ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, September 20, 2012

ਇਕ ਇਮਾਨਦਾਰ ਬੁੱਧੀਜੀਵੀ ਦੀ ਹੋਣੀ

ਮੈਂ ਤੁਹਾਨੂੰ ਇਕ ਹੋਰ ਆਖ਼ਰੀ ਮਾਮਲੇ ਬਾਰੇ ਦੱਸਣ ਜਾ ਰਿਹਾਂ-ਅਤੇ ਇਸ ਤਰਾਂ ਦੀਆਂ ਕਈ ਹੋਰ ਮਿਸਾਲਾਂ ਹੋਣਗੀਆਂ। ਇਹ ਕਥਾ ਸੱਚੀਓਂ ਹੀ ਦੁਖਾਂਤਕ ਹੈ। ਤੁਹਾਡੇ ਵਿਚੋਂ ਕਿੰਨੇ ਕੁ ਜੋਨ ਪੀਟਰਸ ਤੇ ਉਸ ਦੀ ਕਿਤਾਬ ਬਾਰੇ ਜਾਣਦੇ ਹਨ? ਕੁਝ ਵਰੇ ਪਹਿਲਾਂ (1984 'ਚ) ਇਹ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਸੀ। ਜੋਨ ਪੀਟਰਸ ਨਾਂ ਦੀ ਔਰਤ ਦੀ ਲਿਖੀ (ਜਾਂ ਘੱਟੋਘੱਟ ਉਸ ਦੇ ਦਸਤਖ਼ਤਾਂ ਹੇਠ ਛਪੀ) ਇਸ ਕਿਤਾਬ ਦੇ ਦਸ ਐਡੀਸ਼ਨ ਛਪੇ। ਫੁੱਟ ਨੋਟਾਂ ਦੀ ਭਰਮਾਰ ਦੇਖਕੇ ਲੱਗਦਾ ਸੀ ਕਿ ਇਹ ਕਿਤਾਬ ਕਿਸੇ ਵੱਡੇ ਵਿਦਵਾਨ ਦੀ ਘਾਲੀ ਘਾਲਣਾ ਹੈ। ਇਸ ਦਾ ਉਦੇਸ਼ ਇਹ ਦਿਖਾਉਣਾ ਸੀ ਕਿ ਫ਼ਲਸਤੀਨੀ ਲੋਕ ਤਾਂ ਇੱਥੇ (ਸਾਬਕਾ ਫ਼ਲਸਤੀਨ ਦੀ ਸਰਜ਼ਮੀਨ ਉੱਪਰ 1920 ਤੋਂ ਲੈ ਕੇ 1948 ਦਰਮਿਆਨ ਦੇ ਸਾਲਾਂ 'ਚ ਵਸਾਏ ਯਹੂਦੀ ਇਲਾਕਿਆਂ) ਹੁਣੇ ਜਹੇ ਆ ਕੇ ਵਸੇ ਪ੍ਰਵਾਸੀ ਲੋਕ ਹਨ। ਇਹ ਕਿਤਾਬ ਬਹੁਤ ਹਰਮਨਪਿਆਰੀ ਹੋਈ। ਸੈਂਕੜੇ ਰੀਵਿਊ ਕਰਤਾਵਾਂ ਨੇ ਇਸ ਦੇ ਸੋਹਲੇ ਗਾਏ, ਅਤੇ ਇਕ ਵੀ ਨਾਂਹਪੱਖੀ ਰੀਵਿਊ ਦੇਖਣ 'ਚ ਨਹੀਂ ਆਇਆ। ਦੀ ਵਾਸ਼ਿੰਗਟਨ ਪੋਸਟ, ਦੀ ਨਿਊ ਯਾਰਕ ਟਾਈਮਜ਼, ਹਰ ਕੋਈ ਇਸ ਦੀਆਂ ਸਿਫ਼ਤਾਂ ਕਰ ਰਿਹਾ ਸੀ। ਇਹ ਕਿਤਾਬ ਸਾਬਤ ਕਰਦੀ ਸੀ ਕਿ ਅਸਲ ਵਿਚ ਫ਼ਲਸਤੀਨੀ ਨਾਂ ਦੇ ਕੋਈ ਲੋਕ ਹੈ ਹੀ ਨਹੀਂ!

ਨਿਰਸੰਦੇਹ, ਇਸ ਦਾ ਗੁੱਝਾ ਅਰਥ ਸੀ ਕਿ ਜੇ ਇਸਰਾਇਲ ਇਨਾਂ ਸਾਰਿਆਂ ਨੂੰ ਇੱਥੋਂ ਦਬੱਲ ਦੇਵੇ ਤਾਂ ਇਹ ਕੋਈ ਇਖ਼ਲਾਕੀ ਮੁੱਦਾ ਨਹੀਂ ਬਣਦਾ, ਕਿਉਂਕਿ ਇਹ ਤਾਂ ਯਹੂਦੀਆਂ ਦੇ ਆਬਾਦ ਕੀਤੇ ਮੁਲਕ 'ਚ ਹੁਣੇ ਜਹੇ ਆ ਕੇ ਵਸੇ ਪ੍ਰਵਾਸੀ ਹਨ। ਇਸ ਵਿਚ ਵਸੋਂ ਬਾਰੇ ਹਰ ਤਰਾਂ ਦਾ ਵਿਸ਼ਲੇਸ਼ਣ ਵੀ ਦਿੱਤਾ ਗਿਆ ਸੀ, ਅਤੇ ਸ਼ਿਕਾਗੋ ਯੂਨੀਵਰਸਿਟੀ ਵਿਖੇ ਆਬਾਦੀ ਬਾਰੇ ਇਕ ਵੱਡੇ ਪ੍ਰੋਫੈਸਰ (ਫਿਲਿਪ ਐੱਮ ਹੌਜਰ) ਨੇ ਇਸ ਉੱਪਰ ਪ੍ਰਮਾਣਿਕਤਾ ਦੀ ਮੋਹਰ ਵੀ ਲਗਾਈ ਹੋਈ ਸੀ। ਇਹ ਉਸ ਵਰੇ ਦਾ ਵੱਡਾ ਬੌਧਿਕ ਮਾਅਰਕਾ ਸੀ: ਸਾਓਲ ਬੈਲੋ, ਬਾਰਬਰਾ ਟੁਚਮੈਨ, ਹਰ ਕੋਈ ਇਸ ਨੂੰ ਚਾਕਲੇਟ ਕੇਕ ਦੇ ਜ਼ਮਾਨੇ ਤੋਂ ਲੈ ਕੇ ਹੁਣ ਤੱਕ ਦੀ ਬਹੁਤ ਮਹਾਨ ਸ਼ੈਅ ਦੱਸ ਰਿਹਾ ਸੀ। ਖ਼ੈਰ, ਨਾਰਮਨ ਫਿੰਕਲਸਟੇਨ ਨਾਂ ਦੇ ਇਕ ਬੰਦੇ ਨੇ, ਜੋ ਪ੍ਰਿੰਸਟਨ ਯੂਨੀਵਰਸਿਟੀ ਵਿਖੇ ਗਰੈਜੂਏਸ਼ਨ ਦਾ ਵਿਦਿਆਰਥੀ ਸੀ, ਨੇ ਕਿਤਾਬ ਨਿੱਠਕੇ ਪੜਨੀ ਸ਼ੁਰੂ ਕਰ ਦਿੱਤੀ। ਉਸ ਦੀ ਰੁਚੀ ਯਹੂਦੀਵਾਦ ਦੀ ਤਵਾਰੀਖ਼ 'ਚ ਸੀ, ਅਤੇ ਜਿਉਂ ਹੀ ਉਸਨੇ ਇਹ ਕਿਤਾਬ ਪੜ ਲਈ ਉਸ ਨੂੰ ਇਸ ਵਿਚ ਬਿਆਨ ਕੀਤੀਆਂ ਗਈਆਂ ਕਈ ਚੀਜ਼ਾਂ ਅਜੀਬ ਲੱਗੀਆਂ। ਉਹ ਬਹੁਤ ਨਘੋਚੀ ਵਿਦਿਆਰਥੀ ਹੈ ਅਤੇ ਉਸਨੇ ਹਵਾਲਿਆਂ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਪੋਲ ਖੁੱਲ ਗਿਆ ਕਿ ਸਭ ਕੁਝ ਇਕ ਛਲਾਵਾ ਹੀ ਸੀ, ਇਹ ਪੂਰੀ ਤਰਾਂ ਜਾਅਲਸਾਜ਼ੀ ਸੀ। ਖ਼ੈਰ, ਫਿੰਕਲਸਟੇਨ ਨੇ ਮੁੱਢਲੇ ਨਿਰਣਿਆਂ ਦੇ ਅਧਾਰ 'ਤੇ ਇਕ ਸੰਖੇਪ ਪਰਚਾ ਲਿਖਿਆ, ਇਹ ਪੰਝੀ ਕੁ ਸਫ਼ਿਆਂ ਦਾ ਸੀ, ਅਤੇ ਉਸ ਨੇ ਤੀਹ ਕੁ ਐਸੇ ਬੰਦਿਆਂ ਨੂੰ ਇਹ ਪਰਚਾ ਭੇਜ ਦਿੱਤਾ ਜੋ ਇਸ ਮਜਮੂਨ 'ਚ ਰੁਚੀ ਰੱਖਦੇ ਸਨ ਤੇ ਇਸ ਖੇਤਰ ਦੇ ਵਿਦਵਾਨ ਸਮਝੇ ਜਾਂਦੇ ਸਨ। ਉਸ ਨੇ ਤਾਕੀਦ ਕੀਤੀ: ''ਮੈਨੂੰ ਇਸ ਕਿਤਾਬ ਵਿਚੋਂ ਇਹ ਕੁਝ ਲੱਭਿਆ ਹੈ, ਕੀ ਤੁਹਾਨੂੰ ਲੱਗਦੈ ਕਿ ਇਹ ਕੋਈ ਕੰਮ ਦੀ ਚੀਜ਼ ਹੈ?''
ਜੋਨ ਪੀਟਰਸ 

ਚਲੋ, ਉਸ ਨੂੰ ਇਕ ਜਵਾਬ ਮਿਲ ਗਿਆ, ਮੇਰੇ ਵਲੋਂ। ਮੈਂ ਉਸ ਨੂੰ ਦੱਸਿਆ, ਹਾਂ, ਮੇਰੀ ਜਾਚੇ ਇਹ ਰੌਚਕ ਵਿਸ਼ਾ ਹੈ, ਪਰ ਮੈਂ ਉਸ ਨੂੰ ਚੇਤਾਵਨੀ ਵੀ ਦਿੱਤੀ, ਜੇ ਤੂੰ ਇਸ ਦੀ ਪੈਰਵਾਈ ਕਰੇਂਗਾ, ਤੂੰ ਸਿਆਪਾ ਗਲ ਪਾ ਬੈਠੇਂਗਾ-ਕਿਉਂਕਿ ਤੂੰ ਅਮਰੀਕੀ ਬੁੱਧੀਮਾਨ ਭਾਈਚਾਰੇ ਦੀ ਜਾਅਲਸਾਜ਼ ਗ੍ਰੋਹ ਵਜੋਂ ਪੋਲ ਖੋਲਣ ਜਾ ਰਿਹਾ ਏਂ, ਉਨਾਂ ਨੂੰ ਇਹ ਗਵਾਰਾ ਨਹੀਂ ਹੋਵੇਗਾ ਅਤੇ ਉਹ ਤੈਨੂੰ ਬਰਬਾਦ ਕਰਨ ਲਈ ਟਿੱਲ ਲਾ ਦੇਣਗੇ। ਇਸ ਲਈ ਮੈਂ ਕਿਹਾ : ਜੇ ਤੂੰ ਇਹ ਕਰਨਾ ਹੀ ਚਾਹੁੰਦਾ ਏਂ, ਜ਼ਰੂਰ ਕਰ, ਪਰ ਉਸ ਮੁਸ਼ਕਲ ਤੋਂ ਖ਼ਬਰਦਾਰ ਜ਼ਰੂਰ ਰਹੀਂ ਜੋ ਤੇਰੇ ਗਲ ਪੈਣ ਜਾ ਰਹੀ ਹੈ। ਇਹ ਅਹਿਮ ਸਵਾਲ ਹੈ, ਤੁਹਾਡੇ ਵਲੋਂ ਇਕ ਵਸੋਂ ਨੂੰ ਦਬੱਲ ਦੇਣ ਦੀ ਇਖ਼ਲਾਕੀ ਬੁਨਿਆਦ ਦੀਆਂ ਹੀ ਧੱਜੀਆਂ ਉਡਾ ਦੇਣਾ ਛੋਟੀ-ਮੋਟੀ ਗੱਲ ਨਹੀਂ ਹੈ-ਇਸ ਨਾਲ ਇਕ ਹਕੀਕੀ ਭਿਆਨਕਤਾ ਦੀ ਨੀਂਹ ਤਿਆਰ ਹੋਣ ਜਾ ਰਹੀ ਹੈ-ਇਸ ਕਰਕੇ ਖ਼ਾਸੇ ਲੋਕਾਂ ਦੀਆਂ ਜ਼ਿੰਦਗੀਆਂ ਦਾਅ 'ਤੇ ਲੱਗ ਸਕਦੀਆਂ ਹਨ। ਪਰ ਤੇਰੀ ਆਪਣੀ ਜ਼ਿੰਦਗੀ ਲਈ ਵੀ ਖ਼ਤਰਾ ਹੈ, ਮੈਂ ਉਸ ਨੂੰ ਕਿਹਾ, ਕਿਉਂਕਿ ਜੇ ਤੂੰ ਇਸ ਦੀ ਪੈਰਵਾਈ ਕਰਦਾ ਏਂ, ਤੇਰਾ ਭਵਿੱਖ ਤਬਾਹ ਹੋਣਾ ਤੈਅ ਏ।

ਖ਼ੈਰ, ਉਸ ਨੂੰ ਮੇਰੀ ਗੱਲ 'ਤੇ ਯਕੀਨ ਨਾ ਆਇਆ। ਇਸ ਪਿੱਛੋਂ ਅਸੀਂ ਬਹੁਤ ਗੂੜੇ ਮਿੱਤਰ ਬਣ ਗਏ, ਇਸ ਤੋਂ ਪਹਿਲਾਂ ਮੈਂ ਉਸ ਦਾ ਜਾਣੂੰ ਨਹੀਂ ਸੀ। ਉਹ ਨਾ ਟਲਿਆ ਅਤੇ ਉਸ ਨੇ ਇਕ ਲੇਖ ਲਿਖ ਕੇ ਰਸਾਲਿਆਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ। ਕਿਸੇ ਨੇ ਇਸ ਨੂੰ ਟਿੱਚ ਨਹੀਂ ਜਾਣਿਆ। ਆਖ਼ਿਰ ਮੈਂ ਇਸ ਦਾ ਇਕ ਅੰਸ਼ ਇਲੀਨੋ ਤੋਂ ਛਪਦੇ ਖੱਬੇਪੱਖੀ ਰਸਾਲੇ ਇਨ ਦੀਜ਼ ਟਾਈਮਜ਼ 'ਚ ਛਪਵਾਉਣ 'ਚ ਕਾਮਯਾਬ ਹੋ ਗਿਆ, ਜਿੱਥੇ ਤੁਹਾਡੇ 'ਚੋਂ ਕੁਝ ਨੇ ਇਹ ਜ਼ਰੂਰ ਪੜਿਆ ਹੋਵੇਗਾ। ਹੋਰ ਕਿਤਿਓਂ ਕੋਈ ਜਵਾਬ ਨਹੀਂ ਆਇਆ। ਇਸੇ ਦੌਰਾਨ ਉਸ ਦੇ ਪ੍ਰੋਫੈਸਰਾਂ-ਭਾਵ ਪ੍ਰਿੰਸਟਨ ਯੂਨੀਵਰਸਿਟੀ ਵਾਲਿਆਂ, ਜੋ ਇਕ ਸੰਜੀਦਾ ਥਾਂ ਮੰਨੀ ਜਾਂਦੀ ਹੈ, ਨੇ ਉਸ ਨਾਲ ਬੋਲਚਾਲ ਬੰਦ ਕਰ ਦਿੱਤੀ; ਉਹ ਉਸ ਨੂੰ ਮਿਲਣ ਦਾ ਸਮਾਂ ਨਾ ਦਿੰਦੇ, ਉਸ ਦੇ ਪਰਚੇ ਨਾ ਪੜਦੇ, ਅਸਲ ਵਿਚ ਉਸ ਨੂੰ ਆਪਣਾ ਪ੍ਰੋਗਰਾਮ ਅੱਧ-ਵਿਚਾਲੇ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ।
ਨਾਰਮਨ ਫਿੰਕਲਸਟੇਨ

ਇਸ ਵਕਤ, ਉਹ ਮਾਯੂਸੀ ਦੇ ਆਲਮ 'ਚ ਘਿਰਦਾ ਜਾ ਰਿਹਾ ਸੀ, ਅਤੇ ਉਸ ਨੇ ਮੇਰੀ ਸਲਾਹ ਲਈ। ਮੈਂ ਆਪਣੀ ਸਮਝ ਅਨੁਸਾਰ ਉਸ ਨੂੰ ਚੰਗੀ ਸਲਾਹ ਦੇ ਦਿੱਤੀ, ਪਰ ਇਹ ਭੈੜੀ ਸਲਾਹ ਸਾਬਤ ਹੋਈ: ਮੈਂ ਉਸ ਨੂੰ ਸੁਝਾਅ ਦਿੱਤਾ ਕਿ ਉਹ (ਯੂਨੀਵਰਸਿਟੀ ਦੇ) ਕਿਸੇ ਹੋਰ ਵਿਭਾਗ 'ਚ ਤਬਾਦਲਾ ਕਰਵਾ ਲਵੇ, ਜਿੱਥੇ ਕੁਝ ਲੋਕ ਮੇਰੇ ਜਾਣੂੰ ਸਨ ਅਤੇ ਮੇਰਾ ਖ਼ਿਆਲ ਸੀ ਕਿ ਉੱਥੇ ਘੱਟੋਘੱਟ ਉਸ ਨਾਲ ਚੰਗਾ ਸਲੂਕ ਤਾਂ ਕੀਤਾ ਜਾਵੇਗਾ। ਇਹ ਅੰਦਾਜ਼ਾ ਗਲ਼ਤ ਨਿਕਲਿਆ। ਉਸ ਨੇ ਵਿਭਾਗ ਬਦਲ ਲਿਆ, ਅਤੇ ਜਦੋਂ ਉਸ ਦਾ ਥੀਸਿਜ਼ ਲਿਖਣ ਦਾ ਵਕਤ ਆ ਗਿਆ, ਉਸ ਨੂੰ ਕੋਈ ਅਧਿਆਪਕ ਨਾ ਮਿਲਿਆ ਜੋ ਉਸ ਦਾ ਥੀਸਿਜ਼ ਪੜੇ, ਉਸ ਨੂੰ ਕੋਈ ਵੀ ਆਪਣੇ ਥੀਸਿਜ਼ ਦੀ ਵਜਾਹਤ ਕਰਨ ਵਾਲਾ ਨਾ ਥਿਆਇਆ। ਆਖ਼ਿਰ, ਗਲੋਂ ਲਾਹੁਣ ਲਈ, ਉਨਾਂ ਨੇ ਉਸ ਨੂੰ ਪੀਐੱਚ. ਡੀ ਦੇ ਦਿੱਤੀ। ਉਹ ਬਹੁਤ ਹੁਸ਼ਿਆਰ ਸੀ-ਪਰ ਉਨਾਂ ਨੇ ਇੰਨਾ ਵੀ ਲਿਖਕੇ ਨਹੀਂ ਦਿੱਤਾ ਕਿ ਉਹ ਪ੍ਰਿੰਸਟਨ ਯੂਨੀਵਰਸਿਟੀ ਦਾ ਵਿਦਿਆਰਥੀ ਰਿਹਾ ਸੀ। ਮੇਰੇ ਕਹਿਣ ਦਾ ਭਾਵ, ਕਈ ਵਾਰ ਤੁਹਾਡੇ ਕੋਲ ਅਜਿਹੇ ਵਿਦਿਆਰਥੀ ਹੁੰਦੇ ਹਨ ਜਿਨਾਂ ਦੀ ਸਿਫਾਰਸ਼ ਕਰਨਾ ਮੁਸ਼ਕਲ ਹੁੰਦਾ ਹੈ, ਕਿਉਂਕਿ ਤੁਸੀਂ ਸੱਚੀਓਂ ਹੀ ਨਹੀਂ ਸੋਚਿਆ ਹੁੰਦਾ ਕਿ ਉਹ ਲਾਇਕ ਵਿਦਿਆਰਥੀ ਸਨ-ਪਰ ਤੁਸੀਂ ਉਨਾਂ ਬਾਰੇ ਕੁਝ ਨਾ ਕੁਝ ਲਿਖ ਸਕਦੇ ਹੋ, ਅਜਿਹਾ ਕਰਨ ਦੇ ਬਥੇਰੇ ਢੰਗ ਹਨ। ਇਹ ਨੇਕ ਬੰਦਾ ਸੀ, ਪਰ ਅਸਲ ਵਿਚ ਉਸ ਦੇ ਹੱਕ 'ਚ ਚੰਦ ਲਫ਼ਜ਼ ਲਿਖਕੇ ਦੇਣ ਲਈ ਕੋਈ ਵੀ ਤਿਆਰ ਨਹੀਂ ਸੀ।

ਹੁਣ ਉਹ ਨਿਊ ਯਾਰਕ ਸ਼ਹਿਰ 'ਚ ਕਿਸੇ ਨਿੱਕੇ ਜਹੇ ਕਮਰੇ 'ਚ ਰਹਿ ਰਿਹਾ ਹੈ, ਅਤੇ ਸਕੂਲੀ ਪੜਾਈ ਛੱਡ ਚੁੱਕੇ ਅੱਲੜਾਂ 'ਚ ਪਾਰਟ-ਟਾਈਮ ਸਮਾਜ-ਭਲਾਈ ਕੰਮ ਕਰਦਾ ਹੈ। ਉਹ ਬਹੁਤ ਹੀ ਹੋਣਹਾਰ ਵਿਦਵਾਨ ਸੀ-ਉਸ ਨੂੰ ਜੋ ਕਰਨ ਲਈ ਕਿਹਾ ਗਿਆ ਸੀ ਜੇ ਉਹ ਉਹੀ ਕੁਝ ਕਰਦਾ ਰਹਿੰਦਾ, ਉਸ ਨੇ ਤਰੱਕੀ ਕਰਦੇ ਜਾਣਾ ਸੀ ਅਤੇ ਇਸ ਵਕਤ ਉਹ ਕਿਸੇ ਵੱਡੀ ਯੂਨੀਵਰਸਿਟੀ 'ਚ ਪ੍ਰੋਫੈਸਰ ਲੱਗਿਆ ਹੁੰਦਾ। ਇਸ ਦੀ ਬਜਾਏ ਉਹ ਦੋ ਕੁ ਹਜ਼ਾਰ ਡਾਲਰ ਸਾਲਾਨਾ 'ਤੇ ਉਨਾਂ ਅੱਲੜ ਬੱਚਿਆਂ 'ਚ ਪਾਰਟ-ਟਾਈਮ ਕੰਮ ਕਰ ਰਿਹਾ ਹੈ ਜਿਨਾਂ ਦੀ ਜ਼ਿੰਦਗੀ ਲੀਹੋਂ ਲੱਥੀ ਹੋਈ ਹੈ। ਸੱਚੀ ਗੱਲ ਇਹ ਹੈ ਕਿ ਇਹ ਕਾਤਲ ਦਸਤੇ ਹੱਥੋਂ ਜ਼ਿਬਾਹ ਹੋਣ ਨਾਲੋਂ ਤਾਂ ਬਿਹਤਰ ਹਾਲਤ ਹੈ-ਕਾਤਲ ਦਸਤੇ ਹੱਥੋਂ ਜਿਬਾਹ ਹੋਣ ਨਾਲੋਂ ਪੂਰੀ ਤਰਾਂ ਬਿਹਤਰ ਹਾਲਤ। ਕਿਸੇ ਨੂੰ ਕਾਬੂ ਕਰਨ ਲਈ ਚਾਰ-ਚੁਫੇਰੇ ਅਜਿਹੀਆਂ ਤਕਨੀਕਾਂ ਵਰਤੀਆਂ ਜਾਂਦੀਆਂ ਹਨ।

ਪਰ ਮੈਨੂੰ ਜੋਨ ਪੀਟਰਸ ਵਾਲੀ ਕਹਾਣੀ ਨੂੰ ਅੱਗੇ ਤੋਰਨ ਦੀ ਇਜਾਜ਼ਤ ਦਿਓ। ਫਿੰਕਲਸਟੇਨ ਬਹੁਤ ਸਿਰੜੀ ਹੈ: ਉਸ ਨੇ ਹੁਨਾਲ ਦੀਆਂ ਛੁੱਟੀਆਂ ਲਈਆਂ ਅਤੇ ਨਿਊ ਯਾਰਕ ਪਬਲਿਕ ਲਾਇਬ੍ਰੇਰੀ 'ਚ ਡੇਰਾ ਲਾ ਲਿਆ ਜਿੱਥੇ ਬੈਠਕੇ ਉਸ ਨੇ 'ਕੱਲੇ-'ਕੱਲੇ ਹਵਾਲੇ ਦੀ ਘੋਖ-ਪੜਤਾਲ ਕੀਤੀ-ਅਤੇ ਉਸ ਨੇ ਜਾਅਲਸਾਜ਼ੀ ਦਾ ਐਸਾ ਰਿਕਾਰਡ ਲੱਭ ਲਿਆ ਕਿ ਤੁਸੀਂ ਯਕੀਨ ਨਹੀਂ ਕਰਨਾ। ਖ਼ੈਰ, ਨਿਊ ਯਾਰਕ ਦਾ ਬੁੱਧੀਮਾਨ ਭਾਈਚਾਰਾ ਬਹੁਤ ਹੀ ਨਿੱਕਾ ਜਿਹਾ ਘੇਰਾ ਹੈ, ਅਤੇ ਬਹੁਤ ਛੇਤੀ ਹੀ ਹਰ ਕਿਸੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ, ਹਰ ਕਿਸੇ ਨੂੰ ਜਾਣਕਾਰੀ ਹੋ ਗਈ ਕਿ ਕਿਤਾਬ ਧੋਖਾਧੜੀ ਹੈ ਅਤੇ ਛੇਤੀ ਹੀ ਇਸ ਦੀ ਪੋਲ ਖੁੱਲਣ ਜਾ ਰਹੀ ਹੈ। ਨਿਊ ਯਾਰਕ ਰੀਵਿਊ ਆਫ ਬੁੱਕਸ ਰਸਾਲਾ ਤਿੱਖੇ ਪ੍ਰਤੀਕਰਮ ਦੇਣ ਲਈ ਕਾਫ਼ੀ ਤੇਜ਼-ਤਰਾਰ ਸੀ-ਇਨਾਂ ਨੂੰ ਪਤਾ ਸੀ ਕਿ ਇਹ ਜਾਅਲਸਾਜ਼ੀ ਹੈ, ਪਰ ਸੰਪਾਦਕ ਆਪਣੇ ਮਿੱਤਰਾਂ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦਾ, ਇਸ ਲਈ ਇਸ ਨੇ ਰੀਵਿਊ ਹੀ ਨਹੀਂ ਛਾਪਿਆ। ਇਹੀ ਇਕ ਰਸਾਲਾ ਸੀ ਜਿਸ ਨੇ ਰੀਵਿਊ ਨਹੀਂ ਦਿੱਤਾ।

ਇਸੇ ਦੌਰਾਨ, ਫਿੰਕਲਸਟੇਨ ਨੂੰ ਵੱਡੇ ਵੱਡੇ ਪ੍ਰੋਫੈਸਰਾਂ ਦੇ ਸੁਨੇਹੇ ਆਉਣ ਲੱਗੇ ਜੋ ਉਸ ਨੂੰ ਨਸੀਹਤ ਦੇ ਰਹੇ ਸਨ, ''ਦੇਖ, ਆਪਣਾ ਜਹਾਦ ਛੱਡ ਦੇ; ਇਸ ਨੂੰ ਵਾਪਸ ਲੈ ਲੈ ਅਤੇ ਅਸੀਂ ਤੇਰਾ ਪੂਰਾ ਖ਼ਿਆਲ ਰੱਖਾਂਗੇ, ਅਸੀਂ ਯਕੀਨੀਂ ਬਣਾਵਾਂਗੇ ਕਿ ਤੈਨੂੰ ਨੌਕਰੀ ਮਿਲ ਜਾਵੇ,'' ਇਸ ਤਰਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ। ਪਰ ਉਸ ਨੇ ਕੰਮ ਜਾਰੀ ਰੱਖਿਆ-ਉਹ ਅੱਗੇ ਵਧਦਾ ਗਿਆ। ਜਦੋਂ ਵੀ ਇਸ ਕਿਤਾਬ ਦੇ ਹੱਕ 'ਚ ਕੋਈ ਰੀਵਿਊ ਛਪਦਾ, ਉਹ ਸੰਪਾਦਕ ਨੂੰ ਖ਼ਤ ਲਿਖਦਾ ਜਿਸ ਨੂੰ ਕੋਈ ਨਾ ਛਾਪਦਾ; ਉਹ ਜੋ ਕੁਝ ਵੀ ਕਰ ਸਕਦਾ ਸੀ ਉਸ ਦੀ ਪੂਰੀ ਵਾਹ ਲਾ ਰਿਹਾ ਸੀ। ਅਸੀਂ ਪ੍ਰਕਾਸ਼ਕਾਂ ਤੱਕ ਪਹੁੰਚ ਕੀਤੀ ਅਤੇ ਉਨਾਂ ਨੂੰ ਪੁੱਛਿਆ ਕਿ ਕੀ ਉਹ ਉਸ ਦੇ ਕਿਸੇ ਸਵਾਲ ਦਾ ਜਵਾਬ ਦੇਣਗੇ, ਅਤੇ ਉਨਾਂ ਦਾ ਜਵਾਬ ਨਾਂਹ 'ਚ ਹੁੰਦਾ-ਅਤੇ ਉਹ ਸਹੀ ਸਨ। ਉਹ ਕਿਉਂ ਜਵਾਬ ਦੇਣ? ਪੂਰੇ ਪ੍ਰਬੰਧ ਨੇ ਜ਼ਬਾਨ ਨੂੰ ਤਾਲਾ ਲਾ ਰੱਖਿਆ ਸੀ, ਅਮਰੀਕਾ ਵਿਚ ਇਸ ਦੀ ਕਦੇ ਨੁਕਤਾਚੀਨੀ ਨਹੀਂ ਸੀ ਹੋਣ ਲੱਗੀ। ਪਰ ਫਿਰ ਉਨਾਂ ਤੋਂ ਤਕਨੀਕੀ ਗ਼ਲਤੀ ਹੋ ਗਈ; ਉਨਾਂ ਨੇ ਇੰਗਲੈਂਡ ਵਿਚ ਕਿਤਾਬ ਛਾਪੇ ਜਾਣ ਦੀ ਇਜਾਜ਼ਤ ਦੇ ਦਿੱਤੀ ਜਿੱਥੇ ਬੁੱਧੀਮਾਨ ਭਾਈਚਾਰੇ ਨੂੰ ਐਨੀ ਅਸਾਨੀ ਨਾਲ ਕਾਬੂ ਨਹੀਂ ਕੀਤਾ ਜਾ ਸਕਦਾ।

ਖ਼ੈਰ,ਜਿਉਂ ਹੀ ਮੈਨੂੰ ਪਤਾ ਲੱਗਿਆ ਕਿ ਕਿਤਾਬ ਇੰਗਲੈਂਡ ਵਿਚ ਛਪਣ ਜਾ ਰਹੀ ਹੈ, ਮੈਂ ਝੱਟ ਫਿੰਕਲਸਟੇਨ ਦੀ ਲਿਖਤ ਦੀਆਂ ਕਾਪੀਆਂ ਬਰਤਾਨੀਆਂ ਦੇ ਕਈ ਵਿਦਵਾਨਾਂ ਅਤੇ ਪੱਤਰਕਾਰਾਂ ਨੂੰ ਭੇਜ ਦਿੱਤੀਆਂ ਜਿਨਾਂ ਦੀ ਮੱਧ-ਪੂਰਬ ਵਿਚ ਦਿਲਚਸਪੀ ਹੈ-ਅਤੇ ਉਨਾਂ ਨੇ ਤਿਆਰੀ ਕਰ ਲਈ। ਜਿਉਂ ਹੀ ਕਿਤਾਬ ਛਪਕੇ ਆਈ, ਇਹ ਰੱਦ ਕਰ ਦਿੱਤੀ ਗਈ, ਇਸ ਦਾ ਹੀਜ-ਪਿਆਜ਼ ਪੂਰੀ ਤਰਾਂ ਨੰਗਾ ਹੋ ਗਿਆ। ਇੱਥੋਂ ਤੱਕ ਕਿ ਦੀ ਟਾਈਮਜ਼ ਲਿਟਰੇਰੀ ਸਪਲੀਮੈਂਟ, ਦੀ ਲੰਦਨ ਰੀਵਿਊ, ਦੀ ਆਬਜ਼ਰਵਰ ਵਰਗੇ ਹਰ ਵੱਡੇ ਰਸਾਲੇ ਨੇ ਰੀਵਿਊ 'ਚ ਆਖ ਦਿੱਤਾ ਕਿ ਇਹ ਕਿਤਾਬ ਤਾਂ ਬਕਵਾਸ, ਮੂੜਮੱਤ ਉੱਪਰ ਵੀ ਪੂਰੀ ਨਹੀਂ ਉੱਤਰਦੀ। ਮੈਂ ਤਾਂ ਕਹਾਂਗਾ, ਵਾਹਵਾ ਆਲੋਚਕਾਂ ਵਲੋਂ ਫਿੰਕਲਸਟੇਨ ਵਲੋਂ ਕੀਤੀ ਆਲੋਚਨਾ ਦਾ ਜ਼ਿਕਰ ਕੀਤੇ ਬਗ਼ੈਰ ਇਸ ਨੂੰ ਵਰਤਿਆ ਗਿਆ-ਪਰ ਹਰ ਕਿਸੇ ਨੇ ਕਿਤਾਬ ਬਾਰੇ ਨਰਮ ਤੋਂ ਨਰਮ ਸ਼ਬਦ ''ਹਾਸੋਹੀਣੀ,'' ਜਾਂ ''ਊਲ-ਜਲੂਲ'' ਵਰਤਿਆ।

ਖ਼ੈਰ, ਇੱਥੇ ਲੋਕ ਬਰਤਾਨਵੀ ਰੀਵਿਊ ਪੜਦੇ ਹਨ-ਜੇ ਤੁਸੀਂ ਅਮਰੀਕੀ ਬੁੱਧੀਜੀਵੀ ਭਾਈਚਾਰੇ ਵਿਚ ਸ਼ਾਮਲ ਹੋ, ਤੁਸੀਂ ਦੀ ਟਾਈਮਜ਼ ਲਿਟਰੇਰੀ ਸਪਲੀਮੈਂਟ ਅਤੇ ਦੀ ਲੰਦਨ ਰੀਵਿਊ ਪੜਦੇ ਹੋ, ਇਸ ਕਰਕੇ ਥੋੜੀ ਪ੍ਰੇਸ਼ਾਨੀ ਖੜੀ ਹੋ ਗਈ। ਇਨਾਂ ਲੋਕਾਂ ਨੇ ਪੈਰ ਖਿੱਚਣੇ ਸ਼ੁਰੂ ਕਰ ਦਿੱਤੇ; ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ''ਦੇਖੋ, ਮੈਂ ਬਿਲਕੁਲ ਨਹੀਂ ਕਿਹਾ ਕਿ ਕਿਤਾਬ ਚੰਗੀ ਸੀ, ਮੈਂ ਤਾਂ ਬਸ ਏਨਾ ਕਿਹਾ ਸੀ ਕਿ ਵਿਸ਼ਾ ਰੌਚਕ ਹੈ,'' ਇਸ ਤਰਾਂ ਦੀਆਂ ਗੱਲਾਂ ਹੋਣ ਲੱਗੀਆਂ। ਇੱਥੇ ਆ ਕੇ, ਦੀ ਨਿਊ ਯਾਰਕ ਰੀਵਿਊ ਹਰਕਤ 'ਚ ਆ ਗਿਆ, ਅਤੇ ਇਨਾਂ ਨੇ ਉਹੀ ਕੁਝ ਕੀਤਾ ਜੋ ਅਜਿਹੇ ਹਾਲਾਤ ਇਹ ਹਮੇਸ਼ਾ ਕਰਦੇ ਆਏ ਹਨ। ਦੇਖੋ, ਜਿਸ ਵਿਚੋਂ ਤੁਸੀਂ ਗੁਜ਼ਰ ਰਹੇ ਹੋ ਇਹ ਆਮ ਗੱਲ ਹੈ-ਜੇ ਇਕ ਕਿਤਾਬ ਇੰਗਲੈਂਡ ਵਿਚ ਨਕਾਰ ਦਿੱਤੀ ਜਾਂਦੀ ਹੈ ਤਾਂ ਇੱਥੇ ਲੋਕਾਂ ਨੂੰ ਪਤਾ ਚਲ ਜਾਂਦਾ ਹੈ, ਜਾਂ ਜੇ ਇੰਗਲੈਂਡ ਵਿਚ ਕਿਤਾਬ ਦੀ ਤਾਰੀਫ਼ ਹੁੰਦੀ ਹੈ, ਤੁਹਾਨੂੰ ਪ੍ਰਤੀਕਰਮ ਦੇਣਾ ਪੈਂਦਾ ਹੈ। ਅਤੇ ਜੇ ਕਿਤਾਬ ਇਸਰਾਇਲ ਬਾਰੇ ਹੈ, ਅਜਿਹਾ ਕਰਨ ਦਾ ਇਕ ਘੜਿਆ-ਘੜਾਇਆ ਤਰੀਕਾ ਹੈ: ਇਸ ਦਾ ਰੀਵਿਊ ਕਰਨ ਲਈ ਇਕ ਇਸਰਾਇਲੀ ਵਿਦਵਾਨ ਫੜ ਲਿਆ ਜਾਂਦਾ ਹੈ। ਇਸ ਨੂੰ ਆਪਣੀ ਖੱਲ ਬਚਾਉਣਾ ਕਿਹਾ ਜਾਂਦਾ ਹੈ-ਕਿਉਂਕਿ ਇਸਰਾਇਲੀ ਵਿਦਵਾਨ ਕੁਝ ਵੀ ਕਹਿ ਦੇਵੇ, ਤੁਹਾਨੂੰ ਕੋਈ ਆਂਚ ਨਹੀਂ ਆਉਂਦੀ: ਕੋਈ ਵੀ ਰਸਾਲੇ ਉੱਪਰ ਸਾਮੀ ਨਸਲ ਦਾ ਵਿਰੋਧੀ ਹੋਣ ਦਾ ਇਲਜ਼ਾਮ ਨਹੀਂ ਲਾ ਸਕਦਾ, ਕੋਈ ਵੀ ਆਮ ਹਥਿਆਰ ਕੰਮ ਨਹੀਂ ਆਉਂਦਾ।

ਇਸ ਲਈ ਜਦੋਂ ਪੀਟਰਸ ਦੀ ਕਿਤਾਬ ਇੰਗਲੈਂਡ 'ਚ ਰੱਦ ਹੋ ਗਈ, ਦੀ ਨਿਊ ਯਾਰਕ ਰੀਵਿਊ ਨੇ ਇਹ ਕੰਮ ਇਕ ਸੱਜਣ, ਦਰ ਅਸਲ ਫਲਸਤੀਨੀ ਕੌਮਵਾਦ ਬਾਰੇ ਇਸਰਾਇਲ ਦੇ ਇਕ ਚੋਟੀ ਦੇ ਮਾਹਰ (ਯੇਹੋਸ਼ੂਆ ਪੋਰਾਥ) ਨੂੰ ਸੌਂਪ ਦਿੱਤਾ, ਜਿਸ ਨੂੰ ਇਸ ਵਿਸ਼ੇ ਦੀ ਚੋਖੀ ਜਾਣਕਾਰੀ ਹੈ। ਅਤੇ ਉਸ ਨੇ ਇਕ ਰੀਵਿਊ ਲਿਖ ਦਿੱਤਾ, ਜਿਸ ਨੂੰ ਇਨਾਂ ਨੇ ਫਿਰ ਨਹੀਂ ਛਾਪਿਆ। ਲਗਭਗ ਇਕ ਵਰਾ ਗੁਜ਼ਰ ਗਿਆ ਤੇ ਇਹ ਛਾਪਿਆ ਹੀ ਨਹੀਂ ਗਿਆ; ਕੋਈ ਨਹੀਂ ਸੀ ਜਾਣਦਾ ਕਿ ਅਸਲ ਵਿਚ ਕੀ ਵਾਪਰ ਰਿਹਾ ਸੀ, ਪਰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਨੂੰ ਨਾ ਛਾਪਣ ਲਈ ਵਾਹਵਾ ਦਬਾਅ ਪਾਇਆ ਗਿਆ ਹੋਵੇਗਾ। ਆਖ਼ਿਰ ਦੀ ਨਿਊ ਯਾਰਕ ਟਾਈਮਜ਼ 'ਚ ਇਹ ਲਿਖ ਦਿੱਤਾ ਗਿਆ ਕਿ ਇਹ ਰੀਵਿਊ ਛਾਪਿਆ ਨਹੀਂ ਜਾ ਰਿਹਾ, ਇਸ ਕਰਕੇ ਅੰਤ ਇਸ ਦੇ ਕੁਝ ਅੰਸ਼ ਛਾਪ ਦਿੱਤੇ ਗਏ ਹਨ। ਇਹ ਆਲੋਚਨਾਤਮਕ ਸੀ, ਇਸ ਨੇ ਕਿਹਾ ਕਿ ਕਿਤਾਬ ਬਕਵਾਸ ਹੈ ਵਗੈਰਾ ਵਗੈਰਾ। ਪਰ ਇਸ ਨੇ ਸੁਖ਼ਾਲਾ ਰਾਹ ਲੱਭ ਲਿਆ, ਇਹ ਸੱਜਣ ਬਿਲਕੁਲ ਨਹੀਂ ਕੂਇਆ ਕਿ ਇਸ ਨੂੰ ਮੁੱਦੇ ਬਾਰੇ ਕੀ ਜਾਣਕਾਰੀ ਹੈ।

ਅਸਲ ਵਿਚ, ਇਸਰਾਇਲੀ ਰੀਵਿਊ ਬਹੁਤ ਹੀ ਆਲੋਚਨਾਤਮਕ ਸਨ: ਇਸਰਾਇਲੀ ਪ੍ਰੈੱਸ ਦਾ ਪ੍ਰਤੀਕਰਮ ਸੀ ਕਿ ਉਨਾਂ ਨੂੰ ਉਮੀਦ ਸੀ ਕਿ ਕਿਤਾਬ ਜ਼ਿਆਦਾ ਪੜੀ ਨਹੀਂ ਜਾਵੇਗੀ ਕਿਉਂਕਿ ਓੜਕ ਇਹ ਯਹੂਦੀਆਂ ਲਈ ਨੁਕਸਾਨਦੇਹ ਹੋਵੇਗੀ-ਕਦੇ ਨਾ ਕਦੇ ਇਸ ਦੀ ਪੋਲ ਖੁੱਲ ਜਾਵੇਗੀ, ਅਤੇ ਫਿਰ ਇਹ ਨਿਰੀ ਜਾਅਲਸਾਜ਼ੀ ਅਤੇ ਧੋਖਾਧੜੀ ਦਿਖਾਈ ਦੇਵੇਗੀ, ਅਤੇ ਇਸ ਦਾ ਇਸਰਾਇਲ ਉੱਪਰ ਮਾੜਾ ਅਸਰ ਪਵੇਗਾ। ਮੈਨੂੰ ਕਹਿਣਾ ਚਾਹੀਦਾ, ਉਨਾਂ ਨੇ ਅਮਰੀਕੀ ਬੁੱਧੀਮਾਨ ਭਾਈਚਾਰੇ ਨੂੰ ਘਟਾਕੇ ਅੰਗਿਆ।

ਕੁਝ ਵੀ ਹੋਵੇ, ਇੱਥੇ ਆਕੇ ਅਮਰੀਕੀ ਬੁੱਧੀਮਾਨ ਭਾਈਚਾਰੇ ਨੂੰ ਅਹਿਸਾਸ ਹੋ ਗਿਆ ਕਿ ਪੀਟਰਸ ਦੀ ਕਿਤਾਬ ਨੇ ਤਾਂ ਸਿਆਪਾ ਸਹੇੜ ਲਿਆ, ਅਤੇ ਇਕ ਤਰਾਂ ਨਾਲ ਇਹ ਗ਼ਾਇਬ ਹੀ ਹੋ ਗਈ-ਹੁਣ ਕੋਈ ਇਸ ਦੀ ਗੱਲ ਨਹੀਂ ਕਰਦਾ। ਕਹਿਣ ਦਾ ਭਾਵ, ਇਹ ਹਾਲੇ ਵੀ ਹਵਾਈ ਅੱਡਿਆਂ ਦੇ ਅਖ਼ਬਾਰਾਂ ਦੇ ਖੋਖਿਆਂ ਵਗੈਰਾ 'ਤੇ ਮਿਲ ਜਾਂਦੀ ਹੈ, ਪਰ ਸਭ ਤੋਂ ਤੇਜ਼-ਤਰਾਰ ਅਤੇ ਹੁਸ਼ਿਆਰ ਲੋਕ ਜਾਣਦੇ ਹਨ ਕਿ ਹੁਣ ਉਨਾਂ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਇਸ ਦੀ ਚਰਚਾ ਨਹੀਂ ਕਰਨਗੇ: ਕਿਉਂਕਿ ਇਸ ਦਾ ਪਰਦਾਫਾਸ਼ ਹੋ ਗਿਆ ਸੀ ਅਤੇ ਉਨਾਂ ਦੀ ਵੀ ਪੋਲ ਖੁੱਲ ਗਈ ਸੀ।

ਚਲੋ, ਪਰ ਨੁਕਤਾ ਇਹ ਹੈ, ਜੋ ਕੁਝ ਫਿੰਕਲਸਟੇਨ ਨਾਲ ਹੋਇਆ ਉਹ ਕਿਸੇ ਵੀ ਈਮਾਨਦਾਰ ਆਲੋਚਕ ਨਾਲ ਵਾਪਰ ਸਕਦਾ ਹੈ-ਅਤੇ ਅਜਿਹੀਆਂ ਹੋਰ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। (ਸੰਪਾਦਕ ਦੀ ਟਿੱਪਣੀ: ਫਿੰਕਲਸਟੇਨ ਨੇ ਇਸ ਤੋਂ ਬਾਦ ਆਜ਼ਾਦ ਪ੍ਰੈੱਸਾਂ ਤੋਂ ਕਈ ਕਿਤਾਬਾਂ ਛਪਵਾਈਆਂ ਹਨ। )

ਹਾਲੇ ਵੀ ਯੂਨੀਵਰਸਿਟੀਆਂ ਜਾਂ ਕਿਸੇ ਵੀ ਹੋਰ ਸੰਸਥਾ ਵਿਚ, ਤੁਹਾਨੂੰ ਅਕਸਰ ਹੀ ਚੁੱਪਚੁਪੀਤੇ ਕੰਮ ਕਰਦੇ ਰਹਿਣ ਵਾਲੇ ਵੱਖਰੇ ਖ਼ਿਆਲਾਂ ਦੇ ਬੰਦੇ ਮਿਲ ਜਾਣਗੇ-ਅਤੇ ਉਹ ਕਿਸੇ ਨਾ ਕਿਸੇ ਢੰਗ ਨਾਲ ਜਿਊਂਦੇ ਰਹਿ ਸਕਦੇ ਹਨ, ਖ਼ਾਸ ਕਰਕੇ ਜੇ ਉਨਾਂ ਨੂੰ ਭਾਈਚਾਰੇ ਦੀ ਮਦਦ ਮਿਲਦੀ ਰਹੇ। ਪਰ ਜੇ ਉਨਾਂ ਦੇ ਕੰਮ ਬਹੁਤ ਹੀ ਖ਼ੱਲਲ ਪੈ ਜਾਂਦਾ ਹੈ ਜਾਂ ਬਹੁਤ ਹੀ ਧਮੱਚੜ ਮੱਚ ਜਾਂਦਾ ਹੈ-ਜਾਂ ਤੁਸੀਂ ਜਾਣਦੇ ਹੀ ਹੋ ਜੇ ਇਹ ਬਹੁਤ ਹੀ ਕਾਰਗਰ ਹੋਵੇ-ਤਾਂ ਬਹੁਤ ਸੰਭਾਵਨਾ ਹੁੰਦੀ ਹੈ ਕਿ ਉਨਾਂ ਨੂੰ ਕੱਢ ਦਿੱਤਾ ਜਾਵੇ। ਹਾਲਾਂਕਿ ਆਮ ਦਸਤੂਰ ਇਹ ਹੈ ਕਿ ਪਹਿਲੀ ਗੱਲ ਤਾਂ ਉਨਾਂ ਨੂੰ ਸੰਸਥਾਵਾਂ ਦੇ ਅੰਦਰ ਆਉਣ ਹੀ ਨਹੀਂ ਦਿੱਤਾ ਜਾਵੇਗਾ, ਖ਼ਾਸ ਕਰਕੇ ਜੇ ਉਹ ਨੌਜਵਾਨ ਹੋਣ-ਉਨਾਂ ਨੂੰ ਮੱਖਣ 'ਚੋਂ ਵਾਲ ਵਾਂਗ ਧੂਹ ਕੇ ਪਾਸੇ ਕਰ ਦਿੱਤਾ ਜਾਵੇਗਾ। ਇਸ ਲਈ ਜ਼ਿਆਦਾਤਰ ਮਾਮਲਿਆਂ 'ਚ, ਜੋ ਸੰਸਥਾਵਾਂ 'ਚ ਵੜਨ 'ਚ ਕਾਮਯਾਬ ਹੋ ਜਾਣ ਅਤੇ ਇੱਥੇ ਟਿਕੇ ਰਹਿਣ ਵਾਲੇ ਲੋਕ ਪਹਿਲਾਂ ਹੀ ਸਹੀ ਅਕੀਦੇ ਬਣਾ ਲੈਂਦੇ ਹਨ: ਜੀ ਹਜ਼ੂਰੀਏ ਬਨਣਾ ਉਨਾਂ ਲਈ ਸਮੱਸਿਆ ਨਹੀਂ ਹੈ, ਉਹ ਤਾਂ ਪਹਿਲਾਂ ਹੀ ਜੀ ਹਜ਼ੂਰੀਏ ਹੁੰਦੇ ਹਨ, ਇਸੇ ਦੀ ਬਦੌਲਤ ਹੀ ਉਹ ਇੱਥੇ ਅੱਪੜੇ ਹੁੰਦੇ ਹਨ। ਇੰਞ ਵਿਚਾਰਧਾਰਕ ਕੰਟਰੋਲ ਤੰਤਰ ਅਧਿਐਨ ਉੱਪਰ ਆਪਣੀ ਜਕੜ ਬਣਾਈ ਰੱਖਦਾ ਹੈ-ਮੇਰੇ ਖ਼ਿਆਲ ਅਨੁਸਾਰ, ਇਹ ਹੈ ਇਸ ਦੇ ਸਿਲਸਿਲੇ ਦੀ ਮੂਲ ਕਥਾ।

ਲੇਖਕ-ਨੋਅਮ ਚੌਮਸਕੀ 
ਅਨੁਵਾਦਕ ਬੂਟਾ ਸਿੰਘ ਸਮਾਜਿਕ -ਸਿਆਸੀ ਕਾਰਕੁੰਨ ਹਨ।ਕਈ ਅਹਿਮ ਕਿਤਾਬਾਂ ਦਾ ਪੰਜਾਬੀ 'ਚ ਤਰਜ਼ਮਾ ਕਰ ਚੁੱਕੇ ਹਨ।ਪੰਜਾਬ 'ਚ ਅਪਰੇਸ਼ਨ ਗ੍ਰੀਨ ਹੰਟ' ਦੇ ਵਿਰੋਧ ਚ 'ਐਂਟੀ ਗ੍ਰੀਨ ਹੰਟ ਫੋਰਮ' ਬਣਾਉਣ ਦੀ ਪਹਿਲਕਦਮੀ ਕਰਨ ਵਾਲਿਆਂ ਚੋਂ ਇਕ ਹਨ। ਫ਼ੋਨ:94634-74342

No comments:

Post a Comment