ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, September 8, 2010

ਕਾਮਰੇਡਾਂ ਵਲੋਂ ਸਿੱਖ ਇਤਿਹਾਸ ਦੀ ਭੰਨਤੋੜ

ਪ੍ਰਭਸ਼ਰਨਬੀਰ ਸਿੰਘ ਜਿਹਾ ਸਮਝਦਾਰ ਸਿੱਖ ਚਿੰਤਕ ਰਣਜੀਤ ਸਿੰਘ ਦੇ ਰਾਜ ਦਾ ਕੱਟੜ ਹਮਾਇਤੀ ਹੈ,ਇਹ ਬੜੀ ਅਜੀਬ ਜਿਹੀ ਗੱਲ ਲੱਗ ਰਹੀ ਹੈ।ਜਦੋਂ ਕਿ ਕਈ ਸਿੱਖ ਚਿੰਤਕ(ਕਿਤਾਬੀ ਨਹੀਂ) ਰਣਜੀਤ ਸਿੰਘ ਦੇ ਰਾਜ ਨੂੰ ਬਾਦਲ ਦੇ ਰਾਜ ਵਰਗਾ ਹੀ ਮੰਨਦੇ ਹਨ।ਇਕ ਦੋਸਤ ਨੇ ਬਾਬੇ ਨਾਨਕ ਦੇ ਫਲਸਫੇ ਤੋਂ ਲੈ ਕੇ ਸਿੱਖੀ ‘ਚ ਰਾਜ ਦੇ ਕਨਸੈਪਟ ਤੇ ਰਣਜੀਤ ਸਿੰਘ ਦੇ ਰਾਜ ਕਰਨ ਦੇ ਤਰੀਕੇ ‘ਤੇ ਲਿਖਣ ਲਈ ਵੀ ਕਿਹਾ ਹੈ।ਪ੍ਰਭਸ਼ਰਨਬੀਰ ਫਿਰ ਤੋਂ ਸਿਆਸੀ ਧਿਰਾਂ ਦੀ ਲੜਾਈ ਨੂੰ “ਸਿੱਖੀ ਵਿਰੁੱਧ ਨਫਰਤ” ਦਾ ਨਾਂਅ ਦੇ ਰਹੇ ਹਨ।ਸਿਆਸੀ ਧਿਰਾਂ ਦੀ ਲੜਾਈ ਨੂੰ ਕਿਸੇ ਧਰਮ ਜਾਂ ਸਮੂਹ ਭਾਈਚਾਰੇ ਪ੍ਰਤੀ ਨਫਰਤ ਦਾ ਨਾਂਅ ਦੇਣਾ ਇਤਿਹਾਸਕ ਬੇਇੰਸਾਫੀ ਹੈ।ਕਸ਼ਮੀਰ ਬਾਰੇ ਜਿਹੜੀ ਘੱਟੋ ਘੱਟ ਗੱਲ ਉਹਨਾਂ ਹੁਣ ਮੰਨੀ।ਉਹ ਓਹਨਾਂ ਨੇ ਪਹਿਲਾਂ ਕਿਉਂ ਨਹੀਂ ਰੱਖੀ..?ਮੈਨੂੰ ਪੜ੍ਹਨ ਤੋਂ ਬਾਅਦ ਜਿੰਨੀ ਜਾਣਕਾਰੀ ਪ੍ਰਾਪਤ ਹੋਈ,ਉਸਨੂੰ ਇਮਾਨਦਾਰੀ ਨਾਲ ਸਾਹਮਣੇ ਰੱਖਿਆ।ਗਵਰਨਰ ਸਿੱਖ ਹੋਵੇ ਜਾਂ ਹਿੰਦੂ ...ਕੀ ਕਸ਼ਮੀਰ ‘ਚ ਰਾਜ ਰਣਜੀਤ ਸਿੰਘ ਦੀ ਰਹਿਨੁਮਾਈ ‘ਚ ਨਹੀਂ ਹੋ ਰਿਹਾ ਸੀ..?ਜਿਨ੍ਹਾਂ ਹਵਾਲਿਆਂ ਨੂੰ ਤੁਸੀਂ ਸਹੀ ਮੰਨਦੇ ਹੋਂ,ਉਹਨਾਂ ਅਨੁਸਾਰ ਜੋ ਕੁਝ ਹੋਇਆ ਕੀ ਉਹ ਘੱਟ ਸੀ..? ਇਤਿਹਾਸ ਦੇ ਕਾਲੇ ਸੱਚ ਨੂੰ ਮੰਨਣ ਤੋਂ ਇਨਕਾਰੀ ਨਹੀਂ ਹੋਣਾ ਚਾਹੀਦਾ।ਉੱਤਰ-ਆਧੁਨਿਕਤਾ ਦੇ ਫਲਸਫੇ ਦੇ ਜਨਮ ਬਾਰੇ ਜਾਣਕਾਰੀ ਹੈ,ਮੈਂ ਤਾਂ ਦੁਨੀਆਂ ਭਰ ‘ਚ ਉਸਦੇ ਫੈਲਾਅ ਦੀ ਸਿਆਸਤ ਤੇ ਕੌਮੀਅਤਾਂ ਨਾਲ ਉਸਦੇ ਰਿਸ਼ਤੇ ਦੀ ਗੱਲ ਕਰ ਰਿਹਾ ਹਾਂ,ਕਿਉਂਕਿ ਸਾਮਰਾਜੀ ਤਾਕਤਾਂ ਵਲੋਂ ਇਸ ਦੌਰ ‘ਚ ਵੱਡੇ ਵੱਡੇ ਭਰਮ ਫੈਲਾਏ ਜਾ ਰਹੇ ਹਨ।ਪ੍ਰਭਸ਼ਰਨਬੀਰ ਸਿੰਘ ਦਾ ਲੇਖ ਪੜ੍ਹੋ ਤੇ ਮੈਂ ਥੋੜ੍ਹੇ ਸਮੇਂ ਬਾਅਦ ਜਵਾਬ ਨਾਲ ਮਿਲਾਂਗਾ-ਯਾਦਵਿੰਦਰ ਕਰਫਿਊ

ਯਾਦਵਿੰਦਰ ਕਰਫਿਊ ਦੇ ਲੇਖ “ਪੰਜਾਬ,ਸਿੱਖ,ਕਾਮਰੇਡ ਅਤੇ ਕੌਮੀ ਲਹਿਰਾਂ” ਦਾ ਜਵਾਬ

“Whoever of my officers is appointed in Kashmir, before occupying himself with anything, he must make the people happy and earn their good wishes.”
-Maharaja Ranjit Singh
quoted in Umdat-ut-Tawarikh, III, p. 180

ਹਰੀ ਸਿੰਘ ਨਲੂਏ ਨੇ ਕਸ਼ਮੀਰ ਵਿੱਚ ਸਮਾਜਿਕ ਅਤੇ ਆਰਥਿਕ ਸੁਧਾਰਾਂ ਦਾ ਨਵਾਂ ਯੁੱਗ ਲਿਆਂਦਾ। ਉਦਾਹਰਣ ਵਜੋਂ ਉਸਨੇ ਬੇਗਾਰੀ ਵਰਗੇ ਬੇਹੱਦ ਬਦਨਾਮ ਪ੍ਰਬੰਧ ਉੱਤੇ ਪਾਬੰਦੀ ਲਗਾਈ, ਅਫਗਾਨ ਹਾਕਮਾਂ ਵਲੋਂ ਹਿੰਦੂਆਂ ਉੱਤੇ ਲਾਈਆਂ ਗਈਆਂ ਪਾਬੰਦੀਆਂ ਜਿਵੇਂ ਪੱਗ ਬੰਨ੍ਹਣ, ਜੁੱਤੀ ਪਾਉਣ, ਘੋੜੇ ਉੱਤੇ ਚੜ੍ਹਨ ਅਤੇ ਟਿੱਕਾ ਲਾਉਣ ਨੂੰ ਵੀ ਖਤਮ ਕੀਤਾ।
- (ਪੰਡਿਤ ਗੋਪਾਲ ਕੌਲ, ਗੁਲਸਤਾਨ-ਏ-ਕਸ਼ਮੀਰ ਪੰ.66-67)

ਅਰਥਚਾਰੇ ਨੂੰ ਮੁੜ ਤੋਂ ਲੀਹਾਂ ਉੱਤੇ ਕਰਨ ਲਈ,ਹਰੀ ਸਿੰਘ ਨਲੂਏ ਨੇ ਖੇਤੀਬਾੜੀ ਦੇ ਵਿਕਾਸ ਤੋਂ ਇਲਾਵਾ ਸ਼ਾਲ ਅਤੇ ਕਾਗਜ਼ ਦੀਆਂ ਸਨਅਤਾਂ ਦੀ ਤਰੱਕੀ ਅਤੇ ਕੇਸਰ ਦੀ ਖੇਤੀ ਵਿੱਚ ਸੁਧਾਰ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ।
- (ਆਰ. ਕੇ. ਪਰਮੂ, ਹਿਸਟਰੀ ਆਫ ਸਿੱਖ ਰੂਲ ਇਨ ਕਸ਼ਮੀਰ, ਪੰਨਾ 124)
ਮੀਹਾਂ ਸਿੰਘ ਨੇ ਕਸ਼ਮੀਰ ਨੂੰ ‘ਧਰਤੀ ਉੱਤੇ ਸਵਰਗ’ ਬਣਾ ਦਿੱਤਾ ਸੀ।
- (ਬੀਰਬਲ ਕਚਰੂ, ਤਾਰੀਖ-ਏ-ਕਸ਼ਮੀਰ 262)

ਆਖਰੀ ਹਵਾਲੇ ਦੀ ਗਵਾਹੀ ਆਰ. ਕੇ. ਪਰਮੂ, ਬੈਰਨ ਵੌਨ ਹੂਗਲ ਅਤੇ ਜੀ. ਟੀ. ਵਿਗਨੇ ਦੀਆਂ ਕਿਤਾਬਾਂ ਵਿੱਚ ਵੀ ਮਿਲਦੀ ਹੈ। ਮੀਹਾਂ ਸਿੰਘ 1834 ਤੋਂ 1841 ਈ. ਤੱਕ ਕਸ਼ਮੀਰ ਦਾ ਗਵਰਨਰ ਰਿਹਾ ਸੀ। ਉਸ ਦੇ ਰਾਜ ਨੂੰ ਕਸ਼ਮੀਰ ਵਿੱਚ ਹੁਣ ਤੱਕ ਦਾ ਸਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਹੈ। ਆਰ. ਕੇ. ਪਰਮੂ ਨੇ ਆਪਣੀ ਕਿਤਾਬ ‘ਹਿਸਟਰੀ ਆਫ ਸਿੱਖ ਰੂਲ ਇਨ ਕਸ਼ਮੀਰ’ ਵਿੱਚ ਮੀਹਾਂ ਸਿੰਘ ਬਾਰੇ ਚੈਪਟਰ ਦਾ ਨਾਮ ‘ਐਨ ਇਨਟਰਵਲ ਔਫ ਪ੍ਰੌਸਪੈਰਿਟੀ ਐਂਡ ਪਲੈਂਟੀ’ ਰੱਖਿਆ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਏਨੇ ਹਵਾਲਿਆਂ ਦੇ ਬਾਜਵੂਦ ਵੀ ਯਾਦਵਿੰਦਰ ਨੂੰ ਕਿਉਂ ਲੱਗਦਾ ਹੈ ਕਿ, “ਸਿੱਖ ਸ਼ਾਸ਼ਕ ਅਫਗਾਨਾਂ ਨਾਲੋਂ ਘੱਟ ਜ਼ਾਲਮ, ਲੋਟੂ, ਅਸਹਿਣਸ਼ੀਲ ਤੇ ਕੱਟੜਵਾਦੀ ਨਹੀਂ ਸਨ।” ਕਾਰਣ ਇਹੋ ਹੈ ਕਿ ਸਿੱਖ-ਵਿਰੋਧੀ ਨਫਰਤ ਪੰਜਾਬ ਦੇ ਕਾਮਰੇਡਾਂ ਦੇ ਅਵਚੇਤਨ ਤੱਕ ਉੱਤਰ ਚੁੱਕੀ ਹੈ। ਏਸੇ ਲਈ ਇਨ੍ਹਾਂ ਨੇ, ਜਿਨ੍ਹਾਂ ਵਿੱਚ ਹੁਣ ਯਾਦਵਿੰਦਰ ਵੀ ਸ਼ਾਮਲ ਹੋ ਚੁੱਕਾ ਹੈ, ਹਮੇਸ਼ਾ ਹੀ ਇਤਿਹਾਸ ਦੀ ਅਜਿਹੇ ਟੇਢੇ ਢੰਗ ਨਾਲ ਵਿਆਖਿਆ ਕੀਤੀ ਹੈ, ਜਿਹੜੀ ਸਿੱਖ-ਵਿਰੋਧੀ ਹਕੂਮਤਾਂ ਨੂੰ ਰਾਸ ਆਉਂਦੀ ਹੋਵੇ। ਯਾਦਵਿੰਦਰ ਦੇ ਇਸ ਲੇਖ ਰਾਹੀਂ ਤਾਂ ਇਹ ਸਪੱਸ਼ਟ ਹੀ ਹੋ ਜਾਂਦਾ ਹੈ ਕਿ ਉਸਦੇ ਆਪਣੇ ਦਿਮਾਗ ਅੰਦਰ ਸਿੱਖੀ ਪ੍ਰਤੀ ਕਿੰਨੀ ਨਫਰਤ ਪਲ ਰਹੀ ਹੈ। ਜੇ ਅਜਿਹਾ ਨਾ ਹੁੰਦਾ ਤਾਂ ਉਹ ਕਸ਼ਮੀਰ ਦੇ ਇਤਿਹਾਸ ਦੀ “ਖੋਜ” ਕਰਦਿਆਂ ਉਪਰੋਕਤ ਹਵਾਲਿਆਂ ਨੂੰ ਨਜ਼ਰਅੰਦਾਜ਼ ਕਿਵੇਂ ਕਰ ਸਕਦਾ ਸੀ? ਮੈਂ ਇਹ ਤਾਂ ਕਹਿ ਨਹੀਂ ਸੀ ਰਿਹਾ ਕਿ ਕਸ਼ਮੀਰ ਵਿੱਚ ਸਿੱਖ ਰਾਜ ਦੌਰਾਨ ਕੋਈ ਇੱਕ ਵੀ ਘਟਨਾ ਮਾੜੀ ਨਹੀਂ ਵਾਪਰੀ, ਕਿਉਂਕਿ ਅਜਿਹੀ ਆਸ ਕਰਨੀ ਤਾਂ ਗੈਰ-ਹਕੀਕੀ ਹੈ। ਗਲਤੀਆਂ ਕਿਸੇ ਤੋਂ ਵੀ ਹੋ ਸਕਦੀਆਂ ਹਨ। ਪਰ ਕਸ਼ਮੀਰ ਦੇ ਪਹਿਲਾਂ ਵਾਲੇ ਅਤੇ ਬਾਅਦ ਵਾਲੇ ਸ਼ਾਸਕਾਂ ਦੇ ਮੁਕਾਬਲੇ ਸਿੱਖਾਂ ਦਾ ਰਾਜ-ਪ੍ਰਬੰਧ ਕਿਤੇ ਬਿਹਤਰ ਅਤੇ ਲੋਕ-ਪੱਖੀ ਸੀ।

ਯਾਦਵਿੰਦਰ ਨੇ ਆਪਣੇ ਲੇਖ ਦੇ ਸ਼ੁਰੂ ਵਿੱਚ ਮੰਨਿਆ ਹੈ ਕਿ ‘ਜੇ ਸਿਆਸਤ ਅਤੇ ਵਿਚਾਰ ਭਾਵਨਾਤਮਕ ਵਹਾਅ ’ਚ ਵਹਿ ਜਾਣ ਤਾਂ ਨਾਕਾਰਾਤਮਕ ਭਵਿੱਖ ਸਾਹਮਣੇ ਖੜ੍ਹਾ ਹੁੰਦਾ ਹੈ।’ ਪਰ ਉਨ੍ਹਾਂ ਦਾ ਆਪਣਾ ਲੇਖ ਗੁੱਸੇ ਅਤੇ ਨਫ਼ਰਤ ਦੀਆਂ ਭਾਵਨਾਵਾਂ ਵਿੱਚੋਂ ਪੈਦਾ ਹੋਈਆਂ ਉਲਾਰੂ ਟਿੱਪਣੀਆਂ, ਜਿਨ੍ਹਾਂ ਵਿੱਚੋਂ ਬਹੁਤੀਆਂ ਦੀ ਪ੍ਰਮਾਣਿਕਤਾ ਸਿੱਧ ਕਰਨ ਲਈ ਉਨ੍ਹਾਂ ਕੋਈ ਤਕਲੀਫ ਵੀ ਕਰਨ ਦੀ ਲੋੜ ਨਹੀਂ ਸਮਝੀ, ਨਾਲ ਭਰਿਆ ਪਿਆ ਹੈ। ਮੈਂ ਆਪਣੇ ਪੂਰੇ ਲੇਖ ਵਿੱਚ ਯਾਦਵਿੰਦਰ ਦੀ ਸੁਹਿਰਦਤਾ ’ਤੇ ਕੋਈ ਸ਼ੱਕ ਨਹੀਂ ਸੀ ਕੀਤਾ ਪਰ ਯਾਦਵਿੰਦਰ ਨੇ ਮੇਰੇ ਉੱਤੇ ਆਪਣੀ ਮਨ-ਮਰਜ਼ੀ ਦੇ ਲੇਬਲ ਲਗਾਉਣ ਤੋਂ ਵੀ ਕੋਈ ਝਿਜਕ ਨਹੀਂ ਦਿਖਾਈ। ਪਹਿਲੇ ਹੀ ਪੈਰ੍ਹੇ ਵਿੱਚ ਉਨ੍ਹਾਂ ਮੈਨੂੰ ‘ਉੱਤਰ-ਆਧੁਨਿਕਤਾ ਦਾ ਉਪਾਸਕ’ ਕਿਹਾ ਹੈ। ਕੀ ਉਹ ਮੇਰੇ ਲੇਖ ਦੇ ਹਵਾਲੇ ਰਾਹੀਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਨਗੇ ਕਿ ਮੇਰੇ ਲੇਖ ਦੀ ਕਿਹੜੀ ਸਤਰ ਮੈਨੂੰ ਉੱਤਰ ਆਧੁਨਿਕਤਾ ਦਾ ਉਪਾਸਕ ਸਿੱਧ ਕਰਦੀ ਹੈ। ਮੈਂ ਆਪਣੇ ਲੇਖ ਵਿੱਚ ਬਰਨਾਰਡ ਸਟੀਗਲਰ ਤੋਂ ਬਿਨਾਂ ਕਿਸੇ ਵੀ ਹੋਰ ਸਮਕਾਲੀ ਲੇਖਕ ਦਾ ਹਵਾਲਾ ਨਹੀਂ ਦਿੱਤਾ। ਸਟੀਗਲਰ ਦਾ ਕੰਮ ਤਕਨਾਲੋਜੀ ਦੀ ਫਿਲਾਸਫੀ ਉੱਤੇ ਹੈ, ਜਿਸ ਰਾਹੀਂ ਉਸਨੇ ਸਮਕਾਲੀ ਤਕਨਾਲੋਜੀਕਲ ਸਮਾਜ ਦੀ ਭਰਵੀਂ ਅਲੋਚਨਾ ਕਰਦਿਆਂ ਪੂੰਜੀਵਾਦ ਉੱਤੇ ਹਮਲਾ ਕੀਤਾ ਹੈ ਅਤੇ ਪੂੰਜੀਵਾਦ ਦਾ ਬਦਲ ਲੱਭਣ ਦਾ ਸੱਦਾ ਦਿੱਤਾ ਹੈ। ਉਹ ਉੱਤਰ-ਆਧੁਨਿਕ ਕਿਵੇਂ ਹੋ ਗਿਆ, ਇਹ ਗੱਲ ਮੇਰੀ ਸਮਝ ਵਿੱਚ ਨਹੀਂ ਪਈ। ਬਾਕੀ ਉੱਤਰ ਆਧੁਨਿਕਤਾ ਦੀ ਅਹਿਮੀਅਤ ਬਾਰੇ ਵੀ ਬਹਿਸ ਕੀਤੀ ਜਾ ਸਕਦੀ ਹੈ ਪਰ ਹਾਲ ਦੀ ਘੜੀ ਇਹ ਸਾਡਾ ਵਿਸ਼ਾ ਨਹੀਂ ਹੈ। ਪਹਿਲੇ ਹੀ ਪੈਰ੍ਹੇ ਵਿੱਚ ਯਾਦਵਿੰਦਰ ਨੇ ਇੱਕ ਹੋਰ ਦਾਅਵਾ ਇਹ ਕੀਤਾ ਹੈ ਕਿ ਮੈਂ ‘ਸਿੱਖ ਸ਼ਾਸਕਾਂ, ਸਿੱਖ ਧਰਮ ਅਤੇ ਧਰਮ ਨੂੰ ਮੰਨਣ ਵਾਲੇ ਲੋਕਾਂ ਵਿੱਚ ਲਕੀਰ’ ਨਹੀਂ ਖਿੱਚ ਰਿਹਾ। ਮੈਂ ਸਮਝਦਾ ਹਾਂ ਕਿ ਮੇਰੇ ਲੇਖ ਬਾਰੇ ਇਹ ਨਤੀਜਾ ਉਸਨੇ ਆਪਣੀ ਮਰਜ਼ੀ ਨਾਲ ਹੀ ਕੱਢਿਆ ਹੈ। ਮੈਂ ਤਾਂ ਹਮੇਸ਼ਾ ਹੀ ਪ੍ਰਕਾਸ਼ ਸਿੰਘ ਬਾਦਲ ਅਤੇ ਮਨਮੋਹਣ ਸਿੰਘ ਵਰਗੇ ਲੋਕਾਂ ਅਤੇ ਇਨਸਾਫ ਲਈ ਜੂਝਣ ਵਾਲੇ ਸਿੱਖਾਂ ਨੂੰ ਵੱਖੋ-ਵੱਖਰੀਆਂ ਸ਼੍ਰੇਣੀਆਂ ਵਿੱਚ ਰੱਖਦਾ ਹਾਂ। ਏਨਾ ਹੀ ਨਹੀਂ, ਖਾਲਿਸਤਾਨ ਲਈ ਸੰਘਰਸ਼ ਨੂੰ ਅਜਿਹੇ ਲੋਕਾਂ ਦੇ ਵਿਰੁੱਧ ਸੰਘਰਸ਼ ਵਜੋਂ ਵੀ ਲਿਆ ਜਾ ਸਕਦਾ ਹੈ।

ਯਾਦਵਿੰਦਰ ਨੇ ਦੀਵਾਨ ਮੋਤੀ ਰਾਮ ਵਲੋਂ ਕਸ਼ਮੀਰ ਦੇ ਲੋਕਾਂ ਉੱਤੇ ਕੀਤੀਆਂ ਗਈਆਂ ਜ਼ਿਆਦਤੀਆਂ ਦੀ ਗੱਲ ਕੀਤੀ ਹੈ। ਪਹਿਲੀ ਗੱਲ ਤਾਂ ਇਹ ਕਿ ਦੀਵਾਨ ਮੋਤੀ ਰਾਮ ਸਿੱਖ ਨਹੀਂ ਸੀ। ਫਿਰ ਵੀ ਜੇਕਰ ਉਸ ਵਲੋਂ ਕੀਤੀਆਂ ਗਈਆਂ ਜ਼ਿਆਦਤੀਆਂ ਨੂੰ ਯਾਦਵਿੰਦਰ ਸਿੱਖ ਸ਼ਾਸਕਾਂ ਦੇ ਖਾਤੇ ਵਿੱਚ ਪਾਉਣ ਲਈ ਬਜ਼ਿਦ ਹੈ ਤਾਂ ਉਸਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਦੀਵਾਨ ਮੋਤੀ ਰਾਮ ਵਲੋਂ ਕਸ਼ਮੀਰ ਦੇ ਪ੍ਰਬੰਧ ਵਿੱਚ ਕੀਤੀਆਂ ਜਾ ਰਹੀਆਂ ਕੁਤਾਹੀਆਂ ਦੇ ਮੱਦੇਨਜ਼ਰ ਮਹਾਰਾਜਾ ਰਣਜੀਤ ਸਿੰਘ ਨੇ ਉਸਦੀ ਥਾਂ ਸ. ਹਰੀ ਸਿੰਘ ਨਲੂਆ ਨੂੰ ਕਸ਼ਮੀਰ ਦਾ ਗਵਰਨਰ ਬਣਾ ਕੇ ਭੇਜਿਆ ਸੀ।

ਸ. ਹਰੀ ਸਿੰਘ ਨਲੂਆ ਜਦ ਆਪਣੇ ਕਾਫਲੇ ਸਮੇਤ ਸ੍ਰੀਨਗਰ ਵੱਲ ਵਧ ਰਹੇ ਸਨ ਤਾਂ ਸਥਾਨਕ ਕਸ਼ਮੀਰੀ ਚੌਧਰੀਆਂ ਨੇ ਗਰੀਬ ਲੋਕਾਂ ਨੂੰ ਸ. ਹਰੀ ਸਿੰਘ ਨਲੂਏ ਦਾ ਮਾਲ-ਅਸਬਾਬ ਢੋਣ ਲਈ ਵਗਾਰ ਵਿੱਚ ਫੜਿਆ ਹੋਇਆ ਸੀ। ਜਿਹੜੇ ਲੋਕ ਕੰਮ ਕਰਨ ਤੋਂ ਇਨਕਾਰੀ ਸਨ ਜਾਂ ਕਮਜ਼ੋਰੀ ਕਾਰਨ ਭਾਰ ਨਹੀਂ ਸਨ ਉਠਾ ਸਕਦੇ, ਉਨ੍ਹਾਂ ਨੂੰ ਚੌਧਰੀਆਂ ਵਲੋਂ ਕੁਟਾਪਾ ਚਾੜ੍ਹਿਆ ਜਾਂਦਾ ਸੀ। ਜਦੋਂ ਸ. ਹਰੀ ਸਿੰਘ ਨਲੂਏ ਨੇ ਕੁਝ ਗਰੀਬਾਂ ਦੇ ਇਉਂ ਕੁੱਟ ਪੈਂਦੀ ਦੇਖੀ ਤਾਂ ਉਨ੍ਹਾਂ ਨੇ ਚੌਧਰੀਆਂ ਨੂੰ ਬੁਲਾ ਕੇ ਇਸ ਦਾ ਕਾਰਨ ਪੁੱਛਿਆ। ਚੌਧਰੀਆਂ ਨੇ ਦੱਸਿਆ ਕਿ ਇਹ ਵਗਾਰ ਵਿੱਚ ਫੜ੍ਹੇ ਹੋਏ ਲੋਕ ਹਨ ਅਤੇ ਕੰਮ ਕਰਨ ਤੋਂ ਇਨਕਾਰੀ ਹਨ। ਇਹ ਸੁਣ ਕੇ ਸ. ਹਰੀ ਸਿੰਘ ਨਲੂਆ ਨੇ ਕਾਫਲੇ ਨੂੰ ਉੱਥੇ ਹੀ ਕਿਆਮ ਕਰਨ ਦਾ ਹੁਕਮ ਕਰ ਦਿੱਤਾ ਅਤੇ ਕਿਹਾ ਕਿ ਜਿੰਨਾ ਚਿਰ ਮਾਲ-ਅਸਬਾਬ ਢੋਣ ਲਈ ਡੰਗਰਾਂ ਦਾ ਪ੍ਰਬੰਧ ਨਹੀਂ ਹੋ ਜਾਂਦਾ ਓਨਾ ਚਿਰ ਅੱਗੇ ਨਹੀਂ ਵਧਿਆ ਜਾਵੇਗਾ। ਉੱਥੇ ਬੈਠਿਆਂ ਹੀ ਉਨ੍ਹਾਂ ਹੁਕਮ ਜਾਰੀ ਕੀਤਾ ਕਿ ਅੱਜ ਤੋਂ ਬਾਅਦ ਕਿਸੇ ਨੂੰ ਵੀ ਵਗਾਰ ਵਿੱਚ ਨਾ ਫੜ੍ਹਿਆ ਜਾਵੇ। ਜੇਕਰ ਕਿਸੇ ਤੋਂ ਕੰਮ ਕਰਵਾਉਣਾ ਹੈ ਤਾਂ ਉਸਨੂੰ ਪੂਰਾ ਮਿਹਨਤਾਨਾ ਵੀ ਦਿੱਤਾ ਜਾਵੇ। ਗਰੀਬ ਅਤੇ ਮਜ਼ਲੂਮ ਲੋਕਾਂ ਪ੍ਰਤੀ ਰਹਿਮਦਿਲ ਰਵੱਈਆ ਰੱਖਣ ਵਾਲਾ ਸ਼ਖਸ ਅੱਤਿਆਚਾਰੀ ਕਿਵੇਂ ਹੋ ਸਕਦਾ ਹੈ? ਉਪਰੋਕਤ ਘਟਨਾ ਦਾ ਵੇਰਵਾ ਸੁਰਿੰਦਰ ਸਿੰਘ ਜੌਹਰ ਦੀ ਕਿਤਾਬ ‘ਹਰੀ ਸਿੰਘ ਨਲੂਆ’ ਵਿੱਚ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਗਾਰ ਦੀ ਇਹ ਪ੍ਰਥਾ ਕਸ਼ਮੀਰ ਵਿੱਚ ਹਿੰਦੂ ਰਾਜੇ ਸ਼ੰਕਰ ਵਰਮਾ ਦੇ ਸਮੇਂ ਵਿੱਚ 907 ਈ. ਤੋਂ ਚਲਦੀ ਆ ਰਹੀ ਸੀ। ਇਸਦਾ ਖਾਤਮਾ ਸਿੱਖ ਰਾਜ ਵੇਲੇ ਹੋਇਆ। ਯਾਦਵਿੰਦਰ ਨੇ ਮਾਲੀਆ ਘਟਾਉਣ ਅਤੇ ਵਗਾਰ ਖਤਮ ਕਰਨ ਦੀ ਤੁਲਨਾ ਮੁਗਲਾਂ ਵਲੋਂ ਬੁਨਿਆਦਾ ਢਾਂਚਾ (ਨਹਿਰਾਂ, ਸੜਕਾਂ, ਖੂਹ, ਖੇਤੀ) ਉਸਾਰੇ ਜਾਣ ਨਾਲ ਕੀਤੀ ਹੈ ਅਤੇ ਦੋਹਾਂ ਨੂੰ ਇੱਕੋ ਜਿਹੇ ਕਦਮ ਗਰਦਾਨਿਆ ਹੈ। ਆਪਣੀ ਸਿੱਖ-ਵਿਰੋਧੀ ਨਫਰਤ ਕਾਰਣ ਉਹ ਏਨਾ ਅੰਨ੍ਹਾ ਹੋ ਚੁੱਕਾ ਹੈ ਕਿ ਉਸਨੂੰ ਇਨ੍ਹਾਂ ਦੋਹਾਂ ਅਮਲਾਂ ਵਿਚਲਾ ਬੁਨਿਆਦੀ ਫਰਕ ਵੀ ਨਜ਼ਰ ਨਹੀਂ ਆਉਂਦਾ। ਬੁਨਿਆਦੀ ਢਾਂਚਾ ਹਕੂਮਤ ਦੀ ਆਮਦਨ ਵਧਾਉਣ ਲਈ ਖੜ੍ਹਾ ਕੀਤਾ ਜਾਂਦਾ ਹੈ ਨਾ ਕਿ ਲੋਕਾਂ ਦੀ ਬਿਹਤਰੀ ਲਈ। ਜਦੋਂ ਕਿ ਮਾਲੀਆ ਘਟਾਉਣ ਅਤੇ ਵਗਾਰ ਖਤਮ ਕਰਨ ਨਾਲ ਰਾਜ ਦੀ ਆਮਦਨ ਘਟਦੀ ਹੈ। ਕਿਸੇ ਵੀ ਰਾਜ-ਪ੍ਰਬੰਧ ਨੇ ਅਜਿਹੇ ਕਦਮਾਂ ਰਾਹੀਂ ਹੀ ਲੋਕਾਂ ਦਾ ਜੀਵਨ ਸੌਖਾ ਕਰਨਾ ਹੁੰਦਾ ਹੈ।

ਯਾਦਵਿੰਦਰ ਦੀ ‘ਦਿਆਨਤਦਾਰੀ’ ਦੀ ਇੱਕ ਹੋਰ ਮਿਸਾਲ ਦੇਖੋ, ਆਪਣੇ ਲੇਖ ਵਿੱਚ ਉਸਨੇ ਗਵਾਸ਼ਾ ਨਾਥ ਕੌਲ ਦੀ ਕਿਤਾਬ “ਕਸ਼ਮੀਰ ਦੈਨ ਐਂਡ ਨਾਓ” ਦਾ ਹਵਾਲਾ ਦਿੰਦਿਆਂ ਸਿੱਖ ਰਾਜ ਦੌਰਾਨ ਜਨਤਾ ਦੇ ਮਾੜੇ ਹਾਲਾਂ ਦਾ ਵੇਰਵਾ ਦਰਜ ਕੀਤਾ ਹੈ। ਜਦੋਂ ਕਿ ਅਸਲੀਅਤ ਵਿੱਚ ਗਵਾਸ਼ਾ ਨਾਥ ਕੌਲ ਨੇ ਉਕਤ ਹਾਲਾਤ 1920ਵਿਆਂ ਦੇ ਸ੍ਰੀਨਗਰ ਸ਼ਹਿਰ ਦੇ ਬਾਰੇ ਦਰਜ ਕੀਤੇ ਹਨ ਜਦੋਂ ਸਿੱਖ ਰਾਜ ਨੂੰ ਖਤਮ ਹੋਇਆਂ 70 ਵਰ੍ਹੇ ਤੋਂ ਵੀ ਵੱਧ ਸਮਾਂ ਹੋ ਚੁੱਕਾ ਸੀ। ਉਸ ਸਮੇਂ ਕਸ਼ਮੀਰ ਦਾ ਹਾਕਮ ਹਰੀ ਸਿੰਘ ਡੋਗਰਾ ਸੀ, ਜੋ ਕਿ ਇੱਕ ਹਿੰਦੂ ਸੀ। ਇਸੇ ਤਰ੍ਹਾਂ ਰਿਚਰਡ ਸਾਇਮੰਡਜ਼ ਦਾ ਹਵਾਲਾ ਵੀ 20ਵੀਂ ਸਦੀ ਦੇ ਡੋਗਰਾ ਰਾਜ ਸਬੰਧੀ ਹੈ ਨਾ ਕਿ ਸਿੱਖ ਰਾਜ ਸਬੰਧੀ। ਹੈਰਾਨੀ ਵਾਲੀ ਗੱਲ ਹੈ ਕਿ ਤੱਥਾਂ ਦੀ ਏਨੀ ਤੋੜ-ਮਰੋੜ ਕਰਨ ਵਾਲੇ ਲੋਕ ਵੀ ਆਪਣੇ-ਆਪ ਨੂੰ ਮਨੁੱਖਤਾ ਦੇ ਅਲੰਬਰਦਾਰ ਅਖਵਾਉਂਦੇ ਹਨ। ਅਜਿਹਾ ਉਦੋਂ ਵਾਪਰਦਾ ਹੈ ਜਦੋਂ ਇਤਿਹਾਸਕ ਹਵਾਲਿਆਂ ਦੀ ਖੋਜ ਕਰਨ ਦੀ ਜਗ੍ਹਾ ਕੋਈ ‘ਖੋਜਕਾਰ’ ਹਵਾਲਿਆਂ ਵਿੱਚੋਂ ਹਵਾਲੇ ਲੱਭ ਕੇ ਬੁੱਤਾ ਸਾਰਨ ਦਾ ਯਤਨ ਕਰਦਾ ਹੈ। ਮੈਂ ਇਸੇ ਗੱਲ ਉੱਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਕਾਮਰੇਡ ਸਿੱਖੀ ਦਾ ਵਿਰੋਧ ਕਰਨ ਲਈ ਏਨਾ ਹੇਠਾਂ ਡਿੱਗ ਜਾਂਦੇ ਹਨ ਕਿ ਇਤਿਹਾਸ ਨੂੰ ਤੋੜਨ-ਮਰੋੜਨ ਤੱਕ ਚਲੇ ਜਾਂਦੇ ਹਨ। ਅਜਿਹੀ ਹੋਛੀ ਜਿੱਦਬਾਜ਼ੀ ਨੇ ਪਿਛਲੀ ਅੱਧੀ ਸਦੀ ਦੌਰਾਨ ਪੰਜਾਬ ਦਾ ਬੇਹੱਦ ਨੁਕਸਾਨ ਕੀਤਾ ਹੈ। ਸਿੱਖਾਂ ਕੋਲ ਬੌਧਿਕ ਜਮਾਤ ਨਾ ਹੋਣ ਕਾਰਨ ਕਾਮਰੇਡਾਂ ਨੇ ਆਪਣੀ ਮਰਜ਼ੀ ਨਾਲ ਇਤਿਹਾਸ ਦੀ ਵਿਆਖਿਆ ਕਰ ਦਿੱਤੀ। ਇਸੇ ਵਰਤਾਰੇ ਵਿੱਚੋਂ ਪੰਜਾਬ ਦਾ ਅਜੋਕਾ ਮਾਹੌਲ ਪੈਦਾ ਹੋਇਆ ਹੈ, ਜਿਸ ਵਿੱਚ ਲੋਕਾਂ ਨੂੰ ਲੁੱਟ ਕੇ ਖਾਣ ਵਾਲੇ ਬਾਦਲਦਲੀਏ ਅਤੇ ਕਾਂਗਰਸੀ ਪੰਜਾਬ ਦੇ ਲੋਕਾਂ ਦੀ ਰਾਜਸੀ ਪ੍ਰਤੀਨਿਧਤਾ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ ਹਨ। 1978 ਤੋਂ ਬਾਅਦ ਪੰਜਾਬ ਵਿੱਚ ਉੱਠੀ ਸਿੱਖ ਸੰਘਰਸ਼ ਦੀ ਲਹਿਰ ਨੇ ਦਿੱਲੀ ਦਰਬਾਰ ਨੂੰ ਭਾਜੜਾਂ ਪਾ ਦਿੱਤੀਆਂ ਸਨ ਪਰ ਦਿੱਲੀ ’ਤੇ ਹਕੂਮਤ ਕਰ ਰਹੇ ਬ੍ਰਾਹਮਣ-ਬਾਣੀਆ ਗੱਠਜੋੜ ਨੇ ਪੰਜਾਬ ਦੇ ਕਾਮਰੇਡਾਂ ਨੂੰ ਵਰਤ ਕੇ ਇਸ ਲਹਿਰ ਨੂੰ ਕੁਚਲ ਕੇ ਹੀ ਸਾਹ ਲਿਆ।ਕੀ ਪੰਜਾਬ ਦੇ ਕਾਮਰੇਡਾਂ ਨੇ ਆਪਣੇ ਇਸ ਗੁਨਾਹ ਲਈ ਪੰਜਾਬ ਦੇ ਲੋਕਾਂ ਤੋਂ ਕਦੇ ਮੁਆਫੀ ਮੰਗੀ ਹੈ?

ਬਾਕੀ ਰਹੀ ਗੱਲ ਵਿਲੀਅਮ ਪੂਰਕਰੌਫਟ ਦੇ ਹਵਾਲੇ ਦੀ। ਮੂਰਕਰੌਫਟ ਈਸਟ ਇੰਡੀਆ ਕੰਪਨੀ ਦਾ ਮੁਲਾਜ਼ਮ ਸੀ। ਉਹ ਕਸ਼ਮੀਰ ਵਿੱਚ ਸੈਰ ਕਰਨ ਲਈ ਨਹੀਂ ਗਿਆ ਸੀ, ਸਗੋਂ ਅੰਗਰੇਜ਼ ਬਸਤੀਵਾਦੀ ਹਾਕਮਾਂ ਦਾ ਨੌਕਰ ਬਣ ਕੇ ਉਨ੍ਹਾਂ ਦੇ ਕੰਮ ਕਰਨ ਗਿਆ ਸੀ। ਅੰਗਰੇਜ਼ ਹਾਕਮਾਂ ਨੇ ਬਹੁਤ ਜਲਦੀ ਹੀ ਇਹ ਪ੍ਰਤੀਤ ਕਰ ਲਿਆ ਸੀ ਕਿ ਭਾਰਤ ਵਿੱਚ ਸਭ ਤੋਂ ਵੱਡੀ ਤਾਕਤ ਸਿੱਖ ਰਾਜ ਹੈ। ਇਸ ਲਈ ਸਿੱਖ ਰਾਜ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਉਨ੍ਹਾਂ ਨੇ ਬਹੁਤ ਪਹਿਲਾਂ ਹੀ ਘੜਨੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸੇ ਮਕਸਦ ਨਾਲ ਉਨ੍ਹਾਂ ਸਰ ਸਈਅਦ ਅਹਿਮਦ ਬਰੇਲਵੀ ਨੂੰ ਸਿੱਖ ਰਾਜ ਵਿਰੁੱਧ ਜਹਾਦ ਛੇੜਨ ਲਈ ਉਕਸਾਇਆ ਅਤੇ ਉਸਦੀ ਮਦਦ ਕੀਤੀ। ਅੰਗਰੇਜ਼ਾਂ ਦਾ ਮਕਸਦ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਫੁੱਟ ਪਾ ਕੇ ਮੁਸਲਮਾਨਾਂ ਨੂੰ ਸਿੱਖ ਰਾਜ ਦੇ ਵਿਰੁੱਧ ਆਪਣੀ ਲੜਾਈ ਵਿੱਚ ਵਰਤਣਾ ਸੀ।
ਮੂਰਕਰੌਫਟ ਵੀ ਈਸਟ ਇੰਡੀਆ ਕੰਪਨੀ ਦਾ ਮੁਲਾਜ਼ਮ ਹੋਣ ਕਰਕੇ ਇਸੇ ਮਕਸਦ ਨੂੰ ਸਾਹਮਣੇ ਰੱਖ ਕੇ ਲਿਖ ਰਿਹਾ ਸੀ। ਇਸ ਦੇ ਮੁਕਾਬਲੇ ਗੈਰ-ਬਰਤਾਨਵੀ ਲੇਖਕ ਵੌਨ ਹੂਗਲ ਦੀ ਗਵਾਹੀ ਜ਼ਿਆਦਾ ਭਰੋਸੇਯੋਗ ਹੈ, ਜਿਸਨੇ ਸਿੱਖ-ਰਾਜ ਦੇ ਹੱਕ ਵਿੱਚ ਲਿਖਿਆ ਹੈ।

ਯਾਦਵਿੰਦਰ ਨੇ ਦਾਅਵਾ ਕੀਤਾ ਹੈ ਕਿ ਉਸਨੇ ‘ਐਮ. ਐਲ. ਦੀਆਂ ਲਗਭਗ ਸਾਰੀਆਂ ਧਿਰਾਂ ਦੀ ਸਿਆਸਤ ਦੇ ਅਮਲ ਨੂੰ ਨੇੜਿਓਂ ਵੇਖਿਆ ਹੈ, ਕਿਤੇ ਕਿਸੇ ਦੇ ਮੂੰਹੋਂ ਇੱਕ ਸ਼ਬਦ ਵੀ ਸਿੱਖੀ ਵਿਰੋਧੀ ਨਿਕਲਦਾ ਨਹੀਂ ਵੇਖਿਆ।’ ਉਸਦਾ ਕਹਿਣਾ ਹੈ ਕਿ, ‘ਕਿਸੇ ਬੇਵਕੂਫ ਕਾਮਰੇਡ ਦੇ ਇੱਕ ਅੱਧੇ ਬਿਆਨ ਨੂੰ ਸਿੱਖਾਂ ਪ੍ਰਤੀ ਨਫਰਤ ਦਾ ਨਾਂਅ ਦੇਣਾ ਹੈ ਤਾਂ ਕੁਝ ਨਹੀਂ ਕਿਹਾ ਜਾ ਸਕਦਾ।’ ਪਾਸ਼ ਸਿੱਖ ਜੁਝਾਰੂਆਂ ਲਈ ‘ਭਿੰਡਰਾਂਵਾਲੇ ਦੀ ਲਗੌੜ’ ਅਤੇ ‘ਖਾਲਿਸਤਾਨੀ ਦਹਿਸ਼ਤਗਰਦ’ ਵਰਗੇ ਸ਼ਬਦ ਵਰਤਦਾ ਸੀ।ਇਹ ਨਫਰਤ ਨਹੀਂ ਤਾਂ ਹੋਰ ਕੀ ਹੈ? ਜਾਂ ਫਿਰ ਅਸੀਂ ਪਾਸ਼ ਨੂੰ ਯਾਦਵਿੰਦਰ ਦੇ ਦੱਸੇ ਮੁਤਾਬਕ ‘ਇੱਕ-ਅੱਧਾ ਬੇਵਕੂਫ ਕਾਮਰੇਡ’ ਮੰਨ ਲਈਏ।ਸਿੱਖ ਜੁਝਾਰੂਆਂ ਪ੍ਰਤੀ ਪਾਸ਼ ਤੇ ਉਸਦੇ ਸਾਥੀਆਂ ਦਾ ਕੀ ਰਵੱਈਆ ਸੀ, ਇਹ ਤਾਂ ਕਿਸੇ ਤੋਂ ਲੁਕਿਆ ਨਹੀਂ।ਬਾਕੀ ਦਿੱਲੀ ਵਿੱਚ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਬਾਰੇ ਪੀ. ਯੂ. ਸੀ. ਐਲ. ਨੇ ਸ਼ਲਾਘਾਯੋਗ ਕੰਮ ਕੀਤਾ ਸੀ। ਪਰ ਮੇਰੇ ਪਿਛਲੇ ਲੇਖ ਵਿੱਚ ਟਿੱਪਣੀਆਂ ਪੰਜਾਬੀ ਕਾਮਰੇਡਾਂ ਬਾਰੇ ਕੀਤੀਆਂ ਸਨ ਨਾ ਕਿ ਸਾਰੇ ਕਾਮਰੇਡਾਂ ਬਾਰੇ।

ਮਹਾਰਾਜਾ ਰਣਜੀਤ ਸਿੰਘ ਵਿੱਚ ਬਥੇਰੇ ਸ਼ਖਸੀ ਔਗੁਣ ਸਨ। ਅਜਿਹੇ ਔਗੁਣ ਸਿੱਖ ਰਾਜ ਨਾਲ ਸਬੰਧਿਤ ਹੋਰ ਵਿਅਕਤੀਆਂ ਵਿੱਚ ਵੀ ਸਨ। ਪਰ ਉਦੋਂ ਦਾ ਸਮਾਜ ਇਨ੍ਹਾਂ ਔਗੁਣਾਂ ਵਿੱਚ ਗ੍ਰਸਤ ਨਹੀਂ ਸੀ। ਜੋ ਕੁਝ ਪੰਜਾਬ ਵਿੱਚ ਅੱਜ ਚੱਲ ਰਿਹਾ ਹੈ ਉਸਨੂੰ ਕੁਝ ਕੁ ਲੋਕਾਂ ਦੇ ਗਲਤ ਵਿਹਾਰ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਪੂੰਜੀਵਾਦੀ ਸਿਸਟਮ ਨੇ ਮੁਨਾਫਾ ਵਧਾਉਣ ਖਾਤਰ ਉਪਭੋਗੀ ਮਾਨਸਿਕਤਾ ਤਿਆਰ ਕਰਨ ਲਈ ਪੂਰੇ ਦੇ ਪੂਰੇ ਸਮਾਜ ਅੰਦਰ ਆਪਣੇ ਬੇਅੰਤ ਸਾਧਨਾਂ ਰਾਹੀਂ ਇਹ ਔਗੁਣ ਲਿਆਉਣ ਦੀ ਮੁਹਿੰਮ ਵਿੱਢੀ ਹੋਈ ਹੈ। ਮਨੁੱਖਾਂ ਵਿੱਚ ਔਗੁਣ ਤਾਂ ਪੁਰਾਤਨ ਸਮੇਂ ਤੋਂ ਹੀ ਪਾਏ ਜਾਂਦੇ ਹਨ। ਪਰ ਇਸ ਬਹਾਨੇ ਨਾਲ ਪੂੰਜੀਵਾਦੀ ਸਿਸਟਮਾਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਜੇ ਕੋਈ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਜਿਹਾ ਕਰਨ ਨਾਲ ਪੂੰਜੀਵਾਦ ਨਾਲ ਉਸਦੀ ਸਾਂਝ-ਭਿਆਲੀ ਹੀ ਨੰਗੀ ਹੋਵੇਗੀ। ਜੇਕਰ ਮੈਂ ਅਜੋਕੇ ਪੂੰਜੀਵਾਦ ਦੀ ਅਲੋਚਨਾ ਲਈ ਸਟੀਗਲਰ ਦਾ ਹਵਾਲਾ ਦੇ ਦਿੱਤਾ ਤਾਂ ਕੋਈ ਗੁਨਾਹ ਤਾਂ ਨਹੀਂ ਕਰ ਲਿਆ। ਕੀ ਸਮਕਾਲੀ ਲੇਖਕਾਂ ਦੇ ਹਵਾਲੇ ਦੇਣੇ ਹੀ ਗਲਤ ਗੱਲ ਹੈ? ਜੇ ਯਾਦਵਿੰਦਰ ਨੂੰ ਵਾਕਿਆ ਹੀ ਇਹ ਭੁਲੇਖਾ ਹੈ ਕਿ ਹਰ ਇੱਕ ਸਮਕਾਲੀ ਲੇਖਕ ਉੱਤਰ-ਆਧੁਨਿਕ ਹੈ, ਤਾਂ ਉਸਨੂੰ ਲਿਖਣਾ ਛੱਡ ਕੇ ਕੁਝ ਚਿਰ ਲਈ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ?

1849 ਤੋਂ ਬਾਅਦ ਹੁਣ ਤੱਕ ਸਿੱਖ ਆਪਣੀ ਆਜ਼ਾਦੀ ਦਾ ਸੰਘਰਸ਼ ਲੜਦੇ ਆ ਰਹੇ ਹਨ।ਇਸ ਸਾਰੇ ਸਮੇਂ ਦੌਰਾਨ ਕਦੇ ਇੱਕ ਦਿਨ ਲਈ ਵੀ ਸਿੱਖਾਂ ਦੇ ਹੱਥ ਪੰਜਾਬ ਦਾ ਰਾਜ ਨਹੀਂ ਆਇਆ।ਜਿਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਪੰਜਾਬ ਦਾ ਰਾਜ ਆਇਆ ਹੈ, ਉਹ ਸਿੱਖਾਂ ਦੇ ਭੇਸ ਵਿੱਚ ਹਕੂਮਤ ਦੇ ਹੱਥਠੋਕੇ ਹਨ।ਪਿਛਲੇ ਤਿੰਨ ਦਹਾਕਿਆਂ ਤੋਂ ਲੜਿਆ ਜਾ ਰਿਹਾ ਸਿੱਖ ਸੰਘਰਸ਼ ਦਿੱਲੀ ਦਰਬਾਰ ਦੇ ਨਾਲ-ਨਾਲ ਸਿੱਖੀ ਦੇ ਭੇਸ ਵਿੱਚ ਲੁਕੇ ਹੋਏ ਪਾਖੰਡੀਆਂ ਦੇ ਵਿਰੁੱਧ ਵੀ ਹੈ। ਸੰਘਰਸ਼ ਦੌਰਾਨ ਸਾਰੇ ਸਿੱਖਾਂ ਨੇ ਭਰਵੇਂ ਰੂਪ ਵਿੱਚ ਬਾਦਲ-ਟੌਹੜਾ ਜੁੰਡਲੀ ਦੇ ਮੌਕਾਪ੍ਰਸਤ ਸਿਆਸਤਦਾਨਾਂ ਨੂੰ ਰੱਦ ਕੀਤਾ। 1989 ਦੀਆਂ ਵੋਟਾਂ ਵਿੱਚ ਇਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋਣ ਦਾ ਵੀ ਇਹੀ ਕਾਰਣ ਸੀ। ਪਰ ਸਿੱਖਾਂ ਕੋਲ ਆਪਣੀ ਬੌਧਿਕ ਪ੍ਰਤੀਨਿਧਤਾ ਨਾ ਹੋਣ ਦਾ ਖਮਿਆਜ਼ਾ ਸਿੱਖ ਸੰਘਰਸ਼ ਨੂੰ ਭੁਗਤਣਾ ਪਿਆ। ਪੰਜਾਬ ਦੇ ਕਾਮਰੇਡਾਂ, ਜਿਨ੍ਹਾਂ ਦੀ ਪੰਜਾਬ ਦੀ ਬੌਧਿਕਤਾ ਉੱਤੇ ਅਜਾਰੇਦਾਰੀ ਸੀ, ਨੇ ਸਿੱਖ ਸੰਘਰਸ਼ ਨੂੰ ਫਿਰਕੂ ਅਤੇ ਦਹਿਸ਼ਤਗਰਦ ਸਿੱਧ ਕਰਨ ਆਪਣਾ ਪੂਰਾ ਤਾਣ ਲਾਇਆ। ਜ਼ਾਹਰ ਤੌਰ ਉੱਤੇ ਅਜਿਹਾ ਕਰਨ ਨਾਲ ਇਨ੍ਹਾਂ ਨੂੰ ਹਕੂਮਤ ਦੀ ਖੁਸ਼ਨੂਦੀ ਹਾਸਲ ਹੁੰਦੀ ਸੀ। ਸਿੱਖ ਸੰਘਰਸ਼ ਦੇ ਮੱਠੇ ਪੈਣ ਦਾ ਵੀ ਇੱਕ ਕਾਰਣ ਪੰਜਾਬ ਦੇ ਕਾਮਰੇਡਾਂ ਵਲੋਂ ਇਸ ਵਿਰੁੱਧ ਕੀਤਾ ਗਿਆ ਝੂਠਾ ਪ੍ਰਾਪੇਗੰਡਾ ਹੈ। ਜਿੱਥੋਂ ਤੱਕ ਸਿੱਖੀ ਦੇ ਕਿਰਤ ਕਰੋ, ਵੰਡ ਛਕੋ ਦੇ ਸਿਧਾਤਾਂ ਦੀ ਪ੍ਰੋੜਤਾ ਕਰਨ ਦਾ ਸਵਾਲ ਹੈ, ਅਜਿਹਾ ਸਿਰਫ ਨੀਤੀ ਵਜੋਂ ਕੀਤਾ ਗਿਆ ਤਾਂ ਕਿ ਲੋਕ ਮਨਾਂ ਵਿੱਚ ਗਹਿਰੀ ਵਸੀ ਹੋਈ ਸਿੱਖ ਸ਼ਬਦਾਵਲੀ ਨੂੰ ਵਰਤ ਕੇ ਆਪਣੇ ਸਿਆਸੀ ਪ੍ਰੋਗਰਾਮ ਨੂੰ ਅੱਗੇ ਤੋਰਿਆ ਜਾ ਸਕੇ। ਅਜਿਹੀ ਹੀ ਨੀਤੀ ਦਾ ਮੁਜ਼ਾਹਰਾ ਸੀ. ਪੀ. ਆਈ. ਵਲੋਂ ਵੀ ਪਿੱਛੇ ਜਿਹੇ ਜਲੰਧਰ ਵਿਖੇ ਕੀਤਾ ਗਿਆ ਸੀ। ਜਦੋਂ ਉਨ੍ਹਾਂ ਇੱਕ ਰੈਲੀ ਵਿੱਚ ਮਾਰਕਸ ਅਤੇ ਲੈਨਨ ਦੀਆਂ ਤਸਵੀਰਾਂ ਦੇ ਬਰਾਬਰ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਲਗਾਈਆਂ ਸਨ। ਕੀ ਇਹਦਾ ਮਤਲਬ ਇਹ ਮੰਨ ਲਈਏ ਕਿ ਸੀ. ਪੀ. ਆਈ. ਦੀ ਸਿੱਖੀ ਪ੍ਰਤੀ ਪਹੁੰਚ ਵਿੱਚ ਬੁਨਿਆਦੀ ਤਬਦੀਲੀ ਆ ਚੁੱਕੀ ਹੈ।

ਕੌਮੀਅਤ ਬਾਰੇ ਗੱਲ ਕਰਦਿਆਂ ਯਾਦਵਿੰਦਰ ਨੇ ਦਸ ਬਾਰਾਂ ਚਿੰਤਕਾਂ ਦੇ ਨਾਮ ਲਏ ਹਨ ਪਰ ਉਹ ਕੌਮੀਅਤ ਬਾਰੇ ਕੀ ਸੋਚਦੇ ਹਨ, ਇਹ ਨਹੀਂ ਦੱਸਿਆ। ਇਸਨੂੰ ਅੰਗਰੇਜ਼ੀ ਵਿੱਚ ਨੇਮ-ਡਰੌਪਿੰਗ ਕਹਿੰਦੇ ਹਨ, ਜਿਸਦਾ ਮਕਸਦ ਬਹੁਤ ਸਾਰੇ ਚਿੰਤਕਾਂ ਦੇ ਨਾਂ ਲੈ ਕੇ ਪਾਠਕਾਂ ਅੰਦਰ ਆਪਣੀ ਵਿਦਵਤਾ ਦੀ ਧੌਂਸ ਜਮਾਉਣਾ ਹੁੰਦਾ ਹੈ। ਜੇ ਕਾਰਲ ਮਾਰਕਸ ਕੌਮੀਅਤਾਂ ਦੀ ਲੜਾਈ ਦੇ ਹੱਕ ਵਿੱਚ ਗੱਲ ਕਰਦਾ ਹੈ ਤਾਂ ਸਟਾਲਿਨ ਨੂੰ ਕੀ ਹੋ ਗਿਆ ਸੀ ਕਿ ਉਸਨੇ ਰੂਸ ਵਿੱਚ ਕੌਮੀਅਤਾਂ ਦਾ ਘਾਣ ਕੀਤਾ? 30 ਲੱਖ ਯੁਕਰੇਨੀਅਨਾਂ ਨੂੰ ਮਾਰ ਕੇ ਉਨ੍ਹਾਂ ਦੀ ਨਸਲਕੁਸ਼ੀ ਕੀਤੀ।

ਜੇ ਯਾਦਵਿੰਦਰ ਨੇ ਇਹ ਮੰਨਿਆ ਹੈ ਕਿ ਆਨੰਦਪੁਰ ਸਾਹਿਬ ਦਾ ਪਹਿਲਾ ਮਤਾ ਕੌਮੀਅਤਾਂ ਦੀ ਲੜਾਈ ਦੀ ਤਰਜਮਾਨੀ ਕਰਦਾ ਹੈ ਤਾਂ ਉਸਨੂੰ ਇਹ ਮੰਨਣ ਤੋਂ ਵੀ ਝਿਜਕ ਨਹੀਂ ਦਿਖਾਉਣੀ ਚਾਹੀਦੀ ਕਿ ਪੰਜਾਬ ਦੇ ਕਾਮਰੇਡਾਂ ਨੇ ਉਸ ਮਤੇ ਲਈ ਚੱਲੇ ਸੰਘਰਸ਼ ਵਿੱਚ ਕੋਈ ਹਿੱਸਾ ਨਹੀਂ ਪਾਇਆ ਸਗੋਂ ਉਸ ਸੰਘਰਸ਼ ਦੇ ਵਿਰੁੱਧ ਭੁਗਤੇ ਹਨ।

ਪੰਜਾਬ ਦੀ ਤ੍ਰਾਸਦੀ ਇਹ ਹੈ ਕਿ ਇੱਥੋਂ ਦੇ ਬੌਧਿਕ ਵਰਗ ਨੇ ਨਾ ਇਸ ਧਰਤੀ ਦੀ ਪੀੜ ਨੂੰ ਚੰਗੀ ਤਰ੍ਹਾਂ ਪਛਾਣਿਆ ਹੈ ਅਤੇ ਨਾ ਹੀ ਆਪਣੇ ਫਰਜ਼ ਨੂੰ ਇਮਾਨਦਾਰੀ ਨਾਲ ਨਿਭਾਇਆ ਹੈ। ਉੱਤਰ-ਆਧੁਨਿਕਤਾ ਬਾਰੇ ਵੀ ਪੰਜਾਬੀ ਵਿਦਵਾਨਾਂ ਨੇ ਬਹੁਤਾ ਕਰਕੇ ਪੇਤਲੀ ਪਹੁੰਚ ਹੀ ਅਪਣਾਈ ਹੈ। ਬਹੁਤੇ ਵਿਦਵਾਨ ਤਾਂ ਹਰ ਇੱਕ ਸਮਕਾਲੀ ਯੂਰਪੀ ਲੇਖਕ ਨੂੰ ਹੀ ਉੱਤਰ-ਆਧੁਨਿਕ ਮੰਨ ਲੈਂਦੇ ਹਨ। ਉਨ੍ਹਾਂ ਅਨੁਸਾਰ ਜਿਹੜਾ ਵੀ ਸਮਕਾਲੀ ਲੇਖਕ ਮਾਰਕਸਵਾਦੀ ਨਹੀਂ ਹੈ, ਉਹ ਉੱਤਰ-ਆਧੁਨਿਕ ਹੈ। ਮੇਰੇ ਸਟੀਗਲਰ ਦੇ ਹਵਾਲੇ ਦੇ ਆਧਾਰ ਉੱਤੇ ਹੀ ਮੈਨੂੰ ‘ਉਤਰ-ਆਧੁਨਿਕਤਾ ਦਾ ਉਪਾਸਕ’ ਕਹਿ ਕੇ ਯਾਦਵਿੰਦਰ ਵੀ ਅਜਿਹਾ ਹੀ ਕਰ ਰਿਹਾ ਹੈ। ਉਤਰ-ਆਧੁਨਿਕ ਫਲਸਫੇ ਪ੍ਰਤੀ ਅਲੋਚਨਾਤਮਕ ਰਵੱਈਆ ਰੱਖਣਾ ਕੋਈ ਮਾੜੀ ਗੱਲ ਨਹੀਂ ਅਤੇ ਰੱਖਣਾ ਚਾਹੀਦਾ ਵੀ ਹੈ। ਮੈਂ ਖੁਦ ਵੀ ਅਜਿਹਾ ਹੀ ਰਵੱਈਆ ਰੱਖਦਾ ਹਾਂ।ਪਰ ਅਲੋਚਨਾਤਮਕ ਹੋਣ ਤੋਂ ਪਹਿਲਾਂ ਕਿਸੇ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ। ਬਗੈਰ ਸਮਝ ਦੇ ਕੀਤੀ ਅਲੋਚਨਾ ਦੀ ਪੜ੍ਹੇ-ਲਿਖੇ ਬੰਦਿਆਂ ਲਈ ਤਾਂ ਕੋਈ ਤੁਕ ਨਹੀਂ ਬਣਦੀ, ਹਾਂ ਪੰਜਾਬੀ ਕਾਮਰੇਡ ਇਸ ਕਲਾ ਦੇ ਪੂਰੇ ਮਾਹਰ ਹਨ। ਉਹ ਆਪਣੀ ਬਕਵਾਸਬਾਜ਼ੀ ਦੀ ਤੁਕ ਬਣਾਉਣ ਲਈ ਕਿਸੇ ਵੀ ਪੱਧਰ ’ਤੇ ਜਾ ਸਕਦੇ ਹਨ। ਜਨਾਬ ਦੀ ਜਾਣਕਾਰੀ ਲਈ ਦੋ ਪ੍ਰਮੁੱਖ ਉਤਰ-ਆਧੁਨਿਕ ਚਿੰਤਕ ਲਿਓਤਾਰਦ ਅਤੇ ਬੌਦਰੀਲਾ ਹਨ। ਬਹੁਤੇ ਯੂਰਪੀ ਚਿੰਤਕਾਂ ਜਿਵੇਂ ਹਾਈਡਿਗਰ ਅਤੇ ਦੈਰਿਦਾ ਆਦਿ ਉੱਤੇ ਧੱਕੇ ਨਾਲ ਹੀ ਉਤਰ-ਆਧੁਨਿਕ ਹੋਣ ਦਾ ਲੇਬਲ ਦਿੱਤਾ ਜਾਂਦਾ ਹੈ।ਜਦੋਂ ਕਿ ਉਨ੍ਹਾਂ ਨੇ ਆਪਣੀਆਂ ਮੁਲਾਕਾਤਾਂ ਦੌਰਾਨ ਸਪੱਸ਼ਟ ਰੂਪ ਵਿੱਚ ਕਿਹਾ ਹੈ ਕਿ ਅਸੀਂ ਉੱਤਰ-ਆਧੁਨਿਕ ਨਹੀਂ ਹਾਂ।ਉੱਤਰ-ਆਧੁਨਿਕ ਚਿੰਤਕਾਂ ਵਿੱਚੋਂ ਬੌਦਰੀਲਾ ਦੀ ਪਹੁੰਚ ਪੂਰੀ ਤਰ੍ਹਾਂ ਸਾਮਰਾਜ ਵਿਰੋਧੀ ਹੈ। ਬੌਦਰੀਲਾ ਨੇ ਪਹਿਲੀ ਇਰਾਕ ਜੰਗ ਦੌਰਾਨ ਮੀਡੀਏ ਦੇ ਰੋਲ ਦੀ ਅਲੋਚਨਾ ਕਰਦੀ ਇੱਕ ਇੱਕ ਕਮਾਲ ਦੀ ਕਿਤਾਬ ਲਿਖੀ ਹੈ। ਗਿਆਰਾਂ ਸਤੰਬਰ ਦੇ ਹਮਲਿਆਂ ਬਾਰੇ ਵੀ ਉਸ ਨੇ ‘ਸਪਿਰਿਟ ਆਫ ਟੈਰੋਰਿਜ਼ਮ’ ਨਾਂ ਦੀ ਕਿਤਾਬ ਲਿਖ ਕੇ ਪੱਛਮੀ ਸਾਮਰਾਜੀ ਮੁਲਕਾਂ ਨੂੰ ਇਸ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਬਿਨਾਂ ਪੜ੍ਹੇ ਹੀ ਕਿਸੇ ਲੇਖਕ ਨੂੰ ਰੱਦ ਕਰਨਾ ਹੋਛਾਪਣ ਹੈ, ਜੋ ਪੰਜਾਬੀ ਕਾਮਰੇਡਾਂ ਵਿੱਚ ਅਕਸਰ ਵੇਖਣ ਨੂੰ ਮਿਲਦਾ ਹੈ। ਬਾਕੀ ਉੱਤਰ-ਆਧੁਨਿਕਤਾ ਦਾ ਫਲਸਫਾ ਦੁਨੀਆਂ ਉੱਤੇ 90ਵਿਆਂ ਵਿੱਚ ਨਹੀਂ ਫੈਲਿਆ ਜਿਵੇਂ ਯਾਦਵਿੰਦਰ ਨੇ ਦੱਸਿਆ ਹੈ, ਸਗੋਂ ਇਸਦੀ ਜੜ੍ਹ ਕਾਫੀ ਪੁਰਾਣੀ ਹੈ। 1870ਵਿਆਂ ਵਿੱਚ ਜੌਹਨ ਵੈਟਕਿਨਜ਼ ਚੈਪਮੈਨ ਨੇ ਇਸਦੀ ਪਹਿਲੀ ਵਾਰ ਵਰਤੋਂ ਕੀਤੀ ਸੀ। 1926 ਵਿੱਚ ਬੀ. ਆਈ. ਬੈੱਲ ਨੇ ‘ਪੋਸਟਮਾਰਡਰਨਿਜ਼ਮ ਐਂਡ ਅਦਰ ਐਸੇਜ਼’ ਨਾਂ ਦੀ ਕਿਤਾਬ ਲਿਖੀ। 20ਵੀਂ ਸਦੀ ਦੇ ਤੀਜੇ ਦਹਾਕੇ ਦੌਰਾਨ ਕਲਾ ਦੇ ਖੇਤਰ ਵਿੱਚ ਉੱਤਰ-ਆਧਿੁਨਕਤਾ ਦੀ ਲਹਿਰ ਭਾਰੂ ਸੀ। ਮਈ 1968 ਵਿੱਚ ਫਰਾਂਸ ਵਿੱਚ ਚੱਲੇ ਸਰਕਾਰ ਵਿਰੋਧੀ ਅੰਦੋਲਨ ਤੋਂ ਪਹਿਲਾਂ ਉੱਤਰ-ਆਧੁਨਿਕ ਫਲਸਫਾ ਕਾਫੀ ਜ਼ੋਰ ਫੜ੍ਹ ਚੁੱਕਾ ਸੀ। ਸੋ ਬੇਨਤੀ ਹੈ ਕਿ ਕਿਸੇ ਵਿਚਾਰਧਾਰਾ ਦੀ ਅਲੋਚਨਾ ਪੇਸ਼ ਕਰਨ ਤੋਂ ਪਹਿਲਾਂ ਉਸਨੂੰ ਸਮਝ ਜ਼ਰੂਰ ਲਿਆ ਜਾਵੇ।

ਮੈਂ ਇਹ ਬਹਿਸ ਇਸ ਆਸ ਨਾਲ ਸ਼ੁਰੂ ਕੀਤੀ ਸੀ ਕਿ ਸ਼ਾਇਦ ਅਜਿਹੀ ਬਹਿਸ ਰਾਹੀਂ ਅਸੀਂ ਆਪਣੇ ਇਤਿਹਾਸ ਤੋਂ ਕੁਝ ਸਿੱਖ ਸਕੀਏ। ਪਰ ਯਾਦਵਿੰਦਰ ਦੇ ਰਵੱਈਏ ਨੂੰ ਦੇਖ ਕੇ ਮੈਨੂੰ ਹੈਰਾਨੀ ਵੀ ਹੋਈ ਹੈ ਤੇ ਨਿਰਾਸ਼ਤਾ ਵੀ। ਅਸੀਂ ਕਲਮ ਰਾਹੀਂ ਇੱਕ ਦੂਜੇ ਨਾਲ ਸੰਵਾਦ ਰਚਾ ਰਹੇ ਹਾਂ, ਤਾਂ ਕਿ ਪੜ੍ਹਨ ਵਾਲਿਆਂ ਨੂੰ ਕੁਝ ਉਸਾਰੂ ਪੜ੍ਹਨ ਨੂੰ ਮਿਲੇ, ਇਸ ਵਿੱਚ ਗੋਲੀ ਦੀ ਗੱਲ ਕਿੱਥੋਂ ਆ ਗਈ? ਆਪਣੀ ਗੱਲ ਨੂੰ ਦਲੀਲ ਪੂਰਬਕ ਕਹਿਣ ਦਾ ਢੰਗ ਸਿੱਖਣਾ ਚਾਹੀਦਾ ਹੈ, ਖਾਹ-ਮਖਾਹ ‘ਸ਼ਹੀਦ’ ਬਣਨ ਨਾਲ ਸਮਾਜ ਦਾ ਕੁਝ ਨਹੀਂ ਸੰਵਰਨਾ।

ਲੇਖਕ-ਪ੍ਰਭਸ਼ਰਨਬੀਰ ਸਿੰਘ

1 comment:

  1. "ਪੰਜਾਬ ਦੀ ਤ੍ਰਾਸਦੀ ਇਹ ਹੈ ਕਿ ਇੱਥੋਂ ਦੇ ਬੌਧਿਕ ਵਰਗ ਨੇ ਨਾ ਇਸ ਧਰਤੀ ਦੀ ਪੀੜ ਨੂੰ ਚੰਗੀ ਤਰ੍ਹਾਂ ਪਛਾਣਿਆ ਹੈ ਅਤੇ ਨਾ ਹੀ ਆਪਣੇ ਫਰਜ਼ ਨੂੰ ਇਮਾਨਦਾਰੀ ਨਾਲ ਨਿਭਾਇਆ ਹੈ।"
    ਬਿਲਕੁੱਲ ਸਹੀ ਕਿਹਾ ਅਤੇ ਥੋੜ੍ਹਾ ਜਿਹਾ ਵਾਧਾ ਇਹ ਕਿ ਜਿਹਨਾਂ ਨੂੰ ਹੈ ਉਹ ਪੰਜਾਬ ਨੂੰ ਬਾਹਮਣ-ਬਾਣੀਆਂ ਤੇ ਕਾਮਰੇਡਾਂ ਹਵਾਲੇ ਕਰਕੇ ਬਾਹਰ ਜਾ ਬੈਠੇ....

    ReplyDelete