ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, July 20, 2011

ਡੋਪਿੰਗ 'ਘਪਲਾ', ਸਮਾਜਿਕ ਨਾਬਰਾਬਰੀ ਅਤੇ ਖੁੱਲ੍ਹੀ ਮੰਡੀ

ਖਿਡਾਰੀਆਂ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਖਾਣ ਦਾ ਮਾਮਲਾ ਬੇਪਰਦ ਹੋਣ ਨਾਲ ਸਮੁੱਚੇ ਮੁਲਕ ਵਿੱਚ ਚਰਚਾ ਛਿੜ ਗਈ ਹੈ। ਚਰਚਾ ਦਾ ਸੁਰ ਹਮਲਾਵਰ ਹੈ। ਭ੍ਰਿਸ਼ਟਾਚਾਰ, ਘਪਲਿਆਂ ਅਤੇ ਬੇਨੇਮੀਆਂ ਦੇ ਰੁਝਾਨ ਵਿੱਚ ਰੁਝਿਆ ਮੀਡੀਆ ਆਪਣੇ ਮੂੰਹ ਜਾਂ ਕਲਮ ਚੜ੍ਹੇ ਸ਼ਬਦਾਂ ਨਾਲ ਬਹਿਸ ਚਲਾ ਰਿਹਾ ਹੈ। ਕੌਮਾਂਤਰੀ ਪੱਧਰ ਉੱਤੇ ਨਾਮਣਾ ਖੱਟਣ ਵਾਲੀਆਂ ਕੁੜੀਆਂ ਦੀ ਪਰਖ ਦੌਰਾਨ ਅਜਿਹੀਆਂ ਦਵਾਈਆਂ ਦੇ ਅੰਸ਼ ਮਿਲੇ ਹਨ ਜੋ ਕੌਮਾਂਤਰੀ ਖੇਡਾਂ ਵਿੱਚ ਪਾਬੰਦੀਸ਼ੁਦਾ ਕਰਾਰ ਦਿੱਤੇ ਗਏ ਹਨ। ਮੀਡੀਆ ਵਿੱਚ ਚਲ ਰਹੀ ਬਹਿਸ ਵਿੱਚ ਇਸ ਸਮੁੱਚੇ ਘਟਨਾਕ੍ਰਮ ਨੂੰ ਘਪਲੇ ਦਾ ਰੂਪ ਦਿੱਤਾ ਜਾ ਰਿਹਾ ਹੈ। ਖਿਡਾਰੀਆਂ ਉੱਤੇ ਮੁਲਕ ਨੂੰ 'ਸ਼ਰਮਸਾਰ' ਕਰਨ ਅਤੇ ਖੇਡ ਮੈਦਾਨ ਨੂੰ 'ਦਾਗ਼ਦਾਰ' ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਮੁਲਜ਼ਮ ਨੂੰ ਮੁਜਰਮ ਕਰਾਰ ਦੇਣ ਦੀ ਅਜਿਹੀ ਕਾਹਲੀ ਕਿਉਂ ਅਤੇ ਕਿਸ ਨੂੰ ਹੈ? ਇਹ ਠੀਕ ਹੈ ਕਿ ਖਿਡਾਰੀਆਂ ਨੇ ਪਾਬੰਦੀਸ਼ੁਦਾ ਦਵਾਈਆਂ ਖਾਧੀਆਂ ਹਨ ਪਰ ਅਜਿਹਾ ਕਿਨ੍ਹਾਂ ਹਾਲਾਤ ਵਿੱਚ ਹੋਇਆ ਹੈ ਅਤੇ ਕਿਸ ਦੀ ਮਰਜ਼ੀ ਨਾਲ ਹੋਇਆ ਹੈ? ਖਿਡਾਰੀਆਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਹੱਕ ਹੈ ਅਤੇ ਉਨ੍ਹਾਂ ਦਾ ਮਸਲਾ ਸੁਹਿਰਦਤਾ ਨਾਲ ਵਿਚਾਰਿਆ ਜਾਣਾ ਬਣਦਾ ਹੈ। ਇਹ ਸਿਰਫ਼ ਸਾਡੇ ਮੁਲਕ ਨੂੰ ਮਾਣ ਦਿਵਾਉਣ ਵਾਲੇ ਹੀ ਨਹੀਂ ਸਗੋਂ ਜਮਹੂਰੀ ਮੁਲਕ ਦੇ ਵਾਸੀ ਵੀ ਹਨ। ਮੁਲਜ਼ਮ ਦਾ ਪੱਖ ਸੁਣੇ ਬਗੈਰ ਫ਼ੈਸਲਾ ਸੁਣਾ ਦੇਣ ਵਾਲਾ ਰੁਝਾਨ ਗ਼ੈਰ-ਜਮਹੂਰੀ ਅਤੇ ਗ਼ੈਰ-ਮਨੁੱਖੀ ਹੀ ਨਹੀਂ ਸਗੋਂ ਖੇਡ ਭਾਵਨਾ ਦੇ ਉਲਟ ਵੀ ਭੁਗਤਦਾ ਹੈ।

ਅਸ਼ਵਨੀ ਅਕੂਨਜੀ, ਸਿਨੀ ਜੋਸ ਅਤੇ ਮਨਦੀਪ ਕੌਰ ਨੇ ਕੁੜੀਆਂ ਦੀ ਚਾਰ ਗੁਣਾ ਚਾਰ ਸੌ ਮੀਟਰ ਦੌੜ ਵਿੱਚ ਰਾਸ਼ਟਰਮੰਡਲ ਅਤੇ ਏਸ਼ੀਆਡ ਵਿੱਚ ਸੋਨੇ ਤਮਗੇ ਜਿੱਤੇ ਸਨ। ਇਹ ਕੌਮਾਂਤਰੀ ਮੁਕਾਬਲਿਆਂ ਵਿੱਚ ਲਗਾਤਾਰ ਹਿੱਸਾ ਲੈਂਦੀਆਂ ਹਨ। ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਚੰਗੇ ਖਿਡਾਰੀਆਂ ਦੀ ਦਰਜਾਬੰਦੀ ਕੀਤੀ ਜਾਂਦੀ ਹੈ। ਕੌਮਾਂਤਰੀ ਪੱਧਰ ਉੱਤੇ ਖੇਡਾਂ ਅਤੇ ਖਿਡਾਰੀਆਂ ਨੂੰ ਪਾਬੰਦੀਸ਼ੁਦਾ ਦਵਾਈਆਂ ਅਤੇ ਕਾਰਗੁਜ਼ਾਰੀ ਸੁਧਾਰਨ ਵਾਲੀ ਗ਼ੈਰ-ਕਾਨੂੰਨੀ ਖੁਰਾਕ ਤੋਂ ਮੁਕਤ ਰੱਖਣ ਦੀ ਜ਼ਿੰਮੇਵਾਰੀ 'ਵਰਲਡ ਐਂਟੀ ਡੋਪਿੰਗ ਏਜੰਸੀ' (ਵਾਡਾ) ਸਿਰ ਹੈ। ਇਹ ਅਦਾਰਾ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਦੀ ਦਰਜਾਬੰਦੀ ਕਰਦਾ ਹੈ। ਕੌਮਾਂਤਰੀ ਦਰਜਾਬੰਦੀ ਵਿੱਚ ਸ਼ੁਮਾਰ ਖਿਡਾਰੀਆਂ ਨੂੰ ਆਪਣੀ ਠਾਹਰ ਅਤੇ ਸਫ਼ਰ ਦੀ ਢੁਕਵੀਂ ਜਾਣਕਾਰੀ ਮੁਹੱਈਆ ਕਰਨੀ ਲਾਜ਼ਮੀ ਹੁੰਦੀ ਹੈ। ਵਾਡਾ ਕਿਸੇ ਵੀ ਖਿਡਾਰੀ ਦੀ ਕਦੇ ਵੀ ਪਰਖ ਕਰ ਸਕਦੀ ਹੈ। ਇਸ ਤਰ੍ਹਾਂ ਖਿਡਾਰੀਆਂ ਕੋਲ ਹੁਣ ਇਹ ਛੋਟ ਨਹੀਂ ਹੈ ਕਿ ਉਹ ਮੁਕਾਬਲਿਆਂ ਤੋਂ ਵਿਹਲੇ ਹੋ ਕੇ ਅਵੇਸਲੇ ਹੋ ਸਕਦੇ ਹਨ। ਵਾਡਾ ਦੀਆਂ ਸਾਰੇ ਮੁਲਕਾਂ ਵਿੱਚ ਸਾਖ਼ਾਵਾਂ ਹਨ ਜਿਨ੍ਹਾਂ ਨੂੰ 'ਨੈਸ਼ਨਲ ਐਂਟੀ ਡੋਪਿੰਗ ਏਜੰਸੀ' (ਨਾਡਾ) ਕਿਹਾ ਜਾਂਦਾ ਹੈ। ਇਸ ਆਲਮੀ ਢਾਂਚੇ ਕਾਰਨ ਦਰਜਾਬੰਦ ਖਿਡਾਰੀ ਹਰ ਵੇਲੇ ਵਾਡਾ ਦੇ ਘੇਰੇ ਵਿੱਚ ਰਹਿੰਦੇ ਹਨ। ਇਨ੍ਹਾਂ ਹਾਲਾਤ ਤੋਂ ਕੌਮਾਂਤਰੀ ਖਿਡਾਰੀ, ਕੋਚ ਅਤੇ ਖੇਡ ਪ੍ਰਬੰਧਕ ਭਲੀ-ਭਾਂਤ ਜਾਣੂ ਹਨ। ਅਸ਼ਵਨੀ ਅਕੂਨਜੀ, ਸਿਨੀ ਜੋਸ ਅਤੇ ਮਨਦੀਪ ਕੌਰ ਵਾਡਾ ਵੱਲੋਂ ਦਰਜਾਬੰਦ ਖਿਡਾਰਨਾਂ ਹਨ। ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਚੰਗਾ ਹੋਇਆ ਇਹ ਮਾਮਲਾ ਪਹਿਲਾਂ ਹੀ ਸਾਹਮਣੇ ਆ ਗਿਆ ਕਿਉਂਕਿ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਇਹ ਨਮੋਸ਼ੀ ਦਾ ਸਬੱਬ ਬਣ ਸਕਦਾ ਸੀ। ਸਵਾਲ ਇਹ ਹੈ ਕਿ ਜੇ ਇਹ
ਪਾਬੰਦੀਸ਼ੁਦਾ ਦਵਾਈ ਬਿਨਾਂ ਜਾਣਕਾਰੀ ਜਾਂ ਅਣਜਾਣੇ ਵਿੱਚ ਖਾਧੀ ਗਈ ਹੈ ਤਾਂ ਕੀ ਇਨ੍ਹਾਂ ਖਿਡਾਰੀਆਂ ਨੂੰ ਕੋਈ ਛੋਟ ਦਿੱਤੀ ਜਾ ਸਕਦੀ ਹੈ?

ਆਧੁਨਿਕ ਖੇਡਾਂ ਵਿੱਚ ਖਿਡਾਰੀਆਂ ਦੀ ਤਿਆਰੀ ਲਈ ਹਰ ਛੋਟੀ ਤੋਂ ਛੋਟੀ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ। ਸਖ਼ਤ ਕੌਮਾਂਤਰੀ ਮੁਕਾਬਲੇ ਕਾਰਨ ਖਿਡਾਰੀ ਅਤੇ ਖੇਡ ਪ੍ਰਬੰਧਕ ਬਿਹਤਰ ਸਹੂਲਤਾਂ, ਮਿਆਰੀ ਸਿਖਲਾਈ, ਲਗਾਤਾਰ ਅਭਿਆਸ ਅਤੇ ਖੁਰਾਕ ਦਾ ਧਿਆਨ ਰੱਖਦੇ ਹਨ। ਖਿਡਾਰੀਆਂ ਦੀ ਖ਼ਰਚ ਹੁੰਦੀ ਊਰਜਾ ਦੀ ਪੂਰਤੀ ਸਾਧਾਰਨ ਖੁਰਾਕ ਨਾਲ ਨਹੀਂ ਹੁੰਦੀ। ਇਸ ਲਈ ਖਿਡਾਰੀਆਂ ਨੂੰ ਖੁਰਾਕ ਪੂਰਕਾਂ (ਸਪਲੀਮੈਂਟ) ਦੀ ਲੋੜ ਪੈਂਦੀ ਹੈ। ਇਨ੍ਹਾਂ ਖੁਰਾਕ ਪੂਰਕਾਂ ਨੂੰ 'ਖੇਡ ਦਵਾਈਆਂ' ਵੀ ਕਿਹਾ ਜਾਂਦਾ ਹੈ। ਯੂਰਪੀ ਅਤੇ ਉੱਤਰੀ ਅਮਰੀਕੀ ਮੁਲਕਾਂ ਵਿੱਚ 'ਖੇਡ ਦਵਾਈਆਂ' ਬਾਬਤ ਰਸਾਲੇ ਛਪਦੇ ਹਨ। ਸਾਡੇ ਮੁਲਕ ਵਿੱਚ ਇਨ੍ਹਾਂ ਦੀ ਵਰਤੋਂ ਦਾ ਅੰਦਾਜ਼ਾ ਹਰ ਖੇਡ ਸਿਖਲਾਈ ਕੇਂਦਰ, ਅਖਾੜੇ ਜਾਂ ਜਿੰਮ ਤੋਂ ਲਗਾਇਆ ਜਾ ਸਕਦਾ ਹੈ। ਇਹ ਸਾਰੀਆਂ ਦਵਾਈਆਂ ਪਾਬੰਦੀਸ਼ੁਦਾ ਨਹੀਂ ਹਨ ਸਗੋਂ ਸਖ਼ਤ ਮੁਸ਼ਕਤ ਕਰਨ ਵਾਲਿਆਂ ਲਈ ਜ਼ਰੂਰੀ ਮੰਨੀਆਂ ਜਾਂਦੀਆਂ ਹਨ। ਖਿਡਾਰੀ ਹਰ ਰੋਜ਼ ਘੰਟਿਆਂਬੱਧੀ ਅਭਿਆਸ ਕਰਦੇ ਹਨ। ਇਹ ਉਨ੍ਹਾਂ ਦਾ ਨਿਤਨੇਮ ਹੈ ਜਿਸ ਵਿੱਚ ਸਰਦੀ-ਗਰਮੀ ਦਾ ਵਿਘਨ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ। ਵਾਡਾ ਕਬੂਲ ਕਰਦੀ ਹੈ ਕਿ 'ਖੁਰਾਕ ਪੂਰਕ' ਖੇਡ ਖੁਰਾਕ ਦਾ ਅਹਿਮ ਹਿੱਸਾ ਹੈ। ਦੂਜਾ ਪੱਖ ਇਹ ਵੀ ਹੈ ਕਿ ਵਾਡਾ ਵੱਲੋਂ ਕਿਸੇ ਤਰ੍ਹਾਂ ਦੇ 'ਖੁਰਾਕ ਪੂਰਕਾਂ' ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ। ਕੁਝ ਰਸਾਇਣਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਪਾਬੰਦੀਸ਼ੁਦਾ ਕਰਾਰ ਦਿੱਤਾ ਗਿਆ ਹੈ। ਦਵਾਈ ਕੰਪਨੀਆਂ ਵੱਲੋਂ 'ਖੁਰਾਕ ਪੂਰਕਾਂ' ਨੂੰ ਪਾਬੰਦੀਸ਼ੁਦਾ ਰਸਾਇਣਾਂ ਤੋਂ ਮੁਕਤ ਰੱਖਣ ਦੀ ਤਵੱਕੋ ਨਾ ਕੀਤੇ ਜਾਣ ਦੇ ਕਈ ਕਾਰਨ ਹਨ? ਇਸ ਸਨਅਤ ਦਾ ਸਮੁੱਚਾ ਮਿਆਰ ਸ਼ੱਕ ਦੇ ਘੇਰੇ ਵਿੱਚ ਹੈ ਅਤੇ ਨਕਲੀ ਦਵਾਈਆਂ ਦਾ ਵੱਡਾ ਕਾਰੋਬਾਰ ਇਸ ਦੀ ਬਦਨਾਮੀ ਦਾ ਸਬੱਬ ਹੈ। ਰਸਾਇਣਕ ਕੰਪਨੀਆਂ ਦੇ ਕਾਰੋਬਾਰ ਵਿੱਚ ਦਲਾਲੀਆਂ ਅਤੇ ਹਿੱਸੇ-ਪੱਤੀਆਂ ਦੇ ਮਾਮਲੇ ਲਗਾਤਾਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੇ ਰਹਿੰਦੇ ਹਨ। ਖਿਡਾਰੀਆਂ ਨੇ ਆਪਣੇ 'ਖੁਰਾਕ ਪੂਰਕ' ਖੁੱਲ੍ਹੀ ਮੰਡੀ ਵਿਚੋਂ ਹੀ ਖਰੀਦਣੇ ਹਨ, ਸੋ ਅਣਜਾਣੇ ਵਿੱਚ ਪਾਬੰਦੀਸ਼ੁਦਾ ਰਸਾਇਣ ਦੀ ਵਰਤੋਂ ਹੋ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਵਾਡਾ ਵੱਲੋਂ 'ਖੁਰਾਕ ਪੂਰਕਾਂ' ਦੀ ਸਿਫ਼ਾਰਿਸ਼ ਨਾ ਕੀਤੇ ਜਾਣ ਦਾ ਅਹਿਮ ਕਾਰਨ ਰਸਾਇਣ ਸਨਅਤ ਨਾਲ ਜੁੜਿਆ ਹੋਇਆ ਹੈ। ਅਜਿਹੀ ਸਿਫ਼ਾਰਿਸ਼ ਨੂੰ ਇਸ਼ਤਿਹਾਰ ਮੰਨਿਆ ਜਾਵੇਗਾ ਜਿਸ ਕਾਰਨ ਵਾਡਾ 'ਖੁਰਾਕ ਪੂਰਕਾਂ' ਦੀ ਚੋਣ ਖਿਡਾਰੀਆਂ, ਕੋਚਾਂ ਅਤੇ ਖੇਡ ਪ੍ਰਬੰਧਕਾਂ ਉੱਤੇ ਛੱਡ ਦਿੰਦੀ ਹੈ। ਆਸਟਰੇਲੀਆਈ, ਉੱਤਰੀ ਅਮਰੀਕੀ, ਯੂਰਪੀ ਅਤੇ ਹੋਰ ਖੇਡ ਨੂੰ ਤਰਜੀਹ ਦੇਣ ਵਾਲੇ ਮੁਲਕਾਂ ਵਿੱਚ ਅਜਿਹੇ ਅਦਾਰੇ ਹਨ ਜੋ ਦਵਾਈਆਂ ਦੀ ਪਰਖ਼ ਕਰਦੇ ਹਨ ਅਤੇ ਪ੍ਰਮਾਣਪੱਤਰ ਜਾਰੀ ਕਰਦੇ ਹਨ ਕਿ ਇਸ ਵਿੱਚ ਪਾਬੰਦੀਸ਼ੁਦਾ ਰਸਾਇਣਕ ਤੱਤ ਨਹੀਂ ਹਨ। ਖੇਡ ਪ੍ਰਬੰਧਕ ਧਿਆਨ ਰੱਖਦੇ ਹਨ ਕਿ ਖਿਡਾਰੀ ਪ੍ਰਮਾਣਕ 'ਖੁਰਾਕ ਪੂਰਕ' ਹੀ ਲੈਣ। ਲੋੜੀਂਦੇ ਮਿਆਰੀ 'ਖੁਰਾਕ ਪੂਰਕ' ਯਕੀਨੀ ਬਣਾਉਣ ਤੋਂ ਬਾਅਦ ਜੇ ਕੋਈ ਖਿਡਾਰੀ ਪਾਬੰਦੀਸ਼ੁਦਾ ਦਵਾਈ ਲੈਂਦਾ ਹੈ ਤਾਂ ਉਸ ਖ਼ਿਲਾਫ਼ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਂਦੀ ਹੈ। ਸਾਡੇ ਮੁਲਕ ਵਿੱਚ ਖੇਡ ਫੈਡਰੇਸ਼ਨਾਂ, ਸਪੋਰਟਸ ਅਥਾਰਿਟੀ ਆਫ਼ ਇੰਡੀਆ, ਖੇਡ ਮੰਤਰਾਲਾ ਅਤੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਕੋਲ ਲੋੜੀਂਦੇ 'ਖੁਰਾਕ ਪੂਰਕਾਂ' ਦੀ ਪੂਰਤੀ ਅਤੇ ਉਨ੍ਹਾਂ ਦਾ ਮਿਆਰ ਯਕੀਨੀ ਬਣਾਉਣ ਦਾ ਬੰਦੋਬਸਤ ਨਹੀਂ ਹੈ। ਇਸ ਹਾਲਤ ਵਿੱਚ ਖਿਡਾਰੀਆਂ ਦੀ ਟੇਕ 'ਖੁਰਾਕ ਪੂਰਕਾਂ' ਦੀ ਸਿਫ਼ਾਰਿਸ਼ ਕਰਨ ਵਾਲੇ ਮਾਹਿਰਾਂ ਅਤੇ ਦਵਾਈਆਂ ਦੀਆਂ ਦੁਕਾਨਾਂ ਉੱਤੇ ਰਹਿੰਦੀ ਹੈ। ਜਿਸ ਤਰ੍ਹਾਂ ਡਾਕਟਰ ਵੱਲੋਂ ਸਿਫ਼ਾਰਿਸ਼ ਕੀਤੀ ਅਤੇ ਦੁਕਾਨਦਾਰ ਵੱਲੋਂ ਵੇਚੀ ਗਈ ਦਵਾਈ ਉੱਤੇ ਮਰੀਜ਼ ਨੂੰ ਯਕੀਨ ਕਰਨਾ ਪੈਂਦਾ ਹੈ, ਉਸੇ ਤਰ੍ਹਾਂ ਖਿਡਾਰੀਆਂ ਨਾਲ ਵੀ ਹੁੰਦਾ ਹੈ। ਇਸ ਹਾਲਤ ਵਿੱਚ ਜੇ ਕੋਈ ਪਾਬੰਦੀਸ਼ੁਦਾ ਦਵਾਈ ਖਾਧੀ ਜਾਂਦੀ ਹੈ ਤਾਂ ਕਾਨੂੰਨੀ ਕਾਰਵਾਈ ਤੋਂ ਖਿਡਾਰੀ ਨਹੀਂ ਬਚ ਸਕਦਾ। ਕੌਮਾਂਤਰੀ ਖੇਡ ਕਾਨੂੰਨਾਂ ਮੁਤਾਬਕ ਜੁਰਮਾਨੇ ਅਤੇ ਪਾਬੰਦੀਆਂ ਲੱਗਣੀਆਂ ਹਨ। ਸਵਾਲ ਇਹ ਹੈ ਕਿ ਕੀ ਬਿਨਾਂ ਜਾਂਚ ਤੋਂ ਖਿਡਾਰੀਆਂ ਦੀ ਚਾਂਦਮਾਰੀ ਜਾਇਜ਼ ਹੈ? ਦੋਸ਼ੀ ਪਾਏ ਜਾਣ ਤੋਂ ਬਾਅਦ ਵੀ ਖਿਡਾਰੀਆਂ ਦੀਆਂ ਪੁਰਾਣੀਆਂ ਪ੍ਰਾਪਤੀਆਂ ਮਨਫ਼ੀ ਕਿਵੇਂ ਕੀਤੀਆਂ ਜਾ ਸਕਦੀਆਂ ਹਨ?

ਪਾਬੰਦੀਸ਼ੁਦਾ ਦਵਾਈਆਂ ਖਾਣ ਦੀ ਪੁਸ਼ਟੀ ਹੋਣ ਤੋਂ ਬਾਅਦ ਹੁਣ ਚੱਲ ਰਹੀ ਬਹਿਸ ਨੂੰ ਬਰੀਕੀ ਨਾਲ ਸਮਝਣ ਦੀ ਲੋੜ ਹੈ। ਮਸਲਾ ਸਿਰਫ਼ ਖੇਡ ਮੈਦਾਨ ਦੀ ਮਰਿਆਦਾ ਨੂੰ ਕਾਇਮ ਰੱਖਣ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ। ਇਸ ਬਹਿਸ ਉੱਤੇ ਅਸਰਅੰਦਾਜ਼ ਸਿਆਸਤ, ਮੌਜੂਦਾ ਮਾਹੌਲ ਅਤੇ ਅਗਿਆਨਤਾ ਬਾਬਤ ਸੰਜੀਦਗੀ ਨਾਲ ਵਿਚਾਰ ਹੋਣਾ ਚਾਹੀਦਾ ਹੈ। ਮੌਜੂਦਾ ਖੇਡ ਮੇਲਿਆਂ, ਪ੍ਰਬੰਧਾਂ ਅਤੇ ਮਹਿਕਮਿਆਂ ਦੀ ਸਿਆਸਤ ਇਸ ਮਾਮਲੇ ਉੱਤੇ ਵੀ ਅਸਰਅੰਦਾਜ਼ ਹੁੰਦੀ ਜਾਪਦੀ ਹੈ। ਫੌਰੀ ਤੌਰ ਉੱਤੇ ਇਸ ਦੀਆਂ ਤੰਦਾਂ ਦਾ ਅੰਦਾਜ਼ਾ ਲਗਾਉਣਾ ਔਖਾ ਹੈ। ਮੌਜੂਦਾ ਮਾਹੌਲ ਵਿੱਚ ਜ਼ਿਆਦਾਤਰ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰੇ ਆਪਣੀ ਭਰੋਸੇਯੋਗਤਾ ਦੇ ਸੰਕਟ ਨਾਲ ਜੂਝ ਰਹੇ ਹਨ। ਮੁਲਕ ਵਿੱਚ ਭ੍ਰਿਸ਼ਟਾਚਾਰ, ਘਪਲਿਆਂ, ਕੁਨਬਾਪ੍ਰਸਤੀ, ਜ਼ਖ਼ੀਰੇਬਾਜ਼ੀ ਅਤੇ ਮੁਨਾਫ਼ਾਖ਼ੋਰੀ ਨੂੰ ਨੱਥ ਪਾਉਣ ਵਿੱਚ ਨਾਕਾਮਯਾਬ ਰਹੇ ਅਦਾਰੇ ਬਿਨਾਂ ਯੋਗਤਾ ਤੋਂ ਹੀ ਖਿਡਾਰੀਆਂ ਬਾਬਤ ਫ਼ੈਸਲਾ ਸੁਣਾਉਣ ਲਈ ਕਚਹਿਰੀ ਲਗਾਈ ਬੈਠੇ ਹਨ। ਦਲੀਲ ਦਾ ਇਕ ਪਾਸਾ ਇਹ ਹੈ ਕਿ ਸਾਡੇ ਮੁਲਕ ਵਿੱਚ ਹਰ ਬੰਦਾ ਅਤੇ ਅਦਾਰਾ ਸ਼ੱਕ ਦੇ ਘੇਰੇ ਵਿੱਚ ਹੈ। ਸੋ ਸਿਆਸਤਦਾਨਾਂ, ਅਫ਼ਸਰਸ਼ਾਹੀ ਅਤੇ ਪੱਤਰਕਾਰਾਂ ਉੱਤੇ ਹੀ ਕਿਉਂ ਉਂਗਲੀ ਚੁੱਕੀ ਜਾਵੇ? ਖਿਡਾਰੀਆਂ ਉੱਤੇ ਸਵਾਲ ਕਰਨ ਲਈ ਜਾਂਚ ਦੀ ਕੀ ਲੋੜ ਹੈ? ਦੂਜਾ ਪਾਸਾ ਇਹ ਹੈ ਕਿ ਸਰਕਾਰ ਨਾਜ਼ੁਕ ਕੜੀ ਖਿਡਾਰੀਆਂ ਨੂੰ ਸਜ਼ਾ ਦੇ ਕੇ ਆਪਣਾ 'ਨੈਤਿਕ ਰੁਤਬਾ' ਬੁਲੰਦ ਕਰ ਸਕਦੀ ਹੈ। ਖਿਡਾਰੀਆਂ ਦਾ ਰੁਤਬਾ ਕਿਸੇ ਅਖ਼ਤਿਆਰ ਨਾਲ ਨਹੀਂ ਸਗੋਂ ਸਤਿਕਾਰ ਨਾਲ ਜੁੜਦਾ ਹੈ। ਸੋ ਆਪਣਾ ਸਤਿਕਾਰ ਗੁਆ ਚੁੱਕੇ ਸਤਿਕਾਰ ਵਾਲਿਆਂ ਦਾ ਸਤਿਕਾਰ ਤਾਂ ਖੋਹ ਹੀ ਸਕਦੇ ਹਨ।

ਪਿਛਲੇ ਦਿਨਾਂ ਦਾ ਘਟਨਾਕ੍ਰਮ ਦਿਲਚਸਪ ਹੈ। ਕੇਂਦਰੀ ਖੇਡ ਮੰਤਰੀ ਅਜੇ ਮਾਕਨ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਮੁਕਲ ਮੋਦਗਿਲ ਨੂੰ ਜਾਂਚ ਦਾ ਕੰਮ ਸੌਂਪ ਦਿੱਤਾ ਗਿਆ ਹੈ। ਖੇਡ ਮੰਤਰਾਲੇ ਨੇ ੪੦੦ ਮੀਟਰ ਦੌੜ ਲਈ ਰੱਖੇ ਗਏ ਵਿਦੇਸ਼ੀ ਕੋਚ ਯੂਰੀ ਉਗਰੋਦਨਿਕ ਦੀ ਛੁੱਟੀ ਕਰ ਦਿੱਤੀ ਹੈ। ਪੰਜਾਬ ਦੇ ਖੇਡ ਮਹਿਕਮੇ ਵੱਲੋਂ ਭਾਗ ਸਿੰਘ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੇ ਕੋਚ ਆਰ.ਐਸ. ਸਿੱਧੂ ਨੂੰ ਮੁਅੱਤਲ ਅਤੇ ਰਮੇਸ਼ ਨਾਗਾਪੁਰੀ ਨੂੰ 'ਕਾਰਨ ਦੱਸੋ ਨੋਟਿਸ' ਜਾਰੀ ਕੀਤੀ ਗਿਆ ਹੈ। ਨੈਸ਼ਨਲ ਇੰਨਸਟੀਚਿਉਟ ਆਫ਼ ਇੰਡੀਆ (ਐਨ.ਆਈ.ਐਸ.) ਦੇ ਕੁੜੀਆਂ ਦੇ ਹੋਸਟਲ ਦੇ ਅਮਲੇ ਵਿਚੋਂ ਸੁਨੀਤਾ ਵੇਦੀ ਅਤੇ ਕਲਪਨਾ ਦੇਵਨਾਥ ਨੂੰ ਫੌਰੀ ਹਟਾ ਦਿੱਤਾ ਗਿਆ ਹੈ। ਪੰਜਾਬ ਦੇ ਸਿਹਤ ਮੰਤਰੀ ਸਤਪਾਲ ਗੋਸਾਈਂ ਨੇ ਦਵਾਈਆਂ ਵੇਚਣ ਵਾਲੀਆਂ ਦੁਕਾਨਾਂ ਦੇ ਲਾਈਸੈਂਸ ਰੱਦ ਕੀਤੇ ਹਨ। ਨਾਡਾ ਵੱਲੋਂ ਨੈਸ਼ਨਲ ਇੰਨਸਟੀਚਿਉਟ ਆਫ਼ ਇੰਡੀਆ ਉੱਤੇ ਛਾਪਾ ਮਾਰਿਆ ਗਿਆ ਹੈ। ਇਸ ਸਾਰੀ ਕਾਹਲ ਵਿੱਚ ਕੁਝ ਗੱਲਾਂ ਸਮਝ ਤੋਂ ਬਾਹਰ ਹਨ। ਖਿਡਾਰੀਆਂ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਖਾਣ ਦੀ ਪੁਸ਼ਟੀ ਹੋ ਗਈ ਪਰ ਬਾਕੀ ਅਮਲੇ ਖ਼ਿਲਾਫ਼ ਬਿਨਾਂ ਜਾਂਚ ਤੋਂ ਕਾਰਵਾਈ ਕਿਸ ਕਾਰਨ ਕੀਤੀ ਗਈ ਹੈ? ਐਨ.ਆਈ.ਐਸ. ਉੱਤੇ ਛਾਪਾ ਦਰਸਾਉਂਦਾ ਹੈ ਕਿ ਸਮੁੱਚੇ ਅਦਾਰੇ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਕੁਝ ਸਾਬਕਾ ਖਿਡਾਰੀਆਂ ਦੇ ਬਿਆਨ ਧਿਆਨ ਦੀ ਮੰਗ ਕਰਦੇ ਹਨ। ਮਿਲਖਾ ਸਿੰਘ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੀ.ਟੀ. ਊਸ਼ਾ ਨੇ ਪਹਿਲਾਂ ਹੀ ਦਾਲ ਵਿੱਚ ਕਾਲਾ ਹੋਣ ਦੀ ਗੱਲ ਕੀਤੀ ਹੈ ਅਤੇ ਯੂਕਰੇਨ ਵਿੱਚ ਖਿਡਾਰੀਆਂ ਦੇ ਸਿਖਲਾਈ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਂਦਾ ਹੈ। ਬੈਂਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਬਿਆਨ ਦਿੱਤਾ ਹੈ ਕਿ ਉਸ ਕੋਲ ਕਈ ਖਿਡਾਰਨਾਂ ਨੇ ਪਾਬੰਦੀਸ਼ੁਦਾ ਦਵਾਈਆਂ ਖਾਣ ਦੀ ਗੱਲ ਕਬੂਲ ਕੀਤੀ ਸੀ। ਇਨ੍ਹਾਂ ਤਿੰਨਾਂ ਖਿਡਾਰੀਆਂ ਦੀਆਂ ਖੇਡ ਪ੍ਰਾਪਤੀਆਂ ਲਾਸਾਨੀ ਹਨ। ਦੂਜੇ ਖਿਡਾਰੀਆਂ ਬਾਬਤ ਮਿਲਖਾ ਸਿੰਘ ਦੀਆਂ ਟਿੱਪਣੀਆਂ ਪਹਿਲਾਂ ਵੀ ਵਿਵਾਦ ਦਾ ਸਬੱਬ ਬਣਦੀਆਂ ਰਹੀਆਂ ਹਨ। ਦਿੱਲੀ ਵਿੱਚ ਪਿਛਲੇ ਸਾਲ ਹੋਈਆਂ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਮਿਲਖਾ ਸਿੰਘ ਨੇ ਬਿਆਨ ਦਿੱਤਾ ਸੀ ਕਿ ਅਥਲੈਟਿਕਸ ਵਿੱਚ ਤਮਗਿਆਂ ਦੀ ਆਸ ਨਹੀਂ ਹੈ। ਇਸ ਬਿਆਨ ਦੀ ਵਿਆਖਿਆ ਕਈ ਤਰ੍ਹਾਂ ਨਾਲ ਹੋਈ। ਮਿਲਖਾ ਸਿੰਘ ਦੇ ਇਸ ਬਿਆਨ ਨੂੰ ਉਸ ਦੀ ਨਿਰਾਸ਼ਾ ਦਾ ਪ੍ਰਗਟਾਵਾ ਦੱਸਿਆ ਗਿਆ। ਆਖ਼ਰ ਪਿਛਲੇ ੫੨ ਸਾਲਾਂ ਵਿੱਚ ਉਸ ਦੀ ਜੇਤੂ ਰਵਾਇਤ ਨੂੰ ਅੱਗੇ ਤੋਰਨ ਵਾਲਾ ਕੋਈ ਨਹੀਂ ਆਇਆ ਸੀ। ਦੂਜਾ ਪੱਖ ਇਹ ਸੀ ਕਿ ਇਹ ਮਿਲਖਾ ਸਿੰਘ ਦਾ ਹੰਕਾਰ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਪੱਧਰ ਉੱਤੇ ਤਮਗਾ ਜਿੱਤਣ ਲਈ ਤਾਂ 'ਮਿਲਖਾ ਸਿੰਘ' ਹੋਣਾ ਜ਼ਰੂਰੀ ਹੈ। ਮਿਲਖਾ ਸਿੰਘ ਬਿਨਾਂ ਸ਼ੱਕ ਮੁਲਕ ਦਾ ਮਹਾਨ ਦੌੜਾਕ ਹੈ ਪਰ ਮਹਾਨ ਖਿਡਾਰੀ ਹੋਣ ਦਾ ਇਕੋ-ਇਕ ਮਿਆਰ 'ਮਿਲਖਾ ਸਿੰਘ' ਹੋਣਾ ਨਹੀਂ ਹੈ। ਇਨ੍ਹਾਂ ਕੁੜੀਆਂ ਨੇ ਤਾਂ ਇਹੋ ਸਾਬਤ ਕੀਤਾ ਸੀ। ਡਿਸਕਸ ਸੁੱਟਣ ਦੇ ਮੁਕਾਬਲੇ ਵਿੱਚ ਭਾਰਤੀ ਕੁੜੀਆਂ ਨੇ ਤਿੰਨੇ ਤਗਮੇ ਜਿੱਤ ਕੇ ਨੇ ਮੈਦਾਨ ਦਾ ਜੇਤੂ ਫੇਰਾ ਦਿੱਤਾ ਸੀ। ਕ੍ਰਿਸ਼ਨਾ ਪੂਨੀਆ, ਹਰਵੰਤ ਕੌਰ ਅਤੇ ਸੀਮਾ ਅੰਤਿਲ ਨੇ ਕ੍ਰਮਵਾਰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ ਸਨ। ਮਿਲਖਾ ਸਿੰਘ ਨੇ ਕ੍ਰਿਸ਼ਨਾ ਪੂਨੀਆ ਨੂੰ ਵਧਾਈ ਦਿੱਤੀ। ਬਾਅਦ ਵਿੱਚ ਸੀਮਾ ਅੰਤਿਲ ਨੇ ਕ੍ਰਿਸ਼ਨਾ ਨੂੰ ਕਿਹਾ, ''ਮਿਲਖਾ ਸਿੰਘ ਨੂੰ ਤਮਗਾ ਦਿਖਾ ਦੇ।" ਪੀ.ਟੀ. ਊਸ਼ਾ ਦੀ ਏਸ਼ੀਆ ਵਿੱਚ ਤੂਤੀ ਬੋਲਦੀ ਰਹੀ ਹੈ। ਮੌਜੂਦਾ ਕੋਚਿੰਗ ਪ੍ਰਣਾਲੀ ਨਾਲ ਉਸ ਦੀ ਬੇਇਤਫ਼ਾਕੀ ਜੱਗ ਜ਼ਾਹਿਰ ਹੈ। ਪੀ.ਟੀ. ਊਸ਼ਾ ਦੀ ਦਲੀਲ ਸੱਚ ਹੋ ਸਕਦੀ ਹੈ ਪਰ ਇਹ ਕੋਚਿੰਗ ਬਾਬਤ ਇਕੋ-ਇਕ ਦਲੀਲ ਵੀ ਨਹੀਂ ਹੈ। ਸਾਇਨਾ ਨੇਹਵਾਲ ਦੀ ਜਾਣਕਾਰੀ ਨੂੰ ਜਾਂਚ ਦੇ ਘੇਰੇ ਵਿੱਚ ਲਿਆ ਕੇ ਡੋਪਿੰਗ ਨੂੰ ਨੱਥ ਪਾਉਣ ਦਾ ਉਪਰਾਲਾ ਕੀਤਾ ਜਾਣਾ ਬਣਦਾ ਹੈ।

ਇਸ ਮਾਮਲੇ ਨੂੰ ਕੌਮਾਂਤਰੀ ਮੰਡੀ ਨਾਲੋਂ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ। ਕੌਮਾਂਤਰੀ ਖੇਡ ਮੰਡੀ ਵਿੱਚ 'ਖੇਡ ਸਮਾਨ' ਤੋਂ ਵੱਡਾ ਅਰਥਚਾਰਾ 'ਖੇਡ ਦਵਾਈਆਂ' ਦਾ ਹੈ। ਖਿਡਾਰੀਆਂ ਉੱਤੇ ਲਗਾਤਾਰ ਬਿਹਤਰੀਨ ਕਾਰਗੁਜ਼ਾਰੀ ਕਾਇਮ ਰੱਖਣ ਅਤੇ ਇਸ ਨੂੰ ਹੋਰ ਸੁਧਾਰਨ ਦਾ ਦਬਾਅ ਹੈ। ਇਸ਼ਤਿਹਾਰਾਂ ਵਿੱਚ ਖਿਡਾਰੀ ਸਭ ਤੋਂ ਵੱਡੀ ਨੁਮਾਇਸ਼ੀ ਸ਼ੈਅ ਹਨ। ਸਹੂਲਤਾਂ, ਰੁਜ਼ਗਾਰ, ਤਰੱਕੀਆਂ ਅਤੇ ਰੁਤਬੇ ਦਾ ਸਿੱਧਾ ਸਬੰਧ ਕਾਰਗੁਜ਼ਾਰੀ ਨਾਲ ਜੁੜਿਆ ਹੋਇਆ ਹੈ। ਇਸ ਹਾਲਤ ਵਿੱਚ ਖਿਡਾਰੀ ਮੰਡੀ ਦਾ ਬੰਧੂਆ ਮਜ਼ਦੂਰ ਹੈ ਜਿਸ ਦੀ ਆਪਣੀ ਮਰਜ਼ੀ ਕੋਈ ਨਹੀਂ ਹੈ। ਕ੍ਰਿਕਟ ਖਿਡਾਰੀਆਂ ਨੂੰ ਖੇਡ ਮਾਹਿਰ 'ਗਲੇਡੀਏਟਰ' ਕਰਾਰ ਦਿੰਦੇ ਹਨ। ਖਿਡਾਰੀ ਜਾਣਦੇ ਹਨ ਕਿ ਇਹ ਚਮਕ-ਦਮਕ ਕੁਝ ਦਿਨਾਂ ਦੀ ਪ੍ਰਾਹੁਣੀ ਹੈ। ਮੌਜੂਦਾ ਖਿਡਾਰੀਆਂ ਨਾਲ ਖੇਡ ਪ੍ਰਬੰਧ ਦੇ ਅਮਲੇ ਵਿੱਚ ਅਜਿਹੇ ਮਾਹਰ ਸ਼ਾਮਿਲ ਰਹਿੰਦੇ ਹਨ ਜੋ ਸੱਟਾਂ ਦੇ ਬਾਵਜੂਦ ਉਨ੍ਹਾਂ ਨੂੰ ਖੇਡਣ ਲਾਇਕ ਬਣਾਉਂਦੇ ਹਨ। ਇਹ ਕੰਮ ਖੇਡ ਪ੍ਰਬੰਧ ਦਾ ਅਹਿਮ ਹਿੱਸਾ ਹੈ। ਇਸ ਹਾਲਤ ਵਿੱਚ ਖਿਡਾਰੀਆਂ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਦਾ ਆਸਰਾ ਲੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਖੇਡ ਹਲਕਿਆਂ ਵਿੱਚ ਇਹ ਗੱਲ ਆਮ ਚੱਲਦੀ ਹੈ ਕਿ ਦਵਾਈ ਲੈਣ ਅਤੇ ਛੱਡਣ ਦੀ ਜਾਚ ਹੋਣੀ ਚਾਹੀਦੀ ਹੈ। ਸਮੁੱਚੀਆਂ ਦੁਨੀਆਂ ਦੇ ਖੇਡ ਪ੍ਰਬੰਧਕ ਆਪਣੀ ਮੁਹਾਰਤ ਇਸੇ ਦਲੀਲ ਨਾਲ ਵੇਚਦੇ ਹਨ ਕਿ ਉਹ ਖਿਡਾਰੀਆਂ ਦੀ ਮਿਆਰੀ ਕਾਰਗੁਜ਼ਾਰੀ ਯਕੀਨੀ ਬਣਾ ਸਕਦੇ ਹਨ। ਇਸ ਮੁਹਾਰਤ ਵਿੱਚ ਦਵਾਈਆਂ ਦੀ ਵਰਤੋਂ ਅਤੇ ਵਾਡਾ ਤੋਂ ਬਚਾਅ ਸ਼ਾਮਿਲ ਹੈ। ਇਹ ਨਿਖੇੜਾ ਕਰਨਾ ਔਖਾ ਹੈ ਕਿ ਜੇਤੂ ਖਿਡਾਰੀਆਂ ਦੇ ਪ੍ਰਬੰਧਕ ਬਿਹਤਰ ਹਨ ਜਾਂ ਡੋਪਿੰਗ ਵਿੱਚ ਫੜੇ ਜਾਣ ਵਾਲੇ ਖਿਡਾਰੀਆਂ/ਪ੍ਰਬੰਧਕਾਂ ਤੋਂ ਗਿਣਤੀਆਂ-ਮਿਣਤੀਆਂ ਵਿੱਚ ਕੁਝ ਉੱਨੀ-ਇੱਕੀ ਹੋ ਗਈ। ਇਸ ਤਰ੍ਹਾਂ ਇਹ ਮਸਲਾ ਉਨਾ ਸੁਖਾਲਾ ਨਹੀਂ ਹੈ, ਜਿੰਨਾ ਦਿਖਾਈ ਦਿੰਦਾ ਹੈ।

ਡੋਪਿੰਗ ਦੇ ਮਾਮਲੇ ਵਿੱਚ ਦੋ ਮਿਸਾਲਾਂ ਅਹਿਮ ਹਨ। ਪਹਿਲੀ ਫਰਾਟਾ ਦੌੜਾਕ ਬੈਨ ਜੌਨਸਨ ਦੀ ਹੈ। ਇਹ ਸਿਆਹਫਾਮ ਕੈਨੇਡੀਅਨ ਦੌੜਾਕ ੧੯੮੮ ਦੀ ਸਿਉਲ ਉਲੰਪਿਕ ਵਿੱਚ ਆਲਮੀ ਰਿਕਾਰਡ ਬਣਾ ਕੇ ੧੦੦ ਮੀਟਰ ਦੌੜ ਵਿੱਚ ਕਾਰਲ ਲੂਇਸ ਤੋਂ ਜਿੱਤਿਆ ਸੀ। ਬਾਅਦ ਵਿੱਚ ਪਰਖ਼ ਦੌਰਾਨ ਸਿੱਧ ਹੋਇਆ ਸੀ ਕਿ ਉਸ ਨੇ ਪਾਬੰਦੀਸ਼ੁਦਾ ਦਵਾਈਆਂ ਖਾਧੀਆਂ ਸਨ। ਇਹ ਵੀ ਕਿਹਾ ਗਿਆ ਸੀ ਕਿ ਜਿੰਨੀ ਰਫ਼ਤਾਰ ਨਾਲ ਉਹ ਭੱਜਿਆ ਸੀ, ਉਹ ਅਜਿਹੀ ਦਵਾਈ ਤੋਂ ਬਿਨਾਂ ਸੰਭਵ ਨਹੀਂ ਸੀ। ਬੈਨ ਜੌਨਸਨ ਤਾਂ ਗੁੰਮਨਾਮੀ ਅਤੇ ਬਦਨਾਮੀ ਦੀ ਜ਼ਿੰਦਗੀ ਵਿੱਚ ਗੁਆਚ ਗਿਆ ਪਰ ੧੦੦ ਮੀਟਰ ਉਸ ਤੋਂ ਜ਼ਿਆਦਾ ਰਫ਼ਤਾਰ ਨਾਲ ਬਹੁਤ ਵਾਰ ਭੱਜੀ ਜਾ ਚੁੱਕੀ ਹੈ। ਬੈਨ ਜੌਨਸਨ ਦੀ ਬਦਨਾਮੀ ਦਾ ਕਾਰਨ ਸਮਝਣ ਵੇਲੇ ਉਸ ਦੇ ਨਸਲੀ ਪਿਛੋਕੜ ਅਤੇ ਅਮਰੀਕੀ ਖਿਡਾਰੀਆਂ ਦੀ ਚੜ੍ਹਾਈ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਦੂਜੀ ਮਿਸਾਲ ਅਰਜਨਟੀਨਾ ਦੇ ਮਹਾਨ ਫੁੱਟਬਾਲ ਖਿਡਾਰੀ ਦਿਆਗੋ ਮੈਰਾਡੋਨਾ ਦੀ ਹੈ। ਮੈਰਾਡੋਨਾ ਨੂੰ ੧੯੯੬ ਦੇ ਫੁੱਟਬਾਲ ਦੇ ਆਲਮੀ ਕੱਪ ਦੌਰਾਨ ਪਾਬੰਦੀਸ਼ੁਦਾ ਦਵਾਈ ਖਾਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਉਹ ਉਸ ਤੋਂ ਬਾਅਦ ਅਰਜਨਟੀਨਾ ਦੀ ਟੀਮ ਦਾ ਹਰ ਮੈਚ ਦੇਖਣ ਜਾਂਦਾ ਸੀ ਅਤੇ ਆਪਣੇ ਸਾਥੀਆਂ ਦੀ ਹੌਂਸਲਾਅਫ਼ਜਾਈ ਕਰਦਾ ਸੀ। ਖੇਡ ਪ੍ਰੇਮੀਆਂ ਦਾ ਉਹ ਹਮੇਸ਼ਾਂ ਨਾਇਕ ਹੀ ਰਿਹਾ। ਅਰਜਨਟੀਨਾ ਵਿੱਚ ਉਸ ਨੂੰ ਕੌਮੀ ਟੀਮ ਦਾ ਕੋਚ ਵੀ ਬਣਾਇਆ ਗਿਆ। ਮੈਰਾਡੋਨਾ ਦਾ ਅੱਖੜ ਸੁਭਾਅ, ਬੇਪਰਵਾਹੀ ਅਤੇ ਹੁਨਰ ਲਗਾਤਾਰ ਚਰਚਾ ਦਾ ਵਿਸ਼ਾ ਰਹੇ ਹਨ। ਉਸ ਦੀ ਬਦਨਾਮੀ ਕਾਰਗੁਜ਼ਾਰੀ ਉੱਤੇ ਅਸਰਅੰਦਾਜ਼ ਨਹੀਂ ਹੋ ਸਕੀ। ਦੂਜਾ ਮਸਲਾ ਇਹ ਵੀ ਹੈ ਕਿ ਅਰਜਨਟੀਨਾ ਨੇ ਉਸ ਦੀ ਖੇਡ ਮੈਦਾਨ ਉੱਤੇ ਦਿਖਾਈ ਜਾਦੂਗਰੀ ਨੂੰ ਕਦੇ ਨਹੀਂ ਭੁਲਾਇਆ। ਇਨ੍ਹਾਂ ਦੋਵਾਂ ਮਿਸਾਲਾਂ ਦੇ ਹਵਾਲੇ ਨਾਲ ਮੌਜੂਦਾ ਮਸਲੇ ਨੂੰ ਸਮਝਿਆ ਜਾ ਸਕਦਾ ਹੈ ਪਰ ਇਸ ਤੋਂ ਪਹਿਲਾਂ ਸੁਨੀਤਾ ਰਾਣੀ ਦੀ ਮਾਮਲਾ ਵਿਚਾਰਨਾ ਜ਼ਰੂਰੀ ਹੈ।
ਸੁਨੀਤਾ ਰਾਣੀ ਨੇ ਪੰਜਾਬ ਦੇ ਛੋਟੇ ਜਿਹੇ ਕਸਬੇ ਸੁਨਾਮ ਤੋਂ ਏਸ਼ੀਆਈ ਖੇਡਾਂ ਤੱਕ ਦਾ ਸਫ਼ਰ ਤੈਅ ਕੀਤਾ। ਬੁਸਾਨ ਦੀਆਂ ਏਸ਼ੀਆਈ ਖੇਡਾਂ (੨੦੦੨) ਵਿੱਚ ਉਸ ਨੇ ੧੫੦੦ ਮੀਟਰ ਵਿੱਚ ਸੋਨੇ ਅਤੇ ੫੦੦੦ ਮੀਟਰ ਵਿੱਚ ਕਾਂਸੀ ਦੇ ਤਮਗੇ ਜਿੱਤੇ ਸਨ। ਇਸ ਤੋਂ ਬਾਅਦ ਪਾਬੰਦੀਸ਼ੁਦਾ ਦਵਾਈਆਂ ਦੀ ਇਲਜ਼ਾਮ ਤਹਿਤ ਉਸ ਦੇ ਤਮਗੇ ਵਾਪਸ ਲਏ ਗਏ। ਤਮਗਿਆਂ ਤੋਂ ਵੱਡੀ ਗੱਲ ਉਸ ਦੀ ਆਪਣੇ ਪਰਿਵਾਰ ਦੀ ਮਦਦ ਨਾਲ ਲੜੀ ਗਈ ਲੜਾਈ ਸੀ। ਸੁਨੀਤਾ ਨਾਲ ਉਸ ਦਾ ਭਰਾ ਸ਼ਿੰਦਰ ਪਾਲ ਹੀ ਪੈਰਵਾਈ ਲਈ ਜਾਂਦੀ ਸੀ। ਦੋਵੇਂ ਦੇ ਗ਼ਮਗੀਨ ਚਿਹਰੇ ਅਖ਼ਬਾਰਾਂ ਅਤੇ ਟੈਲੀਵਿਜ਼ਨ ਉੱਤੇ ਦਿਖਾਈ ਦਿੰਦੇ ਸਨ। ਆਖ਼ਰ ਓਲੰਪਿਕ ਕਾਉਂਸਿਲ ਆਫ਼ ਏਸ਼ੀਆ ਨੇ ਜਾਂਚ ਤੋਂ ਬਾਅਦ ਫ਼ੈਸਲਾ ਕੀਤਾ ਕਿ ਪਰਖ ਕਰਨ ਵੇਲੇ ਕੋਈ ਗ਼ਲਤੀ ਲੱਗੀ ਸੀ ਅਤੇ ਸੁਨੀਤਾ ਰਾਣੀ ਨੂੰ ਤਮਗੇ ਮੋੜ ਦਿੱਤੇ ਗਏ। ਸੁਨੀਤਾ ਰਾਣੀ ਖ਼ਿਲਾਫ਼ ਪ੍ਰਚਾਰ ਕਰਨ ਵਾਲਾ ਤਬਕਾ ਗ਼ੈਰਹਾਜ਼ਰ ਪਰ ਸੁਨਾਮ ਨੇ ਆਪਣੀ ਲਾਡਲੀ ਦੌੜਾਕ ਦਾ ਜ਼ਬਰਦਸਤ ਸਵਾਗਤ ਕੀਤਾ ਸੀ। ਸੁਨੀਤਾ ਨੂੰ ਤਮਗੇ ਅਤੇ ਸਤਿਕਾਰ ਵਾਪਸ ਮਿਲ ਗਿਆ ਪਰ ਖੇਡ ਮੈਦਾਨ ਨੂੰ ਮੁੜ ਕੇ ਰਾਣੀ ਨਹੀਂ ਮਿਲੀ। ਕੌਮਾਂਤਰੀ ਪੱਧਰ ਉੱਤੇ ਪਹਿਲਾਂ ਵਾਲੇ ਮਿਆਰ ਦੀ ਕਾਰਗੁਜ਼ਾਰੀ ਦੁਹਰਾਈ ਨਹੀਂ ਜਾ ਸਕੀ। ਖੇਡ ਮਾਹਿਰਾਂ ਦੀ ਦਲੀਲ ਸੀ ਕਿ ਸੁਨੀਤਾ ਦਾ ਸਿਖ਼ਰਲਾ ਸਮਾਂ ਲੰਘ ਚੁੱਕਿਆ ਹੈ। ਇਹ ਸਵਾਲ ਪੁੱਛਿਆ ਹੀ ਨਹੀਂ ਗਿਆ ਕਿ 'ਸਿਖ਼ਰਲਾ ਸਮਾਂ ਲੰਘਾਉਣ' ਵਿੱਚ ਉਸ ਜ਼ਲਾਲਤ ਅਤੇ ਖੱਜਲਖੁਆਰੀ ਦਾ ਕਿੰਨਾ ਹਿੱਸਾ ਹੈ ਜੋ ਸੁਨੀਤਾ ਨੂੰ ਬੇਕਸੂਰ ਕਰਾਰ ਦਿੱਤੇ ਜਾਣ ਤੱਕ ਭੁਗਤਣੀ ਪਈ। ਮੌਜੂਦਾ ਘਟਨਾਕ੍ਰਮ ਦਾ ਧੁਰਾ ਕੁੜੀਆਂ ਹਨ ਜੋ ਭਰੂਣ-ਹੱਤਿਆ ਅਤੇ 'ਇੱਜ਼ਤ ਲਈ ਹੁੰਦੇ ਕਤਲਾਂ' ਦੇ ਦੌਰ ਵਿੱਚ ਆਪਣੇ ਦੂਰ-ਦੁਰਾਡੇ ਦੇ ਪਿੰਡਾਂ ਦੇ ਨਿਮਾਣੇ ਪਰਿਵਾਰਾਂ ਤੋਂ ਇੱਥੇ ਤੱਕ ਆਪਣੇ ਸਿਰੜ ਨਾਲ ਆਈਆਂ ਹਨ। ਇਨ੍ਹਾਂ ਖ਼ਿਲਾਫ਼ ਹੋ ਰਹੀ ਚਾਂਦਮਾਰੀ ਵਿੱਚ ਸ਼ਹਿਰੀ ਪੜ੍ਹੇ-ਲਿਖੇ ਮੱਧ ਵਰਗ ਦੀ ਮਰਦਾਵੀਂ ਸੋਚ ਕਿੰਨੀ ਕੁ ਭਾਰੂ ਹੈ?

ਇਨ੍ਹਾਂ ਕੁੜੀਆਂ ਨੇ ਸਾਲਾਂਬੱਧੀ ਹੱਡ-ਤੋੜਵੀਂ ਮਿਹਨਤ ਨਾਲ ਇਹ ਮੁਕਾਮ ਹਾਸਿਲ ਕੀਤਾ ਹੈ। ਮਸਲਾ ਉਨ੍ਹਾਂ ਵੱਲੋਂ ਪਾਬੰਦੀਸ਼ੁਦਾ ਦਵਾਈ ਖਾਣ ਦੇ ਕਾਰਨਾਂ ਦਾ ਨਹੀਂ ਸਗੋਂ ਉਨ੍ਹਾਂ ਨੂੰ ਬਣਦੀ ਇੱਜ਼ਤ ਦੇਣ ਦਾ ਹੈ। ਯੂਰੀ ਉਗਰੋਦਨਿਕ ਨੇ ਇਨ੍ਹਾਂ ਕੁੜੀਆਂ ਦੀਆਂ ਪ੍ਰਾਪਤੀਆਂ ਵਿੱਚ ਨਿੱਗਰ ਹਿੱਸਾ ਪਾਇਆ ਹੈ। ਉਸ ਖ਼ਿਲਾਫ਼ ਜਾਂਚ ਕਰਕੇ ਫ਼ੈਸਲਾ ਕੀਤਾ ਜਾ ਸਕਦਾ ਸੀ ਪਰ ਮੌਜੂਦਾ ਕਾਰਵਾਈ ਨਾਲ ਖੇਡ ਪ੍ਰਬੰਧਕਾਂ ਅਤੇ ਕੇਂਦਰੀ ਖੇਡ ਮੰਤਰੀ ਨੇ ਆਪਣੀ ਤਾਕਤ ਦੀ ਨੁਮਾਇਸ਼ ਕੀਤੀ ਹੈ ਅਤੇ ਯੂਰੀ ਨੂੰ ਜਲੀਲ ਕਰਨ ਨੂੰ ਤਰਜੀਹ ਦਿੱਤੀ ਹੈ। ਖੇਡ ਲੇਖਕਾਂ ਨੇ ਆਪਣੇ ਉਲਾਰ ਸੁਭਾਅ ਮੁਤਾਬਕ ਸਨਸਨੀ ਫੈਲਾਈ ਹੈ ਜਿਸ ਦਾ ਖੇਡ ਭਾਵਨਾ ਨਾਲ ਕੋਈ ਮੇਲ ਨਹੀਂ ਬਣਦਾ। ਸਹਿਜਤਾ ਤੋਂ ਵਿਯੋਗੇ ਅੰਕੜਾ-ਮੁਖੀ ਲਿਖਤਾਂ ਨਾਲ ਰੁਤਬੇ ਹਾਸਿਲ ਕਰਨ ਵਾਲੇ ਖੇਡ ਲੇਖਕ ਭੁੱਲ ਗਏ ਹਨ ਕਿ ਖੇਡ ਭਾਵਨਾ ਸਿਰਫ਼ ਖਿਡਾਰੀਆਂ ਲਈ ਲਾਜ਼ਮੀ ਨੇਮ ਨਹੀਂ ਸਗੋਂ ਸਮਾਜਿਕ ਗੁਣ ਹੈ। ਇਸ ਦੀ ਤਵੱਕੋ ਖੇਡ ਲੇਖਕਾਂ ਅਤੇ ਪੱਤਰਕਾਰਾਂ ਤੋਂ ਵੀ ਕੀਤੀ ਜਾਂਦੀ ਹੈ।

ਖੇਡ ਵਰਗੀ ਸਮਾਜਿਕ ਸਰਗਰਮੀ ਦਾ ਮੰਡੀ ਦੀ ਭੇਟ ਚੜ੍ਹ ਜਾਣਾ ਸੋਗਵਾਰ ਹੈ। ਖਿਡਾਰੀਆਂ ਦੁਆਲੇ ਮੰਡੀ-ਮੁਖੀ ਮਾਹੌਲ ਦੀ ਉਸਾਰੀ ਖ਼ਤਰਨਾਕ ਹੈ। ਮਨੁੱਖ ਦਾ ਬੁਨਿਆਦੀ ਹੱਕ ਹੈ ਕਿ ਖੇਡ ਮੁਕਾਬਲਿਆਂ ਵਿੱਚ ਬਰਾਬਰੀ ਕਾਇਮ ਰਹੇ ਅਤੇ ਖੇਡਾਂ ਡੋਪਿੰਗ ਦੇ ਕਾਲੇ ਪ੍ਰਛਾਵੇਂ ਤੋਂ ਮੁਕਤ ਹੋਣ ਪਰ ਨਾਬਰਾਬਰੀ ਪ੍ਰਧਾਨ ਸਮਾਜ ਵਿੱਚ ਅਜਿਹਾ ਕਿਵੇਂ ਹੋ ਸਕਦਾ ਹੈ? ਡੋਪਿੰਗ ਨਾਬਰਾਬਰੀ ਦੀ ਨਿਸ਼ਾਨੀ ਹੈ। ਮੁਨਾਫ਼ਾਮੁਖੀ ਸਮਾਜ ਵਿੱਚ ਖੇਡ ਮਨੁੱਖ ਦਾ ਸਕੂਨ ਨਹੀਂ ਸਗੋਂ ਮੰਡੀ ਦੀ ਗ਼ੁਲਾਮੀ ਹੈ। ਕੁਝ ਖਿਡਾਰੀਆਂ ਦੀ ਚਾਂਦਮਾਰੀ ਕਰਨ ਨਾਲ ਇਸ ਰੁਝਾਨ ਨੂੰ ਠੱਲ੍ਹ ਨਹੀਂ ਪਾਈ ਜਾ ਸਕਦੀ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਸਿਆਸਤਦਾਨ ਕਬੂਲ ਕਰਦੇ ਹਨ ਕਿ ਸਿਆਸਤ ਭ੍ਰਿਸ਼ਟਾਚਾਰ ਦਾ ਧੁਰਾ ਹੈ ਪਰ ਅਗਲਾ ਫ਼ੈਸਲਾ ਵੀ ਉਹ ਆਪ ਹੀ ਕਰਨਾ ਚਾਹੁੰਦੇ ਹਨ। ਮੌਜੂਦਾ ਹਾਲਾਤ ਨੇ ਖਿਡਾਰੀਆਂ ਅਤੇ ਖੇਡ ਨੂੰ ਚਾਅ ਤੋਂ ਨਿਖੇੜ ਕੇ ਅੰਕੜਿਆਂ ਅਤੇ ਜਿੱਤ-ਹਾਰ ਤੱਕ ਮਹਿਦੂਦ ਕਰ ਦਿੱੱਤਾ ਹੈ। ਅਜਿਹੀ ਹਾਲਤ ਵਿੱਚ ਸਮੁੱਚੇ ਮੁਲਕ ਦਾ ਫਿਕਰ ਕਰਨਾ ਬਣਦਾ ਹੈ ਜਿਸ ਦੇ ਮੱਥੇ ਉੱਤੇ ਲੱਗੇ 'ਦਾਗ਼' ਨੂੰ ਖਿਡਾਰੀਆਂ ਨੂੰ ਜਲੀਲ ਕਰਕੇ ਧੋਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਿਹਤ ਮੰਤਰੀ ਸਤਪਾਲ ਗੋਸਾਈਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਦਵਾਈਆਂ ਦੀਆਂ ਦੁਕਾਨਾਂ ਖ਼ਿਲਾਫ਼ ਕਾਰਵਾਈ ਕਰਨ ਲਈ ਉਹ ਖਿਡਾਰੀਆਂ ਰਾਹੀਂ ਕਿਉਂ ਦਲੀਲ ਉਸਾਰ ਰਹੇ ਹਨ? ਕੀ ਉਹ ਦਵਾਈਆਂ ਮੁਲਕ ਦਾ ਨੁਕਸਾਨ ਨਹੀਂ ਕਰਦੀਆਂ ਜਿਨ੍ਹਾਂ ਦੀ ਵਰਤੋਂ ਪੰਜਾਬ ਦੇ ਮੁੰਡੇ-ਕੁੜੀਆਂ ਕਰਦੇ ਹਨ? ਖੇਡ ਬਾਬਤ ਧਾਰਨਾ ਹੈ ਕਿ ਖੇਡ ਮੈਦਾਨ ਦੀ ਕਦਰ ਵਾਲੇ ਸਮਾਜ ਵਿੱਚ ਤੰਦਰੁਸਤੀ ਹਸਪਤਾਲਾਂ ਦੀ ਮੁਹਤਾਜ ਨਹੀਂ ਹੁੰਦੀ। ਜਦੋਂ ਅਸੀਂ ਸਿਹਤਮੰਦ ਸਮਾਜ ਦੀ ਉਸਾਰੀ ਲਈ ਸਰਗਰਮ ਨਹੀਂ ਹਾਂ ਤਾਂ ਇਖ਼ਲਾਕ ਦਾ ਸਾਰਾ ਬੋਝ ਖਿਡਾਰੀਆਂ ਸਿਰ ਕਿਵੇਂ ਪਾ ਸਕਦੇ ਹਾਂ? ਖਿਡਾਰੀ ਦੋਸ਼ੀ ਹੋ ਸਕਦੇ ਹਨ ਪਰ ਉਹ ਸਮੁੱਚੇ ਸਮਾਜਿਕ ਹਾਲਾਤ ਅਤੇ ਮੰਡੀ ਦੀਆਂ ਮੰਗਾਂ ਦੇ ਬੋਝ ਹੇਠ ਪਿੱਸ ਵੀ ਰਹੇ ਹਨ।

ਦਲਜੀਤ ਅਮੀ

No comments:

Post a Comment