ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, May 20, 2011

ਨੈਓਮੀ ਕਲੇਨ ਦੀ ਸੰਸਾਰ ਪ੍ਰਸਿੱਧ ਰਚਨਾ ‘‘ਸਦਮਾ ਸਿਧਾਂਤ, ਤਬਾਹੀਪਸੰਦ ਸਰਮਾਏਦਾਰੀ ਦਾ ਉਭਾਰ’’

ਬੂਟਾ ਸਿੰਘ ਸਮਾਜਿਕ ਰਾਜਨੀਤਿਕ ਕਾਰਕੁੰਨ ਹਨ | ਲੰਮੇ ਸਮੇਂ ਤੋਂ ਬਾਬਾ ਬੂਝਾ ਸਿੰਘ ਪ੍ਰਕਾਸ਼ਨ ਚਲਾ ਰਹੇ ਹਨ | ਪੰਜਾਬ ਵਿਚ ਗ੍ਰੀਨ ਹੰਟ ਵਿਰੋਧੀ ਫੋਰਮ ਸ਼ੁਰੂ ਕਰਨ ਵਾਲੇ ਆਗੂਆਂ ਵਿਚੋਂ ਇੱਕ  ਹਨ |
ਨੈਓਮੀ ਕਲੇਨ ਦੀ ਕਿਤਾਬ 'ਸ਼ੌਕ ਡੋਕਟੋਰੀਨ'  ਅਮਰੀਕਨ ਸਾਮਰਾਜ ਦੀਆਂ ਵਿਦੇਸ਼ਕ ਆਰਥਕ ਨੀਤੀਆਂ ਦੇ ਪਾਜ ਉਧੇੜਦੀ  ਹੈ | ਇਸ ਦੇ  ਪੰਜਾਬੀ ਉਲੱਥੇ ਬਾਰੇ ਹੈ ਬੂਟਾ ਸਿੰਘ ਦਾ ਇਹ ਲੇਖ   - ਜਸਦੀਪ



ਨੈਓਮੀ ਕਲੇਨ ਦੀ ਸ਼ਾਨਦਾਰ ਰਚਨਾ ‘‘ਸਦਮਾ ਸਿਧਾਂਤ’’ ਬੀਤੇ ਦਹਾਕੇ ’ਚ ਛਪੀਆਂ ਦੁਨੀਆਂ ਦੀਆਂ ਸਭ ਤੋਂ ਅਹਿਮ ਕਿਤਾਬਾਂ ਵਿਚੋਂ ਇਕ ਹੈ। ਇਹ ਦੁਨੀਆਂ ਦੀਆਂ 30 ਜ਼ਬਾਨਾਂ ’ਚ ਅਨੁਵਾਦ ਹੋ ਚੁੱਕੀ ਹੈ। ਇਸ ਵਿਚ ਕਲੇਨ ਆਲਮੀ ਆਰਥਿਕਤਾ ’ਤੇ ਕਾਬਜ਼ ਕਾਰਪੋਰੇਟ ਤਾਕਤਾਂ ਨੂੰ ਬੇਨਕਾਬ ਕਰਦੀ ਹੈ ਜੋ ਕੁਲ ਦੁਨੀਆਂ ਦੀ ਦੌਲਤ, ਕਿਰਤ ਸ਼ਕਤੀ ਅਤੇ ਕੁਦਰਤੀ ਵਸੀਲਿਆਂ ਨੂੰ ਆਪਣੀ ਸੁਪਰ ਮੁਨਾਫ਼ੇ ਬਟੋਰਨ ਦੀ ਲਾਲਸਾ ਦਾ ਸਾਧਨ ਬਣਾਉਣ ਦੀ ਹੋੜ ’ਚ ਗਲਤਾਨ ਹਨ। ਕਾਰਪੋਰੇਟਸ਼ਾਹੀ ਕੌਮੀ ਹਿੱਤਾਂ ਦੀਆਂ ਰੋਕਾਂ ਨਾਲ ਬੰਦ ਅਰਥਚਾਰਿਆਂ ’ਚ ਸੰਨ ਲਾ ਕੇ ਇਹਨਾ  ਤੱਕ ਆਪਣੀ ਬੇਲਗਾਮ ਮੰਡੀ ਦਾ ਵਿਸਤਾਰ ਕਰਨ ਲਈ ਹਰ ਹਰਬਾ ਵਰਤ ਰਹੀ ਹੈ। ਸਮਾਜਾਂ ’ਤੇ ਪੈਣ ਵਾਲੀ ਬਿਪਤਾ ਨੂੰ ਇਹ ਵਰਦਾਨ ਸਮਝਦੀ ਹੈ। ਬਿਪਤਾ ਚਾਹੇ ਕੁਦਰਤੀ ਆਫ਼ਤਾਂ ਨਾਲ ਆਈ ਹੋਵੇ ਚਾਹੇ ਆਰਥਕ ਸੰਕਟ ਨਾਲ। ਆਪਣੇ ਸਵਾਰਥ ਲਈ ਇਹ ਅਸਲੀ ਸੰਕਟਾਂ ਦਾ ਲਾਹਾ ਵੀ ਲੈਂਦੀ ਹੈ ਅਤੇ ਨਕਲੀ ਸੰਕਟ ਖ਼ੁਦ ਵੀ ਪੈਦਾ ਕਰਦੀ ਹੈ। ਇਸ ਯੁੱਧਨੀਤੀ ਨੂੰ ‘‘ਸਦਮਾ ਸਿਧਾਂਤ’’ ਅਤੇ ‘‘ਤਬਾਹੀਪਸੰਦ ਸਰਮਾਏਦਾਰੀ’’ ਵਜੋਂ ਪ੍ਰੀਭਾਸ਼ਤ ਕਰਦਿਆਂ ਕਲੇਨ ਕਹਿੰਦੀ ਹੈ ਕਿ ਜਦੋਂ ਜੰਗਾਂ, ਦਹਿਸ਼ਤਵਾਦੀ ਹਮਲਿਆਂ, ਰਾਜ–ਪਲਟਿਆਂ ਅਤੇ ਕੁਦਰਤੀ ਆਫ਼ਤਾਂ ਨਾਲ ਦੇਸ਼ ਹਿੱਲ ਜਾਂਦੇ ਹਨ ਤਾਂ ਬਹੁ–ਕੌਮੀ ਕਾਰਪੋਰੇਸ਼ਨਾਂ ਅਤੇ ਸਿਆਸਤਦਾਨ ਇਹਨਾ ਦੇਸ਼ਾਂ ਨੂੰ ਸਦਮੇ ਦਿੰਦੇ ਹਨ ਅਤੇ ਪਹਿਲੇ ਸਦਮੇ ਨਾਲ ਪੈਦਾ ਹੋਏ ਖੌਫ਼ ਅਤੇ ਮਾਨਸਿਕ ਖਲਬਲੀ ਦਾ ਲਾਹਾ ਲੈ ਕੇ ਆਰਥਕ ਸਦਮਾ ਇਲਾਜ ਥੋਪ ਦਿੰਦੇ ਹਨ। ਅਤੇ ਜਦੋਂ ਲੋਕ ਇਸ ਸਦਮਾ ਸਿਆਸਤ ਦਾ ਵਿਰੋਧ ਕਰਨ ਦਾ ਜੇਰਾ ਕਰਦੇ ਹਨ ਤਾਂ ਪੁਲਿਸ, ਫ਼ੌਜ ਅਤੇ ਜੇਲਾਂ  ਦੇ ਤਫ਼ਤੀਸ਼ੀ ਅਧਿਕਾਰੀ ਇਹਨਾ ਨੂੰ ਤੀਜਾ ਸਦਮਾ ਦਿੰਦੇ ਹਨ।

‘‘ਤਬਾਹੀਪਸੰਦ ਸਰਮਾਏਦਾਰੀ’’ ਦੇ ਸਿਧਾਂਤ ਅਤੇ ਅਮਲ ਦੀ ਪ੍ਰਮਾਣਿਕ ਤਸਵੀਰ ਪੇਸ਼ ਕਰਨ ਲਈ ਨੈਓਮੀ ਕਲੇਨ ਸਦਮੇ ਦੇ ਸਾਧਨ ਵਜੋਂ ਤਸੀਹਿਆਂ ਬਾਰੇ ਖੋਜ ਤੋਂ ਸ਼ੁਰੂਆਤ ਕਰਦੀ ਹੈ ਅਤੇ ਫੇਰ ਇੰਡੋਨੇਸ਼ੀਆ, ਚਿੱਲੀ, ਅਰਜਨਟਾਈਨਾ, ਬੋਲੀਵੀਆ, ਉਰੂਗੂਏ, ਪੋਲੈਂਡ, ਰੂਸ, ਦੱਖਣੀ ਅਫ਼ਰੀਕਾ, ਸ੍ਰੀ ¦ਕਾ, ਥਾਈਲੈਂਡ, ਦੱਖਣੀ ਕੋਰੀਆ, ਇਰਾਕ ਅਤੇ ਹੋਰ ਦੇਸ਼ਾਂ ਵਿਚ ਸਦਮਾ ਸਿਧਾਂਤ ਨੂੰ ਲਾਗੂ ਕੀਤੇ ਜਾਣ ਦਾ ਵਿਸਥਾਰਤ ਅਤੇ ਤੱਥਪੂਰਨ ਵੇਰਵਾ ਦਿੰਦੀ ਹੋਈ ਨਿਚੋੜ ਕੱਢਦੀ ਹੈ। ਹਰ ਥਾਂ ਇਕੋ ਦਰਦ ਕਹਾਣੀ ਹੈ-ਸੰਕਟਾਂ ਦਾ ਲਾਹਾ ਲੈ ਕੇ ਸਦਮਾ ਇਲਾਜ ਦੇ ਨੁਸਖ਼ੇ ਥੋਪ ਦਿੱਤੇ ਗਏ।
 ਸ਼ਿਕਾਗੋ ਦੇ ਅਰਥਸ਼ਾਸਤਰ ਸਕੂਲ ਦੇ ਸਿਧਾਂਤਕਾਰਾਂ ਦੀ ਸੋਚ ਹੈ ਕਿ ਜਦੋਂ ਸਮਾਜਾਂ ਦੇ ਹਾਲਾਤ ਆਮ ਹੁੰਦੇ ਹਨ ਓਦੋਂ ਉਹਨਾ  ਦੇ ਆਰਥਕ ਨੁਸਖ਼ਿਆਂ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ, ਸੋ ਅਸਲੀ ਜਾਂ ਨਕਲੀ ਸੰਕਟਾਂ ਦਾ ਸਮਾਂ ਹੀ  ਖੁੱਲੀ  ਮੰਡੀ ਪੱਖੀ ਸੁਧਾਰ ਕਰਨ ਦਾ ਸਹੀ ਸਮਾਂ ਹੁੰਦਾ ਹੈ। ਸੰਕਟ ਸਮੇਂ ਕਰਜਿਆਂ ਜਾਂ ਸਹਾਇਤਾ ਨਾਲ ਸ਼ਰਤਾਂ ਲਾ ਕੇ ਜਦੋਂ ਕਾਰਪੋਰੇਟ ਪੱਖੀ ਪੈਕੇਜ ਦੇਸ਼ ਦੇ ਮੁਖੀਆਂ ਮੂਹਰੇ ਰੱਖ ਦਿੱਤੇ ਜਾਂਦੇ ਹਨ ਤਾਂ ਉਹ ਇਸ ਨੂੰ ਰੱਦ ਕਰਨ ਦੀ ਹਾਲਤ ’ਚ ਨਹੀਂ ਹੁੰਦੇ।

ਇਹ ਕਿਤਾਬ ਸੰਸਾਰ ਸਰਮਾਏਦਾਰੀ ਵਲੋਂ ਪ੍ਰਚਾਰੀ ਇਸ ਮਿੱਥ ਨੂੰ ਤੋੜਦੀ ਹੈ ਕਿ ਖੁੱਲੀ ਮੰਡੀ ਨੇ ਜਮਹੂਰੀ ਤਰੀਕੇ ਨਾਲ ਦੁਨੀਆਂ ’ਤੇ ਜਿੱਤ ਹਾਸਲ ਕੀਤੀ ਹੈ। ਸੋਵੀਅਤ ਯੂਨੀਅਨ ਦੇ ਢਹਿਢੇਰੀ ਹੋਣ ਸਮੇਂ ਇਹ ਮਿੱਥ ਜ਼ੋਰ–ਸ਼ੋਰ ਨਾਲ ਫੈਲਾਈ ਗਈ ਕਿ ਸਮਾਜਵਾਦੀ ਬਦਲ ਟਿਕਾਊ ਅਤੇ ਭਰੋਸੇਯੋਗ ਨਹੀਂ ਹਨ। ਕਿ ‘‘ਖੁੱਲੀ  ਮੰਡੀ’’ ਦੇ ਸਾਰੇ ਬਦਲ ਇਤਿਹਾਸ ’ਚ ਦਫ਼ਨ ਹੋ ਗਏ ਹਨ, ਕਿਉਂਕਿ ਸਰਮਾਏਦਾਰੀ ਹਮੇਸ਼ਾ ਲਈ ਅਜਿੱਤ ਹੈ। ਨੈਓਮੀ ਕਲੇਨ ਇਹ ਸਾਬਤ ਕਰਨ ਲਈ ਠੋਸ ਮਿਸਾਲਾਂ ਦਿੰਦੀ ਹੈ ਕਿ ਮਾਮਲਾ ਇਸ ਤੋਂ ਉਲਟ ਹੈ-ਆਲਮੀ ਸਰਮਾਏਦਾਰੀ ਦੀ ਜਿੱਤ ਆਰਜ਼ੀ ਹੈ ਅਤੇ ਇਹ ਜਮਹੂਰੀ ਤਰੀਕੇ ਨਾਲ ਨਹੀਂ ਸਗੋਂ ਕੁਦਰਤੀ ਆਫ਼ਤਾਂ, ਦਹਿਸ਼ਤਪਸੰਦ ਹਮਲਿਆਂ, ਜੰਗਾਂ, ਤਸੀਹਿਆਂ ਦੀਆਂ ਮੁਹਿੰਮਾਂ ਅਤੇ ਆਰਥਕ ਆਫ਼ਤਾਂ/ਤਬਾਹੀਆਂ ਨਾਲ ਉਪਜੇ ਸੰਕਟ ਦੇ ਸਮਿਆਂ ਦਾ ਲਾਹਾ ਲੈ ਕੇ ਗ਼ੈਰਜਮਹੂਰੀ ਅਤੇ ਸਾਜ਼ਿਸ਼ੀ ਢੰਗਾਂ ਨਾਲ ਸੰਭਵ ਬਣਾਈ ਗਈ ਹੈ।

ਜਿੱਥੇ ਕਿਤੇ ਵੀ ਸਰਮਾਏਦਾਰੀ ਦੇ ਬਦਲ ਉੱਭਰੇ, ਇਹ ਤਾਕਤ ਨਾਲ ਕੁਚਲ ਦਿੱਤੇ ਗਏ। ਰਾਜ ਪਲਟੇ, ਦੇਸ਼ਾਂ ਦੇ ਮੁਖੀਆਂ ਦੇ ਕਤਲ ਅਤੇ ਜੰਗਾਂ ਕੋਈ ਅਚਾਨਕ ਘਟਨਾਵਾਂ ਨਹੀਂ, ਅਸਲ ਵਿਚ ਖੁੱਲੀ  ਮੰਡੀ ਦੇ ਮੂਲਵਾਦੀਆਂ ਦਾ ਸੁਚੇਤ ਜਹਾਦ ਹੈ, ਜਿੰਨਾ ਦਾ ਅਕੀਦਾ ਹੈ ਕਿ ‘‘ਮੰਡੀ ਹੀ ਸਭ ਕਾਸੇ ਦਾ ਹੱਲ ਹੈ।’’ ਕੌਮਾਂਤਰੀ ਮੁਦਰਾ ਕੋਸ਼, ਸੰਸਾਰ ਬੈਂਕ ਅਤੇ ਸੰਸਾਰ ਵਪਾਰ ਸੰਸਥਾ ਕੁਲ ਦੁਨੀਆਂ ਨੂੰ ਸਾਲਮ ਮੋਕਲੀ ਮੰਡੀ ਬਣਾਉਣ ਲਈ ਕਾਰਪੋਰੇਟਸ਼ਾਹੀ ਦਾ ਸੰਦ ਬਣੇ ਹੋਏ ਹਨ। ਇਹ ਸਰਕਾਰਾਂ ਦੀ ਬਾਂਹ ਮਰੋੜ ਕੇ ਉਹਨਾ  ਨੂੰ ਆਪਣੇ ਦੇਸ਼ਾਂ ਦੇ ਹਿੱਤਾਂ ਅਤੇ ਵਾਤਾਵਰਣਾਂ ਦੀ ਬਲੀ ਦੇਣ ਅਤੇ ਕੀਨਜ਼ਵਾਦੀ ਅਤੇ ਸਮਾਜਵਾਦੀ ਮਾਡਲਾਂ ਨੂੰ ਤਿਲਾਂਜਲੀ ਦੇਣ ਲਈ ਮਜਬੂਰ ਕਰਦੇ ਹਨ। ਆਈ   ਐਮ ਐਫ ਦੇ ਇਕ ਸੀਨੀਅਰ ਅਰਥਸ਼ਾਸਤਰੀ ਡੈਵੀਸਨ ਬੁਧੂ ਨੇ ਆਪਣੇ ਅਸਤੀਫ਼ੇ ਰਾਹੀਂ ਇਹਨਾ  ਸੰਸਥਾਵਾਂ ਦੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਕਰਦਿਆਂ ਕਿਹਾ ਸੀ, ‘‘ਕਈ ਵਾਰ ਮੈਨੂੰ ਮਹਿਸੂਸ ਹੁੰਦਾ ਹੈ ਕਿ ਪੂਰੀ ਦੁਨੀਆਂ ’ਚ ਐਸਾ ਸਾਬਣ ਨਹੀਂ ਹੋਵੇਗਾ ਜੋ ਮੈਨੂੰ ਉਸ ਤੋਂ ਪਾਕਿ ਕਰ ਸਕੇ ਜੋ ਮੈਂ ਤੁਹਾਡੇ ਨਾਂ ’ਤੇ ਕਰਦਾ ਰਿਹਾ ਹਾਂ।’’

ਨੈਓਮੀ ਕਲੇਨ ਸਰਮਾਏਦਾਰੀ ਦੀ ਖ਼ਾਸ ਵੰਨਗੀ ‘‘ਤਬਾਹੀਪਸੰਦ ਸਰਮਾਏਦਾਰੀ’’ ਨੂੰ ਹੀ ਬੁਰਾਈ ਦੀ ਜੜ  ਮੰਨਦੀ ਹੈ ਨਾ ਕਿ ਆਮ ਰੂਪ ’ਚ ਸਰਮਾਏਦਾਰੀ ਪ੍ਰਬੰਧ ਨੂੰ। ਸ਼ਾਇਦ ਉਹ ਕੀਨਜ਼ਵਾਦੀ ਆਰਥਕ ਮਾਡਲ ਨੂੰ ਠੀਕ ਸਮਝਦੀ ਹੈ। ਭਾਵੇਂ ਉਹ ਕਿਸੇ ਖ਼ਾਸ ਆਰਥਕ ਅਤੇ ਰਾਜਸੀ ਮਾਡਲ ਦੀ ਸਿੱਧੀ ਵਜਾਹਤ ਨਹੀਂ ਕਰਦੀ (ਇਹ ਸ਼ਾਇਦ ਇਸ ਕਿਤਾਬ ਦਾ ਉਦੇਸ਼ ਵੀ ਨਹੀਂ ਹੈ) ਪਰ ਉਹ ਉਸ ਚੁਣੌਤੀ ਦੀ ਹਮੈਤ ਕਰਦੀ ਹੈ ਜੋ ਲਾਤੀਨੀ ਅਮਰੀਕਾ ਵਲੋਂ ਕਾਰਪੋਰੇਟਸ਼ਾਹੀ ਨੂੰ ਦਿੱਤੀ ਜਾ ਰਹੀ ਹੈ। ਉਹ ਲੋਕਪੱਖੀ ਸਮਾਜ ਉਸਾਰਨ ਲਈ ਯਤਨਸ਼ੀਲ ਤਾਕਤਾਂ ਸਬੰਧੀ ਇਕ ਅਹਿਮ ਇਤਿਹਾਸਕ ਸਬਕ ਸਿੱਖਣ ’ਤੇ ਵੀ ਜ਼ੋਰ ਦਿੰਦੀ ਹੈ ਕਿ ਕਿਸੇ ਰਾਜਸੀ ਲਹਿਰ ਦੇ ਸਿਆਸੀ ਏਜੰਡੇ ਦੀ ਜਿੱਤ ਹੀ ਕਾਫ਼ੀ ਨਹੀਂ ਹੈ। ਜੇ ਕੋਈ ਲਹਿਰ ਸਪਸ਼ਟ ਆਰਥਕ ਪ੍ਰੋਗਰਾਮ ਦੇ ਅਧਾਰ ’ਤੇ ਨਵਉਦਾਰਵਾਦ ਵਿਰੁੱਧ ਦੋ–ਟੁੱਕ ਲੜਾਈ ਨਹੀਂ ਦਿੰਦੀ ਤਾਂ ਉਸ ਵਲੋਂ ਦੇਰ–ਸਵੇਰ ਸਦਮਾ ਇਲਾਜ ਦੇ ਨੁਸਖ਼ਿਆਂ ਦਾ ਸੰਦ ਬਣਕੇ ਆਪਣੇ ਪ੍ਰੋਗਰਾਮ ਦੇ ਉਲਟ ਭੁਗਤ ਜਾਣਾ ਅਟੱਲ ਹੈ। ਲੇਖਿਕਾ ਨੇ ਦੱਖਣੀ ਅਫ਼ਰੀਕਾ ਦੀ ਨੈਲਸਨ ਮੰਡੇਲਾ ਸਰਕਾਰ ਅਤੇ ਪੋਲੈਂਡ ਦੀ ਸਾਲੀਡੈਰਿਟੀ ਸਰਕਾਰ ਦੀਆਂ ਠੋਸ ਮਿਸਾਲਾਂ ਦਿੱਤੀਆਂ ਹਨ ਜੋ ਇਸ ਤਰਕਸੰਗਤ ਨਿਘਾਰ ਦੀ ਪੁਸ਼ਟੀ ਕਰਦੀਆਂ ਹਨ।

ਨੈਓਮੀ ਕਲੇਨ ਦਾ ਉਦੇਸ਼ ਸਦਮਾ ਸਿਧਾਂਤ ਦੇ ਉਦੇਸ਼ਾਂ, ਮਨਸੂਬਿਆਂ, ਸਾਜ਼ਿਸ਼ਾਂ ਅਤੇ ਕਾਰਵਾਈਆਂ ਦੇ ਸਿਲਸਿਲੇ ਨੂੰ ਭਰਵੇਂ ਰੂਪ ’ਚ ਬੇਨਕਾਬ ਕਰਨਾ ਹੈ। ਇਸ ਪੱਖੋਂ ਉਸ ਨੇ ਸ਼ਾਨਦਾਰ ਅਤੇ ਵਿਆਪਕ ਜਾਣਕਾਰੀ ਵਾਲੀ ਬੇਜੋੜ ਕਿਤਾਬ ਰਚਕੇ ਦੁਨੀਆਂ ਨੂੰ ਝੰਜੋੜਿਆ ਹੈ। ਜਿਹੜੀਆਂ ਤਾਕਤਾਂ ਨਵਉਦਾਰਵਾਦ ਦੇ ਜਹਾਦ ਵਿਰੁੱਧ ਸੰਜੀਦਾ ਲੜਾਈ ਲੜ ਰਹੀਆਂ ਹਨ ਉਹਨਾਂ  ਲਈ ਇਹ ਲਾਜ਼ਮੀ ਪੜੀ  ਜਾਣ ਵਾਲੀ ਡੂੰਘੀ ਖੋਜ ਨਾਲ ਭਰਪੂਰ ਕਿਤਾਬ ਹੈ। ਇਸ ਲਈ, ਹਰ ਲੋਕ ਹਿਤੈਸ਼ੀ ਵਿਅਕਤੀ ਅਤੇ ਕਾਰਕੁੰਨ ਨੂੰ ਇਹ ਕਿਤਾਬ ਲਾਜ਼ਮੀ ਪੜਨੀ ਚਾਹੀਦੀ ਹੈ।

।ਪੰਜਾਬੀ ’ਚ ਅਨੁਵਾਦ ਕੀਤੀ ਇਹ ਕਿਤਾਬ ਬਾਬਾ ਬੂਝਾ ਸਿੰਘ ਪ੍ਰਕਾਸ਼ਨ, ਬੰਗਾ ਵਲੋਂ ਛਾਪੀ ਗਈ ਹੈ॥
-ਬੂਟਾ ਸਿੰਘ, 94634-74342

Saturday, May 14, 2011

ਚੋਣ ਨਤੀਜੇ ਅਤੇ ‘ਵਿਚਾਰਧਾਰਾ ਦਾ ਅੰਤ

ਪੱਛਮੀ ਬੰਗਾਲ ਦੇ ਚੋਣ ਨਤੀਜੇ ਕੌਮੀ ਹੀ ਨਹੀਂ ਸਗੋਂ ਕੌਮਾਂਤਰੀ ਦਿਲਚਸਪੀ ਦਾ ਸਬੱਬ ਬਣੇ ਹਨ। ਮਮਤਾ ਬੈਨਰਜੀ ਦੀ ਜਿੱਤ ਦੀ ਖ਼ੁਸ਼ੀ ਵਿੱਚ ਧੁਰ ਖੱਬੇ-ਪੱਖੀਆਂ ਤੋਂ ਧੁਰ ਸੱਜੇ-ਪੱਖੀਆਂ ਤੱਕ ਸ਼ੁਮਾਰ ਹਨ। ਮਨੁੱਖੀ ਇਤਿਹਾਸ ਵਿੱਚ ਸਭ ਤੋਂ ਲੰਮੀ ਦੇਰ ਚੋਣਾਂ ਰਾਹੀਂ ਸਰਕਾਰ ਚਲਾਉਣ ਵਾਲਾ ਗੱਠਜੋੜ ਹਾਰ ਗਿਆ ਹੈ। ਇਸ ਗੱਠਜੋੜ ਦੀਆਂ ਸ਼ਰਧਾਂਜਲੀਆਂ ਤਾਂ ਕਈ ਸਾਲਾਂ ਤੋਂ ਲਿਖੀਆਂ ਜਾ ਰਹੀਆਂ ਸਨ ਪਰ ਹੁਣ ਨਵੀਂਆਂ-ਪੁਰਾਣੀਆਂ ਸ਼ਰਧਾਂਜਲੀਆਂ ਨੂੰ ਨਸ਼ਰ ਕਰਨ ਦਾ ਸਮਾਂ ਆ ਗਿਆ ਹੈ। ਕੁਝ ਟੈਲੀਵਿਜ਼ਨ ਚੈਨਲਾਂ ਦੇ ‘ਮਾਹਿਰ’ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਨੂੰ ਅਰਬ ਮੁਲਕਾਂ ਦੀਆਂ ਬਗ਼ਾਵਤਾਂ ਅਤੇ ਤਾਨਾਸ਼ਾਹੀ ਦੇ ਡੋਲਦੇ ਤਖ਼ਤਾਂ ਨਾਲ ਜੋੜ ਕੇ ਪੇਸ਼ ਕਰ ਰਹੇ ਹਨ। ਸਾਡੇ ਮੁਲਕ ਦਾ ਵੱਡਾ ਅੰਗਰੇਜ਼ੀ ਅਖ਼ਬਾਰ ਕਈ ਦਿਨਾਂ ਤੋਂ ਬੁੱਧਦੇਵ ਭੱਟਾਚਾਰੀਆ ਨੂੰ ਸਾਬਕਾ ਮੁੱਖ ਮੰਤਰੀ ਲਿਖ ਰਿਹਾ ਹੈ। ਕੇਂਦਰੀ ਸਰਕਾਰ ਇਸ ਜਿੱਤ ਨੂੰ ਆਪਣੀ ਕਾਰਗੁਜ਼ਾਰੀ ਦਾ ਪ੍ਰਮਾਣ ਪੱਤਰ ਬਣਾ ਕੇ ਪੇਸ਼ ਕਰ ਰਹੀ ਹੈ। ਤਾਮਿਲਨਾਡੂ ਵਿੱਚ ਤਾਂ ਪੰਜ ਸਾਲ ਪਰ ਪੱਛਮੀ ਬੰਗਾਲ ਵਿੱਚ 34 ਸਾਲ ਪੁਰਾਣੀ ਸਰਕਾਰ ਹਾਰੀ ਹੈ। ਇਸ ਲਈ ਵੱਡੀ ਜਿੱਤ ਤਾਂ ਕੇਂਦਰ ਸਰਕਾਰ ਦੇ ਹਿੱਸੇ ਹੀ ਆਈ ਹੈ। ਪੱਛਮੀ ਬੰਗਾਲ ਦੀ ਖੱਬੇ ਪੱਖੀ ਸਰਕਾਰ ਦੀਆਂ ਵਧੀਕੀਆਂ, ਵਿਤਕਰੇ ਅਤੇ ਬਦਇੰਤਜ਼ਾਮੀ ਦਾ ਜ਼ਿਕਰ ਤਾਂ ਕਈ ਸਾਲਾਂ ਤੋਂ ਮੀਡੀਆ ਦਾ ਪਸੰਦੀਦਾ ਵਿਸ਼ਾ ਬਣਿਆ ਹੋਇਆ ਹੈ।

ਹੁਲਾਰ ਦੇ ਇਸ ਮਾਹੌਲ ਵਿੱਚ ਕੁਝ ਦਲੀਲਾਂ ਵਿਆਖਿਆ ਦੀ ਮੰਗ ਕਰਦੀਆਂ ਹਨ। ‘ਵਿਚਾਰਧਾਰਾ ਦੇ ਅੰਤ’ ਦਾ ਕੌਮਾਂਤਰੀ ਹੋਕਾ ਹੁਣ ਮੁਕਾਮੀ ਹਾਲਾਤ ਵਿੱਚ ਵਿਚਾਰਿਆ ਜਾਣਾ ਬਣਦਾ ਹੈ। ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਦਾ ਪ੍ਰਮਾਣ ਪੱਤਰ ਪਿਛਲੇ ਸਾਲ ਦੌਰਾਨ ਬੇਪਰਦ ਹੋਏ ਭ੍ਰਿਸ਼ਟਾਚਾਰ ਤੋਂ ਨਿਖੇੜ ਕੇ ਨਹੀਂ ਪੜ੍ਹਿਆ ਜਾ ਸਕਦਾ। ਮਮਤਾ ਬੈਨਰਜੀ ਦੇ ਚੋਣ ਮਨੋਰਥ ਪੱਤਰ ਵਿੱਚੋਂ ਪੱਛਮੀ ਬੰਗਾਲ ਦਾ ਹਵਾਲਾ ਕੱਢ ਦਿੱਤਾ ਜਾਵੇ ਤਾਂ ਇਸ ਦੀਆਂ ਖਾਲੀ ਥਾਵਾਂ ਦੂਜੇ ਸੂਬਿਆਂ ਨਾਲ ਵੀ ਭਰੀਆਂ ਜਾ ਸਕਦੀਆਂ ਹਨ। ਪੱਛਮੀ ਬੰਗਾਲ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਨਿਸ਼ਾਨਦੇਹੀ ਬੇਰੁਜ਼ਗਾਰੀ, ਬੇਵਿਸਾਹੀ, ਹਿੰਸਾ, ਵਿਤਕਰੇ, ਸ਼ੋਸ਼ਣ ਅਤੇ ਗ਼ਲਬੇ ਦੇ ਰੂਪ ਵਿੱਚ ਕੀਤੀ ਗਈ ਹੈ। ਕੀ ਇਹ ਰੁਝਾਨ ਪੱਛਮੀ ਬੰਗਾਲ ਤੱਕ ਹੀ ਮਹਿਦੂਦ ਹੈ? ਜੇ ਦੂਜੇ ਸੂਬੇ ਵੀ ਇਸ ਰੁਝਾਨ ਦੇ ਘੇਰੇ ਵਿੱਚ ਹਨ ਤਾਂ ਇਹ ਸਰਕਾਰ 34 ਸਾਲ ਕਿਵੇਂ ਕਾਇਮ ਰਹੀ ਜਦੋਂ ਕਿ ਗੁਜਰਾਤ, ਹਰਿਆਣਾ, ਬਿਹਾਰ ਅਤੇ ਅਸਾਮ ਤੋਂ ਬਿਨਾਂ ਬਾਕੀ ਸੂਬਿਆਂ ਵਿੱਚ ਸਰਕਾਰਾਂ ਤਕਰੀਬਨ ਹਰ ਪੰਜ ਸਾਲ ਬਾਅਦ ਬਦਲਦੀਆਂ ਰਹੀਆਂ ਹਨ। ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ ਦੂਜੇ ਸੂਬਿਆਂ ਦੇ ਸਿਆਸਤਦਾਨ ਪੱਛਮੀ ਬੰਗਾਲੀ ਸੁਰ ਲਗਾਉਣ ਦੀ ਕੋਸ਼ਿਸ਼ ਕਿਉਂ ਕਰਦੇ ਰਹੇ ਹਨ? ਇਹ ਸਾਰੇ ਸਵਾਲ ਸੰਜੀਦਾ ਨਜ਼ਰਸਾਨੀ ਦੀ ਮੰਗ ਕਰਦੇ ਹਨ। ਕੁਝ ਤੱਥ ਅਜਿਹੇ ਵੀ ਹਨ ਜਿਨ੍ਹਾਂ ਦਾ ਜਮ੍ਹਾਂਜੋੜ ਮੌਜੂਦਾ ਚੋਣ ਨਤੀਜਿਆਂ ਉੱਤੇ ਅਸਰਅੰਦਾਜ਼ ਹੋਇਆ ਜਾਪਦਾ ਹੈ।

ਤਕਰੀਬਨ ਸਾਢੇ ਤਿੰਨ ਦਹਾਕਿਆਂ ਦਾ ਰਾਜ ਕਿਸੇ ਵੀ ਧਿਰ ਦੀਆਂ ਕਮਜ਼ੋਰੀਆਂ ਨੂੰ ਉਘਾੜਨ ਲਈ ਜਾਂ ਨਵੀਂਆਂ ਪੈਦਾ ਕਰਨ ਲਈ ਬਹੁਤ ਹੁੰਦਾ ਹੈ। ਪੱਛਮੀ ਬੰਗਾਲ ਦੀ ਖੱਬੇ ਪੱਖੀ ਸਰਕਾਰ ਜ਼ਮੀਨ ਸੁਧਾਰ ਮੁਹਿੰਮ ‘ਬਰਗਾ’ ਦੀ ਕਾਮਯਾਬੀ ਨੂੰ ਵਧਾਉਣ ਜਾਂ ਨਵਾਂ ਰੂਪ ਦੇਣ ਵਿੱਚ ਨਾਕਾਮਯਾਬ ਰਹੀ। ਇਸ ਦੌਰਾਨ ਆਲਮੀ ਪੱਧਰ ਉੱਤੇ ਕੁਲ ਘਰੇਲੂ ਉਤਪਾਦਨ ਵਿੱਚੋਂ ਖੇਤੀ ਦਾ ਹਿੱਸਾ ਘਟਦਾ ਗਿਆ ਹੈ। ਉਦਾਰੀਕਰਨ ਦੇ ਦੌਰ ਵਿੱਚ ਪੱਛਮੀ ਬੰਗਾਲ ਦੀ ਖੱਬੇ ਪੱਖੀ ਸਰਕਾਰ ਕੋਈ ਸਪੱਸ਼ਟ ਪੈਂਤੜਾ ਅਖ਼ਤਿਆਰ ਕਰਨ ਵਿੱਚ ਨਾਕਾਮਯਾਬ ਰਹੀ ਹੈ। ਇਹ ਰੁਝਾਨ ਸਮੁੱਚੀਆਂ ਸਿਆਸੀ ਪਾਰਟੀਆਂ ਉੱਤੇ ਅਸਰਅੰਦਾਜ਼ ਹੋਇਆ ਹੈ ਪਰ ਗੰਭੀਰ ਵਿਚਾਰਧਾਰਕ ਸੰਕਟ ਖੱਬੇ ਪੱਖੀ ਹੁਕਮਰਾਨ ਧਿਰ ਲਈ ਹੀ ਬਣਿਆ ਹੈ। ਬਾਕੀ ਸਾਰੀਆਂ ਪਾਰਟੀਆਂ ਜਿਨ੍ਹਾਂ ਨੀਤੀਆਂ ਦਾ ਵਿਰੋਧੀ ਧਿਰ ਵਜੋਂ ਵਿਰੋਧ ਕਰਦੀਆਂ ਹਨ, ਉਨ੍ਹਾਂ ਨੂੰ ਸਰਕਾਰ ਬਣਾ ਕੇ ਲਾਗੂ ਕਰਦੀਆਂ ਹਨ। ਇਸ ਰੁਝਾਨ ਤੋਂ ਕੋਈ ਵੀ ਚੋਣਾਂ ਲੜਨ ਵਾਲੀ ਪਾਰਟੀ ਅਣਭਿੱਜ ਨਹੀਂ। ਇਹ ਮਸਲਾ ਚੋਣ ਨਤੀਜਿਆਂ ਦਾ ਮੁਹਾਣ ਤੈਅ ਕਰਨ ਵਾਲਾ ਅਹਿਮ ਨੁਕਤਾ ਹੋ ਸਕਦਾ ਹੈ ਪਰ ਫ਼ੈਸਲਾਕੁਨ ਨਹੀਂ।

ਪੱਛਮੀ ਬੰਗਾਲ ਦੀ ਖੱਬੇ ਪੱਖੀ ਸਰਕਾਰ ਨੂੰ ਹਰਾਉਣ ਲਈ ਸਾਡੇ ਮੁਲਕ ਦੀਆਂ ਗ਼ੈਰ-ਖੱਬੇ ਪੱਖੀ ਪਾਰਟੀਆਂ ਆਪਣੇ ਵਖਰੇਵਿਆਂ ਦੇ ਬਾਵਜੂਦ ਇੱਕ ਮਤ ਰਹੀਆਂ ਹਨ। ਮਮਤਾ ਬੈਨਰਜੀ ਪਹਿਲੀ ਗ਼ੈਰ-ਕਾਂਗਰਸ, ਗ਼ੈਰ-ਕਮਿਉਨਿਸਟ ਅਤੇ ਗ਼ੈਰ-ਫਿਰਕੂ ਬੰਗਾਲੀ ਪਛਾਣ ਵਾਲੀ ਸਿਆਸਤਦਾਨ ਹੈ ਜੋ ਬੰਗਾਲੀਆਂ ਤੱਕ ਉਨ੍ਹਾਂ ਦੇ ਹੀ ਮੁਹਾਵਰੇ ਵਿੱਚ ਪਹੁੰਚ ਕਰਨ ਵਿੱਚ ਕਾਮਯਾਬ ਹੋਈ ਹੈ। ਇਸ ਪਛਾਣ ਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਜੇ.ਪੀ. ਦੀ ਕਾਂਗਰਸ ਵਿਰੋਧੀ ਮੁਹਿੰਮ ਵਿੱਚੋਂ ਸਿਆਸਤ ਦੀ ਗੁੜ੍ਹਤੀ ਲੈਣ ਵਾਲੀ ਮਮਤਾ ਬੈਨਰਜੀ 1998 ਤੋਂ ਬਾਅਦ ਉਸ ਰੁਝਾਨ ਦੀ ਦ੍ਰਿੜ੍ਹ ਆਵਾਜ਼ ਬਣ ਕੇ ਸਾਹਮਣੇ ਆਈ ਹੈ ਜਿਸ ਦੀ ਅੱਖ ਹਰ ਹਾਲਤ ਵਿੱਚ ਪੱਛਮੀ ਬੰਗਾਲ ਉੱਤੇ ਟਿਕੀ ਰਹੀ ਹੈ। ਇਸ ਦੌਰਾਨ ਉਸ ਨੇ ਖਰੂਦੀ ਅਤੇ ਗ਼ੈਰ-ਭਰੋਸੇਯੋਗ ਤਿਕੜਮਬਾਜ਼ ਤੋਂ ਇਕਾਗਰ-ਚਿੱਤ ਘਾਗ ਸਿਆਸਤਦਾਨ ਦਾ ਰੂਪ ਧਾਰਿਆ ਹੈ। ਇਸ ਬਦਲਾਅ ਵਿੱਚ ਮੌਜੂਦਾ ਕੇਂਦਰ ਸਰਕਾਰ ਦੀ ਦੂਜੀ ਜਿੱਤ ਨੇ ਅਹਿਮ ਹਿੱਸਾ ਪਾਇਆ ਹੈ। ਦੂਜੀ ਵਾਰ ਮਨਮੋਹਨ ਸਿੰਘ ਦੀ ਸਰਕਾਰ ਬਣੀ ਤਾਂ ਤ੍ਰਿਣਮੂਲ ਕਾਂਗਰਸ ਦਸ ਦੀ ਗਿਣਤੀ ਨਾਲ ਡੀ.ਐਮ.ਕੇ. ਤੋਂ ਬਾਅਦ ਦੂਜੀ ਵੱਡੀ ਧਿਰ ਸੀ। ਲੋਕ ਸਭਾ ਦੀ ਗਿਣਤੀ ਮੁਤਾਬਕ ਕਾਂਗਰਸ ਨੂੰ ਖੱਬੇ ਪੱਖੀ ਧਿਰਾਂ ਦੀ ਲੋੜ ਖ਼ਤਮ ਹੋ ਚੁੱਕੀ ਸੀ। ਸਪਾ ਤੇ ਬਸਪਾ ਉੱਤੇ ਵੀ ਕਾਂਗਰਸ ਦੀ ਕੋਈ ਟੇਕ ਨਹੀਂ ਸੀ। ਸਰਕਾਰ ਅਤੇ ਵਿਰੋਧੀ ਧਿਰ ਦੇ ਵਿਚਕਾਰ ਇੰਨੀ ਕੁ ਗਿਣਤੀ ਬਚਦੀ ਹੈ ਕਿ ਮਮਤਾ ਦੇ ਰਵਾਇਤੀ ਨਖ਼ਰੇ ਬਰਦਾਸ਼ਤ ਕਰਨਾ ਕਾਂਗਰਸ ਦੀ ਮਜਬੂਰੀ ਨਹੀਂ ਰਹੀ। ਇਨ੍ਹਾਂ ਹਾਲਾਤ ਦੀ ਮਜਬੂਰੀ ਨੇ ਮਮਤਾ ਦੇ ਖਰੂਦੀ ਸੁਭਾਅ ਨੂੰ ਸੰਜੀਦਾ ਮੋੜ ਦਿੱਤਾ ਹੈ ਜੋ ਬੰਗਾਲੀਆਂ ਦਾ ਭਰੋਸਾ ਜਿੱਤ ਸਕਣ ਵਿੱਚ ਕਾਮਯਾਬ ਹੋਇਆ ਹੈ।

ਕਾਂਗਰਸ ਅਤੇ ਖੱਬੇ ਪੱਖੀਆਂ ਦੇ ਖਟਮਿੱਠੇ ਰਿਸ਼ਤੇ ਵਿੱਚ ਇਹ ਤੱਥ ਸਪੱਸ਼ਟ ਰਿਹਾ ਹੈ ਕਿ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਬਦਲੇ ਮਾਹੌਲ ਵਿੱਚ ਕਾਂਗਰਸੀਆਂ ਨੇ ਖੱਬੇ ਪੱਖੀਆਂ ਨੂੰ ਖੋਰਾ ਲਗਾਉਣ ਦਾ ਮੌਕਾ ਤਾੜਿਆ ਹੈ। ਸੱਜੇ-ਪੱਖੀਆਂ ਖ਼ਿਲਾਫ਼ ਧਰਮ ਨਿਰਪੱਖਤਾ ਅਤੇ ਲੋਕ ਸਭਾ ਦੀ ਗਿਣਤੀ ਦੀਆਂ ਮਜਬੂਰੀਆਂ ਕਾਰਨ ਸ਼ਹਿ ਲਾਕੇ ਬੈਠੀ ਕਾਂਗਰਸ ਕਦੇ ਵੀ ਪੱਛਮੀ ਬੰਗਾਲ ਵਿੱਚ ਜ਼ੋਰਦਾਰ ਸਿਆਸੀ ਹੱਲਾ ਨਹੀਂ ਕਰ ਸਕੀ। ਕਾਂਗਰਸ ਆਪਣੀਆਂ ਨੀਤੀਆਂ ਦੀ ਨੁਕਤਾਚੀਨੀ ਖ਼ਤਮ ਕਰਨ ਲਈ ਇਸ ਵਾਰ ਕਿਸੇ ਦੋਚਿੱਤੀ ਦਾ ਸ਼ਿਕਾਰ ਨਹੀਂ ਸੀ। ਮਮਤਾ ਬੈਨਰਜੀ ਵੱਲੋਂ ਰੇਲ ਮੰਤਰੀ ਵਜੋਂ ਪੱਛਮੀ ਬੰਗਾਲ ਵੱਲ ਦਿਖਾਈ ਦਰਿਆਦਿਲੀ ਕਾਂਗਰਸ ਦੀ ਸ਼ਹਿ ਵਿੱਚੋਂ ਨਿਕਲੀ ਮਾਤ ਦੀ ਚਾਲ ਸਾਬਤ ਹੋਈ ਹੈ।


ਪੱਛਮੀ ਬੰਗਾਲ ਦੇ ਗੌਣ ਸਿਆਸੀ ਤੱਤ ਵੀ ਬਹੁਤ ਫ਼ੈਸਲਾਕੁਨ ਸਾਬਤ ਹੋਏ ਹਨ। ਸੰਗੂਰ ਅਤੇ ਨੰਦੀਗਰਾਮ ਵਿੱਚ ਮਮਤਾ ਬੈਨਰਜੀ, ਕਾਂਗਰਸ ਅਤੇ ‘ਮਾਓਵਾਦੀ’ ਇੱਕ ਧਿਰ ਵਜੋਂ ਲੜੇ ਸਨ। ‘ਮਾਓਵਾਦੀਆਂ’ ਦੀ ਹਮਾਇਤ ਭਾਵੇਂ ਚੋਣ-ਪ੍ਰਚਾਰ ਦਾ ਹਿੱਸਾ ਨਾ ਰਹੀ ਹੋਵੇ ਪਰ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਜਿਹੀ ਹਮਾਇਤ ਜ਼ਿਆਦਾ ਫਸਵੇਂ ਮੁਕਾਬਲੇ ਵਿੱਚ ਫ਼ੈਸਲਾਕੁਨ ਸਾਬਤ ਹੁੰਦੀ ਹੈ। ਆਂਧਰਾ ਪ੍ਰਦੇਸ਼ ਅਤੇ ਬਿਹਾਰ ਵਿੱਚ ਨਕਸਲਵਾਦੀਆਂ ਵੱਲੋਂ ਅਜਿਹੀ ਯੁੱਧਨੀਤਕ ਹਮਾਇਤ ਦੀਆਂ ਪੁਰਾਣੀਆਂ ਮਿਸਾਲਾਂ ਹਨ। ਇਸ ਤੋਂ ਇਲਾਵਾ ਭਾਜਪਾ ਪੱਛਮੀ ਬੰਗਾਲ ਵਿੱਚੋਂ ਖੱਬੇ ਪੱਖੀਆਂ ਨੂੰ ਹਰਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹੀ ਹੈ। ਭਾਜਪਾ ਨੇ ਕਦੇ ਸਾਰੀਆਂ ਗ਼ੈਰ-ਖੱਬੇ ਪੱਖੀ ਪਾਰਟੀਆਂ ਨੂੰ ਮਹਾਂ-ਗੱਠਜੋੜ ਬਣਾ ਕੇ ਪੱਛਮੀ ਬੰਗਾਲ ਵਿੱਚ ਚੋਣਾਂ ਲੜਨ ਦੀ ਤਜਵੀਜ਼ ਪੇਸ਼ ਕੀਤੀ ਸੀ। ਭਾਜਪਾ ਵੱਲੋਂ ਕਾਂਗਰਸ ਨਾਲ ਅਜਿਹੀ ਸਾਂਝ ਦੀ ਤਜਵੀਜ਼ ਅਮਲੀ ਰੂਪ ਨਹੀਂ ਧਾਰ ਸਕੀ ਪਰ ਸੰਘ ਪਰਿਵਾਰ ਦੀ ਮਮਤਾ ਨੂੰ ਗੌਣ ਹਮਾਇਤ ਤੋਂ ਕੌਣ ਇਨਕਾਰ ਕਰ ਸਕਦਾ ਹੈ? ਇਸ ਹਮਾਇਤ ਦਾ ਪ੍ਰਗਟਾਵਾਂ ਵੀ ਚੋਣ ਪ੍ਰਚਾਰ ਵਿੱਚ ਨਹੀਂ ਹੋ ਸਕਦਾ।

ਉਭਰਵੇਂ ਤੇ ਗੌਣ ਤੱਤਾਂ ਤੋਂ ਇਲਾਵਾ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਤੇ ਕਾਂਗਰਸ ਦੀ ਸਿਆਸਤ ਦਾ ਰੁਝਾਨ ‘ਕੇਂਦਰ ਤੋਂ ਖੱਬੇ ਵੱਲ’ ਹੈ। ਕਾਂਗਰਸ ਜੇ ਗੁਜਰਾਤ ਵਿੱਚ ਆਪਣੇ ਆਪ ਨੂੰ ਬਿਹਤਰ ਹਿੰਦੂ ਸਾਬਤ ਕਰਨ ਦਾ ਪੈਂਤੜਾ ਅਖ਼ਤਿਆਰ ਕਰਦੀ ਹੈ ਤਾਂ ਪੱਛਮੀ ਬੰਗਾਲ ਵਿੱਚ ਗ਼ਰੀਬ-ਗ਼ੁਰਬੇ ਦੇ ਨਾਲ ਹੋਣ ਦਾ ਦਾਅਵਾ ਕਰਦੀ ਹੈ। ਪੱਛਮੀ ਬੰਗਾਲ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਆਪਸ ਵਿੱਚ ਮੇਲ ਖਾਂਦੇ ਹਨ। ਇਸ ਹਾਲਤ ਵਿੱਚ ਇਹ ਫ਼ੈਸਲਾ ਕਰਨਾ ਔਖਾ ਹੈ ਕਿ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਵਿੱਚ ਕਿਸ ਤੱਥ ਦੀ ਕਿੰਨੀ ਅਹਿਮੀਅਤ ਰਹੀ ਹੈ। ਕੁਝ ਤੱਥਾਂ ਤੋਂ ਤਾਂ ਖੱਬੇ ਪੱਖੀ ਮੋਰਚੇ ਦੀ ਆਗੂ ਮਾਰਕਸਵਾਦੀ ਕਮਿਉਨਿਸਟ ਪਾਰਟੀ ਵੀ ਮੁਨਕਰ ਨਹੀਂ ਹਨ। ਪਿਛਲੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਪੜਚੋਲ ਵਿੱਚ ਉਨ੍ਹਾਂ ਨੇ ਆਪ ਕਬੂਲ ਕੀਤਾ ਸੀ ਕਿ ਆਗੂਆਂ ਦਾ ਹੰਕਾਰ ਅਤੇ ਲੋਕਾਂ ਤੋਂ ਦੂਰੀ ਹਾਰ ਦੇ ਅਹਿਮ ਕਾਰਨ ਹਨ। ਇਨ੍ਹਾਂ ਤੋਂ ਬਿਨਾਂ ਖੜੋਤ ਅਤੇ ਅਕੇਵੇਂ ਨੇ ਲੋਕਾਂ ਦੇ ਫ਼ੈਸਲੇ ਵਿੱਚ ਅਹਿਮ ਭੂਮਿਕਾ ਨਿਭਾਈ ਜਾਪਦੀ ਹੈ।

ਪੱਛਮੀ ਬੰਗਾਲ ਵਿੱਚ ਖੱਬੇ ਮੋਰਚੇ ਨੇ ਸਰਕਾਰ ਦੇ ਬਰਾਬਰ ਪਾਰਟੀ ਢਾਂਚਾ ਖੜ੍ਹਾ ਕੀਤਾ ਹੈ। ਇਸ ਢਾਂਚੇ ਵਿਚਲਾ ਕਾਟੋ ਕਲੇਸ਼ ਅਤੇ ਗ਼ੈਰ-ਸਰਕਾਰੀ ‘ਅਫ਼ਸਰਸ਼ਾਹੀ’ ਸਿਰਫ਼ ਲੋਕਾਂ ਦੀ ਮੁਸ਼ਕਲਾਂ ਵਿੱਚ ਵਾਧਾ ਹੀ ਨਹੀਂ ਕਰਦਾ ਸਗੋਂ ਹੁਣ ਦੂਜੀਆਂ ਧਿਰਾਂ ਦਾ ਹਥਿਆਰ ਵੀ ਬਣਿਆ ਹੈ। ਤ੍ਰਿਣਮੂਲ ਦੀ ਹਮਾਇਤ ਕਰਨਾ ਵਾਲਾ ਬਹੁਤ ਸਾਰਾ ਜੁਝਾਰੂ ਨੌਜਵਾਨ ਤਬਕਾ ਪਹਿਲਾਂ ਮਾਰਕਸਵਾਦੀ ਪਾਰਟੀ ਨਾਲ ਜੁੜਿਆ ਰਿਹਾ ਹੈ। ਇਸ ਤਰ੍ਹਾਂ ਮਮਤਾ ਨੇ ਮਾਰਕਸਵਾਦੀਆਂ ਦੇ ਮੁਹਾਵਰੇ ਦੀ ਹੀ ਨਹੀਂ ਸਗੋਂ ਸ਼ੈਲੀ ਦੀ ਵੀ ਨਕਲ ਕੀਤੀ ਹੈ। ਮੁਹਾਵਰੇ ਅਤੇ ਸ਼ੈਲੀ ਉੱਪਰ ਹੁਣ ਖੱਬੇ ਪੱਖੀ ਗ਼ਲਬਾ ਟੁੱਟ ਗਿਆ ਹੈ।

ਪੱਛਮੀ ਬੰਗਾਲ ਦੇ ਚੋਣ ਨਤੀਜੇ ਸਿਰਫ਼ ਹਾਰ-ਜਿੱਤ ਪੱਖੋਂ ਹੀ ਅਹਿਮ ਨਹੀਂ ਹਨ ਸਗੋਂ ਕੌਮੀ ਤੇ ਕੌਮਾਂਤਰੀ ਰੁਝਾਨ ਦੀਆਂ ਕੜੀਆਂ ਵਜੋਂ ਵੀ ਵਿਚਾਰਨਯੋਗ ਹਨ। ਮੌਜੂਦਾ ਵਿਧਾਨ ਸਭਾ ਚੋਣਾਂ ਵਾਲੇ ਪੰਜਾਂ ਸੂਬਿਆਂ ਵਿੱਚ ਸਿਆਸੀ ਵੰਨ-ਸਵੰਨਤਾ ਬਹੁਤ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਛੇ ਪਾਰਟੀਆਂ ਨੇ ਆਪਣੇ ਖਾਤੇ ਖੋਲ੍ਹੇ ਸਨ। ਇਨ੍ਹਾਂ ਤੋਂ ਇਲਾਵਾ ਭਾਜਪਾ, ਬਸਪਾ, ਸਪਾ ਤੇ ਮਾਰਕਸਵਾਦੀ-ਲੈਨਿਨਵਾਦੀ ਪਾਰਟੀ ਖਾਤਾ ਖੋਲ੍ਹਣ ਵਿੱਚ ਨਾਕਾਮਯਾਬ ਰਹੀਆਂ ਸਨ। ਇਸੇ ਤਰ੍ਹਾਂ ਤਾਮਿਲਨਾਡੂ ਵਿੱਚ ਨੌ, ਆਸਾਮ ਵਿੱਚ ਸੱਤ, ਕੇਰਲ ਵਿੱਚ ਛੇ ਅਤੇ ਪੁਡੂਚੇਰੀ ਵਿੱਚ ਅੱਠ ਪਾਰਟੀਆਂ ਨੇ ਖਾਤੇ ਖੋਲ੍ਹੇ ਸਨ। ਬਾਕੀ ਸੂਬਿਆਂ ਵਿੱਚ ਚੋਣ ਮੁਕਾਬਲਾ ਦੋ ਕੌਮੀ ਗੁਟਬੰਦੀਆਂ ਤੇ ਇਨ੍ਹਾਂ ਵਿੱਚ ਵੰਡੀਆਂ ਖੇਤਰੀ ਪਾਰਟੀਆਂ ਵਿਚਕਾਰ ਮਹਿਦੂਦ ਹੋ ਕੇ ਰਹਿ ਗਿਆ ਹੈ। ਇਨ੍ਹਾਂ ਚੋਣ ਨਤੀਜਿਆਂ ਤੋਂ ਸਮੁੱਚੇ ਚੋਣ ਅਮਲ ਦੇ ਦੋ ਗੁੱਟਾਂ ਤੱਕ ਸੀਮਤ ਹੋ ਜਾਣ ਦੇ ਰੁਝਾਨ ਦੇ ਅੱਗੇ ਵਧਣ ਦੀ ਪੁਸ਼ਟੀ ਹੁੰਦੀ ਹੈ ਜਾਂ ਇਹ ਮਹਿਜ਼ ਸੰਯੋਗ ਹੈ? ਸਾਡੇ ਮੁਲਕ ਵਿੱਚ ਚੋਣਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸੂਬੇ ਵਿੱਚ ਇੱਕ ਧਿਰ ਦੀ ਹਾਰ ਸਮੁੱਚੇ ਮੁਲਕ ਦੀ ਬਾਕੀ ਸਿਆਸੀ ਜਮਾਤ ਦੇ ਜਸ਼ਨ ਦਾ ਸਬੱਬ ਬਣੀ ਹੈ। ਇਸ ਨਾਲ ਖੱਬੇ ਪੱਖੀਆਂ ਉੱਤੇ ਤੰਗਨਜ਼ਰ ਹੋਣ ਦਾ ਇਲਜ਼ਾਮ ਲਗਾਉਣ ਵਾਲੀ ਸਿਆਸੀ ਜਮਾਤ ਦਾ ਕਿਹੋ-ਜਿਹਾ ਖ਼ਾਸਾ ਬੇਪਰਦ ਹੋਇਆ ਹੈ?

ਮਮਤਾ ਬੈਨਰਜੀ ਦੀ ਜਿੱਤ ਪੱਛਮੀ ਬੰਗਾਲ ਦੀ ਸਰਕਾਰ ਦੀਆਂ ਨਾਕਾਮਯਾਬੀਆਂ ਦੇ ਹੁੰਗਾਰੇ ਵਜੋਂ ਵੇਖੀ ਜਾ ਰਹੀ ਹੈ। ਹੁਣ ਨਵੀਂ ਬਣਨ ਵਾਲੀ ਸਰਕਾਰ ਦੀ ਕਾਮਯਾਬੀ ਨੂੰ ਚੋਣ ਨਤੀਜਿਆਂ ਦੀ ਥਾਂ ਕਾਰਗੁਜ਼ਾਰੀ ਨਾਲ ਵੇਖਣ ਦਾ ਮੌਕਾ ਬਣ ਗਿਆ ਹੈ। ਤ੍ਰਿਣਮੂਲ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਦੀ ਯੋਜਨਾਬੰਦੀ ਦਾ ਨਕਸ਼ਾ ਪੇਸ਼ ਕੀਤਾ ਹੋਇਆ ਹੈ। ਕੁਝ ਨਤੀਜੇ ਦੋ ਸੌ ਦਿਨਾਂ ਅਤੇ ਦੂਜੇ ਪੜਾਅ ਹਜ਼ਾਰ ਦਿਨਾਂ ਦਾ ਸਮਾਂ ਤੈਅ ਕੀਤਾ ਗਿਆ ਹੈ। ਇਹ ਸਮਾਂ ਤਾਂ ਮਮਤਾ ਦਾ ਹੱਕ ਬਣਦਾ ਹੈ। ਅਗਲੀਆਂ ਵਿਧਾਨ ਸਭਾ ਚੋਣਾਂ ਵੇਲੇ ਜਦੋਂ ਮਮਤਾ ਆਪਣੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਪੇਸ਼ ਕਰੇਗੀ ਤਾਂ ਪਤਾ ਲੱਗੇਗਾ ਕਿ ਮੌਜੂਦਾ ਚੋਣ ਨਤੀਜਿਆਂ ਵਿੱਚ ਵਿਖਾਈ ਦਿੰਦਾ ਬਦਲਾਅ ਖੱਬੇ ਪੱਖੀਆਂ ਦੀ ਕਮਜ਼ੋਰੀ ਵਿੱਚੋਂ ਨਿਕਲਿਆ ਹੈ ਜਾਂ ਇਸ ਦੇ ਹੋਰ ਵੀ ਕਾਰਨ ਹਨ। ਬਾਕੀ ਸੂਬਿਆਂ ਵਿੱਚ ਹਰ ਪੰਜ ਸਾਲ ਬਾਅਦ ਆਉਣ ਵਾਲਾ ਬਦਲਾਅ ਪੱਛਮੀ ਬੰਗਾਲ ਵਿੱਚ 34 ਸਾਲ ਬਾਅਦ ਆਇਆ ਹੈ। ਇਹ ਬਦਲਾਅ ਲੋਕਾਂ ਦੇ ਬੁਨਿਆਦੀ ਮਸਲਿਆਂ ਦਾ ਜਵਾਬ ਨਹੀਂ ਬਣ ਸਕੇ। ਅਗਲੇ ਸਾਲਾਂ ਵਿੱਚ ਤੈਅ ਹੋਵੇਗਾ ਕਿ ਭਾਰਤੀ ਸਿਆਸਤ ਦੀ ਚੋਣ ਧਾਰਾ ਵਿੱਚ ਖੱਬੇ ਪੱਖੀਆਂ ਦੀ ਕੀ ਭੂਮਿਕਾ ਬਣਦੀ ਹੈ? ਇਹ ਸਵਾਲ ਤਾਂ ਬਹੁਤ ਸਾਰੇ ਹਵਾਲਿਆਂ ਨਾਲ ਪੁੱਛਿਆ ਜਾਂਦਾ ਰਹੇਗਾ ਕਿ ਮੌਜੂਦਾ ਦੌਰ ਫੂਕੋਯਾਮਾ ਦੇ ਕਥਨ ਮੁਤਾਬਕ ‘ਵਿਚਾਰਧਾਰਾ ਦੇ ਅੰਤ’ ਦਾ ਅੰਤਿਮ ਐਲਾਨ ਹੈ ਜਾਂ ਵਿਚਾਰਧਾਰਾ ਦੀ ਨਵੀਂ ਵਿਆਖਿਆ ਦੀ ਮੰਗ ਕਰਦਾ ਹੈ।

ਦਲਜੀਤ ਅਮੀ

ਮੋਬਾਈਲ: 97811-21873

Wednesday, May 11, 2011

ਅਮਰੀਕਾ ਨਾਜ਼ੀਆਂ ਨਾਲੋਂ ਵੱਡਾ ਦੋਸ਼ੀ ਹੈ--ਨੌਅਮ ਚੌਮਸਕੀ

ਆਉ ਆਪਾਂ ਆਪਣੇ ਆਪ ਨੂੰ ਪੁੱਛੀਏ ਕਿ ਸਾਡਾ ਕੀ ਪ੍ਰਤੀਕਰਮ ਹੋਵੇਗਾ,ਜੇਕਰ ਇਰਾਕੀ ਕਮਾਂਡੋ ਜਾਰਜ ਡਬਲਿਊ ਬੁਸ਼ ਦੇ ਅਹਾਤੇ ਵਿੱਚ ਉਤਰਨ,ਉਸਦਾ ਕਤਲ ਕਰ ਦੇਣ ਅਤੇ ਉਹਦੀ ਲਾਸ਼ ਅੰਧ ਮਹਾਂਸਾਗਰ ਵਿੱਚ ਸੁੱਟ ਦੇਣ।--ਨੌਅਮ ਚੌਮਸਕੀ

ਬਹੁਤ ਹੀ ਸਪੱਸ਼ਟ ਹੈ ਕਿ ਇਹ ਆਪਰੇਸ਼ਨ ਇੱਕ ਯੋਜਨਾਬਧ ਕਤਲ ਹੈ,ਕੌਮਾਂਤਰੀ ਕਨੂੰਨ ਦੀ ਅਨੇਕ ਪੱਖਾਂ ਤੋਂ ਉਲੰਘਣਾ ਹੈ।ਲੱਗਦਾ ਹੈ ਨਿਹੱਥੇ ਮਕਤੂਲ ਨੂੰ ਗਿਰਫਤਾਰ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ,ਜੋ ਕੀਤੀ ਜਾਣੀ ਚਾਹੀਦੀ ਸੀ।ਆਖਰ ਅੱਸੀ ਕਮਾਂਡੋ ਸਨ ਤੇ ਅੱਗੋਂ ਕੋਈ ਵਿਰੋਧ ਨਹੀਂ ਸੀ,ਉਹ ਖੁਦ ਦਾਅਵਾ ਕਰਦੇ ਹਨ ਕਿ ਉਹਦੀ ਪਤਨੀ ਨੂੰ ਛੱਡਕੇ ਜੋ ਉਨ੍ਹਾਂ ਵੱਲ ਕੁੱਦ ਪਈ ਸੀ ਕੋਈ ਵਿਰੋਧ ਨਹੀਂ ਹੋਇਆ।ਕਨੂੰਨ ਲਈ ਕੁੱਝ ਸਨਮਾਨ ਦੇ ਦਾਅਵੇਦਾਰ ਸਮਾਜਾਂ ਵਿੱਚ ਸ਼ੱਕੀਆਂ ਨੂੰ ਗਿਰਫਤਾਰ ਕਰ ਕੇ ਨਿਰਪੱਖ ਸੁਣਵਾਈ ਦਾ ਮੌਕਾ ਦਿੱਤਾ ਜਾਂਦਾ ਹੈ . ਮੇਰੀ ‘ਸ਼ੱਕੀਆਂ’ ਸ਼ਬਦ ਤੇ ਤਾਕੀਦ ਹੈ।ਅਪ੍ਰੈਲ 2002 ਵਿੱਚ ਐਫ਼ ਬੀ ਆਈ ਮੁਖੀ,ਰਾਬਰਟ ਮਿਊਲਰ ਨੇ ਪ੍ਰੈੱਸ ਨੂੰ ਦੱਸਿਆ ਸੀ ਕਿ ਇਤਹਾਸ ਵਿੱਚ ਸਭ ਤੋਂ ਜਿਆਦਾ ਸੰਘਣੀ ਜਾਂਚ ਦੇ ਬਾਅਦ ਐਫ਼ ਬੀ ਆਈ ਇਸ ਤੋਂ ਵਧ ਕੁਝ ਨਹੀਂ ਕਹਿ ਸਕਦੀ ਕਿ ਇਹਦਾ ‘ਵਿਸ਼ਵਾਸ’ ​​ਸੀ ਕਿ ਅਫਗਾਨਿਸਤਾਨ ਵਿੱਚ ਸਾਜਿਸ਼ ਰਚੀ ਗਈ ਹਾਲਾਂਕਿ ਲਾਗੂ ਸੰਯੁਕਤ ਅਰਬ ਅਮੀਰਾਤ ਅਤੇ ਜਰਮਨੀ ਵਿੱਚ ਕੀਤੀ ਗਈ ।ਜੋ ਅਪ੍ਰੈਲ 2002 ਵਿੱਚ ਕੇਵਲ ‘ਵਿਸ਼ਵਾਸ’ ਸੀ,ਸਪੱਸ਼ਟ ਤੌਰ ਤੇ ਉਹ ਉਸ ਤੋਂ ਵੀ 8 ਮਹੀਨੇ ਪਹਿਲਾਂ ਉਨ੍ਹਾਂ ਨੂੰ ਪਤਾ ਨਹੀਂ ਸੀ,ਜਦੋਂ ਵਸ਼ਿੰਗਟਨ ਨੇ ਤਾਲਿਬਾਨ ਨੇ ਬਿਨ ਲਾਦੇਨ ਨੂੰ ਵਸ਼ਿੰਗਟਨ ਦੇ ਹਵਾਲੇ ਕਰਨ ਦੀ ਪੇਸ਼ਕਸ( ਕਿੰਨੀ ਗੰਭੀਰ ਸੀ ਅਸੀਂ ਨਹੀਂ ਜਾਣਦੇ,ਕਿਉਂਕਿ ਇਹ ਤੁਰੰਤ ਠੁਕਰਾ ਦਿੱਤੀ ਗਈ ਸੀ )ਕੀਤੀ ਸੀ,ਅਗਰ ਉਨ੍ਹਾਂ ਨੂੰ ਸਬੂਤ ਪੇਸ਼ ਕੀਤੇ ਜਾਣ,ਜੋ ( ਜਿਵੇਂ ਛੇਤੀ ਹੀ ਸਾਨੂੰ ਪਤਾ ਚੱਲ ਗਿਆ ਸੀ) ਵਸ਼ਿੰਗਟਨ ਕੋਲ ਨਹੀਂ ਸਨ।ਇਸ ਪ੍ਰਕਾਰ ਓਬਾਮਾ ਕੇਵਲ ਝੂਠ ਬੋਲ ਰਿਹਾ ਸੀ ਜਦੋਂ ਉਹਨੇ ਆਪਣੇ ਵ੍ਹਾਈਟ ਹਾਉਸ ਬਿਆਨ ਵਿੱਚ ਕਿਹਾ,“ ਅਸੀਂ ਤੁਰਤ ਜਾਣ ਲਿਆ ਸੀ ਕਿ 9/11 ਹਮਲੇ ਅਲ ਕਾਇਦਾ ਦੁਆਰਾ ਕੀਤੇ ਗਏ ਸਨ।”

ਉਸ ਦੇ ਬਾਅਦ ਤੋਂ ਕੁੱਝ ਵੀ ਗੰਭੀਰ ਪੇਸ਼ ਨਹੀਂ ਕੀਤਾ ਗਿਆ।ਬਿਨ ਲਾਦੇਨ ਦੇ ਇਕ਼ਬਾਲੀਆ ਬਿਆਨ ਦੀ ਖੂਬ ਚਰਚਾ ਹੋਈ ਹੈ ਪਰ ਇਹ ਮੇਰੇ ਇਹ ਕਹਿਣ ਵਾਂਗ ਹੈ ਕਿ ਮੈਂ ਬੋਸਟਨ ਮੈਰਾਥਨ ਜਿੱਤੀ ਹੈ।ਉਸਨੇ ਫੜ ਮਾਰ ਦਿੱਤੀ ਉਸ ਕਾਰਨਾਮੇ ਦੀ ਜਿਸ ਨੂੰ ਉਹ ਇੱਕ ਵੱਡੀ ਪ੍ਰਾਪਤੀ ਮੰਨਦਾ ਸੀ।

ਵਸ਼ਿੰਗਟਨ ਦੇ ਕ੍ਰੋਧ ਦੀ ਖੂਬ ਮੀਡਿਆ ਚਰਚਾ ਹੈ ਕਿ ਪਾਕਿਸਤਾਨ ਨੇ ਬਿਨ ਲਾਦੇਨ ਨੂੰ ਨਹੀਂ ਫੜਾਇਆ, ਹਾਲਾਂਕਿ ਫੌਜ ਅਤੇ ਸੁਰੱਖਿਆ ਬਲਾਂ ਦੇ ਤੱਤ ਐਬਟਾਬਾਦ ਵਿੱਚ ਉਸ ਦੇ ਹੋਣ ਬਾਰੇ ਭਲੀਭਾਂਤ ਜਾਣਦੇ ਸਨ।ਪਾਕਿਸਤਾਨੀ ਕ੍ਰੋਧ ਦੇ ਬਾਰੇ ਵਿੱਚ ਬਹੁਤ ਘੱਟ ਗੱਲ ਕੀਤੀ ਜਾ ਰਹੀ ਹੈ ਕਿ ਅਮਰੀਕਾ ਨੇ ਇੱਕ ਰਾਜਨੀਤਕ ਕਤਲ ਲਈ ਉਸ ਦੇ ਖੇਤਰ ਉੱਤੇ ਹਮਲਾ ਕੀਤਾ ਹੈ।ਅਮਰੀਕਾ ਵਿਰੋਧੀ ਰੋਹ ਪਹਿਲਾਂ ਹੀ ਪਾਕਿਸਤਾਨ ਵਿੱਚ ਬਹੁਤ ਜਿਆਦਾ ਹੈ,ਅਤੇ ਇਨ੍ਹਾਂ ਘਟਨਾਵਾਂ ਨਾਲ ਇਹਦੇ ਹੋਰ ਵਧਣ ਦੀ ਸੰਭਾਵਨਾ ਹੈ।ਮੁਰਦਾ ਦੇਹ ਨੂੰ ਸਮੁੰਦਰ ਵਿੱਚ ਡੰਪ ਕਰਨ ਦਾ ਫ਼ੈਸਲਾ ਪਹਿਲਾਂ ਹੀ ਮੁਸਲਮਾਨ ਦੁਨੀਆਂ ਦੇ ਵੱਡੇ ਹਿੱਸੇ ਵਿੱਚ ਰੋਹ ਅਤੇ ਸ਼ੱਕ ਨੂੰ ਹੋਰ ਭੜਕਾ ਰਿਹਾ ਹੈ।

ਆਉ ਆਪਾਂ ਆਪਣੇ ਆਪ ਨੂੰ ਪੁੱਛੀਏ ਕਿ ਸਾਡਾ ਕੀ ਪ੍ਰਤੀਕਰਮ ਹੋਵੇਗਾ,ਜੇਕਰ ਇਰਾਕੀ ਕਮਾਂਡੋ ਜਾਰਜ ਡਬਲਿਊ ਬੁਸ਼ ਦੇ ਅਹਾਤੇ ਵਿੱਚ ਉਤਰਨ,ਉਸਦਾ ਕਤਲ ਕਰ ਦੇਣ ਅਤੇ ਉਹਦੀ ਲਾਸ਼ ਅੰਧ ਮਹਾਂਸਾਗਰ ਵਿੱਚ ਸੁੱਟ ਦੇਣ।

ਬੇਸ਼ਕ ਉਹਦੇ ਗੁਨਾਹਾਂ ਦੀ ਗਿਣਤੀ ਬਿਨ ਲਾਦੇਨ ਤੋਂ ਕਿਤੇ ਜਿਆਦਾ ਹੈ ਅਤੇ ਉਹ ‘ਸ਼ੱਕੀ’ ਨਹੀਂ ਸਗੋਂ ਨਿਰਵਿਵਾਦ ‘ਫੈਸਲਾਕੁੰਨ ’ ਹੈ ਜਿਸਨੇ “ਸਰਵਉਚ ਅੰਤਰਰਾਸ਼ਟਰੀ ਗੁਨਾਹਾਂ ” ਲਈ ਆਦੇਸ਼ ਦਿਤੇ “ ਜੋ ਹੋਰਨਾਂ ਜੰਗੀ ਜੁਰਮਾਂ ਤੋਂ ਸਿਰਫ਼ ਇਸ ਗੱਲੋਂ ਹੀ ਵੱਖ ਹਨ ਕਿ ਇਨ੍ਹਾਂ ਦੇ ਅੰਦਰ ਸਮੂਹ ਦੀ ਸੰਚਿਤ ਬੁਰਾਈ ਹੈ ” ਨੂਰੇਨਬਰਗ ਟਰਿਬਿਊਨਲ ਦਾ ਹਵਾਲਾ )ਜਿਸਦੇ ਲਈ ਨਾਜੀ ਮੁਲਜਮਾਂ ਨੂੰ ਫ਼ਾਂਸੀ ਦਿੱਤੀ ਗਈ ਸੀ : ਲੱਖਾਂ ਮੌਤਾਂ ,ਲੱਖੂਖਾ ਸ਼ਰਣਾਰਥੀ,ਦੇਸ਼ ਦੇ ਵੱਡੇ ਹਿੱਸੇ ਦੀ ਤਬਾਹੀ,ਤਲਖ ਫਿਰਕੂ ਸੰਘਰਸ਼ ਜੋ ਹੁਣ ਬਾਕੀ ਖੇਤਰਾਂ ਵਿੱਚ ਫੈਲ ਗਿਆ ਹੈ।

ਹੋਰ ਬਹੁਤ ਕੁਝ ਕਿਹਾ ਜਾ ਸਕਦਾ ਹੈ -[ ਕਿਊਬਾ ਏਅਰਲਾਈਨ ਹਮਲਾਵਰ ਆਰਲੈਂਡੋ ] ਬਾਸ਼ ਦੇ ਬਾਰੇ ਜੋ ਫਲੋਰੀਡਾ ਵਿੱਚ ਸ਼ਾਂਤੀ ਨਾਲ ਮਰ ਗਿਆ ਅਤੇ ਬੁਸ਼ ਸਿੱਧਾਂਤ ਦੇ ਹਵਾਲੇ ਨਾਲ ਕਿ ਜੋ ਸਮਾਜ ਅੱਤਵਾਦੀਆਂ ਨੂੰ ਪਨਾਹ ਦਿੰਦੇ ਹਨ ਉਹ ਖੁਦ ਅੱਤਵਾਦੀਆਂ ਜਿੰਨੇ ਹੀ ਦੋਸ਼ੀ ਹੁੰਦੇ ਹਨ ਅਤੇ ਇਸੇ ਮੂਜਬ ਸਲੂਕ ਉਨ੍ਹਾਂ ਨਾਲ ਕੀਤਾ ਜਾਣਾ ਚਾਹੀਦਾ ਹੈ।ਲਗਦਾ ਹੈ ਕੀ ਕਿਸੇ ਨੇ ਵੀ ਧਿਆਨ ਨਹੀਂ ਸੀ ਦਿੱਤਾ ਕਿ ਬੁਸ਼ ਅਤੇ ਅਮਰੀਕਾ ਤੇ ਹਮਲੇ ਅਤੇ ਇਸਦੇ ਵਿਨਾਸ਼ ਲਈ ਅਤੇ ਉਸਦੇ ਆਪਰਾਧੀ ਪ੍ਰਧਾਨ ਦੇ ਕਤਲ ਲਈ ਸੱਦਾ ਦੇ ਰਿਹਾ ਸੀ।

ਆਪਰੇਸ਼ਨ ਜੇਰੋਨੀਮੋ ਦੇ ਨਾਂ ਬਾਰੇ ਵੀ ਇਹੀ ਗੱਲ ਹੈ।ਸਮੁਚੇ ਪੱਛਮੀ ਸਮਾਜ ਵਿੱਚ ਸ਼ਾਹੀ ਮਾਨਸਿਕਤਾ ਇੰਨੀ ਗਹਿਰੀ ਉੱਤਰ ਗਈ ਹੈ ਕਿ ਕੋਈ ਵੀ ਸਮਝ ਨਹੀਂ ਸਕਦਾ ਕਿ ਉਹ ਉਸਨੂੰ ਨਸਲਘਾਤੀ ਹਮਲਾਵਰਾਂ ਦੇ ਖਿਲਾਫ ਸਾਹਸੀ ਪ੍ਰਤੀਰੋਧ ਦੇ ਨਾਲ ਬਿਨ ਲਾਦੇਨ ਨੂੰ ਮੇਲ ਕੇ ਉਸਦੀ ਵਡਿਆਈ ਕਰ ਰਹੇ ਹਨ।ਇਹ ਸਾਡੇ ਗੁਨਾਹਾਂ ਦੇ ਸ਼ਿਕਾਰ ਹੋਣ ਵਾਲਿਆਂ ਦੇ ਨਾਮ ਤੇ ਸਾਡੇ ਹੱਤਿਆ ਹਥਿਆਰਾਂ ਦੇ ਨਾਮਕਰਣ ਦੀ ਤਰ੍ਹਾਂ ਹੈ : ਅਪਾਚ , ਟਾਮਹਾਕ . . . ਇਉਂ ਲੱਗਦਾ ਹੈ ਜਿਵੇਂ ਲੂਫਟਵਾਫ ਆਪਣੇ ਲੜਾਕੂ ਜਹਾਜ਼ਾਂ ਨੂੰ ਯਹੂਦੀ ਅਤੇ ਜਿਪਸੀ ਕਹਿ ਕੇ ਬੁਲਾਏ।

ਹੋਰ ਬਹੁਤ ਕੁੱਝ ਕਹਿਣ ਵਾਲਾ ਹੈ,ਪਰ ਇਨ੍ਹਾਂ ਸਭ ਤੋਂ ਸਪੱਸ਼ਟ ਅਤੇ ਮੁਢਲੇ ਤਥ ਵੀ ਸਾਨੂੰ ਸੋਚਣ ਲਈ ਕਾਫੀ ਸਮਗਰੀ ਦਿੰਦੇ ਹਨ।

ਮੁੱਖ ਧਾਰਾ ਤੋਂ ਚੋਰੀ:))))))))

Thursday, May 5, 2011

ਓਸਾਮਾ ਦੀ ਦੂਜੀ ਮੌਤ ਦੇ ਕੌਮਾਂਤਰੀ ਡਰਾਮੇ ਦਾ ਮਤਲਬ

ਓਸਾਮਾ ਬਿਨ ਲਾਦੇਨ ਦੀ ਮੌਤ((ਅਮਰੀਕਾ ਮੁਤਾਬਕ) ਤੋਂ ਬਾਅਦ ਕੌਮਾਂਤਰੀ ਤੇ ਅਮਰੀਕੀ ਸਿਆਸਤ 'ਤੇ ਕਈ ਚਰਚਾਵਾਂ ਛਿੜੀਆਂ ਹਨ।ਵੱਡੇ ਵੱਡੇ ਪੱਤਰਕਾਰਾਂ ਤੋਂ ਲੈ ਕੇ ਸਿਆਸਤਦਾਨਾਂ ਨੇ ਮੌਤ 'ਤੇ ਟਿੱਪਣੀਆਂ ਵੀ ਕੀਤੀਆਂ,ਪਰ ਸਭ ਕਾਸੇ ਦੇ ਬਾਵਜੂਦ ਅਮਰੀਕੀ ਪ੍ਰਚਾਰ ਦੁਨੀਆ 'ਤੇ ਭਾਰੂ ਹੈ। ਬੁਨਿਆਦੀ ਮਸਲੇ 'ਤੇ ਬਹੁਤ ਘੱਟ ਗੱਲ ਹੋ ਰਹੀ ਹੈਆਰਥਿਕ ਮੰਦਵਾੜੇ 'ਚ ਫਸੇ ਅਮਰੀਕਾ ਲਈ ਲਾਦੇਨ ਦੀ ਮੌਤ ਜ਼ਰੂਰੀ ਸੀ।ਦੁਨੀਆ ਦੇ ਸਭ ਤੋਂ ਵੱਡੇ ਮਨੁੱਖੀ ਹੱਕਾਂ ਦੇ ਰਾਖੇ ਕਹਾਉਣ ਵਾਲੇ ਅਮਰੀਕਾ ਨੇ ਦੂਜੀ ਆਲਮੀ ਜੰਗ ਤੋਂ ਲੈ ਕੇ ਜੌੜੇ ਟਾਵਰਾਂ 'ਤੇ ਕਹੇ ਜਾਂਦੇ ਅੱਤਵਾਦੀ ਹਮਲੇ ਨੂੰ ਅਧਾਰ ਬਣਾ ਕੇ ਕਿਸ ਤਰ੍ਹਾਂ ਦੁਨੀਆਂ ਦਾ ਘਾਣ ਤੇ ਕੌਮਾਂਤਰੀ ਚੌਧਰ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ,ਇਸ ਬਾਰੇ ਅਜਿਹੇ ਮਹੱਤਵਪੂਰਨ ਮੌਕਿਆਂ 'ਤੇ ਗੱਲ ਕਰਨ ਦੀ ਜ਼ਰੂਰਤ ਹੈ।ਤੱਥਾਂ ਮੁਤਾਬਕ ਇਰਾਕ 'ਚ ਅਮਰੀਕੀ ਧੱਕੇਸ਼ਾਹੀ ਨਾਲ 14 ਲੱਖ 55 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਗਏ ਹਨ।ਲਿੱਟਿਆਂ ਦੇ ਨਾਂਅ 'ਤੇ ਲੱਖਾਂ ਤਮਿਲਾਂ ਦਾ ਕਤਲੇਆਮ ਕੀਤਾ ਗਿਆ(ਜ਼ਿੰਮੇਂਵਾਰ ਕੌਣ)?ਅਮਰੀਕਾ ਦੀ 'ਅੱਤਵਾਦ ਵਿਰੋਧੀ ਜੰਗ' ਤੇ 'ਇਸਲਾਮਿਕ ਫੋਬੀਆ ਮੁਹਿੰਮ' ਦਾ ਮਤਲਬ ਕੀ ਹੈ?'ਅੱਤਵਾਦ ਵਿਰੋਧੀ ਜੰਗ' ਦੀ ਭਾਰਤ ਦੇ 'ਆਪਰੇਸ਼ਨ ਗ੍ਰੀਨ ਹੰਟ' ਤੇ 'ਇਸਲਾਮਿਕ ਫੋਬੀਆ' ਮੁਹਿੰਮ ਦੀ ਘੱਟਗਿਣਤੀਆਂ ਦੇ ਕਤਲੇਆਮ ਤੇ ਹਿੰਦੂਤਵੀ ਫਾਸ਼ੀਵਾਦੀ ਫੋਰਸਾਂ ਨਾਲ ਕੀ ਸਬੰਧ ਹੈ,ਇਸ ਨੂੰ ਘੋਖਣ ਦੀ ਲੋੜ ਹੈ।ਇਸ 'ਤੇ ਗੱਲ ਇਸ ਲਈ ਕਰ ਰਹੇ ਹਾਂ,ਕਿਉਂਕਿ ਅੱਤਵਾਦ ਤੇ ਸਰਕਾਰੀ ਅੱਤਵਾਦ ਵਰਗੇ ਮਸਲਿਆਂ 'ਤੇ ਸਮਾਜ ਦੇ ਸਮਝਦਾਰ ਕਹਾਉਂਦੇ ਤਬਕੇ ਦੇ ਵਿਚਾਰ ਸਰਕਾਰੀ ਅਮਲੇ ਦੇ ਪੱਖ 'ਚ ਭੁਗਤਣੇ ਸ਼ੁਰੂ ਹੋ ਜਾਂਦੇ ਹਨ।ਅੱਤਵਾਦ ਦੇ ਪੈਦਾ ਹੋਣ ਦੇ ਤਾਂ ਕੋਈ ਨਾ ਕੋਈ ਕਾਰਨ(ਬੇਇੰਸਾਫੀ,ਨਾਬਰਾਬਰੀ,ਕੈਟ ਜਾਂ ਡੁਪਲੀਕੇਟ ਅੱਤਵਾਦ,ਮੌਸਾਦ,ਸੀ ਆਈ ਏ,ਰਾਅ ਆਦਿ ਅੱਤਵਾਦ)ਹੋਣਗੇ,ਪਰ ਸਰਕਾਰੀ ਅੱਤਵਾਦ ਹਮੇਸ਼ਾਂ ਬੇਦਲੀਲ ਜਾਰੀ ਕਿਉਂ ਰਹਿੰਦਾ ਹੈ,ਇਸ ਵੱਲ ਧਿਆਨ ਦੇਣ ਦੀ ਲੋੜ ਹੈ।ਇਸ ਦੌਰ 'ਚ ਸਮਾਜਿਕ-ਆਰਥਿਕ ਤੇ ਕੌਮੀ ਲੜਾਈਆਂਨੂੰ ਲਗਾਤਾਰ ਅੱਤਵਾਦੀ ਐਲਾਨਿਆ ਜਾ ਰਿਹਾ ਹੈ।ਸਿਆਸੀ ਹਿੰਸਾ ਨੂੰ ਅਰਾਜਕ ਹਿੰਸਾ ਦੀ ਪ੍ਰਭਾਸ਼ਾ ਦਿੱਤੀ ਜਾ ਰਹੀ ਹੈ।ਅਜਿਹੇ 'ਚ ਸਰਕਾਰੀ ਅੱਤਵਾਦ ਤੇ ਅੱਤਵਾਦ ਬਾਰੇ ਸਮਝ ਬਣਾਉਣਾ ਅਹਿਮ ਮਸਲਾ ਹੈ।ਯਾਦ ਰਹੇ ਕਿ ਹੁਣ ਤੱਕ ਦੁਨੀਆ ਨੂੰ ਅੱਤਵਾਦੀ ਐਲਾਨਣ ਦਾ ਠੇਕਾ ਸਿਰਫ ਅਮਰੀਕਾ ਕੋਲ ਹੈ।ਯੂ.ਐੱਨ 'ਚ ਅੱਤਵਾਦ ਦੀ ਪ੍ਰਭਾਸ਼ਾ 'ਤੇ ਕੋਈ ਸਾਂਝੀ ਸਹਿਮਤੀ ਨਹੀਂ ਬਣੀ ਹੈ।ਖੈਰ ਅੱਤਵਾਦ 'ਤੇ ਲੰਮੀ ਚਰਚਾ ਕਦੇ ਫੇਰ,ਫਿਲਹਾਲ ਅਮਰੀਕੀ ਅਰਥਸਾਸ਼ਤਰੀ,ਵਾਲ ਸਟਰੀਟ ਜਰਨਲ ਤੇ ਬਿਜ਼ਨਸ ਵੀਕ ਦੇ ਸਾਬਕਾ ਸੰਪਾਦਕ,ਅਮਰੀਕਾ ਦੀ ਟ੍ਰੇਜ਼ਰੀ ਫਾਰ ਇਕਨਾਮਿਕ ਪਾਲਿਸੀ ਦੇ ਸਹਾਇਕ ਸਕੱਤਰ ਪਾਲ ਕ੍ਰੈਗ ਰਾਬਰਟਸ ਦਾ ਓਸਾਮਾ ਬਿਨ ਲਾਦੇਨ ਦੇ ਵਰਤਾਰੇ 'ਤੇ ਅਮਰੀਕੀ ਅਰਥਚਾਰੇ ਨੂੰ ਘੋਖਦਾ ਲੇਖ ਪੜ੍ਹੋ।--ਯਾਦਵਿੰਦਰ ਕਰਫਿਊ

ਜੇ ਅੱਜ 2 ਮਈ ਦੀ ਥਾਂ 1 ਅਪ੍ਰੈਲ ਹੁੰਦਾ ਤਾਂ ਅਸੀਂ ਓਸਾਮਾ ਬਿਨ ਲਾਦੇਨ ਦੇ ਪਾਕਿਸਤਾਨ 'ਚ ਮਾਰੇ ਜਾਣ ਤੇ ਛੇਤੀ ਸਮੁੰਦਰ 'ਚ ਸੁੱਟੇ ਜਾਣ ਨੂੰ ਅਪ੍ਰੈਲ ਫੂਲ਼ ਦੇ ਦਿਨ ਦੇ ਮਜ਼ਾਕ ਦੇ ਰੂਪ 'ਚ ਰੱਦ ਕਰ ਸਕਦੇ ਸੀ।ਪਰ ਇਸ ਘਟਨਾ ਦੇ ਅਰਥਾਂ ਨੂੰ ਸਮਝਦੇ ਹੋਏ ਸਾਨੂੰ ਇਸ ਗੱਲ ਨੂੰ ਸਬੂਤ ਦੇ ਰੂਪ 'ਚ ਲੈ ਲੈਣਾ ਚਾਹੀਦਾ ਹੈ ਕਿ ਅਮਰੀਕੀ ਸਰਕਾਰ ਨੂੰ ਅਮਰੀਕੀਆਂ ਦੀ ਲਾਪਰਵਾਹੀ 'ਤੇ ਬੇਹੱਦ ਭਰੋਸਾ ਹੈ।

ਜ਼ਰਾ ਸੋਚੋ।ਇਕ ਆਦਮੀ ਜੋ ਕਥਿਤ ਰੂਪ 'ਚ ਗੁਰਦਿਆਂ ਦੀ ਬਿਮਾਰੀ ਤੋਂ ਪੀੜ੍ਹਤ ਹੈ ਤੇ ਜਿਸ ਨੂੰ ਨਾਲ ਸ਼ੂਗਰ ਤੇ ਬਲੱਡ ਪ੍ਰੈਸ਼ਰ ਵੀ ਹੋਵੇ ਤੇ ਉਸਨੂੰ ਡਾਇਲਸੈਸ ਦੀ ਜ਼ਰੂਰਤ ਹੋਵੇ,ਉਸਦੀ ਇਕ ਦਹਾਕੇ ਤੋਂ ਖੁਫੀਆ ਪਹਾੜੀ ਇਲਾਕਿਆਂ 'ਚ ਲੁਕੇ ਰਹਿਣ ਦੀ ਕਿੰਨੀ ਗੰਜ਼ਾਇਸ਼ ਹੈ ?ਜੇ ਬਿਨ ਲਾਦੇਨ ਆਪਣੇ ਲਈ ਜ਼ਰੂਰੀ ਡਾਇਲਸੈਸ ਦੇ ਸਾਜ਼ੋ ਸਮਾਨ ਤੇ ਡਾਕਟਰੀ ਦੇਖ ਰੇਖ ਜੁਟਾ ਲੈਣ 'ਚ ਕਾਮਯਾਬ ਵੀ ਹੋ ਗਿਆ ਸੀ ਤਾਂ ਕਿ ਇਨ੍ਹਾਂ ਡਾਕਟਰੀ ਸਾਜ਼ੋ ਸਮਾਨਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਇਸ ਗੱਲ ਦਾ ਭਾਂਡਾ ਭੰਨ੍ਹ ਦਿੰਦੀ ਹੈ,ਕਿ ਉਹ ਓਥੇ ਲੁਕਿਆ ਹੋਇਆ ਸੀ?ਫਿਰ ਉਸਨੂੰ ਲੱਭਣ ਵਾਸਤੇ ਦਸ ਸਾਲ ਕਿਵੇਂ ਲੱਗ ਗਏ ?

ਬਿਨ ਲਾਦੇਨ ਦੀ ਮੌਤ ਦਾ ਜਸ਼ਨ ਮਨਾ ਰਹੇ ਅਮਰੀਕੀ ਮੀਡੀਆ ਤੇ ਦੂਜੇ ਦਾਅਵਿਆਂ ਦੇ ਬਾਰੇ ਵੀ ਸੋਚਣਾ ਚਾਹੀਦਾ ਹੈ।ਉਨ੍ਹਾਂ(ਅਮਰੀਕਾ)ਦਾ ਦਾਅਵਾ ਹੈ ਕਿ ਬਿਨ ਲਾਦੇਨ ਨੇ ਆਪਣੇ ਦਸਾਂ ਲੱਖਾਂ ਰੁਪਏ ਖਰਚ ਕਰਕੇ ਸੂਡਾਨ,ਫਿਲੀਪੀਨਜ਼,ਅਫਗਾਨਿਸਤਾਨ 'ਚ ਆਪਣੇ ਅੱਤਵਾਦੀ ਟਰੇਨਿੰਗ ਦੇ ਅੱਡੇ ਖੜ੍ਹੇ ਕੀਤੇ।'ਪਵਿੱਤਰ ਲੜਾਕੂਆਂ' ਨੂੰ aੁੱਤਰੀ ਅਫਰੀਕਾ,ਚੇਚਨੀਆ,ਤਜਾਕਿਸਤਾਨ ਤੇ ਬੋਸਨੀਆ 'ਚ ਕੱਟੜਪੰਥੀ ਮੁਸਲਮਾਨ ਕਰਮੀਆਂ ਦੇ ਖਿਲਾਫ ਲੜਨ ਤੇ ਕ੍ਰਾਂਤੀ ਭੜਕਾਉਣ ਲਈ ਭੇਜਿਆ।ਐਨੇ ਸਾਰੇ ਕਾਰਨਾਮਿਆਂ ਦੇ ਲਈ ਇਹ ਰਕਮ ਤਾਂ aੁੱਠ ਦੇ ਮੂੰਹ 'ਚ ਜ਼ੀਰਾ ਦੇਣ ਦੇ ਬਰਾਬਰ ਹੈ।ਪਰ ਅਸਲੀ ਸਵਾਲ ਇਹ ਹੈ ਕਿ ਬਿਨ ਲਾਦੇਨ ਆਪਣੀ ਰਕਮ ਭੇਜਨ 'ਚ ਸਮਰੱਥ ਕਿਵੇਂ ਹੋਇਆ ?ਕਿਹੜੀ ਬੈਂਕਿੰਗ ਪ੍ਰਣਾਲੀ ਉਸਦੀ ਮਦਦ ਕਰ ਰਹੀ ਸੀ ?ਅਮਰੀਕੀ ਸਰਕਾਰ ਤਾਂ ਵਿਅਕਤੀਆਂ ਤੇ ਪੂਰੇ ਦੇ ਪੂਰੇ ਦੇਸ਼ਾਂ ਦੀਆਂ ਜਾਇਦਾਦਾਂ ਕੁਰਕ ਕਰਦੀ ਰਹੀ ਹੈ।ਲੀਬੀਆ ਹੁਣੇ ਹੁਣੇ ਦੀ ਉਦਾਹਰਨ ਹੈ।ਫਿਰ ਬਿਨ ਲਾਦੇਨ ਦੀ ਜਾਇਦਾਦ ਕੁਰਕ ਕਿਉਂ ਨਹੀਂ ਕੀਤੀ ਗਈ ?ਕੀ ਲਾਦੇਨ ੧੦੦ ਮਿਲੀਅਨ ਡਾਲਰ ਦੀ ਜਾਇਦਾਦ ਸੋਨੇ ਦੇ ਸਿੱਕਿਆਂ ਦੇ ਰੂਪ 'ਚ ਲੈ ਕੇ ਚਲਦਾ ਸੀ ਤੇ ਆਪਣੀ ਮੁਹਿੰਮਾਂ ਨੂੰ ਪੂਰਾ ਕਰਨ ਲਈ ਦੂਤਾਂ ਦੇ ਜ਼ਰੀਏ ਰਕਮ ਭੇਜਦਾ ਸੀ ?

ਮੈਨੂੰ ਇਹ ਸੁਰਖੀਆਂ 'ਚੋਂ ਨਵੀਂ ਨਾਟਕੀ ਭਿਣਕ ਆ ਰਹੀ ਹੈ।ਇਹ ਭਿਣਕ ਜਿੱਤ ਦੇ ਜਸ਼ਨ 'ਚ ਡੁੱਬੀਆਂ ਅਤਿਕੱਥਨੀਆਂ 'ਚ ਭਰੀਆਂ ਖ਼ਬਰਾਂ 'ਚੋਂ ਚੋਅ ਰਹੀ ਹੈ।ਜਿਸ 'ਚ ਜਸ਼ਨ 'ਚ ਡੁੱਬੇ ਲੋਕ ਝੰਡੇ ਲਹਿਰਾ ਰਹੇ ਹਨ ਤੇ ਅਮਰੀਕਾ -ਅਮਰੀਕਾ ਦਾ ਮੰਤਰ ਜਪ ਰਹੇ ਹਨ।ਕੀ ਅਜਿਹੀ ਕੋਈ ਘਟਨਾ ਸੱਚਮੁੱਚ ਹੋਈ ਹੈ ?

ਇਸ 'ਚ ਕੋਈ ਸ਼ੱਕ ਨਹੀਂ ਹੈ,ਕਿ ਓਬਾਮਾ ਨੂੰ ਜਿੱਤ ਦੀ ਬੇਹੱਦ ਜ਼ਰੂਰਤ ਨਹੀਂ ਸੀ।ਉਸਨੇ ਅਫਗਾਨਿਸਤਾਨ ਦੇ ਯੁੱਧ ਨੂੰ ਮੁੜ ਤੋਂ ਸ਼ੁਰੂ ਕਰਕੇ ਮੂਰਖਤਾ ਭਰੀ ਗਲਤੀ ਕੀਤੀ ਤੇ ਹੁਣ ਇਕ ਦਹਾਕਾ ਲੰਮੀ ਲੜਾਈ ਤੋਂ ਬਾਅਦ ਓਬਾਮਾ ਜੇ ਹਾਰ ਨਹੀਂ ਰਿਹਾ ਤਾਂ ਆਪਣੇ ਆਪ 'ਚ ਠਹਿਰਾ 'ਚ ਫਸਿਆ ਜ਼ਰੂਰ ਮਹਿਸੂਸ ਕਰ ਰਿਹਾ ਹੈ।ਬੁਸ਼ ਤੇ ਓਬਾਮਾ ਦੇ ਜੰਗੀ ਕਾਰਜਕਾਲ ਨੇ ਅਮਰੀਕਾ ਦਾ ਦੀਵਾਲਾ ਕੱਢ ਦਿੱਤਾ ਹੈ।ਉਸੇ ਭਾਰੀ ਘਾਟੇ ਤੇ ਡਾਲਰ ਦੀ ਪਤਲੀ ਹੁੰਦੀ ਹਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਫਿਰ ਚੋਣਾਂ ਵੀ ਬਹੁਤ ਨੇੜੇ ਆ ਰਹੀਆਂ ਹਨ।

ਪਿਛਲੀਆਂ ਅਨੇਕਾਂ ਸਰਕਾਰਾਂ ਦੁਆਰਾ 'ਵੱਡੇ ਕਤਲੇਆਮਾਂ ਦੇ ਹਥਿਆਰਾਂ' ਜਿਹੇ ਤਰ੍ਹਾਂ ਤਰ੍ਹਾਂ ਦੇ ਝੂਠਾਂ ਤੇ ਹੱਥਕੰਡਿਆਂ ਦਾ ਨਤੀਜਾ ਅਮਰੀਕਾ ਤੇ ਦੁਨੀਆਂ ਲਈ ਬਹੁਤ ਭਿਆਨਕ ਰਿਹਾ ਹੈ,ਪਰ ਸਾਰੇ ਹੱਥਕੰਥੇ ਇਕ ਤਰ੍ਹਾਂ ਦੇ ਨਹੀਂ ਸੀ।ਯਾਦ ਰਹੇ,ਅਫਗਾਨਿਸਤਾਨ 'ਤੇ ਹਮਲੇ ਦੀ ਇਕੋ ਕਾਰਨ ਦੱਸਿਆ ਗਿਆ ਸੀ--ਓਸਾਮਾ ਨੂੰ ਫੜ੍ਹਨਾ।ਹੁਣ ਓਬਾਮਾ ਨੇ ਐਲਾਨ ਕੀਤਾ ਹੈ ਕਿ ਬਿਨ ਲਾਦੇਨ ਅਮਰੀਕੀ ਸੁਰੱਖਿਆ ਦਸਤਿਆਂ ਦੁਆਰਾ ਇਕ ਅਜ਼ਾਦ ਦੇਸ਼ 'ਚ ਕੀਤੀ ਗਈ ਕਾਰਵਾਈ 'ਚ ਮਾਰਿਆ ਗਿਆ ਹੈ ਤੇ ਉਸਨੂੰ ਸਮੁੰਦਰ 'ਚ ਸਪੁਰਦ-ਏ-ਖ਼ਾਕ ਕੀਤਾ ਗਿਆ ਹੈ ਤੇ ਹੁਣ ਯੁੱਧ ਜਾਰੀ ਰੱਖਣ ਦੀ ਕੋਈ ਵਜ੍ਹਾ ਨਹੀਂ ਹੈ।

ਸ਼ਾਇਦ ਦੁਨੀਆ ਦੇ ਵਿੱਤੀ ਬਜ਼ਾਰ 'ਚ ਅਮਰੀਕੀ ਡਾਲਰ ਦੀ ਭਾਰੀ ਨਿਘਾਰ ਨੇ ਕੁਝ ਅਮਲੀ ਬਜਟ ਕਟੌਤੀਆਂ ਦੇ ਲਈ ਮਜ਼ਬੂਰ ਕੀਤਾ ਹੈ।ਇਹ ਸਿਰਫ ਉਦੋਂ ਹੀ ਸੰਭਵ ਹੈ,ਜਦੋਂ ਅੰਤਹੀਨ ਯੁੱਧਾਂ ਨੂੰ ਰੋਕਿਆ ਜਾ ਸਕੇ।ਅਜਿਹੇ 'ਚ ਜਾਣਕਾਰਾਂ ਦੀ ਰਾਇ 'ਚ ਬਹੁਤ ਪਹਿਲਾਂ ਮਰ ਚੁੱਕੇ ਓਸਾਮਾ ਬਿਨ ਲਾਦੇਨ ਨੂੰ ਡਾਲਰਾਂ ਦੇ ਪੂਰੀ ਤਰ੍ਹਾਂ ਧੂੜ 'ਚ ਰੁਲ ਜਾਣ ਤੋਂ ਪਹਿਲਾਂ ਇਕ ਵਰਤੋਂ ਯੋਗ ਹਊਏ ਦੇ ਰੂਪ 'ਚ ਅਮਰੀਕੀ ਫੌਜੀ ਤੇ ਸੁਰੱਖਿਆ ਗਠਜੋੜ ਦੇ ਮੁਨਾਫੇ ਲਈ ਵਰਤਿਆ ਗਿਆ ਹੈ।

Monday, May 2, 2011

ਸਿਲਵਰ ਸਕਰੀਨ ਦੀ ਸਿਨੇਮਾਈ ਸਿਆਸਤ-2


ਭਾਰਤੀ ਸਿਨੇਮਾ ‘ਚ ਪ੍ਰਕਾਸ਼ ਝਾਅ ਦਾ ਨਾਮ ਇੱਕ ਅਜਿਹਾ ਨਾਮ ਹੈ ਜਿਸ ਨੇ ਸਮਾਜਿਕ ਸਰੋਕਾਰ ਨੂੰ ਸਿਨੇਮਾ ‘ਚ ਬਹੁਤ ਅਹਿਮੀਅਤ ਦੇ ਨਾਲ ਉਭਾਰਨ ਦੀ ਕੌਸ਼ਿਸ਼ ਕੀਤੀ ਹੈ।ਬਿਹਾਰ ਦੀ ਸਿਆਸਤ ਦੇ ਚੱਪੇ-ਚੱਪੇ ਤੋਂ ਵਾਕਿਫ ਪ੍ਰਕਾਸ਼ ਝਾਅ ਨੇ ਬਿਹਾਰ ਦੀ ਨਬਜ਼ ਨੂੰ ਆਪਣੀ ਫਿਲਮਾਂ ਦਾ ਮੁੱਖ ਵਿਸ਼ਾ ਰੱਖਿਆ[ਭਾਰਤ ਦੀ ਸਿਆਸਤ ‘ਚ ਬਿਹਾਰ ਦੀ ਗਤੀਵਿਧੀਆਂ ਨੇ ਹਮੇਸ਼ਾ ਆਪਣਾ ਰੰਗ ਵਖਾਇਆ ਹੈ।ਇਹ ਕੋਈ ਅੱਜ ਦੀ ਗੱਲ ਨਹੀਂ ਪ੍ਰਚੀਨ ਭਾਰਤ ਤੋਂ ਲੈਕੇ ਅੱਜ ਤੱਕ ਬਿਹਾਰ ਭਾਰਤ ਦੀ ਸਿਆਸਤ ਦਾ ਕੇਂਦਰ ਬਿੰਦੂ ਰਿਹਾ ਹੈ।ਮੋਰੀਆ ਸਮਰਾਜ ਦੇ ਗੜ੍ਹ ਦੇ ਰੂਪ ‘ਚ ਬਿਹਾਰ ਜੇ ਪ੍ਰਾਚੀਨ ਸਿਆਸਤ ਦਾ ਅਸ਼ੋਕ ਰਾਜ ਸੀ ਤਾਂ ਵਿੱਦਿਆ ਦੇ ਖੇਤਰ ‘ਚ ਬਿਹਾਰ ਤਕਸ਼ਿਲਾ ਵਿਸ਼ਵ ਵਿਦਿਆਲਿਆ ਜਿਹੇ ਸਿੱਖਿਆ ਅਦਾਰਿਆਂ ਦੇ ਨਾਲ ਭਾਰਤੀ ਸੰਸਕ੍ਰਿਤੀ ਤੇ ਸੱਭਿਆਚਾਰ ਦਾ ਥੰਮ ਰਿਹਾ ਹੈ।ਬੁੱਧ ਧਰਮ ਦੀ ਅਸਲੀ ਤੇ ਮੁੱਢਲੀ ਸਰਜ਼ਮੀਨ ਬਿਹਾਰ ਹੀ ਸੀ ਤੇ ਬੁੱਧ ਧਰਮ ਦੇ ਮਠ ਵਿਹਾਰ ਤੋਂ ਹੀ ਬਿਹਾਰ ਦਾ ਨਾਮਕਰਨ ਵਿਹਾਰ ਤੋਂ ਬਿਹਾਰ ਦੇ ਰੂਪ ‘ਚ ਪ੍ਰਤਖ ਹੋਇਆ ਹੈ।ਐਸੇ ਅਮੀਰ ਬਿਹਾਰ ਦੀ ਅਜੋਕੀ ਵਿਰਾਸਤ ਬਹੁਤ ਸਾਰੇ ਕਾਲੇ ਤੇ ਗਰੀਬ ਕਾਰਨਾਮਿਆ ਕਰਕੇ ਮਸ਼ਹੂਰ ਹੈ।ਪ੍ਰਕਾਸ਼ ਝਾਅ ਦੇ ਸਿਨੇਮਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਪ੍ਰਕਾਸ਼ ਝਾਅ ਨੇ ਕਲਾ ਤੇ ਵਾਪਰਕ ਸਿਨੇਮਾ ਦੀ ਵਿੱਤ ਨੂੰ ਖਤਮ ਕਰਕੇ ਦੋਵਾਂ ਦਾ ਸੰਗਮ ਕੀਤਾ ਹੈ।ਇਸ ਜੁਗਲਬੰਦੀ ਚੋਂ ਹੀ ਪ੍ਰਕਾਸ਼ ਝਾਅ ਦੀਆਂ ਮ੍ਰਿਤਯੂਦੰਡ,ਗੰਗਾਜਲ,ਅਪਹਰਣ ਤੇ ਰਾਜਨੀਤੀ ਜਿਹੀਆਂ ਫਿਲਮਾਂ ਦਾ ਊਦੇ ਹੋਇਆ ਹੈ।ਇਹ ਪ੍ਰਕਾਸ਼ ਝਾਅ ਦਾ ਹੀ ਕਮਾਲ ਹੈ ਕਿ ਉਸ ਦੀਆਂ ਫਿਲਮਾਂ ਲਈ ਸ਼ੂਟਿੰਗ ਦੌਰਾਨ ਲੋਕਾਂ ਦੀ ਭੀੜ ਵਿਖਾਉਣ ਲਈ ਕਿਸੇ ਹੋਰ ਨਿਰਦੇਸ਼ਕ ਵਾਂਗੂ ਜਦੋਜਹਿਦ ਨਹੀਂ ਕਰਨੀ ਪੈਂਦੀ।ਪ੍ਰਕਾਸ਼ ਦੀਆਂ ਫਿਲਮਾਂ ਚੋਂ ਸਿਆਸਤ ਅਧਾਰਿਤ ਫਿਲਮ ‘ਚ ਸਭ ਤੋਂ ਪਹਿਲਾ ਨਾਮ ਫਿਲਮ ਦਾਮੂਲ ਦਾ ਹੈ।

ਦਾਮੂਲ(1984) ਭਾਵ ਮੌਤ ਤੱਕ ਬੰਨ੍ਹਿਆ ਹੋਇਆ,ਗ਼ੁਲਾਮ:ਅੰਮ੍ਰਿਤਸਰ ਦੀ ਦੀਪਤੀ ਨਵਲ(ਪ੍ਰਕਾਸ਼ ਝਾਅ ਦੀ ਸਾਬਕਾ ਪਤਨੀ) ਦੀ ਅਦਾਕਾਰੀ ਨਾਲ ਸਜੀ ਇਹ ਫਿਲਮ ਬਿਹਾਰ ਦੇ ਸਾਹੀਵਾਲ ਨਾਲ ਸੰਬਧਿਤ ਸੀ।ਬੰਦੂਆ ਮਜ਼ਦੂਰ ਦੇ ਜਾਤੀ ਅਧਾਰਿਤ ਸਿਆਸਤ ਨੂੰ ਇਸ ਫਿਲਮ ਰਾਹੀ ਬਾਖੂਬੀ ਉਭਾਰਿਆ ਗਿਆ ਹੈ।ਇਹ ਫਿਲਮ ਇਸ ਪੱਖ ਵੱਲ ਵੀ ਇਸ਼ਾਰਾ ਕਰਦੀ ਹੈ ਕਿ ਬਿਹਾਰ ਦੇ ਮਜ਼ਦੂਰ ਕਿੰਝ ਆਪਣੀ ਰੋਜ਼ੀ ਰੋਟੀ ਲਈ ਪੰਜਾਬ ਵੱਲ ਨੂੰ ਪਰਵਾਸ ਕਰਦੇ ਹਨ।

ਗੰਗਾਜਲ(2003) ਫਿਲਮ ਉਹਨਾਂ ਸਮਿਆਂ ਦੀ ਫਿਲਮ ਹੈ ਜਦੋਂ ਮੁਬੰਈ ‘ਚ ਬਾਲੀਵੁੱਡ ਨੂੰ ਪੁਲਿਸ ਦੀ ਭੂਮਿਕਾ ‘ਤੇ ਫਿਲਮ ਬਣਾਉਣ ਦਾ ਭੂਤ ਸਵਾਰ ਸੀ।ਉਸ ਸਮੇਂ ਪੁਲਿਸ ਨੂੰ ਅਧਾਰ ਬਣਾਕੇ ਗੰਗਾਜਲ ਦੇ ਨਾਲ,ਪੁਲਿਸ ਫੋਰਸ,ਆਨ-ਮੈਨ ਐਟ ਵਰਕ,ਦੇਵ,ਖਾਕੀ ਵਰਗੀਆਂ ਫਿਲਮਾਂ ਇੱਕਠੀਆਂ ਆਈਆਂ ਸਨ।ਪਰ ਉਹਨਾਂ ਚੋਂ ਗੰਗਾਜਲ ਸਾਰਥਕ ਸਿਨੇਮਾ ਦੀ ਸਭ ਤੋਂ ਉੱਤਮ ਫਿਲਮ ਸੀ।ਜੇ ਪੁਲਿਸ ਤੇ ਸਿਆਸਤ ਦੇ ਉਲਝੇਵੇਂ ਰਿਸ਼ਤਿਆਂ ਦੀ ਕੋਈ ਫਿਲਮ ਇਸ ਤੋਂ ਵਧੀਆ ਬਣੀ ਸੀ ਤੇ ਉਹ ਸੀ ਦੇਵ(ਅਮਿਤਾਬ ਬੱਚਨ ਅਭੀਨੀਤ)ਸਿਆਸਤਦਾਨਾਂ ਦੇ ਪ੍ਰਭਾਵ ‘ਚ ਕਿਵੇਂ ਪੁਲਿਸ ਆਪਣੇ ਕੰਮ ਪ੍ਰਤੀ ਬੇਈਮਾਨ ਹੁੰਦੀ ਹੈ ਤੇ ieਮਾਨਦਾਰ ਪੁਲਿਸ ਸਾਹਮਣੇ ਕੀ ਮੁਸ਼ਕਿਲਾਂ ਦਰਪੇਸ਼ ਆਉਂਦੀਆਂ ਹਨ ਇਸ ਫਿਲਮ ‘ਚ ਇਸ ਨੂੰ ਚੰਗੀ ਤਰ੍ਹਾਂ ਬੁਣਿਆ ਹੈ।ਬਿਹਾਰ ਦੇ ਮਸ਼ਹੂਰ ਭਾਗਲਪੁਰ ਤੇਜ਼ਾਬ ਕਾਂਡ ਨੂੰ ਵੀ ਇਸ ਫਿਲਮ ਦਾ ਹਿੱਸਾ ਬਣਾਇਆ ਗਿਆ ਹੈ।

ਅਪਹਰਣ(2005) ‘ਚ ਆਈ ਫਿਲਮ ਇੱਕ ਅਜਿਹੀ ਫਿਲਮ ਸੀ ਜਿਹਨੇ ਬਿਹਾਰ ਦੀ ਸਿਆਸਤ ਨੂੰ ਬਹੁਤ ਡੂੰਗਾਈ ਨਾਲ ਚੀਰ ਫਾੜ ਕੀਤਾ।ਮੇਰੇ ਮੁਤਾਬਕ ਨੌਜਵਾਨ ਦੇ ਤਸੱਵਰ ਨੂੰ ਸਮਝਨ ਲਈ ਕੁਝ ਫਿਲਮਾਂ ‘ਤੇ ਝਾਤ ਜ਼ਰੂਰੀ ਹੈ।ਇਹ ਫਿਲਮਾਂ ਨੇ ਲਕਸ਼,ਯੁਵਾ,ਅਪਹਰਣ,Rang de Basanti,ਹਾਸਿਲ,3 ਇਡੀਅਟਸ,ਦਿਲ ਦੋਸਤੀ ਐਕਸਟਰਾ ਆਦਿ।ਇਹਨਾਂ ਤੇ ਚਰਚਾ ਫਿਰ ਕਦੀ ਵੱਖਰੇ ਵਿਸ਼ੇ ਅਧੀਨ ਕਰਾਂਗੇ।ਕਿ ਇਹ ਫਿਲਮਾਂ ਹੀ ਕਿਉਂ ਹਨ।ਅਪਹਰਣ ਨੇ ਬਿਹਾਰ ਦੀ ਸਿਆਸਤ ‘ਚ ਜੇਲ੍ਹ ਅੰਦਰੋਂ ਚੱਲ ਰਹੀ ਸਿਆਸਤ ਤੇ ਇਸ ਦਾ ਪੂਰਾ ਪ੍ਰਬੰਧਕੀ ਢਾਂਚਾ,ਅਗਵਾਕਾਰਾਂ ਦੀ ਪੂਰੀ ਮੰਡਲੀ ਤੇ ਸਿਆਸਤ ‘ਚ ਇਸ ਦਾ ਯੋਗਦਾਨ,ਵੋਟ ਬੈਂਕ,ਸਰਕਾਰ ਤੇ ਸਰਕਾਰਾਂ ਅੰਦਰਲਾ ਰੋਹ ਸਭ ਕੁਝ ਪੇਸ਼ ਨਹੀਂ ਫਾੜ੍ਹਕੇ ਪੇਸ਼ ਕੀਤਾ ਹੈ।ਇੱਥੇ ਹਰਦਿਆਲ ਸਾਗਰ ਦੀਆਂ ਕੁਝ ਸਤਰਾਂ ਮੈਨੂੰ ਜ਼ਰੂਰ ਯਾਦ ਆ ਰਹੀਆਂ ਹਨ: ਬੁਰਾ ਸੁਣਨਾ,ਬੁਰਾ ਕਹਿਣਾ,ਬੁਰਾ ਤੱਕਣਾ ਹੈ ਫਿਤਰਤ ਵਿੱਚ,
ਯਕੀਨਨ ਸਿਖਰ ਤੇ ਪਹੁੰਚਗੇ ਇਹ ਬੰਦਾ ਸਿਆਸਤ ਵਿੱਚ।
ਸਾਹਿਤਕਾਰਾਂ ਦੀਆਂ ਅਜਿਹੀ ਰਚਨਾਵਾਂ ਇੰਝ ਹੀ ਨਹੀਂ ਪੈਦਾ ਹੁੰਦੀਆਂ।ਯਥਾਰਥ ਦੀ ਸਰਜ਼ਮੀਨ ਇੰਝ ਹੀ ਬਿਦ ਬਣਾਉਂਦੀ ਹੈ ਕਿਉਂ ਕਿ ਇਹ ਸੱਚ ਹੈ।ਇੱਥੇ ਜ਼ਿਕਰ-ਏ-ਖਾਸ ਹੈ- 16 ਅਪ੍ਰੈਲ ਨੂੰ ਪੰਜਾਬੀ ਟ੍ਰਿਬਿਊਨ ‘ਚ ਛਪਿਆ’ਭ੍ਰਿਸ਼ਟਾਚਾਰ ਦੇ ਖੂੰਖਾਰ ਦੈਂਤ’ ਜਿਸ ‘ਚ ਸਿਆਸਤ ‘ਚ ਨਿਜੀ ਸਨਅਤਕਾਰਾਂ ਦੀ ਅਜਿਹੀ ਜਮਾਤ ਵੱਲ ਇਸ਼ਾਰਾ ਕੀਤਾ ਗਿਆ ਸੀ।ਇਸ ਲੇਖ ‘ਚ ਭਾਰਤ ਦੇ ਸਾਬਕਾ ਚੋਣ ਕਮਿਸ਼ਨਰ ਜੇ.ਐੱਮ.ਲਿੰਗਦੋਹ ਦੀ ਕਾਰਪੋਰੇਟ ਕਲਚਰ ਤੇ ਸਿਆਸਤ ਦੇ ਮਿਸ਼ਰੀਘੋਲ ‘ਤੇ ਕੀਤੀ ਟਿੱਪਣੀ ਦਾ ਵੀ ਜ਼ਿਕਰ ਸੀ।ਜੇ.ਐੱਮ.ਲਿੰਗਦੋਹ ਮੁਤਾਬਕ ਸੰਸਾਰ ਉੱਤੇ 500 ਅਮੀਰਾਂ ਦਾ ਕਬਜਾ ਹੈ ਤੇ ਕਾਰਪੋਰੇਟ ਘਰਾਣੇ ਹੀ ਸਿਆਸਤ ਚਲਾ ਰਹੇ ਹਨ।ਹੂ ਤੂ ਤੂ ਤੋਂ ਲੈ ਕੇ(ਜਿਸ ਦਾ ਜ਼ਿਕਰ ਅਸੀ ਕਰ ਚੁੱਕੇ ਹਾਂ ਭਾਗ 1 ਵਿੱਚ) ਅਪਹਰਣ,ਰੰਗ ਦੇ ਬੰਸਤੀ ਆਦਿ ਫਿਲਮਾਂ ਵਿੱਚ ਇਸ ਦਾ ਜ਼ਿਕਰ ਸੂਖਮਤਾ ਨਾਲ ਕੀਤਾ ਗਿਆ ਹੈ।

ਰਾਜਨੀਤੀ(2010) “ਕਰਾਰਾ ਜਵਾਬ ਮਿਲੇਗਾ’ ਇਹ ਸੰਵਾਦ ਪੂਰੀ ਫਿਲਮ ਦਾ ਪਛਾਨ ਚਿੰਨ੍ਹ ਬਣ ਗਿਆ।ਮਨੋਜ ਵਾਜਪਾਈ ਤੋਂ ਲੈਕੇ ਨਾਨਾ ਪਾਟੇਕਰ,ਅਜੇ ਦੇਵਗਨ,ਅਰਜੁਨ ਰਾਮਪਾਲ ਤੇ ਰਣਬੀਰ ਕਪੂਰ ਹਰ ਅਦਾਕਾਰ ਨੇ ਪੂਰੀ ਸ਼ਿੱਦਤ ਨਾਲ ਅਦਾਕਾਰੀ ਕੀਤੀ।ਸਿਆਸਤ ‘ਚ ਇਹ ਫਿਲਮ ਭਾਰਤ ਦੀ ਸਿਆਸਤ ਦੇ ਮੁੱਢਲੇ ਫਲਸਫੇ ਨੂੰ ਉਜਾਗਰ ਕਰਦੀ ਹੈ।ਕਿਉਂ ਕਿ ਇਸ ਦੀਆਂ ਜੜ੍ਹਾਂ ਭਾਰਤ ਦੀ ਪ੍ਰਾਚੀਨ ਸ`ਭਿਅਤਾ ਦੇ ਗ੍ਰੰਥ ਨਾਲ ਜੁੜੀਆਂ ਸਨ।2010 ‘ਚ ਭਾਰਤ ਦੇ ਪ੍ਰਾਚੀਨ ਗ੍ਰੰਥਾਂ ‘ਤੇ ਅਧਾਰਿਤ ਦੋ ਖਾਸ ਫਿਲਮਾਂ ਆਈਆਂ ਸਨ।ਰਾਜਨੀਤੀ ਜੇ ਮਹਾਂਰੀਸੀ ਵੇਦ ਵਿਆਸ ਦੇ ਮਹਾਂਭਾਰਤ ‘ਤੇ ਅਧਾਰਿਤ ਸੀ ਤਾਂ ਰਮਾਇਣ ਉੱਤੇ ਅਧਾਰਿਤ ਫਿਲਮ ਮਨੀ ਰਤਨਮ ਦੀ ਰਾਵਣ ਸੀ।ਰਾਵਣ ਫਿਲਮ ਇਸ ਸਾਲ ਦਰਸ਼ਕਾਂ ਵੱਲੋਂ ਨਕਾਰ ਦਿੱਤੀ ਗਈ ਪਰ ਵਿਚਾਰਾਤਮਕ ਦ੍ਰਿਸ਼ਟੀਕੋਣ ਤੋਂ ਇਸ ਦੀ ਚਰਚਾ ਕਰਨੀ ਵੀ ਜ਼ਰੂਰੀ ਬਣਦੀ ਹੈ।ਪਰ ਰਾਜਨੀਤੀ ਫਿਲਮ ਨੂੰ ਦਰਸ਼ਕਾਂ ਨੇ ਭਰਵਾ ਹੁੰਗਾਰਾ ਦਿੱਤਾ ਸੀ।ਇਸ ਫਿਲਮ ਨੂੰ ਲੈਕੇ ਬਹੁਤ ਸਾਰੇ ਵਿਵਾਦ ਵੀ ਪੈਦਾ ਹੋਏ ਸਨ।ਮਸਲਨ ਸੋਨੀਆ ਗਾਂਧੀ ਨੂੰ ਧਿਆਨ ‘ਚ ਰੱਖਕੇ ਕੈਟਰੀਨਾ ਕੈਫ ਵਾਲਾ ਪਾਤਰ ਸਿਰਜਿਆ ਗਿਆ ਹੈ ਵਗੈਰਾ ਵਗੈਰਾ।ਪਰ ਇੱਥੇ ਇਹ ਗੱਲ ਕਹਿਣੀ ਜ਼ਰੂਰ ਬਣਦੀ ਹੈ।ਅਸੀ ਲੋਕਤੰਤਰ ਦੀ ਗਵਾਹੀ ਜ਼ਰੂਰ ਦਿੰਦੇ ਹਾਂ ਪਰ ਸਾਡਾ ਮਿਹਦਾ ਆਲੋਚਨਾ ਨੂੰ ਪਚਾਉਣ ਵਾਲਾ ਨਹੀਂ।

ਅਮਰੀਕਾ ਦੀ ਲੱਖ ਬੁਰਾਈ ਕੀਤੀ ਜਾ ਸਕਦੀ ਹੈ ਪਰ ਉੱਥੇ ਕੋਈ ਵੀ ਫਿਲਮ ਰਾਸ਼ਟਰ ਦੀ ਕੋਝੀ ਸਿਆਸਤ ‘ਤੇ ਟਿੱਪਣੀ ਜ਼ਰੂਰ ਕਰ ਸਕਦੀ ਹੈ ਚਾਹੇ ਫਿਰ ਕੋਈ ਪੁਰਸਕਾਰ ਨਾ ਮਿਲੇ ਉਹ ਵੱਖਰੀ ਗੱਲ ਹੈ।ਜਿਵੇਂ ਓਲੀਵਰ ਸਟੋਨ ਦੀ 1991 ਨੂੰ ਆਈ JFK ਜੋ ਅਮਰੀਕੀ ਰਾਸ਼ਟਰਪਤੀ ਜਾਨ ਆਫ ਕਨੈਡੀ ਦੇ ਕਤਲ ਨਾਲ ਸੰਬੰਧਿਤ ਸੀ।ਓਲੀਵਰ ਸਟੋਨ ਦੀ ਹੀ 1995 ਨੂੰ ਆਈ ਫਿਲਮ ‘ਨਿਕਸਨ’ ਐਂਥਨੀ ਹੋਪਕਿੰਨਸ ਅਭੀਨੀਤ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਜੀਵਨੀ ‘ਤੇ ਅਧਾਰਿਤ ਸੀ।ਜੇਮਸ ਕੈਮਰੂਨ ਦੀ 2009 ਨੂੰ ਆਈ ਫਿਲਮ ਅਵਤਾਰ ਹੋਵੇ ਜੋ ਅਮਰੀਕਾ ਦੇ ਵਾਤਾਵਰਨ ਵਿਰੋਧੀ ਏਜੰਡਿਆ ਦਾ ਗ਼ਲਪ ਤਰੀਕੇ ਨਾਲ ਵਿਰੋਧ ਕਰਦੀ ਹੈ।ਸ਼ਾਇਦ ਇਸੇ ਕਰਕੇ ਅਮਰੀਕਾ ਨੇ ਕੈਥਰੀਨ ਬਿੰਗਲੋ ਦੀ ‘ਦੀ ਹਾਰਟ ਲੋਕਰ’ ਨੂੰ ਆਸਕਰ ਨਾਲ ਨਵਾਜਿਆ ਤੇ ਅਵਤਾਰ ਨੂੰ ਇਸ ਪੁਰਸਕਾਰ ਤੋਂ ਵਾਂਝਾ ਰੱਖਿਆ।ਪਰ ਭਾਰਤ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਸਰਕਾਰਾਂ ਦਾ ਹਾਜਮਾ ਖਰਾਬ ਕਰਦੀਆਂ ਆਈਆਂ ਹਨ ਜਿਹਨਾਂ ਕਰਕੇ ਸਰਕਾਰ ਨੇ ਸੈਂਸਰ ਦੇ ਰਵਾਇਤੀ ਚੱਕਰ ‘ਚ ਇੰਨਾ ਫਿਲਮਾਂ ਨੂੰ ਘੜੀਸਿਆ।ਜਿਹਨਾਂ ਚੋਂ ਸੰਜੀਵ ਕੁਮਾਰ ਦੀ ਗੁਲਜ਼ਾਰ ਨਿਰਦੇਸ਼ਤ ਆਂਧੀ(1975) ਹੋਵੇ ਜਿਸ ਬਾਰੇ ਤੁਸੀ ਭਾਗ 1 ਵਿੱਚ ਪੜ੍ਹ ਚੁੱਕੇ ਹੋ।ਅਨੁਰਾਗ ਕਸ਼ਿਅਪ ਦੀ ਬਲੈਕ ਫਰਾਈ ਡੇ ਵੀ ਸਿਆਸਤ ਦੀ ਭੇਂਟ ਹੀ ਚੜ੍ਹੀ ਸੀ।ਅੰਮ੍ਰਿਤ ਨਾਹਟਾ ਦੀ ‘ਕਿੱਸਾ ਕੁਰਸੀ ਕਾ’ ਤੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਜਿਹਨਾਂ ਬਾਰੇ ਸੈਂਸਰ ਪੂਰੀ ਤਿਆਰੀ ਕਰ ਰਿਹਾ ਹੈ।ਜਿਹਨਾਂ ਚੋਂ ਇੱਕ ਹੈ ਆਉਣ ਵਾਲੀ ਫਿਲਮ ਐਲਕਸ ਵੋਨ ਟਨਜ਼ਲਮਨ ਦੀ ਕਿਤਾਬ Indian Summer-The Secrete history of the end of an Empire 'ਤੇ ਅਧਾਰਿਤ ਹੈ।ਜੋ ਫਿਲਹਾਲ ਭਾਰਤ ਸਰਕਾਰ ਵੱਲੋਂ ਏਤਰਾਜ਼ ਪ੍ਰਗਟ ਕਰਨ ਕਾਰਨ ਲਟਕੀ ਹੋਈ ਹੈ।ਇਸ ਫਿਲਮ ‘ਚ ਹਿਊਜ ਗ੍ਰਾਂਟ ਤੇ ਕੇਟ ਬਲੈਸ਼ੇਟ ਅਦਾਕਾਰੀ ਕਰਨ ਵਾਲੇ ਹਨ।

ਪ੍ਰਕਾਸ਼ ਝਾਅ ਦਾ ਸਿਨੇਮਾ ਸਾਰਥਕ ਤੇ ਆਰਥਿਕ ਹਿੱਤਾਂ ਰਾਹੀ ਸਿਆਸਤ ਦੀ ਨਬਜ਼ ਨੂੰ ਬਹੁਤ ਬਰੀਕੀ ਨਾਲ ਫੜ੍ਹਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ।ਇਸ ਦਾ ਅੰਦਾਜ਼ਾ ਤਾਂ ਇਸ ਗੱਲ ਤੋਂ ਹੀ ਲੱਗ ਜਾਂਦਾ ਹੈ ਕਿ ਪੰਜਾਬੀ ਫਿਲਮ ਜਿੰਮੀ ਸ਼ੇਰਗਿੱਲ ਅਭੀਨੀਤ ‘ਧਰਤੀ’ ਰਾਜਨੀਤੀ ਤੋਂ ਹੀ ਪ੍ਰਭਾਵਿਤ ਹੈ।ਆਖਰ ਕਦੋਂ ਤੱਕ ਪੰਜਾਬੀ ਸਿਨੇਮਾ ‘ਚ ਅਸੀ ਇਸ ਬਹਾਨੇ ਦੇ ਸਿਰ ‘ਤੇ ਚਲਦੇ ਰਹਾਂਗੇ ਕਿ ਹਿੰਦੀ ਫਿਲਮਾਂ ਲਈ ਵਿਸ਼ਾ ਪੁਰਾਣਾ ਸੀ ਪਰ ਪੰਜਾਬੀ ਫਿਲਮਾਂ ‘ਚ ਇਹ ਨਵਾਂ ਸੀ ਸੋ ਇਸ ਦੀ ਗੁੰਜਾਇਸ਼ ਹੈ।ਇਸ ਬਹਾਨੇ ਨੂੰ ਵਰਤਦੇ ਹੋਏ ਹੁਣ ਤੱਕ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਹਿੰਦੀ ਫਿਲਮਾਂ ਦੀ ਨਕਲ ਕਰਦੀਆਂ ਆ ਰਹੀਆਂ ਹਨ।ਗੁਰਦਾਸ ਮਾਨ ਦੀ ਮਿੰਨੀ ਪੰਜਾਬ ਫਿਲਮ ਕੱਲ੍ਹ ਹੋ ਨਾ ਹੋ’ ਦੀ ਨਕਲ ਸੀ ਤੇ ਧਰਤੀ ਫਿਲਮ ਤੇ ਨਿਰਦੇਸ਼ਕ ਨਵਨੀਤ ਸਿੰਘ ਦੀ ਇਸ ਤੋਂ ਪਹਿਲੀ ਫਿਲਮ ‘ਮੇਲ ਕਰਾਦੇ ਰੱਬਾ’ ਫਿਲਮ ਰਹਿਣਾ ਹੈ ਤੇਰੇ ਦਿਲ ਮੇਂ ਦੀ ਨਕਲ ਹੀ ਸੀ।ਖੈਰ ਪ੍ਰਕਾਸ਼ ਝਾਅ ਦੀਆਂ ਸਿਆਸਤ ਅਧਾਰਿਤ ਫਿਲਮਾਂ ਦਾ ਜ਼ਿਕਰ ਛਿੜੇ ਤਾਂ ਉਸ ਦੁਆਰਾ ਨਿਰਮਤ Film ਦਿਲ ਦੋਸਤੀ ਐਕਸਟਰਾ ਵੀ ਜ਼ਰੂਰ ਵੇਖਿਓ

(ਜਾਰੀ......)
ਹਰਪ੍ਰੀਤ ਸਿੰਘ ਕਾਹਲੋਂ ਟੀ ਵੀ ਪੱਤਰਕਾਰ ਹੈ,ਪਰ ਪੱਤਰਕਾਰੀ ਨਾਲੋਂ 1000 ਗੁਣਾ ਵੱਧ ਰੁਚੀ ਸਿਨੇਮੇ 'ਚ ਰੱਖਦਾ ਹੈ।