ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, September 4, 2011

ਪੰਜਾਬ ਬਨਾਮ ਕੈਨੇਡਾ

ਪੰਜਾਬ ਤੋਂ ਕੈਨੇਡਾ ਜਾਣ ਵਾਲੇ ਸਭ ਜਾਣਦੇ ਹਨ ਕਿ ਇੱਥੇ ਦਿਨ ਤੇ ਉਥੇ ਰਾਤ ਹੁੰਦੀ ਹੈ। ਸਾਡੇ ਨਾਲੋਂ 9 ਘੰਟੇ 30 ਮਿੰਟ ਪਿੱਛੇ। ਅਸੀਂ ਸੜਕ ਤੇ ਖੱਬੇ ਚਲਦੇ ਹਾਂ ਤੇ ਉਹ ਸੱਜੇ। ਇੱਥੇ ਲਾਈਟਾਂ ਦੀਆਂ ਸਵਿੱਚਾ ਹੇਠਾਂ ਦੱਬਿਆਂ ਚਲਦੀਆਂ ਹਨ ਉਥੇ ਉਪਰ ਚੁੱਕਿਆਂ। ਉਹ ਤਰਲ ਪਦਾਰਥ ਪੈਟਰੋਲ ਨੂੰ ਗੈਸ ਆਖਦੇ ਹਨ ਅਤੇ ਵੱਡੀ ਕਾਰ ਨੂੰ ਟਰੱਕ। ਕੈਨੇਡਾ ਨਾਲ ਉਚਤਾਸਵੱਛਤਾ,ਚੰਗਿਆਈ ਦਾ ਭਾਵ ਜੋੜਦਿਆਂ ਉਥੋਂ ਦੇ ਘਰਾਂ ਦੀ ਸਫਾਈ,ਸੜਕਾਂ ਦੀ ਚੌੜਾਈ, ਇਮਾਰਤਾਂ ਦੀ ਉਚਾਈ, ਟਰੈਫਿਕ ਨਿਯਮਾਂ ਦੀ ਪਾਲਣਾ ਵਿਚ ਕਰੜਾਈ ਆਦਿ ਦਾ ਮਹਿਮਾ ਗਾਇਨ ਕੀਤਾ ਜਾ ਸਕਦਾ ਹੈ। ਅਚੇਤੇ ਹੀ ਮੇਰੇ ਭਾਰਤ ਮਹਾਨ ਨਾਲ ਤੁਲਨਾ ਵੀ ਹੁੰਦੀ ਰਹਿੰਦੀ ਹੈ। ਬਹੁਤੇ ਕੈਨੇਡੀਅਨ ਪੰਜਾਬੀ ਤੇ ਇੱਥੋਂ ਸੈਰ ਕਰਨ ਗਏ ਪੰਜਾਬੀ ਭਾਰਤ ਦੀ ਤੁਲਨਾ ਵਿਚ ਕੈਨੇਡਾ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਪਰ ਇਹ ਕੁਝ ਕਰਨ ਦੇ ਨਾਲ ਨਾਲ ਸਾਨੂੰ ਕੁਝ ਤੱਥਾਂ ਵੱਲ ਵੀ ਝਾਤ ਮਾਰ ਲੈਣੀ ਚਾਹੀਦੀ ਹੈ। ਕੈਨੇਡਾ ਦੀ ਆਬਾਦੀ 34,569,000 ਹੈ ਅਤੇ ਭਾਰਤ ਦੀ 1,210,193,422 ਲਗਭਗ 35 ਗੁਣਾ ਜਿ਼ਆਦਾ,ਇਕੱਲੇ ਪੰਜਾਬ ਦੀ ਹੀ 27,704,236 ਹੈ। ਕੈਨੇਡਾ ਦਾ ਖੇਤਰਫਲ 9,984,670 ਵਰਗ ਕਿਲੋਮੀਟਰ ਹੈ ਅਤੇ ਇਹ 3,287,240 ਵਰਗ ਕਿਲੋਮੀਟਰ ਭਾਰਤ ਨਾਲੋਂ 3ਗੁਣਾ ਅਤੇ 50,362 ਵਰਗ ਕਿਲੋਮੀਟਰ ਪੰਜਾਬ ਨਾਲੋਂ 200 ਗੁਣਾ ਵੱਡਾ ਹੈ। ਪੰਜਾਬ ਤੋਂ ਵੱਡੀਆਂ ਤਾਂ ਉਥੋਂ ਦੀਆਂ ਝੀਲਾਂ ਹਨ ਜਿਨ੍ਹਾਂ ਦਾ ਖੇਤਰਫਲ਼ ਪੰਜਾਬ ਤੋਂ ਜਿ਼ਆਦਾ 891,163 ਵਰਗ ਕਿਲੋਮੀਟਰ ਹੈ। ਪੰਜਾਬੋਂ ਪਹਿਲੀ ਵਾਰ ਗਏ ਵਿਅਕਤੀ ਨੂੰ ਕਿਸੇ ਨੇ ਪੁੱਛਿਆ ਕਿ ਕੈਨੇਡਾ ਕਿਵੇਂ ਲੱਗਾ? ਤਾਂ ਉਸ ਨੇ ਭੋਲ਼ੇਭਾਅ ਉਤਰ ਦਿੱਤਾ ਕਿ ਇਥੇ ਜੰਗਲਪਾਣੀ ਬਹੁਤ ਹੈ। ਸੱਚਮੁੱਚ ਕੈਨੇਡਾ ਵਿਚ ਜੰਗਲਾਂ ਹੇਠ ਬਹੁਤ ਜਿ਼ਆਦਾ ਰਕਬਾ ਹੈ ਅਤੇ ਸਾਫ ਪਾਣੀ ਦੀਆਂ ਝੀਲਾਂ ਵੀ ਦੁਨੀਆਂ ਵਿਚ ਸਭ ਤੋਂ ਵੱਧ ਕੈਨੇਡਾ ਵਿਚ ਹਨ । ਇਕ ਤਰ੍ਹਾਂ ਨਾਲ ਇਹ ਮੁਲਕ ਕੁਦਰਤੀ ਸਾਧਨਾਂ ਨਾਲ ਵਰੋਸਾਇਆ ਹੋਇਆ ਹੈ। ਉਥੇ ਟਰੈਫਿਕ ਕੇਵਲ ਲੋਕਾਂ ਦੇ ਅਨੁਸਾਸ਼ਤ ਹੋਣ ਕਰਕੇ ਹੀ ਨਹੀਂ ਸਗੋਂ ਖੁੱਲ੍ਹੀਆਂ ਸੜਕਾਂ ਕਰਕੇ ਵੀ ਹੈ ਜੋ ਥਾਂ ਖੁੱਲ੍ਹੀ ਹੋਣ ਕਰਕੇ ਸੰਭਵ ਹੈ। ਸਾਡੇ ਦੇਸ਼ ਵਿਚ ਜਿੰਨੀ ਥਾਂ ਦੀ ਕਮੀ ਹੈ, ਉਸ ਲਿਹਾਜ ਨਾਲ ਅਸੀਂ ਕਿਤੇ ਵੱਧ ਅਨੁਸਾਸ਼ਤ ਹਾਂ। ਇਹੋ ਗੱਲ ਸਫਾਈ ਤੇ ਵੀ ਢੁਕਦੀ ਹੈ।

ਕੈਨੇਡਾ ਦੀ ਜਿ਼ੰਦਗੀ ਜਿਵੇਂ ਵੇਖਣ ਨੂੰ ਲਗਦੀ ਹੈ,ਅਸਲੀਅਤ ਵਿਚ ਓਵੇਂ ਨਹੀਂ ਹੈ। ਇਸ ਬਾਰੇ ਮੈਡਮ ਬਰਾੜ (ਡਾ ਬਲਵਿੰਦਰ ਕੌਰ ਬਰਾੜ) ਚੁਟਕਲਾ ਸੁਣਾਉਂਦੇ ਹਨ ਕਿ ਇਕ ਵਾਰ ਇਕ ਬੰਦਾ ਮਰ ਕੇ ਧਰਮ ਰਾਜ ਕੋਲ ਚਲਾ ਗਿਆ ਤਾਂ ਉਸਦੇ ਚੰਗੇਮੰਦੇ ਕਰਮਾਂ ਦਾ ਹਿਸਾਬ ਕਿਤਾਬ ਬਰਾਬਰ ਨਿਕਲਿਆ। ਉਸ ਨੂੰ ਖੁੱਲ੍ਹ ਦਿੱਤੀ ਗਈ ਕਿ ਉਹ ਸਵਰਗ ਨਰਕ ਵਿਚੋਂ ਆਪਣੀ ਮਰਜੀ ਨਾਲ ਚੋਣ ਕਰ ਸਕਦਾ ਹੈ। ਉਸ ਨੇ ਦੋਵੇਂ ਵੇਖਣ ਦੀ ਚਾਹਨਾ ਪਰਗਟ ਕੀਤੀ। ਉਸ ਨੇ ਵੇਖਿਆ ਕਿ ਸਵਰਗ ਵਿਚ ਚੁੱਪਚਾਪ ਸਫੈਦ ਕੱਪੜੇ ਪਹਿਨੀ ਬੈਠੇ ਬੰਦੇ ਭਗਤੀ ਵਿਚ ਮਗਨ ਸਨ। ਕੋਈ ਹਿਲਜੁਲ ਜਾਂ ਸ਼ੋਰਸ਼ਰਾਬਾ ਨਹੀਂ ਸੀ। ਉਸ ਨੂੰ ਇਹ ਜਗਤ ਬੜਾ ਬੋਰ ਲੱਗਿਆ। ਦੂਜੇ ਪਾਸੇ ਨਰਕ ਵਿਚ ਸ਼ਰਾਬ ਦੀਆਂ ਨਦੀਆਂ ਸਨ, ਕਬਾਬ ਦੀ ਮਹਿਕ ਸੀ, ਹੁਸਨ ਦੇ ਜਲਵੇ ਸਨ, ਰੰਗਰਾਗ ਸੀ, ਜਿ਼ੰਦਗੀ ਧੜਕਦੀ ਸੀ। ਹਰ ਪਾਸੇ ਖੁਸ਼ੀ ਹੀ ਖੁਸ਼ੀ ਸੀ। ਉਸ ਨੇ ਝੱਟਪੱਟ ਨਰਕ ਲਈ ਹਾਂ ਕਰ ਦਿੱਤੀ। ਜਿਉਂ ਹੀ ਸਵਰਗ ਨਰਕ ਨੂੰ ਵੰਡਦਾ ਦਰਵਾਜਾ ਬੰਦ ਹੋਇਆ ਤਾਂ ਸਾਰੀਆਂ ਸੁਖ ਸਹੂਲਤਾਂ ਛਾਈਂਮਾਈਂ ਹੋ ਗਈਆਂ। ਉਸ ਨੂੰ ਚੱਕੀ ਪੀਸਣ ਬਿਠਾ ਦਿੱਤਾ ਗਿਆ ਅਤੇ ਕਹਿ ਦਿੱਤਾ ਗਿਆ ਜਦੋਂ ਤਕ ਕੋਈ ਹੋਰ ਨਹੀਂ ਆ ਜਾਂਦਾ, ਬੈਠ ਕੇ ਚੱਕੀ ਪੀਹ। ਜਦੋਂ ਉਸ ਨੇ ਰੌਲ਼ਾ ਪਾਇਆ ਕਿ ਮੈਨੂੰ ਦਿਖਾਇਆ ਤਾਂ ਹੋਰ ਸੀ ਪਰ ਹੁਣ ਕੋਈ ਹੋਰ ਕੰਮ ਕਰਵਾਈ ਜਾਂਦੇ ਹੋ? ਤਾਂ ਜਮਦੂਤਾਂ ਨੇ ਦੱਸਿਆ ਕਿ ਉਦੋਂ ਤੂੰ ਵਿਜ਼ਟਰ ਵੀਜ਼ੇ ਤੇ ਆਇਆ ਸੀ। ਹੁਣ ਪੱਕਾ ਵਸਨੀਕ ਏਂ। ਕੰਮ ਦੀ ਚੱਕੀ ਤਾਂ ਅਗਲੀ ਸਿ਼ਫਟ ਤਕ ਪੀਸਣੀ ਪਵੇਗੀ ! ਇਹ ਚੁਟਕਲਾ ਪਰਵਾਸੀ ਕੈਨੇਡੀਅਨ ਦੀ ਸਾਰੀ ਅਸਲੀਅਤ ਨੂੰ ਪਰਗਟ ਕਰ ਦਿੰਦਾ ਹੈ। ਬਿਨਾ ਸ਼ੱਕ ਸਾਡੇ ਪੰਜਾਬੀ ਉਥੇ ਜਾ ਕੇ ਸਖਤ ਮਿਹਨਤ ਕਰਦੇ ਹਨ ਅਤੇ ਸੁਖ ਸਹੂਲਤਾਂ ਵੀ ਮਾਣਦੇ ਹਨ ਪਰ ਇਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਉਹ ਇਹੀ ਸਖਤ ਮਿਹਨਤ ਪੰਜਾਬ ਵਿਚ ਕਰਨੋਂ ਕਿਉਂ ਕਤਰਾਉਂਦੇ ਹਨ? ਇਸ ਦਾ ਜਵਾਬ ਇਕੋ ਮਿਲਦਾ ਹੈ ਕਿ ਇਥੇ ਮਿਹਨਤ ਦਾ ਮੁੱਲ ਨਹੀਂ ਪੈਂਦਾ। ਪਰ ਕੀ ਉਥੇ ਮਿਹਨਤ ਦਾ ਪੂਰਾ ਮੁੱਲ ਪੈਂਦਾ ਹੈ? ਕੀ ਉਥੇ ਸੋਸ਼ਣ ਨਹੀਂ ਹੁੰਦਾ? ਜਾਂ ਕੀ ਇਥੇ ਮਿਹਨਤ ਦਾ ਪੂਰਾ ਮੁੱਲ ਲੈਣ ਲਈ ਸੰਘਰਸ਼ ਕਰਨਾ ਨਹੀਂ ਬਣਦਾ? ਇਹ ਪ੍ਰਸ਼ਨ ਉਸ ਸਮੇਂ ਹੋਰ ਵੀ ਮੂੰਹਜ਼ੋਰ ਹੋ ਜਾਂਦੇ ਹਨ। ਜਦੋਂ ਦੇਖੀਦਾ ਹੈ ਕਿ ਪੰਜਾਬ ਦੇ ਬਹੁਤ ਸੰਘਰਸ਼ਸ਼ੀਲ ਭਗੌੜੇ ਹੋ ਕੇ ਕੈਨੇਡਾ ਵਿਚ ਪਨਾਹ ਲਈ ਬੈਠੇ ਹਨ।

ਪੰਜਾਬੋਂ ਇਕ ਨਵਾਂ ਗਿਆ ਮਿੱਤਰ ਘਰ ਦੇ ਅੰਦਰ ਦਰਵਾਜੇ ਕੋਲ ਜੋੜੇ ਉਤਾਰੇ ਦੇਖ ਕੇ ਛੇਤੀ ਛੇਤੀ ਜੁੱਤੀ ਉਤਾਰਕੇ ਸਿਰ ਤੇ ਰੁਮਾਲ ਬੰਨਣ ਲੱਗ ਪਿਆ ਤੇ ਪੁੱਛਣ ਲੱਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਹੜੇ ਕਮਰੇ ਵਿਚ ਹੈ? ਘਰਦਿਆਂ ਨੇ ਦੱਸਿਆ ਕਿ ਆਪਣੇ ਘਰ ਤਾਂ ਗੁਰੂ ਮਹਾਰਾਜ ਦਾ ਪ੍ਰਕਾਸ਼ ਹੀ ਨਹੀਂ ! ਤਾਂ ਉਹ ਪੁੱਛਣ ਲੱਗਾ ਭਾਈ ਫੇਰ ਜੋੜੇ ਕਾਹਤੋਂ ਬਾਹਰ ਲਾਹੇ ਹਨ? ਅਸਲ ਵਿਚ ਸਾਰੇ ਕੈਨੇਡੀਅਨ ਘਰਾਂ ਵਿਚ ਰਿਵਾਜ ਹੈ ਕਿ ਜੁੱਤੀਆਂ ਬਾਹਰ ਦਰਵਾਜੇ ਕੋਲ ਉਤਾਰ ਕੇ ਅੰਦਰ ਜਾਇਆ ਜਾਂਦਾ ਹੈ। ਇਸ ਨਾਲ ਘਰ ਵਿਚ ਸਫਾਈ ਰਹਿੰਦੀ ਹੈ। ਇਹ ਅਕਸਰ ਆਖਿਆ ਜਾਂਦਾ ਹੈ ਕਿ ਦੁਨੀਆਂ ਭਰ ਦੇ ਲੋਕ ਇਹੀ ਸੋਚਦੇ ਰਹਿੰਦੇ ਹਨ ਕਿ ਸਫਾਈ ਕਰਨ ਦੇ ਸੌਖੇ ਤੋਂ ਸੌਖੇ ਤਰੀਕੇ ਕਿਵੇਂ ਲੱਭੇ ਜਾਣ ਪਰ ਜਪਾਨੀ ਲੋਕ ਸਦਾ ਇਹ ਸੋਚਦੇ ਹਨ ਕਿ ਗੰਦ ਕਿਵੇਂ ਘੱਟ ਤੋਂ ਘੱਟ ਪਾਇਆ ਜਾਵੇ। ਪਤਾ ਨਹੀਂ ਵਿਚਾਰ ਕਿਵੇਂ ਕੈਨੇਡਾ ਵਾਲਿ਼ਆਂ ਨੇ ਅਪਣਾ ਲਿਆ। ਸ਼ਾਇਦ ਇਸਦਾ ਕਾਰਨ ਇਹ ਹੋਵੇ ਕਿ ਇੰਡੀਆ ਵਾਂਗ ਉਥੇ ਮੱਧਵਰਗੀ ਘਰਾਂ ਵਿਚ ਮਾਈਆਂ ਤਾਂ ਰੱਖਣੀਆਂ ਸੰਭਵ ਨਹੀਂ ਪਰ ਸਫਾਈ ਆਪ ਜ਼ਰੂਰ ਕਰਨੀ ਪੈਂਦੀ ਹੈ। ਇਹ ਗੱਲ ਲਿਖਦਿਆਂ ਸ਼ਰਮ ਆਉਂਦੀ ਹੈ ਕਿ ਇਹ ਗੱਲ ਉਨ੍ਹਾਂ ਤੋਂ ਸਿੱਖਣ ਦੀ ਜ਼ਰੂਰਤ ਹੈ ਕਿਉਂਕਿ ਆਧੁਨਿਕਤਾ ਦੇ ਆਉਣ ਤੋਂ ਪਹਿਲਾਂ ਪੰਜਾਬ ਦੇ ਘਰਾਂ ਵਿਚ ਵੀ ਇਹੋ ਰਿਵਾਜ ਸੀ ਕਿ ਚੌਂਕੇ ਵਿਚ ਜੁੱਤੀ ਲੈ ਕੇ ਚੜ੍ਹਨਾ ਵਰਜਿਤ ਸੀ। ਸ਼ਾਇਦ ਅਸੀਂ ਇਹ ਗੱਲ ਭੁੱਲ ਚੁੱਕੇ ਹਾਂ। ਚਲੋ ਮੁੜ ਅਪਣਾ ਲੈਣ ਵਿਚ ਕੀ ਹਰਜ਼ ਹੈ?

ਉਥੋਂ ਦੀਆਂ ਉੱਚੀਆਂ ਇਮਾਰਤਾਂ ਪਹਿਲੀ ਨਜ਼ਰੇ ਵਿਅਕਤੀ ਨੂੰ ਹੈਰਾਨ ਕਰਦੀਆਂ ਹਨ ਪਰ ਜਦੋਂ ਤੁਸੀਂ ਉਨ੍ਹਾਂ ਨੂੰ ਲਗਾਤਾਰ ਇਕ ਟਕ ਦੇਖਦੇ ਹੋ ਤਾਂ ਛੇਤੀ ਹੀ ਤੁਹਾਡਾ ਚਿੱਤ ਉਕਤਾਉਣ ਲੱਗ ਪੈਂਦਾ ਹੈ। ਸੰਸਾਰ ਦੀ ਕਦੇ ਸਭ ਤੋਂ ਉਚੀ ਅਤੇ ਹੁਣ ਦੂਜੇ ਨੰਬਰ ਦੀ ਇਮਾਰਤ ਸੀਐਨਟਾਵਰ ਤੇ ਚੜ੍ਹ ਕੇ ਹੇਠਾਂ ਦੇਖਿਆਂ ਸ਼ੀਸ਼ੇ ਦੀਆਂ ਡੱਬੀਆਂ ਵਰਗੀਆਂ ਇਕੋ ਜਿਹੀਆਂ ਇਮਾਰਤਾਂ ਕਲਾ ਪੱਖੋਂ ਊਣੀਆਂ ਜਾਪਦੀਆਂ ਹਨ। ਕੰਕਰੀਟ,ਸਟੀਲ ਅਤੇ ਸ਼ੀਸ਼ੇ ਨਾਲ ਬਣਾਈਆਂ ਇਹ ਇਮਾਰਤਾਂ ਕਲਾਤਮਿਕ ਸੁਹਜ ਤੋਂ ਸੱਖਣੀਆਂ ਮਸ਼ੀਨੀ ਸਭਿਅਤਾ ਦਾ ਪ੍ਰਤੀਕ ਜਾਪਦੀਆਂ ਹਨ ਜਿਸ ਵਿਚ ਕੁਝ ਵੀ ਸੁਹਜਾਤਮਿਕ ਨਹੀਂ। ਭਾਰਤ ਵਿਚ ਸਰਕਾਰੀ ਕਲੋਨੀਆਂ ਅਤੇ ਚੰਡੀਗੜ੍ਹ ਨੂੰ ਛੱਡ ਕੇ ਸਭ ਕੁਝ ਰੰਗਬਿਰੰਗਾ ਹੈ ਜਿਸ ਵਿਚ ਹਰ ਵਿਅਕਤੀ ਨੇ ਆਪਣੀ ਕਲਾਤਮਿਕ ਸੁਹਜ ਨਾਲ ਰੰਗ ਭਰੇ ਹਨ। ਉਥੇ ਆਮ ਕਰਕੇ ਘਰਾਂ,ਫੈਕਟਰੀਆਂ ਅਤੇ ਸ਼ਾਪਿੰਗ ਮਾਲਾਂ ਵਿਚ ਬਾਹਰੋਂ ਵੇਖਣ ਨੂੰ ਕੋਈ ਫਰਕ ਨਹੀਂ। ਵਿਅਕਤੀਗਤ ਘਰ ਅਤੇ ਬੰਗਲੇ ਜ਼ਰੂਰ ਕੁਝ ਵੱਖਰੇ ਹਨ ਪਰ ਆਮ ਕਰਕੇ ਨਿੱਜੀ ਘਰ ਵੀ ਕੰਪਨੀਆਂ ਨੇ ਬਣਾਏ ਹੋਣ ਕਰਕੇ ਉਪਯੋਗੀ ਭਾਵੇਂ ਕਿੰਨੇ ਮਰਜੀ ਹੋਣ ਪਰ ਸੁਹਜਾਤਮਿਕ ਪੱਖੋਂ ਮਨ ਨੂੰ ਟੁੰਬਦੇ ਨਹੀਂ। ਮੌਜੂਦਾ ਸਮੇਂ ਵਿਚ ਜਿਵੇਂ ਅਸੀਂ ਉਨ੍ਹਾਂ ਤੋਂ ਟਾਊਨ ਪਲੈਨਿੰਗ ਦਾ ਗੁਰ ਸਿੱਖ ਰਹੇ ਹਾਂ ਉਸੇ ਤਰ੍ਹਾਂ ਉਨ੍ਹਾਂ ਨੂੰ ਸਾਡੇ ਮੁਲਕ ਤੋਂ ਵਿਅਕਤੀਗਤ ਸੁਹਜ ਪਸੰਦੀ ਸਿੱਖਣ ਦੀ ਜ਼ਰੂਰਤ ਹੈ।

ਕੈਨੇਡਾ ਵਿਚ ਇਸ ਸਮੇਂ ਸਮਾਜ ਨੂੰ ਪ੍ਰਬੰਧ ਨੇ ਲੱਗਭਗ ਬੇਦਖਲ ਕਰ ਦਿੱਤਾ ਹੈ। ਸਾਡਾ ਸ਼ਾਇਰ ਮਿੱਤਰ ਸੁਖਪਾਲ ਇਸ ਗੱਲੋਂ ਬਹੁਤ ਦੁਖੀ ਸੀ।ਉਥੇ ਕੋਈ ਸੜਕ ਐਕਸੀਡੈਂਟ ਸਮੇਂ ਡਿੱਗੇ ਨੂੰ ਨਹੀਂ ਚੁੱਕਦਾ ਸਗੋਂ ਬੰਦੇ ਨੂੰ ਚੁੱਕਣ ਪ੍ਰਬੰਧ ਪਹੁੰਚਦਾ ਹੈ। ਪ੍ਰਬੰਧ ਅੰਦਰ ਤਰਸ ਨਹੀਂ ਜਿ਼ੰਮੇਵਾਰੀ ਹੁੰਦੀ ਹੈ। ਇਨਸਾਨੀਅਤ ਨਹੀਂ ਡਿਉਟੀ ਹੁੰਦੀ ਹੈ।ਇਸੇ ਤਰ੍ਹਾਂ ਕਿਸੇ ਮੁਸੀਬਤ ਸਮੇਂ ਕੋਈ ਗੁਆਂਢੀ ਨਹੀਂ ਪਹੁੰਚਦਾ ਸਗੋਂ ਪੁਲਿਸ ਜਾਂ ਐਂਬੂਲੈਂਸ ਪਹੁੰਚਦੀ ਹੈ ਤਾਂ ਗੁਆਂਢੀਆਂ ਨੂੰ ਪਤਾ ਲਗਦਾ ਹੈ ਕਿ ਗੁਆਂਢੀਆਂ ਤੇ ਕੋਈ ਮੁਸੀਬਤ ਆਈ ਸੀ। ਨਿਸ਼ਚੇ ਹੀ ਵਿਅਕਤੀ ਸਹਾਇਤਾ ਕਰੇ ਨਾ ਕਰੇ ਪ੍ਰਬੰਧ ਸਹਾਇਤਾ ਕਰਦਾ ਹੈ। ਪ੍ਰਬੰਧ ਵਿਅਕਤੀ ਨਾਲੋਂ ਵਧੇਰੇ ਸਬੰਧਤ ਕੰਮ ਵਿਚ ਮੁਹਾਰਤ ਵੀ ਰਖਦਾ ਹੈ ਅਤੇ ਇਸ ਦੇ ਬਾਵਜੂਦ ਪ੍ਰਬੰਧ ਮਾਨਵੀ ਛੁਹ ਤੋਂ ਕੋਰਾ ਹੁੰਦਾ ਹੈ। ਸਰੀਰਕ ਤੌਰ ਤੇ ਅਸਮਰਥ ਵਿਅਕਤੀਆਂ ਲਈ ਪ੍ਰਬੰਧ ਨੇ ਐਨੇ ਪ੍ਰਬੰਧ ਕਰ ਰੱਖੇ ਹਨ ਕਿ ਹਰ ਥਾਂ ਤੇ ਉਹ ਪਹੁੰਚ ਸਕਦੇ ਹਨ। ਹਰ ਥਾਂ ਤੇ ਉਨ੍ਹਾਂ ਦੀ ਕਾਰ ਜਾਂ ਵੀਲ਼ ਚੇਅਰ ਜਾਣ ਦਾ ਪ੍ਰਬੰਧ ਹੈ। ਇਸਦੇ ਬਾਵਜੂਦ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕਰਦਾ ਅਤੇ ਇਸ ਲਈ ਇਹ ਤਰਕ ਦਿੱਤਾ ਜਾਂਦਾ ਹੈ ਕਿ ਇਉਂ ਉਨ੍ਹਾਂ ਦੀ ਸਹਾਇਤਾ ਕਰਨ ਤੇ ਸਵੈਮਾਣ ਤੇ ਸੱਟ ਵਜਦੀ ਹੈ। ਸ਼ਾਇਦ ਇਹ ਗੱਲ ਇਉਂ ਹੀ ਹੋਵੇ ਪਰ ਮੈਨੂੰ ਇਹ ਬੰਦੇ ਤੋਂ ਬੰਦੇ ਨੂੰ ਤੋੜਨ ਵਾਲ਼ੀ ਗੱਲ ਲੱਗੀ। ਸੋ ਕੈਨੇਡਾ ਵਿਚ ਪੰਜਾਬ ਦੀ ਤਰ੍ਹਾਂ ਬੰਦਾ ਹੀ ਬੰਦੇ ਦਾ ਦਾਰੂ ਨਹੀਂ ਸਗੋਂ ਪ੍ਰਬੰਧ ਦਾਰੂ ਹੈ। ਉਥੋਂ ਦੇ ਲੋਕਾਂ ਨੂੰ ਪ੍ਰਬੰਧ ਤੇ ਵਧੇਰੇ ਭਰੋਸਾ ਹੈ। ਇਹ ਗੱਲ ਬੜੀ ਅਜੀਬ ਜਾਪੀ ਕਿ ਜਿੱਥੇ ਸਾਡੇ ਦੇਸ਼ ਵਿਚ ਬੰਦਿਆਂ ਨੂੰ ਸਰਕਾਰ ਤੇ ਭੋਰਾ ਭਰ ਵੀ ਯਕੀਨ ਨਹੀਂ। ਉਥੇ ਕੈਨੇਡੀਅਨ ਲੋਕ ਸਰਕਾਰ ਤੇ ਏਨਾ ਯਕੀਨ ਕਰਦੇ ਹਨ ਕਿ ਇਸ ਗੱਲ ਦੇ ਯਕੀਨ ਕਰਨਾ ਔਖਾ ਹੋ ਜਾਂਦਾ ਹੈ। ਮੈਨੂੰ ਆਪਣੀ ਕੈਨੇਡਾ ਫੇਰੀ ਦੌਰਾਨ ਬਹੁਤੇ ਗ਼ੈਰਪੰਜਾਬੀਆਂ ਨੂੰ ਤਾਂ ਮਿਲਣ ਦਾ ਮੌਕਾ ਨਹੀਂ ਮਿਲਿਆ। ਸੋ ਉਨ੍ਹਾਂ ਦੇ ਵਿਚਾਰ ਤਾਂ ਅਖ਼ਬਾਰਾਂ ਤੇ ਟੈਲੀਵਿਜ਼ਨ ਰਾਹੀਂ ਹੀ ਪ੍ਰਾਪਤ ਹੋਏ ਹਨ ਪਰ ਸਾਡੇ ਬਹੁਤੇ ਕੈਨੇਡੀਅਨ ਪੰਜਾਬੀ ਭਰਾਵਾਂ ਨੂੰ ਤਾਂ ਰੱਬ ਤੋਂ ਵੱਧ ਕੈਨੈਡੀਅਨ ਪ੍ਰਬੰਧ ਤੇ ਯਕੀਨ ਹੈ।

ਮੈਨੂੰ ਜਾਪਦਾ ਹੈ ਕਿ ਕਿਤੇ ਨਾ ਕਿਤੇ ਗੜਬੜੀ ਹੈ। ਉਹ ਪ੍ਰਬੰਧ ਦੇ ਅੰਦਰ ਦੀ ਸੋਸ਼ਣਕਾਰੀ ਨੂੰ ਪਛਾਣਨ ਤੋਂ ਹੀ ਅਸਮਰਥ ਹਨ। ਜੇ ਕੇਵਲ ਖਾਣ ਵਾਲੀਆਂ ਵਸਤਾਂ ਦੀ ਗੱਲ ਕਰੀਏ ਤਾਂ ਕੁਝ ਸਾਲ ਪਹਿਲਾਂ ਫਿਸ਼ਰੀ ਮਨਿਸਟਰ ਫਰੇਜ਼ਰ ਨੇ ਸਭ ਕੁਝ ਜਾਣਦੇ ਹੋਏ ਗਲੀਸੜੀ ਟੂਨਾ ਮੱਛੀ ਜੋ ਜਾਨਵਰਾਂ(ਬਿੱਲੀਆਂ)ਦੇ ਖਾਣ ਯੋਗ ਵੀ ਨਹੀਂ ਸੀ, ਮਨੁੱਖਾਂ ਨੂੰ ਖਾਣ ਲਈ ਯੋਗ ਕਰਾਰ ਦੇ ਦਿੱਤੀ। ਇਸ ਸਕੈਂਡਲ ਦੇ ਨੰਗਾ ਹੋ ਜਾਣ ਨਾਲ ਮੰਤਰੀ ਨੂ੍ਵੰ ਉਸ ਵੇਲੇ ਤਾਂ ਭਾਵੇਂ ਅਸਤੀਫਾ ਦੇਣਾ ਪਿਆ ਪਰ ਕੁਝ ਸਾਲਾਂ ਬਾਅਦ ਉਸੇ ਮੰਤਰੀ ਨੂੰ ਹਾਊਸ ਆਫ਼ ਕਾਮਨ ਦਾ ਸਪੀਕਰ ਬਣਾ ਦਿੱਤਾ ਗਿਆ ਪਰ ਸਬੰਧਤ ਸਿਟਾਰਕਿਸਟ ਕੰਪਨੀ ਦੇ ਬੰਦ ਹੋਣ ਕਾਰਨ ਚਾਰ ਸੌ ਵਰਕਰ ਨੌਕਰੀ ਗੁਆ ਬੈਠੇ।

ਅਸੀਂ ਸਿਰਫ ਬਾਹਰੀ ਦਿੱਖ ਨੂੰ ਹੀ ਸਭ ਕੁਝ ਸਮਝ ਬੈਠਦੇ ਹਨ। ਅਸੀਂ ਇਹ ਭੁੱਲ ਹੀ ਜਾਂਦੇ ਹਾਂ ਕਿ ਅਮਰੀਕਾ ਦਾ ਰਾਸ਼ਟਰਪਤੀ ਆਪਣੇ ਹੀ ਦਫਤਰ ਦੀ ਕੱਚੀ ਮੁਲਾਜ਼ਮ ਨਾਲ ਕਿਹੋ ਜਿਹੇ ਚੰਨ ਚਾੜ੍ਹਦਾ ਰਿਹਾ। ਕੈਨੇਡਾ ਦੀ ਜੱਜ ਸਾਡੇ ਪੰਜਾਬੀ ਭਰਾ ਨਾਲ ਅੱਖ ਮਟੱਕੇ ਅਧੀਨ ਗਲਤ ਫੈਸਲੇ ਕਰਦੀ ਰਹੀ। ਕਿਵੇਂ ਵਾਟਰ ਗੇਟ ਸਕੈਂਡਲ ਹੋਏ, ਕਿਵੇਂ ਹੁਣ ਵੀ ਵੱਡਾ ਮਾਫੀਆ ਗ਼ੈਰਕਾਨੂੰਨੀ ਡਰੱਗ, ਸ਼ਹਿਰੀ ਜਾਇਦਾਦਾਂ, ਹਥਿਆਰਾਂ ਦਾ ਕਾਰੋਬਾਰ ਕਰ ਰਿਹਾ ਹੈ ਅਤੇ ਕਿਵੇਂ ਵੱਡੀ ਪੱਧਰ ਤੇ ਸਮੂਹਿਕ ਕੈਨੇਡੀਅਨ ਕਾਮਿਆਂ ਦਾ ਵਖ ਵਖ ਥਾਵਾਂ ਤੇ ਸੋਸ਼ਣ ਹੋ ਰਿਹਾ ਹੈ। ਆਪਣੇ ਬਹੁਤੇ ਲੋਕ ਸਿਰਫ ਪਟਵਾਰੀ, ਥਾਣੇਦਾਰ ਅਤੇ ਕਲਰਕ ਵੱਲੋਂ ਲਈ ਹੇਠਲੀ ਪੱਧਰ ਤੇ ਰਿਸ਼ਵਤ ਰੁਕ ਜਾਣ ਤੇ ਹੀ ਖੁਸ਼ ਹਨ। ਬਿਨਾ ਸ਼ੱਕ ਹਰ ਪੱਧਰ ਤੇ ਬੇਈਮਾਨੀ, ਨਾਇਨਸਾਫੀ, ਰਿਸ਼ਵਤਖੋਰੀ ਬੰਦ ਹੋਣੀ ਚਾਹੀਦੀ ਹੈ ਪਰ ਸਿਰਫ ਹੇਠਲੇ ਪੱਧਰ ਤੇ ਖਤਮ ਕਰਕੇ ਉਪਰਲੇ ਪੱਧਰ ਤੇ ਲਈ ਜਾਣ ਨੂੰ ਚੰਗਾ ਪ੍ਰਬੰਧ ਸਮਝਣਾ ਮੂਰਖਾਂ ਦੇ ਬਹਿਸ਼ਤ ਵਿਚ ਰਹਿਣ ਵਾਲ਼ੀ ਗੱਲ ਹੈ।

ਕੈਨੇਡਾ ਵਿਚ ਗੁਰਦੁਆਰਿਆਂ ਨੂੰ ਗੁਰੂ ਘਰ ਕਹਿਣ ਦਾ ਰਿਵਾਜ ਹੈ। ਇਹ ਗੁਰੂ ਘਰ ਕੇਵਲ ਧਾਰਮਿਕ ਸਥਾਨ ਹੀ ਨਹੀਂ ਸਗੋਂ ਪੰਜਾਬੀਆਂ ਦੀ ਸਮਾਜਿਕ ਜਿ਼ੰਦਗੀ ਦਾ ਧੁਰਾ ਰਹੇ ਹਨ ਅਤੇ ਪਹਿਲੀ ਪੀੜ੍ਹੀ ਨੂੰ ਮਾਨਸਿਕ ਸਹਾਰੇ ਦੇ ਨਾਲ ਨਾਲ ਸਿਰ ਲਈ ਓਟਆਸਰਾ ਵੀ ਦਿੱਤਾ। ਉਥੋਂ ਦੇ ਗੁਰੂ ਘਰਾਂ ਵਿਚ ਨਿਸ਼ਾਨ ਸਾਹਿਬ ਹਾਈਡਰੌਲਿਕ ਮਸ਼ੀਨ ਨਾਲ ਜੁੜੇ ਹੁੰਦੇ ਹਨ। ਸਿੱਟੇ ਵਜੋਂ ਨਿਸ਼ਾਨ ਸਾਹਿਬ ਦਾ ਚੋਲ਼ਾ ਚੜ੍ਹਾਉਣ ਸਮੇਂ ਸੌਖਿਆਈ ਰਹਿੰਦੀ ਹੈ। ਪੰਜਾਬ ਵਿਚ ਲੱਗਭਗ ਹਰ ਸਾਲ ਕਿਤੇ ਨਾਲ ਕਿਤੇ ਚੋਲਾ਼ ਚੜ੍ਹਾਉਣ ਸਮੇਂ ਹਾਦਸਾ ਹੋ ਕੇ ਦੁਖਦਾਈ ਘਟਨਾ ਵਾਪਰ ਜਾਂਦੀ ਹੈ। ਇਸ ਪੱਖੋਂ ਇਹ ਸਿਸਟਮ ਅਪਣਾ ਲੈਣਾ ਚੰਗਾ ਹੋਵੇਗਾ। ਇਹ ਗੱਲ ਵੀ ਬੜੀ ਚੰਗੀ ਲੱਗੀ ਕਿ ਟਰਾਂਟੋ ਦੇ ਸਿੱਖਾਂ ਨੇ ਦਾਨ ਦੇ ਕੇ ਇਕ ਹਸਪਤਾਲ ਦੀ ਐਮਰਜੈਂਸੀ ਦਾ ਨਾਂ ਗੁਰੂ ਨਾਨਕ ਐਮਰਜੈਂਸੀ ਰਖਵਾਇਆ। ਮੈਨੂੰ ਇਹ ਵੇਖ ਕੇ ਮਾਲਟਨ ਜਾਂ ਡਿਕਸੀ ਦੇ ਵੱਡੇ ਗੁਰੂ ਘਰਾਂ ਨਾਲੋਂ ਵੀ ਵੇਖਣ ਤੋਂ ਵੱਧ ਸਕੂਨ ਮਿਲਿਆ। ਸਾਨੂੰ ਅਜਿਹੀਆਂ ਪਰੰਪਰਾਵਾਂ ਦਾ ਅਨੁਕਰਨ ਕਰਨਾ ਚਾਹੀਦਾ ਹੈ।

ਆਪਣੇ ਪੰਜਾਬੀ ਭਾਈਵੰਦ ਨੇ ਅੰਗਰੇਜ਼ ਕੌਮ ਬਾਰੇ ਇਕ ਹਾਸੇ ਵਿਚ ਗੱਲ ਸੁਣਾਈ ਕਿ ਇਹ ਬੱਚੇ ਦਾ ਗੰਦ ਤਾਂ ਬੱਚੇ ਨੂੰ ਚੁਕਾਈ ਰਖਦੇ ਹਨ ਪਰ ਕੁੱਤਿਆਂ ਦਾ ਖੁਦ ਚੁੱਕੀ ਫਿਰਦੇ ਹਨ। ਉਸ ਦਾ ਇਸ਼ਾਰਾ ਇਸ ਗੱਲ ਵੱਲ ਸੀ ਕਿ ਕੰਮਕਾਜੀ ਔਰਤਾਂ ਲੰਮਾ ਸਮਾਂ ਬੱਚਿਆਂ ਦੇ ਡਾਇਪਰ ਬੰਨ੍ਹੀ ਰਖਦੀਆਂ ਹਨ ਪਰ ਸਵੇਰੇ ਕੁੱਤਿਆਂ ਨੂੰ ਸੈਰ ਕਰਾਉਂਦੀਆਂ ਮੇਮਾਂ ਪੋਲੀਥੀਨ ਦਾ ਲਿਫਾਫਾ ਨਾਲ ਚੁੱਕੀ ਫਿਰਦੀਆਂ ਹਨ ਕਿਉਂਕਿ ਉਥੋਂ ਦੇ ਕਾਨੂੰਨ ਅਨੁਸਾਰ ਕੁੱਤੇ ਦੀ ਟੱਟੀ ਨੂੰ ਡਸਟਬਿਨ ਵਿਚ ਪਾਉਣਾ ਕੁੱਤੇ ਦੇ ਮਾਲਕ ਦੀ ਜਿ਼ੰਮੇਵਾਰੀ ਹੈ। ਅਕਸਰ ਉਥੇ ਬੱਚਿਆਂ ਨੂੰ ਸੰਗਲੀ ਪਾ ਕੇ ਰੱਖਣ ਦਾ ਰਿਵਾਜ ਹੈ ਪਰ ਫੁੱਟਪਾਥਾਂ ਤੇ ਸਿੱਖੇ ਕੁੱਤੇ ਮਾਲਕ ਨਾਲ ਅਠਖੇਲੀਆਂ ਕਰਦੇ ਹਨ। ਵੈਸੇ ਤਾਂ ਬੱਚੇ ਦੀ ਸੁਰੱਖਿਆ ਲਈ ਸੰਗਲੀ ਪਾ ਲੈਣੀ ਵਿਹਾਰਕ ਤੌਰ ਤੇ ਯੋਗ ਹੋਵੇਗੀ ਸ਼ਾਇਦ ਇਸੇ ਲਈ ਕਿਸੇ ਅੰਗਰੇਜ਼ੀ ਫਿਲਮ ਵਿਚ ਰਾਮ ਤੇ ਸ਼ਾਮ ਦੇ ਵਿਛੜਨ ਦੀ ਕਹਾਣੀ ਨਹੀਂ ਬਣਦੀ ਪਰ ਹੈ ਤਾਂ ਇਹ ਅਜੀਬ ਗੱਲ, ਤੁਸੀਂ ਸੋਚ ਕੇ ਵੇਖੋ।

ਜਿ਼ਆਦਾ ਖੇਤਰਫਲ ਅਤੇ ਘੱਟ ਆਬਾਦੀ ਕਾਰਨ ਵੈਸੇ ਤਾਂ ਕੈਨੇਡਾ ਦਾ ਵਾਤਾਵਰਨ ਬੜਾ ਸ਼ੁੱਧ ਹੈ ਪਰ ਉਹ ਇਸ ਨੂੰ ਹੋਰ ਵੀ ਸ਼ੁੱਧ ਰੱਖਣ ਲਈ ਬਹੁਤ ਚੇਤਨ ਹਨ ਅਤੇ ਇਹ ਵੀ ਸਮਝਦੇ ਹਨ ਕਿ ਦੁਨੀਆਂ ਭਰ ਵਿਚ ਹੀ ਵਾਤਾਵਰਨ ਪ੍ਰਤੀ ਚੇਤਨਾ ਹੋਣੀ ਚਾਹੀਦੀ ਹੈ। ਇਸ ਲਈ ਬੜੇ ਪ੍ਰੇਰਨਾਦਾਇਕ ਅਤੇ ਕਰੜੇ ਕਾਨੂੰਨ ਹਨ। ਉਨ੍ਹਾਂ ਵਿਚੋਂ ਕੁਝ ਅਨੁਕਰਨਯੋਗ ਹਨ। ਉਥੇ ਕੁਝ ਸੜਕਾਂ ਉਪਰ ਕੁਝ ਲੇਨਾਂ ਵਿਚ ਕੇਵਲ ਉਹੀ ਗੱਡੀਆਂ ਚੱਲ ਸਕਦੀਆਂ ਹਨ ਜਿਨ੍ਹਾਂ ਵਿਚ ਇਕ ਤੋਂ ਵਧੇਰੇ ਬੰਦੇ ਬੈਠੇ ਹੋਣ। ਉਨ੍ਹਾਂ ਦੇ ਇਸ ਕਾਨੂੰਨ ਦਾ ਮੰਤਵ ਲੋਕਾਂ ਨੂੰ ਇਕੋ ਕਾਰ ਵਿਚ ਸਫਰ ਕਰਨ ਲਈ ਉਤਸ਼ਾਹਿਤ ਕਰਨਾ ਹੈ। ਕਿਉਂਕਿ ਅਜੇ ਇਸ ਲੇਨ ਵਿਚ ਟ੍ਰੈਫਿਕ ਘੱਟ ਹੁੰਦਾ ਹੈ ਅਤੇ ਵਿਅਕਤੀ ਮੰਜ਼ਲ ਤੇ ਜਲਦੀ ਪਹੁੰਚਦਾ ਹੈ। ਇਸੇ ਪ੍ਰਕਾਰ ਪਲਾਸਟਿਕ ਦੀ ਬਜਾਏ ਘਰੋਂ ਥੈਲਾ ਲੈ ਕੇ ਜਾਣ ਵਾਲੇ ਵਿਅਕਤੀਆਂ ਨੂੰ ਥੈਲਾ ਦਿਖਾਉਣ ਤੇ ਬਿਲ ਵਿਚ ਛੋਟ ਦਿੱਤੀ ਜਾਂਦੀ ਹੈ। ਇਸ ਦਾ ਮੰਤਵ ਵੀ ਯੂਜ਼ ਐਂਡ ਥਰੋ ਦੀ ਰੁਚੀ ਨੂੰ ਘਟਾ ਕੇ ਮੁੜ ਵਰਤੋਂ ਦੀ ਆਦਤ ਪਾਉਣਾ ਹੈ। ਇਥੇ ਫਿਰ ਮੈਨੂੰ ਆਪਣਾ ਪੁਰਾਣਾ ਪੰਜਾਬ ਯਾਦ ਆਇਆ ਕਿ ਅੱਜ ਤੋਂ ਤੀਹ ਸਾਲ ਪਹਿਲਾਂ ਸਾਰਾ ਪੰਜਾਬ ਸੌਦਾ ਲੈਣ ਲਈ ਘਰੋਂ ਝੋਲਾ ਲੈ ਕੇ ਜਾਂਦਾ ਸੀ। ਮਾਲਵੇ ਦੇ ਦੇ ਬੰਦੇ ਤਾਂ ਮੂਕੇ ਜਾਂ ਸਮੋਸੇ ਲੜ ਹੀ ਸਾਰਾ ਬਾਜ਼ਾਰ ਬੰਨ੍ਹ ਲਿਆਉਂਦੇ ਸਨ। ਬਹੁਕੌਮੀ ਕੰਪਨੀਆਂ ਦੇ ਪਰਚਾਰ ਕਰਦੇ ਇਕ ਵੰਨੀ ਦੇ ਲੋਗੋਆਂ ਦੀ ਥਾਵੇਂ ਪੰਜਾਬਣਾਂ ਦੇ ਰੀਝਾਂ ਨਾਲ ਕੱਢਾ ਮੋਰ ਤੋਤਿਆਂ ਦੇ ਝੋਲੇ ਅਜੇ ਵੀ ਸੰਦੂਕਾਂ ਵਿਚ ਪਏ ਹੋਣਗੇ। ਆਧੁਨਿਕਤਾ ਦੀ ਗੱਡੀ ਚੜ੍ਹੇ ਪੰਜਾਬ ਨੂੰ ਕੈਨੇਡਾ ਵੱਲ ਵੇਖ ਕੇ ਹੀ ਆਪਣਾ ਪੁਰਾਤਨ ਵਿਰਸਾ ਮੁੜ ਸੁਰਜੀਤ ਕਰਨ ਲਈ ਹੰਭਲਾ ਮਾਰਨਾ ਚਾਹੀਦਾ ਹੈ।

ਕੈਨੇਡਾ ਦੀ ਇਕ ਗੱਲ ਮੈਨੂੰ ਚੰਗੀ ਨਹੀਂ ਲੱਗੀ ਕਿ ਉਹ ਨਿੱਤਪ੍ਰਤੀ ਦੀ ਕਿਰਿਆ ਸੋਧਦਿਆਂ ਹੱਦੋਂ ਵੱਧ ਕਾਗਜ਼ ਖਰਾਬ ਕਰਦੇ ਹਨ। ਪਤਾ ਨਹੀਂ ਮੇਰੇ ਮਨ ਵਿਚ ਇਹ ਕਿਉਂ ਬੈਠਾ ਹੈ ਕਿ ਪਾਣੀ ਬਿਨਾ ਸਫਾਈ ਅਧੂਰੀ ਹੁੰਦੀ ਹੈ। ਪਬਲਿਕ ਥਾਵਾਂ ਤੇ ਹੱਥ ਸੁਕਾਉਣ ਲਈ ਜਿੰਨਾ ਕਾਗਜ਼ ਖਰਾਬ ਕੀਤਾ ਜਾਂਦਾ ਹੈ, ਉਸ ਦਾ ਕੋਈ ਹੱਲ ਹੋਣਾ ਚਾਹੀਦਾ ਹੈ। ਇਲੈਕਟ੍ਰਿਕ ਹੈਂਡ ਡਰਾਇਰ ਹੱਦੋਂ ਵੱਧ ਸ਼ੋਰ ਪਾਉਂਦੇ ਹਨ, ਬਿਜਲੀ ਦੀ ਖਪਤ ਕਰਦੇ ਹਨ ਅਤੇ ਹੱਥ ਸੁਕਾਉਣ ਵਿਚ ਫੇਰ ਵੀ ਦੇਰ ਹੁੰਦੀ ਹੈ। ਇਸ ਦੇ ਉਲਟ ਕਪੜੇ ਦਾ ਰੁਮਾਲ ਤੁਰਦਿਆਂ ਤੁਰਦਿਆਂ ਘੱਟ ਸਮੇਂ ਵਿਚ ਵੱਧ ਚੰਗੀ ਤਰ੍ਹਾਂ ਸੁਕਾਉਂਦਾ ਹੈ। ਸ਼ਾਇਦ ਇਸ ਨੂੰ ਹਾਈਜੈਨਿਕ ਨਹੀਂ ਮੰਨਿਆ ਜਾਂਦਾ ਪਰ ਮੇਰੇ ਖਿਆਲ ਵਿਚ ਹਰ ਰੋਜ਼ ਧੋਤਾ ਆਪਣਾ ਰੁਮਾਲ ਹਾਈਜੈਨਿਕ ਹੀ ਹੁੰਦਾ ਹੈ।

ਕੈਨੇਡਾ ਵਿਚ ਇਸ ਸਮੇਂ ਲੱਗਭਗ ਹਰ ਕਾਰ ਵਿਚ ਲੱਗਿਆ ਲਗਾਇਆ ਜੀਪੀਐਸਸਿਸਟਮ ਆਉਂਦਾ ਹੈ ਅਤੇ ਪੁਰਾਣੀਆਂ ਵਿਚ ਇਹ ਜੰਤਰ ਬਾਹਰੋਂ ਲਗਾਇਆ ਜਾਂਦਾ ਹੈ। ਇਸ ਨਾਲ ਕਿਸੇ ਵੀ ਐਡਰੈਸ ਤੇ ਪਹੁੰਚਿਆ ਜਾ ਸਕਦਾ ਹੈ। ਸਕਰੀਨ ਉਪਰ ਨਕਸ਼ਾ ਵੀ ਆਉਂਦਾ ਰਹਿੰਦਾ ਹੈ ਅਤੇ ਸਪੀਕਰ ਰਾਹੀਂ ਆਵਾਜ਼ ਵੀ ਆਉਂਦੀ ਹੈ। ਭਾਰਤ ਵਿਚ ਅਜੇ ਇਹ ਪ੍ਰਚੱਲਤ ਨਹੀਂ ਹੋਇਆ। ਭਾਵੇਂ ਨਵੇਂ ਫੋਨਾਂ ਵਿਚ ਇਹ ਸੁਵਿਧਾ ਹੈ। ਇਸ ਜੰਤਰ ਦਾ ਨਾਂ ਪੰਜਾਬੀ ਕੈਨੇਡੀਅਨਾਂ ਨੇ ਗੁਰ ਪ੍ਰਤਾਪ ਸਿੰਘ(ਜੀਪੀਐਸ) ਰੱਖਿਆ ਹੋਇਆ ਹੈ। ਉਹ ਆਖਦੇ ਹਨ ਕਿ ਭਾਰਤ ਵਿਚ ਇਹੀ ਜੰਤਰ ਵਾਲਾ ਕੰਮ ਰਿਕਸ਼ੇ ਵਾਲ਼ਾ ਕਰ ਦਿੰਦਾ ਹੈ।

ਕੈਨੇਡਾ ਵਿਚ ਪਹਿਲੀ ਪੰਜਾਬੀ ਪੀੜ੍ਹੀ ਲੱਗਭਗ ਖਾਲੀ ਹੱਥ ਗਈ ਸੀ,ਅੱਜ ਉਹ ਚੰਗੀਆਂ ਜਾਇਦਾਦਾਂ ਦੇ ਮਾਲਕ ਹਨ ਅਤੇ ਚੰਗੀਆਂ ਸੁੱਖ ਸਹੂਲਤਾਂ ਮਾਣ ਰਹੇ ਹਨ। ਔਸਤਨ ਪੰਜਾਬੀ ਭਾਰਤ ਦੇ ਮੱਧ ਵਰਗੀ ਜੀਵਨ ਸ਼ੈਲੀ ਵਿਚ ਜੀਅ ਰਿਹਾ ਹੈ। ਕੁਝ ਪੰਜਾਬੀਆਂ ਨੇ ਤਰੱਕੀ ਕਰਕੇ ਉਥੋਂ ਦੀ ਆਰਥਿਕ ਤੌਰ ਤੇ ਅਮੀਰ ਸ਼੍ਰੇਣੀ ਅਤੇ ਸਿਆਸੀ ਸਭਿਆਚਾਰਕ ਖੇਤਰਾਂ ਵਿਚ ਪ੍ਰਭਾਵਸ਼ਾਲੀ ਵਿਅਕਤੀਆਂ ਵਿਚ ਆਪਣੀ ਥਾਂ ਬਣਾਈ ਹੈ। ਪੰਜਾਬੀਆਂ ਦੀ ਇਸ ਉਨਤੀ ਦਾ ਕਾਰਨ ਮੁਕਾਬਲਤਨ ਸਖਤ ਮਿਹਨਤ,ਸਾਂਝਾ ਪਰਿਵਾਰ ਅਤੇ ਬੱਚਿਆਂ ਦੀ ਸਿੱਖਿਆ ਵੱਲ ਧਿਆਨ ਦੇਣਾ ਹੈ। ਜਿੱਥੇ ਆਮ ਕੈਨੇਡੀਅਨ ਪਰਿਵਾਰਾਂ ਵਿਚ ਹਾਈ ਸਕੂਲ ਤੋਂ ਬਾਅਦ ਮਾਪੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਨਹੀਂ ਚੁੱਕਦੇ ਉਥੇ ਪੰਜਾਬੀ ਮਾਪੇ ਮਰਦੇ ਦਮ ਤਕ ਬੱਚਿਆਂ ਦੀ ਸਹਾਇਤਾ ਕਰਦੇ ਹਨ। ਇਸ ਫੈਕਟਰ ਨੇ ਵੀ ਪਰਿਵਾਰਾਂ ਨੂੰ ਅੱਗੇ ਵਧਣ ਵਿਚ ਸਹਾਇਤਾ ਕੀਤੀ ਹੈ। ਅੱਜ ਵੈਨਕੂਵਰ,ਟਰਾਂਟੋ ਵਰਗੇ ਸ਼ਹਿਰਾਂ ਵਿਚ ਪੰਜਾਬੀਆਂ ਦੀ ਗਿਣਤੀ ਏਨੀ ਕੁ ਹੈ ਕਿ ਉਹ ਆਪਣੇ ਧਾਰਮਿਕ ਸਮਾਗਮਾ, ਸਭਿਆਚਾਰਕ ਪ੍ਰੋਗਰਾਮਾਂ, ਖੇਡ ਮੇਲਿਆਂ ਅਤੇ ਹੋਰ ਪ੍ਰੋਗਰਾਮਾਂ ਵਿਚ ਹਜ਼ਾਰਾਂ ਦਾ ਇਕੱਠ ਕਰ ਲੈਂਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਹਰ ਪੱਧਰ ਉਪਰ ਹੀ ਧੜੇਬੰਦੀ ਪੰਜਾਬ ਨਾਲੋਂ ਵੀ ਵੱਧ ਹੈ। ਇਕੋ ਦਿਨ ਇਕੋ ਸਮੇਂ ਜਿਦ ਜਿਦ ਕੇ ਟੂਰਨਾਮੈਂਟ ਹੁੰਦੇ ਹਨ। ਇਕ ਦੂਜੇ ਦੇ ਸਮਾਗਮਾਂ ਵਿਚ ਜਾਣ ਦੀ ਬਜਾਏ, ਨਾ ਜਾਣ ਲਈ ਸੁਨੇਹੇਂ ਲਗਦੇ ਹਨ। ਸ਼ਾਇਦ ਇਸ ਵਿਰੋਧ ਵਿਚੋਂ ਵਿਕਾਸ ਵੀ ਹੁੰਦਾ ਹੋਵੇਗਾ ਪਰ ਮੈਨੂੰ ਜਾਪਦਾ ਹੈ ਕਿ ਅਜੇ ਪੰਜਾਬੀਆਂ ਨੂੰ ਇਕ ਜੁੱਟ ਹੋ ਕੇ ਮੁੱਖ ਧਾਰਾ ਦੇ ਮੁਕਾਬਲੇ ਆਪਣੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਤੇ ਜੀਵਨ ਸ਼ੈਲੀ ਨੂੰ ਸਥਾਪਤ ਕਰਨਾ ਚਾਹੀਦਾ ਹੈ।

ਜਾਣਨਾ ਤਾਂ ਆਪਣਾ ਦੇਸ਼ ਹੀ ਬੜਾ ਮੁਸ਼ਕਲ ਹੈ। ਏਨੇ ਥੋੜ੍ਹੇ ਸਮੇਂ ਵਿਚ ਕਿਸੇ ਬਿਗਾਨੇ ਮੁਲਕ ਬਾਰੇ ਕੀ ਦੱਸਿਆ ਜਾ ਸਕਦਾ ਹੈ। ਐਵੇਂ ਬੱਸ ਮਨ ਵਿਚ ਜਿਨ੍ਹਾਂ ਗੱਲਾਂ ਦੀ ਤੁਲਨਾ ਆਈ ਕਰ ਦਿੱਤੀ। ਇਹ ਮੇਰੇ ਨਿੱਜੀ ਅਨੁਭਵ ਹਨ ਪਰ ਜੇ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਅਗਾਊਂ ਮੁਆਫੀ।ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਬਹੁਤ ਸਾਰੀਆਂ ਗੱਲਾਂ ਕੈਨੇਡਾ ਤੋਂ ਸਿੱਖ ਸਕਦਾ ਹੈ ਪਰ ਕੁਝ ਗੱਲਾਂ ਸਾਡੇ ਕੋਲ਼ ਪਹਿਲਾਂ ਹੀ ਸਨ। ਅਸੀਂ ਉਹ ਆਧੁਨਿਕਤਾ ਦੀ ਮਾਰ ਹੇਠ ਆ ਕੇ ਛੱਡ ਦਿੱਤੀਆਂ ਹਨ, ਉਨ੍ਹਾਂ ਨੂੰ ਪੁਨਰਸੁਰਜੀਤ ਕਰਨ ਦੀ ਲੋੜ ਹੈ। ਕੈਨੇਡਾ ਵਿਚ ਵੀ ਸਭ ਅੱਛਾ ਨਹੀਂ ਅਤੇ ਸਾਡੇ ਦੇਸ਼ ਵੀ ਸਾਰਾ ਬੁਰਾ ਨਹੀਂ। ਜੋ ਕੁਝ ਬਾਹਰ ਚੰਗਾ ਹੈ ਉਹ ਅਪਣਾ ਲੈਣਾ ਚਾਹੀਦਾ ਹੈ ਅਤੇ ਜੋ ਇਥੇ ਬੁਰਾ ਹੈ, ਉਸ ਨੂੰ ਹੂੰਝ ਦੇਣਾ ਚਾਹੀਦਾ ਹੈ। ਸਭਿਆਚਾਰ ਕੇ ਵਿਕਾਸ ਦਾ ਇਹੀ ਮਾਡਲ ਹੈ। ਆਪਣੇ ਲੋਕਾਂ ਨੂੰ ਪ੍ਰੇਰਨਾ ਦੇਣ ਲਈ ਤਾਂ ਇਹ ਗੱਲ ਚੰਗੀ ਹੈ ਕਿ ਕੈਨੇਡਾ ਦੇ ਸੁਚੱਜੇ ਪ੍ਰਬੰਧ ਦੀਆਂ ਸਿਫਤਾਂ ਕੀਤੀਆਂ ਜਾਣ ਪਰ ਧਿਆਨ ਦੇਣ ਦੀ ਲੋੜ ਹੈ ਕਿ ਕਿਤੇ ਇਉਂ ਕਰਦਿਆਂ ਕੈਨੇਡਾ ਦਾ ਸੋਸ਼ਣਕਾਰੀ ਪ੍ਰਬੰਧ ਅੱਖੋਂ ਓਹਲੇ ਨਾ ਹੋ ਜਾਵੇ ਅਤੇ ਭਾਰਤ ਦੇ ਲੋਕਾਂ ਵਿਚ ਇਹ ਹੀਣਤ ਨਾ ਭਰੀ ਜਾਵੇ ਕਿ ਇੱਥੇ ਕੁਝ ਨਹੀਂ ਹੋ ਸਕਦਾ। ਭਾਵੇਂ ਕੁਝ ਭਰਾ ਬਾਹਰ ਜਾ ਕੇ ਚੰਗੀ ਜਿ਼ੰਦਗੀ ਬਸ਼ਰ ਕਰ ਸਕਦੇ ਹਨ ਅਤੇ ਅੱਜ ਜਦੋਂ ਸੰਸਾਰ ਇਕ ਹੋਣ ਜਾ ਰਿਹਾ ਹੈ ,ਸਰਮਾਇਆ ਮੁਲਕੋ ਮੁਲਕੀ ਖੁੱਲ੍ਹਾ ਫਿਰਦਾ ਹੈ, ਉਦੋਂ ਬੰਦੇ ਦੇ ਪਰਵਾਸ ਤੇ ਵੀ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ, ਉਸ ਨੂੰ ਵੀ ਆਪਣੇ ਮਨਮਰਜੀ ਦੇ ਥਾਂ ਜਾ ਕੇ ਰੋਟੀ ਕਮਾਉਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਪਰ ਇਕ ਗੱਲ ਪੱਕੀ ਹੈ ਕਿ ਬਹੁਗਿਣਤੀ ਪੰਜਾਬੀਆਂ ਨੇ ਇੱਥੇ ਹੀ ਰਹਿਣਾ ਹੈ ਤੇ ਉਨ੍ਹਾਂ ਨੂੰ ਇੱਥੇ ਹੀ ਚੰਗੇਰੀ ਜਿ਼ੰਦਗੀ ਲਈ ਸੋਚਣਾ ਪਵੇਗਾ।

ਪ੍ਰੋ:ਰਜਿੰਦਰ ਪਾਲ ਬਰਾੜ
ਲੇਖਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੰਜਾਬੀ ਵਿਭਾਗ ਦੇ ਮੁਖੀ ਹਨ।

1 comment:

  1. ਬੜੀ ਸੋਹਣੀ ਗੱਲ ਕੀੱਤੀ ਹੈ , ਬੜੇ ਸੁਚੱਜੇ, ਸੰਤੁਲਿਤ ਲਹਿਜੇ ਚ , ਤੇ ਸਚ ਸਚ l. ਮੇਰਾ ਵਿਚਾਰ ਹੈ ਕੇ ਪੰਜਾਬ ਹੀ ਨਹੀਂ ਸਗੋਂ ਸਮੁਚੇ ਹਿੰਦੁਸਤਾਨ ਦੇ ਵਿਚ ਵਿਦੇਸ਼ ਜਾਣ ਦੀ ਲਲਕ ਇਕ ਭਾਜਵਾਦੀ ਮਨੋਬਿਰਤੀ ਦਾ ਰੂਪ ਅਖਤਿਆਰ ਕਰ ਚੁੱਕੀ ਹੈ ਜੋ ਕੇ ਦੇਸ਼ ਦੇ ਭਵਿਖ ਵੱਲ ਦੇਖਦਿਆਂ ਸਕਾਰਾਤਮਕ ਨਾਗਰਿਕਾਂ ਦੀ ਸ਼ਕਤੀ ਨੂੰ ਘਟ ਕਰਦੀ ਹੈ l ਵੱਡੀ ਗਿਣਤੀ ਓਹਨਾ ਦੀ ਵੀ ਹੈ ਜਿਹਨਾ ਨੂੰ ਆਰਥਿਕ ਆਜ਼ਾਦੀ ਤੋਂ ਵਧ ਜਹਾਜ਼ ਚੜ੍ਹਨ ਤੇ ਵਲੈਤ ਦੇਖਣ ਦਾ ਸ਼ੌਕ ਹੈ l ਕਾਯਨਾਤ ਵਿਚ ਦੋ ਚੀਜ਼ਾਂ ਦੀ ਤੁਲਣਾ ਕਰੀਏ ਤਾਂ ਇੱਕ ਜਾਂ ਦੂਸਰੀ ਨੂੰ ਊਣੀ ਸਿਧ ਕੀਤਾ ਜਾ ਸਕਦਾ ਹੈ, ਇਹ ਦੋਵੇਂ ਪਾਸੇ ਲਾਗੂ ਹੁੰਦਾ ਹੈ l ਮੈਂ ਆਪਣੇ ਪਰਦੇਸੀ ਵੀਰਾਂ ਨੂੰ ਕਈ ਵਾਰ ਪੁਛਿਆ ਹੈ ਕੇ ਕੀ ਬਾਹਰ ਚਾਹ ਪੀਣ ਵੇਲੇ ਓਹ ਵੀ ਸਾਡੇ ਵਾਂਗ ਬੇਪਰਵਾਹ ਹੁੰਦੇ ਨੇ ਜਾਂ ਪਹਿਲਾਂ ਬਟੂਏ, ਜਿਹਨੂੰ ਵਾਲੈਟ ਵੀ ਸੱਦੀਦਾ ਹੈ, ਤੇ ਹਥ ਲਾ ਕੇ ਮਨ ਵਿਚ ਜਮਾ ਘਟਾ ਕਰਨਾ ਪੈਂਦਾ ਹੈl ਜਵਾਬ ਹਮੇਸ਼ਾ ਇੱਕੋ ਮਿਲਿਆ ਹੈ ਜਿੰਨੇ ਕ ਸਚੇ ਜਵਾਬ ਆਏ l ਘਰੇਲੂ ਕੰਮ ਲਈ ਮਾਈਆਂ ਵਾਲੀ ਗੱਲ ਦਾ ਤਾਂ ਜ਼ਿਕਰ ਤੁਸੀ ਕੀਤਾ ਹੀ ਹੈ l nanny ਦੇ ਪੈਸੇ ਬਚਾਉਣ ਲੈ granny ਨੂ ਵਲੈਤ ਬੁਲਾਉਣ ਚ ਬੁਰਾਈ ਨਹੀਂ ਹੈ ਲੇਕਿਨ ਜਦੋਂ ਜਦੋਂ ਮਨ ਵਿਚਲਾ ਮੁਨੀਮ ਪ੍ਰਭਾਵ ਵਧਾਉਂਦਾ ਹੈ ਮਨ ਦੀ ਕੋਮਲਤਾ ਚ ਫ਼ਰਕ ਤਾਂ ਜ਼ਰੂਰ ਆਉਂਦਾ ਹੈ l ਮੁਕਦੀ ਗਲ ਹੈ ਕੇ ਭਾਰਤ ਵਰਗੇ ਮੁਲਕ ਚ ਅਸੀਂ ਜੇ ਕੁਝ ਸੁਧਾਰਾਂ ਲਈ ਜਾਗਰਤ ਹੁੰਦੇ ਤੇ ਜਿੰਨਾ ਕ ਸਮਾਂ ਮਿਲੇ ਓਹ ਦਿੰਦੇ ਰਹੰਦੇ ਤਾਂ ਸਾਡੇ ਚ ਤੇ ਓਹਨਾ ਮੁਲਕਾਂ ਚ ਕੋਈ ਬਹੁਤਾ ਫ਼ਰਕ ਆਰਥਿਕ ਤੇ infrastructural ਤਰਕੀ ਚ ਨਹੀਂ ਰਹਿਣਾ ਸੀ l ਓਦਾਂ ਵਿਗੜਿਆ ਹਾਲੇ ਵੀ ਕੁਝ ਨਹੀਂ ਹੈ...

    ReplyDelete