ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, October 27, 2011

ਮਾਓਵਾਦੀ ਲਹਿਰ ਦੀ ਅਣਕਹੀ ਗਾਥਾ : 'ਵਿਦਰੋਹੀ ਜੰਗਲ'

ਰਾਹੁਲ ਕਹਾਣੀਕਾਰ ਨਹੀਂ ਹੈ, ਪਰ ਉਸਨੂੰ ਕਹਾਣੀ ਕਹਿਣ ਦਾ ਵੱਲ ਹੈ। ਉਹ ਲਗਤਾਰ ਬੋਲਦਾ ਜਾਂਦਾ ਹੈ ਤੇ ਸੁਨਣ ਵਾਲੇ ਨੂੰ ਬੰਨ੍ਹ ਲੈਂਦਾ ਹੈ। ਆਪਣੀ ਲੰਬੀ ਕਹਾਣੀ ਨੂੰ ਉਸਨੇ ਕੋਬਾਡ ਗਾਂਧੀ ਤੋਂ ਸ਼ੁਰੂ ਕੀਤਾ ਤੇ ਉਸੇ ਉੱਤੇ ਹੀ ਖ਼ਤਮ ਕਰਦਿਆਂ ਉਹ ਇਕ ਚੀਜ਼ ਵੱਲ ਇਸ਼ਾਰਾ ਕਰਦਾ ਹੈ ਕਿ ਅਜੇ ਇਹ ਪਤਾ ਨਹੀਂ ਕਿ ਗਿਰਡੀਹ ਗੁੜਗਾਓਂ ਪਹੁੰਚੇਗਾ ਕਿ ਗੁੜਗਾਓਂ ਗਿਰਡੀਹ ਚਲਾ ਜਾਵੇਗਾ। ਪਰ ਇਹ ਤੈਅ ਹੈ ਕਿ ਇਕ ਤੰਦ ਮਾਓਵਾਦੀ ਲਹਿਰ ਦੇ ਗੜ੍ਹਾਂ ਨੂੰ ਹਿੰਦੋਸਤਾਨ ਅੰਦਰ ਮੌਜੂਦ ਕਾਰਪੋਰੇਟੀ ਸਰਮਾਏ ਦੇ ਗੜ੍ਹਾਂ ਵਿਚ ਪੱਸਰ ਰਹੀ ਗ਼ਰੀਬੀ ਨਾਲ ਜੋੜਦੀ ਹੈ ਤੇ ਇਹ ਰਿਸ਼ਤਾ ਅਟੁੱਟ ਹੈ ਜਿਹੜਾ ਮੌਜੂਦਾ ਆਰਥਕ ਸਮਾਜੀ ਢਾਂਚੇ ਵਿਚ ਤਰਥੱਲੀਆਂ ਪੈਦਾ ਕਰ ਸਕਦਾ ਹੈ। ਇਹ ਜੰਗਲ ਦਾ ਸ਼ਹਿਰ ਨਾਲ ਰਿਸ਼ਤਾ ਹੈ ਇਕ ਵੱਖਰੇ ਪਸਾਰ ਦੇ ਰੂਪ ਵਿਚ, ਇਕ ਦੀ ਦੂਸਰੇ ਵੱਲੋਂ ਲੁੱਟ ਦੇ ਰੂਪ 'ਚ ਹੀ ਨਹੀਂ ਸਗੋਂ ਦੋਹਾਂ ਥਾਵਾਂ ਦੇ ਲੁੱਟੇ ਨਪੀੜਿਆਂ ਦੀ ਇਨਕਲਾਬੀ ਸਾਂਝ ਦੇ ਰੂਪ ਵਿਚ।

ਇਸ ਪੱਤਰਕਾਰ ਨੇ ਇਤਹਾਸ ਦੇ ਟੁਕੜਿਆਂ ਨੂੰ ਇਕ ਲੜੀ ਵਿਚ ਪਰੋਣ ਲਈ ਕਾਫ਼ੀ ਮਿਹਨਤ ਕੀਤੀ ਹੈ। ਬੇਸ਼ੱਕ, ਇਹ ਇਕ ਨਿੱਕੀ ਜਹੀ ਕੋਸ਼ਿਸ਼ ਹੈ ਪਰ ਹੈ ਇਹ ਮਹੱਤਵ ਵਾਲੀ ਅਤੇ ਇਸ ਉੱਤੇ ਅਜੇ ਬਹੁਤ ਕੁਝ ਲਿਖਿਆ ਜਾਣਾ ਹੈ। ਮਾਓਵਾਦੀ ਲਹਿਰ ਦੇ ਇਤਹਾਸ ਸਬੰਧੀ ਇਹ ਕਿਰਤ ਲਾਜ਼ਮੀ ਹੀ ਚਰਚਾ ਤੇ ਬਹਿਸ ਛੇੜੇਗੀ। ਇਤਹਾਸ ਨੂੰ ਕਹਾਣੀ ਦੇ ਰੂਪ ਵਿਚ ਪੇਸ਼ ਕਰਨ ਦਾ ਤਰੀਕਾ ਬਹੁਤ ਪੁਰਾਣਾ ਹੈ, ਇਹ ਲੋਕਾਂ ਦਾ ਤਰੀਕਾ ਹੈ, ਇਤਹਾਸ ਦੀ ਟੈਕਸਟ ਬੁੱਕ ਅਲੱਗ ਤਰ੍ਹਾਂ ਦੀ ਹੁੰਦੀ ਹੈ। ਪੰਡਿਤਾ ਨੇ ਬੁੱਧੀਜੀਵੀ ਹੋਣ ਦੇ ਬਾਵਜੂਦ ਪੰਡਤਾਊਪਣ ਤੋਂ ਗੁਰੇਜ਼ ਕੀਤਾ ਹੈ। ਜਿੱਥੇ ਉਸ ਨੇ ਮਾਓਵਾਦੀਆਂ ਦੀਆਂ ਦਸਤਾਵੇਜ਼ਾਂ 'ਚੋਂ ਹਵਾਲੇ ਦਿੱਤੇ ਵੀ ਹਨ ਉਹਨਾਂ ਨੂੰ ਵੀ ਬਾਦ ਵਿਚ ਕਹਾਣੀ ਜਿਹੀ ਰੰਗਤ ਦੇ ਕੇ ਸਮੇਟਿਆ ਹੈ।

ਇਹ ਕਿਤਾਬ ਮਾਓਵਾਦੀ ਲਹਿਰ ਦਾ ਸੰਪੂਰਨ ਇਤਹਾਸ ਬਿਆਨ ਕਰਨ ਦਾ ਦਾਅਵਾ ਨਹੀਂ ਕਰਦੀ। ਇਤਹਾਸ ਕਦੇ ਸੰਪੂਰਨ ਹੁੰਦਾ ਹੀ ਨਹੀਂ। ਇਹ ਮੁੜ ਮੁੜ ਉਠਾਇਆ ਜਾਂਦਾ ਹੈ ਤੇ ਬਹਿਸ ਦਾ ਵਿਸ਼ਾ ਬਣਦਾ ਰਹਿੰਦਾ ਹੈ। ਪੰਡਿਤਾ ਨੇ ਸਹਿਜ ਨਾਲ ਘਟਨਾਵਾਂ ਉਠਾਈਆਂ ਹਨ ਤੇ ਉਹਨਾਂ ਨੂੰ ਪੇਸ਼ ਕੀਤਾ ਹੈ। ਉਹ ਪੱਤਰਕਾਰਾਂ ਵਾਂਗ ਘਟਨਾਵਾਂ ਨੂੰ ਉਠਾਉਂਦਾ ਹੈ ਤੇ ਫੇਰ ਉਹਨਾਂ ਨੂੰ ਆਪਣੀ ਜ਼ੁਬਾਨ ਦੇਂਦਾ ਹੈ, ਨਾਲ ਹੀ ਆਪਣਾ ਨਜ਼ਰੀਆ ਵੀ। ਘਟਨਾਵਾਂ ਦੇ ਵੇਰਵੇ ਅਕਸਰ ਹੀ ਬਹਿਸਾਂ ਛੇੜ ਦੇਂਦੇ ਹਨ ਤੇ ਨਵੇਂ ਨਵੇਂ ਤੱਥ ਉੱਭਰਦੇ ਰਹਿੰਦੇ ਹਨ। ਇਸ ਨਾਲ ਤਰਤੀਬ ਵਿਚ ਬਦਲਾਅ ਆਉਂਦੇ ਰਹਿੰਦੇ ਹਨ। ਵਧੇਰੇ ਮਹੱਤਵਪੂਰਨ ਬਹਿਸ ਨਜ਼ਰੀਏ ਦੁਆਲੇ ਹੁੰਦੀ ਹੈ। ਜਦੋਂ ਲੋਕ ਕਿਤਾਬ ਦੀ ਚੀਰ-ਫਾੜ ਕਰਨਗੇ ਤਾਂ ਲਾਜ਼ਮੀ ਹੀ ਰਾਹੁਲ ਵੀ ਨਸ਼ਤਰ ਹੇਠ ਆਵੇਗਾ ਤੇ ਉਸ ਦੇ ਕੁਝ ਹਿੱਸਿਆਂ ਨੂੰ ਚੀਰਿਆ-ਫਰੋਲਿਆ ਜਾਵੇਗਾ। ਕੁਲ ਮਿਲਾਕੇ ਭਾਵੇਂ ਉਹ ਦੱਬਿਆਂ-ਕੁਚਲਿਆਂ ਦੇ ਹੱਕ ਵਿਚ ਖੜ੍ਹਾ ਹੋਇਆ ਹੈ ਪਰ ਲਹਿਰ ਪ੍ਰਤੀ ਜੋ ਤੁਅੱਸਬ ਮੌਜੂਦ ਹਨ ਰਾਹੁਲ ਵੀ ਉਹਨਾਂ ਤੋਂ ਸੁਰਖ਼ਰੂ ਨਹੀਂ।

ਕਿਤੇ ਉਸਨੂੰ ਲੋਕਾਂ ਦੀ ਬਗ਼ਾਵਤ ਹੱਕੀ ਲਗਦੀ ਹੈ ਤੇ ਕਿਤੇ ਲਗਦਾ ਹੈ ਕਿ ਲੋਕ ਸਰਕਾਰੀ ਤੇ ਮਾਓਵਾਦੀ ਹਿੰਸਾ ਦੇ ਦੋ ਪੁੜਾਂ ਵਿਚਾਲੇ ਪਿਸ ਰਹੇ ਹਨ। ਰਾਧਾ ਡਿਸੂਜ਼ਾ ਨੇ ਇਸ ਸੈਂਡਵਿਚ (sandwich) ਨਜ਼ਰੇਏ ਦੇ ਬੁਰੀ ਤਰ੍ਹਾਂ ਪਰਖੱਚੇ ਉਡਾਏ ਹਨ। ਰਾਹੁਲ ਨੇ ਉਸ ਨੂੰ ਪੜ੍ਹਿਆ ਹੈ ਜਾਂ ਨਹੀਂ, ਪਤਾ ਨਹੀਂ। ਇਸ ਨਾਲ ਫ਼ਰਕ ਵੀ ਨਹੀਂ ਪੈਂਦਾ। ਉਹ ਬਗ਼ਾਵਤ ਨੂੰ ਜੇ ਮਜਬੂਰੀ 'ਚੋਂ ਨਿਕਲੀ ਹੋਈ ਜ਼ਰੂਰਤ ਵਜੋਂ ਪੇਸ਼ ਕਰਦਾ ਹੈ ਤਾਂ ਚੱਕੀ ਦੇ ਦੋ ਪੁੜਾਂ ਵਿਚ ਪਿਸਣ ਵਾਲੀ ਸੈਂਡਵਿਚ ਥਿਊਰੀ ਖ਼ੁਦ-ਬ-ਖ਼ੁਦ ਰੱਦ ਹੋ ਜਾਂਦੀ ਹੈ। ਹਿੰਦੋਸਤਾਨ ਭਰ ਵਿਚ ਬੁੱਧੀਜੀਵੀਆਂ ਦਾ ਇਕ ਹਿੱਸਾ ਇਸੇ ਪੁੜਾਂ ਵਾਲੇ ਸਿਧਾਂਤ ਦੀ ਗੱਲ ਕਰਦਾ ਹੈ ਤੇ ਇਸ ਤਰ੍ਹਾਂ ਉਹਨਾਂ ਨੂੰ ਇਹ ਗੁੰਜਾਇਸ਼ ਦੇਂਦਾ ਹੈ ਕਿ ਉਹ ਖੰਡੇ ਨਾਲ ਵਾਹੀ ਲਕੀਰ ਦੇ ਨਾ ਇਸ ਪਾਸੇ ਖੜ੍ਹਣ ਨਾ ਦੂਸਰੇ ਪਾਸੇ ਅਤੇ ਦੂਰ ਕਿਸੇ ਪਹਾੜੀ ਉੱਤੇ ਬੈਠੇ ਕਦੇ ਜੰਗ ਦਾ ਨਜ਼ਾਰਾ ਤੱਕ ਲੈਣ ਤੇ ਕਦੇ ਠੰਡੇ ਸਾਹ ਭਰ ਲੈਣ। ਸ਼ਾਇਦ ਅਜਿਹਾ ਮਨੁੱਖਤਾਵਾਦ ਉਹਨਾਂ ਦੀ ਸਵੈ-ਤਸੱਲੀ ਦੇ ਬਹੁਤ ਢੁਕਵਾਂ ਬੈਠਦਾ ਹੈ।

ਮੇਰੇ ਲਈ ਪੰਡਿਤਾ ਹਿੰਦੋਸਤਾਨੀ ਨਹੀਂ,ਕਸ਼ਮੀਰੀ ਹੈ। ਸਿਰਫ਼ ਇਕ ਪੱਤਰਕਾਰ ਨਹੀਂ, ਸਹੀ ਤੇ ਗ਼ਲਤ ਦੀ ਪਛਾਣ ਕਰਨ ਦੀ ਸਮਰੱਥਾ ਰੱਖਣ ਵਾਲਾ ਇਨਸਾਨ ਵੀ ਹੈ ਜਿਸ ਤੋਂ ਹੋਰ ਚੰਗੇਰੀ ਲਿਖਤ ਦੀ ਤਵੱਕੋ ਕੀਤੀ ਜਾਣੀ ਚਾਹੀਦੀ ਹੈ। ਬਗ਼ਦਾਦ ਹੋਵੇ ਜਾਂ ਕਸ਼ਮੀਰ, ਜਾਂ ਫਿਰ ਬਸਤਰ, ਖੰਡੇ ਦੀ ਲਕੀਰ ਤੇ ਕਲਮ ਦੀ ਲਕੀਰ ਅਲੱਗ ਅਲੱਗ ਨਹੀਂ ਹੋ ਸਕਦੀ। ਰਾਹੁਲ ਵੱਲੋਂ ਫ਼ਾਸਲਾ ਰੱਖਣ ਦੀ ਗੱਲ ਚੁੱਭਦੀ ਹੈ।

ਕਿਤਾਬ ਦਿਲਚਸਪ ਵੀ ਹੈ ਤੇ ਬੰਨ੍ਹ ਵੀ ਲੈਂਦੀ ਹੈ। ਇਹ ਇਸ ਦੀ ਖ਼ੂਬੀ ਹੈ। ਪਾਠਕ ਇਸ ਨੂੰ ਪਸੰਦ ਕਰਨਗੇ ਕਿਉਂਕਿ ਇਹ ਪੰਜਾਬੀ ਵਿਚ ਲਿਖੀ ਗਈ ਲਗਦੀ ਹੈ ਨਾ ਕਿ ਕੋਈ ਤਰਜਮਾ।

ਸਤਨਾਮ
ਲੇਖ਼ਕ ਮਾਓਵਾਦੀ ਲਹਿਰ ਬਾਰੇ ਜੰਗਲਨਾਮਾ ਨਾਂਅ ਦੀ ਕਿਤਾਬ ਲਿਖ਼ ਚੁੱਕੇ ਹਨ।
ਕਿਤਾਬ ਖਰੀਦਣ ਲਈ ਬੂਟਾ ਸਿੰਘ ਨਾਲ ਸੰਪਰਕ ਕੀਤਾ ਜਾ ਸਕਦਾ ਹੈ।-Mob-94634-74342

No comments:

Post a Comment