ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, November 16, 2010

ਕਿੱਥੇ ਗਏ ਕਾਨੂੰਨ ,ਹਕੂਮਤ ਕਿੱਥੇ ਹੈ...?

ਕੁਝ ਸਮਾਂ ਪਹਿਲਾਂ ਆਂਧਰਾ ਪ੍ਰਦੇਸ਼ ਪੁਲਿਸ ਨੇ ਮਾਓਵਾਦੀ ਪਾਰਟੀ ਦੇ ਬੁਲਾਰੇ 'ਅਜ਼ਾਦ' ਤੇ ਉਤਰਾਖੰਡ ਦੇ ਪੱਤਰਕਾਰ ਹੇਮ ਚੰਦਰ ਪਾਂਡੇ ਦਾ ਫਰਜ਼ੀ ਮੁਕਾਬਲਾ ਬਣਾਕੇ ਕਤਲ ਕੀਤਾ ਸੀ।ਪੂਰੇ ਦੇਸ਼ 'ਚ ਇਹਨਾਂ ਕਤਲਾਂ ਦੀ ਭਾਰੀ ਨਿੰਦਿਆ ਹੋਈ ਸੀ।ਇਸ ਨੂੰ ਲੈ ਕੇ ਲਗਾਤਾਰ ਨਿਆਂਇਕ ਜਾਂਚ ਦੀ ਮੰਗ ਉੱਠਦੀ ਰਹੀ ਹੈ।ਨਿਰਪੱਖ ਜਾਂਚ ਤਾਂ ਕੀ ਹੋਣੀ ਸੀ,ਸਗੋਂ ਬੇਸ਼ਰਮ ਆਂਧਰਾ ਪੁਲਿਸ ਨੇ ਹੇਮ ਦੀ ਪਤਨੀ ਵਨੀਤਾ ਪਾਂਡੇ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿਸਟਮ,ਸਰਕਾਰਾਂ ਤੇ ਪੁਲਸੀਆ ਕਰਤੂਤਾਂ ਨੂੰ ਭਾਵੇਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋਂ,ਪਰ ਵਨੀਤਾ ਦਾ ਦਰਦ ਜ਼ਰੂਰ ਸੁਣੋ ਤੇ ਕ੍ਰਿਪਾ ਕਰਕੇ ਜਿੰਨਾ ਹੋ ਸਕੇ ਇੰਟਰਨੈੱਟ 'ਤੇ ਹੋਰ ਲੋਕਾਂ ਨਾਲ ਸਾਂਝਾ ਕਰੋ--ਗੁਲਾਮ ਕਲਮ

ਆਂਧਰਾ ਪ੍ਰਦੇਸ਼ ਪੁਲਿਸ ਮੇਰੇ ਪਤੀ ਹੇਮ ਚੰਦਰ ਪਾਂਡੇ ਦੇ ਬਾਰੇ ਝੂਠਾ ਪ੍ਰਚਾਰ ਕਰਕੇ ਫਰਜ਼ੀ ਮੁਕਾਬਲੇ 'ਚ ਕੀਤੇ ਗਏ ਉਸਦੇ ਕਤਲ 'ਤੇ ਪਰਦਾ ਪਾਉਣ ਦੀ ਕੋਸਿ਼ਸ਼ ਕਰ ਰਹੀ ਹੈ।ਇਸ ਮਸਲੇ ਦੀ ਨਿਆਂਇਕ ਜਾਂਚ ਕਰਨ ਦੀ ਬਜਾਏ ਲਗਾਤਾਰ ਮੈਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ।ਪੁਲਿਸ ਨੇ ਸਾਸ਼ਤਰੀ ਨਗਰ ਸਥਿਤ ਸਾਡੇ ਕਿਰਾਏ ਦੇ ਘਰ 'ਚ ਬਿਨਾਂ ਮੈਨੂੰ ਦੱਸੇ ਛਾਪਾ ਮਾਰਿਆ ਹੈ ਤੇ ਓਥੋਂ ਕਈ ਤਰ੍ਹਾਂ ਦੀਆਂ ਨਜ਼ਾਇਜ਼ ਚੀਜ਼ਾਂ ਦੀ ਬਰਾਮਦਗੀ ਵਿਖਾਈ ਹੈ।ਆਂਧਰਾ ਪ੍ਰਦੇਸ਼ ਪੁਲਿਸ ਨੇ ਇਹ ਝੂਠਾ ਦਾਅਵਾ ਕੀਤਾ ਹੈ ਕਿ ਮੈਂ ਉਨ੍ਹਾਂ ਨੂੰ ਘਰ ਦਾ ਪਤਾ ਨਹੀਂ ਦੱਸਿਆ।ਪੁਲੀਸ ਕੋਲ ਮੇਰੇ ਘਰ ਦਾ ਪਤਾ ਵੀ ਸੀ ਤੇ ਮੇਰਾ ਫੋਨ ਨੰਬਰ ਵੀ ਪਰ ਉਨ੍ਹਾਂ ਨੇ ਛਾਪਾ ਮਾਰਨ ਤੋਂ ਪਹਿਲਾਂ ਮੈਨੂੰ ਸੂਚਿਤ ਕਰਨਾ ਜ਼ਰੂਰੀ ਨਹੀਂ ਸਮਝਿਆ।

ਮੈਂ ਆਪਣੇ ਪਤੀ ਹੇਮਚੰਦਰ ਪਾਂਡੇ ਦੇ ਨਾਲ ਸਾਸ਼ਤਰੀ ਨਗਰ 'ਚ ਰਹਿੰਦੀ ਸੀ।ਹੇਮ ਇਕ ਅਗਾਂਹਵਧੂ ਪੱਤਰਕਾਰ ਸੀ।ਸਾਹਿਤ ਤੇ ਰਾਜਨੀਤੀ 'ਚ ਉਸਦੀ ਗਹਿਰੀ ਦਿਲਚਸਪੀ ਸੀ।ਉਨ੍ਹਾਂ ਕੋਲ ਮੈਕਸਿਮ ਗੋਰਕੀ ਦੇ ਨਾਵਲ ਤੇ ਉੱਤਰਾਖੰਡ ਦੇ ਲੋਕ ਕਵੀ ਗਿਰਦਾ ਜਿਹੇ ਰਚਨਾਕਾਰਾਂ ਦੀਆਂ ਢੇਰ ਸਾਰੀਆਂ ਰਚਨਾਵਾਂ ਸਨ।ਇਸਤੋਂ ਇਲਾਵਾ ਮਾਰਕਸਵਾਦੀ ਸਿਆਸਤ ਦੀਆਂ ਕਈ ਕਿਤਾਬਾਂ ਦੀ ਸਾਡੇ ਘਰ 'ਚ ਸਨ।ਮੈਂ ਪੁੱਛਣਾ ਚਾਹੁੰਦੀ ਹਾਂ ਕਿ ਕੀ ਮਾਰਕਸਵਾਦ ਦਾ ਅਧਿਐੱਨ ਕਰਨਾ ਕੋਈ ਜ਼ੁਰਮ ਹੈ? ਪੁਲਿਸ ਜਿਨ੍ਹਾਂ ਨਜਾਇਜ਼ ਦਸਤਾਵੇਜ਼ਾਂ ਦੀ ਗੱਲ ਕਰ ਰਹੀ ਹੈ,ਉਨ੍ਹਾਂ ਦੀ ਸਾਡੇ ਘਰ 'ਚ ਹੋਣ ਦੀ ਜਾਣਕਾਰੀ ਮੈਨੂੰ ਨਹੀਂ ਹੈ।ਮੇਰੇ ਪਤੀ ਦਾ ਇਕ ਡੈਸਕਟੋਪ ਕੰਪਿਊਟਰ ਸੀ,ਪਰ ਉਨ੍ਹਾਂ ਕੋਲ ਕੋਈ ਲੈਪਟਾਪ ਨਹੀਂ ਸੀ।ਉਨ੍ਹਾਂ ਕੋਲ ਫੈਕਸ ਮਸ਼ੀਨ ਜਿਹੀ ਕੋਈ ਚੀਜ਼ ਨਹੀਂ ਸੀ(ਜੋ ਪੁਲਿਸ ਕਹਿ ਰਹੀ ਹੈ)।ਓਥੇ ਗੁਪਤ ਦਸਤਾਵੇਜ਼ ਹੋਣ ਦੀ ਗੱਲ ਪੂਰੀ ਤਰ੍ਹਾਂ ਮਨਘੜ੍ਹਤ ਹੈ।ਮੈਨੂੰ ਲਗਦਾ ਹੈ ਕਿ ਪੁਲਿਸ ਮੇਰੇ ਪਤੀ ਦੇ ਕਤਲ ਦੀ ਨਿਆਂਇਕ ਜਾਂਚ ਨੂੰ ਭਟਕਾਉਣ ਲਈ ਅਜਿਹੇ ਕੰਮ ਕਰ ਰਹੀ ਹੈ।ਮੈਂ ਪੁੱਛਣਾ ਚਾਹੰਦੀ ਹਾਂ ਕਿ ਸਰਕਾਰ ਨਿਆਂਇਕ ਜਾਂਚ ਵਾਸਤੇ ਤਿਆਰ ਕਿਉਂ ਨਹੀਂ ਹੋ ਰਹੀ ਹੈ ?

ਮੈਂ ਆਪਣੇ ਪਤੀ ਦੇ ਕਤਲ ਤੋਂ ਬਾਅਦ ਬਹੁਤ ਦੁਖੀ ਸੀ,ਇਸੇ ਕਰਕੇ ਮੈਂ ਸਾਸ਼ਤਰੀ ਨਗਰ ਦੇ ਆਪਣੇ ਕਿਰਾਏ ਦੇ ਮਕਾਨ 'ਚ ਨਹੀਂ ਰਹਿ ਰਹੀ ਸੀ।ਮੈਂ ਕੁਝ ਦਿਨ ਆਪਣੀ ਸੱਸ ਦੇ ਨਾਲ ਉਤਰਾਖੰਡ ਦੇ ਹਲਦਵਾਨੀ ਤੇ ਆਪਣੀ ਮਾਂ ਦੇ ਕੋਲ ਪਿਥੌਰਾਗੜ੍ਹ 'ਚ ਸੀ।ਮਕਾਨ ਮਾਲਕ ਦਾ ਫੋਨ ਆਉਣ ਕਾਰਨ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਮੈਂ ਵਾਪਸ ਆ ਕੇ ਸਾਰਾ ਕਿਰਾਇਆ ਦੇ ਦੇਵਾਂਗੀ।ਜੇ ਉਨ੍ਹਾਂ ਨੇ ਛੇਤੀ ਘਰ ਖਾਲੀ ਕਰਵਾਉਣਾ ਹੈ ਤਾਂ ਮੇਰਾ ਸਾਰਾ ਸਮਾਨ ਕੱਢ ਕੇ ਆਪਣੇ ਕੋਲ ਰੱਖ ਲਓ।ਮੈਂ ਬਾਅਦ 'ਚ ਆਪਣਾ ਸਮਾਨ ਲੈ ਲਵਾਂਗੀ।ਜੇ ਸਾਡੇ ਘਰ 'ਚ ਕੋਈ ਵੀ ਨਜਾਇਜ਼ ਸਮਾਨ ਹੁੰਦਾ ਤਾਂ ਮੈਂ ਉਨ੍ਹਾਂ ਨੂੰ ਅਜਿਹਾ ਬਿਲਕੁਲ ਨਾ ਕਹਿੰਦੀ।

ਮੇਰੀ ਸਮਝ 'ਚ ਨਹੀਂ ਆ ਰਿਹਾ ਕਿ ਪੁਲਿਸ ਅਜਿਹੀਆਂ ਅਫਵਾਹਾਂ ਫੈਲਾ ਕੇ ਕੀ ਸਿੱਧ ਕਰਨੀ ਚਾਹੁੰਦੀ ਹੈ।ਮੈਨੂੰ ਸ਼ੱਕ ਹੈ ਕਿ ਉਹ ਮੇਰੇ ਪਤੀ ਦੇ ਕਤਲ ਨੂੰ ਸਹੀ ਠਹਿਰਾਉਣ ਲਈ ਸਾਰੇ ਹੱਥਕੰਡੇ ਅਪਣਾ ਰਹੀ ਹੈ।ਮੈਂ ਮੀਡੀਆ ਨੂੰ ਅਪੀਲ ਕਰਨਾ ਚਾਹੁੰਦੀ ਹਾਂ,ਕਿ ਉਹ ਆਂਧਰਾ ਪ੍ਰਦੇਸ਼ ਪੁਲਿਸ ਦੇ ਝੂਠੇ ਪ੍ਰਚਾਰ 'ਚ ਨਾ ਆਵੇ ਤੇ ਮੇਰੇ ਪਤੀ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ 'ਚ ਮੇਰੀ ਮਦਦ ਕਰੇ।

ਵਨੀਤਾ ਪਾਂਡੇ

No comments:

Post a Comment