ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, November 15, 2009

ਇਕ ਬੱਬੂ ਮਾਨ ਹੈ,ਜੀਹਨੇ ਬਾਬਿਆਂ ਨੂੰ ਭਾਜੜ ਪਾਤੀ

ਬੱਬੂ ਮਾਨ ਪੰਜਾਬੀ ਗਾਇਕੀ ਦਾ ਪ੍ਰਤੀਭਾਵਾਨ ਹਸਤਾਖ਼ਰ ਹੈ। ਓਸ ਦੀ ਲੇਖਣੀ ਵਿਚ ਦਮ ਹੈ ਤੇ ਗਾਉਂਦਾ ਵੀ ਚੰਗਾ ਹੈ। ਉਂਜ ਉਹ ਜਦੋਂ ਤੋਂ ਇਸ ਖੇਤਰ ਵਿਚ ਆਇਆ ਹੈ, ਕਈ ਤਰ੍ਹਾਂ ਦੇ ਚਰਚੇ ਓਸੇ ਦੁਆਲੇ ਘੁੰਮਦੇ ਰਹੇ ਹਨ। ਕਦੇ ਉਹਦੀ ਜ਼ਿੰਦਗੀ ਦੇ ਢੰਗ, ਬੋਲ-ਚਾਲ, ਖਾਣ ਪੀਣ, ਰਹਿਣ ਸਹਿਣ 'ਤੇ ਟਿੱਪਣੀਆਂ ਹੁੰਦੀਆਂ ਰਹੀਆਂ ਹਨ, ਮੀਡੀਆ ਨਾਲ ਉਹਦਾ ਇਟ ਖੜੱਕਾ ਹਮੇਸ਼ਾ ਰਿਹਾ ਹੈ, ਕਦੇ ਉਹਦੇ ਗੀਤਾਂ ਦੇ ਬੋਲ ਚਰਚਾ ਦਾ ਵਿਸ਼ਾ ਬਣਦੇ ਹਨ। ਪਿੰਡ ਪਹਿਰਾ ਲਗਦਾ, ਪਿਛਲੀ ਗਲੀ ਵਿਚ ਆਜਾ, ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜ੍ਹਨੀ ਤੇ ਕਬਜਾ ਲੈਣਾ ਵਰਗੇ ਉਹਦੇ ਗੀਤ ਸੱਚਮੁੱਚ ਸਵੀਕਾਰਨਯੋਗ ਨਹੀਂ ਹਨ। ਪਰ ਇਹਦੇ ਬਾਵਜੂਦ ਪਿਛਲੇ ਕੁੱਝ ਅਰਸੇ ਤੋਂ ਬੱਬੂ ਮਾਨ ਨੇ ਸਾਡੇ ਸਮੁੱਚੇ ਪ੍ਰਬੰਧ ਦੀਆਂ ਖਾਮੀਆਂ, ਸਮਾਜਿਕ ਬੁਰਾਈਆਂ ਨੂੰ ਜਿਸ ਤਰ੍ਹਾਂ ਆਪਣੇ ਗੀਤਾਂ ਦਾ ਵਿਸ਼ਾ ਬਣਾਇਆ ਹੈ, ਬੱਬੂ ਦੀ ਤਾਰੀਫ ਹੋਈ ਹੈ। ਜੱਟ ਦੀ ਜੂਨ ਬੁਰੀ, ਉੱਚੀਆਂ ਇਮਾਰਤਾਂ, ਆਸ਼ਕਾਂ ਦੀ ਲਾਈਨ ਵਰਗੇ ਗੀਤਾਂ ਨਾਲ ਬੱਬੂ ਮਾਨ ਸਵੀਕਾਰਿਆ ਜਾਣ ਲੱਗਾ।
ਹੁਣ ਉਹਦੀ ਤਾਜ਼ਾ ਕੈਸੇਟ 'ਸਿੰਘ ਇਜ਼ ਬੈਟਰ ਦੈਨ ਕਿੰਗ' ਆਈ ਤਾਂ ਬੱਬੂ ਮਾਨ ਇੱਕ ਦਮ ਸੁਰਖ਼ੀਆਂ ਵਿਚ ਆ ਗਿਆ। ਇਸ ਕੈਸੇਟ ਵਿਚ ਬੁੱਬੂ ਨੇ ਬਹੁਤ ਹੀ ਸੰਵੇਦਨਸ਼ੀਲ ਵਿਸ਼ਿਆਂ ਨੂੰ ਬੜੇ ਹੀ ਬੇਬਾਕ ਲਹਿਜ਼ੇ ਵਿਚ ਛੋਹਿਆ ਹੈ। ਪਰ ਜਿਸ ਗੀਤ ਨੇ ਹਰ ਪਾਸੇ ਚਰਚਾ ਛੇੜੀ ਹੈ, ਉਹ ਹੈ, 'ਇੱਕ ਬਾਬਾ ਨਾਨਕ ਸੀ'। ਬੱਬੂ ਨੇ ਇਸ ਗੀਤ ਰਾਹੀਂ ਪੰਜਾਬ ਅੰਦਰ ਫੈਲੇ ਬਾਬਾਵਾਦ ਅਤੇ ਬਾਬਿਆਂ ਦੀਆਂ ਮਨਮਾਨੀਆਂ ਤੇ ਐਸ਼ ਪ੍ਰਸਤੀ ਨੂੰ ਬੇਪਰਦ ਕੀਤਾ ਹੈ। ਭਾਵੇਂ ਬੱਬੂ ਨੇ ਇਸ ਗੀਤ ਵਿਚ ਕਿਸੇ ਬਾਬੇ ਦਾ ਸਿੱਧੇ ਤੌਰ 'ਤੇ ਨਾਂਅ ਨਹੀਂ ਲਿਆ ਪਰ ਬਾਬਿਆਂ ਦਾ ਭੜਕਣਾ ਯਕੀਨੀ ਸੀ ਤੇ ਉਹ ਬੁਰੀ ਤਰ੍ਹਾਂ ਭੜਕੇ ਹਨ।

ਦੋ ਬਾਬਿਆਂ ਨੇ ਬੜੇ ਤਿੱਖੇ ਪਰ ਗੈਰ ਮਿਆਰੀ, ਘਟੀਆ ਸ਼ਬਦਾਵਲੀ ਵਿਚ ਆਪਣੇ ਪ੍ਰਤੀਕਰਮ ਜ਼ਾਹਿਰ ਕੀਤੇ ਹਨ। ਭੜਕੇ 'ਬਾਬਿਆਂ' ਵਿਚ ਪਹਿਲਾ ਨਾਂਅ ਹੈ 'ਸੰਤ' ਰਣਜੀਤ ਸਿੰਘ ਢੱਡਰੀਆਂ ਵਾਲਾ ਤੇ ਦੂਜਾ ਹੈ ਕੋਈ ਤਰਸੇਮ ਸਿੰਘ ਮੋਰਾਂਵਾਲੀ। ਦੋਏਂ ਬਾਬਿਆਂ ਨੇ ਜਿਸ ਤਰ੍ਹਾਂ ਦਾ ਪ੍ਰਤੀਕਰਮ ਪ੍ਰਗਟ ਕੀਤਾ ਹੈ, ਓਸ ਨਾਲ ਉਨ੍ਹਾਂ ਨੇ ਇਹ ਸਾਬਿਤ ਕਰ ਦਿੱਤਾ ਹੈ, ਕਿ ਹੋਰਾਂ ਨੂੰ ਗੁਰਮਤਿ ਦਾ ਪਾਠ ਪੜ੍ਹਾਉਣ ਵਾਲੇ ਇਨ੍ਹਾਂ ਮਹਾਨ ਪ੍ਰਚਾਰਕਾਂ ਨੇ ਆਪ ਕੁੱਝ ਨਹੀਂ ਸਿੱਖਿਆ। ਦੋਆਂ ਦੇ ਬੋਲਣ ਦਾ ਲਹਿਜ਼ਾ ਸੰਤਾਂ ਵਾਲਾ ਨਹੀਂ। ਢੱਡਰੀਆਂ ਵਾਲੇ ਦੀ ਦਲੀਲ ਦੇਖੋ ; ਉਹ ਕਹਿੰਦਾ ਹੈ, ਸੰਗਤਾਂ ਮਹਿੰਗੀਆਂ ਗੱਡੀਆਂ 'ਤੇ ਆਵੇ ਤੇ ਪ੍ਰਚਾਰਕ ਤੁਰ ਕੇ ਜਾਣ? ਯਾਨੀ ਪ੍ਰਚਾਰ ਕਰਨੇ ਗਏ ਇਸ ਬਾਬੇ ਦੀ ਨਜ਼ਰ ਸੰਗਤਾਂ ਦੀਆਂ ਗੱਡੀਆਂ ਵੱਲ ਰਹਿੰਦੀ ਹੈ। ਤਰਸੇਮ ਦਾ ਕਹਿਣਾ ਹੈ 'ਪ੍ਰਚਾਰਕਾਂ ਦੀ ਚੜ੍ਹਤੇ 'ਤੇ ਕੁੱਝ ਲੋਕ ਮੱਚਦੇ ਹਨ, ਉਹ ਚਾਹੁੰਦੇ ਹਨ ਕਿ ਗੁਰਮਤਿ ਦੇ ਪ੍ਰਚਾਰਕ ਮੰਗ ਕੇ ਖਾਣ।' ਉਹ ਅੱਗੇ ਚੱਲ ਕੇ ਬੱਬੂ ਮਾਨ ਨੂੰ ਸੜਿਆ ਜਿਹਾ ਗਾਉਣ ਵਾਲਾ, ਸਮੈਕੀਆ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਲਕਬਾਂ ਨਾਲ ਨਿਵਾਜ਼ਦਾ ਹੈ। ਜੋ ਵੀ ਹੈ, ਬੱਬੂ ਮਾਨ ਦੇ ਇਸ ਗੀਤ ਤੋਂ ਬਾਅਦ ਆਮ ਲੋਕ ਸੋਚਣ ਲੱਗੇ ਹਨ। ਵੱਖ ਵੱਖ ਸਾਈਟਾਂ, ਕਮਿਊਨਟੀਆਂ 'ਤੇ ਲੋਕਾਂ ਨੇ ਬਾਬਿਆਂ ਖਿਲਾਫ ਖੁੱਲ੍ਹ ਕੇ ਭੜ੍ਹਾਸ ਕੱਢੀ ਹੈ। ਸੱਚ ਪੁੱਛੋ ਤਾਂ ਸ਼ਰੇਆਮ ਗਾਲ੍ਹਾਂ ਕੱਢੀਆਂ ਹਨ।

ਅਨੇਕ ਅਜਿਹੀਆਂ ਵੀਡੀਓਜ਼ ਸਾਹਮਣੇ ਆ ਗਈਆਂ ਹਨ ਜਿਹੜੀਆਂ ਇਨ੍ਹਾਂ ਬਾਬਿਆਂ ਦੇ ਅਸਲ ਰੂਪ ਪੇਸ਼ ਕਰਦੀਆਂ ਹਨ। ਬੱਬੂ ਮਾਨ ਨੇ ਆਪਣੇ ਇਸ ਗੀਤ ਵਿਚ ਬਾਬਿਆਂ ਨੂੰ ਪੈਦਲ ਚੱਲਣ ਲਈ ਨਹੀਂ ਕਿਹਾ। ਉਸ ਨੇ ਸਿਫਰ ਇਨ੍ਹਾਂ ਵੱਲੋਂ 40-45 ਲੱਖ ਦੀ ਕੀਮਤ ਵਾਲੀਆਂ ਵਾਲੀਆਂ ਗੱਡੀਆਂ ਵਰਤਣ ਤੇ ਫੇਰ ਉਨ੍ਹਾਂ 'ਤੇ ਕਾਨੂੰਨੀ ਉਲੰਘਣਾ ਕਰਕੇ ਲਾਲ ਬੱਤੀ ਲਾਉਣ 'ਤੇ ਹੀ ਕਿੰਤੂ ਕੀਤਾ ਹੈ, ਜੋ ਬਿਲਕੁਲ ਜਾਇਜ਼ ਹੈ। ਪਰ ਲੋਕਾਂ ਨੂੰ ਸ਼ਾਂਤੀ ਪ੍ਰੇਮ, ਪਿਆਰ, ਭਾਈਚਾਰੇ ਦਾ ਪਾਠ ਪੜ੍ਹਾਉਣ ਵਾਲੇ ਬਾਬੇ ਬੱਬੂ ਦੇ ਗਾਣੇ ਤੋਂ ਬੁਰੀ ਤਰ੍ਹਾਂ ਕਲਪ ਉੱਠੇ ਹਨ। ਉਹ ਆਪਣੇ ਦੀਵਾਨਾਂ ਹੁਣ ਗੁਰਮਤਿ ਦਾ ਪ੍ਰਚਾਰ ਘੱਟ ਤੇ ਬੱਬੂ ਮਾਨ ਦੀ ਨਿਖੇਧੀ ਜ਼ਿਆਦਾ ਕਰਦੇ ਹਨ। ਆਸ ਹੈ ਬੱਬੂ ਮਾਨ ਆਪਣੀ ਇਸ ਨਵੀਂ ਪਿਰਤ ਨੂੰ ਕਾਇਮ ਰੱਖੇਗਾ ਤੇ ਪਿਛਲੇ ਸਮੇਂ 'ਚ ਗਾਏ ਕੁੱਝ ਗਲਤ ਗੀਤਾਂ ਨੂੰ ਫੇਰ ਨਹੀਂ ਦੁਹਰਾਵੇਗਾ। ਅਜੋਕੇ ਦੌਰ ਵਿਚ ਸਾਨੂੰ ਸੱਚਮੁੱਚ ਹੀ ਉਸ ਕਿਸਮ ਦੀ ਦਲੇਰੀ ਦੀ ਲੋੜ ਹੈ ਜਿਹੜੀ ਬੱਬੂ ਮਾਨ ਨੇ ਦਿਖਾਈ ਹੈ। ਬੱਬੂ ਦੇ ਪਿਛਲੇ ਕੁੱਝ ਗਾਣਿਆਂ 'ਤੇ ਸਖ਼ਤ ਇਤਰਾਜ਼ ਹੁੰਦਿਆਂ ਵੀ, ਅਸੀਂ ਓਸ ਦੀ ਇਸ ਨਵੀਂ ਕੋਸ਼ਿਸ਼ ਨੂੰ ਖੁੱਲ੍ਹੇ ਦਿਲ ਨਾਲ ਜੀ ਆਇਆਂ ਆਖਦੇ ਹਾਂ ਤੇ 'ਬੱਬੂ-ਬਾਬਾ ਵਿਵਾਦ' ਵਿਚ ਬੱਬੂ ਦੇ ਨਾਲ ਹਾਂ।
ਬਲੌਗ ਪਰਵਾਜ਼ ਤੋਂ ਧੰਨਵਾਦ ਸਹਿਤ
-ਹਰਮੇਲ ਪਰੀਤ

Saturday, November 14, 2009

ਪੰਜਾਬ ਦੀ ਨਬਜ਼ ‘ਤੇ ਹੱਥ ਧਰਦਾ ਬੱਬੂ ਮਾਨ

ਪੰਜਾਬ ਦਾ ਨੌਜਵਾਨ ਗਾਇਕ ਬੱਬੂ ਮਾਨ ਇਕ ਵਾਰ ਫਿਰ ਆਪਣੀ ਨਿਵੇਕਲੀ ਅਤੇ ਵਿਲੱਖਣ ਕਿਸਮ ਦੀ ਗਾਇਕੀ ਨਾਲ ਪੰਜਾਬੀਆਂ ਦੇ ਪਿੜ ਵਿਚ ਹਾਜ਼ਰ ਹੈ। ਚਾਰ ਸਾਲ ਦੇ ਵਕਫੇ ਤੋਂ ਬਾਅਦ ਆਪਣੇ ਹੱਥੀਂ ਲਿਖੇ ਅਤੇ ਆਪਣੇ ਹੀ ਸੰਗੀਤ ਨਾਲ ਸੰਵਾਰੇ ਬਹੁਤ ਹੀ ਗੰਭੀਰ ਕਿਸਮ ਦੇ ਗੀਤਾਂ ਨਾਲ ਬੱਬੂ ਮਾਨ ਨੇ ਪੰਜਾਬੀ ਗਾਇਕੀ ਦੇ ਪਿੜ ਵਿਚ ਆਪਣੀ ਵਿਲੱਖਣ ਥਾਂ ਬਣਾ ਲਈ ਹੈ। ਪੰਜਾਬੀ ਗਾਇਕੀ ਦਾ ਜੋ ਰੁਝਾਨ ਚੱਲ ਰਿਹਾ ਹੈ ਉਸ ਵਿਚ ਕਿਸੇ ਵੀ ਥਾਂ ੱਤੇ ਕਿਸੇ ਗੰਭੀਰ ਸੋਚ, ਸਹਿਜ ਜਾਂ ਸੰਦੇਸ਼ ਦਾ ਝਲਕਾਰਾ ਨਹੀਂ ਮਿਲਦਾ। ਗੁਰਦਾਸ ਮਾਨ ਨੇ ਆਪਣੇ ਕੁਝ ਗੀਤਾਂ ਵਿਚ ਮਨੁੱਖੀ ਸੁਭਾਅ ਅਤੇ ਫਿਤਰਤ ਬਾਰੇ ਸਮਾਜਕ ਟਿੱਪਣੀਆਂ ਕੀਤੀਆਂ ਹਨ ਪਰ ਪੰਜਾਬ ਅਤੇ ਸਿੱਖ ਵਿਰਸੇ ਬਾਰੇ ਉਸ ਗੀਤਾਂ ਵਿਚੋਂ ਕੁਝ ਵੀ ਅਜਿਹਾ ਨਹੀਂ ਮਿਲਦਾ ਜਿਸ ਤੋਂ ਇਹ ਝਲਕਾਰਾ ਮਿਲਦਾ ਹੋਵੇ ਕਿ ਗੁਰਦਾਸ ਮਾਨ ਦਾ ਪੰਜਾਬ ਵਿਚ ਰਹਿ ਰਹੇ ਸਿੱਖਾਂ ਨਾਲ, ਉਨ੍ਹਾਂ ਦੇ ਜੀਵਨ ਨਾਲ ਜਾਂ ਉਨ੍ਹਾਂ ਦੇ ਸੰਘਰਸ਼ ਨਾਲ ਕੋਈ ਗਹਿਰਾ ਲਗਾਅ ਹੈ। ਬਾਕੀ ਦੇ ਪੰਜਾਬੀ ਗਾਇਕ ਤਾਂ ਸਿਰਫ ਭੰਗੜਾ ਪਾਉਣ ਵਾਲੇ ਚੱਕ ਵਿਚ ਹੀ ਰੁਝੇ ਹੋਏ ਹਨ।

ਬੱਬੂ ਮਾਨ ਨੇ ਸੱਭਿਆਚਾਰਕ ਗੀਤਾਂ ਵਿੱਚ ਵੀ ਲੀਹ ਤੋਂ ਹਟਵੇਂ ਗੀਤ ਲਿਖ ਕੇ ਆਪਣੀ ਗੀਤਕਾਰੀ ਦਾ ਸਿੱਕਾ ਮਨਵਾਇਆ ਸੀ ਅਤੇ ਹੁਣ ‘ਸਿੰਘ ਬੈਟਰ ਦੈਨ ਕਿੰਗੱ ਨਾਮੀ ਕੈਸਟ ਰਾਹੀਂ ਉਸ ਨੇ ਖਾਲਸਾ ਪੰਥ ਦੇ ਉਸ ਦਰਦ ਨੂੰ ਬੋਲ ਦਿੱਤੇ ਹਨ ਜਿਸ ਨੂੰ ਕੌਮ ਦਾ ਵੱਡਾ ਹਿੱਸਾ ਆਪਣੇ ਸੀਨੇ ਵਿੱਚ ਛੁਪਾਈ ਬੈਠਾ ਹੈ। ਸਥਾਪਤੀ ਦੇ ਉਚੇ ਡੰਡੇ ਤੇ ਬੈਠੇ ਬੱਬੂ ਮਾਨ ਵੱਲੋਂ ਇਸ ਮੁਕਾਮ ਤੇ ਪਹੁੰਚ ਕੇ ਵੀ ਪੰਜਾਬ ਲਈ ਸ਼ਹਾਦਤਾਂ ਪਾ ਗਏ ਸਿੱਖ ਨੌਜਵਾਨਾਂ ਦੇ ਦਰਦ ਦੀ ਗੱਲ ਕਰਨੀ ਆਪਣੇ ਆਪ ਵਿੱਚ ਇਕ ਵੱਡੀ ਗੱਲ ਹੈ।

ਦਾਅਵਿਆਂ ਦੀ ਦੌੜ ਵਿੱਚ ਪੰਜਾਬ ਪਿੱਛੇ ਰਹਿ ਗਿਆ
ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ
ਦੇਸ਼ ਦੀ ਆਜ਼ਾਦੀ ਕੱਲਾ ਗਾਂਧੀ ਕਿਵੇਂ ਲੈ ਗਿਆ
ਗਦਰੀ ਬਾਬਿਆਂ ਦਾ ਕਿਵੇਂ ਗਦਰ ਭੁਲਾਵਾਂ ਮੈਂ
ਝੂਠੇ ਇਤਿਹਾਸ ਉੱਤੇ ਮੋਹਰ ਕਿਵੇਂ ਲਾਵਾਂ ਮੈਂ

ਨਿਰਸੰਦੇਹ ਬੱਬੂ ਮਾਨ ਦਾ ਇਹ ਗੀਤ ਉਸ ਦੇ ਸਿੱਖ ਵਿਰਸੇ ਨਾਲ ਗੂੜ੍ਹੀ ਤਰ੍ਹਾਂ ਜੁੜੇ ਹੋਣ ਅਤੇ ਪੰਜਾਬ ਨਾਲ ਹੋਈਆਂ ਸਿਆਸੀ ਬੇਈਮਾਨੀਆਂ ਦੀ ਸਪਸ਼ਟ ਬਾਤ ਪਾਉਂਦਾ ਹੈ। ਪੰਜਾਬੀ ਦਾ ਕੋਈ ਵੀ ਗਾਇਕ ਅੱਜ ਤੱਕ ਇਹ ਸਪੱਸ਼ਟ ਲਕੀਰ ਮਾਰ ਕੇ ਨਹੀਂ ਤੁਰ ਸਕਿਆ। ਭਾਰਤੀ ਸਟੇਟ ਨਾਲ ਪੰਜਾਬ ਦੇ ਰਿਸ਼ਤੇ ਬਾਰੇ ਅਤੇ ਪੰਜਾਬ ਨਾਲ ਹੋਈਆਂ ਵਧੀਕੀਆਂ ਬਾਰੇ ਕਿਸੇ ਪੰਜਾਬੀ ਗਾਇਕ ਦਾ ਏਨਾ ਸਪੱਸ਼ਟ ਸਟੈਂਡ ਲੈਣ ਦੀ ਇਹ ਸ਼ਾਇਦ ਪਹਿਲੀ ਘਟਨਾ ਹੈ। ਵਰਨਾ ਪੰਜਾਬੀ ਗਾਇਕੀ ਸਿਰਫ ਗਿੱਦੜ ਟਪੂਸੀਆਂ ਮਾਰਨ ਦਾ ਨਾਂ ਬਣਕੇ ਹੀ ਰਹਿ ਗਈ ਹੈ। ਕਰਮ ਚੰਦ ਗਾਂਧੀ ਦੇ ‘ਮਹਾਤਮਾੱ ਬਣ ਜਾਣ ਦਾ ਦਰਦ ਬੱਬੂ ਮਾਨ ਨੇ ਉਸੇ ਤਰ੍ਹਾਂ ਮਹਿਸੂਸ ਕੀਤਾ ਹੈ ਜਿਵੇਂ ਖਾਲਸਾਈ ਸਭਿਆਚਾਰ ਨਾਲ ਜੁੜਿਆ ਹੋਇਆ ਕੋਈ ਆਮ ਸਿੱਖ ਮਹਿਸੂਸ ਕਰਦਾ ਹੈ। ਇਸੇ ਤਰ੍ਹਾਂ ਕਰਤਾਰ ਸਿੰਘ ਸਰਾਭਾ ਅਤੇ ਸਿੱਖੀ ਨਾਲ ਜੁੜੇ ਹੋਏ ਅੰਮ੍ਰਿਤਧਾਰੀ ਗਦਰੀ ਬਾਬਿਆਂ ਦੀ ਅਦੁੱਤੀ ਸ਼ਹੀਦੀ ਦੇ ਮੁਕਾਬਲੇ ਭਾਰਤ ਦੀ ਬਹੁਗਿਣਤੀ ਵੱਲੋਂ ਸਿਰਫ ਭਗਤ ਸਿੰਘ ਨੂੰ ਅਪਨਾ ਕੇ ਇੱਕੋ ਇੱਕ ਹੀਰੋ ਵੱਜੋਂ ਪੇਸ਼ ਕਰਨ ਪਿੱਛੇ ਕੰਮ ਕਰਦੀ ਗੰਦੀ ਰਾਜਨੀਤੀ ਨੂੰ ਵੀ ਬੱਬੂ ਮਾਨ ਦੀ ਅੱਖ ਸਪੱਸ਼ਟ ਦੇਖ ਰਹੀ ਹੈ।
ਇਸੇ ਤਰ੍ਹਾਂ ਖੁਦਕੁਸ਼ੀਆਂ ਕਰ ਰਹੀ ਪੰਜਾਬ ਦੀ ਕਿਸਾਨੀ ਨਾਲ ਸੈਂਟਰ ਸਰਕਾਰ ਦੇ ਧੱਕੇ ਦੀ ਗੱਲ ਕਰਦਿਆਂ ਬੱਬੂ ਮਾਨ ਸਪੱਸ਼ਟ ਰੂਪ ਵਿਚ ਖਾਲਸਾਈ ਸਭਿਆਚਾਰ ਨਾਲ ਜਾ ਖੜ੍ਹਦਾ ਹੈ।
ਪ੍ਰਸਿੱਧ ਪੱਤਰਕਾਰ ਅਤੇ ਗੀਤਕਾਰ ਸ਼ਮਸ਼ੇਰ ਸੰਧੂ ਨੇ ਬੱਬੂ ਮਾਨ ਨੂੰ ਇਸ ਦਹਾਕੇ ਦੀ ਪੰਜਾਬੀ ਗਾਇਕੀ ਦਾ ਸੁਭਾਗ ਆਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਬੂ ਮਾਨ ਦੀ ਗਾਇਕੀ ਵਿਚ ਇਕ ਸਹਿਜ, ਸਥਿਰਤਾ ਅਤੇ ਸੁਨੇਹਾ ਮੌਜੂਦ ਹੈ ਇਸੇ ਲਈ ਉਹ ਭੀੜ ਵਿੱਚ ਨਹੀਂ ਗੁਆਚਿਆ। ਵਾਕਿਆ ਹੀ ਸਿੱਖ ਸ਼ਹੀਦਾਂ ਦੇ ਲਹੂ ਨਾਲ ਰੰਗੀ ਹੋਈ ਘਰਤੀ ਤੇ ਜੰਮਿਆ ਪਲਿਆ ਬੱਬੂ ਮਾਨ ਭੀੜ ਤੋਂ ਹਟਕੇ ਚੱਲਣ ਦੀ ਕੋਸ਼ਿਸ ਕਰ ਰਿਹਾ ਪ੍ਰਤੀਤ ਹੋ ਰਿਹਾ ਹੈ।
‘ਸਿੰਘ ਬੈਟਰ ਦੈਨ ਕਿੰਗੱ ਵਿੱਚ ਉਸ ਨੇ ਜਿੱਥੇ ਆਪਣੀ ਗਾਇਕੀ ਅਤੇ ਗੀਤਕਾਰੀ ਦਾ ਲੋਹਾ ਮਨਵਾਇਆ ਹੈ ਉਥੇ ਉਸ ਨੇ ਇਸ ਕੈਸਟ ਰਾਹੀਂ ਆਪਣੀ ਨਿਖਰੀ ਹੋਈ ਸਿਆਸੀ ਸੂਝ ਦਾ ਵੀ ਬੇਖੌਫ ਮੁਜਾਹਰਾ ਕੀਤਾ ਹੈ :
ਇੱਕ ਬਾਬਾ ਨਾਨਕ ਸੀ ਜੀਹਨੇ ਤੁਰ ਕੇ ਦੁਨੀਆਂ ਗਾਹਤੀ
ਇੱਕ ਅੱਜ ਦੇ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ...


ਬਹੁਤ ਹੀ ਟਿਕਾਅ ਅਤੇ ਸਹਿਜ ਵਿੱਚ ਗਾਏ ਗਏ ਗੀਤ ਰਾਹੀਂ ਬੱਬੂ ਮਾਨ ਨੇ ਸਿੱਖ ਪੰਥ ਵਿੰਚ ਪੈਦਾ ਹੋ ਰਹੇ ਡੇਰਾਵਾਦ ਅਤੇ ਸਿੱਖੀ ਦੇ ਨਾਂ ਤੇ ਚਲਦੇ ‘ਕਾਰੋਬਾਰੱ ਦਾ ਪਾਜ਼ ਨੰਗਾ ਕੀਤਾ ਹੈ। ਜਿਹੜੇ ਵਿਚਾਰੇ ਕੁਝ ਵੀ ਨਹੀਂ ਸਨ ਅਤੇ ਨਾ ਹੀ ਕੁਝ ਹਨ ਉਹ ਰੱਬ ਬਣ ਬੈਠੇ ਹਨ ਪਰ ਜਿਹੜੇ ਖਾਲਸਾ ਪੰਥ ਦੇ ਗਹਿਰ ਗੰਭੀਰ ਕਾਫਲੇ ਦੇ ਵਾਰਸ ਸਨ ਉਹ ਜੇਲ੍ਹਾਂ ਵਿਚ ਡੱਕੇ ਹੋਏ ਹਨ। ਜਿਹੜੇ ਸਰਕਾਰ ਖਿਲਾਫ ਹਿੱਕਾਂ ਡਾਹ ਕੇ ਖੜੇ੍ਹ ਹਨ ਉਹ ਤਰੀਕਾਂ ਭੁਗਤਦੇ ਫਿਰਦੇ ਹਨ ਪਰ ਸਿੱਖੀ ਦੇ ਨਾਂ ਤੇ ਡੰਕੇ ਵਜਾਉਣ ਵਾਲੇ ਹਾਕਮਾਂ ਵਰਗੀ ਤਰਜ਼ੇ ਜਿੰਦਗੀ ਜੀਅ ਰਹੇ ਹਨ।
ਆਪਣੇ ਇਕ ਹੋਰ ਗੀਤ ..ਮਰਨੋ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ...ਰਾਹੀਂ ਬੱਬੂ ਮਾਨ ਨੇ ਖਾਲਸਾ ਪੰਥ ਵੱਲੋਂ ਆਪਣੇ ਅਕੀਦੇ ਅਤੇ ਵਿਰਸੇ ਦੀ ਸੰਭਾਲ ਲਈ ਲਾਈ ਸ਼ਹਾਦਤਾਂ ਦੀ ਝੜੀ ਦੀ ਗੱਲ ਕੀਤੀ ਹੈ। ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਅਤੇ ਸਰਦਾਰ ਹਰੀ ਸਿੰਘ ਨਲੂਆ ਦਾ ਜਿਕਰ ਕਰਦਾ ਕਰਦਾ ਬੱਬੂ ਮਾਨ ਵਰਤਮਾਨ ਸਮੇਂ ਦੀ ਸਿੱਖ ਸ਼ਹੀਦਾਂ ਦੀ ਗੱਲ ਵੀ ਡਟਕੇ ਕਰਦਾ ਹੈ।
ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸੁਰੰਗ ਪੁੱਟ ਕੇ ਜੇਲ੍ਹ ਵਿਚੋਂ ਫਰਾਰ ਹੋ ਜਾਣ ਦੇ ਇਤਿਹਾਸਕ ਕਾਰਨਾਮੇ ਨੂੰ ਵੀ ਬੱਬੂ ਮਾਨ ਨੇ ਪੁਰਾਤਨ ਸ਼ਹੀਦਾਂ ਦੀ ਕੁਰਬਾਨੀ ਦੇ ਬਰਾਬਰ ਸਲਾਹਿਆ ਹੈ।
ਸੁਰੰਗਾਂ ਪੱਟ ਕੇ ਨਿਕਲ ਗਏ ਅਗਲੇ ਕਾਹਨੂੰ ਡੱਕਦੀਆਂ ਜੇਲ੍ਹਾਂ ਦਾ ਜਿਕਰ ਕਰਕੇ ਉਸ ਨੇ ਆਪਣੀ ਗਵਾਂਢੀ ਪਿੰਡ ਦੇ ਸਿੱਖ ਜੁਝਾਰੂ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਦਲੇਰੀ ਨੂੰ ਪ੍ਰਣਾਮ ਕੀਤਾ ਹੈ। ਪੰਜਾਬੀ ਗਾਇਕੀ ਵਿਚ ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਕਿਸੇ ਏਡੇ ਵੱਡੇ ਸਥਾਪਤ ਗਾਇਕ ਨੇ ਸਿੱਖ ਵਿਰਸੇ ਨਾਲ ਆਪਣੀ ਵਫਾ ਕਮਾਈ ਹੈ।
ਕਈ ਵਾਰ ਕੌਮਾਂ ਦੇ ਸੀਨੇ ਤੇ ਲੱਗੇ ਵੱਡੇ ਫੱਟ ਸਦੀਆਂ ਤੱਕ ਕੌਮਾਂ ਦੇ ਦਿਲ ਦਾ ਦਰਦ ਬਣ ਜਾਂਦੇ ਹਨ। ਬੱਬੂ ਮਾਨ ਜਿਸ ਇਲਾਕੇ ਵਿਚ ਜੰਮਿਆ ਪਲਿਆ ਹੈ ਉਹ ਖਾੜਕੂ ਸਿੱਖ ਸੰਘਰਸ਼ ਦੀ ਬਹੁਤ ਹੀ ਵੱਡੀ ਕਰਮਭੂਮੀ ਰਹੀ ਹੈ। ਇਸ ਇਲਾਕੇ ਨੇ ਭਾਈ ਜਗਤਾਰ ਸਿੰਘ ਹਵਾਰਾ ਤੋਂ ਬਿਨਾਂ ਭਾਈ ਬਲਦੇਵ ਸਿੰਘ ਹਵਾਰਾ, ਭਾਈ ਚਰਨਜੀਤ ਸਿੰਘ ਚੰਨੀ, ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਖੰਟ ਮਾਨਪੁਰ ਪਿੰਡ ਦੇ ਹੀ ਬਹਤੁ ਦਲੇਰ ਅਤੇ ਸਾਊ ਖਾੜਕੂ ਸਿੰਘ ਭਾਈ ਜਸਵੀਰ ਸਿੰਘ ਲਾਲੀ ਖੰਟ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਪੰਥ ਨਾਲ ਹੋਏ ਧੱਕਿਆਂ ਦੇ ਖਿਲਾਫ ਜੰਗ ਦੇ ਮੈਦਾਨ ਵਿਚ ਜੂਝ ਕੇ ਸ਼ਹੀਦੀਆਂ ਪਾਈਆਂ। ਸਾਇਦ ਉਨ੍ਹਾਂ ਯੋਧਿਆਂ ਦੀ ਸ਼ਹੀਦੀ ਹੋਰ ਦਰਦਮੰਦ ਸਿੱਖਾਂ ਵਾਂਗ ਬੱਬੂ ਮਾਨ ਦੇ ਸੀਨੇ ਵਿੱਚ ਵੀ ਸੱਲ੍ਹ ਪਾਉਂਦੀ ਹੋਵੇਗੀ।
ਗੁਲਾਮੀ ਜਾਂ ਵਿਦੇਸ਼ੀ ਤਾਕਤਾਂ ਦੇ ਕਬਜ਼ੇ ਹੇਠ ਰਹਿ ਰਹੀਆਂ ਕੌਮਾਂ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ਬਾਰੇ ਬਹੁਤ ਹੀ ਗੰਭੀਰ ਖੋਜ ਕਾਰਜ ਕਰਨ ਵਾਲੇ ਇਤਿਹਾਸਾਕਾਰ ਜੇਮਜ਼ ਸੀ ਸਕਾਟ ਦਾ ਮੰਨਣਾ ਹੈ ਕਿ ਗੁਲਾਮੀ ਵਿਚ ਜਾਂ ਗੁਲਾਮੀ ਵਰਗੇ ਹਾਲਤਾਂ ਵਿਚ ਰਹਿਣ ਵਾਲੀਆਂ ਕੌਮਾਂ ਦਾ ਦਿਲ ਅਤੇ ਜਿਗਰਾ ਬਹੁਤ ਵੱਡਾ ਹੁੰਦਾ ਹੈ ਅਤੇ ਉਹ ਕਈ ਕਈ ਦਹਾਕੇ ਸਧਾਰਨ ਜਿੰਦਗੀ ਜੀਊਣ ਦੇ ਬਾਵਜੂਦ ਵੀ ਕਿਸੇ ਨੂੰ ਆਪਣੇ ਦਿਲ ਅਤੇ ਆਤਮਾ ਵਿਚ ਵਸੀ ਹੋਈ ਗੱਲ ਦਾ ਭੇਤ ਨਹੀਂ ਦੇਂਦੀਆਂ। ਅਜਿਹੀਆਂ ਕੌਮਾਂ ਆਪਣੀ ਆਜ਼ਾਦੀ ਦੀ ਤਾਂਘ ਹਮੇਸ਼ਾ ਹੀ ਆਪਣੇ ਦਿਲ ਵਿਚ ਵਸਾ ਕੇ ਰੱਖਦੀਆਂ ਹਨ। ਕਬਜ਼ੇ ਖਿਲਾਫ ਜੰਗ ਵਿਚ ਨਿਤਰੇ ਅਤੇ ਸ਼ਹੀਦ ਹੋ ਗਏ ਸੂਰਬੀਰਾਂ ਦੀ ਯਾਦ ਕੌਮਾਂ ਦੇ ਮਨ ਵਿਚ ਹਮੇਸ਼ਾ ਬਣੀ ਰਹਿੰਦੀ ਹੈ।
ਸ਼ਾਇਦ ਇਸੇ ਲਈ ਬੱਬੂ ਮਾਨ ਆਪਣੇ ਅਗਲੇ ਗੀਤ ਵਿਚ ਕੌਮ ਦੇ ਸ਼ਹੀਦਾਂ ਦੀ ਗੱਲ ਕਰਦਾ ਕਹਿੰਦਾ ਹੈ :
ਜਿਹੜੇ ਕੌਮ ਦੇ ਹੀਰੇ ਸੀ ਦੱਸ ਉਹ ਕਿਉਂ ਸੂਲੀ ਟੰਗੇ
ਜਿਹੜੇ ਕੌਮ ਦੇ ਕਾਤਲ ਸੀ ਉਹ ਲਹਿਰਾਉਂਦੇ ਫਿਰਦੇ ਝੰਡੇ...

ਇਸੇ ਗੀਤ ਵਿੱਚ ਉਹ ਸਮੇਂ ਦੀ ਬੇਵਫਾਈ ਤੇ ਟਕੋਰ ਕਰਦਾ ਹੋਇਆ ਸਿੱਖ ਕੌਮ ਵੱਲੋਂ ਭੁਲਾ ਦਿਤੇ ਗਏ ਆਪਣੇ ਹੀਰਿਆਂ ਦਾ ਉਲਾਂਭਾ ਦੇਂਦਾ ਹੈ :
ਜਿਹੜਾ ਧਰਮ ਲਈ ਮਰਦੈ
ਉਹਨੂੰ ਕਿੱਥੇ ਯਾਦ ਕੋਈ ਕਰਦੈ
ਜਿਹੜਾ ਪਾਵਰ ਵਿੰਚ ਹੁੰਦਾ ਉਸ ਦਾ ਹਰ ਕੋਈ ਪਾਣੀ ਭਰਦੈ
ਸਾਡੀ ਹਾਲਤ ਇਹ ਬਣ ਗਈ ਜਿਵੇਂ ਸੰਣਘ ਦੇ ਦੱਬੇ ਟੰਗੇ
ਜਿਹੜੇ ਕੌਮ ਦੇ ਹੀਰੇ ਸੀ ਦੱਸ ਉਹ ਕਿਉਂ ਸੂਲੀ ਟੰਗੇ
ਜਿਹੜੇ ਕੌਮ ਦੇ ਕਾਤਲ ਸੀ ਉਹ ਲਹਿਰਾਉਂਦੇ ਫਿਰਦੇ ਝੰਡੇ...

ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਤੇ ਕੁਰਸੀਆਂ ਡਾਹੀ ਬੈਠੇ ਮੌਕਾਪ੍ਰਸਤ ਲੀਡਰਾਂ ਲਈ ਇਹ ਵੱਡਾ ਮਿਹਣਾ ਹੈ। ਬੱਬੂ ਮਾਨ ਦੀ ਗੀਤਕਾਰੀ ਸਿਰਫ ਕਿਸ ਭਾਵੁਕ ਜਿਹੇ ਜਜ਼ਬਾਤ ਦੀ ਹੀ ਉਪਜ ਨਹੀਂ ਹੈ ਬਲਕਿ ਉਹ ਸਿਆਸੀ ਤੌਰ ੱਤੇ ਇਕ ਸੁਚੇਤ ਵਿਦਿਆਰਥੀ ਵਾਂਗ ਟਿੱਪਣੀਆਂ ਕਰਦਾ ਹੈ। ਇਸੇ ਗੀਤ ਵਿਚ ਉਹ ਅੱਗੇ ਜਾ ਕੇ ਲਿਖਦਾ ਹੈ:
ਮਾਂ-ਪਿਓ ਮਰਵਾ ਲਏ ਨੇ
ਇੱਜ਼ਤ ਭੈਣਾਂ ਦੀ ਲੁਟਵਾਈ
ਇਹ ਲੋਕੀ ਦੇਂਦੇ ਨੇ ਕਿਸ ਪੰਜਾਬੀ ਦੀ ਦੁਹਾਈ


ਇਸ ਛੰਦ ਨਾਲ ਬੱਬੂ ਮਾਨ ਸਿੱਖ ਪੰਥ ਦੇ ਆਪਣੇ ਵਿਲੱਖਣ ਅਤੇ ਇਤਿਹਾਸਕ ਵਿਰਸੇ ਦੇ ਮੁਕਾਬਲੇ ਸਟੇਟ ਵੱਲੋਂ ਅਤੇ ਉਸ ਦੇ ਚਮਚਿਆਂ ਵੱਲੋਂ ਫੈਲਾਈ ਜਾ ਰਹੀ ਨਿਪੁੰਸਕ ਜਿਹੀ ਪੰਜਾਬੀਅਤ ਦਾ ਪਾਜ ਉਘੇੜਿਆ ਹੈ। ਕਿਸੇ ਪੰਜਾਬੀ ਗਾਇਕ ਵਲੋਂ ਪੰਜਾਬ ਦੇ ਰਾਜਨੀਤਕ ਵਿਰਸੇ ਬਾਰੇ ਏਨਾ ਸੁਚੇਤ ਸਟੈਂਡ ਲੈਣਾ ਬਹੁਤ ਮਹੱਤਵਪੂਰਨ ਕਾਰਜ ਹੈ।

ਖਾੜਕੂ ਸਿੱਖ ਲਹਿਰ ਦੌਰਾਨ ਮਹਿਜ ਪੁਲਿਸ ਵਿਚ ਨੌਕਰੀ ਕਰਨ ਕਰਕੇ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਦਰਦ ਨੂੰ ਬੱਬੂ ਮਾਨ ਨੇ ਬਾਖੂਬ ਪੇਸ਼ ਕੀਤਾ ਹੈ। ਇਸ ਬੰਦ ਰਾਹੀਂ ਉਸ ਨੇ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋਏ ਖਾੜਕੂ ਸਿੱਖ ਲਹਿਰ ਦਾ ਇਕ ਪਿਆਰੇ ਦੋਸਤ ਵਾਂਗ ਮੁਤਾਲਿਆ ਕਰਨ ਦਾ ਯਤਨ ਕੀਤਾ ਹੈ। ਅਜਿਹਾ ਕਰਦਿਆਂ ਉਹ ਸਟੇਟ ਦਾ ਧੁਤੂ ਬਣੇ ਕਾਮਰੇਡਾਂ ਵਾਂਗ ਲਲਕਾਰੇ ਮਾਰਦਾ ਨਜ਼ਰ ਨਹੀਂ ਆਇਆ।

ਆਪਸ ਵਿਚ ਮਰ ਮਰ ਕੇ ਦੱਸੋ ਖੱਟੀ ਕੀ ਕਮਾਈ
ਜਿਹੜੀ ਪੁਲਿਸ ਵੀ ਮਰੀ ਹੈ ਉਹ ਵੀ ਸੀ ਸਾਡੇ ਭਾਈ...


ਸਿੱਖ ਵਿਰਸੇ ਨੂੰ ਖੋਰ ਕੇ ਅਤੇ ਢਾਹ ਕੇ ਉਸਾਰੇ ਜਾ ਰਹੇ ਸੰਗਮਰਮਰੀ ਗੁਰਦੁਆਰਿਆਂ ਬਾਰੇ ਵੀ ਬੱਬੂ ਮਾਨ ਇਕ ਸੁਚੇਤ ਸਿੱਖ ਵਾਂਗ ਦਰਦ ਮਹਿਸੂਸ ਕਰਦਾ ਹੈ। ਉਸ ਨੂੰ ਖਾਲਸਾ ਪੰਥ ਦੇ ਮਹਾਨ ਵਿਰਸੇ ਚੱਪੜਚਿੜੀ ਦੇ ਮੈਦਾਨ ਦੇ ਗੁਆਚ ਜਾਣ ਦਾ ਦਰਦ ਵੱਢ ਵੱਢ ਖਾ ਰਿਹਾ ਹੈ। ਦੀਵਾਨ ਟੋਡਰ ਮੱਲ ਦੀ ਹਵੇਲੀ ਨਾਲ ਪਿਆਰ ਕਰਨ ਦਾ ਹੋਕਾ ਵੀ ਬੱਬੂ ਮਾਨ ਇਸ ਕੈਸਟ ਰਾਹੀਂ ਦੇਂਦਾ ਹੈ।

ਸਮੁੱਚੇ ਰੂਪ ਵਿਚ ਆਖਿਆ ਜਾ ਸਕਦਾ ਹੈ ਕਿ ਬੱਬੂ ਮਾਨ ਨੇ ਸਥਾਪਤੀ ਦੇ ਇਸ ਮੁਕਾਮ ਤੇ ਪਹੁੰਚ ਕੇ ਵੀ ਸਿੱਖ ਵਿਰਸੇ ਨਾਲ ਆਪਣੇ ਮੋਹ ਨੂੰ ਟੁੱਟਣ ਨਹੀਂ ਦਿਤਾ ਹੈ। ਖਾਲਸਾਈ ਕਾਜ਼ ਲਈ ਜੂਝ ਕੇ ਸ਼ਹਾਦਤਾਂ ਪਾ ਗਏ ਸੂਰਮਿਆਂ ਦੀ ਯਾਦ ਹਮੇਸ਼ਾ ਹਮੇਸ਼ਾ ਲਈ ਦਰਦਮੰਦ ਸਿੱਖਾਂ ਵਾਂਗ ਉਸ ਦੀ ਰੂਹ ਦਾ ਹਿੱਸਾ ਬਣ ਗਈ ਹੈ।

ਸਿੱਖ ਮਾਨਸਿਕਤਾ ਤੇ ਲੱਗੇ ਜ਼ਖਮਾਂ ਨੂੰ ਇਸ ਤਰ੍ਹਾਂ ਬੋਲ ਦੇਣ ਦੀ ਜ਼ਿੰਮੇਵਾਰੀ ਵੈਸੇ ਤਾਂ ਹਰ ਸਿੱਖ ਇਤਿਹਾਸਕਾਰ, ਪੱਤਰਕਾਰ, ਕਵੀ, ਲਿਖਾਰੀ ਅਤੇ ਗਾਇਕ ਦੀ ਹੈ ਪਰ ਹਵਾ ਦੇ ਉਲਟ ਚੱਲਣ ਦਾ ਜਿਗਰਾ ਕਿਸੇ ਕਿਸੇ ਵਿੱਚ ਹੀ ਹੁੰਦਾ ਹੈ। ਆਪਣੀ ਨਵੀਂ ਕੈਸਟ ਰਾਹੀਂ ਬੱਬੂ ਮਾਨ ਨੇ ਸਿੱਖੀ ਨਾਲ ਆਪਣੀ ਸਾਂਝ ਦੀ ਗਵਾਹੀ ਦੇ ਦਿੱਤੀ ਹੈ।
ਅਵਤਾਰ ਸਿੰਘ ਯੂ ਕੇ
ਅੰਮ੍ਰਿਤਸਰ ਟਾਈਮਜ਼ ਤੋਂ ਧੰਨਵਾਦ ਸਹਿਤ

Sunday, November 1, 2009

ਆ ਗਿਐ ਮੁੜ ਨਵੰਬਰ, ਚੌਰਾਸੀ ਦੇ ਜ਼ਖ਼ਮਾਂ ਨੂੰ ਕੁਰੇਦਣ ਲਈ!




ਪੰਝੀ ਵਰ੍ਹੇ ਪਹਿਲਾਂ ਵਾਪਰੇ ਦੁਖਦਾਈ ਕਾਂਡ ਦੀਆਂ ਯਾਦਾਂ ਲੈ ਕੇ ਨਵੰਬਰ ਮੁੜ ਆ ਗਿਆ ਹੈ! ਨਵੰਬਰ-84 ਵਿਚ ਭਾਰਤ ਦੇ ਇਤਿਹਾਸ ਵਿਚ ਇਕ ਅਜਿਹਾ ਕਾਲਾ ਕਾਂਡ ਜੋੜਿਆ ਗਿਆ ਹੈ, ਜੋ ਪੜ੍ਹ ਅਤੇ ਸੁਣ ਕੇ ਆਉਣ ਵਾਲੀਆਂ ਪੀੜ੍ਹੀਆਂ ਸ਼ਰਮ ਤੇ ਘ੍ਰਿਣਾ ਦੇ ਨਾਲ ਆਪਣਾ ਸਿਰ ਝੁਕਾ ਲੈਣ ਤੇ ਮਜਬੂਰ ਹੋ ਜਾਇਆ ਕਰਨਗੀਆਂ। ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਸੁਰਖਿਆ ਗਾਰਡਾਂ ਨੇ ਉਨ੍ਹਾਂ ਦੀ ਹਤਿਆ ਕਰ ਦਿਤੀ ਸੀ, ਉਸ ਤੋਂ ਬਾਅਦ ਸਾਰੇ ਦੇਸ਼ ਵਿਚ, ਵਿਸ਼ੇਸ਼ ਕਰ ਕੇ ਕੇਂਦਰ ਦੀ ਸੱਤਾ ਪੁਰ ਆਸੀਨ ਰਾਜਸੀ ਪਾਰਟੀ ਦੀ ਸੱਤਾ ਵਾਲੇ ਰਾਜਾਂ ਵਿਚ ਬੇਗੁਨਾਹ ਸਿੱਖਾਂ ਦੇ ਕਤਲਾਂ ਦੇ ਨਾਲ ਹੀ, ਉਨ੍ਹਾਂ ਦੀਆਂ ਜਾਇਦਾਦਾਂ ਨੂੰ ਲੁਟਣ ਅਤੇ ਸਾੜਨ ਅਜਿਹਾ ਸਿਲਸਿਲਾ ਸ਼ੁਰੂ ਹੋਇਆ ਕਿ ਇਉਂ ਜਾਪਣ ਲਗਾ ਜਿਵੇਂ ਦੇਸ਼ ਵਿਚ ਨਾ ਤਾਂ ਕੋਈ ਕਾਨੂੰਨ ਹੈ ਅਤੇ ਨਾ ਹੀ ਕੋਈ ਸਰਕਾਰ ਜੇ ਕੁਝ ਹੈ ਤਾਂ ਉਹ ਜੰਗਲ-ਰਾਜ ।

ਹਜ਼ਾਰਾਂ ਸਿੱਖ ਦਿਨ ਦੀਵੀਂ ਕਤਲ ਕਰ ਦਿਤੇ ਗਏ। ਉਨ੍ਹਾਂ ਵਲੋਂ ਆਪਣੇ ਖੂਨ-ਪਸੀਨੇ ਦੇ ਨਾਲ ਬਣਾਈ ਅਰਬਾਂ-ਖਰਬਾਂ ਰੁਪਏ ਦੀ ਜਾਇਦਾਦ ਲੁਟ ਲਈ ਗਈ ਤੇ ਸਾੜ ਦਿਤੀ ਗਈ। ਉਹ ਆਪਣੀਆਂ ਅੱਖਾਂ ਦੇ ਸਾਹਮਣੇ ਆਪਣਾ ਸਭ-ਕੁਝ ਬਰਬਾਦ ਤੇ ਤਬਾਹ ਹੁੰਦਾ ਵੇਖਦੇ ਅਤੇ ਖ਼ੂਨ ਦੇ ਅਥਰੂ ਵਹਾਂਦੇ ਰਹਿ ਗਏ। ਇਉਂ ਜਾਪਦਾ ਸੀ ਜਿਵੇਂ ਦੇਸ਼ ਵਿਚ ਲਗਭਗ ਇਕ ਹਫਤੇ ਲਈ ਜੰਗਲ-ਰਾਜ ਕਾਇਮ ਕਰ ਦਿਤਾ ਗਿਆ ਹੋਵੇ। ਲੁਟੇਰੇ ਤੇ ਕਾਤਲ ਹਰਲ-ਹਰਲ ਕਰਦੇ ਫਿਰ ਰਹੇ ਸਨ, ਜਿਥੇ ਕਿਤੇ ਕੋਈ ਕੇਸਾਧਾਰੀ ਪਗੜੀ ਬੰਨ੍ਹੀ ਮਿਲਦਾ, ਉਸ ਦੇ ਗਲ ਵਿਚ ਟਾਇਰ ਪਾ ਕੇ ਅਤੇ ਪਟਰੋਲ ਛਿੜਕ ਕੇ ਅੱਗ ਲਾ ਦਿਤੀ ਜਾਂਦੀ। ਫਿਰ ਤੜਪ ਰਹੇ ਤੇ ਚੀਖਾਂ ਮਾਰ ਰਹੇ ਸਿੱਖ ਦੇ ਦੁਆਲੇ ਭੰਗੜੇ ਪਾਣ ਤੇ ਕਿਲਕਾਰੀਆਂ ਮਾਰਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਜਦੋਂ ਤਕ ਉਸਦੀਆਂ ਚੀਕਾਂ ਸੁਣਾਈ ਦਿੰਦੀਆਂ ਰਹਿੰਦੀਆਂ ਇਹ ਸਿਲਸਿਲਾ ਚਲਦਾ ਹੀ ਰਹਿੰਦਾ।
ਸ਼੍ਰੀਮਤੀ ਇੰਦਰਾ ਗਾਂਧੀ ਦੀ ਹਤਿਆ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਉਨ੍ਹਾਂ ਦੇ ਪੁਤਰ ਸ਼੍ਰੀ ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਵਜੋਂ ਦੇਸ਼-ਵਾਸੀਆਂ ਦੇ ਜਾਨ-ਮਾਲ ਦੀ ਰਖਿਆ ਕਰਨ ਦੀ ਆਪਣੀ ਜ਼ਿਮੇਂਦਾਰੀ ਨਿਭਾਉਣ ਵਿਚ ਅਸਫਲ ਰਹਿਣ ਤੇ ਅਫਸੋਸ ਪ੍ਰਗਟ ਕਰਨ ਦੀ ਬਜਾਏ, ਇਹ ਆਖ ਕੇ ਇਸ ਜੰਗਲ ਰਾਜ ਨੂੰ ਜਇਜ਼ ਕਰਾਰ ਦੇ ਦਿਤਾ ਕਿ ‘ਜਦੋਂ ਕੋਈ ਵੱਡਾ ਦਰਖ਼ਤ ਡਿਗਦਾ ਹੈ ਤਾਂ ਧਰਤੀ ਹਿਲਦੀ ਹੀ ਹੈ’। ਪਰ ਕਿਸੇ ਉਨ੍ਹਾਂ ਪਾਸੋਂ ਇਹ ਨਹੀਂ ਪੁਛਿਆ ਕਿ ਜਦੋਂ ਮਹਾਤਮਾ ਗਾਂਧੀ ਦੀ ਹਤਿਆ ਹੋਈ ਸੀ ਤਾਂ ਕੀ ਉਸ ਸਮੇਂ ਸ਼੍ਰੀਮਤੀ ਇੰਦਰਾ ਗਾਂਧੀ ਨਲੋਂ ਵੀ ਵੱਡਾ ਤੇ ਭਾਰਾ ਦਰਖ਼ਤ ਨਹੀਂ ਸੀ ਡਿੱਗਾ, ਫਿਰ ਉਸ ਸਮੇਂ ਧਰਤੀ ਕਿਉਂ ਨਹੀਂ ਸੀ ਹਿਲੀ?

ਇਕ ਸੁਆਲ : ਜਿਸਤਰ੍ਹਾਂ ਸਮੁਚੇ ਦੇਸ਼ ਵਿਚ ਸਿੱਖਾਂ ਦੇ ਕਤਲ ਲਈ ਇਕੋ ਤਕਨੀਕ ਅਪਨਾਈ ਗਈ। ਜਿਵੇਂ ਇਕ ਪਾਸੇ ਸਿੱਖਾਂ ਦੇ ਗਲ ਵਿਚ ਟਾਇਰ ਪਾ ਕੇ ਅਤੇ ਜਵਲਣਸ਼ੀਲ ਪਦਾਰਥ, ਪੈਟਰੋਲ ਆਦਿ ਛਿੜਕ ਕੇ ਉਨ੍ਹਾਂ ਨੂੰ ਸਾੜਿਆ ਜਾਂਦਾ ਰਿਹਾ ਅਤੇ ਦੂਜੇ ਪਾਸੇ ਛੋਟੇ-ਵੱਡੇ ਬਾਜ਼ਾਰਾਂ ਵਿਚ ਹਿੰਸਕ ਭੀੜ ‘ਪਹਿਲਾਂ ਤੋਂ ਹੀ ਤਿਆਰ ਕੀਤੀਆਂ ਸੂਚੀਆਂ’ ਲੈ ਕੇ ਸਿੱਖਾਂ ਦੇ ਘਰਾਂ, ਦੁਕਾਨਾਂ, ਫੈਕਟਰੀਆਂ ਆਦਿ ਨੂੰ ਲੁਟਦੀ ਅਤੇ ਸਾੜਦੀ ਰਹੀ ਸੀ ਅਤੇ ਦੇਸ਼ ਦੇ ਨਾਗਰਿਕਾਂ ਦੇ ਜਾਨ-ਮਾਲ ਦੀ ਰਖਿਆ ਕਰਨ ਦੀ ਜ਼ਿਮੇਂਦਾਰ ਪੁਲਿਸ ਤਮਾਸ਼ਬੀਨ ਬਣੀ, ਇਸ ਸਾਰੇ ਲੁਟਮਾਰ ਤੇ ਕਤਲੇ-ਆਮ ਦੇ ਕਾਂਡ ਨੂੰ ਵੇਖਦੀ ਰਹੀ ਸੀ, ਉਸ ਤੋਂ ਇਹ ਸੁਆਲ ਉਠਣਾ ਸੁਭਾਵਕ ਹੈ ਕਿ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ ਦੇ ਤੁਰੰਤ ਬਾਅਦ, ਇਕੋ ਸਮੇਂ ਸਮੁਚੇ ਦੇਸ਼ ਵਿਚ ਕਿਵੇਂ ਸਿੱਖਾਂ ਨੂੰ ਮਾਰਨ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਲੁਟਣ ਤੇ ਸਾੜਨ ਲਈ, ਹਿੰਸਕ ਭੀੜ ਨੂੰ, ਇਹ ਸਭ ਕੁਝ, ਪਟਰੋਲ ਤੇ ਦੂਜੇ ਜਵਲਣਸ਼ੀਲ ਪਦਾਰਥ, ਟਾਇਰ ਅਤੇ ਸਿੱਖਾਂ ਦੇ ਘਰਾਂ, ਦੁਕਾਨਾਂ, ਫੈਕਟਰੀਆਂ ਆਦਿ ਦੀਆਂ ਸੂਚੀਆਂ ਉਪਲਬਧ ਕਰਵਾ ਦਿਤੀਆਂ ਗਈਆਂ? ਕੀ ਅਜਿਹਾ ਘਲੂਘਾਰਾ ‘ਕਿਸੇ ਵਿਸ਼ੇਸ਼’ ਸਮੇਂ ਤੇ ਵਰਤਾਉਣ ਲਈ ਪਹਿਲਾਂ ਤੋਂ ਹੀ ਕੀਤੀ ਗਈ ਹੋਈ ਤਿਆਰੀ ਦਾ ਹੀ ਇਕ ਹਿਸਾ ਤਾਂ ਨਹੀਂ ਸੀ? ਕਿਧਰੇ ਇਹ ਤਾਂ ਨਹੀਂ ਕਿ ਕੁਝ ਦਿਨਾਂ ਬਾਅਦ ਹੀ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਵੱਖ-ਵੱਖ ਥਾਂਵਾਂ ਤੇ ਹੋਣ ਵਾਲੇ ਭਰਵੇਂ ਇਕੱਠਾਂ ਵਿਚ ਇਕ ਭਿਆਨਕ ਸਾਕਾ ਵਰਤਾਉਣ ਲਈ ਹੀ ਇਹ ਤਿਆਰੀ ਕੀਤੀ ਗਈ ਹੋਈ ਸੀ? ਜਿਸਨੂੰ ਸ਼੍ਰੀਮਤੀ ਇੰਦਰਾ ਗਾਂਧੀ ਦੀ ਹਤਿਆ ਹੋ ਜਾਣ ਕਾਰਣ ਸਮੇਂ ਤੋਂ ਪਹਿਲਾਂ ਹੀ ਵਰਤਾਉਣਾ ਪੈ ਗਿਆ?

ਇਸ ਸੁਆਲ ਦਾ ਜੁਆਬ ਲਭਣ ਦੀ ਕੌਸ਼ਿਸ਼ ਸਾਇਦ ਕਿਸੇ ਵਲੋਂ ਵੀ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਵਲੋਂ ਇਸ ਸੁਆਲ ਦਾ ਜੁਆਬ ਲਭਣ ਲਈ ਕਿਸੇ ਤਰ੍ਹਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਇਹ ਘਲੂਘਾਰਾ ਜਿਨ੍ਹਾਂ ਹਾਲਾਤ ਵਿਚ ਵਾਪਰਿਆ ਅਤੇ ਜਿਵੇਂ ਜੰਗਲ-ਰਾਜ ਦਾ ਪ੍ਰਦਰਸ਼ਨ ਹੋਇਆ ਅਤੇ ਪੁਲਿਸ ਜਾਂ ਤਾਂ ਮੂਕ-ਦਰਸ਼ਕ ਤੇ ਤਮਾਸ਼ਬੀਨ ਬਣੀ ਸਭ ਕੁਝ ਵੇਖਦੀ ਰਹੀ ਜਾਂ ਫਿਰ ਹਿੰਸਕ ਭੀੜ ਦਾ ਸਾਥ ਦਿੰਦੀ ਤੇ ਉਸਦਾ ਮਾਰਗ-ਦਰਸ਼ਨ ਕਰਦੀ ਰਹੀ, ਫਿਰ ਜਿਸਤਰ੍ਹਾਂ ਮੁਖ ਦੋਸ਼ੀਆਂ ਦੀ ਸਰਪ੍ਰਸਤੀ ਕਰਦਿਆਂ, ਗੁਨਾਹਗਾਰਾਂ ਨੂੰ ਬਚਾਣ ਦੇ ਲਈ ਸਬੂਤ ਮਿਟਾਏ ਜਾਂਦੇ ਰਹੇ, ਉਸ ਨੂੰ ਘੋਖਣ ਤੋਂ ਬਾਅਦ ਇਸ ਗਲ ਵਿਚ ਕਿਧਰੇ ਵੀ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਨਹੀਂ ਰਹਿ ਜਾਂਦੀ ਕਿ ਇਸ ਘਲੂਘਾਰੇ ਨੂੰ ਵਰਤਾਉਣ ਵਿਚ ਗੁਨਹਗਾਰਾਂ ਦੇ ਨਾਲ ਸਮੇਂ ਦੀ ਸਰਕਾਰ ਵੀ ਪੂਰੀ ਤਰ੍ਹਾਂ ਭਾਈਵਾਲ ਸੀ।

ਗਲ ਆਪਣਿਆਂ ਦੀ : ਦੂਜਿਆਂ ਨੇ ਤਾਂ ਸਿੱਖਾਂ ਦੇ ਨਾਲ ਇਹ ਸਭ ਕੁਝ ਕੀਤਾ ਹੀ। ਕਿਉਂਕਿ ਉਹ ਪਰਾਏ ਸਨ ਇਸ ਕਰ ਕੇ ਉਨ੍ਹਾਂ ਦੇ ਨਾਲ ਸ਼ਿਕਵਾ ਕਾਹਦਾ? ਪ੍ਰੰਤੂ ਆਪਣਿਆਂ ਨੇ ਵੀ ਉਸ ਸਮੇਂ ਕੋਈ ਘਟ ਨਹੀਂ ਸੀ ਗੁਜ਼ਾਰੀ। ਜਿਸਤਰ੍ਹਾਂ ਆਪਣਿਆਂ ਨੇ ਹਮਦਰਦ ਬਣਕੇ ਪੀੜਤਾਂ ਦਾ ਸ਼ੋਸਣ ਕੀਤਾ ਅਤੇ ਉਨ੍ਹਾਂ ਦੀ ਮਦਦ ਕਰਨ ਦੇ ਨਾਂ ਤੇ ਆਪਣੇ ਘਰ ਭਰਨ ਵਿਚ ਕੋਈ ਕਸਰ ਨਹੀਂ ਸੀ ਛਡੀ, ਉਹ ਇਕ ਵਖਰੀ ਅਤੇ ਬਹੁਤ ਹੀ ਦਰਦਨਾਕ ਕਹਾਣੀ ਹੈ। ਇਹੀ ਉਹ ਲੋਕ ਹਨ ਜਿਨ੍ਹਾਂ ਨੇ ਪੀੜਤਾਂ ਨੂੰ ਇਨਸਾਫ ਦੁਆਉਣ ਦਾ ਭਰੋਸਾ ਦੁਆ ਕੇ ਪਹਿਲਾਂ ਉਨ੍ਹਾਂ ਦਾ ਵਿਸ਼ਵਾਸ ਜਿਤਿਆ ਅਤੇ ਫਿਰ ਉਨ੍ਹਾਂ ਦੇ ਦਰਦ ਤੇ ਉਨ੍ਹਾਂ ਦੇ ਜ਼ਖ਼ਮਾਂ ਦੀਆਂ ਚੀਸਾਂ ਨੂੰ ਦੁਸ਼ਮਣਾ ਦੇ ਹਥ ਵੇਚ ਦਿਤਾ। ਇਕ ਭੇਤੀ ਅਨੁਸਾਰ ਪੀੜਤਾਂ ਦੇ ਇਕ ‘ਬਹੁਤ ਹੀ ਹਮਦਰਦ’ ਸਜਣ ਵਲੋਂ ਨਵੰਬਰ-84 ਦੇ ਇਕ ਮੁਖ ਦੋਸ਼ੀ ਦੇ ਨਾਲ ਰਾਜੌਰੀ ਗਾਰਡਨ ਦੇ ਇਕ ਡੀ ਡੀ ਏ ਫਲੈਟ ਵਿਚ ਗੁਆਹਵਾਂ ਤੇ ਪੀੜਤਾਂ ਦੇ ਇਕ ਹਮਦਰਦ ਦੇ ਨਾਲ ਬੈਠਕ ਕਰਵਾਈ ਗਈ। ਜਿਸ ਵਿਚ ਇਕ ਦੂਜੇ ਨੂੰ ਸਹਿਯੋਗ ਕਰਨ ਦਾ ਸੌਦਾ ਨਿਪਟਾਇਆ ਗਿਆ। ਇਸੇ ਤਰ੍ਹਾਂ ਦੇ ਹੋਰ ਵੀ ਸੌਦੇ ਕਰਵਾਏ ਗਏ। ਜਿਨ੍ਹਾਂ ਦੇ ਨਤੀਜੇ ਵਜੋਂ ਹੀ ਅਜ ਤਕ ਕਿਸੇ ਇਕ ਵੀ ਮੁਖ ਦੋਸ਼ੀ ਨੂੰ ਸਜ਼ਾ ਨਹੀਂ ਮਿਲ ਪਾਈ। ਸਿੱਖਾਂ ਦੇ ਕਾਤਲ ਗਰਦਾਨੇ ਜਾਂਦੇ ਇਕ ਤੋਂ ਬਾਅਦ ਇਕ ਕਰਕੇ ਅਦਾਲਤਾਂ ਵਿਚੋਂ ਦੋਸ਼-ਮੁਕਤ ਹੁੰਦੇ ਗਏ।

ਯਾਦਗਾਰ ਬਣਾਉਣ ਦੀ ਗਲ: ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਦੇਸ਼ ਦੇ ਨੇਤਾਵਾਂ ਵਲੋਂ ਨੁਕਰੇ ਲਾਏ ਗਏ ਹੋਏ ਇਕ ਮੁਖੀ ਨੇ ਬੀਤੇ ਦਿਨ ਇਕ ਪ੍ਰੈਸ ਕਾਨਫੰ੍ਰਸ ਕਰਕੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਨਵੰਬਰ-84 ਦੇ ਸ਼ਹੀਦਾਂ ਦੀ ਯਾਦਗਾਰ ਕਾਇਮ ਕਰਵਾਉਣ।

ਸ਼ਾਇਦ ਇਸ ਅਕਾਲੀ ਮੁਖੀ ਨੂੰ ਯਾਦ ਨਹੀਂ ਜਾਂ ਇਹ ਜਾਣ-ਬੁਝ ਕੇ ਮਚਲਾ ਬਣ ਰਿਹਾ ਹੈ। ਜਦੋਂ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਸੀ ਅਤੇ ਬਾਦਲ ਅਕਾਲੀ ਦਲ ਉਸ ਵਿਚ ਭਾਈਵਾਲ ਸੀ, ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀ ਬਾਗ਼ ਦੇ ਗੁਰਦੁਆਰਾ ਟਿਕਾਣਾ ਸਾਹਿਬ ਵਿਖੇ ਹੋਏ ਇਕ ਸਮਾਗਮ ਵਿਚ ਦਿੱਲੀ ਦੇ ਸਿੱਖਾਂ ਨੂੰ ਭਰੋਸਾ ਦੁਆਇਆ ਸੀ ਕਿ ਉਹ ਦਿੱਲੀ ਵਿਚ ਨਵੰਬਰ-84 ਦੇ ਸ਼ਹੀਦਾਂ ਦੀ ਯਾਦਗ਼ਾਰ ਕਾਇਮ ਕਰਨ ਲਈ ਸਰਕਾਰ ਪਾਸੋਂ ਦਿੱਲੀ ਵਿਚ ਜ਼ਮੀਨ ਲੈ ਕੇ ਦੇਣਗੇ ਅਤੇ ਉਸੇ ਸਮਾਗਮ ਵਿਚ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਤੇ ਜ. ਅਵਤਾਰ ਸਿੰਘ ਹਿਤ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਯਾਦਗਾਰ ਦੇ ਲਈ ਪੰਜਾਹ-ਪੰਜਾਹ ਲਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਸੀ।

ਇਸ ਤੋਂ ਪਹਿਲਾਂ ਸ. ਮਹਿੰਦਰ ਸਿੰਘ ਮਥਾਰੂ ਨੇ ਵੀ ਇਸ ਪਾਸੇ ਇਮਾਨਦਾਰਾਨਾ ਜਤਨ ਕੀਤੇ ਸਨ। ਉਨ੍ਹਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪਤਵੰਤਿਆਂ ਦੀ ਇਕ ਬੈਠਕ ਵੀ ਸਦੀ ਸੀ, ਜਿਸ ਵਿਚ ਭਾਜਪਾ ਦੇ ਉਸ ਸਮੇਂ ਦੇ ਪ੍ਰਭਾਵਸ਼ਾਲੀ ਨੇਤਾ ਤੇ ਦਿੱਲੀ ਦੇ ਸਾਬਕਾ ਮੁਖ ਮੰਤਰੀ ਸ਼੍ਰੀ ਮਦਨ ਲਾਲ ਖੁਰਾਨਾ ਵੀ ਸ਼ਾਮਲ ਹੋਏ ਸਨ। ਉਸ ਬੈਠਕ ਵਿਚ ਨਵੰਬਰ-84 ਦੇ ਸ਼ਹੀਦਾਂ ਦੀ ਯਾਦਗਾਰ ਕਾਇਮ ਕਰਨ ਦਾ ਫੈਸਲਾ ਹੋਇਆ ਸੀ। ਸ਼੍ਰੀ ਖੁਰਾਣਾ ਨੇ ਇਸ ਇਸ ਬੈਠਕ ਵਿਚ ਬਹੁਤ ਹੀ ਭਾਵੁਕ ਹੋ ਕੇ ਭਾਸ਼ਣ ਦਿੰਦਿਆਂ ਭਰੋਸਾ ਦੁਆਇਆ ਸੀ ਕਿ ਉਹ ਇਸ ਉਦੇਸ਼ ਲਈ ਜ਼ਮੀਨ ਵੀ ਲੈ ਕੇ ਦੇਣਗੇ ਅਤੇ ਇਸ ਯਾਦਗਾਰ ਨੂੰ ਕਾਇਮ ਕਰਨ ਵਿਚ ਉਨ੍ਹਾਂ ਦੀ ਪਾਰਟੀ (ਭਾਜਪਾ) ਅਤੇ ਉਹ ਆਪ ਵੀ ਪੂਰੀ-ਪੂਰੀ ਮਦਦ ਕਰਨਗੇ। ਇਸ ਮੌਕੇ ਤੇ ਇਕ ਕਮੇਟੀ ਵੀ ਬਣਾਈ ਗਈ ਸੀ, ਜਿਸ ਵਿਚ ਸ, ਤਰਲੋਚਨ ਸਿੰਘ ਵਰਤਮਾਨ ਮੈਂਬਰ ਰਾਜਸਭਾ, ਸ. ਪਤਵੰਤ ਸਿੰਘ, ਸ. ਸਤਿੰਦਰ ਸਿੰਘ, ਸ, ਹਰਬੰਸ ਸਿੰਘ ਸੰਗਤਪੁਰੀ, ਐਡਵੋਕੇਟ ਸ, ਬੀਰਇੰਦਰ ਸਿੰਘ, ਸ. ਪਰਮਜੀਤ ਸਿੰਘ ਸਰਨਾ, ਡਾ. ਜਸਪਾਲ ਸਿੰਘ, ਸ. ਜਸਵੰਤ ਸਿੰਘ ਸੇਠੀ, ਸ਼੍ਰੀ ਸਤੀਸ਼ ਗੁਜਰਾਲ (ਪੁਤਰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ) ਅਤੇ ਸ, ਮਹਿੰਦਰ ਸਿੰਘ ਮਥਾਰੂ ਸ਼ਾਮਲ ਸਨ। ਉਸ ਦਿਨ ਤੋਂ ਬਾਅਦ ਇਸ ਕਮੇਟੀ ਦੀ ਸ਼ਾਇਦ ਹੀ ਕੋਈ ਬੈਠਕ ਹੋਈ ਹੋਵੇ।
ਸਚਾਈ ਤਾਂ ਇਹ ਹੈ ਕਿ ਵਾਇਦੇ ਕਰਕੇ ਭਰਮਾਉਣ ਲਈ ਤਾਂ ਹਰ ਕੋਈ ਤਿਆਰ ਹੈ, ਪਰ ਵਾਇਦੇ ਨਿਭਾਉਣ ਪ੍ਰਤੀ ਕੋਈ ਵੀ ਇਮਾਨਦਾਰ ਨਹੀਂ ਜਾਪਦਾ। ਹੁਣ ਤਾਂ ਬਸ, ਇਹ ਇਕ ਰਸਮ ਹੀ ਰਹਿ ਗਈ ਹੈ, ਕਿ ਹਰ ਸਾਲ ਸ਼ਹੀਦਾਂ ਦੀ ਯਾਦ ਮੰਨਾਉਣ ਲਈ ਗਿਣਤੀ ਦੇ ਬੰਦੇ ਇਕਠੇ ਕਰਕੇ ਭਾਸ਼ਣ ਕਰਨ ਦਾ ਝਸ ਪੂਰਾ ਕਰ ਲਉ ਅਤੇ ਕਾਂਗ੍ਰਸ ਨੂੰ ਦੋਸ਼ੀ ਕਰਾਰ ਦੇ ਕੇ ਉਸ ਵਿਰੁਧ ਦਿਲ ਦੀ ਭੜਾਸ ਕਢ ਲਉ, ਸ੍ਰੀ ਅਖੰਡ ਪਾਠ ਕਰਵਾ ਕੇ ਅਰਦਾਸ ਦਿਵਸ ਮੰਨਾ ਲਉ।

…ਅਤੇ ਅੰਤ ਵਿਚ : ਅਜ ਪੰਝੀ ਵਰ੍ਹੇ ਬੀਤ ਜਾਣ ਤੇ ਵੀ ਪੀੜਤਾਂ ਦੇ ਦਰਦ ਦੀਆਂ ਚੀਸਾਂ ਦੇ ਸੇਕ ਤੇ ਆਪਣੀਆਂ ਰਾਜਸੀ ਸੁਆਰਥ ਦੀਆਂ ਰੋਟੀਆਂ ਸੇਕਣ ਵਾਲੇ ਅਜ ਵੀ ਸਰਗਰਮ ਹਨ। ਜਦੋਂ ਵੀ ਨਵੰਬਰ ਆਉਂਦਾ ਹੈ, ਜਾਂ ਚੋਣਾਂ ਦਾ ਮੌਸਮ ਸ਼ੁਰੂ ਹੁੰਦਾ ਹੈ, ਪੀੜਤਾਂ ਦੇ ਜ਼ਖ਼ਮ ਕੁਰੇਦਣ ਲਈ ਨਸ਼ਤਰ ਲੈ ਕੇ ਉਹ ਹਾਜ਼ਰ ਹੋ ਜਾਂਦੇ ਹਨ। ਨਸ਼ਤਰਾਂ ਦੇ ਨਾਲ ਜ਼ਖ਼ਮ ਕੁਰੇਦੇ ਜਾਣ ਦੇ ਨਾਲ ਹੋਣ ਵਾਲੇ ਦਰਦ ਕਾਰਣ ਜਦੋਂ ਉਹ ਚੀਖਦੇ ਹਨ ਤਾਂ ਇਹ ਉਨ੍ਹਾਂ ਦੀਆਂ ਚੀਖਾਂ ਦਾ ਮੁਲ ਵਟਣ ਲਈ ਸੌਦੇਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਹਨ। ਨਵੰਬਰ ਬੀਤਣ ਲਗਦਾ ਹੈ ਜਾਂ ਚੋਣਾਂ ਦਾ ਮੌਸਮ ਬੀਤ ਜਾਂਦਾ ਹੈ, ਤਾਂ ਸਾਰੇ ਹਮਦਰਦ ਆਪਣੀਆਂ ਏਅਰਕੰਡੀਸ਼ੰਡ ਕੋਠੀਆਂ ਵਿਚ ਜਾ ਬਿਰਾਜਦੇ ਹਨ। ਉਨ੍ਹਾਂ ਲਈ ਸਭ ਕੁਝ ਪਹਿਲਾਂ ਵਾਂਗ ਹੀ ਚਲਣ ਲਗਦਾ ਹੈ। ਪਰ ਜੇ ਕੋਈ ਕੁਰੇਦੇ ਗਏ ਜ਼ਖ਼ਮਾਂ ਦੀਆਂ ਚੀਸਾਂ ਸਹਿੰਦਾ ਅਤੇ ਲੰਮੇਂ ਸਮੇਂ ਤਕ ਉਨ੍ਹਾਂ ਦਾ ਦਰਦ ਮਹਿਸੂਸ ਕਰਦਾ ਰਹਿੰਦਾ ਹੈ, ਤਾਂ ਉਹ ਹਨ ਕੇਵਲ ਤੇ ਕੇਵਲ ਨਵੰਬਰ-84 ਦੇ ਪੀੜਤਾਂ ਦੇ ਪਰਿਵਾਰ। ਹੋਰ ਕੋਈ ਨਹੀਂ। ਪਤਾ ਨਹੀਂ ਇਹ ਸਿਲਸਿਲਾ ਹੋਰ ਕਦੋਂ ਤਕ ਇਸੇ ਤਰ੍ਹਾਂ ਚਲਦਾ ਰਹੇਗਾ?

--
ਜਸਵੰਤ ਸਿੰਘ ‘ਅਜੀਤ’

(Mobile : +91 98 68 91 77 31)

E-mail : jaswantsinghajit@gmail.com

Address : 64-C, U&V/B, Shalimar Bagh, DELHI-110088 (INDIA)


31 ਅਕਤੂਬਰ ਦਿਨ ਐਤਵਾਰ ਸੀ………



ਮੈ 25 ਸਾਲ ਦਾ ਹੋ ਗਿਆ। ਇਹ ਮੇਰੀ ਲਈ ਕੋਈ ਅਚੰਬਾ ਤਾਂ ਨਹੀਂ ਕਿਉ ਕਿ ਮੇਰੇ ਆਲੇ ਦੁਆਲੇ ਹੋਰ ਵੀ ਬਹੁਤ ਕੁਝ ਹੈ ਜੋ 25 ਸਾਲ ਦਾ ਹੋ ਗਿਆ ਹੈ। ਮੈ ਆਪਣੀ ਵਧਦੀ ੳਮਰ ਦੇ ਨਾਲ ਹਿੰਦਸੇ ਬਦਲਦੇ ਦੇਖਦਾ ਆਇਆਂ ਹਾ। ਇਤਫਾਕ ਦੀ ਗੱਲ ਹੈ ਕਿ ਮੈ ਜਦ 10 ਸਾਲ ਦਾ ਸੀ ਤਾਂ ਅਖਬਾਰੀ ਤਰਜ਼ ਦੇ ਅਤੇ ਸਮਝਦਾਰ ਜਿਹੇ ਲਗਦੇ ਲੋਕ, ਮੇਰੀ ਸਮਝ ਤੋਂ ਭਾਰਾ ਸਬਦ ‘ਦਹਾਕਾ’ ਆਮ ਵਰਤਦੇ ਸਨ। ਜਦ ਮੈਂ 20 ਸਾਲ ਦਾ ਸੀ ਤਾਂ ਪਿਛਲੇ ‘ਦੋ ਦਹਾਕਿਆਂ’ ਦੀ ਚਰਚਾ ਮੇਰੇ ਦੁਆਲੇ ਆਮ ਸੀ ।ਪਰ ਉਦੋਂ ਤੱਕ ਮੈਂ ਸਮਝਣ ਲੱਗ ਗਿਆ ਸੀ ਕਿ ਕੱਲਾ ਮਂੈ ਹੀ ਵੀਹਾਂ ਦਾ ਨਹੀਂ ਹੋਇਆ ਸਗੋਂ ਕਈ ਕੁਝ ਹੋਰ ਵੀ ਹੈ ਜੋ ਵੀਹ ਸਾਲ ਦਾ ਹੋ ਚੁਕਿਆਂ ਹੈ। ਪਿਛਲੇ ਕਈ ਸਾਲਾ ਤੋਂ ਮੈ ਕੁਝ ਤਖਤੀਆਂ ਦੇਖਦਾ ਆ ਰਿਹਾ ਹਾਂ ਜਿੰਨਾਂ ਤੇ ਇਨਸਾਫ ਦੀ ਅਪੀਲ ਲਿਖੀ ਹੁੰਦੀ ਹੈ।ਹਰ ਸਾਲ ਉਨ੍ਹਾਂ ਤਖਤੀਆਂ ਤੋਂ ਹਿੰਦਸੇ ਬਦਲਦੇ ਦੇਖਦਾ ਹਾ। ਉਹ 10 ਤੋਂ 20 ਤੇ 20 ਤੋਂ 25 ਹੋ ਗਏ ਪਰ ਨਾਲ ਲਿਖੀ ਹੋਈ ਇਬਾਰਤ ਨਹੀਂ ਬਦਲੀ। ਉਹ ਬਾਹਾਂ 25 ਸਾਲ ਤੋਂ ਇਨਸਾਫ ਲਈ ਖੜੀਆਂ ਹੋ ਹੋ ਕੇ ਉਤਸ਼ਾਹ-ਹੀਣ ਜਿਹੀਆਂ ਹੋ ਗਈਆਂ ਲਗਦੀਆਂ ਨੇ। ਲੂਈਆਂ ਤੇ ਕਾਲੀਆਂ ਦਾੜੀਆਂ ਜੋਧਪੁਰ, ਕੋਲਾਪੁਰ ਤੇ ਬੁੜੈਲ ਜੇਲ੍ਹਾਂ ‘ਚ ਚਿੱਟੀਆਂ ਹੋ ਗਈਆਂ ਹਨ। ਵਿਦੇਸ਼ਾਂ ‘ਚ ਜਲਵਤਨੀ ਕੱਟਣ ਵਾਲੇ ਪਿੰਡ ਦੀਆਂ ਮੜ੍ਹੀਆਂ ਨੂੰ ਯਾਦ ਕਰਦੇ ਵਿਦੇਸ਼ੀ ਤਾਪ ਭੱਠੀਆਂ ‘ਚ ਸੁਆਹ ਹੋ ਕੇ ਵੀ ਵਤਨੀ ਨਹੀਂ ਪਰਤੇ। ਪੁੱਤਾਂ ਨੂੰ ਉਡੀਕਦੀਆਂ ਮਾਵਾਂ ਦੀ ਉਡੀਕ ਪੱਚੀਆਂ ਦੀ ਹੋ ਗਈ ਹੈ।ਜੇਲ੍ਹੀ ਬੈਠਿਆਂ ਦੀਆਂ ਧੀਆਂ ਵੀ 25 ਦਾ ਹੋ ਗਈਆਂ ਪਰ ਅਤੀਤ ਨੇ ਬਾਬਲ ਦਾ ਪੱਲਾ ਨਹੀਂ ਛੱਡਿਆਂ ਤੇ ਨਾਂ ਬਾਬਾਲ ਉਨ੍ਹਾਂ ਨੂੰ ਕਿਸੇ ਦੇ ਪੱਲੇ ਲਾਉਣ ਲਈ ਨਹੀਂ ਬਹੁੜੇ।ਪੁੱਤ ਹਲਾਤਾਂ ਨਾਲ ਘੁਲਦੇ ਜਵਾਨੀ ‘ਚ ਅਧਖੜ ਜਹੇ ਹੋ ਗਏ।

ਕੁਝ ਅਜਿਹਾ ਵੀ ਹੈ ਜੋ ਢਾਈ ਦਹਾਕਿਆਂ ਬਾਅਦ ਬਿਲਕੁਲ ਬਦਲ ਗਿਆ।ਜ਼ੋਸ਼ੀਲੇ ਨਾਹਰੇ ਤੇ ਜੈਕਾਰੇ ਛੱਡਣ ਵਾਲੇ ਦਿੱਲੀ ਤੇ ਚੰਡੀਗੜ੍ਹ ਕੋਠੀਆਂ ‘ਚ ਤਬਦੀਲ ਹੋ ਗਏ।ਹੁਣ ਜਦੋਂ ਉਹ ਵੋਟਾਂ ਦੇ ਦਿਨੀ ਤਰਨਤਾਰਨ ਜ਼ਿਲ੍ਹੇ ਦੇ ਕਿਸੇ ਪਿੰਡ ਆਉਦੇ ਹਨ ਤਾਂ ਲੋਕਾਂ ਨੂੰ ਏਕਤਾ,ਸ਼ਾਤੀ ਤੇ ਦੇਸ਼ ਦੀ ਅਖੰਡਤਾ ਦਾ ਪਾਠ ਪੜਾਉਦੇ ਹਨ। ਪਛਾਣ, ਮਾਂ-ਬੋਲੀ ,ਪਾਣੀ,ਤੇ ਕਿਰਤ ਦੇ ਸ਼ੰਘਰਸ ਨੂੰ ਫਿਰਕੂ ਹਨੇਰੀ ਕਹਿੰਦੇ ਹਨ ਤੇ ਜਿੰਨਾਂ ਲੋਕਾਂ ਨੂੰ ਪੰਥ ਦਾ ਵਾਸਤਾ ਦੇ ਕੇ ਉਨ੍ਹਾਂ ਦੇ ਪੁੱਤ ਮਰਵਾਏ ਸਨ ਉਨਾਂ ਦੇ ਮੂੰਹ ਤੇ ਹੀ ‘ਅੱਤਵਾਦ’ ਦੇ ਕਾਲੇ ਦੌਰ ਨੂੰ ਭੁਲ ਜਾਣ ਦੀਆਂ ਗੱਲਾਂ ਬੜ੍ਹੀ ਬੇਸ਼ਰਮੀ ਨਾਲ ਕਰਦੇ ਹਨ।ਹੋਰ ਤੇ ਹੋਰ ਲੋਕਾਂ ਦੀਆਂ ਕੁੱਖਾਂ ਉਜਾੜਨ ਵਾਲਾ ਪਰਿਵਾਰ ਕੁੱਖਾਂ ਨੂੰ ਬਚਾਉਣ ਦਾ ਨਾਅਰਾ ਦੇਣ ਲਗ ਪਿਆ ਹੈ।ਕੁਝ ਅਜਿਹੇ ਵੀ ਨੇ ਜਿੰਨਾਂ ਨਾਹਰਿਆਂ ਤੇ ਜੈਕਾਰਿਆਂ ਦਾ ਸਿਲਸਲਾ ਹਾਲੇ ਨਹੀਂ ਛੱਡਿਆ ਪਰ ਉਹ ਇਹ ਨਾਹਰੇ ਵਿਦੇਸ਼ਾਂ 'ਚ ਹੀ ਲਾਉਦੇ ਨੇ ਦੇਸ਼ ਪਰਤ ਕੇ ‘ਲੋਕਰਾਜੀ’ ਢੰਗ ਨਾਲ ਇਨਸਾਫ ਦਿਵਾਉਣ ਦੀ ਗੱਲ ਕਰਦੇ ਨੇ।ਕੋਈ ਪੁਛਣ ਵਾਲਾ ਹੋਵੇ ਅਨਿਆਂ ਵੀ ਤਾਂ ਲੋਕਰਾਜਿਆਂ ਨੇ ਹੀ ਕੀਤਾ ਸੀ, ਜੇ ਲੋਕਰਾਜ ਹੰਦਾਂ ਤਾਂ ਇਹ ਧੱਕਾ ਹੁੰਦਾ ਹੀ ਕਿਉ?

ਹੋਰ ਵੀ ਬਹੁਤ ਕੁਝ ਹੈ ਜੋ 25 ਵਰਿਆਂ ਦਾ ਹੋ ਗਿਆ।ਇੱਕ ਬੇਚੈਨੀ ਹੈ ਜੋ ਆਮ ਤੋਰ ਤੇ ਘੜੀ ਪਲ ਦੀ ਹੁੰਦੀ ਏ ਪਰ ਮੇਰੇ ਅੰਦਰ ਦਹਾਕਿਆਂ ਤੋਂ ਹੈ। ਇਹ ਬੇਚੈਨੀ ਸਿਰਫ ਮੇਰੇ ਅੰਦਰ ਹੀ ਨਹੀਂ ਹਰ ਉਸ ਅੰਦਰ ‘ਚ ਹੈ ਜਿਸ ਦੇ ਅੰਦਰ ‘ਹਰਿਮੰਦਰ’ ਹੈ।ਉਹ ਕਦੀ ਕਦੀ ਲਾਬੂ ਜਿਹਾ ਬਣ ਕੇ ਕਿਸੇ ‘ਭੇਖਧਾਰੀ’ ਦੁਆਲੇ ਹੋ ਜਾਦੀ ਹੈ।ਪਰ ਵਾਹ ਨਹੀਂ ਚਲਦੀ ਕਿਉ ਕਿ ਪੱਚੀਆਂ ਸਾਲਾਂ ‘ਚ ਸਿਆਸਤ ਦੇ ਪਾੜ੍ਹੇ, ਸਿਰਾਂ ਦੀ ਸਿਆਸਤ ਖੇਡਦੇ ਖੇਡਦੇ ‘ਬਾਬੇ ਬੋਹੜ’ ਹੋ ਚੁਕੇ ਹਨ ਤੇ ਉਨਾਂ ਦੀ ਨਵੀਂ ਪਨੀਰੀ ਵੀ ਬੀ.ਟੀ ਬਤਾਊਆਂ ਵਾਂਗੂ ਬੇਗੈਰਤੀ, ਬੇਹਯਾਈ, ਧੋਖੇ ਤੇ ਕਪਟ ਨਾਲ ਪੇਂਦ ਕੀਤੀ ਹੋਈ ਹੈ।

ਪਤਾ ਲੱਗਾ ਕਿ 31 ਅਕਤੂਬਰ ਨੂੰ ਕੁਝ ਹੋਰ ਵੀ ਹੈ ਜੋ ਪੱਚੀਆਂ ਦਾ ਹੋਇਆ ਹੈ। 25 ਸਾਲ ਪਹਿਲਾਂ ਕਿਸੇ ਨੇ ਬੜੇ ਕਮਾਲ ਦਾ ਤਜ਼ਰਬਾ ਕੀਤਾ ਸੀ ਤੇ ਉਹ ਤਜ਼ਰਬਾ ਮੁੜ ਕਈ ਵਾਰ ਦੁਹਰਾਇਆ ਜਾ ਚੁਕਾ ਹੈ ਅਤੇ ਇਹ ਆਪਣੀ ਹਰ ਪਰਖ ‘ਚੌ ਖਰਾ ਉਤਰਿਆ ਹੈ। ਕਦੀ ਬੰਬੇ, ਕਦੀ ਗੁਜਰਾਤ, ਕਦੀ ਕੰਧਮਾਲ, ਕਦੀ ਅਨੰਤਨਾਗ, ਤੇ ਕਦੀ ਮਾਲੇਗਾਂਓ! ਹਰ ਵਾਰ ਸਫਲ। ਇਸ ਸਫਲਤਾਂ ਨੂੰ ਮਨਾਉਣ ਲਈ ਰਾਸ਼ਟਰ ਨਸ਼ਲਕੁਸੀ ਦੇ ਨਵੇ ਤਜਰਬੇ ਦੀ ਜਨਮ ਦਾਤੀ ਦਾ 25 ਵਾਂ ਮਰਨ ਦਿਵਸ ਮਨਾਂ ਰਿਹਾ ਹੈ। ਖਬਰੀ ਚੈਨਲ ਹੋਰ ਸਭ ਕੁਝ ਭੁਲਾ ਕੇ ਮਰਨ ਵਾਲੀ ਨੂੰ ਮਹਾਨ ਬਣਾਉਣ ‘ਚ ਰੁਝੇ ਹੋਏ ਹਨ ਪਰ ਮੇਰੇ ਜਿਹਨ ਵਿਚ ਬਚਪਨ ‘ਚ ‘ਟੇਵਰਕਾਟਾਂ’ ਤੇ ਵਜਦਾ ਸੁਣਿਆਂ ਉਹ ਗਾਣਾਂ ਇਸ ਦਿਹਾੜੇ ਨੂੰ ਤਾਜਾ ਕਰ ਰਿਹਾ ਹੈ- 31 ਅਕਤੂਬਰ ਦਿਨ ਐਤਵਾਰ ਸੀ ਸਿੰਘਾਂ ਨੇ ਇੰਦਰਾ ਦਿੱਤੀ ਗੱਡੀ ਚਾੜ੍ਹ ਸੀ….ਮੈ ਘੜ੍ਹੀ ਪਲ ਲਈ ਸਿੰਘਾਂ ਵਾਲੀ ਤੈਸ ਮਹਿਸੂਸ ਕਰਦਾ ਹਾ।

ਮੈ ਇਸ ਦਿਹਾੜੇ ਤੇ ਦੁਨੀਆਂ ਭਰ ਦੇ ਜਾਬਰਾਂ ਤੇ ਲੋਕਾਈ ਦੇ ਕਾਤਲਾਂ ਨੂੰ ਅਤੇ ਉਨਾਂ ਦੇ ਹਸ਼ਰ ਨੂੰ ਯਾਦ ਕਰਦਾ ਹਾ। ਸਿਮ੍ਰਤੀਆਂ ਦੇ ਰਚੇਤਾ ਮੰਨੂ ਅਤੇ ਸੰਕਰਾਚਾਰੀਆ ਤੋਂ ਲੈ ਕੇ ਮੀਰ ਮਨੂੰ ਤੇ ਇੰਦਰਾਂ ਗਾਂਧੀ ਤੱਕ , ਜਹੂਦੀ ਰਾਜੇ ਹੈਰੋਬ ਤੋਂ ਲੈ ਕੇ ਜਾਰਜ ਬੁਸ ਤੱਕ । ਪਰ ਮੈਨੂੰ ਲਗਦਾ ਮਾਯੂਸ ਹੋਣ ਦੀ ਵੀ ਲੋੜ ਨਹੀਂ। ਮੇਰੇ ਮਾਣ ਕਰਨ ਲਈ , ਸਿਰ ਉੱਚਾ ਚੁੱਕ ਕੇ ਅਣਖ ਨਾਲ ਜੀੳੇੁਣ ਲਈ ਤੇ ਕਾਤਲ ਹਨੇਰੀਆਂ ਖਿਲਾਫ ਲੜਦੇ ਰਹਿਣ ਲਈ, ਮੈਨੂੰ ਬੁੱਧ ਤੋਂ ਲੈ ਕੇ ਬੰਦੇ ਬਹਾਦਰ ਤੱਕ ਤੇ ਨਾਨਕ ਤੋਂ ਲੈ ਕੇ ਸਦਾਮ ਹੁਸੈਨ ਤੱਕ ਸਭ ਦਮ ਭਰਦੇ ਨਜ਼ਰ ਆਉਦੇ ਹਨ।ਵੈਸੇ ਇਹ ਬਰਕਤਾਂ ਸਾਨੂੰ ਵਿਰਸੇ ਚੋਂ ਹੀ ਮਿਲੀਆਂ ਹਨ-

ਮਨੂੰ ਸਾਡੀ ਦਾਤਰੀ ਅਸੀ ਮਨੂੰ ਦੇ ਸੋਏ
ਜਿਉ ਜਿਉ ਮਨੂੰ ਵਡਦਾ ਅਸੀ ਦੂਣ ਸਵਏ ਹੋਏ।

ਸਚਮੁਚ ਹੀ ਅਸੀਂ ਪੈਰੀ ਦੇ ਮੈਦਾਨਾਂ ‘ਚ ਉੱਗੀ ਘਾਹ ਵਰਗੇ ਹਾ ਤੇ ਮਨੂੰ ਦੀ ਦਾਤੀ ਦੇ ਸੋਏ (ਚਾਰਾ) ਹਾ।ਸਾਨੂੰ ਪੰਜਾਬ ਚੋਂ ਵੱਢਿਆ ਅਸੀਂ ਕਸ਼ਮੀਰ ‘ਚ ਉੱਗ ਆਏ।ਕਸਮੀਰ ਦੀ ਵਾਢੀ ਹਾਲੇ ਜਾਰੀ ਸੀ ਤੇ ਅਸੀ ਬੰਗਾਲ ਬਿਹਾਰ ਤੇ ਝਾਰਖੰਡ ‘ਚ ਭਰਵਾਂ ਝਾੜ ਦੇਣਾਂ ਸ਼ੁਰੂ ਕਰ ਦਿੱਤਾ। ਅਸੀ ਵੱਢੀਦੇ ਜਾਵਾਂਗੇ ਬਲੋਚਸਤਾਨ ਤੋਂ ਲੰਕਾਂ ਤੱਕ ਤੇ ਵੀਅਤਨਾਮ ਤੋਂ ਫਲਸਤੀਨ ਤੱਕ। ਅੱਜ ਮੇਰੇ ਸਣੇ ਹੋਰ ਵੀ ਕਈ ਪੱਚੀਆਂ ਦੇ ਹਨ ਤੇ ਵਾਢੀ ਲਈ ਤਿਆਰ ਹਨ। ਆਓ! ਜਾਲਮ ਨੂੰ ਵਾਢੀ ਕਰਨ ਲਈ ਪੁਕਾਰੀਏ। ਅੰਤ ਸਾਡਾ ਖੂਨ ਹੀ ‘ਫਤਿਹਨਾਮਾਂ’ ਲਿਖੇਗਾ।

ਚਰਨਜੀਤ ਸਿੰਘ ਤੇਜਾ
ਫੋਨ
9478440512
mythbuster_teja@yahoo।co.in

Friday, October 23, 2009

ਧੜੱਲੇਦਾਰ ਫਿਲਮਸਾਜ਼ ਆਨੰਦ ਪਟਵਰਧਨ

ਆਨੰਦ ਪਟਵਰਧਨ ਭਾਰਤ ਦੇ ਮੰਨੇ ਪ੍ਰਮੰਨੇ ਦਸਤਾਵੇਜ਼ੀ ਫਿਲਮਸਾਜ਼ ਤੇ ਸਿਧਾਂਤਕਾਰ ਹਨ।ਉਹ ਦੇਸ਼ ਨੂੰ 14 ਵਿਲੱਖਣ ਫਿਲਮਾਂ ਦੇ ਚੁੱਕੇ ਹਨ।ਰਸਮੀ ਤੌਰ ‘ਤੇ ਉਹਨਾਂ ਅਪਣੇ ਫਿਲਮ ਸਫਰ ਦੀ ਸ਼ੁਰੂਆਤ 1974 ‘ਚ ਜੈ.ਪ੍ਰਕਾਸ਼ ਨਰਾਇਨ ਦੀ ਐਂਟੀ ਕਾਂਗਰਸ ਲਹਿਰ(ਐਮਰਜੈਂਸੀ ਸਮੇਂ) ‘ਤੇ ‘ਵੇਵਜ਼ ਆਫ ਰੈਵੋਲੂਸ਼ਨ’/ਕ੍ਰਾਂਤੀ ਦੀਆਂ ਤਰੰਗਾਂ ਫਿਲਮ ਬਣਾਕੇ ਕੀਤੀ ਸੀ।ਜੋ ਪਟਵਰਧਨ ਲਈ ਇਕ ਫਿਲਮ ਹੀ ਨਹੀਂ,ਬਲਕਿ ਸੰਘਰਸ਼ ਸੀ।ਉਹਨਾਂ ਦੀਆਂ ਹੁਣ ਤੱਕ ਦੀਆਂ ਸਾਰੀਆਂ ਫਿਲਮਾਂ ਸੈਂਸਰ ਤੇ ਵੱਖ ਵੱਖ ਸਰਕਾਰਾਂ ਵਲੋਂ ਬੈਨ ਹੁੰਦੀਆਂ ਰਹੀਆਂ ਹਨ।ਉਹਨਾਂ ਦੀਆਂ ਬਣਾਈਆਂ ਫਿਲਮਾਂ ‘ਚੋਂ ਰਾਜਨੀਤਕ ਕੈਦੀ ਮੇਰੀ ਟਾਈਟਰ ‘ਤੇ “ਚੇਤਨਾ ਦੇ ਬੰਦੀ,ਬਾਬਰੀ ਮਸਜਿਦ ‘ਤੇ ਰਾਮ ਕੇ ਨਾਮ,ਖਾਲਿਸਤਾਨ ਲਹਿਰ ‘ਤੇ “ਉਹਨਾਂ ਮਿੱਤਰਾਂ ਦੀ ਯਾਦ ਪਿਆਰੀ”,ਨਰਮਦਾ ਡਾਇਰੀ,ਪਿਤਾ-ਪੁੱਤਰ ਤੇ ਧਰਮਯੁੱਧ ਕਾਫੀ ਚਰਚਾ ਦਾ ਵਿਸ਼ਾ ਰਹੀਆਂ ਹਨ।ਉਹ ਅਪਣੀਆਂ ਫਿਲਮਾਂ ਰਾਹੀਂ ਹਿੰਦੂਤਵੀ ਫਿਰਕਾਪ੍ਰਤੀ ਤੇ ਸੱਤਾ ਦੇ ਜ਼ੁਲਮਾਂ ਖਿਲਾਫ ਲਗਾਤਾਰ ਅਵਾਜ਼ ਬੁਲੰਦ ਕਰਦੇ ਰਹੇ ਹਨ।ਉਹਨਾਂ ਦੀ ਹੁਣ ਤੱਕ ਦੀ ਆਖਰੀ ਤੇ ਸਭਤੋਂ ਵਿਵਾਦਤ ਫਿਲਮ “ਜੰਗ ਤੇ ਅਮਨ” ਰਹੀ।ਇਸ ਕਰਕੇ ਕਿ ਸੈਂਸਰ ਬੋਰਡ ਤੋਂ ਮਨਜ਼ੂਰੀ ਲੈਣ ਲਈ ਇਸ ਫਿਲਮ ਨੂੰ 21 ਵਾਰ ਐਡਿਟ(ਕਾਂਟ ਸਾਂਟ) ਕਰਨਾ ਪਿਆ।ਉਹਨਾਂ ਦੇ ਸੰਘਰਸ਼ ਭਰੇ ਸਫਰ ਕਰਕੇ ਉਹਨਾਂ ਨੂੰ “ਗੁਰੀਲਾ ਫਿਲਮਸਾਜ਼” ਕਿਹਾ ਜਾਂਦਾ ਹੈ।1986 ‘ਚ “ਜਨ ਸੰਸਕ੍ਰਿਤੀ ਮੰਚ” ਨੇ ਉਹਨਾਂ ਨੂੰ ਇਸੇ ਨਾਮ ਨਾਲ ਪੁਰਸਕਾਰ ਦੇਕੇ ਨਵਾਜਿਆ ਸੀ।ਹੁਣੇ ਹੁਣੇ “ਸੀ.ਐਨ.ਐਨ” ਦੀ ਆਨਲਾਈਨ ਸਾਈਟ ‘ਤੇ ਮ੍ਰਿਦੂ ਖੋਸਲਾ ਨੇ ਉਹਨਾਂ ਨਾਲ “ਜੰਗ ਤੇ ਅਮਨ” ਫਿਲਮ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ।ਇਸੇ ਗੱਲਬਾਤ ਨੂੰ ਸਾਡੇ ਦੋਸਤ ਤੇ ਸਾਡੇ “ਅਜ਼ਾਦ ਘਰ” ਦੇ ਬਸ਼ਿੰਦੇ ਜਸਦੀਪ ਜੋਗੇਵਾਲਾ ਨੇ ਪੰਜਾਬੀ ਰੂਪ ਦਿੱਤਾ।ਜਿਸ ਲਈ ਅਸੀਂ ਉਸਦੇ ਗੈਰ ਰਸਮੀ ਧੰਨਵਾਦੀ ਹਾਂ-ਗੁਲਾਮ ਕਲਮ

ਅਮਰੀਕਨ ਫਿਲਮ ਆਲੋਚਕ ਜੇ ਹੋਬਰਮੈਨ ਨੇ ਇੱਕ ਵਾਰ ਕਿਹਾ ਸੀ ,“ ‘ਵਾਰ ਐਂਡ ਪੀਸ’(ਜੰਗ ਤੇ ਸ਼ਾਂਤੀ) ਕਿਆਮਤ ਦੇ ਦਿਨ ਨੁੰ ਮਨੁੱਖੀ ਚਿਹਰਾ ਦਰਸਾਉਂਦੀ ਹੈ” ਤੁਹਾਡਾ ਕੀ ਕਹਿਣਾ ਹੈ ?
-ਫਿਲਮ ਤੁਹਾਨੁੰ ਇਹ ਅਹਿਸਾਸ ਦਵਾਉਂਦੀ ਹੈ ਕਿ ਇੱਕ ‘ਘੱਲੂਘਾਰਾ’ ਕਦੇ ਵੀ ਹੋ ਸਕਦਾ ਹੈ, ਕਿਸੇ ਵੀ ਥਾਂ ‘ਤੇ।ਅਤੇ ਪ੍ਰਮਾਣੂ ਬਟਨ ਦਬਾਉਣ ਵਾਲਾ ਆਦਮੀ ਕੋਈ ਜਾਣਿਆ ਪਛਾਣਿਆ ਵੀ ਹੋ ਸਕਦਾ ਹੈ ।( ਮੁਸਕਰਾਹਟ ਨਾਲ )

ਤੁਹਾਡੇ ਪਰਿਵਾਰ ਦੀ ਅਹਿੰਸਾਵਾਦੀ ਗਾਂਧੀਵਾਦੀ ਅਜ਼ਾਦੀ ਸਘੰਰਸ਼ ਵਿੱਚ ਸ਼ਮੂਲੀਅਤ ਨੇ ‘ਵਾਰ ਐਂਡ ਪੀਸ’ ਤੇ ਕੋਈ ਪ੍ਰਭਾਵ ਪਾਇਆ ?

ਪ੍ਰਮਾਣੂ ਵਿਰੋਧੀ ਡਾਕੂਮੈਂਟਰੀ ਦੇ ਰਿਲੀਜ਼ ਸਮੇਂ ਮੈਨੂੰ ਪਤਾ ਸੀ, ਕਿ ਮੈਨੂੰ ਰਾਸ਼ਟਰ ਵਿਰੋਧੀ ਦੇ ਤੌਰ ਤੇ ਦੇਖਿਆ ਜਾਵੇਗਾ, ਪਰ ਮੇਰੇ ਪਰਿਵਾਰ ਦੀ ਆਜ਼ਾਦੀ ਸਘੰਰਸ਼ ਵਿੱਚ ਸ਼ਮੂਲੀਅਤ ਕਰਕੇ ਮੈਨੂੰ ਗਦਾਰ ਲਿਖਣਾ / ਆਖਣਾ ਐਨਾ ਸੌਖਾ ਨਹੀਂ ਹੋਵੇਗਾ।ਫਿਲਮ ਵਿਚਲਾ ਗਾਂਧੀਵਾਦੀ ਨਜ਼ਰੀਆ ਇਸ ਲਈ ਹੈ ਕਿਉਂਕਿ ਫਿਲਮ ਦਰਸਉਂਦੀ ਹੈ ਕਿ ਅਹਿੰਸਾ ਨਾਲ ਆਜ਼ਾਦੀ ਪ੍ਰਾਪਤ ਕਰਨ ਵਾਲਾ ਇਹ ਦੇਸ਼, ਅੱਜਕਲ ਪ੍ਰਮਾਣੂ ਹਥਿਆਰਾਂ  ਤੇ ਮਾਣ ਕਰ ਰਿਹਾ ਹੈ ।

 ਕੀ ਫਿਲਮ ਵਿੱਚ ਪ੍ਰਮਾਣੂ ਟੈਸਟ ਖੇਤਰਾਂ ਦੇ ਕੋਲ ਰਹਿੰਦੇ ਪੇਂਡੂਆਂ ਦੀਆਂ ਮੁਲਾਕਾਤਾਂ, ਸਰਕਾਰ ਦੁਆਰਾ ਇਹਨਾਂ ਲੋਕਾਂ ਦੀ ਅਗਿਆਨਤਾ ਦੇ ਸ਼ੋਸ਼ਣ ਤੇ ਚਾਨਣਾ ਪਾਉਂਦੀਆਂ ਹਨ ?
ਮੇਰੇ ਲਈ ਅਸਲੀ ਅਗਿਆਨਤਾ ਪੜੇ ਲਿਖੇ ਅਮੀਰਾਂ ਦੀ ਹੈ,ਨਾ ਕਿ ਅਨਪੜ ਪੇਂਡੂ/ਦਿਹਾਤੀਆਂ ਦੀ।ਕੰਮਕਾਜ਼ੀ ਜਮਾਤ ਕੋਲ ਜਾਣਕਾਰੀ ਦੀ ਘਾਟ ਤਾਂ ਹੈ,ਪਰ ਸਿਆਣਪ ਅਤੇ ਮਾਨਵਤਾ ਦੀ ਨਹੀਂ।ਇੱਕ ਵਾਰ ਇਹਨਾਂ ਲੋਕਾਂ ਨੂੰ ਪ੍ਰਮਾਣੂ ਹਥਿਆਰਾਂ ਦੇ ਨੁਕਸਾਨ ਪਤਾ ਲਗਦੇ ਨੇ, ਤਾਂ ਇਸਦੇ ਵਿਰੋਧੀ ਹੋ ਜਾਂਦੇ ਨੇ।ਪਰ ਅਮੀਰ ਇਸ ਤਰਾਂ ਨਹੀਂ ਸੋਚਦੇ।ਇਹੋ ਅਸਲੀ ਅਗਿਆਨਤਾ ਹੈ।ਫਿਲਮ ਵਿੱਚ ਜੋ ਤੁਸੀਂ ਦੇਖਦੇ ਹੋ,ਉਹ ਸਾਫ ਦਿਲ ਪੇਂਡੂਆਂ ਦਾ ਊਹਨਾਂ ਦੀ ਜਮੀਨ ਤੇ ਕੀਤੇ ਪ੍ਰਮਾਣੂ ਤਜ਼ਰਬੇ ਪ੍ਰਤਿ ਨਜ਼ਰੀਆ ਹੈ ।ਜਿਵੇਂ ਪੋਖਰਨ ਕੋਲ ਦਾ ਇੱਕ ਬਜ਼ੁਰਗ ਪੇਂਡੂ ਕਹਿੰਦਾ ਹੈ ,ਉਹ ਚੰਦ ਤੇ ਜਾਣਾ ਚਾਹੁੰਦੇ ਨੇ,ਮੈਂ ਜ਼ਮੀਨ ਤੇ ਰਹਿਣਾ ਚਾਹੁੰਦਾ ਹਾਂ”

ਤੁਹਾਡਾ ਤਰਕ ਹੈ ਕਿ ਪ੍ਰਮਾਣੂ ਹਥਿਆਰ ਸਾਨੂੰ ਸੁਰੱਖਿਆ ਨਹੀ ਪਹੁੰਚਾਉਂਦੇ ।
ਬੰਬ ਬਨਾਉਣ ਨਾਲ ਭਾਰਤ ਦੀ ਸੁਰੱਖਿਆ ਵਿੱਚ ਕੋਈ ਵਾਧਾ ਨਹੀਂ ਹੋਇਆ।ਇਸ ਨੇ ਪਾਕਿਸਤਾਨ ਨਾਲ ਪ੍ਰਮਾਣੂ ਹਥਿਆਰਾਂ ਦੀ ਦੌੜ ਨੂੰ ਤੀਲੀ ਲਾ ਦਿੱਤੀ ਹੈ ,ਜੋ ਬੰਬ ਬਦਲੇ ਬੰਬ, ਮਿਜ਼ਾਇਲ ਬਦਲੇ ਮਿਜ਼ਾਇਲ ਮੇਲ ਰਿਹਾ ਹੈ।ਇਸ ਨਾਲ ਚੀਨ ,ਜਿਸਨੇ ਪਹਿਲਾਂ ਸਾਨੂੰ ਕਦੇ ਖਤਰਾ ਨਹੀਂ ਸਮਝਿਆ ਅਤੇ ਕਦੇ ਪ੍ਰਮਾਣੂ ਨਿਸ਼ਾਨੇ ਐਧਰ ਨਹੀਂ ਸਾਧੇ, ਨੇ ਵੀ ਖਿਆਲ ਕੀਤਾ ਤੇ ਜੰਗਖਾਨਿਆਂ ਦੀ ਫੇਰ ਬਦਲ ਸਾਡੀ ਦਿਸ਼ਾ ਵਿੱਚ ਕਰ ਲਈ ।ਬੰਬ ਇੱਕ ਅਮੀਰ ਦੀ ਲੋੜ ਹੈ ਜਿਸਨੇ ਰੋਟੀ ਤੇ ਮਕਾਨ ਦਾ ਮਸਲਾ ਸੁਲਝਾ ਲਿਆ ਹੈ ਤੇ ਹੁਣ ‘ਸੁਪਰਪਾਵਰ’ ਦਾ ਆਹੁਦਾ ਲੋਚਦਾ ਹੈ।

 ਤੁਸੀਂ ਕਿਹਾ ਭਾਰਤ “ਵੱਡੇ ਭਾਈ “ ਅਮਰੀਕਾ ਦੀ ਨਕਲ ਕਰ ਰਿਹਾ ਹੈ।ਸਪਸ਼ਟ ਤੌਰ ਤੇ ਇਸਦਾ ਕੀ ਮਤਲਬ ਹੈ ?
ਇਸ ਵੇਲੇ ਸਾਡੀ ਸਾਰੀ ਪ੍ਰਮਾਣੂ ਸਰੰਚਨਾ ਇੱਕ ਪ੍ਰਮਾਣ ਮਹਾਂਸ਼ਕਤੀ ਬਨਣ ਤੇ ਅਧਾਰਿਤ ਹੈ, ਤੇ ਅਸੀਂ ਸੋਚਦੇ ਹਾਂ ਕਿ ਇਹ ਠੀਕ ਹੈ,ਕਿਉਂਕਿ ਅਮਰੀਕਾ ਵੀ ਇਹੀ ਕਰ ਰਿਹਾ ਹੈ।ਇਹ ਇੱਕ ਅਸਫਲ ਰਾਜਸੱਤਾ ਦੇ ਸੁਪਨੇ ਨੇ, ਜੋ  ‘ਮਹਾਨਤਾ’ ਦੇ ਸ਼ਾਰਟਕੱਟ (ਸੌਖੇ ਰਾਹ) ਲੱਭ ਰਹੀ ਹੈ ।ਅਤੇ ਫਿਰ ਵੀ ਤੁਸੀਂ ਕਹਿੰਦੇ ਹੋ ਕਿ ਭਾਰਤ ਨੇ ਆਪਣਾ ਪ੍ਰਮਾਣੂ ਟੀਚਾ ਇੱਕ ਸਭਿਆਚਾਰਕ ਭੇਦ ਰੱਖ ਕੇ ਨੇਪਰੇ ਚ੍ਹਾੜਿਆ ।ਸਾਰਾ ਪ੍ਰਮਾਣੂ ਪ੍ਰੋਗਰਾਮ ਗੁਪਤ ਤੌਰ ਤੇ ਕੀਤਾ ਗਿਆ, ਭਾਰਤ ਦੇ ਲੋਕਾਂ ਦੀ  ਸਲਾਹ ਲਏ ਬਗੈਰ।ਕਿਸੇ ਦੀ ਵੀ ਇਜ਼ਾਜਤ ਨਹੀਂ ਲਈ ਗਈ ।ਕੁਝ ਮੁੱਠੀਭਰ ਲੋਕਾਂ ਨੇ ਫੈਸਲਾ ਕੀਤਾ ਕਿ ਭਾਰਤ ਦਾ ਭਵਿੱਖ ਇਹ ਹੋਵੇਗਾ।ਅਮਰੀਕਾ ਵਿੱਚ ਵੀ ਇਵੇਂ ਹੀ ਹੋਇਆ, ਅਮਰੀਕਨ ਨਾਗਰਿਕਾਂ ਨੂੰ ਕਿਸੇ ਨੇ ਨਹੀਂ ਪੁੱਛਿਆ।ਉਹ ਬੱਸ ਗਏ ਤੇ ਹੀਰੋਸ਼ੀਮਾ ਨਾਗਾਸਾਕੀ ਤੇ ਬੰਬ ਸੁੱਟ ਦਿੱਤੇ।ਇਹ  ਟਾਪ ਸੀਕਰੈਟ ਸੀ, ਕਿਸੇ ਨੂੰ ਇਸ ਬਾਰੇ ਕੁਝ ਨਹੀਂ ਪਤ ਸੀ , ਜਿੰਨਾ ਚਿਰ ਇਹ ਵਾਪਰਿਆ ਨਹੀਂ । ਰ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਵੀ ਉਸ ਨਕਸ਼ੇ ਤੇ ਹਾਂ , ਜਿਹੜੇ ਬੰਬ ਬਣਾਉਦੇ ਨੇ ।

2005 ‘ਚ ਪਾਕਿਸਤਾਨ ਵਿੱਚ ਤੁਹਾਡੀ ਫਿਲਮ ਦਿਖਾਉਣ ਤੋਂ ਬਾਅਦ ਇੱਕ ਟੀਵੀ ਚੈਨਲ ‘ਤੇ ਵਿਚਾਰ ਚਰਚਾ ਵਿੱਚ ਤੁਹਾਨੁੰ ਬੁਲਾਇਆ ਗਿਆ।ਇਸ ਤਰਾਂ ਦੀ ਕੋਈ ਵਿਚਾਰ ਚਰਚਾ ਜਾਂ ਮੁਲਾਕਾਤ ਕਿਸੇ ਭਾਰਤੀ ਟੀਵੀ ਚੈਨਲ ਨਹੀਂ ਹੋਈ ?
ਹਾਂ , ਹੈਰਾਨਕੁੰਨ ਗੱਲ ਹੈ ਨਾ ? ਪਾਕਿਸਤਾਨ ਨੂੰ ਫੌਜੀ ਤਾਨਾਸ਼ਾਹੀ ਕਿਹਾ ਜਾਂਦਾ ਹੈ ਅਤੇ ਸਾਨੂੰ ਇੱਕ ਲੋਕਤੰਤਰ । ਫਿਰ ਵੀ ਕਿਸੇ ਵੀ ਭਾਰਤੀ ਟੀ.ਵੀ ਚੈਨਲ ਨੇ ‘ਵਾਰ ਐਂਡ ਪੀਸ’ ਨਹੀਂ ਦਿਖਾਈ ਨਾ ਇਸਤੇ ਕੋਈ ਵਿਚਾਰ ਚਰਚਾ ਕਰਵਾਈ।ਸੁਪਰੀਮ ਕੋਰਟ ਵਿੱਚ ਕੇਸ ਜਿੱਤਣ ਤੋਂ ਬਾਅਦ ਅੰਤ ਨੂੰ ਇਹ ਦੂਰਦਰਸ਼ਨ  ਤੇ ਦਿਖਾਈ ਗਈ ,ਪਰ ਕੋਈ ਵਿਚਾਰ ਚਰਚਾ ਚਰਚਾ ਨਹੀਂ ਹੋਈ।ਓਧਰ ਜਿਸ ਪਾਕਿਸਤਾਨੀ ਚੈਨਲ ਨੇ ਇਹ ਫਿਲਮ ਦਿਖਾਈ , ਉਹਨਾਂ ਨੇ ਇਸ ਨੂੰ ਸਮਾਂ  ਦਿੱਤਾ ,ਇਸ ਦੇ ਇਸ਼ਤਿਹਾਰ ਦਿੱਤੇ।ਚਾਰ ਦਿਨ ਇਸਨੁੰ ਚਲਾਇਆ , ਹਰੇਕ ਦਿਨ ਇੱਕ ਵਿਚਾਰ ਚਰਚਾ ਦੇ ਨਾਲ।ਕਾਫੀ ਵਿਲ਼ੱਖਣ ਗੱਲ ਹੈ ਇਹ ।ਇਹ ਪ੍ਰੋਗਰਾਮ  ਐਨਾ ਮਕਬੂਲ ਹੋਇਆ ਕਿ 3 ਵਾਰ ਇਸਨੂੰ ਦੁਹਰਾਇਆ ਵੀ ਗਿਆ । ਤੇ ਭਾਰਤ ਵਿੱਚ ਕਿਸੇ ਵੀ ਨਿੱਜੀ  ਟੀਵੀ ਚੈਨਲ ਨੇ ਇਸਦੀ ਬਾਤ ਨਾ ਪੁੱਛੀ । ਸਾਰੇ ਪਾਸੇ ਆਵਾ ਊਤਿਆ ਪਿਆ ਹੈ।ਚੈਨਲ ੁਉਸ ਚੀਜ ਵਿੱਚ ਦਿਲਚਸਪੀ ਨਹੀਂ ਰੱਖਦੇ, ਜੋ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ ।ਇਸਦੀ ਥਾਂ ਸੀ.ਈ.ਓ ਤੇ ਉਹਨਾ ਦੇ ਰੱਖੇ ਚੱਟੇ ਬੱਟੇ ਤੈਅ ਕਰਦੇ ਨੇ ਕਿ ਲੋਕ ਕੀ ਸੋਚਣ। ਟੀ.ਵੀ ਤੇ ਵਿਚਾਰ ਚਰਚਾ ਰੌਲਾ ਰੱਪੇ ਤੋਂ ਬਿਨਾ ਕੁਝ ਨਹੀਂ ਹੈ।ਸਾਡੇ ਦੇਸ਼ ਵਿੱਚ ਮੂਲ ਕਦਰਾਂ ਕੀਮਤਾਂ ਦੀ ਆਲੋਚਨਾ ਦੀ ਕੋਈ ਸਹਿਣਸ਼ੀਲਤਾ ਨਹੀਂ ਹੈ ।
ਇਸ ਇੰਡਸਟਰੀ ਵਿੱਚ ਤੁਸੀਂ 30 ਸਾਲ ਗੁਜ਼ਾਰੇ ਨੇ ।ਇਸ ਸਮੇ ਦੌਰਾਨ ਭਾਰਤੀ ਸਿਨਮੇ ਵਿੱਚ ਕੀ ਬਦਲਾਅ ਆਏ ਨੇ ?
ਕਿਸੇ ਫਿਲਮ ਦੀ ਡਿਸਟਰੀਬਿਊਸ਼ਨ ਵੇਲੇ ,ਹਾਲ ਓਨਾ ਹੀ ਮਾੜਾ ਹੈ ਜਿੰਨਾ 30 ਸਾਲ ਪਹਿਲਾਂ ਸੀ । ਗੰਭੀਰ ਸਿਨਮੇ ਲਈ ਮਾਮੂਲੀ ਜਿਹੀ ਜਗ੍ਹਾ ਹੈ। ਸਾਡੇ ਡਿਸਟਰੀਬਿਊਸ਼ਨ ਤਾਣੇ ਬਾਣੇ ਨੇ ਬੌਧਿਕ ਡਾਕੂਮੈਂਟਰੀ ਦੀ ਸਮਰੱਥਾ ਕਦੇ ਨਹੀਂ ਸਮਝੀ ।ਪਰ ਮੈਨੂੰ ਲਗਦਾ ਹੈ ਚੰਗਾ ਸਮਾਂ ਦੂਰ ਨਹੀਂ ਹੈ ।ਮਾਈਕਲ ਮੂਰ ਨੇ ਅਮਰੀਕਾ ਵਿੱਚ ਇਹ ਪਹਿਲ ਕੀਤੀ ਹੈ, ਭਾਰਤ ਵੀ ਜਲਦ ਹੀ ਨਾਲ ਰਲ ਜਾਵੇਗਾ ।

ਹਾਲ ਹੀ ਵਿੱਚ ਤੁਹਾਡੇ ਭਾਸ਼ਣਾਂ ਵਿੱਚ ਤੁਸੀਂ ਕਿਹਾ ਹੈ,“ਪ੍ਰਮਾਣੂ ਜੰਗ ਦਾ ਅੰਤ ਨਹੀਂ ਹੈ, ਭਾਂਵੇ ਅਸੀ ਅੱਜ ਹੀ ਇਸ  ਦਾ ਅੰਤ ਕਰਨ ਬਾਰੇ ਫੈਸਲਾ ਕਰ ਲਈਏ "
ਅਸੀਂ ਪਹਿਲਾਂ ਹੀ ਰੇਡੀਓਐਕਟਿਵ ਪਦਾਰਥਾਂ ਦੀ ਭਾਰੀ ਖੇਪ ਜਮਾਂ ਕਰ ਚੁੱਕੇ ਹਾਂ।ਇਸ ਲਈ ਜੇ ਕੋਈ ਚਮਤਕਾਰ ਹੋ ਜਾਵੇ ਤੇ ਅਸੀਂ ਹੋਰ ਬੰਬ ਜਾਂ ਪ੍ਰਮਾਣੂ ਊਰਜਾ ਨਾ ਬਣਾਈਏ , ਫਿਰ ਵੀ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ ਹੈ ।ਜੋ ਰੇਡੀਓਐਕਟਿਵ ਪਦਾਰਥ ਅਸੀਂ ਬਣਾ ੁਚੱਕੇ ਹਾਂ ਇਸ ਤੋ ਪਿੱਛਾ ਛੁਡਾਉਣਾ ਅਸੰਭਵ ਹੈ ਤੇ ਇਹ ਕਰੋੜਾਂ ਸਾਲਾਂ ਤੱਕ ਧਰਤੀ ਨੂੰ ਪ੍ਰਦੂਸ਼ਿਤ ਕਰਦਾ ਰਹੇਗਾ ।ਅਸੀਂ ਸਿਰਫ ਏਨਾ ਕਰ ਸਕਦੇ ਹਾਂ ਕਿ ਹੋਰ ਬਨਾਉਣ ਤੋਂ ਤੌਬਾ ਕਰ ਲਈਏ ।

ਪੰਜਾਬੀ ਅਨੁਵਾਦ-ਜਸਦੀਪ
mob-09717337027

Saturday, October 17, 2009

ਚਾਨਣ ਦੀ ਰਾਤ



ਹਨ੍ਹੇਰਾ ,
ਇਕ ਵਹਿਸ਼ੀ ਸੁਪਨੇ ਦੀ ਤਰ੍ਹਾਂ ,
ਵਸਿਆ ਉਹਨਾਂ ਦੇ ਅਚੇਤ ‘ਚ
ਇਕ ਦਿਨ ਵਾਸਤੇ ਹੀ,
ਸਦੀਆਂ ਦੇ ਕਰੂਰ ਹਨੇਰੇ ਤੋਂ ਨਿਜਾਤ ਪਾ ਰਹੇ ਸੀ।
ਤੇਰੇ ਸ਼ਹਿਰ ‘ਚ ਚਾਨਣ ਦੀ ਮਿੱਥ ਨੂੰ
ਨਿਭਾ ਰਹੇ ਸੀ ਉਹ,
ਕਿ ਸਟਰੀਟ ਲਾਇਟਾਂ ਦੇ ਚਾਨਣ ‘ਚ,
ਝੁੱਗੀਆਂ ਨੂੰ ਦੀਵਿਆਂ ਨਾਲ ਰਸ਼ਨਾਉਂਦਿਆਂ,
ਉਹਨਾਂ ਦੇ “ਘਰ” ਖਾਕ ਹੋ ਗਏ।

ਯਾਦਵਿੰਦਰ ਕਰਫਿਊ--ਦੀਵਾਲੀ ਦੀ ਰਾਤ
mail2malwa@gmail.com

mob:09899436972

Friday, October 16, 2009

ਦੀਵਾਲੀ: ਸਿੱਖਾਂ ਦੀ ਸੋਚ ਦਾ ਦੀਵਾਲਾ

ਚਰਨਜੀਤ ਤੇਜਾ ਸੁਤੰਤਰ ਪੱਤਰਕਾਰ ਹੈ।ਜੋ ਪੰਜਾਬੀ ਮੁੱਖ ਧਾਰਾਈ ਮੀਡੀਏ ਦੇ ਨੰਬਰ ਵੰਨ ਅਖਬਾਰਾਂ,ਚੈਨਲਾਂ ‘ਚ ਕੰਮ ਕਰਕੇ ,ਉਹਨਾਂ ਦੀ ਧਾਰਾ ਦੀ ਬਰੀਕੀ ਨਾਲ ਪੜਚੋਲ ਕਰ ਚੱਕਿਆ ਹੈ ਤੇ ਬਦਲਵੇਂ ਮੀਡੀਆ ‘ਚ ਅਪਣਾ ਯੋਗਦਾਨ ਪਾ ਰਿਹਾ ਹੈ।ਸਿੱਖ ਸਿਧਾਤਾਂ ਦੇ ਸੰਦਰਭ ‘ਚ ਦੀਵਾਲੀ ਦਾ ਤਿਉਹਾਰ ਮਨਾਉਣ ‘ਤੇ ਉਸਨੇ ਬੜੀਆਂ ਹੀ ਗੰਭੀਰ ਤੇ ਤਰਕਪੂਰਨ ਦਲੀਲਾਂ ਦਿੱਤੀਆਂ ਨੇ।ਅਜਿਹੇ ਮਾਮਲਿਆਂ ਨੂੰ ਲੈਕੇ ਹਮੇਸ਼ਾ ਹੀ ਬਹੁਗਿਣਤੀ ਜਨਤਾ ਵਲੋਂ “ਲੋਕ ਭਾਵਨਾਵਾਂ” ਦਾ ਹਵਾਲਾ ਦਿੱਤਾ ਹੈ।ਪਰ ਸਾਨੂੰ ਲਗਦੈ ਕਿ “ਲੋਕ ਭਾਵਨਾਵਾਂ” ਦਾ ਹਵਾਲਾ ਇਤਿਹਾਸ ਨਾਲ ਜ਼ਿਆਦਤੀ ਤੇ ਭਵਿੱਖ ਨਾਲ ਅਜਿਹਾ ਖਿਲਵਾੜ ਹੈ,ਜਿਸ ਕਰਕੇ ਭਵਿੱਖ ਨੁੰ ਫਾਸ਼ੀਵਾਦ,ਸ਼ੁੱਧਤਾਵਾਦ ਜਾਂ ਨਸਲਕੁਸ਼ੀ ਵਗੈਰਾ ਵਗੈਰਾ ਦੀ ਭੇਂਟ ਚੜ੍ਹਨਾ ਪੈ ਸਕਦਾ ਹੈ।--ਗੁਲਾਮ ਕਲਮ

ਦੀਵਾਲੀ ਤੋਂ ਦੋ ਕੁ ਹਫਤੇ ਪਹਿਲਾਂ ਪੰਜਾਬੀ ਦਾ ‘ਸੱਭ ਤੋਂ ਵੱਧ ਵਿਕਣ ਵਾਲਾ ਅਖਬਾਰ’ ਲੇਖਕ ਸੱਜਣਾਂ ਲਈ ਇੱਕ ਇਸ਼ਤਿਹਾਰ ਜਾਰੀ ਕਰਦਾ ਹੁੰਦੈ।ਜਿਸ ਵਿੱਚ ਦੀਵਾਲੀ ਨਾਲ ਸਬੰਧਤ ਵਿਸ਼ੇਸ਼ ਅੰਕ ਲਈ ਲੇਖਕਾਂ ਨੂੰ ਆਪਣੇ ਲੇਖ ਸਮੇਂ ਸਿਰ ਭੇਜਣ ਦੀ ਅਪੀਲ ਕੀਤੀ ਗਈ ਹੁੰਦੀ ਹੈ। ਦੀਵਾਲੀ ਵਾਲੇ ਦਿਨ ਇਸ ਵਿਸ਼ੇਸ਼ ਅੰਕ ਵਿੱਚ ਪੰਥਕ ਵਿਦਵਾਨਾਂ ਤੇ ਹਿੰਦੂ ਸਿੱਖ ‘ਏਕਤਾ’ ਦੇ ਮੁੱਦਈ ਕੁਝ ਇੱਕ ਨਿਸ਼ਚਿਤ ਸਿਰਲੇਖਾਂ ਨਾਲ ਪਿਛਲੇ ਕਈ ਸਾਲਾ ਤੋਂ ਵਿਦਵਤਾ ਦਾ ਲੋਹਾ ਮਨਵਾੳਂੁਦੇ ਚੱਲੇ ਆ ਰਹੇ ਹਨ।ਲੇਖਾਂ ਦੇ ਸਿਰਲੇਖ ਹੁੰਦੇ ਨੇ, ‘ਦੀਵਾਲੀ ਦੀ ਰਤਿ ਦੀਵੇ ਬਾਲੀਅਨ’, ‘ਬੰਦੀ ਛੋੜ ਦਿਵਸ’, ਦੀਵਾਲੀ ਦਾ ਇਤਿਹਾਸਕ ਪਿਛੋਕੜ ਅਤੇ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਤਿਉਹਾਰ :ਦੀਵਾਲੀ।

ਖੈਰ! ਸਾਲ ਕੁ ਪਹਿਲਾਂ ਅਸੀਂ ਵੀ ਅਖਬਾਰੀ ਦੁਨੀਆਂ ‘ਚ ਨਵੀਂ ਨਵੀਂ ਐਂਟਰੀ ਮਾਰੀ ਸੀ ਸੋਚਿਆਂ ਕਿਉ ਨਾ ਕੁਝ ਖੋਜ ਵਿਚਾਰ ਕਰਕੇ ਅਸੀਂ ਵੀ ‘ਦੀਵਾਲੀ ਦੀ ਰਾਤਿ ਦੀਵੇ ਬਾਲੀਅਨ’ ਸਿਰਲੇਖ ਹੇਠ ਕੁਝ ਵਿਦਵਤਾ ਦੀ ਲਾਟ ਜਗਾ ਲਈਏ।ਪਰ ਇਹ ਖੋਜ ਵਿਚਾਰ ਸਾਲ ਬਾਅਦ ਇਸ ਸਿੱਟੇ ਤੇ ਪਹੁੰਚੀ ਕਿ ਮੇਰਾ ਲਿਖਿਆ ਕੋਈ ਲੇਖ ਇਹਨਾਂ ਨਾਮੀ ਅਖਬਾਰਾਂ ਦੇ ਚਮਕੀਲੇ ਪੇਪਰ ਤੇ ਆਫਸੈਟ ਲੇਅ-ਆਊਟ ਦਾ ਸ਼ਿੰਗਾਰ ਕਦੇ ਨਹੀਂ ਬਣਨਾ।ਕਿਸੇ ਗੁੰਮਨਾਮ ਪਰਚੇ ‘ਚ ਆਪਣਾ ਗੁਭ-ਗੁਭਾਰ ਕੱਢ ਲਿਆ ਜਾਵੇ ਤਾਂ ਗੱਲ ਵੱਖਰੀ ਹੈ।
ਵਿਸ਼ੇ ਬਾਰੇ ਸੋਚ ਵਿਚਾਰ ‘ਚ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਿਆ ਕਿ ‘ਗੁਰੁ ਕਿਆਂ ਨੌ ਨਿਹਾਲਾਂ’ ਨੂੰ ਦੀਵਾਲੀ ਵਾਲੇ ਦਿਨ ਕਿਹੜੀ ਭੀੜ ਆ ਪਂੈਦੀ ਹੈ ਜੋ ਗੁਰੁ ਘਰਾਂ ‘ਚ ਕੱਠੇ ਹੋ ਕੇ ਅਰਬਾਂ ਰੁਪਏ ਨੂੰ ਅੱਗ ਲਾ ਦਂੇਦੇ ਹਨ ਤੇ ਨਾਲੇ ਉਸ ਕੁਦਰਤੀ ਵਾਤਵਰਨ ਨਾਲ ਐਨਾਂ ਵੈਰ ਕਿਉਂ ਕੱਢਦੇ ਨੇ ਜਿਸ ਕੁਦਰਤ ਤੋਂ ਇਨ੍ਹਾਂ ਦਾ ਗੁਰੁ ਬਾਬਾ ਬਲਿਹਾਰੇ ਜਾਂਦਾ ਸੀ। ਐਮ.ਬੀ.ਡੀ ‘ਚ ਦੀਵਾਲੀ ਦੇ ਲੇਖ ਤੋਂ ਲੈ ਕੇ ਮੰਜੀ ਸਾਹਬ ਦੀਵਾਨ ਹਾਲ ‘ਚ ਖੂਡੀ ਦੇ ਸਹਾਰੇ ਖਲੋਤਾ ਬੁੱਢਾ ਢਾਡੀ ਤੇ ਅਖਬਾਰਾਂ ਰਸਾਲਿਆਂ ਦੇ ਕਾਲਮ ਨਵੀਸਾਂ ਤੋਂ ਲੈ ਕੇ ਇੰਟਰਨੈੱਟ ਦੀਆਂ ਸਾਇਟਾਂ ਇੱਕਜੁਟਤਾ ਨਾਲ ਕੀਹਦੇ ਸੁਣੀਦੇ ਹਨ ਕਿ ‘ਦੀਵਾਲੀ ਹਿੰਦੂਆਂ ਤੇ ਸਿੱਖਾਂ ਦਾ ਸਾਝਾਂ ਤਿਉਹਾਰ ਹੈ।ਇਸ ਦਿਨ ਭਗਵਾਨ ਸ੍ਰੀ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਪਹੁੰਚੇ ਸਨ।ਜਦੋਂ ਕਿ ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ।ਜਿਸ ਦੀ ਖੁਸ਼ੀ ਵਜੋਂ ਦੀਵਾਲੀ ਵਾਲੇ ਦਿਨ ਦੀਮਮਾਲਾ ਤੇ ਆਤਿਸਬਾਜ਼ੀ ਕੀਤੀ ਜਾਂਦੀ ਹੈ’। ਸਾਨੂੰ ਇਹ ਗੱਲ ਬਚਪਨ ਤੋਂ ਤੋਤੇ ਵਾਂਗ ਰਟਾ ਦਿੱਤੀ ਜਾਂਦੀ ਹੈ,ਨਹੀਂ ਤਾਂ ਮੈਨੂੰ ਲਗਦਾ ਜੇ ਕਿਤੇ ਕਿਸੇ ਤੀਜੇ ਬੰਦੇ ਨੂੰ ਇਹ ਉਪਰ ਦੱਸਿਆ ਘਟਨਾਂ ਕਰਮ ਸੁਣਾਇਆ ਜਾਵੇ ਤਾਂ ਉਹ ਘੱਟੋ-ਘੱਟ ਉਹ ਇਹ ਤਾਂ ਜ਼ਰੂਰ ਕਹੇਗਾ ਕਿ ‘ਵੱਟ ਆ ਕੋ ਇਨਸੀਡੈਂਟ’ । ਅਜੀਬ ਇਤਫਾਕ ਹੈ ।
ਜੰਤਰੀਆਂ ਦੇ ਰਚੇਤਾ ਤੇ ਤਿਥਾਂ ਰੁਤਾਂ ਦੇ ਗਿਆਤਾ ਬ੍ਰਹਮਣ ਦੇਵਤਾ ਦੇ ਇਸ ਮੇਲ ਜੋਲ ਤੇ ਸ਼ੰਕਾਂ ਕਰਨਾ ਤਾਂ ਜਾਇਜ਼ ਨਹੀ ।ਪਰ ਸਿੱਖਾਂ ਦੇ ਘਰ ਜੰਮਣ ਨਾਤੇ ਇਹ ਜਾਨਣ ਦੀ ਕੋਸਿਸ਼ ਤਾਂ ਕੀਤੀ ਜਾ ਸਕਦੀ ਹੈ ਕਿ ਗੁਰੂ ਹਰਿਗੋਬਿੰਦ ਕਿਸ ਦੋਸ਼ ਤਹਿਤ ਕਦੋਂ ਤੇ ਕਿੰਨੇ ਸਮੇਂ ਲਈ ਕੈਦ ਰਹੇ?ਇਹ ਜਾਨਣਾ ਕਿਸੇ ਸਿੱਖ ਲਈ ਕਿੰਨਾ ਦੁਖਦਾਇਕ ਹੋ ਸਕਦਾ ਹੈ ਕਿ ਸਮੇਂ ਸਮੇਂ ਦੇ ਦਰਜਨ ਦੇ ਕਰੀਬ ਪ੍ਰਮੁੱਖ ਇਤਿਹਾਸਕਾਰ, ਪੁਰਾਤਨ ਗਵਾਹੀਆਂ, ਦਸਤਾਵੇਜ਼ ਤੇ ਸਾਖੀਆਂ ਗ੍ਰਿਫਤਾਰੀ ਤੇ ਰਿਹਾਈ ਦੀ ਤਰੀਖ ਤਾਂ ਕੀ ਦੱਸਣਗੀਆਂ ਸਗੋਂ ਕੈਦ ਦੇ ਸਮੇਂ (ਮਿਆਦ) ਨੂੰ ਲੈ ਕੇ ਇੱਕ ਦੂਜੇ ਦੇ ਬਿਲਕੁਲ ਵਿਰੋਧ ‘ਚ ਦਿਖਾਈ ਦਿੰਦੀਆਂ ਹਨ।ਏਥੋਂ ਤੱਕ ਕਿ ਕੁਝ ਗ੍ਰਥਾਕਾਰ ਨੇ ਤਾਂ ਬਿਲਕੁਲ ਚੁੱਲ ਹੀ ਵੱਟੀ ਹੋਈ ਮਿਲਦੀ ਹੈ ।ਇਸ ਸਬੰਧੀ ਕੁਝ ਪ੍ਰਮੁੱਖ ਇਤਿਹਾਸਕਾਰਾਂ ਦੀਆਂ ਗਵਾਹੀਆਂ ਦਰਜ਼ ਕਰ ਰਿਹਾ ਹਾ ।ਡਾ.ਗੰਡਾ ਸਿੰਘ ਮੁਤਾਬਕ 1612 ਈ. ਤੋਂ 1614ਈ, ਇੰਦੂ ਭੂਸਨ ਬੈਨਰਜੀ 1607 ਤੋਂ 1612, ਪ੍ਰਿ ਤੇਜਾ ਸਿੰਘ 1614 ਤੋਂ 1616 ਤੱਕ,ਅਰਧ ਸੁਆਮੀ ਇਹ ਸਮਾਂ 12 ਸਾਲ ਦਾ ਦੱਸਦਾ ਹੈ, ਪ੍ਰਿੰ.ਸਤਬੀਰ ਸਿਂੰਘ 1609 ਤੋਂ 1612 ਤੱਕ ਹੈ । ਮੈਕਾਲਿਫ ਅਨੁਸਾਰ 5 ਸਾਲ ਤੇ ਸਿੱਖ ਰਵਾਇਤ ਮੁਤਾਬਕ 40 ਦਿਨ । ਹੁਣ ਜ਼ਰਾ ਅੰਦਾਜ਼ਾ ਲਗਾਉ ਜਿਥੇ ਸਾਲਾਂ ਦਾ ਏਨਾਂ ਵੱਡਾ ਟਪਲਾ ਹੈ, ਕੋਈ 40 ਦਿਨ ਤੇ ਕੋਈ 12 ਸਾਲ ਕਹਿੰਦਾ ਹੈ ਉਥੇ ਇਸ ਗੱਲ ਦਾ ਕਿਸ ਤਰਾਂ ਪਤਾ ਲੱਗਾ ਕਿ ਗੁਰੂੁ ਜੀ ਦੀ ਰਿਹਾਈ ਦੀਵਾਲੀ ਵਾਲੇ ਦਿਨ ਹੀ ਹੋਈ ਸੀ।ਭਾਵ ਕਿ ਉਸ ਦਿਨ ਹੀ ਹੋਈ ਸੀ ਜਿਸ ਦਿਨ ਰਾਮ ਚੰਦਰ ਅਯੁੱਧਿਆ ਵਾਪਸ ਮੁੜਿਆ ਸੀ।ਇਹ ਉਵਂੇ ਹੀ ਲੱਗਦਾ ਹੈ ਜਿਵੇਂ ਜਿਸ ਦਿਨ ਸਰਸਾਂ ਦੇ ਕੰਢੇ ਵਿਛੜੇ ਮਝੈਲਾਂ ਨੇ ਮਹਾਂ ਸਿੰਘ ਦੀ ਅਗਵਾਈ ‘ਚ ਗੁਰੂੁ ਘਰ ਦੇ ਵੈਰੀਆਂ ਨਾਲ ਸਿਰ ਧੱੜ ਦੀ ਬਾਜ਼ੀ ਲਾਈ ਉਸ ਦਿਨ ਮਕਰ ਸੰਕ੍ਰਾਂਤੀ ਸੀ ।ਜੋ ਅੱਜ ਸਿੱਖਾਂ ਵੱਲੋਂ ਧੂਮ ਧੜੱਕੇ ਨਾਲ ਮਨਾਈ ਜਾਂਦੀ ਹੈ।ਇਹ ਅਜੀਬ ਇਤਫਾਕ ਬ੍ਰਾਹਮਣੀ ਦਿਹਾੜਿਆਂ ਨਾਲ ਮੇਲ ਖਾ ਕੇ ਹੀ ਕਿੳਂੁ ਵਾਪਰੇ।ਮੁਸਲਮਾਨਾਂ ਦੇ ਕਿਸੇ ਤਿਉਹਾਰ ਨਾਲ ਸਾਡੀ ਸਾਂਝ ਕਿਉ ਨਹੀਂ ਪਈ ?ਕੀ ਗੁਰੂ ਕੇ ਇਸਲਾਮੀ ਦਿਹਾੜਿਆਂ ਵਾਲੇ ਦਿਨ ਛੁੱਟੀ ਡਿਕਲੇਅਰ ਕਰ ਦਿੰਦੇ ਸਨ? ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਵੱਡੇ ਦਿਨ (ਕ੍ਰਿਸਮਿਸ ਡੇ) ਵਾਲੇ ਦਿਨ ਹੁੰਦਾ ਹੈ।ਅਸੀਂ ਸ਼ਹੀਦੀ ਦਿਨ ਨੂੰ ਇਸਾਈਆਂ ਨਾਲ ਸਾਂਝਾ ਕਰਕੇ ਕਿੳਂੁ ਨਹੀਂ ਮਨਾਉਂਦੇ? ਕੀ ਭਾਈਚਾਰਕ ਸਾਂਝ ਤੇ ਏਕਤਾ ਦਾ ਮਤਲਬ ਸਿਰਫ ਸਿੱਖਾਂ ਦਾ ਹਿੰਦੂਆਂ ‘ਚ ਰਲਗੱਡ ਹੋਣ ਤੋਂ ਹੀ ਹੈ। ਇਥੇ ਹਿੰਦੂ ਸਿੱਖ ਏਕਤਾ ਵਿਚਲੇ ‘ਏਕਤਾ’ ਸ਼ਬਦ ਤੇ ਵੀ ਗੌਰ ਕਰ ਲਿਆ ਜਾਵੇ, ਏਕਤਾ ਤੋਂ ਭਾਵ ਦੋਂ ਵੱਖ ਵੱਖ ਚੀਜਾਂ ਦਾ ਇੱਕ ਹੋ ਜਾਣ ਤੋਂ ਹੁੰਦਾ ਹੈ। ਇਹ ਉਹੀ ਸਬਦ ਹੈ ਜਿਸ ਨੇ ਭਾਰਤ ਚੋਂ ਬੋਧੀ ਜੈਨੀ ਤੇ ਪਾਰਸੀ ਨੁਕਰੇ ਲਾ ਦਿੱਤੇ। ਸਬਦ ਸ਼ਾਝੀਵਾਲਤਾ ਤਾਂ ਵਰਤਿਆ ਜਾ ਸਕਦਾ ਹੈ ਪਰ ਏਕਤਾ ਨਹੀਂ।

ਦੀਵਾਲੀ ਸਬੰਧੀ ਤਵਾਰੀਖੀ ਘਚੋਲੇ ਦੀ ਚਰਚਾ ਕਿਸੇ ਸਿਆਣੇ ਜਾਪਦੇ ‘ਸਿੰਘ’ ਨਾਲ ਕਰ ਲਈਏ ਤਾਂ ਉਹ ਝੱਟ ਦੇਣੀ ਕਹੇਗਾ ‘ਨਾ ਹੁਣ ਭਾਈ ਗੁਰਦਾਸ ਵੀ ਝੂਠਾ ਹੋ ਗਿਆ ਜਿਹੜਾ ਗੁਰੁ ਹਰਿਗੋਬਿੰਦ ਜੀ ਦਾ ਹਾਣੀ-ਬਾਣੀ ਸੀ, ਉਨਾਂ ਨੇ ਵਾਰਾਂ ‘ਚ ਦੀਵਾਲੀ ਮਨਾਉਣ ਦਾ ਜ਼ਿਕਰ ਕੀਤਾ ਹੋਇਆ। ਬਿਲਕੁਲ ਕੀਤਾ ਹੋਇਆ ਗੁਰੂੁ ਸਾਹਬਾਂ ਦੇ ਬਹੁਤੇ ਸਮਕਾਲੀ ਤਾਂ ਗੁਰੁ ਘਰ ‘ਚ ਮਨਾਈ ਜਾਂਦੀ ਕਿਸੇ ਦੀਵਾਲੀ ਬਾਰੇ ਬਿਲਕੁਲ ਚੁੱਪ ਹਨ।ਪਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ‘ਚ ਇੱਕ ਪੰਕਤੀ ਜ਼ਰੂਰ ਦਰਜ਼ ਕੀਤੀ ਹੋਈ ਹੈ।ਦੀਵਾਲੀ ਦੀ ਰਾਤਿ ਦੀਵੇ ਬਾਲੀਅਨ ਜੋ ਕਿ ਸਾਡੇ ਰਾਗੀਆਂ, ਢਾਡੀਆਂ, ਲਿਖਾਰੀਆਂ ਦੇ ਤੋਰੀ ਫੁਲਕੇ ਦਾ ਵਧੀਆ ਜੁਗਾੜ ਬਣੀ ਹੋਈ ਹੈ। ਇਹ ਜਾਣ ਕੇ ਉੱਚੀ ਮੱਤ ਵਾਲੇ ਸਿੱਖਾਂ ਤੇ ਤਰਸ ਤਾਂ ਜ਼ਰੂਰ ਆਵੇਗਾ ਕਿ ਇਹ ਪੰਗਤੀ ਭਾਈ ਗੁਰਦਾਸ ਜੀ ਨੇ ਸਿਰਫ ਇੱਕ ਮਿਸਾਲ ਵਜੋਂ ਵਰਤੀ ਸੀ ਜਦੋਂ ਕਿ 19ਵੀਂ ਵਾਰ ਦੀ 6ਵੀਂ ਪਾਉੜੀ ਦਾ ਕੇਂਦਰੀ ਭਾਵ ( ਸੈਂੇਟਰਲ ਆਈਡੀਆ) ਦੀਵਾਲੀ ਨਾਲ ਕੋਈ ਸਬੰਧ ਹੀ ਨਹੀਂ ਰੱਖਦਾ। ਵਾਰ ਦੀ ਜੁਗਤ ਅਨੁਸਾਰ ਪਾਉੜੀ ਦੀਆਂ ਪਹਿਲੀਆਂ ਪੰਜ ਲਾਇਨਾਂ ਵਿੱਚ ਕਿਸੇ ਗੱਲ ਨੂੰ ਪ੍ਰਮਾਣਿਤ ਕਰਨ ਲਈ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ ਤੇ ਅੰਤਲੀ ਪੰਕਤੀ ਵਿੱਚ ਸਾਰ ਦੇ ਰੂਪ ‘ਚ ਤੱਤ ਕੱਢ ਦਿੱਤਾ ਜਾਂਦਾ ਹੈ ਜਿਵੇਂ ਕਿ ਇਸ ਪਾਉੜੀ ਵਿੱਚ ਵੀ ਕੀਤਾ ਗਿਆ ਹੈ । ਪਾਉੜੀ ਦਾ ਕੇਂਦਰੀ ਭਾਵ ਗੁਰਮੁਖਿ ਸੁਖ ਫਲ ਦਾਤਿ ਸਬਦਿ ਸੰਮ੍ਹਾਲੀਅਨਿ’ ਹੈ। ਪਹਿਲੀਆਂ ਪੰਕਤੀ ਦੀਵਾਲੀ ਦੀ ਰਾਤਿ ਦੀਵੇ ਬਾਲੀਅਨ ਤੋਂ ਭਾਵ ਕਿ ਜਿਵੇਂ ਦੀਵਾਲੀ ਦੀ ਰਾਤਿ ਲੋਕ ਦੀਵੇ ਬਾਲਦੇ ਹਨ । ( ਬਹੁਗਿਣਤੀ ਇਸ ਨੂੰ ਤਿਉਹਾਰ ਦੇ ਰੂਪ ‘ਚ ਮਨਾਉਦੀ ਸੀ ਸੋ ਭਾਈ ਜੀ ਨੇ ਉਦਾਹਰਣ ਦੇ ਦਿੱਤੀ) । ਤਾਰੇ ਜਾਤ ਸੁਨਾਤ ਅੰਬਰ ਭਾਲੀਅਨ ਭਾਵ ਜਿਵੇਂ ਅੰਬਰ ‘ਚ ਤਰਾਂ ਤਰਾਂ ਦੇ ਤਾਰੇ ਹੁੰਦੇ ਹਨ।ਫੁਲਾਂ ਦੀ ਬਾਗਤਿ ਚੁਣ ਚੁਣ ਚਾਲੀਅਨ ਜਿਵੇਂ ਫੁੱਲਾਂ ਦੀ ਬਾਗੀਚੀ ‘ਚ ਕਈ ਤਰਾਂ ਦੇ ਫੁੱਲ ਹੁੰਦੇ ਹਨ। ਤੇ ਅੰਤਲੀ ਪੰਕਤੀ ‘ਚ ਤੱਤ ਕੱਢਦੇ ਹਨ ਗੁਰਮੁਖਿ ਸੁਖ ਫਲ ਦਾਤਿ ਸਬਦਿ ਸੰਮ੍ਹਾਲੀਅਨਿ ਭਾਵ ਕਿ ਇਵੇ ਹੀ ਗੁਰਮੁਖ ਬੰਦੇ ਦੇ ਸਾਰੇ ਸੁੱਖ ਫੱਲ ਸਬਦ ਭਾਵ ਗਿਆਨ ‘ਚ ਸੰਭਾਲੇ ਹੋਏ ਹਨ।ਪਰ ਅਜੋਕੇ ਗੁਰਮੁਖਾਂ ਨੂੰ ਸੁਖ ਫਲ ਸ਼ਬਦ ਚੋਂ ਨਹੀਂ ਸਗੋਂ ਸ਼ੁਰਲੀਆਂ ਪਟਾਕਿਆਂ ਚੋਂ ਲੱਭ ਰਹੇ ਹਨ। ਵੈਸੇ ਹੋਰ ਕਰਨ ਵੀ ਕੀ ਬਾਬੇ ਦੀ ਬਹੁਤੀ ਕਿਰਪਾ ਵਾਲੇ ਸਿੱਖ ਤਾਂ ਤਿਉਹਾਰਾਂ ਤੇ ਮਿਲਣ ਵਾਲੀ ਗਿਫਟ ਰੂਪੀ ਰਿਸ਼ਵਤ ਨਾਲ ਮਾਇਆ ਹੀ ਏਨੀ ਕੱਠੀ ਕਰ ਲੈਂਦੇ ਹਨ ਕਿ ਸੁੱਖ ਫਲ ਦੀ ਭਾਲ ‘ਚ ਨੋਟਾਂ ਨੂੰ ਅੱਗ ਲਾਉਣਾਂ ਸ਼ੁਗਲ ਨਹੀ ਲੋੜ ਬਣ ਜਾਂਦੀ ਹੈ।
ਹੁਣ ਇਹ ਸ਼ੰਕਾ ਤਾਂ ਪੈਦਾ ਹੋ ਗਿਆ ਹੋਵੇਗਾ ਕਿ ਜੇ ਦੀਵਾਲੀ ਦਾ ਸਿੱਖ ਸਿਧਾਂਤ ਤੇ ਸਿੱਖ ਇਤਿਹਾਸ ਨਾਲ ਸਬੰਧ ਹੀ ਕੋਈ ਨਹੀਂ ਤਾਂ ਫਿਰ ਸਿੱਖ ਕਮਲੇ ਕਿੱਦਾ ਹੋ ਗਏ? ਦਰਅਸਲ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਖਾਲਸਾ ਰਾਜ ਤੱਕ ਦਾ ਸਮਾਂ ਹਰ ਸਿੱਖ ਨੂੰ ਗੌਰ ਨਾਲ ਪੜ੍ਹੇ ਤੇ ਪੜ੍ਹਾਏ ਜਾਣ ਦੀ ਲੋੜ ਹੈ।ਘੋੜਿਆਂ ਦੀਆਂ ਕਾਠੀਆਂ ਤੇ ਬਸੇਰਾ ਕਰਨ ਵਾਲੇ ਖਾਲਸੇ ਨੇ ਮਿਸਲਾਂ ਦੇ ਦਿਨੀਂ ਫੈਸਲਾ ਕੀਤਾ ਕਿ ਸਾਲ ‘ਚ ਦੋ ਵਾਰ ਸਰਬੱਤ ਖਾਲਸਾ ਇਕੱਠਾ ਹੋਇਆ ਕਰੇਗਾ।ਇੱਕ ਦਿਨ ਵਿਸਾਖੀ ਵਾਲਾ ਮਿੱਥ ਲਿਆ ਗਿਆ ਤੇ ਦੂਜਾ ਸ਼ਾਇਦ ਖੁਸ਼ਗਵਾਰ ਮੌਸਮ ਦੀ ਸਹੂਲਤ ਜਾਣ ਕੇ ਦੀਵਾਲੀ ਮਿਥ ਲਿਆ ਗਿਆ ਹੋਵੇਗਾ ।ਅੰਮ੍ਰਿਤਸਰ ਸਾਹਿਬ ਸਣੇ ਸਾਰੇ ਇਤਿਹਾਸਕ ਗੁਰਦਵਾਰਿਆ ਦਾ ਪ੍ਰਬੰਧ ਨਿਰਮਲੇ, ਉਦਾਸੀ ਆਦਿ ਮਹੰਤ ਸ੍ਰੇਣੀਆਂ ਕਰਦੀਆਂ ਸਨ ਹੋ ਸਕਦਾ ਫੈਸਲੇ ਤੇ ਇਨ੍ਹਾਂ ਦਾ ਪ੍ਰਭਾਵ ਵੀ ਰਿਹਾ ਹੋਵੇ । ਪਰ ਸਿੱਖਾਂ ਦੀ ਦੀਵਾਲੀ ਕੇਵਲ ਸਰਬੱਤ ਖਾਲਸੇ ‘ਚ ਜੁੜ ਕੇ ਪੰਥਕ ਚਣੌਤੀਆ ਹੱਲ ਕਰਨ ਲਈ ਵਿਚਾਰ ਚਰਚਾ ਤੱਕ ਹੀ ਸੀਮਤ ਹੁੰਦੀ ਸੀ।
ਗੁਰਦਵਾਰਿਆਂ ਤੇ ਸਿੱਖਾਂ ਦੇ ਘਰੀਂ ਦੀਵੇ ਜਗਣੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ‘ਚ ਹਿੰਦੂ ਸਿੱਖ ‘ਏਕਤਾ’ ਦੀ ਨੀਤੀ ਕਾਰਨ ਸ਼ੁਰੂ ਹੋਏ, ਜੋ ਕਿ ਮੰਡੀ ਤੇ ਸ਼੍ਰੋਮਣੀ ਕਮੇਟੀ ਦੇ ਦੌਰ ‘ਚ ਸ਼ੁਰਲੀਆਂ ਪਟਾਕਿਆਂ ਤੱਕ ਪਹੁੰਚ ਗਏ ਤੇ ਆਸ ਹੈ ਕਿ ਅਜੋਕੀ ਹਿੰਦੂਤਵੀ ਮੀਡੀਆ ਕ੍ਰਾਂਤੀ ਤੇ ਅਖੌਤੀ ਗਲੋਬਲਾਈਜੇਸ਼ਨ ਸਿੱਖਾਂ ਦੇ ਘਰੀਂ ਲਕਸ਼ਮੀ ਪੂਜਾ ਵੀ ਸ਼ੁਰੂ ਕਰਵਾ ਦੇਵੇਗੀ।

ਚਰਨਜੀਤ ਤੇਜਾ

Wednesday, October 14, 2009

ਆਓ ਦੀਵਿਆਂ ਦੇ ਨਾਲ ਦਿਮਾਗ ਵੀ ਰੌਸ਼ਨ ਕਰੀਏ



ਛੋਟੇ ਹੁੰਦਿਆਂ ਦੀਵਾਲੀ ਦਾ ਬੜਾ ਅਜੀਬ ਜਿਹਾ ਸ਼ੌਕ ਹੁੰਦਾ ਸੀ,ਹਰ ਵਾਰ ਕੁਝ ਖਾਸ ਕਰਨ ਦੀ ਕੋਸ਼ਿਸ਼ ਰਹਿੰਦੀ।ਹਾਲਾਂਕਿ ਮੋਟੀਆਂ ਮੋਟੀਆਂ ਚਾਰ ਗੱਲਾਂ,ਦੀਵਿਆਂ ਤੋਂ ਲੈਕੇ ਛੱਤ ‘ਤੇ ਟੰਗੇ ਗੜਬੜਿਆਂ ਤੋਂ ਬਿਨਾਂ ਕੁਝ ਨਹੀਂ ਸੀ ਪਤਾ ਹੁੰਦਾ।ਦੀਵਾਲੀ ਤੋਂ 5-7 ਦਿਨ ਪਹਿਲਾਂ ਤੇ ਬਾਅਦ ‘ਚ ਘੁਮਿਆਰਾਂ ਤੇ ਲਾਗੀਆਂ-ਤੱਥੀਆਂ ਆਦਿ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ।ਪਰ ਹੁਣ ਸਮੇਂ ਦੇ ਚੱਕਰ ਨੇ ਬਹੁਤ ਕੁਝ ਸਮੇਟ ਲਿਆ ਹੈ।ਤਿਉਹਾਰਾਂ ਦਾ ਮੁਖਰ ਬਜ਼ਾਰੀਕਰਨ ਹੋਣ ਨਾਲ ਦੀਵਾਲੀ ਵੀ ਮਾਰਕੀਟ ਦੀ ਭੇਂਟ ਚੜ੍ਹ ਗਈ ਹੈ।ਘੁਮਿਆਰਾਂ ਦੇ ਕੱਚੇ ਭਾਂਡਿਆਂ ਦੀ ਥਾਂ ਚੀਨੀ ਸਮਾਨ ਨੇ ਲੈ ਲਈ ਹੈ।ਦੀਵਾਲੀ ਹੁਣ ਟੀ.ਵੀ ਦੇ ਅਸਰ ‘ਚ ਮਨਾਈ ਜਾ ਰਹੀ ਹੈ।ਤਿਉਹਾਰ ਯਾਦ ਰੱਖਣ ਲਈ ਕੋਕਾ ਕੋਲਾ ਜ਼ਰੂਰੀ ਹੈ।“ਸ਼ਪੈਸ਼ਲ ਔਫਰਾਂ” ਦੇ ਵਿਗਿਆਪਨ ਦਿਲ ਦੀਆਂ ਘੰਟੀਆਂ ਵਜਾ ਰਹੇ ਨੇ।ਮੈਂ ਜਦੋਂ ਕਦੇ ਘਰੇ ਜ਼ਿਆਦਾ ਦੀਵਾਲੀ-ਦੀਵਾਲੀ ਕਰ ਦਿੰਦਾ ਸੀ,ਤਾਂ ਮੇਰਾ ਪਿਓ ਕਹਿੰਦਾ ਸੀ ‘ਓਏ ਜੱਟਾਂ ਦੀ ਕਾਹਦੀ ਦੀਵਾਲੀ ਹੁੰਦੀ ਹੈ।ਸਾਡਾ ਤਾਂ ਦੀਵਾਲਾ ਹੁੰਦਾ,ਲਕਸ਼ਮੀ ਤਾਂ ਸਾਰੀਆਂ ਬਾਣੀਆਂ ਦੇ ਘਰੇ ਚਲੀ ਜਾਂਦੀ ਹੈ।ਹੁਣ ਪਤਾ ਲਗਦਾ ਕਿ ਕਿਸ ਤਰ੍ਹਾਂ ਦੀਵਾਲੀ ਦੇ ਜ਼ਰੀਏ ਲੋਕਾਂ ਦੀਆਂ ਜੇਬਾਂ ‘ਚੋਂ ਅਰਬਾਂ ਰੁਪਏ ਨਿਕਲਕੇ ਵਪਾਰੀਆਂ ਦੀ ਜੇਬ ‘ਚ ਪੈਂਦੇ ਨੇ।ਇਸ ਵਾਰ ਭੋਗ ਵਿਲਾਸਤਾ ਦੀਆਂ ਫਾਲਤੂ ਚੀਜ਼ਾਂ ਦੇ ਲਗਭਗ 65,000 ਕਰੋੜ ਰੁਪਏ ਖਰਚ ਹੋਣ ਦੀ ਸੰਭਾਵਨਾ ਹੈ।ਇਸਤੋਂ ਇਲਾਵਾ ਦੀਵਾਲੀ ਨਾਲ 300 ਅਰਬ ਲਾਟਰੀ ਬਜ਼ਾਰ ਤੇ 500 ਅਰਬ ਦਾ ਜੂਆ ਬਜ਼ਾਰ ਜੁੜਿਆ ਹੋਇਆ ਹੈ।


ਦੀਵਾਲੀ ਦੇ ਮਿੱਥਹਾਸ ਨੂੰ ਜਾਣਕੇ ਪਤਾ ਲਗਦੈ ਕਿ ਦੇਵਤਿਆਂ ਨੇ ਲੰਬੀ ਲੜਾਈ ਲੜਕੇ “ਅਸੁਰਾਂ” ਯਾਨਿ ਕਿ ਕਹੇ ਜਾਂਦੇ "ਦੈਤਾਂ" ‘ਤੇ ਜਿੱਤ ਪ੍ਰਪਤ ਕੀਤੀ।ਪਿਛਲੇ ਸਮੇਂ ‘ਚ ਮੈਂ ਕੁਝ ਆਦਿਵਾਸੀ ਇਲਾਕਿਆਂ ‘ਚ ਰਹਿਕੇ ਆਇਆ।ਓਥੋਂ ਪਤਾ ਲੱਗਿਆ ਕਿ ਆਦਿਵਾਸੀ ਸਮਾਜ ਅੰਦਰ “ਅਸੁਰ” ਨਾਂਅ ਦੀ ਜਾਤੀ ਹੈ।ਇਸਤੋਂ ਇਲਾਵਾ ਉੜੀਸਾ ਦੇ ਇਕ ਪ੍ਰਸੱਧਿ ਨਾਵਲ ‘ਚ ਆਦਿਵਾਸੀ “ਅਸੁਰ” ਜਾਤੀ ਦੇ ਇਤਿਹਾਸ ਦਾ ਜ਼ਿਕਰ ਸੁਣਿਆ।ਏਥੇ ਮਿੱਥਹਾਸ ਦਾ ਇਤਿਹਾਸ ਨਾਲ ਕਿਤੇ ਨਾ ਕਿਤੇ ਸੁਮੇਲ ਨਜ਼ਰ ਆਇਆ।ਦੀਵਾਲੀ ਤੋਂ ਤੁਰੁੰਤ ਬਾਅਦ ਹੀ ਭਾਰਤੀ ਰਾਜਨੀਤਿਕ “ਦੇਵਤੇ” “ਆਦਿਵਾਸੀ ਅਸੁਰਾਂ” ‘ਤੇ ਹਮਲਾ ਕਰਨ ਜਾ ਰਹੇ ਹਨ।“ਮਾਓਵਾਦੀਆਂ” ਦੇ ਨਾਂਅ ਤੇ ਕੀਤੇ ਜਾ ਰਹੇ ਇਸ ਹਮਲੇ ‘ਚ ਲਗਭਗ 1 ਲੱਖ ਅਰਧ ਸੈਨਿਕ ਬਲਾਂ ਦੀ ਤੈਨਾਤੀ ਕੀਤੀ ਜਾ ਰਹੀ ਹੈ।ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਅਰਧ ਸੈਨਿਕ ਬਲਾਂ ਦੇ ਰਗੜੇ ‘ਚ ਅਜਿਹੇ ਨਿਹੱਥੇ ਲੋਕ ਹੀ ਆਉਣਗੇ।ਜੋ ਦੁਨੀਆਂ ਦੀ ਸਭਤੋਂ ਵੱਡੀ ਜਮਹੂਰੀਅਤ ਅੰਦਰ 62 ਸਾਲਾਂ ਬਾਅਦ ਵੀ “ਅਦਿਵਾਸੀ” ਸਦਵਾਉਂਦੇ ਨੇ।ਜਿਨ੍ਹਾਂ ਦਾ ਜੀਵਨ ਪੱਧਰ ਨੂੰ ੳੁੱਚਾ ਚੁੱਕਣ ਤੇ ਮੁੱਖ ਧਾਰਾ ‘ਚ ਲਿਆਉਣ ਲਈ ਸਰਕਾਰਾਂ ਵਲੋਂ ਕੋਈ ਉਪਰਾਲੇ ਨਹੀਂ ਕੀਤੇ ਗਏ।

ਖੈਰ,ਕਿਸੇ ਨੂੰ ਲੱਗ ਸਕਦੈ ਕਿ ਗੱਲ ਕਿਥੋਂ ਸ਼ੁਰੂ ਕੀਤੀ ਤੇ ਕਿੱਥੇ ਮੁਕਾਈ।ਪਰ ਮੈਨੂੰ ਲਗਦੈ ਕਿ ਅਸੀਂ ਸਰਬ-ਸਾਂਝੀਵਾਲਤਾ ਦੇ ਮੁੱਦਈ ਏਨੇ ਵਿਅਕਤੀਗਤ ਹੋ ਗਏ,ਕਿ ਆਲੇ ਦੁਆਲੇ ਤੋਂ ਅਲੱਗ ਥਲੱਗ ਹੋਏ ਪਏ ਹਾਂ।ਬਿਲਕੁਲ “ਦੀਵੇ ਥੱਲੇ ਹਨੇਰੇ ਵਾਲੀ ਗੱਲ”।ਅਜਿਹੇ ਸਮੇਂ ‘ਚ ਜਦੋਂ ਦੀਵਾਲੀ ਦੇ ਜ਼ਰੀਏ ਮਾਰਕੀਟ ਸਾਡੇ ਕੋਲੋਂ ਕਰੋੜਾਂ-ਅਰਬਾਂ ਰੁਪਏ ਹੜੱਪਣ ਲਈ ਤਿਆਰ ਬੈਠੀ ਹੈ ਤਾਂ ਫਰਜ਼ ਬਣਦੈ ਕਿ ਅਸੀਂ ਦੀਵਾਲੀ ‘ਤੇ ਫਿਕਰਮੰਦ ਹੋਏ ਘੁਮਿਆਰ ਤੇ ਕਿਸੇ ਆਦਿਵਾਸੀ ਦੇ ਰਿਸ਼ਤੇ ਨੂੰ ਜੋੜੀਏ।ਕਿਉਂਕਿ ਦੋਵਾਂ ਇਕ ਸਾਂਝ ਹੈ।ਦੋਵੇਂ ਨੂੰ ਮਾਰਕੀਟ ਦੇ ਚੱਕਰ ਦੇ ਚਲਦਿਆ ਧੰਦੇ ਤੋਂ ਬਾਹਰ ਤੇ ਵਿਸਥਾਪਿਤ ਹੋਣਾ ਪੈ ਰਿਹਾ ਹੈ।ਆਓ ਇਹਨਾਂ ਸਾਰੇ ਚੱਕਰਾਂ ਨੁੰ ਤੋੜਦੇ ਹੋਏ ਮਾਰਕੀਟ ਦੇ ਭੋਗ ਵਿਲਾਸੀ ਸੱਭਿਆਚਾਰ ਦੇ ਕਾਰੋਬਾਰ ਨੂੰ ਰੱਦ ਕਰੀਏ ਤੇ ਇਸ ਦੀਵਾਲੀ ਕੁਝ ਨਵਾਂ ਕਰਨ ਤੇ ਸਮਝਣ ਦੀ ਕੋਸ਼ਿਸ਼ ‘ਚ ਦੀਵਿਆਂ ਦੇ ਨਾਲ ਦਿਮਾਗਾਂ ਨੂੰ ਰੌਸ਼ਨ ਕਰੀਏ।

ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
MOB-09899436972
mail2malwa@gmail.com,malwa2delhi@yahoo.co.in