ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, April 9, 2013

'ਲੋਕ ਪਹਿਲਕਦਮੀ'('People's Initiative') ਫ਼ਿਲਮਸਾਜ਼ ਅਜੇ ਭਾਰਦਵਾਜ ਦੀਆਂ ਵੰਡ ਬਾਰੇ ਫਿਲਮਾਂ 'ਤੇ ਕਰਵਾਏਗੀ ਚਰਚਾ

ਬੁਲਾਰੇ: ਅਜੇ ਭਾਰਦਵਾਜ,ਦਿੱਲੀ ਦੇ ਨੌਜਵਾਨ ਫਿਲਮ ਆਲੋਚਕ ਮਿਹਿਰ ਪੰਡਿਆ ਤੇ ਫ਼ਿਲਮਸਾਜ਼ ਦਲਜੀਤ ਅਮੀ

1947 ਦੀ ਵੰਡ ਨੂੰ ਸਮਝਦੀਆਂ-ਸਮਝਾਉਂਦੀਆਂ ਤੇ ਸਵਾਲ ਕਰਦੀਆਂ ਫਿਲਮਾਂ 'ਰੱਬਾ ਹੁਣ ਕੀ ਕਰੀਏ' ਤੇ 'ਮਿਲਾਂਗੇ ਬਾਬੇ ਰਤਨ ਦੇ ਮੇਲੇ ਤੇ ਦੀ ਹੋਵੇਗੀ 
ਸਕਰੀਨਿੰ

ਤਰੀਕ-21 ਅਪ੍ਰੈਲ 
ਸਥਾਨ-ਸੈਕਟਰ-27, ਪ੍ਰੈਸ ਕਲੱਬ,ਚੰਡੀਗੜ੍ਹ 
ਸਮਾਂ-12 ਤੋਂ 5 ਵਜੇ ਤੱਕ

'ਲੋਕ ਪਹਿਲਕਦਮੀ'('People's Initiative') ਤਨਜ਼ੀਮ ਦੀ ਟੀਮ ਨੇ ਇਕ ਬੈਠਕ 'ਚ ਅਗਲੇ ਪ੍ਰੋਗਰਾਮ ਬਾਰੇ ਫੈਸਲਾ ਲੈਂਦਿਆਂ ਤੈਅ ਕੀਤਾ ਕਿ '21 ਅਪ੍ਰੈਲ ਨੂੰ ਦਿੱਲੀ ਰਹਿੰਦੇ ਦਸਤਾਵੇਜ਼ੀ ਫ਼ਿਲਮਸਾਜ਼ ਅਜੇ ਭਾਰਦਵਾਜ ਦੀਆਂ 1947 ਦੀ ਵੰਡ ਦੇ ਦਰਦ ਦੀਆਂ ਤੈਹਾਂ ਫਰੋਲਦੀਆਂ ਦੋ ਫਿਲਮਾਂ 'ਰੱਬਾ ਹੁਣ ਕੀ ਕਰੀਏ', ਤੇ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਦੀ ਸਕਰੀਨਿੰਗ ਤੋਂ ਬਾਅਦ ਵਿਚਾਰ ਚਰਚਾ ਕਰਵਾਈ ਜਾਵੇਗੀ।ਇਹ ਪ੍ਰੋਗਰਾਮ 21 ਅਪ੍ਰੈਲ ਦਿਨ ਐਤਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਦੁਪਿਹਰ 12 ਵਜੇ ਤੋਂ 5 ਵਜੇ ਤੱਕ ਕਰਵਾਇਆ ਜਾਵੇਗਾ।ਜਿਸ 'ਚ ਦੋਵਾਂ ਫਿਲਮਾਂ ਦੇ ਨਿਰਦੇਸ਼ਕ ਅਜੇ ਭਾਰਦਵਾਜ,ਦਿੱਲੀ ਦੇ ਮਸ਼ਹੂਰ ਨੌਜਵਾਨ ਫਿਲਮ ਆਲੋਚਕ ਮਿਹਿਰ ਪੰਡਿਆ ਤੇ ਜਾਣੇ-ਪਛਾਣੇ ਦਸਤਾਵੇਜ਼ੀ ਫਿਲਮਸਾਜ਼ ਤੇ ਸੀਨੀਅਰ ਪੱਤਰਕਾਰ ਦਲਜੀਤ ਅਮੀ ਬੁਲਾਰਿਆਂ ਦੇ ਤੌਰ 'ਤੇ ਹਿੱਸਾ ਲੈਣਗੇ।

ਦੱਸਣਯੋਗ ਹੈ ਕਿ ਅਜੇ ਭਾਦਰਵਾਜ ਨੇ ਆਪਣਾ ਫਿਲਮੀ ਸਫ਼ਰ ਦਸਤਾਵੇਜ਼ੀ ਫਿਲਮ 'ਇਕ ਮਿੰਟ ਕਾ ਮੌਨ' ਨਾਲ ਸ਼ੁਰੂ ਕੀਤਾ ਸੀ ਜੋ ਮਰਹੂਮ ਕਵੀ ਲਾਲ ਸਿੰਘ ਦਿਲ ਨੂੰ ਕੇਂਦਰ 'ਚ ਰੱਖ ਕੇ ਬਣਾਈ ਫਿਲਮ 'ਕਿਤੇ ਮਿਲ ਵੇ ਮਾਹੀ'(ਦਲਿਤ ਤੇ ਸੂਫ਼ੀਵਾਦ ਮੁੱਦਾ) ਤੋਂ ਹੁੰਦਿਆਂ 'ਰੱਬਾ ਹੁਣ ਕੀ ਕਰੀਏ' ਜ਼ਰੀਏ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਤੱਕ ਪੁੱਜਦਾ ਹੈ।ਇਨ੍ਹਾਂ ਫਿਲਮਾਂ 'ਤੇ ਬੋਲਣ ਵਾਲੇ ਦਿੱਲੀ ਯੂਨੀਵਰਸਿਟੀ ਦੇ ਨੌਜਵਾਨ ਫ਼ਿਲਮ ਆਲੋਚਕ ਮਿਹਿਰ ਪੰਡਿਆ ਲੰਮੇ ਸਮੇਂ ਤੋਂ ਫਿਲਮਾਂ 'ਤੇ ਬਹੁਤ ਡੂੰਘਾ ਤੇ ਸੂਖ਼ਮ ਕੰਮ ਕਰ ਰਹੇ ਹਨ। ਉਹ ਹਿੰਦੀ ਦੇ ਸਾਹਿਤਕ ਤੇ ਸਿਨੇਮਾਈ ਸਮਾਜ ਦੇ ਜਾਣੇ ਪਛਾਣੇ ਚਿਹਰੇ ਹਨ। ਹਿੰਦੀ ਦੇ ਮਸ਼ਹੂਰ ਸਾਹਿਤਕ ਰਸਾਲੇ 'ਕਥਾਦੇਸ਼' 'ਚ ਹਰ ਵਾਰ ਸਿਨੇਮਾ 'ਤੇ ਕਾਲਮ ਲਿਖ਼ਦੇ ਹਨ ਤੇ ਪਿੱਛੇ ਜਿਹੇ ਹੀ ਉਨ੍ਹਾਂ ਦੀ ਸਿਨੇਮੇ 'ਤੇ ਚਰਚਿਤ ਕਿਤਾਬ 'ਸ਼ਹਿਰ ਤੇ ਸਿਨੇਮਾ ਵਾਇਆ ਦਿੱਲੀ' ਆਈ ਹੈ। ਇਸੇ ਤਰ੍ਹਾਂ ਦਲਜੀਤ ਅਮੀ ਪੰਜਾਬੀ ਦੇ ਜਾਣੇ ਪਛਾਣੇ ਦਸਤਾਵੇਜ਼ੀ ਫ਼ਿਲਮਸਾਜ਼ ਹਨ।ਚੰਡੀਗੜ੍ਹ ਰਹਿ ਕੇ ਲੰਮੇ ਸਮੇਂ ਤੋਂ ਪੰਜਾਬ 'ਤੇ ਦਸਤਾਵੇਜ਼ੀ ਫਿਲਮਾਂ ਬਣਾ ਰਹੇ ਹਨ। ਉਨ੍ਹਾਂ ਦੀ ਮਹਿਲ ਕਲਾਂ ਕਿਰਨਜੀਤ ਕਾਂਡ 'ਤੇ ਬਣੀ ਫ਼ਿਲਮ 'ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ' ਕਾਫੀ ਚਰਚਾ 'ਚ ਰਹੀ ਸੀ। ਫ਼ਿਲਮੀ ਦੁਨੀਆ ਤੋਂ ਇਲਾਵਾ ਦਲਜੀਤ ਅਮੀ ਪੱਤਰਕਾਰੀ 'ਚ ਵੀ ਦਖ਼ਲ ਰੱਖਦੇ ਹਨ ਤੇ ਡੈਅ ਐਂਡ ਨਾਈਟ ਚੈਨਲ ਦੇ ਸਲਾਹਕਾਰ ਸੰਪਾਦਕ ਹਨ।


ਲੋਕ ਪਹਿਲਕਦਮੀ ਤਨਜ਼ੀਮ ਦੀ ਟੀਮ ਲੰਮੀ ਵਿਚਾਰ-ਚਰਚਾ ਤੋਂ ਬਾਅਦ ਇਸ ਸਿੱਟੇ 'ਤੇ ਪੁੱਜੀ ਕਿ ਅਜੇ ਭਾਰਦਵਾਜ ਦੀਆਂ ਫਿਲਮਾਂ ਦੇ ਜ਼ਰੀਏ 1947 ਵੰਡ ਦੀ ਨੂੰ ਹੋਰ ਡੂੰਘਾਈ ਨਾਲ ਦੇਖਿਆ,ਸਮਝਿਆ ਤੇ ਵਿਚਾਰਿਆ ਜਾਵੇ। 'ਲੋਕ ਪਲਿਕਦਮੀ' ਵਲੋਂ ਪਿਛਲੀ ਵਾਰ ਸਵੀਡਨ ਦੀ ਸਟਾਕਹੌਮ ਯੂਨੀਵਰਸਿਟੀ ਦੇ ਪ੍ਰੋਫੈਸਰ ਇਸ਼ਤਿਆਕ ਅਹਿਮਦ ਨੂੰ ਉਨ੍ਹਾਂ ਦੀ ਕਿਤਾਬ ' ਦਾ ਪੰਜਾਬ: ਬਲੱਡੀਡ,ਪਾਰਟੀਸ਼ਨਡ ਐਂਡ ਕਲੀਨਜ਼ਿਡ' 'ਤੇ ਭਾਸ਼ਨ ਲਈ ਬੁਲਾਇਆ ਗਿਆ ਸੀ ਤੇ ਤਨਜ਼ੀਮ ਨੂੰ ਬੁੱਧੀਜੀਵੀਆਂ,ਪੱਤਰਕਾਰਾਂ ਤੇ ਦੋਸਤਾਂ ਮਿੱਤਰਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਵਾਰ ਕਿਤਾਬਾਂ ਤੋਂ ਬਾਅਦ ਫਿਲਮਾਂ ਜ਼ਰੀਏ ਵੰਡ ਨੂੰ ਸਮਝਣ 
ਲਈ ਅਜੇ ਨੂੰ ਸੱਦਾ ਦਿੱਤਾ ਗਿਆ ਹੈ।ਸਾਨੂੰ ਲੱਗਦਾ ਲੱਗਾ ਹੈ ਕਿ ਫ਼ਿਲਮ ਇਕ ਅਜਿਹਾ ਮਾਧਿਅਮ ਹੈ ਜਿਸ ਜ਼ਰੀਏ ਲੋਕ ਆਪਣੇ ਆਪ ਨੂੰ ਰਿਲੇਟ ਕਰਕੇ ਚੀਜ਼ਾਂ ਨੂੰ ਮੁੜ ਪ੍ਰਭਾਸ਼ਤ ਕਰਦੇ ਹੋਏ ਨਵੇਂ ਸਿਰਿਓਂ ਫੜ੍ਹਦੇ-ਸਮਝਦੇ ਹਨ।ਇਸ ਬੈਠਕ 'ਚ ਤਨਜ਼ੀਮ ਦੇ ਲਈ ਇਕ ਸਤਰ 'ਤਾਂ ਕਿ ਕਾਫ਼ਲਾ ਰਵਾਂ-ਦਵਾਂ ਰਹੇ' ਵੀ ਘੜੀ ਗਈ। ਇਸ ਸਤਰ ਦੀ 'ਲੋਕ ਪਹਿਲਕਦਮੀ' ਨਾਲ ਜੁੜੀ ਹਰ ਚੀਜ਼ 'ਤੇ ਵਰਤੋਂ ਕੀਤੀ ਜਾਵੇਗੀ।

ਟੀਮ ਵਲੋਂ ਆਪਣਾ ਨਿਸ਼ਾਨਾ ਮੁੜ ਦੁਹਰਾਇਆ ਗਿਆ ਜਿਸ ਦੇ ਤਹਿਤ 'ਲੋਕ ਪਹਿਲਕਦਮੀ' ਜਮਹੂਰੀਅਤ ਨੁੰ ਹਰ ਥਾਂ 'ਸ਼ਬਦੀ ਅਡੰਬਰ' 'ਚੋਂ ਕੱਢ ਕੇ ਮਨੁੱਖ ਤੋਂ ਮਨੁੱਖ ਤੇ ਸਿਆਸਤ ਤੋਂ ਸਿਆਸਤ ਪ੍ਰਤੀ ਇਕ ਅਮਲੀ ਜਹਮੂਰੀ ਸਿਹਤਮੰਦ ਪਹੁੰਚ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਕਿ ਅਸੀਂ ਘੱਟੋ ਘੱਟੋ ਆਪਣੇ ਸੁਭਾਅ ਪੱਖੋਂ (ਜਿਸ 'ਤੇ ਸਟੇਟ ਨੇ ਪਾਬੰਦੀ ਨਹੀਂ ਲਗਾਈ) ਵੱਖਰੇ ਵਿਚਾਰ,ਵੱਖਰੇ ਸੁਭਾਅ ਤੇ ਵੱਖਰੀ ਸਿਆਸਤ ਵਾਲਿਆਂ ਪ੍ਰਤੀ ਜਮਹੂਰੀ ਪਹੁੰਚ ਅਪਣਾਈਏ ਤੇ ਸੋਚ ਤੋਂ ਵੱਖਰਾ ਸੁਣਨ,ਦੇਖਣ ਤੇ ਅਸਹਿਮਤੀ ਲਈ ਜਿਗਰਾ ਮਜ਼ਬੂਤ ਕਰੀਏ। ਸੰਵਾਦ ਹੀ ਮਸਲਿਆਂ ਦੀ ਮੰਜ਼ਲ ਹੈ। ਬੰਦੇ ਕਤਲ ਹੋ ਸਕਦੇ ਹਨ ਪਰ ਵਿਚਾਰਧਰਾਵਾਂ ਕਦੇ ਕਤਲ ਨਹੀਂ ਹੁੰਦੀਆਂ ਤੇ ਇਸੇ ਲਈ ਮੌਜੂਦਾ ਦੌਰ 'ਚ ਸਮਾਜ ਨੂੰ ਸਭ ਤੋਂ ਵੱਧ ਅਸਿਹਮਤੀ ਦੀ ਦਲੇਰੀ ਤੇ ਸਹਿਮਤੀ ਦੇ ਬਿਬੇਕ ਦੀ ਲੋੜ ਹੈ।

'ਲੋਕ ਪਹਿਲਕਦਮੀ' ਦੀ ਬੈਠਕ 'ਚ ਇਸ ਤੋਂ ਅਗਲੇ ਪ੍ਰੋਗਰਾਮ ਦੀ ਵੀ ਚਰਚਾ ਕੀਤੀ ਗਈ ਕਿ ਅਗਲੀ ਵਿਚਾਰ-ਚਰਚਾ ਮਸ਼ਹੂਰ ਚਿੰਤਕ ਪੈਰੀ ਐਂਡਰਸਨ ਦੀ ਕਿਤਾਬ 'ਦਾ ਇੰਡੀਅਨ ਅਡਿਓਲਿਜੀ' 'ਤੇ ਕਰਵਾਈ ਜਾ ਸਕਦੀ ਹੈ।ਇਸ ਸਬੰਧੀ ਪੰਜਾਬੀ ਲੇਖ਼ਕ ਤੇ ਤਰਜ਼ਮਾਕਾਰ ਬੂਟਾ ਸਿੰਘ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਪਰ ਇਸ ਫੈਸਲੇ 'ਤੇ ਤਨਜ਼ੀਮ ਦੀ ਅਗਲੀਆਂ ਬੈਠਕਾਂ 'ਚ ਸਾਂਝੀ ਸਹਿਮਤੀ ਮਿਲਣ ਤੋਂ ਬਾਅਦ ਹੀ ਮੋਹਰ ਲੱਗੇਗੀ।


'ਲੋਕ ਪਹਿਕਦਮੀ' ਦੀ ਇਸ ਬੈਠਕ 'ਚ ਨੈਨਇੰਦਰ ਸਿੰਘ,ਜਸਦੀਪ ਸਿੰਘ,ਕਪਿਲ ਦੇਵ ਤੇ ਯਾਦਵਿੰਦਰ ਕਰਫਿਊ ਹਾਜ਼ਰ ਸਨ।ਇਸ ਬੈਠਕ ਦੇ ਫੈਸਲੇ ਬਾਰੇ ਤਨਜ਼ੀਮ ਦੇ ਹੋਰ ਮੈਂਬਰਾਂ ਇਮਰਾਨ ਖਾਨ,ਪਰਮਜੀਤ ਕੱਟੂ,ਰਮਨਜੀਤ ਸਿੰਘ,ਗਗਨਦੀਪ ਸੋਹਲ,ਹਰਪ੍ਰੀਤ ਸਿੰਘ ਕਾਹਲੋਂ,ਅੰਮ੍ਰਿਤਪਾਲ ਸਿੰਘ ਪ੍ਰੀਤ, ਗੰਗਵੀਰ ਰਠੌੜ ਤੇ ਵੀਰਪਾਲ ਕੌਰ ਤੋਂ ਵੀ ਸਹਿਮਤੀ ਲਈ ਗਈ।


ਬੈਠਕ 'ਚ ਇਹ ਵੀ ਤੈਅ ਹੋਇਆ ਕਿ ਚੰਡੀਗੜ੍ਹ ਦੇ ਸਿੱਖਿਆ ਤੇ ਹੋਰ ਲੋਕ ਸਰਗਰਮੀ ਅਦਾਰਿਆਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਤਨਜ਼ੀਮ ਵਲੋਂ ਪ੍ਰੋਗਰਾਮ ਸਬੰਧੀ ਛਾਪੇ ਪੋਸਟਰ ਲਗਾਏ ਜਾਣਗੇ ਤਾਂ ਕਿ ਫ਼ਿਲਮਾਂ ਤੇ ਚਰਚਾ ਸਬੰਧੀ ਇਕ ਲੋਕ ਸੁਨੇਹਾ ਲੋਕਾਂ ਤੱਕ ਪੁੱਜ ਸਕੇ।ਪੰਜਾਬੀ ਯੂਨੀਵਰਸਿਟੀ ਦੀਆਂ ਵੱਖ ਵੱਖ ਥਾਵਾਂ 'ਤੇ ਲੋਕ ਸੁਨੇਹਾ ਪਹੁੰਚਾਉਣ ਦੀ ਜ਼ਿੰਮੇਵਾਰੀ ਪਰਮਜੀਤ ਕੱਟੂ ਤੇ ਅੰਮ੍ਰਿਤਪਾਲ ਸਿੰਘ ਪ੍ਰੀਤ ਨੇ ਚੁੱਕੀ ਹੈ।ਪੰਜਾਬ ਯੂਨੀਵਰਸਿਟੀ ਤੇ ਚੰਡੀਗੜ੍ਹ ਦੇ ਹੋਰ ਲੋਕ ਸਰਗਰਮੀ ਅਦਾਰਿਆਂ 'ਚ ਯਾਦਵਿੰਦਰ ਕਰਫਿਊ,ਜਸਦੀਪ ਸਿੰਘ ਤੇ ਕਪਿਲ ਦੇਵ ਪੋਸਟਰ ਚਿਪਕਾਉਣ ਦੀ ਸੇਵਾ ਨਿਭਾਉਣਗੇ।


ਵਲੋਂ: ਟੀਮ 'ਲੋਕ ਪਹਿਲਕਦਮੀ'---ਨੈਨਇੰਦਰ ਸਿੰਘ--98761-10958 ਜਸਦੀਪ ਸਿੰਘ----99886-38850 ਕਪਿਲ ਦੇਵ----98725-96106--ਅੰਮ੍ਰਿਤਪਾਲ ਸਿੰਘ ਪ੍ਰੀਤ--94179-43606


ਅਜੇ ਭਾਰਦਵਾਜ ਬਾਰੇ ਮੇਰੀਆਂ ਦੋ ਗੱਲਾਂ 

ਜੇ ਭਾਰਦਵਾਜ ਨੇ ਜਵਾਹਰ ਲਾਲ ਯੂਨੀਵਰਸਿਟੀ ਦਿੱਲੀ ਤੋਂ ਸਿਆਸਤ ਦੀ ਮਾਸਟਰ ਕੀਤੀ ਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਟੀ(ਦਿੱਲੀ) ਦੇ ਜਨ ਸੰਚਾਰ ਤੇ ਖੋਜ ਵਿਭਾਗ ਤੋਂ ਮੀਡੀਆ ਦਾ ਕੋਰਸ ਕੀਤਾ। 1984 ਤੋਂ 87 ਤੱਕ ਨੁੱਕੜ ਨਾਟਕਾਂ ਦੀ ਟੀਮ ‘ਅਵਹਾਨ ਨਾਟਿਯਾ ਮੰਚ'ਨਾਲ ਜੁੜੇ ਰਹੇ।ਲਗਭਗ ਅੱਧਾ ਦਹਾਕਾ ਐਨ ਡੀ ਟੀ ਟੀ,ਟੀ ਵੀ-18 ਆਦਿ ਨਾਲ ਵੀ ਕੰਮ ਕੀਤਾ। 1997 'ਚ ਪਹਿਲੀ ਦਸਤਾਵੇਜ਼ੀ ਫ਼ਿਲਮ ਆਇਸਾ ਜਥੇਬੰਦੀ ਦੇ ਉੱਘੇ ਆਗੂ ਚੰਦਰਸੇਖ਼ਰ ਦੇ ਵਹਿਸ਼ੀਆਨਾ ਕਤਲ ਦੇ ਖ਼ਿਲਾਫ ਚੱਲੀ ਵਿਦਿਆਰਥੀ ਲਹਿਰ ਬਾਰੇ 'ਏਕ ਮਿੰਟ ਕਾ ਮੌਨ' ਬਣਾਈ। 2005 'ਚ ਅਜੇ ਮਰਹੂਮ ਕਵੀ ਲਾਲ ਸਿੰਘ ਦਿਲ ਨੂੰ ਕੇਂਦਰ 'ਚ ਰੱਖ ਕੇ ਬਣਾਈ ਫ਼ਿਲਮ 'ਕਿਤੇ ਮਿਲ ਵੇ ਮਾਹੀ' ਜ਼ਰੀਏ ਆਪਣੀ ਧਰਤੀ ਵੱਲ ਮੁੜਦਾ ਹੈ। ਇਸ ਤੋਂ ਬਾਅਦ ਉਹ ਪੰਜਾਬ ਨੂੰ ਦੋ ਹੋਰ ਕਮਾਲ ਦੀਆਂ ਫ਼ਿਲਮਾਂ 'ਰੱਬਾ ਹੁਣ ਕੀ ਕਰੀਏ' ਤੇ 'ਮਿਲਾਂਗੇ ਬਾਬੇ ਰਤਨ ਦੇ ਮੇਲੇ 'ਤੇ' ਦਿੰਦਾ ਹੈ। ਅਜੇ ਦੀਆਂ ਫ਼ਿਲਮਾਂ ਮਨੁੱਖ 'ਚ ਵਕਤੀ ਗਰਮੀ ਪੈਦਾ ਨਹੀ ਕਰਦੀਆਂ ਬਲ ਕਿ ਮਨੁੱਖਤਾ,ਪਿਆਰ ਤੇ ਲੋਕਾਈ ਲਈ ਡੂੰਘੀ ਫਿਲਾਸਫੀਕਲ ਭੁੱਖ ਤੇ ਚਿਣਗ ਜਗਾਉਂਦੀਆਂ ਹਨ। ਇਹ ਫ਼ਿਲਮਾਂ ਜਿੱਥੇ ਮਨੁੱਖ ਨੂੰ ਉਸਦੀਆਂ ਆਰਗੈਨਿਕ/ਕੁਦਰਤੀ ਜੜ੍ਹਾਂ ਨਾਲ ਜੋੜਦੀਆਂ ਹਨ,ਓਥੇ ਹੀ ਕਲਾਤਮਕ ਕੰਮ ਬੇਹੱਦ ਬਾ-ਕਮਾਲ ਹੈ। ਫਿਲਮਾਂ ਦੇ ਕਈ ਦ੍ਰਿਸ਼ ਵੇਖਦਿਆਂ ਲੱਗਦਾ ਹੈ ਕਿ ਅਸੀਂ ਕੋਈ ਦਸਤਾਵੇਜ਼ੀ ਫ਼ਿਲਮ ਨਹੀਂ ਕੋਈ ਕਲਾਤਮਕ ਫਿਕਸ਼ਨ ਫਿਲਮ ਦੇਖ ਰਹੇ ਹਾਂ।

ਅਜੇ ਸਾਡੇ ਸਮਿਆਂ ਦਾ ਬੇਹਤਰੀਨ ਫ਼ਿਲਮਸਾਜ਼ ਹੈ,ਪਰ ਪੰਜਾਬੀਆਂ ਦੀ ਤਰਾਸਦੀ ਇਹ ਹੈ ਕਿ ਅਸੀਂ ਇਕੱਲੇ 'ਅਜੇ ਭਾਦਰਵਾਜ' ਨੂੰ ਹੀ ਨਹੀਂ ਬਲ ਕਿ ਬਹੁਤ ਸਾਰੇ ਸੱਭਿਆਚਾਰ ਕਾਮਿਆਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ। ਪੰਜਾਬ ਦੇ ਸਿਆਸੀ-ਸੱਭਿਆਚਾਰਕ ਫਰੰਟਾਂ 'ਤੇ ਝੁੰਡਵਾਦੀ ਕਬੀਲਾਈ ਮਾਨਸਿਕਤਾ ਵਾਲੇ ਘੜੰਮ ਚੌਧਰੀਆਂ ਦੀ ਧੜੇਬੰਦ ਸਿਆਸਤ ਭਾਰੂ ਰਹੀ ਹੈ ਤੇ ਹੁਣ ਵੀ ਨਵੀਂ ਪੀੜ੍ਹੀ ਦੇ ਬਹੁਤ ਸਾਰੇ ਘੜੰਮ ਚੌਧਰੀ ਆਪਣੇ ਪੁਰਖਿਆਂ ਦੀ ਲੋਕ-ਮਾਰੂ ਧੜੇਬੰਦ ਵਿਰਾਸਤ ਦਾ ਪੱਲਾ ਫੜ੍ਹ ਕੇ ਬਿਮਾਰ ਪੰਜਾਬ ਦਾ ਹੋਰ ਬੇੜਾ ਗਰਕ ਕਰਨ ਤੁਰੇ ਹੋਏ ਹਨ। ਰੌਚਿਕ ਗੱਲ ਇਹ ਹੈ ਕਿ ਜਿਹੜੀ ਸਿਆਸਤ ਤੇ ਸਿਆਸੀ ਪਹੁੰਚ ਨੂੰ ਉਹ ਵਾਰ ਵਾਰ ਗਾਲ੍ਹਾਂ ਕੱਢਦੇ ਹਨ ਆਪ ਵੀ ਸ਼ਬਦੀ ਨਹੀਂ ਅਮਲੀ ਤੌਰ 'ਤੇ ਦੂਜੇ ਪ੍ਰਤੀ ਉਹੀ ਪਹੁੰਚ ਰੱਖਦੇ ਹਨ।  ਸ਼ਾਇਦ ਇਹੀ ਕਾਰਨ ਹੈ ਕਿ ਪਿਛਲੇ ਲੱਗਭਗ ਤਿੰਨ ਦਹਾਕਿਆਂ ਤੋਂ ਪੰਜਾਬ ਦੀ ਸਿਆਸੀ,ਸਮਾਜਿਕ ਤੇ ਸੱਭਿਆਰਚਾਕ ਖੜੋਤ ਟੁੱਟਣ ਦਾ ਨਾਂਅ ਨਹੀਂ ਲੈ ਰਹੀ ਹੈ। ਜਿਸਦੇ ਜਵਾਬ ਇਤਿਹਾਸ ਆਉਣ ਵਾਲੀਆਂ ਪੀੜ੍ਹੀਆਂ ਤੋਂ ਜ਼ਰੂਰ ਮੰਗੇਗਾ।


'ਲੋਕ ਪਹਿਕਦਮੀ' ਅਜਿਹੀਆਂ 'ਇਤਿਹਾਸਕ ਗਲਤੀਆਂ'  ਦੀ ਜ਼ਿੰਮੇਵਾਰੀ ਚੁੱਕਦੇ ਹੋਏ ਪਾੜਾਂ ਨੂੰ ਭਰਨ ਦੀ ਨਿੱਕੀ ਜਿਹੀ ਕੋਸ਼ਿਸ਼ ਕਰ ਰਹੀ ਹੈ,ਉਮੀਦ ਹੈ ਕਿ ਪੰਜਾਬ 'ਝੁੰਡਵਾਦੀ ਧੜੇਬੰਦ ਘੜੰਮ ਚੌਧਰੀ' ਸਿਆਸਤ 'ਚੋਂ ਨਿਕਲ ਕੇ ਭਵਿੱਖ ਵੱਲ ਨਵੀਆਂ ਪੁਲਾਘਾਂ ਪੁੱਟੇਗਾ।


ਯਾਦਵਿੰਦਰ ਕਰਫਿਊ

1 comment: