ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, October 2, 2011

10 ਅਕਤੂਬਰ ਨੂੰ ਕੈਨੇਡਾ 'ਚ ਹੋਵੇਗਾ ਭਾਜੀ ਗੁਰਸ਼ਰਨ ਬਾਰੇ ਸੋਗ ਸਮਾਗਮ

ਸਰੀ ਦੇ 'ਬੰਬੇ ਬੈਂਕਿਉਟ ਹਾਲ' 'ਚ

ਇਨਕਲਾਬੀ ਨਾਟਕਕਾਰ, ਨਿਰਦੇਸ਼ਕ, ਅਤੇ ਮਨੁੱਖੀ ਹੱਕਾਂ ਲਈ ਘੋਲ਼ ਕਰਨ ਵਾਲੇ ਗੁਰਸ਼ਰਨ ਸਿੰਘ ਹੋਰਾਂ ਦੀ ਚੰਡੀਗੜ੍ਹ ਉਨ੍ਹਾਂ ਦੇ ਆਪਣੇ ਘਰ 27 ਸਤੰਬਰ, 2011 ਨੂੰ ਮੌਤ ਹੋ ਗਈ।

ਗੁਰਸ਼ਰਨ ਸਿੰਘ, ਜਿਨ੍ਹਾਂ ਨੂੰ ਪਿਆਰ ਨਾਲ ਲੋਕ ਗੁਰਸ਼ਰਨ ਭਾਜੀ ਤੇ ਭਾਈ ਮੰਨਾ ਸਿੰਘ ਦੇ ਨਾਂ ਨਾਲ ਬੁਲਾਉਂਦੇ ਸਨ, ਦਾ ਜਨਮ 1929 ਨੂੰ ਮੁਲਤਾਨ ਵਿਚ ਹੋਇਆ। ਪੇਸ਼ੇ ਵਜੋਂ ਉਹ ਇੰਜੀਨੀਅਰ ਸਨ ਅਤੇ ਸਰਕਾਰੀ ਨੌਕਰੀ ਕਰਦੇ ਸਨ। ਇੰਦਰਾ ਗਾਂਧੀ ਵਲੋਂ ਭਾਰਤ ਦੇ ਵਿਧਾਨ ਨੂੰ ਮੁਲਤਵੀ ਕਰਕੇ 1975 ਵਿਚ ਲਾਈ ਐਮਰਜੈਂਸੀ ਦੀ ਵਿਰੋਧਤਾ ਕਰਨ ਬਦਲੇ ਗੁਰਸ਼ਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਇੰਦਰਾ ਗਾਂਧੀ ਦੀ 1977 ਵਿਚ ਸਰਕਾਰ ਟੁੱਟਣ ਬਾਅਦ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਅਤੇ ਮੁੜ੍ਹ ਨੌਕਰੀ 'ਤੇ ਰੱਖਿਆ ਗਿਆ ਪਰ ਜਦੋਂ 1980 ਵਿਚ ਉਨ੍ਹਾਂ ਨੂੰ ਮੁੜ ਗ੍ਰਿਫਤਾਰ ਕੀਤਾ ਗਿਆ ਤਾਂ ਉਨ੍ਹਾਂ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਆਪਣਾ ਸਾਰਾ ਧਿਆਨ ਰੰਗਮੰਚ ਵਲ ਲਾ ਦਿੱਤਾ।

ਗੁਰਸ਼ਰਨ ਸਿੰਘ ਨੇ 1950ਵਿਆਂ ਦੌਰਾਨ ਹੀ ਨਾਟਕ ਲਿਖਣੇ ਸ਼ੁਰੂ ਕਰ ਦਿੱਤੇ ਸਨ ਅਤੇ ਵੱਡੀ ਗਿਣਤੀ ਵਿਚ ਨਾਟਕਾਂ ਦੀ ਰਚਨਾ ਕੀਤੀ। ਉਹ ਨਾਟਕ ਲਿਖਦੇ ਸਨ, ਨਿਰਦੇਸ਼ਨਾ ਕਰਦੇ ਸਨ ਅਤੇ ਨਾਲ ਹੀ ਉਨ੍ਹਾਂ ਨਾਟਕਾਂ ਵਿਚ ਅਦਾਕਾਰੀ ਵੀ ਕਰਦੇ ਸਨ। ਉਨ੍ਹਾਂ ਦੇ ਨਾਟਕਾਂ ਦੀਆਂ 10,000 ਤੋਂ ਵੱਧ ਪੇਸ਼ਕਾਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਦੇ ਜ਼ਿਆਦਾ ਜਾਣੇ ਜਾਂਦੇ ਨਾਟਕ ‘ਟੋਇਆ’, ‘ਬਾਬਾ ਬੋਲਦਾ ਹੈ’, ‘ਧਮਕ ਨਗਾਰੇ ਦੀ’, ‘ਚਾਂਦਨੀ ਚੌਂਕ ਤੋਂ ਸਰਹੰਦ ਤੱਕ’, ‘ਕੁਰਸੀ ਮੋਰਚਾ ਅਤੇ ਹਵਾ ਵਿਚ ਲਟਕਦੇ ਲੋਕ’ ਅਤੇ ਕੰਮੀਆਂ ਦਾ ਵਿਹੜਾ’ ਹਨ। ਕੁਝ ਦੇਰ ਪਹਿਲਾਂ ਹੀ ਉਨ੍ਹਾਂ ਦੇ 170 ਤੋਂ ਉੱਪਰ ਨਾਟਕਾਂ ਨੂੰ ਸੱਤ ਜ਼ਿਲਦਾਂ ਵਿਚ ਕੇਵਲ ਧਾਲੀਵਾਲ ਦੀ ਸੰਪਾਦਨਾ ਹੇਠ ਛਾਪਿਆ ਗਿਆ ਹੈ।

ਗੁਰਸ਼ਰਨ ਸਿੰਘ ਨੇ ਸ਼ਹਿਰਾਂ ਦੇ ਸ੍ਰੋਤਿਆ ਵਾਸਤੇ ਵੀ ਨਾਟਕ ਤਿਆਰ ਕੀਤੇ ਪਰ ਉਨ੍ਹਾਂ ਦਾ ਵਿਲੱਖਣ ਯੋਗਦਾਨ ਨਾਟਕ ਨੂੰ ਪਿੰਡਾਂ ਦੇ ਲੋਕਾਂ ਕੋਲ ਲੈ ਕੇ ਜਾਣਾ ਹੈ। ਉਨ੍ਹਾਂ ਨੇ ਆਪਣੇ ਨਾਟਕ ਨੂੰ ਲੋਕਾਂ ਦਾ ਮਨਪਰਚਾਵਾ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਹੱਕਾਂ ਤੋਂ ਚੇਤਨ ਕਰਾਉਣ ਲਈ ਵਰਤਿਆ। ਗੁਰਸ਼ਰਨ ਸਿੰਘ ਨੇ ਰੰਗਮੰਚ ਨਾਲ ਲੋਕਾਂ ਦਾ ਮਨਪਰਚਾਵਾ ਵੀ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਹੱਕਾਂ ਤੋਂ ਚੇਤਨ ਕਰਾਉਣ ਲਈ ਵੀ ਬਹੁਤ ਸੂਝ ਨਾਲ ਵਰਤਿਆ। ਉਨ੍ਹਾਂ ਨੇ ਭ੍ਰਿਸ਼ਟ ਸਮਾਜਿਕ ਤੇ ਸਿਆਸੀ ਢਾਂਚੇ ਦੇ ਸੱਚ ਨੂੰ ਲੋਕਾਂ ਦੇ ਸਾਹਮਣੇ ਉਨ੍ਹਾਂ ਦੇ ਆਪਣੇ ਮੁਹਾਵਰੇ ਵਿਚ ਪੇਸ਼ ਕੀਤਾ, ਆਪਣੀ ਸਥਿਤੀ ਨੂੰ ਸਮਝਣ ਅਤੇ ਬਦਲਣ ਲਈ ਉਤਸਾਹਤ ਕੀਤਾ। ਉਹ ਉਨ੍ਹਾਂ ਲੋਕਾਂ ਲਈ ਆਵਾਜ਼ ਬਣੇ ਜਿਨ੍ਹਾਂ ਦੀ ਅਵਾਜ਼ ਸਮੇਂ ਦੀ ਤਾਕਤਾਂ ਵਲੋਂ ਸੁਣੀ ਨਹੀਂ ਜਾਂਦੀ। ਉਨ੍ਹਾਂ ਨੇ ਅੰਮ੍ਰਿਤਸਰ, ਚੰਡੀਗੜ੍ਹ ਅਤੇ ਖਾਸ ਕਰ ਪੰਜਾਬ ਦੇ ਪਿੰਡਾਂ ਵਿਚ 35 ਤੋਂ ਵੱਧ ਰੰਗਮੰਚ ਦੇ ਕੇਂਦਰ ਸਥਾਪਤ ਕੀਤੇ। ਗੁਰਸ਼ਰਨ ਸਿੰਘ ਨੇ ਆਪਣੇ ਪਰਚੇ ਸਮਤਾ ਰਾਹੀਂ ਅਤੇ ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨਾ ਰਾਹੀਂ ਪੰਜਾਬੀ ਵਿਚ ਅਗਾਂਹਵਧੂ ਸਾਹਿਤ ਛਾਪਿਆ ਅਤੇ ਪੰਜਾਬ ਦੇ ਹਰ ਹਿੱਸੇ ਵਿਚ ਸਸਤੀ ਕੀਮਤ ਤੇ ਵੇਚਿਆ।

ਗੁਰਸ਼ਰਨ ਸਿੰਘ ਜੇਲ੍ਹ ਜਾਣ ਅਤੇ ਨੌਕਰੀ ਖੁਸ ਜਾਣ ਦੇ ਖਤਰੇ ਦੇ ਬਾਵਜੂਦ ਇੰਦਰਾ ਗਾਂਧੀ ਦੀ ਤਾਨਾਸ਼ਾਹੀ ਵਿਰੁੱਧ ਡਟ ਕੇ ਖੜ੍ਹਾ ਹੋਇਆ। ਉਹ 1980ਵਿਆਂ ਦੌਰਾਨ ਪੰਜਾਬ ਵਿਚ ਚੱਲੀ ਫਿਰਕੂ ਹਨੇਰੀ ਵਿਰੁੱਧ ਵੀ ਉਸੇ ਨਿਡਰਤਾ ਨਾਲ ਖੜ੍ਹਿਆ ਜਿਸ ਤਰ੍ਹਾਂ ਉਹ ਤਾਨਾਸ਼ਾਹੀ ਸਰਕਾਰ ਵਿਰੁੱਧ ਡਟਿਆ ਸੀ। ਇਸ ਬਦਲੇ ਵੀ ਉਹਨੂੰ ਵੱਖਵਾਦੀ ਅੱਤਵਾਦੀਆਂ ਵਲੋਂ ਧਮਕੀਆਂ ਮਿਲਦੀਆਂ ਰਹੀਆਂ ਪਰ ਉਹ ਪੰਜਾਬ ਦੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਆਪਣਾ ਸੁਨੇਹਾ ਦਿੰਦਾ ਰਿਹਾ। ਲੋਕਾਂ ਦੇ ਹੱਕਾਂ ਵਾਸਤੇ ਅਤੇ ਵਧੀਆ ਸਮਾਜ ਸਿਰਜਣ ਲਈ ਉਹਨੇ ਆਪਣੀਆਂ ਸਰਗਰਮੀਆਂ ਸਿਰਫ ਰੰਗਮੰਚ ਤੱਕ ਹੀ ਸੀਮਤ ਨਹੀਂ ਰੱਖੀਆਂ। ਲੋਕਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਵਿਚ ਉਹ ਸਾਰੇ ਭਾਰਤ ਵਿਚ ਇਕ ਜ਼ੋਰਦਾਰ ਆਵਾਜ਼ ਬਣ ਕੇ ਉੱਭਿਰਆ। ਗੁਰਸ਼ਰਨ ਸਿੰਘ ਨੇ ਸਿਆਸੀ ਮੱਤਭੇਦਾਂ ਤੋਂ ਪਾਸੇ ਰਹਿ ਕੇ ਉਨ੍ਹਾਂ ਸਾਰੇ ਲੋਕਾਂ ਦੀ ਹਿਮਾਇਤ ਕੀਤੀ ਜਿਹੜੇ ਸਮਾਜਿਕ ਬਰਾਬਰੀ ਤੇ ਇਨਸਾਫ ਲਈ ਲੜ੍ਹਦੇ ਹਨ।

ਉਨ੍ਹਾਂ ਨੂੰ ਬਹੁਤ ਸਾਰੇ ਮਹੱਤਵਪੂਰਨ ਇਨਾਮ ਸਨਮਾਨ ਵੀ ਮਿਲੇ। ਕੌਮੀ ਪੱਧਰ ਤੇ 1993 ਵਿਚ ਉਨ੍ਹਾਂ ਨੂੰ ਸੰਗੀਤ ਨਾਟਕ ਇਨਾਮ ਦਿੱਤਾ ਗਿਆ। ਕਾਲੀਦਾਸ ਇਨਾਮ 2003 ਵਿਚ ਮਿਲਿਆ ਅਤੇ ਸੰਗੀਤ ਨਾਟਕ ਅਕਾਦਮੀ ਰਤਨ ਇਨਾਮ 2006 ਵਿਚ। ਪੰਜਾਬ ਵਿਚ ਉਨ੍ਹਾਂ ਨੂੰ ਭਾਸ਼ਾ ਵਿਭਾਗ ਦਾ ਇਨਾਮ, ਭਗਤ ਪੂਰਨ ਇਨਾਮ 2004 ਵਿਚ ਅਤੇ ਪੰਜਾਬ ਆਰਟਸ ਕਾਊਂਸਲ ਵਲੋਂ ਲਾਈਫਟਾਇਮ ਅਚੀਵਮੈਂਟ ਅਵਾਰਡ 2011 ਵਿਚ। ਪਰ ਸ਼ਾਇਦ ਸਭ ਤੋਂ ਜ਼ਿਆਦਾ ਢੁੱਕਵਾਂ ਇਨਾਮ ਰੈਵੋਲਿਊਸ਼ਨਰੀ ਕਮੇਟੀ ਅਵਾਰਡ ਸੀ ਜਿਹੜਾ ਉਨ੍ਹਾਂ ਨੂੰ ਮੋਗੇ ਵਿਚ 2006 ਵਿਚ ਦਿੱਤਾ ਗਿਆ ਜਿੱਥੇ ਸਾਰੇ ਪੰਜਾਬ ਵਿਚੋਂ 10,000 ਤੋਂ ਵੱਧ ਕਿਸਾਨ, ਕਾਮੇ ਅਤੇ ਵਿਦਿਆਰਥੀ ਉਨ੍ਹਾਂ ਦੇ ਸਨਮਾਨ ਵਿਚ ਇਕੱਤਰ ਹੋਏ।
'
ਗੁਰਸ਼ਰਨ ਸਿੰਘ ਉੱਤਰੀ ਅਮਰੀਕਾ ਵਿਚ ਵੀ ਕਈ ਵਾਰ ਆਏ। ਦੋ ਵਾਰ ਉਹ ਇਪਾਨਾ (ਆਈ ਪੀ ਏ ਐਨ ਏ) ਦੇ ਸੱਦੇ ਤੇ ਆਏ। ਬਾਹਰ ਵਸਦੇ ਸਾਊਥ ਏਸ਼ੀਅਨ ਭਾਈਚਾਰੇ ਉੱਪਰ ਉਨ੍ਹਾਂ ਨੇ ਬਹੁਤ ਭਾਵਪੂਰਤ ਪ੍ਰਭਾਵ ਛੱਡੇ। ਉਨ੍ਹਾਂ ਨੇ ਸਿਰਫ ਪੰਜਾਬ ਵਿਚ ਹੀ ਲੇਖਕਾਂ ਅਤੇ ਸਰਗਰਮ ਕਾਮਿਆਂ ਨੂੰ ਹੀ ਪ੍ਰਭਾਵਤ ਨਹੀਂ ਕੀਤਾ ਬਾਹਰ ਵਸਣ ਵਾਲੇ ਵੀ ਬਹੁਤ ਸਾਰੇ ਲੇਖਕਾਂ ਅਤੇ ਰੰਗ ਕਰਮੀਆਂ 'ਤੇ ਆਪਣਾ ਅਸਰ ਛੱਡਿਆ। ਉਨ੍ਹਾਂ ਦਾ ਸਤਿਕਾਰ ਕਰਨ ਵਾਲੇ ਅਤੇ ਉਨ੍ਹਾਂ ਤੋਂ ਸੇਧ ਲੈਣ ਵਾਲੇ ਸਾਰੇ ਲੋਕ ਉਨ੍ਹਾਂ ਦੇ ਵਿਛੋੜੇ 'ਤੇ ਪੰਜਾਬ ਵਿਚ ਵੀ ਤੇ ਦੁਨੀਆਂ ਭਰ ਵਿਚ ਗਮਗੀਨ ਹਨ।

ਆਉਣ ਵਾਲੇ ਸੋਮਵਾਰ ਅਕਤੂਬਰ 10, 2011 ਨੂੰ ਸਰੀ ਦੇ ਬੰਬੇ ਬੈਂਕਿਉਟ ਹਾਲ ਵਿਚ ਗੁਰਸ਼ਰਨ ਸਿੰਘ ਬਾਰੇ ਸੋਗ ਸਮਾਗਮ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਇਨਕਲਾਬੀ ਜੀਵਨ ਦਾ ਜਸ਼ਨ ਮਨਾਇਆ ਜਾਵੇਗਾ।

ਵਲੋਂ: ਹਰਿੰਦਰ ਮਾਹਿਲ, ਚਿਨਮੋਏ ਬੈਨਰਜੀ, ਰਾਜ ਚੌਹਾਨ, ਸਾਧੂ ਬਿਨਿੰਗ ਤੇ ਚਰਨ ਗਿੱਲ

No comments:

Post a Comment