
ਮੰਨਿਆ ਕਿ ਜੀਵਨ ਦੇ ਰਾਹ ਔਝੜੇ ਨੇ
ਮੂੰਹ ਟੱਡੀ ਹਰ ਪਾਸੇ ਸੰਕਟ ਖੜੇ ਨੇ !
ਵੇਖੋ ਕਿ ਕਿੰਨਾ ਬਦਲਦਾ ਹੈ ਮੌਸਮ
ਹਾਲੀਂ ਤੇ ਰੁੱਖਾਂ ਦੇ ਪੱਤ ਹੀ ਝੜੇ ਨੇ !
ਸੱਭਿਅਕ ਉਨ੍ਹਾਂ ਨੂੰ ਕਿਵੇਂ ਮੈਂ ਕਹਾਂ ਜੋ
ਲੈ ਡਾਂਗ ਦੂਜੇ ਦੇ ਘਰ ਜਾ ਵੜੇ ਨੇ !
ਉਹ ਮੈਨੂੰ ਮੁਨਕਰ ਨੇ ਕਹਿੰਦੇ ਜਿਨ੍ਹਾਂ ਦੇ
ਲਹੂ-ਭਿੱਜੇ ਹੱਥੀਂ ਗੰਡਾਸੇ ਫੜੇ ਨੇ !
ਪੂਜਾ ਜਿਨ੍ਹਾਂ ਦੀ ਇਹ ਕਰਦਾ ਰਿਹਾ ਹੈ
ਬੰਦੇ ਨੇ ਬੁੱਤ ਵੀ ਉਹ ਆਪ ਘੜੇ ਨੇ !
ਗੁਨਾਹਗਾਰਾਂ ਨੂੰ ਆਪੂੰ ਕਹਿੰਦੇ ਮੈਂ ਸੁਣਿਆ
ਕਿ “ਉਸ” ਕੋਲ ਅਮਲਾ ਦੇ ਸਭ ਅੰਕੜੇ ਨੇ।
ਕੋਈ ਵੀ ਨਾ ਦੱਸੇ ਕਿ ਕਿਸ ਰਾਹ ਟੁਰੀਏ
ਵੈਸੇ ਤੇ ਆਖਣ ਨੂੰ ਰਹਿਬਰ ਬੜੇ ਨੇ।
ਉਂਝ ਤਾਂ ਹੈ ਉੱਨਤ ਬਹੁਤ ਦੇਸ਼ ਸਾਡਾ
ਕੁਝ ਭੁੱਖ-ਮਰੀ ਹੈ ਤੇ ਕੁੱਝ ਸੌਕੜੇ ਨੇ।
ਹਰਮਿੰਦਰ ਬਣਵੈਤ
No comments:
Post a Comment