ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, September 25, 2012

ਜਾਤਪਾਤ 'ਤੇ ਵਿਚਾਰ ਚਰਚਾ:ਬੁੱਧ,ਅੰਬੇਡਕਰ ਕਾਫੀ ਨਹੀਂ,ਮਾਰਕਸ ਜ਼ਰੂਰੀ

ਪਿਛਲੇ ਦਿਨੀਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵਲੋਂ ਤੇਲਗੂ ਚਿੰਤਕਾ ਰੰਗਨਾਇਕੰਮਾ ਦੀ ਅਨੁਵਾਦਿਤ ਪੁਸਤਕ 'ਜਾਤਪਾਤ ਦੇ ਸਵਾਲ ਦੇ ਹੱਲ ਲਈ ਬੁੱਧ ਕਾਫੀ ਨਹੀਂ, ਅੰਬੇਡਕਰ ਵੀ ਕਾਫੀ ਨਹੀਂ, ਮਾਰਕਸ ਜ਼ਰੂਰੀ ਹੈ' 'ਤੇ ਵਿਚਾਰ ਚਰਚਾ ਕਰਵਾਈ ਗਈ। ਵਿਚਾਰ ਚਰਚਾ ਦੇ ਪ੍ਰਧਾਨਗੀ ਮੰਡਲ 'ਚ ਡਾ. ਸੇਵਾ ਸਿੰਘ, ਕਾ. ਨੌਨਿਹਾਲ ਸਿੰਘ, ਹਰਵਿੰਦਰ ਭੰਡਾਲ ਅਤੇ ਬੂਟਾ ਸਿੰਘ ਸ਼ਸ਼ੋਭਿਤ ਹੋਏ। ਡਾ. ਮਨਿੰਦਰ ਕਾਂਗ ਨੇ ਕਿਤਾਬ ਦੀ ਜਾਣ ਪਛਾਣ ਕਰਾਉਂਦਿਆਂ ਕਿਹਾ: ਭਾਵੇਂ ਕਿਤਾਬ ਵਿਚ ਲੰਮੇ ਵੇਰਵੇ ਅਤੇ ਵਾਧੂ ਵਿਸਥਾਰ ਹਨ ਪਰ ਕਿਤਾਬ ਦੀ ਟਾਈਪੋਗ੍ਰਾਫ਼ੀ ਧੂਹ ਪਾਊ ਤੇ ਸਿੱਖਣਯੋਗ ਹੈ।

ਵਿਚਾਰ ਚਰਚਾ ਦੇ ਮੁੱਖ ਬੁਲਾਰੇ ਡਾ. ਸੇਵਾ ਸਿੰਘ ਨੇ ਕਿਤਾਬ 'ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਕਿਤਾਬ ਦੇ ਅਨੁਵਾਦਕ ਬੂਟਾ ਸਿੰਘ ਅਤੇ 5ਆਬ ਪ੍ਰਕਾਸ਼ਨ ਦੇ ਪ੍ਰਕਾਸ਼ਕ ਕੇਸਰ ਦਾ ਅਜਿਹੀ ਕਿਤਾਬ ਪਾਠਕਾਂ ਤੱਕ ਪਹੁੰਚਾਉਣ ਲਈ ਧੰਨਵਾਦ ਕੀਤਾ।

ਕਿਤਾਬ ਬਾਰੇ ਗੱਲ ਕਰਦਿਆਂ ਡਾ. ਸੇਵਾ ਸਿੰਘ ਨੇ ਕਿਹਾ: '' ਮੁਲਕ ਦੇ ਠੋਸ ਹਾਲਾਤ ਨੂੰ ਸਮਝਣ ਲਈ ਮਾਰਕਸਵਾਦ ਨੂੰ ਮਸ਼ੀਨੀ ਰੂਪ 'ਚ ਨਹੀਂ, ਵਿਰੋਧ-ਵਿਕਾਸੀ ਰੂਪ 'ਚ ਲੈਣਾ ਜ਼ਰੂਰੀ ਹੈ। ਮਾਰਕਸ ਅਨੁਸਾਰ ਕਿਸੇ ਵਿਚਾਰਧਾਰਾ ਦੇ ਸਭ ਤੋਂ ਮਜ਼ਬੂਤ ਨੁਕਤੇ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ ਪਰ ਰੰਗਨਾਇਕੰਮਾ ਦੀ ਕਿਤਾਬ ਡਾ. ਅੰਬੇਡਕਰ ਦੀ ਵਿਚਾਰਧਾਰਾ ਦੇ ਸਭ ਤੋਂ ਕਮਜ਼ੋਰ ਨੁਕਤੇ ਨੂੰ ਨਿਸ਼ਾਨਾ ਬਣਾਉਂਦੀ ਹੈ।''


ਉਨ੍ਹਾਂ ਕਿਹਾ ਕਿ ਭਾਰਤ ਦੀ ਉੱਭਰ ਰਹੀ ਬੁਰਜ਼ੂਆਜੀ ਹਿੰਦੂ ਸੀ, ਇਸ ਨਾਲ ਤਿੱਖੇ ਸੰਘਰਸ਼ ਦੇ ਪ੍ਰਸੰਗ 'ਚ ਹੀ ਡਾ. ਅੰਬੇਡਕਰ ਹੋਰਾਂ ਦੀ ਲੰਮੀ ਜੱਦੋਜਹਿਦ ਨੂੰ ਦੇਖਣਾ ਚਾਹੀਦਾ ਹੈ। ਬੁੱਧ ਧਰਮ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਤਾਬ 'ਚ ਬੁੱਧ ਧਰਮ ਨੂੰ ਸਮੁੱਚੇ ਰੂਪ 'ਚ ਨਹੀਂ ਦੇਖਿਆ ਗਿਆ, ਸਿਰਫ਼ ਇਸ ਦੇ ਅਧਿਆਤਮਵਾਦੀ ਪਹਿਲੂ ਨੂੰ ਪੇਸ਼ ਕਰਦਿਆਂ ਇਕ ਅਧੂਰਾ ਵਿਸ਼ਲੇਸ਼ਣ ਕੀਤਾ ਗਿਆ ਹੈ, ਇਸ ਤਰ੍ਹਾਂ ਦੀਆਂ ਕਿਤਾਬਾਂ ਪਾਠਕ ਨੂੰ ਭਰਵੀਂ ਚੇਤਨਾ ਨਹੀਂ ਦੇ ਸਕਦੀਆਂ।

ਦਲਿਤ ਕਹਾਣੀਕਾਰ ਅਤੇ ਚਿੰਤਕ ਮੋਹਣ ਲਾਲ ਫ਼ਿਲੌਰੀਆ ਅਤੇ ਐਡਵੋਕੇਟ ਮਾਨਵ ਨੇ ਕਿਤਾਬ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਮਾਰਕਸਵਾਦੀ ਆਲੋਚਕ ਡਾ. ਅੰਬੇਡਕਰ ਨੂੰ ਪੜ੍ਹੇ ਬਿਨ੍ਹਾਂ ਹੀ ਆਲੋਚਨਾ ਕਰਦੇ ਹਨ ਅਤੇ ਅਜਿਹੀਆਂ ਕਿਤਾਬਾਂ ਅੱਗੇ ਵਧ ਰਹੇ ਅੰਬੇਡਕਾਰੀ ਵਿਚਾਰਧਾਰਾ ਦਾ ਰਾਹ ਰੋਕਣ ਦੀ ਸਾਜਿਸ਼ ਤਹਿਤ ਛਾਪੀਆਂ ਜਾ ਰਹੀਆਂ ਹਨ।

ਕਮਿਊਨਿਸਟ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਬਾਦਲੀਲ ਪੱਖ ਪੇਸ਼ ਕੀਤਾ ਕਿ ਕਿਤਾਬ ਅੰਬੇਡਕਰ ਜਾਂ ਬੁੱਧ ਦੇ ਇਤਿਹਾਸਕ ਯੋਗਦਾਨ ਨੂੰ ਬਿਲਕੁਲ ਨਹੀਂ ਨਕਾਰਦੀ ਸਗੋਂ ਸੀਮਤਾਈਆਂ ਅਤੇ ਕਮੀਆਂ ਵੱਲ ਧਿਆਨ ਦਿਵਾਉਂਦੀ ਹੋਈ ਇਨ੍ਹਾਂ ਦਾ ਹੱਲ ਤਲਾਸ਼ਣ ਬਾਰੇ ਸੋਚਣ ਲਾਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਮਿਊਨਿਸਟ ਲਹਿਰ ਦੀ ਸਭ ਤੋਂ ਦੱਬੇ-ਕੁਚਲੇ ਲੋਕਾਂ ਤੋਂ ਟੁੱਟੇ ਹੋਣ ਦੀ ਅਸਲ ਵਜ੍ਹਾ ਸਮਾਜ ਦੀ ਠੋਸ ਹਕੀਕਤ ਨੂੰ ਸਮਝਣ 'ਚ ਉਨ੍ਹਾਂ ਦੀ ਅਸਫ਼ਲਤਾ ਹੈ। ਉਹ ਇਸ ਕਮੀ ਨੂੰ ਗੰਭੀਰਤਾ ਨਾਲ ਮਹਿਸੂਸ ਕਰਦੇ ਹਨ।

ਕਮੇਟੀ ਦੇ ਮੀਤ ਪ੍ਰਧਾਨ ਕਾਮਰੇਡ ਨੌਨਿਹਾਲ ਸਿੰਘ ਹੋਰਾਂ ਨੇ ਅਜਿਹੀਆਂ ਕਿਤਾਬਾਂ ਛਾਪੇ ਜਾਣ ਦੀ ਮਹੱਤਤਾ ਨੂੰ ਸਮਝਣ ਦੇ ਨਾਲ-ਨਾਲ ਜਾਤਪਾਤ ਦੇ ਮਸਲੇ ਦੀ ਗੰਭੀਰਤਾ ਨੂੰ ਆਤਮਸਾਤ ਕਰਨ ਲਈ ਅੰਬੇਡਕਰ ਅਤੇ ਮਾਰਕਸ ਦੀਆਂ ਵਿਚਾਰਧਾਰਾਵਾਂ ਦਾ ਜਜ਼ਬਾਤੀ ਵਹਿਣ ਤੋਂ ਉੱਪਰ ਉੱਠਕੇ ਭਰਵਾਂ ਅਧਿਐਨ ਕਰਨ 'ਤੇ ਜ਼ੋਰ ਦਿੱਤਾ।

ਕਿਤਾਬ ਦੇ ਅਨੁਵਾਦਕ ਬੂਟਾ ਸਿੰਘ ਨੇ ਕਿਹਾ ਕਿ ਜਾਤਪਾਤ ਦੇ ਗੰਭੀਰ ਮਸਲੇ ਨੂੰ ਸਿਆਸੀ ਏਜੰਡੇ 'ਤੇ ਲਿਆਉਣ 'ਚ ਡਾ. ਅੰਬੇਡਕਰ ਹੋਰਾਂ ਦਾ ਇਤਿਹਾਸਕ ਯੋਗਦਾਨ ਅਤੇ ਲੰਮੀ ਸੰਜੀਦਾ ਜੱਦੋਜਹਿਦ ਆਪਣੀ ਥਾਂ ਅਹਿਮ ਹੈ ਪਰ ਸਮੇਂ ਨਾਲ ਜਾਤਪਾਤੀ ਵਿਵਸਥਾ 'ਚ ਤਬਦੀਲੀਆਂ ਆਈਆਂ ਹਨ। ਦਲਿਤ ਸਮਾਜ ਵਿਚੋਂ ਉੱਭਰੀ ਕੁਲੀਨ ਪਰਤ ਵਲੋਂ ਮਿਥਿਆ ਦਲਿਤ ਏਜੰਡਾ ਦਲਿਤ ਅਵਾਮ ਦੇ ਹਿੱਤਾਂ ਨੂੰ ਮੁਖ਼ਾਤਿਬ ਨਹੀਂ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਹੋਰਾਂ ਵਲੋਂ ਅਖ਼ਤਿਆਰ ਕੀਤੇ ਸੰਘਰਸ਼ ਦੇ ਵੱਖੋ-ਵੱਖਰੇ ਪੈਂਤੜਿਆਂ ਅਤੇ ਉਨ੍ਹਾਂ ਦੇ ਸੰਘਰਸ਼ ਦੇ ਮਾਡਲ 'ਚੋਂ ਪੇਚੀਦਾ ਸਵਾਲ ਉੱਭਰਦੇ ਹਨ।ਅੰਬੇਡਕਰ ਵਿਚਾਰਧਾਰਾ ਦੇ ਅਧਿਆਤਮਵਾਦੀ ਪਹਿਲੂ ਨੂੰ ਮੱਦੇਨਜ਼ਰ ਰੱਖਦਿਆਂ ਇਸ ਦੀਆਂ ਵਜੂਦ-ਸਮੋਈਆਂ ਸੀਮਤਾਈਆਂ, ਖ਼ਾਸ ਕਰਕੇ ਰਾਜ ਦੇ ਜਮਾਤੀ ਕਿਰਦਾਰ ਬਾਰੇ ਸਮਝ ਦੀ ਘਾਟ ਅਤੇ ਰਿਜ਼ਰਵੇਸ਼ਨ ਤੇ ਸੰਸਦਵਾਦ ਉੱਪਰ ਵਧਵੀਂ ਟੇਕ ਨੂੰ ਸਮਝਣਾ ਜ਼ਰੂਰੀ ਹੈ।

ਮਾਰਕਸਵਾਦੀ ਚਿੰਤਕ ਹਰਵਿੰਦਰ ਭੰਡਾਲ ਨੇ ਸਮੁੱਚੀ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਕਿਤਾਬ ਦੇ ਕਮਜ਼ੋਰ ਨੁਕਤਿਆਂ ਦੇ ਨਾਲ-ਨਾਲ ਇਸ ਦੇ ਸਭ ਤੋਂ ਮਜ਼ਬੂਤ ਨੁਕਤਿਆਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬ੍ਰਾਹਮਣਵਾਦੀ ਸਰਮਾਏਦਾਰੀ ਵਲੋਂ ਡਾ. ਅੰਬੇਡਕਰ ਨੂੰ ਨਿਰੋਲ ਸੰਵਿਧਾਨ ਘਾੜਾ ਬਣਾ ਕੇ ਪੇਸ਼ ਕਰਨਾ ਇਕ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਗੋਸ਼ਟੀ ਦਾ ਸੰਚਾਲਨ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਗੁਰਮੀਤ ਨੇ ਕੀਤਾ ਅਤੇ ਉਨ੍ਹਾਂ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰੋਤਿਆਂ ਤੇ ਚਿੰਤਕਾਂ ਵਲੋਂ ਐਨੇ ਵਿਵਾਦਪੂਰਨ ਮਸਲੇ ਬਾਰੇ ਬਹਿਸ ਨੂੰ ਪੂਰੇ ਤਹੱਮਲ ਤੇ ਸੰਜੀਦਗੀ ਨਾਲ ਸੁਨਣ ਅਤੇ ਤਹਿ ਦਿਲੋਂ ਸਹਿਯੋਗ ਦੇਣ ਕਾਰਨ ਹੀ ਗੋਸ਼ਟੀ ਕਾਮਯਾਬ ਹੋਈ ਹੈ।

ਵਿਚਾਰ ਚਰਚਾ 'ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਤੋਂ ਇਲਾਵਾ, ਹਰਬੀਰ ਕੌਰ, ਜੋਗੀ ਜੀ, ਡਾ. ਰਜਨੀਸ਼ ਬਹਾਦਰ ਸਿੰਘ, ਨਵਾਂ ਜ਼ਮਾਨਾ ਦੇ ਸਾਹਿਤ ਸੰਪਾਦਕ ਬਲਬੀਰ ਪਰਵਾਨਾ, ਜਗਵਿੰਦਰ ਜੋਧਾ, ਦੇਸ ਰਾਜ ਕਾਲੀ, ਡਾ. ਸੈਲੇਸ਼, ਕਾਮਰੇਡ ਸ਼ਿਵ ਨਵਾਂਸ਼ਹਿਰ, ਮਨਦੀਪ ਸਨੇਹੀ, ਦੀਪ ਨਿਰਮੋਹੀ, ਹਰਭਜਨ, ਪਾਲ ਸਿੰਘ ਚਾਨਾ ਆਦਿ ਵੀ ਹਾਜ਼ਰ ਸਨ।

No comments:

Post a Comment