪਾਰਟੀ ਨੇ ਫੇਰ ਕਬਾਇਲੀ ਸਮਾਜ ਅੰਦਰਲੇ ਜਾਇਜ਼ ਵੰਡ, ਜਮਾਤੀ ਅਤੇ ਅਨਿਆਂ ਦੇ ਮੁੱਦਿਆਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਵੱਡੇ ਭੋਂਇਪਤੀਆਂ ਨੂੰ ਦੁਮੇਲ 'ਤੇ ਸਮੱਸਿਆ ਮੰਡਰਾਉਂਦੀ ਦਿਖਾਈ ਦੇਣ ਲੱਗੀ। ਜਿਉਂ-ਜਿਉਂ ਪਾਰਟੀ ਦਾ ਰਸੂਖ਼ ਵਧਦਾ ਗਿਆ, ਉਨ੍ਹਾਂ ਦਾ ਰਸੂਖ਼ ਖ਼ੁਰਦਾ ਗਿਆ। ਲੋਕ ਆਪਣੀਆਂ ਸਮੱਸਿਆਵਾਂ ਵਧਦੀ ਮਾਤਰਾ 'ਚ ਮੁਖੀਆਂ ਦੀ ਬਜਾਏ ਪਾਰਟੀ ਕੋਲ ਲਿਆਉਣ ਲੱਗ ਪਏ। ਪੁਰਾਣੀ ਕਿਸਮ ਦੀ ਲੁੱਟ ਨੂੰ ਚੁਣੌਤੀ ਦਿੱਤੀ ਜਾਣ ਲੱਗੀ। ਰਵਾਇਤ ਇਹ ਸੀ ਕਿ ਪਹਿਲਾ ਮੀਂਹ ਪੈਣ ਸਮੇਂ, ਆਪਣੀ ਜ਼ਮੀਨ ਦੀ ਬਜਾਏ ਮੁਖੀਏ ਦੀ ਜ਼ਮੀਨ ਵਾਹੁਣ ਜਾਣਾ ਹੁੰੰਦਾ ਸੀ। ਇਹ ਬੰਦ ਕਰ ਦਿੱਤਾ ਗਿਆ। ਹੁਣ ਉਹ ਪਹਿਲਾ ਚੁਗਿਆ ਮਹੂਆ ਜਾਂ ਹੋਰ ਜੰਗਲੀ ਉਪਜਾਂ ਮੁਖੀਆਂ ਨੂੰ ਭੇਂਟ ਨਾ ਕਰਦੇ। ਸਪਸ਼ਟ ਤੌਰ 'ਤੇ, ਮੁਖੀਆਂ ਲਈ ਕੁਝ ਕੀਤੇ ਜਾਣ ਦੀ ਲੋੜ ਬਣੀ ਹੋਈ ਸੀ।

ਇਸ ਪੜਾਅ 'ਤੇ ਇਸ ਖੇਤਰ ਦੇ ਇਕ ਸਭ ਤੋਂ ਵੱਡੇ ਭੋਂਇਪਤੀ ਮਹੇਂਦਰ ਕਰਮਾ ਦੀ ਆਮਦ ਹੋਈ, ਉਹ ਉਸ ਵਕਤ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦਾ ਮੈਂਬਰ ਸੀ। 1990 'ਚ, ਉਸ ਨੇ ਕੁਝ ਮੁਖੀਏ ਅਤੇ ਭੋਂਇਪਤੀ ਇਕੱਠੇ ਕਰਕੇ ਜਨ ਜਾਗਰਣ ਅਭਿਆਨ ਨਾਂਅ ਦੀ ਮੁਹਿੰਮ ਵਿੱਢ ਦਿੱਤੀ। ਉਨ੍ਹਾਂ ਦਾ 'ਜਨਤਾ' ਨੂੰ 'ਜਾਗ੍ਰਿਤ' ਕਰਨ ਦਾ ਤਰੀਕਾ ਇਸ ਤਰ੍ਹਾਂ ਸੀ: ਉਹ 300 ਕੁ ਆਦਮੀ ਇਕੱਲੇ ਕਰਕੇ ਸ਼ਿਕਾਰੀਆਂ ਵਾਂਗ ਟੋਲੀ ਬਣਾਕੇ ਜੰਗਲ ਦਾ ਕੰਘਾ ਕਰਦੇ, ਲੋਕਾਂ ਨੂੰ ਕਤਲ ਕਰਦੇ, ਘਰ ਸਾੜ ਦਿੰਦੇ ਅਤੇ ਔਰਤਾਂ ਨੂੰ ਬੇਪੱਤ ਕਰਦੇ। ਸਮੇਂ ਦੀ ਮੱਧ ਪ੍ਰਦੇਸ਼ ਸਰਕਾਰ ਨੇ ਇਸ ਨੂੰ ਪੁਲਿਸ ਦੀ ਮਦਦ ਮੁਹੱਈਆ ਕੀਤੀ--ਛੱਤੀਸਗੜ੍ਹ ਹਾਲੇ ਬਣਾਇਆ ਨਹੀਂ ਗਿਆ ਸੀ। ਮਹਾਂਰਾਸ਼ਟਰ 'ਚ ਇਸੇ ਤਰ੍ਹਾਂ ਦੇ 'ਜਮਹੂਰੀ ਮੁਹਾਜ਼' ਨੇ ਹਮਲਾ ਵਿੱਢ ਦਿੱਤਾ। ਪੀਪਲਜ਼ ਵਾਰ ਨੇ ਸੱਚੀ ਲੋਕ-ਯੁੱਧ ਸ਼ੈਲੀ ਰਾਹੀਂ ਇਸ ਦਾ ਜਵਾਬ ਦਿੱਤਾ, ਕੁਝ ਸਭ ਤੋਂ ਬਦਨਾਮ ਭੋਂਇਪਤੀਆਂ ਨੂੰ ਮਾਰ ਦਿੱਤਾ ਗਿਆ। ਕੁਝ ਮਹੀਨਿਆਂ 'ਚ ਹੀ, ਜਨ ਜਾਗਰਣ ਅਭਿਆਨ, ਕਾਮਰੇਡ ਵੇਨੂ ਇਸ ਨੂੰ 'ਚਿੱਟੀ ਦਹਿਸ਼ਤ' ਦਾ ਨਾਂਅ ਦਿੰਦਾ ਹੈ, ਠੱਪ ਹੋ ਗਈ। 1998 'ਚ ਮਹੇਂਦਰ ਕਰਮਾ ਨੇ ਜਨ ਜਾਗਰਣ ਅਭਿਆਨ ਨੂੰ ਮੁੜ-ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ; ਓਦੋਂ ਉਹ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਿਆ ਸੀ। ਇਸ ਸਮੇਂ ਇਹ ਪਹਿਲਾਂ ਤੋਂ ਵੀ ਵੱਧ ਤੇਜ਼ੀ ਨਾਲ ਠੁੱਸ ਹੋ ਗਈ।

ਫੇਰ, 2005 ਦੀ ਗਰਮੀ ਦੀ ਰੁੱਤੇ, ਕਿਸਮਤ ਨੇ ਉਸ ਦਾ ਸਾਥ ਦਿੱਤਾ। ਅਪ੍ਰੈਲ ਮਹੀਨੇ, ਛੱਤੀਸਗੜ੍ਹ ਦੀ ਭਾਜਪਾ ਸਰਕਾਰ ਨੇ ਜੁੜਵੇਂ ਸਟੀਲ ਪਲਾਂਟ ਲਗਾਉਣ ਲਈ ਦੋ ਇਕਰਾਰਨਾਮਿਆਂ 'ਤੇ ਦਸਤਖ਼ਤ ਕੀਤੇ। (ਇਨ੍ਹਾਂ ਦੀਆਂ ਸ਼ਰਤਾਂ ਗੁਪਤ ਹਨ।) ਇਕ ਬੈਲਾਡਿਲਾ 'ਚ ਐੱਸਾਰ ਸਟੀਲ ਨਾਲ 7000 ਕਰੋੜ ਰੁਪਏ ਦਾ ਇਕਰਾਰਨਾਮਾ, ਅਤੇ ਦੂਜਾ ਟਾਟਾ ਸਟੀਲ ਨਾਲ ਲੁਹਾਂਡੀਗੁਡਾ 'ਚ 10,000 ਕਰੋੜ ਰੁਪਏ ਦਾ। ਇਸੇ ਮਹੀਨੇ, ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੇ ਇਹ ਪ੍ਰਸਿੱਧ ਬਿਆਨ ਦਾਗਿਆ ਕਿ ਮਾਓਵਾਦੀ ਭਾਰਤ ਦੀ ''ਅੰਦਰੂਨੀ ਸੁਰੱਖਿਆ ਲਈ ਸਭ ਤੋਂ ਘੋਰ ਖ਼ਤਰਾ'' ਹਨ। (ਉਸ ਵਕਤ ਇੰਜ ਕਹਿਣਾ ਬੇਤੁਕਾ ਸੀ, ਕਿਉਂਕਿ ਅਸਲ ਵਿਚ ਸੱਚ ਇਸ ਤੋਂ ਉਲਟਾ ਸੀ। ਆਂਧਰਾ ਪ੍ਰਦੇਸ਼ ਅੰਦਰ ਕਾਂਗਰਸ ਹਕੂਮਤ ਮਾਓਵਾਦੀਆਂ ਨੂੰ ਮਾਤ ਪਾਉਣ ਦੀ ਚਾਲ ਖੇਡ੍ਹ ਚੁੱਕੀ ਸੀ। ਉਨ੍ਹਾਂ ਦੇ 1600 ਦੇ ਕਰੀਬ ਕਾਡਰ ਮਾਰ ਦਿੱਤੇ ਗਏ ਸਨ ਅਤੇ ਉਹ ਪੂਰੀ ਅਫਰਾ-ਤਫਰੀ ਦੀ ਹਾਲਤ 'ਚ ਘਿਰੇ ਹੋਏ ਸਨ।) ਪ੍ਰਧਾਨ ਮੰਤਰੀ ਦੇ ਬਿਆਨ ਨਾਲ ਖਾਣ ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ 'ਚ ਉਛਾਲ ਆ ਗਿਆ। ਇਸ ਨੇ ਪ੍ਰਚਾਰ ਮਾਧਿਅਮਾਂ ਨੂੰ ਇਹ ਸੰਕੇਤ ਵੀ ਦਿੱਤਾ ਕਿ ਜਿਹੜਾ ਵੀ ਕੋਈ ਮਾਓਵਾਦੀਆਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਮਾਰਨਾ ਚਾਹੇ ਉਹਦੇ ਲਈ ਇਹ ਸਾਫ਼-ਸੁਥਰੀ ਖੇਡ੍ਹ ਹੈ। ਜੂਨ 2005 'ਚ, ਮਹੇਂਦਰ ਕਰਮਾ ਨੇ ਕੁਤਰੂ ਪਿੰਡ ਵਿਚ ਮੁਖੀਆਂ ਦੀ ਗੁਪਤ ਮੀਟਿੰਗ ਸੱਦੀ ਅਤੇ ਸਲਵਾ ਜੁਡਮ ਦਾ ਐਲਾਨ ਕਰ ਦਿੱਤਾ। ਇਹ ਕਬਾਇਲੀ ਰਿਵਾਜ਼ਾਂ ਅਤੇ ਦਵਿਜ਼/ਨਾਜ਼ੀ ਭਾਵਨਾਵਾਂ ਦਾ ਕਮਾਲ ਦਾ ਮਿਲਗੋਭਾ ਸੀ।
ਜਨ ਜਾਗਰਣ ਅਭਿਆਨ ਦੇ ਉਲਟ, ਸਲਵਾ ਜੁਡਮ ਜ਼ਮੀਨ ਖਾਲੀ ਕਰਾਉਣ ਦੀ ਕਾਰਵਾਈ ਸੀ, ਇਸ ਦਾ ਉਦੇਸ਼ ਸੀ ਲੋਕਾਂ ਨੂੰ ਉਨ੍ਹਾਂ ਦੇ ਪਿੰਡਾਂ ਵਿਚੋਂ ਕੱਢਕੇ ਸੜਕਾਂ ਕੰਢੇ ਦੇ ਕੈਂਪਾਂ ਵਿਚ ਲਿਜਾਣਾ, ਜਿੱਥੇ ਉਹ ਪੁਲਿਸ ਦੀ ਨਿਗਰਾਨੀ ਅਤੇ ਕਾਬੂ ਹੇਠ ਰਹਿਣਗੇ। ਫ਼ੌਜੀ ਸ਼ਬਦਾਂ 'ਚ, ਇਸ ਨੂੰ ਯੁੱਧਨੀਤਕ ਬਸਤੀਆਂ ਬਣਾਉਣਾ ਕਿਹਾ ਜਾਂਦਾ ਹੈ। ਇਹ ਜੁਗਤ ਜਨਰਲ ਜਨਾਬ ਹੈਰੋਲਡ ਬਰਿੱਗਸ ਨੇ 1950 'ਚ ਘੜੀ ਸੀ ਜਦੋਂ ਬਰਤਾਨਵੀ ਮਲਾਇਆ ਵਿਚ ਕਮਿਊਨਿਸਟਾਂ ਵਿਰੁੱਧ ਲੜ ਰਹੇ ਸਨ। ਬਰਿੱਗਸ ਦੀ ਯੋਜਨਾ ਭਾਰਤੀ ਫ਼ੌਜ 'ਚ ਬਹੁਤ ਹਰਮਨਪਿਆਰੀ ਹੋਈ, ਜਿਸਨੇ ਇਸ ਨੂੰ ਨਾਗਾਲੈਂਡ, ਮਿਜੋਰਮ ਅਤੇ ਤੇਲੰਗਾਨਾ ਵਿਚ ਵਰਤਿਆ। ਛੱਤੀਸਗੜ੍ਹ ਦੀ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਐਲਾਨ ਕੀਤਾ ਕਿ ਜਿੱਥੋਂ ਤੱਕ ਉਸ ਦੀ ਸਰਕਾਰ ਦਾ ਸਬੰਧ ਹੈ, ਜਿਹੜੇ ਪਿੰਡਾਂ ਵਾਲੇ ਕੈਂਪਾਂ 'ਚ ਨਹੀਂ ਜਾਂਦੇ ਉਨ੍ਹਾਂ ਨੂੰ ਮਾਓਵਾਦੀ ਸਮਝਿਆ ਜਾਵੇਗਾ। ਇਸ ਲਈ, ਬਸਤਰ 'ਚ ਸਧਾਰਣ ਪੇਂਡੂਆਂ ਲਈ ਘਰ 'ਚ ਰਹਿਣਾ ਹੀ ਖ਼ਤਰਨਾਕ ਦਹਿਸ਼ਤਪਸੰਦ ਸਰਗਰਮੀ ਬਣ ਗਿਆ।
ਇਕ ਜਣਾ ਮੈਨੂੰ ਵਿਸ਼ੇਸ਼ ਦਾਅਵਤ ਵਜੋਂ ਕਾਲੀ ਚਾਹ ਦਾ ਕੱਪ ਤੇ ਨਾਲ ਹੀ ਈਅਰਫੋਨਾਂ ਦਾ ਜੋੜਾ ਫੜਾਉਂਦਾ ਹੈ ਅਤੇ ਸਵਿੱਚ ਦਬਾ ਦਿੰਦਾ ਹੈ। ਇਹ ਉਸ ਸਮੇਂ ਬੀਜਾਪੁਰ ਦੇ ਐੱਸ ਪੀ ਰਹੇ ਸ੍ਰੀ ਮਨਹਾਰ ਦੀ ਖਰਵੀਂ ਆਵਾਜ਼ ਹੈ। ਉਹ ਵਾਇਰਲੈੱਸ ਉੱਪਰ ਆਪਣੇ ਮਤਹਿਤ ਅਫ਼ਸਰਾਂ ਨੂੰ ਸੂਬਾ ਅਤੇ ਕੇਂਦਰੀ ਸਰਕਾਰਾਂ ਦੇ ਉਨ੍ਹਾਂ ਇਨਾਮਾਂ ਅਤੇ ਆਰਥਕ ਲਾਭਾਂ ਦੀ ਜਾਣਕਾਰੀ ਦੇ ਰਿਹਾ ਹੈ, ਜਿਨ੍ਹਾਂ ਦੀ ਪੇਸ਼ਕਸ਼ 'ਜਾਗ੍ਰਿਤ' ਪਿੰਡਾਂ ਅਤੇ ਕੈਂਪਾਂ 'ਚ ਜਾਣ ਲਈ ਰਾਜ਼ੀ ਲੋਕਾਂ ਨੂੰ ਕੀਤੀ ਗਈ ਹੈ। ਫੇਰ ਉਹ ਸਾਫ਼ ਹਦਾਇਤਾਂ ਦਿੰਦਾ ਹੈ ਕਿ ਜਿਹੜੇ ਪਿੰਡ ਆਤਮ-ਸਮਰਪਣ ਕਰਨ ਤੋਂ ਇਨਕਾਰ ਕਰਦੇ ਹਨ ਉਨ੍ਹਾਂ ਨੂੰ ਸਾੜ ਦਿੱਤਾ ਜਾਵੇ ਅਤੇ ਜਿਹੜੇ ਪੱਤਰਕਾਰ ਨਕਸਲੀਆਂ ਬਾਰੇ 'ਰਿਪੋਰਟ ਤਿਆਰ ਕਰਨ' ਲਈ ਉੱਥੇ ਜਾਣ ਉਨ੍ਹਾਂ ਨੂੰ ਥਾਂ 'ਤੇ ਹੀ ਗੋਲੀ ਮਾਰਕੇ ਮਾਰ ਦਿੱਤਾ ਜਾਵੇ। (ਮੈਂ ਲੰਮਾ ਸਮਾਂ ਪਹਿਲਾਂ ਅਖ਼ਬਾਰਾਂ ਵਿਚ ਇਸ ਬਾਰੇ ਪੜ੍ਹਿਆ ਸੀ। ਜਦੋਂ ਕਹਾਣੀ ਖੁੱਲ੍ਹ ਗਈ ਤਾਂ ਸਜ਼ਾ ਵਜੋਂ--ਇਹ ਸਪਸ਼ਟ ਨਹੀਂ ਹੈ ਕਿ ਸਜ਼ਾ ਕਿਸ ਨੂੰ ਦਿੱਤੀ ਗਈ--ਐੱਸ ਪੀ ਦਾ ਤਬਾਦਲਾ ਸੂਬਾ ਮਨੁੱਖੀ ਅਧਿਕਾਰ ਕਮਿਸ਼ਨ 'ਚ ਕਰ ਦਿੱਤਾ ਗਿਆ!)

ਸਲਵਾ ਜੁਡਮ ਨੇ ਜਿਹੜਾ ਪਹਿਲਾ ਪਿੰਡ ਸਾੜਿਆ (18 ਜੂਨ 2005) ਉਹ ਸੀ ਅੰਬੇਲੀ। ਜੂਨ ਅਤੇ ਦਸੰਬਰ 2005 ਵਿਚਕਾਰ, ਇਸ ਨੇ ਦੱਖਣੀ ਦਾਂਤੇਵਾੜਾ ਦੇ ਸੈਂਕੜੇ ਪਿੰਡਾਂ ਵਿਚੋਂ ਦੀ ਲੰਘਦੇ ਹੋਏ ਇਹ ਪਿੰਡ ਸਾੜ ਦਿੱਤੇ, ਕਤਲੋਗ਼ਾਰਤ ਕੀਤੀ, ਬਲਾਤਕਾਰ ਕੀਤੇ ਅਤੇ ਲੁੱਟਮਾਰ ਕੀਤੀ। ਇਸ ਦੀਆਂ ਕਾਰਵਾਈਆਂ ਦੇ ਕੇਂਦਰ ਬੈਲਾਡਿਲਾ ਨੇੜੇ ਦੇ ਬੀਜਾਪੁਰ ਅਤੇ ਭੈਰਮਗੜ੍ਹ ਦੇ ਖੇਤਰ ਸਨ; ਜਿੱਥੇ ਐੱਸਾਰ ਸਟੀਲ ਦਾ ਨਵਾਂ ਪਲਾਂਟ ਲਗਾਏ ਜਾਣ ਦੀ ਤਜਵੀਜ਼ ਸੀ। ਇਹ ਇਤਫ਼ਾਕੀਆ ਨਹੀਂ ਸੀ, ਇਹ ਇਲਾਕੇ ਮਾਓਵਾਦੀਆਂ ਦੇ ਗੜ੍ਹ ਵੀ ਸਨ; ਜਿੱਥੇ ਜਨਤੰਨਾ ਸਰਕਾਰ ਨੇ ਬਹੁਤ ਕੰਮ ਕੀਤਾ ਹੋਇਆ ਹੈ; ਖ਼ਾਸ ਕਰਕੇ ਸਿੰਜਾਈ ਦੇ ਢਾਂਚੇ ਉਸਾਰਕੇ। ਜਨਤੰਨਾ ਸਰਕਾਰ ਸਲਵਾ ਜੁਡਮ ਦੇ ਹਮਲਿਆਂ ਦਾ ਵਿਸ਼ੇਸ਼ ਨਿਸ਼ਾਨਾ ਬਣੀ। ਸੈਂਕੜੇ ਲੋਕਾਂ ਨੂੰ ਅੱਤ ਦੇ ਵਹਿਸ਼ੀ ਢੰਗ ਨਾਲ ਕਤਲ ਕੀਤਾ ਗਿਆ। 60,000 ਲੋਕਾਂ ਨੂੰ ਕੈਂਪਾਂ ਵਿਚ ਲਿਜਾਇਆ ਗਿਆ। ਕੁਝ ਸਵੈ-ਇੱਛਾ ਨਾਲ ਗਏ, ਬਾਕੀ ਦਹਿਸ਼ਤ ਦੇ ਸਾਏ ਹੇਠ। ਇਨ੍ਹਾਂ ਵਿਚੋਂ, 3000 ਦੇ ਕਰੀਬ ਨੂੰ 1500 ਰੁਪਏ ਤਨਖ਼ਾਹ ਉੱਤੇ ਐੱਸ ਪੀ ਓ ਨਿਯੁਕਤ ਕਰ ਲਿਆ ਗਿਆ।

ਇਨ੍ਹਾਂ ਤੁੱਛ ਬੁਰਕੀਆਂ ਖ਼ਾਤਰ, ਨਿਲੇਸ਼ ਦੇ ਭਰਾ ਵਰਗੇ ਨੌਜਵਾਨ ਲੋਕਾਂ ਨੇ ਖ਼ੁਦ ਨੂੰ ਕੰਡੇਦਾਰ ਤਾਰ ਦੇ ਵਾਗਲੇ ਅੰਦਰ ਉਮਰ ਕੈਦ ਕਰ ਲਿਆ ਹੈ। ਜਿਸ ਤਰ੍ਹਾਂ ਦੇ ਉਹ ਜ਼ਾਲਮ ਹਨ, ਉਨ੍ਹਾਂ ਦਾ ਅੰਤ ਇਸ ਭਿਆਨਕ ਜੰਗ ਦੇ ਸਭ ਤੋਂ ਭੈੜੇ ਸ਼ਿਕਾਰ ਵਜੋਂ ਹੋਣਾ ਹੈ। ਸਲਵਾ ਜੁਡਮ ਨੂੰ ਖ਼ਤਮ ਕਰਨ ਦੇ ਹੁਕਮ ਦਿੰਦਾ ਸੁਪਰੀਮ ਕੋਰਟ ਦਾ ਕੋਈ ਵੀ ਫ਼ੈਸਲਾ ਉਨ੍ਹਾਂ ਦੀ ਹੋਣੀ ਨੂੰ ਨਹੀਂ ਬਦਲ ਸਕਦਾ।
ਬਾਕੀ ਲੱਖਾਂ ਲੋਕ ਸਰਕਾਰ ਦੀ ਰਾਡਾਰ ਦੀ ਮਾਰ ਤੋਂ ਬਾਹਰ ਚਲੇ ਗਏ। (ਪਰ ਇਨ੍ਹਾਂ ਪਿੰਡਾਂ ਲਈ ਜਾਰੀ ਕੀਤੇ ਵਿਕਾਸ ਫੰਡਾਂ ਬਾਰੇ ਇੰਜ ਨਹੀਂ ਹੋਇਆ। ਸੋਨੇ ਦੀ ਇਸ ਨਿੱਕੀ ਜਹੀ ਖਾਣ ਦਾ ਕੀ ਬਣਿਆ?) ਇਨ੍ਹਾਂ ਵਿਚੋਂ ਕਈ ਆਂਧਰਾ ਪ੍ਰਦੇਸ਼ ਅਤੇ ਉੜੀਸਾ ਚਲੇ ਗਏ ਜਿੱਥੇ ਉਹ ਮਿਰਚਾਂ ਤੋੜਨ ਦੀ ਰੁੱਤੇ ਠੇਕਾ ਮਜ਼ਦੂਰਾਂ ਵਜੋਂ ਅਕਸਰ ਹੀ ਚਲੇ ਜਾਂਦੇ ਸਨ। ਪਰ ਦਹਿ-ਹਜ਼ਾਰਾਂ ਲੋਕ ਜੰਗਲਾਂ ਨੂੰ ਭੱਜ ਗਏ, ਉੱਥੇ ਉਹ ਹਾਲੇ ਤੱਕ, ਬਿਨਾਂ ਕਿਸੇ ਟਿਕਾਣੇ ਦੇ ਰਹਿ ਰਹੇ ਹਨ, ਬਸ ਦਿਨ ਵੇਲੇ ਆਪਣੇ ਖੇਤਾਂ ਅਤੇ ਘਰਾਂ 'ਚ ਗੇੜਾ ਮਾਰ ਜਾਂਦੇ ਹਨ।
ਸਲਵਾ ਜੁਡਮ ਦੇ ਮਗਰ ਹੀ ਪੁਲਿਸ ਥਾਣੇ ਅਤੇ ਕੈਂਪ ਵਹੀਰਾਂ ਘੱਤਕੇ ਆਣ ਪਹੁੰਚੇ। ਇਸ ਪਿੱਛੇ ਸੋਚ ਇਹ ਕੰਮ ਕਰਦੀ ਸੀ ਕਿ ਮਾਓਵਾਦੀਆਂ ਦੇ ਕਬਜ਼ੇ ਵਾਲੇ ਖੇਤਰ ਨੂੰ 'ਰੀਂਘਦੇ ਹੋਏ ਮੁੜ ਕਬਜ਼ੇ 'ਚ ਲੈਣ ਦੀ ਮੁਹਿੰਮ' ਨੂੰ ਵਿਆਪਕ ਸੁਰੱਖਿਆ ਮੁਹੱਈਆ ਕਰਨੀ ਹੈ। ਮਨੌਤ ਇਹ ਸੀ ਕਿ ਮਾਓਵਾਦੀ ਸੁਰੱਖਿਆ ਤਾਕਤਾਂ ਦੇ ਐਨੇ ਵੱਡੇ ਲਸ਼ਕਰ 'ਤੇ ਉੱਤੇ ਹਮਲਾ ਕਰਨ ਦਾ ਜ਼ੁਅਰਤ ਨਹੀਂ ਕਰਨਗੇ। ਆਪਣੇ ਤੌਰ 'ਤੇ, ਮਾਓਵਾਦੀਆਂ ਨੇ ਇਹ ਮਹਿਸੂਸ ਕੀਤਾ ਕਿ ਜੇ ਉਨ੍ਹਾਂ ਨੇ ਵਿਆਪਕ ਸੁਰੱਖਿਆ ਦਾ ਇਹ ਜਾਲ ਚਕਨਾਚੂਰ ਨਾ ਕੀਤਾ, ਤਾਂ ਇਹ ਉਨ੍ਹਾਂ ਲੋਕਾਂ ਨੂੰ ਬੇਸਹਾਰਾ ਛੱਡ ਦੇਣ ਦੇ ਬਰਾਬਰ ਹੋਵੇਗਾ ਜਿਨ੍ਹਾਂ ਦਾ ਉਨ੍ਹਾਂ ਨੇ ਵਿਸ਼ਵਾਸ ਜਿੱਤਿਆ ਹੈ, ਅਤੇ ਜਿਨ੍ਹਾਂ ਦੇ ਅੰਗ-ਸੰਗ ਰਹਿੰਦੇ ਹੋਏ 25 ਸਾਲ ਕੰਮ ਕੀਤਾ ਹੈ। ਉਨ੍ਹਾਂ ਨੇ ਸੁਰੱਖਿਆ ਜਾਲ ਦੇ ਧੁਰੇ ਨੂੰ ਨਿਸ਼ਾਨਾ ਬਣਾਕੇ ਹਮਲਿਆਂ ਦਾ ਸਿਲਸਿਲਾ ਚਲਾ ਦਿੱਤਾ।

26 ਜਨਵਰੀ 2006 ਨੂੰ ਪੀ ਐੱਲ ਜੀ ਏ ਨੇ ਗੰਗਲੌਰ ਥਾਣੇ ਉੱਪਰ ਹਮਲਾ ਕੀਤਾ ਗਿਆ ਅਤੇ ਸੱਤ ਵਿਅਕਤੀਆਂ ਨੂੰ ਮਾਰ ਦਿੱਤਾ ਗਿਆ। 17 ਜੁਲਾਈ 2006 ਨੂੰ ਏਰਾਬੋਰ ਵਿਖੇ ਸਲਵਾ ਜੁਡਮ ਕੈਂਪ ਉੱਪਰ ਹਮਲਾ ਕਰਕੇ ਵੀਹ ਵਿਅਕਤੀ ਮਾਰ ਦਿੱਤੇ ਗਏ ਅਤੇ 150 ਜ਼ਖ਼ਮੀ ਹੋ ਗਏ। (ਤੁਸੀਂ ਇਸ ਬਾਰੇ ਪੜ੍ਹਿਆ ਹੋਵੇਗਾ: ''ਮਾਓਵਾਦੀਆਂ ਨੇ ਉਸ ਰਾਹਤ ਕੈਂਪ ਉੱਪਰ ਹਮਲਾ ਕੀਤਾ ਜੋ ਸਰਕਾਰ ਨੇ ਉਨ੍ਹਾਂ ਪੇਂਡੂਆਂ ਨੂੰ ਸ਼ਰਣ ਦੇਣ ਲਈ ਬਣਾਇਆ ਸੀ ਜੋ ਨਕਸਲੀਆਂ ਵੱਲੋਂ ਪਾਈ ਦਹਿਸ਼ਤ ਦੇ ਕਾਰਣ ਪਿੰਡ ਛੱਡ ਕੇ ਭੱਜ ਗਏ ਸਨ।'') 13 ਦਸੰਬਰ 2006 ਨੂੰ ਉਨ੍ਹਾਂ ਨੇ ਬਾਸਾਗੁੜਾ 'ਰਾਹਤ' ਕੈਂਪ ਉੱਪਰ ਹਮਲਾ ਕਰਕੇ ਤਿੰਨ ਐੱਸ ਪੀ ਓ ਤੇ ਇਕ ਸਿਪਾਹੀ ਨੂੰ ਮਾਰ ਦਿੱਤਾ। 15 ਮਾਰਚ 2007 ਨੂੰ ਜੋ ਹਮਲਾ ਹੋਇਆ ਉਹ ਇਨ੍ਹਾਂ ਵਿਚੋਂ ਸਭ ਤੋਂ ਵੱਧ ਦਲੇਰੀ ਵਾਲਾ ਸੀ। ਪੀ ਐੱਲ ਜੀ ਏ ਦੇ ਇਕ ਸੌ ਵੀਹ ਗੁਰੀਲਿਆਂ ਨੇ ਰਾਣੀ ਬੋਦਲੀ ਕੰਨਿਆ ਆਸ਼ਰਮ ਉੱਪਰ ਹਮਲਾ ਕੀਤਾ, ਕੁੜੀਆਂ ਦਾ ਇਹ ਹੋਸਟਲ ਛੱਤੀਸਗੜ੍ਹ ਪੁਲਿਸ ਦੇ 80 ਪੁਲਸੀਆਂ (ਅਤੇ ਐੱਸ ਪੀ ਓ) ਦੀ ਬੈਰਕ ਬਣਿਆ ਹੋਇਆ ਸੀ ਕੁੜੀਆਂ ਨੂੰ ਤਾਂ ਇੱਥੇ ਮਨੁੱਖੀ ਢਾਲ ਬਣਾਕੇ ਰੱਖਿਆ ਹੋਇਆ ਸੀ। ਪੀ ਐੱਲ ਜੀ ਏ ਅਹਾਤੇ 'ਚ ਦਾਖ਼ਲ ਹੋ ਗਈ, ਉਸ ਹਿੱਸੇ ਨੂੰ ਘੇਰਾ ਪਾ ਲਿਆ ਜਿੱਥੇ ਕੁੜੀਆਂ ਦੀ ਰਿਹਾਇਸ਼ ਸੀ, ਅਤੇ ਬੈਰਕਾਂ ਉੱਪਰ ਹਮਲਾ ਕਰ ਦਿੱਤਾ। 55 ਪੁਲਸੀਏ ਅਤੇ ਐੱਸ ਪੀ ਓ ਮਾਰੇ ਗਏ। ਕਿਸੇ ਵੀ ਕੁੜੀ ਦਾ ਕੋਈ ਨੁਕਸਾਨ ਨਹੀਂ ਹੋਇਆ। (ਦਾਂਤੇਵਾੜਾ ਦੇ ਨਿਝੱਕ ਐੱਸ ਪੀ ਨੇ ਮੈਨੂੰ ਆਪਣੀ ਪਾਵਰ ਪੁਆਇੰਟ [ਕੰਪਿਊਟਰ ਪ੍ਰੋਗਰਾਮ] ਦੀ ਪੇਸ਼ਕਾਰੀ ਦਿਖਾਈ ਸੀ, ਇਸ ਵਿਚ ਉਡਾਈ ਗਈ ਸਕੂਲ ਇਮਾਰਤ ਦੇ ਖੰਡਰਾਂ ਵਿਚ ਪੁਲਸੀਆਂ ਦੀਆਂ ਸੜੀਆਂ ਲਾਸ਼ਾਂ ਦੀਆਂ ਭਿਆਨਕ ਤਸਵੀਰਾਂ ਸਨ ਜਿਨ੍ਹਾਂ ਦੀਆਂ ਆਂਦਰਾਂ ਬਾਹਰ ਨਿੱਕਲੀਆਂ ਹੋਈਆਂ ਸਨ। ਇਹ ਐਨੀਆਂ ਡਰਾਉਣੀਆਂ ਸਨ ਕਿ ਮੈਨੂੰ ਨਜ਼ਰ ਚੁਰਾਉਣੀ ਪੈ ਗਈ ਸੀ। ਮੇਰੇ ਪ੍ਰਤੀਕਰਮ 'ਤੇ ਉਹ ਖੁਸ਼ ਸੀ।)

ਰਾਣੀ ਬੋਦਲੀ ਉੱਪਰ ਹਮਲੇ ਨਾਲ ਦੇਸ਼ ਵਿਚ ਹਾਲ ਪਾਹਰਿਆ ਮੱਚ ਗਈ। ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਨੇ ਮਾਓਵਾਦੀਆਂ ਦੀ ਨਿਖੇਧੀ ਕੀਤੀ, ਇਕੱਲੀ ਹਿੰਸਾ ਕਰਕੇ ਨਹੀਂ, ਸਗੋਂ ਸਿੱਖਿਆ ਦੇ ਵਿਰੋਧੀ ਹੋਣ ਕਾਰਣ ਅਤੇ ਸਕੂਲਾਂ ਉੱਪਰ ਹਮਲੇ ਕਰਨ ਲਈ ਵੀ। ਪਰ ਦੰਡਕਾਰਣੀਆਂ ਅੰਦਰ, ਰਾਣੀ ਬੋਦਲੀ ਲੋਕ ਗਾਥਾ ਬਣ ਗਿਆ; ਇਸ ਬਾਰੇ ਗੀਤ, ਕਵਿਤਾਵਾਂ ਅਤੇ ਨਾਟਕ ਲਿਖੇ ਗਏ।

ਮਾਓਵਾਦੀਆਂ ਦੇ ਮੋੜਵੇਂ ਹਮਲੇ ਨੇ ਵਿਸ਼ਾਲ ਸੁਰੱਖਿਆ ਤਾਣਾ-ਬਾਣਾ ਤੋੜ ਦਿੱਤਾ ਅਤੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ। ਪੁਲਿਸ ਅਤੇ ਸਲਵਾ ਜੁਡਮ ਵਾਲੇ ਆਪਣੇ ਕੈਂਪਾਂ ਵਿਚ ਪਿੱਛੇ ਹਟ ਗਏ ਅਤੇ ਉਹ ਹੁਣ, ਅਕਸਰ ਹੀ ਰਾਤ ਪੈਣ 'ਤੇ, ਪਿੰਡਾਂ ਨੂੰ ਘੇਰਕੇ ਤਲਾਸ਼ੀਆਂ ਲੈਣ ਲਈ 300 ਤੋਂ ਲੈ ਕੇ 1000 ਤੱਕ ਦੇ ਜਥਿਆਂ 'ਚ ਬਾਹਰ ਨਿਕਲਦੇ ਹਨ। ਆਹਿਸਤਾ ਆਹਿਸਤਾ, ਐੱਸ ਪੀ ਓ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਛੱਡਕੇ, ਸਲਵਾ ਜੁਡਮ ਕੈਂਪਾਂ ਵਿਚਲੇ ਬਾਕੀ ਲੋਕਾਂ ਨੇ ਪਿੰਡਾਂ ਨੂੰ ਮੁੜਨਾ ਸ਼ੁਰੂ ਕਰ ਦਿੱਤਾ। ਮਾਓਵਾਦੀਆਂ ਨੇ ਉਨ੍ਹਾਂ ਦੀ ਵਾਪਸੀ ਦਾ ਸਵਾਗਤ ਕੀਤਾ ਅਤੇ ਐਲਾਨ ਕਰ ਦਿੱਤਾ ਕਿ ਜੇ ਐੱਸ ਪੀ ਓ ਆਪਣੀਆਂ ਕਾਰਵਾਈਆਂ ਬਾਰੇ ਸੱਚੀਮੁੱਚੀਂ ਅਤੇ ਜਨਤਕ ਤੌਰ 'ਤੇ ਪਛਤਾਵਾ ਕਰ ਲੈਣ, ਤਾਂ ਉਹ ਵੀ ਵਾਪਸ ਮੁੜ ਸਕਦੇ ਹਨ। ਜਵਾਨ ਲੋਕਾਂ ਦੇ ਝੁੰਡਾਂ ਦੇ ਝੁੰਡ ਪੀ ਐੱਲ ਜੀ ਏ 'ਚ ਜਾਣੇ ਸ਼ੁਰੂ ਹੋ ਗਏ। (ਰਸਮੀ ਤੌਰ 'ਤੇ ਪੀ ਐੱਲ ਜੀ ਏ ਦਸੰਬਰ 2000 ਵਿਚ ਬਣਾਈ ਗਈ ਸੀ। ਬੀਤੇ ਤੀਹ ਸਾਲਾਂ ਤੋਂ ਇਸਦੇ ਸੁਕਐਡਾਂ ਦਾ ਫੈਲਾਅ ਹੋਣ ਨਾਲ ਹੌਲੀ ਹੌਲੀ ਸੈਕਸ਼ਨ ਬਣ ਗਏ, ਸੈਕਸ਼ਨਾਂ ਤੋਂ ਪਲਾਟੂਨਾਂ ਬਣ ਗਈਆਂ, ਅਤੇ ਪਲਾਟੂਨਾਂ ਤੋਂ ਕੰਪਨੀਆਂ। ਪਰ ਸਲਵਾ ਜੁਡਮ ਦੀ ਸਾੜ੍ਹਸਤੀ ਤੋਂ ਬਾਅਦ, ਪੀ ਐੱਲ ਜੀ ਏ ਇਸ ਹਾਲਤ 'ਚ ਹੋ ਗਈ ਕਿ ਇਹ ਬਟਾਲੀਅਨ ਦਾ ਐਲਾਨ ਕਰ ਸਕੇ।)
ਸਲਵਾ ਜੁਡਮ ਕੇਵਲ ਫੇਲ੍ਹ ਹੀ ਨਹੀਂ ਹੋਈ, ਇਹ ਬੁਰੀ ਤਰ੍ਹਾਂ ਠੁੱਸ ਹੋਈ ਸੀ।

ਜਿਵੇਂ ਹੁਣ ਆਪਾਂ ਜਾਣਦੇ ਹਾਂ, ਇਹ ਕੋਈ ਥੋੜ੍ਹੇ ਸਮੇਂ ਦੀ ਸਥਾਨਕ ਕਾਰਵਾਈ ਨਹੀਂ ਸੀ। ਪ੍ਰੈੱਸ ਵਿਚ ਦੂਹਰੇ ਅਰਥਾਂ ਵਾਲੇ ਬਿਆਨਾਂ ਦੇ ਉਲਟ, ਸਲਵਾ ਜੁਡਮ ਛੱਤੀਸਗੜ੍ਹ ਦੀ ਸੂਬਾ ਸਰਕਾਰ ਅਤੇ ਕੇਂਦਰ 'ਚ ਸੱਤਾਧਾਰੀ ਕਾਂਗਰਸ ਪਾਰਟੀ ਦੀ ਸਾਂਝੀ ਕਾਰਵਾਈ ਸੀ। ਉਹ ਇਸ ਦੇ ਫੇਲ੍ਹ ਹੋ ਜਾਣ ਦੀ ਇਜਾਜ਼ਤ ਨਹੀਂ ਸੀ ਦੇ ਸਕਦੀਆਂ। ਉਹ ਵੀ ਓਦੋਂ ਜਦੋਂ ਸਾਰੇ ਸਮਝੌਤੇ ਉਡੀਕ 'ਚ ਬੈਠੇ ਸਨ, ਵਿਆਹ ਦੀ ਮੰਡੀ 'ਚ ਮੁਰਝਾਏ ਬੈਠੇ ਆਸਵੰਦਾਂ ਵਾਂਗ। ਸਰਕਾਰ ਉੱਪਰ ਨਵੀਂ ਵਿਉਂਤ ਬਣਾਉਣ ਲਈ ਭਾਰੀ ਦਬਾਅ ਪੈ ਰਿਹਾ ਸੀ। ਇਨ੍ਹਾਂ ਨੇ ਓਪਰੇਸ਼ਨ ਗਰੀਨ ਹੰਟ ਵਿਉਂਤ ਲਿਆ। ਸਲਵਾ ਜੁਡਮ ਦੇ ਐੱਸ ਪੀ ਓ ਨੂੰ ਹੁਣ ਕੋਇਆ ਕਮਾਂਡੋ ਕਹਿ ਕੇ ਬੁਲਾਇਆ ਜਾਂਦਾ ਹੈ। ਇਸ ਨੇ ਛੱਤੀਸਗੜ੍ਹ ਹਥਿਆਰਬੰਦ ਤਾਕਤ (ਸੀ ਏ ਐੱਫ), ਕੇਂਦਰੀ ਰਿਜ਼ਰਵ ਪੁਲਿਸ ਤਾਕਤ (ਸੀ ਆਰ ਪੀ ਐੱਫ), ਸੀਮਾ ਸੁਰੱਖਿਆ ਤਾਕਤ (ਬੀ ਐੱਸ ਐੱਫ), ਇੰਡੋ-ਤਿਬਤਨ ਸੀਮਾ ਪੁਲਿਸ (ਆਈ ਟੀ ਬੀ ਪੀ), ਕੇਂਦਰੀ ਸਨਅਤੀ ਸੁਰੱਖਿਆ ਤਾਕਤ (ਸੀ ਆਈ ਐੱਸ ਐੱਫ), ਗਰੇਅ ਹਾਊਂਡਜ਼ (ਸਲੇਟੀ ਕੁੱਤੇ), ਸਕੌਰਪੀਅਨ (ਬਿੱਛੂ), ਕੋਬਰਾ (ਫਨੀਅਰ)। ਅਤੇ ਨਾਲ ਹੀ ਉਹ ਨੀਤੀ ਜਿਸ ਨੂੰ ਪਿਆਰ ਨਾਲ ਵ੍ਹਾਮ ਕਿਹਾ ਜਾਂਦਾ ਹੈ ਅਰਥਾਤ ਦਿਲ ਤੇ ਮਨ ਜਿੱਤਣੇ।
ਅਹਿਮ ਜੰਗਾਂ ਅਕਸਰ ਹੀ ਐਸੇ ਥਾਵਾਂ 'ਤੇ ਲੜੀਆਂ ਜਾਂਦੀਆਂ ਹਨ ਜਿੱਥੇ ਸੰਭਾਵਨਾ ਨਹੀਂ ਹੁੰਦੀ। ਖੁੱਲ੍ਹੀ ਮੰਡੀ ਵਾਲੀ ਸਰਮਾਏਦਾਰੀ ਨੇ ਸੋਵੀਅਤ ਕਮਿਊਨਿਜ਼ਮ ਨੂੰ ਅਫਗਾਨਿਸਤਾਨ ਦੇ ਸੁੰਨੇ ਪਹਾੜਾਂ 'ਚ ਹਰਾਇਆ ਸੀ। ਏਥੇ ਦਾਂਤੇਵਾੜਾ ਦੇ ਜੰਗਲਾਂ ਵਿਚ, ਲੜਾਈ ਭਾਰਤ ਦੇ ਦਿਲ 'ਚ ਜ਼ੋਰ ਫੜ ਰਹੀ ਹੈ। ਭਾਰਤੀ ਜਮਹੂਰੀਅਤ ਦੇ ਡੂੰਘੇ ਸੰਕਟ ਅਤੇ ਵੱਡੀਆਂ ਕਾਰਪੋਰੇਸ਼ਨਾਂ, ਵੱਡੀਆਂ ਸਿਆਸੀ ਪਾਰਟੀਆਂ ਅਤੇ ਸੁਰੱਖਿਆ ਪ੍ਰਬੰਧ ਦੀ ਮਿਲੀਭੁਗਤ ਬਾਰੇ ਬਥੇਰਾ ਕੁਝ ਕਿਹਾ ਜਾ ਚੁੱਕਾ ਹੈ। ਜੇ ਕੋਈ ਤੁਰੰਤ ਪੈਰ ਪੜਤਾਲ ਕਰਨਾ ਚਾਹੇ, ਤਾਂ ਦਾਂਤੇਵਾੜਾ ਜਾਇਆ ਜਾ ਸਕਦਾ ਹੈ।
ਜ਼ਰਈ ਰਿਸ਼ਤਿਆਂ ਅਤੇ ਜ਼ਮੀਨੀ ਸੁਧਾਰ ਦਾ ਅਧੂਰਾ ਕੰਮ ਬਾਰੇ ਖਰੜਾ ਰਿਪੋਰਟ (ਜਿਲਦ ਇਕ) ਦਾ ਕਹਿਣਾ ਸੀ ਕਿ ਸਲਵਾ ਜੁਡਮ ਲਈ ਪਹਿਲਾਂ ਧਨ ਟਾਟਾ ਸਟੀਲ ਅਤੇ ਐੱਸਾਰ ਸਟੀਲ ਨੇ ਖਰਚਿਆ ਸੀ। ਸਰਕਾਰੀ ਰਿਪੋਰਟ ਹੋਣ ਕਰਕੇ, ਜਦੋਂ ਇਹ ਰਿਪੋਰਟ ਪ੍ਰੈੱਸ 'ਚ ਗਈ ਤਾਂ ਹਲਚਲ ਮੱਚ ਗਈ। (ਬਾਅਦ 'ਚ ਅੰਤਮ ਰਿਪੋਰਟ ਵਿਚੋਂ ਇਹ ਤੱਥ ਹਟਾ ਦਿੱਤਾ ਗਿਆ। ਇਹ ਗ਼ਲਤੀ ਕਰਕੇ ਹੋਇਆ, ਜਾਂ ਕਿਸੇ ਨੂੰ ਮੋਢਾ ਥਪ ਥਪਾਕੇ ਪੁਚਕਾਰ ਲਿਆ ਗਿਆ?)

12 ਅਕਤੂਬਰ 2009 ਨੂੰ, ਟਾਟਾ ਸਟੀਲ ਪਲਾਂਟ ਦੀ ਸੁਣਵਾਈ, ਜੋ ਲੋਹਾਂਡੀਗੁਡਾ ਵਿਚ ਕੀਤੀ ਜਾਣੀ ਸੀ ਜਿੱਥੇ ਲੋਕ ਆ ਸਕਦੇ ਸਨ, ਅਸਲ ਵਿਚ ਇੱਥੋਂ ਕਈ ਮੀਲ ਦੂਰ, ਜਗਦਲਪੁਰ ਦੇ ਕੁਲੈਕਟਰ ਦਫ਼ਤਰ ਦੇ ਨਿੱਕੇ ਜਹੇ ਹਾਲ ਵਿਚ ਕੀਤੀ ਗਈ, ਜਿਸ ਦੀ ਘੇਰਾਬੰਦੀ ਵਿਆਪਕ ਸੁਰੱਖਿਆ ਤਾਕਤਾਂ ਨੇ ਕਰ ਰੱਖੀ ਸੀ। ਸਰਕਾਰੀ ਜੀਪਾਂ ਦੀ ਕਾਨਵਾਈ ਰਾਹੀਂ 50 ਭਾੜੇ ਦੇ ਆਦਿਵਾਸੀ ਸਰੋਤੇ ਉੱਥੇ ਲਿਆਂਦੇ ਗਏ। ਮੀਟਿੰਗ ਤੋਂ ਬਾਅਦ, ਜ਼ਿਲ੍ਹਾ ਕੁਲੈਕਟਰ ਨੇ ਸਹਿਯੋਗ ਦੇਣ ਲਈ 'ਲੋਹਾਂਡੀਗੁਡਾ ਦੇ ਲੋਕਾਂ' ਨੂੰ ਵਧਾਈਆਂ ਦਿੱਤੀਆਂ। ਹਾਲਾਂਕਿ ਸਥਾਨਕ ਅਖ਼ਬਾਰਾਂ ਨੂੰ ਵੱਧ ਚੰਗੀ ਤਰ੍ਹਾਂ ਪਤਾ ਸੀ, ਫਿਰ ਵੀ ਉਨ੍ਹਾਂ ਨੇ ਝੂਠੀ ਰਿਪੋਰਟ ਦਿੱਤੀ। (ਇਸ਼ਤਿਹਾਰ ਜੁ ਮਿਲਦੇ ਸਨ।) ਪਿੰਡ ਵਾਲਿਆਂ ਦੇ ਇਤਰਾਜ਼ ਦੇ ਬਾਵਜੂਦ, ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।
ਇਕੱਲੇ ਮਾਓਵਾਦੀ ਹੀ ਨਹੀਂ ਹਨ ਜੋ ਭਾਰਤੀ ਰਾਜ ਨੂੰ ਉਲਟਾਉਣਾ ਚਾਹੁੰਦੇ ਹਨ। ਹਿੰਦੂ ਮੂਲਵਾਦੀਆਂ ਅਤੇ ਆਰਥਕ ਸਰਵ-ਸੱਤਾਵਾਦੀਆਂ ਵੱਲੋਂ ਪਹਿਲਾਂ ਹੀ ਕਈ ਵਾਰ ਇਸ ਨੂੰ ਉਲਟਾਇਆ ਜਾ ਚੁੱਕਾ ਹੈ।

ਲੋਹਾਂਡੀਗੁਡਾ ਜਿੱਥੇ ਪਹੁੰਚਣ ਲਈ ਦਾਂਤੇਵਾੜਾ ਤੋਂ ਪੰਜ ਘੰਟੇ ਲੱਗਦੇ ਹਨ, ਪਹਿਲਾਂ ਕਦੇ ਨਕਸਲੀ ਇਲਾਕਾ ਨਹੀਂ ਸੀ। ਪਰ ਹੁਣ ਇਹ ਨਕਸਲੀ ਹੈ। ਜਦੋਂ ਮੈਂ ਕੀੜੀਆਂ ਦੀ ਚਟਣੀ ਖਾ ਰਹੀ ਸੀ ਤਾਂ ਮੇਰੇ ਨਾਲ ਜੋ ਕਾਮਰੇਡ ਜੂਰੀ ਬੈਠੀ ਸੀ ਉਹ ਇਸ ਇਲਾਕੇ 'ਚ ਕੰਮ ਕਰਦੀ ਹੈ। ਉਸ ਨੇ ਦੱਸਿਆ ਕਿ ਜਦੋਂ ਪਿੰਡ ਦੀਆਂ ਕੰਧਾਂ ਉੱਤੇ ਇਹ ਨਾਅਰੇ 'ਨਕਸਲੀ ਆਓ, ਹਮੇ ਬਚਾਓ' ਦਿਖਾਈ ਦੇਣ ਲੱਗੇ ਤਾਂ ਅਸੀਂ ਇੱਥੇ ਜਾਣ ਦਾ ਫ਼ੈਸਲਾ ਲਿਆ! ਕੁਝ ਮਹੀਨੇ ਪਹਿਲਾਂ ਪਿੰਡ ਦੀ ਪੰਚਾਇਤ ਦੇ ਮੁਖੀ ਵਿਮਲ ਮੇਸ਼ਰਾਮ ਨੂੰ ਮੰਡੀ 'ਚ ਗੋਲੀ ਮਾਰਕੇ ਮਾਰ ਦਿੱਤਾ ਗਿਆ ਸੀ। ਜੂਰੀ ਕਹਿੰਦੀ ਹੈ, ''ਉਹ ਟਾਟਾ ਦਾ ਬੰਦਾ ਸੀ। ਉਹ ਲੋਕਾਂ ਨੂੰ ਆਪਣੀ ਜ਼ਮੀਨ ਛੱਡ ਦੇਣ ਅਤੇ ਮੁਆਵਜ਼ਾ ਕਬੂਲ ਕਰ ਲੈਣ ਲਈ ਜ਼ੋਰ ਪਾ ਰਿਹਾ ਸੀ। ਚੰਗਾ ਹੋਇਆ ਉਸ ਦਾ ਭੋਗ ਪਾ ਦਿੱਤਾ ਗਿਆ ਹੈ। ਸਾਡੇ ਇਕ ਸਾਥੀ ਦਾ ਜਾਨੀ ਨੁਕਸਾਨ ਵੀ ਹੋਇਆ। ਉਨ੍ਹਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਤੂੰ ਹੋਰ ਚਾਪੋਲੀ ਲਵੇਂਗੀ?'' ਉਹ ਸਿਰਫ਼ ਵੀਹ ਸਾਲਾਂ ਦੀ ਹੈ। ''ਅਸੀਂ ਇੱਥੇ ਟਾਟਾ ਨੂੰ ਵੜਨ ਨਹੀਂ ਦਿਆਂਗੇ। ਲੋਕ ਉਨ੍ਹਾਂ ਨੂੰ ਨਹੀਂ ਚਾਹੁੰਦੇ।'' ਜੂਰੀ ਪੀ ਐੱਲ ਜੀ ਏ 'ਚ ਕੰਮ ਨਹੀਂ ਕਰਦੀ। ਉਹ ਪਾਰਟੀ ਦੀ ਸਭਿਆਚਾਰਕ ਸ਼ਾਖਾ, ਚੇਤਨਾ ਨਾਟਯ ਮੰਚ (ਸੀ ਐੱਨ ਐੱਮ) 'ਚ ਹੈ। ਉਹ ਗਾਉਂਦੀ ਹੈ। ਉਹ ਗੀਤ ਲਿਖਦੀ ਹੈ। ਉਹ ਅਬੂਝਮਾੜ ਤੋਂ ਹੈ। (ਉਸ ਨੇ ਕਾਮਰੇਡ ਮਾਧਵ ਨਾਲ ਵਿਆਹ ਕਰ ਲਿਆ। ਜਦੋਂ ਉਹ ਉਨ੍ਹਾਂ ਦੇ ਪਿੰਡ ਸੀ ਐੱਨ ਐੱਮ ਦੀ ਮੰਡਲੀ ਦੇ ਨਾਲ ਆ ਕੇ ਗਾਉਂਦਾ ਸੀ ਉਹ ਓਦੋਂ ਹੀ ਉਸ ਨੂੰ ਦਿਲ ਦੇ ਬੈਠੀ ਸੀ।)
ਮੈਂ ਮਹਿਸੂਸ ਕਰਦੀ ਹਾਂ ਮੈਨੂੰ ਇਸ ਨੁਕਤੇ 'ਤੇ ਕੁਝ ਕਹਿਣਾ ਚਾਹੀਦਾ। ਹਿੰਸਾ ਦੇ ਵਿਅਰਥ ਹੋਣ ਬਾਰੇ, ਸਰਸਰੀ ਜਹੇ ਮੌਤ ਦੀਆਂ ਸਜ਼ਾਵਾਂ ਦੇਣ ਬਾਰੇ। ਫਿਰ ਮੈਂ ਕੀ ਸੁਝਾਅ ਦੇਵਾਂ ਕਿ ਉਹ ਕੀ ਕਰਨ? ਅਦਾਲਤ 'ਚ ਜਾਣ? ਨਵੀਂ ਦਿੱਲੀ ਜੰਤਰ ਮੰਤਰ ਵਿਖੇ ਧਰਨਾ ਦੇਣ? ਰੈਲੀ ਕੱਢਣ? ਲੜੀਵਾਰ ਭੁੱਖ ਹੜਤਾਲ ਕਰਨ? ਇਹ ਹਾਸੋਹੀਣਾ ਜਾਪਦਾ ਹੈ। ਨਵੀਂ ਆਰਥਕ ਨੀਤੀ ਨੂੰ ਹੱਲਾਸ਼ੇਰੀ ਦੇਣ ਵਾਲਿਆਂ ਨੂੰ ਵਿਰੋਧ ਦੀ ਬਦਲਵੀਂ ਨੀਤੀ ਦਾ ਸੁਝਾਅ ਦੇਣ ਬਾਰੇ ਕਿਹਾ ਜਾਵੇ--ਜੋ ਅਰਾਮ ਨਾਲ ਹੀ ਕਹਿ ਦਿੰਦੇ ਹਨ ਕਿ 'ਹੋਰ ਕੋਈ ਬਦਲ ਨਹੀਂ ਹੈ'। ਇਸ ਖ਼ਾਸ ਜੰਗਲ ਦੇ, ਖ਼ਾਸ ਲੋਕਾਂ ਲਈ ਵਿਸ਼ੇਸ਼। ਇੱਥੇ। ਇਸੇ ਵਕਤ। ਉਹ ਕਿਹੜੀ ਪਾਰਟੀ ਨੂੰ ਵੋਟ ਪਾਉਣ? ਇਸ ਦੇਸ਼ ਦੀ ਕਿਸ ਜਮਹੂਰੀ ਸੰਸਥਾ ਤੱਕ ਉਹ ਪਹੁੰਚ ਕਰਨ? ਨਰਮਦਾ ਉੱਪਰ ਵੱਡੇ ਡੈਮ ਬਣਾਏ ਜਾਣ ਵਿਰੁੱਧ ਸਾਲਾਂ ਬੱਧੀ ਲੜਦੇ ਵਕਤ ਨਰਮਦਾ ਬਚਾਓ ਅੰਦੋਲਨ ਨੇ ਕਿਹੜਾ ਦਰ ਐਸਾ ਸੀ ਜੋ ਨਹੀਂ ਖੜਕਾਇਆ?

ਹਨੇਰਾ ਹੋ ਗਿਆ ਹੈ। ਕੈਂਪ ਵਿਚ ਕਾਫ਼ੀ ਹਲਚਲ ਹੈ, ਪਰ ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ। ਆਲੇ ਦੁਆਲੇ ਸਿਰਫ਼ ਕੁਝ ਰੌਸ਼ਨੀਆਂ ਦੇ ਬਿੰਦੂ ਘੁੰਮ ਰਹੇ ਹਨ। ਇਹ ਕਹਿਣਾ ਮੁਸ਼ਕਲ ਹੈ ਕਿ ਇਹ ਤਾਰੇ ਹਨ ਜਾਂ ਜੁਗਨੂ ਜਾਂ ਤੁਰ ਫਿਰ ਰਹੇ ਮਾਓਵਾਦੀ। ਨਿੱਕਾ ਮੰਗਤੂ ਕਿਤੇ ਦਿਖਾਈ ਨਹੀਂ ਦੇ ਰਿਹਾ। ਘੋਖ ਕੀਤੀ ਤਾਂ ਪਤਾ ਲੱਗਿਆ ਕਿ ਉਹ ਤਾਂ ਯੰਗ ਕਮਿਊਨਿਸਟਾਂ ਦੇ ਚੱਲਦੇ ਫਿਰਦੇ ਸਕੂਲ ਦੀ ਪਹਿਲੀ ਟੋਲੀ 'ਚ ਸ਼ਾਮਲ ਹੈ, ਜਿਨ੍ਹਾਂ ਨੂੰ ਪੜ੍ਹਨਾ ਲਿਖਣਾ ਅਤੇ ਬੁਨਿਆਦੀ ਕਮਿਊਨਿਸਟ ਸਿਧਾਂਤ ਸਿਖਾਇਆ ਜਾ ਰਿਹਾ ਹੈ। (ਸਾਡਾ ਕਾਰਪੋਰੇਟ ਮੀਡੀਆ ਚੀਕਦਾ ਹੈ: ''ਇਹ ਤਾਂ ਅੱਲੜਾਂ ਦੇ ਦਿਮਾਗ 'ਚ ਸਿਧਾਂਤ ਭਰੇ ਜਾ ਰਹੇ ਹਨ!'' ਪਰ ਟੀ ਵੀ ਦੀ ਇਸ਼ਤਿਹਾਰਬਾਜ਼ੀ ਜੋ ਸੋਚਣ ਦੇ ਯੋਗ ਹੋਣ ਤੋਂ ਪਹਿਲਾਂ ਹੀ ਬੱਚਿਆਂ ਨੂੰ ਉਲਟੀ ਪੱਟੀ ਪੜ੍ਹਾਉਂਦੀ ਹੈ ਉਸ ਨੂੰ ਇਸ ਤਰ੍ਹਾਂ ਨਹੀਂ ਲਿਆ ਜਾਂਦਾ ਕਿ ਇਹ ਵੀ ਇਕ ਤਰ੍ਹਾਂ ਦਿਮਾਗ 'ਚ ਸਿਧਾਂਤ ਭਰਨਾ ਹੈ।) ਇੱਥੇ ਅੱਲ੍ਹੜ ਕਮਿਊਨਿਸਟਾਂ ਨੂੰ ਬੰਦੂਕਾਂ ਚੁੱਕਣ ਜਾਂ ਵਰਦੀ ਪਹਿਨਣ ਦੀ ਇਜਾਜ਼ਤ ਨਹੀਂ ਹੈ। ਪਰ ਉਹ ਆਪਣੇ ਨੈਣਾਂ 'ਚ ਸੁਪਨੇ ਸੰਜੋਈ, ਪੀ ਐੱਲ ਜੀ ਏ ਦੇ ਸਕੁਐਡਾਂ ਮਗਰ ਤੁਰੇ ਰਹਿੰਦੇ ਹਨ।

ਮੰਗਤੂ ਨੇ ਕਬਜ਼ੇ ਦੀ ਡਾਹਢੀ ਫੂਕ 'ਚ ਆ ਕੇ ਮੈਨੂੰ ਮੱਲਿਆ ਹੋਇਆ ਹੈ। ਉਸ ਨੇ ਮੇਰੀ ਪਾਣੀ ਦੀ ਬੋਤਲ ਭਰ ਦਿੱਤੀ ਹੈ ਅਤੇ ਕਹਿੰਦਾ ਹੈ ਕਿ ਮੈਂ ਆਪਣਾ ਬੈਗ ਬੰਨ੍ਹ ਲਵਾਂ। ਸੀਟੀ ਵੱਜਦੀ ਹੈ। ਨੀਲੀ ਝਿੱਲੀ ਦਾ ਤੰਬੂ ਪੰਜ ਮਿੰਟਾਂ 'ਚ ਸਮੇਟਕੇ ਤੈਅ ਮਾਰ ਲਈ ਜਾਂਦੀ ਹੈ। ਇਕ ਹੋਰ ਸੀਟੀ ਵੱਜਦੀ ਹੈ ਅਤੇ ਸੌ ਦੇ ਸੌ ਕਾਮਰੇਡ ਕਤਾਰਾਂ ਬਣਾ ਲੈਂਦੇ ਹਨ। ਪੰਜ ਕਤਾਰਾਂ। ਕਾਮਰੇਡ ਰਾਜੂ ਕਾਰਵਾਈ ਦਾ ਨਿਰਦੇਸ਼ਕ ਹੈ। ਰੋਲ ਕਾਲ ਬੋਲੀ ਜਾਂਦੀ ਹੈ। ਮੈਂ ਵੀ ਕਤਾਰ 'ਚ ਖੜ੍ਹੀ ਹਾਂ, ਆਪਣੇ ਮੂਹਰੇ ਖੜ੍ਹੀ ਕਮਲਾ ਤੋਂ ਪ੍ਰੇਰਤ ਹੋ ਕੇ ਮੈਂ ਵੀ ਉੱਚੀ ਆਵਾਜ਼ 'ਚ ਆਪਣਾ ਨੰਬਰ ਬੋਲਦੀ ਹਾਂ। (ਅਸੀਂ ਵੀਹ ਤੱਕ ਗਿਣਦੇ ਹਾਂ ਅਤੇ ਫਿਰ ਇਕ ਤੋਂ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਬਹੁਤੇ ਗੌਂਡ ਇੱਥੋਂ ਤੱਕ ਹੀ ਗਿਣ ਸਕਦੇ ਹਨ। ਉਨ੍ਹਾਂ ਲਈ ਵੀਹ ਕਾਫ਼ੀ ਹੈ। ਹੋ ਸਕਦਾ ਹੈ ਇਹ ਸਾਡੇ ਲਈ ਵੀ ਕਾਫ਼ੀ ਹੋਵੇ।) ਚੰਦੂ ਹੁਣ ਵਰਦੀ 'ਚ ਹੈ, ਅਤੇ ਸਟੇਨ ਗੰਨ ਪਾਈ ਹੋਈ ਹੈ। ਮਧਮ ਆਵਾਜ਼ 'ਚ ਕਾਮਰੇਡ ਰਾਜੂ ਟੋਲੀ ਨੂੰ ਸੰਖੇਪ ਸਮਝਾ ਰਿਹਾ ਹੈ। ਸਾਰੀ ਗੱਲਬਾਤ ਗੌਂਡੀ 'ਚ ਹੈ। ਮੈਨੂੰ ਇਕ ਚੀਜ਼ ਦੀ ਸਮਝ ਨਹੀਂ ਆ ਰਹੀ, ਪਰ ਮੈਨੂੰ ਆਰ ਵੀ ਲਫ਼ਜ਼ ਸੁਣੀ ਜਾ ਰਿਹਾ ਹੈ। ਬਾਅਦ 'ਚ ਰਾਜੂ ਮੈਨੂੰ ਦੱਸਦਾ ਹੈ ਕਿ ਇਸ ਦਾ ਭਾਵ ਹੈ ਮਿਲਣ ਦੀ ਥਾਂ (rende੍ਰvous)! ਇਹ ਹੁਣ ਗੌਂਡੀ ਲਫ਼ਜ਼ ਬਣ ਗਿਆ ਹੈ। ''ਅਸੀਂ ਆਰ ਵੀ ਸਥਾਨ ਤੈਅ ਕਰ ਲੈਂਦੇ ਹਾਂ ਤਾਂ ਕਿ ਜੇ ਗੋਲੀਆਂ ਚੱਲਣ 'ਤੇ ਲੋਕਾਂ ਨੂੰ ਖਿੰਡਣਾ ਪੈ ਜਾਵੇ ਤਾਂ ਦੁਬਾਰਾ ਕਿੱਥੇ ਇਕੱਠੇ ਹੋਣਗੇ।'' ਉਹ ਨੂੰ ਮਾਲੂਮ ਨਹੀਂ ਹੁੰਦਾ ਕਿ ਇਸ ਨਾਲ ਮੇਰੇ ਅੰਦਰ ਕਿਸ ਤਰ੍ਹਾਂ ਦਾ ਡਰ ਪੈਦਾ ਹੋ ਜਾਂਦਾ ਹੈ। ਮੈਂ ਗੋਲੀਆਂ ਚੱਲ ਜਾਣ ਤੋਂ ਭੈਭੀਤ ਨਹੀਂ ਹਾਂ, ਅਸਲ ਵਿਚ ਮੈਂ ਤਾਂ ਗੁਆਚ ਜਾਣ ਤੋਂ ਭੈਭੀਤ ਹਾਂ। ਦਿਸ਼ਾ ਦਾ ਭੁਲੇਖਾ ਖਾ ਜਾਣ ਦੀ ਕਮਜ਼ੋਰੀ ਹੋਣ ਕਰਕੇ, ਮੈਂ ਆਪਣੇ ਸੌਣ ਕਮਰੇ ਅਤੇ ਗੁਸਲਖ਼ਾਨੇ ਵਿਚਾਲੇ ਔਟਲ ਜਾਂਦੀ ਹਾਂ। ਫਿਰ ਮੈਂ 60,000 ਸਕੇਅਰ ਕਿਲੋਮੀਟਰ ਦੇ ਜੰਗਲ ਵਿਚ ਕਿਵੇਂ ਕਰਾਂਗੀ? ਨਿਵਾਣ ਹੋਵੇ ਜਾਂ ਪਾਣੀ ਦਾ ਚੜਾ੍ਹਅ, ਮੈਂ ਤਾਂ ਕਾਮਰੇਡ ਰਾਜੂ ਦਾ ਪੱਲੂ ਫੜੀ ਰੱਖਣਾ ਹੈ।
ਤੁਰਨ ਤੋਂ ਪਹਿਲਾਂ, ਕਾਮਰੇਡ ਵੇਨੂੰ ਮੇਰੇ ਕੋਲ ਆਉਂਦਾ ਹੈ: ''ਫੇਰ ਠੀਕ ਐ ਕਾਮਰੇਡ। ਮੈਨੂੰ ਜਾਣ ਦੀ ਇਜਾਜ਼ਤ ਦਿਓ।'' ਮੈਂ ਹੱਕੀ ਬੱਕੀ ਰਹਿ ਜਾਂਦੀ ਹਾਂ। ਊਨੀ ਟੋਪੀ ਅਤੇ ਚੱਪਲ ਪਹਿਨੀਂ ਉਹ ਨਿੱਕੇ ਜਿਹੇ ਮੱਛਰ ਵਾਂਗ ਜਾਪਦਾ ਹੈ, ਆਪਣੇ ਗਾਰਡਾਂ, ਤਿੰਨ ਔਰਤਾਂ ਤੇ ਤਿੰਨ ਆਦਮੀਆਂ 'ਚ ਘਿਰਿਆ ਹੋਇਆ। ਭਾਰੀ ਹਥਿਆਰਬੰਦ। ਉਹ ਕਹਿੰਦਾ ਹੈ, ''ਕਾਮਰੇਡ, ਅਸੀਂ ਤੁਹਾਡੇ ਇੱਥੇ ਆਉਣ ਲਈ ਬਹੁਤ ਸ਼ੁਕਰਗੁਜ਼ਾਰ ਹਾਂ।'' ਇਕ ਵਾਰ ਫੇਰ ਹੱਥ ਘੁੱਟਣੀ ਅਤੇ ਤਣਿਆ ਹੋਇਆ ਮੁੱਕਾ। ''ਲਾਲ ਸਲਾਮ ਕਾਮਰੇਡ''। ਉਹ, ਕੁੰਜੀਆਂ ਵਾਲਾ, ਜੰਗਲ 'ਚ ਗਾਇਬ ਹੋ ਜਾਂਦਾ ਹੈ। ਅਤੇ ਬਿੰਦ 'ਚ ਹੀ, ਇਸ ਤਰ੍ਹਾਂ ਹੈ ਜਿਵੇਂ ਉਹ ਕਦੇ ਏਥੇ ਹੈ ਹੀ ਨਹੀਂ ਸੀ। ਮੈਂ ਥੋੜ੍ਹਾ ਸੁੰਨੀ ਸੁੰਨੀ ਮਹਿਸੂਸ ਕਰਦੀ ਹਾਂ। ਪਰ ਮੇਰੇ ਕੋਲ ਸੁਨਣ ਲਈ ਘੰਟਿਆਂ ਬੱਧੀ ਦੀ ਰਿਕਾਰਡਿੰਗ ਹੈ। ਅਤੇ ਜਿਉਂ ਜਿਉਂ ਦਿਨ ਹਫ਼ਤਿਆਂ 'ਚ ਬਦਲਦੇ ਜਾਣਗੇ, ਮੇਰੀ ਮੁਲਾਕਾਤ ਕਈਆਂ ਨਾਲ ਹੋਵੇਗੀ ਜੋ ਉਸ ਖ਼ਾਕੇ 'ਚ ਰੰਗ ਤੇ ਵਿਸਥਾਰ ਭਰਦੇ ਜਾਣਗੇ ਜੋ ਵੇਨੂ ਨੇ ਮੇਰੇ ਲਈ ਖਿੱਚਿਆ ਸੀ। ਅਸੀਂ ਉਲਟ ਦਿਸ਼ਾ 'ਚ ਚੱਲਣਾ ਸ਼ੁਰੂ ਕਰਦੇ ਹਾਂ। ਕਾਮਰੇਡ ਰਾਜੂ, ਮੀਲ ਭਰ ਤੋਂ ਆਇਓਡੈਕਸ ਦਾ ਮੁਸ਼ਕ ਆ ਜਾਣ ਕਰਕੇ ਮੁਸਕਰਾਕੇ ਕਹਿੰਦਾ ਹੈ, ''ਮੇਰੇ ਗੋਡੇ ਹੁਣ ਗਏ। ਜੇ ਮੇਰੇ ਕੋਲ ਦਰਦ ਨਾਸ਼ਕ ਗੋਲੀਆਂ ਦੀ ਮੁੱਠ ਹੋਵੇ ਫੇਰ ਹੀ ਮੈਂ ਤੁਰ ਸਕਦਾ ਹਾਂ।''

ਕਾਮਰੇਡ ਰਾਜੂ ਪੂਰੀ ਹਿੰਦੀ ਬੋਲਦਾ ਹੈ ਅਤੇ ਉਸ ਨੂੰ ਚਿਹਰੇ 'ਤੇ ਕੋਈ ਪ੍ਰਭਾਵ ਲਿਆਏ ਬਗ਼ੈਰ ਅਨੋਖੀਆਂ ਕਹਾਣੀਆਂ ਸੁਣਾਉਣ ਦਾ ਵੱਲ ਹੈ। ਉਸ ਨੇ ਰਾਇਪੁਰ 'ਚ ਅਠਾਰਾਂ ਸਾਲ ਵਕਾਲਤ ਕੀਤੀ ਸੀ। ਉਹ ਅਤੇ ਉਸ ਦੀ ਪਤਨੀ ਮਾਲਤੀ ਦੋਵੇਂ ਪਾਰਟੀ ਮੈਂਬਰ ਸਨ ਅਤੇ ਇਸ ਦੇ ਸ਼ਹਿਰੀ ਤਾਣੇਬਾਣੇ ਦਾ ਹਿੱਸਾ ਸਨ। 2007 ਦੇ ਅਖ਼ੀਰ 'ਚ, ਰਾਇਪੁਰ ਸ਼ਹਿਰ ਦੇ ਤਾਣੇਬਾਣੇ ਵਿਚੋਂ ਇਕ ਅਹਿਮ ਵਿਅਕਤੀ ਗ੍ਰਿਫ਼ਤਾਰ ਹੋ ਗਿਆ, ਤਸੀਹਿਆਂ ਦੀ ਮਾਰ ਹੇਠ ਆਖ਼ਿਰ ਮੁਖ਼ਬਰ ਬਣ ਗਿਆ। ਉਸ ਨੂੰ ਪੁਲਿਸ ਦੇ ਬੰਦ ਵਾਹਣ 'ਚ ਬੈਠਾਕੇ ਰਾਇਪੁਰ ਦੇ ਆਲੇ ਦੁਆਲੇ ਘੁੰਮਾਇਆ ਗਿਆ ਅਤੇ ਆਪਣੇ ਨਾਲ ਦੇ ਸਾਥੀਆਂ ਦੀ ਪਛਾਣ ਕਰਨ ਲਈ ਕਿਹਾ ਗਿਆ। ਕਾਮਰੇਡ ਮਾਲਤੀ ਉਨ੍ਹਾਂ ਵਿਚੋਂ ਇਕ ਸੀ। 22 ਜਨਵਰੀ 2008 ਨੂੰ, ਕਈ ਹੋਰਨਾਂ ਸਮੇਤ ਉਹ ਗ੍ਰਿਫ਼ਤਾਰ ਕਰ ਲਈ ਗਈ। ਉਸ ਦੇ ਉੱਪਰ ਦੋਸ਼ ਹੈ ਕਿ ਉਸਨੇ ਸਲਵਾ ਜੁਡਮ ਦੇ ਅੱਤਿਆਚਾਰਾਂ ਨੂੰ ਦਰਸਾਉਂਦੀਆਂ ਵਿਡਿਓ ਸੀ ਡੀ ਕਈ ਸੰਸਦ ਮੈਂਬਰਾਂ ਨੂੰ ਡਾਕ ਰਾਹੀਂ ਭੇਜੀਆਂ ਸਨ। ਅਦਾਲਤ 'ਚ ਉਸ ਦੇ ਕੇਸ ਦੀ ਸੁਣਵਾਈ ਸ਼ਾਇਦ ਹੀ ਕਦੇ ਹੁੰਦੀ ਹੈ ਕਿਉਂਕਿ ਪੁਲਿਸ ਜਾਣਦੀ ਹੈ ਕਿ ਉਨ੍ਹਾਂ ਦਾ ਬਣਾਇਆ ਕੇਸ ਖੋਖਲਾ ਹੈ। ਪਰ ਨਵਾਂ ਛੱਤੀਸਗੜ੍ਹ ਵਿਸ਼ੇਸ਼ ਜਨਤਕ ਸੁਰੱਖਿਆ ਐਕਟ (ਸੀ ਐੱਸ ਪੀ ਐੱਸ ਏ) ਪੁਲਿਸ ਨੂੰ ਇਹ ਇਜਾਜ਼ਤ ਦਿੰਦਾ ਹੈ ਕਿ ਉਸ ਨੂੰ ਬਿਨਾਂ ਜ਼ਮਾਨਤ ਕਈ ਸਾਲ ਜੇਲ੍ਹ 'ਚ ਡੱਕੀ ਰੱਖੇ। ਕਾਮਰੇਡ ਰਾਜੂ ਕਹਿੰਦਾ ਹੈ, ''ਹੁਣ ਸਰਕਾਰ ਨੇ ਬੇਚਾਰੇ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੀ ਡਾਕ ਤੋਂ ਬਚਾਉਣ ਲਈ ਛੱਤੀਸਗੜ੍ਹ ਪੁਲਿਸ ਦੀਆਂ ਕਈ ਬਟਾਲੀਅਨਾਂ ਲਾ ਦਿੱਤੀਆਂ ਹਨ।'' ਰਾਜੂ ਫੜਿਆ ਨਹੀਂ ਸੀ ਗਿਆ, ਕਿਉਂਕਿ ਉਸ ਸਮੇਂ ਉਹ ਦੰਡਕਾਰਣੀਆਂ ਵਿਚ ਕਿਸੇ ਮੀਟਿੰਗ 'ਚ ਸ਼ਾਮਲ ਸੀ। ਓਦੋਂ ਤੋਂ ਉਹ ਇੱਥੇ ਹੈ। ਉਸ ਦੇ ਦੋ ਬੱਚੇ, ਜੋ ਸਕੂਲ ਜਾਂਦੇ ਹਨ, ਤੋਂ ਪੁਲਿਸ ਨੇ ਬਹੁਤ ਜ਼ਿਆਦਾ ਪੁੱਛਗਿੱਛ ਕੀਤੀ ਸੀ। ਆਖ਼ਿਰ, ਉਨ੍ਹਾਂ ਨੇ ਘਰ ਦਾ ਸਮਾਨ ਚੁੱਕ ਲਿਆ ਅਤੇ ਕਿਸੇ ਅੰਕਲ ਕੋਲ ਜਾ ਕੇ ਰਹਿਣ ਲੱਗੇ। ਕਾਮਰੇਡ ਰਾਜੂ ਨੂੰ ਉਨ੍ਹਾਂ ਦੀ ਸੁਖ-ਸਾਂਦ ਦੀ ਖ਼ਬਰ ਕੁਝ ਹਫ਼ਤੇ ਪਹਿਲਾਂ ਹੀ ਮਿਲੀ ਸੀ। ਮਜ਼ਾਕੀਆ ਚੋਭਾਂ ਲਾਉਣ ਦੀ ਇਹ ਤਾਕਤ, ਇਹ ਯੋਗਤਾ ਉਸ ਅੰਦਰ ਕਿੱਥੋਂ ਆਉਂਦੀ ਹੈ? ਉਨ੍ਹਾਂ ਨੇ ਜੋ ਕੁਝ ਝੱਲਿਆ ਹੈ, ਉਸ ਦੇ ਬਾਵਜੂਦ ਉਹ ਕਾਹਦੇ ਆਸਰੇ ਨਿਭ ਰਹੇ ਹਨ? ਪਾਰਟੀ 'ਚ ਉਨ੍ਹਾਂ ਦਾ ਭਰੋਸਾ ਅਤੇ ਆਸ-ਅਤੇ ਉਸ ਲਈ ਮੋਹ। ਮੇਰਾ ਇਸ ਨਾਲ ਵਾਰ ਵਾਰ, ਬਹੁਤ ਹੀ ਡੂੰਘੀ ਤਰ੍ਹਾਂ, ਨਿੱਜੀ ਸਾਹਮਣਾ ਹੋਇਆ।

ਹੁਣ ਅਸੀਂ ਇਕਹਿਰੀ ਕਤਾਰ 'ਚ ਚੱਲ ਰਹੇ ਹਾਂ। ਮੈਂ ਅਤੇ ਇਕ ਸੌ ''ਅੰਨ੍ਹੇ ਹਿੰਸਕ'', ਖ਼ੂਨ ਦੇ ਤਿਹਾਏ ਬਾਗ਼ੀ। ਚੱਲਣ ਤੋਂ ਪਹਿਲਾਂ ਮੈਂ ਕੈਂਪ ਵਾਲੀ ਥਾਂ 'ਤੇ ਨਿਗਾਹ ਮਾਰੀ। ਜਿੱਥੇ ਅੱਗ ਬਾਲੀ ਗਈ ਸੀ, ਉਸ ਦੀ ਕੁਝ ਸੁਆਹ ਨੂੰ ਛੱਡਕੇ, ਉੱਥੇ ਇਸ ਦਾ ਕੋਈ ਨਾਂ-ਨਿਸ਼ਾਨ ਵੀ ਨਹੀਂ ਸੀ ਕਿ ਇੱਥੇ ਸੌ ਲੋਕਾਂ ਦਾ ਕੈਂਪ ਸੀ। ਮੈਨੂੰ ਇਸ ਫ਼ੌਜ 'ਤੇ ਵਿਸ਼ਵਾਸ ਜਿਹਾ ਨਹੀਂ ਆਉਂਦਾ। ਜਿੱਥੋਂ ਤੱਕ ਖਪਤ ਦਾ ਸਬੰਧ ਹੈ, ਇਹ ਕਿਸੇ ਗਾਂਧੀਵਾਦੀ ਨਾਲੋਂ ਵੱਧ ਗਾਂਧੀਵਾਦੀ ਹੈ, ਅਤੇ ਵਾਤਾਵਰਣ ਤਬਦੀਲੀ ਦੇ ਉਦੇਸ਼ ਨਾਲ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨਾਲੋਂ ਇਨ੍ਹਾਂ ਦੇ ਪੈਰਾਂ ਦੇ ਨਿਸ਼ਾਨ ਹਲਕੇ ਹਨ। ਪਰ ਅੱਜ ਦੀ ਤਾਰੀਕ 'ਚ ਭੰਨਤੋੜ ਦੇ ਬਾਰੇ ਵੀ ਇਨ੍ਹਾਂ ਦੀ ਪਹੁੰਚ ਗਾਂਧੀਵਾਦੀ ਹੈ; ਮਿਸਾਲ ਵਜੋਂ ਪੁਲਿਸ ਦੇ ਵਾਹਣ ਨੂੰ ਸਾੜਨ ਤੋਂ ਪਹਿਲਾਂ ਇਸ ਦੀ ਹਰ ਚੀਜ਼ ਲਾਹ ਲਈ ਜਾਂਦੀ ਹੈ। ਸਟੀਰਿੰਗ ਵੀਲ੍ਹ ਨੂੰ ਸਿੱਧਾ ਕਰਕੇ ਬਰਮਾਰ ਬੰਦੂਕ ਬਣਾ ਲਈ ਜਾਂਦੀ ਹੈ, ਰੈਕਸਿਨ ਲਾਹਕੇ ਗੋਲੀਸਿੱਕੇ ਦੀਆਂ ਥੈਲੀਆਂ ਬਣਾਉਣ ਲਈ ਵਰਤ ਲਈ ਜਾਂਦੀ ਹੈ, ਬੈਟਰੀ ਸੂਰਜੀ ਚਾਰਜਿੰਗ ਦੀ ਵਰਤੋਂ 'ਚ ਲਿਆਂਦੀ ਜਾਂਦੀ ਹੈ। (ਆਹਲਾ ਕਮਾਨ ਦੀਆਂ ਤਾਜ਼ਾ ਹਦਾਇਤਾਂ ਹਨ ਕਿ ਕਬਜ਼ੇ 'ਚ ਲਏ ਵਾਹਣ ਨੂੰ ਦਬਾ ਦਿੱਤਾ ਜਾਵੇ ਅਤੇ ਸਾੜਿਆ ਬਿਲਕੁਲ ਨਾ ਜਾਵੇ। ਤਾਂ ਕਿ ਲੋੜ ਪੈਣ 'ਤੇ ਕੱਢਕੇ ਵਰਤਿਆ ਜਾ ਸਕੇ।) ਮੈਂ ਉਤਸੁਕ ਹਾਂ, ਕੀ ਮੈਨੂੰ ਨਾਟਕ ਨਹੀਂ ਲਿਖਣਾ ਚਾਹੀਦਾ--ਗਾਂਧੀ ਆਪਣੀ ਬੰਦੂਕ ਸੰਭਾਲ? ਜਾਂ ਕੀ ਮੈਨੂੰ ਗ਼ੈਰ-ਨਿਆਂਇਕ ਤਰੀਕੇ ਨਾਲ ਮੌਤ ਦੀ ਸਜ਼ਾ ਦਿੱਤੀ ਜਾਵੇਗੀ?

ਅਸੀਂ ਘੁੱਪ ਹਨੇਰੇ ਅਤੇ ਮੁਰਦਾ ਖ਼ਾਮੋਸ਼ੀ 'ਚ ਚੱਲ ਰਹੇ ਹਾਂ। ਇਕੱਲੀ ਮੈਂ ਹੀ ਟਾਰਚ ਇਸਤੇਮਾਲ ਕਰ ਰਹੀ ਹਾਂ, ਇਸ ਦਾ ਮੂੰਹ ਥੱਲੇ ਕਾਲੀ ਚੱਪਲ ਵਿਚ ਦੀ ਘਿਸਰਦੀਆਂ ਕਾਮਰੇਡ ਕਮਲਾ ਦੀਆਂ ਅੱਡੀਆਂ ਵੱਲ ਕਰਕੇ ਤਾਂ ਜੋ ਮੈਂ ਚਾਨਦ ਦੇ ਘੇਰੇ 'ਚ ਦੇਖ ਸਕਾਂ ਕਿ ਆਪਣਾ ਪੈਰ ਕਿੱਥੇ ਰੱਖਣਾ ਹੈ। ਉਹ ਮੇਰੇ ਨਾਲੋਂ ਦਸ ਗੁਣਾਂ ਵੱਧ ਭਾਰ ਚੁੱਕਕੇ ਚੱਲ ਰਹੀ ਹੈ। ਉਸ ਦੀ ਪਿੱਠ 'ਤੇ ਗੰਢੜੀ, ਮੋਢੇ ਰਾਈਫਲ, ਸਿਰ ਉੱਤੇ ਸਮਾਨ ਦੀ ਵੱਡੀ ਗੰਢੜੀ, ਇਕ ਵੱਡਾ ਪਤੀਲਾ ਅਤੇ ਦੋ ਸਬਜ਼ੀਆਂ ਦੇ ਭਰੇ ਮੋਢਿਆਂ 'ਤੇ ਟੰਗਣ ਵਾਲੇ ਥੈਲੇ ਹਨ। ਉਹਦੇ ਸਿਰ ਉੱਤਲੀ ਗੰਢੜੀ ਦਾ ਪੂਰਾ ਸਮਤੋਲ ਬਣਿਆ ਹੋਇਆ ਹੈ, ਅਤੇ ਉਹ ਇਸ ਨੂੰ ਹੱਥ ਦਾ ਸਹਾਰਾ ਦਿੱਤੇ ਬਿਨਾਂ ਹੀ ਡੂੰਘੀਆਂ ਨਿਵਾਣਾਂ ਅਤੇ ਤਿਲਕਵੇਂ ਚਟਾਨੀ ਰਾਹਾਂ ਉੱਤੇ ਚੱਲ ਸਕਦੀ ਹੈ। ਉਹ ਚਮਤਕਾਰ ਹੀ ਤਾਂ ਹੈ। ਅੱਜ ਦਾ ਸਫ਼ਰ ਲੰਮਾ ਹੈ। ਮੈਂ ਇਤਹਾਸ ਦੇ ਸਬਕ ਦੀ ਸ਼ੁਕਰਗੁਜ਼ਾਰ ਹਾਂ ਕਿਉਂਕਿ ਹੋਰਨਾਂ ਤੋਂ ਇਲਾਵਾ ਇਸ ਨਾਲ ਮੇਰੇ ਪੈਰਾਂ ਨੂੰ ਪੂਰਾ ਦਿਨ ਅਰਾਮ ਮਿਲ ਗਿਆ। ਰਾਤ ਵੇਲੇ ਜੰਗਲ ਵਿਚ ਤੁਰਨਾ, ਸਭ ਤੋਂ ਦਿਲਕਸ਼ ਚੀਜ਼ ਹੈ।
ਅਤੇ ਮੈਂ ਰਾਤ ਦਰ ਰਾਤ ਇਸ ਤਰ੍ਹਾਂ ਦਾ ਸਫ਼ਰ ਕਰਦੀ ਜਾਵਾਂਗੀ।

ਅਸੀਂ 1910 ਦੇ ਭੂਮਕਾਲ ਵਿਦ੍ਰੋਹ ਦੀ ਸੌਵੀਂ ਵਰ੍ਹੇਗੰਢ ਦੇ ਸਮਾਗਮ 'ਚ ਜਾ ਰਹੇ ਹਾਂ ਜਿਸ ਵਿਚ ਕੋਇਆ ਲੋਕ ਅੰਗਰੇਜ਼ਾਂ ਵਿਰੁੱਧ ਉੱਠ ਖੜ੍ਹੇ ਸਨ। ਭੂਮਕਾਲ ਦਾ ਅਰਥ ਹੈ ਭੂਚਾਲ। ਕਾਮਰੇਡ ਰਾਜੂ ਕਹਿੰਦਾ ਹੈ ਸਮਾਗਮ 'ਤੇ ਆਉਣ ਲਈ ਲੋਕ ਕਈ ਕਈ ਦਿਨ ਚੱਲਕੇ ਆਉਣਗੇ। ਜੰਗਲ ਤੁਰ ਰਹੇ ਲੋਕਾਂ ਨਾਲ ਭਰਿਆ ਹੋਇਆ ਹੈ। ਡੀ ਕੇ (ਦੰਡਕਾਰਣੀਆਂ) ਦੀਆਂ ਸਾਰੀਆਂ ਡਿਵੀਜ਼ਨਾਂ ਅੰਦਰ ਸਮਾਗਮ ਹੋ ਰਹੇ ਹਨ। ਸਾਨੂੰ ਵਿਸ਼ੇਸ਼ ਸਹੂਲਤ ਹਾਸਲ ਹੈ ਕਿਉਂਕਿ ਸਮਾਗਮਾਂ ਦਾ ਮੁਖੀ ਕਾਮਰੇਡ ਲੇਂਗ ਸਾਡੇ ਨਾਲ ਜਾ ਰਿਹਾ ਹੈ। ਗੌਂਡੀ 'ਚ, ਲੇਂਗ ਦਾ ਭਾਵ ਹੈ 'ਆਵਾਜ਼'। ਆਂਧਰਾ ਪ੍ਰਦੇਸ਼ ਤੋਂ ਕਾਮਰੇਡ ਲੇਂਗ ਲੰਮਾ, ਅੱਧਖੜ ਉਮਰ ਦਾ ਵਿਅਕਤੀ ਹੈ। ਉਹ ਲੋਕ ਗਾਥਾ ਬਣ ਚੁੱਕੇ ਮਹਿਬੂਬ ਗਾਇਕ-ਕਵੀ ਗ਼ਦਰ ਨਾਲ ਕੰਮ ਕਰਦਾ ਰਿਹਾ ਹੈ, ਜਿਸ ਨੇ 1972 'ਚ ਰੈਡੀਕਲ ਸਭਿਆਚਾਰਕ ਜਥੇਬੰਦੀ ਜਨ ਨਾਟਯ ਮੰਡਲੀ (ਜੇ ਐੱਨ ਐੱਮ) ਦੀ ਸਥਾਪਨਾ ਕੀਤੀ ਸੀ। ਆਖ਼ਿਰ ਜੇ ਐੱਨ ਐੱਮ ਰਸਮੀ ਤੌਰ'ਤੇ ਪੀਪਲਜ਼ ਵਾਰ ਗਰੁੱਪ ਦਾ ਹਿੱਸਾ ਬਣ ਗਈ ਅਤੇ ਆਂਧਰਾ ਪ੍ਰਦੇਸ਼ ਵਿਚ ਇਸ ਦੀਆਂ ਪੇਸ਼ਕਾਰੀਆਂ ਸਮੇਂ ਦਹਿ ਹਜ਼ਾਰਾਂ ਸਰੋਤੇ ਜੁੜਦੇ ਸਨ। ਕਾਮਰੇਡ ਲੇਂਗ 1977 'ਚ ਮੈਂਬਰ ਬਣਿਆ ਅਤੇ ਇਕ ਮਸ਼ਹੂਰ ਗਵੱਈਆ ਬਣ ਗਿਆ। ਸਿਰੇ ਦੇ ਜਬਰ ਦੇ ਸਮਿਆਂ, 'ਮੁਕਾਬਲਿਆਂ' ਦੇ ਦੌਰ 'ਚ ਵੀ ਉਹ ਆਂਧਰਾ 'ਚ ਡਟਿਆ ਰਿਹਾ, ਜਿਸ ਸਮੇਂ ਲੱਗਭੱਗ ਰੋਜ਼ ਹੀ ਸਾਥੀ ਮਾਰੇ ਜਾ ਰਹੇ ਸਨ। ਉਸ ਨੂੰ ਵੀ ਇਕ ਮਹਿਲਾ ਐੱਸ ਪੀ ਨੇ ਡਾਕਟਰ ਦਾ ਭੇਸ ਵਟਾਕੇ ਇਕ ਰਾਤ ਹਸਪਤਾਲ ਦੇ ਬੈੱਡ ਤੋਂ ਚੁੱਕ ਲਿਆ ਸੀ। 'ਮੁਕਾਬਲਾ ਘੜਣ ਲਈ' ਉਸ ਨੂੰ ਵਾਰੰਗਲ ਦੇ ਜੰਗਲ 'ਚ ਲਿਜਾਇਆ ਗਿਆ। ਚੰਗੇ ਭਾਗੀਂ ਗ਼ਦਰ ਨੂੰ ਖ਼ਬਰ ਮਿਲ ਗਈ ਅਤੇ ਉਸ ਨੇ ਖ਼ਤਰੇ ਦੀ ਘੰਟੀ ਵਜਾ ਦਿੱਤੀ। ਜਦੋਂ ਪੀ ਡਬਲਯੂ ਨੇ 1998 'ਚ ਡੀ ਕੇ ਅੰਦਰ ਸਭਿਆਚਾਰਕ ਜਥੇਬੰਦੀ ਬਣਾਉਣ ਦਾ ਫ਼ੈਸਲਾ ਕੀਤਾ ਤਾਂ ਕਾਮਰੇਡ ਲੇਂਗ ਨੂੰ ਚੇਤਨਾ ਨਾਟਯ ਮੰਚ ਦੀ ਅਗਵਾਈ ਕਰਨ ਲਈ ਭੇਜਿਆ ਗਿਆ। ਅਤੇ ਹੁਣ ਉਹ ਏਥੇ, ਕਿਸੇ ਕਾਰਣ ਸਾਡੇ ਨਾਲ ਜਾ ਰਿਹਾ ਹੈ, ਜੈਤੂਨ ਰੰਗੀ ਕਮੀਜ਼ ਅਤੇ ਖ਼ਰਗੋਸ਼ ਦੇ ਗੁਲਾਬੀ ਚਿੱਤਰਾਂ ਵਾਲਾ ਜਾਮਣੀ ਪਜਾਮਾ ਪਹਿਨੀ। ਉਸ ਨੇ ਮੈਨੂੰ ਦੱਸਿਆ, ''ਹੁਣ ਸੀ ਐੱਨ ਐੱਮ ਦੇ 10,000 ਮੈਂਬਰ ਹਨ।'' ''ਸਾਡੇ ਕੋਲ ਹਿੰਦੀ, ਗੌਂਡੀ, ਛੱਤੀਸਗੜ੍ਹੀ ਅਤੇ ਹਾਬਲੀ ਬੋਲੀਆਂ 'ਚ 500 ਗੀਤ ਹਨ। ਅਸੀਂ ਆਪਣੇ 140 ਗੀਤਾਂ ਦੀ ਕਿਤਾਬ ਛਾਪੀ ਹੈ। ਹਰ ਕੋਈ ਗੀਤ ਲਿਖਦਾ ਹੈ।'' ਪਹਿਲੀ ਵਾਰ ਗੱਲਬਾਤ ਸਮੇਂ ਉਹ ਚੁੱਪਗੜੁੱਪ ਅਤੇ ਇਕੱਲਤਾਪਸੰਦ ਜਾਪਿਆ। ਪਰ ਕੁਝ ਦਿਨ, ਅੱਗ ਦੁਆਲੇ ਬੈਠਕੇ, ਉਸੇ ਹੀ ਲਿਬਾਸ 'ਚ, ਉਹ ਸਾਨੂੰ ਇਕ ਬੇਹੱਦ ਕਾਮਯਾਬ ਮੁੱਖਧਾਰਾ ਦੀਆਂ ਤੇਲਗੂ ਫਿਲਮਾਂ ਦੇ ਨਿਰਦੇਸ਼ਕ (ਆਪਣੇ ਇਕ ਦੋਸਤ) ਦੀਆਂ ਗੱਲਾਂ ਸੁਣਾਉਂਦਾ ਹੈ ਜੋ ਹਮੇਸ਼ਾ ਆਪਣੀਆਂ ਫਿਲਮਾਂ 'ਚ ਨਕਸਲੀ ਦੀ ਭੂਮਿਕਾ ਨਿਭਾਉਂਦਾ ਹੈ। ''ਮੈਂ ਉਸ ਨੂੰ ਪੁੱਛਿਆ,'' ਕਾਮਰੇਡ ਨੇ ਤੇਲਗੂ ਲਹਿਜ਼ੇ ਵਾਲੀ ਹਿੰਦੀ 'ਚ ਦੱਸਿਆ ''ਤੁਸੀਂ ਇਹ ਕਿਉਂ ਸੋਚਦੇ ਹੋ ਕਿ ਨਕਸਲੀ ਹਮੇਸ਼ਾ ਇਸੇ ਤਰ੍ਹਾਂ ਦੇ ਹੁੰਦੇ ਹਨ?'' --ਅਤੇ ਉਸ ਨੇ ਜੰਗਲ 'ਚੋਂ ਨਿੱਕਲ ਰਹੇ ਏ ਕੇ ਸੰਤਾਲੀ ਚੁੱਕੀ, ਝੁਕੇ ਹੋਏ, ਭਾਰੀ ਕਦਮ ਚੱਲਦੇ, ਸ਼ਿਕਾਰੀ ਜਾਪਦੇ ਆਦਮੀ ਦੀ ਪ੍ਰਬੀਨ ਸਾਂਗ ਲਾ ਕੇ ਸਾਡੇ ਢਿੱਡੀਂ ਪੀੜਾਂ ਪਾ ਦਿੱਤੀਆਂ।

ਮੈਂ ਪੱਕ ਨਾਲ ਨਹੀਂ ਕਹਿ ਸਕਦੀ ਕਿ ਮੈਂ ਭੂਮਕਾਲ ਸਮਾਗਮ ਨੂੰ ਦੇਖ ਸਕਾਂਗੀ। ਮੈਨੂੰ ਡਰ ਹੈ ਕਿ ਇੱਥੇ ਤਾਂ ਮਾਓਵਾਦੀ ਪ੍ਰਚਾਰ ਨਾਲ ਗੜੁੱਚ ਰਵਾਇਤੀ ਕਬਾਇਲੀ ਨਾਚ, ਉਤੇਜ਼ਕ, ਲੱਛੇਦਾਰ ਤਕਰੀਰਾਂ ਅਤੇ ਬਲਦੀਆਂ ਅੱਖਾਂ ਵਾਲੇ ਆਗਿਆਕਾਰ ਸਰੋਤੇ ਹੀ ਦੇਖਣ ਨੂੰ ਮਿਲਣਗੇ। ਅਸੀਂ ਮੈਦਾਨ 'ਚ ਤਰਕਾਲਾਂ ਨੂੰ ਕਾਫ਼ੀ ਦੇਰ ਨਾਲ ਪਹੁੰਚਦੇ ਹਾਂ। ਬਾਂਸਾਂ ਦੀ ਪੈੜ ਕਰਕੇ, ਇਸ ਨੂੰ ਲਾਲ ਕੱਪੜੇ 'ਚ ਲਪੇਟਕੇ ਇਕ ਆਰਜੀ ਯਾਦਗਾਰ ਬਣਾਈ ਗਈ ਹੈ। ਇਸ ਦੇ ਸਿਖ਼ਰ 'ਤੇ, ਮਾਓਵਾਦੀ ਪਾਰਟੀ ਦੇ ਦਾਤੀ-ਹਥੌੜੇ ਦੇ ਉੱਪਰ, ਚਾਂਦੀ ਰੰਗੇ ਵਰਕ 'ਚ ਲਪੇਟਿਆ ਜਨਤੰਨਾ ਸਰਕਾਰ ਦਾ ਤੀਰ-ਕਮਾਨ ਹੈ ਸ਼ੁਸੋਭਿਤ ਹੈ। ਦਰਜਾਬੰਦੀ ਕਿੰਨੀ ਢੁੱਕਵੀਂ ਹੈ। ਲੰਮਾ-ਚੌੜਾ ਮੰਚ ਆਰਜੀ ਹੈ, ਜੋ ਪੈੜ ਨੂੰ ਮਿੱਟੀ ਨਾਲ ਲਿੱਪਕੇ ਬਣਾਇਆ ਹੋਇਆ ਹੈ। ਮੈਦਾਨ ਦੇ ਆਲੇ ਦੁਆਲੇ ਪਹਿਲਾਂ ਹੀ ਇੱਧਰ-ਉੱਧਰ ਥੋੜ੍ਹੀਆਂ ਥੋੜ੍ਹੀਆਂ ਅੱਗਾਂ ਬਲ ਰਹੀਆਂ ਹਨ, ਲੋਕ ਪਹੁੰਚਣੇ ਸ਼ੁਰੂ ਹੋ ਗਏ ਹਨ ਅਤੇ ਰਾਤ ਦਾ ਖਾਣਾ ਬਣਾ ਰਹੇ ਹਨ। ਘੁੱਪ ਹਨੇਰੇ 'ਚ ਉਹ ਨਿਰੇ ਛਾਇਆ ਚਿੱਤਰ ਜਾਪਦੇ ਹਨ। ਅਸੀਂ ਉਨ੍ਹਾਂ (ਲਾਲ ਸਲਾਮ, ਲਾਲ ਸਲਾਮ, ਲਾਲ ਸਲਾਮ ਦੀਆਂ ਆਵਾਜ਼ਾਂ) ਦੇ ਵਿਚੋਂ ਦੀ ਅੱਗੇ ਲੰਘ ਰਹੇ ਹਾਂ ਅਤੇ ਤਕਰੀਬਨ ਪੰਦਰਾਂ ਮਿੰਟ ਚੱਲਕੇ ਅਸੀਂ ਮੁੜ ਜੰਗਲ ਵਿਚ ਦਾਖ਼ਲ ਹੁੰਦੇ ਹਾਂ।
ਆਪਣੇ ਖ਼ੇਮੇ ਦੇ ਨਵੇਂ ਪੜਾਅ ਵਾਲੀ ਜਗਾ੍ਹ, ਅਸੀਂ ਮੁੜ ਕਤਾਰ ਬਣਾ ਲਈ ਹੈ। ਇਕ ਵਾਰ ਹੋਰ ਰੋਲ ਕਾਲ ਹੁੰਦੀ ਹੈ। ਅਤੇ ਫਿਰ ਸੰਤਰੀ ਪੁਜ਼ੀਸ਼ਨਾਂ ਅਤੇ 'ਫਾਇਰਿੰਗ ਘੇਰਿਆਂ' ਦੀਆਂ ਹਦਾਇਤਾਂ ਮਿਲਦੀਆਂ ਹਨ--ਪੁਲਿਸ ਦਾ ਹਮਲਾ ਹੋਣ ਦੀ ਹਾਲਤ 'ਚ ਕੌਣ ਕਿਹੜੇ ਪਾਸੇ ਲੁਕੇਗਾ ਇਸ ਬਾਰੇ ਤੈਅ ਹੁੰਦਾ ਹੈ। ਇਕ ਵਾਰ ਫੇਰ ਆਰ ਵੀ (ਮਿਲਣ ਦੀ ਜਗਾ੍ਹ) ਤੈਅ ਕੀਤੀਆਂ ਜਾਂਦੀਆਂ ਹਨ।
ਇਕ ਮੋਹਰੀ ਜਥੇ ਨੇ ਪਹਿਲਾਂ ਹੀ ਆ ਕੇ ਰਾਤ ਦਾ ਖਾਣਾ ਬਣਾ ਲਿਆ ਸੀ। ਮੂੰਹ ਮਿੱਠਾ ਕਰਨ ਲਈ, ਕਮਲਾ ਮੈਨੂੰ ਜੰਗਲੀ ਅਮਰੂਦ ਦਿੰਦੀ ਹੈ ਜੋ ਉਸ ਨੇ ਰਾਹ 'ਚੋਂ ਤੋੜਕੇ ਮੇਰੇ ਲਈ ਰੱਖ ਲਿਆ ਸੀ।

ਪਹੁ ਫੁੱਟਣ ਦੇ ਵੇਲੇ ਤੋਂ ਹੀ, ਦਿਨ ਦੇ ਸਮਾਗਮ ਲਈ ਹੋਰ ਵੱਧ ਲੋਕਾਂ ਦੇ ਜੁੜਦੇ ਜਾਣ ਦੀ ਆਹਟ ਮਹਿਸੂਸ ਹੁੰਦੀ ਰਹਿੰਦੀ ਹੈ। ਜੋਸ਼ੋ-ਖਰੋਸ਼ ਵਧਦਾ ਜਾਂਦਾ ਹੈ। ਜਿਹੜੇ ਲੋਕ ਲੰਮੇ ਸਮੇਂ ਤੋਂ ਇਕ ਦੂਜੇ ਨੂੰ ਨਹੀਂ ਮਿਲੇ, ਮੁੜ ਮਿਲ ਰਹੇ ਹਨ। ਮਾਈਕ ਟੈਸਟ ਕੀਤੇ ਜਾਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਝੰਡੇ, ਬੈਨਰ, ਇਸ਼ਤਿਹਾਰ, ਝੰਡੀਆਂ ਆਦਿ ਸਜਾਏ ਜਾ ਰਹੇ ਹਨ। ਉਨ੍ਹਾਂ ਪੰਜ ਤਸਵੀਰਾਂ ਵਾਲਾ ਇਸ਼ਤਿਹਾਰ ਲਾਇਆ ਗਿਆ ਸੀ ਜਿਨ੍ਹਾਂ ਨੂੰ ਉਸ ਦਿਨ ਓਗਨਾਰ 'ਚ ਮਾਰ ਦਿੱਤਾ ਗਿਆ ਸੀ ਜਿਸ ਦਿਨ ਅਸੀਂ ਪਹੁੰਚੇ ਸਾਂ।

ਮੈਂ ਕਾਮਰੇਡ ਨਰਮਦਾ, ਮਾਸੇ ਅਤੇ ਰੂਪੀ ਨਾਲ ਬੈਠਕੇ ਚਾਹ ਪੀ ਰਹੀ ਹਾਂ। ਕਾਮਰੇਡ ਨਰਮਦਾ ਉਨ੍ਹਾਂ ਕਈ ਵਰ੍ਹਿਆਂ ਬਾਰੇ ਦੱਸਦੀ ਹੈ ਜੋ ਉਸ ਨੇ ਕ੍ਰਾਂਤੀਕਾਰੀ ਆਦਿਵਾਸੀ ਮਹਿਲਾ ਸੰਗਠਨ ਦੀ ਡੀ ਕੇ ਦੀ ਮੁਖੀ ਬਣਾਏ ਜਾਣ ਤੋਂ ਪਹਿਲਾਂ ਗੜ੍ਹਚਿਰੌਲੀ 'ਚ ਕੰਮ ਕਰਦਿਆਂ ਬਿਤਾਏ। ਰੂਪੀ ਅਤੇ ਮਾਸੇ ਆਂਧਰਾ ਪ੍ਰਦੇਸ਼ ਵਿਚ ਸ਼ਹਿਰ 'ਚ ਕਾਰਕੁਨ ਰਹੀਆਂ ਹਨ ਅਤੇ ਉਹ ਔਰਤਾਂ ਵੱਲੋਂ ਪਾਰਟੀ ਦੇ ਅੰਦਰ ਲੰਮੀ, ਵਰ੍ਹਿਆਂ ਬੱਧੀ ਜੱਦੋਜਹਿਦ ਬਾਰੇ ਦੱਸਦੀਆਂ ਹਨ, ਨਾ ਸਿਰਫ਼ ਆਪਣੇ ਹੱਕਾਂ ਲਈ, ਸਗੋਂ ਪਾਰਟੀ ਨੂੰ ਇਹ ਸਮਝਾਉਣ ਲਈ ਕਿ ਇਕ ਨਿਆਂਪਸੰਦ ਸਮਾਜ ਦੇ ਸੁਪਨੇ ਅੰਦਰ ਮਰਦ ਔਰਤ ਦੀ ਬਰਾਬਰਤਾ ਨੂੰ ਧੁਰਾ ਮੰਨਕੇ ਸੋਚਣ ਦੀ ਲੋੜ ਹੈ। ਅਸੀਂ ਸੱਤਰਵਿਆਂ ਦੀ ਅਤੇ ਨਕਸਲੀ ਲਹਿਰ ਵਿਚਲੀਆਂ ਉਨ੍ਹਾਂ ਔਰਤਾਂ ਦੀ ਚਰਚਾ ਕਰਦੀਆਂ ਹਾਂ ਜਿਨ੍ਹਾਂ ਦਾ ਮਰਦ ਸਾਥੀਆਂ ਤੋਂ ਮੋਹ ਭੰਗ ਹੋ ਗਿਆ ਸੀ ਜੋ ਖ਼ੁਦ ਨੂੰ ਵੱਡੇ ਇਨਕਲਾਬੀ ਸਮਝਦੇ ਸਨ ਪਰ ਉਨ੍ਹਾਂ ਦੀ ਸੋਚ ਉਸੇ ਪੁਰਾਣੇ ਮਰਦ ਪ੍ਰਧਾਨ ਸੱਤਾਵਾਦ, ਉਹੀ ਪੁਰਾਣੇ ਹੰਕਾਰਵਾਦ 'ਚ ਜਕੜੀ ਹੋਈ ਸੀ। ਮਾਸੇ ਦੱਸਦੀ ਹੈ ਕਿ ਓਦੋਂ ਤੋਂ ਲੈ ਕੇ ਬਹੁਤ ਕੁਝ ਬਦਲ ਗਿਆ ਹੈ, ਹਾਲਾਂਕਿ ਹਾਲੇ ਵੀ ਪੰਧ ਲੰਮਾ ਹੈ। (ਇਸ ਵਕਤ ਪਾਰਟੀ ਦੀ ਕੇਂਦਰੀ ਕਮੇਟੀ ਅਤੇ ਪੋਲਿਟ ਬਿਊਰੋ 'ਚ ਕੋਈ ਔਰਤ ਮੈਂਬਰ ਨਹੀਂ ਹੈ।)

ਦੁਪਹਿਰ ਨੂੰ, ਪੀ ਐੱਲ ਜੀ ਏ ਦੀ ਇਕ ਹੋਰ ਟੁਕੜੀ ਆ ਜਾਂਦੀ ਹੈ। ਇਸ ਦਾ ਮੁਖੀ ਇਕ ਲੰਮਾ, ਲਚਕੀਲਾ, ਮੁੰਡਾ ਜਿਹਾ ਆਦਮੀ ਹੈ। ਇਸ ਕਾਮਰੇਡ ਦੇ ਦੋ ਨਾਂਹ ਹਨ--ਸੁਖਦੇਵ, ਅਤੇ ਗੁਡਸਾ ਓਸੈਂਡੀ--ਇਨ੍ਹਾਂ 'ਚੋਂ ਕੋਈ ਵੀ ਉਸਦਾ ਆਪਣਾ ਨਾਂਅ ਨਹੀਂ ਹੈ। ਸੁਖਦੇਵ ਇਕ ਬਹੁਤ ਹੀ ਪਿਆਰੇ ਸਾਥੀ ਦਾ ਨਾਂਅ ਹੈ ਜੋ ਸ਼ਹੀਦ ਹੋ ਗਿਆ ਸੀ। (ਇਸ ਜੰਗ ਵਿਚ ਸਿਰਫ਼ ਮ੍ਰਿਤਕ ਇਨਸਾਨ ਹੀ ਆਪਣੇ ਅਸਲੀ ਨਾਵਾਂ ਦੀ ਵਰਤੋਂ ਕਰਦਿਆਂ ਸੁਰੱਖਿਅਤ ਰਹਿ ਸਕਦੇ ਹਨ।) ਜਿੱਥੋਂ ਤੱਕ ਗੁਡਸਾ ਓਸੈਂਡੀ ਦਾ ਸਵਾਲ ਹੈ, ਇਕ ਜਾਂ ਦੂਜੇ ਸਮੇਂ ਕਈ ਸਾਥੀ ਗੁਡਸਾ ਓਸੈਂਡੀ ਰਹੇ ਹਨ। (ਕੁਝ ਮਹੀਨੇ ਪਹਿਲਾਂ, ਕਾਮਰੇਡ ਰਾਜੂ ਦਾ ਇਹ ਨਾਂਅ ਸੀ।) ਗੁਡਸਾ ਓਸੈਂਡੀ ਦੰਡਕਾਰਣੀਆਂ ਪਾਰਟੀ ਦੇ ਬੁਲਾਰੇ ਦਾ ਨਾਂਅ ਹੈ। ਇਸ ਕਰਕੇ, ਹਾਲਾਂਕਿ ਸੁਖਦੇਵ ਬਾਕੀ ਸਫ਼ਰ ਮੇਰੇ ਨਾਲ ਰਹਿੰਦਾ ਹੈ, ਪਰ ਮੈਂ ਨਹੀਂ ਜਾਣਦੀ ਕਿ ਮੈਂ ਮੁੜ ਉਸ ਨੂੰ ਕਿਵੇਂ ਲੱਭ ਸਕਾਂਗੀ। ਹਾਲਾਂਕਿ ਮੈਂ ਹਰ ਥਾਂ ਉਸ ਦਾ ਹਾਸਾ ਪਛਾਣ ਲਵਾਂਗੀ। ਉਹ ਦੱਸਦਾ ਹੈ, ਉਹ ਡੀ ਕੇ 'ਚ 1988 'ਚ ਓਦੋਂ ਆਇਆ ਸੀ, ਜਦੋਂ ਪੀ ਡਬਲਯੂ ਜੀ ਨੇ ਆਪਣੀ ਤੀਜਾ ਹਿੱਸਾ ਤਾਕਤ ਉੱਤਰੀ ਤੇਲੰਗਾਨਾ ਤੋਂ ਡੀ ਕੇ ਭੇਜਣ ਦਾ ਫ਼ੈਸਲਾ ਲਿਆ। 'ਵਰਦੀ' (ਮਾਓਵਾਦੀ 'ਵਰਦੀ') ਦੇ ਉਲਟ ਉਹ 'ਸਿਵਿਲ' ('ਸਾਦਾ ਕੱਪੜਿਆਂ' ਲਈ ਗੌਂਡੀ ਲਫ਼ਜ਼) ਕੱਪੜਿਆਂ 'ਚ ਚੰਗਾ ਫੱਬਦਾ ਹੈ ਅਤੇ ਨੌਜਵਾਨ ਅਧਿਕਾਰੀ ਦਾ ਭੁਲੇਖਾ ਪਾ ਸਕਦਾ ਹੈ। ਮੈਂ ਉਸ ਨੂੰ ਪੁੱਛਦੀ ਹਾਂ ਕਿ ਵਰਦੀ ਕਿਉਂ ਨਹੀਂ ਪਹਿਨੀ। ਉਹ ਦੱਸਦਾ ਹੈ ਕਿ ਉਹ ਹੁਣੇ ਹੁਣੇ ਕਾਂਕੇਰ ਨਜ਼ਦੀਕ ਕੇਸ਼ਕਲ ਘਾਟ ਤੋਂ ਆਇਆ ਹੈ। ਉੱਥੇ ਤੀਹ ਲੱਖ ਟਨ ਬਾਕਸਾਈਟ ਹੋਣ ਦੀਆਂ ਰਿਪੋਰਟਾਂ ਹਨ ਜਿਸ ਉੱਪਰ ਵੇਦਾਂਤਾ ਨਾਂਅ ਦੀ ਕੰਪਨੀ ਦੀ ਅੱਖ ਹੈ।
ਸੁਖਦੇਵ ਦੱਸਦਾ ਹੈ ਕਿ ਉਹ ਤਾਂ ਉੱਥੇ ਲੋਕਾਂ ਦੇ ਤੇਵਰ ਵਾਚਣ ਗਿਆ ਸੀ। ਇਹ ਦੇਖਣ ਕਿ ਉੁਹ ਲੜਨ ਲਈ ਤਿਆਰ ਵੀ ਹਨ। ''ਉਹ ਹੁਣ ਸਕੁਐਡ ਚਾਹੁੰਦੇ ਹਨ। ਤੇ ਬੰਦੂਕਾਂ।'' ਉਹ ਆਪਣਾ ਸਿਰ ਪਿਛਾਂਹ ਸੁੱਟ ਲੈਂਦਾ ਹੈ ਅਤੇ ਹਾਸੇ ਨਾਲ ਬੁੜ੍ਹਕ ਉੱਠਦਾ ਹੈ। ''ਮੈਂ ਉਨ੍ਹਾਂ ਨੂੰ ਕਿਹਾ, ਭਰਾਵੋ ਇਹ ਐਨਾ ਸੁਖਾਲਾ ਨਹੀਂ ਏ।'' ਟੁੱਟਵੀਂ ਗੱਲਬਾਤ ਅਤੇ ਜਿੰਨੀ ਸਹਿਜ ਨਾਲ ਉਹ ਆਪਣੀ ਏ ਕੇ-47 ਚੁੱਕਦਾ ਹੈ, ਉਸ ਤੋਂ ਮੈਂ ਦੱਸ ਸਕਦੀ ਹਾਂ ਕਿ ਉਹ ਵੀ ਆਹਲਾ ਦਰਜਾ ਅਤੇ ਪੀ ਐੱਲ ਜੀ ਏ ਦਾ ਮਾਹਰ ਲੜਾਕਾ ਹੈ।
ਐਥੇ ਰੱਖ! ਮਾਰ ਲਿਆ ਮਾਅਰਕਾ, ਮੈਂ ਜਿਵੇਂ ਸੋਚਦੀ ਸੀ ਉਹੀ ਹੋ ਗਿਆ।

ਜੰਗਲ ਦੀ ਡਾਕ ਆ ਪਹੁੰਚਦੀ ਹੈ। ਮੇਰੇ ਲਈ ਵੀ ਬਿਸਕੁਟ ਹੈ! ਇਹ ਕਾਮਰੇਡ ਵੇਨੂ ਵੱਲੋਂ ਹੈ। ਕਾਗਜ਼ ਦੇ ਨਿੱਕੇ ਜਹੇ, ਦੋ ਵਾਰ ਤਹਿ ਮਾਰੇ ਟੁਕੜੇ ਉੱਪਰ ਉਸ ਨੇ ਗੀਤ ਦਾ ਉਹ ਬੰਦ ਲਿਖ ਭੇਜਿਆ ਸੀ ਜਿਸ ਦਾ ਉਸ ਨੇ ਵਾਅਦਾ ਕੀਤਾ ਸੀ। ਕਾਮਰੇਡ ਨਰਮਦਾ ਜਦੋਂ ਇਹ ਪੜ੍ਹਦੀ ਹੈ ਤਾਂ ਮੁਸਕਰਾਉਂਦੀ ਹੈ। ਉਸ ਨੂੰ ਇਹ ਕਹਾਣੀ ਪਤਾ ਹੈ। ਇਹ 80ਵਿਆਂ ਦੇ ਸ਼ੁਰੂ ਦੀ ਹੈ, ਉਨ੍ਹਾਂ ਵਕਤਾਂ ਦੀ ਜਦੋਂ ਪਹਿਲਾਂ ਪਹਿਲ ਲੋਕ ਪਾਰਟੀ 'ਤੇ ਭਰੋਸਾ ਕਰਨ ਲੱਗੇ ਅਤੇ ਆਪਣੇ ਮਸਲੇ--ਆਪਣੀਆਂ 'ਅੰਦਰੂਨੀ' ਵਿਰੋਧਤਾਈਆਂ, ਜਿਵੇਂ ਕਾਮਰੇਡ ਵੇਨੂੰ ਇਨ੍ਹਾਂ ਨੂੰ ਪੇਸ਼ ਕਰਦਾ ਹੈ--ਲੈ ਕੇ ਆਉਣ ਲੱਗੇ। ਸਭ ਤੋਂ ਪਹਿਲਾਂ ਆਉਣ ਵਾਲੀਆਂ ਔਰਤਾਂ ਸਨ। ਇਕ ਸ਼ਾਮ ਨੂੰ ਅੱਗ ਕੋਲ ਬੈਠੀ ਇਕ ਬੁੱਢੀ ਉੱਠ ਖੜ੍ਹੀ ਹੋਈ ਅਤੇ ਦਾਦਾ ਲੋਕਾਂ ਦੇ ਨਾਂਅ ਗੀਤ ਗਾਇਆ। ਉਹ ਮਾੜੀਆ ਆਦਿਵਾਸੀ ਸੀ, ਜਿਨ੍ਹਾਂ 'ਚ ਇਹ ਰਿਵਾਜ਼ ਸੀ ਕਿ ਵਿਆਹੇ ਜਾਣ ਤੋਂ ਬਾਅਦ ਔਰਤਾਂ ਨੂੰ ਬਲਾਊਜ਼ ਲਾਹਕੇ ਛਾਤੀਆਂ ਨੰਗੀਆਂ ਰੱਖਣੀਆਂ ਪੈਂਦੀਆਂ ਸਨ।
ਉਹ ਕਹਿੰਦੇ ਹਨ ਕਿ ਅਸੀਂ ਬਲਾਊਜ਼ ਨਹੀਂ ਪਾ ਸਕਦੀਆਂ, ਦਾਦਾ
ਉਹ ਸਾਥੋਂ ਲੁਹਾ ਦਿੰਦੇ ਨੇ, ਦਾਦਾ
ਸਾਥੋਂ ਕੀ ਕਸੂਰ ਹੋਇਆ, ਦਾਦਾ
ਦੁਨੀਆਂ ਬਦਲ ਗਈ, ਕੀ ਨਹੀਂ ਬਦਲੀ ਦਾਦਾ

ਜਦੋਂ ਅਸੀਂ ਮੰਡੀ ਜਾਂਦੀਆਂ ਹਾਂ ਦਾਦਾ,
ਅੱਧ ਨੰਗੀਆਂ ਜਾਣਾ ਪੈਂਦੈ ਦਾਦਾ,
ਸਾਨੂੰ ਇਹ ਜ਼ਿੰਦਗੀ ਨਹੀਂ ਚਾਹੀਦੀ ਦਾਦਾ,
ਸਾਡੇ ਸਿਆਣਿਆਂ ਨੂੰ ਦੱਸ ਦੇਵੋ ਦਾਦਾ।

ਇਹ ਪਹਿਲਾ ਮੁੱਦਾ ਸੀ ਜਿਸ ਵਿਰੁੱਧ ਪਾਰਟੀ ਨੇ ਮੁਹਿੰਮ ਚਲਾਉਣ ਦਾ ਫ਼ੈਸਲਾ ਲਿਆ। ਇਸ ਮੁੱਦੇ ਨਾਲ ਸਰਜੀਕਲ ਔਜ਼ਾਰਾਂ ਵਰਤਕੇ, ਸੰਭਲਕੇ ਨਜਿੱਠਣਾ ਪੈਣਾ ਸੀ। 1986 'ਚ, ਪਾਰਟੀ ਨੇ ਆਦਿਵਾਸੀ ਮਹਿਲਾ ਸੰਗਠਨ (ਏ ਐੱਮ ਐੱਸ) ਬਣਾਇਆ ਜੋ ਕ੍ਰਾਂਤੀਕਾਰੀ ਆਦਿਵਾਸੀ ਮਹਿਲਾ ਸੰਗਠਨ ਦੇ ਰੂਪ 'ਚ ਉੱਭਰਿਆ ਅਤੇ ਇਸ ਦੀ ਹੁਣ 90,000 ਮੈਂਬਰਸ਼ਿੱਪ ਹੈ। ਸ਼ਾਇਦ ਇਹ ਦੇਸ਼ ਦੀ ਸਭ ਤੋਂ ਵੱਡੀ ਔਰਤ ਜਥੇਬੰਦੀ ਹੋਵੇਗੀ। (ਹਾਂ ਸੱਚ, ਇਹ ਸਾਰੀਆਂ ਮਾਓਵਾਦੀ ਹਨ, ਇਹ ਸਾਰੀਆਂ 90,000। ਕੀ ਇਨ੍ਹਾਂ ਸਾਰੀਆਂ ਦਾ 'ਸਫ਼ਾਇਆ' ਹੋਣ ਜਾ ਰਿਹਾ ਹੈ? ਅਤੇ ਸੀ ਐੱਨ ਐੱਮ ਦੇ ਦਸ ਹਜ਼ਾਰ ਮੈਂਬਰਾਂ ਦਾ ਕੀ ਬਣੇਗਾ? ਉਨ੍ਹਾਂ ਦਾ ਵੀ?) ਕੇ ਏ ਐੱਮ ਐੱਸ ਜਬਰੀ ਵਿਆਹ ਅਤੇ ਉਧਾਲੇ ਦੀਆਂ ਆਦਿਵਾਸੀ ਰਵਾਇਤਾਂ ਵਿਰੁੱਧ ਮੁਹਿੰਮ ਚਲਾਉਂਦੀ ਹੈ। ਮਾਹਵਾਰੀ ਦੇ ਸਮੇਂ ਔਰਤਾਂ ਨੂੰ ਪਿੰਡੋਂ ਬਾਹਰ ਜੰਗਲ ਅੰਦਰ ਝੁੱਗੀ 'ਚ ਰੱਖਣ ਦੀ ਰੀਤ ਖ਼ਿਲਾਫ਼। ਦੋ ਜ਼ਨਾਨੀਆਂ ਰੱਖਣ ਅਤੇ ਘਰੇਲੂ ਹਿੰਸਾ ਵਿਰੁੱਧ। ਸਾਰੀਆਂ ਲੜਾਈਆਂ 'ਚ ਇਸ ਦੀ ਜਿੱਤ ਨਹੀਂ ਹੋਈ, ਪਰ ਕਿਹੜੇ ਔਰਤਵਾਦੀਆਂ ਜਿੱਤੇ ਹਨ? ਮਿਸਾਲ ਵਜੋਂ, ਦੰਡਕਾਰਣੀਆਂ 'ਚ, ਅੱਜ ਵੀ ਔਰਤਾਂ ਨੂੰ ਫ਼ਸਲਾਂ ਦੇ ਬੀਜ ਬੀਜਣ ਦੀ ਇਜਾਜ਼ਤ ਨਹੀਂ ਹੈ। ਪਾਰਟੀ ਮੀਟਿੰਗਾਂ 'ਚ, ਮਰਦ ਮੰਨ ਜਾਂਦੇ ਹਨ ਕਿ ਇਹ ਠੀਕ ਨਹੀਂ ਹੈ ਅਤੇ ਇਸ ਤੋਂ ਖਹਿੜਾ ਛੁਡਾਉਣਾ ਚਾਹੀਦਾ ਹੈ। ਪਰ, ਅਮਲ ਵਿਚ, ਉਹ ਇਸ ਦੀ ਇਜਾਜ਼ਤ ਹੀ ਨਹੀਂ ਦਿੰਦੇ। ਇਸ ਕਰਕੇ, ਪਾਰਟੀ ਨੇ ਫ਼ੈਸਲਾ ਕੀਤਾ ਕਿ ਔਰਤਾਂ ਉਸ ਜ਼ਮੀਨ 'ਤੇ ਫ਼ਸਲਾਂ ਬੀਜਿਆ ਕਰਨਗੀਆਂ ਜੋ ਜਨਤੰਨਾ ਸਰਕਾਰ ਦੀ ਹੈ। ਉਸ ਜ਼ਮੀਨ 'ਤੇ, ਉਹ ਬੀਜ ਬੀਜਦੀਆਂ ਹਨ, ਸਬਜ਼ੀਆਂ ਉਗਾਉਂਦੀਆਂ ਹਨ ਅਤੇ ਬੰਨ੍ਹ ਉਸਾਰਦੀਆਂ ਹਨ। ਇਹ ਅੱਧੀ ਜਿੱਤ ਹੈ, ਸੰਪੂਰਣ ਨਹੀਂ ਹੈ।
ਜਦੋਂ ਤੋਂ ਬਸਤਰ ਵਿਚ ਪੁਲਿਸ ਦਮਨ 'ਚ ਵਾਧਾ ਹੋਇਆ ਹੈ, ਕੇ ਏ ਐੱਮ ਐੱਸ ਦੀਆਂ ਔਰਤਾਂ ਲੋਹੜੇ ਦੀ ਤਾਕਤ ਬਣ ਗਈਆਂ ਹਨ ਅਤੇ ਪੁਲਿਸ ਦਾ ਜਿਸਮਾਨੀ ਤੌਰ 'ਤੇ ਟਾਕਰਾ ਕਰਨ ਲਈ ਸੈਂਕੜਿਆਂ, ਕਈ ਵਾਰ ਤਾਂ ਹਜ਼ਾਰਾਂ, ਦੀ ਗਿਣਤੀ 'ਚ ਆ ਜੁੜਦੀਆਂ ਹਨ। ਕੇ ਏ ਐੱਮ ਐੱਸ ਦੀ ਮੌਜੂਦਗੀ ਦੇ ਤੱਥ ਨੇ ਹੀ ਰਵਾਇਤੀ ਵਤੀਰੇ ਨੂੰ ਤਿੱਖੇ ਰੂਪ 'ਚ ਬਦਲਕੇ ਰੱਖ ਦਿੱਤਾ ਹੈ ਅਤੇ ਔਰਤਾਂ ਖ਼ਿਲਾਫ਼ ਕਈ ਤਰ੍ਹਾਂ ਦਾ ਰਵਾਇਤੀ ਵਿਤਕਰਾ ਘਟਾ ਦਿੱਤਾ ਹੈ। ਅਨੇਕਾਂ ਨੌਜਵਾਨ ਔਰਤਾਂ ਲਈ ਪਾਰਟੀ, ਖ਼ਾਸ ਤੌਰ 'ਤੇ ਪੀ ਐੱਲ ਜੀ ਏ 'ਚ ਸ਼ਾਮਲ ਹੋਣਾ ਆਪਣੇ ਸਮਾਜ ਦੀ ਘੁੱਟਣ ਤੋਂ ਬਚਣ ਦਾ ਢੰਗ ਬਣ ਗਿਆ ਹੈ। ਕੇ ਏ ਐੱਮ ਐੱਸ ਦੀ ਸੀਨੀਅਰ ਅਹੁਦੇਦਾਰ ਸ਼ੀਲਾ ਕੇ ਏ ਐੱਮ ਐੱਸ ਦੀਆਂ ਔਰਤਾਂ ਉੱਪਰ ਸਲਵਾ ਜੁਡਮ ਦੀ ਕਰੋਪੀ ਦੀ ਚਰਚਾ ਕਰਦੀ ਹੈ। ਉਹ ਕਹਿੰਦੀ ਹੈ ਕਿ ਉਨ੍ਹਾਂ ਦਾ ਇਕ ਨਾਅਰਾ ਸੀ: ਹਮ ਦੋ ਬੀਵੀ ਲਏਂਗੇ! ਲਏਂਗੇ! ਇਸ ਨੇ ਕੇ ਏ ਐੱਮ ਐੱਸ ਦੀਆਂ ਮੈਂਬਰ ਔਰਤਾਂ ਦੇ ਬਲਾਤਕਾਰ ਕਰਨ ਅਤੇ ਉਨ੍ਹਾਂ ਦੀਆਂ ਜਨਣ ਇੰਦਰੀਆਂ ਵੱਢ ਦੇਣ ਦਾ ਵਰਤਾਰਾ ਵੱਡੇ ਪੱਧਰ 'ਤੇ ਚਲਾਇਆ। ਜਿਨ੍ਹਾਂ ਅਨੇਕਾਂ ਔਰਤਾਂ ਨੇ ਇਹ ਵਹਿਸ਼ਤ ਅੱਖੀਂ ਦੇਖੀ ਉਹ ਪੀ ਐੱਲ ਜੀ ਏ ਵਿਚ ਸ਼ਾਮਲ ਹੋ ਗਈਆਂ ਅਤੇ ਹੁਣ ਔਰਤਾਂ ਇਸ ਦਾ 45% ਕਾਡਰ ਹਨ। ਕਾਮਰੇਡ ਨਰਮਦਾ ਇਨ੍ਹਾਂ ਵਿਚੋਂ ਕੁਝ ਨੂੰ ਸੱਦਦੀ ਹੈ ਤਾਂ ਤੁਰੰਤ ਹੀ ਉਹ ਸਾਡੀ ਗੱਲਬਾਤ 'ਚ ਸ਼ਾਮਲ ਹੋ ਜਾਂਦੀਆਂ ਹਨ।

ਕਾਮਰੇਡ ਰਿੰਕੀ ਦੇ ਵਾਲ ਬਹੁਤ ਛੋਟੇ ਛੋਟੇ ਹਨ। ਜਿਵੇਂ ਉਹ ਗੌਂਡੀ 'ਚ ਕਹਿੰਦੇ ਹਨ, ਇਹ ਬੌਬ ਕੱਟ ਹਨ। ਇਹ ਉਸ ਦੀ ਬਹਾਦਰੀ ਹੈ, ਕਿਉਂਕਿ ਇੱਥੇ ਬੌਬ-ਕੱਟ ਦਾ ਅਰਥ ਹੈ 'ਮਾਓਵਾਦੀ ਹੋਣਾ'। ਕਿਸੇ ਨੂੰ ਸਜ਼ਾ ਦੇਣ ਲਈ ਪੁਲਿਸ ਨੂੰ ਇਸ ਤੋਂ ਵੱਧ ਹੋਰ ਕਿਸੇ ਸਬੂਤ ਦੀ ਲੋੜ ਨਹੀਂ ਹੈ। 2005 ਵਿਚ ਨਾਗਾ ਬਟਾਲੀਅਨ ਅਤੇ ਸਲਵਾ ਜੁਡਮ ਨੇ ਰਿੰਕੀ ਦੇ ਪਿੰਡ ਕੋਰਮਾ 'ਤੇ ਹਮਲਾ ਕੀਤਾ ਸੀ। ਉਸ ਵਕਤ, ਰਿੰਕੀ ਪਿੰਡ ਮਿਲੀਸ਼ੀਆ ਦੀ ਮੈਂਬਰ ਸੀ। ਇਵੇਂ ਹੀ ਉਸ ਦੀਆਂ ਸਹੇਲੀਆਂ, ਲੁਕੀ ਅਤੇ ਸੁਕੀ ਕੇ ਏ ਐੱਮ ਐੱਸ ਦੀਆਂ ਮੈਂਬਰ ਸਨ। ਪਿੰਡ ਨੂੰ ਸਾੜ ਦੇਣ ਤੋਂ ਬਾਅਦ, ਨਾਗਾ ਬਟਾਲੀਅਨ ਨੇ ਲੁਕੀ ਤੇ ਸੁਕੀ ਅਤੇ ਇਕ ਹੋਰ ਕੁੜੀ ਨੂੰ ਫੜ ਲਿਆ, ਬਲਾਤਕਾਰ ਕੀਤਾ ਅਤੇ ਮਾਰ ਦਿੱਤੀਆਂ। ਰਿੰਕੀ ਦੱਸਦੀ ਹੈ, ''ਉਨ੍ਹਾਂ ਨੇ ਉਨ੍ਹਾਂ ਨਾਲ ਘਾਹ ਉੱਪਰ ਬਲਾਤਕਾਰ ਕੀਤਾ, ਜਦੋਂ ਕੁਕਰਮ ਮੁਕਾ ਚੁੱਕੇ ਤਾਂ ਉੱਥੇ ਘਾਹ ਦਾ ਨਾਂਅ-ਨਿਸ਼ਾਨ ਵੀ ਨਹੀਂ ਸੀ।'' ਹੁਣ ਵਰ੍ਹੇ ਬੀਤ ਗਏ ਹਨ, ਨਾਗਾ ਬਟਾਲੀਅਨ ਜਾ ਚੁੱਕੀ ਹੈ, ਪਰ ਪੁਲਿਸ ਹਾਲੇ ਵੀ ਆਉਂਦੀ ਹੈ। ''ਜਦੋਂ ਉਨ੍ਹਾਂ ਨੂੰ ਔਰਤਾਂ, ਅਤੇ ਮੁਰਗਿਆਂ ਦੀ ਲੋੜ ਹੁੰਦੀ ਹੈ, ਤਾਂ ਆ ਧਮਕਦੇ ਹਨ।''

ਅਜੀਤਾ ਨੇ ਵੀ ਬੌਬ-ਕੱਟ ਬਣਾਇਆ ਹੋਇਆ ਹੈ। ਜੁਡਮ ਵਾਲੇ ਉਨ੍ਹਾਂ ਦੇ ਪਿੰਡ ਕੋਰਸੀਲ ਆਏ, ਅਤੇ ਤਿੰਨ ਵਿਅਕਤੀਆਂ ਨੂੰ ਨਾਲੇ 'ਚ ਡੁਬੋ ਕੇ ਮਾਰ ਦਿੱਤਾ। ਅਜੀਤਾ ਮਿਲੀਸ਼ੀਆ ਦੇ ਨਾਲ ਸੀ ਅਤੇ ਉਨ੍ਹਾਂ ਨੇ ਦੂਰੋਂ ਪਰਲ ਨਾਰ ਤੋੜਕ ਨਾਂਅ ਦੇ ਪਿੰਡ ਤੱਕ ਜੁਡਮ ਵਾਲਿਆਂ ਦਾ ਪਿੱਛਾ ਕੀਤਾ। ਉਸ ਨੇ ਉਨ੍ਹਾਂ ਨੂੰ ਛੇ ਔਰਤਾਂ ਨਾਲ ਬਲਾਤਕਾਰ ਕਰਦੇ ਅਤੇ ਗਲੇ 'ਚ ਗੋਲੀ ਮਾਰਦੇ ਅੱਖੀਂ ਦੇਖਿਆ।
ਕਾਮਰੇਡ ਲਕਸ਼ਮੀ, ਜੋ ਲੰਮੀ ਗੁੱਤ ਵਾਲੀ ਖ਼ੂਬਸੂਰਤ ਕੁੜੀ ਹੈ, ਦੱਸਦੀ ਹੈ ਕਿ ਉਸ ਨੇ ਆਪਣੇ ਪਿੰਡ ਜੋਜੋਰ 'ਚ ਜੁਡਮ ਵਾਲਿਆਂ ਨੂੰ ਤੀਹ ਘਰਾਂ ਨੂੰ ਸਾੜਦੇ ਹੋਏ ਆਪ ਦੇਖਿਆ ਸੀ। ਉਹ ਕਹਿੰਦੀ ਹੈ, ''ਸਾਡੇ ਕੋਲ ਓਦੋਂ ਹਥਿਆਰ ਨਹੀਂ ਸਨ, ਅਸੀਂ ਕੁਝ ਨਹੀਂ ਸੀ ਕਰ ਸਕਦੇ ਸਿਰਫ਼ ਲਾਚਾਰੀ ਨਾਲ ਦੇਖ ਹੀ ਸਕਦੇ ਸੀ।'' ਤੁਰੰਤ ਬਾਅਦ ਉਹ ਪੀ ਐੱਲ ਜੀ ਏ 'ਚ ਸ਼ਾਮਲ ਹੋ ਗਈ। ਲਕਸ਼ਮੀ ਉਨ੍ਹਾਂ 150 ਛਾਪਾਮਾਰਾਂ ਵਿਚੋਂ ਇਕ ਹੈ ਜੋ 2008 'ਚ ਸਾਢੇ ਤਿੰਨ ਮਹੀਨੇ ਜੰਗਲ ਦਾ ਸਫ਼ਰ ਕਰਕੇ ਉੜੀਸਾ ਦੇ ਨਯਾਗੜ੍ਹ 'ਚ ਪੁਲਿਸ ਅਸਲਾ੍ਹਖ਼ਾਨੇ 'ਤੇ ਧਾਵਾ ਬੋਲਣ ਪਹੁੰਚੇ ਸਨ, ਜਿੱਥੋਂ ਉਨ੍ਹਾਂ ਨੇ 1200 ਰਾਈਫਲਾਂ ਅਤੇ 2,00,000 ਰਾਊਂਡ ਗੋਲੀ-ਸਿੱਕਾ ਕਬਜ਼ੇ 'ਚ ਲਿਆ ਸੀ।
ਸਲਵਾ ਜੁਡਮ ਦੀ ਸਾੜਸਤੀ ਸ਼ੁਰੂ ਹੋਣ ਤੋਂ ਪਹਿਲਾਂ, ਸੰਨ 2004 'ਚ ਕਾਮਰੇਡ ਸੁਮਿੱਤਰਾ ਪੀ ਐੱਲ ਜੀ ਏ ਵਿਚ ਸ਼ਾਮਲ ਹੋਈ ਸੀ। ਉਹ ਕਹਿੰਦੀ ਹੈ, ਮੈਂ ਇਸ ਕਰਕੇ ਇਸ ਦੀ ਮੈਂਬਰ ਬਣੀ ਕਿਉਂਕਿ ਘਰ ਤੋਂ ਛੁਟਕਾਰਾ ਹਾਸਲ ਕਰਨਾ ਚਾਹੁੰਦੀ ਸੀ। ਉਸ ਨੇ ਮੈਨੂੰ ਦੱਸਿਆ, ''ਔਰਤਾਂ ਨੂੰ ਹਰ ਤਰ੍ਹਾਂ ਨਾਲ ਕਾਬੂ ਕਰਕੇ ਰੱਖਿਆ ਜਾਂਦਾ ਹੈ। ਸਾਡੇ ਪਿੰਡ ਵਿਚ ਕੁੜੀਆਂ ਨੂੰ ਦਰੱਖ਼ਤਾਂ ਉੱਤੇ ਚੜ੍ਹਨ ਨਹੀਂ ਦਿੱਤਾ ਜਾਂਦਾ ਸੀ; ਜੇ ਉਹ ਅਜਿਹਾ ਕਰਦੀਆਂ ਤਾਂ 500 ਰੁਪਏ ਜੁਰਮਾਨਾ ਦੇਣਾ ਪੈਂਦਾ ਜਾਂ ਮੁਰਗੀ ਦੇਣੀ ਪੈਂਦੀ ਸੀ। ਜੇ ਕੋਈ ਮਰਦ ਕਿਸੇ ਔਰਤ 'ਤੇ ਹਮਲਾ ਕਰਦਾ ਹੈ ਤੇ ਜੇ ਉਹ ਮੋੜਵਾਂ ਵਾਰ ਕਰਦੀ ਹੈ ਤਾਂ ਉਸ ਨੂੰ ਪਿੰਡ ਨੂੰ ਬੱਕਰੀ ਭੇਟ ਪੈਂਦੀ ਹੈ। ਮਰਦ ਇਕੱਠੇ ਹੋ ਕੇ ਮਹੀਨਿਆਂ ਬੱਧੀ ਪਹਾੜੀਆਂ 'ਤੇ ਸ਼ਿਕਾਰ ਕਰਦੇ ਰਹਿੰਦੇ ਹਨ। ਔਰਤਾਂ ਨੂੰ ਸ਼ਿਕਾਰ ਦੇ ਨੇੜੇ ਵੀ ਨਹੀਂ ਜਾਣ ਦਿੱਤਾ ਜਾਂਦਾ, ਸਭ ਤੋਂ ਵਧੀਆ ਗੋਸ਼ਤ ਮਰਦ ਲੈ ਜਾਂਦੇ ਹਨ। ਔਰਤਾਂ ਨੂੰ ਤਾਂ ਆਂਡੇ ਵੀ ਖਾਣ ਦੀ ਇਜਾਜ਼ਤ ਨਹੀਂ।'' ਹੈ ਨਾ ਗੁਰੀਲਾ ਫ਼ੌਜ 'ਚ ਸ਼ਾਮਲ ਹੋਣ ਦਾ ਵਧੀਆ ਕਾਰਣ?
ਸੁਮਿਤਰਾ ਆਪਣੀਆਂ ਦੋ ਸਹੇਲੀਆਂ ਤੇਲਮ ਪਾਰਵਤੀ ਅਤੇ ਕਮਲਾ ਦੀ ਕਹਾਣੀ ਦੱਸਦੀ ਹੈ, ਜੋ ਕੇ ਏ ਐੱਮ ਐੱਸ ਨਾਲ ਕੰਮ ਕਰਦੀਆਂ ਸਨ। ਤੇਲਮ ਪਾਰਵਤੀ ਦੱਖਣੀ ਬਸਤਰ ਦੇ ਪੋਲੇਕਾਯਾ ਪਿੰਡ ਤੋਂ ਸੀ। ਹੋਰ ਲੋਕਾਂ ਵਾਂਗ ਉਸ ਨੇ ਵੀ ਸਲਵਾ ਜੁਡਮ ਵਾਲਿਆਂ ਨੂੰ ਆਪਣਾ ਪਿੰਡ ਸਾੜਦਿਆਂ ਨੂੰ ਦੇਖਿਆ। ਉਹ ਫੇਰ ਪੀ ਐੱਲ ਜੀ ਏ ਵਿਚ ਸ਼ਾਮਲ ਹੋ ਗਈ ਅਤੇ ਕੇਸ਼ਕਲ ਘਾਟ 'ਚ ਕੰਮ ਕਰਨ ਚਲੀ ਗਈ। 2009 'ਚ, ਕਮਲਾ ਅਤੇ ਉਹ ਇਲਾਕੇ ਅੰਦਰ ਅੱਠ ਮਾਰਚ ਦਾ ਸਮਾਗਮ ਨੇਪਰੇ ਚਾੜ੍ਹਕੇ ਹਾਲੇ ਵਾਗਡੋ ਨਾਂਅ ਦੇ ਪਿੰਡ ਦੀ ਇਕ ਨਿੱਕੀ ਜਹੀ ਝੁੱਗੀ 'ਚ ਹੀ ਰੁਕੀਆਂ ਹੋਈਆਂ ਸਨ। ਰਾਤ ਨੂੰ ਪੁਲਿਸ ਨੇ ਘੇਰਾ ਪਾ ਲਿਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਮਲਾ ਨੇ ਜਵਾਬ 'ਚ ਗੋਲੀਆਂ ਚਲਾਈਆਂ, ਪਰ ਮਾਰੀ ਗਈ। ਪਾਰਵਤੀ ਬਚਕੇ ਨਿੱਕਲ ਗਈ, ਪਰ ਅਗਲੇ ਦਿਨ ਕਾਬੂ ਆ ਗਈ ਅਤੇ ਮਾਰ ਦਿੱਤੀ ਗਈ।
ਪਿਛਲੇ ਸਾਲ ਔਰਤ ਦਿਵਸ 'ਤੇ ਇਹ ਕੁਝ ਵਾਪਰਿਆ ਸੀ। ਇਸ ਸਾਲ ਔਰਤ ਦਿਵਸ ਮਨਾਏ ਜਾਣ ਬਾਰੇ ਇਕ ਕੌਮੀ ਰੋਜ਼ਾਨਾ ਅਖ਼ਬਾਰ 'ਚ ਜੋ ਰਿਪੋਰਟ ਛਾਪੀ ਉਹ ਇਸ ਤਰ੍ਹਾਂ ਸੀ:
ਬਸਤਰ ਦੇ ਬਾਗ਼ੀਆਂ ਨੇ ਔਰਤਾਂ ਦੇ ਹੱਕਾਂ ਦੀ ਗੱਲ ਕੀਤੀ
ਸਹਾਰ ਖ਼ਾਨ, ਮੇਲ ਟੁਡੇ, ਰਾਏਪੁਰ, 7 ਮਾਰਚ 2010

ਸਰਕਾਰ ਨੇ ਦੇਸ਼ ਅੰਦਰ ਮਾਓਵਾਦੀ ਖ਼ੌਫ਼ ਦਾ ਮੁਕਾਬਲਾ ਕਰਨ ਲਈ ਸਾਰੀ ਤਾਕਤ ਝੋਕੀ ਹੋ ਸਕਦੀ ਹੈ। ਪਰ ਛੱਤੀਸਗੜ੍ਹ ਅੰਦਰ ਬਾਗ਼ੀਆਂ ਦੇ ਇਕ ਹਿੱਸੇ ਨੇ ਹੋਂਦ ਦੇ ਸਵਾਲ ਤੋਂ ਪਰਾਂ੍ਹ ਵੱਧ ਜ਼ਰੂਰੀ ਮਾਮਲਿਆਂ ਨੂੰ ਹੱਥ ਲਿਆ ਹੋਇਆ ਹੈ। ਕੌਮਾਂਤਰੀ ਔਰਤ ਦਿਵਸ ਨੇੜੇ ਹੋਣ ਕਰਕੇ, ਸੂਬੇ ਦੇ ਬਸਤਰ ਖੇਤਰ ਦੇ ਮਾਓਵਾਦੀ ਬਾਗ਼ੀਆਂ ਨੇ ਔਰਤਾਂ ਦੇ ਹੱਕਾਂ ਦੀ ਵਕਾਲਤ ਕਰਨ ਲਈ ਹਫ਼ਤਾ ਭਰ ''ਸਮਾਗਮ ਕਰਨ'' ਦਾ ਸੱਦਾ ਦਿੱਤਾ ਹੈ। ਬਸਤਰ ਜ਼ਿਲ੍ਹੇ ਦੇ ਇਕ ਹਿੱਸੇ ਬੀਜਾਪੁਰ 'ਚ ਇਸ਼ਤਿਹਾਰ ਵੀ ਲਗਾਏ ਗਏ ਹਨ। ਔਰਤਾਂ ਦੇ ਹੱਕਾਂ ਦੇ ਆਪੇ-ਸੱਜੇ ਚੈਂਪੀਅਨਾਂ ਨੇ ਸੂਬਾ ਪੁਲਿਸ ਨੂੰ ਅਚੰਭੇ 'ਚ ਪਾ ਦਿੱਤਾ ਹੈ। ਬਸਤਰ ਦੇ ਇੰਸਪੈਕਟਰ ਜਨਰਲ (ਆਈ ਜੀ) ਟੀ ਜੇ ਲੌਂਗਕੁਮਾਰ ਦਾ ਕਹਿਣਾ ਹੈ, ''ਮੈਂ ਨਕਸਲੀਆਂ ਵੱਲੋਂ ਕਦੇ ਇਸ ਤਰ੍ਹਾਂ ਦੀ ਅਪੀਲ ਨਹੀਂ ਦੇਖੀ, ਉਹ ਸਿਰਫ਼ ਹਿੰਸਾ ਅਤੇ ਖ਼ੂਨਖਰਾਬੇ 'ਚ ਵਿਸ਼ਵਾਸ ਰੱਖਦੇ ਹਨ।''
ਤੇ ਫਿਰ ਰਿਪੋਰਟ ਅੱਗੇ ਕਹਿੰਦੀ ਹੈ:
''ਆਈ ਜੀ ਨੇ ਦੱਸਿਆ ''ਮੈਂ ਸਮਝਦਾ ਹਾਂ ਮਾਓਵਾਦੀ ਸਾਡੀ ਜਨ ਜਾਗਰਣ ਅਭਿਆਨ ਦੀ ਬਹੁਤ ਜ਼ਿਆਦਾ ਕਾਮਯਾਬੀ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਓਪਰੇਸ਼ਨ ਗਰੀਨ ਹੰਟ ਲਈ ਜਨਤਕ ਹਮਾਇਤ ਜਿੱਤਣ ਲਈ ਇਹ ਮੁਹਿੰਮ ਚਲਾਈ ਸੀ, ਜੋ ਖੱਬੇਪੱਖੀ ਅੱਤਵਾਦੀਆਂ ਦੀ ਜੜ੍ਹ ਵੱਢਣ ਲਈ ਸ਼ੁਰੂ ਕੀਤਾ ਗਿਆ ਹੈ।''
ਮੰਦਭਾਵਨਾ ਅਤੇ ਅਗਿਆਨਤਾ ਦਾ ਇਹ ਮਿਲਗੋਭਾ ਆਮ ਗੱਲ ਹੈ। ਅੱਜਕੱਲ੍ਹ ਪਾਰਟੀ ਦੇ ਇਤਹਾਸ ਨੂੰ ਸਾਂਭਣ ਦਾ ਕੰਮ ਕਰਨ ਵਾਲਾ ਗੁਡਸਾ ਓਸੈਂਡੀ ਬਹੁਤੇ ਲੋਕਾਂ ਨਾਲੋਂ ਇਸ ਬਾਰੇ ਵੱਧ ਜਾਣਦਾ ਹੈ। ਉਸ ਦਾ ਨਿੱਕਾ ਜਿਹਾ ਕੰਪਿਊਟਰ ਅਤੇ ਐੱਮ ਪੀ-3 ਪ੍ਰੈੱਸ ਬਿਆਨਾਂ, ਨਿਖੇਧੀਆਂ, ਸਪਸ਼ਟੀਕਰਨਾਂ, ਪਾਰਟੀ ਸਾਹਿਤ, ਮ੍ਰਿਤਕਾਂ ਦੀ ਸੂਚੀ, ਟੀ ਵੀ ਕਲਿੱਪਾਂ ਅਤੇ ਆਡੀਓ ਤੇ ਵਿਡਿਓ ਸਮੱਗਰੀ ਨਾਲ ਭਰੇ ਪਏ ਹਨ। ਉਹ ਕਹਿੰਦਾ ਹੈ, ''ਗੁਡਸਾ ਓਸੈਂਡੀ ਹੋਣ ਦੀ ਸਭ ਤੋਂ ਭੈੜੀ ਚੀਜ਼ ਸਪਸ਼ਟੀਕਰਨ ਦੇਣਾ ਹੈ ਜੋ ਕਦੇ ਪ੍ਰਕਾਸ਼ਤ ਹੀ ਨਹੀਂ ਹੁੰਦੇ। ਜਿਹੜਾ ਝੂਠ ਇਹ ਬੋਲਦੇ ਹਨ ਉਸਦੇ ਸਪਸ਼ਟੀਕਰਨਾਂ ਦੀ ਅਸੀਂ ਇਕ ਮੋਟੀ ਕਿਤਾਬ ਛਾਪ ਸਕਦੇ ਹਾਂ।'' ਉਹ ਬਿਨਾ ਕਿਸੇ ਨਾਰਾਜ਼ਗੀ ਤੋਂ, ਸਗੋਂ ਇਕ ਤਰ੍ਹਾਂ ਦਿਲਲਗੀ ਨਾਲ ਕਹਿੰਦਾ ਹੈ।
''ਸਭ ਤੋਂ ਹਾਸੋਹੀਣਾ ਕਿਹੜਾ ਇਲਜ਼ਾਮ ਸੀ ਜਿਸ ਨੂੰ ਤੁਸੀਂ ਰੱਦ ਕੀਤਾ?''
ਉਹ ਸੋਚਕੇ ਦੱਸਦਾ ਹੈ। ''2007 ਵਿਚ, ਸਾਨੂੰ ਇਹ ਬਿਆਨ ਜਾਰੀ ਕਰਨਾ ਪਿਆ, 'ਨਹੀਂ ਭਰਾਵੋ, ਅਸੀਂ ਗਾਵਾਂ ਨੂੰ ਹਥੌੜੇ ਨਾਲ ਨਹੀਂ ਮਾਰਿਆ।' 2007 ਵਿਚ, ਰਮਨ ਸਿੰਘ ਸਰਕਾਰ ਨੇ ਇਕ ਗਾਂ ਯੋਜਨਾ ਦਾ, ਚੋਣ ਵਾਅਦੇ ਅਨੁਸਾਰ, ਹਰੇਕ ਆਦਿਵਾਸੀ ਨੂੰ ਇਕ ਗਾਂ ਦੇਣ ਦਾ ਐਲਾਨ ਕੀਤਾ ਸੀ। ਇਕ ਦਿਨ ਟੀ ਵੀ ਚੈਨਲਾਂ ਅਤੇ ਅਖ਼ਬਾਰਾਂ ਨੇ ਰਿਪੋਰਟ ਦਿੱਤੀ ਕਿ ਨਕਸਲੀਆਂ ਵੱਲੋਂ ਗਾਵਾਂ ਦੇ ਇਕ ਵੱਗ 'ਤੇ ਹਮਲੇ ਕਰਕੇ ਉਨ੍ਹਾਂ ਨੂੰ ਹਥੌੜੇ ਮਾਰਕੇ ਮਾਰ ਦਿੱਤਾ ਕਿਉਂਕਿ ਉਹ ਹਿੰਦੂ ਵਿਰੋਧੀ, ਬੀ ਜੇ ਪੀ ਵਿਰੋਧੀ ਹਨ। ਹੁਣ ਤੁਸੀਂ ਕਲਪਨਾ ਕਰ ਸਕਦੇ ਹੋ ਕੀ ਵਾਪਰਿਆ ਹੋਵੇਗਾ। ਅਸੀਂ ਇਨਕਾਰ ਕਰਦਾ ਬਿਆਨ ਜਾਰੀ ਕੀਤਾ। ਸ਼ਾਇਦ ਹੀ ਕਿਸੇ ਨੇ ਛਾਪਿਆ ਹੋਵੇਗਾ। ਬਾਅਦ 'ਚ, ਇਹ ਸਾਹਮਣੇ ਆਇਆ ਕਿ ਜਿਸ ਵਿਅਕਤੀ ਨੂੰ ਗਾਵਾਂ ਵੰਡਣ ਲਈ ਦਿੱਤੀਆਂ ਗਈਆਂ ਸਨ ਉਹ ਠੱਗ ਸੀ। ਉਸ ਨੇ ਗਾਵਾਂ ਵੇਚ ਦਿੱਤੀਆਂ ਅਤੇ ਕਹਿ ਇਹ ਦਿੱਤਾ ਕਿ ਅਸੀਂ ਉਸ 'ਤੇ ਹਮਲਾ ਕਰਕੇ ਗਾਵਾਂ ਮਾਰ ਦਿੱਤੀਆਂ ਹਨ।''
ਅਤੇ ਸਭ ਤੋਂ ਗੰਭੀਰ ਸਪਸ਼ਟੀਕਰਨ?

''ਐਸੇ ਦਰਜਨਾਂ ਮਾਮਲੇ ਹਨ। ਅਸਲ ਵਿਚ ਤਾਂ ਉਹ ਮੁਹਿੰਮ ਚਲਾ ਰਹੇ ਹਨ। ਜਦੋਂ ਸਲਵਾ ਜੁਡਮ ਸ਼ੁਰੂ ਕੀਤੀ ਗਈ, ਪਹਿਲੇ ਦਿਨ ਉਨ੍ਹਾਂ ਨੇ ਅੰਬੇਲੀ ਨਾਂਅ ਦੇ ਪਿੰਡ 'ਤੇ ਹਮਲਾ ਕੀਤਾ, ਇਸ ਨੂੰ ਸਾੜ ਦਿੱਤਾ ਅਤੇ ਸਾਰੇ--ਐੱਸ ਪੀ ਓ, ਨਾਗਾ ਬਟਾਲੀਅਨ, ਪੁਲਿਸ--ਕੋਤਰਾਪਾਲ ਨੂੰ ਚਲੇ ਗਏ, ਤੁਸੀਂ ਕੋਤਰਾਪਾਲ ਬਾਰੇ ਲਾਜ਼ਮੀ ਸੁਣਿਆ ਹੋਵੇਗਾ? ਇਹ ਮਸ਼ਹੂਰ ਪਿੰਡ ਹੈ, ਗੋਡੇ ਟੇਕਣ ਤੋਂ ਇਨਕਾਰੀ ਹੋਣ ਕਰਕੇ ਇਸ ਨੂੰ 22 ਦਫ਼ਾ ਸਾੜਿਆ ਗਿਆ ਹੈ। ਜਦੋਂ ਸਲਵਾ ਜੁਡਮ ਵਾਲੇ ਕੋਤਰਾਪਾਲ ਪਹੁੰਚੇ ਤਾਂ ਸਾਡੀ ਮਿਲੀਸ਼ੀਆ ਬੈਠੀ ਉਡੀਕ ਰਹੀ ਸੀ। ਮਿਲੀਸ਼ੀਆ ਨੇ ਘਾਤ ਲਾ ਕੇ ਹਮਲਾ ਕਰਨ ਦੀ ਤਿਆਰੀ ਕੀਤੀ ਹੋਈ ਸੀ। ਦੋ ਐੱਸ ਪੀ ਓ ਮਾਰੇ ਗਏ। ਸੱਤ ਅਸੀਂ ਕਾਬੂ ਕਰ ਲਏ, ਬਾਕੀ ਦੇ ਭੱਜ ਗਏ। ਅਗਲੇ ਦਿਨ ਅਖ਼ਬਾਰਾਂ 'ਚ ਖ਼ਬਰ ਸੀ ਨਕਸਲੀਆਂ ਵੱਲੋਂ ਗਰੀਬ ਆਦਿਵਾਸੀਆਂ ਦਾ ਕਤਲੇਆਮ। ਕੁਝ ਨੇ ਤਾਂ ਇਹ ਲਿਖ ਦਿੱਤਾ ਕਿ ਅਸੀਂ ਸੈਂਕੜੇ ਲੋਕ ਕਤਲ ਕਰ ਦਿੱਤੇ ਹਨ। ਫਰੰਟਲਾਈਨ ਵਰਗੇ ਇਕ ਵੱਕਾਰੀ ਰਸਾਲੇ ਨੇ ਵੀ ਇਹੀ ਕਿਹਾ ਕਿ ਅਸੀਂ 18 ਨਿਰਦੋਸ਼ ਆਦਿਵਾਸੀ ਮਾਰ ਦਿੱਤੇ ਹਨ। ਇੱਥੋਂ ਤੱਕ ਕਿ ਅਕਸਰ ਹੀ ਗਹਿਰਾਈ 'ਚ ਜਾ ਕੇ ਤੱਥਾਂ ਦੀ ਪੁਣਛਾਣ ਕਰਨ ਵਾਲੇ ਮਨੁੱਖੀ ਅਧਿਕਾਰਾਂ ਦੇ ਘੁਲਾਟੀਏ ਕੇ ਬਾਲਾਗੋਪਾਲ ਨੇ ਵੀ ਅਜਿਹਾ ਹੀ ਕਹਿ ਦਿੱਤਾ। ਅਸੀਂ ਸਪਸ਼ਟੀਕਰਨ ਭੇਜਿਆ। ਕਿਸੇ ਨੇ ਵੀ ਨਹੀਂ ਛਾਪਿਆ। ਬਾਅਦ 'ਚ, ਆਪਣੀ ਕਿਤਾਬ 'ਚ, ਬਾਲਾਗੋਪਾਲ ਨੇ ਆਪਣੀ ਗ਼ਲਤੀ ਮੰਨੀ...ਪਰ ਕਿਸਨੇ ਧਿਆਨ ਦਿੱਤਾ?''

ਮੈਂ ਸਵਾਲ ਕੀਤਾ ਜਿਨ੍ਹਾਂ ਸੱਤ ਵਿਅਕਤੀਆਂ ਨੂੰ ਫੜ ਲਿਆ ਸੀ ਉਨ੍ਹਾਂ ਦਾ ਕੀ ਬਣਿਆ? ''ਇਲਾਕਾ ਕਮੇਟੀ ਨੇ ਜਨ ਅਦਾਲਤ ਬੁਲਾਈ। ਇਸ ਵਿਚ ਚਾਰ ਹਜ਼ਾਰ ਲੋਕ ਸ਼ਾਮਲ ਹੋਏ। ਉਨ੍ਹਾਂ ਨੇ ਪੂਰੀ ਕਹਾਣੀ ਸੁਣੀ। ਦੋ ਐੱਸ ਪੀ ਓ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਪੰਜ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ। ਇਹ ਤੈਅ ਲੋਕਾਂ ਨੇ ਕੀਤਾ। ਇੱਥੋਂ ਤੱਕ ਕਿ ਮੁਖ਼ਬਰਾਂ ਦੇ ਮਾਮਲੇ 'ਚ--ਇਹ ਅੱਜਕੱਲ੍ਹ ਵੱਡਾ ਮਸਲਾ ਬਣਦਾ ਜਾ ਰਿਹਾ ਹੈ--ਲੋਕ ਇਹ ਮਾਮਲੇ, ਸਾਰੀ ਕਹਾਣੀ, ਇਕਬਾਲੀਆ ਬਿਆਨ ਸੁਣਕੇ ਕਹਿ ਦਿੰਦੇ ਹਨ, 'ਇਸਕਾ ਹਮ ਰਿਸਕ ਨਹੀਂ ਲੇ ਸਕਤੇ', ਜਾਂ 'ਇਸਕਾ ਹਮ ਰਿਸਕ ਲੇਂਗੇ'। ਪ੍ਰੈੱਸ ਹਮੇਸ਼ਾ ਉਨ੍ਹਾਂ ਮੁਖ਼ਬਰਾਂ ਦੀ ਰਿਪੋਰਟ ਛਾਪਦੀ ਹੈ ਜੋ ਮਾਰ ਦਿੱਤੇ ਜਾਂਦੇ ਹਨ। ਉਨ੍ਹਾਂ ਅਨੇਕਾਂ ਦੀ ਰਿਪੋਰਟ ਕਦੇ ਨਹੀਂ ਕਰਦੀ ਜਿਨ੍ਹਾਂ ਨੂੰ ਛੱਡਿਆ ਜਾਂਦਾ ਹੈ। ਹਰ ਕੋਈ ਇਸ ਤਰ੍ਹਾਂ ਸੋਚਦਾ ਹੈ ਕਿ ਇਹ ਤਾਂ ਬੱਸ ਖ਼ੂਨ ਦੀ ਪਿਆਸ ਬੁਝਾਊ ਕਾਰਵਾਈ ਹੁੰਦੀ ਹੈ ਜਿਸ ਵਿਚ ਹਰ ਕਿਸੇ ਨੂੰ ਕਤਲ ਕਰ ਦਿੱਤਾ ਜਾਂਦਾ ਹੈ। ਜਦੋਂਕਿ ਇਹ ਬਦਲਾ ਲਊ ਕਾਰਵਾਈ ਨਹੀਂ ਹੁੰਦੀ, ਇਹ ਹੋਂਦ ਬਚਾਉਣ ਦੀ ਕਾਰਵਾਈ ਅਤੇ ਭਵਿੱਖ 'ਚ ਜਾਨਾਂ ਬਚਾਉਣ ਦੇ ਲਈ ਹੁੰਦੀ ਹੈ। .....ਬਿਨਾਂਸ਼ੱਕ ਸਮੱਸਿਆਵਾਂ ਹਨ, ਅਸੀਂ ਭਿਆਨਕ ਗ਼ਲਤੀਆਂ ਕੀਤੀਆਂ ਹਨ, ਘਾਤ ਹਮਲਿਆਂ ਦੌਰਾਨ ਅਸੀਂ ਲੋਕਾਂ ਨੂੰ ਪੁਲਸੀਏ ਸਮਝਕੇ ਵੀ ਮਾਰਿਆ, ਪਰ ਜਿਸ ਤਰ੍ਹਾਂ ਪ੍ਰਚਾਰ ਮਾਧਿਅਮਾਂ 'ਚ ਪੇਸ਼ ਕੀਤਾ ਜਾਂਦਾ ਹੈ, ਮਾਮਲਾ ਉਸ ਤਰ੍ਹਾਂ ਨਹੀਂ ਹੈ।''

ਭਿਆਨਕ 'ਜਨ ਅਦਾਲਤਾਂ'। ਅਸੀਂ ਇਨ੍ਹਾਂ ਨੂੰ ਕਿਵੇਂ ਸਵੀਕਾਰ ਕਰ ਸਕਦੇ ਹਾਂ? ਜਾਂ ਇਸ ਤਰ੍ਹਾਂ ਦੇ ਜਾਹਲ ਇਨਸਾਫ਼ ਨੂੰ ਕਿਵੇਂ ਮੰਨ ਲਵਾਂਗੇ?
ਦੂਜੇ ਪਾਸੇ, ਝੂਠੇ ਅਤੇ ਦੂਜੀ ਤਰ੍ਹਾਂ ਦੇ ਉਨ੍ਹਾਂ 'ਮੁਕਾਬਲਿਆਂ' ਬਾਰੇ ਕੀ ਕਿਹਾ ਜਾਵੇ--ਜੋ ਸਰਸਰੀ ਜਹੇ ਇਨਸਾਫ਼ ਐਲਾਨ ਦੇਣ ਦੀ ਸਭ ਤੋਂ ਭੈੜੀ ਕਿਸਮ ਹੈ--ਜਿਨ੍ਹਾਂ ਨੂੰ ਅਧਾਰ ਬਣਾਕੇ ਭਾਰਤ ਸਰਕਾਰ ਪੁਲਸੀਆਂ ਨੂੰ ਬਹਾਦਰੀ ਦੇ ਤਮਗੇ, ਨਗ਼ਦ ਇਨਾਮ ਅਤੇ ਵਾਰੀ ਭੰਨਕੇ ਤਰੱਕੀਆਂ ਦਿੰਦੀ ਹੈ? ਜਿੰਨੇ ਵੱਧ ਇਹ ਕਤਲ ਕਰਦੇ ਹਨ, ਓਨੇ ਵੱਧ ਇਨ੍ਹਾਂ ਨੂੰ ਇਨਾਮ ਦਿੱਤੇ ਜਾਂਦੇ ਹਨ। ਇਨ੍ਹਾਂ ਨੂੰ 'ਸ਼ੇਰ ਦਿਲ', 'ਮੁਕਾਬਲਿਆਂ ਦੇ ਮਾਹਰ' ਦੱਸਿਆ ਜਾਂਦਾ ਹੈ; ਅਸੀਂ ਜਿਹੜੇ ਲੋਕ ਇਸ ਬਾਰੇ ਸਵਾਲ ਕਰਨ ਦਾ ਹੌਂਸਲਾ ਕਰਦੇ ਹਾਂ, ਸਾਨੂੰ 'ਦੇਸ਼ ਵਿਰੋਧੀ' ਕਹਿ ਦਿੱਤਾ ਜਾਂਦਾ ਹੈ। ਉਸ ਸੁਪਰੀਮ ਕੋਰਟ ਬਾਰੇ ਕੀ ਕਿਹਾ ਜਾਵੇ ਜਿਸ ਨੇ ਬੇਸ਼ਰਮੀ ਨਾਲ ਮੰਨ ਲਿਆ ਕਿ ਉਸ ਕੋਲ ਮੁਹੰਮਦ ਅਫ਼ਜ਼ਲ (ਦਸੰਬਰ 2001 'ਚ ਸੰਸਦ ਉੱਪਰ ਹਮਲੇ ਦੇ ਦੋਸ਼ੀ) ਨੂੰ ਮੌਤ ਦੀ ਸਜ਼ਾ ਦੇਣ ਲਈ ਲੋੜੀਂਦੇ ਸਬੂਤ ਤਾਂ ਹੈ ਨਹੀਂ ਸੀ, ਪਰ ਅਜਿਹਾ ਇਸ ਕਰਕੇ ਕੀਤਾ, ਕਿਉਂਕਿ ''ਸਮੂਹ ਸਮਾਜ ਦੀ ਜ਼ਮੀਰ ਨੂੰ ਫਿਰ ਹੀ ਤਸੱਲੀ ਹੋਵੇਗੀ ਜੇ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ''।
ਘੱਟੋ-ਘੱਟ ਕੋਤਰਾਪਾਲ ਦੀ ਜਨ ਅਦਾਲਤ ਅੰਦਰ, ਲੋਕ ਸਮੂਹ ਆਪਣਾ ਫ਼ੈਸਲਾ ਦੇਣ ਲਈ ਉੱਥੇ ਖ਼ੁਦ ਹਾਜ਼ਰ ਤਾਂ ਹੈ ਸਨ। ਪਰ ਉਨ੍ਹਾਂ ਜੱਜਾਂ ਨੇ ਇਉਂ ਨਹੀਂ ਕਰਦੇ ਜੋ ਗ਼ੈਰਹਾਜ਼ਰ ਸਮੂਹ ਸਮਾਜ ਦੀ ਤਰਫ਼ੋਂ ਫ਼ੈਸਲੇ ਐਲਾਨਦੇ ਹਨ ਪਰ ਸਧਾਰਣ ਲੋਕ ਜੀਵਨ ਨਾਲੋਂ ਲੰਮੇ ਸਮੇਂ ਤੋਂ ਟੁੱਟੇ ਹੋਏ ਹਨ।
ਫਿਰ, ਕੋਤਰਾਪਾਲ ਦੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਸੀ? ਕੀ ਪੁਲਿਸ ਕੋਲ ਜਾਂਦੇ?

ਢੋਲਾਂ ਦੀ ਆਵਾਜ਼ ਉੱਚੀ ਹੋ ਗਈ ਹੈ। ਇਹ ਭੂਮਕਾਲ ਦਾ ਵਕਤ ਹੈ। ਅਸੀਂ ਮੈਦਾਨ 'ਚ ਚਲੇ ਜਾਂਦੇ ਹਾਂ। ਮੈਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਹੀ ਨਹੀਂ ਆਉਂਦਾ। ਉੱਥੇ ਤਾਂ ਲੋਕਾਂ ਦਾ ਸਮੁੰਦਰ ਠਾਠਾਂ ਮਾਰ ਰਿਹਾ ਹੈ, ਸਭ ਤੋਂ ਜੰਗਲੀ, ਖ਼ੂਬਸੂਰਤ ਤਰੀਕੇ ਨਾਲ ਬਣ-ਠਣਕੇ ਆਏ ਲੋਕਾਂ ਦਾ ਸਮੁੰਦਰ। ਮਰਦ ਔਰਤਾਂ ਨਾਲੋਂ ਵੱਧ ਰੀਝ ਨਾਲ ਹਾਰ-ਸ਼ਿੰਗਾਰ ਕਰਕੇ ਆਏ ਹਨ। ਉਹ ਸਿਰਾਂ 'ਤੇ ਪਟਕੇ ਬੰਨ੍ਹਕੇ ਅਤੇ ਚਿਹਰਿਆਂ 'ਤੇ ਮੂਰਤਾਂ ਛਾਪਕੇ ਪਹੁੰਚੇ ਹਨ। ਕਈਆਂ ਨੇ ਅੱਖਾਂ ਦੁਆਲੇ ਹਾਰ-ਸ਼ਿੰਗਾਰ ਕੀਤਾ ਹੋਇਆ ਅਤੇ ਮੂੰਹਾਂ 'ਤੇ ਪਾਊਡਰ ਮਲਿਆ ਹੋਇਆ। ਵਾਹਵਾ ਗਿਣਤੀ 'ਚ ਮਿਲੀਸ਼ੀਆ ਆਈ ਹੋਈ ਹੈ, ਦਿਲ ਫਰੇਬ ਰੰਗਾਂ ਵਾਲੀਆਂ ਸਾੜੀਆਂ ਪਹਿਨੀ ਕੁੜੀਆਂ ਨੇ ਬੇਪ੍ਰਵਾਹੀ ਨਾਲ ਮੋਢਿਆਂ 'ਤੇ ਬੰਦੂਕਾਂ ਟੰਗੀਆਂ ਹੋਈਆਂ ਹਨ। ਉੱਥੇ ਬਜ਼ੁਰਗ, ਬੱਚੇ, ਸਭ ਆਏ ਹੋਏ ਹਨ ਅਤੇ ਉੱਤੇ ਅੰਬਰਾਂ 'ਚ ਲਾਲ ਝੰਡੀਆਂ ਦੀਆਂ ਚਾਪਦਾਰ ਸਜਾਵਟ ਕੀਤੀ ਹੋਈ ਹੋਈ ਹੈ। ਤਿੱਖੀ ਧੁੱਪ ਹੈ। ਕਾਮਰੇਡ ਲੇਂਗ ਤਕਰੀਰ ਕਰਦਾ ਹੈ। ਜਨਤੰਨਾ ਸਰਕਾਰ ਦੇ ਹੋਰ ਅਹੁਦੇਦਾਰ ਵੀ ਤਕਰੀਰਾਂ ਕਰਦੇ ਹਨ। ਅਸਧਾਰਣ ਕਾਮਰੇਡ ਨੀਤੀ, ਪਾਰਟੀ ਨਾਲ 1997 ਤੋਂ ਜੁੜੀ ਹੋਈ ਹੈ, ਉਸ ਤੋਂ ਕੌਮ ਨੂੰ ਐਨਾ 'ਖ਼ਤਰਾ' ਹੈ ਕਿ ਜਨਵਰੀ 2007 'ਚ ਸੱਤ ਸੌ ਤੋਂ ਵੱਧ ਪੁਲਸੀਆਂ ਨੇ ਇਨਾਰ ਪਿੰਡ ਨੂੰ ਇਸ ਕਰਕੇ ਘੇਰ ਲਿਆ ਸੀ ਕਿਉਂਕਿ ਉਨ੍ਹਾਂ ਨੂੰ ਉੱਡਦੀ ਖ਼ਬਰ ਮਿਲੀ ਸੀ ਕਿ ਉਹ ਉੱਥੇ ਹੈ। ਕਾਮਰੇਡ ਨੀਤੀ ਨੂੰ ਇਸ ਕਰਕੇ ਐਨੀ ਖ਼ਤਰਨਾਕ ਨਹੀਂ ਮੰਨਿਆ ਜਾਂਦਾ ਅਤੇ ਐਨਾ ਜ਼ੋਰਦਾਰ ਸ਼ਿਕਾਰ ਪਿੱਛਾ ਇਸ ਕਰਕੇ ਨਹੀਂ ਕੀਤਾ ਜਾਂਦਾ ਕਿ ਉਸ ਨੇ ਕਈ ਘਾਤ ਹਮਲਿਆਂ ਦੀ ਅਗਵਾਈ ਕੀਤੀ ਹੈ, ਸਗੋਂ ਇਹ ਇਸ ਕਰਕੇ ਹੈ ਕਿ ਉਹ ਆਦਿਵਾਸੀ ਔਰਤ ਹੈ ਜਿਸ ਨੂੰ ਪਿੰਡ ਦੇ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਤੇ ਉਹ ਗੱਭਰੂ-ਮੁਟਿਆਰਾਂ ਲਈ ਪ੍ਰੇਰਣਾ ਸਰੋਤ ਹੈ। ਉਹ ਮੋਢੇ 'ਤੇ ਆਪਣੀ ਏ ਕੇ ਪਾ ਕੇ ਤਕਰੀਰ ਕਰਦੀ ਹੈ। (ਇਸ ਬੰਦੂਕ ਦੀ ਇਕ ਕਹਾਣੀ ਹੈ। ਲੱਗਭੱਗ ਹਰ ਕਿਸੇ ਦੀ ਬੰਦੂਕ ਦੀ ਕੋਈ ਕਹਾਣੀ ਹੈ: ਇਹ ਕਿਸ ਤੋਂ ਖੋਹੀ ਗਈ, ਕਿਵੇਂ ਅਤੇ ਕਿਸ ਨੇ ਖੋਹੀ ਸੀ।)

ਸੀ ਐੱਨ ਐੱਮ ਦੀ ਇਕ ਮੰਡਲੀ ਭੂਮਕਾਲ ਬਗ਼ਾਵਤ ਬਾਰੇ ਨਾਟਕ ਦੀ ਪੇਸ਼ਕਾਰੀ ਕਰਦੀ ਹੈ। ਬੁਰੇ ਗੋਰੇ ਬਸਤੀਵਾਦੀਆਂ ਨੇ ਹੈਟ ਪਹਿਨੇ ਹੋਏ ਹਨ ਅਤੇ ਵਾਲ ਸੁਨਹਿਰੇ ਕੀਤੇ ਹੋਏ ਹਨ, ਉਹ ਆਦਿਵਾਸੀਆਂ ਦਾ ਸ਼ਿਕਾਰ ਕਰਕੇ ਆਦਿਵਾਸੀਆਂ ਦਾ ਕੁੱਟ ਕੁੱਟ ਕਚੂੰਮਰ ਕੱਢ ਦਿੰਦੇ ਹਨ--ਉਨ੍ਹਾਂ ਦੀ ਪੇਸ਼ਕਾਰੀ ਦਾ ਸਰੋਤੇ ਬੇਥਾਹ ਆਨੰਦ ਮਾਣਦੇ ਹਨ। ਦੱਖਣੀ ਗੰਗਲੌਰ ਦੀ ਇਕ ਮੰਡਲੀ ਨਿਤਿਰ ਜੁਡਮ ਪਿਟੋ (ਖ਼ੂਨੀ ਸ਼ਿਕਾਰ ਦੀ ਕਹਾਣੀ) ਨਾਟਕ ਦੀ ਪੇਸ਼ਕਾਰੀ ਕਰਦੀ ਹੈ। ਜੂਰੀ ਮੈਨੂੰ ਅਨੁਵਾਦ ਕਰਕੇ ਦੱਸਦੀ ਹੈ। ਇਹ ਬੁੱਢੇ-ਬੁੱਢੀ ਦੀ ਕਹਾਣੀ ਹੈ ਜੋ ਆਪਣੀ ਧੀ ਨੂੰ ਉਸਦੇ ਸਹੁਰੇ ਮਿਲਣ ਜਾਂਦੇ ਹਨ। ਜਦੋਂ ਉਹ ਜੰਗਲ ਵਿਚ ਦੀ ਲੰਘਦੇ ਹਨ ਤਾਂ ਉਹ ਗੁਆਚ ਜਾਂਦੇ ਹਨ ਕਿਉਂਕਿ ਸਭ ਕੁਝ ਸਾੜ ਕੇ ਸੁਆਹ ਕਰ ਦਿੱਤਾ ਗਿਆ ਹੈ ਅਤੇ ਕੁਝ ਵੀ ਸਿਆਣ 'ਚ ਨਹੀਂ ਆਉਂਦਾ। ਸਲਵਾ ਜੁਡਮ ਨੇ ਤਾਂ ਢੋਲ ਅਤੇ ਸੰਗੀਤ ਦੇ ਸਾਜ਼ ਵੀ ਸਾੜ ਦਿੱਤੇ ਹਨ। ਉੱਥੇ ਕਿਤੇ ਸੁਆਹ ਵੀ ਨਹੀਂ ਹੈ ਕਿਉਂਕਿ ਮੀਂਹ ਪੈ ਰਿਹਾ ਹੈ। ਉਨ੍ਹਾਂ ਨੂੰ ਧੀ ਦਾ ਕੋਈ ਥਹੁ-ਪਤਾ ਨਹੀਂ ਲੱਗਦਾ। ਦੁਖੀ ਜੋੜਾ ਗੀਤ ਗਾਉਣ ਲੱਗਦਾ ਹੈ, ਅਤੇ ਉਨ੍ਹਾਂ ਦੀ ਆਵਾਜ਼ ਸੁਣਕੇ, ਖੰਡਰਾਂ ਵਿਚੋਂ ਉਨ੍ਹਾਂ ਦੀ ਧੀ ਜਵਾਬ 'ਚ ਗਾਉਂਦੀ ਹੋਈ ਹੈ: ਉਨ੍ਹਾਂ ਨੇ ਸਾਡੀ ਪਿੰਡ ਦੀ ਆਵਾਜ਼ ਨੂੰ ਖ਼ਾਮੋਸ਼ ਕਰ ਦਿੱਤਾ। ਹੁਣ ਉੱਥੇ ਚੌਲ ਨਹੀਂ ਛੜੇ ਜਾਂਦੇ, ਖੂਹ ਦਾ ਹਾਸਾ ਸੁਣਾਈ ਨਹੀਂ ਦਿੰਦਾ। ਹੁਣ ਉੱਥੇ ਪੰਛੀ ਨਹੀਂ ਰਹੇ, ਹੁਣ ਉੱਥੇ ਬੱਕਰੀਆਂ ਦੀ ਮੈਂ ਮੈਂ ਸੁਣਾਈ ਨਹੀਂ ਦਿੰਦੀ। ਖੁਸ਼ੀ ਦੇ ਸਾਜ਼ ਦੀ ਤਾਰ ਤੋੜ ਦਿੱਤੀ ਗਈ ਹੈ।

ਉਸ ਦਾ ਬਾਪ ਜਵਾਬ 'ਚ ਗਾਉਂਦਾ ਹੈ: ਮੇਰੀ ਸੁਹਣੀ ਧੀਏ, ਹੁਣ ਰੋ ਕੁਰਲਾ ਨਾ। ਮਰਨਾ ਹਰੇਕ ਨੇ ਹੈ। ਇਹ ਦਰੱਖ਼ਤ ਨਹੀਂ ਰਹਿਣਗੇ, ਫੁੱਲ ਖਿੜ੍ਹਨਗੇ ਤੇ ਮੁਰਝਾ ਜਾਣਗੇ, ਇਕ ਦਿਨ ਇਹ ਸੰਸਾਰ ਬੁੱਢਾ ਹੋ ਜਾਵੇਗਾ। ਪਰ ਅਸੀਂ ਕਿਸ ਲਈ ਮਰ ਰਹੇ ਹਾਂ? ਇਕ ਦਿਨ ਸਾਨੂੰ ਲੁੱਟਣ ਵਾਲਿਆਂ ਨੂੰ ਸਬਕ ਆ ਜਾਵੇਗਾ, ਇਕ ਦਿਨ ਸੱਚ ਦਾ ਬੋਲਬਾਲਾ ਹੋਵੇਗਾ, ਪਰ ਸਾਡੇ ਲੋਕ ਤੈਨੂੰ ਭੁੱਲਣਗੇ ਨਹੀਂ, ਹਜ਼ਾਰਾਂ ਸਾਲਾਂ ਤੱਕ ਵੀ ਨਹੀਂ।

ਕੁਝ ਹੋਰ ਤਕਰੀਰਾਂ ਕੀਤੀਆਂ ਜਾਂਦੀਆਂ ਹਨ। ਫਿਰ ਢੋਲ ਵੱਜਦਾ ਹੈ ਤੇ ਨਾਚ ਸ਼ੁਰੂ ਹੋ ਜਾਂਦਾ ਹੈ। ਹਰੇਕ ਜਨਤੰਨਾ ਸਰਕਾਰ ਦੀ ਆਪੋ ਆਪਣੀ ਮੰਡਲੀ ਹੈ। ਹਰੇਕ ਮੰਡਲੀ ਨੇ ਆਪਣਾ ਵਿਸ਼ੇਸ਼ ਨਾਚ ਤਿਆਰ ਕੀਤਾ ਹੋਇਐ। ਉਹ ਵੱਡੇ ਵੱਡੇ ਢੋਲ ਚੁੱਕੀ, ਇਕ ਇਕ ਕਰਕੇ ਆਉਂਦੇ ਜਾਂਦੇ ਹਨ ਅਤੇ ਜੰਗਲੀ ਗਾਥਾਵਾਂ ਦੇ ਅਧਾਰ 'ਤੇ ਨੱਚਦੇ ਹਨ। ਹਰੇਕ ਮੰਡਲੀ ਦੀ ਪੇਸ਼ਕਾਰੀ 'ਚ ਜੇ ਕੋਈ ਸਾਂਝਾ ਪਾਤਰ ਹੈ ਤਾਂ ਉਹ ਹੈ ਹੈਲਮੈਟ ਤੇ ਕਾਲੀਆਂ ਐਨਕਾਂ ਵਾਲਾ ਬੁਰਾ ਕਿਰਦਾਰ, ਖਾਣ ਕੰਪਨੀ ਦਾ ਨੁਮਾਇੰਦਾ, ਜੋ ਅਕਸਰ ਹੀ ਸਿਗਰਟ ਪੀਂਦਾ ਹੈ। ਪਰ ਉਨ੍ਹਾਂ ਦੇ ਨੱਚਣ 'ਚ ਕੁਝ ਵੀ ਖੁਸ਼ਕ ਜਾਂ ਮਸ਼ੀਨੀ ਨਹੀਂ ਹੈ। ਜਦੋਂ ਉਹ ਨੱਚਦੇ ਹਨ ਤਾਂ ਧੂੜ ਉੱਡਦੀ ਹੈ। ਢੋਲਾਂ ਦੀ ਆਵਾਜ਼ ਕੰਨ ਪਾੜਨ ਲੱਗਦੀ ਹੈ। ਆਇਸਤਾ ਆਇਸਤਾ ਭੀੜ ਝੂਮਣ ਲੱਗ ਜਾਂਦੀ ਹੈ। ਤੇ ਫਿਰ ਨੱਚਣ ਲੱਗ ਪੈਂਦੀ ਹੈ। ਉਹ ਛੇ ਜਾਂ ਸੱਤ ਦੀਆਂ ਕਤਾਰਾਂ ਬਣਾਕੇ ਨੱਚਦੇ ਹਨ, ਮਰਦ ਤੇ ਔਰਤਾਂ ਵੱਖੋ ਵੱਖਰੇ, ਇਕ ਦੂਜੇ ਦੇ ਲੱਕ ਦੁਆਲੇ ਬਾਂਹ ਵਲਕੇ। ਹਜ਼ਾਰਾਂ ਲੋਕ। ਉਹ ਇਸੇ ਖ਼ਾਤਰ ਆਏ ਹਨ। ਇਸੇ ਖ਼ਾਤਰ। ਦੰਡਕਾਰਣੀਆਂ ਦੇ ਜੰਗਲਾਂ 'ਚ ਖੁਸ਼ੀ ਨੂੰ ਬਹੁਤ ਗੰਭੀਰਤਾ ਨਾਲ ਮਾਣਿਆ ਜਾਂਦਾ ਹੈ। ਲੋਕ ਇਕੱਠੇ ਭੋਜਨ ਛਕਣ ਤੇ ਨੱਚਣ-ਗਾਉਣ ਲਈ ਮੀਲਾਂ ਬੱਧੀ ਸਫ਼ਰ ਕਰਦੇ ਹਨ, ਪਟਕਿਆਂ 'ਚ ਖੰਭ ਅਤੇ ਵਾਲਾਂ 'ਚ ਫੁੱਲ ਸਜਾਉਂਦੇ ਹਨ, ਇਕ ਦੂਜੇ ਦੇ ਲੱਕ ਦੁਆਲੇ ਬਾਂਹ ਪਾਉਣ ਅਤੇ ਮਹੂਆ ਪੀਣ ਅਤੇ ਰਾਤ ਭਰ ਨੱਚਣ ਦੀ ਖ਼ਾਤਰ। ਕੋਈ ਵੀ ਇਕੱਲਾ ਨਾ ਗਾਉਂਦਾ ਹੈ ਤੇ ਨਾ ਨੱਚਦਾ ਹੈ। ਸਭ ਤੋਂ ਵੱਧਕੇ, ਇਹ ਸਭਿਅਤਾ ਪ੍ਰਤੀ ਉਨ੍ਹਾਂ ਦੇ ਆਕੀ ਹੋਣ ਦਾ ਸੰਕੇਤ ਹੈ ਜੋ ਉਨ੍ਹਾਂ ਦਾ ਸਫ਼ਾਇਆ ਕਰ ਦੇਣਾ ਚਾਹੁੰਦੀ ਹੈ।

ਮੈਨੂੰ ਇਤਬਾਰ ਨਹੀਂ ਆਉਂਦਾ ਕਿ ਇਹ ਸਭ ਕੁਝ ਪੁਲਿਸ ਦੇ ਐਨ ਨੱਕ ਹੇਠ ਹੋ ਰਿਹਾ ਹੈ। ਓਪਰੇਸ਼ਨ ਗਰੀਨ ਹੰਟ ਦੇ ਐਨ ਵਿਚਕਾਰ।ਪਹਿਲਾਂ ਪਹਿਲ, ਪੀ ਐੱਲ ਜੀ ਏ ਦੇ ਕਾਮਰੇਡ ਬੰਦੂਕਾਂ ਪਾਈ, ਪਾਸੇ ਖੜ੍ਹਕੇ ਨੱਚਦਿਆਂ ਨੂੰ ਦੇਖਦੇ ਰਹਿੰਦੇ ਹਨ। ਫਿਰ, ਇਕ ਇਕ ਕਰਕੇ ਵਿਚ ਵੜਕੇ ਉਹ ਵੀ ਨੱਚਣ ਲੱਗਦੇ ਹਨ, ਉਨ੍ਹਾਂ ਬੱਤਖ਼ਾਂ ਵਾਂਗ ਜੋ ਕੰਢੇ 'ਤੇ ਖੜ੍ਹਕੇ ਦੂਜੀਆਂ ਬੱਤਖ਼ਾਂ ਨੂੰ ਤੈਰਦਿਆਂ ਬਰਦਾਸ਼ਤ ਨਹੀਂ ਕਰ ਸਕਦੀਆਂ। ਝੱਟਪੱਟ ਹੀ ਜੈਤੂਨ ਰੰਗੀਆਂ ਵਰਦੀਆਂ ਦੂਜੇ ਰੰਗਾਂ ਦੀਆਂ ਕਤਾਰਾਂ ਨਾਲ ਰਚ ਮਿਚ ਜਾਂਦੀਆਂ ਹਨ। ਤੇ ਫਿਰ, ਭੈਣਾਂ ਤੇ ਭਰਾ ਅਤੇ ਮਾਪੇ ਤੇ ਬੱਚੇ ਅਤੇ ਦੋਸਤ ਇਕ ਦੂਜੇ ਦੇ ਸਾਹਮਣੇ ਆ ਜਾਂਦੇ ਹਨ ਜੋ ਇਕ ਦੂਜੇ ਨੂੰ ਮਹੀਨਿਆਂ ਤੋਂ, ਕਈ ਵਾਰ ਤਾਂ ਸਾਲਾਂ ਤੋਂ, ਨਹੀਂ ਮਿਲੇ ਹੁੰਦੇ, ਫਿਰ ਕਤਾਰਾਂ ਟੁੱਟ ਜਾਂਦੀਆਂ ਹਨ ਅਤੇ ਮੁੜ ਬਣਦੀਆਂ ਹਨ ਅਤੇ ਜੈਤੂਨ ਰੰਗ ਸਾੜੀਆਂ ਤੇ ਫੁੱਲਾਂ ਅਤੇ ਢੋਲਾਂ ਅਤੇ ਪਟਕਿਆਂ ਦੇ ਭੰਵਰ 'ਚ ਖਿੰਡ ਜਾਂਦਾ ਹੈ। ਇਹ ਸੱਚੀਓਂ ਲੋਕ ਫ਼ੌਜ ਹੈ। ਘੱਟੋਘੱਟ ਐਸ ਵਕਤ। ਅਤੇ ਪ੍ਰਧਾਨ ਮਾਓ ਨੇ ਜੋ ਗੁਰੀਲਿਆਂ ਨੂੰ ਮੱਛੀਆਂ ਅਤੇ ਲੋਕਾਂ ਨੂੰ ਪਾਣੀ ਨਾਲ ਤਸ਼ਬੀਹ ਦਿੱਤੀ ਸੀ ਉਹ ਇਸ ਵਕਤ ਅੱਖਰ ਅੱਖਰ ਸੱਚ ਦਿਖਾਈ ਦਿੰਦਾ ਹੈ।
ਪ੍ਰਧਾਨ ਮਾਓ। ਉਹ ਇੱਥੇ ਵੀ ਹਾਜ਼ਰ ਹੈ। ਸ਼ਾਇਦ ਕੁਝ ਇਕੱਲਾ ਪਰ ਹਾਜ਼ਰ ਹੈ। ਲਾਲ ਪਰਦੇ ਉੱਪਰ ਉਸ ਦੀ ਤਸਵੀਰ ਟੰਗੀ ਹੋਈ ਹੈ। ਮਾਰਕਸ ਵੀ ਹੈ। ਅਤੇ ਨਕਸਲੀ ਲਹਿਰ ਦਾ ਬਾਨੀ ਅਤੇ ਮੁੱਖ ਸਿਧਾਂਤਕਾਰ ਚਾਰੂ ਮਜੂਮਦਾਰ ਵੀ। ਉਸ ਦੀ ਖਰਵੇਂ, ਲਫਾਜ਼ੀ ਨਾਲ ਓਤਪੋਤ ਬੋਲ ਹਿੰਸਾ, ਖ਼ੂਨ ਅਤੇ ਸ਼ਹਾਦਤ ਦਾ ਮੁਜੱਸਮਾ ਹਨ, ਅਤੇ ਭਾਸ਼ਾ ਅਕਸਰ ਹੀ ਐਨੀ ਖਰਵ੍ਹੀ ਕਿ ਤਕਰੀਬਨ ਮਨੁੱਖ ਘਾਤ ਦਾ ਸੱਦਾ ਹੀ ਜਾਪਦੀ ਹੈ। ਏਥੇ ਭੂਮਕਾਲ ਦਿਵਸ 'ਤੇ ਖੜ੍ਹੀ ਮੈਂ ਇਹ ਸੋਚੇ ਬਿਨਾਂ ਨਹੀਂ ਰਹਿ ਸਕਦੀ ਕਿ ਉਸ ਦੇ ਵਿਸਲੇਸ਼ਣ ਵਾਲੀ, ਜੋ ਇਸ ਇਨਕਲਾਬ ਦੇ ਢਾਂਚੇ ਲਈ ਐਨਾ ਅਹਿਮ ਹੈ, ਉਤੇਜਨਾ ਅਤੇ ਜਬਾ੍ਹ ਇੱਥੇ ਨਹੀਂ ਹੈ। ਜਦੋਂ ਉਸ ਨੇ ਇਹ ਕਿਹਾ ਸੀ ਕਿ ਸਿਰਫ਼ ''ਵਿਅਕਤੀਗਤ ਸਫ਼ਾਏ ਦੀ ਮੁਹਿੰਮ'' ਹੀ ਐਸਾ ''ਨਵਾਂ ਇਨਸਾਨ ਪੈਦਾ ਕਰੇਗੀ ਜੋ ਮੌਤ ਨੂੰ ਮਖੌਲਾਂ ਕਰੇਗਾ ਅਤੇ ਜੋ ਖ਼ੁਦਗਰਜ਼ੀ ਤੋਂ ਪੂਰੀ ਤਰ੍ਹਾਂ ਰਹਿਤ ਹੋਵੇਗਾ''--ਕੀ ਉਸ ਨੇ ਕਲਪਨਾ ਕੀਤੀ ਹੋਵੇਗੀ ਕਿ ਆਦਿਕਾਲੀ ਲੋਕਾਂ, ਰਾਤ ਨੂੰ ਨੱਚਣ ਵਾਲਿਆਂ, ਦੇ ਮੋਢੇ ਉਸ ਦੇ ਸੁਪਨਿਆਂ ਦੀ ਢੋਈ ਬਨਣਗੇ?

ਇਹ ਪਾਰਟੀ ਜੋ ਸਮੱਸਿਆਗ੍ਰਸਤ ਬੀਤੇ 'ਚੋਂ ਬਾਹਰ ਆਈ ਹੈ ਅਤੇ ਜਿਸਦੇ ਨੀਤੀ ਬਿਆਨਕਾਰਾਂ ਦੀ ਖੁਸ਼ਕ, ਅਮੋੜ ਲਫ਼ਾਜ਼ੀ ਸੁਣਕੇ ਬਾਹਰਲਿਆਂ 'ਤੇ ਜਿਹੜਾ ਇਕੋ ਇਕ ਪ੍ਰਭਾਵ ਪੈਂਦਾ ਹੈ ਉਹ ਇੱਥੇ ਜੋ ਕੁਝ ਹੋ ਰਿਹਾ ਹੈ ਉਸ ਦੇ ਪੱਖ 'ਚ ਨਹੀਂ ਜਾਂਦਾ। ਜਦੋਂ ਚਾਰੂ ਮਜੂਮਦਾਰ ਨੇ ਇਹ ਪ੍ਰਸਿੱਧ ਗੱਲ ਕਹੀ ਸੀ ''ਚੀਨ ਦਾ ਪ੍ਰਧਾਨ ਸਾਡਾ ਪ੍ਰਧਾਨ ਅਤੇ ਚੀਨ ਦਾ ਰਾਹ ਸਾਡਾ ਰਾਹ'' ਤਾਂ ਉਹ ਇਸ ਨੂੰ ਉਸ ਨੁਕਤੇ ਤੱਕ ਵਧਾਉਣ ਲਈ ਤਿਆਰ ਸੀ ਜਿੱਥੇ ਜਦੋਂ ਜਨਰਲ ਯਾਹੀਆ ਖ਼ਾਨ ਨੇ ਪੂਰਬੀ ਪਾਕਿਸਤਾਨ (ਬੰਗਲਾਦੇਸ਼) 'ਚ ਇਸ ਕਰਕੇ ਕਤਲੇਆਮ ਮਚਾਇਆ, ਕਿਉਂਕਿ ਉਸ ਵਕਤ ਚੀਨ ਪਾਕਿਸਤਾਨ ਦਾ ਸੰਗੀ ਸੀ। ਖ਼ਮੇਰ ਰੂਜ ਅਤੇ ਕੰਬੋਡੀਆ ਵਿਚਲੀ ਕਤਲੋਗ਼ਾਰਤ ਬਾਰੇ ਵੀ ਚੁੱਪ ਵੱਟੀ ਗਈ। ਚੀਨੀ ਅਤੇ ਰੂਸੀ ਇਨਕਲਾਬ ਦੀਆਂ ਘੋਰ ਜ਼ਿਆਦਤੀਆਂ ਬਾਰੇ ਖ਼ਾਮੋਸ਼ੀ ਧਾਰੀ ਗਈ। ਤਿੱਬਤ ਬਾਰੇ ਚੁੱਪ ਵੱਟੀ ਗਈ। ਨਕਸਲੀ ਲਹਿਰ ਦੇ ਅੰਦਰ ਵੀ, ਜ਼ੁਲਮ ਹੋਏ ਅਤੇ ਹੋਏ ਵਾਪਰੇ ਦੇ ਬਹੁਤੇ ਹਿੱਸੇ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਕੀ ਜੋ ਕੁਝ ਵੀ ਉਨ੍ਹਾਂ ਨੇ ਕੀਤਾ ਉਹ ਉਨ੍ਹਾਂ ਨੀਚ ਪ੍ਰਾਪਤੀਆਂ ਦੇ ਮੁਕਾਬਲੇ ਦਾ ਹੈ ਜੋ ਕਾਂਗਰਸ ਅਤੇ ਭਾਜਪਾ ਨੇ ਪੰਜਾਬ, ਕਸ਼ਮੀਰ, ਦਿੱਲੀ, ਮੁੰਬਈ, ਗੁਜਰਾਤ 'ਚ ਕੀਤੀਆਂ। ਅਤੇ ਇਨ੍ਹਾਂ ਭਿਆਨਕ ਵਿਰੋਧਤਾਈਆਂ ਦੇ ਬਾਵਜੂਦ ਵੀ, ਚਾਰੂ ਮਜੂਮਦਾਰ ਦੀਆਂ ਲਿਖਤਾਂ ਅਤੇ ਕਥਨਾਂ 'ਚ ਸੁਪਨੇ ਹਨ। ਜਿਸ ਪਾਰਟੀ ਦੀ ਉਸਨੇ ਸਥਾਪਨਾ ਕੀਤੀ (ਅਤੇ ਇਸ 'ਚੋਂ ਟੁੱਟ ਕੇ ਅਲੱਗ ਹੋਏ ਕਈ ਧੜਿਆਂ ਨੇ) ਭਾਰਤ ਅੰਦਰ ਇਨਕਲਾਬ ਦੇ ਸੁਪਨੇ ਨੂੰ ਜਿਊਂਦਾ ਤੇ ਹਕੀਕੀ ਬਣਾਈ ਰੱਖਿਆ ਹੋਇਆ ਹੈ। ਜ਼ਰਾ ਇਸ ਸੁਪਨੇ ਤੋਂ ਬਗ਼ੈਰ ਸਮਾਜ ਦੀ ਕਲਪਨਾ ਤਾਂ ਕਰੋ। ਸਿਰਫ਼ ਇਸੇ ਦੇ ਕਰਕੇ, ਅਸੀਂ ਚਾਰੂ ਨੂੰ ਬਹੁਤ ਜ਼ਿਆਦਾ ਨਿਰਦਈ ਹੋਣ ਦਾ ਫਤਵਾ ਨਹੀਂ ਦੇ ਸਕਦੇ। ਖ਼ਾਸ ਕਰਕੇ, ਜਦੋਂ ਅਸੀਂ ''ਅਹਿੰਸਾ'' ਪਰਮੋ ਧਰਮ ਦੇ ਗਾਂਧੀ ਦੇ ਪਵਿੱਤਰ ਗਪੌੜ ਅਤੇ ਟਰਸਟੀਸ਼ਿਪ ਬਾਰੇ ਉਸ ਦੇ ਇਨ੍ਹਾਂ ਵਿਚਾਰਾਂ ਨੂੰ ਆਪਣੇ ਇਰਦ ਗਿਰਦ ਲਪੇਟਿਆ ਹੋਇਆ ਹੈ: ''ਅਮੀਰ ਆਦਮੀ ਦੀ ਦੌਲਤ ਉਸੇ ਦੇ ਕੋਲ ਰਹੇਗੀ, ਜਿੰਨੀ ਉਸ ਨੂੰ ਆਪਣੀਆਂ ਵਿਅਕਤੀਗਤ ਲੋੜਾਂ ਲਈ ਲੋੜੀਂਦੀ ਹੈ ਉਹ ਇਸ ਵਿਚੋਂ ਵਰਤ ਸਕੇਗਾ ਅਤੇ ਬਾਕੀ ਦੀ ਦੌਲਤ ਦਾ ਉਹ ਟਰੱਸਟੀ ਹੋਵੇਗਾ ਜੋ ਸਮਾਜ ਦੇ ਭਲੇ ਲਈ ਖ਼ਰਚੀ ਜਾਵੇਗੀ।''
ਫਿਰ ਵੀ, ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਭਾਰਤ ਦਾ ਸਥਾਪਤ ਨਿਜ਼ਾਮ--ਜਿਸ ਰਾਜ ਨੇ ਨਕਸਲੀਆਂ ਨੂੰ ਐਨੀ ਬੇਰਹਿਮੀ ਨਾਲ ਕੁਚਲਿਆ ਸੀ--ਹੁਣ ਉਹੀ ਕਹਿ ਰਿਹਾ ਹੋਵੇਗੀ ਜੋ ਚਾਰੂ ਮਜੂਮਦਾਰ ਨੇ ਲੰਮਾ ਸਮਾਂ ਪਹਿਲਾਂ ਕਿਹਾ ਸੀ: ਚੀਨ ਦਾ ਰਾਹ, ਸਾਡਾ ਰਾਹ।
ਐਨ ਉਲਟਾ। ਅੰਦਰਲਾ ਬਿਲਕੁਲ ਬਾਹਰ।

ਚੀਨ ਦਾ ਰਾਹ ਬਦਲ ਗਿਆ ਹੈ। ਚੀਨ ਹੁਣ ਸਾਮਰਾਜੀ ਤਾਕਤ ਬਣ ਚੁੱਕਾ ਹੈ, ਜੋ ਹੋਰ ਦੇਸ਼ਾਂ, ਹੋਰ ਲੋਕਾਂ ਦੇ ਵਸੀਲਿਆਂ ਉੱਪਰ ਝਪਟ ਰਿਹਾ ਹੈ। ਜੇ ਫ਼ਰਕ ਹੈ ਤਾਂ ਕਿ ਪਾਰਟੀ ਹਾਲੇ ਸਹੀ ਕਹਾਉਂਦੀ ਹੈ, ਇਸ ਪਾਰਟੀ ਨੇ ਮਨ ਬਦਲ ਲਿਆ ਹੈ।ਜਦੋਂ ਪਾਰਟੀ ਸਮਰਪਿਤ ਹੁੰਦੀ ਹੈ (ਜਿਵੇਂ ਇਹ ਹੁਣ ਦੰਡਕਾਰਣੀਆਂ ਵਿਚ ਹੈ), ਲੋਕਾਂ ਨਾਲ ਮੋਹ ਕਰਦੀ ਹੈ, ਉਨ੍ਹਾਂ ਦੀ ਹਰੇਕ ਲੋੜ ਵੱਲ ਧਿਆਨ ਦੇ ਰਹੀ ਹੈ, ਤਾਂ ਇਹ ਸੱਚੀ ਲੋਕ ਪਾਰਟੀ ਹੁੰਦੀ ਹੈ, ਇਸ ਦੀ ਲੋਕ ਫ਼ੌਜ ਸੱਚੀ ਲੋਕ ਫ਼ੌਜ ਹੁੰਦੀ ਹੈ। ਪਰ ਇਨਕਲਾਬ ਤੋਂ ਬਾਅਦ ਇਹ ਇਸ਼ਕ ਕਿੰਨੀ ਅਸਾਨੀ ਨਾਲ ਤਲਖ਼ ਬੰਧਨ 'ਚ ਬਦਲ ਜਾਂਦਾ ਹੈ। ਕਿੰਨੀ ਅਸਾਨੀ ਨਾਲ ਲੋਕ ਫ਼ੌਜ ਲੋਕਾਂ ਦੇ ਖਿਲਾਫ਼ ਖੜ੍ਹ ਜਾਂਦੀ ਹੈ। ਅੱਜ ਦੰਡਕਾਰਣੀਆਂ ਵਿਚ, ਪਾਰਟੀ ਬਾਕਸਾਈਟ ਨੂੰ ਪਹਾੜ ਦੇ ਅੰਦਰ ਰੱਖਣਾ ਚਾਹੁੰਦੀ ਹੈ। ਕੱਲ੍ਹ ਕਲੋਤਰ ਨੂੰ, ਕੀ ਇਸ ਦਾ ਮਨ ਬਦਲ ਜਾਵੇਗਾ? ਪਰ ਕੀ ਅਸੀਂ, ਭਵਿੱਖ ਦੇ ਤੌਖਲਿਆਂ ਦੇ ਕਰਕੇ ਅੱਜ ਲਾਮਬੰਦੀ ਤੋੜ ਸਕਦੇ ਹਾਂ, ਜਾਂ ਸਾਨੂੰ ਇੰਜ ਕਰਨਾ ਚਾਹੀਦਾ ਹੈ?ਨਾਚ ਸਾਰੀ ਰਾਤ ਚੱਲਦਾ ਰਹੇਗਾ। ਮੈਂ ਕੈਂਪ 'ਚ ਮੁੜ ਆਉਂਦੀ ਹਾਂ। ਉੱਥੇ ਮਾਸੇ ਹਾਲੇ ਜਾਗ ਰਹੀ ਹੈ। ਅਸੀਂ ਦੇਰ ਰਾਤ ਤੱਕ ਗੱਲਾਂ ਕਰਦੀਆਂ ਹਾਂ। ਮੈਂ ਉਸ ਨੂੰ ਨੈਰੂਦਾ ਦੀ ਕਿਤਾਬ ਕਪਤਾਨ ਦੀਆਂ ਆਇਤਾਂ ਦੀ ਕਾਪੀ (ਮੈਂ ਇਹ ਉਂਜ ਹੀ ਨਾਲ ਲੈ ਆਈ ਸੀ) ਦਿੰਦੀ ਹਾਂ। ਉਹ ਵਾਰ ਵਾਰ ਪੁੱਛਦੀ ਹੈ, ''ਉਹ ਬਾਹਰ ਸਾਡੇ ਬਾਰੇ ਕੀ ਸੋਚਦੇ ਹਨ? ਵਿਦਿਆਰਥੀ ਕੀ ਬੋਲਦੇ ਹਨ? ਮੈਨੂੰ ਔਰਤਾਂ ਦੀ ਲਹਿਰ ਬਾਰੇ ਦੱਸੋ, ਹੁਣ ਵੱਡੇ ਮੁੱਦੇ ਕਿਹੜੇ ਹਨ?'' ਉਹ ਮੇਰੇ ਬਾਰੇ, ਮੇਰੀਆਂ ਲਿਖਤਾਂ ਬਾਰੇ ਪੁੱਛਦੀ ਹੈ। ਮੈਂ ਉਸਨੂੰ ਆਪਣੇ ਧੁੰਦੂਕਾਰ ਦਾ ਲੇਖਾਜੋਖਾ ਇਮਾਨਦਾਰੀ ਨਾਲ ਦੱਸਣ ਦੀ ਕੋਸ਼ਿਸ਼ ਕਰਦੀ ਹਾਂ। ਫੇਰ ਉਹ ਆਪਣੇ ਬਾਰੇ ਦੱਸਣ ਲੱਗਦੀ ਹੈ, ਕਿ ਪਾਰਟੀ 'ਚ ਉਹ ਕਿਵੇਂ ਆਈ। ਉਹ ਦੱਸਦੀ ਹੈ ਕਿ ਉਸ ਦੇ ਜੀਵਨ ਸਾਥੀ ਨੂੰ ਪਿਛਲੇ ਸਾਲ ਮਈ 'ਚ ਝੂਠਾ ਮੁਕਾਬਲਾ ਬਣਾਕੇ ਮਾਰ ਦਿੱਤਾ ਗਿਆ ਸੀ। ਉਸ ਨੂੰ ਗ੍ਰਿਫ਼ਤਾਰ ਨਾਸਿਕ ਤੋਂ ਕੀਤਾ ਗਿਆ, ਤੇ ਮਾਰਨ ਲਈ ਵਾਰੰਗਲ ਲਿਜਾਇਆ ਗਿਆ। ''ਉਨ੍ਹਾਂ ਨੇ ਉਸ ਨੂੰ ਬੁਰੀ ਤਰ੍ਹਾਂ ਤਸੀਹੇ ਦਿੱਤੇ ਹੋਣਗੇ।'' ਉਹ ਓਦੋਂ ਉਸ ਨੂੰ ਮਿਲਣ ਲਈ ਜਾ ਰਹੀ ਸੀ, ਜਦੋਂ ਰਸਤੇ ਵਿਚ ਖ਼ਬਰ ਮਿਲੀ ਕਿ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਪਹਿਲਾਂ ਤੋਂ ਜੰਗਲ 'ਚ ਰਹੀ ਹੈ। ਲੰਮੀ ਖ਼ਾਮੋਸ਼ੀ ਤੋਂ ਬਾਅਦ, ਉਹ ਦੱਸਦੀ ਹੈ ਕਿ ਕਈ ਸਾਲ ਪਹਿਲਾਂ ਵੀ ਉਸ ਨੇ ਵਿਆਹ ਕਰਾਇਆ ਸੀ। ਤੇ ਦੱਸਦੀ ਹੈ, ''ਉਹ ਵੀ ਮੁਕਾਬਲੇ ਵਿਚ ਮਾਰਿਆ ਗਿਆ ਸੀ'', ਅਤੇ ਫੇਰ ਪੂਰੇ ਦਿਲ ਢਾਹੂ ਯਕੀਨ ਨਾਲ ਕਹਿੰਦੀ ਹੈ, ''ਪਰ ਸੱਚੇ ਮੁਕਾਬਲੇ 'ਚ''।
ਮੈਂ ਮਾਸੇ ਦੀ ਲੰਮੀ ਉਦਾਸੀ ਬਾਰੇ ਸੋਚਦੀ ਹੋਈ, ਆਪਣੀ ਝਿੱਲੀ ਉੱਪਰ ਜਾਗਦੀ ਲੇਟੀ ਰਹਿੰਦੀ ਹਾਂ, ਢੋਲ-ਢੁਮੱਕੇ ਅਤੇ ਮੈਦਾਨ 'ਚੋਂ ਆ ਰਹੀਆਂ ਲੰਮੀ ਖੁਸ਼ੀ ਵਾਲੀ ਆਵਾਜ਼ਾਂ ਨੂੰ ਸੁਣਦੀ ਹੋਈ, ਅਤੇ ਚਾਰੂ ਮਜੂਮਦਾਰ ਦੇ ਲਮਕਵੇਂ ਯੁੱਧ ਦੇ ਖ਼ਿਆਲ, ਮਾਓਵਾਦੀ ਪਾਰਟੀ ਦੀ ਕੇਂਦਰੀ ਸਿੱਖਿਆ ਬਾਰੇ ਸੋਚਦੀ ਹੋਈ। ਇਸੇ ਤੋਂ ਲੋਕ ਸੋਚ ਲੈਂਦੇ ਹਨ ਕਿ ਮਾਓਵਾਦੀਆਂ ਦੀ 'ਸ਼ਾਂਤੀ ਵਾਰਤਾ' ਦੀ ਪੇਸ਼ਕਸ਼ ਨਿਰਾ ਢੌਂਗ, ਮੁੜ-ਜਥੇਬੰਦ ਹੋਣ, ਮੁੜ ਹਥਿਆਰਬੰਦ ਹੋਣ ਅਤੇ ਲਮਕਵਾਂ ਲੋਕ ਯੁੱਧ ਚਲਾਉਣ ਲਈ ਵਾਪਸ ਜੰਗਲ 'ਚ ਚਲੇ ਜਾਣ ਦੀ ਇਕ ਚਾਲ ਹੈ। ਲਮਕਵਾਂ ਯੁੱਧ ਕੀ ਹੈ? ਕੀ ਇਹ ਆਪਣੇ ਆਪ 'ਚ ਹੀ ਭਿਆਨਕ ਚੀਜ਼ ਹੈ, ਜਾਂ ਇਹ ਯੁੱਧ ਦੇ ਸੁਭਾਅ ਉੱਤੇ ਮੁਨੱਸਰ ਹੈ। ਜੇ ਦੰਡਕਾਰਣੀਆਂ ਦੇ ਲੋਕਾਂ ਨੇ ਬੀਤੇ ਤੀਹ ਸਾਲਾਂ ਤੋਂ ਲਮਕਵਾਂ ਯੁੱਧ ਨਾ ਲੜਿਆ ਹੁੰਦਾ ਤਾਂ ਉਹ ਹੁਣ ਕਿੱਥੇ ਹੁੰਦੇ?

ਕੀ ਸਿਰਫ਼ ਇਕੱਲੇ ਮਾਓਵਾਦੀ ਹੀ ਲਮਕਵੇਂ ਯੁੱਧ 'ਚ ਵਿਸ਼ਵਾਸ ਰੱਖਦੇ ਹਨ? ਕੁਲ-ਅਖ਼ਤਿਆਰ ਦੇਸ਼ ਬਣਨ ਦੇ ਸਮੇਂ ਤੋਂ ਹੀ ਭਾਰਤ, ਬਸਤੀਵਾਦੀ ਤਾਕਤ ਬਣ ਗਿਆ ਸੀ, ਜੋ ਇਲਾਕਿਆਂ ਨੂੰ ਆਪਣੇ 'ਚ ਰਲਾਉਂਦਾ, ਤੇ ਯੁੱਧ ਲੜਦਾ ਰਿਹਾ ਹੈ। ਸਿਆਸੀ ਮਸਲਿਆਂ ਨੂੰ ਸੰਬੋਧਤ ਹੋਣ ਸਮੇਂ ਫ਼ੌਜੀ ਦਖ਼ਲਅੰਦਾਜ਼ੀ ਤੋਂ ਇਹ ਕਦੇ ਵੀ ਨਹੀਂ ਝਿਜਕਿਆ--ਕਸ਼ਮੀਰ, ਹੈਦਰਾਬਾਦ, ਗੋਆ, ਨਾਗਾਲੈਂਡ, ਮਨੀਪੁਰ, ਤੇਲੰਗਾਨਾ, ਅਸਾਮ, ਪੰਜਾਬ, ਪੱਛਮੀ ਬੰਗਾਲ, ਬਿਹਾਰ, ਆਂਧਰਾ ਪ੍ਰਦੇਸ਼ ਦੀ ਨਕਸਲੀ ਬਗ਼ਾਵਤ ਅਤੇ ਹੁਣ ਕੇਂਦਰੀ ਭਾਰਤ ਦੇ ਕਬਾਇਲੀ ਇਲਾਕਿਆਂ ਉੱਪਰ। ਇੱਥੇ ਦਹਿ ਹਜ਼ਾਰਾਂ ਨੂੰ ਬਿਨਾ ਕਿਸੇ ਡਰ-ਭੈਅ ਦੇ ਮਾਰ ਦਿੱਤਾ ਗਿਆ ਅਤੇ ਲੱਖਾਂ ਲੋਕਾਂ ਨੂੰ ਤਸੀਹੇ ਦਿੱਤੇ ਗਏ। ਇਹ ਸਾਰਾ ਕੁਝ ਸੁਲੱਖਣੀ ਜਮਹੂਰੀਅਤ ਦੇ ਬੁਰਕੇ ਹੇਠ ਕੀਤਾ ਗਿਆ ਹੈ। ਇਹ ਯੁੱਧ ਕਿਨ੍ਹਾਂ ਦੇ ਖ਼ਿਲਾਫ਼ ਕੀਤੇ ਗਏ ਹਨ? ਮੁਸਲਮਾਨਾਂ, ਸਿੱਖਾਂ, ਕਮਿਊਨਿਸਟਾਂ, ਦਲਿਤਾਂ, ਕਬਾਇਲੀਆਂ ਅਤੇ ਸਭ ਤੋਂ ਵੱਧ ਉਨ੍ਹਾਂ ਗਰੀਬਾਂ ਖਿਲਾਫ਼ ਜਿਨ੍ਹਾਂ ਨੇ ਸੁੱਟੀਆਂ ਗਈਆਂ ਬੁਰਕੀਆਂ ਕਬੂਲ ਕਰਨ ਦੀ ਥਾਂ ਆਪਣੇ ਨਸੀਬਾਂ 'ਤੇ ਸਵਾਲੀਆ ਚਿੰਨ ਲਾਉਣ ਦੀ ਹਿੰਮਤ ਕੀਤੀ ਸੀ। ਇਹ ਸਮਝਣ 'ਚ ਕੋਈ ਮੁਸ਼ਕਲ ਨਹੀਂ ਹੈ ਕਿ ਭਾਰਤੀ ਰਾਜ ਇਕ ਉੱਚ ਜਾਤੀ ਹਿੰਦੂ ਰਾਜ ਹੈ (ਸੱਤਾਧਾਰੀ ਪਾਰਟੀ ਕੋਈ ਵੀ ਹੋਵੇ) ਜਿਸ ਦੇ ਅੰਦਰ 'ਦੂਜਿਆਂ' ਪ੍ਰਤੀ ਨਿੱਜੀ ਕਿੜ ਹੈ। ਐਨ ਬਸਤੀਵਾਦੀ ਤਰੀਕੇ ਨਾਲ, ਇਹ ਨਾਗਾ ਅਤੇ ਮਿਜ਼ੋ ਨੂੰ ਛੱਤੀਸਗੜ੍ਹ 'ਚ, ਸਿੱਖਾਂ ਨੂੰ ਕਸ਼ਮੀਰ 'ਚ, ਕਸ਼ਮੀਰੀਆਂ ਨੂੰ ਉੜੀਸਾ 'ਚ, ਤਾਮਿਲਾਂ ਨੂੰ ਅਸਾਮ 'ਚ ਭੇਜਦਾ ਹੈ ਵਗੈਰਾ। ਜੇ ਇਹ ਲਮਕਵਾਂ ਯੁੱਧ ਨਹੀਂ ਤਾਂ ਹੋਰ ਕੀ ਹੈ?

ਖ਼ੂਬਸੂਰਤ, ਤਾਰਿਆਂ ਵਾਲੀ ਰਾਤ ਨੂੰ ਇਸ ਤਰ੍ਹਾਂ ਦੇ ਨਾਖ਼ੁਸ਼ਵਗਾਰ ਖ਼ਿਆਲ ਆਉਂਦੇ ਹਨ। ਸੁਖਦੇਵ ਆਪਣੇ ਆਪ ਹੀ ਮੁਸਕਰਾ ਰਿਹਾ ਹੈ, ਉਸ ਦਾ ਚਿਹਰਾ ਉਸ ਦੇ ਕੰਪਿਊਟਰ ਸਕਰੀਨ ਨਾਲ ਜਗਮਗਾ ਰਿਹਾ ਹੈ। ਉਹ ਸੁਦਾਈਆਂ ਵਾਂਗ ਕੰਮ 'ਚ ਜੁਟਿਆ ਰਹਿਣ ਵਾਲਾ ਵਿਅਕਤੀ ਹੈ। ਮੈਂ ਉਸ ਨੂੰ ਪੁੱਛਦੀ ਹਾਂ ਐਨੀ ਅਜੀਬ ਗੱਲ ਕਿਹੜੀ ਹੈ। ਉਹ ਦੱਸਦਾ ਹੈ, ''ਮੈਂ ਉਨ੍ਹਾਂ ਪੱਤਰਕਾਰਾਂ ਬਾਰੇ ਸੋਚ ਰਿਹਾ ਸੀ ਜੋ ਪਿਛਲੇ ਸਾਲ ਭੂਮਕਾਲ ਸਮਾਗਮ 'ਤੇ ਆਏ ਸਨ। ਉਹ ਇਕ ਦੋ ਦਿਨ ਲਈ ਆਏ ਸਨ। ਇਕ ਨੇ ਮੇਰੀ ਏ ਕੇ ਪਾ ਕੇ ਆਪਣੀ ਆਪ ਹੀ ਫੋਟੋ ਖਿੱਚੀ ਸੀ ਅਤੇ ਵਾਪਸ ਜਾ ਕੇ ਸਾਨੂੰ ਕਤਲ ਕਰਨ ਵਾਲੀਆਂ ਮਸ਼ੀਨਾਂ ਜਾਂ ਐਹੋ ਜਿਹਾ ਨਾਂਅ ਦੇ ਦਿੱਤਾ।''

ਨੱਚਣ-ਗਾਉਣ ਹਾਲੇ ਬੰਦ ਨਹੀਂ ਹੋਇਆ ਅਤੇ ਦਿਨ ਚੜ੍ਹ ਰਿਹਾ ਹੈ। ਕਤਾਰਾਂ ਹਾਲੇ ਵੀ ਬਣੀਆਂ ਹੋਈਆਂ ਹਨ, ਸੈਂਕੜੇ ਜਵਾਨ ਲੋਕ ਹਾਲੇ ਵੀ ਨੱਚ ਰਹੇ ਹਨ। ''ਇਹ ਬੰਦ ਨਹੀਂ ਹੋਣਗੇ'', ਕਾਮਰੇਡ ਰਾਜੂ ਕਹਿੰਦਾ ਹੈ, ''ਜਦੋਂ ਤੱਕ ਅਸੀਂ ਸਮਾਨ ਨਹੀਂ ਬੰਨ੍ਹ ਲੈਂਦੇ।''
ਮੈਦਾਨ 'ਚ ਮੇਰਾ ਵਾਹ ਕਾਮਰੇਡ ਡਾਕਟਰ ਨਾਲ ਪੈਂਦਾ ਹੈ। ਉਹ ਨੱਚਣ ਵਾਲੀ ਜਗਾ੍ਹ ਦੇ ਕਿਨਾਰੇ 'ਤੇ ਛੋਟਾ ਜਿਹਾ ਮੈਡੀਕਲ ਕੈਂਪ ਚਲਾ ਰਿਹਾ ਹੈ। ਮੇਰਾ ਉਸ ਦੀਆਂ ਮੋਟੀਆਂ ਮੋਟੀਆਂ ਗੱਲ੍ਹਾਂ ਚੁੰਮਣ ਨੂੰ ਜੀਅ ਕਰਦਾ ਹੈ। ਇਕ ਦੀ ਬਜਾਏ ਘੱਟੋ-ਘੱਟ ਉਹ ਤੀਹ ਕਿਉਂ ਨਹੀਂ ਹਨ? ਉਹ ਹਜ਼ਾਰ ਕਿਉਂ ਨਹੀਂ ਹੋ ਸਕਦੇ? ਮੈਂ ਉਸ ਨੂੰ ਪੁੱਛਦੀ ਹਾਂ, ਇਹ ਕੁਝ, ਦੰਡਕਾਰਣੀਆਂ ਦੀ ਸਿਹਤ ਕਿਵੇਂ ਲੱਗਦੀ ਹੈ? ਉਸ ਦੇ ਜਵਾਬ ਨਾਲ ਮੇਰਾ ਖ਼ੂਨ ਜੰਮ ਜਾਂਦਾ ਹੈ। ਜਿਨ੍ਹਾਂ ਬਹੁਤੇ ਲੋਕਾਂ ਨੂੰ ਉਸ ਨੇ ਦੇਖਿਆ ਹੈ, ਪੀ ਐੱਲ ਜੀ ਏ ਵਾਲਿਆਂ ਸਣੇ, ਉਨ੍ਹਾਂ ਦਾ ਹੈਮੋਗਲੋਬਿਨ ਪੰਜ ਅਤੇ ਛੇ ਦੇ ਵਿਚਾਲੇ ਹੈ (ਜਦੋਂਕਿ ਭਾਰਤੀ ਔਰਤਾਂ ਲਈ ਇਹ ਮਿਆਰ 11 ਦਾ ਹੈ)। ਦੋ ਸਾਲ ਤੋਂ ਵੱਧ ਸਮਾਂ ਖ਼ੂਨ ਦੀ ਘਾਟ ਰਹਿਣ ਨਾਲ ਟੀ ਬੀ ਹੋ ਜਾਂਦੀ ਹੈ। ਵੱਡੇ ਬੱਚੇ ਪ੍ਰੋਟੀਨ ਊਰਜਾ ਕੁਪੋਸ਼ਣ ਗਰੇਡ ਦੋ ਤੋਂ ਪੀੜਤ ਹਨ, ਮੈਡੀਕਲ ਬੋਲੀ 'ਚ ਇਸ ਨੂੰ ਕਵਾਸ਼ਿਓਕਰ ਕਿਹਾ ਜਾਂਦਾ ਹੈ। (ਬਾਅਦ 'ਚ ਮੈਂ ਇਸਦਾ ਪਤਾ ਲਾਇਆ। ਇਹ ਤੱਟਵਰਤੀ ਘਾਨਾ ਦੀ ਗਾ ਭਾਸ਼ਾ ਦਾ ਲਫ਼ਜ਼ ਹੈ ਅਤੇ ਇਸ ਦਾ ਭਾਵ ਹੈ ''ਬੱਚਾ ਪੈਦਾ ਹੋਣ ਸਮੇਂ ਉਸ ਨੂੰ ਜੋ ਬੀਮਾਰੀ ਚਿੰਬੜਦੀ ਹੈ। ਬੁਨਿਆਦੀ ਤੌਰ 'ਤੇ ਵੱਡੇ ਬੱਚੇ ਮਾਂ ਦਾ ਦੁੱਧ ਪੀਣਾ ਬੰਦ ਕਰ ਦਿੰਦੇ ਹਨ, ਅਤੇ ਪੌਸ਼ਟਿਕ ਤੱਤ ਦੇਣ ਵਾਲੀ ਕੋਈ ਚੰਗੀ ਖੁਰਾਕ ਹੁੰਦੀ ਹੀ ਨਹੀਂ।) ਕਾਮਰੇਡ ਡਾਕਟਰ ਦੱਸਦਾ ਹੈ, ''ਬਿਆਫਰਾ ਵਾਂਗ, ਇਹ ਇੱਥੇ ਮਹਾਂਮਾਰੀ ਬਣਕੇ ਫੈਲਿਆ ਹੋਇਆ ਹੈ, ਮੈਂ ਪਿੰਡਾਂ ਵਿਚ ਪਹਿਲਾਂ ਵੀ ਕੰਮ ਕੀਤਾ ਹੈ, ਪਰ ਮੈਂ ਇਸ ਤਰ੍ਹਾਂ ਦੀ ਚੀਜ਼ ਪਹਿਲਾਂ ਕਦੇ ਨਹੀਂ ਦੇਖੀ।''
ਇਸ ਤੋਂ ਇਲਾਵਾ, ਉੱਥੇ ਮਲੇਰੀਆ, ਹੱਡੀਆਂ ਦਾ ਖ਼ੁਰਨਾ, ਫੀਤਾ ਕੀੜੇ, ਕੰਨ ਅਤੇ ਦੰਦ ਦੀ ਜ਼ਬਰਦਸਤ ਇਨਫੈਕਸ਼ਨ ਅਤੇ ਮੁੱਢਲੇ ਪੜਾਅ 'ਤੇ ਮਹਾਂਵਾਰੀ ਦੀ ਗੜਬੜ--ਇਹ ਓਦੋਂ ਹੁੰਦਾ ਹੈ ਜਦੋਂ ਗਭਰੇਟ ਉਮਰ 'ਚ ਕੁਪੋਸ਼ਣ ਕਾਰਣ ਔਰਤਾਂ 'ਚ ਮਹਾਂਵਾਰੀ ਬੰਦ ਹੋ ਜਾਂਦੀ ਹੈ, ਜਾਂ ਕਦੇ ਸ਼ੁਰੂ ਹੀ ਨਹੀਂ ਹੁੰਦੀ। ''ਗੜ੍ਹਚਿਰੌਲੀ ਵਿਚ ਇਕ ਦੋ ਨੂੰ ਛੱਡਕੇ ਇੱਥੇ ਜੰਗਲ ਵਿਚ ਕੋਈ ਕਲੀਨਿਕ ਨਹੀਂ ਹਨ। ਕੋਈ ਡਾਕਟਰ ਨਹੀਂ, ਕੋਈ ਦਵਾਈਆਂ ਨਹੀਂ ਹਨ।''
ਉਹ ਹੁਣ ਆਪਣੀ ਨਿੱਕੀ ਜਹੀ ਟੀਮ ਸਮੇਤ ਅਬੂਝਮਾੜ ਦੇ ਅੱਠ ਦਿਨਾਂ ਸਫ਼ਰ 'ਤੇ ਚੱਲਿਆ ਹੈ। ਉਹ ਵੀ 'ਵਰਦੀ' 'ਚ ਹੈ, ਕਾਮਰੇਡ ਡਾਕਟਰ। ਜੇ ਉਹ ਉਨ੍ਹਾਂ ਨੂੰ ਮਿਲ ਜਾਂਦਾ ਹੈ, ਉਹ ਉਸ ਨੂੰ ਵੀ ਮਾਰ ਦੇਣਗੇ।

ਕਾਮਰੇਡ ਰਾਜੂ ਕਹਿੰਦਾ ਹੈ ਕਿ ਇੱਥੇ ਕੈਂਪ ਲਾਈ ਰੱਖਣਾ ਸਾਡੇ ਲਈ ਸੁਰੱਖਿਅਤ ਨਹੀਂ ਹੈ। ਸਾਨੂੰ ਇੱਥੋਂ ਜਾਣਾ ਪਵੇਗਾ। ਭੂਮਕਾਲ ਤੋਂ ਵਿਛੜਣ 'ਚ ਬਹੁਤ ਸਾਰੀ ਅਲਵਿਦਾ ਸ਼ਾਮਲ ਹੁੰਦੀ ਹੈ, ਜਿਸ ਦਾ ਸਬੰਧ ਦੂਰ ਦੇ ਸਮੇਂ ਤੱਕ ਹੁੰਦਾ ਹੈ।
ਲਾਲ ਸਲਾਮ, ਲਾਲ ਲਾਲ ਸਲਾਮ,
ਜਾਨੇ ਵਾਲੇ ਸਾਥੀਓਂ ਕੋ ਲਾਲ ਲਾਲ ਸਲਾਮ
ਫਿਰ ਮਿਲੇਂਗੇ, ਫਿਰ ਮਿਲੇਂਗੇ
ਦੰਡਕਾਰਣੀਆਂ ਜੰਗਲ ਮੇਂ ਫਿਰ ਮਿਲੇਂਗੇ
ਆਉਣ ਅਤੇ ਵਿਦਾ ਹੋਣ ਦੀ ਇਸ ਰਸਮ ਨੂੰ ਸਰਸਰੀ ਜਹੇ ਨਹੀਂ ਲਿਆ ਜਾਂਦਾ, ਕਿਉਂਕਿ ਹਰ ਕੋਈ ਜਾਣਦਾ ਹੈ ਕਿ ਜਦੋਂ ਉਹ ਕਹਿੰਦੇ ਹਨ, ''ਫਿਰ ਮਿਲਾਂਗੇ'' ਤਾਂ ਅਸਲ ਵਿਚ ਉਨ੍ਹਾਂ ਦਾ ਭਾਵ ਹੁੰਦਾ ਹੈ ''ਅਸੀਂ ਕਦੇ ਮਿਲ ਨਹੀਂ ਸਕਣਾ''।
ਕਾਮਰੇਡ ਨਰਮਦਾ, ਕਾਮਰੇਡ ਮਾਸੇ ਅਤੇ ਕਾਮਰੇਡ ਰੂਪੀ ਵੱਖੋ ਵੱਖਰੇ ਰਾਹਾਂ 'ਤੇ ਜਾ ਰਹੀਆਂ ਹਨ। ਕੀ ਮੈਂ ਉਨ੍ਹਾਂ ਨੂੰ ਫੇਰ ਕਦੇ ਮਿਲ ਸਕਾਂਗੀ?
ਇਸ ਤਰ੍ਹਾਂ, ਇਕ ਵਾਰ ਫੇਰ ਅਸੀਂ ਤੁਰ ਪੈਂਦੇ ਹਾਂ। ਹਰ ਰੋਜ਼ ਗਰਮੀ ਵਧਦੀ ਜਾ ਰਹੀ ਹੈ। ਕਮਲਾ ਤੇਂਦੂ ਦਾ ਪਲੇਠਾ ਫ਼ਲ ਮੇਰੇ ਲਈ ਤੋੜਦੀ ਹੈ। ਇਸ ਦਾ ਸੁਆਦ ਚੀਕੂ ਵਰਗਾ ਹੈ। ਮੈਂ ਇਮਲੀ ਦੀ ਦੀਵਾਨੀ ਬਣ ਗਈ ਹਾਂ। ਇਸ ਵਕਤ ਅਸੀਂ ਇਕ ਨਾਲੇ ਕੋਲ ਪੜਾਅ ਕਰਦੇ ਹਾਂ। ਔਰਤਾਂ ਅਤੇ ਮਰਦ ਵਾਰੀ ਸਿਰ ਟੋਲੀਆਂ ਬਣਾਕੇ ਨਹਾਉਂਦੇ ਹਨ। ਤਰਕਾਲਾਂ ਨੂੰ, ਕਾਮਰੇਡ ਰਾਜੂ ਕੋਲ 'ਬਿਸਕੁਟਾਂ' ਦਾ ਪੂਰਾ ਪੈਕਟ ਪਹੁੰਚ ਜਾਂਦਾ ਹੈ। ਖ਼ਬਰਾਂ ਹਨ:
--ਜਨਵਰੀ 2010 ਦੇ ਅਖ਼ੀਰ 'ਚ ਜਿਨ੍ਹਾਂ 60 ਲੋਕਾਂ ਨੂੰ ਮਾਨਪੁਰ ਡਿਵੀਜ਼ਨ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਨਹੀਂ ਕੀਤਾ ਗਿਆ।
--ਦੱਖਣੀ ਬਸਤਰ ਵਿਚ ਪੁਲਿਸ ਦੀਆਂ ਵੱਡੀਆਂ ਵੱਡੀਆਂ ਟੁਕੜੀਆਂ ਪਹੁੰਚ ਗਈਆਂ ਹਨ। ਅੰਨ੍ਹੇਵਾਹ ਹਮਲੇ ਕੀਤੇ ਜਾ ਰਹੇ ਹਨ।
--8 ਨਵੰਬਰ 2009 ਨੂੰ ਬੀਜਾਪੁਰ ਜ਼ਿਲ੍ਹੇ ਦੇ ਕਚਲਾਰਮ ਪਿੰਡ ਦੇ ਡਿਰਕੋ ਮਦਕਾ (60 ਸਾਲ) ਅਤੇ ਕੋਵਾਸੀ ਸੁਕਲੂ (68 ਸਾਲ) ਨੂੰ ਮਾਰ ਦਿੱਤਾ ਗਿਆ ਸੀ।
--3 ਦਸੰਬਰ ਨੂੰ ਪੰਗੋਡੀ ਪਿੰਡ ਵਿਚ ਮਾਧਵੀ ਬਮਨ (15 ਸਾਲ) ਨੂੰ ਮਾਰ ਦਿੱਤਾ ਗਿਆ।
--11 ਦਸੰਬਰ ਨੂੰ, ਦਰਬਾ ਡਿਵੀਜ਼ਨ ਦੇ ਪਿੰਡ ਗੁਮੀਆਪਾਲ 'ਚ 7 ਲੋਕ ਮਾਰ ਦਿੱਤੇ ਗਏ (ਨਾਂਅ ਹਾਲੇ ਪ੍ਰਾਪਤ ਨਹੀਂ ਹੋਏ)।
--15 ਦਸੰਬਰ ਨੂੰ ਪਿੰਡ ਕੋਤਰਾਪਾਲ 'ਚ ਵੇਕੋ ਸੋਂਬਰ ਅਤੇ ਮਾਧਵੀ ਮਾਟੀ (ਦੋਵੇਂ ਕੇ ਏ ਐੱਮ ਐੱਸ ਨਾਲ ਸਬੰਧਤ) ਨੂੰ ਮਾਰ ਦਿੱਤਾ ਗਿਆ।
--30 ਦਸੰਬਰ ਨੂੰ ਵੇਚਾਪਾਲ ਪਿੰਡ ਦੇ ਪੂਨਮ ਪਾਂਡੂ ਅਤੇ ਪੂਨਮ ਮੋਤੂ (ਪਿਓ ਪੁੱਤਰ) ਨੂੰ ਮਾਰ ਦਿੱਤਾ ਗਿਆ।
--ਜਨਵਰੀ 2010 (ਤਾਰੀਕ ਪਤਾ ਨਹੀਂ), ਗੰਗਲੌਰ ਦੇ ਕੈਕਾ ਪਿੰਡ ਵਿਚ ਜਨਤੰਨਾ ਸਰਕਾਰ ਦੇ ਮੁਖੀ ਨੂੰ ਮਾਰ ਦਿੱਤਾ ਗਿਆ।
--9 ਜਨਵਰੀ ਨੂੰ ਸੁਰਪਾਗੂਡੇਨ ਪਿੰਡ, ਜਗਰਗੌਂਡਾ ਇਲਾਕਾ, ਵਿਚ ਚਾਰ ਲੋਕਾਂ ਨੂੰ ਮਾਰ ਦਿੱਤਾ ਗਿਆ।
--10 ਜਨਵਰੀ ਨੂੰ ਪੁਲੇਮ ਪੁਲਾਦੀ ਪਿੰਡ ਵਿਚ 3 ਲੋਕ ਮਾਰ ਦਿੱਤੇ ਗਏ (ਨਾਵਾਂ ਦਾ ਪਤਾ ਨਹੀਂ)।
--25 ਜਨਵਰੀ ਨੂੰ ਇੰਦਰਾਵਤੀ ਇਲਾਕੇ ਦੇ ਟਾਕੀਲੋਦ ਪਿੰਡ ਵਿਚ 7 ਲੋਕ ਮਾਰ ਦਿੱਤੇ ਗਏ।
--10 ਫਰਵਰੀ (ਭੂਮਕਾਲ ਦਿਵਸ) ਅਬੂਝਮਾੜ ਅੰਦਰ ਦੁਮਨਾਰ ਪਿੰਡ ਵਿਚ ਕੁਮਲੀ ਨਾਲ ਬਲਾਤਕਾਰ ਕਰਕੇ ਉਸ ਨੂੰ ਕਤਲ ਕਰ ਦਿੱਤਾ ਗਿਆ। ਉਹ ਪੈਵਾਰ ਨਾਂਅ ਦੇ ਪਿੰਡ ਤੋਂ ਸੀ।
--ਇੰਡੋ-ਤਿਬਤਨ ਬਾਰਡਰ ਪੁਲਿਸ ਦੀ 2000 ਨਫ਼ਰੀ ਨੇ ਰਾਜਨੰਦਗਾਓਂ ਦੇ ਜੰਗਲਾਂ ਵਿਚ ਡੇਰਾ ਲਾ ਲਿਆ ਹੈ।
--ਕਾਂਕੇਰ ਵਿਚ ਬੀ ਐੱਸ ਐੱਫ ਦੀ 5,000 ਹੋਰ ਨਫ਼ਰੀ ਪਹੁੰਚ ਗਈ ਹੈ।
ਅਤੇ ਫਿਰ
ਪੀ ਐੱਲ ਜੀ ਏ ਦਾ ਕੋਟਾ ਪੂਰਾ ਹੋ ਗਿਆ।

ਕੁਝ ਤਾਰੀਕਾਂ ਦੀਆਂ ਅਖ਼ਬਾਰਾਂ ਵੀ ਪਹੁੰਚੀਆਂ ਹਨ। ਨਕਸਲੀਆਂ ਬਾਰੇ ਬਹੁਤ ਸਾਰੀਆਂ ਖ਼ਬਰਾਂ ਹਨ। ਇਕ ਚੀਕਦੀ ਸੁਰਖ਼ੀ ਸਿਆਸੀ ਮਾਹੌਲ ਦਾ ਪੂਰਾ ਨਿਚੋੜ ਪੇਸ਼ ਕਰਦੀ ਹੈ: 'ਖਦੇੜ ਦਿਓ, ਮਾਰ ਦਿਓ, ਸਮਰਪਣ ਕਰਾਓ।' ਇਸ ਤੋਂ ਹੇਠਾਂ : 'ਵਾਰਤਾ ਕੇ ਲੀਏ ਲੋਕਤੰਤਰ ਕਾ ਦਵਾਰ ਖੁੱਲ੍ਹਾ ਹੈ।' ਅਗਲੀ ਕਹਿੰਦੀ ਹੈ ਕਿ ਮਾਓਵਾਦੀ ਪੈਸਾ ਬਣਾਉਣ ਲਈ ਚਰਸ ਉਗਾ ਰਹੇ ਹਨ। ਤੀਜੀ ਦੀ ਸੰਪਾਦਕੀ ਕਹਿ ਰਹੀ ਹੈ ਕਿ ਜਿਸ ਇਲਾਕੇ ਵਿਚ ਅਸੀਂ ਕੈਂਪ ਲਗਾਇਆ ਹੋਇਆ ਹੈ ਅਤੇ ਜਿਸ ਦੇ ਵਿਚੋਂ ਦੀ ਲੰਘਕੇ ਆਏ ਹਾਂ ਉਹ ਪੂਰੀ ਤਰ੍ਹਾਂ ਪੁਲਿਸ ਦੇ ਕਬਜ਼ੇ ਹੇਠ ਹੈ।
ਨੌਜਵਾਨ ਕਮਿਊਨਿਸਟ ਪੜ੍ਹਨ ਦਾ ਅਭਿਆਸ ਕਰਨ ਲਈ ਅਖ਼ਬਾਰੀ ਕਾਤਰਾਂ ਲੈ ਲੈਂਦੇ ਹਨ। ਉਹ ਕੈਂਪ ਦੇ ਆਲੇ ਦੁਆਲੇ ਚੱਕਰ ਲਾਉਂਦੇ ਹੋਏ ਰੇਡੀਓ ਅਨਾਊਂਸਰਾਂ ਦੇ ਅੰਦਾਜ਼ 'ਚ ਮਾਓਵਾਦੀਆਂ ਵਿਰੋਧੀ ਲੇਖ ਉੱਚੀ ਉੱਚੀ ਪੜ੍ਹ ਰਹੇ ਹਨ।

ਨਵਾਂ ਦਿਨ। ਨਵੀਂ ਥਾਂ। ਅਸੀਂ ਊਸਿਰ ਪਿੰਡ ਦੀ ਫਿਰਨੀ ਉੱਤੇ, ਮਹੂਏ ਦੇ ਵਿਸ਼ਾਲ ਦਰੱਖ਼ਤਾਂ ਹੇਠਾਂ ਡੇਰਾ ਲਾਇਆ ਹੈ। ਮਹੂਏ ਨੂੰ ਫੁੱਲ ਲੱਗਣੇ ਹਾਲੇ ਸ਼ੁਰੂ ਹੀ ਹੋਏ ਹਨ ਅਤੇ ਇਸ ਦੇ ਫਿੱਕੇ ਹਰੇ ਫੁੱਲ ਜੰਗਲ ਦੇ ਫਰਸ਼ ਉੱਪਰ ਡਿਗਕੇ ਹੀਰਿਆਂ ਵਾਂਗ ਜੜੇ ਜਾ ਰਹੇ ਹਨ। ਪੌਣ 'ਚ ਇਸ ਦੀ ਤਿੱਖੀ ਜਹੀ ਮਹਿਕ ਫੈਲੀ ਹੋਈ ਹੈ। ਅਸੀਂ ਭਾਟਪਾਲ ਸਕੂਲ ਦੇ ਬੱਚਿਆਂ ਦੀ ਇੰਤਜ਼ਾਰ ਕਰ ਰਹੇ ਹਾਂ ਜਿਸ ਨੂੰ ਓਂਗਨਾਰ ਮੁਕਾਬਲੇ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। ਇਸ ਨੂੰ ਪੁਲਿਸ ਕੈਂਪ ਬਣਾ ਦਿੱਤਾ ਗਿਆ ਹੈ। ਬੱਚਿਆਂ ਨੂੰ ਘਰਾਂ ਨੂੰ ਭੇਜ ਦਿੱਤਾ ਗਿਆ ਹੈ। ਨੇਲਵਾੜ, ਮੂੰਜਮੇਟਾ, ਏਡਕਾ, ਵੇਡੋਮਾਕੋਟ ਅਤੇ ਧਾਨੋਰਾ 'ਚ ਵੀ ਇਸੇ ਤਰ੍ਹਾਂ ਹੋਇਆ ਹੈ।
ਭਾਟਪਾਲ ਸਕੂਲ ਦੇ ਬੱਚੇ ਨਹੀਂ ਆਉਂਦੇ।
ਕਾਮਰੇਡ ਨੀਤੀ (ਜਿਸ ਦੀ ਸਭ ਤੋਂ ਜ਼ਿਆਦਾ ਭਾਲ ਹੈ) ਅਤੇ ਕਾਮਰੇਡ ਵਿਨੋਦ ਸਾਨੂੰ ਫ਼ਸਲਾਂ ਨੂੰ ਸਿੰਜਣ ਲਈ ਕੀਤੇ ਇੰਤਜ਼ਾਮ ਅਤੇ ਸਿੰਜਾਈ ਤਲਾਬ ਦਿਖਾਉਣ ਲਈ ਦੂਰ ਤੱਕ ਲੈ ਜਾਂਦੇ ਹਨ ਜੋ ਸਥਾਨਕ ਜਨਤੰਨਾ ਨੇ ਉਸਾਰੇ ਹਨ। ਕਾਮਰੇਡ ਨੀਤੀ ਖੇਤੀਬਾੜੀ ਦੀਆਂ ਉਨ੍ਹਾਂ ਬਹੁਤ ਸਾਰੀਆਂ ਸਮੱਸਿਆਵਾਂ ਬਾਰੇ ਚਰਚਾ ਕਰਦੀ ਹੈ ਜਿਨ੍ਹਾਂ ਨੂੰ ਨਜਿੱਠਣਾ ਪੈ ਰਿਹਾ ਹੈ। ਸਿਰਫ਼ ਦੋ ਫੀਸਦੀ ਜ਼ਮੀਨ ਸੇਂਜੂ ਹੈ। ਦਸ ਸਾਲ ਪਹਿਲਾਂ, ਅਬੂਝਮਾੜ ਵਿਚ ਹਲ ਚਲਾਉਣਾ ਅਲੋਕਾਰੀ ਗੱਲ ਸੀ। ਦੂਜੇ ਪਾਸੇ, ਗੜ੍ਹਚਿਰੌਲੀ 'ਚ, ਦੋਗਲੇ ਬੀਜ ਅਤੇ ਰਸਾਇਣਕ ਨਦੀਨ-ਨਾਸ਼ਕ ਸਹਿਜੇ ਸਹਿਜੇ ਪ੍ਰਵੇਸ਼ ਕਰ ਰਹੇ ਹਨ। ਕਾਮਰੇਡ ਵਿਨੋਦ ਕਹਿੰਦਾ ਹੈ, ''ਸਾਡੇ ਖੇਤੀਬਾੜੀ ਵਿਭਾਗ ਨੂੰ ਬਹੁਤ ਜ਼ਰੂਰੀ ਸਹਾਇਤਾ ਲੋੜੀਂਦੀ ਹੈ। ਸਾਨੂੰ ਐਸੇ ਲੋਕਾਂ ਦੀ ਜ਼ਰੂਰਤ ਹੈ ਜੋ ਬੀਜਾਂ, ਕੀੜੇ ਮਾਰਨ ਦੀਆਂ ਜੈਵਿਕ ਵਿਧੀਆਂ, ਕੁਦਰਤ ਅਨੁਕੂਲ ਵਸੇਬਾ ਅਤੇ ਖੇਤੀਬਾੜੀ ਕਰਨ ਦੀ ਜਾਣਕਾਰੀ ਰੱਖਦੇ ਹੋਣ। ਥੋੜ੍ਹੀ ਜਹੀ ਸਹਾਇਤਾ ਮਿਲਣ ਨਾਲ ਹੀ ਅਸੀਂ ਬਹੁਤ ਕੁਝ ਕਰ ਸਕਦੇ ਹਾਂ।''
ਕਾਮਰੇਡ ਰਾਮੂ ਜਨਤੰਨਾ ਸਰਕਾਰ ਖੇਤਰ ਦਾ ਖੇਤੀਬਾੜੀ ਮੁਖੀ ਹੈ। ਉਹ ਮਾਣ ਨਾਲ ਸਾਨੂੰ ਉਹ ਖੇਤ ਦਿਖਾਉਂਦਾ ਹੈ ਜਿੱਥੇ ਉਹ ਚੌਲ, ਬੈਂਗਣ, ਗੋਂਗੁਰਾ, ਪਿਆਜ਼, ਗੰਢ ਗੋਭੀ ਦੀ ਕਾਸ਼ਤ ਕਰਦੇ ਹਨ। ਫਿਰ ਉਹ, ਓਨੇ ਹੀ ਮਾਣ ਨਾਲ ਵੱਡਾ ਤੇ ਪੂਰੀ ਤਰ੍ਹਾਂ ਸੁੱਕਾ ਸਿੰਜਾਈ ਤਲਾਬ ਦਿਖਾਉਂਦਾ ਹੈ। ਇਹ ਕੀ ਹੈ? ''ਇਸ ਵਿਚ ਮੀਂਹ ਦੀ ਰੁੱਤੇ ਵੀ ਪਾਣੀ ਨਹੀਂ ਹੁੰਦਾ। ਇਹ ਗ਼ਲਤ ਥਾਂ 'ਤੇ ਪੁੱਟਿਆ ਗਿਆ ਹੈ।'' ਜਦੋਂ ਉਹ ਇਹ ਦੱਸਦਾ ਹੈ ਤਾਂ ਉਸ ਦੇ ਚਿਹਰੇ 'ਤੇ ਮੁਸਕਰਾਹਟ ਫੈਲ ਜਾਂਦੀ ਹੈ। ''ਇਹ ਸਾਡਾ ਬਣਾਇਆ ਨਹੀਂ ਹੈ, ਇਹ ਲੋਟੂ ਸਰਕਾਰ ਨੇ ਬਣਾਇਆ ਸੀ।'' ਇੱਥੇ ਦੋ ਸਮਾਂਤਰ ਸਰਕਾਰਾਂ ਹਨ, ਜਨਤੰਨਾ ਸਰਕਾਰ ਅਤੇ ਲੋਟੂ ਸਰਕਾਰ।
ਮੈਂ ਕਾਮਰੇਡ ਵੇਨੂ ਦੀ ਕਹੀ ਹੋਈ ਗੱਲ ਬਾਰੇ ਸੋਚਦੀ ਹਾਂ: ''ਉਹ ਸਾਨੂੰ ਕੁਚਲ ਦੇਣਾ ਚਾਹੁੰਦੇ ਹਨ, ਸਿਰਫ਼ ਖਣਿਜਾਂ ਦੀ ਖਾਤਰ ਨਹੀਂ, ਸਗੋਂ ਇਸ ਕਰਕੇ ਕਿਉਂਕਿ ਅਸੀਂ ਦੁਨੀਆਂ ਲਈ ਬਦਲਵਾਂ ਨਮੂਨਾ ਪੇਸ਼ ਕਰ ਰਹੇ ਹਾਂ।''

ਬੰਦੂਕ ਦੀ ਮਦਦ ਨਾਲ ਗ੍ਰਾਮ ਸਵਰਾਜ ਦੀ ਇਹ ਸੋਚ ਹਾਲੇ ਬਦਲ ਨਹੀਂ ਹੈ। ਇੱਥੇ ਹਾਲੇ ਬਹੁਤ ਜ਼ਿਆਦਾ ਭੁੱਖਮਰੀ ਹੈ, ਬਹੁਤ ਜ਼ਿਆਦਾ ਬੀਮਾਰੀਆਂ ਹਨ। ਪਰ ਇਸ ਨੇ ਇਕ ਬਦਲ ਦੀਆਂ ਸੰਭਾਵਨਾਵਾਂ ਸੱਚਮੁੱਚ ਪੈਦਾ ਕਰ ਦਿੱਤੀਆਂ ਹਨ। ਪੂਰੀ ਦੁਨੀਆਂ ਲਈ ਨਹੀਂ, ਅਲਾਸਕਾ ਜਾਂ ਨਵੀਂ ਦਿੱਲੀ ਲਈ ਨਹੀਂ, ਜਾਂ ਸ਼ਾਇਦ ਪੂਰੇ ਛੱਤੀਸਗੜ੍ਹ ਲਈ ਵੀ ਨਹੀਂ, ਪਰ ਆਪਣੇ ਲਈ। ਦੰਡਕਾਰਣੀਆਂ ਲਈ। ਇਹ ਦੁਨੀਆਂ ਦਾ ਬਿਹਤਰੀਨ ਭੇਤ ਹੈ। ਇਸਨੇ ਆਪਣਾ ਨਾਮੋ-ਨਿਸ਼ਾਨ ਮਿਟਾ ਦਿੱਤੇ ਜਾਣ ਦੇ ਬਦਲ ਦੀ ਨੀਂਹ ਰੱਖੀ ਹੈ। ਇਸ ਨੇ ਇਤਹਾਸ ਨੂੰ ਵੰਗਾਰਿਆ ਹੈ। ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਨਾਲ ਮੱਥਾ ਲਾਕੇ ਇਸ ਨੇ ਆਪਣੀ ਹੋਂਦ ਬਚਾਉਣ ਦਾ ਨਮੂਨਾ ਤਿਆਰ ਕਰ ਲਿਆ ਹੈ। ਇਸ ਨੂੰ ਐਸ ਵਕਤ ਸਹਾਇਤਾ ਅਤੇ ਰਚਨਾਤਮਕ ਤਾਕਤ ਦੀ ਲੋੜ ਹੈ, ਇਸ ਨੂੰ ਡਾਕਟਰ, ਅਧਿਆਪਕ, ਕਿਸਾਨ ਚਾਹੀਦੇ ਹਨ।
ਇਸ ਨੂੰ ਜੰਗ ਨਹੀਂ ਚਾਹੀਦੀ।
ਪਰ ਜੇ ਇਸ ਦੇ ਪੱਲੇ ਜੰਗ ਹੀ ਪੈਂਦੀ ਹੈ, ਤਾਂ ਇਹ ਮੋੜਵਾਂ ਜਵਾਬ ਦੇਵੇਗਾ।

ਅਗਲੇ ਕੁਝ ਦਿਨਾਂ 'ਚ ਮੈਂ ਕੇ ਏ ਐੱਮ ਐੱਸ ਨਾਲ ਕੰਮ ਕਰਦੀਆਂ ਔਰਤਾਂ, ਜਨਤੰਨਾ ਸਰਕਾਰ ਦੇ ਵੱਖ-ਵੱਖ ਅਹੁਦੇਦਾਰਾਂ, ਦੰਡਕਾਰਣੀਆਂ ਆਦਿਵਾਸੀ ਕਿਸਾਨ ਮਜ਼ਦੂਰ ਸੰਗਠਨ (ਡੀ ਏ ਕੇ ਐੱਮ ਐੱਸ) ਦੇ ਮੈਂਬਰਾਂ, ਮਾਰੇ ਗਏ ਲੋਕਾਂ ਦੇ ਪਰਿਵਾਰਾਂ, ਇਨ੍ਹਾਂ ਭਿਆਨਕ ਸਮਿਆਂ 'ਚ ਜ਼ਿੰਦਗੀ ਨਾਲ ਦੋ-ਚਾਰ ਹੋ ਰਹੇ ਆਮ ਲੋਕਾਂ ਨੂੰ ਮਿਲਦੀ ਹਾਂ।
ਮੇਰੀ ਮੁਲਾਕਾਤ ਨਰਾਇਣਪੁਰ ਜ਼ਿਲ੍ਹੇ ਦੀਆਂ ਤਿੰਨ ਭੈਣਾਂ--ਸੁਖਿਆਰੀ, ਸੁਕਦਾਈ ਅਤੇ ਸੁਕਾਲੀ--ਨਾਲ ਹੋਈ, ਇਹ ਮੁਟਿਆਰਾਂ ਨਹੀਂ, ਸ਼ਾਇਦ ਚਾਲੀਆਂ ਨੂੰ ਪਹੁੰਚੀਆਂ ਹੋਈਆਂ ਹਨ। ਪੁਲਿਸ ਨਾਲ ਨਜਿੱਠਣ ਲਈ ਪਿੰਡ ਵਾਲਿਆਂ ਦੀ ਨਿਰਭਰਤਾ ਇਨ੍ਹਾਂ ਉੱਪਰ ਹੈ। ਸੁਕਾਲੀ ਦੱਸਦੀ ਹੈ, ''ਦੋ-ਤਿੰਨ ਸੌ ਪੁਲਸੀਆਂ ਦਾ ਗਰੋਹ ਆਉਂਦਾ ਹੈ। ਉਹ ਹਰ ਚੀਜ਼ ਚੋਰੀ ਕਰਕੇ ਲੈ ਜਾਂਦੇ ਹਨ: ਗਹਿਣਾ-ਗੱਟਾ, ਮੁਰਗੇ, ਸੂਰ, ਭਾਂਡੇ ਅਤੇ ਤਸਲੇ, ਤੀਰ-ਕਮਾਨ ਸਭ ਕੁਝ। ਉਹ ਕਰਦਾਂ ਵੀ ਨਹੀਂ ਛੱਡਦੇ।'' ਇਨਾਰ ਵਿਚ ਉਸਦੇ ਘਰ ਨੂੰ ਦੋ ਵਾਰ ਸਾੜਿਆ ਗਿਆ ਹੈ, ਇਕ ਵਾਰ ਨਾਗਾ ਬਟਾਲੀਅਨ ਨੇ ਅਤੇ ਇਕ ਵਾਰ ਸੀ ਆਰ ਪੀ ਐੱਫ ਨੇ। ਸੁਖਿਆਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਹ ਜਗਦਲਪੁਰ ਜੇਲ੍ਹ 'ਚ ਸੱਤ ਮਹੀਨੇ ਦੀ ਕੈਦ ਕੱਟ ਰਹੀ ਹੈ। ''ਇਕ ਵਾਰ ਉਹ ਪੂਰੇ ਪਿੰਡ ਨੂੰ ਇਹ ਕਹਿਕੇ ਨਾਲ ਲੈ ਤੁਰੇ ਕਿ ਸਾਰੇ ਮਰਦ ਨਕਸਲੀ ਹਨ।'' ਸੁਖਿਆਰੀ ਨੇ ਸਭਨਾਂ ਔਰਤਾਂ ਅਤੇ ਬੱਚਿਆਂ ਨੂੰ ਲੈ ਕੇ ਪਿੱਛਾ ਕੀਤਾ। ਉਨ੍ਹਾਂ ਨੇ ਥਾਣਾ ਘੇਰ ਲਿਆ ਅਤੇ ਓਦੋਂ ਤੱਕ ਘਿਰਾਓ ਚੁੱਕਣ ਤੋਂ ਇਨਕਾਰ ਕਰ ਦਿੱਤਾ ਜਦੋਂ ਤੱਕ ਮਰਦਾਂ ਨੂੰ ਰਿਹਾਅ ਨਹੀਂ ਕੀਤਾ ਗਿਆ। ਸੁਕਦਾਈ ਕਹਿੰਦੀ ਹੈ, ''ਜਦੋਂ ਉਹ ਕਿਸੇ ਨੂੰ ਫੜ੍ਹ ਲੈਂਦੇ ਹਨ, ਤਾਂ ਤੁਹਾਨੂੰ ਤੁਰੰਤ ਜਾਕੇ ਛੁਡਾਉਣਾ ਪੈਂਦਾ ਹੈ। ਰਿਪੋਰਟ ਲਿਖ ਦੇਣ ਤੋਂ ਪਹਿਲਾਂ। ਜਦੋਂ ਉਹ ਆਪਣੀ ਕਿਤਾਬ 'ਚ ਪਰਚਾ ਦਰਜ ਕਰ ਦਿੰਦੇ ਹਨ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਹੈ।''

ਜਿਸ ਸੁਖਿਆਰੀ ਨੂੰ ਬਚਪਨ 'ਚ ਅਗਵਾ ਕਰਕੇ ਇਕ ਵੱਡੀ ਉਮਰ ਦੇ ਵਿਅਕਤੀ ਨਾਲ ਜਬਰੀ ਵਿਆਹ ਦਿੱਤਾ ਗਿਆ ਸੀ (ਉੱਥੋਂ ਭੱਜ ਕੇ ਉਹ ਆਪਣੀ ਭੈਣ ਨਾਲ ਰਹਿਣ ਲੱਗੀ ਸੀ), ਹੁਣ ਜਨਤਕ ਰੈਲੀਆਂ ਜਥੇਬੰਦ ਕਰਦੀ ਹੈ, ਇਕੱਠਾਂ 'ਚ ਭਾਸ਼ਣ ਦਿੰਦੀ ਹੈ। ਮਰਦ ਆਪਣੀ ਸੁਰੱਖਿਆ ਲਈ ਉਸ 'ਤੇ ਨਿਰਭਰ ਹਨ। ਸੁਖਿਆਰੀ ਕਹਿੰਦੀ ਹੈ ''ਨਕਸਲਵਾਦ ਕਾ ਮਤਲਬ ਹਮਾਰਾ ਪਰਿਵਾਰ। ਜਦੋਂ ਕਿਸੇ ਹਮਲੇ ਦੀ ਖ਼ਬਰ ਮਿਲਦੀ ਹੈ, ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਾਡੇ ਆਪਣੇ ਪਰਿਵਾਰ ਨੂੰ ਸੱਟ ਪਈ ਹੋਵੇ।''
ਮੈਂ ਉਸ ਨੂੰ ਪੁੱਛਿਆ ਕੀ ਉਸ ਨੂੰ ਪਤਾ ਹੈ ਮਾਓ ਕੌਣ ਸੀ। ਉਹ ਸ਼ਰਮਾਕੇ ਮੁਸਕਰਾਉਂਦੀ ਹੈ, ''ਉਹ ਇਕ ਰਹਿਬਰ ਸੀ। ਅਸੀਂ ਉਸਦੀ ਸੋਚ ਦੀ ਖ਼ਾਤਰ ਕੰਮ ਕਰ ਰਹੇ ਹਾਂ।''
ਮੈਂ ਕਾਮਰੇਡ ਸੁਮਾਰੀ ਗਾਵੜੇ ਨੂੰ ਮਿਲੀ। ਵੀਹ ਸਾਲ ਦੀ ਉਮਰ ਹੈ, ਅਤੇ ਉਹ ਜਗਦਲਪੁਰ ਜੇਲ੍ਹ 'ਚ ਪਹਿਲਾਂ ਹੀ ਦੋ ਸਾਲ ਸਜ਼ਾ ਭੁਗਤ ਚੁੱਕੀ ਹੈ। ਜਿਸ ਦਿਨ 8 ਜਨਵਰੀ 2007 ਨੂੰ ਪੁਲਸ ਵਾਲਿਆਂ ਨੇ ਇਨਾਰ ਪਿੰਡ ਨੂੰ ਘੇਰਾ ਪਾਇਆ, ਉਹ ਇਸ ਪਿੰਡ ਵਿਚ ਸੀ ਕਿਉਂਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਨੀਤੀ ਇਸ ਪਿੰਡ ਵਿਚ ਹੈ। (ਉਹ ਇੱਥੇ ਸੀ, ਪਰ ਜਿਸ ਸਮੇਂ ਉਹ ਆਏ ਉਹ ਚਲੀ ਗਈ ਸੀ)। ਪਰ ਪਿੰਡ ਮਿਲੀਸ਼ੀਆ, ਸੋਮਾਰੀ ਜਿਸ ਦੀ ਮੈਂਬਰ ਸੀ, ਹਾਲੇ ਉੱਥੇ ਹੀ ਸੀ। ਪਹੁ ਫੁੱਟਣ ਸਮੇਂ ਪੁਲਿਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਦੋ ਮੁੰਡੇ, ਸੁਖਲਾਲ ਗਾਵੜੇ ਅਤੇ ਕਚਰੂ ਗੋਤਾ, ਮਾਰ ਦਿੱਤੇ। ਫੇਰ ਉਨ੍ਹਾਂ ਨੇ ਦੋ ਮੁੰਡਿਆਂ, ਦੁਸਾਰੀ ਸਲਮ ਅਤੇ ਰਾਨਾਈ, ਅਤੇ ਸੁਮਾਰੀ ਨੂੰ ਫੜ ਲਿਆ। ਦੁਸਾਰੀ ਅਤੇ ਰਾਨਾਈ ਨੂੰ ਬੰਨ੍ਹਕੇ ਗੋਲੀ ਮਾਰ ਦਿੱਤੀ ਗਈ। ਸੁਮਾਰੀ ਨੂੰ ਐਨਾ ਕੁੱਟਿਆ ਕਿ ਮਰਨ ਕਿਨਾਰੇ ਪਹੁੰਚ ਗਈ। ਪੁਲਿਸ ਨੇ ਟਰੈਕਟਰ ਟਰਾਲੀ ਮੰਗਵਾਕੇ ਲਾਸ਼ਾਂ ਇਸ ਵਿਚ ਸੁੱਟ ਲਈਆਂ। ਸੁਮਾਰੀ ਨੂੰ ਲਾਸ਼ਾਂ ਦੇ ਨਾਲ ਬੈਠਾਕੇ ਨਰਾਇਣਪੁਰ ਲੈ ਗਏ।
ਮੈਂ ਕਾਮਰੇਡ ਦਿਲੀਪ ਦੀ ਮਾਂ ਚਾਮਰੀ ਨੂੰ ਮਿਲੀ, ਜਿਸ ਨੂੰ 6 ਜੁਲਾਈ 2009 ਨੂੰ ਗੋਲੀ ਮਾਰਕੇ ਮਾਰ ਦਿੱਤਾ ਗਿਆ ਸੀ। ਉਹ ਦੱਸਦੀ ਹੈ ਕਿ ਮਾਰਨ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਪੁੱਤ ਦੀ ਲਾਸ਼ ਨੂੰ ਜਾਨਵਰ ਦੀ ਤਰ੍ਹਾਂ ਡੰਡੇ ਨਾਲ ਬੰਨ੍ਹ ਲਿਆ ਅਤੇ ਲੈ ਗਏ। (ਇਸ ਤੋਂ ਪਹਿਲਾਂ ਕਿ ਕੋਈ ਹੋਰ ਸ਼ਿਕਾਰ ਉੱਪਰ ਦਾਅਵਾ ਕਰ ਦੇਵੇ, ਨਗਦ ਇਨਾਮ ਲੈਣ ਲਈ ਲਾਸ਼ਾਂ ਚੁੱਕਕੇ ਪੇਸ਼ ਕਰਨਾ ਇਨ੍ਹਾਂ ਦੀ ਜ਼ਰੂਰਤ ਹੈ)। ਉਹ ਚਾਮਰੀ ਥਾਣੇ ਤੱਕ ਉਨ੍ਹਾਂ ਦੇ ਮਗਰ ਦੌੜੀ ਗਈ। ਜਿਸ ਸਮੇਂ ਉਹ ਥਾਣੇ ਪਹੁੰਚੇ, ਲਾਸ਼ ਉੱਪਰ ਭੋਰਾ ਵੀ ਕੱਪੜਾ ਨਹੀਂ ਸੀ। ਚਾਮਰੀ ਦੱਸਦੀ ਹੈ, ਰਾਹ 'ਚ ਉਨ੍ਹਾਂ ਨੇ ਲਾਸ਼ ਇਕ ਪਾਸੇ ਰੱਖਕੇ ਢਾਬੇ ਤੋਂ ਚਾਹ ਪੀਤੀ ਅਤੇ ਬਿਸਕੁਟ ਖਾਧੇ। (ਉਨ੍ਹਾਂ ਨੇ ਕੋਈ ਪੈਸਾ ਨਹੀਂ ਦਿੱਤਾ।) ਜ਼ਰਾ ਇਸ ਮਾਂ ਦੀ ਤਸਵੀਰ ਦੀ ਕਲਪਨਾ ਕਰਕੇ ਦੇਖੋ, ਆਪਣੇ ਪੁੱਤ ਦੀ ਲਾਸ਼ ਮਗਰ ਜੰਗਲ ਵਿਚ ਦੀ ਵਾਹੋ ਦਾਹ ਭੱਜੀ ਜਾਂਦੀ ਹੈ, ਥੋੜ੍ਹੀ ਦੂਰ ਰੁਕਕੇ ਇੰਤਜ਼ਾਰ ਕਰਦੀ ਹੈ ਕਿ ਉਸ ਦੇ ਕਾਤਲ ਚਾਹ ਕਦੋਂ ਮੁਕਾਉਂਦੇ ਹਨ। ਉਨ੍ਹਾਂ ਨੇ ਉਸ ਨੂੰ ਉਸ ਦੇ ਪੁੱਤ ਦੀ ਲਾਸ਼ ਸਹੀ ਤਰ੍ਹਾਂ ਦਫ਼ਨਾਉਣ ਲਈ ਵੀ ਵਾਪਸ ਨਹੀਂ ਦਿੱਤੀ। ਉਨ੍ਹਾਂ ਨੇ ਉਸ ਨੂੰ ਸਿਰਫ਼ ਐਨੀ ਕੁ ਇਜਾਜ਼ਤ ਦਿੱਤੀ ਕਿ ਉਸ ਟੋਏ ਵਿਚ ਮੁੱਠ ਮਿੱਟੀ ਦੀ ਪਾ ਦੇਵੇ, ਜਿਸ ਵਿਚ ਉਸ ਦਿਨ ਕਤਲ ਕੀਤੇ ਵਿਅਕਤੀਆਂ ਨੂੰ ਦਫ਼ਨਾਇਆ ਜਾ ਰਿਹਾ ਸੀ। ਚਾਮਰੀ ਕਹਿੰਦੀ ਹੈ ਉਹ ਬਦਲਾ ਲੈਣਾ ਚਾਹੁੰਦੀ ਹੈ। ਖ਼ੂਨ ਦਾ ਬਦਲਾ ਖ਼ੂਨ।

ਮੈਂ ਮਾਰਸਕੋਲਾ ਜਨਤੰਨਾ ਸਰਕਾਰ ਦੇ ਚੁਣੇ ਹੋਏ ਮੈਂਬਰਾਂ ਨੂੰ ਮਿਲੀ ਜੋ ਛੇ ਪਿੰਡਾਂ ਦਾ ਪ੍ਰਸ਼ਾਸਨ ਚਲਾਉਂਦੀ ਹੈ। ਉਨ੍ਹਾਂ ਨੇ ਇਕ ਪੁਲਿਸ ਛਾਪੇ ਬਾਰੇ ਦੱਸਿਆ : ਉਹ ਰਾਤ ਵੇਲੇ 300-400 ਆਉਂਦੇ ਹਨ, ਕਈ ਵਾਰ ਤਾਂ ਹਜ਼ਾਰ ਵੀ ਹੁੰਦੇ ਹਨ। ਉਹ ਪਿੰਡ ਨੂੰ ਘੇਰਾ ਪਾ ਕੇ ਬੈਠੇ ਉਡੀਕਦੇ ਰਹਿੰਦੇ ਹਨ। ਪਹੁ ਫੁਟਾਲੇ ਵੇਲੇ ਜਿਹੜਾ ਕੋਈ ਖੇਤ ਜਾਣ ਲਈ ਪਹਿਲਾਂ ਨਿਕਲਦਾ ਹੈ ਉਸ ਨੂੰ ਫੜ ਲੈਂਦੇ ਹਨ ਅਤੇ ਉਸ ਨੂੰ ਢਾਲ ਬਣਾਕੇ ਪਿੰਡ 'ਚ ਵੜਦੇ ਹਨ ਤੇ ਉਸ ਤੋਂ ਪੁੱਛਦੇ ਹਨ ਕਿ ਬੂਬੀ-ਟਰੈਪ ਕਿੱਥੇ ਲਾਏ ਹੋਏ ਹਨ। ('ਬੂਬੀ-ਟਰੈਪ', ਪੁਲਸ ਤਾਕਤਾਂ ਨੂੰ ਕਿਸੇ ਬਹਾਨੇ ਭਰਮਾਕੇ ਨੁਕਸਾਨ ਪਹੁੰਚਾਉਣ ਦੀ ਗੁਪਤ ਵਿਧੀ। ਇਹ ਗੌਂਡੀ ਬੋਲੀ ਦਾ ਸ਼ਬਦ ਬਣ ਗਿਆ ਹੈ। ਜਦੋਂ ਇਹ ਲਫ਼ਜ਼ ਬੋਲਿਆ ਜਾਂਦਾ ਹੈ ਜਾਂ ਸੁਣਨ 'ਚ ਆਉਂਦਾ ਹੈ ਤਾਂ ਹਰ ਕੋਈ ਮੁਸਕਰਾ ਪੈਂਦਾ ਹੈ। ਜੰਗਲ ਬੂਬੀ-ਟਰੈਪਾਂ, ਅਸਲੀ ਜਾਂ ਨਕਲੀ, ਨਾਲ ਭਰਿਆ ਪਿਆ ਹੈ। ਇੱਥੋਂ ਤੱਕ ਕਿ ਪੀ ਐੱਲ ਜੀ ਏ ਨੂੰ ਵੀ ਪਿੰਡਾਂ 'ਚੋਂ ਲੰਘਣ ਵੇਲੇ ਵੀ ਰਾਹ ਦਰਸਾਏ ਜਾਣ ਦੀ ਲੋੜ ਪੈਂਦੀ ਹੈ।) ਜਦੋਂ ਪੁਲਿਸ ਇਕ ਵਾਰ ਪਿੰਡ 'ਚ ਆ ਵੜਦੀ ਹੈ ਤਾਂ ਲੁੱਟਮਾਰ ਕਰਕੇ ਘਰਾਂ ਨੂੰ ਸਾੜ ਦਿੰਦੀ ਹੈ। ਉਹ ਕੁੱਤੇ ਨਾਲ ਲਿਆਉਂਦੇ ਹਨ। ਕੁੱਤੇ ਭੱਜਣ ਵਾਲਿਆਂ ਦੇ ਮਗਰ ਪੈ ਕੇ ਉਨ੍ਹਾਂ ਨੂੰ ਫੜ ਲੈਂਦੇ ਹਨ। ਇਹ ਮੁਰਗਿਆਂ ਤੇ ਸੂਰਾਂ ਦਾ ਪਿੱਛਾ ਕਰਦੇ ਹਨ ਅਤੇ ਪੁਲਿਸ ਇਨ੍ਹਾਂ ਨੂੰ ਮਾਰਕੇ ਬੋਰਿਆਂ 'ਚ ਬੰਨ੍ਹਕੇ ਲੈ ਜਾਂਦੀ ਹੈ। ਐੱਸ ਪੀ ਓ ਪੁਲਿਸ ਦੇ ਨਾਲ ਆਉਂਦੇ ਹਨ। ਇਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਲੋਕਾਂ ਨੇ ਗਹਿਣੇ-ਗੱਟੇ ਤੇ ਪੈਸਾ ਕਿੱਥੇ ਲੁਕੋਏ ਹੋਏ ਹਨ। ਉਹ ਲੋਕਾਂ ਨੂੰ ਫੜ ਲੈਂਦੇ ਹਨ। ਅਤੇ ਛੱਡਣ ਸਮੇਂ ਪੈਸਾ ਬਟੋਰਦੇ ਹਨ। ਉਹ ਆਪਣੇ ਕੋਲ ਹਮੇਸ਼ਾ ਕੁਝ ਵਾਧੂ ਨਕਸਲੀ 'ਵਰਦੀਆਂ' ਰੱਖਦੇ ਹਨ ਤੇ ਕਿਸੇ ਨੂੰ ਮਾਰਨਾ ਹੋਵੇ ਤਾਂ ਇਹ ਪਹਿਨਾ ਦਿੰਦੇ ਹਨ। ਉਨ੍ਹਾਂ ਨੂੰ ਨਕਸਲੀਆਂ ਨੂੰ ਮਾਰਨ 'ਤੇ ਪੈਸਾ ਮਿਲਦਾ ਹੈ, ਇਸ ਕਰਕੇ ਉਹ ਕਿਸੇ ਨਾ ਕਿਸੇ ਨੂੰ ਨਕਸਲੀ ਬਣਾਕੇ ਪੇਸ਼ ਕਰ ਦਿੰਦੇ ਹਨ। ਪਿੰਡਾਂ ਦੇ ਲੋਕ ਐਨਾ ਡਰੇ ਹੋਏ ਹਨ ਕਿ ਘਰਾਂ 'ਚ ਨਹੀਂ ਰਹਿੰਦੇ।

ਸ਼ਾਂਤ ਦਿਖਾਈ ਦਿੰਦੇ ਇਸ ਜੰਗਲ ਵਿਚ ਜ਼ਿੰਦਗੀ ਦਾ ਪੂਰੀ ਤਰ੍ਹਾਂ ਫ਼ੌਜੀਕਰਨ ਹੋ ਚੁੱਕਾ ਹੈ। ਲੋਕ ਕੌਰਡਨ ਅਤੇ ਸਰਚ, ਫਾਇਰਿੰਗ, ਐਡਵਾਂਸ, ਰਿਟਰੀਟ, ਡਾਊਨ ਅਤੇ ਐਕਸ਼ਨ ਵਰਗੇ ਲਫ਼ਜ਼ਾਂ ਤੋਂ ਜਾਣੂੰ ਹਨ! ਆਪਣੀਆਂ ਫ਼ਸਲਾਂ ਸਾਂਭਣ ਸਮੇਂ ਪਹਿਰਾ ਦੇਣ ਲਈ ਉਨ੍ਹਾਂ ਨੂੰ ਪੀ ਐੱਲ ਜੀ ਏ ਦੀ ਲੋੜ ਹੁੰਦੀ ਹੈ। ਮੰਡੀ 'ਚ ਜਾਣਾ ਵੀ ਫ਼ੌਜੀ ਮੁਹਿੰਮ ਬਰਾਬਰ ਹੈ। ਮੰਡੀਆਂ ਮੁਖ਼ਬਰਾਂ ਨਾਲ ਭਰੀਆਂ ਹੋਈਆਂ ਹਨ ਜਿਨ੍ਹਾਂ ਨੂੰ ਪੁਲਿਸ ਨੇ ਪੈਸੇ ਦਾ ਲਾਲਚ ਦੇ ਕੇ ਭਰਮਾ ਲਿਆ ਹੈ। ਮੈਨੂੰ ਦੱਸਿਆ ਗਿਆ ਕਿ ਨਰਾਇਣਪੁਰ 'ਚ ਇਕ ਮੁਖ਼ਬਰ ਮੁਹੱਲਾ ਹੈ, ਜਿੱਥੇ 4,000 ਦੇ ਕਰੀਬ ਮੁਖ਼ਬਰ ਰਹਿੰਦੇ ਹਨ। ਮਰਦ ਹੁਣ ਮੰਡੀਆਂ 'ਚ ਨਹੀਂ ਜਾ ਸਕਦੇ। ਔਰਤਾਂ ਹੀ ਜਾਂਦੀਆਂ ਹਨ, ਪਰ ਉਨ੍ਹਾਂ 'ਤੇ ਪੂਰੀ ਨਜ਼ਰ ਰੱਖੀ ਜਾਂਦੀ ਹੈ। ਜੇ ਉਹ ਥੋੜ੍ਹਾ ਜਿਹਾ ਵੀ ਵੱਧ ਸਮਾਨ ਖ਼ਰੀਦ ਲੈਂਦੀਆਂ ਹਨ ਤਾਂ ਪੁਲਿਸ ਦੋਸ਼ ਲਾ ਦਿੰਦੀ ਹੈ ਕਿ ਨਕਸਲੀਆਂ ਲਈ ਖ਼ਰੀਦਿਆ ਹੈ। ਦਵਾਈਆਂ ਵਾਲਿਆਂ ਨੂੰ ਸਖ਼ਤ ਹਦਾਇਤ ਹੈ ਕਿ ਲੋਕਾਂ ਨੂੰ ਬਹੁਤ ਥੋੜ੍ਹੀ ਮਾਤਰਾ 'ਚ ਦਵਾਈਆਂ ਦੇਣੀਆਂ ਹਨ। ਜਨਤਕ ਵੰਡ ਪ੍ਰਣਾਲੀ (ਪੀ ਡੀ ਐੱਸ) ਰਾਹੀਂ ਮਿਲਦੇ ਰਾਸ਼ਨ, ਖੰਡ, ਚੌਲ, ਮਿੱਟੀ ਦਾ ਤੇਲ ਆਦਿ ਦੇ ਡਿਪੂ ਪੁਲਿਸ ਥਾਣਿਆਂ 'ਚ ਜਾਂ ਨੇੜੇ-ਤੇੜੇ ਰੱਖੇ ਜਾਂਦੇ ਹਨ ਤਾਂ ਜੋ ਬਹੁਤੇ ਲੋਕਾਂ ਲਈ ਰਾਸ਼ਨ ਖ਼ਰੀਦਣਾ ਹੀ ਅਸੰਭਵ ਹੋ ਜਾਵੇ।

ਨਸਲਘਾਤ ਦੇ ਜੁਰਮ ਦੀ ਰੋਕਥਾਮ ਅਤੇ ਸਜ਼ਾ ਦੇ ਬਾਰੇ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ ਦੀ ਧਾਰਾ 2 ਇਸ ਤਰ੍ਹਾਂ ਪ੍ਰੀਭਾਸ਼ਤ ਕਰਦੀ ਹੈ:
ਕਿਸੇ ਕੌਮੀ, ਨਸਲੀ-ਸਭਿਆਚਾਰਕ, ਨਸਲੀ ਜਾਂ ਧਾਰਮਿਕ ਸਮੂਹ ਨੂੰ, ਸਮੁੱਚੇ ਜਾਂ ਅੰਸ਼ਕ ਤੌਰ 'ਤੇ, ਤਬਾਹ ਕਰਨ ਦੇ ਇਰਾਦੇ ਨਾਲ ਕੀਤੀਆਂ ਜਾਂਦੀਆਂ ਕਾਰਵਾਈਆਂ ਨਸਲਘਾਤ ਦੇ ਘੇਰੇ 'ਚ ਆਉਂਦੀਆਂ ਹਨ, ਜਿਵੇਂ: ਸਮੂਹ ਦੇ ਲੋਕਾਂ ਨੂੰ ਕਤਲ ਕਰਨਾ; ਸਮੂਹ ਦੇ ਮੈਂਬਰਾਂ ਨੂੰ ਗੰਭੀਰ ਸਰੀਰਕ ਜਾਂ ਮਾਨਸਿਕ ਨੁਕਸਾਨ ਪਹੁੰਚਾਉਣਾ; ਸਮੂਹ ਦੀ ਹੋਂਦ ਨੂੰ ਖ਼ਤਮ ਕਰਨ ਲਈ, ਸਮੁੱਚੇ ਜਾਂ ਅੰਸ਼ਕ ਤੌਰ 'ਤੇ, ਇਸ ਦੀ ਜੀਵਨ ਸ਼ੈਲੀ ਨੂੰ ਗਿਣ-ਮਿੱਥਕੇ ਤਬਾਹ ਕਰਨਾ; ਸਮੂਹ ਦੀ ਬੱਚੇ ਜੰਮਣ ਦੀ ਪ੍ਰਕਿਰਿਆ ਨੂੰ ਰੋਕਣ ਲਈ ਮਿੱਥਕੇ ਪਾਬੰਦੀਆਂ ਆਇਦ ਕਰਨਾ; [ਜਾਂ] ਸਮੂਹ ਦੇ ਬੱਚਿਆਂ ਨੂੰ ਜ਼ਬਰਦਸਤੀ ਕਿਸੇ ਹੋਰ ਸਮੂਹ 'ਚ ਸ਼ਾਮਲ ਕਰ ਦੇਣਾ।

ਆਖ਼ਿਰ ਮੇਰੇ ਉੱਪਰ ਸਫ਼ਰ ਦਾ ਅਸਰ ਹੋ ਗਿਆ ਹੈ। ਮੈਂ ਥੱਕ ਗਈ ਹਾਂ। ਕਮਲਾ ਮੈਨੂੰ ਗਰਮ ਪਾਣੀ ਭਾਂਡੇ 'ਚ ਪਾ ਕੇ ਲਿਆ ਦਿੰਦੀ ਹੈ। ਮੈਂ ਹਨੇਰੇ 'ਚ ਦਰੱਖ਼ਤ ਦੀ ਓਟ 'ਚ ਨਹਾ ਲੈਂਦੀ ਹਾਂ। ਪਰ ਮੈਥੋਂ ਖਾਣਾ ਨਹੀਂ ਖਾਧਾ ਜਾਂਦਾ ਅਤੇ ਮੈਂ ਸੌਣ ਲਈ ਆਪਣੇ ਬਿਸਤਰੇ 'ਚ ਘੁਸੜ ਜਾਂਦੀ ਹਾਂ। ਕਾਮਰੇਡ ਰਾਜੂ ਐਲਾਨ ਕਰਦਾ ਹੈ ਕਿ ਅਸੀਂ ਜਾਣਾ ਹੈ। ਬੇਸ਼ੱਕ, ਇਹ ਅਕਸਰ ਹੀ ਵਾਪਰਦਾ ਹੈ, ਪਰ ਰਾਤ ਨੂੰ ਬਹੁਤ ਮੁਸ਼ਕਲ ਹੈ। ਅਸੀਂ ਇਕ ਖੁੱਲ੍ਹੀ ਚਰਾਂਦ 'ਚ ਡੇਰਾ ਲਾਇਆ ਹੋਇਆ ਹੈ। ਦੂਰੋਂ ਸਾਨੂੰ ਗੋਲਾਬਾਰੀ ਸੁਣਾਈ ਦਿੱਤੀ ਸੀ। ਸਾਡੀ ਗਿਣਤੀ 104 ਹੈ। ਇਕ ਵਾਰ ਫਿਰ ਅਸੀਂ ਇਕਹਿਰੀ ਕਤਾਰ ਬਣਾਕੇ ਹਨੇਰੇ 'ਚ ਤੁਰ ਪੈਂਦੇ ਹਾਂ। ਬੀਂਡਿਆਂ ਦੀ ਆਵਾਜ਼ ਆਉਂਦੀ ਹੈ। ਇਤਰ ਵਰਗੀ ਕੋਈ ਮਹਿਕ ਹੈ। ਰਾਤ ਦੇ ਦੋ ਵਜੇ ਹੋਣਗੇ ਜਦੋਂ ਅਸੀਂ ਉੱਥੇ ਪਹੁੰਚਦੇ ਹਾਂ ਜਿੱਥੇ ਰਾਤ ਗੁਜ਼ਾਰਾਂਗੇ। ਚਟਾਨਾਂ ਦਾ ਉੱਭਰਿਆ ਹੋਇਆ ਤਲ ਹੈ। ਕਤਾਰ ਬਣਾਈ ਜਾਂਦੀ ਹੈ। ਰੋਲ ਕਾਲ ਹੁੰਦੀ ਹੈ। ਫਿਰ ਕੋਈ ਜਣਾ ਰੇਡੀਓ ਚਲਾਉਂਦਾ ਹੈ। ਬੀ ਬੀ ਸੀ ਦੀ ਖ਼ਬਰ ਹੈ ਕਿ ਪੱਛਮੀ ਬੰਗਾਲ ਅੰਦਰ ਲਾਲਗੜ੍ਹ 'ਚ ਮਾਓਵਾਦੀਆਂ ਨੇ ਈਸਟਰਨ ਫਰੰਟੀਅਰ ਰਾਈਫ਼ਲ ਦੇ ਕੈਂਪ ਉੱਤੇ ਹਮਲਾ ਕੀਤਾ ਹੈ। ਸੱਠ ਮਾਓਵਾਦੀ ਮੋਟਰ ਸਾਈਕਲਾਂ 'ਤੇ ਆਏ। ਚੌਦਾਂ ਪੁਲਸੀਏ ਮਾਰੇ ਗਏ। ਦਸ ਲਾਪਤਾ ਹਨ। ਹਥਿਆਰ ਖੋਹ ਕੇ ਲੈ ਗਏ। ਸਫ਼ਾਂ 'ਚ ਖੁਸ਼ੀ ਭਰੀ ਘੁਸਰ-ਮੁਸਰ ਸੁਣਾਈ ਦਿੰਦੀ ਹੈ। ਮਾਓਵਾਦੀ ਆਗੂ ਕਿਸ਼ਨਜੀ ਨਾਲ ਮੁਲਾਕਾਤ ਚੱਲ ਰਹੀ ਹੈ। ਤੁਸੀਂ ਇਹ ਹਿੰਸਾ ਬੰਦ ਕਰਕੇ ਗੱਲਬਾਤ ਕਦੋਂ ਕਰੋਗੇ? ਜਦੋਂ ਓਪਰੇਸ਼ਨ ਗਰੀਨ ਹੰਟ ਵਾਪਸ ਲੈ ਲਿਆ ਜਾਵੇਗਾ। ਚਿਦੰਬਰਮ ਨੂੰ ਦੱਸ ਦਿਓ ਅਸੀਂ ਗੱਲਬਾਤ ਕਰਾਂਗੇ। ਅਗਲਾ ਸਵਾਲ: ਹੁਣ ਹਨੇਰਾ ਹੈ, ਤੁਸੀਂ ਬਾਰੂਦੀ ਸੁਰੰਗਾਂ ਵਿਛਾਈਆਂ ਹੋਈਆਂ ਹਨ, ਉੱਧਰ ਹੋਰ ਤਾਕਤ ਬੁਲਾ ਲਈ ਗਈ ਹੈ, ਤੁਸੀਂ ਉਨ੍ਹਾਂ ਉੱਤੇ ਵੀ ਹਮਲਾ ਕਰੋਗੇ? ਕਿਸ਼ਨਜੀ: ਹਾਂ, ਬਿਨਾਸ਼ੱਕ, ਨਹੀਂ ਤਾਂ ਲੋਕ ਮੈਨੂੰ ਥਾਪੜ ਦੇਣਗੇ। ਸਫ਼ਾਂ 'ਚ ਹਾਸਾ ਪੈ ਜਾਂਦਾ ਹੈ। ਸਪਸ਼ਟੀਕਰਨ ਦੇਣ ਵਾਲਾ ਸੁਖਦੇਵ ਕਹਿੰਦਾ ਹੈ: ''ਉਹ ਹਮੇਸ਼ਾ ਬਾਰੂਦੀ ਸੁਰੰਗਾਂ ਕਹਿੰਦੇ ਰਹਿੰਦੇ ਹਨ। ਅਸੀਂ ਬਾਰੂਦੀ ਸੁਰੰਗਾਂ ਦੀ ਵਰਤੋਂ ਨਹੀਂ ਕਰਦੇ। ਅਸੀਂ ਆਈ ਈ ਡੀ ਵਰਤਦੇ ਹਾਂ।''
ਇਹ ਹਜ਼ਾਰ-ਸਟਾਰ ਹੋਟਲ 'ਚ ਸੌਣ ਦੀ ਇਕ ਹੋਰ ਅੱਯਾਸੀ। ਮੈਂ ਬੀਮਾਰ ਮਹਿਸੂਸ ਕਰਦੀ ਹਾਂ। ਮੀਂਹ ਸ਼ੁਰੂ ਹੋ ਜਾਂਦਾ ਹੈ। ਨਿੰਮ੍ਹਾ ਨਿੰਮਾ ਹਾਸਾ-ਮਜ਼ਾਕ ਚੱਲ ਰਿਹਾ ਹੈ। ਕਮਲਾ ਮੇਰੇ ਉੱਪਰ ਝਿੱਲੀ ਪਾ ਦਿੰਦੀ ਹੈ। ਮੈਨੂੰ ਹੋਰ ਕੀ ਚਾਹੀਦਾ ਹੈ? ਹਰ ਕੋਈ ਆਪੋ ਆਪਣੀ ਝਿੱਲੀ ਆਪਣੇ ਦੁਆਲੇ ਲਪੇਟ ਲੈਂਦਾ ਹੈ।
ਅਗਲੀ ਸਵੇਰ ਲਾਲਗੜ੍ਹ 'ਚ ਲਾਸ਼ਾਂ ਦੀ ਗਿਣਤੀ 21 ਹੋ ਗਈ ਹੈ, 10 ਲਾਪਤਾ ਹਨ।
ਇਸ ਸਵੇਰ ਕਾਮਰੇਡ ਰਾਜੂ ਮਿਹਰਬਾਨ ਹੈ। ਅਸੀਂ ਸ਼ਾਮ ਤੱਕ ਉੱਥੋਂ ਨਹੀਂ ਜਾਂਦੇ।

ਇਕ ਰਾਤ ਨੂੰ, ਲੋਕ ਚਾਨਣ ਦੇ ਇਕ ਬਿੰਦੂ ਦੁਆਲੇ ਭਮੱਕੜਾਂ ਵਾਂਗ ਜੁੜੇ ਹੋਏ ਹਨ। ਇਹ ਕਾਮਰੇਡ ਸੁਖਦੇਵ ਦਾ ਨਿੱਕਾ ਜਿਹਾ ਕੰਪਿਊਟਰ ਹੈ, ਸੂਰਜੀ ਊਰਜਾ ਨਾਲ ਚੱਲਣ ਵਾਲਾ, ਉਹ ਮਦਰ ਇੰਡੀਆ ਫਿਲਮ ਦੇਖ ਰਹੇ ਹਨ, ਉਨ੍ਹਾਂ ਦੀਆਂ ਰਾਈਫ਼ਲਾਂ ਦੀਆਂ ਨਾਲੀਆਂ ਆਸਮਾਨ ਵੱਲ ਉੱਠੀਆਂ ਹੋਈਆਂ ਹਨ। ਕਮਲਾ ਰੁਚੀ ਲੈਂਦੀ ਨਹੀਂ ਜਾਪਦੀ। ਮੈਂ ਉਸਨੂੰ ਪੁੱਛਦੀ ਹਾਂ ਕੀ ਉਸ ਨੂੰ ਫਿਲਮਾਂ ਦੇਖਣਾ ਪਸੰਦ ਹੈ। ''ਨਹੀਂ ਦੀਦੀ, ਸਿਰਫ਼ ਐਮਬੁਸ਼ ਵਿਡਿਓ ਪਸੰਦ ਹਨ।'' ਬਾਅਦ 'ਚ ਮੈਂ ਕਾਮਰੇਡ ਸੁਖਦੇਵ ਨੂੰ ਇਨ੍ਹਾਂ ਐਮਬੁਸ਼ ਵਿਡਿਓ ਬਾਰੇ ਪੁੱਛਦੀ ਹਾਂ। ਬਿਨਾ ਅੱਖ ਝਮੱਕੇ ਉਹ ਇਕ ਵਿਡਿਓ ਮੈਨੂੰ ਦਿਖਾਉਣ ਲਈ ਚਲਾ ਦਿੰਦਾ ਹੈ।
ਇਹ ਦੰਡਕਾਰਣੀਆਂ, ਦਰਿਆਵਾਂ, ਝਰਨਿਆਂ, ਦਰੱਖ਼ਤ ਦੀ ਇਕ ਸੁੰਨੀ ਟਾਹਣੀ, ਕੋਇਲ ਦੀ ਕੂਕ ਦੀਆਂ ਝਲਕੀਆਂ ਨਾਲ ਸ਼ੁਰੂ ਹੁੰਦੀ ਹੈ। ਫੇਰ ਅਚਾਨਕ ਇਕ ਕਾਮਰੇਡ ਆਈ ਈ ਡੀ ਦੀ ਤਾਰ ਵਿਛਾਕੇ, ਇਸ ਨੂੰ ਸੁੱਕੇ ਪੱਤਿਆਂ ਨਾਲ ਢੱਕ ਰਿਹਾ ਹੈ। ਮੋਟਰਸਾਈਕਲਾਂ ਵਾਲਾ ਇਕ ਕਾਫ਼ਲਾ ਵਿਸਫੋਟ ਨਾਲ ਫੀਤਾ ਫੀਤਾ ਹੋ ਜਾਂਦਾ ਹੈ। ਉੱਥੇ ਹੁਣ ਟੁਕੜੇ ਟੁਕੜੇ ਲਾਸ਼ਾਂ ਅਤੇ ਸੜੇ ਹੋਏ ਵਾਹਣ ਹਨ। ਹਥਿਆਰ ਚੁੱਕੇ ਜਾ ਰਹੇ ਹਨ। ਧਮਾਕੇ ਨਾਲ ਸਹਿਮੇ ਤਿੰਨ ਪੁਲਸੀਆਂ ਦੀਆਂ ਮੁਸ਼ਕਾਂ ਬੰਨ੍ਹ ਲਈਆਂ ਗਈਆਂ ਹਨ।

ਇਸ ਨੂੰ ਫਿਲਮਾ ਕੌਣ ਰਿਹਾ ਹੈ? ਕਾਰਵਾਈਆਂ ਦਾ ਨਿਰਦੇਸ਼ਨ ਕੌਣ ਕਰ ਰਿਹਾ ਹੈ? ਕੈਦੀ ਬਣਾਏ ਪੁਲਸੀਆਂ ਨੂੰ ਧਰਵਾਸ ਕੌਣ ਦੇ ਰਿਹਾ ਹੈ ਕਿ ਜੇ ਉਹ ਆਤਮ-ਸਮਰਪਣ ਕਰ ਦੇਣ ਤਾਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ? (ਮੈਂ ਪੁਸ਼ਟੀ ਕੀਤੀ, ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ।)
ਮੈਂ ਉਸ ਧੀਮੀ, ਧਰਵਾਸ ਦੇਣ ਵਾਲੀ ਆਵਾਜ਼ ਨੂੰ ਜਾਣਦੀ ਹਾਂ। ਇਹ ਕਾਮਰੇਡ ਵੇਨੂ ਹੈ।
ਕਾਮਰੇਡ ਸੁਖਦੇਵ ਦੱਸਦਾ ਹੈ, ''ਇਹ ਕੁਡੁਰ ਐਮਬੁਸ਼ ਹੈ।''
ਉਸ ਕੋਲ ਸਾੜੇ ਗਏ ਪਿੰਡਾਂ, ਅੱਖੀਂ ਦੇਖਣ ਵਾਲੇ ਗਵਾਹਾਂ ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦਾ ਵਿਡਿਓ ਪੁਰਾਲੇਖ ਸੰਗ੍ਰਹਿ ਵੀ ਹੈ। ਸੜੇ ਹੋਏ ਇਕ ਘਰ ਦੀ ਝੁਲਸੀ ਹੋਈ ਕੰਧ 'ਤੇ ਇਬਾਰਤ ਹੈ, 'ਨਾਗਾ! ਮਾਰਨ ਲਈ ਜੰਮੇ ਹਨ!' ਇਕ ਨਿੱਕੇ ਬੱਚੇ 'ਤੇ ਫਿਲਮਾਇਆ ਦ੍ਰਿਸ਼ ਹੈ ਜਿਸ ਦੀਆਂ ਉਂਗਲਾਂ ਬਸਤਰ ਵਿਚ ਓਪਰੇਸ਼ਨ ਗਰੀਨ ਹੰਟ ਦੇ ਆਗਾਜ਼ ਮੌਕੇ ਵੱਢ ਦਿੱਤੀਆਂ ਗਈਆਂ ਸਨ। (ਮੇਰੇ ਨਾਲ ਟੀ ਵੀ 'ਤੇ ਗੱਲਬਾਤ ਵੀ ਹੈ। ਮੇਰੀ ਪੜ੍ਹਦੀ ਦੀ ਝਲਕ। ਮੇਰੀਆਂ ਕਿਤਾਬਾਂ। ਮੈਨੂੰ ਹੈਰਾਨੀ ਹੁੰਦੀ ਹੈ।)

ਰਾਤ ਨੂੰ ਰੇਡੀਓ ਉੱਪਰ, ਇਕ ਹੋਰ ਨਕਸਲੀ ਹਮਲੇ ਦੀ ਖ਼ਬਰ ਹੈ। ਇਹ ਬਿਹਾਰ ਦੇ ਜਮੂਈ 'ਚ ਹੋਇਆ ਹੈ। ਖ਼ਬਰ ਦਿੱਤੀ ਜਾ ਰਹੀ ਹੈ ਕਿ 125 ਮਾਓਵਾਦੀਆਂ ਨੇ ਇਕ ਪਿੰਡ 'ਤੇ ਹਮਲਾ ਕਰਕੇ ਕੋਰਾ ਕਬੀਲੇ ਦੇ 10 ਲੋਕਾਂ ਨੂੰ ਇਹ ਇਲਜ਼ਾਮ ਲਾ ਕੇ ਮਾਰ ਦਿੱਤਾ ਕਿ ਉਨ੍ਹਾਂ ਨੇ ਪੁਲਿਸ ਕੋਲ ਮੁਖ਼ਬਰੀ ਕੀਤੀ ਸੀ ਜਿਸ ਦੇ ਸਿੱਟੇ ਵਜੋਂ ਛੇ ਮਾਓਵਾਦੀ ਮਾਰੇ ਗਏ ਸਨ। ਬੇਸ਼ੱਕ, ਸਾਨੂੰ ਪਤਾ ਹੈ ਕਿ ਪ੍ਰਚਾਰ ਮਾਧਿਅਮਾਂ ਦੀ ਰਿਪੋਰਟ ਸੱਚ ਵੀ ਹੋ ਸਕਦੀ ਹੈ ਤੇ ਨਹੀਂ ਵੀ। ਪਰ, ਜੇ ਇਹ ਸੱਚ ਹੈ ਤਾਂ ਮਾਫ਼ੀ ਦੇ ਕਾਬਲ ਨਹੀਂ ਹੈ। ਕਾਮਰੇਡ ਰਾਜੂ ਅਤੇ ਸੁਖਦੇਵ ਸਪਸ਼ਟ ਤੌਰ 'ਤੇ ਬੇਚੈਨ ਦਿਖਾਈ ਦੇ ਰਹੇ ਹਨ।

ਝਾਰਖੰਡ ਅਤੇ ਬਿਹਾਰ ਤੋਂ ਆ ਰਹੀ ਖ਼ਬਰ ਪ੍ਰੇਸ਼ਾਨ ਕਰਨ ਵਾਲੀ ਹੈ। ਪੁਲਸ ਮੁਲਾਜ਼ਮ ਫਰਾਂਸਿਸ ਇੰਦੂਵਰ ਦਾ ਸਿਰ ਵੱਢ ਦੇਣ ਦੀ ਘਿਣਾਉਣੀ ਕਾਰਵਾਈ ਹਰ ਕਿਸੇ ਦੇ ਚੇਤੇ 'ਚ ਸੱਜਰੀ ਹੈ। ਇਹ ਚੇਤੇ ਕਰਾਉਂਦੀ ਹੈ ਕਿ ਹਥਿਆਰਬੰਦ ਘੋਲ ਦਾ ਜ਼ਾਬਤਾ ਕਿੰਨੀ ਆਸਾਨੀ ਨਾਲ ਮੁਜਰਮਾਨਾ ਹਿੰਸਾ ਦੀਆਂ ਬੇਮੁਹਾਰੀਆਂ ਵਾਰਦਾਤਾਂ 'ਚ, ਜਾਂ ਜਾਤਾਂ, ਫਿਰਕਿਆਂ ਅਤੇ ਮਜ਼ਹਬੀ ਧੜਿਆਂ ਦੀਆਂ ਪਛਾਣਾਂ ਦੀ ਭੱਦੀ ਜੰਗ ਰਾਹੀਂ ਭੰਗ ਹੋ ਜਾਂਦਾ ਹੈ। ਜਿਸ ਤਰੀਕੇ ਨਾਲ ਭਾਰਤੀ ਰਾਜ ਨੇ ਅਨਿਆਂ ਦਾ ਸੰਸਥਾਕਰਨ ਕਰ ਦਿੱਤਾ ਹੈ, ਇਸ ਨਾਲ ਇਹ ਦੇਸ਼ ਵਿਆਪਕ ਬੇਚੈਨੀ ਦਾ ਬੰਬ ਬਣ ਗਿਆ ਹੈ। ਜੇ ਸਰਕਾਰ ਇਹ ਸੋਚਦੀ ਹੈ ਕਿ ਸੀ ਪੀ ਆਈ (ਮਾਓਵਾਦੀ) ਨੂੰ ਆਗੂ ਰਹਿਤ ਕਰਕੇ ਇਹ ਹਿੰਸਾ ਖ਼ਤਮ ਕਰ ਦੇਵੇਗੀ, ਤਾਂ ਇਹ ਪੂਰੀ ਤਰ੍ਹਾਂ ਗ਼ਲਤ ਸੋਚ ਰਹੀ ਹੈ। ਇਸ ਦੇ ਉਲਟ, ਹਿੰਸਾ ਹੋਰ ਫੈਲੇਗੀ ਅਤੇ ਹੋਰ ਤੇਜ਼ ਹੋਵੇਗੀ, ਅਤੇ ਕੋਈ ਐਸਾ ਨਹੀਂ ਬਚੇਗਾ ਜਿਸ ਨਾਲ ਸਰਕਾਰ ਗੱਲਬਾਤ ਕਰ ਲਵੇ।

ਆਪਣੇ ਆਖ਼ਰੀ ਦਿਨਾਂ 'ਚ, ਅਸੀਂ ਹਰੀ-ਭਰੀ, ਖ਼ੂਬਸੂਰਤ ਇੰਦਰਾਵਤੀ ਘਾਟੀ ਵਿਚੋਂ ਦੀ ਗੁਜ਼ਰਦੇ ਹਾਂ। ਜਦੋਂ ਅਸੀਂ ਇਕ ਪਹਾੜੀ ਦੇ ਨਾਲ-ਨਾਲ ਚੱਲ ਰਹੇ ਹਾਂ, ਤਾਂ ਉਸੇ ਦਿਸ਼ਾ 'ਚ, ਪਰ ਦਰਿਆ ਦੇ ਦੂਜੇ ਕੰਢੇ 'ਤੇ, ਲੋਕਾਂ ਦੀ ਇਕ ਹੋਰ ਕਤਾਰ ਚੱਲ ਰਹੀ ਦਿਖਾਈ ਦਿੰਦੀ ਹੈ। ਮੈਨੂੰ ਦੱਸਿਆ ਜਾਂਦਾ ਹੈ ਕਿ ਉਹ ਕੁਡੁਰ ਪਿੰਡ 'ਚ ਡੈਮ ਉਸਾਰਨ ਵਿਰੁੱਧ ਇਕੱਠ 'ਚ ਸ਼ਾਮਲ ਹੋਣ ਲਈ ਜਾ ਰਹੇ ਹਨ। ਉਹ ਰੂਪੋਸ਼ ਲੋਕ ਨਹੀਂ ਹਨ ਅਤੇ ਹਥਿਆਰ ਰਹਿਤ ਹਨ। ਘਾਟੀ ਦੀ ਰਾਖੀ ਲਈ ਸਥਾਨਕ ਰੈਲੀ। ਮੈਂ ਬੇੜੀ 'ਚ ਕੁੱਦਕੇ ਉਨ੍ਹਾਂ 'ਚ ਰਲ ਜਾਂਦੀ ਹਾਂ।
ਬੋਧਘਾਟ ਡੈਮ ਨਾਲ ਉਹ ਪੂਰਾ ਖੇਤਰ ਡੁੱਬ ਜਾਵੇਗਾ ਜਿਸ ਵਿਚੋਂ ਦੀ ਅਸੀਂ ਕਈ ਦਿਨਾਂ ਤੋਂ ਚੱਲ ਰਹੇ ਹਾਂ। ਇਹ ਸਾਰੇ ਜੰਗਲ, ਇਹ ਸਾਰਾ ਇਤਹਾਸ, ਇਹ ਸਭ ਕਹਾਣੀਆਂ। 100 ਤੋਂ ਉੱਪਰ ਪਿੰਡ। ਕੀ ਇਹੀ ਯੋਜਨਾ ਹੈ? ਲੋਕਾਂ ਨੂੰ ਚੂਹਿਆਂ ਵਾਂਗ ਡੋਬ ਦਿਓ, ਤਾਂ ਜੋ ਲੋਹਾਂਡੀਗੁਡਾ ਦੇ ਜੁੜਵੇਂ ਸਟੀਲ ਪਲਾਂਟ ਅਤੇ ਕੇਸ਼ਕਲ ਘਾਟਾਂ ਦੀ ਬਾਕਸਾਈਟ ਖਾਣ ਅਤੇ ਐਲਮਿਨੀਅਮ ਸੋਧਕ ਕਾਰਖ਼ਾਨੇ ਨੂੰ ਦਰਿਆ ਦਾ ਪਾਣੀ ਹਾਸਲ ਹੋ ਜਾਵੇ?

ਇਕੱਠ 'ਚ ਲੋਕ, ਜੋ ਮੀਲਾਂ ਦਾ ਸਫ਼ਰ ਕਰਕੇ ਆਏ ਹਨ, ਉਹੀ ਕੁਝ ਕਹਿੰਦੇ ਹਨ ਜੋ ਅਸੀਂ ਸਾਲਾਂ ਤੋਂ ਸੁਣਦੇ ਆ ਰਹੇ ਹਾਂ: ਅਸੀਂ ਡੁੱਬ ਜਾਵਾਂਗੇ, ਪਰ ਇੱਥੋਂ ਨਹੀਂ ਉੱਠਾਂਗੇ! ਉਹ ਇਸ ਤੋਂ ਉਤਸ਼ਾਹ 'ਚ ਹਨ ਕਿ ਕੋਈ ਦਿੱਲੀ ਤੋਂ ਉਨ੍ਹਾਂ ਦੇ ਨਾਲ ਹੈ। ਮੈਂ ਉਨ੍ਹਾਂ ਨੂੰ ਦੱਸਦੀ ਹਾਂ ਕਿ ਦਿੱਲੀ ਤਾਂ ਜ਼ਾਲਮ ਸ਼ਹਿਰ ਹੈ ਜਿਸ ਨੂੰ ਨਾ ਉਨ੍ਹਾਂ ਬਾਰੇ ਇਲਮ ਹੈ ਤੇ ਨਾ ਉਨ੍ਹਾਂ ਦੀ ਕੋਈ ਪ੍ਰਵਾਹ।
ਦੰਡਕਾਰਣੀਆਂ ਆਉਣ ਤੋਂ ਕੁਝ ਹਫ਼ਤੇ ਪਹਿਲਾਂ ਹੀ ਮੈਂ ਗੁਜਰਾਤ ਗਈ ਸੀ। ਸਰਦਾਰ ਸਰੋਵਰ ਡੈਮ ਹੁਣ ਤਕਰੀਬਨ ਪੂਰਾ ਉਸਾਰ ਦਿੱਤਾ ਗਿਆ ਹੈ। ਅਤੇ ਨਰਮਦਾ ਬਚਾਓ ਅੰਦੋਲਨ ਨੇ ਜਿਸ ਹਰ ਚੀਜ਼ ਦੀ ਭਵਿੱਖਬਾਣੀ ਕੀਤੀ ਸੀ ਉਹ ਲਗਭਗ ਹੋ ਗਈ ਹੈ। ਜੋ ਲੋਕ ਉਜਾੜੇ ਗਏ ਉਨ੍ਹਾਂ ਦਾ ਮੁੜ ਵਸੇਬਾ ਨਹੀਂ ਕੀਤਾ ਗਿਆ, ਪਰ ਇਹ ਕਹਿਣ ਦੀ ਲੋੜ ਨਹੀਂ ਸਮਝੀ ਜਾ ਰਹੀ। ਨਹਿਰਾਂ ਨਹੀਂ ਬਣਾਈਆਂ ਗਈਆਂ। ਇਸ ਕਰਕੇ ਨਰਮਦਾ ਦਾ ਪਾਣੀ ਸਾਬਰਮਤੀ ਦੀ ਖਾਲੀ ਘਾਟੀ ਵੱਲ ਮੋੜਿਆ ਜਾ ਰਿਹਾ ਹੈ (ਜਿਸ ਦਾ ਪਾਣੀ ਲੰਮਾ ਸਮਾਂ ਪਹਿਲਾਂ ਡੈਮ ਬਣਾਕੇ ਵਰਤ ਲਿਆ ਗਿਆ ਸੀ)। ਪਾਣੀ ਦੇ ਵੱਡੇ ਹਿੱਸੇ ਨੂੰ ਸ਼ਹਿਰ ਅਤੇ ਵੱਡੀਆਂ ਸਨਅਤਾਂ ਹੜੱਪ ਰਹੇ ਹਨ। ਦਰਿਆਵਾਂ ਦੀ ਹਾਲਤ ਉੱਪਰ ਇਨ੍ਹਾਂ ਦੇ ਪ੍ਰਭਾਵ ਐਸੇ ਮਾੜੇ ਪ੍ਰਭਾਵ ਪੈ ਰਹੇ ਹਨ ਜਿਨ੍ਹਾਂ ਨੂੰ ਘਟਾਉਣਾ ਸੰਭਵ ਨਹੀਂ ਹੈ--ਖਾਰਾ ਪਾਣੀ ਐਸੇ ਉੱਚੇ ਦਹਾਨੇ 'ਚ ਪੈਣ ਲੱਗਦਾ ਹੈ ਜਿੱਥੇ ਦਰਿਆ ਨਹੀਂ ਹੁੰਦਾ।
ਇਕ ਸਮੇਂ ਜਦੋਂ ਡੈਮਾਂ ਨੂੰ ''ਆਧੁਨਿਕ ਭਾਰਤ ਦੇ ਮੰਦਰ'' ਮੰਨਣ ਵਾਲਿਆਂ ਦੀ ਸੋਚ ਨੂੰ ਗੁੰਮਰਾਹਕੁਨ ਸਮਝਿਆ ਜਾਂਦਾ ਸੀ, ਪਰ ਸ਼ਾਇਦ ਇਹ ਸਮਝ 'ਚ ਆਉਂਦਾ ਸੀ। ਪਰ ਅੱਜ, ਸਭ ਕੁਝ ਹੋਏ ਵਾਪਰੇ, ਅਤੇ ਆਪਣੇ ਕੀਤੇ ਦੇ ਸਿੱਟਿਆਂ ਦੀ ਜਾਣਕਾਰੀ ਹੋ ਜਾਣ 'ਤੇ, ਕਹਿਣਾ ਇਹ ਹੋਵੇਗਾ ਕਿ ਵੱਡੇ ਡੈਮ ਮਨੁੱਖਤਾ ਖ਼ਿਲਾਫ਼ ਜੁਰਮ ਹਨ।

ਸਥਾਨਕ ਲੋਕਾਂ ਵੱਲੋਂ ਰੋਸ ਪ੍ਰਗਟਾਏ ਜਾਣ ਤੋਂ ਬਾਅਦ, ਬੋਧਘਾਟ ਡੈਮ 1984 'ਚ ਤਾਕ 'ਤੇ ਰੱਖ ਦਿੱਤਾ ਗਿਆ ਸੀ। ਹੁਣ ਇਸ ਨੂੰ ਕੌਣ ਰੋਕੇਗਾ? ਇਸ ਦੀ ਨੀਂਹ ਰੱਖੇ ਜਾਣ ਨੂੰ ਕੌਣ ਰੋਕ ਸਕੇਗਾ? ਇੰਦਰਾਵਤੀ ਦੀ ਚੋਰੀ ਨੂੰ ਕੌਣ ਰੋਕੇਗਾ? ਕਿਸੇ ਨੂੰ ਲਾਜ਼ਮੀ ਰੋਕਣਾ ਚਾਹੀਦਾ ਹੈ?
ਆਖ਼ਰੀ ਰਾਤ, ਅਸੀਂ ਉਸ ਤਿੱਖੀ ਚੜ੍ਹਾਈ ਵਾਲੀ ਪਹਾੜੀ ਦੇ ਪੈਰਾਂ 'ਚ ਪੜਾਅ ਕੀਤਾ ਜਿਸ 'ਤੇ ਅਸੀਂ ਸਵੇਰ ਨੂੰ ਚੜ੍ਹਾਂਗੇ। ਉਸ ਸੜਕ 'ਤੇ ਜਾਣ ਲਈ ਜਿੱਥੋਂ ਮੈਂ ਮੋਟਰਸਾਈਕਲ 'ਤੇ ਬੈਠਕੇ ਚਲੀ ਜਾਵਾਂਗੀ। ਜਦੋਂ ਮੈਂ ਜੰਗਲ 'ਚ ਦਾਖ਼ਲ ਹੋਈ ਸੀ ਉਸ ਸਮੇਂ ਨਾਲੋਂ ਇਹ ਬਦਲ ਗਿਆ ਹੈ। ਕਾਜੂ, ਸਿੰਬਲ ਅਤੇ ਅੰਬ ਦੇ ਦਰੱਖਤ ਮੌਲ ਪਏ ਹਨ।

ਕੁਡੁਰ ਪਿੰਡ ਵਾਲੇ ਕੈਂਪ ਲਈ ਤਾਜ਼ਾ ਫੜੀਆਂ ਮੱਛੀਆਂ ਵੱਡੇ ਸਾਰੇ ਭਾਂਡੇ 'ਚ ਭਰਕੇ ਭੇਜਦੇ ਹਨ। ਮੇਰੇ ਲਈ 71 ਕਿਸਮਾਂ ਦੇ ਫ਼ਲ, ਸਬਜ਼ੀਆਂ, ਦਾਲਾਂ ਅਤੇ ਕੀੜੇ-ਮਕੌੜਿਆਂ ਦੀ ਸੂਚੀ ਹੈ ਜਿਹੜੇ ਉਹ ਜੰਗਲ 'ਚੋਂ ਹਾਸਲ ਕਰਦੇ ਹਨ ਅਤੇ ਆਪਣੇ ਖੇਤਾਂ ਵਿਚ ਉਗਾਉਂਦੇ ਹਨ, ਨਾਲ ਇਨ੍ਹਾਂ ਦੇ ਬਜ਼ਾਰੀ ਮੁੱਲ ਦੀ ਸੂਚੀ ਹੈ। ਇਹ ਸਿਰਫ਼ ਸੂਚੀ ਹੈ। ਪਰ ਇਹ ਉਨ੍ਹਾਂ ਦੀ ਦੁਨੀਆਂ ਦਾ ਨਕਸ਼ਾ ਵੀ ਹੈ।
ਜੰਗਲ ਦੀ ਡਾਕ ਆ ਜਾਂਦੀ ਹੈ। ਮੇਰੇ ਲਈ ਦੋ ਬਿਸਕੁਟ ਹਨ। ਕਾਮਰੇਡ ਨਰਮਦਾ ਵੱਲੋਂ ਭੇਜੀ ਇਕ ਨਜ਼ਮ ਅਤੇ ਤਹਿ ਕੀਤਾ ਫੁੱਲ। ਕਾਮਰੇਡ ਮਾਸੇ ਵੱਲੋਂ ਇਕ ਪਿਆਰਾ ਜਿਹਾ ਖ਼ਤ। (ਉਹ ਕੌਣ ਹੈ? ਕੀ ਮੈਂ ਕਦੇ ਜਾਣ ਸਕਾਂਗੀ?)
ਕਾਮਰੇਡ ਸੁਖਦੇਵ ਮੈਥੋਂ ਪੁੱਛਦਾ ਹੈ ਕਿ ਕੀ ਉਹ ਮੇਰੇ ਆਈ ਪੌਡ ਤੋਂ ਆਪਣੇ ਕੰਪਿਊਟਰ ਉੱਪਰ ਸੰਗੀਤ ਡਾਊਨ ਲੋਡ ਕਰ ਸਕਦਾ ਹੈ। ਅਸੀਂ ਫੈਜ਼ ਅਹਿਮਦ ਫੈਜ਼ ਦੇ ਲਿਖੇ ਨਗਮੇ ਹਮ ਦੇਖੇਂਗੇ ਦੀ ਰਿਕਾਰਡਿੰਗ ਇਕਬਾਲ ਬਾਨੋ ਦੀ ਆਵਾਜ਼ 'ਚ ਸੁਣਦੇ ਹਾਂ ਜੋ ਉਸ ਨੇ ਜ਼ਿਆ-ਉਲ-ਹੱਕ ਦੇ ਕਾਰਜ-ਕਾਲ ਦੇ ਜਬਰ ਦੀ ਚੜ੍ਹਤ ਮੌਕੇ ਲਾਹੌਰ ਦੇ ਇਕ ਪ੍ਰਸਿੱਧ ਸੰਗੀਤ ਸਮਾਰੋਹ 'ਚ ਗਾਇਆ ਸੀ।
ਜਬ ਅਹਲ-ਏ-ਸਫਾ-ਮਰਦੂਦ-ਏ-ਹਰਮ,
ਮਸਨਦ ਪੇ ਬਿਠਾਏ ਜਾਏਂਗੇ
ਸਬ ਤਾਜ ਉਛਾਲੇ ਜਾਏਂਗੇ
ਸਬ ਤਖ਼ਤ ਗਿਰਾਏ ਜਾਏਂਗੇ
......ਹਮ ਦੇਖੇਂਗੇ

ਉਸ ਪਾਕਿਸਤਾਨ ਦੇ ਪੰਜਾਹ ਹਜ਼ਾਰ ਸਰੋਤੇ ਆਕੀ ਸੁਰ 'ਚ ਹੇਕ ਲਾਉਂਦੇ ਹਨ: ਇਨਕਲਾਬ ਜ਼ਿੰਦਾਬਾਦ! ਐਨੇ ਸਾਲਾਂ ਬਾਅਦ, ਉਹ ਆਵਾਜ਼ ਇਸ ਜੰਗਲ ਦੁਆਲੇ ਗੂੰਜਦੀ ਹੈ। ਕਿੰਨਾ ਅਜੀਬ ਹੈ ਗੱਠਜੋੜ।
ਗ੍ਰਹਿ ਮੰਤਰੀ ਉਨ੍ਹਾਂ ਨੂੰ ਗੁੱਝੀਆਂ ਧਮਕੀਆਂ ਦੇ ਰਿਹਾ ਹੈ ਜੋ ''ਮਾਓਵਾਦੀਆਂ ਨੂੰ ਬੌਧਿਕ ਅਤੇ ਪਦਾਰਥਕ ਮਦਦ ਦੇ ਕੇ ਗ਼ਲਤ ਕਰ ਰਹੇ ਹਨ।'' ਕੀ ਸੰਗੀਤ ਦਾ ਆਦਾਨ-ਪ੍ਰਦਾਨ ਵੀ ਇਸ ਘੇਰੇ 'ਚ ਆਉਂਦਾ ਹੈ?

ਪਹੁ-ਫੁਟਾਲਾ ਹੋਣ 'ਤੇ, ਮੈਂ ਕਾਮਰੇਡ ਮਾਧਵ ਅਤੇ ਜੂਰੀ ਨੂੰ, ਕਾਮਰੇਡ ਮੰਗਤੂ ਅਤੇ ਸਾਰਿਆਂ ਨੂੰ ਅਲਵਿਦਾ ਕਹਿੰਦੀ ਹਾਂ। ਕਾਮਰੇਡ ਚੰਦੂ ਬਾਈਕ ਦਾ ਇੰਤਜ਼ਾਮ ਕਰਨ ਗਿਆ ਹੋਇਆ ਹੈ, ਅਤੇ ਉਹ ਮੁੱਖ ਸੜਕ ਤੱਕ ਮੇਰੇ ਨਾਲ ਜਾਵੇਗਾ। ਕਾਮਰੇਡ ਰਾਜੂ ਨਾਲ ਨਹੀਂ ਜਾ ਰਿਹਾ (ਪਹਾੜ ਦੀ ਚੜ੍ਹਾਈ ਨਾਲ ਉਸ ਦੇ ਗੋਡਿਆਂ ਦਾ ਬੁਰਾ ਹਾਲ ਹੋ ਜਾਵੇਗਾ)। ਕਾਮਰੇਡ ਨੀਤੀ (ਜਿਸ ਦੀ ਸਭ ਤੋਂ ਵੱਧ ਭਾਲ ਹੈ), ਕਾਮਰੇਡ ਸੁਖਦੇਵ, ਕਮਲਾ ਅਤੇ ਪੰਜ ਜਣੇ ਹੋਰ ਮੈਨੂੰ ਪਹਾੜੀ ਤੱਕ ਛੱਡਣ ਜਾਣਗੇ। ਜਦੋਂ ਅਸੀਂ ਚੱਲਣ ਲੱਗਦੇ ਹਾਂ ਤਾਂ ਨੀਤੀ ਅਤੇ ਸੁਖਦੇਵ ਬੇਪ੍ਰਵਾਹੀ ਨਾਲ ਤੇ ਇਕੋ ਸਮੇਂ ਆਪਣੀਆਂ ਏ ਕੇ ਰਾਈਫ਼ਲਾਂ ਦਾ ਸੇਫਟੀ ਲਾਕ ਹਟਾਉਂਦੇ ਹਨ। ਮੈਂ ਪਹਿਲੀ ਵਾਰ ਉਨ੍ਹਾਂ ਨੂੰ ਅਜਿਹਾ ਕਰਦਿਆਂ ਦੇਖਦੀ ਹਾਂ। ਅਸੀਂ 'ਸਰਹੱਦ' ਨੇੜੇ ਪਹੁੰਚਣ ਵਾਲੇ ਹਾਂ। ''ਤੈਨੂੰ ਪਤਾ ਜੇ ਗੋਲੀਆਂ ਚੱਲਣ ਲੱਗੀਆਂ ਤਾਂ ਕੀ ਕਰਨਾ ਹੈ?'' ਸੁਖਦੇਵ ਬੇਪ੍ਰਵਾਹੀ ਨਾਲ ਪੁੱਛਦਾ ਹੈ, ਜਿਵੇਂ ਇਹ ਦੁਨੀਆਂ ਦੀ ਕੋਈ ਸਭ ਤੋਂ ਸਧਾਰਨ ਜਹੀ ਚੀਜ਼ ਹੁੰਦੀ ਹੈ।
''ਹਾਂ'' ਮੈਂ ਕਿਹਾ, ''ਤੁਰੰਤ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕਰ ਦੇਣੀ ਏ।''
ਉਹ ਚਟਾਨ 'ਤੇ ਬੈਠ ਗਿਆ ਅਤੇ ਹੱਸਣ ਲੱਗਿਆ। ਅਸੀਂ ਇਕ ਘੰਟਾ ਚੜ੍ਹਾਈ ਚੜ੍ਹਦੇ ਰਹੇ। ਸੜਕ ਦੇ ਐਨ ਨੇੜੇ, ਅਸੀਂ ਚਟਾਨੀ ਘਚੋਰ 'ਚ ਐਮਬੁਸ਼ ਟੋਲੀ ਵਾਂਗ ਲੁਕਕੇ ਬੈਠ ਗਏ ਹਾਂ, ਬਾਈਕਾਂ ਦੀ ਆਵਾਜ਼ ਵੱਲ ਕੰਨ ਕਰਕੇ। ਜਦੋਂ ਇਹ ਆ ਜਾਣਗੇ, ਤਾਂ ਇਕਦਮ ਅਲਵਿਦਾ ਕਹਿਣਾ ਹੋਵੇਗੀ। ਲਾਲ ਸਲਾਮ ਕਾਮਰੇਡ।

ਜਦੋਂ ਮੈਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਉਹ ਹਾਲੇ ਵੀ ਉੱਥੇ ਹੀ ਹਨ। ਨਿੱਕੀ ਜਹੀ ਘੁੰਡੀ ਦੇਖੋ। ਇਹ ਲੋਕ ਸੁਪਨਿਆਂ ਦੀ ਜ਼ਿੰਦਗੀ ਜੀਅ ਰਹੇ ਹਨ, ਜਦੋਂਕਿ ਬਾਕੀ ਦੁਨੀਆਂ ਡਰਾਉਣੇ ਸੁਪਨਿਆਂ ਵਾਲੀ ਜ਼ਿੰਦਗੀ ਜਿਊਂਦੀ ਹੈ। ਹਰ ਰਾਤ ਮੈਂ ਇਸ ਸਫ਼ਰ ਬਾਰੇ ਸੋਚਦੀ ਹਾਂ। ਰਾਤ ਵੇਲੇ ਦਾ ਉਹ ਅੰਬਰ, ਉਹ ਪਹਾੜੀ ਪਹੇ। ਮੈਂ ਕਾਮਰੇਡ ਕਮਲਾ ਦੇ ਚੱਪਲਾਂ 'ਚ ਘਿਸਰਦੇ, ਤੇ ਮੇਰੀ ਟਾਰਚ ਦੀ ਲੋਅ ਨਾਲ ਚਮਕਦੇ ਪੈਰਾਂ ਨੂੰ ਦੇਖਦੀ ਹਾਂ। ਮੈਂ ਜਾਣਦੀ ਹਾਂ ਉਹ ਲਾਜ਼ਮੀ ਚੱਲ ਰਹੀ ਹੋਵੇਗੀ। ਉਹ ਆਪਣੇ ਲਈ ਪੈਂਡਾ ਨਹੀਂ ਗਾਹ ਰਹੀ, ਬਲਕਿ ਉਸ ਦਾ ਸਫ਼ਰ ਸਾਡੇ ਸਾਰਿਆਂ ਲਈ ਆਸ ਨੂੰ ਜ਼ਿੰਦਾ ਰੱਖਣ ਲਈ ਹੈ।

No comments:

Post a Comment