ਦੋਸਤੋ,
ਕੁਝ ਦਿਨ ਪਹਿਲਾਂ ਹੀ ਮੈਨੂੰ ਯੂ-ਟਿਊਬ ਤੇ ਪ੍ਰੋ: ਨਰਿੰਦਰ ਸਿੰਘ ਕਪੂਰ ਦਾ ਵਿਡੀਓ ਵੇਖਣ ਦਾ ਮੌਕਾ ਲੱਗਾ। ਪ੍ਰੋ: ਨਰਿੰਦਰ ਸਿੰਘ ਕਪੂਰ ਇਸ ਵਿਡੀਓ ਵਿੱਚ ਕਿਸੇ ਅਖੌਤੀ ਐਨ. ਆਰ. ਆਈ ਸਭਿਆਚਾਰ ਦੀ ਗੱਲ ਕਰ ਰਹੇ ਸਨ ਕਿ ਉਹ ਕਿਵੇਂ ਪੰਜਾਬ ਆ ਕੇ ਮਾਹੌਲ ਨੂੰ ਗੰਦਲਾ ਕਰਦੇ ਹਨ ।
ਚੰਗਾ ਹੋਇਆ ਨਰਿੰਦਰ ਸਿੰਘ ਨੇ ਲਫ਼ਜ਼ ਐਨ. ਆਰ. ਆਈ ਵਰਤਿਆ ਕਿਉਂਕਿ ਘੱਟੋ-ਘੱਟ ਮੈਂ ਤਾਂ ਆਪਣੇ ਆਪ ਨੂੰ ਐਨ. ਆਰ. ਆਈ ਨਹੀਂ ਗਿਣਦਾ। ਮੈਂ ਨਿਊਜ਼ੀਲੈਂਡ ਦਾ ਨਾਗਰਿਕ ਹਾਂ ਤੇ ਪੰਜਾਬੀਅਤ ਦਾ ਮੁੱਦਈ ਹਾਂ। ਨਰਿੰਦਰ ਸਿੰਘ ਦੇ ਗਿਲੇ ਸ਼ਿਕਵੇ ਜੋ ਵੀ ਹੋਣ ਪਰ ਅਖੀਰ ਵਿੱਚ ਗੱਲ ਇਥੇ ਪਹੁੰਚਦੀ ਹੈ ਕਿ ਉੱਠ ਸਕਾਂ ਨਾ ਤੇ ਫਿੱਟੇ ਮੂੰਹ ਗੋਡਿਆਂ ਦਾ ਅਤੇ ਉੱਤੋਂ ਦੀ ਐਨ. ਆਰ. ਆਈ ਟੋਲੇ ਦਾ ਗਲ਼ ਵਿੱਚ ਗਲ਼ਮਾਂ।
ਸੱਚੀ ਗੱਲ ਤਾਂ ਇਹ ਹੈ ਕਿ ਇਸ ਵੇਲੇ ਪੰਜਾਬ ਹੀ ਖੱਸੀ ਹੋਇਆ ਪਿਆ ਹੈ ਤੇ ਭਾਂਡਾ ਭੰਨਿਆ ਜਾ ਰਿਹਾ ਹੈ ਐਨ. ਆਰ. ਆਈ ਟੋਲੇ ਦੇ ਸਿਰ। ਜਿਸ ਸਮਾਜਕ ਜੀਵਨ ਦਾ ਰੋਣਾ ਨਰਿੰਦਰ ਸਿੰਘ ਸਿੰਘ ਰੋ ਰਿਹਾ ਹੈ ਉਹ ਰਹਿ ਹੀ ਕਿੱਥੇ ਗਿਆ ਹੈ? ਜੇਕਰ ਸਮਾਜਕ ਜੀਵਨ ਦੀ ਵਾਕਿਆ ਹੀ ਕੋਈ ਪੰਜਾਬ ਵਿੱਚ ਵੁੱਕਤ ਹੋਵੇ ਤਾਂ ਫੇਰ ਕੀ ਮਜਾਲ ਹੈ ਕਿ ਕੋਈ ਐਨ. ਆਰ. ਆਈ ਟੋਲਾ ਉਸ ਵਿੱਚ ਖਲਲ਼ ਪਾ ਸਕੇ।
ਪੰਜਾਬ ਤੋਂ ਬਾਹਰ ਜਾ ਕੇ ਵੱਸੇ ਲੋਕ ਐਨ. ਆਰ. ਆਈ ਨਾਲੋਂ ਪੰਜਾਬੀ ਹੀ ਅਖਵਾਉਣਾ ਵਧੇਰੇ ਪਸੰਦ ਕਰਦੇ ਹਨ। ਪਰ ਉਹ ਜਦ ਵੀ ਪੰਜਾਬ ਦੀ ਫੇਰੀ ਤੇ ਜਾਂਦੇ ਹਨ ਤਾਂ ਬੇਹੱਦ ਮਾਯੂਸ ਹੋ ਕੇ ਵਾਪਸ ਪਰਤਦੇ ਹਨ ਕਿ ਪੰਜਾਬ ਕਿੰਨਾ ਖੱਸੀ, ਖੋਖਲਾ ਤੇ ਖੁਰਕਿਆ ਪਿਆ ਹੈ। ਨਾ ਤਾਂ ਕਿਤੇ ਪੰਜਾਬੀ ਬੋਲੀ ਲੱਭਦੀ ਹੈ ਤਾਂ ਨਾ ਹੀ ਕਿਤੇ ਪੰਜਾਬੀ ਪੜ੍ਹਣ ਦਾ ਚਾਅ। ਜਿਹੜਾ ਵੀ ਲੰਘਦਾ ਹੈ ਉਹ ਚੰਮ ਦੀਆਂ ਚਲਾਉਂਦਾ ਹੀ ਜਾਪਦਾ ਹੈ ਭਾਵੇਂ ਉਹ ਨਰਿੰਦਰ ਸਿੰਘ ਵਾਲਾ ਐਨ. ਆਰ. ਆਈ ਟੋਲਾ ਹੀ ਹੋਵੇ ਤੇ ਭਾਵੇਂ ਮੁਕਾਮੀ ਕਾਕਾਸ਼ਾਹੀ ਨਿਜ਼ਾਮ।
ਨਰਿੰਦਰ ਸਿੰਘ, ਅਗਲੀਆਂ ਸਤਰਾਂ ਵਿੱਚ ਪੰਜਾਬੀਆਂ ਦੀਆਂ ਸਧਰਾਂ ਹਨ ਜਿੰਨ੍ਹਾਂ ਨੂੰ ਪੰਜਾਬ ਵਿੱਚ ਵਲੂੰਧਰਿਆ ਅਤੇ ਨੋਚਿਆ ਜਾ ਰਿਹਾ ਹੈ। ਕੀ ਪੰਜਾਬ ਦੇ ਬਾਸ਼ਿੰਦੇ ਐਨ. ਆਰ. ਆਈ ਟੋਲੇ ਦੇ ਸਿਰ ਭਾਂਡਾ ਭੰਨਣ ਦੀ ਬਜਾਏ ਆਪਣੀ ਔਕਾਤ ਨੂੰ ਹੀ ਉੱਚਾ ਚੁੱਕ ਸਕਦੇ ਹਨ? ਨਰਿੰਦਰ ਸਿੰਘ ਤੁਸੀਂ ਕਿਉਂਕਿ ਸਾਰੀ ਉਮਰ ਯੂਨੀਵਰਸਿਟੀ ਦੇ ਲੇਖੇ ਲਾਈ ਹੈ ਸੋ ਮੈਂ ਆਪਣੀ ਗੱਲ ਦਾ ਘੇਰਾ ਅਕਾਦਮਿਕ ਦਾਇਰੇ ਵਿੱਚ ਹੀ ਰੱਖਾਂਗਾ ਤਾਂ ਜੋ ਤੁਹਾਡੇ ਨਾਲ ਗ਼ੁਫ਼ਤਗ਼ੂ ਮੁਸੱਲਸਲ ਜਾਰੀ ਰਹੇ।
ਦੁਨੀਆਂ ਦੇ ਮੁਲਕਾਂ ਵਿੱਚ ਵੱਸਦੇ ਨੌਕਰੀਪੇਸ਼ਾ ਤੇ ਪੇਸ਼ਾਵਰ ਪੰਜਾਬੀ ਆਮ ਤੌਰ ਤੇ ਜਦ ਪੰਜਾਬ ਯਾਤਰਾ ਦੀ ਮਨਸੂਬਾ-ਬੰਦੀ ਕਰਦੇ ਹਨ ਤਾਂ ਵਧੇਰੇ ਕਰਕੇ 15 ਦਸੰਬਰ ਤੋਂ 30 ਜਨਵਰੀ ਤੱਕ ਦਾ ਵਕ਼ਤ ਚੁਣਦੇ ਹਨ। ਮੇਰੀ ਜਾਚੇ ਇਹ ਵਕ਼ਤ ਤਾਂ ਪੰਜਾਬ ਵਿੱਚ ਮੇਲਾਮਈ ਬਣ ਜਾਣਾ ਚਾਹੀਦਾ ਹੈ। ਉਪਰਲਿਖਤ ਪੰਜਾਬੀ ਜਦ ਪੰਜਾਬ ਪਹੁੰਚਦੇ ਹਨ ਤਾਂ ਪਹਿਲੇ ਪੜਾਅ ਤੇ ਹੀ ਆਪਣੀਆਂ ਸਧਰਾਂ ਦਾ ਕ਼ਤਲੇਆਮ ਹੁੰਦਾ ਵੇਖਣਾ ਸ਼ੁਰੂ ਕਰ ਦਿੰਦੇ ਹਨ। ਆਓ ਜ਼ਰਾ ਵੇਖੀਏ ਕਿ ਨਰਿੰਦਰ ਸਿੰਘ ਦਾ ਸਭਿਆਚਾਰ ਕਿਹੜੀ ਕਰਵਟ ਬੈਠਦਾ ਹੈ?
ਕੋਈ ਅਖ਼ਬਾਰ ਚੁੱਕ ਲਓ, ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਆਉਂਦੇ ਦਿਨਾਂ ਵਿੱਚ ਕਿਸ ਸ਼ਹਿਰ ਵਿੱਚ ਕਿਹੜੇ ਨਾਟਕ ਖੇਡੇ ਜਾ ਰਹੇ ਹਨ। ਜਾਂ ਫਿਰ ਇਸ ਸਾਲ ਚੋਟੀ ਦੇ ਪੰਜ ਪੰਜਾਬੀ ਨਾਵਲ, ਕਹਾਣੀਆਂ ਜਾਂ ਕਵਿਤਾਵਾਂ ਦੀਆਂ ਕਿਤਾਬਾਂ? ਜਲੰਧਰੋਂ ਛਪਦੇ ਪੰਜਾਬੀ ਅਖਬਾਰ ਤੇ ਬੱਸ ਭੋਗ, ਪ੍ਰੈਸ-ਨੋਟ ਤੇ ਮੁੱਠੀ-ਚਾਪੀ ਕਰਣ ਜੋਗੇ ਹੀ ਹਨ। ਖਬਰ ਲਿਖਣੀ ਤੇਂ ਆਉਂਦੀ ਨਹੀਂ ਸਿਰਫ ਬੰਦਿਆਂ ਦੇ ਨਾਂਵਾਂ ਦੀਆਂ ਲੰਮੀਆਂ ਸੂਚੀਆਂ ਤੇ “ਯਾਦਗਾਰੀ ਹੋ ਨਿੱਬੜਿਆ ਮੇਲਾ” ਵਰਗੇ ਸ਼ਬਦ ਆਮ ਪੜ੍ਹਣ ਨੂੰ ਮਿਲਦੇ ਹਨ। ਕੋਈ ਪੁੱਛਣ ਵਾਲਾ ਹੋਵੇ ਤੇ ਪੁੱਛੇ ਕਿ ਯਾਦਗਾਰੀ ਮਾਅਰਕਾ ਕੀ ਮਾਰ ਦਿੱਤਾ? ਪਰ ਗੱਲ ਤਾਂ ਹੈ ਕਿ ਜਿਹੜੇ ਪੁੱਛਣ ਵਾਲੀ ਜਗ੍ਹਾ ਮੱਲੀ ਬੈਠੇ ਹਨ ਉਹ ਆਪ ਡਰਦੇ ਹਨ ਕਿ ਪੁੱਛ ਕੇ ਕਿਤੇ ਆਪਣਾ ਹੀ ਢਿੱਡ ਨਾ ਨੰਗਾ ਕਰ ਲੈਣ।
ਨਰਿੰਦਰ ਸਿੰਘ, ਹੁਣ ਗੱਲ ਪੰਜਾਬੀ ਯੂਨੀਵਰਸਿਟੀ ਵੱਲ ਮੋੜਦੇ ਹਾਂ। ਇਹ ਅਫਵਾਹ ਆਮ ਸੁਣਨ ਨੂੰ ਮਿਲਦੀ ਹੈ ਕਿ ਇਹ ਯੂਨੀਵਰਸਿਟੀ ਪੰਜਾਬੀ ਬੋਲੀ ਦੀ ਤਰੱਕੀ ਵਾਸਤੇ ਬਣੀ ਸੀ। ਪਰ ਮਜ਼ਾਲ ਹੈ ਕਿ ਤੁਹਾਨੂੰ ਇਸ ਬਾਰੇ ਮਾੜੀ ਮੋਟੀ ਕੋਈ ਜਾਣਕਾਰੀ ਮਿਲ ਸਕੇ। ਅੱਜ ਦੀ ਦੁਨੀਆਂ ਵਿੱਚ ਇੰਟਰਨੈਟ – ਵੈਬ ਜਾਂ ਫਿਰ ਪੰਜਾਬੀ ਵਿੱਚ ਜਾਲ ਹੀ ਕਹਿ ਲੈਂਦੇ ਹਾਂ, ਆਮ ਹੈ। ਪਰ ਪੰਜਾਬੀ ਯੂਨੀਵਰਸਿਟੀ ਦਾ ਘਸਿਆ ਜਿਹਾ ਜਾਲ ਕੀਤੇ ਕੰਮਾਂ ਦੀ ਕੋਈ ਜਾਣਕਾਰੀ ਨਹੀਂ ਦਿੰਦਾ।
ਦੁਨੀਆਂ ਦੀਆਂ ਯੂਨੀਵਰਸਿਟੀਆਂ ਵਿੱਚ ਜਦ ਕੋਈ ਪ੍ਰਫੈਸਰ ਮਨੋਨੀਤ ਹੁੰਦਾ ਹੈ ਤਾਂ ਫੈਕਲਟੀ ਪੱਬਾਂ ਭਾਰ ਹੋਈ ਫਿਰਦੀ ਹੈ। “ਪ੍ਰੋਫੈਸੋਰੀਅਲ ਲੈਕਚਰ” ਰੱਖਿਆ ਜਾਂਦਾ ਹੈ ਤੇ ਸੱਦਾ ਸਾਰੇ ਸ਼ਹਿਰ ਨੂੰ ਜਾਂਦਾ ਹੈ। ਹਾਲ ਖਚਾ-ਖਚ ਭਰੇ ਹੁੰਦੇ ਹਨ ਤੇ ਘੰਟੇ ਭਰ ਦੇ ਭਾਸ਼ਣ ਤੋਂ ਬਾਅਦ ਫੈਕਲਟੀ, ਵਿਦਿਆਰਥੀ ਤੇ ਆਮ ਨਾਗਰਿਕ ਵੀ ਚਾਈਂ ਚਾਈਂ ਉੱਠ ਕੇ ਸੁਆਲ ਪੁੱਛਦੇ ਹਨ। ਮਾਹੌਲ ਖੁਸ਼ਗੁਆਰ ਬਣਦਾ ਹੈ ਕਿ ਅੱਜ ਸਾਡੀ ਯੂਨੀਵਰਸਿਟੀ ਦਾ ਕੱਦ ਹੋਰ ਉੱਚਾ ਹੋ ਗਿਆ। ਨਰਿੰਦਰ ਸਿੰਘ ਭਲਾ ਤੁਸੀਂ ਇਹ “ਪ੍ਰੋਫੈਸੋਰੀਅਲ ਲੈਕਚਰ” ਕਦੋਂ ਦਿੱਤਾ ਸੀ?
ਯੂਨੀਵਰਸਿਟੀਆਂ ਵਿੱਚ ਯੁਵਕ ਮੇਲੇ ਤਾਂ ਆਮ ਚੱਲਦੇ ਹਨ। ਪਰ ਭਰ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਨੂੰ ਇਹ ਨਹੀਂ ਪਤਾ ਕਿ ਅੱਜ ਦੀ ਪਨੀਰੀ ਦਾ ਇਸ ਪਾਸੇ ਕੀ ਮਿਆਰ ਹੈ। ਪੰਜਾਬ ਵਿੱਚ ਖੁੰਭਾਂ ਵਾਂਙ ਉੱਗੇ ਭੰਡ-ਗਵੱਈਏ ਵੇਖ ਕੇ ਚੰਗੇ ਦੀ ਆਸ ਹੀ ਬੇਕਾਰ ਹੈ। ਪਰ ਕੀ ਯੂਨੀਵਰਸਿਟੀ ਏਡੀ ਹੀ ਨਿਖਿੱਧ ਹੋ ਗਈ ਹੈ ਕਿ ਮੇਲਿਆਂ ਦੇ ਵੀਡਿਓ ਵੀ ਜਾਲ ਤੇ ਨਹੀਂ ਪਾ ਸਕਦੀ। ਜੇਕਰ ਯੂਨੀਵਰਸਿਟੀ ਦਾ ਆਪਣਾ ਜਾਲ ਬੇਕਾਰ ਹੈ ਤਾਂ ਯੂ-ਟਿਊਬ ਤੇ ਹੀ ਪਾ ਦੇਵੇ। ਨਾਲੇ ਇਹ ਵੀ ਪਤਾ ਲੱਗੇ ਕਿ ਯੂਨੀਵਰਸਿਟੀ ਦਾ ਨਾਟਕ ਵਿਭਾਗ ਅੱਜ ਕੱਲ ਕਿਹੋ ਜਿਹੇ ਨਾਟਕ ਖੇਡਦਾ ਹੈ। ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ ਉਦੋਂ ਤਾਂ ਜੋਸ਼ੋ-ਖਰੋਸ਼ ਨਾਲ ਇਹ ਅੰਦਰੇਟੇ ਤੱਕ ਜਾਂਦੇ ਸੀ। ਹੁਣ ਕੀ ਹਾਲ ਹੈ?
ਲਓ ਥੋੜਾ ਅਕਾਦਮਿਕ ਪਾਸੇ ਵੱਲ ਵੀ ਮੁੜਦੇ ਹਾਂ। ਜਿਵੇਂ ਕਿ ਉੱਪਰ ਗੱਲ ਕੀਤੀ ਹੈ ਅੱਜ ਦੀ ਦੁਨੀਆਂ ਵਿੱਚ ਜਾਲ ਕਿਸੇ ਵੀ ਸੰਸਥਾ ਦਾ ਮੁੱਖ ਦੁਆਰ ਹੈ। ਪਰ ਪੰਜਾਬੀ ਯੂਨੀਵਰਸਿਟੀ ਦੇ ਜਾਲ ਤੇ ਨਾ ਤਾਂ ਪੰਜਾਬੀ ਕੋਸ਼ ਲੱਭਦਾ ਹੈ ਤੇ ਨਾ ਹੀ ਪੰਜਾਬੀ ਵਿਆਕਰਣ। ਤੇ ਨਾ ਇਸ ਬਾਰੇ ਕੋਈ ਜਾਣਕਾਰੀ ਕਿ ਪੰਜਾਬੀ ਬੋਲੀ ਨੂੰ ਵਕਤ ਦੀ ਹਾਨਣ ਬਣਾਉਣ ਲਈ ਪੰਜਾਬੀ ਯੂਨੀਵਰਸਿਟੀ ਪੰਜਾਬੀ ਦੇ ਨਵੇਂ ਨਵੇਂ ਲਫ਼ਜ਼ ਕਿਵੇਂ ਘੜ੍ਹ ਰਹੀ ਹੈ। ਪਰ ਉਲਟਾ ਕੰਮ ਇਹ ਹੋ ਰਿਹਾ ਹੈ ਕਿ ਛੋਲੇ ਕੀ ਜਾਣਨ ਵਾਹ ਨੂੰ ਤੇ ਸਾਨ੍ਹ ਕੀ ਜਾਣੇ ਸਾਹ ਨੂੰ।
ਸਗੋਂ ਚਾਹੀਦਾ ਤਾਂ ਇਹ ਸੀ ਕਿ ਪੰਜਾਬੀ ਯੂਨੀਵਰਸਿਟੀ ਪੰਜਾਬ ਦੇ ਭਾਸ਼ਾ ਵਿਭਾਗ ਨੂੰ ਵੀ ਸੁਲ੍ਹਾ ਮਾਰਦੀ ਕਿ ਚੱਲ ਆਪਣਾ ਵਿਸ਼ਵ ਕੋਸ਼ ਵੀ ਲੈ ਆ ਤੇ ਇਕੱਠੇ ਹੀ ਜਾਲ ਤੇ ਪਾ ਦਿੰਦੇ ਹਾਂ। ਸਗੋਂ ਵਿਸ਼ਵ ਕੋਸ਼ ਲਈ ਵਿਕੀਪੀਡੀਆ ਵਰਗਾ ਚਬੂਤਰਾ ਤਾਂ ਪਹਿਲਾਂ ਤੋਂ ਹੀ ਤਿਆਰ ਹੈ। ਬੱਸ ਇਕ ਵਾਰ ਵਿਸ਼ਵ ਕੋਸ਼ ਦੀ ਸਾਰੀ ਜਾਣਕਾਰੀ ਪਾਉਣ ਦੀ ਲੋੜ ਹੈ ਬਾਅਦ ਵਿੱਚ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀ ਆਪਣੇ ਆਪ ਸਾਰੀ ਜਾਣਕਾਰੀ ਵਿਕੀਪੀਡੀਆ ਉੱਤੇ ਨਵਿਆਉਂਦੇ ਰਹਿਣਗੇ। ਗੂਗਲ ਵਰਗੇ ਵੀ ਤਿਆਰ ਹਨ ਪਰ ਪੰਜਾਬ ਵਿੱਚੋਂ ਕੋਈ ਸੰਸਥਾ ਨਿੱਤਰੇ ਤਾਂ ਹੀ ਅਨੁਵਾਦ ਦੀ ਸਹੂਲਤ ਜਾਲ ਤੇ ਪੈ ਸਕਦੀ ਹੈ। ਪੰਜਾਬੀ ਯੂਨੀਵਰਸਿਟੀ ਦੇ ਕਿਤਾਬਖਾਨੇ ਵਿੱਚ ਪੰਜਾਬੀ ਦੇ ਕਈ ਨਿਵੇਕਲੇ ਖਰੜੇ ਘੱਟਾ ਚੱਟ ਰਹੇ ਹਨ ਪਰ ਮਜ਼ਾਲ ਹੈ ਕਿ ਕਿਤੇ ਇਨ੍ਹਾਂ ਦੀ ਅੱਕਾਸੀ ਹੋ ਜਾਵੇ। ਪੰਜਾਬੀ ਯੂਨੀਵਰਸਿਟੀ ਨੂੰ ਇਹੋ ਜਿਹੀਆਂ ਗੱਲਾਂ ਤਾਂ, ਤਾਂ ਔੜਣ ਜੇ ਚਾਪਲੂਸੀ ਤੇ ਲਾਲ ਬੱਤੀ ਦੇ ਝੰਮੇਲੇ ਮੁੱਕਣ।
ਨਰਿੰਦਰ ਸਿੰਘ, ਜੇ ਕਿਤੇ ਲਾੜ੍ਹੀ ਹੋਊ ਤਾਂ ਹੀ ਉੱਥੇ ਬਰਾਤ ਢੁਕੇਗੀ ਤੇ ਸ਼ਗਣਾਂ ਵਾਲੇ ਵਿਹੜੇ ਵਿੱਚ ਚਹਿਲ-ਪਹਿਲ ਮੱਚੇਗੀ। ਸਭਿਆਚਾਰ ਤੇ ਸ਼ਊਰ ਸਭ ਨਜ਼ਰ ਆਉਣਗੇ। ਪਰ ਰੰਡੀ ਨੂੰ ਤਾਂ ਜਣਾ-ਖਣਾ ਐਨ. ਆਰ. ਆਈ ਦਬੱਲੀ ਫਿਰੂ ਜਿਵੇਂ ਤੁਸੀਂ ਆਪਣੇ ਯੂ-ਟਿਊਬ ਵਾਲੇ ਵਿਡੀਓ ਵਿੱਚ ਕਿਹਾ ਹੈ।
ਪੰਜਾਬੀ ਬੋਲੀ ਦੀ ਤਰੱਕੀ ਦਾ ਆਸਵੰਦ
ਗੁਰਤੇਜ ਸਿੰਘ
ਵੈਲਿੰਗਟਨ-ਨਿਊਜ਼ੀਲੈਂਡ