ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, December 31, 2010

ਵਰਚੂਅਲ ਸਪੇਸ,ਸਮਾਜਿਕ ਮੀਡੀਆ,ਪੰਜਾਬੀ ਸਮਾਜ ਤੇ ਤਾਰਿਆਂ ਵਾਲੀ ਕ੍ਰਾਂਤੀ

ਗੁਲਾਮ ਕਲਮ ਦੇ ਨਾਲ ਦੋ ਸਾਲ
31 ਦਸੰਬਰ ਤੋਂ 1 ਜਨਵਰੀ(2008) ਦੇ ਵਿਚਲੇ 4-5 ਘੰਟਿਆਂ ' ਗੁਲਾਮ ਕਲਮ ਦਾ ਮੁੱਢ ਬੰਨ੍ਹਿਆ ਸੀ।2 ਸਾਲ ਹੋ ਗਏ।ਸਮਾਜਿਕ ਮੀਡੀਆ ਨਾਲ ਗੁਜ਼ਾਰਿਆ ਛੋਟਾ ਜਿਹਾ ਸਮਾਂ ਹੈ।ਮੈਂ ਬਲੌਗ ਸ਼ੁਰੂ ਕਰਨ ਤੋਂ 1 ਸਾਲ ਪਹਿਲਾਂ ਅੰਗਰੇਜ਼ੀ ਤੇ ਹਿੰਦੀ ਦੇ ਸਮਾਜਿਕ ਮੀਡੀਆ ਨੂੰ ਫਰੋਲ ਰਿਹਾ ਸੀ ਮੇਰੀ ਪੜਤਾਲ ਮੁਤਾਬਕ ਅੰਗਰੇਜ਼ੀ ਤੇ ਹਿੰਦੀ ਸਮਾਜਿਕ ਮੀਡੀਆ ਨੇ ਮੁੱਖ ਧਾਰਾ ਦੇ ਸਾਰੇ ਮੀਡੀਆ ਸਾਧਨਾਂ(ਅਖ਼ਬਾਰ,ਟੀ ਵੀ,ਥੀਏਟਰ,ਫਿਲਮ ਆਦਿ) ਦੀ ਵੱਡੀ ਸਹਿਮਤੀ ਬਣਾਉਣ ਦੀ ਮੁਹਿੰਮ ਨੂੰ ਤੋੜਿਆ ਤੇ ਕਿਸੇ ਨਾ ਕਿਸੇ ਰੂਪ 'ਚ ਬੇਨਕਾਬ ਕਰਨ ਦਾ ਕੰਮ ਕੀਤਾ ਹੈ,ਭਾਵੇਂ ਇਸਨੂੰ ਵੀ ਇਕ "ਵਰਚੂਅਲ ਰੀਐਲਟੀ" ਹੀ ਮੰਨਿਆ ਜਾਂਦਾ ਹੋਵੇ।ਅਸਲ 'ਚ ਲਗਭਗ ਡੇਢ ਦਹਾਕੇ ਤੋਂ ਮੁੱਖ ਧਾਰਾ ਤੇ ਉਸਤੋਂ ਬਾਹਰ ਤੇ ਘੱਟੋ ਘੱਟੋ ਵਿਰੋਧ ਖੜ੍ਹੇ ਕਰਨ ਵਾਲੇ ਸਾਧਨਾਂ ਤੇ ਸੰਸਥਾਵਾਂ 'ਚ ਵੱਡੇ ਪੱਧਰ 'ਤੇ ਸਹਿਮਤੀਆਂ ਦਾ ਦੌਰ ਚੱਲਿਆ ਹੈ।ਇਹਨਾਂ ਦੇ ਵਿਰੋਧ 'ਚ ਵਿਚਰਦੇ ਅੰਗਰੇਜ਼ੀ ਤੇ ਹਿੰਦੀ ਸਮਾਜਿਕ ਮੀਡੀਆ ਨੇ ਅਸਹਿਮਤੀ ਦਾ ਇਕ ਵੱਡਾ ਤੇ ਮਜ਼ਬੂਤ ਸੱਭਿਆਚਾਰ ਖੜ੍ਹਾ ਕੀਤਾ ਹੈ।ਅਸਹਿਮਤੀਆਂ ਦੇ ਸੱਭਿਆਚਾਰ ਦਾ ਹੀ ਅਸਰ ਹੈ ਕਿ ਹਿੰਦੀ ਤੇ ਅੰਗਰੇਜ਼ੀ ਦੇ ਲੋਕ ਪੱਖੀ ਸਾਹਿਤ ਦਾ ਬਿਗੁਲ ਵਜਾਉਣ ਵਾਲੇ ਸਾਹਿਤਕ,ਸਿਆਸੀ ਤੇ ਸਮਾਜਿਕ ਮੱਠਾਂ 'ਤੇ ਬੈਠੇ ਅਗਾਂਹਵਧੂ ਸ਼ੰਕਰਾਚਾਰੀਆਂ ਨੂੰ ਹਿੰਦੀ-ਅੰਗਰੇਜ਼ੀ ਦੇ ਸਮਾਜ ਨੂੰ ਕਿਸੇ ਨਾ ਕਿਸੇ ਪੱਧਰ 'ਤੇ ਜਵਾਬਦੇਹ ਹੋਣਾ ਪਿਆ।ਨਵਾਂ ਤਜ਼ਰਬਾ ਹੋਣ ਕਰਕੇ ਜਗੀਰੂ ਬੌਧਿਕਤਾ ਨੂੰ 66 ਕੇ.ਵੀ ਵਰਗੇ ਝਟਕੇ ਵੀ ਲੱਗੇ।ਅਸਹਿਮਤੀ ਦਾ ਨਵਾਂ ਨਰੋਆ ਸੱਭਿਆਚਾਰ ਖੜ੍ਹਾ ਕਰਨ ਵਾਲਿਆਂ ਦਾ "ਜਮਹੂਰੀ ਸਮਾਜਿਕ ਬਾਈਕਾਟ" ਵੀ ਹੋਇਆ,ਪਰ ਇਸੇ ਦੌਰ 'ਚੋਂ ਜਦੋਂ ਸਮਾਜਿਕ ਮੀਡੀਆ ਹੋਰ ਗੰਭੀਰਤਾ ਤੇ ਮਜ਼ਬੂਤੀ ਨਾਲ ਅੱਗੇ ਵਧਿਆ ਤਾਂ ਹਿੰਦੀ ਤੇ ਅੰਗਰੇਜ਼ੀ ਦੀ ਹਰ ਆਮ ਖਾਸ ਵਿਚਾਰ ਚਰਚਾ ਗੰਭੀਰ ਸਮਾਜਿਕ ਮੀਡੀਆ ਦਾ ਦਰਵਾਜ਼ਾ ਖੜ੍ਹਕਾ ਲੰਘਣਾ ਸ਼ੁਰੂ ਹੋਈ ।

ਦੂਜੇ ਪਾਸੇ,ਪੰਜਾਬੀ ਦੇ ਵਰਚੂਅਲ ਸਪੇਸ 'ਚ ਚੁੱਪ ਜਿਹੇ ਖੜ੍ਹੇ ਸਮਾਜਿਕ ਮੀਡੀਆ ਦੀ ਨਬਜ਼ ਫੜੀਏ ਤਾਂ 2-3 ਸਾਲਾਂ 'ਚ ਕੋਈ ਜ਼ਿਆਦਾ ਬਦਲਾਅ ਨਜ਼ਰ ਨਹੀਂ ਆਉਂਦਾ।ਮੁੱਖ ਧਾਰਾ ਦੀਆਂ ਸਾਈਟਸ ਨੂੰ ਪਾਸੇ ਰੱਖ ਦੇਈਏ ਤਾਂ ਪੰਜਾਬੀ ਸਮਾਜਿਕ ਮੀਡੀਆ 'ਚ ਸੂਚਨਾ,ਸਮਾਜਿਕ,ਤੇ ਸਿਆਸੀ ਮਸਲਿਆਂ ਨੂੰ ਉਠਾਉਣ ਦੇ ਪੱਧਰ 'ਤੇ ਪੰਜਾਬੀ ਪੱਤਰਕਾਰੀ ਵਰਗਾ "ਗੁੱਡੀ ਗੁੱਡੀ" ਕੰਮ ਹੋ ਰਿਹਾ ਹੈ।ਹਾਂ,ਸਮਾਜਿਕ ਮੀਡੀਆ ਮੁਤਾਬਕ ਸਾਹਿਤਕ ਖੇਤਰ 'ਚ ਕੁਝ ਲੋਕ ਠੀਕ ਠਾਕ ਕੰਮ ਜ਼ਰੂਰ ਕਰ ਰਹੇ ਹਨ।ਮੈਨੂੰ ਲੱਗਦਾ ਪੰਜਾਬੀ ਦੇ ਕਹੇ ਜਾਂਦੇ ਬੁੱਧੀਜੀਵੀਆਂ ਨੇ ਅਗਲੇ 200-300 ਸਾਲ ਤਾਂ ਯੂ ਐੱਨ ਓ ਦੀ ਪੰਜਾਬੀ ਖ਼ਤਮ ਹੋਣ ਦੀ 'ਸੱਚੀ ਝੂਠੀ' ਰਪਟ ਦਾ ਪ੍ਰਚਾਰ ਕਰ ਕੇ ਪੰਜਾਬੀਆਂ ਨੂੰ ਡਰਾਈ ਰੱਖਣਾ ਹੈ।ਮੈਂ ਪੰਜਾਬੀ ਦੇ ਜਿੰਨ੍ਹੇ ਵੀ ਥੰਮ੍ਹ ਕਹਾਉਂਦੇ ਪੱਤਰਕਾਰਾਂ ਤੇ ਬੁੱਧੀਜੀਵੀਆਂ ਨੂੰ ਪੰਜਾਬੀ ਸਮਾਜਿਕ ਮੀਡੀਆ 'ਤੇ ਗੱਲ ਕਰਦੇ ਸੁਣਿਆ ਹੈ ਤਾਂ ਉਹ ਇਕੋ ਗੱਲ ਟੇਪ ਰਿਕਾਰਡ ਵਾਂਗੂੰ ਵਾਰ ਵਾਰ ਕਹਿੰਦੇ ਹਨ,ਕਿ ਇੰਟਰਨੈੱਟ 'ਤੇ ਵਧ ਰਹੀ ਪੰਜਾਬੀ ਨੇ ਨਵੀਆਂ ਸੰਭਾਵਨਾਨਾਂ ਪੈਦਾ ਕੀਤੀਆਂ ਹਨ,ਜਿਸ ਕਰਕੇ ਦੁਨੀਆਂ 'ਚੋਂ ਕਦੇ ਪੰਜਾਬੀ ਖ਼ਤਮ ਨਹੀਂ ਹੋ ਸਕਦੀ।ਪੰਜਾਬੀ ਗਲੋਬਲ ਭਾਸ਼ਾ ਹੋ ਗਈ ਹੈ।ਸਿਰਫ ਇਸ ਲਈ ਕਿਉਂਕਿ ਪੰਜਾਬੀ..ਪੰਜਾਬੀ...ਪੰਜਾਬੀ ਕਰਨ 'ਚ ਕੋਈ ਬਹੁਤੀ ਮੱਥਾ ਖਪਾਈ ਵੀ ਨਹੀਂ ਹੁੰਦੀ,ਸਮੂਹਿਕ ਤੇ ਵਿਅਕਤੀਗਤ ਵੈਰ ਵਿਰੋਧ ਵੀ ਖੜ੍ਹਾ ਨਹੀਂ ਹੁੰਦਾ ਤੇ "ਕਾਨਫਰੰਸ ਸੱਭਿਆਚਾਰ" ਨੂੰ ਵਧਾਰਾ ਤੇ ਡਾਇਸਪੋਰੇ ਤੋਂ ਰੋਟੀਆਂ ਵੀ ਚੰਗੀਆਂ ਸਿਕ ਰਹੀਆਂ ਹਨ।ਪੰਜਾਬੀ ਖ਼ਿਲਾਫ "ਯੂਨੀਵਰਸਟੀਏ ਪੰਡਿਤਾਂ" ਦੀ ਇਹ ਇਕ ਅਣਮਿੱਥੀ ਸਾਜਿਸ਼ ਹੈ।ਕਿਸੇ ਭਾਸ਼ਾ 'ਚ ਕਿਹੋ ਜਿਹਾ ਕੰਮ ਹੋ ਰਿਹਾ ਹੈ। ਕੀ ਬੁੱਧੀਜੀਵੀਆਂ ਲਈ ਇਹ ਮਹੱਤਵਪੂਰਨ ਸਵਾਲ ਨਹੀਂ ਹੈ ?ਅੰਗਰੇਜ਼ੀ ਤੇ ਹਿੰਦੀ ਦਾ ਸਮਾਜਿਕ ਮੀਡੀਆ ਆਪਣੇ ਸਮਾਜ ਨੂੰ ਸੂਚਨਾ,ਗਿਆਨ,ਤਕਨੀਕ ਤੇ ਭਾਸ਼ਾ ਦੇ ਪੱਧਰ 'ਤੇ ਕਾਫੀ ਅਮੀਰ ਕਰ ਰਿਹਾ ਹੈ।ਹਿੰਦੁਸਤਾਨ ਅਖ਼ਬਾਰ ਦਾ ਸੰਪਾਦਕ ਸ਼ਸ਼ੀ ਸੇਖ਼ਰ,ਜੋ ਸਮਾਜਿਕ ਮੀਡੀਆ ਦੀ ਆਪ ਮੁਹਾਰੀ ਆਜ਼ਾਦੀ ਦਾ ਕੱਟੜ ਵਿਰੋਧੀ ਹੈ,ਕਹਿੰਦਾ ਹੈ ਕਿ ਮੈਂ ਇਨ੍ਹਾਂ ਟੁੱਚੇ ਸਾਈਟਰਾਂ ਤੇ ਬਲੌਗਰਾਂ ਨੂੰ ਇਕ ਦਾਦ ਜ਼ਰੂਰ ਦਿੰਦਾ ਹਾਂ ਕਿ ਇਨ੍ਹਾਂ ਨੇ ਹਿੰਦੀ ਸਮਾਜ ਨੂੰ ਦੁਬਾਰਾ ਪੜ੍ਹਨ ਲਾ ਦਿੱਤਾ।ਇਹ ਗੱਲ ਇਸ ਲਈ ਕੀਤੀ ਕਿਉਂਕਿ ਮੇਰੇ ਕੁਝ ਪੱਤਰਕਾਰ ਦੋਸਤ ਕਹਿੰਦੇ ਹਨ ਕਿ ਅੰਗਰੇਜ਼ੀ ਤੇ ਹਿੰਦੀ ਸਮਾਜ 'ਚ ਨੈੱਟ ਦੀ ਵਰਤੋਂ ਵੱਡੀ ਗਿਣਤੀ 'ਚ ਹੁੰਦੀ ਹੈ ਤੇ ਇਸਦਾ ਪਾਠਕ ਤਬਕਾ ਜ਼ਿਆਦਾ ਹੈ,ਇਸ ਲਈ ਓਥੇ ਸਮਾਜਿਕ ਮੀਡੀਆ 'ਚ ਪੜ੍ਹਨ æਿਲਖ਼ਣ ਤੇ ਗੰਭੀਰਤਾ ਵਧੀ ਹੈ।ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਅੰਗਰੇਜ਼ੀ ਤੇ ਹਿੰਦੀ ਸਾਹਿਤ ਦੀਆਂ ਕਿਤਾਬਾਂ,ਲੇਖ਼ਕਾਂ, ਅਬਾਦੀ ਤੇ ਭੂੰਗੋਲਿਕ ਖੇਤਰ ਦੇ ਨਾਲ ਨੈੱਟ ਦੀ ਤੁਲਨਾ ਨਹੀਂ ਕਰਨੀ ਚਾਹੀਦੀ,ਕਿਉਂਕਿ ਨੈੱਟ ਦੇ ਮਸਲੇ 'ਚ ਹਾਲਤ ਬਿਲਕੁਲ ਵੱਖਰੀ ਹੈ।ਸੱਚ ਇਹ ਹੈ ਕਿ ਨੈੱਟ ਦੀ ਗੰਭੀਰ ਵਰਤੋਂ ਕਰਨ ਵਾਲਾ ਨੈੱਟਜੀਵੀ ਨਾ ਤਾਂ ਅੰਗਰੇਜ਼ੀ ਕੋਲ ਸੀ ਤੇ ਨਾ ਹੀ ਹਿੰਦੀ ਕੋਲ।ਇਸ ਗੱਲ ਦਾ ਅੰਦਾਜ਼ਾ ਇਥੋਂ ਵੀ ਲਾਇਆ ਜਾ ਸਕਦਾ ਹੈ ਕਿ ਬਹੁਤੇ ਨੈੱਟਜੀਵੀ ਬਚਪਨ ਤੋਂ ਜਵਾਨੀ ਵਾਲੀ ਉਮਰ ਦੇ ਹਨ।ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬੀ ਦਾ ਸਮਝਦਾਰ ਤਬਕਾ ਇਨ੍ਹਾਂ ਨਾਲ ਸੰਵਾਦ ਰਚਾ ਕੇ ਇਨ੍ਹਾਂ ਨੁੰ ਕੋਈ ਦਿਸ਼ਾ ਦੇਵੇਗਾ ਜਾਂ ਜਿਸ ਖੁੱਲ੍ਹੀ ਮੰਡੀ,ਖਪਤਵਾਦੀ ਸੱਭਿਅਚਾਰ ਆਦਿ ਆਦਿ ਦਾ ਉਹ ਵਿਰੋਧ ਕਰਦਾ ਹੈ,ਇਹ ਨਵਾਂ ਨਕੋਰ ਯੁੱਗ ਬਦਲੂ ਕਿਹਾ ਜਾਂਦਾ ਤਬਕਾ ਸਿਰਫ ਉਸੇ ਲਈ ਖੁੱਲ੍ਹਾ ਛੱਡ ਦਿੱਤਾ ਜਾਵੇਗਾ?

ਅੰਗਰੇਜ਼ੀ ਤੇ ਹਿੰਦੀ ਨੇ ਇਸਦਾ ਬਦਲ ਦਿੱਤਾ ਹੈ।ਅੰਗਰੇਜ਼ੀ ਤੇ ਹਿੰਦੀ ਦੇ ਵੱਡੇ ਪੱਤਰਕਾਰਾਂ ਤੇ ਦਾਨਸ਼ਮੰਦਾਂ ਨੇ ਸਮਾਜਿਕ ਮੀਡੀਆ 'ਚ ਚੰਗਾ ਕੰਮ ਕੀਤਾ ਹੈ,ਜਿਸਦਾ ਝਲਕਾਰਾ ਪੂਰੇ ਸਮਾਜਿਕ ਮੀਡੀਆ 'ਤੇ ਪੈਂਦਾ ਹੈ। ਤੁਸੀਂ ਫੇਸਬੁੱਕ 'ਤੇ ਅੰਗਰੇਜ਼ੀ-ਹਿੰਦੀ 'ਚ ਵਿਚਰਦੇ ਨੌਜਵਾਨ ਤਬਕੇ ਦੀ ਗੰਭੀਰਤਾ ਤੇ ਸਿਆਣਪ ਤੋਂ ਇਸ ਨੂੰ ਸਾਫ ਦੇਖ ਸਕਦੇ ਹੋ।ਮੈਨੂੰ ਤਾਂ ਲਗਦਾ ਹੁੰਦੈ ਕਿ ਫੇਸਬੁੱਕ ਵਰਗੀਆਂ ਸ਼ੋਸ਼ਲ ਸਾਈਟਸ 'ਤੇ ਵਿਚਰਨ ਲਈ ਸਾਨੂੰ ਅੰਗਰੇਜ਼ੀ-ਹਿੰਦੀ ਵਾਲਿਆਂ ਤੋਂ ਸਿੱਖਣਾ ਚਾਹੀਦਾ ਹੈ।ਪੰਜਾਬੀ ਤਬਕੇ 'ਚ ਫੇਸਬੁੱਕ 'ਤੇ ਕੋਈ ਇਕ ਟੁੱਚੀ ਜਿਹੀ ਕਵਿਤਾ ਲਿਖਦਾ ਹੈ ਤਾਂ ਬਾਕੀ ਜਨਤਾ ਉਸਦੀ ਵਾਹ-ਵਾਹ-ਵਾਹ 'ਚ ਲੱਗ ਜਾਂਦੀ ਹੈ,ਮੈਂ ਅੱਜ ਤੱਕ ਨਹੀਂ ਵੇਖਿਆ ਕਿ ਕਦੇ ਟਿੱਪਣੀ ਦੇਣ ਵਾਲਿਆਂ ਨੇ ਉਸਦੇ ਵਿਸ਼ੇ,ਲੇਖਣੀ ਦੇ ਢੰਗ,ਅਲੋਚਨਾ,ਪੰਜਾਬੀ ਸਮਾਜ ਨਾਲ ਉਸਦੇ ਸਬੰਧ ਬਾਰੇ ਗੱਲਬਾਤ ਕੀਤੀ ਹੋਵੇ,ਕਲਾਤਮਿਕਤਾ 'ਤੇ ਗੱਲ ਹੋਣੀ ਤਾਂ ਬਹੁਤ ਦੂਰ ਦੀ ਕੌਡੀ ਹੈ।ਇਸੇ ਤਰ੍ਹਾਂ ਕੋਈ ਇਕ ਸਤ੍ਹਰ ਲਿਖਦਾ ਹੈ ਤਾਂ ਇਕ ਟਿੱਪਣੀ ਕਰਦਾ ਹੈ ਤੇ ਬਾਕੀ ਦੇ ਮੈਂ ਵੀ ਸਹਿਮਤ ਹਾਂ,ਕਿਆ ਬਾਤ ਹੈ,ਬਾਈ ਕਮਾਲ ਕਰਤੀ, ਕਰਨੀ ਸ਼ੁਰੂ ਕਰ ਦਿੰਦੇ ਹਨ।ਇਸਤੋਂ ਬਿਨਾਂ ਇਕ ਤਬਕਾ ਬਿਨਾਂ ਗੱਲ ਤੋਂ ਸਿੰਗੜੀਆਂ ਛੇੜਣ ਵਾਲਾ ਤੇ ਦੂਜਾ ਬਿਨਾਂ ਗੱਲ ਤੋਂ ਇਕ ਦੂਜੇ ਦੀ ਧੀ-ਭੈਣ ਇਕ ਕਰਨ ਵਾਲਾ ਹੈ।ਅਸਲ 'ਚ ਕਿਸੇ ਨੂੰ ਲੱਗ ਸਕਦਾ ਹੈ ਕਿ ਗੱਲ ਚੱਲਦੀ ਚੱਲਦੀ ਹੋਰ ਹੀ ਪਾਸੇ ਧੂਹ ਦਿੱਤੀ,ਪਰ ਮੈਂ ਪੰਜਾਬੀ ਸਮਾਜ ਦੇ ਫੇਸਬੁੱਕ ਵਰਗੀਆਂ ਸਮਾਜਿਕ ਸਾਈਟਾਂ ਦੇ ਵਿਚਰਨ ਵਰਤਾਰੇ ਨੂੰ ਪੰਜਾਬੀ ਸਮਾਜ ਦੇ ਨਿਮਨ ਤੇ ਮੱਧਵਰਗੀ ਝਲਕਾਰੇ ਦੇ ਰੂਪ 'ਚ ਵੇਖਦਾ ਹਾਂ।ਐਡੀ ਵੱਡੀ ਗਿਣਤੀ ਸਿਰਫ ਵਰਚੂਅਲ ਰੀਐਲਟੀ ਨਹੀਂ ਹੋ ਸਕਦੀ ,ਇਸਦਾ ਕੋਈ ਨਾ ਕੋਈ ਸਬੰਧ ਹਕੀਕੀ ਸਮਾਜ ਨਾਲ ਜ਼ਰੂਰ ਹੋਵੇਗਾ।ਪੰਜਾਬੀ ਦੇ ਸਮਾਜਿਕ ਮੀਡੀਆ 'ਚ ਵੀ ਪੰਜਾਬੀ ਸਾਹਿਤ ਤੇ ਪੱਤਰਕਾਰੀ ਦੀਆਂ ਸੰਸਥਾਵਾਂ ਵਰਗਾ ਖੁਸ਼ਾਮਦੀ ਤੇ ਚਮਚਾਗਿਰੀ ਦਾ ਮਹੌਲ ਪੈਦਾ ਹੋ ਰਿਹਾ ਹੈ।ਜਦੋਂ ਮੁੱਖ ਧਾਰਾ ਦੇ ਸਿਆਸੀ ਤੇ ਸੋਸ਼ੇਬਾਜ਼(ਸੁਖਬੀਰ ਬਾਦਲ,ਮਨਪ੍ਰੀਤ ਬਾਦਲ ਆਦਿ) ਲੋਕ ਸਮਾਜਿਕ ਮੀਡੀਆ ਨੂੰ ਆਪਣੇ ਹਿੱਤਾਂ ਲਈ ਵਰਤ ਰਹੇ ਹਨ ਤਾਂ ਲੋਕ ਪੱਖੀ ਕਦਰਾਂ ਕੀਮਤਾਂ ਨਾਲ ਖੜ੍ਹੇ ਲੋਕ ਕਿਉਂ ਪਿੱਛੇ ਹਨ ?(ਯਾਦ ਰੱਖਿਆ ਜਾਵੇ ਇੱਥੇ ਪੰਜਾਬੀ ਦੇ ਬਹਗਿਣਤੀ ਵਰਤਾਰੇ ਦੀ ਗੱਲ ਹੋ ਰਹੀ ਹੈ)ਇਸ ਸਬੰਧੀ ਪੰਜਾਬੀ ਸਮਾਜਿਕ ਮੀਡੀਆ 'ਚ ਸਮਝਦਾਰ ਪੱਤਰਕਾਰਾਂ,ਬੁੱਧੀਜੀਵੀਆਂ ਦਾ ਕੀ ਰੋਲ ਹੋਣਾ ਚਾਹੀਦਾ ਹੈ,ਇਹ ਤੈਅ ਕਰਨ ਦੀ ਲੋੜ ਹੈ,ਇਸ ਬਾਰੇ ਸਮਝ ਕਿਸੇ ਦੀ ਕੋਈ ਵੀ ਹੋ ਸਕਦੀ ਹੈ।

ਸੇ ਤਰ੍ਹਾਂ ਭਾਸ਼ਾ ਦਾ ਮਸਲਾ ਮਹੱਤਵਪੂਰਨ ਹੈ।ਵੈਸੇ ਮੇਰੇ ਵਰਗੇ ਸ਼ੁੱਧ ਪੰਜਾਬੀ ਨਾ ਲਿਖ਼ਣ ਵਾਲੇ 'ਤੇ ਕਿਸੇ ਕੱਟੜ ਪੰਜਾਬੀ ਪ੍ਰੇਮੀ ਨੂੰ ਮੇਰਾ ਭਾਸ਼ਾ 'ਤੇ ਗੱਲ ਕਰਨਾ ਗਵਾਰਾ ਨਹੀਂ ਹੋਵੇਗਾ,ਪਰ ਮੈਂ ਭਾਸ਼ਾ ਬਾਰੇ ਇਹੋ ਜਿਹੀ ਰਾਇ ਨਹੀਂ ਰੱਖਦਾ ਤੇ ਮੈਂ ਭਾਸ਼ਾ ਨੂੰ ਪੱਠਿਆਂ ਵਾਗੂੰ ਸ਼ਿੰਗਾਰਨ ਦੀ ਨਹੀਂ,ਬਲਕਿ ਸਮਾਜਿਕ ਮੀਡੀਆ ਤੇ ਖਾਸ ਕਰ ਬਲੌਗਿੰਗ ਦੇ ਜ਼ਰੀਏ ਘੜੀ ਜਾ ਰਹੀ ਨਵੀਂ ਸਿਆਸੀ,ਸਾਹਿਤਕ ਤੇ ਸਮਾਜਿਕ ਭਾਸ਼ਾ 'ਤੇ ਗੱਲ ਕਰਨ ਜਾ ਰਿਹਾ ਹਾਂ।ਜੋ ਲੋਕ ਪੱਤਰਕਾਰੀ ਅੰਦਰ ਵਿਚਰਦੇ ਹਨ,ਉਹ ਜਾਣਦੇ ਹਨ,ਕਿਸ ਤਰ੍ਹਾਂ ਕੌਮਾਂਤਰੀ ਤੋਂ ਲੈ ਕੇ ਖੇਤਰੀ ਪੱਧਰ ਤੱਕ ਦੇ ਅਦਾਰਿਆਂ ਅੰਦਰ ਇਕ ਖਾਸ ਤਰ੍ਹਾਂ ਦੀ ਸਾਸ਼ਕ ਭਾਸ਼ਾ ਘੜੀ ਜਾਂਦੀ ਹੈ।ਅਖ਼ਬਾਰਾਂ ਲਈ ਲਿਖ਼ਣ ਵਾਲੇ ਅਖ਼ਬਾਰਾਂ ਦੀ ਭਾਸ਼ਾ ਮੁਤਾਬਕ ਗੱਲ ਕਹਿਣੀ ਸ਼ੁਰੂ ਕਰ ਦਿੰਦੇ ਹਨ,ਜੇ ਨਹੀਂ ਕਰਦੇ ਤਾਂ ਤੁਹਾਡੇ ਬਹੁਤ ਮਿਹਨਤ ਨਾਲ ਲਿਖੇ ਹੋਏ ਸ਼ਬਦ ਰੱਦੀ ਦੀ ਟੋਕਰੀ 'ਚ ਸੁੱਟ ਦਿੱਤੇ ਜਾਂਦੇ ਹਨ।ਲੀਡਰਾਂ ਦੇ ਨਾਂਅ ਅੱਗੇ ਨੇਤਾ ਜੀ,ਬਹਿਨ ਜੀ,ਸਰਦਾਰ,ਮਹਾਰਾਜਾ ਤੇ ਮਹਾਰਾਣੀ ਲਾਉਣਾ ਕਿਹੜੀ ਜਮਹੂਰੀ ਪੱਤਰਕਾਰੀ ਦੇ ਨਿਯਮ ਹਨ ?ਪਰ ਇਹ ਸਭ ਕੁਝ ਮੀਡੀਆ-ਸਾਸ਼ਕੀ ਸ਼ਬਦੀ ਸਿਆਸਤ ਦਾ ਹਿੱਸਾ ਹੈ।ਇਸ ਤਰ੍ਹਾਂ ਕੌਮਾਂਤਰੀ ਮੀਡੀਆ 'ਚ ਭਾਸ਼ਾਈ ਪੱਧਰ 'ਤੇ ਮੁਸਲਮਾਨ ਦਾ ਮਤਲਬ ਜੇ ਅੱਤਵਾਦੀ ਬਣਾਇਆ ਗਿਆ ਹੈ ਤਾਂ ਇਸ ਪਿੱਛੇ ਸਾਮਰਾਜ ਦੇ ਧਨਾਢ ਮੀਡੀਆ ਜਿੰਨ੍ਹ ਰੁਪਰਟ ਮੌਰਡੋਕ ਵਰਗੇ ਲੋਕਾਂ ਦਾ ਬਹੁਤ ਵੱਡਾ ਹੱਥ ਸੀ।ਤੇ ਐਡੀ ਸਿਆਸੀ ਗੁੰਝਲ ਨੂੰ "ਮਾਈ ਨੇਮ ਇਜ਼ ਖਾਨ" ਫਿਲਮ ਨਾਲ ਨਹੀਂ ਸੁਲਝਾਇਆ ਜਾ ਸਕਦਾ।ਕਦੇ ਸੋਚਿਆ ਹੈ ਕੀ 9/11 ਸ਼ਬਦ ਕਿਸਦੀ ਦੇਣ ਹੈ ?ਜੌੜੇ ਟਾਵਰਾਂ 'ਤੇ ਹਮਲੇ ਦੇ ਜ਼ਰੀਏ ਕਾਰਪੋਰੇਟ ਮੀਡੀਆ ਨੇ ਅਮਰੀਕਾ ਦੀ "ਇਸਲਾਮਿਕ ਫੋਬੀਆ" ਮੁਹਿੰਮ ਨੂੰ ਖੜ੍ਹਾ ਕੀਤਾ ਹੈ।ਕਈ ਕੌਮਾਂਤਰੀ ਪੱਤਰਕਾਰ ਇਸ ਗੱਲ ਦਾ ਇੰਕਸਾਫ ਕਰ ਚੁੱਕੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਵਲੋਂ ਵਰਤੇ ਜਾਂਦੇ ਸ਼ਬਦਾਂ 'ਤੇ ਪਾਬੰਦੀ ਲਾਈ ਗਈ ਜਾਂ ਲਿਖੇ ਹੋਏ ਸ਼ਬਦਾਂ ਨੂੰ ਕੱਟ ਕੇ ਹੋਰ ਸ਼ਬਦ ਵਰਤੇ ਗਏ।ਕਈ ਕੌਮਾਂਤਰੀ ਪੱਤਰਕਾਰਾਂ ਨੂੰ ਫੌਕਸ ,ਨਿਊਯਾਰਕ ਟਾਈਮਜ਼ ਤੇ ਅਲਜਜ਼ੀਰਾ ਵਰਗੇ ਕਈ ਹੋਰ ਅਦਾਰਿਆਂ ਨੇ ਇਜ਼ਰਾਇਲ ਵਲੋਂ ਫਲਸਤੀਨ 'ਤੇ ਕਬਜ਼ਾ ਕਰੀਂ ਬੈਠੇ ਹਿੱਸੇ ਨੂੰ "ਇਜ਼ਰਾਇਲੀ ਕਬਜ਼ੇ" ਵਾਲਾ ਸ਼ਬਦ ਵਰਤਣ ਦੀ ਥਾਂ "ਵਿਵਾਦਤ ਇਲਾਕਾ" ਸ਼ਬਦ ਵਰਤਣ ਲਈ ਕਿਹਾ ਗਿਆ।ਕਈ ਇਮਾਨਦਾਰ ਪੱਤਰਕਾਰ ਨੂੰ ਨੌਕਰੀ ਤੋਂ ਹੱਥ ਵੀ ਧੋਣੇ ਪਏ।ਇਸੇ ਤਰ੍ਹਾਂ ਤੁਸੀਂ ਦੋ ਹਿੱਸਿਆਂ 'ਚ ਵੰਡੇ ਕਸ਼ਮੀਰ ਨੂੰ ਕੋਈ ਵੀ ਭਾਰਤੀ ਪੱਤਰਕਾਰ ਭਾਰਤੀ ਕਸ਼ਮੀਰ ਨੂੰ "ਭਾਰਤੀ ਕਬਜ਼ੇ ਵਾਲਾ" ਕਸ਼ਮੀਰ ਕਹਿੰਦੇ ਨਹੀਂ ਸੁਣ ਸਕਦੇ,ਹਾਲਾਂਕਿ ਪਾਕਿਸਤਾਨੀ ਪੱਤਰਕਾਰੀ 'ਚ "ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ" ਤੁਸੀਂ ਬਹੁਤ ਸਾਰੇ ਪੱਤਰਕਾਰਾਂ ਦੀ ਜ਼ੁਬਾਨ 'ਚੋਂ ਸੁਣ ਸਕਦੇ ਹੋ।ਬਿਲਕੁਲ ਇਸੇ ਤਰ੍ਹਾਂ ਭਾਰਤੀ ਮੀਡੀਆ ਬਾਬਰੀ ਮਸਜਿਦ ਨੂੰ "ਵਿਵਾਦਤ ਢਾਂਚਾ" ਨਾਂਅ ਦਾ ਸ਼ਬਦ ਦਿੰਦਾ ਹੈ ਤੇ ਦਿੱਲੀ ਦੇ ਸਿੱਖ ਕਤਲੇਆਮ ਜਾਂ ਗੁਜਰਾਤ ਦੇ ਮੁਸਲਮਾਨ ਕਤਲੇਆਮ ਨੂੰ "ਦੰਗੇ" ਸ਼ਬਦ ਲਿਖਦਾ ਹੈ।ਸਮਾਜਿਕ ਮੀਡੀਆ ਲੋਕਾਂ ਤੱਕ ਸਹੀ ਸ਼ਬਦਾਂ ਨੂੰ ਹੀ ਨਹੀਂ ਲੈ ਕੇ ਗਿਆ ਸਗੋਂ ਨਵੀਂ ਆਜ਼ਾਦ ਨਾਬਰ ਭਾਸ਼ਾ ਵੀ ਘੜ੍ਹ ਰਿਹਾ ਹੈ।ਜੋ ਭਾਰਤੀ ਸਟੇਟ ਦੇ ਵੱਖ ਵੱਖ ਹਿੱਸਿਆਂ 'ਚ ਪੈਦਾ ਰਹੀਆਂ ਸਮਾਜਿਕ,ਸੱਭਿਆਚਾਰਕ ਤੇ ਸਿਆਸੀ ਲੋਕ ਲਹਿਰਾਂ ਦੀ ਸੂਚਨਾ,ਗਿਆਨ ਤੇ ਵਿਚਾਰ ਚਰਚਾ ਦੇ ਨਾਲ ਨਾਲ ਗੁਆਚਦੇ ਸ਼ਬਦਾਂ,ਨਾਅਰਿਆਂ ਦੇ ਇਤਿਹਾਸ ਨੂੰ ਕਲਮਬੰਦ ਕਰਨ 'ਚ ਅਹਿਮ ਭੂਮਿਕਾ ਅਦਾ ਕਰ ਰਹੀ ਹੈ।ਬਲੌਗ ਦੇ ਲਿਖ਼ਣ ਲੱਗਿਆ ਤੁਸੀਂ ਸੈਂਸਰਸ਼ਿਪ,ਐਡਟਿੰਗ ਤੋਂ ਬੇਡਰ ਹੋ ਕੇ ਸਹਿਜ ਰੂਪ 'ਚ ਆਪ ਮੁਹਾਰੇ ਆਪਣੀ ਭਾਸ਼ਾ ਘੜ੍ਹਦੇ ਹੋ,ਜੋ ਮੁੱਖ ਧਾਰਾ ਲਈ ਲਿਖ਼ਦੇ ਹੋਏ ਘੜ੍ਹੀ ਨਹੀਂ ਜਾ ਸਕਦੀ।

ਮਾਜਿਕ ਮੀਡੀਆ ਬਾਰੇ ਇਕ ਚਰਚਾ ਆਮ ਹੁੰਦੀ ਹੈ,ਕਿ ਇਹ ਕਾਰਪੋਰੇਟ ਮੀਡੀਆ ਦੇ ਮਾਡਲ ਦਾ ਬਦਲਵਾਂ ਮਾਡਲ ਬਣ ਸਕਦਾ ਹੈ ,ਬਣ ਰਿਹਾ ਹੈ ਜਾਂ ਭਵਿੱਖ 'ਚ ਬਣੇਗਾ ?ਵਿਕੀਲੀਕਸ ਤੇ ਨੀਰਾ ਰਾਡੀਆ ਦੇ ਮਸਲੇ 'ਚ ਭਾਰਤੀ ਪੱਤਰਕਾਰੀ ਦੀ ਦਲਾਲੀ ਨੂੰ ਬੇਨਕਾਬ 'ਚ ਸਮਾਜਿਕ ਮੀਡੀਆ ਵਲੋਂ ਨਿਭਾਈ ਅਹਿਮ ਭੂਮਿਕਾ ਤੋਂ ਬਾਅਦ ਮੀਡੀਆ ਅਲੋਚਕ ਬਹੁਤ ਇਕ ਪੱਖੀ ਹੋ ਕੇ ਸਮਾਜਿਕ ਮੀਡੀਆ ਨੂੰ ਬਦਲਵਾਂ ਮੀਡੀਆ ਕਹਿਣ ਲੱਗ ਗਏ ਹਨ।ਮੇਰੇ ਮੁਤਾਬਿਕ ਬਦਲਵੇਂ ਦੀ ਥਾਂ ਵਿਰੋਧੀ ਸ਼ਬਦ ਠੀਕ ਹੈ।ਵਿਕੀਲੀਕਸ ਤੇ ਨੀਰਾ ਰਾਡੀਆ ਦੇ ਮਸਲੇ ਸਮਾਜਿਕ ਮੀਡੀਆ ਨੇ ਕਿਸੇ ਚਮਤਕਾਰ ਦੀ ਤਰ੍ਹਾਂ ਵਿਰੋਧੀ ਲਹਿਰ ਖੜ੍ਹੀ ਕੀਤੀ ਹੈ ਨਾ ਕਿ ਵਿਕੀਲੀਕਸ ਤੇ ਭਾਰਤੀ ਹਿੰਦੀ ਅੰਗਰੇਜ਼ੀ ਮੀਡੀਆ ਕੋਈ ਠੋਸ ਲੋਕ ਬਦਲ ਦੇ ਸਕੇ ਹਨ।ਜੋ ਹੋ ਰਿਹਾ ਹੈ ਉਸ ਨਾਲ 100 % ਸਹਿਮਤੀ ਹੈ ਤੇ ਲਗਾਤਾਰਤਾ 'ਚ ਹੁੰਦਾ ਰਹਿਣਾ ਚਾਹੀਦਾ ਹੈ,ਪਰ ਇਨ੍ਹਾਂ ਇਕਾ ਦੁੱਕਾ ਘਟਨਾਵਾਂ ਨਾਲ ਇਸਨੂੰ ਕਾਰਪੋਰੇਟ ਮੀਡੀਆ ਦਾ ਬਦਲ ਕਹਿਣ "ਬਦਲ" ਸ਼ਬਦ ਨਾਲ ਬੇਇੰਸਾਫੀ ਹੈ।ਵਿਕੀਲੀਕਸ ਨੇ ਆਪਣਾ ਆਰਥਿਕ ਮਾਡਲ ਭਾਵੇਂ ਕਾਰਪੋਰੇਟ 'ਤੇ ਬਿਲਕੁਲ ਵੀ ਨਿਰਭਰ ਨਹੀਂ ਕੀਤਾ,ਪਰ ਭਾਰਤੀ ਸਮਾਜਿਕ ਮੀਡੀਆ ਗੂਗਲ ਤੇ ਕਾਰਪੋਰੇਟਜ਼ ਦੇ ਇਸ਼ਤਿਹਾਰਾਂ 'ਤੇ ਜਿਉਂਦਾ ਹੈ।ਅੱਜ ਦੇ ਮਜ਼ਬੂਤ ਕਾਰਪੋਰੇਟ ਮੀਡੀਆ ਨੂੰ ਟੱਕਰ ਦੇਣ ਲਈ ਵਿਕੀਲੀਕਸ ਦੇ ਅਸਾਂਜ ਵਰਗੀ ਪ੍ਰਤਿਭਾ ਵਾਲੇ ਕਿੰਨੇ ਲੋਕ ਨਿਸ਼ਕਾਮ ਸੇਵਾ ਕਰਨ ਲਈ ਤਿਆਰ ਹਨ ?ਸਭ ਤੋਂ ਵੱਡੀ ਗੱਲ ਜਦ ਤੱਕ ਪੂੰਜੀ ਦੇ ਬਦਲ ਰੂਪ 'ਚ ਨਵੀਂ ਸਮਾਜਿਕ ਪੂੰਜੀ ਨਹੀਂ ਖੜ੍ਹੀ ਹੋਵੇਗੀ,ਉਦੋਂ ਤੱਕ ਕੋਈ ਵੀ ਠੋਸ ਮੀਡੀਆ ਬਦਲ ਉਸਾਰਿਆ ਜਾਣਾ ਮੁਸ਼ਕਿਲ ਹੈ। ਬਦਲਵੇਂ ਮੀਡੀਆ ਦੀਆਂ ਸਾਈਟਾਂ ਨੂੰ ਕਾਰਪੋਰੇਟ ਘਰਾਣਿਆਂ ਵਲੋਂ ਜ਼ਿਆਦਾ ਪੂੰਜੀ ਦੇ ਕੇ ਖਰੀਦਣ ਦੀਆਂ ਯੋਜਨਾਵਾਂ ਸਾਹਮਣੇ ਆ ਚੁੱਕੀਆਂ ਹਨ।ਭੜਾਸ4ਮੀਡੀਆ ਦਾ ਯਸ਼ਵੰਤ ਬਹੁਤ ਕੁਝ ਬਿਆਨ ਕਰ ਚੁੱਕਿਆ ਹੈ।ਆਉਣ ਵਾਲੇ ਸਮੇਂ 'ਚ ਅੱਜ ਦੀ ਮੁਫ਼ਤ ਤਕਨੀਕ ਨੂੰ ਖ਼ਤਮ ਹੀ ਨਹੀਂ ਕੀਤਾ ਜਾ ਰਿਹਾ,ਬਲਕਿ ਬਹੁਤ ਮਹਿੰਗਾ ਕੀਤਾ ਜਾ ਰਿਹਾ ਹੈ।ਇਹ ਵੀ ਦੇਖਣ ਦੀ ਲੋੜ ਹੈ ਕਿ ਕੁੱਲ ਦੁਨੀਆਂ ਅੰਦਰ ਤਕਨੀਕ ਨੂੰ ਅਪਰੇਟ ਕੌਣ ਕਰ ਰਿਹਾ ਹੈ ਤੇ ਜਦੋਂ ਉਸਦੀ(ਅਮਰੀਕਾ) ਤਕਨੀਕ ਉਸੇ ਲਈ ਚੁਣੌਤੀਆਂ ਖੜ੍ਹੀ ਕਰੇਗੀ ਤਾਂ ਬਹੁਤ ਹੱਲ ਲੱਭੇ ਜਾ ਸਕਦੇ ਹਨ।ਇਸ ਲਈ ਬਦਲ ਦੀਆਂ ਖੁਸ਼ਫਹਿਮੀਆਂ ਤੋਂ ਦੂਰ ਰਹਿਣ ਦੀ ਲੋੜ ਹੈ।

ਮੈਂ ਗੁਲਾਮ ਕਲਮ ਦੇ ਇਕ ਕਾਰਕੁੰਨ ਦੇ ਤੌਰ 'ਤੇ ਕਹਿਣਾ ਹੋਵੇ ਤਾਂ ਕਹਾਂਗਾ ਕਿ ਇਹ ਇਕ ਤਾਰਿਆਂ ਵੱਲ ਤੱਕ ਕੇ ਕ੍ਰਾਂਤੀ ਲਿਆਉਣ ਵਾਲੇ ਲੋਕਾਂ ਦਾ ਝੁੰਡ ਹੈ,ਤਾਰਿਆਂ ਵੱਲ ਤੱਕ ਕੇ ਕ੍ਰਾਂਤੀ ਤਾਂ ਆਉਣੋ ਰਹੀ।ਫੇਸਬੁੱਕ ਤੇ ਬਲੌਗਿੰਗ 'ਤੇ ਆਏ ਭੁੱਲੇ ਭਟਕੇ ਅਤਿ-ਕ੍ਰਾਂਤੀਕਾਰੀਆਂ ਨੂੰ ਵੀ ਹਮੇਸ਼ਾ ਕਹਿੰਦੇ ਹਾਂ ਕਿ ਜੇ ਕ੍ਰਾਂਤੀ ਕਰਨੀ ਹੈ ਤਾਂ ਇੱਥੇ ਸਮਾਂ ਖਰਾਬ ਨਾ ਕਰੋ।ਤੁਹਾਡਾ ਇਕ ਇਕ ਪਲ ਸਮਾਜ ਲਈ ਕੀਮਤੀ ਹੈ,ਕਿਉਂਕਿ ਜਨਤਾ ਤੁਹਾਡੀ ਉਡੀਕ ਕਰ ਰਹੀ ਹੈ।ਆਪਣੇ ਬਾਰੇ ਐਨਾ ਜ਼ਰੂਰ ਕਹਿ ਸਕਦੇ ਹਾਂ ਕਿ ਘਰ ਤੋਂ ਚੱਲੇ ਸੀ ,ਲੋਕ ਜੁੜਦੇ ਗਏ,ਕਾਫਲੇ ਵਰਗਾ ਕੁਝ ਬਣਦਾ ਗਿਆ।ਉਹੋ ਜਿਹੇ ਲੋਕਾਂ ਦਾ ਕਾਫਲਾ ਜੋ ਸੰਵਾਦ ਦਾ ਕੱਟੜ ਵਿਸ਼ਵਾਸੀ ਤੇ ਅਸਹਿਮਤੀਆਂ ਦੇ ਸੱਭਿਆਚਾਰ ਦਾ ਆਸ਼ਕ ਹੈ,ਕੁਝ ਨਵਾਂ ਕਹਿਣ,ਸੁਣਨ ਤੇ ਕਰਨ ਦੀ ਇੱਛਾ ਰੱਖਦਾ ਹੈ।ਜਿਨ੍ਹਾਂ ਦਾ ਕਿਸੇ ਸਾਹਿਤਕ ,ਸਮਾਜਿਕ,ਕਲਾਤਮਿਕ ਜਾਂ ਸਿਆਸੀ ਕ੍ਰਾਂਤੀ 'ਚ ਤਿਲ ਜਿੰਨਾ ਯੋਗਾਦਨ ਹੋ ਵੀ ਸਕਦੈ ਤੇ ਨਹੀਂ ਵੀ,ਪਰ ਉਹ ਕ੍ਰਾਂਤੀ ਵਲੋਂ ਦਿਖਾਏ ਜਾਂਦੇ ਤਾਰੇ ਵੇਖਣ ਦੀ ਭਰਪੂਰ ਇੱਛਾ ਰੱਖਦੇ ਹਨ।ਸਾਨੂੰ ਲੱਗਦਾ ਹੈ ਕਿ ਸੰਵਾਦ ਦੇ ਰੂਪ 'ਚ ਕੋਈ ਗੱਲ ਕੰਨ੍ਹੀ 'ਤੇ ਪਈ ਨਹੀਂ ਰਹਿਣੀ ਚਾਹੀਦੀ।ਇਸੇ ਸੋਚ ਨਾਲ ਸਾਰੀਆਂ ਨੋਕਾਂ ਝੋਕਾਂ ਨੂੰ ਛਾਪਣ ਦੀ ਕੋਸ਼ਿਸ਼ ਕਰਦੇ ਹਾਂ।ਇਸ ਆਸ ਨਾਲ ਕਿ ਕਿਸੇ ਅਸਲ ਵਿਚਾਰ,ਸਿਆਸਤ ਤੇ ਸੰਘਰਸ਼ ਨੂੰ ਕੋਈ ਲਿਖ਼ਤ ਨਾ ਧੁੰਦਲਾ ਕਰ ਸਕਦੀ ਹੈ ਤੇ ਨਾ ਹੀ ਢਾਅ ਲਾ ਸਕਦੀ ਹੈ।"ਸਿਆਸੀ ਆਦਰਸ਼ਵਾਦੀਆਂ" ਤੇ ਜਗੀਰੂ ਅਗਾਂਹਵਧੂਆਂ ਨੂੰ ਕਈ ਵਾਰ ਸੰਵਾਦ ਰੜਕਣ ਵੀ ਲੱਗ ਜਾਂਦਾ ਹੈ,ਅਸੀਂ ਬਾਬੇ ਨਾਨਕ ਵਾਂਗੂੰ "ਵਸਦੇ ਰਹੋ" ਕਹਿ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕਰਦੇ ਹਾਂ।ਨਾਲ ਹੀ ਆਪਣੇ ਜਗੀਰੂ ਸੁਭਾਅ ਨੂੰ ਜਮਹੂਰੀਕਰਨ ਦੇ ਪੜਾਅ ਵੱਲ ਧੱਕਦੇ ਰਹਿੰਦੇ ਹਾਂ।ਹੁਣ ਇਸ ਗੱਲ ਨਾਲ ਵਿਦਾ ਲੈਂਦੇ ਹਾਂ ਕਿ ਕਹੇ ਜਾਂਦੇ ਨਵੇਂ ਸਾਲ 'ਚ ਸਮਾਜਿਕ ਮੀਡੀਆ ਦਾ ਪ੍ਰਚਾਰ,ਪ੍ਰਸਾਰ ਵਧੇਗਾ ਤੇ ਗੁਣਾਤਮਕ ਪੱਖੋਂ ਨਵੀਆਂ ਮੰਜ਼ਿਲਾਂ ਨੂੰ ਸਰ ਕਰੇਗਾ ਤੇ ਭਵਿੱਖ 'ਚ ਭਾਰਤੀ ਸਮਾਜ 'ਚ ਕਾਰਪੋਰੇਟ ਮੀਡੀਆ ਦੇ ਬਦਲ ਦੇ ਰੂਪ 'ਚ ਇਕ ਬਦਲਵਾਂ ਮੀਡੀਆ ਜ਼ਰੂਰ ਸਥਾਪਤ ਹੋਵੇਗਾ।

ਯਾਦਵਿੰਦਰ ਕਰਫਿਊ
mail2malwa@gmail.com
09899436972

ਇਹ ਲਿਖ਼ਤ ਬਿਨਾਂ ਪੁੱਛੇ ਕਿਤੇ ਵੀ ਛਾਪੀ ਜਾ ਸਕਦੀ ਹੈ।

6 comments:

  1. ਮਿਹਨਤ ਕੀਤੀ ਲਗਦੀ ਹੈ। ਅੱਗੇ ਨਾਲੋਂ ਵਧੀਆ, ਕੁੱਲ-ਮਿਲਾਕੇ ਸੋਹਣਾ ਲਿਖ ਲਿਆ। ਨਵੇਂ ਸਾਲ ਦੀਆਂ ਵਧਾਈਆਂ ਇਸ ਆਸ ਨਾਲ ਕਿ ਅਭੱੜਵਾਹੇ 'ਸੰਵਾਦ' ਤੇ ਖੱਪਨੁਮਾ 'ਅਸਹਿਮਤੀਆਂ' ਦੀ ਨਿਰਾਰਥਕਤਾ ਦਾ ਅਹਿਸਾਸ, ਇੱਕ promised ਪ੍ਰਤਿਭਾ ਨੂੰ ਮੌਲਣ ਤੇ ਖਿੜਨ ਦਾ ਬਲ ਬਖਸ਼ੇ।

    ReplyDelete
  2. 4 ਕੁ ਸਾਲ ਪਹਿਲਾਂ ਸ਼ੁਰੂ ਹੋਇਆਂ ਪੰਜਾਬੀ ਬਲੌਗਿੰਗ ਦਾ ਰੁਝਾਨ ਹੌਲੀ ਹੌਲੀ ਸੋਸਲ ਸਾਇਟਾਂ (ਖਾਸ ਕਰਕੇ ਫੇਸਬੁਕ) ਨੇ ਮੱਧਮ ਪਾ ਦਿਤਾ ਹੈ । ਇਸ ਗੱਲ ਦੀ ਗਵਾਹੀ ਇਥੋਂ ਵੀ ਲਈ ਜਾ ਸਕਦੀ ਹੈ ਕਿ ਹਥਲੇ ਲੇਖ 'ਚ ਯਦਵਿੰਦਰ ਸਿਰਫ ਬਲੌਗ ਦੀ ਨਹੀਂ ਪੂਰੇ ਇੰਟਰਨੈਟ ਤੇ ਉਸ 'ਚ ਵੀ ਸਿਰਫ ਫੇਸਬੁਕ ਬਾਰੇ ਚਰਚਾ ਕਰ ਰਿਹਾ ਹੈ । ਮਸਲਾ ਫੇਸਬੁਕ ਜਾਂ ਬਲੌਗ ਦਾ ਨਹੀ ਮਸਲਾ ਇੰਟਰਨੈਟ 'ਤੇ ਹੋਣ ਵਾਲੇ ਸੰਵਾਦ ਦਾ ਹੈ । ਪੰਜਾਬੀ ਪਾਠਕ ਦੀ ਮਾਨਸਿਕਤਾ, ਸੁਹਿਰਦਤਾ ਜਾਂ ਗਿਣਤੀ ਦੀ ਤੁਲਨਾਂ ਹਿੰਦੀ ਜਾਂ ਅੰਗਰੇਜ਼ੀ ਦੇ ਪਾਠਕਾਂ ਨਾਲ ਕਰਨੀ ਵਾਜਬ ਨਹੀਂ ਹੋਵੇਗੀ ਪਰ ਪੰਜਾਬੀ ਦੇ ਚਿੰਤਕ, ਸਹਿਤਕਾਰ ਤੇ ਪੱਤਰਕਾਰ ਨੁੰ ਯਕੀਨਨ ਹਿੰਦੀ ਅੰਗਰੇਜੀ 'ਚ ਹੁੰਦੇ ਸੰਵਾਦ ਤੋਂ ਕੁਝ ਸਿਖਣਾ ਚਾਹੀਦਾ ਹੈ ।
    ਪੰਜਾਬੀ ਬੰਦੇ ਪੰਜਾਬੀ ਦੇ ਮੁੱਖ ਧਰਾਈ ਮੀਡੀਏ ਤੋਂ ਬਿਲਕੁਲ ਅਵਾਜਾਰ ਹਨ ਇਸ ਲਈ ਇੰਟਰਨੈਟ-ਮੀਡੀਏ ਤੋਂ ਕਾਫੀ ਆਸਾਂ ਰੱਖੀਆਂ ਜਾਂਦੀਆਂ ਹਨ । ਲੇਖ ਉਨ੍ਹਾਂ ਆਸਾਂ ਤੇ ਸੰਭਵਨਾਵਾਂ ਦੀ ਕੌੜੀ ਸਚਾਈ ਤੋਂ ਜਾਣੂ ਕਰਵਾਉਂਦਾ ਹੈ । ਕੌੜਾ ਸੱਚ ਹੈ ਕਿ ਪੰਜਾਬੀ ਲਈ ਜੋ ਹੋ ਰਿਹਾ ਹੈ ਕੀ ਉਹ ਕਾਫੀ ਹੈ ....? ਆਪਣੇ ਮਨ 'ਚ ਗਿਣੋਂ ਖਾਂ ਪੰਜਾਬੀ ਸਾਇਟਾਂ ਅਤੇ ਉਨ੍ਹਾਂ ਉਤੇ ਲਿਖੇ ਜਾਣ ਵਾਲੇ ਲੇਖਾਂ ਦਾ ਪੱਧਰ .....ਅਸੀਂ ਮੁੱਖ ਧਰਾਈ ਮੀਡੀਏ ਵਾਂਗ ਇਥੇ ਵੀ ਨਿਰਾਸ਼ ਹੋ ਰਹੇ ਹਾਂ । ਇੰਟਰਨੈਟ ਤੇ ਬਹੁਤਾਂ ਜ਼ੋਰ ਆਪੋ ਆਪਣੀਆਂ ਮਾਨਤਾਵਾਂ ਦੂਜਿਆਂ ਤੇ ਧੋਪਣ , ਆਪੋ ਆਪਣੇ ਧੜੇ ਦੀ ਡਫਲੀ ਵਜਾਉਣ 'ਤੇ ਲੱਗਿਆ ਹੋਇਆ ਹੈ । ਮੈਂ ਆਪਣੇ ਆਪ ਨੁੰ ਇਸ ਸਾਰੇ ਵਰਤਾਰੇ 'ਚੋਂ ਬਾਹਰ ਕੱਢ ਕੇ ਨਹੀਂ ਵੇਖ ਰਿਹਾ ਪਰ ਸਾਇਦ ਇਹ ਸੋਚਣ ਦਾ ਸਮਾਂ ਹੈ ... ਉਪਰਲੇ ਕੁਮੈਟ 'ਚ ਅਣਜਾਣ ਲਿਖਾਰੀ promised ਪ੍ਰਤਭਾ ਦੀ ਆਸ ਕਰ ਰਿਹਾ ਹੈ । ਸੋਚਣ ਦੀ ਗੱਲ ਹੈ ਕਿ ਸਾਨੁੰ ਵਚਨਬੱਧ ਕਿਸ ਪ੍ਰਤੀ ਹੋਣਾ ਚਾਹੀਦਾ ਹੈ ??? ਆਪਣੀਆਂ ਮਾਨਤਾਵਾਂ ਜਾਂ ਧੜੇ ਪ੍ਰਤੀ ਜਾਂ ਸਮਾਜ ਪ੍ਰਤੀ ...ਸਮਾਜ ਦੇ ਉਸ ਹਿੱਸੇ ਪ੍ਰਤੀ ਜੋ ਭੁਲਿਆ ਭਟਕਿਆ ਪੰਜਾਬੀ ਦੀਆਂ ਸੰਭਾਨਵਾਂ ਵੇਖਣ ਲਈ ਇੰਟਰਨੈਟ ਤੇ ਆ ਗਿਆ । ਘੱਟੋ ਘੱਟ ਮੈ ਗੁਲਾਮ ਕਲਮ ਤੋਂ ਇਸ ਤਰ੍ਹਾਂ ਦੀ promised ਪ੍ਰਤਿਭਾ ਦੀ ਆਸ ਨਹੀਂ ਰੱਖਦਾ ।
    ਚਰਨਜੀਤ ਸਿੰਘ ਤੇਜਾ

    ReplyDelete
  3. ਗੱਲ ਕੁਝ ਹੱਦ ਤੱਕ ਯਾਦਵਿੰਦਰ ਦੀ ਵੀ ਠੀਕ ਹੈ ਅਤੇ ਤੇਜੇ ਦੀ ਵੀ, ਪਰ ਜੇ ਕਹਾਂ ਕਿ ਇਨ੍ਹਾਂ ਦੋਹਾਂ ਗੱਲਾਂ ਦੇ ਵਿਚਕਾਰ ਹੀ ਕਿਤੇ ਅਸਲ ਗੱਲ ਲੁਕੀ ਪਈ ਹੈ ਤਾਂ ਸ਼ਾਇਦ ਸੋਚਣ ਵਾਲੇ ਸੋਚਣਗੇ ਕਿ ਗੱਲ ਹੈ ਕੀ?

    ਯਾਦਵਿੰਦਰ ਦੀ ਸਾਰੀ ਗੱਲ੍ਹ ਅਮਰੀਕਾ ਤੇ ਆ ਕੇ ਰੁਕ ਅਤੇ ਮੁੱਕ ਜਾਂਦੀ ਹੈ। ਸ਼ਾਇਦ ਅਸੀ ਭੁੱਲ ਜਾਂਦੇ ਹਾਂ ਕਿ ਵਿਚਾਰ ਦਾ ਹੈ ਸਾਧਨ ਦਾ ਨਹੀਂ। ਯਾਦਵਿੰਦਰ ਮੁਤਾਬਿਕ ਇਹ ਨਵੀਂ (ਵਰਚੂਅਲ)ਸਪੇਸ ਕੁਝ ਨਵਾਂ ਅਤੇ ਇੰਕਲਾਬੀ ਸਿਰਜ ਸਕਦੀ ਹੈ। ਤੇਜਾ ਇਸੇ ਗੱਲ ਨੂੰ ਅੱਗੇ ਤੋਰ ਰਿਹਾ ਹੈ, ਕਿ ਮਸਲਾ ਸਪੇਸ ਜਾਂ ਸਾਧਨ ਦਾ ਨਹੀਂ ਸੰਵਾਦ ਦਾ ਹੈ।

    ਪਹਿਲਾਂ ਲੋਕਾਂ ਕੋਲ ਵਕਤ ਵੱਧ ਹੁੰਦਾ ਸੀ ਅਤੇ ਸਾਧਨ ਘੱਟ, ਉਦੋਂ ਸੰਵਾਦ ਚਿੱਠੀਆਂ, ਅਖ਼ਬਾਰਾਂ, ਕਿਤਾਬਚਿਆਂ, ਰਸਾਲਿਆਂ ਰਾਹੀਂ ਹੁੰਦਾ ਸੀ। ਹੁਣ ਲੋਕਾਂ ਕੋਲ ਵਕਤ ਘੱਟ ਹੈ ਅਤੇ ਸਾਧਨ ਜਿਆਦਾ। ਇਸੇ ਰਾਮ ਰੌਲੇ ਵਿਚ ਸੰਵਾਦ ਕਿਤੇ ਗੁੰਮ ਗਿਆ ਹੈ। ਜਿੰਨੇ ਸਾਧਨ ਆਏ ਹਨ, ਉਨ੍ਹੇ ਨਵੇਂ ਲਿਖਣ ਵਾਲੇ ਜੰਮ ਪਏ ਨੇ, ਵਿੱਚੇ ਮੇਰੇ ਵਰਗੇ ਵੀ। ਪੜ੍ਹਨ ਵਾਲੇ ਅਤੇ ਪੜ੍ਹ ਕੇ ਸੋਚਣ ਵਾਲੇ ਵੀ ਗੁਆਚ ਗਏ ਹਨ, ਕਿਉਂ ਕਿ ਹੁਣ ਹਰ ਕੋਈ ਲਿਖਣ ਵਾਲਾ ਹੈ, ਤਾਂ ਹੀ ਤਾਂ ਹਰ ਇਕ ਦੀ ਡਫਲੀ ਉਸੇ ਦਾ ਰਾਗ ਗਾ ਰਹੀ ਹੈ...

    ReplyDelete
  4. ਪਰ ਇਸ ਵਿਚ ਇਕ ਹੋਰ ਸਮਝਣ ਵਾਲੀ ਹੈ, ਜਿਹੜੇ ਕਹਿੰਦੇ ਹਨ ਕਿ ਭਾਸ਼ਾ ਦਾ ਕੋਈ ਮਸਲਾ ਈ ਨਹੀਂ ਹੁੰਦਾ ਤਾਂ ਉਹ ਇਹ ਸਮਝ ਲੈਣ ਕਿ ਜਿੰਨੀ ਉਹ ਭਾਸ਼ਾ ਵਿਗਾੜਨਗੇ, ਉਨ੍ਹਾਂ ਹੀ ਸਮਾਜ ਵਿਗੜੇਗਾ। ਕੋਈ ਕ੍ਰਾਂਤੀ ਭਾਸ਼ਾ ਵਿਗਾੜ ਕੇ ਹਾਸਲ ਨਹੀਂ ਕੀਤੀ ਜਾ ਸਕਦੀ ਅਤੇ ਨਾਂ ਹੀ ਕੋਈ ਕ੍ਰਾਂਤੀ ਭਾਸ਼ਾ ਤੋਂ ਬਿਨ੍ਹਾਂ ਆ ਸਕਦੀ ਹੈ। ਕੁੱਲੀ, ਗੁੱਲੀ, ਜੁੱਲੀ ਦੇ ਮਸਲਿਆਂ ਜਿੰਨੀ ਹੀ ਭਾਸ਼ਾ ਦਾ ਮਸਲਾ ਵੀ ਅਹਿਮ ਹੈ। ਇਹ ਗੱਲ ਸਹੀ ਹੈ ਕਿ ਭਾਸ਼ਾ ਦੇ ਖਤਮ ਹੋਣ ਜਾਣ ਵਾਲੇ ਢੋਲ ਵਜਾ ਕੇ ਪ੍ਰੋਫੈਸਰ ਨੁਮਾਂ ਲੋਕ ਆਪਣੇ ਮਸਲੇ ਸਿੱਧ ਕਰ ਰਹੇ ਹਨ। ਉਨ੍ਹਾਂ ਨੂੰ ਨੰਗਾ ਕਰਨਾ ਵੀ ਲਾਜ਼ਮੀ ਹੈ, ਪਰ ਉਹ ਵੀ ਤਾਂ ਹੀ ਸੰਭਵ ਹੋਵੇਗਾ ਜੇਕਰ ਸੁੱਚਜੀ ਭਾਸ਼ਾ ਵਿਚ ਉਨ੍ਹਾਂ ਤੋਂ ਵੱਡੀ ਲਕੀਰ ਖਿੱਚੀ ਜਾਵੇਗੀ।

    ਗ਼ੁਲਾਮ ਕਲਮ ਦੀ ਵਰੇਗੰਢ ਦੀ ਮੁਬਾਰਕ!!!

    ReplyDelete
  5. Bohat ahem masla Punji da v hai, Badlawi punji bagair badlwaan media khara nahi hona. Historical examples sariaan ajj de samaj ch fail ho jangia kyonki lokaan ch kujh ku pamphlet vand k ya thore jehe bhashna naal gall convey nahi honi. So Co-operative media vargi koi navi entity khari karni pau jehri punji ta sanjhi kare par vicharan te samwad nu vakho-vakh vadhan fullan laggiaan de agge shartaan na laave. Otherwise yad dee gall bilkul sachi a internet naam de kutte dee rassi Amrika de hath a jado bohta bhonku odo khich k andar vaar lia jauga, Wikileaks de case ch hoya v a, oh add gall a k Assange nu hor mulkaan ne mirror site khol k de ditte, par eh facility har kise nu avaiable nahi.

    ReplyDelete