ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, September 13, 2012

ਨਾਸਤਿਕ ਬਾਣੀ: ਵਿਗਿਆਨਕ ਅਤੇ ਤਰਕਸ਼ੀਲ ਚਿੰਤਨ ਦਾ ਸੰਗ੍ਰਿਹ

'ਨਾਸਤਿਕ ਬਾਣੀ' ਵਾਲਾ ਸਾਧੂ ਬਿਨਿੰਗ
"ਧਰਮ ਟਟਹਿਣਿਆਂ ਵਾਂਗ ਹਨ। ਉਨ੍ਹਾਂ ਨੂੰ ਚਮਕਣ ਲਈ ਹਨੇਰੇ ਦੀ ਲੋੜ ਹੈ।" - ਆਰਥਰ ਸ਼ੌਪਨਹਾਊਰ 

"ਜਦੋਂ ਬੰਦਾ ਧਰਮ ਤੋਂ ਆਜ਼ਾਦ ਹੋ ਜਾਂਦਾ ਹੈ ਤਾਂ ਉਸ ਦੇ ਇਕ ਸਾਵੀ ਪੱਧਰੀ ਤੇ ਭਰਪੂਰ ਜ਼ਿੰਦਗੀ ਮਾਨਣ ਦੇ ਮੌਕੇ ਵਧ ਜਾਂਦੇ ਹਨ।" - ਸਿਗਮੰਡ ਫਰਾਇਡ। 


"ਦੁਨੀਆਂ ਵਿਚ ਦੋ ਤਰ੍ਹਾਂ ਦੇ ਲੋਕ ਹਨ :ਧਰਮ ਬਿਨਾਂ ਸੂਝਵਾਨ ਲੋਕ,ਅਤੇ ਸੂਝ ਬਿਨਾਂ ਧਾਰਮਿਕ ਲੋਕ।" --ਅਬੁਲ-ਅੱਲਾ-ਅਲ-ਮਾਇਰੀ।

ਕਿਤਾਬ ਖੋਲ੍ਹਣ ਤੋਂ ਪਹਿਲਾਂ ਹੀ ਕਿਤਾਬ ਦੇ ਟਾਈਟਲ ਉੱਤੇ ਛਪੇ ਇਹ ਸ਼ਬਦ ਤੁਹਾਡੇ ਦਿਮਾਗ ਦੇ ਦਰਵਾਜ਼ੇ ਖੋਲ੍ਹ ਦਿੰਦੇ ਹਨ। ਜਿਉਂ-ਜਿਉਂ ਕਿਤਾਬ ਵਿੱਚੋਂ ਅੱਗੇ ਕੋਈ ਪੰਨਾ ਖੁੱਲ੍ਹਦਾ ਹੈ ਤਾਂ ਹਰ ਜਗ੍ਹਾ ਤੋਂ ਕੋਈ ਨਾ ਕੋਈ ਅਜਿਹਾ ਵਾਕ ਮਿਲਦਾ ਹੈ ਜਿਸ ਨੂੰ ਪੜ੍ਹ ਕੇ ਦਿਮਾਗ ਵਿਚ ਹਲਚਲ ਜਿਹੀ ਮਚ ਜਾਂਦੀ ਹੈ, ਸੋਚਾਂ ਵਿਚ ਦੀਵੇ ਜਗਣ ਲੱਗ ਪੈਂਦੇ ਹਨ। ਬੌਧਿਕ ਹੁਲਾਸ ਦਾ ਅਨੁਭਵ ਹੁੰਦਾ ਹੈ। ਇਹ ਕਿਤਾਬ ਆਸਤਿਕਤਾ ਅਤੇ ਧਾਰਮਿਕ ਸੋਚ ਦੇ ਫੁੱਲੇ ਹੋਏ ਗੁਬਾਰੇ ਵਿੱਚ ਸੂਈ ਵਾਂਗ ਚੁੱਭ ਜਾਂਦੀ ਹੈ ਅਤੇ ਉਸ ਦੀ ਸਾਰੀ ਦੀ ਸਾਰੀ ਫੂਕ ਕੱਢ ਦਿੰਦੀ ਹੈ। ਇਹ ਪੁਸਤਕ ਪੜ੍ਹ ਕੇ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਸੰਸਾਰ ਦੇ ਰੌਸ਼ਨ ਦਿਮਾਗ ਲੋਕ ਤਾਂ ਰੱਬ ਅਤੇ ਧਰਮ ਆਦਿ ਬਾਰੇ ਬਹੁਤ ਠੀਕ ਤਰ੍ਹਾਂ ਹੀ ਸੋਚਦੇ ਹਨ ਪਰ ਉਨ੍ਹਾਂ ਦੇ ਵਿਚਾਰ ਅਧਿਆਤਮਵਾਦੀ ਸਾਹਿਤ ਦੇ ਬਹੁਤ ਵੱਡੇ ਅੰਬਾਰ ਹੇਠ ਦੱਬੇ ਰਹਿ ਜਾਂਦੇ ਹਨ। ਇਸ ਦੀ ਪੁਸ਼ਟੀ ਲਈ ਪੁਸਤਕ ਵਿਚੋਂ ਵੱਖ-ਵੱਖ ਦੇਸ਼ਾਂ ਦੇ ਸੂਝਵਾਨ ਲੋਕਾਂ ਦੇ ਵਿਚਾਰ ਪੜ੍ਹੇ ਜਾ ਸਕਦੇ ਹਨ ਜਿਵੇਂ ਮਹਾਨ ਅੰਗਰੇਜ਼ ਦਾਰਸ਼ਨਿਕ ਬਰਟਰੰਡ ਰਸਲ ਕਹਿੰਦਾ ਹੈ - "ਧਰਮ ਸਾਡੀ ਸੂਝ ਦੇ ਬਚਪਨੇ ਦੀ ਰਹਿੰਦ-ਖੂੰਹਦ ਹੈ, ਜਿਵੇਂ-ਜਿਵੇਂ ਅਸੀਂ ਤਰਕ ਅਤੇ ਵਿਗਿਆਨ ਨੂੰ ਸੇਧ ਲਈ ਅਪਣਾਵਾਂਗੇ, ਇਹ ਘਟਦਾ ਜਾਵੇਗਾ।" ਦੱਖਣੀ ਅਮਰੀਕਾ ਦੇ ਦੇਸ਼ ਟ੍ਰਿਨੀਦਾਦ ਅਤੇ ਟੈਬੇਗੋ ਦੇ ਪਹਿਲੇ ਪ੍ਰਧਾਨ ਮੰਤਰੀ ਐਰਿਕ ਵਿਲਿਅਮਜ਼ ਅਨੁਸਾਰ, "ਧਰਮ ਇਨਸਾਨਾਂ ਦੀ ਉਸੇ ਤਰ੍ਹਾਂ ਸੇਵਾ ਕਰਦਾ ਹੈ ਜਿੱਦਾਂ ਘੋੜੇ ਦੇ ਲੱਗੇ ਖੋਪੇ ਕਰਦੇ ਹਨ।" ਜਰਮਨ ਕਵੀ ਹਾਈਨਰਿਕ ਹਾਈਨ ਧਰਮ ਦੀ ਤੁਲਨਾ ਅੰਨ੍ਹੇ ਬੰਦੇ ਨਾਲ ਕਰਦਾ ਹੋਇਆ ਲਿਖਦਾ ਹੈ, "ਮੱਧ ਯੁੱਗ ਸਮੇਂ ਧਰਮ ਲੋਕਾਂ ਨੂੰ ਰਸਤਾ ਦਿਖਾ ਸਕਦਾ ਸੀ, ਜਿਵੇਂ ਘੁੱਪ ਹਨੇਰੀ ਰਾਤ ਵਿਚ ਇਕ ਅੰਨ੍ਹਾ ਬੰਦਾ ਚੰਗਾ ਪੱਥਪ੍ਰਦਰਸ਼ਕ ਹੋ ਸਕਦਾ ਹੈ; ਉਹਨੂੰ ਰਾਹਾਂ ਅਤੇ ਥਾਵਾਂ ਦਾ ਸੁਜਾਖੇ ਨਾਲੋਂ ਜ਼ਿਆਦਾ ਪਤਾ ਹੁੰਦਾ ਹੈ ਪਰ ਜਦੋਂ ਦਿਨ ਚੜ੍ਹ ਜਾਵੇ ਫੇਰ ਅੰਨਿਆਂ ਤੋਂ ਰਸਤਾ ਪੁੱਛਣਾ ਮੂਰਖਤਾ ਹੈ।" ਮਸ਼ਹੂਰ ਅਮਰੀਕਨ ਤਾਰਾ ਵਿਗਿਆਨੀ ਕਾਰਲ ਸੇਗਨ ਨਾਸਤਿਕਤਾ ਬਾਰੇ ਸਪੱਸ਼ਟ ਕਰਦਾ ਹੈ ਕਿ "ਨਾਸਤਿਕਤਾ ਸਿਰਫ ਏਨੇ ਗਿਆਨ ਨਾਲੋਂ ਵਾਧੂ ਹੈ ਕਿ ਰੱਬ ਨਹੀਂ ਹੈ ਅਤੇ ਧਰਮ ਤਾਂ ਗਲਤੀ ਹੈ ਜਾਂ ਧੋਖਾ। ਨਾਸਤਿਕਤਾ ਤਾਂ ਇਕ ਨਜ਼ਰੀਆ ਹੈ, ਤਕਾਜ਼ਾ ਹੈ ਦੁਨੀਆਂ ਨੂੰ ਨਿਰਪੱਖ ਹੋ ਕੇ ਨਿਡਰਤਾ ਨਾਲ ਦੇਖਣ ਦਾ, ਸਾਰੀਆਂ ਚੀਜ਼ਾਂ ਨੂੰ ਕੁਦਰਤ ਦੇ ਹਿੱਸੇ ਵਜੋਂ ਸਮਝਣ ਦੀ ਕੋਸ਼ਿਸ਼।"


ਅਜਿਹੀ ਪੁਸਤਕ ਦੀ ਤਰਕਸ਼ੀਲ ਲਹਿਰ ਨੂੰ ਬਹੁਤ ਲੋੜ ਸੀ। ਤਰਕਸ਼ੀਲ ਵਿਚਾਰਾਂ ਦੇ ਸਮਰਥਕ ਬਹੁਤ ਸਾਰੇ ਵਿਅਕਤੀ ਵਹਿਮਾਂ-ਭਰਮਾਂ-ਪਖੰਡਾਂ ਨੂੰ ਤਾਂ ਸ਼ਿੱਦਤ ਨਾਲ ਰੱਦ ਕਰਦੇ ਹਨ ਪਰ ਤਰਕਸ਼ੀਲਤਾ ਦੇ ਮੰਤਕੀ ਸਿੱਟੇ ਯਾਨੀ ਨਾਸਤਿਕਤਾ 'ਤੇ ਪਹੁੰਚਣ ਤੋਂ ਉਰੇ ਹੀ ਖੜ੍ਹ ਜਾਂਦੇ ਹਨ। ਇਹ ਕਿਤਾਬ ਇਸ ਖੜੋਤ ਨੂੰ ਤੋੜਦੀ ਹੈ।


ਇਹ ਉਹ ਪੁਸਤਕ ਹੈ ਜਿਸ ਦੇ ਹਰ ਸ਼ਬਦ, ਹਰ ਵਾਕ ਵਿੱਚ ਡੂੰਘੇ ਅਰਥ ਛਿਪੇ ਹੋਏ ਹਨ। ਕਈ ਵਾਰ ਕੁਟੇਸ਼ਨਾਂ ਸਿਰਫ ਸ਼ਬਦਾਂ ਦੀ ਖੇਡ ਹੀ ਹੁੰਦੀਆਂ ਹਨ, ਪਰ ਇੱਥੇ ਇਉਂ ਨਹੀਂ ਹੈ। ਹਰ ਕੁਟੇਸ਼ਨ ਦੇ ਪਿੱਛੇ ਇਕ ਪੂਰਾ ਸੂਰਾ ਇਤਿਹਾਸ ਹੈ। ਜਿਵੇਂ ਇਕ ਕੁਟੇਸ਼ਨ ਹੈ, "ਉਨ੍ਹਾਂ ਸਾਰਿਆਂ ਨੂੰ ਮਾਰ ਦੇਵੋ। ਪਰਮਾਤਮਾ ਆਪਣੇ ਬੰਦਿਆਂ ਨੂੰ ਆਪੇ ਹੀ ਪਛਾਣ ਲਵੇਗਾ।" ਇਸ ਇਕੱਲੀ ਕੁਟੇਸ਼ਨ ਨੂੰ ਪੜ੍ਹਨ ਨਾਲ ਕੋਈ ਖਾਸ ਅਰਥ ਨਹੀਂ ਨਿਕਲਦਾ ਪਰ ਜਦ ਇਨ੍ਹਾਂ ਸ਼ਬਦਾਂ ਦੇ ਇਤਿਹਾਸ ਨੂੰ ਫਰੋਲਿਆ ਜਾਵੇ ਤਾਂ ਪਤਾ ਚਲਦਾ ਹੈ ਕਿ ਇਹ ਸ਼ਬਦ ਇਸਾਈ ਜਿਹਾਦੀਆਂ ਦੇ ਬਹੁਤ ਕਰੂਪ ਰੂਪ ਨੂੰ ਦਰਸਾਉਂਦੇ ਹਨ। ਇਤਿਹਾਸਕ ਤੌਰ 'ਤੇ ਬਾਹਰਵੀਂ ਤੇਹਰਵੀਂ ਸਦੀ ਦੇ ਯੌਰਪ ਵਿਚ ਈਸਾਈਆਂ ਵਿਚੋਂ ਨਿਕਲ ਕੇ ਵੱਖ ਵੱਖ ਫਿਕਰੇ ਬਣ ਰਹੇ ਸਨ। ਜਿਵੇਂ ਹੁਣ ਸਿੱਖਾਂ ਵਿਚੋਂ ਸੱਚਾ ਸੌਦਾ, ਰਾਧਾ ਸਵਾਮੀ, ਨਿਰੰਕਾਰੀ ਆਦਿ ਫਿਰਕੇ ਬਣੇ ਹਨ। ਈਸਾਈਆਂ ਦੇ ਧਰਮ ਗੁਰੂ ਪੋਪ ਇਨੋਸੈਂਟ ਤੀਜੇ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਸੀ। ਸੋ ਉਸ ਨੇ ਆਪਣੀਆਂ ਧਾਰਮਿਕ ਫੋਜਾਂ ਨੂੰ ਹੁਕਮ ਦਿੱਤਾ ਕਿ ਇਸ ਤਰ੍ਹਾਂ ਦੇ ਸਾਰੇ ਲੋਕਾਂ ਖਿਲਾਫ ਜਹਾਦ ਛੇੜਿਆ ਜਾਵੇ। ਇਨ੍ਹਾਂ ਧਾਰਮਿਕ ਫੌਜਾਂ ਨੇ ਫਰਾਂਸ ਦੇ ਸ਼ਹਿਰ ਬੇਜ਼ੀਅਰ ਵਿਚ ਵੱਡਾ ਕਤਲੇਆਮ ਕੀਤਾ ਕਿਉਂਕਿ ਉਥੇ ਕੈਥੋਲਿਕ ਇਸਾਈਆਂ ਵਿੱਚੋਂ ਨਿਕਲੇ ਫਿਰਕੇ 'ਕਥਾਰ' ਦਾ ਬਹੁਤ ਬੋਲਬਾਲਾ ਸੀ। ਸ਼ਹਿਰ ਉੱਤੇ ਕਬਜ਼ਾ ਕਰਨ ਬਾਅਦ ਇਸਾਈ ਧਾਰਮਿਕ ਫੌਜਾਂ ਦੇ ਜਰਨੈਲ ਸਾਈਮਨ ਡੇ ਮੌਂਟਫੋਰਟ ਨੇ ਆਮ ਲੋਕਾਂ ਬਾਰੇ ਪੁੱਛਿਆ ਕਿ ਇਨ੍ਹਾਂ ਦਾ ਕੀ ਕੀਤਾ ਜਾਵੇ ਕਿਉਂਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਇਹ ਕਹਿ ਰਹੇ ਹਨ ਕਿ ਉਹ ਤਾਂ ਬੜੇ ਧਰਮੀ ਇਸਾਈ ਹਨ। ਤਦ ਪੋਪ ਦੇ ਨੁਮਾਇੰਦੇ ਅਰਨਾਲਡ ਅਮਾਲਹਿਕ ਨੇ ਕਿਹਾ, "ਉਨ੍ਹਾਂ ਸਾਰਿਆਂ ਨੂੰ ਮਾਰ ਦਿਓ, ਪ੍ਰਮਾਤਮਾ ਆਪਣਿਆਂ ਨੂੰ ਆਪੇ ਪਛਾਣ ਲਵੇਗਾ।" (ਭਾਵ ਜਿਹੜੇ ਸਹੀ ਇਸਾਈ ਹੋਣਗੇ ਉਨ੍ਹਾਂ ਨੂੰ ਸਵਰਗ ਵਿਚ ਘੱਲ ਦੇਵੇਗਾ।) ਇਸੇ ਤਰ੍ਹਾਂ ਹੀ ਕੀਤਾ ਗਿਆ ਅਤੇ ਜੁਲਾਈ 1209 ਵਿਚ ਇਸ ਕਸਬੇ ਦਾ ਹਰ ਆਦਮੀ, ਔਰਤ ਅਤੇ ਬੱਚਾ, ਜਿਨ੍ਹਾਂ ਦੀ ਗਿਣਤੀ 20,000 ਦੇ ਲੱਗਭੱਗ ਸੀ, ਕਤਲ ਕਰ ਦਿੱਤਾ ਗਿਆ। (ਮੱਧਯੁੱਗ ਦੇ ਧਾਰਮਿਕ ਵਹਿਸ਼ੀਪੁਣੇ ਨੂੰ ਅੱਜ ਦਾ ਸਾਮਰਾਜ ਕਿਵੇਂ ਲਾਗੂ ਕਰਦਾ ਹੈ, ਇਸ ਦਾ ਜ਼ਿਕਰ ਕਰਨਾ ਵੀ ਕੁਥਾਵੇਂ ਨਹੀਂ ਹੋਵੇਗਾ। ਵੀਅਤਨਾਮ ਯੁੱਧ ਵਿਚ ਅਮਰੀਕਨ ਜਰਨੈਲਾਂ ਵੱਲੋਂ ਵੀਅਤਨਾਮੀ ਲੋਕਾਂ ਦੇ ਕਤਲੇਆਮ ਉਤਸਾਹਿਤ ਕਰਨ ਲਈ ਫੌਜੀਆਂ ਵਿੱਚ ਉਕਤ ਕੁਟੇਸ਼ਨ ਬਹੁਤ ਪ੍ਰਚਾਰੀ ਗਈ ਅਤੇ ਹੁਣ ਇਰਾਕ ਅਤੇ ਅਫਗਾਨਿਸਤਾਨ ਯੁੱਧ ਵਿਚ ਵੀ ਅਮਰੀਕਨ ਸਾਮਰਾਜੀਆਂ ਵੱਲੋਂ ਇਸ ਕੁਟੇਸ਼ਨ ਨੂੰ ਇਸ ਤਰ੍ਹਾਂ ਬਦਲ ਕੇ ਪ੍ਰਚਾਰਿਆ ਗਿਆ, "ਸਾਰਿਆਂ ਨੂੰ ਮਾਰ ਦਿਓ, ਅੱਲਾ ਆਪਣੇ ਬੰਦੇ ਆਪੇ ਪਛਾਣ ਲਵੇਗਾ" ਇਸ ਤਰ੍ਹਾਂ ਸਾਮਰਾਜੀ ਮੰਤਵਾਂ ਲਈ ਹੁਣ ਵੀ ਧਾਰਮਿਕ ਜਨੂੰਨ ਭਰਿਆ ਜਾ ਰਿਹਾ ਹੈ।ਇਸੇ ਤਰ੍ਹਾਂ ਕੁਝ ਹੋਰ ਧਾਰਮਿਕ ਲੋਕਾਂ ਦੇ ਵਿਚਾਰ ਵੀ ਦਿੱਤੇ ਗਏ ਹਨ ਤਾਂ ਜੋ ਵਿਗਿਆਨਕ ਸੋਚ ਵਾਲੇ ਲੋਕਾਂ ਦੇ ਮੁਕਾਬਲੇ ਉਨ੍ਹਾਂ ਦੀ ਮਨੁੱਖਤਾ ਵਿਰੋਧੀ ਸੋਚ ਦੀ ਇਕ ਝਲਕ ਦੇਖੀ ਜਾ ਸਕੇ। ਜਿਵੇਂ ਪੋਪ ਪਾਇਅਸ ਗਿਆਰ੍ਹਵਾਂ ਇਟਲੀ ਦੇ ਜਾਲਮ ਡਿਕਟੇਟਰ ਮੁਸੋਲਿਨੀ ਬਾਰੇ ਕਹਿੰਦਾ ਹੈ - "ਮੁਸੋਲਿਨੀ ਬਹੁਤ ਹੀ ਵਧੀਆ ਬੰਦਾ ਹੈ। ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣਦੇ ਸਮਝਦੇ ਹੋ? ਉਹ ਬਹੁਤ ਹੀ ਵਧੀਆ ਬੰਦਾ ਹੈ।" ਇਵੇਂ ਮਦਰ ਟੈਰਿਸਾ ਕਹਿੰਦੀ ਹੈ, "ਗਰੀਬਾਂ ਵਲੋਂ ਆਪਣੀ ਸਥਿਤੀ ਨੂੰ ਮੰਨ ਲੈਣਾ ਕਿੰਨੀ ਸੁੰਦਰ ਗੱਲ ਹੈ। ਗਰੀਬਾਂ ਦੇ ਨਰਕ ਭੋਗਣ ਨਾਲ ਸਾਰੀ ਦੁਨੀਆਂ ਨੂੰ ਸੁੱਖ ਮਿਲਦਾ ਹੈ।"


ਇਸ ਪੁਸਤਕ ਵਿਚ 500 ਦੇ ਲੱਗਭੱਗ ਵਿਦਵਾਨਾਂ, ਚਿੰਤਕਾਂ, ਵਿਗਿਆਨੀਆਂ, ਸਿਆਸਤਦਾਨਾਂ ਅਤੇ ਹੋਰ ਮਹਾਨ ਵਿਅਕਤੀਆਂ ਦੇ ਰੱਬ ਧਰਮ ਅਤੇ ਹੋਰ ਸਬੰਧੰਤ ਮਸਲਿਆਂ ਬਾਰੇ ਵਿਚਾਰ ਇਕੱਤਰ ਕੀਤੇ ਗਏ ਹਨ। ਇਹ ਵਿਚਾਰ ਇਤਿਹਾਸਕ ਕਾਲਕ੍ਰਮ ਵਿਚ ਹਨ, ਯਾਨੀ ਢਾਈ ਹਜ਼ਾਰ ਸਾਲ ਪਹਿਲਾਂ ਹੋਏ ਚਾਰਵਾਕ, ਮਹਾਤਮਾ ਬੁੱਧ ਅਤੇ ਯੂਨਾਨੀ ਦਾਰਸ਼ਨਿਕਾਂ ਤੋਂ ਸ਼ੁਰੂ ਕਰਕੇ ਹੁਣ ਤੱਕ ਦੇ ਚਿੰਤਕਾਂ ਦੇ ਵਿਚਾਰ ਦਿੱਤੇ ਗਏ ਹਨ।


ਪੁਸਤਕ ਦਾ ਕਰਤਾ ਸਾਧੂ ਬਿਨਿੰਗ 1967 ਤੋਂ ਕੈਨੇਡਾ ਵਿਚ ਰਹਿ ਰਿਹਾ ਅਗਾਂਹਵਧੂ ਪੰਜਾਬੀ ਬੁੱਧੀਜੀਵੀ ਲੇਖਕ/ਚਿੰਤਕ ਹੈ, ਜਿਸ ਨੇ ਪਹਿਲਾਂ ਵੀ ਵਾਰਤਕ, ਖੋਜ, ਅਨੁਵਾਦ, ਕਵਿਤਾ ਅਤੇ ਨਾਟਕ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਪਾਇਆ ਹੈ। ਜਿੱਥੇ ਉਨ੍ਹਾਂ ਇਸ ਪੁਸਤਕ ਲਈ ਐਨੀ ਖੋਜ, ਚੋਣ, ਅਨੁਵਾਦ ਅਤੇ ਸੰਗ੍ਰਿਹ ਕਰਨ ਦਾ ਵੱਡਮੁੱਲਾ ਕਾਰਜ ਕੀਤਾ ਹੈ, ਉੱਥੇ ਉਨ੍ਹਾਂ ਵਲੋਂ ਇਸ ਪੁਸਤਕ ਦੀ ਭੂਮਿਕਾ ਵਜੋਂ ਲਿਖਿਆ ਗਿਆ ਆਰਟੀਕਲ 'ਪੰਜਾਬੀ ਭਾਈਚਾਰਾ ਅਤੇ ਧਰਮ' ਵੀ ਬਹੁਤ ਮਹੱਤਵਪੂਰਨ ਨੁਕਤੇ ਉਠਾਉਂਦਾ ਹੈ। ਇਸ ਲੇਖ ਵਿਚ ਪੰਜਾਬੀਆਂ ਦੀ ਸੋਚ ਉੱਤੇ ਧਾਰਮਿਕ ਜਕੜਬੰਦੀ ਦਾ ਵਰਨਣ ਅਤੇ ਵਿਸ਼ਲੇਸ਼ਣ ਬਹੁਤ ਸੰਤੁਲਿਤ ਢੰਗ ਨਾਲ ਕੀਤਾ ਗਿਆ ਹੈ। ਲੇਖਕ ਦੀ ਇਹ ਗੱਲ ਦਰੁਸਤ ਹੈ ਕਿ "ਇਸ ਵੇਲੇ ਭਾਰਤ ਵਿਚ ਤੇ ਖਾਸ ਕਰ ਪੰਜਾਬ ਵਿਚ ਧਰਮ ਤੇ ਸਿਆਸਤ ਵਿਚ ਵਿੱਥ ਭਾਲਣੀ ਮੁਸ਼ਕਿਲ ਹੈ। ਧਰਮ ਏਨੇ ਸ਼ਕਤੀਸ਼ਾਲੀ ਹਨ ਕਿ ਇਸ ਬਾਰੇ ਅਲੋਚਨਾਤਮਿਕ ਨਜ਼ਰੀਆ ਰੱਖਣਾ ਖਤਰਾ ਸਹੇੜਨ ਵਾਲੀ ਗੱਲ ਹੈ। ਨਤੀਜੇ ਵਜੋਂ, ਸਿਆਸਤ ਨੂੰ ਧਰਮ ਤੋਂ ਵੱਖ ਕਰਕੇ ਵੇਖਣ ਦੀ ਯੋਗਤਾ ਅਤੇ ਖਾਹਿਸ਼ ਪੰਜਾਬੀਆਂ ਵਿਚੋਂ ਗਾਇਬ ਹੋ ਗਈ ਲਗਦੀ ਹੈ। ਧਰਮ ਬਾਰੇ ਬਹੁਤੀ ਚਰਚਾ ਇਸ ਨੁਕਤੇ ਤੋਂ ਹੀ ਕੀਤੀ ਜਾਂਦੀ ਹੈ ਕਿ ਇਸ ਨੂੰ ਕਿਸ ਤਰ੍ਹਾਂ ਬਿਹਤਰ ਬਣਾਇਆ ਜਾਵੇ ਨਾ ਕਿ ਵਿਗਿਆਨਕ ਨਜ਼ਰੀਏ ਨਾਲ ਇਸ ਦੀ ਸਾਰਥਿਕਤਾ 'ਤੇ ਕਿੰਤੂ ਕੀਤਾ ਜਾਵੇ ਜਾਂ ਇਸ ਦੇ ਅਸਰ ਨੂੰ ਘਟਾਇਆ ਜਾਵੇ।" ਅਤੇ "ਜਿੱਥੇ ਪੰਜਾਬੀ ਭਾਈਚਾਰਾ ਬਹੁਤ ਸਾਰੇ ਪਹਿਲੂਆਂ ਵਿਚ ਦੁਨੀਆਂ ਦੇ ਬਾਕੀ ਭਾਈਚਾਰਿਆਂ ਦੇ ਬਰਾਬਰ ਖੜ੍ਹਦਾ ਹੈ, ਉੱਥੇ ਬੌਧਿਕ ਪੱਖੋਂ ਇਸ ਦੀ ਗਰੀਬੀ ਸ਼ਰੇਆਮ ਨਜ਼ਰ ਆਉਂਦੀ ਹੈ, ਜਿਸ ਦਾ ਮੁੱਖ ਕਾਰਨ ਧਰਮ ਵੱਲ ਬੇਲੋੜਾ ਧਿਆਨ ਜਾਪਦਾ ਹੈ। ਧਰਮ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਇਸ ਕਿਸਮ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਮਸਲਾ ਸਮਾਜ ਵਿਚ ਸੰਤੁਲਨ ਪੈਦਾ ਕਰਨ ਦਾ ਹੈ ਜੋ ਇਸ ਵੇਲੇ ਨਜ਼ਰ ਨਹੀਂ ਆ ਰਿਹਾ।"


ਲੇਖਕ ਦਾ ਮੰਨਣਾ ਹੈ ਕਿ ਕਾਫੀ ਗਿਣਤੀ ਪੰਜਾਬੀ ਲੇਖਕ ਅਤੇ ਬੁੱਧੀਜੀਵੀ ਨਾ ਤਾਂ ਰੱਬ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਨਾ ਹੀ ਧਰਮ ਨੂੰ ਸਮਾਜ ਲਈ ਲਾਹੇਵੰਦ ਸਮਝਦੇ ਹਨ, ਪਰ ਬਹੁਤ ਸਾਰੇ ਸਮਾਜਿਕ ਕਾਰਨਾਂ ਵੱਸ ਉਹ ਇਸ ਬਾਰੇ ਚੁੱਪ ਸਾਧੀ ਰੱਖਦੇ ਹਨ। ਲੇਖਕ ਅਨੁਸਾਰ ਸ਼ਾਇਦ ਪੰਜਾਬੀਆਂ ਨਾਲ ਜਪਾਨੀ ਕਹਾਵਤ ਵਰਗਾ ਕੁਝ ਵਾਪਰ ਗਿਆ ਹੈ ਕਿ "ਜੇ ਤੁਸੀਂ ਉਨ੍ਹਾਂ ਨੂੰ ਜਿੱਤ ਨਹੀਂ ਸਕਦੇ ਤਾਂ ਉਨ੍ਹਾਂ ਨਾਲ ਰਲ਼ ਜਾਓ।" ਲੇਖਕ ਧਰਮ ਦੇ ਰੋਲ ਬਾਰੇ ਬਹੁਤ ਸਪੱਸ਼ਟ ਹੈ। ਉਸ ਦਾ ਨਿਰਣਾ ਹੈ ਕਿ ਧਰਮ ਵਿਅਕਤੀ ਦੀ ਪੱਧਰ 'ਤੇ ਭਾਵੇਂ ਕਿਸੇ ਨੂੰ ਵਕਤੀ ਸੁੱਖ ਸ਼ਾਂਤੀ ਦਾ ਅਹਿਸਾਸ ਕਰਵਾਉਂਦਾ ਹੋਵੇ ਪਰ ਸਮਾਜਿਕ ਪੱਧਰ 'ਤੇ ਇਸ ਦਾ ਰੋਲ ਨਾਂਹ-ਪੱਖੀ ਰਹਿੰਦਾ ਹੈ।


ਭੂਮਿਕਾ ਦੇ ਅਖੀਰ ਵਿਚ ਲੇਖਕ ਪੰਜਾਬੀ ਬੁੱਧੀਜੀਵੀਆਂ ਨੂੰ ਇਹ ਕਹਿ ਕੇ ਹਲੂਣਦਾ ਹੈ-ਪੰਜਾਬੀ ਸਮਾਜ ਵਿਚਲੇ ਰੌਸ਼ਨ ਦਿਮਾਗ ਲੋਕਾਂ ਕੋਲੋਂ ਸਮਾਂ ਇਸ ਵੇਲੇ ਮੰਗ ਕਰ ਰਿਹਾ ਹੈ ਕਿ ਉਹ ਆਪਣੇ ਸਮਾਜ ਨੂੰ ਪਿਛਲੀਆਂ ਸਦੀਆਂ ਦੇ ਹਨੇਰਿਆਂ ਵਿੱਚੋਂ ਕੱਢ ਕੇ ਇੱਕੀਵੀਂ ਸਦੀ ਵਿੱਚ ਲਿਆਉਣ ਲਈ ਆਪਣਾ ਯੋਗਦਾਨ ਪਾਉਣ। ਇਸ ਦੇ ਲਈ ਉਨ੍ਹਾਂ ਕੁਝ ਵਿਸ਼ੇ ਵੀ ਦਿੱਤੇ ਹਨ, ਜਿਨ੍ਹਾਂ ਬਾਰੇ ਵਿਚਾਰ-ਚਰਚਾ ਚਲਾਉਣ ਦੀ ਲੋੜ ਹੈ। ਪੁਸਤਕ ਦੇ ਅੰਤ ਵਿਚ ਦਿੱਤੀ ਪੁਸਤਕਾਂ ਅਤੇ ਇੰਟਰਨੈੱਟ ਵੈਬਸਾਈਟਾਂ ਦੀ ਸੂਚੀ ਵੀ ਬਹੁਤ ਮਹੱਤਵਪੂਰਨ ਹੈ ਜੋ ਇਨ੍ਹਾਂ ਵਿਸ਼ਿਆਂ ਬਾਰੇ ਹੋਰ ਜਾਣਨ, ਸਮਝਣ ਦੀ ਇੱਛਾ ਰੱਖਣ ਵਾਲੇ ਵਿਅਕਤੀਆਂ ਲਈ ਬਹੁਤ ਕੰਮ ਦੀ ਚੀਜ਼ ਹੈ।


ਰਾਜਪਾਲ ਸਿੰਘ

No comments:

Post a Comment