ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, September 23, 2010

ਪੰਜ-ਆਬਾਂ ਦੀ ਜੁਗਨੀ ਦਾ ਕਲੇਸ਼

ਅਮਰੀਕਾ ਬੈਠੇ ਪੰਜਾਬੀ ਲੇਖਕ ਵਿਦਵਾਨ ਡਾ: ਗੁਰਮੇਲ ਸਿੱਧੂ ਦੇ ਮਨ ਵਿਚ ਵਿਚਾਰ ਆਉਂਦਾ ਹੈ ਕਿ ਪੰਜਾਬੀਆਂ ਦੇ ਪ੍ਰਸਿਧ ਲੋਕ ਗਾਇਨ ‘ਜੁਗਨੀ’ ਬਾਰੇ ਪੰਜਾਬੀ ਪਾਠਕਾਂ ਨੂੰ ਇਕ ਖੋਜ ਭਰਪੂਰ ਲੇਖ ਲਿਖ ਕੇ ਦਿੱਤਾ ਜਾਵੇ। ਉਹ ਕੰਪਿਊਟਰ ਉੱਤੇ ਬੈਠ ਕੇ ਗੂਗਲ ਸਰਚ ਇੰਜਨ ਵਿਚ ‘ਜੁਗਨੀ’ ਟਾਇਪ ਕਰਦੇ ਹਨ। ਠਾਹ ਦੇਣੇ ਵਿਕੀਪੀਡੀਆ ਉੱਤੇ ‘ਜੁਗਨੀ’ ਬਾਰੇ ਲੇਖ ਆ ਜਾਂਦਾ ਹੈ। ਡਾ: ਸਹਿਬ ਨੂੰ ਸਾਇਸ ਦੇ ਯੁੱਗ ਵਿਚ ਇਸ ਪ੍ਰਕਾਰ ਇਲਹਾਮ ਹੁੰਦਾ ਹੈ।ਜਿਵੇਂ ਅੰਨ੍ਹੇ ਦੇ ਪੈਰ ਹੇਠ ਬਟੇਰਾ ਆਏ ‘ਤੇ ਉਹ ਖੁਦ ਨੂੰ ਸ਼ਿਕਾਰੀ ਸਮਝਣ ਲੱਗ ਜਾਂਦਾ ਹੈ, ਕੁਝ ਇਹੋ ਜਿਹੀ ਅਵਸਥਾ ਡਾ: ਸਾਹਿਬ ਦੀ ਵੀ ਹੁੰਦੀ ਹੈ। ਇਸ ਤੋਂ ਪਹਿਲਾਂ ਕਿ ਕੋਈ ਹੋਰ ਚੋਰੀ ਕਰੇ, ਸਾਰਾ ਪੁੰਨ ਡਾ: ਸਾਹਿਬ ਖੱਟ ਲੈਣਾ ਚਾਹੁੰਦੇ ਹਨ।ਉਹ ਹੱਫਲ ਕੇ ਉਸ ਲੇਖ ਦਾ ਪੰਜਾਂ ਮਿੰਟਾਂ ਵਿਚ ਅਨੁਵਾਦ ਕਰ ਦਿੰਦੇ ਹਨ। ਛੇਵੇਂ ਮਿੰਟ ਲੇਖ ਅਖਬਾਰ ਪਤ੍ਰਿਕਾਵਾਂ ਨੂੰ ਈ-ਮੇਲ ਹੋ ਜਾਂਦਾ ਹੈ। ਅੱਗੋਂ ਡਾ: ਗੁਰਦਿਆਲ ਸਿੰਘ ਰਾਏ ਜੀ ਸੱਤਵੇਂ ਮਿੰਟ ਇਹ ਗਿਆਨ ਵਰਧਕ ਲੇਖ ‘ਜੁਗਨੀ ਦਾ ਨਿਕਾਸ ਅਤੇ ਵਿਕਾਸ’ ਲਿਖਾਰੀ.ਓਰਗ ਦੀ ਸਾਇਟ ਉੱਤੇ ਚਾੜ੍ਹ ਦਿੰਦੇ ਹਨ।ਸੱਤਾਂ ਮਿੰਟਾਂ ਵਿਚ ਇਕ ਇਤਿਹਾਸਕ ਅਤੇ ਖੋਜ ਭਰਪੂਰ ਲੇਖ ਪੰਜਾਬੀ ਪਾਠਕਾਂ ਮੂਹਰੇ ਪਰੋਸਿਆ ਜਾਂਦਾ ਹੈ। ਕੀ ਕੋਈ ਹੋਰ ਭਾਸ਼ਾ ਦਾ ਲੇਖਕ ਐਨੀ ਫਾਸਟ ਸਰਵਿਸ ਦੇ ਸਕਦਾ ਹੈ? ਅੰਗਰੇਜ਼ੀ ਦੇ ਕਿਸੇ ਲੇਖਕ ਨੇ ਇਹੀ ਲੇਖ ਲਿਖਣਾ ਹੁੰਦਾ ਤਾਂ ਪਹਿਲਾਂ ਉਹਨੇ ਕਿਤਾਬਾਂ ਲੱਭਣੀਆਂ ਸੀ ਜਾਂ ਗਾਇਕਾਂ ਤੋਂ ਪਤਾ ਕਰਨਾ ਸੀ ਕਿ ਤੁਸੀਂ ਗਾਈ ਜਾਂਦੇ ਹੋ, ਤੁਹਾਨੂੰ ਇਸਦੇ ਪਿਛੋਕੜ ਦਾ ਗਿਆਨ ਹੈ? ਜਾਂ ਮਹਾਨ ਕੋਸ਼ ਫਰੋਲਣੇ ਸੀ। ਖੋਜ ਕਰਦਿਆਂ ਹੋ ਸਕਦਾ ਅੰਗਰੇਜ਼ੀ ਦਾ ਲਿਖਾਰੀ ਜੁਗਨੀ ਦੀਆਂ ਪੈੜਾਂ ਲੱਭਦਾ ਭਾਰਤ, ਮੁਲਤਾਨ ਜਾਂ ਇਰਾਨ ਚਲਾ ਜਾਂਦਾ। ਪਰ ਸਾਡੇ ਪੰਜਾਬੀ ਲੇਖਕਾਂ ਕੋਲ ਐਨਾ ਸਮਾਂ ਕਿਥੇ ਹੈ? ਜਿਹੜਾ ਉਹ ਫਜ਼ੂਲ ਖਰਚਦੇ ਫਿਰਨ ਤੇ ਨਾ ਹੀ ਪੰਜਾਬੀ ਪਾਠਕਾਂ ਕੋਲ ਐਨਾ ਸਬਰ ਹੈ ਕਿ ਉਹ ਐਨਾ ਚਿਰ ਉਡੀਕਣ?

ਡਾ: ਸਾਹਿਬ ਦਾ ਲੇਖ ਇੰਟਰਨੈਟ ‘ਤੇ ਪੜ੍ਹ ਕੇ ਜੁਗਨੀ ਵਿਚਾਰੀ ਰੋ ਪੈਂਦੀ ਹੈ, ਕੁਰਾਲਉਂਦੀ ਹੈ, ਵੈਣ ਪਾਉਂਦੀ ਹੈ, “ਇਹ ਮੇਰਾ ਨਿਕਾਸ ਤੇ ਵਿਕਾਸ ਕਰਦਿਆਂ, ਮੇਰਾ ਤਾਂ ਸਤਿਨਾਸ ਹੀ ਕਰ ਸਿੱਟਿਆ ਹੈ। ਮੇਰਾ ਜਨਮਦਿਨ ਹੀ ਬਦਲ ਕੇ ਰੱਖ ਦਿੱਤਾ ਹੈ। ਦੋ ਹਜ਼ਾਰ ਸਾਲ ਤੋਂ ਵੀ ਵਡੇਰੀ ਮੇਰੀ ਉਮਰ ਨੂੰ ਬਦਲ ਕੇ ਉਨੀ ਸੌ ਛੇ ਬਣਾ ਦਿੱਤਾ? ਹਾਏ ਮੇਰਿਆਂ ਰੱਬਾ!”

ਮਾਨਯੋਗ ਡਾ: ਸਾਹਿਬ ਲੇਖ ਦਾ ਅਨਵਾਦ ਕਰਕੇ ਆਪਣੀ ਮੌਲਿਕ ਰਚਨਾ ਦਰਸਾਉਣ ਲੱਗੇ ਇਹ ਭੁੱਲ ਗਏ ਕਿ ਜਿਵੇਂ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਉਵੇਂ ਵਿਕੀਪੀਡੀਆ ‘ਤੇ ਦਿੱਤੀ ਜਾਣਕਾਰੀ ਧੂਰ ਦਰਗਾਹੀ ਜਾਂ ਇਲਾਹੀ ਤੇ ਖੋਜ ਭਰਪੂਰ ਨਹੀਂ ਹੁੰਦੀ। ਕੋਈ ਵੀ ਲੱਲੀ-ਛੱਲੀ ਉੱਠ ਕੇ ਉਸਨੂੰ ਸੰਪਾਦਿਤ ਕਰ ਸਕਦਾ ਹੈ। ਡਾ: ਗੁਰਮੇਲ ਸਿੱਧੂ ਦਾ ਲੇਖ ਲਿਖਾਰੀ ਦੀ ਸਾਇਟ ਉੱਤੇ ਪੜ੍ਹ ਕੇ ਅਤੇ ਜੁਗਨੀ ਬਾਰੇ ਵਿਕੀਪੀਡੀਆ ਦਾ ਲੇਖ ਪੜ੍ਹ ਪਾਠਕ ਸਮਝ ਸਕਦੇ ਹਨ ਕਿ ਡਾ: ਸਾਹਿਬ ਨੇ ਇਕ ਅੱਖਰ ਪੱਲਿਉਂ ਨਹੀਂ ਲਿਖਿਆ। ਡਾ: ਸਾਹਿਬ ਇੰਟਰਨੈਟ ‘ਤੇ ਲਿਖੇ ਲੇਖ ਵਾਲੀ ਤੂਤੀ ਬੋਲਦੇ ਹੋਏ ਆਖਦੇ ਹਨ ਕਿ ਅੰਗਰੇਜ਼ਾਂ ਦੇ 1906 ਵਿਚ ਜੁਬਲੀ ਮਨਾਉਣ ਤੋਂ ਪਹਿਲਾਂ ਜੁਗਨੀ ਦਾ ਕਿਧਰੇ ਵੀ ਜਿ਼ਕਰ ਨਹੀਂ ਆਉਂਦਾ।ਜਿ਼ਕਰ ਤਾਂ ਮਿਲਦਾ ਜੇ ਡਾ: ਸਾਹਿਬ ਨੇ ਕੋਈ ਕਿਤਾਬ ਫਰੋਲੀ ਹੁੰਦੀ ਜਾਂ ਖੋਜ ਕਰਨ ਦੀ ਕੋਸਿ਼ਸ਼ ਕੀਤੀ ਹੁੰਦੀ। ਇੰਟਰਨੈਟ ਜਿ਼ੰਦਾਬਾਦ! ਹਿੰਗ ਲੱਗੇ ਨਾ ਫਟਕੜੀ ਰੰਗ ਚੌਖਾ ਹੀ ਚੌਖਾ।ਅਰਬੀ ਦੇ ਹਜ਼ਾਰ ਸਾਲ ਪੁਰਾਣੇ ਗ੍ਰੰਥ ‘ਨਾਰਦ’ ਵਿਚ ਜੁਗਨੀ ਦਾ ਵਿਸਥਾਰਪੁਰਵਕ ਜਿ਼ਕਰ ਹੈ। ਡਾ: ਸਾਹਿਬ ਜੁਬਲੀ ਵਾਲੀ ਮਿਸ਼ਾਲ ਨਾਲ ਮੜ੍ਹ ਕੇ ਜੁਗਨੀ ਦਾ ਇਤਿਹਾਸਕ ਮਹੱਤਵ ਜੋੜ ਦਿੰਦੇ ਹਨ। ਇਸ ਨਾਲ ਉਹ ਜੁਗਨੀ ਦੇ ਕੁਝ ਟੱਪੇਆਂ ਦੀ ਬਣਤਰ ਉੱਤੇ ਵੀ ਟਿੱਪਣੀ ਕਰਦੇ ਹਨ। ਪਰ ਡਾ: ਸਾਹਿਬ ਨੂੰ ਟੱਪਿਆਂ ਵਿਚ ਸੰਕੇਤ ਨਜ਼ਰ ਨਹੀਂ ਆਉਂਦਾ।ਡਾ: ਸਾਹਿਬ ਸੰਕੇਤ ਦੇਖੋ:-

ਮੇਰੀ ਜੁਗਨੀ ਦੇ ਧਾਗੇ ਬੱਗੇ
ਜੁਗਨੀ ਉਹਦੇ ਮੂੰਹੋਂ ਫੱਬੇ
ਜੀਹਨੂੰ ਸੱਟ ਇਸ਼ਕ ਦੀ ਲੱਗੇ।


ਹੁਣ ਇਸ਼ਕ ਇਥੇ ਇਸ਼ਕ ਮਜ਼ਾਜੀ ਨਹੀਂ, ਇਸ਼ਕ ਹਕੀਕੀ ਵੱਲ ਇਸ਼ਾਰਾ ਹੈ। ਕੀ ਮਿਸ਼ਾਲ ਨੂੰ ਧਾਗੇ ਲੱਗੇ ਹੁੰਦੇ ਹਨ? ਧਾਗੇ ਅੱਗ ਨਾਲ ਸੜ੍ਹਣਗੇ ਨਹੀਂ? ਇਹ ਧਾਗੇ ਉਹ ਹਨ ਜਿਸ ਵਿਚ ਤਾਵੀਜ਼ ਰੂਪੀ ਜੁਗਨੀ ਪਰੋਈ ਹੁੰਦੀ ਹੈ।

ਆਉ ਹੁਣ ਜੁਗਨੀ ਬਾਰੇ ਥੋੜਾ ਜਿਹਾ ਮੈਂ ਚਾਨਣਾ ਪਾਵਾਂ। ਜੁਗਨੀ ਦਾ ਜਨਮ ਉੱਤਰੀ ਭਾਰਤ ਵਿਚ ਦੋ ਹਜ਼ਾਰ ਸਾਲ ਪਹਿਲਾਂ ਹੋਇਆ ਸੀ। ਨਾਥ ਯੋਗੀ, ਯੋਗ ਧਾਰਨ ਕਰਵਾਉਣ ਸਮੇਂ ਆਪਣੇ ਚੇਲਿਆਂ ਦੇ ਗਲੇ ਵਿਚ ਨਿਸ਼ਾਨੀ ਵਜੋਂ ਇਕ ਵਿਸ਼ੇਸ਼ ਕਿਸਮ ਦਾ ਧਾਤੂ ਤਵੀਤ ਪਾਇਆ ਕਰਦੇ ਸਨ। ਜਿਸਨੂੰ ਉਹ ਯੋਗ+ਗ੍ਰਹਿਨੀ ਕਿਹਾ ਕਰਦੇ ਸਨ।ਇਕ ਜਗ੍ਹਾ ਰਹਿੰਦਿਆਂ ਜਦੋਂ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਸੀ ਕਿ ਉਹਨਾਂ ਦੇ ਚੇਲੇ ਯੋਗ ਵਿਦਿਆ ਵਿਚ ਮਾਹਿਰ ਹੋ ਗਏ ਹਨ ਤਾਂ ਉਹ ਅਗਲੀ ਮੰਜਿ਼ਲ ‘ਤੇ ਜਾ ਕਿਆਮ ਕਰਦੇ ਸਨ। ਨਵੇਂ ਥਾਂ ਉਹ ਯੋਗ+ਗ੍ਰਹਿਨੀ ਲੈ ਜਾਂਦੇ ਤੇ ਯੋਗ ਦਾ ਪ੍ਰਚਾਰ ਕਰਦੇ। ਇਹ ਯੋਗ ਗ੍ਰਹਿਨੀ ਹੌਲੀ ਹੌਲੀ ਯੋਗਨੀ ਬਣ ਗਈ। ਨਾਥਾਂ ਦੀ ਪ੍ਰੰਮਪਰਾ ਦਾ ਇਕ ਅੰਗ।ਯੋਗਨੀ ਸਿੱਧਾਂ ਨਾਥ ਦੀ ਪਹਿਚਾਣ ਦਾ ਇਕ ਚਿੰਨ੍ਹ ਬਣ ਕੇ ਪ੍ਰਚੱਲਤ ਹੋਈ। ਦੇਸ਼ ਵਿਦੇਸ਼ਾਂ ਵਿਚ ਯੋਗੀਆਂ ਨੇ ਆਪਣੇ ਅਕੀਦੇ ਅਤੇ ਇਸ਼ਟ ਨੂੰ ਪ੍ਰਚਾਰਿਆ। ਉਸ ਤੋਂ ਉਪਰੰਤ ਹਜ਼ਰਤ ਮੁਹੰਮਦ ਦੇ ਪੈਰੋਕਾਰ ਤੁਅਸਬੀ ਹੁੰਦੇ ਗਏ, ਜਿਸ ਦੀ ਬਗਾਵਤ ਦੇ ਸਿੱਟੇ ਵਜੋਂ ਸੂਫੀ ਸੰਪਰਦਾਏ ਦਾ ਜਨਮ ਹੋਇਆ।ਸੂਫੀ ਭਾਵੇਂ ਮੰਨਦੇ ਤਾਂ ਇਸਲਾਮ ਨੂੰ ਹੀ ਸੀ, ਪਰ ਉਹ ਪੁਰਾਤਨ ਮੁਸਲਮਾਨਾਂ ਵਾਂਗ ਕੱਟੜ ਨਹੀਂ ਸਨ। ਇਸ ਕਾਰਨ ਸੂਫੀਵਾਦ ਦਾ ਉਭਾਰ ਬਹੁਤ ਤੀਰਬਰਗਤੀ ਨਾਲ ਹੋਇਆ।ਸੂਫੀਆਂ ਨੂੰ ਜਦੋਂ ਯੋਗਨੀ ਬਾਰੇ ਇਲਮ ਹੋਇਆ ਤਾਂ ਉਹਨਾਂ ਨੇ ਯੋਗਨੀ ਨੂੰ ਅਪਨਾ ਲਿਆ। ਪਰ ਇਸ ਦੀ ਦਿੱਖ ਅਤੇ ਬਣਤਰ ਵਿਚ ਤਬਦੀਲੀ ਕਰਕੇ ਉਹ ਇਸਨੂੰ ਆਪਣੇ ਡੌਲ੍ਹੇ ਉੱਤੇ ਬੰਨ੍ਹਣ ਲੱਗ ਪਏ।ਨਾਥਾਂ ਨਾਲੋਂ ਸੂਫੀਆਂ ਨੇ ਯੋਗਨੀ ਨੂੰ ਇਕ ਉੱਚਾ ਤੇ ਵਿਸ਼ੇਸ਼ ਦਰਜਾ ਪ੍ਰਦਾਨ ਕੀਤਾ। ਉਹ ਹਰੇਕ ਚੇਲੇ ਦੀ ਬਜਾਏ ਯੋਗਨੀ ਆਪਣੇ ਅਗਲੇ ਗੱਦੀਨਸ਼ੀਨ ਨੂੰ ਸੌਂਪਦੇ। ਜਿਹੜਾ ਸੂਫੀ ਦਰਵੇਸ਼ ‘ਮਾਰਫਤ’ ਦੀ ਅਵਸਥਾ ਉੱਤੇ ਪਹੁੰਚ ਜਾਂਦਾ, ਯੋਗਨੀ ਉਸ ਕੋਲ ਹੁੰਦੀ ਤੇ ਅੱਗੋਂ ਉਹ ਇਸਨੂੰ ਆਪਣੇ ਮੁਕਾਬਲੇ ਉੱਤੇ ਪਹੁੰਚ ਚੁੱਕੇ ਫਕੀਰ ਨੂੰ ਹੀ ਬਖਸ਼ਦੇ।ਇਸ ਤਰ੍ਹਾਂ ਸੂਫੀ ਫਕੀਰ ਯੋਗਨੀ ਨੂੰ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਸਫਰ ਕਰਵਾਉਂਦੇ। ਜਿਥੇ ਯੋਗਨੀ ਚਲੀ ਜਾਂਦੀ ਉਥੇ ਦੇ ਫਕੀਰਾਂ ਵਿਚ ਹੁਲਾਸ ਦੀ ਲਹਿਰ ਦੌੜ ਜਾਂਦੀ। ਉਹ ਯੋਗਨੀ ਪ੍ਰਾਪਤ ਕਰਨ ਦੀ ਲਾਲਸਾ ਵਿਚ ਕਠਿਨ ਤੋਂ ਕਠਿਨ ਇਮਤਿਹਾਨ ਦਿੰਦੇ। ਚਿੱਲੇ ਕੱਟਦੇ।ਯੋਗਨੀ ਧਾਰਨ ਕਰਵਾਉਣ ਸਮੇਂ ਜਸ਼ਨ ਹੁੰਦਾ। ਯੋਗਨੀ ਦਾ ਗੁਣਗਾਨ ਕੀਤਾ ਜਾਂਦਾ।ਜੁਗਨੂੰ ਇਕ ਜੀਵ ਹੁੰਦਾ ਹੈ, ਜਦੋਂ ਉਹ ਹਵਾ ਵਿਚ ਉੱਡਦਾ ਹੈ ਤਾਂ ਰੋਸ਼ਨੀ ਪੈਦਾ ਕਰਦਾ ਹੈ। ਇਥੋਂ ਹੀ ਇਹ ਗਿਆਨਤਾ ਦਾ ਚਾਨਣ ਫੈਲਾਉਣ ਵਾਲੀ ਯੋਗਨੀ; ਜੁਗਨੀ ਬਣ ਕੇ ਸਾਡਾ ਲੋਕ ਗੀਤ ਬਣੀ। ਬੇਸ਼ਕ ਆਧੁਨਿਕ ਕਵੀਆਂ ਨੇ ਇਸਦੇ ਨਕਸ਼ ਵਿਗਾੜ ਕੇ ਇਸ ਨੂੰ ਮੁਟਿਆਰ ਵਜੋਂ ਚਿੱਤਰਿਆ ਹੈ, ਪਰ ਪੁਰਾਤਨ ਕਾਵਿ ਵਿਚ ਇਸ ਦਾ ਸਪਸ਼ਟ ਜਿ਼ਕਰ ਆਉਂਦਾ ਹੈ। ਖਾਸ ਕਰ ਅਰਬੀ ਅਤੇ ਫਾਰਸੀ ਦੀਆਂ ਭਾਸ਼ਾਵਾਂ ਵਿਚਲੇ ਜੁਗਨੀ ਕਾਵਿ ਵਿਚ। ਬਾਬਾ ਸ਼ੇਖ ਫਰੀਦ ਸਾਹਿਬ ਨੇ ਅਜ਼ਮੇਰ ਸ਼ਰੀਫ ਵਿਖੇ ਚਿੱਲਾ ਕੱਟ ਕੇ ਜੁਗਨੀ ਪ੍ਰਾਪਤ ਕੀਤੀ ਸੀ। ਅੱਜ ਵੀ ਅਜ਼ਮੇਰ ਸ਼ਰੀਫ ਜਾਵੋ ਤਾਂ ਦਰਗਾਹ ਵਿਚ ਵੜ੍ਹਦਿਆਂ ਜੇ ਖੱਬੇ ਪਾਸੇ ਮੁੜ ਜਾਇਏ ਤਾਂ ਉਥੇ ਉਹ ਜਗ੍ਹਾ ਮੌਜੂਦ ਹੈ ਜਿਥੇ ਸ਼ੇਖ ਫਰੀਦ ਸਾਹਿਬ ਨੇ ਚਿੱਲਾ ਕੱਟਿਆ ਸੀ। ਉੱਥੇ ਬਕਾਇਦਾ ਹਰੇ ਰੰਗ ਦੇ ਅੱਖਰਾਂ ਵਿਚ ਹਿੰਦੀ ਅਤੇ ਉਰਦੂ ਵਿਚ ਇਹ ਲਿਖਿਆ ਹੋਇਆ ਹੈ। ਮੈਂ ਕਈ ਵਾਰ ਜਾ ਚੁੱਕਾ ਹਾਂ। ਤੁਸੀਂ ਜਾ ਕੇ ਦੇਖ ਸਕਦੇ ਹੋ।

ਉਥੋਂ ਥੋੜ੍ਹੀ ਵਿੱਥ ‘ਤੇ ਰਾਜਸਥਾਨ ਵਿਚ ਹੀ ਇਕ ਪੁਸ਼ਕਰ ਨਾਮ ਦੀ ਜਗ੍ਹਾ ਹੈ, ਬ੍ਰਹਮਾ ਦਾ ਭਾਰਤ ਵਿਚ ਸਭ ਤੋਂ ਵੱਡਾ ਮੰਦਰ ਇਸ ਸਥਾਨ ‘ਤੇ ਸਥਿਤ ਹੈ। ਪੁਸ਼ਕਰ ਦੇ ਕਰੀਬ ਹੀ ਅਜੇ ਨਗਰ ਨਾਮ ਦਾ ਕਸਬਾ ਹੈ। ਇਸ ਕਸਬੇ ਵਿਚ ਇਕ ਬਹੁਤ ਉੱਚੇ ਪਹਾੜ ਉੱਤੇ ਕਾਦਰੀ ਮੱਤ ਦੇ ਨਾਥਾਂ ਦਾ ਟਿੱਲਾ ਹੈ। ਉਸ ਟਿੱਲੇ ਵਿਚ ਯੋਗੀਆਂ ਦੇ ਰੁਦਰਾਖਸ਼ ਅਤੇ ਜੁਗਨੀਆਂ ਪਾਈਆਂ ਤੁਸੀਂ ਅੱਜ ਵੀ ਦੇਖ ਸਕਦੇ ਹੋ।
ਮੇਰਾ ਜੱਦੀ ਸ਼ਹਿਰ ਜਗਰਾਉਂ ਹੈ।ਪੰਜਾਬੀ ਗੀਤਾਂ ਵਿਚ ਵੀ ਇਸਦਾ ਜਿ਼ਕਰ ਆਉਂਦਾ ਹੈ:-

ਆਰੀ ਆਰੀ ਆਰੀ
ਵਿਚ ਜਗਰਾਵਾਂ ਦੇ
ਲੱਗਦੀ ਰੋਸ਼ਨੀ ਭਾਰੀ
ਵੈਅਲੀਆਂ ਦਾ ’ਕੱਠ ਹੋ ਗਿਆ
ਉਥੇ ਬੋਤਲਾਂ ਮੰਗਾ ਲਈਆਂ ਚਾਲੀ
ਚਾਲੀਆਂ ‘ਚੋਂ ਇਕ ਬਚ’ਗੀ
ਉਹ ਚੁੱਕ ਕੇ ਮਹਿਲ ਨਾਲ ਮਾਰੀ
ਮੁਨਸ਼ੀ ਡਾਗੋਂ ਦਾ
ਡਾਂਗ ਰੱਖਦਾ ਗੰਡਾਸੇ ਵਾਲੀ
ਮੋਦਨ ਕਾਉਂਕਿਆਂ ਦਾ
ਜੀਹਨੇ ਕੁੱਟਤੀ ਪੰਡੋਰੀ ਸਾਰੀ
ਧੰਨ ਕੁਰ ਦੌਧਰ ਦੀ
ਲੱਕ ਪਤਲਾ ਬਦਨ ਦੀ ਭਾਰੀ
ਪਰਲੋਂ ਆ ਜਾਂਦੀ
ਜੇ ਹੁੰਦੀ ਨਾ ਪੁਲਸ ਸਰਕਾਰੀ


ਜਗਰਾਉਂ ਇਕ ਸੂਫੀ ਫਕੀਰ ਜੱਗਰਾਵ ਨੇ ਵਸਾਇਆ ਸੀ। ਮੇਰੇ ਸ਼ਹਿਰ ਹਰ ਸਾਲ ਮਾਰਚ ਮਹੀਨੇ ਵਿਚ ਇਕ ਮਸ਼ਹੂਰ ਮੇਲਾ ਲੱਗਦਾ ਹੈ, ਜਿਸਨੂੰ ‘ਰੋਸ਼ਨੀ ਦਾ ਮੇਲਾ’ ਕਿਹਾ ਜਾਂਦਾ ਹੈ। ਜੋ ਮੇਰੇ ਜੱਦੀ ਘਰ ਦੇ ਐਨ ਸਾਹਮਣੇ ਬਣੀ ਖਾਨਗਾਹ ਵਿਚ ਲੱਗਦਾ ਹੈ।ਇਹ ਮੇਲਾ ਜਹਾਂਗੀਰ ਦੇ ਜਗਰਾਂਉ ਆਉਣ ਸਮੇਂ ਤੋਂ ਹੀ ਲੱਗਣ ਲੱਗਾ ਹੈ।ਇਥੇ ਵਰਣਨਯੋਗ ਹੈ ਕਿ ਰੋਸ਼ਨੀ ਦੇ ਮੇਲੇ ਵਿਚ 1840 ਤੋਂ ਜੁਗਨੀ ਗਾਈ ਜਾਂਦੀ ਹੈ। 1857 ਦੇ ਗਦਰ ਤੋਂ ਵੀ ਪਹਿਲਾਂ। ਲੱਗਦੈ ਕਦੇ ਡਾ: ਸਾਹਿਬ ਨੂੰ ‘ਛਪਾਰ ਦਾ ਮੇਲਾ’ ਦੇਖਣ ਦਾ ਅਵਸਰ ਨਹੀਂ ਮਿਲਿਆ, ਉਥੇ ਜਿੱਥੇ ਲੁੱਚੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ, ਉੱਥੇ ਜੁਗਨੀ, ਜਿੰਦੂਆ ਤੇ ਮਾਹੀਆ ਵੀ ਸੈਂਕੜੇ ਸਾਲਾਂ ਤੋਂ ਗਾਏ ਜਾਂਦੇ ਹਨ।ਜੁਗਨੀ ਬਾਰੇ ਖੋਜ ਕਰਨ ਲਈ ਇਨਸਾਈਕਲੋਪੀਡੀਆ ਔਫ ਸੂਫੀਇਜ਼ਮ ਦਾ ਪੰਨਾ ਨੰ: 900 ਦੇਖੋ। ਇਸ ਤੋਂ ਇਲਾਵਾਂ ਹੇਠ ਲਿਖੀਆਂ ਕਿਤਾਬਾਂ ਪੜ੍ਹਣ ਦੀ ਖੇਚਲ ਕਰੋ। ਜੁਗਨੀ ਬਾਰੇ ਇਤਿਹਾਸਕ ਲੇਖ ਲਿਖਣ ਦਾ ਮਜ਼ਾ ਦੇਖਿਉ ਕਿੰਨਾ ਆਉਂਦਾ ਹੈ:-

1. Sufism by Seyyed and Llewellyn Vaughan-Lee,
2. Kashf al-Mahjûb by Hujwiri
3. The Risâla by Qushayri Hossein Nasr,
4. Sufi practices by Sunil Verma
5. The Sufi movement by Sayyid Muhammad Baba As-Samasi and Alen Gorden
6. Sufism's Many Paths by Dr. Alan Godlas, University of Georgia
7. Gorakshanath Jogis of India by Ramesh Upadiay

ਲੇਖਕ -ਬਲਰਾਜ ਸਿੱਧੂ, ਯੂ. ਕੇ.

No comments:

Post a Comment