ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, November 29, 2010

ਪਰਵਾਸੀ ਪੰਜਾਬੀ:-"ਆਪੂੰ ਬਣੇ ਵਿਦਵਾਨ" ਨਰਿੰਦਰ ਕਪੂਰ ਦੀ 'ਵਿਦਵਤਾ' ਨੂੰ ਆਖ਼ਰੀ ਸਲਾਮ !

ਮੈਂ ਜਦੋਂ ਬਚਪਨ ਤੋਂ ਜਵਾਨੀ ਵੱਲ ਨੂੰ ਕੂਚ ਕਰਨਾ ਸ਼ੁਰੂ ਕੀਤਾ ਸੀ ਤਾਂ ਜਿਹੜੇ ਲੋਕਾਂ ਦੇ ਅਖ਼ਬਾਰਾਂ 'ਚ ਲੇਖ਼ ਪੜ੍ਹਦਾ ਸੀ ਜਾਂ ਜਿਨ੍ਹਾਂ ਦੇ ਨਾਂਅ ਨਾਲ ਡਾ. ਲੱਗਿਆ ਹੁੰਦਾ ਸੀ,ਉਨ੍ਹਾਂ ਲਈ ਦਿਲ(ਭਾਵੁਕਤਾ ਵੱਸ) 'ਚ ਖ਼ਾਸ ਥਾਂ ਰੱਖਦਾ ਸੀ ਤੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਹੁੰਦੀ ਸੀ।ਪੰਜਾਬੀ ਯੂਨੀਵਰਸਿਟੀ ਪੁੱਜਿਆ ਤਾਂ ਹੌਲੀ ਹੌਲੀ ਬਹੁਤ ਸਾਰੇ ਡਾਕਟਰ ਬੇਨਕਾਬ ਹੋਏ ਤੇ ਜਦੋਂ ਪੱਤਰਕਾਰੀ 'ਚ ਵੜਿਆ ਤਾਂ ਲੇਖ਼ਕਾਂ/ਪੱਤਰਕਾਰਾਂ ਤੇ ਪੱਤਰਕਾਰੀ ਬਾਰੇ ਵੀ ਭਰਮ ਭੁਲੇਖ਼ੇ ਦੂਰ ਹੋ ਗਏ।ਕਿਸੇ ਨੂੰ ਗੁੱਸਾ ਜ਼ਰੂਰ ਲੱਗ ਸਕਦੈ ਪਰ ਸੱਚ ਇਹ ਹੈ ਕਿ ਪੰਜਾਬੀ ਯੂਨੀਵਰਸਿਟੀ ਜਿ਼ਆਦਾਤਰ ਕਾਪੀ-ਪੇਸਟ ਡਾਕਟਰਾਂ ਦੀ 'ਵਰਸਿਟੀ ਹੈ।ਇਸੇ ਯੂਨੀਵਰਸਿਟੀ ਦੇ ਹੀ ਡਾ. ਤੇ ਕਹੇ ਜਾਂਦੇ ਲੇਖ਼ਕ ਨਰਿੰਦਰ ਸਿੰਘ ਕਪੂਰ ਹਨ।ਪੱਤਰਕਾਰੀ ਤੇ ਕਈ ਹੋਰ ਉਲੱਥਾ ਟਾਈਪ ਕਿਤਾਬਾਂ ਡਾਕਟਰ ਸਾਹਿਬ 'ਸੂਝਵਾਨ' ਪਾਠਕਾਂ ਦੀ ਝੋਲੀ ਪਾ ਚੁੱਕੇ ਹਨ। ਇਹਨਾਂ ਨੂੰ ਪੱਤਰਕਾਰੀ ਵਿਸ਼ਾ ਪੜ੍ਹਦਿਆਂ ਝੱਲਣ ਦਾ ਸ਼ੁਭ ਮੌਕਾ ਮੈਨੂੰ 2006 'ਚ ਮਿਲਿਆ ਸੀ।ਜਮਾਤ 'ਚ ਪੜ੍ਹਾਉਂਦਿਆਂ ਇਹਨਾਂ ਕਿਹਾ ,2020 ਤੱਕ ਭਾਰਤ ਅਮਰੀਕਾ ਬਣ ਜਾਵੇਗਾ,ਤਕਨੀਕ ਮਨੁੱਖ ਦੀ ਮਾਂ ਹੈ ਤੇ ਜਿਸਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਗਿਆਨ ਹਾਸਲ ਨਹੀਂ ਕਰ ਸਕਦਾ।ਮੈਂ ਭਰੀ ਜਮਾਤ 'ਚ ਮੋੜਵੇਂ ਸਵਾਲ ਪੁੱਛੇ ਤਾਂ ਇਹਨਾਂ ਅਸਲ ਮਸਲੇ 'ਤੇ ਮਿੱਟੀ ਪਾਉਂਦਿਆਂ ਆਪਣੇ ਲੇਖ਼ਾਂ ਵਾਂਗੂੰ ਮਸਾਲੇਦਾਰ ਉਰਲੀਆਂ ਪਰਲੀਆਂ ਛੱਡਦਿਆਂ ਜਮਾਤ 'ਚ ਤਾੜੀਆਂ ਮਰਵਾ ਦਿੱਤੀ।ਖੈਰ ਕਿੱਥੇ ਮਾਤੜ੍ਹ ਤੇ ਕਿੱਥੇ ਡਾ.,ਪ੍ਰੋਫੈਸਰ ਤੇ ਪੰਜਾਬੀ ਲੇਖ਼ਕ।ਬਾਕੀ ਤਾੜੀਆਂ ਦੇ 'ਜਨਤਕ ਪੰਜਾਬੀ ਸੱਭਿਆਚਾਰ' ਬਾਰੇ ਸਾਰੇ ਜਾਣਦੇ ਹੀ ਹੋਂ।ਨਰਿੰਦਰ ਕਪੂਰ ਉਹੀ ਹਨ,ਜਿਨ੍ਹਾਂ ਨੇ ਕਦੇ ਲਿਖਿਆ ਸੀ ਕਿ "ਕੁੱਤੇ ਸ਼ਬਦ 'ਚ ਇਕ ਕੱਕਾ(ਕ) ਪੈਂਦਾ ਹੈ ਤੇ ਕਲਰਕ ਸ਼ਬਦ ਦੋ ਕੱਕੇ(ਕ,ਕ),ਇਸ ਲਈ ਕਲਰਕ ਕੁੱਤੇ ਤੋਂ ਖਤਰਨਾਕ ਹੈ।ਵੇਖ ਲਓ ਇਹਨਾਂ ਦੀ ਵਿਦਵਤਾ,ਇਸੇ ਕਾਰਨ ਬਾਅਦ 'ਚ ਕਲਰਕਾਂ ਤੋਂ ਮੁਆਫੀ ਵੀ ਮੰਗਣੀ ਪਈ ਸੀ।ਹੁਣ ਇਹਨਾਂ ਐਨ ਆਰ ਆਈਜ਼ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ,ਜਿਨ੍ਹਾਂ ਦਾ ਨਿਊਜ਼ੀਲੈਂਡ 'ਚ ਰਹਿੰਦੇ ਗੁਰਤੇਜ ਸਿੰਘ ਨੇ ਪੋਸਟ ਮਾਰਟਮ ਕੀਤਾ ਹੈ।ਗੁਰਤੇਜ ਜੀ ਨੇ ਇਹ ਲੇਖ ਗੁਲਾਮ ਕਲਮ ਨੂੰ ਭੇਜਿਆ ਹੈ। ਉਹਨਾਂ ਦੀ ਲਿਖ਼ਤ ਦਾ ਸਵਾਗਤ ਕਰਦੇ ਹਾਂ-ਯਾਦਵਿੰਦਰ ਕਰਫਿਊ


ਦੋਸਤੋ,
ਕੁਝ ਦਿਨ ਪਹਿਲਾਂ ਹੀ ਮੈਨੂੰ ਯੂ-ਟਿਊਬ ਤੇ ਪ੍ਰੋ: ਨਰਿੰਦਰ ਸਿੰਘ ਕਪੂਰ ਦਾ ਵਿਡੀਓ ਵੇਖਣ ਦਾ ਮੌਕਾ ਲੱਗਾ। ਪ੍ਰੋ: ਨਰਿੰਦਰ ਸਿੰਘ ਕਪੂਰ ਇਸ ਵਿਡੀਓ ਵਿੱਚ ਕਿਸੇ ਅਖੌਤੀ ਐਨ. ਆਰ. ਆਈ ਸਭਿਆਚਾਰ ਦੀ ਗੱਲ ਕਰ ਰਹੇ ਸਨ ਕਿ ਉਹ ਕਿਵੇਂ ਪੰਜਾਬ ਆ ਕੇ ਮਾਹੌਲ ਨੂੰ ਗੰਦਲਾ ਕਰਦੇ ਹਨ ।

ਚੰਗਾ ਹੋਇਆ ਨਰਿੰਦਰ ਸਿੰਘ ਨੇ ਲਫ਼ਜ਼ ਐਨ. ਆਰ. ਆਈ ਵਰਤਿਆ ਕਿਉਂਕਿ ਘੱਟੋ-ਘੱਟ ਮੈਂ ਤਾਂ ਆਪਣੇ ਆਪ ਨੂੰ ਐਨ. ਆਰ. ਆਈ ਨਹੀਂ ਗਿਣਦਾ। ਮੈਂ ਨਿਊਜ਼ੀਲੈਂਡ ਦਾ ਨਾਗਰਿਕ ਹਾਂ ਤੇ ਪੰਜਾਬੀਅਤ ਦਾ ਮੁੱਦਈ ਹਾਂ। ਨਰਿੰਦਰ ਸਿੰਘ ਦੇ ਗਿਲੇ ਸ਼ਿਕਵੇ ਜੋ ਵੀ ਹੋਣ ਪਰ ਅਖੀਰ ਵਿੱਚ ਗੱਲ ਇਥੇ ਪਹੁੰਚਦੀ ਹੈ ਕਿ ਉੱਠ ਸਕਾਂ ਨਾ ਤੇ ਫਿੱਟੇ ਮੂੰਹ ਗੋਡਿਆਂ ਦਾ ਅਤੇ ਉੱਤੋਂ ਦੀ ਐਨ. ਆਰ. ਆਈ ਟੋਲੇ ਦਾ ਗਲ਼ ਵਿੱਚ ਗਲ਼ਮਾਂ।

ਸੱਚੀ ਗੱਲ ਤਾਂ ਇਹ ਹੈ ਕਿ ਇਸ ਵੇਲੇ ਪੰਜਾਬ ਹੀ ਖੱਸੀ ਹੋਇਆ ਪਿਆ ਹੈ ਤੇ ਭਾਂਡਾ ਭੰਨਿਆ ਜਾ ਰਿਹਾ ਹੈ ਐਨ. ਆਰ. ਆਈ ਟੋਲੇ ਦੇ ਸਿਰ। ਜਿਸ ਸਮਾਜਕ ਜੀਵਨ ਦਾ ਰੋਣਾ ਨਰਿੰਦਰ ਸਿੰਘ ਸਿੰਘ ਰੋ ਰਿਹਾ ਹੈ ਉਹ ਰਹਿ ਹੀ ਕਿੱਥੇ ਗਿਆ ਹੈ? ਜੇਕਰ ਸਮਾਜਕ ਜੀਵਨ ਦੀ ਵਾਕਿਆ ਹੀ ਕੋਈ ਪੰਜਾਬ ਵਿੱਚ ਵੁੱਕਤ ਹੋਵੇ ਤਾਂ ਫੇਰ ਕੀ ਮਜਾਲ ਹੈ ਕਿ ਕੋਈ ਐਨ. ਆਰ. ਆਈ ਟੋਲਾ ਉਸ ਵਿੱਚ ਖਲਲ਼ ਪਾ ਸਕੇ।

ਪੰਜਾਬ ਤੋਂ ਬਾਹਰ ਜਾ ਕੇ ਵੱਸੇ ਲੋਕ ਐਨ. ਆਰ. ਆਈ ਨਾਲੋਂ ਪੰਜਾਬੀ ਹੀ ਅਖਵਾਉਣਾ ਵਧੇਰੇ ਪਸੰਦ ਕਰਦੇ ਹਨ। ਪਰ ਉਹ ਜਦ ਵੀ ਪੰਜਾਬ ਦੀ ਫੇਰੀ ਤੇ ਜਾਂਦੇ ਹਨ ਤਾਂ ਬੇਹੱਦ ਮਾਯੂਸ ਹੋ ਕੇ ਵਾਪਸ ਪਰਤਦੇ ਹਨ ਕਿ ਪੰਜਾਬ ਕਿੰਨਾ ਖੱਸੀ, ਖੋਖਲਾ ਤੇ ਖੁਰਕਿਆ ਪਿਆ ਹੈ। ਨਾ ਤਾਂ ਕਿਤੇ ਪੰਜਾਬੀ ਬੋਲੀ ਲੱਭਦੀ ਹੈ ਤਾਂ ਨਾ ਹੀ ਕਿਤੇ ਪੰਜਾਬੀ ਪੜ੍ਹਣ ਦਾ ਚਾਅ। ਜਿਹੜਾ ਵੀ ਲੰਘਦਾ ਹੈ ਉਹ ਚੰਮ ਦੀਆਂ ਚਲਾਉਂਦਾ ਹੀ ਜਾਪਦਾ ਹੈ ਭਾਵੇਂ ਉਹ ਨਰਿੰਦਰ ਸਿੰਘ ਵਾਲਾ ਐਨ. ਆਰ. ਆਈ ਟੋਲਾ ਹੀ ਹੋਵੇ ਤੇ ਭਾਵੇਂ ਮੁਕਾਮੀ ਕਾਕਾਸ਼ਾਹੀ ਨਿਜ਼ਾਮ।

ਨਰਿੰਦਰ ਸਿੰਘ, ਅਗਲੀਆਂ ਸਤਰਾਂ ਵਿੱਚ ਪੰਜਾਬੀਆਂ ਦੀਆਂ ਸਧਰਾਂ ਹਨ ਜਿੰਨ੍ਹਾਂ ਨੂੰ ਪੰਜਾਬ ਵਿੱਚ ਵਲੂੰਧਰਿਆ ਅਤੇ ਨੋਚਿਆ ਜਾ ਰਿਹਾ ਹੈ। ਕੀ ਪੰਜਾਬ ਦੇ ਬਾਸ਼ਿੰਦੇ ਐਨ. ਆਰ. ਆਈ ਟੋਲੇ ਦੇ ਸਿਰ ਭਾਂਡਾ ਭੰਨਣ ਦੀ ਬਜਾਏ ਆਪਣੀ ਔਕਾਤ ਨੂੰ ਹੀ ਉੱਚਾ ਚੁੱਕ ਸਕਦੇ ਹਨ? ਨਰਿੰਦਰ ਸਿੰਘ ਤੁਸੀਂ ਕਿਉਂਕਿ ਸਾਰੀ ਉਮਰ ਯੂਨੀਵਰਸਿਟੀ ਦੇ ਲੇਖੇ ਲਾਈ ਹੈ ਸੋ ਮੈਂ ਆਪਣੀ ਗੱਲ ਦਾ ਘੇਰਾ ਅਕਾਦਮਿਕ ਦਾਇਰੇ ਵਿੱਚ ਹੀ ਰੱਖਾਂਗਾ ਤਾਂ ਜੋ ਤੁਹਾਡੇ ਨਾਲ ਗ਼ੁਫ਼ਤਗ਼ੂ ਮੁਸੱਲਸਲ ਜਾਰੀ ਰਹੇ।

ਦੁਨੀਆਂ ਦੇ ਮੁਲਕਾਂ ਵਿੱਚ ਵੱਸਦੇ ਨੌਕਰੀਪੇਸ਼ਾ ਤੇ ਪੇਸ਼ਾਵਰ ਪੰਜਾਬੀ ਆਮ ਤੌਰ ਤੇ ਜਦ ਪੰਜਾਬ ਯਾਤਰਾ ਦੀ ਮਨਸੂਬਾ-ਬੰਦੀ ਕਰਦੇ ਹਨ ਤਾਂ ਵਧੇਰੇ ਕਰਕੇ 15 ਦਸੰਬਰ ਤੋਂ 30 ਜਨਵਰੀ ਤੱਕ ਦਾ ਵਕ਼ਤ ਚੁਣਦੇ ਹਨ। ਮੇਰੀ ਜਾਚੇ ਇਹ ਵਕ਼ਤ ਤਾਂ ਪੰਜਾਬ ਵਿੱਚ ਮੇਲਾਮਈ ਬਣ ਜਾਣਾ ਚਾਹੀਦਾ ਹੈ। ਉਪਰਲਿਖਤ ਪੰਜਾਬੀ ਜਦ ਪੰਜਾਬ ਪਹੁੰਚਦੇ ਹਨ ਤਾਂ ਪਹਿਲੇ ਪੜਾਅ ਤੇ ਹੀ ਆਪਣੀਆਂ ਸਧਰਾਂ ਦਾ ਕ਼ਤਲੇਆਮ ਹੁੰਦਾ ਵੇਖਣਾ ਸ਼ੁਰੂ ਕਰ ਦਿੰਦੇ ਹਨ। ਆਓ ਜ਼ਰਾ ਵੇਖੀਏ ਕਿ ਨਰਿੰਦਰ ਸਿੰਘ ਦਾ ਸਭਿਆਚਾਰ ਕਿਹੜੀ ਕਰਵਟ ਬੈਠਦਾ ਹੈ?

ਕੋਈ ਅਖ਼ਬਾਰ ਚੁੱਕ ਲਓ, ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਆਉਂਦੇ ਦਿਨਾਂ ਵਿੱਚ ਕਿਸ ਸ਼ਹਿਰ ਵਿੱਚ ਕਿਹੜੇ ਨਾਟਕ ਖੇਡੇ ਜਾ ਰਹੇ ਹਨ। ਜਾਂ ਫਿਰ ਇਸ ਸਾਲ ਚੋਟੀ ਦੇ ਪੰਜ ਪੰਜਾਬੀ ਨਾਵਲ, ਕਹਾਣੀਆਂ ਜਾਂ ਕਵਿਤਾਵਾਂ ਦੀਆਂ ਕਿਤਾਬਾਂ? ਜਲੰਧਰੋਂ ਛਪਦੇ ਪੰਜਾਬੀ ਅਖਬਾਰ ਤੇ ਬੱਸ ਭੋਗ, ਪ੍ਰੈਸ-ਨੋਟ ਤੇ ਮੁੱਠੀ-ਚਾਪੀ ਕਰਣ ਜੋਗੇ ਹੀ ਹਨ। ਖਬਰ ਲਿਖਣੀ ਤੇਂ ਆਉਂਦੀ ਨਹੀਂ ਸਿਰਫ ਬੰਦਿਆਂ ਦੇ ਨਾਂਵਾਂ ਦੀਆਂ ਲੰਮੀਆਂ ਸੂਚੀਆਂ ਤੇ “ਯਾਦਗਾਰੀ ਹੋ ਨਿੱਬੜਿਆ ਮੇਲਾ” ਵਰਗੇ ਸ਼ਬਦ ਆਮ ਪੜ੍ਹਣ ਨੂੰ ਮਿਲਦੇ ਹਨ। ਕੋਈ ਪੁੱਛਣ ਵਾਲਾ ਹੋਵੇ ਤੇ ਪੁੱਛੇ ਕਿ ਯਾਦਗਾਰੀ ਮਾਅਰਕਾ ਕੀ ਮਾਰ ਦਿੱਤਾ? ਪਰ ਗੱਲ ਤਾਂ ਹੈ ਕਿ ਜਿਹੜੇ ਪੁੱਛਣ ਵਾਲੀ ਜਗ੍ਹਾ ਮੱਲੀ ਬੈਠੇ ਹਨ ਉਹ ਆਪ ਡਰਦੇ ਹਨ ਕਿ ਪੁੱਛ ਕੇ ਕਿਤੇ ਆਪਣਾ ਹੀ ਢਿੱਡ ਨਾ ਨੰਗਾ ਕਰ ਲੈਣ।

ਨਰਿੰਦਰ ਸਿੰਘ, ਹੁਣ ਗੱਲ ਪੰਜਾਬੀ ਯੂਨੀਵਰਸਿਟੀ ਵੱਲ ਮੋੜਦੇ ਹਾਂ। ਇਹ ਅਫਵਾਹ ਆਮ ਸੁਣਨ ਨੂੰ ਮਿਲਦੀ ਹੈ ਕਿ ਇਹ ਯੂਨੀਵਰਸਿਟੀ ਪੰਜਾਬੀ ਬੋਲੀ ਦੀ ਤਰੱਕੀ ਵਾਸਤੇ ਬਣੀ ਸੀ। ਪਰ ਮਜ਼ਾਲ ਹੈ ਕਿ ਤੁਹਾਨੂੰ ਇਸ ਬਾਰੇ ਮਾੜੀ ਮੋਟੀ ਕੋਈ ਜਾਣਕਾਰੀ ਮਿਲ ਸਕੇ। ਅੱਜ ਦੀ ਦੁਨੀਆਂ ਵਿੱਚ ਇੰਟਰਨੈਟ – ਵੈਬ ਜਾਂ ਫਿਰ ਪੰਜਾਬੀ ਵਿੱਚ ਜਾਲ ਹੀ ਕਹਿ ਲੈਂਦੇ ਹਾਂ, ਆਮ ਹੈ। ਪਰ ਪੰਜਾਬੀ ਯੂਨੀਵਰਸਿਟੀ ਦਾ ਘਸਿਆ ਜਿਹਾ ਜਾਲ ਕੀਤੇ ਕੰਮਾਂ ਦੀ ਕੋਈ ਜਾਣਕਾਰੀ ਨਹੀਂ ਦਿੰਦਾ।

ਦੁਨੀਆਂ ਦੀਆਂ ਯੂਨੀਵਰਸਿਟੀਆਂ ਵਿੱਚ ਜਦ ਕੋਈ ਪ੍ਰਫੈਸਰ ਮਨੋਨੀਤ ਹੁੰਦਾ ਹੈ ਤਾਂ ਫੈਕਲਟੀ ਪੱਬਾਂ ਭਾਰ ਹੋਈ ਫਿਰਦੀ ਹੈ। “ਪ੍ਰੋਫੈਸੋਰੀਅਲ ਲੈਕਚਰ” ਰੱਖਿਆ ਜਾਂਦਾ ਹੈ ਤੇ ਸੱਦਾ ਸਾਰੇ ਸ਼ਹਿਰ ਨੂੰ ਜਾਂਦਾ ਹੈ। ਹਾਲ ਖਚਾ-ਖਚ ਭਰੇ ਹੁੰਦੇ ਹਨ ਤੇ ਘੰਟੇ ਭਰ ਦੇ ਭਾਸ਼ਣ ਤੋਂ ਬਾਅਦ ਫੈਕਲਟੀ, ਵਿਦਿਆਰਥੀ ਤੇ ਆਮ ਨਾਗਰਿਕ ਵੀ ਚਾਈਂ ਚਾਈਂ ਉੱਠ ਕੇ ਸੁਆਲ ਪੁੱਛਦੇ ਹਨ। ਮਾਹੌਲ ਖੁਸ਼ਗੁਆਰ ਬਣਦਾ ਹੈ ਕਿ ਅੱਜ ਸਾਡੀ ਯੂਨੀਵਰਸਿਟੀ ਦਾ ਕੱਦ ਹੋਰ ਉੱਚਾ ਹੋ ਗਿਆ। ਨਰਿੰਦਰ ਸਿੰਘ ਭਲਾ ਤੁਸੀਂ ਇਹ “ਪ੍ਰੋਫੈਸੋਰੀਅਲ ਲੈਕਚਰ” ਕਦੋਂ ਦਿੱਤਾ ਸੀ?

ਯੂਨੀਵਰਸਿਟੀਆਂ ਵਿੱਚ ਯੁਵਕ ਮੇਲੇ ਤਾਂ ਆਮ ਚੱਲਦੇ ਹਨ। ਪਰ ਭਰ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਨੂੰ ਇਹ ਨਹੀਂ ਪਤਾ ਕਿ ਅੱਜ ਦੀ ਪਨੀਰੀ ਦਾ ਇਸ ਪਾਸੇ ਕੀ ਮਿਆਰ ਹੈ। ਪੰਜਾਬ ਵਿੱਚ ਖੁੰਭਾਂ ਵਾਂਙ ਉੱਗੇ ਭੰਡ-ਗਵੱਈਏ ਵੇਖ ਕੇ ਚੰਗੇ ਦੀ ਆਸ ਹੀ ਬੇਕਾਰ ਹੈ। ਪਰ ਕੀ ਯੂਨੀਵਰਸਿਟੀ ਏਡੀ ਹੀ ਨਿਖਿੱਧ ਹੋ ਗਈ ਹੈ ਕਿ ਮੇਲਿਆਂ ਦੇ ਵੀਡਿਓ ਵੀ ਜਾਲ ਤੇ ਨਹੀਂ ਪਾ ਸਕਦੀ। ਜੇਕਰ ਯੂਨੀਵਰਸਿਟੀ ਦਾ ਆਪਣਾ ਜਾਲ ਬੇਕਾਰ ਹੈ ਤਾਂ ਯੂ-ਟਿਊਬ ਤੇ ਹੀ ਪਾ ਦੇਵੇ। ਨਾਲੇ ਇਹ ਵੀ ਪਤਾ ਲੱਗੇ ਕਿ ਯੂਨੀਵਰਸਿਟੀ ਦਾ ਨਾਟਕ ਵਿਭਾਗ ਅੱਜ ਕੱਲ ਕਿਹੋ ਜਿਹੇ ਨਾਟਕ ਖੇਡਦਾ ਹੈ। ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ ਉਦੋਂ ਤਾਂ ਜੋਸ਼ੋ-ਖਰੋਸ਼ ਨਾਲ ਇਹ ਅੰਦਰੇਟੇ ਤੱਕ ਜਾਂਦੇ ਸੀ। ਹੁਣ ਕੀ ਹਾਲ ਹੈ?

ਲਓ ਥੋੜਾ ਅਕਾਦਮਿਕ ਪਾਸੇ ਵੱਲ ਵੀ ਮੁੜਦੇ ਹਾਂ। ਜਿਵੇਂ ਕਿ ਉੱਪਰ ਗੱਲ ਕੀਤੀ ਹੈ ਅੱਜ ਦੀ ਦੁਨੀਆਂ ਵਿੱਚ ਜਾਲ ਕਿਸੇ ਵੀ ਸੰਸਥਾ ਦਾ ਮੁੱਖ ਦੁਆਰ ਹੈ। ਪਰ ਪੰਜਾਬੀ ਯੂਨੀਵਰਸਿਟੀ ਦੇ ਜਾਲ ਤੇ ਨਾ ਤਾਂ ਪੰਜਾਬੀ ਕੋਸ਼ ਲੱਭਦਾ ਹੈ ਤੇ ਨਾ ਹੀ ਪੰਜਾਬੀ ਵਿਆਕਰਣ। ਤੇ ਨਾ ਇਸ ਬਾਰੇ ਕੋਈ ਜਾਣਕਾਰੀ ਕਿ ਪੰਜਾਬੀ ਬੋਲੀ ਨੂੰ ਵਕਤ ਦੀ ਹਾਨਣ ਬਣਾਉਣ ਲਈ ਪੰਜਾਬੀ ਯੂਨੀਵਰਸਿਟੀ ਪੰਜਾਬੀ ਦੇ ਨਵੇਂ ਨਵੇਂ ਲਫ਼ਜ਼ ਕਿਵੇਂ ਘੜ੍ਹ ਰਹੀ ਹੈ। ਪਰ ਉਲਟਾ ਕੰਮ ਇਹ ਹੋ ਰਿਹਾ ਹੈ ਕਿ ਛੋਲੇ ਕੀ ਜਾਣਨ ਵਾਹ ਨੂੰ ਤੇ ਸਾਨ੍ਹ ਕੀ ਜਾਣੇ ਸਾਹ ਨੂੰ।

ਸਗੋਂ ਚਾਹੀਦਾ ਤਾਂ ਇਹ ਸੀ ਕਿ ਪੰਜਾਬੀ ਯੂਨੀਵਰਸਿਟੀ ਪੰਜਾਬ ਦੇ ਭਾਸ਼ਾ ਵਿਭਾਗ ਨੂੰ ਵੀ ਸੁਲ੍ਹਾ ਮਾਰਦੀ ਕਿ ਚੱਲ ਆਪਣਾ ਵਿਸ਼ਵ ਕੋਸ਼ ਵੀ ਲੈ ਆ ਤੇ ਇਕੱਠੇ ਹੀ ਜਾਲ ਤੇ ਪਾ ਦਿੰਦੇ ਹਾਂ। ਸਗੋਂ ਵਿਸ਼ਵ ਕੋਸ਼ ਲਈ ਵਿਕੀਪੀਡੀਆ ਵਰਗਾ ਚਬੂਤਰਾ ਤਾਂ ਪਹਿਲਾਂ ਤੋਂ ਹੀ ਤਿਆਰ ਹੈ। ਬੱਸ ਇਕ ਵਾਰ ਵਿਸ਼ਵ ਕੋਸ਼ ਦੀ ਸਾਰੀ ਜਾਣਕਾਰੀ ਪਾਉਣ ਦੀ ਲੋੜ ਹੈ ਬਾਅਦ ਵਿੱਚ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀ ਆਪਣੇ ਆਪ ਸਾਰੀ ਜਾਣਕਾਰੀ ਵਿਕੀਪੀਡੀਆ ਉੱਤੇ ਨਵਿਆਉਂਦੇ ਰਹਿਣਗੇ। ਗੂਗਲ ਵਰਗੇ ਵੀ ਤਿਆਰ ਹਨ ਪਰ ਪੰਜਾਬ ਵਿੱਚੋਂ ਕੋਈ ਸੰਸਥਾ ਨਿੱਤਰੇ ਤਾਂ ਹੀ ਅਨੁਵਾਦ ਦੀ ਸਹੂਲਤ ਜਾਲ ਤੇ ਪੈ ਸਕਦੀ ਹੈ। ਪੰਜਾਬੀ ਯੂਨੀਵਰਸਿਟੀ ਦੇ ਕਿਤਾਬਖਾਨੇ ਵਿੱਚ ਪੰਜਾਬੀ ਦੇ ਕਈ ਨਿਵੇਕਲੇ ਖਰੜੇ ਘੱਟਾ ਚੱਟ ਰਹੇ ਹਨ ਪਰ ਮਜ਼ਾਲ ਹੈ ਕਿ ਕਿਤੇ ਇਨ੍ਹਾਂ ਦੀ ਅੱਕਾਸੀ ਹੋ ਜਾਵੇ। ਪੰਜਾਬੀ ਯੂਨੀਵਰਸਿਟੀ ਨੂੰ ਇਹੋ ਜਿਹੀਆਂ ਗੱਲਾਂ ਤਾਂ, ਤਾਂ ਔੜਣ ਜੇ ਚਾਪਲੂਸੀ ਤੇ ਲਾਲ ਬੱਤੀ ਦੇ ਝੰਮੇਲੇ ਮੁੱਕਣ।

ਨਰਿੰਦਰ ਸਿੰਘ, ਜੇ ਕਿਤੇ ਲਾੜ੍ਹੀ ਹੋਊ ਤਾਂ ਹੀ ਉੱਥੇ ਬਰਾਤ ਢੁਕੇਗੀ ਤੇ ਸ਼ਗਣਾਂ ਵਾਲੇ ਵਿਹੜੇ ਵਿੱਚ ਚਹਿਲ-ਪਹਿਲ ਮੱਚੇਗੀ। ਸਭਿਆਚਾਰ ਤੇ ਸ਼ਊਰ ਸਭ ਨਜ਼ਰ ਆਉਣਗੇ। ਪਰ ਰੰਡੀ ਨੂੰ ਤਾਂ ਜਣਾ-ਖਣਾ ਐਨ. ਆਰ. ਆਈ ਦਬੱਲੀ ਫਿਰੂ ਜਿਵੇਂ ਤੁਸੀਂ ਆਪਣੇ ਯੂ-ਟਿਊਬ ਵਾਲੇ ਵਿਡੀਓ ਵਿੱਚ ਕਿਹਾ ਹੈ।

ਪੰਜਾਬੀ ਬੋਲੀ ਦੀ ਤਰੱਕੀ ਦਾ ਆਸਵੰਦ
ਗੁਰਤੇਜ ਸਿੰਘ
ਵੈਲਿੰਗਟਨ-ਨਿਊਜ਼ੀਲੈਂਡ

1 comment:

  1. Samar Dhaliwal says on FACEBOOK--------- ਬੜੀ ਦੇਰ ਦੀ ਇਕ ਗੱਲ ਮਨ'ਚ ਦਬੀ ਹੋਈ ਹੈ। ਮੌਕਾ ਹੈ ਤਾਂ ਗੱਲ ਸਾਂਝੀ ਕਰ ਰਿਹਾ ਹਾਂ।
    ਗੱਲ ਡਾ. ਨਰਿੰਦਰ ਕਪੂਰ ਜਿਹੇ ਕਿਸੇ ਦਾਰਸ਼ਨਿਕ(?)-ਲੇਖਕ(??) ਦੀ ਹੈ। ਇਹ ਵਿਦਵਾਨ ਲੇਖਕ, ਪਟਿਆਲਾ ਦੀ ਇਕ ਬੁੱਕਸ਼ਾਪ-ਕਮ-ਲਾਇਬਰੇਰੀ 'ਤੇ ਗਿਆ। ਉਸ ਦਿਨ ਉਸ ਲਾਇਬਰੇਰੀ-ਕਮ-ਬੁੱਕਸ਼ਾਪ ਦਾ ਮਾਲਿਕ ਵੀ ਓਥੇ ਹੀ ਮੌਜੂਦ ਸੀ। ਜਦੋਂ ਇਸ ਵਿਦਵਾਨ ਨੇ ਜਾ ਕੇ ਆਪਣਾ ਤੁਆਰੁਫ਼ ਕਰਾਇਆ ਤੇ ਉਸ ਦੀ ਦੁਕਾਨ'ਚ ਆਪਣੀਆਂ 'ਅਣਮੋਲ' ਕਿਤਾਬਾਂ ਦੀ ਪੂਰੀ ਦੀ ਪੂਰੀ ਸ਼ੈਲਫ਼ ਵੱਲ ਇਸ਼ਾਰਾ ਕੀਤਾ ਤਾਂ ਉਸ ਦੁਕਾਨਦਾਰ ਦੀ ਖੁਸ਼ੀ ਦਾ ਤੇ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ। ਖੁਸ਼ੀ ਇਸ ਗੱਲ ਦੀ ਕਿ ਐਡੇ ਵੱਡੇ ਲੇਖਕ ਦੇ ਚਰਨ ਪਏ ਨੇ, ਹੋ ਸਕਦੇ ਇਹਨਾਂ ਭਾਗਾਂ-ਭਰੇ ਚਰਨਾਂ ਦੇ ਸਦਕਾ ਉਸਦੀ ਲੜਖੜਾਉਂਦੀ ਦੁਕਾਨਦਾਰੀ ਚੱਲ ਹੀ ਪਏ। ਤੇ ਹੈਰਾਨੀ ਇਸ ਗੱਲ ਦੀ ਕਿ ਜੋ ਤਸਵੀਰ ਇਸ ਲੇਖਕ ਦੀ ਉਸ ਦੇ ਆਪਣੇ ਮਨ'ਚ ਹੈ/ਸੀ ਉਸ ਨਾਲ ਇਸ ਬੰਦੇ ਦੀ ਸਖਸ਼ੀਅਤ ਬਿਲਕੁਲ ਵੀ ਮੇਲ ਨਹੀ ਖਾਂਦੀ, ਸਗੋਂ ਮੇਲ ਦੀ ਗੱਲ ਤਾਂ ਦੂਰ, ਇਹ ਤਾਂ ਉਸਦੇ ਬਿਲਕੁਲ ਉਲਟ ਜਾਪਦੀ ਸੀ। (ਜਰੂਰੀ ਨਹੀ ਕਿ ਮੁਖੜਾ ਦੇਖ ਕੇ ਕੇਵਲ "ਮਰਿਆ" ਹੀ ਜਾ ਸਕਦੈ, ਕਈ ਵਾਰ ਮੁਖੜਾ ਦੇਖ ਕੇ "ਡਰਿਆ" ਵੀ ਜਾ ਸਕਦੈ)। ਰਹਿੰਦੀ-ਖੁਹਿੰਦੀ ਕਸਰ ਇਸ ਵਿਦਵਾਨ ਦੀਆਂ ਗੱਲਾਂ ਨੇ ਕੱਢ ਦਿੱਤੀ। ਤੇ ਜੇ ਕੋਈ ਬਾਕੀ ਕਸਰ ਬਚੀ ਵੀ ਸੀ ਤਾਂ ਇਸ ਗੱਲ ਨੇ ਤਾਂ ਐਨ ਸਿਰੇ ਵਾਲੀ ਕਰ ਦਿੱਤੀ। ਗੱਲ ਇਹ ਸੀ:

    ਜਦੋਂ ਇਹ ਵਿਦਵਾਨ 'ਤੇ ਦੁਕਾਨ ਦਾ ਮਾਲਿਕ, ਆਫਿਸ'ਚ ਬੈਠੇ ਕਾਫ਼ੀ ਪੀ ਰਹੇ ਸਨ, ਤੇ ਇਹ ਵਿਦਵਾਨ ਸਾਹਿਬ ਆਪਣੀ ਵਿਦਵਤਾ ਦੇ ਪਿਊਂਦੀ ਬੇਰ ਕੇਰ ਰਹੇ ਸਨ, ਤਾਂ ਦੁਕਾਨ ਦੇ ਸਟਾਫ਼ ਨੇ ਜੋ ਕਿਤਾਬਾਂ ਇਸ ਵਿਦਵਾਨ ਨੇ ਸਲੈਕਟ ਕੀਤੀਆਂ ਸਨ, ਉਹਨਾਂ ਦਾ ਬਿਲ ਬਣਾ ਦਿੱਤਾ, ਤੇ ਮਾਲਿਕ ਦਾ ਇਸ਼ਾਰਾ ਸਮਝਦੇ ਹੋਏ ਉਹਨਾਂ ਕਿਤਾਬਾਂ ਦੇ ਕੁਲ ਮੁੱਲ ਉਪਰ 25% ਡਿਸਕਾਊਂਟ ਵੀ ਦੇ ਦਿਤਾ। ਕੁਝ ਦੇਰ ਬਾਅਦ ਜਦ ਵਿਦਵਾਨ ਸਾਹਿਬ ਵਿਦਾ ਲੈਣ ਲੱਗੇ ਤਾਂ ਉਹਨਾਂ ਨੂੰ ਕਿਤਾਬਾਂ ਤੇ ਬਿਲ ਦੇ ਦਿੱਤੇ ਗਏ। ਬਿਲ ਦੇਖ ਕੇ ਵਿਦਵਾਨ ਸਾਹਿਬ ਕਾਫ਼ੀ ਮਾਯੂਸ ਹੋਏ। ਜਦ ਮਾਲਿਕ ਨੇ ਮਾਯੂਸੀ ਦਾ ਕਾਰਨ ਇਹ ਦਸਦਿਆਂ ਪੁਛਿਆ, "ਕਿ ਸਰ ਅਸੀਂ ਤਾਂ ਪਹਿਲੋਂ ਹੀ ਤੁਹਾਨੂੰ ਬਿਨ੍ਹਾਂ ਤੁਹਾਡੇ ਕਹਿਣ ਤੇ ਵੱਧ ਤੋਂ ਵੱਧ ਡਿਸਕਾਊਂਟ ਦੇ ਦਿੱਤਾ ਹੈ" ਤਾਂ ਵਿਦਵਾਨ ਸਾਹਿਬ ਬੋਲੇ ਕਿ, " ਡਿਸਕਾਊਂਟ ਤਾਂ ਠੀਕ ਹੈ। ਪਰ ਬਿਲ ਨਹੀ। ਬਿਲ ਦੁਬਾਰਾ ਬਣਾਉ। ਤੁਸੀਂ ਬਿਲ'ਤੇ ਤਾਂ ਸਿਰਫ਼ 10% ਹੀ ਡਿਸਕਾਉਂਟ ਦਿਉ, ਤੇ ਬਾਕੀ ਬਚਦਾ 15% ਮੈਨੂੰ ਕੈਸ਼ ਦੇ ਦਿਉ।" ਇਹ ਸੁਣ ਕੇ ਲਾਇਬਰੇਰੀ-ਕਮ-ਬੁਕਸ਼ਾਪ ਦਾ ਸਾਰਾ ਸਟਾਫ਼, ਸਮੇਤ ਮਾਲਿਕ, ਇਕ ਦੂਜੇ ਦੇ ਮੂੰਹਾਂ ਵੱਲ ਵੇਖਣ ਲੱਗੇ। ਤੇ ਉਵੇਂ ਕੀਤਾ ਜਿਵੇਂ ਅਸਾਡੇ ਇਹ ਡਾ. ਸਾਹਿਬ ਚਾਹੁੰਦੇ ਸੀ।
    ਉਸ ਦਿਨ ਤੋਂ ਬਾਅਦ, ਲਾਇਬਰੇਰੀ/ਬੁਕਸ਼ਾਪ ਦੇ ਬੰਦ ਹੋਣ ਤੀਕ ਉਸ ਲਾਇਬਰੇਰੀ/ਬੁਕਸ਼ਾਪ ਵਿਚ ਡਾ. ਨਰਿੰਦਰ ਸਿੰਘ ਕਪੂਰ ਦੀ ਕੋਈ ਵੀ 'ਉਲਥਾਨੁਮਾ'ਕਿਤਾਬ 'ਅਵੇਲੇਵਲ' ਨਹੀ ਸੀ।

    ReplyDelete