ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, February 6, 2009

ਟੁੱਟ ਗਈ ਤੜੱਕ ਕਰ ਕੇ.......ਕਹਿੰਦੇ ਨੇ ...ਲਾਈ ਕਿਸੇ ਨਾ ਵੇਖੀ ਤੇ ਟੁੱਟਦੀ ਨੂੰ ਜੱਗ ਜਾਣਦਾ।ਪਰ ਇਹ ਤਾਂ ਲਗਦੀ ਵੀ ਸਭ ਨੇ ਵੇਖੀ 'ਤੇ ਹੁਣ ਜਦ ਟੁੱਟਣ ਕੰਡੇ ਹੈ ਤਾਂ ਵੀ ਸਾਰਿਆਂ ਦੇ ਸਾਹਮਣੇ ਹੈ। ਜੀ, ਚੰਦਰ ਮੋਹਨ ਉਰਫ ਚਾਂਦ ਮਹੁਮੰਦ ਅਤੇ ਅਨੁਰਾਧਾ ਬਾਲੀ ਉਰਫ ਫਿਜ਼ਾ ਦੀ ਹੀ ਗੱਲ ਕਰ ਰਹੇ ਹਾਂ। ਹਰਿਆਣਾ ਦਾ ਸਾਬਕਾ ਉੱਪ ਮੁੱਖ ਮੰਤਰੀ ਜਿਸਨੇ ਅਪਣੀ ਪ੍ਰੇਮਿਕਾ ਨਾਲ ਵਿਆਹ ਕਰਨ ਲਈ ਰਾਜ, ਭਾਗ ਸਭ ਕੁਝ ਤਿਆਗ ਦਿਤਾ। ਕੁਰਸੀ ਤਾਂ ਛੱਡੀ ਹੀ ਨਾਲ ਹੀ ਆਪਣਾ ਪਰਿਵਾਰ, ਪਤਨੀ, ਬੱਚੇ ਵੀ ਛੱਡ ਦਿੱਤੇ, ਧਰਮ ਬਦਲ ਲਿਆ, ਚੰਦਰ ਮੋਹਨ ਬਣ ਗਿਆ ਚਾਂਦ ਮਹੁਮੰਦ।ਦੂਜੇ ਪਾਸੇ ਅਨੁਰਾਧਾ ਬਾਲੀ ਨੇ ਵੀ ਕੋਈ ਕਸਰ ਨਾ ਛੱਡੀ। ਉਸਨੇ ਵੀ ਧਰਮ ਬਦਲ ਲਿਆ ਤੇ ਬਣ ਗਈ ਫਿਜ਼ਾ..ਫਿਜ਼ਾ ਮਹੁੰਮਦ। ਇਹ ਸਭ ਕੁਝ ਹੋਇਆ ਓਸ ਸੂਬੇ ਵਿੱਚ ਜਿਥੇ ਅੱਜ ਵੀ ਕਈ ਪਿੰਡ ਅਜਿਹੇ ਨੇ ਜਿਥੇ ਪ੍ਰੇਮ ਵਿਆਹ ਕਰਨ ਵਾਲਿਆਂ ਨੂੰ ਸਮਾਜ ਦੇ ਸਾਹਮਣੇ ਅਪਣੇ ਪਿਆਰ ਦਾ ਹਰਜਾਨਾ ਚੁਕਾਣਾ ਪੈਂਦਾ ਆਪਣੀ ਜਾਨ ਗੁਆ ਕੇ। ਖੈਰ, ਚਾਂਦ ਤੇ ਫਿਜ਼ਾ ਨੇ ਦੁਨਿਆ ਦੀ ਪਰਵਾਹ ਨਾ ਕਰਦਿਆਂ ਆਪਣੇ ਪਿਆਰ ਨੂੰ, ਆਪਣੇ ਵਿਆਹ ਨੂੰ ਤੇ ਧਰਮ ਬਦਲਣ ਨੂੰ ਸਾਰੀ ਦੁਨੀਆ ਸਾਹਮਣੇ ਕਬੂਲ ਕੀਤਾ। ਮੀਡੀਆ ਨੇ ਵੀ ਇਸਨੂੰ ਹੀਰ-ਰਾਂਝਾ ਤੇ ਲੈਲਾ ਮਜਨੂੰ ਵਰਗੀਆਂ ਪ੍ਰੇਮ ਕਹਾਣੀਆਂ ਦੱਸ ਕੇ ਅਪਣਾ ਉੱਲੂ ਸਿੱਧਾ ਕੀਤਾ।ਕੁੱਝ ਦਿਨਾਂ ਤੱਕ ਹਰ ਚੈਨਲ ਦੀਆਂ ਸੁਰਖੀਆਂ ਬਣੇ ਰਹੇ ਫਿਜ਼ਾ ਤੇ ਚਾਂਦ। ਕਦੇ ਕਿਸੇ ਚੈਨਲ 'ਤੇ ਇੱਕ ਦੂਜੇ ਨਾਲ ਜੀਉਣ ਮਰਨ ਦੇ ਵਾਅਦੇ ਕਰਦੇ ਵਿਖਾਈ ਦਿੰਦੇ ਅਤੇ ਕਦੇ ਧਰਮ ਬਦਲਣ ਨੂੰ ਸਿਰਫ ਵਿਆਹ ਲਈ ਚੁਕਿਆ ਗਿਆ ਕਦਮ ਹੀ ਨਹੀਂ ਦੱਸਦੇ ਵਿਖਾਈ ਦਿੰਦੇ। ਪਰ ਚਾਂਦ ਤੇ ਫਿਜ਼ਾ ਦੀ ਪ੍ਰੇਮ ਕਹਾਣੀ ਵਿੱਚੋਂ ਪ੍ਰੇਮ ਛੇਤੀ ਹੀ ਗਾਇਬ ਹੋ ਗਿਆ ਤੇ ਰਹਿ ਗਈ ਸਿਰਫ ਕਹਾਣੀ। ਕਹਾਣੀ ਜਿਸ ਵਿੱਚ ਚਾਂਦ ਅਚਾਨਕ ਇੱਕ ਦਿਨ ਗਾਇਬ ਹੋ ਚੁਕਾ ਸੀ ਅਤੇ ਫਿਜ਼ਾ ਦਾ ਰੋ ਰੋ ਕੇ ਬੁਰਾ ਹਾਲ ਸੀ। ਉਸਨੇ ਤਾਂ ਚਾਂਦ ਦੇ ਅਗਵਾ ਹੋਣ ਦਾ ਇਲਜ਼ਾਮ ਤੱਕ ਉਸੇ ਦੇ ਭਰਾ ਅਤੇ ਪਹਿਲੇ ਪਰਿਵਾਰ 'ਤੇ ਲਗਾ ਦਿੱਤਾ।

ਕਹਾਣੀ ਵਿੱਚ ਕਈ ਟਵਸਿਟ ਤੇ ਟੁਰਨਸ ਲੋਕਾਂ ਦੇ ਸਾਹਮਣੇ ਸਨ ਮੀਡੀਆ ਦੇ ਜ਼ਰੀਏ। ਕਦੇ ਚਾਂਦ ਕਿਸੇ ਚੈਨਲ ਨੂੰ ਫੋਨ ਕਰਕੇ ਅਪਣੇ ਅਗਵਾ ਹੋਣ ਦੀ ਗੱਲ ਤੋਂ ਸਾਫ ਇਨਕਾਰ ਕਰਦਾ ਤੇ ਕਦੇ ਫਿਜ਼ਾ ਮੀਡੀਆ ਸਾਹਮਣੇ ਆਉਂਦੀ ਤੇ ਬਾਰ ਬਾਰ ਇਹੀ ਕਹਿੰਦੀ ਕਿ ਚਾਂਦ ਅਗਵਾ ਹੋਇਆ। ਇਸ ਦੇ ਨਾਲ ਹੀ ਦੂਜੇ ਦਿਨ ਖਬਰ ਆਈ ਕਿ ਫਿਜ਼ਾ ਨੇ ਖੁਦਕੁਸ਼ੀ ਕਰਣ ਦੀ ਕੋਸ਼ਿਸ਼ ਕੀਤੀ ਹੈ ਨੀਂਦ ਦੀਆਂ ਗੋਲੀਆ ਖਾ ਕੇ। ਸਭ ਨੂੰ ਲਗਿਆ ਕਿ ਇਹ ਫਿਜ਼ਾ ਦਾ ਚਾਂਦ ਲਈ ਪਿਆਰ ਹੀ ਹੈ ਕਿ ਉਸਨੇ ਅਜਿਹਾ ਕੀਤਾ। ਪਰ ਫਿਜ਼ਾ ਇਸ ਗੱਲ ਤੋਂ ਮੁੱਕਰ ਗਈ। ਉਸਦਾ ਕਹਿਣਾ ਸੀ ਉਸਨੇ ਗਲਤੀ ਨਾਲ ਗੋਲੀਆਂ ਖਾ ਲਈਆਂ ਸਨ। ਹੁਣ ਆਮ ਇਨਸਾਨ ਜੋ ਇਸ ਸਾਰੇ ਡਰਾਮੇ ਨੂੰ ਘਰ ਬੈਠੇ ਟੀਵੀ ਸੈੱਟ 'ਤੇ ਵੇਖ ਰਿਹਾ ਸੀ ਓਹ ਇਹ ਸੋਚਣ ਲਈ ਮਜ਼ਬੂਰ ਸੀ ਕਿ ਜੇਕਰ ਇਹਨਾ ਦੋਹਾਂ ਨੇ ਆਖਿਰ ਵਿੱਚ ਇਹੋ ਕੁੱਝ ਕਰਨਾ ਸੀ ਤਾਂ ਫਿਰ ਪਿਆਰ ਦਾ ਡਰਾਮਾ ਕਿਉਂ ..? ਕਈਆਂ ਮੁਤਾਬਿਕ ਇਹ ਪਿਆਰ 'ਤੇ ਧੱਬਾ ਲਗਾਉਣ ਵਾਲੀ ਗੱਲ ਹੋ ਗਈ। ਕਿਊਂਕਿ ਪਿਆਰ ਕਿਸੇ ਨੂੰ ਬਰਬਾਦ ਕਰ ਦੇਣ ਦੀ ਗੱਲ ਨਹੀਂ ਕਰਦਾ।( ਫਿਜ਼ਾ ਦਾ ਕਹਿਣਾ ਕਿ ਚਾਂਦ ਨੇ ਉਸਦਾ ਪਿਆਰ ਵੇਖਿਆ, ਗੁੱਸਾ ਨਹੀਂ। ਓਹ ਚਾਂਦ ਨੂੰ ਕਿਸੇ ਹਾਲ 'ਚ ਮੁਆਫ ਨਹੀਂ ਕਰੇਗੀ।) ਉਂਝ ਗੱਲ ਤਾਂ ਫਿਜ਼ਾ ਦੀ ਠੀਕ ਹੀ ਹੈ। ਪਰ ਏਥੇ ਸਵਾਲ ਏਹ ਵੀ ਉੱਠਦਾ ਕਿ ਏਨੇ ਸਮੇਂ ਦਾ ਪਿਆਰ ਕਿਸੇ ਛੋਟੀ ਜਿਹੀ ਗੱਲ 'ਤੇ ਖਤਮ ਨਹੀਂ ਹੋ ਸਕਦਾ। ਪਰ ਇਸ ਸਾਰੇ ਡਰਾਮੇ ਦੇ ਪਿੱਛੇ ਇੱਕ ਗੱਲ ਬੜੀ ਪਰੇਸ਼ਾਨ ਕਰਦੀ ਹੈ ਓਹ ਹੈ ਕਿ ਅੱਜ ਦੇ ਇਸ ਜ਼ਮਾਨੇ ਵਿੱਚ ਸੱਚੇ ਪਿਆਰ ਤਾਂ ਦੂਰ ਪਰ ਕਿਸੇ ਦੇ ਪਿਆਰ ਦੇ ਯਕੀਨ ਕਰਨਾ ਵੀ ਕਿੰਨਾ ਮੁਸ਼ਕਿਲ ਹੋ ਗਿਆ। ਜਿਸ ਤਰ੍ਹਾਂ ਨਾਲ ਫਿਜ਼ਾ ਨੇ ਚਾਂਦ ਵੱਲੋਂ ਉਸਨੂੰ ਭੇਜੇ ਗਏ ਪਿਛਲੇ ਸਾਲਾਂ ਦੇ ਐੱਸਐੱਮਐੱਸ ਮੀਡੀਆ ਦੇ ਸਾਹਮਣੇ ਪੜੇ ਉਸਨੂੰ ਸਮਝਣਾ ਮੁਸ਼ਿਕਲ ਹੈ। ਕਿਉਂਕਿ ਜੇ ਕੋਈ ਕਿਸੇ ਨੂੰ ਏਨਾ ਪਿਆਰ ਕਰਦਾ ਹੈ ਤਾਂ ਫਿਰ ਉਸਨੂੰ ਇਸ ਤਰਾਂ ਨਾਲ ਬਦਨਾਮ ਨਹੀਂ ਕਰਦਾ। ਕੀ ਪਿਆਰ, ਮਹੁੱਬਤ ਬੱਸ ਕਿੱਸੇ ਕਿਤਾਬਾਂ ਦੀਆਂ ਗੱਲਾਂ ਹੀ ਰਹਿ ਗਈਆਂ ਨੇ.? ਮਾਨਣ ਨੂੰ ਜੀ ਨਹੀਂ ਕਰਦਾ। ਕਿਉਂਕਿ ਕੁੱਝ ਕੁ ਲੋਕਾਂ ਦੀਆਂ ਹਰਕਤਾਂ ਨਾਲ ਸਾਰੇ ਸਮਾਜ ਨੂੰ ਜੋੜ ਕੇ ਵੇਖਣਾ ਨਹੀਂ ਚਾਹੀਦਾ। ਪਰ ਜੇ ਇਹ ਲੋਕ ਓਹ ਹੋਣ ਜੋ ਸਾਡੇ ਸਮਾਜ ਦੀ ਨੁਮਾਇੰਦਗੀ ਕਰਦੇ ਨੇ, ਜਿਨ੍ਹਾਂ ਨੂੰ ਲੋਕ ਆਦਰਸ਼ ਵੱਜੋਂ ਵੇਖਦੇ ਨੇ। ਤਾਂ ਫਿਰ ਇਹ ਸਮਾਜ ਕਿਸ ਦਿਸ਼ਾ ਵੱਲ ਜਾ ਰਿਹਾ..ਸੋਚਣਾ ਬਣਦਾ ਹੈ।


ਨਿਰਮਲਪ੍ਰੀਤ ਕੌਰ
nirmalmaan@gmail.com

No comments:

Post a Comment