ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, October 23, 2009

ਧੜੱਲੇਦਾਰ ਫਿਲਮਸਾਜ਼ ਆਨੰਦ ਪਟਵਰਧਨ

ਆਨੰਦ ਪਟਵਰਧਨ ਭਾਰਤ ਦੇ ਮੰਨੇ ਪ੍ਰਮੰਨੇ ਦਸਤਾਵੇਜ਼ੀ ਫਿਲਮਸਾਜ਼ ਤੇ ਸਿਧਾਂਤਕਾਰ ਹਨ।ਉਹ ਦੇਸ਼ ਨੂੰ 14 ਵਿਲੱਖਣ ਫਿਲਮਾਂ ਦੇ ਚੁੱਕੇ ਹਨ।ਰਸਮੀ ਤੌਰ ‘ਤੇ ਉਹਨਾਂ ਅਪਣੇ ਫਿਲਮ ਸਫਰ ਦੀ ਸ਼ੁਰੂਆਤ 1974 ‘ਚ ਜੈ.ਪ੍ਰਕਾਸ਼ ਨਰਾਇਨ ਦੀ ਐਂਟੀ ਕਾਂਗਰਸ ਲਹਿਰ(ਐਮਰਜੈਂਸੀ ਸਮੇਂ) ‘ਤੇ ‘ਵੇਵਜ਼ ਆਫ ਰੈਵੋਲੂਸ਼ਨ’/ਕ੍ਰਾਂਤੀ ਦੀਆਂ ਤਰੰਗਾਂ ਫਿਲਮ ਬਣਾਕੇ ਕੀਤੀ ਸੀ।ਜੋ ਪਟਵਰਧਨ ਲਈ ਇਕ ਫਿਲਮ ਹੀ ਨਹੀਂ,ਬਲਕਿ ਸੰਘਰਸ਼ ਸੀ।ਉਹਨਾਂ ਦੀਆਂ ਹੁਣ ਤੱਕ ਦੀਆਂ ਸਾਰੀਆਂ ਫਿਲਮਾਂ ਸੈਂਸਰ ਤੇ ਵੱਖ ਵੱਖ ਸਰਕਾਰਾਂ ਵਲੋਂ ਬੈਨ ਹੁੰਦੀਆਂ ਰਹੀਆਂ ਹਨ।ਉਹਨਾਂ ਦੀਆਂ ਬਣਾਈਆਂ ਫਿਲਮਾਂ ‘ਚੋਂ ਰਾਜਨੀਤਕ ਕੈਦੀ ਮੇਰੀ ਟਾਈਟਰ ‘ਤੇ “ਚੇਤਨਾ ਦੇ ਬੰਦੀ,ਬਾਬਰੀ ਮਸਜਿਦ ‘ਤੇ ਰਾਮ ਕੇ ਨਾਮ,ਖਾਲਿਸਤਾਨ ਲਹਿਰ ‘ਤੇ “ਉਹਨਾਂ ਮਿੱਤਰਾਂ ਦੀ ਯਾਦ ਪਿਆਰੀ”,ਨਰਮਦਾ ਡਾਇਰੀ,ਪਿਤਾ-ਪੁੱਤਰ ਤੇ ਧਰਮਯੁੱਧ ਕਾਫੀ ਚਰਚਾ ਦਾ ਵਿਸ਼ਾ ਰਹੀਆਂ ਹਨ।ਉਹ ਅਪਣੀਆਂ ਫਿਲਮਾਂ ਰਾਹੀਂ ਹਿੰਦੂਤਵੀ ਫਿਰਕਾਪ੍ਰਤੀ ਤੇ ਸੱਤਾ ਦੇ ਜ਼ੁਲਮਾਂ ਖਿਲਾਫ ਲਗਾਤਾਰ ਅਵਾਜ਼ ਬੁਲੰਦ ਕਰਦੇ ਰਹੇ ਹਨ।ਉਹਨਾਂ ਦੀ ਹੁਣ ਤੱਕ ਦੀ ਆਖਰੀ ਤੇ ਸਭਤੋਂ ਵਿਵਾਦਤ ਫਿਲਮ “ਜੰਗ ਤੇ ਅਮਨ” ਰਹੀ।ਇਸ ਕਰਕੇ ਕਿ ਸੈਂਸਰ ਬੋਰਡ ਤੋਂ ਮਨਜ਼ੂਰੀ ਲੈਣ ਲਈ ਇਸ ਫਿਲਮ ਨੂੰ 21 ਵਾਰ ਐਡਿਟ(ਕਾਂਟ ਸਾਂਟ) ਕਰਨਾ ਪਿਆ।ਉਹਨਾਂ ਦੇ ਸੰਘਰਸ਼ ਭਰੇ ਸਫਰ ਕਰਕੇ ਉਹਨਾਂ ਨੂੰ “ਗੁਰੀਲਾ ਫਿਲਮਸਾਜ਼” ਕਿਹਾ ਜਾਂਦਾ ਹੈ।1986 ‘ਚ “ਜਨ ਸੰਸਕ੍ਰਿਤੀ ਮੰਚ” ਨੇ ਉਹਨਾਂ ਨੂੰ ਇਸੇ ਨਾਮ ਨਾਲ ਪੁਰਸਕਾਰ ਦੇਕੇ ਨਵਾਜਿਆ ਸੀ।ਹੁਣੇ ਹੁਣੇ “ਸੀ.ਐਨ.ਐਨ” ਦੀ ਆਨਲਾਈਨ ਸਾਈਟ ‘ਤੇ ਮ੍ਰਿਦੂ ਖੋਸਲਾ ਨੇ ਉਹਨਾਂ ਨਾਲ “ਜੰਗ ਤੇ ਅਮਨ” ਫਿਲਮ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ।ਇਸੇ ਗੱਲਬਾਤ ਨੂੰ ਸਾਡੇ ਦੋਸਤ ਤੇ ਸਾਡੇ “ਅਜ਼ਾਦ ਘਰ” ਦੇ ਬਸ਼ਿੰਦੇ ਜਸਦੀਪ ਜੋਗੇਵਾਲਾ ਨੇ ਪੰਜਾਬੀ ਰੂਪ ਦਿੱਤਾ।ਜਿਸ ਲਈ ਅਸੀਂ ਉਸਦੇ ਗੈਰ ਰਸਮੀ ਧੰਨਵਾਦੀ ਹਾਂ-ਗੁਲਾਮ ਕਲਮ

ਅਮਰੀਕਨ ਫਿਲਮ ਆਲੋਚਕ ਜੇ ਹੋਬਰਮੈਨ ਨੇ ਇੱਕ ਵਾਰ ਕਿਹਾ ਸੀ ,“ ‘ਵਾਰ ਐਂਡ ਪੀਸ’(ਜੰਗ ਤੇ ਸ਼ਾਂਤੀ) ਕਿਆਮਤ ਦੇ ਦਿਨ ਨੁੰ ਮਨੁੱਖੀ ਚਿਹਰਾ ਦਰਸਾਉਂਦੀ ਹੈ” ਤੁਹਾਡਾ ਕੀ ਕਹਿਣਾ ਹੈ ?
-ਫਿਲਮ ਤੁਹਾਨੁੰ ਇਹ ਅਹਿਸਾਸ ਦਵਾਉਂਦੀ ਹੈ ਕਿ ਇੱਕ ‘ਘੱਲੂਘਾਰਾ’ ਕਦੇ ਵੀ ਹੋ ਸਕਦਾ ਹੈ, ਕਿਸੇ ਵੀ ਥਾਂ ‘ਤੇ।ਅਤੇ ਪ੍ਰਮਾਣੂ ਬਟਨ ਦਬਾਉਣ ਵਾਲਾ ਆਦਮੀ ਕੋਈ ਜਾਣਿਆ ਪਛਾਣਿਆ ਵੀ ਹੋ ਸਕਦਾ ਹੈ ।( ਮੁਸਕਰਾਹਟ ਨਾਲ )

ਤੁਹਾਡੇ ਪਰਿਵਾਰ ਦੀ ਅਹਿੰਸਾਵਾਦੀ ਗਾਂਧੀਵਾਦੀ ਅਜ਼ਾਦੀ ਸਘੰਰਸ਼ ਵਿੱਚ ਸ਼ਮੂਲੀਅਤ ਨੇ ‘ਵਾਰ ਐਂਡ ਪੀਸ’ ਤੇ ਕੋਈ ਪ੍ਰਭਾਵ ਪਾਇਆ ?

ਪ੍ਰਮਾਣੂ ਵਿਰੋਧੀ ਡਾਕੂਮੈਂਟਰੀ ਦੇ ਰਿਲੀਜ਼ ਸਮੇਂ ਮੈਨੂੰ ਪਤਾ ਸੀ, ਕਿ ਮੈਨੂੰ ਰਾਸ਼ਟਰ ਵਿਰੋਧੀ ਦੇ ਤੌਰ ਤੇ ਦੇਖਿਆ ਜਾਵੇਗਾ, ਪਰ ਮੇਰੇ ਪਰਿਵਾਰ ਦੀ ਆਜ਼ਾਦੀ ਸਘੰਰਸ਼ ਵਿੱਚ ਸ਼ਮੂਲੀਅਤ ਕਰਕੇ ਮੈਨੂੰ ਗਦਾਰ ਲਿਖਣਾ / ਆਖਣਾ ਐਨਾ ਸੌਖਾ ਨਹੀਂ ਹੋਵੇਗਾ।ਫਿਲਮ ਵਿਚਲਾ ਗਾਂਧੀਵਾਦੀ ਨਜ਼ਰੀਆ ਇਸ ਲਈ ਹੈ ਕਿਉਂਕਿ ਫਿਲਮ ਦਰਸਉਂਦੀ ਹੈ ਕਿ ਅਹਿੰਸਾ ਨਾਲ ਆਜ਼ਾਦੀ ਪ੍ਰਾਪਤ ਕਰਨ ਵਾਲਾ ਇਹ ਦੇਸ਼, ਅੱਜਕਲ ਪ੍ਰਮਾਣੂ ਹਥਿਆਰਾਂ  ਤੇ ਮਾਣ ਕਰ ਰਿਹਾ ਹੈ ।

 ਕੀ ਫਿਲਮ ਵਿੱਚ ਪ੍ਰਮਾਣੂ ਟੈਸਟ ਖੇਤਰਾਂ ਦੇ ਕੋਲ ਰਹਿੰਦੇ ਪੇਂਡੂਆਂ ਦੀਆਂ ਮੁਲਾਕਾਤਾਂ, ਸਰਕਾਰ ਦੁਆਰਾ ਇਹਨਾਂ ਲੋਕਾਂ ਦੀ ਅਗਿਆਨਤਾ ਦੇ ਸ਼ੋਸ਼ਣ ਤੇ ਚਾਨਣਾ ਪਾਉਂਦੀਆਂ ਹਨ ?
ਮੇਰੇ ਲਈ ਅਸਲੀ ਅਗਿਆਨਤਾ ਪੜੇ ਲਿਖੇ ਅਮੀਰਾਂ ਦੀ ਹੈ,ਨਾ ਕਿ ਅਨਪੜ ਪੇਂਡੂ/ਦਿਹਾਤੀਆਂ ਦੀ।ਕੰਮਕਾਜ਼ੀ ਜਮਾਤ ਕੋਲ ਜਾਣਕਾਰੀ ਦੀ ਘਾਟ ਤਾਂ ਹੈ,ਪਰ ਸਿਆਣਪ ਅਤੇ ਮਾਨਵਤਾ ਦੀ ਨਹੀਂ।ਇੱਕ ਵਾਰ ਇਹਨਾਂ ਲੋਕਾਂ ਨੂੰ ਪ੍ਰਮਾਣੂ ਹਥਿਆਰਾਂ ਦੇ ਨੁਕਸਾਨ ਪਤਾ ਲਗਦੇ ਨੇ, ਤਾਂ ਇਸਦੇ ਵਿਰੋਧੀ ਹੋ ਜਾਂਦੇ ਨੇ।ਪਰ ਅਮੀਰ ਇਸ ਤਰਾਂ ਨਹੀਂ ਸੋਚਦੇ।ਇਹੋ ਅਸਲੀ ਅਗਿਆਨਤਾ ਹੈ।ਫਿਲਮ ਵਿੱਚ ਜੋ ਤੁਸੀਂ ਦੇਖਦੇ ਹੋ,ਉਹ ਸਾਫ ਦਿਲ ਪੇਂਡੂਆਂ ਦਾ ਊਹਨਾਂ ਦੀ ਜਮੀਨ ਤੇ ਕੀਤੇ ਪ੍ਰਮਾਣੂ ਤਜ਼ਰਬੇ ਪ੍ਰਤਿ ਨਜ਼ਰੀਆ ਹੈ ।ਜਿਵੇਂ ਪੋਖਰਨ ਕੋਲ ਦਾ ਇੱਕ ਬਜ਼ੁਰਗ ਪੇਂਡੂ ਕਹਿੰਦਾ ਹੈ ,ਉਹ ਚੰਦ ਤੇ ਜਾਣਾ ਚਾਹੁੰਦੇ ਨੇ,ਮੈਂ ਜ਼ਮੀਨ ਤੇ ਰਹਿਣਾ ਚਾਹੁੰਦਾ ਹਾਂ”

ਤੁਹਾਡਾ ਤਰਕ ਹੈ ਕਿ ਪ੍ਰਮਾਣੂ ਹਥਿਆਰ ਸਾਨੂੰ ਸੁਰੱਖਿਆ ਨਹੀ ਪਹੁੰਚਾਉਂਦੇ ।
ਬੰਬ ਬਨਾਉਣ ਨਾਲ ਭਾਰਤ ਦੀ ਸੁਰੱਖਿਆ ਵਿੱਚ ਕੋਈ ਵਾਧਾ ਨਹੀਂ ਹੋਇਆ।ਇਸ ਨੇ ਪਾਕਿਸਤਾਨ ਨਾਲ ਪ੍ਰਮਾਣੂ ਹਥਿਆਰਾਂ ਦੀ ਦੌੜ ਨੂੰ ਤੀਲੀ ਲਾ ਦਿੱਤੀ ਹੈ ,ਜੋ ਬੰਬ ਬਦਲੇ ਬੰਬ, ਮਿਜ਼ਾਇਲ ਬਦਲੇ ਮਿਜ਼ਾਇਲ ਮੇਲ ਰਿਹਾ ਹੈ।ਇਸ ਨਾਲ ਚੀਨ ,ਜਿਸਨੇ ਪਹਿਲਾਂ ਸਾਨੂੰ ਕਦੇ ਖਤਰਾ ਨਹੀਂ ਸਮਝਿਆ ਅਤੇ ਕਦੇ ਪ੍ਰਮਾਣੂ ਨਿਸ਼ਾਨੇ ਐਧਰ ਨਹੀਂ ਸਾਧੇ, ਨੇ ਵੀ ਖਿਆਲ ਕੀਤਾ ਤੇ ਜੰਗਖਾਨਿਆਂ ਦੀ ਫੇਰ ਬਦਲ ਸਾਡੀ ਦਿਸ਼ਾ ਵਿੱਚ ਕਰ ਲਈ ।ਬੰਬ ਇੱਕ ਅਮੀਰ ਦੀ ਲੋੜ ਹੈ ਜਿਸਨੇ ਰੋਟੀ ਤੇ ਮਕਾਨ ਦਾ ਮਸਲਾ ਸੁਲਝਾ ਲਿਆ ਹੈ ਤੇ ਹੁਣ ‘ਸੁਪਰਪਾਵਰ’ ਦਾ ਆਹੁਦਾ ਲੋਚਦਾ ਹੈ।

 ਤੁਸੀਂ ਕਿਹਾ ਭਾਰਤ “ਵੱਡੇ ਭਾਈ “ ਅਮਰੀਕਾ ਦੀ ਨਕਲ ਕਰ ਰਿਹਾ ਹੈ।ਸਪਸ਼ਟ ਤੌਰ ਤੇ ਇਸਦਾ ਕੀ ਮਤਲਬ ਹੈ ?
ਇਸ ਵੇਲੇ ਸਾਡੀ ਸਾਰੀ ਪ੍ਰਮਾਣੂ ਸਰੰਚਨਾ ਇੱਕ ਪ੍ਰਮਾਣ ਮਹਾਂਸ਼ਕਤੀ ਬਨਣ ਤੇ ਅਧਾਰਿਤ ਹੈ, ਤੇ ਅਸੀਂ ਸੋਚਦੇ ਹਾਂ ਕਿ ਇਹ ਠੀਕ ਹੈ,ਕਿਉਂਕਿ ਅਮਰੀਕਾ ਵੀ ਇਹੀ ਕਰ ਰਿਹਾ ਹੈ।ਇਹ ਇੱਕ ਅਸਫਲ ਰਾਜਸੱਤਾ ਦੇ ਸੁਪਨੇ ਨੇ, ਜੋ  ‘ਮਹਾਨਤਾ’ ਦੇ ਸ਼ਾਰਟਕੱਟ (ਸੌਖੇ ਰਾਹ) ਲੱਭ ਰਹੀ ਹੈ ।ਅਤੇ ਫਿਰ ਵੀ ਤੁਸੀਂ ਕਹਿੰਦੇ ਹੋ ਕਿ ਭਾਰਤ ਨੇ ਆਪਣਾ ਪ੍ਰਮਾਣੂ ਟੀਚਾ ਇੱਕ ਸਭਿਆਚਾਰਕ ਭੇਦ ਰੱਖ ਕੇ ਨੇਪਰੇ ਚ੍ਹਾੜਿਆ ।ਸਾਰਾ ਪ੍ਰਮਾਣੂ ਪ੍ਰੋਗਰਾਮ ਗੁਪਤ ਤੌਰ ਤੇ ਕੀਤਾ ਗਿਆ, ਭਾਰਤ ਦੇ ਲੋਕਾਂ ਦੀ  ਸਲਾਹ ਲਏ ਬਗੈਰ।ਕਿਸੇ ਦੀ ਵੀ ਇਜ਼ਾਜਤ ਨਹੀਂ ਲਈ ਗਈ ।ਕੁਝ ਮੁੱਠੀਭਰ ਲੋਕਾਂ ਨੇ ਫੈਸਲਾ ਕੀਤਾ ਕਿ ਭਾਰਤ ਦਾ ਭਵਿੱਖ ਇਹ ਹੋਵੇਗਾ।ਅਮਰੀਕਾ ਵਿੱਚ ਵੀ ਇਵੇਂ ਹੀ ਹੋਇਆ, ਅਮਰੀਕਨ ਨਾਗਰਿਕਾਂ ਨੂੰ ਕਿਸੇ ਨੇ ਨਹੀਂ ਪੁੱਛਿਆ।ਉਹ ਬੱਸ ਗਏ ਤੇ ਹੀਰੋਸ਼ੀਮਾ ਨਾਗਾਸਾਕੀ ਤੇ ਬੰਬ ਸੁੱਟ ਦਿੱਤੇ।ਇਹ  ਟਾਪ ਸੀਕਰੈਟ ਸੀ, ਕਿਸੇ ਨੂੰ ਇਸ ਬਾਰੇ ਕੁਝ ਨਹੀਂ ਪਤ ਸੀ , ਜਿੰਨਾ ਚਿਰ ਇਹ ਵਾਪਰਿਆ ਨਹੀਂ । ਰ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਵੀ ਉਸ ਨਕਸ਼ੇ ਤੇ ਹਾਂ , ਜਿਹੜੇ ਬੰਬ ਬਣਾਉਦੇ ਨੇ ।

2005 ‘ਚ ਪਾਕਿਸਤਾਨ ਵਿੱਚ ਤੁਹਾਡੀ ਫਿਲਮ ਦਿਖਾਉਣ ਤੋਂ ਬਾਅਦ ਇੱਕ ਟੀਵੀ ਚੈਨਲ ‘ਤੇ ਵਿਚਾਰ ਚਰਚਾ ਵਿੱਚ ਤੁਹਾਨੁੰ ਬੁਲਾਇਆ ਗਿਆ।ਇਸ ਤਰਾਂ ਦੀ ਕੋਈ ਵਿਚਾਰ ਚਰਚਾ ਜਾਂ ਮੁਲਾਕਾਤ ਕਿਸੇ ਭਾਰਤੀ ਟੀਵੀ ਚੈਨਲ ਨਹੀਂ ਹੋਈ ?
ਹਾਂ , ਹੈਰਾਨਕੁੰਨ ਗੱਲ ਹੈ ਨਾ ? ਪਾਕਿਸਤਾਨ ਨੂੰ ਫੌਜੀ ਤਾਨਾਸ਼ਾਹੀ ਕਿਹਾ ਜਾਂਦਾ ਹੈ ਅਤੇ ਸਾਨੂੰ ਇੱਕ ਲੋਕਤੰਤਰ । ਫਿਰ ਵੀ ਕਿਸੇ ਵੀ ਭਾਰਤੀ ਟੀ.ਵੀ ਚੈਨਲ ਨੇ ‘ਵਾਰ ਐਂਡ ਪੀਸ’ ਨਹੀਂ ਦਿਖਾਈ ਨਾ ਇਸਤੇ ਕੋਈ ਵਿਚਾਰ ਚਰਚਾ ਕਰਵਾਈ।ਸੁਪਰੀਮ ਕੋਰਟ ਵਿੱਚ ਕੇਸ ਜਿੱਤਣ ਤੋਂ ਬਾਅਦ ਅੰਤ ਨੂੰ ਇਹ ਦੂਰਦਰਸ਼ਨ  ਤੇ ਦਿਖਾਈ ਗਈ ,ਪਰ ਕੋਈ ਵਿਚਾਰ ਚਰਚਾ ਚਰਚਾ ਨਹੀਂ ਹੋਈ।ਓਧਰ ਜਿਸ ਪਾਕਿਸਤਾਨੀ ਚੈਨਲ ਨੇ ਇਹ ਫਿਲਮ ਦਿਖਾਈ , ਉਹਨਾਂ ਨੇ ਇਸ ਨੂੰ ਸਮਾਂ  ਦਿੱਤਾ ,ਇਸ ਦੇ ਇਸ਼ਤਿਹਾਰ ਦਿੱਤੇ।ਚਾਰ ਦਿਨ ਇਸਨੁੰ ਚਲਾਇਆ , ਹਰੇਕ ਦਿਨ ਇੱਕ ਵਿਚਾਰ ਚਰਚਾ ਦੇ ਨਾਲ।ਕਾਫੀ ਵਿਲ਼ੱਖਣ ਗੱਲ ਹੈ ਇਹ ।ਇਹ ਪ੍ਰੋਗਰਾਮ  ਐਨਾ ਮਕਬੂਲ ਹੋਇਆ ਕਿ 3 ਵਾਰ ਇਸਨੂੰ ਦੁਹਰਾਇਆ ਵੀ ਗਿਆ । ਤੇ ਭਾਰਤ ਵਿੱਚ ਕਿਸੇ ਵੀ ਨਿੱਜੀ  ਟੀਵੀ ਚੈਨਲ ਨੇ ਇਸਦੀ ਬਾਤ ਨਾ ਪੁੱਛੀ । ਸਾਰੇ ਪਾਸੇ ਆਵਾ ਊਤਿਆ ਪਿਆ ਹੈ।ਚੈਨਲ ੁਉਸ ਚੀਜ ਵਿੱਚ ਦਿਲਚਸਪੀ ਨਹੀਂ ਰੱਖਦੇ, ਜੋ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ ।ਇਸਦੀ ਥਾਂ ਸੀ.ਈ.ਓ ਤੇ ਉਹਨਾ ਦੇ ਰੱਖੇ ਚੱਟੇ ਬੱਟੇ ਤੈਅ ਕਰਦੇ ਨੇ ਕਿ ਲੋਕ ਕੀ ਸੋਚਣ। ਟੀ.ਵੀ ਤੇ ਵਿਚਾਰ ਚਰਚਾ ਰੌਲਾ ਰੱਪੇ ਤੋਂ ਬਿਨਾ ਕੁਝ ਨਹੀਂ ਹੈ।ਸਾਡੇ ਦੇਸ਼ ਵਿੱਚ ਮੂਲ ਕਦਰਾਂ ਕੀਮਤਾਂ ਦੀ ਆਲੋਚਨਾ ਦੀ ਕੋਈ ਸਹਿਣਸ਼ੀਲਤਾ ਨਹੀਂ ਹੈ ।
ਇਸ ਇੰਡਸਟਰੀ ਵਿੱਚ ਤੁਸੀਂ 30 ਸਾਲ ਗੁਜ਼ਾਰੇ ਨੇ ।ਇਸ ਸਮੇ ਦੌਰਾਨ ਭਾਰਤੀ ਸਿਨਮੇ ਵਿੱਚ ਕੀ ਬਦਲਾਅ ਆਏ ਨੇ ?
ਕਿਸੇ ਫਿਲਮ ਦੀ ਡਿਸਟਰੀਬਿਊਸ਼ਨ ਵੇਲੇ ,ਹਾਲ ਓਨਾ ਹੀ ਮਾੜਾ ਹੈ ਜਿੰਨਾ 30 ਸਾਲ ਪਹਿਲਾਂ ਸੀ । ਗੰਭੀਰ ਸਿਨਮੇ ਲਈ ਮਾਮੂਲੀ ਜਿਹੀ ਜਗ੍ਹਾ ਹੈ। ਸਾਡੇ ਡਿਸਟਰੀਬਿਊਸ਼ਨ ਤਾਣੇ ਬਾਣੇ ਨੇ ਬੌਧਿਕ ਡਾਕੂਮੈਂਟਰੀ ਦੀ ਸਮਰੱਥਾ ਕਦੇ ਨਹੀਂ ਸਮਝੀ ।ਪਰ ਮੈਨੂੰ ਲਗਦਾ ਹੈ ਚੰਗਾ ਸਮਾਂ ਦੂਰ ਨਹੀਂ ਹੈ ।ਮਾਈਕਲ ਮੂਰ ਨੇ ਅਮਰੀਕਾ ਵਿੱਚ ਇਹ ਪਹਿਲ ਕੀਤੀ ਹੈ, ਭਾਰਤ ਵੀ ਜਲਦ ਹੀ ਨਾਲ ਰਲ ਜਾਵੇਗਾ ।

ਹਾਲ ਹੀ ਵਿੱਚ ਤੁਹਾਡੇ ਭਾਸ਼ਣਾਂ ਵਿੱਚ ਤੁਸੀਂ ਕਿਹਾ ਹੈ,“ਪ੍ਰਮਾਣੂ ਜੰਗ ਦਾ ਅੰਤ ਨਹੀਂ ਹੈ, ਭਾਂਵੇ ਅਸੀ ਅੱਜ ਹੀ ਇਸ  ਦਾ ਅੰਤ ਕਰਨ ਬਾਰੇ ਫੈਸਲਾ ਕਰ ਲਈਏ "
ਅਸੀਂ ਪਹਿਲਾਂ ਹੀ ਰੇਡੀਓਐਕਟਿਵ ਪਦਾਰਥਾਂ ਦੀ ਭਾਰੀ ਖੇਪ ਜਮਾਂ ਕਰ ਚੁੱਕੇ ਹਾਂ।ਇਸ ਲਈ ਜੇ ਕੋਈ ਚਮਤਕਾਰ ਹੋ ਜਾਵੇ ਤੇ ਅਸੀਂ ਹੋਰ ਬੰਬ ਜਾਂ ਪ੍ਰਮਾਣੂ ਊਰਜਾ ਨਾ ਬਣਾਈਏ , ਫਿਰ ਵੀ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ ਹੈ ।ਜੋ ਰੇਡੀਓਐਕਟਿਵ ਪਦਾਰਥ ਅਸੀਂ ਬਣਾ ੁਚੱਕੇ ਹਾਂ ਇਸ ਤੋ ਪਿੱਛਾ ਛੁਡਾਉਣਾ ਅਸੰਭਵ ਹੈ ਤੇ ਇਹ ਕਰੋੜਾਂ ਸਾਲਾਂ ਤੱਕ ਧਰਤੀ ਨੂੰ ਪ੍ਰਦੂਸ਼ਿਤ ਕਰਦਾ ਰਹੇਗਾ ।ਅਸੀਂ ਸਿਰਫ ਏਨਾ ਕਰ ਸਕਦੇ ਹਾਂ ਕਿ ਹੋਰ ਬਨਾਉਣ ਤੋਂ ਤੌਬਾ ਕਰ ਲਈਏ ।

ਪੰਜਾਬੀ ਅਨੁਵਾਦ-ਜਸਦੀਪ
mob-09717337027

Saturday, October 17, 2009

ਚਾਨਣ ਦੀ ਰਾਤ



ਹਨ੍ਹੇਰਾ ,
ਇਕ ਵਹਿਸ਼ੀ ਸੁਪਨੇ ਦੀ ਤਰ੍ਹਾਂ ,
ਵਸਿਆ ਉਹਨਾਂ ਦੇ ਅਚੇਤ ‘ਚ
ਇਕ ਦਿਨ ਵਾਸਤੇ ਹੀ,
ਸਦੀਆਂ ਦੇ ਕਰੂਰ ਹਨੇਰੇ ਤੋਂ ਨਿਜਾਤ ਪਾ ਰਹੇ ਸੀ।
ਤੇਰੇ ਸ਼ਹਿਰ ‘ਚ ਚਾਨਣ ਦੀ ਮਿੱਥ ਨੂੰ
ਨਿਭਾ ਰਹੇ ਸੀ ਉਹ,
ਕਿ ਸਟਰੀਟ ਲਾਇਟਾਂ ਦੇ ਚਾਨਣ ‘ਚ,
ਝੁੱਗੀਆਂ ਨੂੰ ਦੀਵਿਆਂ ਨਾਲ ਰਸ਼ਨਾਉਂਦਿਆਂ,
ਉਹਨਾਂ ਦੇ “ਘਰ” ਖਾਕ ਹੋ ਗਏ।

ਯਾਦਵਿੰਦਰ ਕਰਫਿਊ--ਦੀਵਾਲੀ ਦੀ ਰਾਤ
mail2malwa@gmail.com

mob:09899436972

Friday, October 16, 2009

ਦੀਵਾਲੀ: ਸਿੱਖਾਂ ਦੀ ਸੋਚ ਦਾ ਦੀਵਾਲਾ

ਚਰਨਜੀਤ ਤੇਜਾ ਸੁਤੰਤਰ ਪੱਤਰਕਾਰ ਹੈ।ਜੋ ਪੰਜਾਬੀ ਮੁੱਖ ਧਾਰਾਈ ਮੀਡੀਏ ਦੇ ਨੰਬਰ ਵੰਨ ਅਖਬਾਰਾਂ,ਚੈਨਲਾਂ ‘ਚ ਕੰਮ ਕਰਕੇ ,ਉਹਨਾਂ ਦੀ ਧਾਰਾ ਦੀ ਬਰੀਕੀ ਨਾਲ ਪੜਚੋਲ ਕਰ ਚੱਕਿਆ ਹੈ ਤੇ ਬਦਲਵੇਂ ਮੀਡੀਆ ‘ਚ ਅਪਣਾ ਯੋਗਦਾਨ ਪਾ ਰਿਹਾ ਹੈ।ਸਿੱਖ ਸਿਧਾਤਾਂ ਦੇ ਸੰਦਰਭ ‘ਚ ਦੀਵਾਲੀ ਦਾ ਤਿਉਹਾਰ ਮਨਾਉਣ ‘ਤੇ ਉਸਨੇ ਬੜੀਆਂ ਹੀ ਗੰਭੀਰ ਤੇ ਤਰਕਪੂਰਨ ਦਲੀਲਾਂ ਦਿੱਤੀਆਂ ਨੇ।ਅਜਿਹੇ ਮਾਮਲਿਆਂ ਨੂੰ ਲੈਕੇ ਹਮੇਸ਼ਾ ਹੀ ਬਹੁਗਿਣਤੀ ਜਨਤਾ ਵਲੋਂ “ਲੋਕ ਭਾਵਨਾਵਾਂ” ਦਾ ਹਵਾਲਾ ਦਿੱਤਾ ਹੈ।ਪਰ ਸਾਨੂੰ ਲਗਦੈ ਕਿ “ਲੋਕ ਭਾਵਨਾਵਾਂ” ਦਾ ਹਵਾਲਾ ਇਤਿਹਾਸ ਨਾਲ ਜ਼ਿਆਦਤੀ ਤੇ ਭਵਿੱਖ ਨਾਲ ਅਜਿਹਾ ਖਿਲਵਾੜ ਹੈ,ਜਿਸ ਕਰਕੇ ਭਵਿੱਖ ਨੁੰ ਫਾਸ਼ੀਵਾਦ,ਸ਼ੁੱਧਤਾਵਾਦ ਜਾਂ ਨਸਲਕੁਸ਼ੀ ਵਗੈਰਾ ਵਗੈਰਾ ਦੀ ਭੇਂਟ ਚੜ੍ਹਨਾ ਪੈ ਸਕਦਾ ਹੈ।--ਗੁਲਾਮ ਕਲਮ

ਦੀਵਾਲੀ ਤੋਂ ਦੋ ਕੁ ਹਫਤੇ ਪਹਿਲਾਂ ਪੰਜਾਬੀ ਦਾ ‘ਸੱਭ ਤੋਂ ਵੱਧ ਵਿਕਣ ਵਾਲਾ ਅਖਬਾਰ’ ਲੇਖਕ ਸੱਜਣਾਂ ਲਈ ਇੱਕ ਇਸ਼ਤਿਹਾਰ ਜਾਰੀ ਕਰਦਾ ਹੁੰਦੈ।ਜਿਸ ਵਿੱਚ ਦੀਵਾਲੀ ਨਾਲ ਸਬੰਧਤ ਵਿਸ਼ੇਸ਼ ਅੰਕ ਲਈ ਲੇਖਕਾਂ ਨੂੰ ਆਪਣੇ ਲੇਖ ਸਮੇਂ ਸਿਰ ਭੇਜਣ ਦੀ ਅਪੀਲ ਕੀਤੀ ਗਈ ਹੁੰਦੀ ਹੈ। ਦੀਵਾਲੀ ਵਾਲੇ ਦਿਨ ਇਸ ਵਿਸ਼ੇਸ਼ ਅੰਕ ਵਿੱਚ ਪੰਥਕ ਵਿਦਵਾਨਾਂ ਤੇ ਹਿੰਦੂ ਸਿੱਖ ‘ਏਕਤਾ’ ਦੇ ਮੁੱਦਈ ਕੁਝ ਇੱਕ ਨਿਸ਼ਚਿਤ ਸਿਰਲੇਖਾਂ ਨਾਲ ਪਿਛਲੇ ਕਈ ਸਾਲਾ ਤੋਂ ਵਿਦਵਤਾ ਦਾ ਲੋਹਾ ਮਨਵਾੳਂੁਦੇ ਚੱਲੇ ਆ ਰਹੇ ਹਨ।ਲੇਖਾਂ ਦੇ ਸਿਰਲੇਖ ਹੁੰਦੇ ਨੇ, ‘ਦੀਵਾਲੀ ਦੀ ਰਤਿ ਦੀਵੇ ਬਾਲੀਅਨ’, ‘ਬੰਦੀ ਛੋੜ ਦਿਵਸ’, ਦੀਵਾਲੀ ਦਾ ਇਤਿਹਾਸਕ ਪਿਛੋਕੜ ਅਤੇ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਤਿਉਹਾਰ :ਦੀਵਾਲੀ।

ਖੈਰ! ਸਾਲ ਕੁ ਪਹਿਲਾਂ ਅਸੀਂ ਵੀ ਅਖਬਾਰੀ ਦੁਨੀਆਂ ‘ਚ ਨਵੀਂ ਨਵੀਂ ਐਂਟਰੀ ਮਾਰੀ ਸੀ ਸੋਚਿਆਂ ਕਿਉ ਨਾ ਕੁਝ ਖੋਜ ਵਿਚਾਰ ਕਰਕੇ ਅਸੀਂ ਵੀ ‘ਦੀਵਾਲੀ ਦੀ ਰਾਤਿ ਦੀਵੇ ਬਾਲੀਅਨ’ ਸਿਰਲੇਖ ਹੇਠ ਕੁਝ ਵਿਦਵਤਾ ਦੀ ਲਾਟ ਜਗਾ ਲਈਏ।ਪਰ ਇਹ ਖੋਜ ਵਿਚਾਰ ਸਾਲ ਬਾਅਦ ਇਸ ਸਿੱਟੇ ਤੇ ਪਹੁੰਚੀ ਕਿ ਮੇਰਾ ਲਿਖਿਆ ਕੋਈ ਲੇਖ ਇਹਨਾਂ ਨਾਮੀ ਅਖਬਾਰਾਂ ਦੇ ਚਮਕੀਲੇ ਪੇਪਰ ਤੇ ਆਫਸੈਟ ਲੇਅ-ਆਊਟ ਦਾ ਸ਼ਿੰਗਾਰ ਕਦੇ ਨਹੀਂ ਬਣਨਾ।ਕਿਸੇ ਗੁੰਮਨਾਮ ਪਰਚੇ ‘ਚ ਆਪਣਾ ਗੁਭ-ਗੁਭਾਰ ਕੱਢ ਲਿਆ ਜਾਵੇ ਤਾਂ ਗੱਲ ਵੱਖਰੀ ਹੈ।
ਵਿਸ਼ੇ ਬਾਰੇ ਸੋਚ ਵਿਚਾਰ ‘ਚ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਿਆ ਕਿ ‘ਗੁਰੁ ਕਿਆਂ ਨੌ ਨਿਹਾਲਾਂ’ ਨੂੰ ਦੀਵਾਲੀ ਵਾਲੇ ਦਿਨ ਕਿਹੜੀ ਭੀੜ ਆ ਪਂੈਦੀ ਹੈ ਜੋ ਗੁਰੁ ਘਰਾਂ ‘ਚ ਕੱਠੇ ਹੋ ਕੇ ਅਰਬਾਂ ਰੁਪਏ ਨੂੰ ਅੱਗ ਲਾ ਦਂੇਦੇ ਹਨ ਤੇ ਨਾਲੇ ਉਸ ਕੁਦਰਤੀ ਵਾਤਵਰਨ ਨਾਲ ਐਨਾਂ ਵੈਰ ਕਿਉਂ ਕੱਢਦੇ ਨੇ ਜਿਸ ਕੁਦਰਤ ਤੋਂ ਇਨ੍ਹਾਂ ਦਾ ਗੁਰੁ ਬਾਬਾ ਬਲਿਹਾਰੇ ਜਾਂਦਾ ਸੀ। ਐਮ.ਬੀ.ਡੀ ‘ਚ ਦੀਵਾਲੀ ਦੇ ਲੇਖ ਤੋਂ ਲੈ ਕੇ ਮੰਜੀ ਸਾਹਬ ਦੀਵਾਨ ਹਾਲ ‘ਚ ਖੂਡੀ ਦੇ ਸਹਾਰੇ ਖਲੋਤਾ ਬੁੱਢਾ ਢਾਡੀ ਤੇ ਅਖਬਾਰਾਂ ਰਸਾਲਿਆਂ ਦੇ ਕਾਲਮ ਨਵੀਸਾਂ ਤੋਂ ਲੈ ਕੇ ਇੰਟਰਨੈੱਟ ਦੀਆਂ ਸਾਇਟਾਂ ਇੱਕਜੁਟਤਾ ਨਾਲ ਕੀਹਦੇ ਸੁਣੀਦੇ ਹਨ ਕਿ ‘ਦੀਵਾਲੀ ਹਿੰਦੂਆਂ ਤੇ ਸਿੱਖਾਂ ਦਾ ਸਾਝਾਂ ਤਿਉਹਾਰ ਹੈ।ਇਸ ਦਿਨ ਭਗਵਾਨ ਸ੍ਰੀ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਪਹੁੰਚੇ ਸਨ।ਜਦੋਂ ਕਿ ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ।ਜਿਸ ਦੀ ਖੁਸ਼ੀ ਵਜੋਂ ਦੀਵਾਲੀ ਵਾਲੇ ਦਿਨ ਦੀਮਮਾਲਾ ਤੇ ਆਤਿਸਬਾਜ਼ੀ ਕੀਤੀ ਜਾਂਦੀ ਹੈ’। ਸਾਨੂੰ ਇਹ ਗੱਲ ਬਚਪਨ ਤੋਂ ਤੋਤੇ ਵਾਂਗ ਰਟਾ ਦਿੱਤੀ ਜਾਂਦੀ ਹੈ,ਨਹੀਂ ਤਾਂ ਮੈਨੂੰ ਲਗਦਾ ਜੇ ਕਿਤੇ ਕਿਸੇ ਤੀਜੇ ਬੰਦੇ ਨੂੰ ਇਹ ਉਪਰ ਦੱਸਿਆ ਘਟਨਾਂ ਕਰਮ ਸੁਣਾਇਆ ਜਾਵੇ ਤਾਂ ਉਹ ਘੱਟੋ-ਘੱਟ ਉਹ ਇਹ ਤਾਂ ਜ਼ਰੂਰ ਕਹੇਗਾ ਕਿ ‘ਵੱਟ ਆ ਕੋ ਇਨਸੀਡੈਂਟ’ । ਅਜੀਬ ਇਤਫਾਕ ਹੈ ।
ਜੰਤਰੀਆਂ ਦੇ ਰਚੇਤਾ ਤੇ ਤਿਥਾਂ ਰੁਤਾਂ ਦੇ ਗਿਆਤਾ ਬ੍ਰਹਮਣ ਦੇਵਤਾ ਦੇ ਇਸ ਮੇਲ ਜੋਲ ਤੇ ਸ਼ੰਕਾਂ ਕਰਨਾ ਤਾਂ ਜਾਇਜ਼ ਨਹੀ ।ਪਰ ਸਿੱਖਾਂ ਦੇ ਘਰ ਜੰਮਣ ਨਾਤੇ ਇਹ ਜਾਨਣ ਦੀ ਕੋਸਿਸ਼ ਤਾਂ ਕੀਤੀ ਜਾ ਸਕਦੀ ਹੈ ਕਿ ਗੁਰੂ ਹਰਿਗੋਬਿੰਦ ਕਿਸ ਦੋਸ਼ ਤਹਿਤ ਕਦੋਂ ਤੇ ਕਿੰਨੇ ਸਮੇਂ ਲਈ ਕੈਦ ਰਹੇ?ਇਹ ਜਾਨਣਾ ਕਿਸੇ ਸਿੱਖ ਲਈ ਕਿੰਨਾ ਦੁਖਦਾਇਕ ਹੋ ਸਕਦਾ ਹੈ ਕਿ ਸਮੇਂ ਸਮੇਂ ਦੇ ਦਰਜਨ ਦੇ ਕਰੀਬ ਪ੍ਰਮੁੱਖ ਇਤਿਹਾਸਕਾਰ, ਪੁਰਾਤਨ ਗਵਾਹੀਆਂ, ਦਸਤਾਵੇਜ਼ ਤੇ ਸਾਖੀਆਂ ਗ੍ਰਿਫਤਾਰੀ ਤੇ ਰਿਹਾਈ ਦੀ ਤਰੀਖ ਤਾਂ ਕੀ ਦੱਸਣਗੀਆਂ ਸਗੋਂ ਕੈਦ ਦੇ ਸਮੇਂ (ਮਿਆਦ) ਨੂੰ ਲੈ ਕੇ ਇੱਕ ਦੂਜੇ ਦੇ ਬਿਲਕੁਲ ਵਿਰੋਧ ‘ਚ ਦਿਖਾਈ ਦਿੰਦੀਆਂ ਹਨ।ਏਥੋਂ ਤੱਕ ਕਿ ਕੁਝ ਗ੍ਰਥਾਕਾਰ ਨੇ ਤਾਂ ਬਿਲਕੁਲ ਚੁੱਲ ਹੀ ਵੱਟੀ ਹੋਈ ਮਿਲਦੀ ਹੈ ।ਇਸ ਸਬੰਧੀ ਕੁਝ ਪ੍ਰਮੁੱਖ ਇਤਿਹਾਸਕਾਰਾਂ ਦੀਆਂ ਗਵਾਹੀਆਂ ਦਰਜ਼ ਕਰ ਰਿਹਾ ਹਾ ।ਡਾ.ਗੰਡਾ ਸਿੰਘ ਮੁਤਾਬਕ 1612 ਈ. ਤੋਂ 1614ਈ, ਇੰਦੂ ਭੂਸਨ ਬੈਨਰਜੀ 1607 ਤੋਂ 1612, ਪ੍ਰਿ ਤੇਜਾ ਸਿੰਘ 1614 ਤੋਂ 1616 ਤੱਕ,ਅਰਧ ਸੁਆਮੀ ਇਹ ਸਮਾਂ 12 ਸਾਲ ਦਾ ਦੱਸਦਾ ਹੈ, ਪ੍ਰਿੰ.ਸਤਬੀਰ ਸਿਂੰਘ 1609 ਤੋਂ 1612 ਤੱਕ ਹੈ । ਮੈਕਾਲਿਫ ਅਨੁਸਾਰ 5 ਸਾਲ ਤੇ ਸਿੱਖ ਰਵਾਇਤ ਮੁਤਾਬਕ 40 ਦਿਨ । ਹੁਣ ਜ਼ਰਾ ਅੰਦਾਜ਼ਾ ਲਗਾਉ ਜਿਥੇ ਸਾਲਾਂ ਦਾ ਏਨਾਂ ਵੱਡਾ ਟਪਲਾ ਹੈ, ਕੋਈ 40 ਦਿਨ ਤੇ ਕੋਈ 12 ਸਾਲ ਕਹਿੰਦਾ ਹੈ ਉਥੇ ਇਸ ਗੱਲ ਦਾ ਕਿਸ ਤਰਾਂ ਪਤਾ ਲੱਗਾ ਕਿ ਗੁਰੂੁ ਜੀ ਦੀ ਰਿਹਾਈ ਦੀਵਾਲੀ ਵਾਲੇ ਦਿਨ ਹੀ ਹੋਈ ਸੀ।ਭਾਵ ਕਿ ਉਸ ਦਿਨ ਹੀ ਹੋਈ ਸੀ ਜਿਸ ਦਿਨ ਰਾਮ ਚੰਦਰ ਅਯੁੱਧਿਆ ਵਾਪਸ ਮੁੜਿਆ ਸੀ।ਇਹ ਉਵਂੇ ਹੀ ਲੱਗਦਾ ਹੈ ਜਿਵੇਂ ਜਿਸ ਦਿਨ ਸਰਸਾਂ ਦੇ ਕੰਢੇ ਵਿਛੜੇ ਮਝੈਲਾਂ ਨੇ ਮਹਾਂ ਸਿੰਘ ਦੀ ਅਗਵਾਈ ‘ਚ ਗੁਰੂੁ ਘਰ ਦੇ ਵੈਰੀਆਂ ਨਾਲ ਸਿਰ ਧੱੜ ਦੀ ਬਾਜ਼ੀ ਲਾਈ ਉਸ ਦਿਨ ਮਕਰ ਸੰਕ੍ਰਾਂਤੀ ਸੀ ।ਜੋ ਅੱਜ ਸਿੱਖਾਂ ਵੱਲੋਂ ਧੂਮ ਧੜੱਕੇ ਨਾਲ ਮਨਾਈ ਜਾਂਦੀ ਹੈ।ਇਹ ਅਜੀਬ ਇਤਫਾਕ ਬ੍ਰਾਹਮਣੀ ਦਿਹਾੜਿਆਂ ਨਾਲ ਮੇਲ ਖਾ ਕੇ ਹੀ ਕਿੳਂੁ ਵਾਪਰੇ।ਮੁਸਲਮਾਨਾਂ ਦੇ ਕਿਸੇ ਤਿਉਹਾਰ ਨਾਲ ਸਾਡੀ ਸਾਂਝ ਕਿਉ ਨਹੀਂ ਪਈ ?ਕੀ ਗੁਰੂ ਕੇ ਇਸਲਾਮੀ ਦਿਹਾੜਿਆਂ ਵਾਲੇ ਦਿਨ ਛੁੱਟੀ ਡਿਕਲੇਅਰ ਕਰ ਦਿੰਦੇ ਸਨ? ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਵੱਡੇ ਦਿਨ (ਕ੍ਰਿਸਮਿਸ ਡੇ) ਵਾਲੇ ਦਿਨ ਹੁੰਦਾ ਹੈ।ਅਸੀਂ ਸ਼ਹੀਦੀ ਦਿਨ ਨੂੰ ਇਸਾਈਆਂ ਨਾਲ ਸਾਂਝਾ ਕਰਕੇ ਕਿੳਂੁ ਨਹੀਂ ਮਨਾਉਂਦੇ? ਕੀ ਭਾਈਚਾਰਕ ਸਾਂਝ ਤੇ ਏਕਤਾ ਦਾ ਮਤਲਬ ਸਿਰਫ ਸਿੱਖਾਂ ਦਾ ਹਿੰਦੂਆਂ ‘ਚ ਰਲਗੱਡ ਹੋਣ ਤੋਂ ਹੀ ਹੈ। ਇਥੇ ਹਿੰਦੂ ਸਿੱਖ ਏਕਤਾ ਵਿਚਲੇ ‘ਏਕਤਾ’ ਸ਼ਬਦ ਤੇ ਵੀ ਗੌਰ ਕਰ ਲਿਆ ਜਾਵੇ, ਏਕਤਾ ਤੋਂ ਭਾਵ ਦੋਂ ਵੱਖ ਵੱਖ ਚੀਜਾਂ ਦਾ ਇੱਕ ਹੋ ਜਾਣ ਤੋਂ ਹੁੰਦਾ ਹੈ। ਇਹ ਉਹੀ ਸਬਦ ਹੈ ਜਿਸ ਨੇ ਭਾਰਤ ਚੋਂ ਬੋਧੀ ਜੈਨੀ ਤੇ ਪਾਰਸੀ ਨੁਕਰੇ ਲਾ ਦਿੱਤੇ। ਸਬਦ ਸ਼ਾਝੀਵਾਲਤਾ ਤਾਂ ਵਰਤਿਆ ਜਾ ਸਕਦਾ ਹੈ ਪਰ ਏਕਤਾ ਨਹੀਂ।

ਦੀਵਾਲੀ ਸਬੰਧੀ ਤਵਾਰੀਖੀ ਘਚੋਲੇ ਦੀ ਚਰਚਾ ਕਿਸੇ ਸਿਆਣੇ ਜਾਪਦੇ ‘ਸਿੰਘ’ ਨਾਲ ਕਰ ਲਈਏ ਤਾਂ ਉਹ ਝੱਟ ਦੇਣੀ ਕਹੇਗਾ ‘ਨਾ ਹੁਣ ਭਾਈ ਗੁਰਦਾਸ ਵੀ ਝੂਠਾ ਹੋ ਗਿਆ ਜਿਹੜਾ ਗੁਰੁ ਹਰਿਗੋਬਿੰਦ ਜੀ ਦਾ ਹਾਣੀ-ਬਾਣੀ ਸੀ, ਉਨਾਂ ਨੇ ਵਾਰਾਂ ‘ਚ ਦੀਵਾਲੀ ਮਨਾਉਣ ਦਾ ਜ਼ਿਕਰ ਕੀਤਾ ਹੋਇਆ। ਬਿਲਕੁਲ ਕੀਤਾ ਹੋਇਆ ਗੁਰੂੁ ਸਾਹਬਾਂ ਦੇ ਬਹੁਤੇ ਸਮਕਾਲੀ ਤਾਂ ਗੁਰੁ ਘਰ ‘ਚ ਮਨਾਈ ਜਾਂਦੀ ਕਿਸੇ ਦੀਵਾਲੀ ਬਾਰੇ ਬਿਲਕੁਲ ਚੁੱਪ ਹਨ।ਪਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ‘ਚ ਇੱਕ ਪੰਕਤੀ ਜ਼ਰੂਰ ਦਰਜ਼ ਕੀਤੀ ਹੋਈ ਹੈ।ਦੀਵਾਲੀ ਦੀ ਰਾਤਿ ਦੀਵੇ ਬਾਲੀਅਨ ਜੋ ਕਿ ਸਾਡੇ ਰਾਗੀਆਂ, ਢਾਡੀਆਂ, ਲਿਖਾਰੀਆਂ ਦੇ ਤੋਰੀ ਫੁਲਕੇ ਦਾ ਵਧੀਆ ਜੁਗਾੜ ਬਣੀ ਹੋਈ ਹੈ। ਇਹ ਜਾਣ ਕੇ ਉੱਚੀ ਮੱਤ ਵਾਲੇ ਸਿੱਖਾਂ ਤੇ ਤਰਸ ਤਾਂ ਜ਼ਰੂਰ ਆਵੇਗਾ ਕਿ ਇਹ ਪੰਗਤੀ ਭਾਈ ਗੁਰਦਾਸ ਜੀ ਨੇ ਸਿਰਫ ਇੱਕ ਮਿਸਾਲ ਵਜੋਂ ਵਰਤੀ ਸੀ ਜਦੋਂ ਕਿ 19ਵੀਂ ਵਾਰ ਦੀ 6ਵੀਂ ਪਾਉੜੀ ਦਾ ਕੇਂਦਰੀ ਭਾਵ ( ਸੈਂੇਟਰਲ ਆਈਡੀਆ) ਦੀਵਾਲੀ ਨਾਲ ਕੋਈ ਸਬੰਧ ਹੀ ਨਹੀਂ ਰੱਖਦਾ। ਵਾਰ ਦੀ ਜੁਗਤ ਅਨੁਸਾਰ ਪਾਉੜੀ ਦੀਆਂ ਪਹਿਲੀਆਂ ਪੰਜ ਲਾਇਨਾਂ ਵਿੱਚ ਕਿਸੇ ਗੱਲ ਨੂੰ ਪ੍ਰਮਾਣਿਤ ਕਰਨ ਲਈ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ ਤੇ ਅੰਤਲੀ ਪੰਕਤੀ ਵਿੱਚ ਸਾਰ ਦੇ ਰੂਪ ‘ਚ ਤੱਤ ਕੱਢ ਦਿੱਤਾ ਜਾਂਦਾ ਹੈ ਜਿਵੇਂ ਕਿ ਇਸ ਪਾਉੜੀ ਵਿੱਚ ਵੀ ਕੀਤਾ ਗਿਆ ਹੈ । ਪਾਉੜੀ ਦਾ ਕੇਂਦਰੀ ਭਾਵ ਗੁਰਮੁਖਿ ਸੁਖ ਫਲ ਦਾਤਿ ਸਬਦਿ ਸੰਮ੍ਹਾਲੀਅਨਿ’ ਹੈ। ਪਹਿਲੀਆਂ ਪੰਕਤੀ ਦੀਵਾਲੀ ਦੀ ਰਾਤਿ ਦੀਵੇ ਬਾਲੀਅਨ ਤੋਂ ਭਾਵ ਕਿ ਜਿਵੇਂ ਦੀਵਾਲੀ ਦੀ ਰਾਤਿ ਲੋਕ ਦੀਵੇ ਬਾਲਦੇ ਹਨ । ( ਬਹੁਗਿਣਤੀ ਇਸ ਨੂੰ ਤਿਉਹਾਰ ਦੇ ਰੂਪ ‘ਚ ਮਨਾਉਦੀ ਸੀ ਸੋ ਭਾਈ ਜੀ ਨੇ ਉਦਾਹਰਣ ਦੇ ਦਿੱਤੀ) । ਤਾਰੇ ਜਾਤ ਸੁਨਾਤ ਅੰਬਰ ਭਾਲੀਅਨ ਭਾਵ ਜਿਵੇਂ ਅੰਬਰ ‘ਚ ਤਰਾਂ ਤਰਾਂ ਦੇ ਤਾਰੇ ਹੁੰਦੇ ਹਨ।ਫੁਲਾਂ ਦੀ ਬਾਗਤਿ ਚੁਣ ਚੁਣ ਚਾਲੀਅਨ ਜਿਵੇਂ ਫੁੱਲਾਂ ਦੀ ਬਾਗੀਚੀ ‘ਚ ਕਈ ਤਰਾਂ ਦੇ ਫੁੱਲ ਹੁੰਦੇ ਹਨ। ਤੇ ਅੰਤਲੀ ਪੰਕਤੀ ‘ਚ ਤੱਤ ਕੱਢਦੇ ਹਨ ਗੁਰਮੁਖਿ ਸੁਖ ਫਲ ਦਾਤਿ ਸਬਦਿ ਸੰਮ੍ਹਾਲੀਅਨਿ ਭਾਵ ਕਿ ਇਵੇ ਹੀ ਗੁਰਮੁਖ ਬੰਦੇ ਦੇ ਸਾਰੇ ਸੁੱਖ ਫੱਲ ਸਬਦ ਭਾਵ ਗਿਆਨ ‘ਚ ਸੰਭਾਲੇ ਹੋਏ ਹਨ।ਪਰ ਅਜੋਕੇ ਗੁਰਮੁਖਾਂ ਨੂੰ ਸੁਖ ਫਲ ਸ਼ਬਦ ਚੋਂ ਨਹੀਂ ਸਗੋਂ ਸ਼ੁਰਲੀਆਂ ਪਟਾਕਿਆਂ ਚੋਂ ਲੱਭ ਰਹੇ ਹਨ। ਵੈਸੇ ਹੋਰ ਕਰਨ ਵੀ ਕੀ ਬਾਬੇ ਦੀ ਬਹੁਤੀ ਕਿਰਪਾ ਵਾਲੇ ਸਿੱਖ ਤਾਂ ਤਿਉਹਾਰਾਂ ਤੇ ਮਿਲਣ ਵਾਲੀ ਗਿਫਟ ਰੂਪੀ ਰਿਸ਼ਵਤ ਨਾਲ ਮਾਇਆ ਹੀ ਏਨੀ ਕੱਠੀ ਕਰ ਲੈਂਦੇ ਹਨ ਕਿ ਸੁੱਖ ਫਲ ਦੀ ਭਾਲ ‘ਚ ਨੋਟਾਂ ਨੂੰ ਅੱਗ ਲਾਉਣਾਂ ਸ਼ੁਗਲ ਨਹੀ ਲੋੜ ਬਣ ਜਾਂਦੀ ਹੈ।
ਹੁਣ ਇਹ ਸ਼ੰਕਾ ਤਾਂ ਪੈਦਾ ਹੋ ਗਿਆ ਹੋਵੇਗਾ ਕਿ ਜੇ ਦੀਵਾਲੀ ਦਾ ਸਿੱਖ ਸਿਧਾਂਤ ਤੇ ਸਿੱਖ ਇਤਿਹਾਸ ਨਾਲ ਸਬੰਧ ਹੀ ਕੋਈ ਨਹੀਂ ਤਾਂ ਫਿਰ ਸਿੱਖ ਕਮਲੇ ਕਿੱਦਾ ਹੋ ਗਏ? ਦਰਅਸਲ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਖਾਲਸਾ ਰਾਜ ਤੱਕ ਦਾ ਸਮਾਂ ਹਰ ਸਿੱਖ ਨੂੰ ਗੌਰ ਨਾਲ ਪੜ੍ਹੇ ਤੇ ਪੜ੍ਹਾਏ ਜਾਣ ਦੀ ਲੋੜ ਹੈ।ਘੋੜਿਆਂ ਦੀਆਂ ਕਾਠੀਆਂ ਤੇ ਬਸੇਰਾ ਕਰਨ ਵਾਲੇ ਖਾਲਸੇ ਨੇ ਮਿਸਲਾਂ ਦੇ ਦਿਨੀਂ ਫੈਸਲਾ ਕੀਤਾ ਕਿ ਸਾਲ ‘ਚ ਦੋ ਵਾਰ ਸਰਬੱਤ ਖਾਲਸਾ ਇਕੱਠਾ ਹੋਇਆ ਕਰੇਗਾ।ਇੱਕ ਦਿਨ ਵਿਸਾਖੀ ਵਾਲਾ ਮਿੱਥ ਲਿਆ ਗਿਆ ਤੇ ਦੂਜਾ ਸ਼ਾਇਦ ਖੁਸ਼ਗਵਾਰ ਮੌਸਮ ਦੀ ਸਹੂਲਤ ਜਾਣ ਕੇ ਦੀਵਾਲੀ ਮਿਥ ਲਿਆ ਗਿਆ ਹੋਵੇਗਾ ।ਅੰਮ੍ਰਿਤਸਰ ਸਾਹਿਬ ਸਣੇ ਸਾਰੇ ਇਤਿਹਾਸਕ ਗੁਰਦਵਾਰਿਆ ਦਾ ਪ੍ਰਬੰਧ ਨਿਰਮਲੇ, ਉਦਾਸੀ ਆਦਿ ਮਹੰਤ ਸ੍ਰੇਣੀਆਂ ਕਰਦੀਆਂ ਸਨ ਹੋ ਸਕਦਾ ਫੈਸਲੇ ਤੇ ਇਨ੍ਹਾਂ ਦਾ ਪ੍ਰਭਾਵ ਵੀ ਰਿਹਾ ਹੋਵੇ । ਪਰ ਸਿੱਖਾਂ ਦੀ ਦੀਵਾਲੀ ਕੇਵਲ ਸਰਬੱਤ ਖਾਲਸੇ ‘ਚ ਜੁੜ ਕੇ ਪੰਥਕ ਚਣੌਤੀਆ ਹੱਲ ਕਰਨ ਲਈ ਵਿਚਾਰ ਚਰਚਾ ਤੱਕ ਹੀ ਸੀਮਤ ਹੁੰਦੀ ਸੀ।
ਗੁਰਦਵਾਰਿਆਂ ਤੇ ਸਿੱਖਾਂ ਦੇ ਘਰੀਂ ਦੀਵੇ ਜਗਣੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ‘ਚ ਹਿੰਦੂ ਸਿੱਖ ‘ਏਕਤਾ’ ਦੀ ਨੀਤੀ ਕਾਰਨ ਸ਼ੁਰੂ ਹੋਏ, ਜੋ ਕਿ ਮੰਡੀ ਤੇ ਸ਼੍ਰੋਮਣੀ ਕਮੇਟੀ ਦੇ ਦੌਰ ‘ਚ ਸ਼ੁਰਲੀਆਂ ਪਟਾਕਿਆਂ ਤੱਕ ਪਹੁੰਚ ਗਏ ਤੇ ਆਸ ਹੈ ਕਿ ਅਜੋਕੀ ਹਿੰਦੂਤਵੀ ਮੀਡੀਆ ਕ੍ਰਾਂਤੀ ਤੇ ਅਖੌਤੀ ਗਲੋਬਲਾਈਜੇਸ਼ਨ ਸਿੱਖਾਂ ਦੇ ਘਰੀਂ ਲਕਸ਼ਮੀ ਪੂਜਾ ਵੀ ਸ਼ੁਰੂ ਕਰਵਾ ਦੇਵੇਗੀ।

ਚਰਨਜੀਤ ਤੇਜਾ

Wednesday, October 14, 2009

ਆਓ ਦੀਵਿਆਂ ਦੇ ਨਾਲ ਦਿਮਾਗ ਵੀ ਰੌਸ਼ਨ ਕਰੀਏ



ਛੋਟੇ ਹੁੰਦਿਆਂ ਦੀਵਾਲੀ ਦਾ ਬੜਾ ਅਜੀਬ ਜਿਹਾ ਸ਼ੌਕ ਹੁੰਦਾ ਸੀ,ਹਰ ਵਾਰ ਕੁਝ ਖਾਸ ਕਰਨ ਦੀ ਕੋਸ਼ਿਸ਼ ਰਹਿੰਦੀ।ਹਾਲਾਂਕਿ ਮੋਟੀਆਂ ਮੋਟੀਆਂ ਚਾਰ ਗੱਲਾਂ,ਦੀਵਿਆਂ ਤੋਂ ਲੈਕੇ ਛੱਤ ‘ਤੇ ਟੰਗੇ ਗੜਬੜਿਆਂ ਤੋਂ ਬਿਨਾਂ ਕੁਝ ਨਹੀਂ ਸੀ ਪਤਾ ਹੁੰਦਾ।ਦੀਵਾਲੀ ਤੋਂ 5-7 ਦਿਨ ਪਹਿਲਾਂ ਤੇ ਬਾਅਦ ‘ਚ ਘੁਮਿਆਰਾਂ ਤੇ ਲਾਗੀਆਂ-ਤੱਥੀਆਂ ਆਦਿ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ।ਪਰ ਹੁਣ ਸਮੇਂ ਦੇ ਚੱਕਰ ਨੇ ਬਹੁਤ ਕੁਝ ਸਮੇਟ ਲਿਆ ਹੈ।ਤਿਉਹਾਰਾਂ ਦਾ ਮੁਖਰ ਬਜ਼ਾਰੀਕਰਨ ਹੋਣ ਨਾਲ ਦੀਵਾਲੀ ਵੀ ਮਾਰਕੀਟ ਦੀ ਭੇਂਟ ਚੜ੍ਹ ਗਈ ਹੈ।ਘੁਮਿਆਰਾਂ ਦੇ ਕੱਚੇ ਭਾਂਡਿਆਂ ਦੀ ਥਾਂ ਚੀਨੀ ਸਮਾਨ ਨੇ ਲੈ ਲਈ ਹੈ।ਦੀਵਾਲੀ ਹੁਣ ਟੀ.ਵੀ ਦੇ ਅਸਰ ‘ਚ ਮਨਾਈ ਜਾ ਰਹੀ ਹੈ।ਤਿਉਹਾਰ ਯਾਦ ਰੱਖਣ ਲਈ ਕੋਕਾ ਕੋਲਾ ਜ਼ਰੂਰੀ ਹੈ।“ਸ਼ਪੈਸ਼ਲ ਔਫਰਾਂ” ਦੇ ਵਿਗਿਆਪਨ ਦਿਲ ਦੀਆਂ ਘੰਟੀਆਂ ਵਜਾ ਰਹੇ ਨੇ।ਮੈਂ ਜਦੋਂ ਕਦੇ ਘਰੇ ਜ਼ਿਆਦਾ ਦੀਵਾਲੀ-ਦੀਵਾਲੀ ਕਰ ਦਿੰਦਾ ਸੀ,ਤਾਂ ਮੇਰਾ ਪਿਓ ਕਹਿੰਦਾ ਸੀ ‘ਓਏ ਜੱਟਾਂ ਦੀ ਕਾਹਦੀ ਦੀਵਾਲੀ ਹੁੰਦੀ ਹੈ।ਸਾਡਾ ਤਾਂ ਦੀਵਾਲਾ ਹੁੰਦਾ,ਲਕਸ਼ਮੀ ਤਾਂ ਸਾਰੀਆਂ ਬਾਣੀਆਂ ਦੇ ਘਰੇ ਚਲੀ ਜਾਂਦੀ ਹੈ।ਹੁਣ ਪਤਾ ਲਗਦਾ ਕਿ ਕਿਸ ਤਰ੍ਹਾਂ ਦੀਵਾਲੀ ਦੇ ਜ਼ਰੀਏ ਲੋਕਾਂ ਦੀਆਂ ਜੇਬਾਂ ‘ਚੋਂ ਅਰਬਾਂ ਰੁਪਏ ਨਿਕਲਕੇ ਵਪਾਰੀਆਂ ਦੀ ਜੇਬ ‘ਚ ਪੈਂਦੇ ਨੇ।ਇਸ ਵਾਰ ਭੋਗ ਵਿਲਾਸਤਾ ਦੀਆਂ ਫਾਲਤੂ ਚੀਜ਼ਾਂ ਦੇ ਲਗਭਗ 65,000 ਕਰੋੜ ਰੁਪਏ ਖਰਚ ਹੋਣ ਦੀ ਸੰਭਾਵਨਾ ਹੈ।ਇਸਤੋਂ ਇਲਾਵਾ ਦੀਵਾਲੀ ਨਾਲ 300 ਅਰਬ ਲਾਟਰੀ ਬਜ਼ਾਰ ਤੇ 500 ਅਰਬ ਦਾ ਜੂਆ ਬਜ਼ਾਰ ਜੁੜਿਆ ਹੋਇਆ ਹੈ।


ਦੀਵਾਲੀ ਦੇ ਮਿੱਥਹਾਸ ਨੂੰ ਜਾਣਕੇ ਪਤਾ ਲਗਦੈ ਕਿ ਦੇਵਤਿਆਂ ਨੇ ਲੰਬੀ ਲੜਾਈ ਲੜਕੇ “ਅਸੁਰਾਂ” ਯਾਨਿ ਕਿ ਕਹੇ ਜਾਂਦੇ "ਦੈਤਾਂ" ‘ਤੇ ਜਿੱਤ ਪ੍ਰਪਤ ਕੀਤੀ।ਪਿਛਲੇ ਸਮੇਂ ‘ਚ ਮੈਂ ਕੁਝ ਆਦਿਵਾਸੀ ਇਲਾਕਿਆਂ ‘ਚ ਰਹਿਕੇ ਆਇਆ।ਓਥੋਂ ਪਤਾ ਲੱਗਿਆ ਕਿ ਆਦਿਵਾਸੀ ਸਮਾਜ ਅੰਦਰ “ਅਸੁਰ” ਨਾਂਅ ਦੀ ਜਾਤੀ ਹੈ।ਇਸਤੋਂ ਇਲਾਵਾ ਉੜੀਸਾ ਦੇ ਇਕ ਪ੍ਰਸੱਧਿ ਨਾਵਲ ‘ਚ ਆਦਿਵਾਸੀ “ਅਸੁਰ” ਜਾਤੀ ਦੇ ਇਤਿਹਾਸ ਦਾ ਜ਼ਿਕਰ ਸੁਣਿਆ।ਏਥੇ ਮਿੱਥਹਾਸ ਦਾ ਇਤਿਹਾਸ ਨਾਲ ਕਿਤੇ ਨਾ ਕਿਤੇ ਸੁਮੇਲ ਨਜ਼ਰ ਆਇਆ।ਦੀਵਾਲੀ ਤੋਂ ਤੁਰੁੰਤ ਬਾਅਦ ਹੀ ਭਾਰਤੀ ਰਾਜਨੀਤਿਕ “ਦੇਵਤੇ” “ਆਦਿਵਾਸੀ ਅਸੁਰਾਂ” ‘ਤੇ ਹਮਲਾ ਕਰਨ ਜਾ ਰਹੇ ਹਨ।“ਮਾਓਵਾਦੀਆਂ” ਦੇ ਨਾਂਅ ਤੇ ਕੀਤੇ ਜਾ ਰਹੇ ਇਸ ਹਮਲੇ ‘ਚ ਲਗਭਗ 1 ਲੱਖ ਅਰਧ ਸੈਨਿਕ ਬਲਾਂ ਦੀ ਤੈਨਾਤੀ ਕੀਤੀ ਜਾ ਰਹੀ ਹੈ।ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਅਰਧ ਸੈਨਿਕ ਬਲਾਂ ਦੇ ਰਗੜੇ ‘ਚ ਅਜਿਹੇ ਨਿਹੱਥੇ ਲੋਕ ਹੀ ਆਉਣਗੇ।ਜੋ ਦੁਨੀਆਂ ਦੀ ਸਭਤੋਂ ਵੱਡੀ ਜਮਹੂਰੀਅਤ ਅੰਦਰ 62 ਸਾਲਾਂ ਬਾਅਦ ਵੀ “ਅਦਿਵਾਸੀ” ਸਦਵਾਉਂਦੇ ਨੇ।ਜਿਨ੍ਹਾਂ ਦਾ ਜੀਵਨ ਪੱਧਰ ਨੂੰ ੳੁੱਚਾ ਚੁੱਕਣ ਤੇ ਮੁੱਖ ਧਾਰਾ ‘ਚ ਲਿਆਉਣ ਲਈ ਸਰਕਾਰਾਂ ਵਲੋਂ ਕੋਈ ਉਪਰਾਲੇ ਨਹੀਂ ਕੀਤੇ ਗਏ।

ਖੈਰ,ਕਿਸੇ ਨੂੰ ਲੱਗ ਸਕਦੈ ਕਿ ਗੱਲ ਕਿਥੋਂ ਸ਼ੁਰੂ ਕੀਤੀ ਤੇ ਕਿੱਥੇ ਮੁਕਾਈ।ਪਰ ਮੈਨੂੰ ਲਗਦੈ ਕਿ ਅਸੀਂ ਸਰਬ-ਸਾਂਝੀਵਾਲਤਾ ਦੇ ਮੁੱਦਈ ਏਨੇ ਵਿਅਕਤੀਗਤ ਹੋ ਗਏ,ਕਿ ਆਲੇ ਦੁਆਲੇ ਤੋਂ ਅਲੱਗ ਥਲੱਗ ਹੋਏ ਪਏ ਹਾਂ।ਬਿਲਕੁਲ “ਦੀਵੇ ਥੱਲੇ ਹਨੇਰੇ ਵਾਲੀ ਗੱਲ”।ਅਜਿਹੇ ਸਮੇਂ ‘ਚ ਜਦੋਂ ਦੀਵਾਲੀ ਦੇ ਜ਼ਰੀਏ ਮਾਰਕੀਟ ਸਾਡੇ ਕੋਲੋਂ ਕਰੋੜਾਂ-ਅਰਬਾਂ ਰੁਪਏ ਹੜੱਪਣ ਲਈ ਤਿਆਰ ਬੈਠੀ ਹੈ ਤਾਂ ਫਰਜ਼ ਬਣਦੈ ਕਿ ਅਸੀਂ ਦੀਵਾਲੀ ‘ਤੇ ਫਿਕਰਮੰਦ ਹੋਏ ਘੁਮਿਆਰ ਤੇ ਕਿਸੇ ਆਦਿਵਾਸੀ ਦੇ ਰਿਸ਼ਤੇ ਨੂੰ ਜੋੜੀਏ।ਕਿਉਂਕਿ ਦੋਵਾਂ ਇਕ ਸਾਂਝ ਹੈ।ਦੋਵੇਂ ਨੂੰ ਮਾਰਕੀਟ ਦੇ ਚੱਕਰ ਦੇ ਚਲਦਿਆ ਧੰਦੇ ਤੋਂ ਬਾਹਰ ਤੇ ਵਿਸਥਾਪਿਤ ਹੋਣਾ ਪੈ ਰਿਹਾ ਹੈ।ਆਓ ਇਹਨਾਂ ਸਾਰੇ ਚੱਕਰਾਂ ਨੁੰ ਤੋੜਦੇ ਹੋਏ ਮਾਰਕੀਟ ਦੇ ਭੋਗ ਵਿਲਾਸੀ ਸੱਭਿਆਚਾਰ ਦੇ ਕਾਰੋਬਾਰ ਨੂੰ ਰੱਦ ਕਰੀਏ ਤੇ ਇਸ ਦੀਵਾਲੀ ਕੁਝ ਨਵਾਂ ਕਰਨ ਤੇ ਸਮਝਣ ਦੀ ਕੋਸ਼ਿਸ਼ ‘ਚ ਦੀਵਿਆਂ ਦੇ ਨਾਲ ਦਿਮਾਗਾਂ ਨੂੰ ਰੌਸ਼ਨ ਕਰੀਏ।

ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
MOB-09899436972
mail2malwa@gmail.com,malwa2delhi@yahoo.co.in

Saturday, October 10, 2009

ਕਿਸਾਨੀ ਦੀ ਮੰਦਹਾਲੀ ਅਤੇ ਆੜ੍ਹਤੀਆ ਪ੍ਰਬੰਧ


ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਉਹਨਾਂ ਦੀ ਖੇਤੀ ਜਿਣਸ ਬਦਲੇ ਚੈਕਾਂ ਰਾਹੀਂ ਸਿੱਧੀ ਅਦਾਇਗੀ ਕਰਨ ਦੇ ਵਾਅਦੇ ਹਕੀਕਤ ਵਿਚ ਬਦਲਣ ਤੋਂ ਨਾਬਰ ਹੋ ਰਹੇ ਹਨ। ਆੜ੍ਹਤੀਆਂ ਨੇ ਵੀ ਆਪਣੀ ਯੂਨੀਅਨ ਬਣਾਕੇ ਸਰਕਾਰ ਉਪਰ ਦਬਾਅ ਵਧਾਇਆ ਹੋਇਆ ਹੈ। ਦੇਖਿਆ ਜਾਵੇ , ਗੁਣ ਅਤੇ ਗਿਣਤੀ ਪੱਖੋਂ ਆੜ੍ਹਤੀਆਂ ਦੀ ਯੂਨੀਅਨ ਦੀ ਕੋਈ ਔਕਾਤ ਨਹੀਂ ਹੈ। ਉਹ ਨੈਤਿਕ ਪੱਖੋਂ ਵੀ ਸਰਕਾਰ ਜਾਂ ਸਮਾਜ ਦੇ ਕਿਸੇ ਵੀ ਵਰਗ ਉਪਰ ਦਬਾਅ ਪਾਉਣ ਦੇ ਹੱਕਦਾਰ ਨਹੀਂ ਹਨ। ਉਹ ਕੇਵਲ ਤੇ ਕੇਵਲ 1961 ਦੇ ‘‘ਖੇਤੀ ਪੈਦਾਵਾਰ ਲਈ ਮੰਡੀ ਕਾਨੂੰਨ‘‘ ਦੀ ਧਾਰਾ 10 ਅਨੁਸਾਰ ਵਿਕਰੇਤਾ ਅਤੇ ਖਰੀਦਦਾਰ ਵਿਚਕਾਰ ਵਿਚੋਲੇ ਦੀ ਭੂਮਿਕਾ ਨਿਭਾਉਣ ਤੱਕ ਸੀਮਤ ਹਨ। ਉਂਜ ਵੀ ਉਹਨਾਂ ਵੱਲੋਂ ਕਿਸਾਨਾਂ ਨਾਲ ਮਾਰੀਆਂ ਜਾਂਦੀਆਂ ਅਨੇਕਾਂ ਕਿਸਮ ਦੀਆਂ ਠੱਗੀਆਂ ਠੋਰੀਆਂ ਤੋਂ ਇਲਾਵਾ ਇਸ ਅਖੌਤੀ ਸੇਵਾ ਬਦਲੇ ਢਾਈ ਫੀਸਦੀ ਕਮਿਸ਼ਨ ਵੀ ਮਿਲਦਾ ਹੈ। ਤਦ ਵੀ ਉਹ, ਖਰੀਦਦਾਰ ਵੱਲੋਂ ਵਿਕਰੇਤਾ ਭਾਵ ਕਿਸਾਨਾਂ ਨੂੰ ਸਿੱਧੀ ਅਦਾਇਗੀ ਦਾ ਵਿਰੋਧ ਕਰ ਰਹੇ ਹਨ। ਅੱਜ ਜਦੋਂ ਸਾਮਰਾਜਵਾਦ ਦੀ ਛਤਰਛਾਇਆ ਅਧੀਨ ਦੁਨੀਆਂ ਦੇ ਗਲੋਬਲ ਪਿੰਡ ਵਿਚ ਵਟ ਜਾਣ ਦੀਆਂ ਛੁਰਲੀਆਂ ਛੱਡੀਆਂ ਜਾ ਰਹੀਆਂ ਹਨ, ਤਾਂ ਖਰੀਦਣ ਅਤੇ ਵੇਚਣ ਵਾਲੇ ਵਿਚਕਾਰ ਵਿਚੋਲਿਆਂ ਦੀ ਤਾਂ ਵੈਸੇ ਹੀ ਲੋੜ ਮੁੱਕ ਜਾਣੀ ਚਾਹੀਦੀ ਹੈ। ਲੇਕਿਨ ਪੰਜਾਬ ਸਰਕਾਰ ਇਸ ਕਨੂੰਨ ਵਿਚ ਸੋਧ ਕਰਨ ਦੀ ਬਜਾਏ, ਤੁੱਕੇ ਨਾਲ ਡੰਗ ਸਾਰਨਾ ਚਾਹੁੰਦੀ ਹੈ। ਅਸਲ ਵਿਚ ਇਥੇ ਸਰਕਾਰ ਦੀ ਨੀਤ ਵਿਚ ਖੋਟ ਹੈ। ਰਾਜਤੰਤਰ ਵਿਚਲੇ ਬੰਦਿਆਂ ਦਾ ਕਰੂਰਾ ਤਾਂ ਆੜ੍ਹਤੀਆਂ ਨਾਲ ਮਿਲਦਾ ਹੈ, ਲੇਕਿਨ ਵੋਟਾਂ ਦੀ ਗਰਜ਼ ਉਹਨਾਂ ਨੂੰ ਥੁੜਾਂ ਮਾਰੀ ਅਤੇ ਕਰਜ਼ਿਆਂ ਦੀ ਮਧੋਲੀ ਕਿਸਾਨੀ ਨਾਲ ਵਾਅਦੇ ਕਰਨ ਲਈ ਮਜ਼ਬੂਰ ਕਰਦੀ ਹੈ।

ਬੁੱਧੀਜੀਵੀਆਂ ਤੋਂ ਲੈਕੇ ਵੱਖ ਵੱਖ ਵੰਨਗੀ ਦੀਆਂ ਸਰਕਾਰਾਂ ਤੱਕ, ਦੇਸ਼ ਦੀ ਕਿਸਾਨੀ ਨੂੰ ਘੋਰ ਸੰਕਟ ਵਿਚ ਫਸੀ ਹੋਈ ਤਸਲੀਮ ਕਰਦੀਆਂ ਹਨ। ਇਕਮੁਸ਼ਤ ਰਾਹਤ ਤੋਂ ਲੈਕੇ, ਕਰਜ਼ਾ ਮੁਆਫ਼ੀਆਂ ਜਾਂ ਕਰਜ਼ੇ ਦੀਆਂ ਅਦਾਇਗੀਆਂ ਨੂੰ ਅੱਗੇ ਪਾਉਣ ਦੇ ਚੋਚਲਿਆਂ ਨਾਲ ਥੁੜਾਂ ਮਾਰੀ ਅਤੇ ਛੋਟੀ ਕਿਸਾਨੀ ਨੂੰ ਵਰਚਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ। ਸਰਕਾਰਾਂ ਅਤੇ ਉਹਨਾਂ ਦੇ ਨੀਤੀ ਘਾੜਿਆਂ ਵੱਲੋਂ ਸੰਕਟ ਨੂੰ ਟਾਕੀਆਂ ਲਗਾਕੇ  ਟਾਲਣ ਦੇ ਯਤਨ ਹੁੰਦੇ ਰਹਿਣੇ ਹਨ, ਕਿਉਂਕਿ ਮੌਜੂਦਾ ਵਿਵਸਥਾ ਵਿਚ ਇਸ ਸੰਕਟ ਦਾ ਪੱਕਾ ਹੱਲ ਸੰਭਵ ਹੀ ਨਹੀਂ।  ਲੇਕਿਨ ਬੁੱਧੀਜੀਵੀਆਂ ਅਤੇ ਕਿਸਾਨਾਂ ਦੀ ਰਖਵਾਲੀ ਕਰਨ ਦਾ ਦਾਅਵਾ ਕਰਨ ਵਾਲੀਆਂ ਬਹੁਤੀਆਂ ਕਿਸਾਨ ਯੂਨੀਅਨਾਂ ਦਾ ਵੱਡਾ ਹਿੱਸਾ ਦੋ ਗੱਲਾਂ ਦਾ ਨਿਤਾਰਾ ਕਰਨ ਵਿਚ ਲਗਾਤਾਰ ਟਪਲਾ ਖਾ ਰਿਹਾ ਹੈ।

ਇਕ ਉਹ ਧਿਰ ਹੈ, ਜਿਹੜੀ ਕਿਸਾਨਾਂ ਵਿਚਕਾਰ ਕਿਸੇ ਵੀ ਕਿਸਮ ਦਾ ਵਰਗ ਭੇਦ ਕਰਨ ਤੋਂ ਇਨਕਾਰੀ ਹੀ ਨਹੀਂ, ਸਗੋਂ ਉਹਨਾਂ ਨੂੰ ਕਿਸਾਨੀ ਦੇ ਵਿਸ਼ਾਲ ਚੌਖਟੇ ਵਿਚ ਰੱਖਕੇ, ਸਾਰਿਆਂ ਨੂੰ ਹੀ ਇਕੋ ਜਿਹੀਆਂ ਰਿਆਇਤਾਂ ਦੇਣ ਦੀ ਹਾਮੀ ਹੈ। ਉਹ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਕਿ ਖੇਤੀ ਸੈਕਟਰ ਨੂੰ ਮਿਲਦੀਆਂ ਸਹੂਲਤਾਂ ਅਤੇ ਕਰਜ਼ਾ ਮੁਆਫੀ ਦੇ ‘ਰੋਟਾਂ‘ ਉਪਰ ਤਾਂ ਪੁਰਾਣੇ ਜਗੀਰਦਾਰਾਂ ਵਿਚੋਂ ਪਲਟੇ ਪੂੰਜੀਵਾਦੀ ਫਾਰਮਰਾਂ ਅਤੇ ਅਤੇ ਆਪਣੀ ਮਿਹਨਤ ਨਾਲ ਜਾਂ ਟੱਬਰ ਦੇ ਕਈ ਕਈ ਸਰਕਾਰੀ ਮੁਲਾਜ਼ਮਾਂ ਅਤੇ ਪਰਵਾਸੀ ਕਾਮਿਆਂ ਦੇ ਪੈਸੇ ਦੀ ਬਦੌਲਤ ਨਵੇਂ ਪੈਦਾ ਹੋਏ ਧਨਾਢ ਕਿਸਾਨਾਂ ਦੀ ਗਿਰਝੀ  ਅੱਖ ਟਿਕੀ ਹੋਈ ਹੈ।  ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਦੀ ਬਹੁਗਿਣਤੀ ਇਸੇ ਸੋਚ ਨੂੰ ਪ੍ਰਣਾਈ ਹੋਈ ਹੈ।

ਸਮਝ ਦੇ ਇਸ ਟੀਰ ਦਾ ਹੀ ਸਿੱਟਾ ਹੈ, ਕਿ ਕਿਸਾਨੀ ਦੇ ਨਾਮ ਹੇਠਾਂ ਹੀ ਕਿਸਾਨ ਵਿਰੋਧੀ ਰਾਜਨੀਤੀ ਪੂਰੇ ਜੋਸ਼ ਨਾਲ ਖੇਡੀ ਜਾ ਰਹੀ ਹੈ। ਅੱਜ ਹਾਲਤ ਇਹ ਹੈ ਬਣ ਚੁੱਕੀ ਹੈ, ਕਿ ਵੱਡੇ ਜ਼ਮੀਨ ਮਾਲਕ, ਕਿਸਾਨੀ ਦੇ ਪਰਦੇ ਹੇਠਾਂ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਨੂੰ ਚੂੰਡਕੇ ਲੈ ਜਾਂਦੇ ਹਨ ਅਤੇ ਅਸਲੀ ਕਿਸਾਨਾਂ ਦੀ ਵਿਸ਼ਾਲ ਬਹੁਗਿਣਤੀ ਲਈ ਚੂਰਭੋਰ ਹੀ ਬਚਦਾ ਹੈ। ਮੁਫ਼ਤ ਬਿਜਲੀ ਪਾਣੀ ਤੋਂ ਲੈਕੇ ਸਹਿਕਾਰੀ ਅਤੇ ਸਰਕਾਰੀ ਕਰਜ਼ਿਆਂ ਦੀ ਸਹੂਲਤ ਤੱਕ ਆਮ ਕਿਸਾਨੀ ਦਾ ਸ਼ੋਸ਼ਣ ਕਰਨ ਵਾਲੇ ਪੂੰਜੀਵਾਦੀ ਲੈਂਡਲਾਰਡ ਅਤੇ ਆੜ੍ਹਤੀਆਂ ਦਾ ਧੰਧਾ ਕਰਨ ਵਾਲੇ ਧਨਾਢ ਕਿਸਾਨ ਹੀ ਫਾਇਦਾ ਉਠਾਉਂਦੇ ਆ ਰਹੇ ਹਨ। ਨੌਬਤ ਇਸ ਪੜਾਅ ਤੱਕ ਪਰੁੰਚ ਚੁੱਕੀ ਹੈ, ਕਿ ਆੜ੍ਹਤੀਆਂ ਵਿਚ ਪਲਟੇ ਧਨਾਢ ਕਿਸਾਨਾਂ ਨੇ ਰਵਾਇਤੀ ਸ਼ਾਹੂਕਾਰਾਂ ਨੂੰ ਵੀ ਗੁੱਠੇ ਲਗਾ ਕੇ, ਆੜ੍ਹਤੀਆਂ ਦੀ ਪੰਜਾਬ ਪੱਧਰੀ ਜਥੇਬੰਦੀ ਉਪਰ ਕਬਜ਼ਾ ਜਮਾ ਲਿਆ ਹੈ। ਆੜ੍ਹਤੀਆਂ ਅਤੇ ਕਿਸਾਨਾਂ ਵਿਚਕਾਰ ਦਿਨੋ ਦਿਨ ਤਿੱਖੇ ਹੋ ਰਹੇ ਟਕਰਾਅ ਦਾ ਇਕ ਵੱਡਾ ਕਾਰਣ ‘‘ਕਿਸਾਨ‘‘ ਆੜ੍ਹਤੀਆਂ ਦਾ ਜਾਤਪਾਤੀ ਘੁਮੰਡ ਵੀ ਆੜੇ ਆ ਰਿਹਾ ਹੈ, ਕਿਉਂਕਿ ਉਹ ਜੱਟਵਾਦੀ ਹਊਂਮੈ ਦੇ ਜ਼ੋਰ ਨਾਲ ਕਰਜ਼ਾ ਵਸੂਲੀ ਉਪਰ ਟੇਕ ਰੱਖ ਰਹੇ ਹਨ। ਆੜ੍ਹਤੀਆਂ ਦਾ ਇਹੀ ਉਹ ਹਿੱਸਾ ਹੈ, ਜਿਹੜਾ ਮੂਹਰੇ ਹੋ ਹੋਕੇ ਸਿੱਧੀ ਅਦਾਇਗੀ ਦਾ ਵਿਰੋਧ ਕਰ ਰਿਹਾ ਹੈ, ਕਿਉਂਕਿ ਆੜ੍ਹਤ ਦੇ ਮੌਜੂਦਾ ਰੂਪ ਵਿਚ ਹੀ ਇਹਨਾਂ ਦੀ ਲੁੱਟ ਅਤੇ ਤਾਜ਼ੀ ਤਾਜ਼ੀ ਅਮੀਰੀ ਦਾ ਰਾਜ਼ ਛੁਪਿਆ ਹੋਇਆ ਹੈ।

ਜਿਥੋਂ ਤੱਕ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ  ਦਾ ਸਬੰਧ ਹੈ, ਉਹ ਲਗਭਗ ਇਕ ਨੁਕਤੇ ਉਪਰ ਪਹੁੰਚੀਆਂ ਦਿਖਾਈ ਦਿੰਦੀਆਂ ਹਨ ਕਿ ਪੰਜਾਬ ਦੇ ਕਿਸਾਨਾਂ ਦੀ ਦੁਰਦਸ਼ਾ ਲਈ ਸੂਦਖੋਰੀ ਜ਼ਿੰਮੇਵਾਰ ਹੈ। ਇਸ ਤੋਂ ਬਚਣ ਦੇ ਇਕ ਰਾਹ ਵਜੋਂ, ਕਿਸਾਨਾਂ ਨੂੰ ਖਰੀਦਦਾਰਾਂ ਕੋਲੋਂ ਸਿੱਧੀ ਅਦਾਇਗੀ ਦੀ ਮੰਗ ਉਠਦੀ ਰਹੀ ਹੈ। ਪਿਛਲੀ ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ ਵਰਚਾਉਣ ਲਈ, ਉਹਨਾਂ ਨੂੰ ਚੈਕਾਂ ਰਾਹੀਂ ਅਦਾਇਗੀ ਕਰਨ ਦਾ ਫੈਸਲਾ ਲੈ ਲਿਆ ਸੀ, ਲੇਕਿਨ ਆੜ੍ਹਤੀਆਂ ਦੇ ਦਬਾਅ ਅਤੇ ਵੋਟਾਂ ਦੀਆਂ ਗਿਣਤੀਆਂ ਮਿਣਤੀਆਂ ਸਦਕਾ ਇਸਨੂੰ ਲਾਗੂ ਕਰਨ ਤੋਂ ਟਾਲਾ ਵੱਟ ਲਿਆ ਸੀ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਕਿਸਾਨਾਂ ਦੀਆਂ ਵੋਟਾਂ ਵਟੋਰਨ ਲਈ ਚੈਕਾਂ ਰਾਹੀਂ ਅਦਾਇਗੀ ਕਰਨ ਦਾ ਵਾਅਦਾ ਕੀਤਾ ਸੀ, ਲੇਕਿਨ ਅਜੇ ਕੀਤੇ ਐਲਾਨਾਂ ਦੀ ਸਿਆਹੀ ਵੀ ਨਹੀਂ ਸੀ ਸੁੱਕੀ, ਕਿ ਖੁਦ ਹੀ ਆੜ੍ਹਤੀਏ ਬਣੇ ਧਨਾਢ ਜਿਮੀਂਦਾਰਾਂ ਦੇ ਇਕ ਤੋਂ ਬਾਅਦ ਦੂਜਾ ਇਕੱਠ ਅਤੇ ਡੈਪੂਟੇਸ਼ਨਾਂ ਦੇ ਡਰਾਮੇ ਕਰਵਾਕੇ, ਇਸ ਵਾਅਦੇ ਦੀ ਮਿੱਟੀ ਪਲੀਤ ਕਰ ਦਿੱਤੀ।

ਹਕੀਕਤ ਵਿਚ ਦੇਖਿਆ ਜਾਵੇ ਤਾਂ ਕਿਸਾਨਾਂ ਨੂੰ ਅਦਾਇਗੀ ਭਾਵੇਂ ਨਕਦ ਹੋਵੇ ਜਾਂ ਚੈਕ ਰਾਹੀਂ, ਉਹਨਾਂ ਦੀ ਲੁੱਟ ਵਿਚ ਬੁਨਿਆਦੀ ਫ਼ਰਕ ਨਹੀਂ ਪੈਣ ਲੱਗਿਆ। ਮਿਸਾਲ ਵਜੋਂ, ਪ੍ਰਾਈਵੇਟ ਸੈਕਟਰ ਦੇ ਅਨੇਕਾਂ ਅਦਾਰੇ ਆਪਣੇ ਮੁਲਾਜ਼ਮਾਂ ਨੂੰ ਚੈਕਾਂ ਰਾਹੀਂ ਹੀ ਅਦਾਇਗੀ ਕਰਦੇ ਹਨ, ਲੇਕਿਨ ਚੈਕ ਦੇਣ ਤੋਂ ਪਹਿਲਾਂ ‘‘ਵਾਧੂ‘‘ ਰਕਮ ਵਾਪਸ ਲੈ ਲੈਂਦੇ ਹਨ ਜਾਂ ਉਹਨਾਂ ਦੇ ਖਾਤੇ ਵੀ ਆਪ ਅਪਰੇਟ ਕਰਦੇ ਹਨ। ਇਸ ਲਈ ਕਿਸਾਨੀ ਦੀ ਲੁੱਟ ਅਤੇ ਕਰਜ਼ਾਈ ਹਾਲਤ ਦਾ ਭੇਦ ਫਸਲ ਦੀ ਅਦਾਇਗੀ ਦੇ ਰੂਪ ਵਿਚ ਨਹੀਂ ਹੈ। ਫੇਰ ਵੀ ਹਰੇਕ ਉਤਪਾਦਕ ਵਾਂਗ, ਕਿਸਾਨ ਦਾ ਵੀ ਜਮਹੂਰੀ ਹੱਕ ਹੈ, ਕਿ ਉਸਨੂੰ  ਵਿਚੋਲੇ ਦੀ ਬਜਾਏ, ਖਰੀਦਦਾਰ ਕੋਲੋਂ ਸਿੱਧੀ ਅਦਾਇਗੀ ਮਿਲੇ। ਕਿਸਾਨਾਂ ਦੇ ਇਸ ਜਮਹੂਰੀ ਹੱਕ ਦੀ ਸਭਨੂੰ ਹਮਾਇਤ ਕਰਨੀ ਚਾਹੀਦੀ ਹੈ ਅਤੇ ਪੰਜਾਬ ਸਰਕਾਰ ਉਪਰ ਦਬਾਅ ਪਾਉਣਾ ਚਾਹੀਦਾ ਹੈ, ਕਿ ਉਹ ਮੰਡੀ ਕਾਨੂੰਨਾਂ ਵਿਚ ਢੁਕਵੀਂ ਸੋਧ ਕਰੇ, ਨਹੀਂ ਤਾਂ ਚੈਕਾਂ ਵਾਲੀ ਗੱਲ ਫ਼ਰੇਬੀ ਵਾਅਦੇ ਤੋਂ ਬਿਨਾਂ ਕੁੱਝ ਵੀ ਨਹੀਂ ਹੈ। ਮਸਲਾ ਕੇਵਲ ਅਦਾਇਗੀਆਂ ਦੇ ਰੂਪ ਤੱਕ ਸੀਮਤ ਨਹੀਂ ਹੈ।

ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਪੰਜਾਬ ਵਿਚ ਆੜ੍ਹਤੀਆ ਪੂੰਜੀ ਹੀ ਕਿਸਾਨਾਂ ਦੀ ਮੰਦਹਾਲੀ ਲਈ ਜਿੰਮੇਵਾਰ ਹੈ। ਪਹਿਲ ਪ੍ਰਿਥਮੇ ਤਾਂ ਇਹ ਵਿਕਾਸਮੁਖੀ ਭੂਮਿਕਾ ਨਿਭਾਉਣ ਵੱਲ ਰੁਚਿਤ ਰਹੀ ਹੈ। ਦੂਜਾ, ਖੇਤੀ ਸੈਕਟਰ ਵਿਚ ਇਸਦਾ ਲਗਭਗ ਉਹੀ ਯੋਗਦਾਨ ਹੈ, ਜਿਹੋ ਜਿਹਾ ਸਨਅਤੀ ਖੇਤਰ ਵਿਚ ਬੈਂਕ ਪੂੰਜੀ ਦਾ ਹੁੰਦਾ ਹੈ। ਇਕ ਪੜਾਅ ਤੱਕ, ਇਹ ਖੇਤੀ ਵਿਕਾਸ ਨੂੰ ਜਕੜਣ ਦੀ ਬਜਾਏ, ਹੁਲਾਰਾ ਦੇਣ ਦੇ ਕੰਮ ਆਉਂਦੀ ਰਹੀ ਹੈ। ਫੇਰ ਇਕ ਪੜਾਅ ਅਜਿਹਾ ਆਇਆ, ਜਦੋਂ ਖੇਤੀ ਵਿਚੋਂ ਪੈਦਾ ਹੋਈ ਵਾਫਰ ਕਦਰ ਮੁੜ ਖੇਤੀ ਜਾਂ ਸਨਅਤ ਵਿਚ ਲੱਗਣ ਦੀ ਬਜਾਏ ਗੈਰ ਉਤਪਾਦਕ ਕਾਰਜਾਂ ਵਿਚ ਖਰਚ ਹੋਣੀ ਸ਼ੁਰੂ ਹੋਈ।ਅਤੇ ਹੁਣ ਇਹ ਆਪਣਾ ਰਾਹ ਸ਼ਾਹੂਕਾਰਾ ਪੂੰਜੀ ਵਿਚ ਤਲਾਸ਼ ਰਹੀ ਹੈ। ਇਕ ਗੱਲ ਚੇਤੇ ਰੱਖਣ ਵਾਲੀ ਹੈ ਕਿ ਸਾਰੀ ਸੂਦਖੋਰ ਪੂੰਜੀ ਵਿਆਜੂ ਪੂੰਜੀ ਤਾਂ ਹੁੰਦੀ ਹੈ, ਲੇਕਿਨ ਸਾਰੀ ਵਿਆਜੂ ਪੂੰਜੀ ਸੂਦਖੋਰ ਨਹੀਂ ਹੁੰਦੀ। ਇਸ ਲਈ ਸਿਰਫ਼ ਸੂਦਖੋਰ ਪੂੰਜੀ ਨੂੰ ਹੀ ਕਿਸਾਨਾਂ ਦੀ ਕੰਗਾਲੀ ਨੂੰ ਤੇਜ਼ ਕਰਨ ਵਾਲੀ ਕਿਹਾ ਸਕਦਾ ਹੈ, ਜਦਕਿ ਵਿਆਜੂ ਪੂੰਜੀ ਖੇਤੀ ਸੈਕਟਰ ਦੇ ਵਿਕਾਸ ਵਿਚ ਉਵੇਂ ਹੀ ਸਹਾਈ ਹੁੰਦੀ ਹੈ, ਜਿਵੇਂ ਸਨਅਤ ਵਿਚ।

ਅਸਲ ਵਿਚ ਛੋਟੀ ਕਿਸਾਨੀ ਕੇਵਲ ਵਿਆਜੂ ਪੂੰਜੀ ਦੀ ਲੁੱਟ ਕਰਕੇ ਹੀ ਨਹੀਂ ਮਰ ਰਹੀ, ਸਗੋਂ ਇਹ ਖੁੱਲੀ ਮੰਡੀ ਦੀਆਂ ਬੇਲਗਾਮ ਤਾਕਤਾਂ ਦੀ ਧੰਗੇੜ ਝੱਲਣ ਦੇ ਸਮਰੱਥ ਨਹੀਂ ਹੈ, ਅਤੇ ਨਾ ਹੀ ਹੋ ਸਕਦੀ ਹੈ, ਕਿਉਂਕਿ ਭਾਰਤੀ ਮੰਡੀ ਦਾ ‘‘ਧਰਮੀ ਕੰਡਾ‘‘ ਛੋਟੇ ਕਿਸਾਨਾਂ ਨਾਲ ਪਾਸਕੂ ਮਾਰਨ ਦਾ ਆਦੀ ਹੈ।

ਤਦ ਵੀ ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬ ਅੰਦਰ ਸੂਦਖੋਰੀ ਕੋਈ ਸਮੱਸਿਆ ਹੀ ਨਹੀਂ ਹੈ। ਅਸਲ ਵਿਚ ਇਥੋਂ ਦੀ ਖੇਤੀ ਅੰਦਰਲੇ ਪੂੰਜੀਵਾਦ ਦੇ ਅਪਾਹਜ ਖਾਸੇ ਨੂੰ ਸਮਝਣ ਦੀ ਲੋੜ ਹੈ। ਇਕ ਪਾਸੇ ਚੱਲ ਰਹੇ ਵਿਸਥਾਰੀ ਪੈਦਾਵਾਰ ਦਾ ਵਰਤਾਰਾ ਕਿਰਤ ਸ਼ਕਤੀ ਨੂੰ ਲਗਾਤਾਰ ਖੇਤੀ ਵਿਚੋਂ ਕੱਢ ਰਿਹਾ ਹੈ ਅਤੇ ਦੂਜੇ ਪਾਸੇ ਸਨਅਤ ਦਾ ਵਿਕਾਸ ਵੀ ਨਹੀਂ ਹੋ ਰਿਹਾ। ਵਸੋਂ ਦੀ ਵੱਡੀ ਗਿਣਤੀ ਰੁਜ਼ਗਾਰ ਲਈ ਖੇਤੀ ਉਪਰ ਨਿਰਭਰ ਨਾ ਹੋ ਕੇ ਵੀ, ਜਿਉਂਦੇ ਰਹਿਣ ਲਈ ਜ਼ਮੀਨ ਉਪਰ ਭਾਰ ਬਣੀ ਹੋਈ ਹੈ। ਖੇਤੀ ਦੇ ਮੁਨਾਫੇ ਦਾ ਵੱਡਾ ਹਿੱਸਾ ਇਨਪੁਟਸ ਪੈਦਾ ਕਰਨ ਵਾਲੀਆਂ ਸਾਮਰਾਜੀ ਕੰਪਨੀਆਂ ਦੀ ਝੋਲੀ ਵਿਚ  ਜਾ ਰਿਹਾ ਹੈ।

ਸਮੁੱਚੇ ਭਾਰਤ ਦੇ ਅਰਧ ਜਗੀਰੂ ਪ੍ਰਬੰਧ ਵਿਚ ਪੰਜਾਬ ਵਰਗੇ ਖੇਤੀ ਦੇ ਉਨਤ ਖਿੱਤੇ ਪੂੰਜੀਵਾਦੀ ਪੈਦਾਵਾਰ ਪ੍ਰਣਾਲੀ  ਵਿਚ ਦਾਖਲ ਹੋਣ ਦੇ ਬਾਵਜੂਦ ਵੀ ਦਲਾਲ ਅਤੇ ਵਿਦੇਸ਼ੀ ਪੂੰਜੀ  ਦੇ ਗਲਬੇ ਅਧੀਨ ਹਨ। ਇਸੇ ਲਈ ਹੀ ਇਥੇ ਆੜ੍ਹਤੀਆ ਸਿਸਟਮ ਵਰਗੇ ਪੂਰਵ ਸਰਮਾਏਦਾਰਾਨਾ ਪ੍ਰਬੰਧ ਟਿਕੇ ਹੋਏ ਹਨ। ਫੌਰੀ ਪ੍ਰਸੰਗ ਵਿਚ ਛੋਟੀ ਕਿਸਾਨੀ ਨੂੰ ਲਾਮਬੰਦ ਕਰਕੇ, ਉਸਨੂੰ ਇਸ ਅਸਾਵੇਂ ਆਰਥਿਕ ਨਿਜ਼ਾਮ ਦੇ ਸ਼ੋਸ਼ਣ ਦੀਆਂ ਬਰੀਕੀਆਂ ਬਾਰੇ ਚੇਤੰਨ ਕਰਨ ਦੀ ਲੋੜ ਹੈ। ਇਸ ਲਈ ਕਿਸਾਨਾਂ ਦੀ ਹਕੀਕੀ ਮੁਕਤੀ ਲਈ ਉਹਨਾਂ ਦੇ ਸੰਘਰਸ਼ਾਂ ਨੂੰ ਸਮਾਜਿਕ ਤਬਦੀਲੀ ਦੇ ਦੇਸ਼ ਵਿਆਪੀ ਸੰਗਰਾਮ ਨਾਲ ਜੋੜਨਾ ਹੋਵੇਗਾ। ਸਮੁੱਚੀ ਮਿਹਨਤਕਸ਼ ਜਨਤਾ ਦੀ ਮੁਕਤੀ ਨਾਲ ਹੀ ਪੰਜਾਬ ਦੀ ਕਿਸਾਨੀ ਦੀ ਬੰਦਖਲਾਸੀ ਸੰਭਵ ਹੈ।

-ਕਰਮ ਬਰਸਟ

Thursday, October 8, 2009

ਸਿੱਖ-ਸੰਘਰਸ਼ (ਧਰਮ-ਯੁੱਧ), ਜੋ ਅੱਤਵਾਦ ਦੀ ਭੇਂਟ ਚੜ੍ਹ ਗਿਆ ?----------ਵਿਚਾਰ ਆਪੋ-ਆਪਣਾ

ਜਸਵੰਤ ਸਿੰਘ ‘ਅਜੀਤ’ ਪੰਜਾਬੀ ਦੇ ਜਾਣੇ-ਪਛਾਣੇ ਕਾਲਮਨਿਸਟ ਹਨ।ਪੰਜਾਬੀ ਦੀਆਂ ਵੱਖ ਵੱਖ ਅਖਬਾਰਾਂ ‘ਚ ਉਹ ਪੰਜਾਬ ਦੀ ਰਾਜਨੀਤੀ ਦੇ ਭਖਦੇ ਮਸਲਿਆਂ ਬਾਰੇ ਲਗਾਤਰ ਲੇਖ ਲਿਖਦੇ ਰਹਿੰਦੇ ਹਨ।‘ਗੁਲਾਮ ਕਲਮ’ ਨੁੰ ਉਹਨਾਂ ਵਲੋਂ ਭੇਜੇ ਗਏ ਪਹਿਲੇ ਲੇਖ ਲਈ ਅਸੀਂ ਉਹਨਾਂ ਦੇ ਧੰਨਵਾਦੀ ਹਾਂ।ਉਮੀਦ ਹੈ ਕਿ ਉਹ ਅਪਣੀਆਂ ਹੋਰ ਰਚਨਾਵਾਂ ਵੀ ਸਾਡੇ ਰੂਬਰੂ ਕਰਦੇ ਰਹਿਣਗੇ।-ਗੁਲਾਮ ਕਲਮ



ਬੀਤੇ ਸਮੇਂ ਵਿੱਚ ਪੰਜਾਬ, ਪੰਜਾਬੀਆਂ ਅਤੇ ਵਿਸ਼ੇਸ਼ ਰੂਪ ਵਿਚ ਸਿੱਖਾਂ ਨੇ ਡੇਢ ਦਹਾਕੇ ਦਾ ਜੋ ਸੰਤਾਪ ਭੋਗਿਆ ਹੈ, ਉਸਦੇ ਸੰਬੰਧ ਵਿਚ ਬਹੁਤ ਕੁਝ ਲਿਖਿਆ ਗਿਆ ਹੈ ਅਤੇ ਹੋਰ ਵੀ ਕਾਫੀ ਕੁੱਝ ਲਿਖਿਆ ਜਾ ਰਿਹਾ ਹੈ। ਇਸ ਸੰਬੰਧ ਵਿਚ ਅਜੇ ਤੱਕ ਜੋ ਕੁਝ ਲਿਖਿਆ ਗਿਆ ਹੈ ਤੇ ਹੋਰ ਜੋ ਕੁੱਝ ਲਿਖਿਆ ਜਾਇਗਾ, ਉਸ ਵਿਚ ਕਿਤਨਾ-ਕੁ ਸੱਚ ਹੈ ਜਾਂ ਕਿਤਨਾ-ਕੁ ਸੱਚ ਹੋਵੇਗਾ, ਕਿਹਾ ਨਹੀਂ ਜਾ ਸਕਦਾ। ਪ੍ਰੰਤੂ ਇਤਨੀ ਗਲ ਤਾਂ ਜ਼ਰੂਰ ਹੈ ਕਿ ਜੋ ਕੁਝ ਲਿਖਿਆ ਗਿਆ ਹੈ, ਉਸ ਵਿੱਚ ਕਿਸੇ ਹਦ ਤਕ ਤਾਂ ਸੱਚਾਈ ਹੋ ਸਕਦੀ ਹੈ, ਪ੍ਰੰਤੂ ਉਸ ਵਿਚ ਪੂਰਣ-ਰੂਪ ਵਿਚ ਸੱਚਾਈ ਹੋਵੇਗੀ, ਇਹ ਗੱਲ ਸਮੇਂ ਦੇ ਹਾਲਾਤ ਤੋਂ ਜਾਣਕਾਰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ।

ਇਹ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ ਇਸ ਸਿੱਖ-ਸੰਘਰਸ਼ ਦੇ ਸੰਬੰਧ ਵਿਚ ਲਿਖੇ ਗਏ ਹੋਏ ਸਾਹਿਤ ਦੇ ਬਾਰੇ ਵਿਚ, ਜਾਣਕਾਰ ਹੋਣ ਦਾ ਦਾਅਵਾ ਕਰਨ ਵਾਲੇ ਵੱਖ-ਵੱਖ ਵਿਅਕਤੀਆਂ ਦੇ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦਾ ਕਹਿਣਾ ਸੀ, ਕਿ ਪੰਜਾਬ ਦੇ ਇਸ ਸੰਘਰਸ਼ ਦੇ ਸੰਬੰਧ ਵਿਚ ਜੋ ਸਾਹਿਤ ਲਿਖਿਆ ਗਿਆ ਹੈ, ਉਸ ਵਿਚ ਕਈ ਗੱਲਾਂ ਤਾਂ ਸੱਚਾਈ ਦੇ ਬਹੁਤ ਨੇੜੇ ਹਨ, ਪ੍ਰੰਤੂ ਕੁੱਝ ਗੱਲਾਂ ਇਸ ਸਾਹਿਤ ਦੇ ਕਈ ਲੇਖਕਾਂ ਨੇ ਆਪਣੇ-ਆਪ ਨੂੰ ਸਭ ਤੋਂ ਵਧ ਜਾਣਕਾਰ ਹੋਣ ਵਜੋਂ ਸਥਾਪਤ ਕਰਨ ਦੇ ਉਦੇਸ਼ ਨਾਲ ਅਤੇ ਕੁਝ-ਇਕ ਨੇ ਆਪਣੀ ਸੋਚ ਦੇ ਵਿਰੋਧੀ ਨੂੰ ਕਟਹਿਰੇ ਵਿਚ ਖੜਿਆਂ ਕਰਨ ਲਈ ਵਧਾ-ਚੜ੍ਹਾਅ ਕੇ ਲਿਖੀਆਂ ਹਨ। ਇਨ੍ਹਾਂ ਲਿਖਤਾਂ ੳੁੱਪਰ ਜੇ ਕੋਈ ਉਂਗਲ ਉਠਾਂਦਾ ਹੈ ਤਾਂ ਉਨ੍ਹਾਂ ਵਲੋਂ ਉਸਨੂੰ ਪੰਥ-ਵਿਰੋਧੀ ਅਤੇ ਸਿੱਖ ਕਾਜ਼ ਦਾ ਦੁਸ਼ਮਣ ਕਰਾਰ ਕੇ ਭੰਡਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ।

ਇਨ੍ਹਾਂ ਜਾਣਕਾਰਾਂ ਅਨੁਸਾਰ, ਕਈ ਲੋਕੀ ਤਾਂ ਪੰਜਾਬ ਦੇ ਇਸ ਸੰਤਾਪ ਦੇ ਦੌਰ ਨੂੰ ਸਿੱਖ-ਸੰਘਰਸ਼ ਜਾਂ ਖਾੜਕੂਵਾਦ ਦਾ ਦੌਰ ਆਖਦੇ ਹਨ ਅਤੇ ਕਈ ਇਸਨੂੰ ਅੱਤਵਾਦ ਦਾ ਦੌਰ ਮੰਨਦੇ ਹਨ। ਜਦੋਂ ਕੋਈ ਇਸ ਸੰਤਾਪ ਦੇ ਦੌਰ ਨੂੰ ਅੱਤਵਾਦ ਦਾ ਦੌਰ ਆਖਦਾ ਹੈ, ਤਾਂ ਇਸਨੂੰ ਖਾੜਕੂਵਾਦ, ਅਰਥਾਤ ਸਿੱਖ-ਸੰਘਰਸ਼ ਦਾ ਦੌਰ ਮੰਨਣ ਵਾਲੇ ਉਸਦੀ ਖਿਚਾਈ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਉਸ ੳੁੱਪਰ ਦੋਸ਼ ਲਾਉਣ ਲਗਦੇ ਹਨ ਕਿ ਉਹ ਸਿੱਖ-ਸੰਘਰਸ਼ ਨੂੰ ਅੱਤਵਾਦ ਦਾ ਦੌਰ ਕਰਾਰ ਦੇ ਕੇ, ਉਸਨੂੰ ਬਦਨਾਮ ਕਰਨਾ ਚਾਹੁੰਦਾ ਹੈ।

ਇਸਦੇ ਵਿਰੁਧ, ਜਾਣਕਾਰ ਹੋਣ ਦਾ ਦਾਅਵਾ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਜੇ ਕੋਈ ਪੰਜਾਬ ਦੇ ਸੰਤਾਪ ਦੇ ਦੌਰ ਨੂੰ ਅੱਤਵਾਦ ਦਾ ਦੌਰ ਆਖਦਾ ਹੈ, ਤਾਂ ਉਸਦੇ ਵਿਰੁਧ ਲੱਠ ਲੈ ਕੇ ਪੈ ਜਾਣ ਦੀ ਬਜਾਏ, ਹਾਲਾਤ ਦੀ ਸੱਚਾਈ ਦੀ ਭਾਲ ਕਰਨ ਲਈ, ਸਾਰੀ ਸਥਿਤੀ ਨੂੰ ਘੋਖਣਾ ਅਤੇ ਸਮਝਣਾ ਚਾਹੀਦਾ ਹੈ। ਇਹ ਹਲਕੇ ਇਹ ਵੀ ਆਖਦੇ ਹਨ ਕਿ ਜੇ ਸੱਚਾਈ ਸਵੀਕਾਰ ਕਰਨ ਦੀ ਦਲੇਰੀ ਕੀਤੀ ਜਾਏ ਤਾਂ ਸੱਚਾਈ ਇਹ ਹੈ ਕਿ ਪੰਜਾਬ ਦੇ ਸੰਤਾਪ ਦਾ ਸਮਾਂ ਸਿੱਖ-ਸੰਘਰਸ਼ ਅਰਥਾਤ ਖਾੜਕੂਵਾਦ ਦਾ ਸਮਾਂ ਜ਼ਰੂਰ ਸੀ, ਪ੍ਰੰਤੂ ਇਸਦੇ ਨਾਲ ਹੀ ਦੂਸਰੇ ਪਾਸੇ ਅੱਤਵਾਦ ਦਾ ਦੌਰ ਵੀ ਅਰੰਭ ਹੋ ਗਿਆ ਸੀ। ਇਸ ਸਥਿਤੀ ਨੂੰ ਵੱਖ-ਵੱਖ ਲੈਣ ਜਾਂ ਸਮਝਣ ਦੀ ਬਜਾਏ, ਕੁਝ ਲੋਕੀ ਆਪਣੀ ਸੋਚ ਅਨੁਸਾਰ ਰਲਗੱਡ ਕਰ ਦਿੰਦੇ ਹਨ। ਇਨ੍ਹਾਂ ਵਿਚੋਂ ਕੁਝ ਅਜਿਹੇ ਹਨ, ਜੋ ਸਿੱਖਾਂ ਦੇ ਸੰਵਿਧਾਨਕ ਹਿਤਾਂ-ਅਧਿਕਾਰਾਂ ਦੀ ਪ੍ਰਾਪਤੀ ਲਈ ਕੀਤੇ ਗਏ ਸਿੱਖ-ਸੰਘਰਸ਼ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਅਤੇ ਕੁਝ ਅਜਿਹੇ ਹਨ, ਜੋ ਇਹ ਮੰਨ ਕੇ ਇਸਨੂੰ ਰਲਗੱਡ ਕਰ ਦਿੰਦੇ ਹਨ, ਕਿ ਜੇ ਇਸਨੂੰ ਅੱਤਵਾਦ ਦਾ ਦੌਰ ਕਿਹਾ ਗਿਆ ਤਾਂ ਸਿੱਖ-ਸੰਘਰਸ਼ ਬਦਨਾਮ ਹੋ ਜਾਇਗਾ। ਇਸਤਰ੍ਹਾਂ ਉਹ ਜਾਣੇ-ਅਨਜਾਣੇ ਆਪ ਹੀ ਸਿੱਖ-ਸੰਘਰਸ਼ ਨੂੰ ਬਦਨਾਮ ਕਰਨ ਦਾ ਆਧਾਰ ਪੇਸ਼ ਕਰ ਦਿੰਦੇ ਹਨ।

ਇਸ ਸੋਚ ਦੇ ਧਾਰਣੀ ਹਲਕਿਆਂ ਦਾ ਕਹਿਣਾ ਹੈ ਕਿ ਖਾੜਕੂ-ਲਹਿਰ ਦੇ ਨਾਲ ਸੰਬੰਧਤ ਉਹ ਸਿੱਖ ਨੌਜਵਾਨ ਸਨ, ਜੋ ਸਿੱਖ-ਵਿਚਾਰਧਾਰਾ ਅਤੇ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਪ੍ਰਤੀ ਸਮਰਪਿਤ ਭਾਵਨਾਂ ਦੇ ਆਧਾਰ ਤੇ ਸਿੱਖ ਹਿਤਾਂ ਅਤੇ ਅਧਿਕਾਰਾਂ ਦੇ ਲਈ ਸੰਘਰਸ਼ ਕਰਨ ਲਈ ਮੈਦਾਨ ਵਿਚ ਨਿਤਰੇ ਸਨ। ਜਿਸ ਕਾਰਣ ਉਨ੍ਹਾਂ ਦੇ ਲਈ ਬੇ-ਗੁਨਾਹਵਾਂ ਦਾ ਕਤਲ ਇਕ ਬੱਜਰ ਤੇ ਪਾਪ-ਪੂਰਣ ਗੁਨਾਹ ਸੀ। ਜਦਕਿ ਅੱਤਵਾਦੀ ਬੇ-ਗੁਨਾਹਵਾਂ ਦੇ ਕਤਲ ਕਰਕੇ ਖਾੜਕੂ (ਸਿੱਖ) ਨੌਜਵਾਨਾਂ ਨੂੰ ਬਦਨਾਮ ਕਰਨ ਲਈ, ਕਿਸੇ ਸੋਚੀ-ਸਮਝੀ ਸਾਜ਼ਸ਼ ਅਧੀਨ ਹੀ ਮੈਦਾਨ ਵਿਚ ਉਤਾਰੇ ਗਏ ਹੋਏ ਸਨ। ਇਹੀ ਅੱਤਵਾਦੀ ਆਪਣੀਆਂ ਗੁਨਾਹ ਭਰੀਆਂ ਕਾਰਵਾਈਆਂ ਦੇ ਨਾਲ ਧਰਮ-ਯੁੱਧ ਮੋਰਚੇ ਅਤੇ ਖਾੜਕੂ ਨੌਜਵਾਨਾਂ ਨੂੰ ਬਦਨਾਮ ਕਰ, ਉਨ੍ਹਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਦਾ ਕਾਰਣ ਬਣ ਰਹੇ ਸਨ

ਇਨ੍ਹਾਂ ਜਾਣਕਾਰ ਹਲਕਿਆਂ ਦਾ ਇਹ ਵੀ ਕਹਿਣਾ ਹੈ ਕਿ ਇਸਤਰ੍ਹਾਂ ਇਕ ਪਾਸੇ ਤਾਂ ਅੱਤਵਾਦੀਆਂ ਦੇ ਕੇਸਾਧਾਰੀ ਸਰਪ੍ਰਸਤ ਬੇ-ਗੁਨਾਹਵਾਂ ਦੇ ਕਤਲ ਦੀ ਜ਼ਿਮੇਂਦਾਰੀ ਆਪਣੇ ਸਿਰ ਤੇ ਲੈਂਦੇ ਤੇ ਮੁੱਛਾਂ ਨੂੰ ਤਾਅ ਦਿੰਦੇ ਹੋਏ ਸਿੱਖ-ਸੰਘਰਸ਼ ਅਤੇ ਉਸ ਵਿਚ ਜੁਟੇ ਸਿੱਖ ਨੌਜਵਾਨਾਂ ਦੀ ਬਦਨਾਮੀ ਦਾ ਕਾਰਣ ਬਣਦੇ ਜਾ ਰਹੇ ਸਨ, ਅਤੇ ਦੂਜੇ ਪਾਸੇ ਉਹ ਸਿੱਖ ਆਗੂ, ਜੋ ਸਿੱਖਾਂ ਦੀ ਅਗਵਾਈ ਕਰਨ ਅਤੇ ਸਿੱਖ ਨੌਜਵਾਨਾਂ ਨੂੰ ਸੁਚੱਜੀ ਸੇਧ ਦੇਣ ਦਾ ਦਾਅਵਾ ਕਰਦੇ ਚਲੇ ਆ ਰਹੇ ਸਨ, ਉਸ ਦੌਰਾਨ ਇਤਨੀ ਹਿੰਮਤ ਵੀ ਨਹੀਂ ਸੀ ਜੁਟਾ ਪਾ ਰਹੇ, ਕਿ ਉਹ ਬੇ-ਗੁਨਾਹਵਾਂ ਦੇ ਕਤਲਾਂ ਦੀ ਨਿੰਦਿਆ ਕਰਕੇ, ਸਿੱਖੀ ਦੀਆਂ ਪਰੰਪਰਾਵਾਂ ਅਤੇ ਮਾਨਤਾਵਾਂ ਦੀ ਪਾਲਣਾ ਕਰਦਿਆਂ, ਸਿੱਖ-ਸੰਘਰਸ਼ ਵਿਚ ਜੂਝ ਰਹੇ ਸਿੱਖ ਨੌਜਵਾਨਾਂ ਨੂੰ ਬਦਨਾਮ ਕਰਨ ਦੀਆਂ ਹੋ ਰਹੀਆਂ ਇਨ੍ਹਾਂ ਸਾਜ਼ਸ਼ਾਂ ਨਾਲ, ਉਨ੍ਹਾਂ ਦਾ ਕੋਈ ਵਾਸਤਾ ਨਾ ਹੋਣ ਦੀ ਪੈਰਵੀ ਕਰਕੇ, ਉਨ੍ਹਾਂ ਨੂੰ ਬਦਨਾਮ ਹੋਣ ਤੋਂ ਬਚਾਉਣ ਵਿਚ ਅਪਣੀ ਜ਼ਿਮੇਂਦਾਰਾਨਾ ਭੂਮਿਕਾ ਨਿਭਾਉਂਦੇ। ਸਿੱਖਾਂ ਦੇ ਹਿਤਾਂ ਤੇ ਉਨ੍ਹਾਂ ਦੇ ਇੱਜ਼ਤ-ਮਾਣ ਦੇ ਰਖਿਅਕ ਹੋਣ ਦੇ ਦਾਅਵੇਦਾਰ ਇਹ ‘ਪੰਥਕ’ ਆਗੂ ਡਰਦੇ ਮਾਰੇ ਉਨ੍ਹਾਂ ਦਾ ਵਿਰੋਧ ਇਸ ਕਰਕੇ ਨਹੀਂ ਸੀ ਕਰਦੇ, ਕਿ ਕਿਧਰੇ ਉਹ ਅੱਤਵਾਦੀ ਉਨ੍ਹਾਂ ਨੂੰ ਹੀ ਆਪਣਾ ਨਿਸ਼ਾਨਾ ਨਾ ਬਣਾਉਣ ਲਗ ਪੈਣ। ਉਨ੍ਹਾਂ ਦੀ ਚੁੱਪੀ ਨਾ ਕੇਵਲ ਸਿੱਖ-ਸੰਘਰਸ਼ ਨੂੰ ਕਮਜ਼ੋਰ ਕਰਨ ਦਾ ਕਾਰਣ ਬਣ ਰਹੀ ਸੀ, ਸਗੋਂ ਸਿੱਖ-ਵਿਰੋਧੀਆਂ ਵਲੋਂ ਸਮੁਚੀ ਸਿੱਖ ਕੌਮ ਨੂੰ ਹੀ ਕਾਤਲ ਤੇ ਅੱਤਵਾਦੀ ਸਥਾਪਤ ਕਰ, ਮਾਨਵ ਸਮਾਜ ਤੋਂ ਸਮੁਚੇ ਤੌਰ ਤੇ ਅਲਗ-ਥਲਗ ਕਰ ਦੇਣ ਦੀ ਰਚੀ ਗਈ ਹੋਈ ਸਾਜ਼ਸ਼ ਨੂੰ ਵੀ ਸਿਰੇ ਚੜ੍ਹਾਉਣ ਵਿਚ ਆਪਣਾ ਯੋਗਦਾਨ ਵੀ ਪਾ ਰਹੀ ਸੀ।


ਇਨ੍ਹਾਂ ਹਲਕਿਆਂ ਦਾ ਇਹ ਵੀ ਮੰਨਣਾ ਹੈ ਕਿ ਉਨ੍ਹਾਂ ਦਾ ਪੂਰਾ ਵਿਸ਼ਵਾਸ ਹੈ ਕਿ ਸਿੱਖ-ਸੰਘਰਸ਼ ਦਾ ਅੰਗ ਬਣੀ ਚਲੇ ਆ ਰਹੇ ਸਿੱਖ ਨੌਜਵਾਨ ਪੂਰੀ ਤਰ੍ਹਾਂ ਸਿੱਖੀ-ਸਰੂਪ ਦੇ ਧਾਰਣੀ ਹੀ ਬਣੇ ਰਹੇ ਸਨ, ਕਿਉਂਕਿ ਉਨ੍ਹਾਂ ਦੀ ਸਵੇਰ-ਸ਼ਾਮ ਕੀਤੀ ਜਾਣ ਵਾਲੀ ਅਰਦਾਸ ਵਿਚਲਾ ਉਹ ਸਿੱਖ-ਇਤਿਹਾਸ, ਉਨ੍ਹਾਂ ਦੀ ਅਗਵਾਈ ਕਰ ਰਿਹਾ ਹੋਵੇਗਾ, ਜਿਸ ਵਿਚ ਉਨ੍ਹਾਂ ਸਿੱਖਾਂ ਪ੍ਰਤੀ ਅਦੁੱਤੀ ਸ਼ਰਧਾ ਪ੍ਰਗਟ ਕੀਤੀ ਗਈ ਹੋਈ ਹੈ, ਜਿਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾ ਜਾਣ ਤੋਂ ਬਾਅਦ, ਅਨੇਕਾਂ ਅਸਹਿ ਤੇ ਅਕਹਿ ਜ਼ੁਲਮਾਂ ਦਾ ਸ਼ਿਕਾਰ ਹੋਣਾ ਪਿਆ, ਜੋ ਛੋਟੇ-ਵਡੇ ਵਾਪਰੇ ਕਈ ਘਲੂਘਾਰਿਆਂ ਵਿਚ ਸ਼ਹੀਦ ਹੋਏ, ਖੋਪਰੀਆਂ ਉਤਰਵਾ ਗਏ, ਚਰਖੜੀਆਂ ਤੇ ਚੜ੍ਹ ਗਏ, ਫਿਰ ਵੀ ਸਿੱਖੀ-ਸਰੂਪ ਨੂੰ ਤਿਲਾਂਜਲੀ ਨਹੀਂ ਸੀ ਦਿੱਤੀ। ਨਾ ਹੀ ਕਿਸੇ ਸਮੇਂ ਆਪਣੇ ਧਾਰਮਕ ਵਿਸ਼ਵਾਸ ਵਿਚ ਤਰੇੜ ਆਉਣ ਦਿਤੀ ਸੀ। ਜਿਨ੍ਹਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਅਤੇ ਜਿਨ੍ਹਾਂ ਦਾ ਖੁਰਾ-ਖੋਜ ਮਿਟਾਣ ਲਈ ਸ਼ਿਕਾਰ-ਮੁਹਿੰਮਾਂ ਵੀ ਚਲਾਈਆਂ ਗਈਆਂ, ਫਿਰ ਵੀ ਸਿੱਖੀ-ਸਿਦਕ ਸੀ ਨਹੀਂ ਹਾਰਿਆ ਤੇ ਉਸਨੂੰ ਅੰਤਿਮ ਸਵਾਸਾਂ ਤਕ ਨਿਭਾਇਆ ਸੀ। ਸਿੱਖਾਂ ਦੀਆਂ ਕੁਰਬਾਨੀਆਂ ਭਰਿਆ ਇਹ ਇਤਿਹਾਸ, ਉਨ੍ਹਾਂ ਦਾ ਪ੍ਰੇਰਣਾ ਸ੍ਰੋਤ ਸੀ ਜਿਸ ਕਾਰਣ ਆਪਣੇ ਸਿੱਖੀ-ਸਰੂਪ ਦੇ ਧਾਰਣੀ ਹੋਣ ਤੇ ਉਨ੍ਹਾਂ ਨੂੰ ਮਾਣ ਵੀ ਜ਼ਰੂਰ ਰਿਹਾ ਹੋਵੇਗਾ। ਉਨ੍ਹਾਂ ਨੇ ਫਰਜ਼ੀ ਮੁਕਾਬਲਿਆਂ ਵਿਚ ਮਰਨਾ ਤਾਂ ਕਬੂਲ ਕਰ ਲਿਆ, ਪਰ ਆਪਣੇ ਸਿੱਖੀ-ਸਰੂਪ ਤੇ ਸਿੱਖੀ ਸਿਦਕ ਤੇ ਝਰੀਟ ਤਕ ਨਹੀਂ ਆਉਣ ਦਿਤੀ।

ਇਨ੍ਹਾਂ ਹਲਕਿਆਂ ਦਾ ਕਹਿਣਾ ਹੈ ਕਿ ਇਸਦੇ ਵਿਰੁਧ ਅੱਤਵਾਦੀਆਂ ਦਾ ਨਾ ਤਾਂ ਸਿੱਖੀ ਵਿਚ ਵਿਸ਼ਵਾਸ ਸੀ, ਨਾ ਹੀ ਗੁਰੂ ਸਾਹਿਬਾਂ ਪ੍ਰਤੀ ਦ੍ਰਿੜ੍ਹ ਸ਼ਰਧਾ, ਨਾ ਗੁਰੂ ਸਾਹਿਬਾਂ ਦੀਆਂ ਸਿਖਿਆਵਾਂ ਦੇ ਪਾਲਣ ਅਤੇ ਸਿੱਖੀ-ਸਰੂਪ ਦੀ ਰੱਖਿਆ ਪ੍ਰਤੀ ਵਚਨਬੱਧਤਾ। ਇਨ੍ਹਾਂ ਵਿਚੋਂ ਕਈ ਤਾਂ ‘ਭਾੜੇ’ ਦੇ ਟੱਟੂ ਸਨ, ਜਿਨ੍ਹਾਂ ਵਿਚ ਬਹੁਤੇ ਸਮਾਜ-ਵਿਰੋਧੀ ਤੱਤ ਸ਼ਾਮਲ ਸਨ। ਜਿਨ੍ਹਾਂ ਦਾ ਕੰਮ ਚੋਰੀਆਂ-ਚਕਾਰੀਆਂ ਕਰਨਾ, ਡਾਕੇ ਮਾਰਨਾ ਅਤੇ ਸੁਪਾਰੀਆਂ ਲੈ ਕੇ ਕਤਲ ਕਰਨਾ ਹੀ ਸੀ, ਇਨ੍ਹਾਂ ਨੇ ਸੁਪਾਰੀਆਂ ਲੈ, ਕਈਆਂ ਦੇ ਕਹਿਣ ਤੇ ਉਨ੍ਹਾਂ ਦੇ ਵਿਰੋਧੀਆਂ ਦੇ ਕਤਲ ਕਰ, ਉਨ੍ਹਾਂ ਨੂੰ ਸਿੱਖ ਸੰਘਰਸ਼ ਵਿਚ ਰੁਝੇ ਸਿੱਖ ਨੌਜਵਾਨਾਂ ਦੇ ਮੱਥੇ ਮੜ੍ਹਿਆ ਤੇ ਉਨ੍ਹਾਂ ਨੂੰ ਬਦਨਾਮ ਕੀਤਾ।

ਇਹ ਹਲਕੇ ਆਪਣੀ ਇਸ ਸੋਚ ਦੀ ਪੁਸ਼ਟੀ ਵਿਚ ਦੱਸਦੇ ਹਨ ਕਿ ਸੰਤਾਪ ਦੇ ਦੌਰ ਦੇ ਸਮੇਂ ਦੀਆਂ ਖਬਰਾਂ ਪੜ੍ਹ ਕੇ ਵੇਖ ਲਉ, ਉਨ੍ਹਾਂ ਦਿਨਾਂ ਦੀ ਤੁਹਾਨੂੰ ਸਮਾਜ-ਵਿਰੋਧੀ ਅਨਸਰਾਂ ਵਲੋਂ ਚੋਰੀ-ਚਕਾਰੀ ਕੀਤੇ ਜਾਣ, ਡਾਕਾ ਮਾਰੇ ਜਾਣ ਜਾਂ ਕਤਲ ਕੀਤੇ ਜਾਣ ਦੀ ਕੋਈ ਵੀ ਖਬਰ ਨਹੀਂ ਮਿਲੇਗੀ, ਕਿਉਂਕਿ ਅਜਿਹੀਆਂ ਸਾਰੀਆਂ ਘਟਨਾਵਾਂ ਸਿੱਖ-ਸੰਘਰਸ਼ ਵਿਚ ਜੁਟੇ ਸਿੱਖ ਨੌਜਵਾਨਾਂ ਦੇ ਮੱਥੇ ਮੜ੍ਹੀਆਂ ਜਾਂਦੀਆਂ ਚਲੀਆਂ ਆ ਰਹੀਆਂ ਸਨ। ਅਜਿਹਾ ਕੀਤੇ ਜਾਣ ਦਾ ਇਕੋ-ਇਕ ਮਕਸਦ ਇਹੀ ਸੀ ਕਿ ਸੰਸਾਰ ਭਰ ਵਿਚ ਸਿੱਖਾਂ ਦਾ ਅਕਸ ਖਰਾਬ ਕਰਕੇ, ਇਕ ਤਾਂ ਉਨ੍ਹਾਂ ਦੇ ਸਰਬ-ਸਾਂਝੀਵਾਲਤਾ, ਸਦਭਾਵਨਾ ਅਤੇ ਗ਼ਰੀਬ-ਮਜ਼ਲੂਮ ਦੀ ਰਖਿਆ ਪ੍ਰਤੀ ਵਚਨਬਧਤਾ ਪੂਰਣ ਸੁਨਹਿਰੀ ਇਤਿਹਾਸ ਨੂੰ ਕਲੰਕਤ ਕਰ ਦਿਤਾ ਜਾਏ ਅਤੇ ਦੂਜਾ ਉਨ੍ਹਾਂ ਨੂੰ ਅੱਤਵਾਦੀ ਤੇ ਬੇਗੁਨਾਹਵਾਂ ਦੇ ਕਾਤਲ ਸਥਾਪਤ ਕਰਕੇ ਸੰਸਾਰ ਦੇ ਮਨੁੱਖਾ-ਸਮਾਜ ਤੋਂ ਪੂਰੀ ਤਰ੍ਹਾਂ ਅਲਗ-ਥਲਗ ਕਰ ਦਿਤਾ ਜਾਏ।

ਇਨ੍ਹਾਂ ਹਲਕਿਆਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਅਫਸੋਸ ਹੈ ਤਾਂ ਇਸ ਗੱਲ ਦਾ ਹੈ, ਸਿੱਖ ਆਗੂ ਤਾਂ ਜਾਨਾਂ ਬਚਾਣ ਦੀ ਲਾਲਸਾ ਦੀ ਦਲਦਲ ਵਿਚ ਖੁਭੇ ਚੁਪ ਧਾਰੀ ਬੈਠੇ ਹੋਏ ਸਨ, ਪਰ ਸਿੱਖ-ਸੰਘਰਸ਼ ਵਿਚ ਜੁਟੇ ਸਿੱਖ ਨੌਜਵਾਨ ਵੀ ਬੇ-ਗੁਨਾਹਵਾਂ ਦੇ ਕਤਲਾਂ ਦੀ ਨਿੰਦਿਆ ਨਹੀਂ ਸੀ ਕਰ ਰਹੇ, ਹਾਲਾਂਕਿ ਉਹ ਇਹ ਜ਼ਰੂਰ ਜਾਣਦੇ ਹੋਣਗੇ ਕਿ ਇਹ ਕਤਲ ਉਨ੍ਹਾਂ ਦੇ ਸਾਥੀਆਂ ਵਲੋਂ ਨਹੀਂ ਸੀ ਕੀਤੇ ਜਾ ਰਹੇ, ਸਗੋਂ ਉਨ੍ਹਾਂ ਦੇ ਸੰਘਰਸ਼ ਦੇ ਦੁਸ਼ਮਣਾਂ ਵਲੋਂ ਉਨ੍ਹਾਂ ਦੇ ਮੱਥੇ ਜ਼ਬਰਦਸਤੀ ਮੜ੍ਹ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਸਿੱਖ ਆਗੂਆਂ ਨੂੰ ਮੌਤ ਦਾ ਡਰ ਅਤੇ ਇਨ੍ਹਾਂ ਨੌਜਵਾਨਾਂ ਦੀ ਚੁੱਪ ਹੀ ਸਮੁੱਚੇ ਸਿੱਖ-ਪੰਥ ਨੂੰ ਸਮੁੱਚੇ ਮਨੁੱਖੀ-ਸਮਾਜ ਤੋਂ ਪੂਰੀ ਤਰ੍ਹਾਂ ਅਲੱਗ-ਥਲੱਗ ਕਰਨ ਲਈ ਜ਼ਿਮੇਂਦਾਰ ਸਨ। ਇਸੇ ਦਾ ਹੀ ਨਤੀਜਾ ਸੀ ਕਿ ਨੀਲਾਤਾਰਾ ਸਾਕੇ ਤੇ ਨਵੰਬਰ-84 ਦੇ ਸਿੱਖ ਕਤਲੇ-ਆਮ ਦੇ ਵਾਪਰੇ ਘਲੂਘਾਰਿਆਂ ਸਮੇਂ ਸਿੱਖਾਂ ਪ੍ਰਤੀ ਹਮਦਰਦੀ ਜਤਾਣ ਜਾਂ ਉਨ੍ਹਾਂ ਨਾਲ ਵਾਪਰੇ ਦੁਖਾਂਤ ਤੇ ਦੋ ਅੱਥਰੂ ਵਹਾਣ ਲਈ, ਕੋਈ ਸਾਹਮਣੇ ਨਹੀਂ ਸੀ ਆਇਆ।

ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਅੱਜ ਵੀ ਕੁਝ ਸਿੱਖ ਆਗੂ ਸਿੱਖ-ਸੰਘਰਸ਼ ਅਤੇ ਅੱਤਵਾਦ ਦਾ ਨਿਖੇੜਾ ਕਰਨ ਲਈ ਤਿਆਰ ਨਹੀਂ, ਸੁਆਲ ਉਠਦਾ ਹੈ ਕਿ ਜੇ ਉਹ ਆਪ ਅਜਿਹਾ ਕਰਨ ਲਈ ਤਿਆਰ ਨਹੀਂ ਤਾਂ ਦੂਜੇ ਇਸਦਾ ਨਿਖੇੜਾ ਕਿਉਂ ਕਰਨਗੇ? ਜਦਕਿ ਇਸੇ ਦੇ ਸਹਾਰੇ ਹੀ ਉਨ੍ਹਾਂ ਦੀਆਂ ਰਾਜਸੀ ਰੋਟੀਆਂ ਸਿਕਦੀਆਂ ਚਲੀਆਂ ਆ ਰਹੀਆਂ ਹਨ।

…ਅਤੇ ਅੰਤ ਵਿਚ : ਇਕ ਕੌੜੀ ਸੱਚਾਈ ਇਹ ਵੀ : ਸ਼੍ਰੀ ਰਾਜੀਵ ਗਾਂਧੀ ਨੇ ਅਪਣੇ ਪ੍ਰਧਾਨ ਮੰਤਰੀ-ਕਾਲ ਦੌਰਾਨ ਜਿਨ੍ਹਾਂ ‘ਸਿੱਖ ਮੁਖੀਆਂ’ ਨੂੰ ਸਥਾਪਤ ਸਿੱਖ-ਲੀਡਰਸ਼ਿਪ ਦੇ ਮੁਕਾਬਲੇ ਖੜਿਆਂ ਕਰਨ ਲਈ ‘ਜ਼ਿੰਦਾ ਸ਼ਹੀਦ’ ਵਜੋਂ ਮਾਣ ਦੁਆਇਆ, ਉਹ ਅੱਜ ਵੀ ਸਿੱਖਾਂ ਦੇ ਸਭ ਤੋਂ ਵਧ ਸ਼ੁਭਚਿੰਤਕ ਆਗੂ ਹੋਣ ਦਾ ਭਰਮ ਪੈਦਾ ਕਰ, ਕੌਮ ਨੂੰ ਗੁਮਰਾਹ ਕਰਦੇ ਚਲੇ ਆ ਰਹੇ ਹਨ ਅਤੇ ਸਥਾਪਤ ਲੀਡਰਸ਼ਿਪ ਪਟੜੀਉਂ ਉਤਰ ਕੇ ਪ੍ਰਭਾਵਹੀਨ ਹੁੰਦੀ ਚਲੀ ਜਾ ਰਹੀ ਹੈ। ਜਿਸਦਾ ਦਾਅ ਚਲਦਾ ਹੈ, ਉਹ ਹੀ ‘ਪ੍ਰਭਾਵਪੂਰਣ’ ਸੁਆਰਥ-ਪੂਰਤੀ ਦੇ ਨਾਹਰੇ ਲਾ ਕੇ, ਸਿੱਖਾਂ ਦਾ ਧਾਰਮਕ, ਸਮਾਜਕ ਤੇ ਰਾਜਨੀਤਕ ਸ਼ੋਸ਼ਣ ਕਰਦਾ ਚਲਿਆ ਜਾ ਰਿਹਾ ਹੈ।

ਜਸਵੰਤ ਸਿੰਘ ‘ਅਜੀਤ’
Mobile : +91 98 68 91 77 31)
E-mail :jaswantsinghajit@gmail.com

Tuesday, October 6, 2009

ਜਿਨ੍ਹਾਂ ਦੇ ਹੜ ‘ਚ ਰੁੜ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ…

ਸੁਣਨ ਦੀ ਅਸੀਮ ਸ਼ਕਤੀ ਤੇ ਲੰਬੀ ਚੁੱਪ ਨੂੰ ਜੇ ਦੂਜਾ ਨਾਂਅ ਦੇਣਾ ਹੋਵੇ ਤਾਂ ਉਸਨੂੰ ਸੁੱਖੀ ਬਰਨਾਲਾ ਕਹਿਣਾ ਪਵੇਗਾ।ਘੰਟਿਆਂ ਬੱਧੀ ਬੋਲਣ ਵਾਲੇ ਸੁੱਖੀ ਨੂੰ ਮੈਂ ਇਕ ਦਹਾਕਾ ਤਾਂ ਨਹੀਂ ਪਰ ਇਕ ਚਹਾਕਾ ਖਤਰਨਾਕ ਨਹੀਂ ਸ਼ਾਨਦਾਰ ਚੁੱਪ ਹੁੰਦਿਆਂ ਵੇਖਿਆ।ਹੁਣ ਜਦੋਂ ਸੁੱਖੀ ਨੇ ਪਹਿਲੀ ਗੈਰ-ਰਸਮੀ ਲਿਖਤ ਰਾਹੀਂ ਚੁੱਪ ਤੋੜੀ ਐ ਤਾਂ ਮੈਨੂੰ ਏਨੀ ਖੁਸ਼ੀ ਹੋਈ ਐ ਕਿ ਜਿਵੇਂ ਕੋਈ ਬੱਚਾ ਪਹਿਲੀ ਵਾਰ ਬੋਲਣ ‘ਤੇ ਪਰਿਵਾਰ ਨੂੰ ਖੁਸ਼ੀ ਹੁੰਦੀ ਹੈ।ਚੁੱਪ ਤੇ ਇਕੱਲਤਾ ਦਾ ਸਿਰਜਣਾ ਨਾਲ ਗਹਿਰਾ ਰਿਸ਼ਤਾ ਹੈ।ਸੁੱਖੀ ਨੇ ਇਹ ਦੋਵੇਂ ਕਿਤੇ ਨਾ ਕਿਤੇ ਗਹਿਨ ਰੂਪ ‘ਚ ਹੰਢਾਈਆਂ ਨੇ ਤੇ ਚੁੱਪ ਜਦੋਂ ਇਕੱਲਤਾ ਹੰਢਾਉਂਦੀ ਹੈ ਤਾਂ ਸਿਰਜਣਾ ਨੁੰ ਹੱਥ ਪਾਉਂਦੀ ਹੈ।ਉਹ ਸਿਰਜਣਾ ਦੀ ਵਿਧਾ ਦਾ ਰੂਪ ਕੋਈ ਵੀ ਹੋ ਸਕਦੈ।ਚੁੱਪ ਚਾਹੇ ਸਭਤੋਂ ਖਤਰਨਾਕ ਨਹੀਂ ਹੁੰਦੀ ਪਰ ਉਮੀਦ ਹੈ ਕਿ ਸੁੱਖੀ ਦੀ ਚੁੱਪ ਸਭਤੋਂ ਖਤਰਨਾਕ ਸਿੱਧ ਹੋਵੇਗੀ ਤੇ “ਖੱਬੇ”ੇ-“ਸੱਜੇ”ੇ ਪਟੜੀਓਂ ਲਹੇ ਤੇ ਬੜਬੜਾਉਂਦੇ ਰਾਜਨੀਤਿਕ ਲੋਕਾਂ ‘ਤੇ ਬੇਬਾਕ ਟਿੱਪਣੀਆਂ ਕਰੇਗੀ-ਯਾਦਵਿੰਦਰ ਕਰਫਿਊ

ਇਨਸਾਫ ਇਕ ਅਜਿਹਾ ਸ਼ਬਦ ਹੈ ਜਿਸਦੇ ਮਾਇਨੇ ਹਰ ਵਰਗ ਦੇ ਆਪਣੇ ਹੁੰਦੇ ਹਨ।ਕਿਸੇ ਮਜ਼ਦੂਰ ਲਈ ਦੋ ਵਕਤ ਦੀ ਰੋਟੀ ਦਾ ਹੱਕ ਇਨਸਾਫ ਹੈ,ਕਿਸਾਨ ਲਈ ਖੇਤੀ ਦਾ ਲਾਹੇਵੰਦ ਹੋਣਾ ਇਨਸਾਫ ਹੈ ਤੇ ਕਿਸੇ ਵਪਾਰੀ ਲਈ ਟੈਕਸ ਚੋਰੀ ਤੇ ਕਾਲਬਜਾਰੀ ਤੋਂ ਨਾਂ ਰੋਕਣਾ ਹੀ ਇਨਸਾਫ ਹੈ।ਇਹ ਤਾਂ ਹੈ ਸਮਾਜ ਦੇ ਵਰਗਾਂ ਦੀ ਗੱਲ।ਹਕੂਮਤਾਂ ਲਈ ਇਨਸਾਫ ਦੇ ਆਪਣੇ ਮਾਇਨੇ ਹੁੰਦੇ ਨੇ, ਪੁਲਿਸ ਲਈ ਇਨਸਾਫ ਦਾ ਮਤਲਬ ਹੈ ਕਿ ਲੋਕ ਚਾਹੇ ਸੁਖੀ ਹੋਣ ਜਾਂ ਦੁਖੀ ਬੱਸ ਹਕੂਮਤ ਅੱਗੇ ਨਤਮਸਤਕ ਹੁੰਦੇ ਰਹਿਣ ਬਿਨਾਂ ਕਿਸੇ ਹੀਲ ਹੁੱਜਤ ਦੇ।ਅਫਸਰਸ਼ਾਹੀ ਦੇ ਲਈ ਇਨਸਾਫ ਦੇ ਮਾਇਨੇ ਆਪਣੇ ਹਨ, ਸਰਕਾਰਾਂ ਲਈ ਇਨਸਾਫ ਦਾ ਮਤਲਬ ਹੈ ਕਿ ਲੋਕਾਂ ਦੇ ਲੁੱਟੇ ਮਾਲ ਚੋਂ ਕਿਸ ਨੂੰ ਕਿਨਾਂ ਹਿਸਾ ਮਿਲੇ।ਇਤਿਹਾਸ ਨੇ ਸਾਨੂੰ ਵਾਰ-2 ਇਹ ਸਵਾਲ ਪਾਇਆ ਹੈ ਕਿ ਤੁਸੀਂ ਕਿਸ ਇਨਸਾਫ ਦੇ ਪੱਖ ਵਿਚ ਖੜਨਾਂ ਹੈ।ਜਿਵੇਂ ਕਿਸੇ ਕਵੀ ਨੇ ਕਿਹਾ ਹੈ ਕਿ “ਟਾਈ ਔਰ ਲੰਗੋਟੀਓਂ ਮੇਂ ਯੁੱਧ ਹੋਗਾ ਏਕ ਦਿਨ,ਝੌਂਪੜੀ ਔਰ ਕੋਠੀਓਂ ਮੇ ਯੁੱਧ ਹੋਗਾ ਏਕ ਦਿਨ.ਇਸਸੇ ਪਹਿਲੇ ਕਿ ਯੁੱਧ ਹੋ ਤੁਮ ਸੋਚ ਲੋ ਕਿਸ ਓਰ ਹੋ ਆਦਮੀ ਕੇ ਪਕਸ਼ ਮੇ ਹੋ ਯਾ ਕਿ ਆਦਮ ਖੋਰ ਹੋ” ਤੇ ਗੱਲ ਕੱਲੀ ਸੋਚਣ ਦੀ ਹੀ ਨਹੀਂ ਹੈ ਗੱਲ ਕਰਨ ਦੀ ਵੀ ਹੈ।ਜੇ ਗੱਲ ਸਾਡੇ ਦੇਸ਼ ਦੀ ਕਰੀਏ ਤਾਂ ਬੜਾ ਕੁਝ ਹੈ ਕਰਨ ਲਈ।ਸਮਾਜ ਦੇ ਆਪੂ ਬਣੇ ਚੌਧਰੀ ਕਿਸਮ ਦੇ ਬੁਧੀਜੀਵੀ ਇਹ ਦਲੀਲ ਆਮ ਹੀ ਦਿੰਦੇ ਹਨ ਕਿ ਠਕਿ ਹੈ ਦੇਸ਼ ਵਿਚ ਸਭ ਅੱਛਾ ਨਹੀਂ ਹੈ, ਭ੍ਰਿਸਟ ਅਫਸਰਸ਼ਾਹੀ ਹੈ,ਜਾਲਿਮ ਪੁਲਿਸ ਹੈ,ਸਰਕਾਰਾਂ ਕਾਰਪੋਰੇਟਾਂ ਦੀਆਂ ਰਖੇਲ ਹਨ ਪਰ ਫਿਰ ਵੀ ਡੈਮੋਕਰੇਸੀ ਹੈ।ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਜੇ ਕੋਈ ਬੇਇਨਸਾਫੀ ਹੈ ਤਾਂ ਅਦਾਲਤਾਂ ਇਨਸਾਫ ਲਈ ਹੀ ਹੁੰਦੀਆਂ ਹਨ ਜਿਥੇ ਕਿਸੇ ਵੀ ਕਿਸਮ ਦੇ ਧੱਕੇ ਧੋੜੇ ਨੂੰ ਚੈਲਿੰਜ ਕੀਤਾ ਜਾ ਸਕਦਾ ਹੈ।ਜਿਸ ਬੰਦੇ ਨੇ ਅਦਾਲਤੀ ਕਾਰਵਾਈ ਭਾਰਤੀ ਫਿਲਮਾਂ ਵਿਚ ਦੇਖੀ ਹੈ ਉਹ ਤਾਂ ਇਸ ਗੱਲ ਤੇ ਯਕੀਨ ਕਰ ਸਕਦਾ ਹੈ, ਜਿਸ ਬੰਦੇ ਦਾ ਵਾਹ ਕਦੇ ਇਕ ਅੱਧੀ ਵਾਰ ਵੀ ਅਦਾਲਤਾਂ ਦੇ ਲੰਮੇਂ ਚਿਹਨ ਚੱਕਰ ਨਾਲ ਪਿਆ ਹੈ ਉਸ ਨੂੰ ਪਤਾ ਹੈ ਕਿ ਅਦਾਲਤਾਂ ਵਿਚ ਪੇਸ਼ੀ ਭੁਗਤਣ ਆਏ ਬੰਦਿਆਂ ਵਿਚਲੀ ਅਸਿਹਜਤਾ ਨੂੰ ਸਾਲਾਂ ਲੰਮੇਂ ਚੱਕਰ ਕਿੰਨਾਂ ਸਹਿਜ ਬਣਾ ਦਿੰਦੇ ਹਨ,ਮਾਮੂਲੀ ਜਿਹਾ ਹੱਕ ਪ੍ਰਾਪਤ ਕਰਨ ਲਈ ਹੱਕ ਜੋ ਉਸਦਾ ਆਪਣਾ ਹੁੰਦਾ ਹੈ ।

ਇੰਨੇ ਲੰਮੇਂ ਸਮੇਂ ਵਿਚ ਅਦਾਲਤਾਂ ਦੇ ਅਰਦਲੀ,ਵਕੀਲ, ਜੱਜ ਅਤੇ ਹੋਰ ਅਮਲਾ ਫੇਲਾ ਵੀ ਬਦਲਦਾ ਰਹਿੰਦਾ ਹੈ ਤੇ ਜੇ ਕੋਈ ਚੀਜ ਨਹੀਂ ਬਦਲਦੀ ਉਹ ਹੈ ਤਰੀਕਾਂ ਪੈਣ ਦਾ ਇਕ ਅਮੁੱਕ ਸਿਲਸਿਲਾ।ਸਾਰੀ ਜਿੰਦਗੀ ਅਦਾਲਤਾਂ ਦੇ ਚੱਕਰ ਕੱਟ-2 ਕੇ ਜੇ ਫੇਸਲਾ ਤੁਹਾਡੇ ਹੱਕ ਵਿਚ ਹੋ ਵੀ ਜਾਵੇ ਤਾਂ ਇਸਨੂੰ ਇਨਸਾਫ ਦਾ ਨਾਂ ਨਹੀਂ ਦਿਤਾ ਜਾ ਸਕਦਾ।ਇੰਨੇ ਲੰਮੇਂ ਸਮੇ ਵਿਚ ਤਰੀਕਾਂ ਭੁਗਤਦਾ ਬੰਦਾ-2 ਨਹੀਂ ਰਹਿ ਜਾਂਦਾ।ਸਮਾਜਿਕ,ਆਰਥਿਕ ਤੇ ਤੌਰ ਤੇ ਅਲੱਗ ਥਲੱਗ ਪੈ ਚੁੱਕੇ ਬੰਦਿਆਂ ਦਾ ਮਾਨਸਿਕ ਸੰਤੁਲਨ ਅਜਿਹਾ ਹੋ ਜਾਂਦਾ ਹੈ ਕਿ ਸਮਾਜ ਇੰਨਾਂ ਲਈ ਇਕ ਓਪਰੀ ਸ਼ਹਿ ਹੋ ਜਾਂਦੀ ਹੈ।ਲੰਮੀਆਂ ਤਰੀਕਾਂ ਜਾਂ ਫੈਸਲਿਆਂ ਦੀ ਉਡੀਕ ਵਿਚ ਕੈਦ ਕੱਟ ਕੇ ਆਏ ਲੋਕਾਂ ਦਾ ਇਕ ਵੱਖਰਾ ਹੀ ਭਾਈਚਾਰਾ ਵਿਕਸਤ ਹੋ ਜਾਂਦਾ ਹੈ।ਵਰਿਆਂ ਬਾਅਦ ਜੇ ਇਹ ਇਕ ਦੂਜੇ ਨੂੰ ਮਿਲਦੇ ਹਨ ਤਾਂ ਇੰਜ ਲਗਦਾ ਹੈ ਜਿਵੇਂ ਕੋਈ ਨੇੜਲਾ ਰਿਸ਼ਤੇਦਾਰ ਅਚਾਨਕ ਮਿਲ ਗਿਆ ਹੋਵੇ।ਸਮਾਜ ਵਿਚ ਜੇ ਅਜਿਹੇ ਲੋਕਾਂ ਨੂੰ ਸਹਿਜ ਹੋ ਕੇ ਵਿਚਰਨ ਯੋਗ ਬਣਾਉਣਾ ਹੋਵੇ ਜਿਵੇਂ ਕਦੇ ਉਹ ਪਹਿਲਾਂ ਹੋਇਆ ਕਰਦੇ ਸਨ ਤਾਂ ਇਸ ਲਈ ਇਹਨਾਂ ਦੀ ਸਾਈਕਾਲੋਜੀਕਲ ਕਾਉਂਸਲਿੰਗ ਦੀ ਜਰੂਰਤ ਪਵੇਗੀ(ਹਾਲਾਂ ਕਿ ਇਹ ਕੱਲੀ ਕਾਫੀ ਨਹੀਂ ਹੋਵੇਗੀ)।ਇਹਨਾਂ ਵਿਚ ਉਹ ਵਿਅਕਤੀ ਸ਼ਾਮਲ ਨਹੀਂ ਹਨ ਜੋ ਕਿਸੇ ਰਾਜਨੀਤਿਕ ਕੇਸ ਵਿਚ ਜਾਂ ਬਿਨਾਂ ਕਿਸੇ ਕੇਸ ਦੇ ਸਾਲਾਂ ਤੋਂ ਜੇਲਾਂ ਵਿਚ ਬੰਦ ਹਨ ਤੇ ਨਾਂ ਹੀ ਉਹ ਵਿਅਕਤੀ ਸ਼ਾਮਲ ਹਨ ਜੋ ਇਸ ਲੰਮੇ ਕੁਚੱਕਰ ਵਿਚ ਪੁਰੀ ਤਰਾਂ ਮਾਨਸਿਕ ਸੰਤੁਲਨ ਗਵਾ ਚੁੱਕੇ ਹਨ।

ਸ਼੍ਰੀ ਮਾਨ ਜੀ ਇਥੇ ਅਸੀਂ ਸਿਰਫ ਓਹਨਾਂ ਹੱਕਾਂ ਦੀ ਹੀ ਗੱਲ ਕਰ ਰਹੇ ਹਾਂ ਜੋ ਸਮੇਂ ਦੇ ਹਾਕਮਾਂ ਦੁਆਰਾ ਤਹਿ ਕੀਤੀ ਹੱਦ ਅੰਦਰ ਆਉਂਦੇ ਹਨ ,ਜਿਨਾਂ ਨੂੰ ਸਮੇਂ ਦੇ ਹਾਕਮ ਹੱਕ ਨਹੀਂ ਮੰਨਦੇ ਓਹਨਾਂ ਦੀ ਗੱਲ ਵੀ ਵੱਖਰੀ ਹੈ ਤੇ ਇਹਨਾਂ ਹੱਕਾਂ ਦੀ ਸੂਚੀ ਵੀ ਬੜੀ ਲੰਮੀਂ ਹੈ।ਗੱਲ ਕਿਉਂਕਿ ਇੰਨੀ ਸਾਧਾਰਨ ਨਹੀਂ ਹੈ ਤਾਂ ਮੈਂ ਇਹ ਤਾਂ ਨਹੀਂ ਕਹਾਂਗਾ ਕਿ ਹੱਦਾਂ ਅੰਦਰ ਮਿਥੇ ਹੱਕ ਸਾਨੂੰ ਨਹੀਂ ਚਾਹੀਦੇ,ਇਹ ਵੀ ਚਾਹੀਦੇ ਨੇ ਤੇ ਹੋਰ ਵੀ ਬਹੁਤ ਸਾਰੇ।ਪਰ ਇਨਸਾਫ ਕਰਨ ਦਾ ਇਹ ਅੰਗਰੇਜਾਂ ਵਾਲਾ ਸਿਸਟਮ ਸਾਨੂੰ ਜਰੂਰ ਹੀ ਨਹੀਂ ਚਾਹੀਦਾ।ਤੇ ਗੱਲ ਤਾਂ ਇਹ ਵੀ ਹੈ ਕਿ ਇਹ ਹੱਕ ਲੋਕਾਂ ਦਾ ਹੈ ਤੇ ਇਹ ਨਹੀਂ ਹੈ, ਇਹ ਇਨਸਾਫ ਹੈ ਤੇ ਇਹ ਨਹੀਂ ਹੈ ,ਪੈਂਟ ਕਮੀਜ ਵਿਚ ਕਸੇ ਹੋਏ, ਭਾਵਨਾਂ ਹੀਣ ਚਿਹਰਿਆਂ ਵਾਲੇ ਸਮਾਜਿਕ ਸਰੋਕਾਰਾਂ ਤੋਂ ਕੋਰੇ ਸ਼ਕਤੀਸ਼ਾਲੀ ਲੋਕ ਹੀ ਇਨਸਾਫ ਤੇ ਇਨਸਾਫ ਦੀਆਂ ਹੱਦਾਂ ਤੈਅ ਕਰਦੇ ਹਨ।ਜੇ ਸਿਸਟਮ ਇਹ ਨਹੀਂ ਤਾਂ ਫਿਰ ਕਿਹੋ ਜਿਹਾ ਤੇ ਕੌਣ ਲੈਕੇ ਆਵੇਗਾ ਇਹ ਹੈ ਅੱਜ ਦੇ ਸਮੇਂ ਦਾ ਉਹ ਸਵਾਲ ਜੋ ਇਤਿਹਾਸ ਦੇ ਨਹੀਂ ਸਾਡੇ ਮੋਰਾਂ ਤੇ ਚੜਕੇ ਨੱਚ ਰਿਹਾ ਹੈ।

ਸੁੱਖੀ ਬਰਨਾਲਾ