ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, May 2, 2010

ਪਾਸ਼ ਤੋਂ ਬਾਅਦ ਚੰਦੂ ਲਈ ਸਿਲਵਰ ਸਕਰੀਨ

ਪਾਸ਼ ਤੇ ਚੰਦੂ ਵਿਚਕਾਰ ਸਿਆਸੀ ਰਿਸ਼ਤਾ ਹੈ।ਦੋਵਾਂ ਦਾ ਪਿੰਡਾਂ ਨਾਲ ਗੂੜ੍ਹਾ ਰਿਸ਼ਤਾ ਸੀ।ਇਸ ਲਈ ਪਾਸ਼ ਦੀ ਕਵਿਤਾ ਤੇ ਚੰਦੂ ਦੇ ਭਾਸ਼ਨ 80 % ਪੇਂਡੂ ਅਬਾਦੀ ਦੁਆਲੇ ਘੁੰਮਦੇ ਰਹੇ।ਸ਼ਹਿਰ ਤੋਂ ਵਾਪਸੀ ਦੋਵਾਂ ਦੀ ਹੋਈ।ਪਾਸ਼ ਅਮਰੀਕਾ ਤੋਂ ਤੇ ਚੰਦੂ ਦੇਸ਼ ਦੀ ਨਾਮਵਰ ਯੂਨੀਵਰਟਿਸੀ 'ਚੋਂ ਪੜ੍ਹਕੇ ਪਿੰਡਾਂ ਨੂੰ ਪਰਤਦਾ ਹੈ।ਦੋਵਾਂ ਦੀ ਹਿੱਕ ਗੋਲੀ ਨਾਲ ਠੰਡੀ ਹੋਈ।ਨਿਜੀ ਭਵਿੱਖ ਦੀ ਥਾਂ ਦੋਵੇਂ ਸਮੂਹਿਕਤਾ ਨੂੰ ਲੋਚਦੇ ਸਨ।ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਪਿਆਰ ਕਰਨ ਵਾਲੇ ਸੰਵੇਦਨਸ਼ੀਲ ਇਨਕਲਾਬੀ।ਆਪੋ ਆਪਣੀਆਂ ਮਸ਼ੂਕਾਂ ਨਾਲ ਪਿਆਰ ਮਾਨਣ ਵਾਲੇ।ਇਕ ਵਕਫੇ ਬਾਅਦ ਮੁੱਖ ਧਾਰਾ ਦਾ ਸਿਨੇਮਾ ਦੋਹਾਂ ਦੀ ਜ਼ਿੰਦਗੀ ਨੂੰ ਫਰੋਲ ਰਿਹਾ ਹੈ।ਪਾਸ਼ 'ਤੇ ਅਨੁਰਾਗ ਕਸ਼ਯਪ ਦੇ ਫਿਲਮ ਬਣਾਉਣ ਦੇ ਐਲਾਨ ਤੋਂ ਬਾਅਦ ਮਹੇਸ਼ ਭੱਟ ਨੇ ਚੰਦਰਸੇਖ਼ਰ ਪ੍ਰਸਾਦ ਉਰਫ ਚੰਦੂ 'ਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ।ਚੰਦੂ ਦੀ ਮੌਤ ਦੋ ਦਹਾਕਿਆਂ ਬਾਅਦ ਵੀ ਵੱਡੇ ਸਵਾਲਾਂ ਲਈ ਖੜ੍ਹੀ ਹੈ।ਕਈ ਸਵਾਲ ਉਸਦੀ ਸਿਆਸਤ ਲਈ ਹਨ।ਜਿਸ ਸਿਆਸਤ ਦੇ ਜ਼ਰੀਏ ਚੰਦੂ ਨੇ ਲੋਕਾਂ ਲੇਖੇ ਜ਼ਿੰਦਗੀ ਲਾਈ,ਉਹ ਡਾਵਾਂਡੋਲ ਹੈ।ਸੰਸਦ ਦੇ ਰਾਹ ਪੈਂਦੀ ਪੈਂਦੀ ਸਮਝੋਤਿਆਂ ਦੀ ਭੇਂਟ ਚੜ੍ਹੀ। ਜਿਸ ਸੀ ਪੀ ਐਮ ਨੂੰ ਨੰਦੀਗ੍ਰਾਮ ਲਈ 10,000 ਗਾਲ੍ਹਾਂ ਕੱਢੀਆਂ,ਉਸੇ ਨਾਲ ਬਿਹਾਰ 'ਚ ਲੋਕ ਸਭਾ ਚੋਣਾਂ ਜਿੱਤਣ ਲਈ ਸਾਂਝਾ ਮੁਹਾਜ਼ ਬਣਾਇਆ।ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਦਿਲ 'ਚ ਚੰਦੂ ਭਾਵੇਂ ਅੱਜ ਵੀ ਵਸਦਾ ਹੈ,ਪਰ ਆਇਸਾ 'ਤੇ ਓਥੇ ਚੰਦੂ ਦੀ ਮੌਤ ਨੂੰ ਕੈਸ਼ ਕਰਨ ਦੇ ਇਲਜ਼ਾਮ ਲੱਗਦੇ ਹਨ।ਖੈਰ ਗੱਲਾਂ ਹੋਰ ਵੀ ਬਹੁਤ ਨੇ,ਕਿਤੇ ਹੋਰ ਸਾਂਝੀਆਂ ਕਰਾਂਗੇ।ਫਿਲਹਾਲ ਨਵੀਨ ਕਾਲੀਆ ਵਲੋਂ ਲਿਖੀ ਰਪਟ ਦੇ ਰੂਬਰੂ ਹੋਈਏ।-ਯਾਦਵਿੰਦਰ ਕਰਫਿਊ
ਇਤਿਹਾਸ ਦੇ ਵਰਕਿਆ ਨੂੰ ਮੁੜ ਤੌਂ ਫਰੋਲਿਆ ਜਾ ਰਿਹਾ ਐ।ਇਸ ਵਾਰ ਚੰਦਰਸ਼ੇਖਰ ਨੂੰ ਯਾਦ ਕੀਤਾ ਮਸ਼ਹੂਰ ਫਿਲਮਕਾਰ ਮਹੇਸ਼ ਭੱਟ ਨੇ।ਮਹੇਸ਼ ਭੱਟ ਜੋ ਕੀ ਅਕਸਰ ਹੀ ਆਪਣੀ ਸ਼ਖਸੀਅਤ ਜਾਂ ਫਿਰ ਆਪਣੀਆਂ ਫਿਲਮਾਂ ਕਾਰਨ ਚਰਚਾ 'ਚ ਰਹਿੰਦੇ ਆਏ ਨੇ।ਖਾਸਤੌਰ ਮਹੇਸ਼ ਭੱਟ ਦੀਆਂ ਫਿਲਮਾਂ ਘਰੇਲੂ ਰਿਸ਼ਤਿਆਂ,ਸਮਾਜਿਕ ਤਾਣੇਬਾਣੇ ਨੂੰ ਦਰਸਾਉਂਦਿਆਂ ਆ ਰਹੀਆਂ ਨੇ।ਮਹੇਸ਼ ਭੱਟ ਨੇ ਇਕ ਵਾਰ ਫੇਰ ਨੌਜਵਾਨ ਤਬਕੇ ਨੂੰ ਸੇਧ ਦੇਣ ਲਈ ਚੰਦਰਸ਼ੇਖਰ ਨੂੰ ਚੁਣਿਆ ਐ। ਛੇਤੀ ਹੀ ਮਹੇਸ਼ ਭੱਟ ਸੁਨਹਿਰੀ ਪਰਦੇ ਤੇ ਇਕ ਅਜਿਹੇ ਆਦਮੀ ਦੀ ਜ਼ਿੰਦਗੀ ਨੂੰ ਉਤਾਰਨ ਜਾ ਰਹੇ ਨੇ ਜਿੰਨੇ ਅਣਗਿਣਤ ਲੋਕਾਂ ਨੂੰ ਇਕ ਰਾਹ ਵਿਖਾਈ।ਆਪਣੇ ਹੱਕਾਂ,ਪਛਾਣ ਤੇ ਹੋਂਦ ਦੀ ਪਰਿਭਾਸ਼ਾ ਤੋਂ ਨੌਜਵਾਨਾਂ ਨੂੰ ਸਹੀ ਅਰਥਾਂ 'ਚ ਜਾਣੂ ਕਰਾਇਆ।

ਪਿਛਲੇ ਦਿਨੀਂ ਮਹੇਸ਼ ਭੱਟ ਨੇ ਆਪਣੀ ਅਗਲੀ ਫਿਲਮ ਦੀ ਥੋੜੀ ਬਹੁਤੀ ਜਾਣਕਾਰੀ ਨੂੰ ਜਨਤਕ ਕੀਤਾ।ਮਹੇਸ਼ ਭੱਟ ਨੇ ਇਸ ਸਬੰਧ 'ਚ ਕਿਹਾ ਕਿ ਫਿਲਮ ਦੀ ਸ਼ੁਟਿੰਗ ਦਾ ਕੰਮ ਛੇ ਮਹੀਨਿਆਂ ਤੱਕ ਸ਼ੁਰੂ ਹੋ ਜਾਵੇਗਾ।ਭੱਟ ਨੇ ਦੱਸਿਆ ਕਿ ਇਸ ਫਿਲਮ ਦਿੱਲੀ ਦੇ ਇਮਰਾਨ ਜ਼ਾਹਿਦ ਨੂੰ ਚੰਦਰਸ਼ੇਖਰ ਦੇ ਕਿਰਦਾਰ ਲਈ ਚੁਣਿਆ ਗਿਆ ਐ। ਮਹੇਸ਼ ਭੱਟ ਨੇ ਕਿਹਾ ਕਿ ਅੱਜ ਦਾ ਸਿਨੇਮਾ ਅਸਲੀਅਤ ਤੋਂ ਕੋਹਾਂ ਦੂਰ ਐ।ਚੰਦਰਸ਼ੇਖਰ ਦਾ ਕਿਰਦਾਰ ਨਿਭਾਉਣ ਵਾਲੇ ਇਮਰਾਨ ਜ਼ਾਇਦ ਜੋ ਕੀ ਦਿੱਲੀ 'ਚ ਪੱਤਰਕਾਰੀ ਸਕੂਲ ਚਲਾ ਰਿਹਾ ਐ।ਉਸਨੇ ਕਿਹਾ ਕਿ ਉਸ ਇਸ ਰੋਲ ਨੂੰ ਪਾਕੇ ਜਿਥੇ ਖੁਸ਼ ਐ ਉਥੇ ਹੀ ਚੰਦਰਸ਼ੇਖਰ ਦੀ ਕਿਰਦਾਰ ਨੂੰ ਵਧੀਆ ਢੰਗ ਨਾਲ ਸਮਝਣ ਦੀ ਕੋਸ਼ਿਸ਼ ਵੀ ਕਰੇਗਾ।ਜ਼ਾਇਦ ਨੇ ਦੱਸਿਆ ਕਿ ਚੰਦਰਸ਼ੇਖਰ ਦੀ ਜ਼ਿੰਦਗੀ ਨੂੰ ਜਾਨਣ ਲਈ ਉਹ ਉਸ ਦੇ ਯਾਰਾਂ ਦੋਸਤਾਂ ਨੂੰ ਮਿਲ ਰਿਹਾ ਤਾ ਜੋਂ ਮਰਹੂਮ ਵਿਦਿਆਰਥੀ ਆਗੂ ਦੀ ਜ਼ਿੰਦਗੀ ਨੂੰ ਨੇੜਿਓ ਜਾਣ ਸਕੇ।ਇਮਰਾਨ ਜ਼ਾਇਦ ਪਹਿਲਾਂ ਥੀਏਟਰ ਨਾਲ ਕੰਮ ਕਰ ਚੁਕਿਆ ਐ।ਇਸ ਤੋਂ ਪਹਿਲਾਂ ਵੀ ਚੰਦਰਸ਼ੇਖਰ ਦੀ ਜ਼ਿੰਦਗੀ 'ਤੇ ਅਜੈ ਭਾਰਦਵਾਜ ਵੱਲੋਂ ਬਣਾਈ ਗਈ ''ਏਕ ਮਿੰਟ ਕਾ ਮੌਣ '' ਕਾਫੀ ਪ੍ਰਚਲਿਤ ਰਹੀ।ਅਜੈ ਨੇ ਵੀ ਚੰਦਰਸ਼ੇਖਰ ਦੇ ਜੀਵਨ ਨੂੰ ਬਹੁਤ ਬੇਹਤਰੀਨ ਢੰਗ ਨਾਲ ਪੇਸ਼ ਕੀਤਾ ।ਹੁਣ ਚੰਦਰਸ਼ੇਖਰ ਦੀ ਰਾਹ ਤੇ ਚੱਲਣ ਵਾਲੇ ਨੌਜਵਾਨਾਂ ਨੂੰ ਮਹੇਸ਼ ਭੱਟ ਦੀ ਫਿਲਮ ਦਾ ਇੰਤਜਾਰ ਰਹੇਗਾ।ਕਿਉਂਕਿ ਬਹੁਤ ਘੱਟ ਵੇਖਿਆ ਜਾਂਦਾ ਐ ਜਦੋਂ ਕੋਈ ਮਿਆਰੀ ਫਿਲਮ ਦਰਸ਼ਕਾਂ ਦੇ ਰੂ ਬ ਰੂ ਕੀਤੀ ਜਾਂਦੀ ਐ।

ਚੰਦੂ ਦਾ ਜੀਵਨ

ਕਈ ਵਾਰ ਕੋਈ ਅਵਾਜ਼ ਆਦਮੀ ਦੀ ਜ਼ਿੰਦਗੀ ਦਾ ਰੁਖ ਹੀ ਬਦਲ ਕੇ ਰੱਖ ਦਿੰਦੀ ਐ ਜਾਂ ਫਿਰ ਕਿਸੇ ਵਿਅਕਤੀ ਦੇ ਕੰਨੀ੍ਹ ਪਏ ਸ਼ਬਦ ਮਸਲਿਆਂ ਤੇ ਡੂੰਘੀ ਸੋਚ ਸੋਚਣ ਨੂੰ ਮਜ਼ਬੂਰ ਕਰ ਦਿੰਦੇ ਨੇ।ਕੁਝ ਅਜਿਹੀ ਹੀ ਸੀ ਚੰਦਰਸ਼ੇਖਰ ਪ੍ਰਸਾਦ ਦੀ ਅਵਾਜ਼।ਚੰਦਰ ਸ਼ੇਖਰ ਜਿਸ ਨੂੰ ਉਸਦੇ ਜਾਨਣ ਵਾਲੇ ਪਿਆਰ ਨਾਲ ਚੰਦੂ ਕਹਿੰਦੇ ਸਨ।ਇਹ ਉਹ ਚੰਦੂ ਸੀ ਜਿਸ ਦਾ ਭਾਸ਼ਣ, ਵਿਚਾਰ ਜਾਂ ਫਿਰ ਟਿੱਪਣੀ ਰਾਹ ਜਾਂਦੇ ਨੂੰ ਰੋਕ ਲੈਂਦਿਆਂ ਸਨ।ਕੌਮਾਂਤਰੀ ਪੱਧਰ ਦੇ ਨਾਮਵਰ ਵਿਦਿਅਕ ਅਦਾਰੇ ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ ਵਿੱਚ ਕਰੀਬ ਦੋ ਦਹਾਕੇ ਪਹਿਲਾਂ ਬਿਹਾਰ ਤੋਂ ਪਹੁੰਚਿਆਂ ਸੰਜੀਦਾ ਸੋਚ ਵਾਲਾ ਇਕ ਵਿਦਿਆਰਥੀ ਜਿਸਨੇ ਸਭ ਨਾਲੋਂ ਵੱਖਰਾ ਰਾਹ ਚੁਣਦਿਆਂ ਬੇਬਾਕੀ ਨਾਲ ਅਵਾਜ਼ ਬੁਲੰਦ ਕੀਤੀ।ਕੁਝ ਵੱਖਰਾ ਸੀ ਇਸ ਵਿਅਕਤੀ 'ਚ ਬਤੌਰ ਵਿਦਿਆਰਥੀ ਸਿਆਸੀ ਵਧੀਕੀਆਂ ਤੇ ਗਹਿਰੀ ਸਮਝ ਤੇ ਸਰਕਾਰੀ ਮਸ਼ੀਨਰੀ ਨਾਲ ਜੁਝਾਰੂ ਢੰਗ ਨਾਲ ਭਿੜਣ ਦੀ ਮਾਨਸਿਕਤਾ।ਜੇ ਐਨ ਯੂ ਆਉਣ ਤੋਂ ਪਹਿਲਾਂ ਬਿਹਾਰ ਯੂਨੀਵਰਸਿਟੀ 'ਚ ਆਪਣੀ ਪੜਾਈ ਦੌਰਾਨ ਚੰਦਰਸ਼ੇਖਰ ਪ੍ਰਦਾਸ ਖੱਬੇ ਪੱਖੀ ਵਿਚਾਰਧਾਰਾ ਨਾਲ ਮੁਖਾਤਿਬ ਹੋਇਆ।'80 ਦੇ ਦਹਾਕੇ ਦੇ ਮੱਧ 'ਚ ਚੰਦੂ ਸੀ ਪੀ ਆਈ ਅੇਲ ਐਲ ਦੇ ਵਿਦਿਆਰਥੀ ਸੰਘ ਆਲ ਇੰਡਿਆ ਸਟੂਡੈਂਟਸ ਫੈਡਰੇਸ਼ਨ ਦਾ ਵਾਇਸ ਪ੍ਰਧਾਨ ਬਣਿਆ।ਫੈਡਰੇਸ਼ਨ ਦੇ ਸਰਗਰਮ ਆਗੂ ਵੱਜੋਂ ਜਾਣੇ ਜਾਂਦੇ ਚੰਦਰਸ਼ੇਖਰ ਨੇ ਪੂਰੀ ਤਣਦੇਹੀ ਨਾਲ ਪਾਰਟੀ ਦੇ ਮਾਰਗ ਤੇ ਅਹਿਮ ਮੁੱਦਿਆਂ ਤੇ ਆਪਣੀ ਗੱਲ ਰੱਖੀ।

ਸਿਵਾਨ 'ਚ ਇਕ ਗਰੀਬ ਤੇ ਪਛੜੇ ਪਰਿਵਾਰ 'ਚ ਜੰਮੇ ਚੰਦਰਸ਼ੇਖਰ ਨੇ ਜੇ ਐਨ ਯੂ 'ਚ ਆਉਣ ਤੋਂ ਬਾਅਦ ਸੀ ਪੀ ਆਈ ਐਮ ਐਲ ਦਾ ਲੜ੍ਹ ਫੜਿਆ ਸੀ।ਆਇਸਾ 'ਚ ਵੀ ਚੰਦਰਸ਼ੇਖਰ ਨੇ ਅੱਗੇ ਵੱਧਕੇ ਆਪਣੀਆਂ ਸੇਵਾਵਾਂ ਦਿਤੀਆਂ।ਕਈ ਵਾਰ ਚੰਦਰਸ਼ੇਖਰ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਵੱਖ ਵੱਖ ਅਹੁਦਿਆ ਲਈ ਚੁਣਿਆ ਗਿਆ।ਲਗਾਤਾਰ ਦੋ ਵਾਰ ਉੇਸ ਨੇ ਯੂਨੀਅਨ ਦੀ ਪ੍ਰਧਾਨਗੀ ਦੀ ਵਾਗਡੋਰ ਸੰਭਾਲੀ।ਆਪਣੇ ਕਾਰਜਕਾਲ ਦੌਰਾਨ ਚੰਦਰਸ਼ੇਖਰ ਨੇ ਯੂਨੀਵਰਸਿਟੀ ਦੀ ਨਿਜੀਕਰਨ ਨੀਤੀ ਦਾ ਡੱਟ ਕੇ ਮੁਕਾਬਲਾ ਕੀਤਾ।ਵਿਦਿਆਰਥੀਆਂ ਤੇ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਢਾਚੇ 'ਚ ਨੇੜਤਾ ਵਧਾਉਣ ਲਈ ਚੰਦਰਸ਼ੇਖਰ ਹਮੇਸ਼ਾ ਹੀ ਨਵੇਂ ਨਵੇਂ ਢੰਗ ਲੰਭਦਾ ਤੇ ਉਨਾਂ 'ਚ ਸਫਲ ਵੀ ਹੁੰਦਾ।1995 'ਚ ਕੋਰੀਆ ਦੀ ਰਾਜਧਾਨੀ ਸਿਉਲ 'ਚ ਸੰਯੁਕਤ ਰਾਸ਼ਟਰ ਵੱਲੋਂ ਕਰਵਾਈ ਗਈ ਯੂਥ ਕਾਨਫਰੈਂਸ 'ਚ ਚੰਦਰਸ਼ੇਖਰ ਨੇ ਤੀਜੇ ਦੁਨੀਆ ਨਾਲ ਸਬੰਧ ਰੱਖਦੇ ਨੌਜਵਾਨਾਂ ਦੀ ਅਗਵਾਈ ਕੀਤੀ।ਸਾਮਰਾਜ ਤੇ ਚੰਦਰਸ਼ੇਖਰ ਰੱਝ ਕੇ ਵਰ੍ਹਿਆ।ਇਕ ਸਮਾਂ ਜੇ ਐਨ ਯੂ ਗੁਜਾਰਨ ਤੋਂ ਬਾਅਦ ਸੀ ਪੀ ਆਈ ਐਮ ਐਲ ਨੂੰ ਬਿਹਾਰ 'ਚ ਪ੍ਰਫੁਲਿਤ ਕਰਨ ਦੇ ਮੰਤਵ ਨਾਲ ਚੰਦਰਸ਼ੇਖਰ ਨੇ ਆਪਣੇ ਪ੍ਰਦੇਸ਼ ਮੁੜਣ ਦਾ ਫੈਸਲ ਲਿਆ।ਹਾਲਾਂਕਿ ਬਿਹਾਰ ਦੀ ਸਿਆਸੀ ਸਮੀਕਰਨ ਸ਼ੁਰੂ ਤੋਂ ਸੀ ਪੀ ਆਈ ਐਮ ਐਲ ਦੇ ਹੱਕ ਨਹੀ ਰਹੇ।ਸੂਬੇ ਦੇ ਹੋਰਾਂ ਸਿਆਸੀ ਦਲਾਂ ਨੇ ਸੀ ਪੀ ਆਈ ਐਮ ਐਲ ਨੂੰ ਬਿਹਾਰ ਚੋਂ ਜੜੋਂ ਮੁਕਾਉਣ ਲਈ ਹਰ ਹੀਲਾ ਵਰਤਿਆ।ਕਈ ਬੇਗੁਨਾਹਾਂ ਨੂੰ ਕਤਲ ਕੀਤਾ ਗਿਆ।ਅਖੀਰ ਵਿਰੋਧੀਆਂ ਨੂੰ ਚੰਦਰਸ਼ੇਖਰ ਦੀ ਸੂਬੇ 'ਚ ਵਾਪਸੀ ਰਾਸ ਨਾ ਆਈ ਤੇ 31 ਮਾਰਚ 1997 ਨੂੰ ਇਕ ਸਾਥੀ ਪਾਰਟੀ ਵਰਕਰ ਸ਼ਾਮ ਨਰਾਇਨ ਯਾਦਵ ਨਾਲ ਚੰਦਰਸ਼ੇਖਰ ਪ੍ਰਸਾਦ ਨੂੰ ਸਿਵਾਨ 'ਚ ਨੁੱਕੜ ਮੀਟਿੰਗ ਦੋਰਾਨ ਸ਼ਰੇਆਮ ਗੋਲੀਆਂ ਮਾਰ ਸ਼ਹੀਦ ਕਰ ਦਿਤਾ ਗਿਆ।ਚੰਦਰਸ਼ੇਖਰ ਦੀ ਮੌਤ ਜੇ ਐਨ ਯੂ ਦੇ ਵਿਦਿਆਰਥੀਆਂ ਲਈ ਬਹੁਤ ਵੱਡਾ ਧੱਕਾ ਸੀ।ਇਥੋਂ ਮੌਤ ਦੀ ਦਿੱਲੀ ਪਹੁੰਚਦੇ ਸਾਰ ਹੀ ਸਾਰੇ ਵਿਦਿਆਰਥੀ ਸੜਕਾਂ ਤੇ ਉਤਰ ਆਏ,ਇਥੋਂ ਤਕ ਵਿਦਿਆਰਥੀਆਂ ਨੇ ਰਾਤ ਸਮੇਂ ਹੀ ਬਿਹਾਰ ਭਵਨ ਦਾ ਘੇਰਾਓ ਕੀਤਾ।ਇਨਸਾਫ ਦੀ ਲੜਾਈ ਸ਼ੁਰੂ ਹੋਈ, ਜੋ ਅੱਜ ਤੀਕ ਜਾਰੀ ਐ।

ਨਵੀਨ ਕਾਲੀਆ
ਲੇਖਕ ਟੈਲੀਵਿਜ਼ਨ ਪੱਤਰਕਾਰ ਹਨ।

1 comment:

  1. ਕਾਲੀਆ ਆਪਾ 'ਏਕ ਮਿੰਟ ਕਾ ਮੋਨ' ਵੇਖੀ ਸੀ ਇਹ ਉਹੀ ਬੰਦਾ ਏ ....ਵਦੀਆ ...ਲਿਖਿਆ ਕਰ .....ਖੁਸ਼ੀ ਹੋਈ ਕਿ ਤੂੰ ਲੇਖਕ ਵੀ ਹੈ, ਪੱਤਰਕਾਰ ਵੀ ਤੇ ਉਹ ਵੀ ਟੈਲੀਵਿਯਨ ਪੱਤਰਕਾਰ ...ਹਾ ਹਾ ਹਾ ..ਅਸੀਂ ਸਾਰੇ ਪੱਤਰਕਾਰ ਤੁੰ ਮੈਂ ਯਾਦਵਿੰਦਰ ਤੇ ਹੋਰ ਬਹੁਤ ਸਾਰੇ...ਪਰ ਸੋਹਣਾ ਲਿਖਿਆ ...ਲਿਖਦਾ ਰਿਹਾ ਕਰ....

    ReplyDelete