ਪਾਸ਼ ਆਧੁਨਿਕ ਪੰਜਾਬੀ ਕਾਵਿ ਦਾ ਚਿੰਤਨਸ਼ੀਲ ਤੇ ਮਕਬੂਲ ਕਵੀ ਹੈ। ਪਾਸ਼ ਦੀ ਵਿਲੱਖਣ ਕਾਵਿਕ ਪ੍ਰਤਿਭਾ ਕਰਕੇ ਉਸ ਦੀਆਂ ਕਵਿਤਾਵਾਂ ਨਿੱਤ ਨਵੇਂ ਅਰਥ ਸਿਰਜਦੀਆਂ, ਨਵੀਆਂ ਅੰਤਰ-ਦ੍ਰਿਸ਼ਟੀਆਂ ਪ੍ਰਦਾਨ ਕਰਦੀਆਂ ਹੋਈਆਂ ਦੇਸ਼/ਕਾਲ ਤੋਂ ਪਾਰ ਜਾਣ ਦੀ ਸਮਰੱਥਾ ਰੱਖਦੀਆਂ ਹਨ। ਪਾਸ਼ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਖਹਿ ਕੇ ਲੰਘਦਾ ਰਿਹਾ, ਹਾਲਾਤ ਨਾਲ ਜੂਝਦਾ ਰਿਹਾ। ਸਮੇਂ ਨਾਲ ਲੜਦਾ ਰਿਹਾ, ਝੱਖੜਾਂ-ਹਨੇਰੀਆਂ ਵਿਚ ਵੀ ਚੌਰਾਹੇ ਦੀਵਾ ਬਾਲਣ ਦਾ ਹੌਸਲਾ ਰੱਖਦਾ ਰਿਹਾ। ਇਹੀ ਸਾਰਾ ਜੀਵਨ ਅਨੁਭਵ/ਦ੍ਰਿਸ਼ਟੀ ਉਸ ਦੀ ਕਵਿਤਾ ’ਚ ਫਲਦੀ ਰਹੀ, ਜਿਸ ਕਰਕੇ ਉਸ ਦੀ ਕਵਿਤਾ ਵਿਲੱਖਣ, ਮੌਲਿਕ ਤੇ ਸੱਜਰਾ ਮੁਹਾਂਦਰਾ ਰੱਖਦੀ ਹੈ। ਡਾ.ਰਾਜਿੰਦਰ ਪਾਲ ਸਿੰਘ ਬਰਾੜ ਅਨੁਸਾਰ,‘‘ਪਾਸ਼ ਨਾਬਰੀ ਤੇ ਬਰਾਬਰੀ ਦਾ ਸ਼ਾਇਰ ਸੀ ਜਿਸ ਨੂੰ ਮਾਨਵੀ ਸ਼ਾਨ ਵਾਲੀ ਜ਼ਿੰਦਗੀ ਜਿਉਣ ਦੀ ਤੀਬਰ ਲੋਚਾ ਸੀ।’’
9 ਸਤੰਬਰ, 1950 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸਲੇਮ ਜੰਮਿਆ ਪਾਸ਼ ਬਚਪਨ ਤੋਂ ਹੀ ਸੰਵੇਦਨਸ਼ੀਲ ਸੀ।ਪਾਸ਼ ਨੇ ਆਜ਼ਾਦਾਨਾ ਸੁਭਾਅ ਕਾਰਨ ਨੌਵੀਂ ਕਲਾਸ ਵਿਚ ਦਾਖਲ ਹੋਣ ਦੀ ਥਾਂ ਕਪੂਰਥਲੇ ਖੁੱਲ੍ਹੇ ਤਕਨੀਕੀ ਸਕੂਲ ਵਿਚ ਦਾਖਲਾ ਲੈ ਲਿਆ। ਉਸ ਦੀ ਖੱਬੇ ਪੱਖੀ ਰਾਜਨੀਤਕ ਕਾਰਕੁਨਾਂ ਨਾਲ ਮੇਲ-ਜੋਲ ਦੀ ਸ਼ੁਰੂਆਤ ਹੋ ਗਈ। ਤੇ ਜਿਵੇਂ ਪਾਸ਼ ਦੀ ਜ਼ਿੰਦਗੀ ਨੇ ਆਪਣਾ ਰੁਖ਼ ਹੀ ਬਦਲ ਲਿਆ।
1967 ਵਿਚ ਪਾਸ਼ ਬਾਰਡਰ ਸਕਿਓਰਿਟੀ ਫੋਰਸ ਵਿਚ ਹੋ ਗਿਆ ਪਰ ਤਿੰਨ ਮਹੀਨਿਆਂ ’ਚ ਹੀ ਇਹ ਨੌਕਰੀ ਛੱਡ ਆਇਆ। ਜਲੰਧਰ ਛਾਉਣੀ ਵਿਖੇ ਜੈਨ ਹਾਈ ਸਕੂਲ ਤੋਂ ਨੌਵੀਂ ਜਮਾਤ ਪਾਸ ਕੀਤੀ। 1968 ਵਿਚ ਨਕਸਲਬਾੜੀ ਲਹਿਰ ਪੰਜਾਬ ਵਿਚ ਜ਼ੋਰ ਫੜਨ ਲੱਗੀ। ਪਾਸ਼ ਦੀ ਉਮਰ 18 ਸਾਲ ਸੀ ਅਤੇ ਉਹ ਨਕਸਲਬਾੜੀ ਲਹਿਰ ਵਿਚ ਸ਼ਾਮਲ ਹੋ ਗਿਆ। ਉਸ ਵੇਲੇ ਰੂਸ ਅਤੇ ਚੀਨ ਦਾ ਸਮਾਜਵਾਦੀ ਇਨਕਲਾਬ ਦੁਨੀਆਂ ਨੂੰ ਪ੍ਰੇਰਿਤ ਅਤੇ ਪ੍ਰਭਾਵਿਤ ਕਰ ਰਿਹਾ ਸੀ। ਇਸੇ ਲਈ ਪਾਸ਼ ਮਾਰਕਸਵਾਦੀ ਵਿਚਾਰਧਾਰਾ ਦਾ ਚਿੰਤਨ/ਮੰਥਨ ਕਰਦਾ ਹੋਇਆ ਇਸ ਨੂੰ ਆਪਣੀ ਕਵਿਤਾ ਦਾ ਧੁਰਾ ਬਣਾਉਂਦਾ ਹੈ। ਉਸ ਦੇ ਤੱਤੇ ਖੂਨ ’ਚੋਂ ਉਬਲਦੀ ਕਵਿਤਾ ਪੈਦਾ ਹੋਈ ਜੋ ਕਵਿਤਾ ਆਪਣੇ ਸੀਨੇ ਅੰਦਰ ਸ਼ਾਂਤੀ ਦੀ ਤੜਪ/ਤਾਂਘ, ਸਮਾਜਿਕ ਬਰਾਬਰੀ ਦੀ ਇੱਛੁਕ ਅਤੇ ਲੋਟੂ ਸਮਾਜ ਦਾ ਤੀਬਰ ਵਿਰੋਧ ਕਰਦੀ। ਸਾਹਿਤਕ ਗਤੀਵਿਧੀਆਂ ਦੇ ਨਾਲ-ਨਾਲ ਪਾਸ਼ ਰਾਜਸੀ ਗਤੀਵਿਧੀਆਂ ਵਿਚ ਵੀ ਸਰਗਰਮ ਹੋ ਗਿਆ ਸੀ। ਉਹ ਨਕਸਲਬਾੜੀ ਲਹਿਰ ਨਾਲ ਜੁੜੀਆਂ ਸਾਹਿਤਕ ਅਤੇ ਰਾਜਸੀ ਗਤੀਵਿਧੀਆਂ ਵਿਚ ਸਰਗਰਮ ਰਿਹਾ। 1970 ਵਿਚ ਛਪਿਆ ਪਾਸ਼ ਦਾ ਪਹਿਲਾ ਕਾਵਿ-ਸੰਗ੍ਰਹਿ ‘ਲੋਹ-ਕਥਾ’ ਉਸ ਦੀਆਂ ਨਕਸਲਬਾੜੀ ਲਹਿਰ ਨਾਲ ਜੁੜੀਆਂ ਗਤੀਵਿਧੀਆਂ ਦਾ ਹੀ ਸਾਹਿਤਕ ਸਿੱਟਾ ਕਿਹਾ ਜਾ ਸਕਦਾ ਹੈ।
ਪਾਸ਼ ਦੀ ਜ਼ਿੰਦਗੀ ਦਾ 1972 ਤੋਂ 1975 ਤਕ ਦਾ ਸਮਾਂ ਸਾਹਿਤਕ/ਰਾਜਸੀ ਗਤੀਵਿਧੀਆਂ ਨਾਲ ਭਰਿਆ ਹੋਇਆ ਸੀ। 1972 ਵਿਚ ਪਾਸ਼ ਨੇ ‘ਸਿਆੜ’ ਨਾਂ ਦਾ ਪਰਚਾ ਕੱਢਣਾ ਸ਼ੁਰੂ ਕੀਤਾ। ਇਸੇ ਵੇਲੇ ਉਸ ਨੂੰ ਮੋਗਾ-ਕਾਂਡ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। 1973 ਵਿਚ ‘ਸਿਆੜ’ ਬੰਦ ਹੋ ਗਿਆ ਅਤੇ 1974 ਵਿਚ ਪਾਸ਼ ਦੀ ਦੂਜੀ ਕਾਵਿ-ਪੁਸਤਕ ‘ਉਡਦੇ ਬਾਜਾਂ ਮਗਰ’ ਛਪੀ। ਮਈ 1974 ਵਿਚ ਹੋਈ ਰੇਲਵੇ ਹੜਤਾਲ ਦੌਰਾਨ ਪਾਸ਼ ਦੀ ਗ੍ਰਿਫ਼ਤਾਰੀ ਹੋਈ। ਰਿਹਾਅ ਹੋ ਕੇ ‘ਹੇਮ ਜਯੋਤੀ’ ਦੀ ਸੰਪਾਦਕੀ ਕੀਤੀ। ਕੁਝ ਸਮਾਂ ਦੇਸ-ਪ੍ਰਦੇਸ (ਲੰਡਨ) ਦਾ ਪੱਤਰ ਪ੍ਰੇਰਕ ਰਿਹਾ ਅਤੇ ਇਸੇ ਸਮੇਂ ਪਾਸ਼ ਨੇ ਮਿਲਖਾ ਸਿੰਘ ਅਥਲੀਟ ਦੀ ‘ਸਵੈ-ਜੀਵਨੀ’ ‘ਫਲਾਇੰਗ ਸਿੱਖ’ ਲਿਖ ਕੇ ਦਿੱਤੀ।
ਜੂਨ 1978 ਨੂੰ ਪਾਸ਼ ਦਾ ਵਿਆਹ ਰਾਜਵਿੰਦਰ ਕੌਰ ਸੰਧੂ ਨਾਲ ਹੋਇਆ। ਇਨ੍ਹੀਂ ਦਿਨੀਂ ਸਤੰਬਰ, 1978 ਨੂੰ ਪਾਸ਼ ਦਾ ਤੀਜਾ ਤੇ ਆਖਰੀ ਕਾਵਿ-ਸੰਗ੍ਰਹਿ ‘ਸਾਡੇ ਸਮਿਆਂ ਵਿਚ’ ਛਪਿਆ। ਗ੍ਰਹਿਸਥੀ ਜੀਵਨ ਦੀ ਗੱਡੀ ਨੂੰ ਤੋਰਨ ਲਈ ਪਾਸ਼ ਨੇ 1979 ਵਿਚ ਗੁਆਂਢੀ ਪਿੰਡ ਉੱਗੀ ਵਿਖੇ ਗੁਰੂ ਨਾਨਕ ਨੈਸ਼ਨਲ ਮਾਡਲ ਸਕੂਲ ਖੋਲ੍ਹ ਲਿਆ ਅਤੇ ਇਸੇ ਸਾਲ ਉਸ ਨੇ ਹੱਥ ਲਿਖਤ ਪਰਚਾ ‘ਹਾਕ’ ਕੱਢਣਾ ਸ਼ੁਰੂ ਕੀਤਾ। ਪਾਸ਼ ਪੰਜਾਬ ਦੇ ਵਿਗੜ ਰਹੇ ਮਾਹੌਲ ਅਤੇ ਪ੍ਰਤੀਕੂਲ ਸਥਿਤੀਆਂ ਕਾਰਨ ਨਾ ਸਕੂਲ ਹੀ ਚਲਾ ਸਕਿਆ ਅਤੇ ਨਾ ‘ਹਾਕ’ ਪਰਚੇ ਨੂੰ ਲਗਾਤਾਰ ਕੱਢ ਸਕਿਆ।
ਨਕਸਲਬਾੜੀ ਲਹਿਰ ਦੇ ਪੰਜਾਬ ਵਿਚੋਂ ਬਿਖਰਨ ਅਤੇ ਖਾਲਿਸਤਾਨ ਲਹਿਰ ਦੇ ਪੰਜਾਬ ਵਿਚ ਜ਼ੋਰ ਫੜਨ ਨੇ ਪਾਸ਼ ਦੀਆਂ ਮੁਸ਼ਕਲਾਂ ’ਚ ਵਾਧਾ ਕਰ ਦਿੱਤਾ। ਇਸੇ ਵੇਲੇ 19 ਜਨਵਰੀ, 1982 ਨੂੰ ਪਾਸ਼ ਦੇ ਘਰ ਧੀ ਵਿੰਕਲ ਦਾ ਜਨਮ ਹੋਇਆ, ਜਿਸ ਨੇ ਪਾਸ਼ ਦੀਆਂ ਜ਼ਿੰਮੇਵਾਰੀਆਂ ਨੂੰ ਵਧਾ ਦਿੱਤਾ। ਅਜਿਹੇ ਮਾਹੌਲ ਵਿਚ ਪਾਸ਼ ਆਪਣੇ ਆਪ ਨੂੰ ਅਸੁਰੱਖਿਅਤ ਸਮਝਦਾ ਸੀ। ਫਿਰ ਵੀ ਉਸ ਨੇ ਜ਼ਿੰਦਗੀ ਦਾ ਸਾਹਮਣਾ ਕੀਤਾ ਜਿਸ ਦਾ ਵਰਨਣ ਉਸ ਦੀ ਡਾਇਰੀ ਵਿਚ ਕਈ ਥਾਈਂ ਆਉਂਦਾ ਹੈ। ਉਹ ਦੋੋਸਤੀਆਂ ਨਿਭਾਉਂਦਾ, ਜ਼ਿੰਦਗੀ ਦੀਆਂ ਧੁੱਪਾਂ-ਛਾਵਾਂ ਹੰਢਾਉਂਦਾ, ਤਿਉਹਾਰ ਮਨਾਉਂਦਾ, ਚਿੰਤਨ ਕਰਦਾ, ਵਰਜਿਸ਼ ਕਰਦਾ, ਘਰ ਦੇ ਫਿਕਰਾਂ ’ਚ ਰੁੱਝਿਆ ਉਮਰ ਦੇ ਹਰ ਪਲ ਨਾਲ ਖਹਿ ਕੇ ਲੰਘਦਾ ਰਿਹਾ। ਅਸਲ ਵਿਚ ਪਾਸ਼ ਭਰਪੂਰ ਜ਼ਿੰਦਗੀ ਜਿਉਣ ਦਾ ਚਾਹਵਾਨ ਸੀ। ਉਸ ਦੇ ਹਰ ਸਾਲ ਦਾ ਹਿਸਾਬ, ਉਸ ਪ੍ਰਤੀ ਵਿਸ਼ਲੇਸ਼ਣੀ ਦ੍ਰਿਸ਼ਟੀ, ਭਵਿੱਖ ਨੂੰ ਹੋਰ ਮਾਣਨ ਦੀ ਇੱਛਾ, ਪਾਸ਼ ਦੇ ਆਮ ਮਨੁੱਖ ਨਾਲੋਂ ਵਿਸ਼ੇਸ਼ ਤੇ ਵਿਲੱਖਣ ਹੋਣ ਦਾ ਪ੍ਰਮਾਣ ਹੈ।
ਪੰਜਾਬ ਵਿਚ ਖਾਲਿਸਤਾਨੀ ਲਹਿਰ ਵਧੇਰੇ ਜ਼ੋਰ ਫੜ ਰਹੀ ਸੀ, ਜਿਸ ਨਾਲ ਪਾਸ਼ ਦੇ ਵਿਚਾਰਧਾਰਕ ਵਖਰੇਵੇਂ ਵਧ ਰਹੇ ਸਨ। ਪਾਸ਼ ਦੀ ਸ਼ਖਸੀਅਤ ਹੀ ਐਸੀ ਸੀ ਕਿ ਉਹ ਰਾਜਸੀ ਗਤੀਵਿਧੀਆਂ ਤੋਂ ਨਿਰਲੇਪ ਨਹੀਂ ਰਹਿ ਸਕਿਆ। ਅਮਰੀਕਾ ਜਾ ਕੇ ਮਾਸਿਕ ਪੱਤਰ ਐਂਟੀ-47 ਦੀ ਸੰਪਾਦਨਾ ਦਾ ਕੰਮ ਸੰਭਾਲ ਲਿਆ। ਇਸ ਵਿਚ ਸਿੱਖ ਖਾੜਕੂਆਂ ਦਾ ਖੁੱਲ੍ਹ ਕੇ ਵਿਰੋਧ ਕਰਨ ਦਾ ਅਸਲ ਕਾਰਨ ਇਹ ਜਾਪਦਾ ਹੈ ਕਿ ਇਨ੍ਹਾਂ ਖਾੜਕੂਆਂ ਦੀਆਂ ਧਮਕੀਆਂ ਕਰਕੇ ਹੀ ਪਾਸ਼ ਦੀ ਪਹਿਲਾਂ ਤੋਂ ਅਸਥਿਰ ਤੇ ਸੰਘਰਸ਼ਸ਼ੀਲ ਜ਼ਿੰਦਗੀ ਨੂੰ ਬਿਲਕੁਲ ਮੁਹਾਲ ਕਰ ਦਿੱਤਾ ਸੀ। ਗੁਰਬਚਨ ਨੇ ਲਿਖਿਆ ਹੈ ਕਿ ‘‘ਪਾਸ਼ ਨੂੰ ਹਿੰਸਕ ਧੰਦੂਕਾਰਾ ਫੈਲਾਉਣ ਵਾਲਿਆਂ ’ਤੇ ਗੁੱਸਾ ਸੀ ਕਿਉਂਕਿ ਇਹਦੇ ਰਾਹੀਂ ਮਾਸੂਮ ਬੰਦਾ ਪਿਸ ਰਿਹਾ ਸੀ ਜੋ ਪਹਿਲਾਂ ਹੀ ਸਟੇਟ ਦੇ ਤਸ਼ੱਦਦ ਦਾ ਸ਼ਿਕਾਰ ਸੀ।’’ ਇਸ ਤੋਂ ਪਹਿਲਾਂ ਵੀ ਪਾਸ਼ ਇਕ ਚਿੱਠੀ ਵਿਚ ਲਿਖਦਾ ਹੈ ਕਿ ‘‘ਮੇਰੇ ਅੰਦਰ ਹਰ ਤਰ੍ਹਾਂ ਦੀ ਫਿਰਕਾਪ੍ਰਸਤੀ ਨਾਲ ਅੰਤਾਂ ਦੀ ਨਫ਼ਰਤ ਹੈ, ਕੇਵਲ ਸਿੱਖਾਂ ਦੀ ਹੀ ਨਹੀਂ ਸਗੋਂ ਹਿੰਦੂਆਂ ਦੇ ਲਈ ਵੀ।’’
ਪਾਸ਼ ਅਮਰੀਕਾ ਵਿਖੇ ਇਕ ਸੈਲਾਨੀ ਦੇ ਤੌਰ ’ਤੇ ਗਿਆ ਸੀ ਤੇ ਉਸ ਨੂੰ ਅਮਰੀਕਾ ਵਿਚ ਲੰਮਾ ਸਮਾਂ ਰਹਿਣ ਲਈ ਹਰ ਸਾਲ ਵੀਜ਼ਾ ਲੈਣ ਦੀ ਸ਼ਰਤ ਸੀ। 1987 ਵਿਚ ਪਾਸ਼ ਨੂੰ ਦੁਬਾਰਾ ਵੀਜ਼ਾ ਲੈਣ ਲਈ ਕੈਨੇਡਾ ਜਾਣਾ ਪਿਆ। ਦੁਬਾਰਾ ਅਮਰੀਕਾ ਜਾਣ ਲਈ ਪਾਸ਼ ਕਈ ਹੀਲੇ-ਵਸੀਲੇ ਕਰਦਾ ਰਿਹਾ ਤੇ ਅਖੀਰ ਉਹ ਬਰਾਜ਼ੀਲ ਦਾ ਵੀਜ਼ਾ ਲੈਣ ਵਿਚ ਸਫਲ ਵੀ ਹੋ ਗਿਆ। 23 ਜਨਵਰੀ, 1988 ਨੂੰ ਪਾਸ਼ ਆਪਣੇ ਮਿੱਤਰ ਹੰਸ ਰਾਜ ਸਮੇਤ ਖਾਲਿਸਤਾਨੀਆਂ ਵੱਲੋਂ ਅੰਨ੍ਹੇਵਾਹ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਉਹ ਸਾਰੀ ਉਮਰ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਦਹਿਕਦੇ ਅੰਗਿਆਰਾਂ ’ਤੇ ਸੌਂ ਕੇ ਰਾਤ ਰੁਸ਼ਨਾਉਣ ’ਚ ਮਸਰੂਫ਼ ਰਿਹਾ:
ਦਹਿਕਦੇ ਅੰਗਿਆਰਾਂ ਤੇ ਸਉਂਦੇ ਰਹੇ ਨੇ ਲੋਕ
ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ
ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ
ਮੌਤ ਦੀ ਸਰਦਲ ਤੇ ਬਹਿ ਕੇ ਗਾਉਂਦੇ ਰਹੇ ਨੇ ਲੋਕ
ਪਰਮਜੀਤ ਸਿੰਘ ਕੱਟੂ
ਲੇਖ਼ਕ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਖੋਜਕਰਤਾ ਹਨ।
Thursday, September 9, 2010
Subscribe to:
Post Comments (Atom)
ਪਰਮਜੀਤ ਸਿੰਘ ਕੱਟੂ .......
ReplyDeleteਮੁਬਾਰਕ ਵੀਰੇ..... ਤੂੰ ਵਧੀਆ ਲਿਖਦੈਂ.... ਲਿਖਦਾ ਰਹੂ....
ਹੋਰ ਮਿਹਨਤ ਕਰੋ.... ਹੋਰ ਪਡ਼ੋ..... ਹੋਰ ਵਧੀਆ ਲਿਖੋ....
22 g tuhanu ghulam kalam blog te dekh k khushi hoyi..Paash bare tusi sankhep ch bahut vdhiya tareeke nal likhea hai..
ReplyDeletemubarkan..
te Paash de jnm din di v vadhayi
Nice indeed
ReplyDeleteਕੁਝ ਖਾਸ ਨਹੀ
ReplyDeleteਪਾਸ਼
ReplyDelete9 ਸਤੰਬਰ ਦੇ ਅੰਕ ਵਿੱਚ ´ਾਂਤੀਕਾਰੀ ਕਵੀ ਪਾਸ਼ ਦੇ ਜਨਮ ਦਿਵਸ ‘ਤੇ ਪਰਮਜੀਤ ਸਿੰਘ ਦਾ ਲੇਖ ‘ਮੌਤ ਦੀ ਸਰਦਲ ਤੋਂ ਜ਼ਿੰਦਗੀ ਦਾ ਗੀਤ’ ਚੰਗਾ ਲੱਗਿਆ। ਇਸ ਵਿੱਚ ਲੇਖਕ ਨੇ ਸਾਡੇ ਯੁੱਗ ਕਵੀ ਪਾਸ਼ ਦੇ ਜੀਵਨ ਬਾਰੇ ਚਾਨਣਾ ਪਾਇਆ ਹੈ। ਪਾਸ਼ ਪੰਜਾਬੀ ਦਾ ਉਹ ਮਹਾਨ ਕਵੀ ਹੋਇਆ ਜਿਸ ਨੇ ਆਪਣੀਆਂ ਕਵਿਤਾਵਾਂ ਰਾਹੀਂ ਨਾ-ਬਰਾਬਰੀ, ਸਮਾਜਵਾਦ, ਲੁੱਟ-ਖਸੁੱਟ ਦਾ ਡਟ ਕੇ ਵਿਰੋਧ ਕੀਤਾ। ਪਾਸ਼ ਇਕ ਚਿੰਤਨਸ਼ੀਲ ਕਵੀ ਸੀ। ਉਸ ਨੇ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਨੂੰ ਖਤਰਨਾਕ ਦੱਸਿਆ ਹੈ। ਪਾਸ਼ ਨੇ ਆਪਣੀਆਂ ਕਵਿਤਾਵਾਂ ਰਾਹੀਂ ਮਨੁੱਖ ਅੰਦਰ ਆਸ਼ਾਵਾਦੀ ਸੋਚ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਲਿਖਦਾ ਹੈ ਕਿ ਸਭ ਤੋਂ ਖਤਰਨਾਕ ਹੁੰਦਾ ਹੈ, ਸਾਡੇ ਸੁਪਨਿਆਂ ਦਾ ਮਰ ਜਾਣਾ। ਪਾਸ਼ ਨੇ ਸਦਾ ਜ਼ਿੰਦਗੀ ਵਿੱਚ ਸੰਘਰਸ਼ ਕਰਨ ਦੀ ਗੱਲ ਕੀਤੀ ਹੈ। ਇਸ ਬਾਰੇ ਉਹ ਲਿਖਦਾ ਹੈ ਕਿ ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ। ਪਾਸ਼ ਦੀਆਂ ਸਾਰੀਆਂ ਕਵਿਤਾਵਾਂ ਵਿੱਚ ਸੱਚ ਕਹਿਣ ਦੀ ਹਿੰਮਤ ਹੈ। ਪਾਸ਼ ਲਿਖਦਾ ਹੈ, ‘ਮੇਰੇ ਤੋਂ ਆਸ ਨਾ ਕਰਿਓ ਕਿਸੇ ਖੇਤਾਂ ਦਾ ਪੁੱਤਰ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ’। ਇਸ ਤਰ੍ਹਾਂ ਪਾਸ਼ ਅੱਜ ਵੀ ਲੱਖਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ। ਧਰਮਿੰਦਰ, ਪਿੰਡ ਖੋਖਰ (ਮੁਕਤਸਰ)।
punjabi tribune te kita giya comment