ਜਿਸ ਦਿਨ ਪੰਜਾਬ ਵਿਧਾਨ ਸਭਾ 2012 ਦੇ ਚੋਣ ਨਤੀਜੇ ਟੈਲੀਵਿਜ਼ਨ 'ਤੇ ਪ੍ਰਸਾਰਿਤ ਕੀਤੇ ਜਾ ਰਹੇ ਸਨ ਤਾਂ ਪੰਜਾਬੀ ਦੇ ਦੋ ਨਿੱਜੀ ਚੈਨਲਾਂ ਦੇ ਪੇਸ਼ਕਾਰ ਵਾਰ-ਵਾਰ ਬੋਲ ਰਹੇ ਸਨ ਕਿ ਵਿਧਾਨ ਸਭਾ ਦੇ ਨਤੀਜਿਆਂ ਦਾ 'ਰੁਜਾਨ' ਫਲਾਣੀ ਪਾਰਟੀ ਦੇ ਹੱਕ 'ਚ ਜਾਂਦੇ ਨਜ਼ਰ ਆ ਰਹੇ ਹਨ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ 'ਰੁਝਾਨ' ਨੂੰ 'ਰੁਜਾਨ' ਬੋਲਿਆ ਜਾ ਰਿਹਾ ਸੀ। ਭਾਸ਼ਾ ਦੇ ਉਚਾਰਣ ਦੀਆਂ ਖਾਮੀਆਂ ਪੰਜਾਬੀ ਦੇ ਨਿੱਜੀ ਚੈਨਲਾਂ ਵੱਲੋਂ 'ਸ਼ਰੇਆਮ' ਤੇ 'ਹੱਸ-ਹੱਸ' ਕੇ ਦੁਹਰਾਈਆਂ ਜਾਂਦੀਆਂ ਹਨ। ਇਹ ਕਹਿਣ 'ਚ ਮੈਨੂੰ ਕੋਈ ਹਿਚਕਿਚਾਹਟ ਨਹੀਂ ਕਿ ਪੱਤਰਕਾਰਾਂ ਦੀ ਨਵੀਂ ਪੀੜ੍ਹੀ ਦੇ ਬਹੁਤੇ ਜਣੇ ਪੰਜਾਬੀ ਭਾਸ਼ਾ ਪੱਖੋਂ ਬਹੁਤ ਕਮਜ਼ੋਰ ਹੈ। ਮੈਂ ਖੁਦ ਪੱਤਰਕਾਰਾਂ ਦੀ ਨਵੀਂ ਪੀੜ੍ਹੀ ਨਾਲ ਸਬੰਧ ਰੱਖਦਾ ਹਾਂ। ਸਾਡੇ ਦੌਰ ਦੇ ਬਹੁਤੇ ਪੱਤਰਕਾਰ ਟੀ.ਵੀ. 'ਤੇ ਆਉਣ ਨੂੰ ਬਹੁਤ ਕਾਹਲੇ ਹਨ ਪਰ ਲਿਖਣ- ਪੜ੍ਹਨ ਦੀ ਇੱਕਾ-ਦੁੱਕਾ ਨੌਜਵਾਨ ਪੱਤਰਕਾਰ ਹੀ ਰੁਚੀ ਰੱਖਦੇ ਹਨ। ਮੇਰੇ ਨਿੱਜੀ ਤਜ਼ਰਬੇ ਅਨੁਸਾਰ ਇਸ ਮੁੱਦੇ ਪ੍ਰਤੀ ਜੋ ਮੁੱਖ ਖਾਮੀਆਂ ਹਨ ਉਨ੍ਹਾਂ 'ਚ ਪ੍ਰਮੁੱਖ ਇਹ ਹੈ ਕਿ ਨਿੱਜੀ ਪੰਜਾਬੀ ਚੈੱਨਲਾਂ ਦੇ ਦਫਤਰ ਨਵੀਂ ਦਿੱਲੀ ਜਾਂ ਆਸ-ਪਾਸ ਸਥਾਪਿਤ ਹਨ ਜਾਂ ਜੋ ਚੰਡੀਗੜ੍ਹ ਅਤੇ ਪੰਜਾਬ ਦੇ ਹੋਰ ਸ਼ਹਿਰਾਂ 'ਚ ਸਥਿਤ ਵੀ ਹਨ, ਉੱਥੇ ਵੱਡੀਆਂ ਪੁਜੀਸ਼ਨਾਂ 'ਤੇ ਗੈਰ ਪੰਜਾਬੀ ਲੋਕ ਬੈਠੇ ਹਨ। ਬਹੁਤਿਆਂ ਨੂੰ ਜਾਂ ਤਾਂ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਜਾਂ ਲਿਖਣੀ ਜਾਂ ਬੋਲਣੀ। ਸਾਰੇ ਪੰਜਾਬੀ ਚੈਨਲਾਂ 'ਚ ਪੰਜਾਬੀ ਭਾਸ਼ਾਂ ਦੀਆਂ ਉੱਚ ਡਿਗਰੀਆਂ ਵਾਲੇ ਪੱਤਰਕਾਰਾਂ ਦੀ ਜੇ ਗਿਣਤੀ ਕਰਨੀ ਬੈਠ ਜਾਓ ਤਾਂ ਗਿਣਤੀ ਦੋ ਅੱਖਰਾਂ 'ਚ ਨਹੀਂ ਪੁੱਜੇਗੀ। ਭਾਸ਼ਾ ਦੇ ਉਚਾਰਣ ਪੱਖੋਂ ਸਿਹਾਰੀ, ਬਿਹਾਰੀ, ਹੋੜਾ, ਕਨੌੜਾ, ਟਿੱਪੀ, ਅੱਧਕ, ਬਿੰਦੀ, ਣਾਣੇ, ਨੰਨੇ ਆਦਿ ਵਾਲੇ ਸ਼ਬਦਾਂ ਵੱਲ ਤਾਂ ਉੱਕਾ ਹੀ ਧਿਆਨ ਨਹੀਂ ਦਿੱਤਾ ਜਾਂਦਾ। ਕੌਲੀ ਨੂੰ ਕੋਲੀ, ਚੋਣ ਨੂੰ ਚੌਣ, ਚੌਲ ਨੂੰ ਚੋਲ, ਪਾਣੀ ਨੂੰ ਪਾਨੀ ਆਮ ਹੀ ਪੰਜਾਬੀ ਟੀ.ਵੀ. ਪੇਸ਼ਕਾਰਾਂ ਦੇ ਮੂੰਹੋ ਸੁਣਨ ਨੂੰ ਮਿਲ ਜਾਂਦੇ ਹਨ। ਜੋ ਸ਼ਬਦ ਪੰਜਾਬੀ 'ਚ ਬਹੁਤ ਹੀ ਸਰਲ ਤਰੀਕੇ ਨਾਲ ਮਿਲ ਜਾਂਦੇ ਹਨ ਉਨ੍ਹਾਂ ਦੀ ਥਾਂ ਵੀ ਹਿੰਦੀ ਜਾਂ ਅੰਗਰੇਜ਼ੀ ਦੇ ਭਾਰੀ-ਭਰਕਮ ਸ਼ਬਦ ਬੋਲੇ ਜਾਂਦੇ ਹਨ। ਉਦਾਹਰਣ ਦੇ ਤੌਰ 'ਤੇ ਅੰਨਾ ਦੇ 'ਮਰਨ ਵਰਤ' ਮੌਕੇ ਕੁਝ ਪੰਜਾਬੀ ਚੈੱਨਲ 'ਅਨਸ਼ਨ' ਬੋਲਦੇ ਤੇ ਲਿਖਦੇ ਰਹੇ ਹਨ।
ਟੀ.ਵੀ. ਮਾਧਿਅਮ ਸੰਚਾਰ ਦਾ ਅਜਿਹਾ ਸਾਧਨ ਹੈ ਜਿਸਦੀ ਵਿਸ਼ੇਸ਼ਤਾਂ ਹੀ ਸ਼ਬਦ ਉਚਾਰਣ ਹਨ। ਦੂਜੇ ਹੱਥ ਘੱਟ ਤਨਖਾਹਾਂ 'ਤੇ ਨੌਜਵਾਨਾਂ ਤੋਂ ਵਧੇਰੇ ਕੰਮ ਲੈਣਾ ਚੈਨਲਾਂ ਦੀ 'ਖਾਸੀਅਤ' ਹੈ। ਅਜਿਹੇ ਵਿਚ ਭਾਸ਼ਾ ਦੇ ਮਾਹਿਰ ਨੌਜਵਾਨਾਂ ਦੀ ਭਰਤੀ 'ਚ ਪੈਸਾ ਅੜਿੱਕਾ ਬਣ ਜਾਂਦਾ ਹੈ। ਕਈ ਪੰਜਾਬੀ ਚੈਨਲਾਂ 'ਚ ਗੈਰ ਪੰਜਾਬੀ ਪੱਤਰਕਾਰ ਇਸ ਦੀ ਚੰਗੀ ਉਦਾਹਰਣ ਹਨ। ਟੀ.ਵੀ. ਚੈਨਲਾਂ 'ਚ ਪ੍ਰੋਗਰਾਮਾਂ ਦੀ ਲਗਾਤਾਰਤਾ ਅਹਿਮ ਹੁੰਦੀ ਹੈ। ਮਤਲਬ ਚੈਨਲ ਬਿਨਾਂ ਰੋਕ ਚੱਲਦੇ ਰਹਿਣਾ ਚਾਹੀਦਾ ਹੈ, ਚੈਨਲ 'ਤੇ ਸ਼ਬਦ ਉਚਾਰਣ ਠੀਕ ਬੋਲਿਆ ਜਾ ਰਿਹਾ ਹੈ ਜਾਂ ਨਹੀਂ ਇਸ ਵੱਲ ਕੋਈ ਖਾਸ ਤਵੱਜੋਂ ਨਹੀਂ ਦਿੱਤੀ ਜਾਂਦੀ। ਇਸ਼ਤਿਹਾਰ ਹਾਸਲ ਕਰਨ ਲਈ ਪ੍ਰੋਗਰਾਮ ਦੇ ਤਕਨੀਕੀ ਪੱਖ ਅਤੇ ਸਜਾਵਟ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹੈ, ਭਾਸ਼ਾ ਉਚਾਰਣ ਵੱਲ ਨਹੀਂ। ਨਵੇਂ-ਨਵੇਂ ਜਿਹੇ ਮੁੰਡੇ-ਕੁੜੀਆਂ ਨੂੰ ਸਜ- ਸੰਵਰ ਕੇ ਟੀ.ਵੀ. ਐਂਕਰ ਬਣਨ ਦਾ ਤਾਂ ਬਹੁਤ ਸ਼ੌਕ ਹੈ ਪਰ ਬੋਲੀ ਦੇ ਸੁਧਾਰ ਵੱਲ ਕੋਈ ਖਾਸ ਅਹਿਮੀਅਤ ਨਹੀਂ ਦਿੱਤੀ ਜਾਂਦੀ। ਦੂਜਾ ਪੱਖ ਇਸ ਤੋਂ ਵੀ ਭੈੜਾ ਹੈ। ਲਿਖਤੀ ਰੂਪ 'ਚ ਜੋ ਭਾਸ਼ਾ ਪੰਜਾਬੀ ਚੈੱਨਲਾਂ ਵੱਲੋਂ ਪ੍ਰਸਾਰਿਤ ਕੀਤੀ ਜਾ ਰਹੀ ਹੈ, ਉਸਦਾ ਤਾਂ ਰੱਬ ਹੀ ਰਾਖਾ ਹੈ। ਨਿੱਜੀ ਤਜ਼ਰਬੇ 'ਚੋਂ ਕੁਝ ਉਦਾਹਰਣਾਂ ਦੇਣੀਆਂ ਚਾਹਾਂਗਾ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਚੈੱਨਲ 'ਚ ਕੰਮ ਕਰਦੀ ਇਕ ਕੁੜੀ ਨੇ ਟੀ.ਵੀ. ਦੇ ਹੇਠਾਂ ਚੱਲਦੀ ਪੱਟੀ (ਸਕਰੌਲ) 'ਚ ਕੁਝ ਇਸ ਤਰ੍ਹਾਂ ਲਿਖਿਆ ਸੀ " ਸੱਤਗੁਰੂ ਨਾਨਕ ਪ੍ਰਗਟਿਆ ਮਿੱਟੀ-ਧੁੰਦ ਜੱਗ ਚਾਨਣ ਹੋਆ।" ਜੋ 'ਸਟੋਰੀ' ਪ੍ਰਸਾਰਿਤ ਹੋਈ ਸੀ ਉਸ 'ਚ ਉਹਨੇ ਉਚਾਰਣ ਵੀ ਲਿਖੇ ਅਨੁਸਾਰ ਹੀ ਕੀਤਾ ਸੀ। ਹੋਰ ਉਦਾਹਰਣਾਂ- 'ਵਰਡ' ਕੱਪ 'ਚ ਭਾਰਤੀ ਟੀਮ 'ਫਸਟ', ਅੰਨਾ ਦਾ 'ਅਨਸ਼ਨ', 'ਗੇਹੂ'ੂ ਦੀ ਫਸਲ ਮੰਡੀਆਂ 'ਚ ਆਈ, 'ਬਸ-ਟਰੱਕ' 'ਐਕਸੀਡੈਂਟ' 'ਚ 'ਤੀਨ ਮੋਤਾ', 'ਸ਼ਿਕਸ਼ਾ' 'ਚ ਕਦੋ ਹੋਵੇਗਾ ਸਧਾਰ, ਲਾਲ ਬੱਤੀ 'ਜਮਪ' ਕਰਨ 'ਤੇ ਜੁਰਮਾਨਾ, ਸੀਟ ਬੈਲਟ 'ਨਾਂਅ ਬਨਣ' 'ਤੇ ਹੋਵੇਗਾ ਜੁਰਮਾਨ ਆਦਿ-ਆਦਿ । ਧਿਆਨ ਦੇਣਯੋਗ ਹੈ ਕਿ ਪਹਿਲਾਂ ਤਾਂ ਵਰਲਡ ਸ਼ਬਦ ਦਾ ਸੱਤਿਆਨਾਸ਼ ਵਰਡ (ਅੱਖਰ) ਲਿਖ ਕੇ ਕੀਤਾ ਜਦਕਿ ਇਸ ਦੀ ਜਗ੍ਹਾਂ 'ਵਿਸ਼ਵ' ਸ਼ਬਦ ਢੁਕਵਾਂ ਹੈ। ਇਸੇ ਤਰ੍ਹਾਂ ਅਨਸ਼ਨ ਦੀ ਜਗ੍ਹਾਂ ਮਰਨ ਵਰਤ ਅਤੇ ਗੇਹੂ ਦੀ ਜਗ੍ਹਾਂ ਕਣਕ ਸ਼ਬਦ ਪੰਜਾਬੀ ਦੇ ਵਰਤੇ ਜਾ ਸਕਦੇ ਹਨ। ਬਾਕੀ ਥਾਂ ਵੀ ਸ਼ਬਦਾਂ ਦੀਆਂ ਗਲਤੀਆਂ ਵੱਲ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ। ਇਹ ਕਹਿਕੇ ਚੈਨਲਾਂ 'ਚ ਕੰਮ ਕਰਦੇ ਪੱਤਰਕਾਰ ਨਹੀਂ ਬਚ ਸਕਦੇ ਕਿ ਉਨ੍ਹਾਂ ਕੋਲ ਸਮਾਂ ਬਹੁਤ ਘੱਟ ਅਤੇ ਕੰਮ ਦਾ ਦਬਾਅ ਬਹੁਤ ਜ਼ਿਆਦਾ ਹੁੰਦਾ ਹੈ।
ਹਾਲਾਂਕਿ ਬਹੁਤੇ ਨੌਜਵਾਨ ਮੁੰਡੇ-ਕੁੜੀਆਂ ਪੱਤਰਕਾਰੀ ਦੀ ਡਿਗਰੀ ਕਰਕੇ ਹੀ ਚੈੱਨਲਾਂ 'ਚ ਪ੍ਰਵੇਸ਼ ਕਰਦੇ ਹਨ ਪਰ ਇਨ੍ਹਾਂ ਡਿਗਰੀਆਂ 'ਚ ਪੱਤਰਕਾਰੀ ਦੇ ਵੱਖ-ਵੱਖ ਪਹਿਲੂਆਂ ਬਾਰੇ ਤਾਂ ਜਾਣਕਾਰੀ ਦਿੱਤੀ ਜਾਂਦੀ ਹੈ ਜਦਕਿ ਭਾਸ਼ਾ ਦੀ ਪੜ੍ਹਾਈ ਵੱਲ ਕੋਈ ਉਚੇਚਾ ਯਤਨ ਨਹੀਂ ਕੀਤਾ ਜਾਂਦਾ। ਇਹ ਸੁਝਾਅ ਕਈ ਵਾਰ ਸਾਹਮਣੇ ਆਇਆ ਹੈ ਕਿ ਪੰਜਾਬੀ ਦੀ ਐਮ.ਏ. ਦੇ ਸਿਲੇਬਸ ਨੂੰ ਹੀ ਪੱਤਰਕਾਰੀ ਨਾਲ ਜੋੜ ਦੇਣਾ ਚਾਹੀਦਾ ਹੈ। ਇਸ ਨਾਲ ਰੁਜ਼ਗਾਰ ਦੇ ਮੌਕੇ ਵੀ ਵੱਧਣਗੇ ਅਤੇ ਭਾਸ਼ਾ ਦੇ ਉਚਾਰਣ ਤੇ ਲਿਖਣ 'ਚ ਵੀ ਸੁਧਾਰ ਹੋਵੇਗਾ। ਇਸਦੇ ਨਾਲ ਹੀ ਸਿਲੇਬਸ 'ਚ ਅਨੁਵਾਦ ਅਤੇ ਪੰਜਾਬ ਦੀ ਆਰਥਿਕਤਾ, ਖੇਤੀਬਾੜੀ, ਰਾਜਨੀਤੀ ਆਦਿ ਦੀ ਜਾਣਕਾਰੀ ਦੇਣ ਵਾਲਾ ਵਿਸ਼ਾ ਜਾਂ ਪੇਪਰ ਵੀ ਸ਼ਾਮਲ ਹੋਣਾ ਚਾਹੀਦਾ ਹੈ।
ਇੱਥੇ ਪੱਤਰਕਾਰਾਂ ਦੀ ਨਵੀਂ ਪੀੜ੍ਹੀ ਦੀ ਸਮਝ ਬਾਰੇ ਵੀ ਗੱਲ ਕਰਨੀ ਬਣਦੀ ਹੈ। ਇਹ ਮੇਰਾ ਪੱਕਾ ਯਕੀਨ ਹੈ ਕਿ ਬਹੁਤੇ ਨੌਜਵਾਨ ਪੱਤਰਕਾਰਾਂ ਨੂੰ ਪੰਜਾਬ ਵਿਧਾਨ ਸਭਾ, ਪੰਜਾਬ ਤੋਂ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ ਦਾ ਵੀ ਨਹੀਂ ਪਤਾ ਹੋਣਾ, ਸਾਰਿਆਂ ਦੇ ਨਾਂ ਪਤਾ ਹੋਣ ਦਾ ਤਾਂ ਮਤਲਬ ਹੀ ਨਹੀਂ (ਅਜਿਹੇ ਕਈ ਪੱਤਰਕਾਰ ਮੁੰਡੇ-ਕੁੜੀਆਂ ਨੂੰ ਮੈਂ ਜਾਣਦਾ ਵੀ ਹਾਂ)। ਮਾਝਾ, ਮਾਲਵਾ ਅਤੇ ਦੁਆਬਾ ਖੇਤਰਾਂ ਦੀ ਵੰਡ ਅਤੇ ਇਸ ਅਧੀਨ ਆਉਣ ਵਾਲੀਆਂ ਸੀਟਾਂ ਦੀ ਗਿਣਤੀ ਬਾਰੇ ਪਤਾ ਹੋਣ ਦਾ ਤਾਂ ਸਵਾਲ ਹੀ ਬਾਕੀ ਨਹੀਂ ਬਚਦਾ। ਇਕ ਚੈਨਲ 'ਚ ਕੰਮ ਕਰਦਿਆਂ ਬਹੁਤਿਆਂ ਨੂੰ ਰੱਬੀ (ਹਾੜ੍ਹੀ) ਅਤੇ ਖਰੀਫ (ਸਾਉਣੀ) ਦੀਆਂ ਫਸਲਾਂ ਬਾਰੇ ਜਾਣਕਾਰੀ ਨਾ ਹੋਣ 'ਤੇ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਸੀ। 2007 ਦੀਆਂ ਚੋਣਾਂ ਦੌਰਾਨ ਜਦੋਂ ਮਰਹੂਮ ਕੈਪਟਨ ਕੰਵਲਜੀਤ ਸਿੰਘ ਦਾ ਬੇਟਾ ਜਸਜੀਤ ਸਿੰਘ ਬੰਨੀ ਚੋਣ ਹਾਰ ਗਿਆ ਤਾਂ ਮੇਰੇ ਇਕ ਸਾਥੀ ਨੇ ਉਲਟਾ ਇਹ ਸਵਾਲ ਕੀਤਾ ਸੀ ਕਿ ਉਹ ਕਿਹੜੀ ਪਾਰਟੀ ਵੱਲੋਂ ਖੜ੍ਹਾ ਸੀ। ਪੱਤਰਕਾਰੀ ਐਸਾ ਪੇਸ਼ਾ ਹੈ ਜਿਸ 'ਚ ਸਿੱਖਣ ਦੀ ਕੋਈ ਸੀਮਾ ਨਹੀਂ, ਕੋਈ ਉਮਰ ਨਹੀਂ ਤੇ ਕੋਈ ਵਿਸ਼ਾ ਇਸ ਖੇਤਰ ਤੋਂ ਬਾਹਰ ਨਹੀਂ। ਪਰ ਅੱਜ ਦੀ ਪੀੜ੍ਹੀ ਦੇ ਜ਼ਿਆਦਾ ਪੱਤਰਕਾਰ ਪੰਜਾਬ ਦੇ ਅਰਥਚਾਰੇ, ਸਭਿਆਚਾਰ, ਸਿੱਖ ਰਾਜਨੀਤੀ ਅਤੇ ਸਿਆਸਤ ਦੇ ਖੇਤਰਾਂ ਬਾਰੇ 'ਪੱਤਰਕਾਰਾਂ ਜੋਗੀ ਜਾਣਕਾਰੀ' ਹਾਸਲ ਕਰਨ ਲਈ ਵੀ ਖਾਸ ਤਰੱਦਦ ਨਹੀਂ ਕਰਦੇ। ਪ੍ਰੋਗਰਾਮਾਂ ਤੇ ਖਬਰਾਂ ਦੀ ਸਾਜ-ਸਜਾਵਟ ਅਤੇ ਐਂਕਰਾਂ ਦੀ ਸੁੰਦਰ ਦਿੱਖ ਵੱਲ ਤਾਂ ਬਹੁਤ ਧਿਆਨ ਦਿੱਤਾ ਜਾਂਦਾ ਹੈ ਪਰ ਸੋਹਣੇ ਚਿਹਰੇ ਬੋਲ ਕੀ ਰਹੇ ਹਨ, ਜੇਕਰ ਇਸ ਵੱਲ ਵੀ ਧਿਆਨ ਦੇ ਦਿੱਤਾ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।
ਨਰਿੰਦਰ ਪਾਲ ਸਿੰਘ ਜਗਦਿਓ
ਨਰਿੰਦਰ ਪਾਲ ਸਿੰਘ ਜਗਦਿਓ
ਲੇਖ਼ਕ ਪੱਤਰਕਾਰ ਹੈ।ਪ੍ਰਿੰਟ ਤੇ ਇਲੈਟ੍ਰੋਨਿਕ ਮੀਡੀਆ ਦਾ ਲੰਮਾ ਤਜ਼ਰਬਾ ਹੈ।
ਸਹੀ ਕਿਹਾ ਤੁਸੀਂ , ਹੁਣ ਤਾਂ ਜਿੱਧਰ ਵੀ ਵੇਖੋ ਇਹੀ ਨਜ਼ਰ ਆਉਂਦਾ ਹੈ, ਬਹੁਤੇ ਆਪਣੇ ਆਪ ਨੂੰ ਪੰਜਾਬੀ ਕਹਾਉਣ ਵਾਲ਼ੇ ਆਪਣੀ ਮਾਤਭਾਸ਼ਾ ਨਾਲ਼ ਜਿਸ ਤਰ੍ਹਾਂ ਦਾ ਵਰਤਾਓ ਕਰਦੇ ਨੇ, ਬਹੁਤ ਸ਼ਰਮਨਾਕ ਹੈ।
ReplyDeletekarfew sahib " ਪੰਜਾਬ ਵਿਧਾਨ ਸਭਾ 2102 ਦੇ ਚੋਣ ਨਤੀਜੇ " di jagha 2012 edit kar deo.
ReplyDeleteavtar singh saini
khanna
ਬਾਈ ਜੀ! ਆਪਣੀ ਜਮਾਤ ਦੇ ਬਾਰੇ ਲਿਖਣ ਦੀ ਹਿੰਮਤ ਕਰਨ ਲਈ ਤੁਹਾਨੂੰ ਵਧਾਈ ਦੇਣੀ ਬਣਦੀ ਹੈ। ਮੇਰੇ ਇਸ ਜਮਾਤ ਵਿਚਲੇ ਵਕਤ ਦੀਆਂ ਕਈ ਗੱਲਾਂ ਚੇਤੇ ਆ ਗਈਆਂ। ਜਿਵੇਂ ਮੈਂ ਇੱਕ ਵਾਰ ਸਕਰਿਪਟ ਵਿਚ ਬਰਫ ਦੇ ਤੋਦੇ ਡਿੱਗਣ ਬਾਰੇ ਲਿਖ ਦਿੱਤਾ ਤਾਂ ਪੰਜਾਬੀ ਚੈਨਲ 'ਤੇ ਅੰਗਰੇਜ਼ੀ ਸਟਾਇਲ ਵਿਚ ਖਬਰਾਂ ਪੜਣ ਵਾਲੀ ਬੀਬੀ ਕਹਿੰਦੀ ਢਿੱਗਾਂ ( ਡਿੱਗਾਂ ਉਹਦੀ ਬੋਲੀ 'ਚ) ਹੁੰਦੀਆਂ ਬੜੀ ਮੁਸ਼ਕਲ ਨਾਲ ਸਮਝਾਉਣ ਦਾ ਯਤਨ ਕੀਤਾ ਤਾਂ ਨਾਲ ਦੇ ਕਹਿੰਦੇ ਇਹ ਸੀਨੀਅਰ ਹੈ। ਜਿਵੇਂ ਮਿੱਲੀ ਬੱਗ ਦੀ ਸਟੋਰੀ ਸਰਕਾਰ ਦੇ ਪੱਖ ਵਿਚ ਲਿਖਣ ਲਈ ਕਹਿਣ ਵਾਲੇ ਸੰਪਾਦਕ ਨੂੰ ਪੰਜਬ ਦੀ ਖੇਤੀ ਦਾ ਊੜਾ ਆੜਾ ਵੀ ਨਹੀਂ ਪਤਾ ਸੀ ਅਤੇ ਮੇਰ ਨਾਂਹ ਕਰਨਾ ਮੇਰੇ ਕੈਰੀਅਰ ਲਈ ਘਾਤਕ ਸਾਬਤ ਹੋਇਆ। ਪਰ ਮੈਂ ਇਸ ਗੱਲ ਲਈ ਅੱਜ ਵੀ ਖੁਸ਼ ਹਾਂ ਕਿ ਮੈਂ ਜੱਟ ਪੁੱਤ ਹੋਣ ਕਰਕੇ ਆਪਣਾ ਧਰਮ ਨਿਭਾਇਆ। ਸਾਰੇ ਪੰਜਾਬੀ ਚੈਨਲਾਂ ਦਾ ਇਹੋ ਹਾਲ ਹੈ.. ਮਾਲਕ ਬਾਹਰਲੇ ਅਤੇ ਪੰਜਾਬ ਦੇ ਹਿੱਤਾਂ ਨੂੰ ਅਣਗੋਲਿਆ ਕਰਨ ਵਾਲੇ ਹਨ। ਸਾਡਾ ਆਲ ਇੰਡੀਆ ਰੇਡੀਓ ਚੰਗਾ ਹੈ ਪਰ ਉਥੇ ਵੀ ਪੰਜਾਬੀ ਚੰਗਾ ਮੰਡੀਕਰਨ ਮੁਹੱਈਆਂ ਨਹੀਂ ਕੀਤਾ ਜਾ ਰਿਹਾ...ਮਾਂ ਬੋਲੀ ਲਈ ਤੁਹਾਡੇ ਕਦਮ ਦਾ ਤਹਿ ਦਿਲੋਂ ਸਵਾਗਤ...ਵਿਸ਼ਵਦੀਪ ਬਰਾੜ.....ਫੋਂਟ ਵਿੱਚ ਬਿੰਦੀ ਟਿੱਪੀ ਦੀ ਗਲਤੀਆਂ ਲਈ ਮਾਫ ਕਰਨਾ..
ReplyDeleteCharanjeet Jassi
ReplyDeleteਬਿਲਕੁਲ ਠੀਕ ਕਿਹਾ ਨਰਿੰਦਰ ਜੀ ਤੁਸੀ ਪੰਜਾਬੀ ਕਹਾਉਣ ਦੇ ਬਾਵਜੂਦ ਇਨ੍ਹਾਂ ਲੋਕਾਂ ਨੂੰ ਮਾਂ ਬੋਲੀ ਪੰਜਾਬੀ ਦਾ ਪੂਰਾ ਗਿਆਨ ਨਹੀਂ ਹੈ। ਇਨ੍ਹਾਂ ਨੂੰ ਪੰਜਾਬੀ ਕਹਾਉਣ ਦਾ ਕੋਈ ਹੱਕ ਨਹੀਂ ਹੈ।
Charanjeet Jassi
ReplyDeleteਬਿਲਕੁਲ ਠੀਕ ਕਿਹਾ ਨਰਿੰਦਰ ਜੀ ਤੁਸੀ ਪੰਜਾਬੀ ਕਹਾਉਣ ਦੇ ਬਾਵਜੂਦ ਇਨ੍ਹਾਂ ਲੋਕਾਂ ਨੂੰ ਮਾਂ ਬੋਲੀ ਪੰਜਾਬੀ ਦਾ ਪੂਰਾ ਗਿਆਨ ਨਹੀਂ ਹੈ। ਇਨ੍ਹਾਂ ਨੂੰ ਪੰਜਾਬੀ ਕਹਾਉਣ ਦਾ ਕੋਈ ਹੱਕ ਨਹੀਂ ਹੈ।
kamaal da likheyaa
ReplyDeleteAP KIS ADAARE NAAL JURE HOYE HO?
ReplyDeleteਮੇਰੀ ਮਾਂ ਬੋਲੀ ਪੰਜਾਬੀ ਦੀ ਕੀਤੇ ਨਾ ਹੋਂਦ ਖਤਮ ਹੋ ਜਾਵੇ..
ReplyDelete