“ਚੌਰਸ ਚਾਂਦ” ਵਾਲੇ ਵਿਭੂ ਪੁਰੀ ਨਾਲ ਮੁਲਾਕਾਤ
ਪਾਸ਼ ਨੂੰ ਦੇਸ ਦੇ ਰਿਕਸ਼ੇ ਵਾਲੇ ਤੱਕ ਪਹੁੰਚਾਉਣ ਦੀ ਲੋੜ ਹੈ।-ਵਿਭੂ ਪੁਰੀ
ਯਾਦਵਿੰਦਰ-ਪਾਸ਼ ‘ਤੇ ਫਿਲਮ ਬਣਾਉਣ ਦਾ ਵਿਚਾਰ ਕਿਵੇਂ ਆਇਆ..?
ਵਿਭੂ-ਮੈਂ ਪਾਸ਼ ਨੂੰ ਕਾਲਜ ਦੇ ਦਿਨਾਂ ‘ਚ ਪੜ੍ਹਨਾ ਸ਼ੁਰੂ ਕੀਤਾ।ਇਕ ਕਵੀ ਦੇ ਤੌਰ ‘ਤੇ ਪਾਸ਼ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ।ਪਾਸ਼ ਦੀ ਕਵਿਤਾ ਸਿਰਫ ਕਵਿਤਾ ਨਹੀਂ ਸਗੋਂ ਜੀਵਨ ਜਾਚ ਹੈ।ਜ਼ਿੰਦਗੀ ਦੇ ਇਸੇ ਸਫਰ ‘ਚ ਮੈਂ ਫਿਲਮ ਇੰਸਟੀਚਿਊਟ ਪੂਨੇ ਚਲਾ ਗਿਆ।ਜਿੱਥੇ 4 ਸਾਲਾਂ ਦੇ ਕੋਰਸ ‘ਚ ਦੂਜੇ ਸਾਲ ‘ਚ ਡਾਕੂਮੈਂਟਰੀ ਫਿਲਮ ਦੀ ਅਸਾਈਨਮੈਂਟ ਸੀ।ਮੈਂ ਫਿਕਸ਼ਨ ਦਾ ਬੰਦਾ ਹੋਣ ਕਰਕੇ,ਪਾਸ਼ ਨੂੰ ਡਾਕਿਊ ਡਰਾਮੇ ‘ਚ ਢਾਲਣ ਦੀ ਸੋਚੀ।ਪਰ ਜਦੋਂ ਮੈਂ ਫਿਲਮ ਬਣਾ ਰਿਹਾ ਸੀ ਤੇ ਹੁਣ ਵੀ ਪਾਸ਼ ਨੂੰ ਨਕਸਲੀ ਘੱਟ ਤੇ ਸਿਰਫ ਮਨੁੱਖਤਾ ਨਾਲ ਪਿਆਰ ਕਰਨ ਵਾਲੇ ਬੰਦੇ ਵਜੋਂ ਦੇਖਦਾ ਹਾਂ।ਮੈਂ ਇਸ ਫਿਲਮ ਨੂੰ ਵਿਅਕਤੀਗਤ ਫਿਲਮ ਮੰਨਦਾ ਹਾਂ,ਕਿਉਂਕਿ ਪਾਸ਼ ਜਿਵੇਂ ਮੈਨੂੰ ਦਿਖਦਾ ਹੈ ,ਮੈਂ ਉਸ ਨੁੰ ਉਵੇਂ ਹੀ ਵਿਖਾਇਆ।ਮੈਂ ਪਾਸ਼ ਨੂੰ ਰੁਮਾਂਸਵਾਦੀ ਤੇ ਹਰ ਨਿੱਕੀ ਨਿੱਕੀ ਚੀਜ਼ ‘ਚੋਂ ਪਿਆਰ ਲੱਭਣ ਵਾਲੇ ਕਵੀ ਦੇ ਤੌਰ ‘ਤੇ ਵੇਖਦਾ ਹਾਂ।
ਯਾਦਵਿੰਦਰ- ਪਾਸ਼,ਕਲਾ ਤੇ ਇਨਕਲਾਬ ਨੂੰ ਕਿਵੇਂ ਵੇਖਦੇ ਹੋ ?
ਵਿਭੂ-ਪਾਸ਼ ਨੂੰ ਮੈਂ ਆਪਣੀ ਫਿਲਮ ਦੀ ਤਰ੍ਹਾਂ ਵੇਖਦਾ ਹਾਂ।ਹਾਂ ਜਿਥੋਂ ਤੱਕ ਕਲਾ ਤੇ ਰੈਵੋਲੂਸ਼ਨ ਦਾ ਸਬੰਧ ਹੈ।ਮੈਂ ਮੰਨਦਾ ਹਾਂ ਕਿ ਜਦੋਂ ਤੱਕ ਕੋਈ ਸਮਾਜਿਕ ਬਦਲਾਅ ਨਹੀਂ ਆਉਂਦੇ,ਕਲਾ ਅੱਗੇ ਨਹੀਂ ਵਧ ਸਕਦੀ।ਜਦੋਂ ਬਦਲਾਅ ਆਵੇਗਾ ,ਤਦੇ ਹੀ ਆਰਟ ਲਈ ਨਵੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ।ਬਦਲਾਅ ਤੇ ਕਲਾ ਦਾ ਆਪਸ ‘ਚ ਗਹਿਰਾ ਰਿਸ਼ਤਾ ਹੈ।ਪਰ ਦੁਨੀਆਂ ਨੂੰ ਬਦਲਣਾ ਬਹੁਤ ਮੁਸ਼ਕਿਲ ਹੈ,ਇਸ ਲਈ ਮੈਂ ਸਮਝਦਾ ਹਾਂ ਕਿ ਕਲਾਕਾਰ ਦਾ ਕੰਮ ਝੰਡਾ ਚੁੱਕੇ ਨਾਅਰਾ ਲਾਉਣਾ ਨਹੀਂ ਹੁੰਦਾ ਬਲਕਿ ਕਲਾ ਦੇ ਜ਼ਰੀਏ ਹੀ ਲੋਕਾਂ ਨੂੰ ਚੇਤਨ ਕਰਨਾ ਕਰਨਾ ਹੁੰਦਾ ਹੈ।

ਯਾਦਵਿੰਦਰ-ਰਾਜੀਵ ਦੀ “ਆਪਣਾ ਪਾਸ਼” ਬਾਰੇ ਤੁਹਾਡਾ ਕੀ ਵਿਚਾਰ ਹੈ?
ਵਿਭੂ-ਜਦੋਂ ਰਾਜੀਵ ਨੇ ਫਿਲਮ ਬਣਾਈ ਸੀ,ਉਦੋਂ ਘਟਨਾ ਨਵੀਂ ਨਵੀਂ ਸੀ।ਬੜਾ ਭਾਵੁਕ ਤੇ ਸੰਵੇਦਨਸ਼ੀਲ ਮਸਲਾ ਸੀ।ਇਸ ਲਈ ਨਿਰਦੇਸ਼ਕ ਪਾਸ਼ ਨੂੰ ਇਕੋ ਪਹਿਲੂ ਤੋਂ ਵੇਖ ਰਿਹਾ ਸੀ।ਪਰ ਜਦੋਂ ਮੈਂ ਉਸੇ ਪਾਸ਼ ਨੂੰ ਲਗਭਗ 16-17 ਸਾਲਾਂ ਬਾਅਦ ਤਲਵੰਡੀ ਸਲੇਮ ਤੇ ਪੰਜਾਬ ਦੀ ਧਰਤੀ ਤੋਂ ਏਨੀ ਦੂਰ ਪੂਨੇ ਬੈਠਾ ਵੇਖ ਰਿਹਾ ਸਾਂ,ਤਾਂ ਮੇਰੇ ਲਈ ਉਸੇ ਪਾਸ਼ ਦੇ ਹੋਰ ਅਰਥ ਹਨ।
ਯਾਦਵਿੰਦਰ-ਇਕ ਫਿਲਮ ਨਿਰਦੇਸ਼ਕ ਦੇ ਤੌਰ ‘ਤੇ ਅੱਗੇ ਤੋਂ ਕਿਹੋ ਜਿਹੀਆਂ ਫਿਲਮਾਂ ਬਣਾਉਣੀਆਂ ਪਸੰਦ ਕਰੋਗੇ ?
ਵਿਭੂ-ਮੇਰੀ ਅਗਲੀ ਫਿਲਮ “ਚਿਨਾਬ ਗਾਂਧੀ” ਆ ਰਹੀ ਹੈ।ਇਸਦੇ ਪਰਡਿਊਸਰ ਸੰਜੇ ਲੀਲਾ ਭੰਸਾਲੀ ਹਨ ਤੇ ਸਕਰਿਪਟ ਤੇ ਨਿਰਦੇਸ਼ਨ ਮੈਂ ਕਰ ਰਿਹਾ ਹਾਂ।ਅਮਿਤਾਬ ਬਚਨ ਇਸ ਫਿਲਮ ‘ਚ ਮੁੱਖ ਕਿਰਦਾਰ ਵਜੋਂ ਭੂਮਿਕਾ ਨਿਭਾਉਣਗੇ।ਚਿਨਾਬ ਗਾਂਧੀ ਵੀ ਰੈਵੋਲੂਸ਼ਨ ਦੀ ਗੱਲ ਕਰਦੀ ਹੈ।ਚਿਨਾਬ ਗਾਂਧੀ ਦੇ ਰਾਹੀਂ ਮੈਂ ਦੇਸ਼ ਦੀ ਅਜ਼ਾਦੀ ਨੂੰ ਵੱਖਰੇ ਨਜ਼ਰੀਏ ਤੋਂ ਵਿਖਾਉਣਾ ਚਾਹੁੰਦਾ ਹਾਂ।ਮੈਨੂੰ ਲੱਗਦੇ ਹੈ ਕਿ ਬਟਵਾਰੇ ਦੇ ਨਾਲ ਨਾਲ 200 ਦੀ ਗੁਲਾਮੀ ਤੋਂ ਮਿਲੀ ਅਜ਼ਾਦੀ ਨੂੰ ਯਾਦ ਕਰਨਾ ਚਾਹੀਦਾ ਹੈ।ਬਟਵਾਰੇ ਦੀ ਥਾਂ ਅਜ਼ਾਦੀ ਨੂੰ ਤਰਜ਼ੀਹ।ਇਸ ਫਿਲਮ ‘ਚ ਸਾਰਿਆਂ ਦਾ ਸ਼ੰਘਰਸ਼ ਹੋਵੇ।ਮੈਨੂੰ ਲਗਦਾ ਕਿ ਧਰਮ ਦੇ ਅਧਾਰ ‘ਤੇ ਵੰਡ ਦੀ ਰਾਜਨੀਤੀ ਖਤਮ ਹੋਣੀ ਚਾਹੀਦੀ ਹੈ।
ਯਾਦਵਿੰਦਰ-ਪਾਸ਼ ਬਾਰੇ ਵੀ ਕਦੇ ਵੱਡੇ ਬਜਟ ਦੀ ਫਿਲਮ ਬਾਰੇ ਸੋਚਿਆ ਹੈ ..?
ਵਿਭੂ-ਪਾਸ਼ ਬਾਰੇ ਵੱਡੇ ਬਜਟ ਦੀ ਫਿਲਮ ਅਨੁਰਾਗ ਕਸ਼ਯਪ ਨੇ ਅਨਾਉਂਸ ਕੀਤੀ ਹੈ।ਬਹੁਤ ਚੰਗੀ ਗੱਲ ਹੈ।ਕਦੇ ਮੌਕਾ ਮਿਲਿਆ ਤਾਂ ਜ਼ਰੂਰ ਹੀ,ਪਾਸ਼ ‘ਤੇ ਫਿਲਮ ਬਣਾਵਾਂਗਾ। ਪਾਸ਼ ਨੂੰ ਇਸ ਦੇਸ ਦੇ ਰਿਕਸ਼ੇ ਵਾਲੇ ਤੱਕ ਪਹੁੰਚਾਉਣ ਦੀ ਲੋੜ ਹੈ।
ਯਾਦਵਿੰਦਰ-ਕੀ ਕਾਰਨ ਹੈ ਕਿ ਸ਼ਿਆਮ ਬੈਨੇਗਲ ਵਰਗੇ ਨਿਰਦੇਸ਼ਕ,ਜੋ ਇਕ ਦੌਰ ‘ਚ ਚੰਗੀਆਂ ਫਿਲਮਾਂ ਬਣਾਉਦੇ ਰਹੇ ਉਹ ਅੱਜ ਬਿਲਕੁਲ ਕਮਰਸ਼ੀਅਲ ਫਿਲਮਾਂ ਬਣਾਉਣ ਲੱਗ ਪਏ..?
ਵਿਭੂ-ਹਾਲਾਂਕਿ ਇੰਸਡਰੀ ਨੇ ਇਹਨਾਂ ਸਨਮਾਨਯੋਗ ਲੋਕਾਂ ‘ਤੇ ਮੇਰਾ ਕੋਈ ਕੁਮੈਂਟ ਕਰਨਾ ਨਹੀਂ ਬਣਦਾ,ਪਰ ਮੈਂ ਏਨਾ ਜ਼ਰੂਰ ਕਹਾਂਗਾ ਕਿ ਜਿਹੜੇ ਦਰਸ਼ਕ ਸਿਨੇਮਾ ਨੂੰ ਇੰਟਰਟੇਨਮੈਂਟ ਦੇ ਰੂਪ ਦੇ ਮਾਣਦੇ ਹਨ,ਉਹ ਪ੍ਰਵਚਨ ਸੁਣਨਾ ਪਸੰਦ ਨਹੀਂ ਕਰਦੇ।ਤੇ ਇਹਨਾਂ ਦੀ ਇਹੀ ਤਰਾਸ਼ਦੀ ਰਹੀ ਹੈ ਕਿ ਇਹਨਾਂ ਨੇ ਪ੍ਰਵਚਨ ਵਾਲੀ ਲੀਹ ਫੜ੍ਹੀ ਰੱਖੀ ।ਅੰਤ ਉਸਦਾ ਨਤੀਜਾ ਤੁਹਾਡੇ ਸਾਹਮਣੇ ਹੈ।ਮੈਨੂੰ ਲਗਦਾ ਹੈ ਕਿ ਸਾਨੂੰ ਆਪਣੀ ਗੱਲ ਇੰਟਰਟੇਨਮੈਂਟ ਦੇ ਜ਼ਰੀਏ ਕਹਿਣੀ ਚਾਹੀਦੀ ਹੈ।
ਬਹੁਤ ਛੇਤੀ ਅਗਲੀ ਇੰਟਰਵਿਊ “ਆਪਣਾ ਪਾਸ਼” ਵਾਲੇ ਰਾਜੀਵ ਦੀ ਪਬਲਿਸ਼ ਕੀਤੀ ਜਾਵੇਗੀ।
MOB:09899436972
No comments:
Post a Comment