ਆਲਮ ਤਾਂ ਇਹ ਹੈ ਕਿ ਇਮਤਿਹਾਨ ਛੱਡਿਆ ਜਾ ਸਕਦਾ ਹੈ ਪਰ ਮਾਡਲਿੰਗ ਨਹੀਂ। ਮੇਰਠ ਵਿਚ ਹੀ 12ਵੀਂ ਦੇ ਛੇ ਵਿਦਿਆਰਥੀ ਇਮਤਿਹਾਨ ਛੱਡਕੇ ਕੰਪਿਊਟਰ ਸਾਇੰਸ ਅਤੇ ਬਿਜਨੈੱਸ ਮੈਨੇਜਮੈਂਟ ਇੰਸਟੀਚਿਊਟ ਦੀ ਵਿਗਿਆਪਨ ਫਿਲਮ ਵਿਚ ਤਿੰਨ ਹਫ਼ਤੇ ਤੱਕ ਲੱਗੇ ਰਹੇ। ਭਾਵ ਪੜ੍ਹਾਈ ਬਦਲੇ ਪੜ੍ਹਾਈ ਦੀ ਸੰਸਥਾ ਦੀ ਗੁਣਵੱਤਾ ਦੇ ਗੁਣ ਗਾਣ ਕਰਨ ਵਾਲੀ ਫਿਲਮ ਲਈ ਇਮਤਿਹਾਨ ਛੱਡਕੇ ਕੰਮ ਕਰਨ ਦੀ ਲਲਕ। ਜ਼ਾਹਿਰ ਹੈ ਇੱਥੇ ਵੀ ਸਵਾਲ ਸਿਰਫ਼ ਪੜ੍ਹਾਈ ਬਦਲੇ ਮਾਡਲਿੰਗ ਕਰਨ ਦੀ ਲਲਕ ਦਾ ਨਹੀਂ ਸਗੋਂ ਜਿਵੇਂ ਸਿੱਖਿਆ ਨੂੰ ਮੰਡੀ ਬਣਾਇਆ ਗਿਆ ਹੈ ਤੇ ਨਿੱਜੀ ਕਾਲਜਾਂ ਤੋਂ ਲੈ ਕੇ ਨਵੇਂ ਨਵੇਂ ਕੋਰਸਾਂ ਦੀ ਪੜ੍ਹਾਈ ਹੋ ਰਹੀ ਹੈ, ਉਸ ਵਿਚ ਵਿਦਿਆਰਥੀ ਨੂੰ ਨਾ ਤਾਂ ਭਵਿੱਖ ਨਜ਼ਰ ਆ ਰਿਹਾ ਹੈ ਅਤੇ ਨਾ ਹੀ ਸਿੱਖਿਆ ਸੰਸਥਾਵਾਂ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਲਈ ਕੋਈ ਮਿਹਨਤ ਕਰ ਰਹੀਆਂ ਹਨ। ਇਹ ਆਪੋ ਆਪਣੀਆਂ ਸੰਸਥਾਵਾਂ ਨੂੰ ਖ਼ੂਬਸੂਰਤ ਤਸਵੀਰਾਂ ਅਤੇ ਉਨ੍ਹਾਂ ਹੀ ਵਿਦਿਆਰਥੀਆਂ ਦੇ ਇਸ਼ਤਿਹਾਰਾਂ ਜ਼ਰੀਏ ਚਮਕਾ ਰਹੀਆਂ ਹਨ ਜੋ ਪੜ੍ਹਾਈ-ਇਮਤਿਹਾਨ ਛੱਡਕੇ ਮਾਡਲਿੰਗ ਕਰ ਰਹੇ ਹਨ। ਸਕੂਲੀ ਬੱਚਿਆਂ ਦੇ ਸੁਪਨੇ ਹੀ ਨਹੀਂ ਸਗੋਂ ਜਿਊਣ ਦੇ ਤਰੀਕੇ ਵੀ ਕਿਵੇਂ ਬਦਲ ਰਹੇ ਹਨ ਇਸ ਦੀ ਝਲਕ ਇਸ ਤੋਂ ਮਿਲ ਸਕਦੀ ਹੈ ਕਿ ਇਕ ਪਾਸੇ ਸੀ ਬੀ ਐੱਸ ਈ 10ਵੀਂ ਅਤੇ 12ਵੀਂ ਦੇ ਇਮਤਿਹਾਨ ਦੀ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਮਨੁੱਖੀ ਵਸੀਲੇ ਮੰਤਰਾਲੇ ਤੋਂ ਤਿੰਨ ਕਰੋੜ ਦਾ ਬਜਟ ਪਾਸ ਕਰਾਉਣ ਲਈ ਜੱਦੋਜਹਿਦ ਕਰ ਰਿਹਾ ਹੈ।
ਦੂਜੇ ਪਾਸੇ ਸਕੂਲੀ ਬੱਚਿਆਂ ਦੀ ਵਿਗਿਆਪਨ ਫਿਲਮ ਦਾ ਸਾਲਾਨਾ ਬਜਟ ਦੋ ਸੌ ਕਰੋੜ ਰੁਪਏ ਤੋਂ ਟੱਪ ਗਿਆ ਹੈ। ਇਕ ਪਾਸੇ 14 ਸਾਲ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਮਿਸ਼ਨ ਸਰਕਾਰ ਮੌਲਿਕ ਅਧਿਕਾਰ ਜ਼ਰੀਏ ਲਾਗੂ ਕਰਾਉਣ 'ਚ ਜੁਟੀ ਹੋਈ ਹੈ ਅਤੇ ਦੂਜੇ ਪਾਸੇ 14 ਸਾਲ ਦੇ ਬੱਚਿਆਂ ਜ਼ਰੀਏ ਟੀ ਵੀ ਮਨੋਰੰਜਨ ਅਤੇ ਸਿਲਵਰ ਸਕਰੀਨ ਦੀ ਦੁਨੀਆ ਹਰ ਸਾਲ ਇਕ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਮੁਨਾਫ਼ਾ ਬਟੋਰ ਰਹੀ ਹੈ। ਜਦਕਿ ਮੁਫ਼ਤ ਸਿੱਖਿਆ ਦੇਣ ਦਾ ਸਰਕਾਰੀ ਬਜਟ ਇਸ ਮੁਨਾਫ਼ੇ ਦਾ ਦਸ ਫ਼ੀ ਸਦੀ ਵੀ ਨਹੀਂ ਹੈ। ਇੱਥੇ ਸਵਾਲ ਸਿਰਫ਼ ਤਰਜ਼ੀਹਾਂ ਬਦਲਣ ਦਾ ਨਹੀਂ ਹੈ। ਸਵਾਲ ਇਹ ਹੈ ਕਿ ਦੇਸ਼ ਦੇ ਸਾਹਮਣੇ ਆਪਣੇ ਭਵਿੱਖ ਲਈ ਕੋਈ ਮਿਸ਼ਨ, ਕੋਈ ਏਜੰਡਾ ਨਹੀਂ ਹੈ। ਇਸ ਲਈ ਜ਼ਿੰਦਗੀ ਜਿਊਣ ਦੀਆਂ ਜ਼ਰੂਰਤਾਂ, ਸਮਾਜ ਵਿਚ ਮਾਨਤਾ ਹਾਸਲ ਕਰਨ ਦਾ ਜਨੂੰਨ ਅਤੇ ਅੱਗੇ ਵਧਣ ਦੀ ਸੋਚ ਉਸ ਮੰਡੀ ਉੱਪਰ ਟਿਕੀ ਹੋਈ ਹੈ, ਜਿੱਥੇ ਨਫ਼ੇ ਅਤੇ ਘਾਟੇ ਦਾ ਮਤਲਬ ਸਿਰਫ਼ ਭਵਿੱਖ ਦੀ ਕਮਾਈ ਹੈ। ਅਤੇ ਕਮਾਈ ਦੇ ਤਰੀਕੇ ਵੀ ਸੂਚਨਾ ਤਕਨੀਕ ਦੇ ਗ਼ੁਲਾਮ ਹੋ ਚੁੱਕੇ ਹਨ। ਭਾਵ ਐਸੀ ਪੜ੍ਹਾਈ ਦਾ ਮਤਲਬ ਵੈਸੇ ਵੀ ਬੇਮਾਅਨਾ ਹੈ, ਜੋ ਇੰਟਰਨੈੱਟ ਜਾਂ ਗੂਗਲ ਤੋਂ ਹਾਸਲ ਹੋਣ ਵਾਲੀ ਜਾਣਕਾਰੀ ਤੋਂ ਅੱਗੇ ਨਹੀਂ ਜਾ ਰਿਹਾ। ਅਤੇ ਜਦੋਂ ਗੂਗਲ ਹਰ ਜਾਣਕਾਰੀ ਦੇਣ ਦਾ ਸਭ ਤੋਂ ਬੇਹਤਰੀਨ ਮਾਡਲ ਬਣ ਚੁੱਕਾ ਹੈ ਅਤੇ ਸਿੱਖਿਆ ਦਾ ਮਤਲਬ ਵੀ ਸਿਰਫ਼ ਜਾਣਕਾਰੀ ਵਜੋਂ ਜਾਣਕਾਰੀ ਹਾਸਲ ਕਰਨਾ ਹੀ ਰਹਿ ਗਿਆ ਹੈ ਤਾਂ ਫਿਰ ਦੇਸ਼ ਵਿਚ ਪੜ੍ਹਾਈ ਦਾ ਮਾਅਨਾ ਅੱਖਰ ਗਿਆਨ ਤੋਂ ਅੱਗੇ ਜਾਂਦਾ ਹੀ ਨਹੀਂ ਹੈ। ਇਸ ਦਾ ਅਸਰ ਸਿਰਫ਼ ਮਾਡਲਿੰਗ ਜਾਂ ਬੱਚਿਆਂ ਦੇ ਇਸ਼ਤਿਹਾਰਾਂ ਤੱਕ ਸੀਮਤ ਨਹੀਂ ਹੈ।
ਸਮਝਣਾ ਇਹ ਵੀ ਹੋਵੇਗਾ ਕਿ ਇਹ ਰਾਸਤਾ ਕਿਵੇਂ ਸਹਿਜੇ-ਸਹਿਜੇ ਦੇਸ਼ ਨੂੰ ਖੋਖਲਾ ਵੀ ਬਣਾ ਰਿਹਾ ਹੈ। ਕਿਉਂਕਿ ਮੌਜੂਦਾ ਸਮੇਂ 'ਚ ਨਾ ਸਿਰਫ਼ ਉੱਚ ਸਿੱਖਿਆ ਬਲਕਿ ਖੋਜ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਘਟੀ ਹੈ, ਅਤੇ ਜਿਨ੍ਹਾਂ ਵਿਸ਼ਿਆਂ ਉੱਪਰ ਖੋਜ ਹੋ ਰਹੀ ਹੈ, ਉਹ ਵਿਸ਼ੇ ਵੀ ਇਤਫ਼ਾਕ ਨਾਲ ਉਸੇ ਸੂਚਨਾ ਤਕਨੀਕ ਤੋਂ ਅੱਗੇ ਨਹੀਂ ਜਾ ਰਹੇ, ਜਿਸ ਤੋਂ ਅੱਗੇ ਸਿੱਖਿਆ ਪ੍ਰਣਾਲੀ ਵੀ ਨਹੀਂ ਜਾ ਰਹੀ। ਇਹ ਸੋਚ ਸਮੁੱਚੇ ਦੇਸ਼ ਉੱਪਰ ਕਿਵੇਂ ਪ੍ਰਭਾਵ ਪਾ ਸਕਦੀ ਹੈ ਯਾਨੀ ਜ਼ਿਆਦਾ ਕਮਾਈ, ਵੱਧ ਮਾਨਤਾ, ਵੱਧ ਚਕਾਚੌਂਧ ਅਤੇ ਕੋਈ ਵੀ ਚੀਜ਼ ਜੋ ਵੱਧ ਤੋਂ ਵੱਧ ਮੰਡੀ ਨਾਲ ਜੁੜੀ ਰਹੀ ਹੈ, ਜਦੋਂ ਉਸ ਵਿਚ ਸਿੱਖਿਆ ਕਿਤੇ ਫਿੱਟ ਬੈਠ ਨਹੀਂ ਰਹੀ। ਵੱਧ ਕਮਾਈ ਅਤੇ ਵੱਧ ਮਾਨਤਾ ਦੀ ਇਸ ਸੋਚ ਦੇ ਅਸਰ ਦੀ ਵਿਆਪਕਤਾ ਦੇਸ਼ ਦੀ ਫ਼ੌਜ ਦੇ ਮੌਜੂਦਾ ਹਾਲਾਤ ਤੋਂ ਵੀ ਸਮਝੀ ਜਾ ਸਕਦੀ ਹੈ। ਸਿਰਫ਼ 2012 ਵਿਚ ਦਸ ਹਜ਼ਾਰ ਤੋਂ ਵੱਧ ਫ਼ੌਜੀ ਅਧਿਕਾਰੀਆਂ ਨੇ ਸੇਵਾ-ਮੁਕਤੀ ਲੈ ਕੇ ਨਿੱਜੀ ਖੇਤਰ 'ਚ ਕੰਮ ਸ਼ੁਰੂ ਕਰ ਦਿੱਤਾ। ਕਿਉਂਕਿ ਉੱਥੇ ਕਮਾਈ ਵੱਧ ਸੀ ਤੇ ਮਾਨਤਾ ਵੱਧ ਸੀ। ਮਿਸਾਲ ਵਜੋਂ ਲੰਘੇ ਪੰਜ ਸਾਲਾਂ ਵਿਚ ਹਵਾਈ ਫ਼ੌਜ ਦੇ ਜਹਾਜ਼ ਉਡਾਉਣ ਵਾਲੇ 571 ਪਾਈਲਟ ਨੌਕਰੀ ਛੱਡਕੇ ਨਿੱਜੀ ਜਹਾਜ਼ ਉਡਾਉਣ ਲੱਗੇ, ਕਿਉਂਕਿ ਉੱਥੇ ਕਮਾਈ ਅਤੇ ਉਸ ਮਾਹੌਲ 'ਚ ਮਾਨਤਾ ਦੋਵੇਂ ਵੱਧ ਸਨ। ਕਿਸੇ ਵੀ ਨਿੱਜੀ ਹਵਾਈ ਜਹਾਜ਼ ਨੂੰ ਉਡਾਉਣ ਜ਼ਰੀਏ ਜੋ ਮਾਨਤਾ ਸਮਾਜ ਵਿਚ ਮਿਲੇਗੀ ਓਨੀ ਪੁੱਛ-ਪ੍ਰਤੀਤ ਹਵਾਈ ਫ਼ੌਜ ਨਾਲ ਜੁੜਕੇ ਨਹੀਂ ਹੁੰਦੀ। ਚਾਹੇ ਫ਼ੌਜ ਦਾ ਲੜਾਕੂ ਜਹਾਜ਼ ਉਡਾਉਣ ਦਾ ਮੌਕਾ ਹੀ ਕਿਉਂ ਨਾ ਮਿਲ ਰਿਹਾ ਹੋਵੇ। ਇਹ ਸੋਚ ਕਿਵੇਂ ਤੇ ਕਿਉਂ ਬਦਲੀ ਇਸ ਦੀ ਬੁਨਿਆਦ ਨੂੰ ਸਮਝਣ ਤੋਂ ਪਹਿਲਾਂ ਇਸ ਦੀ ਪੂਛ ਫ਼ੌਜ ਦੇ ਜ਼ਰੀਏ ਹੀ ਫੜ੍ਹ ਲਈ ਜਾਵੇ ਤਾਂ ਚੰਗਾ ਰਹੇਗਾ। ਕਿਉਂਕਿ ਭਾਰਤ ਦੁਨੀਆ ਦਾ ਇਕੋ ਇਕ ਦੇਸ਼ ਹੈ, ਜਿੱਥੇ ਦੇਸ਼ ਦੀ ਫ਼ੌਜ ਵਿਚ 65 ਹਜ਼ਾਰ ਤੋਂ ਵੱਧ ਅਹੁਦੇ ਖਾਲੀ ਹਨ। ਅਤੇ ਫ਼ੌਜ ਵਿਚ ਨੌਕਰੀ ਹੀ ਸਹੀ, ਇਹ ਹਾਸਲ ਕਰਨ ਲਈ ਵੀ ਕੋਈ ਜੱਦੋਜਹਿਦ ਨਹੀਂ ਕਰ ਰਿਹਾ। ਕਰੀਬ 13 ਹਜ਼ਾਰ ਅਫ਼ਸਰ ਰੈਂਕ ਦੇ ਅਧਿਕਾਰੀਆਂ ਦੀਆਂ ਅਸਾਮੀਆਂ ਖਾਲੀ ਹਨ। ਪਰ ਜਿਸ ਦੌਰ ਵਿਚ ਇਹ ਅਸਾਮੀਆਂ ਖਾਲੀ ਹੋ ਰਹੀਆਂ ਹਨ, ਉਸੇ ਦੌਰ ਵਿਚ ਫ਼ੌਜ ਨੂੰ ਛੱਡ ਕੇ ਅਧਿਕਾਰੀ ਦੇਸ਼ ਦੀਆਂ ਨਿੱਜੀ ਕੰਪਨੀਆਂ 'ਚ ਜਾ ਰਹੇ ਹਨ। ਕਿਤੇ ਡਾਇਰੈਕਟਰ ਦਾ ਅਹੁਦਾ ਤੇ ਕਿਤੇ ਚੇਅਰਮੈਨ ਦਾ ਅਹੁਦਾ। ਕਿਤੇ ਬੋਰਡ ਮੈਂਬਰ ਤੇ ਕਿਤੇ ਸੁਰੱਖਿਆ ਸੇਵਾ ਖੋਲ੍ਹਕੇ ਨਵਾਂ ਕਾਰੋਬਾਰ ਸ਼ੁਰੂ ਕਰਨ ਦੀ ਕਵਾਇਦ। ਇਹ ਸਭ ਉਸੇ ਦੌਰ ਵਿਚ ਹੋਇਆ, ਜਿਸ ਦੌਰ ਵਿਚ ਫ਼ੌਜ ਨੂੰ ਫ਼ੌਜ ਦੇ ਅਧਿਕਾਰੀ ਹੀ ਟਾਟਾ-ਬਾਅਏ ਕਹਿ ਰਹੇ ਹਨ।
ਦੇਸ਼ ਲਈ ਇਹ ਸਵਾਲ ਕਿੰਨਾ ਸੁਖਾਲਾ ਅਤੇ ਹਲਕਾ ਬਣਾ ਦਿੱਤਾ ਗਿਆ ਹੈ, ਇਹ ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਸੰਸਦ ਵਿਚ ਫ਼ੌਜ ਦੇ ਖਾਲੀ ਅਹੁਦਿਆਂ ਦੀ ਜਾਣਕਾਰੀ ਦਿੰਦੇ ਹੋਏ ਰੱਖਿਆ ਮੰਤਰੀ ਸਾਫ਼ ਕਹਿੰਦੇ ਹਨ ਕਿ ਥਲ ਸੈਨਾ ਵਿਚ 42 ਹਜ਼ਾਰ ਤੋਂ ਵੱਧ, ਸਮੁੰਦਰੀ ਫ਼ੌਜ ਵਿਚ 16 ਹਜ਼ਾਰ ਤੋਂ ਵੱਧ ਅਤੇ ਹਵਾਈ ਫ਼ੌਜ ਵਿਚ ਕਰੀਬ 8 ਹਜ਼ਾਰ ਅਸਾਮੀਆਂ ਖਾਲੀ ਹਨ। ਅਤੇ ਪੂਰੇ ਦੇਸ਼ ਵਿਚ ਫ਼ੌਜ ਲਈ ਨੌਜਵਾਨਾਂ ਨੂੰ ਤਿਆਰ ਕਰਨ ਵਾਲੀਆਂ ਜਿੰਨੀ ਵੀ ਅਕਾਦਮੀਆਂ ਹਨ ਜੇ ਸਾਰੀਆਂ ਨੂੰ ਮਿਲਾ ਲਿਆ ਜਾਵੇ ਤਾਂ ਵੀ ਹਰ ਸਾਲ ਦਸ ਹਜ਼ਾਰ ਕੈਡੇਟ ਨਹੀਂ ਨਿਕਲ ਰਹੇ। ਜਦਕਿ ਇਸੇ ਦੌਰ ਵਿਚ ਹਰ ਸਾਲ ਔਸਤਨ ਵੀਹ ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਮਨੋਰੰਜਨ ਸਨਅਤ ਆਪਣੇ ਵਿਚ ਖਪਾ ਲੈਂਦੀ ਹੈ। ਇਨ੍ਹਾਂ ਨੂੰ 'ਕੰਮ' ਮਿਲ ਜਾਂਦਾ ਹੈ। ਅਤੇ ਜਿਨ੍ਹਾਂ ਸਕੂਲਾਂ ਦੀ ਸਿੱਖਿਆ-ਦੀਖਿਆ ਉੱਪਰ ਸਰਕਾਰ ਨੂੰ ਨਾਜ਼ ਹੈ ਅਤੇ ਜਿੱਥੇ ਮੁੱਢਲੀ ਪੜ੍ਹਾਈ ਦੇ ਦਾਖ਼ਲੇ ਤੋਂ ਲੈ ਕੇ ਉੱਚ ਸਿੱਖਿਆ ਦੇਣ ਵਾਲੀਆਂ ਸੰਸਥਾਵਾਂ ਵਿਚ ਡੋਨੇਸ਼ਨ ਦੇ ਜ਼ਰੀਏ ਦਾਖ਼ਲੇ ਦੀ ਹੋੜ 'ਚ ਨੌਜਵਾਨ ਲਟਾਪੀਂਘ ਰਹਿੰਦਾ ਹੈ, ਹੁਣ ਉਹੀ ਬੱਚੇ ਵੱਡੇ ਹੁੰਦੇ ਸਾਰ ਤੇਜ਼ੀ ਨਾਲ ਉਸੇ ਸਿੱਖਿਆ ਪ੍ਰਬੰਧ ਨੂੰ ਠੁੱਠ ਵਿਖਾ ਕੇ ਚਕਾਚੌਂਧ ਦੀ ਦੁਨੀਆ ਵਿਚ ਕੁੱਦ ਰਹੇ ਹਨ।
ਮਹਾਨਗਰ ਅਤੇ ਛੋਟੇ ਸ਼ਹਿਰਾਂ ਦੇ ਉਨ੍ਹਾਂ ਬੱਚਿਆਂ ਦੇ ਮਾਂ-ਪਿਓ ਜੋ ਕੱਲ੍ਹ ਤੱਕ ਅਤਿ-ਆਧੁਨਿਕ ਸਕੂਲਾਂ ਵਿਚ ਦਾਖ਼ਲੇ ਲਈ ਹਾਏ-ਤੌਬਾ ਮਚਾਉਂਦੇ ਹੋਏ ਕਿੰਨੀ ਵੀ ਡੋਨੇਸ਼ਨ ਦੇਣ ਲਈ ਤਿਆਰ ਸਨ, ਹੁਣ ਉਹੀ ਮਾਂ-ਪਿਓ ਆਪਣੇ ਬੱਚੇ ਦਾ ਭਵਿੱਖ ਸਕੂਲਾਂ ਦੀ ਥਾਂ ਇਸ਼ਤਿਹਾਰਬਾਜ਼ੀ ਜਾਂ ਮਨੋਰੰਜਨ ਦੀ ਦੁਨੀਆ ਵਿਚ ਸਿਲਵਰ ਸਕਰੀਨ ਉੱਪਰ ਚਮਕ ਦਿਖਾਉਣ ਤੋਂ ਲੈ ਕੇ ਸੜਕਾਂ ਕੰਢੇ ਲੱਗਣ ਵਾਲੇ ਇਸ਼ਤਿਹਾਰਬਾਜ਼ੀ ਦੇ ਬੋਰਡਾਂ ਉੱਪਰ ਆਪਣੇ ਬੱਚਿਆਂ ਨੂੰ ਟੰਗਣ ਲਈ ਤੱਤਪਰ ਹਨ। ਅੰਕੜੇ ਦੱਸਦੇ ਹਨ ਕਿ ਹਰ ਨਵੇਂ ਉਤਪਾਦ ਨਾਲ ਪੂਰੇ ਦੇਸ਼ ਵਿਚ ਔਸਤਨ 100 ਬੱਚੇ ਇਸ਼ਤਿਹਾਰਬਾਜ਼ੀ ਵਿਚ ਲਗਦੇ ਹਨ। ਇਸ ਵਕਤ ਕਰੀਬ ਦੋ ਸੌ ਤੋਂ ਵੱਧ ਕੰਪਨੀਆਂ ਇਸ਼ਤਿਹਾਰਬਾਜ਼ੀ ਲਈ ਪੂਰੇ ਦੇਸ਼ ਵਿਚੋਂ ਬੱਚੇ ਛਾਂਟਣ ਦਾ ਕੰਮ ਇੰਟਰਨੈੱਟ ਉੱਪਰ ਆਪਣੀਆਂ ਵੱਖੋ-ਵੱਖਰੀਆਂ ਸਾਈਟਾਂ ਜ਼ਰੀਏ ਕਰ ਰਹੀਆਂ ਹਨ। ਇਨ੍ਹਾਂ ਦੋ ਸੌ ਕੰਪਨੀਆਂ ਨੇ ਤੀਹ ਲੱਖ ਬੱਚਿਆਂ ਦੀ ਰਜਿਸਟ੍ਰੇਸ਼ਨ ਕਰ ਰੱਖੀ ਹੈ। ਅਤੇ ਇਨ੍ਹਾਂ ਦਾ ਬਜਟ ਢਾਈ ਹਜ਼ਾਰ ਕਰੋੜ ਤੋਂ ਵੱਧ ਹੈ। ਜਦਕਿ ਮੁਲਕ ਦੀ ਫ਼ੌਜ ਵਿਚ ਭਰਤੀ ਹੋਣ ਦਾ ਜਜ਼ਬਾ ਨਾਗਰਿਕਾਂ 'ਚ ਜਗਾਉਣ ਲਈ ਸਰਕਾਰ 10 ਕਰੋੜ ਦੇ ਇਸ਼ਤਿਹਾਰ ਦੇਣ ਬਾਰੇ ਹਾਲੇ ਸੋਚ ਰਹੀ ਹੈ। ਯਾਨੀ ਫ਼ੌਜ ਵਿਚ ਭਰਤੀ ਹੋਵੋ, ਇਹ ਗੱਲ ਵੀ ਪੜ੍ਹਨਾ-ਲਿਖਣਾ ਛੱਡਕੇ ਮਾਡਲਿੰਗ ਕਰਨ ਵਾਲੇ ਨੌਜਵਾਨ ਹੀ ਦੇਸ਼ ਨੂੰ ਦੱਸਿਆ ਕਰਨਗੇ। ਦੇਸ਼ ਕਿਹੜੇ ਰਾਹ ਪੈ ਰਿਹਾ ਹੈ ਇਹ ਸੋਚਣ ਲਈ ਇੰਟਰਨੈੱਟ, ਗੂਗਲ ਜਾਂ ਇਸ਼ਤਿਹਾਰਬਾਜ਼ੀ ਦੀ ਜ਼ਰੂਰਤ ਨਹੀਂ ਹੈ। ਬਸ ਬੱਚਿਆਂ ਦੇ ਦਿਮਾਗ ਪੜ੍ਹ ਲਓ ਜਾਂ ਮਾਂ-ਪਿਓ ਦਾ ਨਜ਼ਰੀਆ ਸਮਝ ਲਓ।
ਲੇਖਕ ਪੁਨਿਆ ਪ੍ਰਾਸੁਨ ਬਾਜਪਾਈ ਨਾਮਵਰ ਪੱਤਰਕਾਰ ਹਨ।
ਪੰਜਾਬੀ ਤਰਜ਼ਮਾ: ਰਣਜੀਤ ਕੌਰ ਮਹਿਮੂਦਪੁਰ
No comments:
Post a Comment