ਜਸਵੀਰ ਸਮਰ ਪੰਜਾਬੀ ਪੱਤਰਕਾਰੀ ਦਾ ਜਾਣਿਆ ਪਛਾਣਿਆ ਨਾਂਅ ਹੈ।ਪੰਜਾਬੀ ਪੱਤਰਕਾਰੀ ਦੇ ਜ਼ਿੰਮੇਂਵਾਰ ਅਦਾਰੇ ਪੰਜਾਬੀ ਟ੍ਰਿਬਿਊਨ ਨਾਲ ਉਹ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ।ਪੰਜਾਬ ਦੇ ਸਾਹਿਤਕ, ਸਮਾਜਿਕ ਤੇ ਰਾਜਨੀਤਿਕ ਮੁੱਦਿਆਂ ਵਾਲੀਆਂ ਵੱਖ ਵੱਖ ਲਿਖਤਾਂ ਰਾਹੀਂ ਉਹ ਪੰਜਾਬੀਆਂ ਨੁੰ ਰੂਬਰੂ ਹੁੰਦੇ ਰਹਿੰਦੇ ਹਨ।ਇਹ ਹੱਥਲੀ ਲਿਖਤ ਕੁਝ ਦਿਨ ਪਹਿਲਾਂ ਉਹਨਾਂ ਨੇ ਪੰਜਾਬੀ ਟ੍ਰਿਬਿਊਨ ‘ਚ ਲਿਖੀ ਸੀ।ਆਪਣੀ ਲਿਖਤ ਭੇਜਣ ਤੇ ਗੁਲਾਮ ਕਲਮ ‘ਚ ਛਪਣ ਦੇ ਕਾਬਿਲ ਸਮਝਣ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ।ਉਮੀਦ ਹੈ ਸਮਰ ਸਾਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ।-ਯਾਦਵਿੰਦਰ ਕਰਫਿਊ
ਪੰਜਾਬੀ ਸ਼ਾਇਰ ਪਾਸ਼ ਅਤੇ ਗ਼ਦਰੀ ਇਨਕਲਾਬੀ ਬਾਬਾ ਬੂਝਾ ਸਿੰਘ ਬਾਰੇ ਫ਼ਿਲਮਾਂ ਬਣਾਉਣ ਦੀ ਕਨਸੋਅ ਸ਼ੁਭ ਸ਼ਗਨ ਤਾਂ ਹੈ ਹੀ, ਅੱਜ ਦੇ ਉੱਤਰ ਆਧੁਨਿਕੀ ਦੌਰ ਵਿਚ ਚਾਲੂ ਪਹੁੰਚ ਨੂੰ ਸਰੋਕਾਰ-ਭਰਪੂਰ ਜਵਾਬ ਵੀ ਹੈ। ਪਾਸ਼ ਬਾਰੇ ਫ਼ਿਲਮ ਬਣਾਉਣ ਦਾ ਐਲਾਨ ਬਾਲੀਵੁੱਡ ਦੇ ਚਰਚਿਤ ਫ਼ਿਲਮਸਾਜ਼ ਅਨੁਰਾਗ ਕਸ਼ਿਅਪ ਨੇ ਕੀਤਾ ਹੈ। ਬਾਬਾ ਬੂਝਾ ਸਿੰਘ ਬਾਰੇ ਫ਼ਿਲਮ ਬਣਾਉਣ ਦਾ ਐਲਾਨ ਇੰਨਾ ਵਿਧੀਵਤ ਢੰਗ-ਤਰੀਕੇ ਨਾਲ ਤਾਂ ਨਹੀਂ ਹੋਇਆ ਪਰ ਫ਼ਿਲਮਾਂ ਨਾਲ ਗਹਿਰੇ ਰੂਪ ਵਿਚ ਜੁੜੇ ਪੱਤਰਕਾਰ ਬਖ਼ਸ਼ਿੰਦਰ ਨੇ ਬਾਬਾ ਬੂਝਾ ਸਿੰਘ ਦੇ ਜੀਵਨ ਸੰਗਰਾਮ ’ਤੇ ਆਧਾਰਿਤ ਪਟਕਥਾ (ਸਕਰਿਪਟ) ‘ਬਾਬਾ ਇਨਕਲਾਬ ਸਿੰਘ’ ਲਿਖ ਲਈ ਹੈ। ਪੂਰੇ ਸੌ ਦ੍ਰਿਸ਼ਾਂ ਵਾਲੀ ਇਸ ਫ਼ਿਲਮ-ਪਟਕਥਾ ਵਿਚ ਬਾਬੇ ਦਾ ਜੋ ਅਕਸ ਬਣਿਆ ਹੈ, ਉਹ ਫ਼ਿਲਮ ਖੇਤਰ ਦੇ ਨਾਲ ਨਾਲ, ਲੋਕਾਂ ਦੇ ਦੁੱਖ-ਦੁਸ਼ਵਾਰੀਆਂ ਕੱਟਣ ਲਈ ਜੂਝ ਰਹੇ ਜੁਝਾਰੂਆਂ ਲਈ ਮਿਸਾਲੀ ਹੋਵੇਗਾ।
ਅਨੁਰਾਗ ਕਸ਼ਿਅਪ ਵੱਲੋਂ ਪਾਸ਼ ਬਾਰੇ ਫ਼ਿਲਮ ਬਣਾਉਣ ਦੇ ਐਲਾਨ ਨਾਲ ਇਕ ਵਾਰ ਫਿਰ ਪਾਸ਼ ਦੀ ਕਵਿਤਾ ਵਿਚਲੇ ਕਣ ਅਤੇ ਉਹਦੇ ਜੀਵਨ ਬਾਬਤ ਚਰਚਾ ਤੁਰ ਪਈ ਹੈ। ਕੁਝ ਲੋਕਾਂ ਨੇ ਇਹ ਫ਼ਿਕਰ ਵੀ ਜ਼ਾਹਿਰ ਕੀਤਾ ਹੈ ਕਿ ਅਨੁਰਾਗ ਪਾਸ਼ ਬਾਰੇ ਭਲਾ ਕਿਹੋ ਜਿਹੀ ਫ਼ਿਲਮ ਬਣਾਏਗਾ ਕਿਉਂਕਿ ਇਤਿਹਾਸਕ ਫ਼ਿਲਮਾਂ ਵਿਚ ਬਹੁਤ ਵਾਰ ਤੱਥਾਂ ਬਾਰੇ ਹੇਰ-ਫੇਰ ਅਕਸਰ ਹੋ ਜਾਂਦਾ ਹੈ। ਪਾਸ਼ ਦੇ ਘਰਦਿਆਂ ਦਾ ਵੀ ਇਹੀ ਫ਼ਿਕਰ ਹੈ। ਉਂਝ ਇਹ ਫ਼ਿਕਰ ਜਾਇਜ਼ ਵੀ ਹੈ ਕਿਉਂਕਿ ਕੁਝ ਲੋਕਾਂ ਨੇ ਆਪਣੇ ਕੁਝ ਮੁਫ਼ਾਦਾਂ ਖ਼ਾਤਿਰ ਪਾਸ਼ ਬਾਰੇ ਮਿਥ ਕੇ ਤੱਥ ਤੋੜਨ-ਮਰੋੜਨ ਦਾ ਯਤਨ ਕੀਤਾ ਹੈ ਪਰ ਸਭ ਤੋਂ ਵੱਧ ਗੌਲਣ ਵਾਲੀ ਗੱਲ ਅਨੁਰਾਗ ਕਸ਼ਿਅਪ ਵੱਲੋਂ ਮਿਸਾਲੀ ਫ਼ਿਲਮਸਾਜ਼ ਗੁਰੂ ਦੱਤ (ਵਸੰਤ ਕੁਮਾਰ ਸ਼ਿਵਸੰਕਰ ਪਾਦੂਕੋਨ) ਦੀ ਥਾਂ ਪਾਸ਼ ਬਾਰੇ ਪ੍ਰਾਜੈਕਟ ਉਲੀਕਣ ਦਾ ਫ਼ੈਸਲਾ ਕਰਨਾ ਹੈ। ਅਨੁਰਾਗ ਕਸ਼ਿਅਪ ਦਾ ਮੁਢਲਾ ਪ੍ਰਾਜੈਕਟ ਗੁਰੂ ਦੱਤ ਬਾਰੇ ਹੀ ਸੀ ਪਰ ਜਦ ਉਸ ਨੇ ਪਹਿਲਾਂ ਪਾਸ਼ ਦੀ ਕਵਿਤਾ ‘ਸਭ ਤੋਂ ਖ਼ਤਰਨਾਕ’ ਅਤੇ ਫ਼ਿਰ ਹੋਰ ਕਵਿਤਾਵਾਂ ਪੜ੍ਹੀਆਂ ਤਾਂ ਗੁਣਾ ਪਾਸ਼ ਉੱਤੇ ਪੈ ਗਿਆ।
ਅਨੁਰਾਗ ਕਸ਼ਿਅਪ ਦੀ ਸਭ ਤੋਂ ਪਹਿਲਾਂ ਚਰਚਾ ਫ਼ਿਲਮ ‘ਸੱਤਿਆ’ ਨਾਲ ਹੋਈ ਸੀ। ਉਸ ਨੇ ਇਸ ਫ਼ਿਲਮ ਦੀ ਪਟਕਥਾ ਲਿਖੀ ਸੀ। ਇਹ ਫ਼ਿਲਮ ਅੰਡਰਵਰਲਡ ਬਾਬਤ ਸੀ। ਅੰਡਰਵਰਲਡ ਬਾਰੇ ਅਨੁਰਾਗ ਨੇ ਇੰਨੇ ਬਾਰੀਕ ਵੇਰਵੇ ਪੇਸ਼ ਕੀਤੇ ਸਨ ਕਿ ਸਭ ਨੇ ਉਂਗਲਾਂ ਮੂੰਹ ਵਿਚ ਪਾ ਲਈਆਂ ਸਨ। ਇਸ ਤੋਂ ਬਾਅਦ ਆਪ, ਬਤੌਰ ਡਾਇਰੈਕਟਰ ਬਣਾਈਆਂ ਫ਼ਿਲਮਾਂ ਵਿਚ ਵੀ ਉਸ ਨੇ ਇਹੀ ਰੰਗ ਛੱਡਿਆ। ਪਾਸ਼ ਨੂੰ ਉਹ ਕਿਸ ਰੰਗ ਵਿਚ ਪੇਸ਼ ਕਰੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਕ ਗੱਲ ਸਪਸ਼ਟ ਹੈ ਕਿ ਫ਼ਿਲਮ ਨਾਲ ਪੰਜਾਬ ਅਤੇ ਪੰਜਾਬੀਅਤ ਬਾਬਤ ਬਹਿਸ ਲਈ ਪਿੜ ਜ਼ਰੂਰ ਤਿਆਰ ਹੋਵੇਗਾ ਅਤੇ ਫਿਰ ਨਿਤਾਰੇ ਮੈਦਾਨ ਵਿਚ ਹੀ ਹੋਣਗੇ। ਪਾਸ਼ ਨੇ ਆਪਣੇ ਵੇਲਿਆਂ ਵਿਚ ਹਰ ਮੁੱਦੇ, ਹਰ ਮਸਲੇ ਨਾਲ ਪੀਡਾ ਸੰਵਾਦ ਰਚਾਇਆ। ਆਸ ਕਰਨੀ ਚਾਹੀਦੀ ਹੈ ਕਿ ਪਾਸ਼ ਬਾਰੇ ਫ਼ਿਲਮ, ਪਾਸ਼ ਅਤੇ ਉਸ ਦੇ ਦੌਰ ਨਾਲ ਇਸੇ ਤਰ੍ਹਾਂ ਦਾ ਸੰਵਾਦ ਰਚਾਏਗੀ!
ਬਾਬਾ ਬੂਝਾ ਸਿੰਘ ਵਾਲੀ ਫ਼ਿਲਮ ‘ਬਾਬਾ ਇਨਕਲਾਬ ਸਿੰਘ’ ਦਾ ਰੰਗ ਬੇਸ਼ੱਕ, ਵੱਖਰਾ ਹੋਣਾ ਹੈ। ਇਸ ਫ਼ਿਲਮ ਦਾ ਆਧਾਰ ਮੁਢੋ-ਸੁਢੋਂ ਤਬਦੀਲੀ ਲਈ ਵਾਰ ਵਾਰ ਉਸਲਵੱਟੇ ਲੈਂਦੀ ਉਹ ਬੇਚੈਨੀ ਹੈ ਜਿਸਦੇ ਲਈ ਗ਼ਦਰੀ ਤਾਂ ਗ਼ਦਰੀ, ਬੱਬਰ ਅਕਾਲੀ, ਭਗਤ ਸਿੰਘ ਤੇ ਉਹਦੇ ਸਾਥੀ, ਕਿਰਤੀ ਪਾਰਟੀ ਵਾਲੇ, ਲਾਲ ਕਮਿਉਨਿਸਟ ਪਾਰਟੀ ਵਾਲੇ, ਕੂਕੇ, ਮਾਰਕਸੀ-ਲੈਨਿਨੀ ਵਿਚਾਰਧਾਰਾ ਨੂੰ ਪ੍ਰਨਾਏ ਲੋਕ ਲਗਾਤਾਰ ਜੂਝਦੇ ਰਹੇ ਹਨ। ਬਾਬਾ ਇਨਕਲਾਬ ਸਿੰਘ ਆਪ ਇਹ ਬੇਚੈਨੀ ਦਿਲ ਵਿਚ ਲਈ ਹਰ ਵਾਰ ਆਪਣੇ ਘਰ ਦੀ ਦਹਿਲੀਜ਼ ਤੋਂ ਪਾਰ ਜਾਂਦਾ ਰਿਹਾ। ਬਖ਼ਸ਼ਿੰਦਰ ਨੇ ਬਾਬੇ ਦੇ ਇਸ ਨੁਕਤੇ ਨੂੰ ਬਹੁਤ ਰੂਹ ਨਾਲ ਫੜਿਆ ਹੈ। ਇਹ ਫ਼ਿਲਮ ਮੁਕੰਮਲ ਹੋਣ ਅਤੇ ਦਰਸ਼ਕਾਂ ਵਿਚ ਜਾਣ ਤੋਂ ਬਾਅਦ, ਬਾਬੇ ਅਤੇ ਇਨਕਲਾਬ ਬਾਰੇ ਹੋ ਰਹੀਆਂ ਗੱਲਾਂ ਅਤੇ ਗੋਸ਼ਟਾਂ ਨੂੰ ਡਾਢੀ ਜ਼ਰਬ ਆਉਣੀ ਤੈਅ ਹੈ। ਇਹ ਪਟਕਥਾ ਬਾਬੇ ਦੇ ਸੰਘਰਸ਼ ਭਰੇ ਜੀਵਨ ਦੇ ਹਾਣ ਦੀ ਹੈ।
ਬਖ਼ਸ਼ਿੰਦਰ ਨੇ ਆਪਣੀ ਪਟਕਥਾ ਦਾ ਆਧਾਰ ਭਾਵੇਂ ਅਜਮੇਰ ਸਿੱਧੂ ਦੀ ਪੁਸਤਕ ‘ਬਾਬਾ ਬੂਝਾ ਸਿੰਘ-ਗ਼ਦਰ ਤੋਂ ਨਕਸਲਬਾੜੀ ਤੱਕ’ ਨੂੰ ਬਣਾਇਆ ਹੈ ਪਰ ਰਚਨਾਤਮਕ ਖੇਤਰ ਵਿਚ ਉਹ ਆਪ ਵਾਹਵਾ ਮੱਲਾਂ ਮਾਰ ਚੁੱਕਾ ਹੈ। ਫ਼ਿਲਮਾਂ ‘ਮਾਹੌਲ ਠੀਕ ਹੈ’ ਤੇ ‘ਜ਼ੋਰਾਵਰ’ ਅਤੇ ਟੈਲੀ ਫ਼ਿਲਮ ‘ਕੰਮੋ’ ਦੀਆਂ ਪਟਕਥਾਵਾਂ ਉਹ ਲਿਖ ਚੁੱਕਾ ਹੈ। ਅੱਜਕੱਲ ਕਾਮੇਡੀ ਫ਼ਿਲਮ ‘ਇਸ਼ਕ ਦੀ ਨਵੀਂਓਂ ਨਵੀਂ ਬਹਾਰ’ ਦੀ ਪਟਕਥਾ ਲਿਖ ਰਿਹਾ ਹੈ। ਕਵਿਤਾ ਦੀ ਕਿਤਾਬ ‘ਮੌਨ ਅਵਸਥਾ ਦੇ ਸੰਵਾਦ’ ਛਪ ਚੁੱਕੀ ਹੈ। ਰੇਡੀਓ ਨਾਟਕ ਲਈ ਉਹਨੇ ਕੌਮੀ ਇਨਾਮ ਵੀ ਜਿੱਤਿਆ। ਉਂਝ, ਫ਼ਿਲਮ ਦੇ ਫਾਇਨਾਂਸ ਬਾਰੇ ਉਹ ਫ਼ਿਕਰਮੰਦ ਹੈ ਪਰ ਨਾਲ ਦੀ ਨਾਲ ਉਹ ਮਸ਼ਹੂਰ ਫ਼ਿਲਮਸਾਜ਼ ਸ਼ਿਆਮ ਬੈਨੇਗਲ ਦੀ ਮਿਸਾਲ ਦਿੰਦਾ ਹੈ ਜਿਸ ਨੂੰ ਫ਼ਿਲਮ ‘ਨਿਸ਼ਾਂਤ’ ਪੂਰੀ ਕਰਨ ਲਈ ਤਿੰਨ ਲੱਖ ਕਿਸਾਨਾਂ ਨੇ ਇਕ-ਇਕ ਰੁਪਇਆ ਦਿੱਤਾ ਸੀ। ਇਹ ਫ਼ਿਲਮ ਕਿਸਾਨਾਂ ਬਾਰੇ ਸੀ। ਇਸੇ ਤਰ੍ਹਾਂ ਫ਼ਿਲਮ ‘ਨੈਕਸਲਾਈਟ’ ਸਿਰੇ ਚਾੜ੍ਹਨ ਲਈ ਚੋਟੀ ਦੇ ਫ਼ਿਲਮਸਾਜ਼ ਖਵਾਜਾ ਅਹਿਮਦ ਅੱਬਾਸ ਨੇ ਆਪਣੇ ਕੈਮਰਾਮੈਨ ਤੇ ਹੋਰ ਸਾਥੀਆਂ ਨੂੰ ਫ਼ਿਲਮ ਦੇ ਖਰਚ ਅਤੇ ਨਫ਼ੇ ਦਾ ਸਾਂਝੀਦਾਰ ਬਣਾ ਲਿਆ ਸੀ।
ਬਖ਼ਸ਼ਿੰਦਰ ‘ਬਾਬਾ ਇਨਕਲਾਬ ਸਿੰਘ’ ਨੂੰ ਆਪਣਾ ਸ਼ਾਹਕਾਰ ਪ੍ਰਾਜੈਕਟ ਮੰਨਦਾ ਹੈ। ਇਹ ਦਰਅਸਲ ਬਖ਼ਸ਼ਿੰਦਰ ਦਾ ਹੀ ਨਹੀਂ, ਪੰਜਾਬ ਦਾ ਸ਼ਾਹਕਾਰ ਪ੍ਰਾਜੈਕਟ ਹੋਵੇਗਾ ਜਿਸ ਵਿਚ ਬਾਬੇ ਦੇ ਬਹਾਨੇ ਪੰਜਾਬੀਆਂ ਦੇ ਔਖੇ ਹਾਲਾਤ ਵਿਚ ਵੀ ਜੀਣ-ਥੀਣ ਦੀ ਲਲ੍ਹਕ ਦੇ ਦੀਦਾਰ ਹੋਣਗੇ।
-ਜਸਵੀਰ ਸਮਰ
Saturday, January 9, 2010
Subscribe to:
Post Comments (Atom)
Very good, Samar!
ReplyDeleteGurmel Singh Sra
ਬਖ਼ਸ਼ਿੰਦਰ ਲੰਬੇ ਸਮੇਂ ਤੋਂ ਇਸ ਫ਼ਿਲਮ ਬਾਰੇ ਸੋਚ ਅਤੇ ਕੰਮ ਕਰ ਰਹੇ ਸਨ। ਆਸ ਹੈ ਛੇਤੀ ਹੀ ਉਨ੍ਹਾਂ ਦੀ ਮਿਹਨਤ ਨੂੰ ਬੂਰ ਪਵੇਗਾ। ਵੈਸੇ ਕਿਸਾਨਾਂ ਵਾਂਗ ਕ੍ਰਾਂਤੀਕਾਰੀ ਵੀ ਕਾਫੀ ਹੋਣਗੇ ਜੇ ਵੀ 100 ਜਾਂ ਕੋਈ ਹੋਰ ਰਕਮ ਜਿਹੜੀ ਸਭ ਨੂੰ ਪੁੱਗਦੀ ਹੋਵੇ ਦੇ ਦੇਣ ਤਾਂ ਬੇਨੇਗਲ ਵਾਲਾ ਕੰਮ ਬਖ਼ਸ਼ਿੰਦਰ ਨਾਲ ਵੀ ਹੋ ਸਕਦਾ ਹੈ।
ReplyDeletebilkul sahi gall bakhshinder shuru hove ta sade varge kai naithe jehre eho jehi kirt nu kala daa roop lainde vekhan lai contribute karange.......... rasmi all the best a jee vaise ta project ch maara hon vala kujh hai e ni
ReplyDelete