ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, March 18, 2012

ਬੇਬਾਕ ਤੇ ਫ਼ੱਕਰ ਲੇਖਕ ਸੀ 'ਗੁਰਮੇਲ ਸਰਾ'

ਗੁਰਬਾਣੀ ਦਾ ਫੁਰਮਾਨ ਹੈ, ''ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ''। ਬਹੁਤ ਸਾਰੇ ਸੱਚ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਚਾਹੁੰਦਾ ਹੋਇਆ ਵੀ ਦਿਲ ਮੰਨਣ ਤੋਂ ਇਨਕਾਰੀ ਹੁੰਦਾ ਹੈ। ਪਰ ਅਖੀਰ ਸੱਚ ਤਾਂ ਸੱਚ ਹੈ। ਅਜਿਹਾ ਹੀ ਸਮੇਂ ਦਾ ਸੱਚ ਹੈ ਕਿ ਅੱਜ 'ਗੁਰਮੇਲ ਸਰਾ' ਨੂੰ ''ਸੀ'' ਲਿਖਦਿਆਂ ਸੀਨੇ ਚੋਂ ਚੀਸ ਨਿਕਲ ਰਹੀ ਹੈ, ਪਰ ਕੀ ਕਰਾਂ ਇਹ ਤਾਂ ਵੀ ਤਾਂ ਸਮੇਂ ਦਾ ਸੱਚ ਹੈ ।

ਕਿਥੋਂ ਸ਼ੁਰੂ ਕਰਾਂ ਇਸ ਫ਼ੱਕਰ ਦੀ ਕਹਾਣੀ ਨੂੰ? ਮੇਰੇ ਜ਼ਿਹਨ 'ਚ ਉਨ੍ਹਾਂ ਦੀ ਜ਼ਿੰਦਗੀ ਦੇ ਏਨੇ ਕੁ ਕਿੱਸੇ ਭਰੇ ਪਏ ਹਨ ਕਿ ਇਕ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਪਰ ਅੱਜ ਜਦੋਂ ਉਨ੍ਹਾਂ ਦੀ ਅੰਤਿਮ ਅਰਦਾਸ ਹੈ, ਮੈਂ ਉਹ ਕੁਝ ਪਲ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ, ਜੋ ਮੈਂ ਉਨ੍ਹਾਂ ਨਾਲ ਗੁਜ਼ਾਰੇ ਜਾਂ ਇਹ ਕਹਾਂ ਕਿ ਜੋ ਮੇਰੇ ਭਾਗਾਂ ਵਿਚ ਆਏ।

ਗੁਰਮੇਲ ਸਰਾ ਦੇ ਆਪਣੇ ਬਾਰੇ ਸ਼ਬਦ ਸਨ ਕਿ ਉਹ ਇਕ ਅਮੀਰ ਘਰੇ ਜੰਮਿਆ ਗ਼ਰੀਬ ਇਨਸਾਨ ਹੈ। ਜੇਕਰ ਉਸ ਨੂੰ ਅੜਬ ਫ਼ੱਕਰ ਕਹਿ ਲਈਏ ਤਾਂ ਅੱਤਕਥਨੀ ਨਹੀਂ ਹੋਵੇਗੀ। ਉਹ ਬਾਬੂ ਸਿੰਘ, ਜਿਸ ਨੂੰ ਲੋਕ ਬਾਬੂ ਸਾਬ ਕਰ ਕੇ ਜਾਣਦੇ ਸਨ, ਦੇ ਤਿੰਨ ਵਿਆਹਾਂ ਚੋਂ ਹੋਏ ਦਸ ਧੀਆਂ ਪੁੱਤਰਾਂ ਵਿਚੋਂ ਇੱਕ ਸੀ। ਜਿੱਥੇ ਉਸ ਦੇ ਜ਼ਿਆਦਾਤਰ ਭੈਣ ਭਰਾ ਉੱਚ ਵਿੱਦਿਆ ਹਾਸਲ ਨਹੀਂ ਕਰ ਸਕੇ, ਉੱਥੇ ਇਸ ਇਨਸਾਨ ਨੇ ਇਕ ਪੇਂਡੂ ਏਰੀਏ ਚੋਂ ਉੱਠ ਕੇ ਨਾ ਸਿਰਫ਼ ਨਾਂ ਕਮਾਇਆ ਬਲਕਿ ਉੱਚ ਸਰਕਾਰੀ ਅਹੁਦਿਆਂ ਤੇ ਰਹਿ ਕੇ ਆਪਣੇ ਕੰਮ ਨਾਲ ਦੁਨੀਆਂ ਨੂੰ ਨਵੀਆਂ ਰਾਹਾਂ ਦਿਖਾਈਆਂ। ਉਹ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਵਿਚੋਂ ਡਿਪਟੀ ਡਾਇਰੈਕਟਰ ਵੱਜੋਂ ਰਿਟਾਇਰ ਹੋਏ।

ਆਪਣੀ ਨੌਕਰੀ ਦੌਰਾਨ ਉਹ ਵੱਖ ਵੱਖ ਅਖ਼ਬਾਰਾਂ ਨਾਲ ਜੁੜੇ ਰਹੇ। ਜਿਨ੍ਹਾਂ ਵਿਚੋਂ ਪੰਜਾਬੀ ਟ੍ਰਿਬਿਊਨ, ਨਵਾਂ ਜ਼ਮਾਨਾ, ਆਦਿ ਪ੍ਰਮੁੱਖ ਹਨ। ਉਨ੍ਹਾਂ ਦੀ ਕਈ ਭਾਸ਼ਾਵਾਂ ਉੱਤੇ ਚੰਗੀ ਪਕੜ ਸੀ ਇਸੇ ਲਈ ਉਹ ਭਾਰਤ ਸਰਕਾਰ ਦੇ ਆਫ਼ੀਸ਼ੀਅਲ ਟਰਾਂਸਲੇਟਰ ਵੱਜੋ ਵੀ ਕੰਮ ਕਰਦੇ ਸਨ। ਕਲਕੱਤੇ ਤੋਂ ਛਪਣ ਵਾਲੇ ਭਾਰਤ ਦੇ ਸਭ ਤੋਂ ਪੁਰਾਣੇ ਤੇ ਵਕਾਰੀ ਅੰਗਰੇਜ਼ੀ ਅਖ਼ਬਾਰ 'ਦੀ ਸਟੇਟਸਮੈਨ' ਵਿਚ ਛਪਣ ਵਾਲੇ ਉਹ ਇੱਕੋ-ਇੱਕ ਪੰਜਾਬੀ ਲਿਖਾਰੀ ਸਨ। ਉਹ ਦੂਰਦਰਸ਼ਨ ਜਲੰਧਰ ਦੇ ਨਿਊਜ਼ ਐਡੀਟਰ ਵੀ ਰਹੇ। ਜਿਸ ਦੌਰਾਨ ਦੂਰਦਰਸ਼ਨ ਦੀਆਂ ਖ਼ਬਰਾਂ ਪ੍ਰਤੀ ਆਮ ਲੋਕਾਂ ਦੀ ਦਿਲਚਸਪੀ ਕਾਫੀ ਵੱਧ ਗਈ ਸੀ, ਕਿਉਂਕਿ ਗੁਰਮੇਲ ਸਰਾ ਨੇ ਖ਼ਬਰਾਂ ਨੂੰ ਆਮ ਇਨਸਾਨ ਦੀ ਭਾਸ਼ਾ ਦਿੱਤੀ। ਉਦਾਹਰਨ ਵਜੋਂ ਉਸ ਵਕਤ ਖ਼ਬਰਾਂ ਵਿੱਚ ਮੌਸਮ ਦੀ ਜਾਣਕਾਰੀ ਦੌਰਾਨ ਮੀਂਹ ਬਾਰੇ ਮਿਲੀਮੀਟਰਾਂ ਜਾਂ ਸੈਂਟੀਮੀਟਰਾਂ 'ਚ ਨਹੀਂ, ਬਲਕਿ ਅਸਲੀ ਜੱਟਕੀ ਭਾਸ਼ਾ ਵਿਚ ਯਾਨੀ ਕਿ ਉਂਗਲਾਂ ਵਿਚ ਦੱਸਿਆ ਜਾਂਦਾ ਸੀ ਕਿ ਕੱਲ ਨੂੰ ਫਲਾਂ ਥਾਂ ਤੇ ਚਾਰ-ਚਾਰ ਉਂਗਲਾਂ ਮੀਂਹ ਪਵੇਗਾ। ਗੁਰਮੇਲ ਬਾਈ ਦਾ ਮੰਨਣਾ ਸੀ ਕਿ ਆਮ ਜੱਟ ਨੂੰ ਮਿਲੀਮੀਟਰਾਂ ਦਾ ਕੀ ਹਿਸਾਬ?

ਰਾਣੀ ਨੂੰ ਅੱਗਾ ਢੱਕਣ ਲਈ ਕਹਿਣ ਦੀ ਜੁਰਅਤ ਰੱਖਦਾ ਸੀ ਗੁਰਮੇਲ ਸਰਾ । ਦੂਰਦਰਸ਼ਨ ਦੇ ਵਿਹੜੇ 'ਚ ਅੱਜ ਵੀ ਇਹ ਗੱਲ ਸੁਣਾਈ ਜਾਂਦੀ ਹੈ ਕਿ ਕਿਵੇਂ ਉਸ ਨੇ ਮੌਕੇ ਦੇ ਮੰਤਰੀ ਨੂੰ ਇਹ ਕਹਿ ਕੇ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਟਾਈਮ ਲੈ ਕੇ ਨਹੀਂ ਆਇਆ । ਮੰਤਰੀ ਨਾਲੋਂ ਉਹ ਆਪਣੇ ਪੇਂਡੂ ਪ੍ਰਸ਼ੰਸਕਾਂ ਨੂੰ ਮਿਲਣ ਦੀ ਤਰਜੀਹ ਦੇ ਦਿੰਦਾ ਸੀ। ਉਸ ਨੂੰ ਜਾਣਨ ਵਾਲੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਜਦੋਂ ਅਗਲੀ ਵਾਰ ਗੁਰਮੇਲ ਨੂੰ ਮਿਲਣਗੇ ਤਾਂ ਉਹ ਵੱਖਰੇ ਰੂਪ ਵਿਚ ਹੀ ਹੋਵੇਗਾ । ਕਦੇ ਦਾੜ੍ਹੀ ਵਧਾ, ਕਦੇ ਗੰਜ ਕਢਵਾ ਲੈਣਾ ਤੇ ਭਗਵੇਂ ਪਾ ਕੇ ਦਫਤਰ ਜਾ ਪਹੁੰਚਣਾ । ਉਹ ਜਦੋਂ ਕਦੇ ਨਵੇਂ ਥਾਂ ਜੌਬ ਸੰਭਾਲਦਾ, ਉਦੋਂ ਰਾਜਸਥਾਨੀ ਪਗੜੀ ਬੰਨ੍ਹਣੀ ਨਹੀਂ ਸੀ ਭੁਲਦਾ ।

ਉਹ ਲੇਹ ਲਦਾਖ਼ ਵਿਚ ਵੀ ਕਾਫ਼ੀ ਚਿਰ ਤਾਇਨਾਤ ਰਹੇ ਅਤੇ ਕੁਝ ਚਿਰ ਹਿਸਾਰ ਦੂਰਦਰਸ਼ਨ ਦੇ ਨਿਊਜ਼ ਐਡੀਟਰ ਵੀ ਰਹੇ। ਹੁਣ ਤੱਕ ਉਨ੍ਹਾਂ ਦੀ ਸਿਰਫ਼ ਇਕ ਕਿਤਾਬ ''ਇਹ ਕਵਿਤਾ ਨਹੀਂ'' ਨਾਂ ਹੇਠ ਛਪੀ ਹੈ ਅਤੇ ਇਕ ਕਿਤਾਬ ''ਰਾਜਸਥਾਨ ਦੀ ਗਾਥਾ'' ਅਣਛਪੀ ਹੈ। ਇਕ ਕਿਤਾਬ ਤਿਤਲੀ ਮੇਰੇ ਕੋਲ ਛਪਣ ਲਈ ਤਿਆਰ ਪਈ ਹੈ। ਉਨ੍ਹਾਂ ਦੀ ਇਕ ਰਚਨਾ ''ਮੁੜ ਮੁੜ ਵਾਜਾ ਮਾਰੇ, ਮੈਨੂੰ ਮਿੱਟੀ ਰਾਜਸਥਾਨ ਦੀ'' ਰਾਜਸਥਾਨ ਦੇ ਸਕੂਲ ਸਿਲੇਬਸ ਵਿਚ ਪੜ੍ਹਾਈ ਜਾਂਦੀ ਹੈ। ਹੋਰ ਵੀ ਬਹੁਤ ਸਾਰੀਆਂ ਲਿਖਤਾਂ ਅਣਛਪੀਆਂ ਪਈਆਂ ਹਨ। ਜਿਸ ਦਾ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਨੇ ਆਪਣੇ ਆਪ ਨੂੰ ਸ਼ਰਾਬ 'ਚ ਡੁੱਬੋ ਲਿਆ ਸੀ ਤੇ ਬੱਸ ਇਕ ਹੀ ਗੱਲ ਕਹਿੰਦੇ ਸੀ ਕਿ ''ਨਹੀਂ ਮੈਂ ਨਹੀਂ ਕੁਝ ਛਪਵਾਉਣਾ''। ਸ਼ਾਇਦ ਕਾਫ਼ੀ ਡੂੰਘੀ ਸੱਟ ਲੱਗੀ ਸੀ ਉਨ੍ਹਾਂ ਦੇ ਦਿਲ 'ਤੇ, ਜਿਸ ਨਾਲ ਉਨ੍ਹਾਂ ਆਪਣੀ ਜ਼ਿੰਦਗੀ 'ਚ ਸ਼ਰਾਬ ਨੂੰ ਸਾਥੀ ਬਣਾ ਲਿਆ ਸੀ।

ਹੁਣ ਮੇਰੀ ਤੇ ਗੁਰਮੇਲ ਸਰਾ ਦੀ ਸਾਂਝ ਦੀ ਗੱਲ; ਗੁਰਮੇਲ ਸਰਾ ਮੇਰੇ ਪਿੰਡ ਦੇਸੂ ਮਲਕਾਣੇ ਦੇ ਗੁਆਂਢੀ ਪਿੰਡ ਕਾਲਾਂਵਾਲੀ ਦਾ ਰਹਿਣ ਵਾਲਾ ਸੀ ਤੇ ਸਾਡੇ ਖੇਤ ਵੀ ਕੋਲੋਂ ਕੋਲ ਸਨ। ਗੁਰਮੇਲ ਬਾਈ ਮੇਰੀ ਸੁਰਤ ਸੰਭਾਲਣ ਤੋਂ ਵੀ ਪਹਿਲਾਂ ਦਾ ਪਿੰਡੋਂ ਬਾਹਰ ਰਹਿੰਦਾ ਸੀ। ਗਿਆਰਾਂ ਕੁ ਸਾਲ ਦੀ ਉਮਰੇ 1980 'ਚ ਅਸੀਂ ਵੀ ਪਿੰਡ ਛੱਡ ਕੇ ਮੰਡੀ ਕਾਲਾਂਵਾਲੀ ਰਹਿਣ ਲੱਗ ਪਏ। ਹੌਲੀ-ਹੌਲੀ ਜਿਵੇਂ ਜਿਵੇਂ ਸਾਹਿਤਕ ਸੋਚ ਆਉਂਦੀ ਗਈ ਤਾਂ ਇਹ ਗੱਲਾਂ ਕੰਨੀਂ ਪੈਣ ਲੱਗ ਪਈਆਂ ਕਿ ਬਾਬੂ ਸਾਬ ਦਾ ਇਕ ਮੁੰਡਾ ਲਿਖਾਰੀ ਤੇ ਅਫ਼ਸਰ ਹੈ। ਜਦੋਂ ਕਦੇ ਖੇਤ ਨੂੰ ਜਾਂਦੇ ਤਾਂ ਬਾਬਾ ਨੂੰਨੀਆਂ ਪੀਰ ਦੀ ਸਮਾਧ ਕੋਲ ਬਾਬੂ ਸਾਬ ਜਾਂ ਉਸਦਾ ਕੋਈ ਨਾ ਕੋਈ ਮੁੰਡਾ ਮਿਲ ਪੈਂਦਾ। ਉਦੋਂ ਅੱਜ ਵਰਗਾ ਤੇਜ਼-ਤਰਾਰ ਜ਼ਮਾਨਾ ਨਾ ਹੋਣ ਕਾਰਨ ਕਈ ਬਾਰ ਦਿਲ ਕਰਦਾ ਕਿ ਬਾਈ ਗੁਰਮੇਲ ਬਾਰੇ ਹੋਰ ਜਾਣਿਆ ਜਾਵੇ । ਅਚਾਨਕ ਇਕ ਦਿਨ ਕਾਲਾਂਵਾਲੀ ਪਿੰਡ ਦੇ 'ਕੌਰੇ ਵੈਲੀ' ਨੇ ਥਾਣੇਦਾਰ ਉੱਤੇ ਗੋਲੀ ਚਲਾ ਦਿੱਤੀ ਤੇ ਕੁਝ ਹੀ ਦਿਨਾਂ ਮਗਰੋਂ ਮੈਂ ਪੰਜਾਬੀ ਟ੍ਰਿਬਿਊਨ ''ਕੌਰੇ ਵੈਲੀ' ਉੱਤੇ ਇਕ ਲੇਖ ਦੇਖਿਆ। ਲੇਖ ਦੀ ਬੇਬਾਕ ਭਾਸ਼ਾ ਦੇਖ ਕੇ ਜਦੋਂ ਲਿਖਾਰੀ ਬਾਰੇ ਜਾਣਨਾ ਚਾਹਿਆ ਤਾਂ ਉੱਥੇ ਗੁਰਮੇਲ ਸਰਾ ਦਾ ਨਾਂ ਪੜ੍ਹ ਕੇ ਦਿਲ ਬਾਗੋ ਬਾਗ਼ ਹੋ ਗਿਆ। ਉਸੇ ਦਿਨ ਤੋਂ ਹੀ ਮੇਰੇ ਮਨ ਅੰਦਰ ਇਕ ਚਾਹਤ ਜਿਹੀ ਜਾਗ ਪਈ ਕਿ 'ਮਿੰਟੂ ਬਰਾੜਾ' ਜੇ ਲਿਖਣ ਬਾਰੇ ਕੁਝ ਸਿੱਖਣਾ ਚਾਹੁੰਦਾ ਹੈਂ ਤਾਂ ਇਸ ਇਨਸਾਨ ਨੂੰ ਗੁਰੂ ਧਾਰ ਲੈ।

ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਕਿਸੇ ਵੀ ਢੰਗ ਨਾਲ ਮੇਰਾ ਗੁਰਮੇਲ ਬਾਈ ਨਾਲ ਮੇਲ ਨਾ ਹੋ ਸਕਿਆ। ਬੱਸ ਉਨ੍ਹਾਂ ਬਾਰੇ ਹਰ ਰੋਜ਼ ਨਵੇਂ ਨਵੇਂ ਕਿੱਸੇ ਬਾਈ ਭੁਪਿੰਦਰ ਪੰਨੀਵਾਲੀਆ ਕੋਲੋਂ ਸੁਣਦਾ ਰਿਹਾ। ਕਿਉਂਕਿ ਪੰਨੀਵਾਲੀਆ ਬਾਈ ਨੂੰ ਕੁਝ ਸਮਾਂ ਉਨ੍ਹਾਂ ਨਾਲ ਅਖ਼ਬਾਰ 'ਚ ਕੰਮ ਕਰਨ ਦਾ ਮੌਕਾ ਮਿਲਿਆ ਸੀ। ਬਾਈ ਭੁਪਿੰਦਰ ਦੀਆਂ ਗੱਲਾਂ ਸੁਣ ਸੁਣ ਕੇ ਇਹੋ ਜਿਹੇ ਫ਼ੱਕਰ ਨੂੰ ਮਿਲਣ ਲਈ ਦਿਲ ਹੋਰ ਉਤਸੁਕ ਹੋ ਗਿਆ।

ਜੱਦੋ ਬਾਈ ਗੁਰਮੇਲ ਬਠਿੰਡੇ ਰਹਿੰਦਾ ਸੀ ਤਾਂ ਇਕ ਦਿਨ ਮੈਂ ਤੇ ਮੇਰਾ ਭੂਆ ਦਾ ਪੁੱਤ ਘੱਟ ਤੇ ਜੁੰਡੀ ਦਾ ਯਾਰ ਜ਼ਿਆਦਾ ਕਸ਼ਮੀਰ ਸਰਾ ਕਿਸੇ ਕੰਮ ਗੁਰਮੇਲ ਬਾਈ ਦੇ ਘਰ ਗਏ। ਆਪਣੇ ਦਿਲੋਂ ਮੰਨੇ ਇਸ ਗੁਰੂ ਨੂੰ ਮਿਲਣ ਦਾ ਅੰਦਰੋਂ ਅੰਦਰੀਂ ਬੜਾ ਚਾਅ ਜਿਹਾ ਸੀ । ਪਰ ਜਦੋਂ ਅਸੀਂ ਉਨ੍ਹਾਂ ਦੀ ਕੋਠੀ ਦੀ ਘੰਟੀ ਖੜਕਾਈ ਤਾਂ ਇਕ ਨੌਕਰ ਬਾਹਰ ਆ ਕੇ ਸਾਡੇ ਕੋਲੋਂ ਸੁਨੇਹਾ ਲੈ ਗਿਆ ਤੇ ਕਹਿੰਦਾ ਕੋਈ ਘਰ ਨਹੀਂ, ਜਦੋਂ ਆਏ ਤਾਂ ਦੱਸ ਦੇਵਾਂਗਾ। ਉਸ ਦਿਨ ਤੋਂ ਬਾਅਦ ਜ਼ਿੰਦਗੀ ਓਵੇਂ ਹੀ ਚਲਦੀ ਰਹੀ ਤੇ ਮੇਰਾ ਧੁਰ ਅੰਦਰੋਂ ਧਾਰੇ ਗੁਰੂ 'ਗੁਰਮੇਲ' ਨਾਲ ਮੇਲ ਨਾ ਹੋ ਸਕਿਆ।

ਸੰਨ 2000 ਚੜ੍ਹਦੇ ਚੜ੍ਹਦੇ ਨੈੱਟ ਦਾ ਜ਼ਮਾਨਾ ਆ ਗਿਆ। ਇਸ ਆਧੁਨਿਕਤਾ ਨੇ ਚਿਰਾਂ ਤੋਂ ਮਿਲਣ ਦੀ ਤਾਂਘ ਨੂੰ ਖ਼ਤਮ ਕਰ ਦਿੱਤਾ ਜਦੋਂ ਮੇਰੀ ਲਿਖੀ ਇਕ ਕਵਿਤਾ ਪੜ੍ਹ ਕੇ ਇਕ ਈ-ਮੇਲ ਆਈ ਕਿ ''ਇਹ ਕੀ ਕਮਲ ਜਿਹਾ ਮਾਰੀ ਜਾਂਦੈਂ ਕਾਕਾ'' ? ਤੇ ਨਾਲ ਹੀ ਉਨ੍ਹਾਂ ਮੈਨੂੰ ਲਿਖਿਆ ਕਿ ਤੂੰ ਬਾਗ਼ ਵਾਲੇ ਸੁਰਜੀਤ ਸਿੰਘ ਕੇ ਲਾਣੇ 'ਚੋਂ ਲਗਦੈਂ । ਉਸ ਈ-ਮੇਲ ਦਾ ਸਿਰਨਾਵਾਂ ਕਾਲਾਂਵਾਲੀ ਐਟ ਜੀ ਮੇਲ ਡਾਟ ਕੌਮ ਸੀ, ਜਿਸ ਤੋਂ ਲਿਖਣ ਵਾਲੇ ਬਾਰੇ ਕੋਈ ਪਤਾ ਨਹੀਂ ਚੱਲ ਰਿਹਾ ਸੀ। ਬੱਸ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਹੈ ਤਾਂ ਕੋਈ ਸਾਹਿਤਕ ਅਤੇ ਮੇਰੇ ਤੋਂ ਵੱਡੀ ਉਮਰ ਦਾ,ਪਰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਹੈ ਕੌਣ?

ਮੈਂ ਈ-ਮੇਲ ਦਾ ਜਵਾਬ ਲਿਖਿਆ ਕਿ ''ਜੀ ਹਾਂ ! ਮੈਂ ਰਘਬੀਰ ਸਿੰਘ ਦਾ ਪੁੱਤਰ ਤੇ ਸੁਰਜੀਤ ਸਿੰਘ ਬਾਗ਼ ਵਾਲਿਆਂ ਦਾ ਪੋਤਾ ਹਾਂ ।ਅਸਲ 'ਚ ਮੈਂ ਕਵਿਤਾ ਨਹੀਂ ਲਿਖਦਾ ਮੈਂ ਤਾਂ ਵਾਰਤਕ ਲਿਖਣ ਦੀ ਕੋਸ਼ਿਸ਼ ਕਰਦਾ ਹਾਂ। ਇਹ ਤਾਂ ਐਵੇਂ ਦਿਲ ਦੀ ਭੜਾਸ ਜਿਹੀ ਸੀ, ਜੋ ਕੱਢ ਲਈ ਤੇ ਇੱਕ ਦੋ ਨੇ ਛਾਪ ਦਿੱਤੀ''

ਮੂਹਰੋਂ ਜਵਾਬ ਆਇਆ ਕਿ ''ਤੇਰੇ ਗੁਰੂ ਨੇ ਸਿਖਾਇਆ ਨਹੀਂ ਕਿ ਕਵਿਤਾ ਕੀ ਹੁੰਦੀ ਹੈ'' ?

ਮੇਰੀ ਸ਼ਸੋਪੰਜ ਵੱਧ ਗਈ ਕਿ ਇਹ ਕੀ ਚੀਜ਼ ਹੈ, ਜੋ ਇੰਝ ਕਹਿ ਰਿਹਾ ਹੈ । ਪਰ ਮੇਰੀ ਜੁਰਅਤ ਨਾ ਪਵੇ ਕਿ ਮੈਂ ਪੁੱਛ ਲਵਾਂ ਕਿ ਤੁਸੀਂ ਕੌਣ ਹੋ ਜੀ,ਇਸ ਤਰਾਂ ਕਹਿਣ ਵਾਲੇ? ਪਰ ਜਦੋਂ ਉਨ੍ਹਾਂ ਗੁਰੂ ਵਾਲੀ ਰਗ ਤੇ ਹੱਥ ਧਰਿਆ ਤਾਂ ਮੈਂ ਕਿਹਾ, ''ਜੀ ! ਮੇਰਾ ਗੁਰੂ ਤਾਂ ਮਾੜਾ ਨਹੀਂ ਹੈ ਜੀ ਪਰ ਬੱਸ ਹਾਲੇ ਤੱਕ ਮੇਰੀ ਆਵਾਜ਼ ਮੇਰੇ ਗੁਰੂ ਤੱਕ ਪਹੁੰਚੀ ਨਹੀਂ। ਜਦੋਂ ਪਹੁੰਚ ਗਈ ਉਦੋਂ ਸ਼ਾਇਦ ਤੁਹਾਡੇ ਮੇਰੀ ਲੇਖਣੀ ਪ੍ਰਤੀ ਇਹੋ ਜਿਹੇ ਗਿਲੇ ਨਾ ਹੋਣ''

''ਯਾਰ! ਇਹੋ ਜਿਹਾ ਤੇਰਾ ਗੁਰੂ ਹੋਣਾ, ਜੋ ਤੇਰੀ ਆਵਾਜ਼ ਹੀ ਨਹੀਂ ਸੁਣਦਾ''

''ਨਹੀਂ ਜੀ ! ਮੇਰੇ ਗੁਰੂ ਦਾ ਕੋਈ ਕਸੂਰ ਨਹੀਂ, ਕਸੂਰ ਤਾਂ ਮੇਰਾ ਹੀ ਹੈ। ਮੈਂ ਬੱਸ ਅੰਦਰੋਂ ਹੀ ਗੁਰੂ ਧਾਰੀ ਬੈਠਾ, ਕਦੇ ਗੁਰੂ ਕੋਲ ਗਿਆ ਨਹੀਂ ।''

''ਕਾਕਾ ਕਲਯੁਗ 'ਚ ਕਿਹੋ ਜਿਹੀਆਂ ਗੱਲਾਂ ਕਰ ਰਿਹਾ ? ਹੁਣ ਨਾ ਤਾਂ ਉਹੋ ਜਿਹੇ ਗੁਰੂ ਹਨ ਤੇ ਨਾ ਉਹੋ ਜਿਹੇ ਚੇਲੇ ਜਿਹੜੇ ਦਿਲ ਦੀਆਂ ਗੱਲਾਂ ਸਮਝ ਲੈਣ। ਚੱਲ ਛੱਡ ! ਤੇਰਾ ਗੁਰੂ ਤਾਂ ਜਦੋਂ ਕੁਝ ਤੈਨੂੰ ਦੱਸੂ ਦੇਖੀ ਜਾਊ । ਮੈਂ ਤੇਰੀ ਇਹ ਕਵਿਤਾ ਸੋਧ ਕੇ ਭੇਜਦਾ, ਫੇਰ ਦੱਸੀ ਕਿ ਕਿਵੇਂ ਲੱਗੀ''

ਥੋੜੇ ਜਿਹੇ ਚਿਰ ਪਿੱਛੋਂ ਮੇਰੀ ਕਵਿਤਾ ਦਾ ਨਵਾਂ ਅਵਤਾਰ ਮੇਰੇ ਸਾਹਮਣੇ ਸੀ। ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਉਸ ਇਨਸਾਨ ਨੇ ਬਿਨਾਂ ਕੋਈ ਮਤਲਬ ਬਦਲੇ ਮੇਰੀ ਗੱਲ ਮੇਰੇ ਨਾਲੋਂ ਅੱਧੇ ਸ਼ਬਦਾਂ 'ਚ ਪਰੋ ਕੇ ਕਵਿਤਾ ਨੂੰ ਤਰਾਸ਼ ਦਿਤਾ ਸੀ। ਨਾਲ ਹੀ ਬੜੀ ਠੇਠ ਭਾਸ਼ਾ 'ਚ ਲਿਖਿਆ ਸੀ, ''ਕਿਉਂ? ਹੁਣ ਮੰਨਦਾ ਸਾਨੂੰ ਗੁਰੂ'' ?

ਮੈਂ ਧੰਨਵਾਦ ਕੀਤਾ ਤੇ ਕਿਹਾ ''ਬਿਲਕੁਲ ਜੀ ! ਤੁਸੀਂ ਗੁਰੂ ਬਣਨ ਦੇ ਕਾਬਿਲ ਹੋ, ਪਰ ਇਕ ਬਾਰ ਮੈਂ ਆਪਣੇ ਗੁਰੂ ਨੂੰ ਮਿਲਣਾ ਚਾਹੁੰਦਾ ਹਾਂ । ਜੇ ਉਨ੍ਹਾਂ ਮੈਨੂੰ ਨਾ ਅਪਣਾਇਆ ਤਾਂ ਤੁਹਾਨੂੰ ਗੁਰੂ ਮੰਨ ਲਵਾਂਗਾ''

''ਇਹੋ ਜਿਹਾ ਕਿਹੜਾ ਤੇਰਾ ਗੁਰੂ ਹੈ । ਕੀ ਪਤਾ ਮੈਂ ਜਾਣਦਾ ਹੀ ਹੋਵਾਂ ਤੇਰੇ ਗੁਰੂ ਨੂੰ''!

''ਜੀ ਉਨ੍ਹਾਂ ਦਾ ਨਾਂ ਬਾਈ ਗੁਰਮੇਲ ਸਰਾ ਹੈ''

''ਅੱਛਾ ਅੱਛਾ ਤੇਰਾ ਫ਼ੋਨ ਨੰਬਰ ਕੀ ਹੈ''? ਏਨਾ ਸੁਣ ਕੇ ਉਨ੍ਹਾਂ ਕਿਹਾ ।

ਮੈਂ ਹਾਲੇ ਆਪਣਾ ਨੰਬਰ ਉਨ੍ਹਾਂ ਨੂੰ ਘੱਲਿਆ ਹੀ ਸੀ ਕਿ ਮੇਰੇ ਕੋਲ ਪਿਆ ਫ਼ੋਨ ਵੱਜ ਉਠਿਆ। ਸੋਚਿਆ ਕਿਸੇ ਗੈਸ ਲੈਣ ਵਾਲੇ ਦਾ ਹੋਵੇਗਾ। ਪਰ ਜਦ ਮੈਂ ਦੇਖਿਆ ਕਿ ਲੰਮੀ ਘੰਟੀ ਵੱਜਦੀ ਹੈ ਜ਼ਰੂਰ ਕੋਈ ਬਾਹਰ ਦਾ ਫ਼ੋਨ ਹੋਣਾ। ਜਦੋਂ ਮੈਂ ਫ਼ੋਨ ਚੁੱਕਿਆ ਤਾਂ ਮੂਹਰੋਂ ਠੇਠ ਪੇਂਡੂ ਭਾਸ਼ਾ 'ਚ ਬੋਲਣ ਵਾਲਾ ਕਹਿੰਦਾ ''ਕਿੱਦਾਂ ਬੱਚਾ''?

ਮੇਰੇ ਗਲ ਸਮਝ ਨਹੀਂ ਆਈ, ਮੈਂ ਕਿਹਾ ''ਕੌਣ ਬੋਲਦੇ ਹੋ ਜੀ'' ?

ਤਾਂ ਕਹਿੰਦੇ ''ਬੱਚਾ ਤੇਰਾ ਗੁਰੂ ਬੋਲਦਾਂ'' ਤੇ ਨਾਲ ਹੀ ਖਚਰੀ ਜਿਹੀ ਹਾਸੀ ਹੱਸਣ ਲੱਗ ਪਿਆ। ਮੇਰੇ ਕੁਝ ਕੁ ਤਾਂ ਗੱਲ ਸਮਝ ਆ ਗਈ ਪਰ ਯਕੀਨ ਨਹੀਂ ਸੀ ਹੋ ਰਿਹਾ। ਕਦੇ ਲੱਗੇ ਕਿ ਉਸ ਈ-ਮੇਲ ਵਾਲੇ ਬੰਦੇ ਨੇ ਮੇਰਾ ਨੰਬਰ ਬਾਈ ਨੂੰ ਦੇ ਦਿੱਤਾ ਤੇ ਮੇਰਾ ਸੁਨੇਹਾ ਵੀ। ਕਦੇ ਲੱਗੇ ਹੋਰ'ਕਾਲਾਂਵਾਲੀ' ਲਿਖਣ ਵਾਲਾ ਬੰਦਾ ਕੌਣ ਹੋ ਸਕਦਾ, ਜੋ ਮੈਨੂੰ ਈ-ਮੇਲ ਕਰ ਰਿਹਾ ਸੀ! ਪਰ ਅਖੀਰ ਜਦੋਂ ਸਾਰੀ ਗੱਲ ਤੋਂ ਪਰਦਾ ਲਹਿ ਗਿਆ ਤਾਂ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਬਾਈ ਗੁਰਮੇਲ ਦੇ ਕਿੱਸੇ ਸੁਣ-ਸੁਣ ਕੇ ਮੇਰੇ ਮਨ 'ਚ ਇਕ ਡਰ ਜਿਹਾ ਬੈਠਿਆ ਪਿਆ ਸੀ ਕਿ ਪਤਾ ਨਹੀਂ ਕਿੰਨਾ ਕੁ ਅੜਬ ਬੰਦਾ ਹੋਣਾ! ਪਰ ਜਦੋਂ ਉਨ੍ਹਾਂ ਨਾਲ ਗੱਲ ਹੋਈ ਤਾਂ ਯਕੀਨ ਨਾ ਆਵੇ ਕਿ ਇਕ ਏਡਾ ਉੱਚ ਅਧਿਕਾਰੀ ਇੰਨਾ ਸਾਦ-ਮੁਰਾਦਾ ਵੀ ਹੋ ਸਕਦਾ ਹੈ ।

ਗੱਲ ਅੱਗੇ ਤੋਰਦੇ ਹੀ, ਬੱਸ ਜੀ ਫੇਰ ਕੀ ਸੀ ਬਾਈ ਨੇ ਪੰਗਾ ਲੈ ਲਿਆ ਮੈਨੂੰ ਚੇਲਾ ਧਾਰ ਕੇ। ਉਦੋਂ ਹਾਲੇ ਯਾਹੂ ਦਾ ਜ਼ਮਾਨਾ ਸੀ । ਜਦੋਂ ਬਾਈ ਨੇ ਆਨਲਾਈਨ ਹੋਣਾ ਤੇ ਆਪਾਂ ਚੰਬੜ ਜਾਣਾ ਜੋਕ ਵਾਂਗ। ਕਦੇ ਕਦੇ ਅੱਕ ਕੇ ਜੇ ਮੈਨੂੰ ਲਾਹ ਕੇ ਮਾਰਨਾ ਪਰ ਫੇਰ ਆਪ ਹੀ ਬੁਲਾ ਲੈਣਾ ''ਲੈ ਹੁਣ ਦੱਸ ! ਉਦੋਂ ਬੀੜੀ ਬੱਤੀ ਨਹੀਂ ਪੀਤੀ ਸੀ''। ਮੈਂ ਬੜਾ ਹੈਰਾਨ ਹੋਣਾ ਕਿ ਬਾਈ ਇਸ ਮੁਕਾਮ ਤੇ ਪਹੁੰਚ ਕੇ ਬੀੜੀ ਥੋੜਾ ਪੀਂਦਾ ਹੋਣਾ! ਇਹ ਤਾਂ ਐਵੇਂ ਮੈਨੂੰ ਮਜ਼ਾਕ ਕਰਦੇ ਹੋਣੇ ਨੇ! ਫੇਰ ਔਰਕੁਟ ਦੇ ਜ਼ਮਾਨੇ ਦੀ ਗੱਲ ਸੁਣ ਲਵੋ, ਇਕ ਦਿਨ ਉਹ ਮੇਰੇ ਨਾਲ ਚੈਟ ਕਰ ਰਹੇ ਸਨ ਤਾਂ ਬ੍ਰਿਸਬੇਨ ਤੋਂ ਮੇਰੇ ਇਕ ਮਿੱਤਰ 'ਅਰਵਿੰਦਰ ਸਰਾ' ਦਾ ਫੋਨ ਆਇਆ । ਉਹ ਕਹਿੰਦਾ ''ਵੀਰ ਜੀ ! ਆਹ ਗੁਰਮੇਲ ਸਰਾ ਕੀ ਚੀਜ਼ ਹੈ''? ਮੈਂ ਪੁੱਛਿਆ ਕਿ ਕੀ ਹੋ ਗਿਆ? ਕਹਿੰਦਾ ''ਦੇਖਣ 'ਚ ਤਾਂ ਦੇਸੀ ਜਿਹਾ ਲਗਦਾ ਪਰ ਜਦੋਂ ਕਦੇ ਉਸ ਦੀਆਂ ਗੱਲਾਂ ਪੜ੍ਹਨੀਆਂ ਹੋਣ ਤਾਂ ਕੋਲ ਡਿਕਸ਼ਨਰੀ ਰੱਖਣੀ ਪੈਂਦੀ ਹੈ''

ਸਮਾਂ ਲੰਘਦਾ ਗਿਆ ਗੁਰੂ ਨਾਲ ਮੇਲ ਹੋ ਕੇ ਵੀ ਹਾਲੇ 'ਗੁਰਮੇਲ' ਨੂੰ ਮਿਲ ਨਹੀਂ ਸੀ ਸਕਿਆ। ਜਦੋਂ ਵੀ ਮਿਲਣ ਦੀ ਕੋਸ਼ਿਸ਼ ਕਰਨੀ ਕੋਈ ਨਾ ਕੋਈ ਮਜ਼ਬੂਰੀ ਹੋ ਜਾਣੀ । ਕਦੇ ਬਾਈ ਨੂੰ ਵਿਹਲ ਨਹੀਂ ਤੇ ਕਦੇ ਮੈਂ ਉਲਝ ਜਾਣਾ। ਪਰ ਸਾਡਾ ਫੋਨੀਂ ਰਾਬਤਾ ਹਰ ਰੋਜ਼ ਕਿਸੇ ਨਾ ਕਿਸੇ ਗੱਲ ਤੇ ਹੋ ਹੀ ਜਾਂਦਾ ਸੀ। ਮੈਂ ਬਾਈ ਦੀ ਯਾਦਦਾਸ਼ਤ, ਆਪਣੇ ਪਿੰਡ ਅਤੇ ਆਪਣੀ ਮਿੱਟੀ ਪ੍ਰਤੀ ਮੋਹ ਤੋਂ ਬੜਾ ਹੈਰਾਨ ਸੀ। ਇਕ ਦਿਨ ਮੈਂ ਆਪਣੀ ਬਚਪਨ ਦੀ ਇਕ ਫ਼ੋਟੋ ਸ਼ੇਅਰ ਕੀਤੀ ਤਾਂ ਬਾਈ ਕਹਿੰਦੇ ਕਿ ''ਇਹ ਤਾਂ ਮਾਖੇ ਵਾਲੀ ਨਹਿਰ 'ਤੇ ਖਿੱਚੀ ਲਗਦੀ ਹੈ''। ਮੈਂ ਹੈਰਾਨ ਸੀ ਕਿ ਇਹ ਵੀਹ ਵਰ੍ਹੇ ਪੁਰਾਣੀ ਫ਼ੋਟੋ ਬਾਈ ਨੇ ਕਿਵੇਂ ਪਛਾਣ ਲਈ, ਜੋ ਸੱਚੀ ਮੇਰੇ ਤਾਏ ਦੇ ਪੁੱਤ ਦੇ ਵਿਆਹ 'ਚ ਮਾਖੇ ਪਿੰਡ 'ਚ ਹੀ ਖਿੱਚੀ ਸੀ। ਉਹ ਅਕਸਰ ਹੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਉਹ ਇਕ ਵੀ ਦਰਖ਼ਤ ਨਹੀਂ ਭੁੱਲਿਆ ਹਾਲੇ, ਦਰਖ਼ਤ ਦੀ ਫ਼ੋਟੋ ਦੇਖ ਕੇ ਦੱਸ ਦੇਵਾਂਗਾ ਕਿ ਇਹ ਸਾਡੇ ਕੱਸੀ ਵਾਲੇ ਰਾਹ ਦਾ ਜਾਂ ਕਿਤੇ ਹੋਰ ਥਾਂ ਦਾ।

ਉਹ ਦੇ ਫੱਕਰਪੁਣੇ ਦੀ ਸੁਣ ਲਵੋ; ਚੰਡੀਗੜ੍ਹ ਡਿਪਟੀ ਡਾਇਰੈਕਟਰ ਦੇ ਅਹੁਦੇ ਤੇ ਬੈਠੇ ਇਸ ਇਨਸਾਨ ਨੂੰ ਜੇ ਕਦੇ ਫੋਨ ਕਰਦੇ ਤਾਂ ਮੂਹਰੋਂ ਕਹਿੰਦਾ ''ਫੇਰ ਕਰੀਂ ਯਾਰ ! ਹੁਣ ਤਾਂ ਸੀਪ ਦੀ ਬਾਜੀ ਅੜੀ ਪਈ ਹੈ'' । ਪੁੱਛਣ ਤੋਂ ਪਤਾ ਲਗਦਾ ਕਿ ਬਾਈ ਆਪਣੇ ਦਫਤਰ ਦੇ ਬਾਹਰ ਫੁੱਟਪਾਥ ਤੇ ਕੁਝ ਲੇਬਰ ਵਾਲਿਆਂ ਬੰਦਿਆਂ ਦੇ ਸਿਰ ਤੇ ਖੜ੍ਹਾ ਤਾਸ਼ ਦੀ ਬਾਜ਼ੀ ਦੇ ਨਜ਼ਾਰੇ ਲੈ ਰਿਹਾ । ਉਹ ਨਾ ਤਾਂ ਕਪੜੇ-ਲੀੜੇ ਹੀ ਇਹੋ ਜਿਹੇ ਪਾਉਂਦਾ ਸੀ ਤੇ ਨਾ ਹੀ ਬੋਲਣ ਲੱਗਾ ਅੱਗਾ ਪਿੱਛਾ ਦੇਖਦਾ ਸੀ, ਜਿਸ ਨਾਲ ਕਿਸੇ ਨੂੰ ਪਤਾ ਲੱਗ ਸਕੇ ਕਿ ਇਹ ਤਿੰਨ ਰਾਜਾਂ ਦੇ ਉਤੇ ਲੱਗਾ ਅਫਸਰ ਹੈ ।

ਕਿਸਮਤ ਮੈਨੂੰ ਵਿਦੇਸ਼ ਲੈ ਆਈ ਪਰ ਗੁਰੂ ਚੇਲੇ ਵਾਲਾ ਸਾਥ ਓਵੇਂ ਹੀ ਕਾਇਮ ਰਿਹਾ। ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਇਕ ਵਾਇਨਰੀ 'ਚ ਜੌਬ ਕਰ ਰਿਹਾ ਹਾਂ ਤਾਂ ਮੈਨੂੰ ਕਹਿੰਦੇ ''ਬੱਸ ਜਦੋਂ ਆਇਆ ਗੁਰੂ ਦੱਛਣਾ 'ਚ ਦੋ ਵਾਈਨ ਦੀਆਂ ਬੋਤਲਾਂ ਲੈ ਆਈਂ''। ਮੈਂ ਇੰਡੀਆ ਜਾਣ ਲੱਗੇ ਨੇ ਸਿਰੇ ਦੀ ਵਾਈਨ ਖ਼ਰੀਦੀ ਪਰ ਕਿਸੇ ਕਾਰਨਾਂ ਕਰ ਕੇ ਉਹ ਇੰਡੀਆ ਨਾ ਪਹੁੰਚ ਸਕੀ। ਪਰ ਗੁਰੂ ਨਾਲ ਵਾਅਦਾ ਕੀਤਾ ਸੀ ਕਿ ਰਿਵਰਲੈਂਡ ਦੀ ਵਾਈਨ ਲਿਆ ਕੇ ਦੇਵਾਂਗਾ। ਕਈ ਜੁਗਾੜ ਲਾਉਣ ਦੀ ਕੋਸ਼ਿਸ਼ ਕੀਤੀ, ਕੋਈ ਹੱਲ ਨਹੀਂ ਹੋਇਆ। ਮੈਨੂੰ ਪਤਾ ਸੀ ਮੇਰੇ ਗੁਰੂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ। ਕਿਵੇਂ ਨਾ ਕਿਵੇਂ ਚੰਡੀਗੜ੍ਹ ਤੋਂ ਰਿਵਰਲੈਂਡ ਦੀ ਵਾਈਨ ਮਿਲ ਗਈ। ਮੈਂ ਦੋ ਬੋਤਲਾਂ ਲੈ ਕੇ ਜਦੋਂ ਗੁਰੂ ਕੋਲ ਪਹੁੰਚਿਆ ਤਾਂ ਘਰ ਦੀਆਂ ਨੇ ਦੱਸਿਆ ਕਿ ਦਿਨ ਰਾਤ ਸ਼ਰਾਬ ਪੀ ਪੀ ਕੇ ਉਨ੍ਹਾਂ ਦੀ ਹਾਲਾਤ ਬਹੁਤ ਖ਼ਰਾਬ ਹੈ। ਡਾਕਟਰ ਕਹਿੰਦਾ ਸ਼ਰਾਬ ਇਹਨਾਂ ਲਈ ਜ਼ਹਿਰ ਹੈ। ਮੈਨੂੰ ਸਮਝ ਨਾ ਆਵੇ ਕਿ ਮੈਂ ਇਸ ਹਾਲਤ 'ਚ ਆਪਣੇ ਗੁਰੂ ਨੂੰ ਉਨ੍ਹਾਂ ਦੀ ਮੌਤ ਦਾ ਸਮਾਨ ਕਿਵੇਂ ਭੇਂਟ ਕਰਾਂ ਤੇ ਕਿਵੇਂ ਆਪਣੇ ਕੀਤੇ ਵਾਅਦੇ ਤੋਂ ਮੁੱਕਰਾਂ! ਜ਼ਿੰਦਗੀ 'ਚ ਪਹਿਲੀ ਵਾਰ ਧਰਮ ਸੰਕਟ ਵਿਚ ਫਸਣ ਦਾ ਸੁਆਦ ਚਖਿਆ।

ਚਲੋ ਜੀ! ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਜਦੋਂ ਮੇਰੇ ਆਉਣ ਬਾਰੇ ਦੱਸਿਆ ਤਾਂ ਉਹ ਉੱਠ ਕੇ ਬਹਿ ਗਏ। ਬਹੁਤ ਰੋਏ ਤੇ ਨਾਲ ਨਾਲ ਕਾਗ਼ਜ਼ਾਂ ਦੇ ਭਰੇ ਲਿਫ਼ਾਫ਼ਿਆਂ ਵਿਚੋਂ ਕਾਗ਼ਜ਼ ਕੱਢ-ਕੱਢ ਕੇ ਆਪਣੀਆਂ ਰਚਨਾਵਾਂ ਸੁਣਾਉਂਦੇ ਰਹੇ। ਇਹੋ ਜਿਹੇ ਹਾਲਾਤ ਵਿਚ ਵੀ ਉਹ ਮੈਨੂੰ ਕਹਿ ਰਹੇ ਸੀ ਯਾਰ ਮੈਂ ਬੜਾ ਦੁਖੀ ਹਾਂ, ਉਨ੍ਹਾਂ ਵਿਦਵਾਨਾਂ ਤੋਂ ਜੋ ਪੰਜਾਬੀ ਦਾ ਘਾਣ ਕਰੀ ਜਾਂਦੇ ਹਨ। ਉਨ੍ਹਾਂ ਇਕ ਅਜੀਬ ਸੱਚ ਦੱਸਿਆ ਕਿ ਪੰਜਾਬੀ ਅਨੁਵਾਦਕਾਂ ਨੇ ਦੁਨੀਆ ਵਿਚ ਸਭ ਤੋਂ ਵੱਧ ਪੜ੍ਹੀ ਤੇ ਸਭ ਤੋਂ ਜ਼ਿਆਦਾ ਭਾਸ਼ਾਵਾਂ 'ਚ ਅਨੁਵਾਦ ਹੋਈ ਕਿਤਾਬ ''ਮੇਰਾ ਦਾਗ਼ਿਸਤਾਨ'' ਦੇ ਲੇਖਕ ਦਾ ਨਾਂ ਹੀ ਗ਼ਲਤ ਲਿਖ ਦਿੱਤਾ ਹੋਰ ਗ਼ਲਤੀਆਂ ਤਾਂ ਛੱਡੋ। ਉਹ ਕਹਿੰਦੇ ਰੂਸੀ ਭਾਸ਼ਾ 'ਚ ਕਿਸੇ ਸ਼ਬਦ ਦਾ ਅੰਤਿਮ ਅੱਖਰ ਵੀ ਹੋਵੇ ਤਾਂ ਉਸ ਨੂੰ ''ਫੱਫਾ''ਬੋਲਿਆ ਜਾਂਦਾ ਹੈ। ਪਰ ਸਾਡੇ ਲੋਕਾਂ ਨੇ ਪਿਛਲੇ ਤੀਹ ਵਰ੍ਹਿਆਂ ਤੋਂ ਰਸੂਲ ਹਮਜ਼ਾਤੋਫ ਨੂੰ ਰਸੂਲ ਹਮਜ਼ਾਤੋਵ ਹੀ ਬਣਾ ਦਿੱਤਾ ਹੈ।

ਜਦੋਂ ਉਨ੍ਹਾਂ ਦੀ ਧਰਮ-ਪਤਨੀ ਮੇਰੇ ਲਈ ਚਾਹ ਲੈ ਕੇ ਆਈ ਤਾਂ ਉਹ ਨੂੰ ਕਹਿੰਦੇ ''ਜਾਹ ਨਾ ਦਿਓ ਮੈਨੂੰ ਸ਼ਰਾਬ, ਮੇਰਾ ਚੇਲਾ ਆਇਆ ਮੇਰੇ ਲਈ ਆਸਟ੍ਰੇਲੀਆ ਦੀ ਵਾਈਨ ਲੈ ਕੇ''। ਹਾਲਾਂਕਿ ਮੈਂ ਉਹ ਬੋਤਲਾਂ ਪਹਿਲਾਂ ਹੀ ਉਨ੍ਹਾਂ ਦੀ ਬੇਟੀ ਨੂੰ ਸੰਭਾਲ ਚੁੱਕਿਆ ਸੀ ਕਿ ਜੇ ਸ਼ਰਾਬ ਇਹਨਾਂ ਲਈ ਏਨੀ ਮਾੜੀ ਹੈ ਤਾਂ ਚਲੋ ਮੈਂ ਨਹੀਂ ਦਿੰਦਾ। ਹੁਣ ਮੈਂ ਹੋਰ ਫਸ ਚੁੱਕਿਆ ਸੀ ਇਕ ਪਾਸੇ ਗੁਰੂ ਦੱਛਣਾ ਤੇ ਦੂਜੇ ਪਾਸੇ ਗੁਰੂ ਦੀ ਜ਼ਿੰਦਗੀ।

ਇਸ ਤੋਂ ਬਾਅਦ ਵੀ ਕਈ ਬਾਰ ਆਪਣੇ ਕਲਮੀ ਗੁਰੂ ਨਾਲ ਮੇਲ ਹੋਇਆ ਤੇ ਹਰ ਬਾਰ ਉਨ੍ਹਾਂ ਦੀ ਹਾਲਤ ਦੇਖ ਕੇ ਲੱਗਦਾ ਕਿ ਇਹ ਮੇਰੀ ਉਨ੍ਹਾਂ ਨਾਲ ਆਖ਼ਰੀ ਮੁਲਾਕਾਤ ਹੈ, ਪਰ ਹੈਰਾਨੀ ਉਦੋਂ ਹੋਈ ਜਦੋਂ ਉਨ੍ਹਾਂ ਦਾ ਇਕ ਲੇਖ ''ਬਾਬਾ ਮੌਤ ਨੂੰ ਮਖ਼ੌਲ ਕਰਦਾ'' ਪੜ੍ਹਿਆ। ਫੇਰ ਹੌਸਲਾ ਜਿਹਾ ਪਿਆ ਕਿ ਇਸ ਸਿਰੜੀ ਇਨਸਾਨ ਤੋਂ ਤਾਂ ਮੌਤ ਵੀ ਡਰਦੀ ਹੈ, ਪਰ ਆਖ਼ਿਰ ਸਦਾ ਦੀ ਤਰਾਂ ਮੌਤ ਬਲਵਾਨ ਹੋ ਨਿੱਬੜੀ।

ਬਾਈ ਗੁਰਮੇਲ ਭਾਵੇਂ ਅੱਜ ਸਾਡੇ 'ਚ ਨਹੀਂ ਹਨ ਪਰ ਉਨ੍ਹਾਂ ਦੀ ਇਮਾਨਦਾਰੀ ਤੇ ਅੜਬਪੁਣੇ ਦੇ ਕਿੱਸੇ ਹਰ ਸਾਹਿਤਕ ਮਹਿਫ਼ਲ ਵਿਚ ਸੁਣਾਈ ਦੇ ਜਾਣਗੇ। ਮੇਰੇ ਯਾਦ ਹੈ ਉਹ ਦਿਨ ਜਦੋਂ ਮੈਨੂੰ 'ਯਾਰਾਂ ਦਾ ਯਾਰ' ਖ਼ਿਤਾਬ ਨਾਲ ਨਿਵਾਜਿਆ ਗਿਆ ਸੀ। ਉਦੋਂ ਉਨ੍ਹਾਂ ਮੈਨੂੰ ਕਿਹਾ ਸੀ ਕਿ ''ਯਾਰੀ ਨਿਭਾਉਣੀ ਸਿੱਖਣੀ ਹੈ ਤਾਂ ਜੱਗਾ ਸਿੰਘ ਤੋਂ ਸਿੱਖ, ਇਹ ਨਾ ਹੋਵੇ ਤੈਨੂੰ ਸਨਮਾਨ ਕਰਨ ਵਾਲੇ ਪਛਤਾਉਣ''। ਪੀ.ਐਨ.ਬੀ. ਵਿਚ ਜੌਬ ਕਰਦਾ ਜੱਗਾ ਸਿੰਘ ਤੇ ਗੁਰਮੇਲ ਸਰਾ ਦੀ ਯਾਰੀ ਤੋਂ ਵੱਡੀ ਉਦਾਹਰਨ ਮੈਨੂੰ ਦਿਖਾਈ ਵੀ ਨਹੀਂ ਦੇ ਰਹੀ। ਮੈਂ ਅੱਖੀਂ ਦੇਖਿਆ ਕਿ ਕਿੰਝ ਇਹ ਇਕ ਦੂਜੇ ਤੋਂ ਜਾਨ ਵਾਰਦੇ ਸਨ। ਪਿਛਲੇ ਸਾਲ ਜਦੋਂ ਗੁਰਮੇਲ ਸਰਾ, ਧੀ ਦੇ ਵਿਆਹ ਵਿਚ ਬਿਮਾਰੀ ਦੀ ਹਾਲਾਤ ਵਿਚ ਬੈੱਡ ਤੇ ਪਿਆ ਫ਼ੱਕਰਾਂ ਵਾਂਗ ਆਪਣੀਆਂ ਕਵਿਤਾਵਾਂ ਗਾ ਰਿਹਾ ਸੀ ਤਾਂ ਜੱਗਾ ਸਿੰਘ ਧੀ ਦੇ ਵਿਆਹ ਦੇ ਫ਼ਰਜ਼ ਨਿਭਾ ਰਿਹਾ ਸੀ।

ਯਾਰੀ ਦੀ ਇਕ ਹੋਰ ਉਦਾਹਰਨ ਜੋ ਮੈਂ ਗੁਰਮੇਲ ਸਰਾ 'ਚ ਦੇਖੀ ਉਹ 31 ਜੁਲਾਈ 2006 ਨੂੰ ਵਾਪਰੀ ਉਹ ਇਹ ਸੀ ਕਿ ਇਕ ਬਾਰ ਭੁਪਿੰਦਰ ਪੰਨੀਵਾਲੀਆ ਨੇ ਗੁਰਮੇਲ ਬਾਈ ਨੂੰ ਫ਼ੋਨ 'ਤੇ ਉਂਝ ਹੀ ਕਹਿ ਦਿੱਤਾ ਕਿ ''ਬਾਈ ਤੁਸੀਂ ਹੁਣ ਵੱਡੇ ਬੰਦੇ ਹੋ ਗਏ ਅਸੀਂ ਤੁਹਾਡੇ ਕਿੱਥੇ ਯਾਦ ਹਾਂ''। ਉਸ ਵਕਤ ਗੁਰਮੇਲ ਬਾਈ ਲੇਹ ਲਦਾਖ਼ 'ਚ ਤਾਇਨਾਤ ਸਨ। ਕਹਿੰਦੇ ਹਨ ਕਿ ਗੁਰਮੇਲ ਨੇ ਕਿਹਾ ਕਿ ''ਤੂੰ ਸੱਦ ਤਾਂ ਸਹੀ ਮੈਂ ਤਾਂ ਪੈਰ ਜੁੱਤੀ ਨਾ ਪਾਵਾਂ'' ਤੇ ਬਾਈ ਪੰਨੀਵਾਲੀਆ ਕਹਿੰਦੇ ਕਿ ''ਲੈ ! ਮੈਂ ਤਾਂ ਹੁਣ ਕਹਿ ਦਿੰਦਾ ਕਿ ਤੁਸੀਂ ਆ ਜਾਓ''। ਉਹ ਕਹਿੰਦੇ ''ਚੰਗਾ ਫੇਰ ਫ਼ੋਨ ਰੱਖ''। ਬਾਈ ਭੁਪਿੰਦਰ ਦੱਸਦੇ ਹਨ ਕਿ ਲੇਹ 'ਚ ਤਾਇਨਾਤ ਉਨ੍ਹਾਂ ਦੇ ਦੋਸਤ ਆਈ.ਬੀ. ਦੇ ਡੀ.ਐੱਸ.ਪੀ. ਜੇ.ਪੀ. ਜੱਸੂ ਦਾ ਫ਼ੋਨ ਆਇਆ ਕਿ ਪੰਨੀਵਾਲੀਆ ਯਾਰ ਗੁਰਮੇਲ ਨੂੰ ਰੋਕ, ਉਹ ਲੇਹ ਤੋਂ ਕਾਲਾਂਵਾਲੀ ਸਕੂਟਰ 'ਤੇ ਆ ਰਿਹਾ ਹੈ। ਮੈਂ ਕਿਹਾ ਕਿ ਉਹ ਹੁਣ ਨਹੀਂ ਰੁਕਦਾ ਜ਼ਰੂਰ ਆਵੇਗਾ। ਇੰਝ ਹੀ ਹੋਇਆ ਗੁਰਮੇਲ ਤੀਜੇ ਦਿਨ ਸਵੇਰੇ ਮੇਰਾ ਬੂਹਾ ਖੜਕਾ ਰਿਹਾ ਸੀ ਤੇ ਕਹਿ ਰਿਹਾ ਸੀ ''ਬਾਰ ਖੋਲ੍ਹੋ ਸੰਤ ਆਏ ਆ''। ਜਦੋਂ ਮੈਂ ਦੇਖਿਆ ਗੁਰਮੇਲ ਬਾਈ ਸਕੂਟਰ ਤੇ ਪਟਰੌਲ ਵਾਲੀਆਂ ਦੋ ਵੱਡੀਆਂ ਕੇਨੀਆਂ ਲੱਦ ਕੇ ਵਾਰ ਮੂਹਰੇ ਖੜਾ! ਕਹਿੰਦਾ ''ਜਦੋਂ ਤੂੰ ਫ਼ੋਨ ਰੱਖਿਆ ਸੀ, ਉਦੋਂ ਹੀ ਚੱਲ ਪਿਆ ਸੀ''। ਉਹ ਇਨਸਾਨ ਸਰਕਾਰੀ ਗੱਡੀ ਤੇ ਵੀ ਆ ਸਕਦਾ ਸੀ ਪਰ ਇਮਾਨਦਾਰੀ ਤੇ ਯਾਰੀ ਨਿਭਾਉਣ ਲਈ ਆਪਣੇ ਸਕੂਟਰ ਤੇ ਘੰਟਿਆਂ ਦਾ ਸਫ਼ਰ ਕਰ ਕੇ ਯਾਰ ਦਾ ਬੂਹਾ ਆ ਖੜਕਾਇਆ ਸੀ।

ਬੱਸ ਜੀ! ਹੁਣ ਤਾਂ ਯਾਦਾਂ ਹੀ ਪੱਲੇ ਹਨ। ਜਦੋਂ ਮੇਰੇ ਮਿੱਤਰ ਰਣਜੀਤ ਸਰਾ ਨੇ ਦੱਸਿਆ ਕਿ ਬਾਈ ਗੁਰਮੇਲ ਚੜ੍ਹਾਈ ਕਰ ਗਏ ਤਾਂ ਇਕ ਪਲ ਇੰਝ ਮਹਿਸੂਸ ਹੋਇਆ ਜਿਵੇਂ ਸਰੀਰ ਦਾ ਕੋਈ ਅੰਗ ਜਵਾਬ ਦੇ ਗਿਆ ਹੋਵੇ। ਪਰ ਫੇਰ ਦੂਜੇ ਹੀ ਪਲ ਬਾਈ ਗੁਰਮੇਲ ਦੀ ਦਿੱਤੀ ਸਿੱਖਿਆ ਨੇ ਹਲੂਣਾ ਦਿੱਤਾ। ਜੋ ਉਨ੍ਹਾਂ ਇਕ ਦਿਨ ਮੈਨੂੰ ਕਿਹਾ ਸੀ ''ਆੜੀਆ! ਜੇ ਹਨੇਰੀਆਂ ਤੁਫ਼ਾਨਾਂ ਤੋਂ ਡਰਨਾ ਤਾਂ ਗੁਰਮੇਲ ਸਰਾ ਤੋਂ ਕਿਨਾਰਾ ਕਰ ਲੈ, ਗੁਰਮੇਲ ਨੂੰ ਤਾਂ ਤੂਫ਼ਾਨ ਦੇ ਉਲਟ ਚੱਲ ਕੇ ਹੀ ਨਜ਼ਾਰਾ ਆਉਂਦਾ''। ਉਨ੍ਹਾਂ ਦੀਆਂ ਇਹਨਾਂ ਗੱਲਾਂ ਤੋਂ ਬੜਾ ਹੌਸਲਾ ਮਿਲਿਆ। ਪਰ ਇਕ ਦੁੱਖ ਸਾਰੀ ਉਮਰ ਮੇਰੇ ਸੀਨੇ 'ਚ ਜ਼ਰੂਰ ਰਹੇਗਾ ਕਿ ਹਾਲੇ ਬਹੁਤ ਕੁਝ ਸਿੱਖਣਾ ਰਹਿ ਗਿਆ ਉਸ ਕਲਮੀ ਯੋਧੇ ਤੋਂ। ਉਨ੍ਹਾਂ ਦੇ ਇਹ ਬੋਲ ਸਦਾ ਮੇਰੇ ਕੰਨਾਂ ਵਿਚ ਗੂੰਜਦੇ ਰਹਿਣਗੇ ਕਿ ''ਕਦੇ ਜ਼ਿੰਦਗੀ 'ਚ ਡੋਲ ਜਾਵੇ ਤਾਂ ਬੱਸ ਇਕ ਗੱਲ ਚਿਤਾਰ ਲਈਂ ਕਿ ਤੂੰ ਕੋਈ ਐਰਾ-ਗ਼ੈਰਾ ਨਹੀਂ, ਗੁਰਮੇਲ ਸਰਾ ਦਾ ਚੇਲਾ ਗੁਰਮੇਲ ਸਰਾ ਦਾ''

ਮਿੰਟੂ ਬਰਾੜ

No comments:

Post a Comment