ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, March 28, 2011

ਆਸਟ੍ਰੇਲੀਆ 'ਚ ਭੰਗ ਭੁੱਜਦੀ

ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੇ ਅੱਜ ਤੋਂ ਤਕਰੀਬਨ ਤੀਹ ਵਰ੍ਹੇ ਪਹਿਲਾਂ ਲਿਖੇ ਅਤੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਵਲੋਂ ਗਾਏ ਇਕ ਗੀਤ "ਜੋੜਾਂ ਵਿੱਚ ਬਹਿ ਗਿਆ ਜੱਟ ਦੇ ਤੇਲੂ ਰਾਮ ਦੀ ਹੱਟੀ ਦਾ ਜਰਦਾ, ਪਿੰਡ ਵਿੱਚ ਭੰਗ ਭੁੱਜਦੀ ਪਿੰਡੋਂ ਬਾਹਰਲੀ ਸੜਕ ਉਤੇ ਠੇਕਾ" ਅੱਜ ਵੀ ਜਦੋਂ ਸੁਣਦਾ ਹਾਂ ਤਾਂ ਇੰਝ ਲਗਦਾ ਹੈ, ਜਿਵੇਂ ਇਹ ਸਾਰੀਆਂ ਗੱਲਾਂ ਮਰਾੜਾਂ ਵਾਲੇ ਮਾਨ ਨੇ ਵਿਦੇਸ਼ੀਂ ਵਸਦੇ ਪੰਜਾਬੀਆਂ ਨੂੰ ਲਾ ਲਾ ਕੇ ਲਿਖੀਆਂ ਹੋਣੀਆਂ । ਚਲੋ ! ਜੋ ਵੀ ਹੈ, ਪਰ ਅੱਜ ਦੇ ਇਸ ਲੇਖ 'ਚ ਕੁਝ ਇਹੋ ਜਿਹੇ ਸੱਚ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ, ਜਿਨ੍ਹਾਂ ਨੂੰ ਸੁਣ ਕੇ ਆਪਣੇ ਆਪ ਨੂੰ ਪੰਜਾਬੀ ਕਹਿਣ ਚ ਕੋਈ ਮਾਣ ਜਿਹਾ ਮਹਿਸੂਸ ਨਹੀਂ ਹੋਣਾ।

ਇਸ ਚਰਚਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਭੰਗ ਬਾਰੇ ਜਾਣ ਲਈਏ ਕਿ ਇਹ ਭੰਗ ਹੈ ਕੀ ਸ਼ੈ ? ਭਾਵੇਂ ਭੰਗ ਏਨੀ ਵੀ ਦੁਰਲੱਭ ਵਸਤੂ ਨਹੀਂ ਜਿਸ ਬਾਰੇ ਆਮ ਲੋਕਾਂ ਨੂੰ ਪਤਾ ਨਾ ਹੋਵੇ, ਪਰ ਫੇਰ ਵੀ ਕਹਿੰਦੇ ਨੇ ਕਿ ਵੀਹ-ਵੀਹ ਕੋਹ 'ਤੇ ਬੋਲੀ ਬਦਲ ਜਾਂਦੀ ਹੈ । ਸੋ, ਇਸੇ ਕਰਕੇ ਕੋਈ ਇਸ ਨੂੰ ਭੰਗ, ਕੋਈ ਸੁੱਖਾ, ਕੋਈ ਸੁੱਖ ਨਿਧਾਨ ਤੇ ਗੋਰੇ ਇਸ ਨੂੰ ਮਰੁਆਨਾ ਤੇ ਹੈਮਪ ਦੇ ਨਾਂ ਨਾਲ ਜਾਣਦੇ ਹਨ। ਨਾਂ ਭਾਵੇਂ ਕੋਈ ਵੀ ਹੋਵੇ ਪਰ ਇਸ ਦਾ ਅਸਲੀ ਕੰਮ ਤਾਂ ਦਿਮਾਗ਼ ਤੇ ਸਿੱਧਾ ਅਸਰ ਕਰਨਾ ਹੈ। ਕਹਿੰਦੇ ਨੇ ਕਿ ਜਦੋਂ ਬੰਦਾ ਇਸ ਦਾ ਸੇਵਨ ਕਰ ਲੈਂਦਾ ਹੈ ਤਾਂ ਉਹ ਕੀਤੀ ਜਾਣ ਵਾਲੀ ਕਿਰਿਆ ਵਾਰ ਵਾਰ ਦੁਹਰਾਉਂਦਾ ਹੈ । ਉਦਾਹਰਣ ਦੇ ਤੌਰ 'ਤੇ ਜੇਕਰ ਉਹ ਹੱਸਣ ਲਗ ਪਵੇ ਤਾਂ ਹੱਸਣੋਂ ਬੰਦ ਨਹੀਂ ਹੁੰਦਾ ਤੇ ਜੇ ਰੋਣ ਲਗ ਪਵੇ ਤਾਂ ਵਿਰਦਾ ਨਹੀਂ। ਇਹ ਨਸ਼ਾ ਕੋਈ ਅੱਜਕਲ ਦੇ ਸ਼ੈਤਾਨੀ ਦਿਮਾਗ਼ ਦੀ ਖੋਜ ਨਹੀਂ, ਸਗੋਂ ਇਹ ਤਾਂ ਸਦੀਆਂ ਤੋਂ ਸਾਡੇ ਸਮਾਜ ਦਾ ਹਿੱਸਾ ਰਿਹਾ ਹੈ। ਜਿਸ ਦਾ ਸਬੂਤ ਸਾਡੇ ਪੁਰਾਣੇ ਵੇਦ ਪੁਰਾਣ ਦਿੰਦੇ ਹਨ। ਭਾਵੇਂ ਉਹ ਇਤਿਹਾਸ ਹੋਵੇ ਜਾਂ ਮਿਥਿਹਾਸ, ਇਸ ਭੰਗ ਦਾ ਜ਼ਿਕਰ ਬਹੁਤ ਥਾਂਵਾਂ ਤੇ ਪੜ੍ਹਨ ਨੂੰ ਮਿਲ ਜਾਂਦਾ ਹੈ। ਪੁਰਾਣੇ ਰਿਸ਼ੀ ਮੁਨੀ ਤਾਂ ਇਸ ਦਾ ਸੇਵਨ ਕਰਦੇ ਹੀ ਸਨ, ਅੱਜ ਕਲ ਵੀ ਤੁਸੀਂ ਜੇ ਕਦੇ ਹਿੰਦੁਸਤਾਨ ਦੇ ਪਹਾੜੀ ਖੇਤਰ ਚ ਜਾਓ ਤਾਂ ਬਹੁਤ ਸਾਰੇ ਸੰਨਿਆਸੀ ਇਸ ਦਾ ਸੇਵਨ ਕਰਦੇ ਮਿਲ ਜਾਣਗੇ। ਇਕ ਵਾਰ ਮੈਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਗਿਆ ਤਾਂ ਰਾਹ ਵਿੱਚ ਚਮੋਲੀ ਵਿਖੇ ਕੁਝ ਸਾਧ ਹੱਥਾਂ ਨੂੰ ਸਰ੍ਹੋਂ ਦਾ ਤੇਲ ਲਾ ਕੇ, ਹੱਥ ਸੁੱਖੇ ਦੇ ਬੂਟਿਆਂ ਚ ਜ਼ੋਰ ਜ਼ੋਰ ਦੀ ਘੁਮਾ ਰਹੇ ਸਨ। ਮੇਰੇ ਪੁੱਛਣ 'ਤੇ ਉਹਨਾਂ ਦੱਸਿਆ ਕਿ ਇਸ ਨਾਲ ਜੋ ਮੈਲ ਸਾਡੇ ਹੱਥਾਂ ਉੱਤੇ ਜੰਮੇਗੀ ਅਸੀਂ ਉਸ ਨੂੰ ਸੁਲਫ਼ੇ 'ਚ ਪਾ ਕੇ ਸੂਟੇ ਲਾਵਾਂਗੇ। ਹੋਲੀ ਦੇ ਤਿਉਹਾਰ ਦੇ ਮੌਕੇ ਵੱਡੇ ਪੱਧਰ 'ਤੇ ਲੋਕੀਂ ਇਸ ਦਾ ਸੇਵਨ ਕਰਦੇ ਹਨ। ਗੁਰੂ ਦੀਆਂ ਲਾਡਲੀਆਂ ਫੌਜਾਂ ਯਾਨੀ ਕਿ ਨਿਹੰਗ ਸਿੰਘ ਵੀ ਸੁਖਨਿਧਾਨ ਦੀ ਵਰਤੋਂ ਕਰਨ 'ਚ ਮੋਹਰੀ ਹਨ। ਮੁੱਕਦੀ ਗੱਲ ਇਹ ਹੈ ਕਿ ਹਿੰਦੁਸਤਾਨ 'ਚ ਇਹ ਨਸ਼ਾ ਕੋਈ ਦੁਰਲੱਭ ਚੀਜ਼ ਨਹੀਂ ।ਰਾਹੇ-ਵਗਾਹੇ ਜਾਂਦਿਆਂ ਆਮ ਹੀ ਇਸ ਦੇ ਬੂਟੇ ਮਿਲ ਜਾਂਦੇ ਹਨ । ਸੋ, ਕਹਿਣ ਦਾ ਮਤਲਬ ਇਹ ਮੁਫ਼ਤ ਦਾ ਨਸ਼ਾ ਹੈ ਜੋ ਚਾਹੇ ਇਸ 'ਚ ਡੁਬਕੀ ਲਾ ਲਵੇ।

ਪਰ ਜਦੋਂ ਵਿਦੇਸ਼ ਦੀ ਗੱਲ ਆ ਜਾਂਦੀ ਹੈ ਤਾਂ ਖ਼ਾਸ ਕਰ ਆਸਟ੍ਰੇਲੀਆ ਚ ਇਹ ਬਹੁਤ ਹੀ ਖ਼ਤਰਨਾਕ ਮੰਨਿਆ ਜਾਂਦਾ ਹੈ। ਇਸ ਨੂੰ ਉਗਾਉਣ ਤੇ ਪਾਬੰਦੀ ਲੱਗੀ ਹੋਈ ਹੈ। ਪਹਿਲੋ-ਪਹਿਲ ਤਾਂ ਆਸਟ੍ਰੇਲੀਆ ਚ ਸੁੱਖਾ ਉਗਾਉਣ ਵਾਲੇ ਲਈ ਸਜ਼ਾ ਕੋਈ ਜ਼ਿਆਦਾ ਨਹੀਂ ਸੀ। ਜਿਸ ਦਾ ਲੋਕਾਂ ਨੇ ਬਹੁਤ ਫ਼ਾਇਦਾ ਉਠਾਇਆ। ਜਦੋਂ ਦੁਨੀਆਂ ਫ਼ਾਇਦਾ ਉਠਾ ਰਹੀ ਹੋਵੇ ਤੇ ਸਾਡੇ ਪੰਜਾਬੀ ਕਿਸੇ ਤੋਂ ਕਿਵੇਂ ਪਿੱਛੇ ਰਹਿ ਸਕਦੇ ਹਨ। ਸੋ, ਉਸ ਵਕਤ ਯਾਨੀ ਅੱਜ ਤੋ ਵੀਹ ਤੀਹ ਵਰ੍ਹੇ ਪਹਿਲਾਂ ਵੀ ਸਾਡੇ ਪੰਜਾਬੀ ਸਪੂਤਾਂ ਨੇ ਅਮੀਰ ਬਣਨ ਲਈ ਸ਼ਾਰਟ-ਕੱਟ ਮਾਰੇ ਸਨ ਪਰ ਮੌਕੇ ਨਾਲ ਸੰਭਲ ਗਏ। ਭਾਵੇਂ ਇਸ ਮਾਮਲੇ ਚ ਬਹੁਤ ਸਾਰੀ ਜਾਣਕਾਰੀ ਸਬੂਤਾਂ ਸਮੇਤ ਮੇਰੇ ਕੋਲ ਸਾਂਭੀ ਪਈ ਹੈ। ਪਰ ਗੱਡੇ ਮੁਰਦੇ ਪੱਟਣ 'ਚ ਕਿਸੇ ਦਾ ਕੁੱਝ ਨਹੀਂ ਸੰਵਰਨਾ । ਬਾਕੀ ਕਹਿੰਦੇ ਨੇ ਕਿ ਜੇ ਕੋਈ ਹੁਣ ਸਿੱਧੇ ਰਾਹ ਪੈ ਗਿਆ ਤਾਂ ਉਸ ਦੇ ਜ਼ਖ਼ਮਾਂ ਤੇ ਲੂਣ ਪਾਉਣ ਦਾ ਕੋਈ ਫ਼ਾਇਦਾ ਨਹੀਂ। ਬੱਸ ! ਇਕ ਦਿਲਚਸਪ ਵਾਕਿਆ ਸਾਂਝਾ ਕਰ ਲਈਏ, ਫੇਰ ਅੱਗੇ ਤੁਰਦੇ ਹਾਂ। ਇਥੇ ਵਸਦੇ ਪੰਜਾਬੀਆਂ ਨੇ ਪਹਿਲਾਂ ਜੋ ਹੱਥਕੰਡੇ ਭੰਗ ਬੀਜਣ ਲਈ ਅਪਣਾਏ ਸਨ, ਉਹਨਾਂ ਵਿੱਚੋਂ ਇੱਕ ਇਹ ਸੀ ਕਿ ਬਚਪਨ 'ਚ ਦਾਦੀ ਨਾਨੀ ਤੋਂ ਸੁਣੀਆਂ ਕਹਾਣੀਆਂ ਵਿੱਚੋਂ ਇੱਕ ਸ਼ੇਰ ਤੇ ਆਜੜੀ ਵਾਲੀ ਕਹਾਣੀ ਤੋਂ ਪੰਜਾਬੀਆਂ ਨੇ ਸੁੱਖੇ ਦੀ ਖੇਤੀ ਕਰਨ ਚ ਬਹੁਤ ਕੰਮ ਲਿਆ। ਤਕਰੀਬਨ ਸਭ ਨੇ ਉਹ ਕਹਾਣੀ ਤਾਂ ਸੁਣੀ ਹੋਈ ਹੈ ਕਿ ਇਕ ਆਜੜੀ ਰੋਜ ਹੀ ਉੱਚੀ ਉੱਚੀ ਰੌਲਾ ਪਾ ਦਿੰਦਾ ਸੀ ਕਿ ਲੋਕੋ ਸ਼ੇਰ ਆ ਗਿਆ ਸ਼ੇਰ । ਜਦੋਂ ਪਿੰਡ ਵਾਲੇ ਉਸ ਨੂੰ ਬਚਾਉਣ ਪਹੁੰਚ ਜਾਂਦੇ ਤਾਂ ਉਹ ਕਹਿ ਦਿੰਦਾ ਮੈਂ ਤਾਂ ਉਂਝ ਹੀ ਕਿਹਾ ਸੀ। ਜਦੋਂ ਇਕ ਦਿਨ ਸੱਚੀਂ ਸ਼ੇਰ ਆ ਗਿਆ ਤਾਂ ਉਸ ਨੂੰ ਬਚਾਉਣ ਕੋਈ ਨਾ ਪਹੁੰਚਿਆ। ਸੋ, ਸਾਡੇ ਸ਼ਾਤਰ ਦਿਮਾਗ਼ਾਂ ਨੇ ਇਸ ਕਹਾਣੀ ਦਾ ਲਾਹਾ ਲੈਣਾ ਸ਼ੁਰੂ ਕਰ ਦਿੱਤਾ। ਇਥੋਂ ਦੀ ਪੁਲਿਸ ਦਾ ਰਿਕਾਰਡ ਦੱਸਦਾ ਹੈ ਕਿ ਪਹਿਲਾਂ ਜਿਹੜੇ ਲੋਕ ਇਸ ਧੰਦੇ ਚ ਪਏ ਸਨ, ਉਹਨਾਂ ਆਪ ਹੀ ਪੁਲਿਸ ਨੂੰ ਫ਼ੋਨ ਕਰ ਦੇਣਾ ਕਿ ਫ਼ਲਾਣਾ ਸਿਓ ਨੇ ਸੁੱਖਾ ਬੀਜ ਰੱਖਿਆ ਹੈ। ਪੁਲਿਸ ਜਦੋਂ ਉੱਥੇ ਚੜ੍ਹਾਈ ਕਰਦੀ ਤਾ ਕੁਝ ਨਾ ਲੱਭਣਾ। ਫੇਰ ਮਹੀਨੇ ਕੁ ਬਾਅਦ ਇਹੀ ਕੁਝ ਕਰਨਾ । ਇਸੇ ਤਰ੍ਹਾਂ ਤਿੰਨ ਚਾਰ ਬਾਰ ਸ਼ੇਰ-ਸ਼ੇਰ ਕਰ ਦੇਣਾ ਤੇ ਜਦੋਂ ਪੁਲਿਸ ਇਸ ਗੱਲੋਂ ਤੰਗ ਹੋ ਜਾਂਦੀ ਕਿ ਕੋਈ ਐਵੇਂ ਹੀ ਤੰਗ ਕਰ ਰਿਹਾ ਹੈ ਤਾਂ ਬੜੇ ਆਰਾਮ ਨਾਲ ਸੁੱਖਾ ਬੀਜ ਲੈਣਾ।

ਗਲ ਅਗਾਂਹ ਦੀ ਕਰ ਲਈਏ, ਅੱਜ ਕਲ ਆਸਟ੍ਰੇਲੀਆ ਦੇ ਕਾਨੂੰਨ ਇਸ ਮਾਮਲੇ ਚ ਬਹੁਤ ਸਖ਼ਤ ਹੋ ਚੁੱਕੇ ਹਨ। ਪਰ ਅੱਜ ਦੇ ਤੇਜ਼ ਤਰਾਰ ਯੁੱਗ ਵਿੱਚ ਲੋਕ ਵੀ ਹਾਈਟੈਕ ਹੋ ਚੁੱਕੇ ਹਨ। ਹੁਣ ਲੋਕ ਹਿਸਾਬੀ ਕਿਤਾਬੀ ਹੋ ਗਏ ਹਨ। ਹੁਣ ਇੰਟਰਨੈੱਟ ਤੇ ਸਰਚ ਮਾਰ ਕੇ ਦੇਖ ਲੈਂਦੇ ਹਨ ਕਿ ਕਿੰਨੇ ਸੁੱਖੇ ਦੇ ਬੂਟੇ ਫੜ੍ਹੇ ਜਾਣ ਤੇ ਕਿੰਨੀ ਸਜ਼ਾ ਹੈ। ਜਿਵੇਂ ਸਿਨਮਾ ਮਾਲਕ ਸਿਨਮੇ 'ਚ 999 ਸੀਟਾਂ ਲਵਾਉਂਦੇ ਹਨ ਤਾਂ ਕਿ ਟੈਕਸ ਘੱਟ ਪਵੇ। ਉਸੇ ਤਰ੍ਹਾਂ ਆਸਟ੍ਰੇਲੀਆ ਦੇ ਕਾਨੂੰਨ ਮੁਤਾਬਿਕ ਜੇ 999 ਬੂਟੇ ਸੁੱਖੇ ਦੇ ਫੜ੍ਹੇ ਜਾਣ ਤਾਂ ਸਜਾ ਘੱਟ ਹੈ ਤੇ ਜੇ ਇਕ ਹਜ਼ਾਰ ਹੋਣ ਤਾਂ ਸਜ਼ਾ ਜ਼ਿਆਦਾ ਹੈ। ਪੰਜਾਬੀ ਬੱਬਰ ਸ਼ੇਰ ਬੱਸ ਹੁਣ ਇਸੇ ਮੋਰੀ ਦਾ ਫ਼ਾਇਦਾ ਲੈ ਰਹੇ ਹਨ। ਇਤਿਹਾਸ ਗਵਾਹ ਹੈ ਕਿ ਪੁਰਾਣੇ ਵੇਲੇ ਤੋਂ ਹੀ ਪੰਜਾਬੀ ਕਦੇ ਜੇਲ੍ਹਾਂ ਕੱਟਣ ਤੋਂ ਨਹੀਂ ਡਰੇ । ਬਸ ਫ਼ਰਕ ਇੰਨਾ ਕੁ ਹੈ ਕਿ ਉਦੋਂ ਦੇਸ਼ ਕੌਮ ਲਈ ਜੇਲ੍ਹਾਂ ਕੱਟਦੇ ਸਨ ਤੇ ਅੱਜ ਕਲ ਨਸ਼ਿਆਂ ਲਈ।

ਇੱਕ ਦਿਨ ਮੈਨੂੰ ਮੇਰੇ ਇਕ ਕਲਮੀ ਮਿੱਤਰ ਰਿਸ਼ੀ ਗੁਲਾਟੀ ਕੋਲ ਕੁਝ ਵਕਤ ਗੁਜ਼ਾਰਨ ਦਾ ਮੌਕਾ ਮਿਲਿਆ ਤਾਂ ਦੁੱਖ ਸੁੱਖ ਸਾਂਝੇ ਕਰਦਿਆਂ ਉਹ ਕਹਿੰਦਾ ''ਭਾਜੀ ਤੁਹਾਨੂੰ ਨਹੀਂ ਲੱਗਦਾ ਕਿ ਉਂਝ ਤਾਂ ਸਾਡਾ ਪੰਜਾਬੀਆਂ ਦਾ ਇਤਿਹਾਸ ਬੜਾ ਬਹਾਦਰੀ ਤੇ ਕੁਰਬਾਨੀਆਂ ਨਾਲ਼ ਭਰਿਆ ਹੈ ਪਰ ਅੱਜ ਕਲ ਪੰਜਾਬੀਆਂ ਦੇ ਹਿਰਦੇ ਕੁਝ ਜ਼ਿਆਦਾ ਹੀ ਕਮਜ਼ੋਰ ਹੋ ਗਏ ਹਨ? ਜਿਹੜੇ ਕਿ ਨਿੱਕੀ ਨਿੱਕੀ ਗੱਲ ਤੇ ਵਲੂੰਧਰੇ ਜਾਂਦੇ ਹਨ। ਜੇ ਕਿਸੇ ਨੇ ਛੋਟਾ ਮੋਟਾ ਅਖ਼ਬਾਰੀ ਬਿਆਨ ਦੇ ਦਿੱਤਾ... ਤਾਂ, ਜੇ ਕਿਤੇ ਕੋਈ ਅੱਖਰ ਵੱਧ ਘੱਟ ਲਿਖਿਆ ਗਿਆ... ਤਾਂ । ਕਹਿਣ ਦਾ ਮਤਲਬ ਹੁਣ ਉਹੋ ਜਿਹੇ ਜੇਰੇ ਨਹੀਂ ਰਹੇ, ਬਰਦਾਸ਼ਤ ਕਰਨ ਦਾ ਮਾਦਾ ਨਹੀਂ ਰਿਹਾ !'' ਮੈਂ ਕਿਹਾ, ''ਨਿੱਕੀਆਂ ਗੱਲਾਂ ਹੀ ਸਾਨੂੰ ਤੰਗ ਕਰਦਿਆਂ ਹਨ, ਵੱਡੀਆਂ ਗੱਲਾਂ ਲਈ ਸਾਡੇ ਜੇਰੇ ਬਹੁਤ ਤਕੜੇ ਨੇ । ਭਾਵੇਂ ਕੋਈ ਪੰਜਾਬੀਅਤ ਦਾ ਪਹਿਰਾਵਾ ਪਹਿਨ ਕੇ ਘਪਲੇ ਕਰੀ ਜਾਵੇ, ਭਾਵੇਂ ਕੋਈ ਰੇਪ ਕਰੀ ਜਾਵੇ ਜਾਂ ਫੇਰ ਨਸ਼ਿਆਂ ਦੇ ਕਾਲੇ ਬਜ਼ਾਰ ਰਾਹੀਂ ਆਉਣ ਵਾਲੀ ਜੁਆਨੀ ਖਾਈ ਜਾਵੇ, ਇਹਨਾਂ ਗੱਲਾਂ ਨਾਲ ਸਾਡੇ ਹਿਰਦੇ ਨਹੀਂ ਵਲੂੰਧਰੀਦੇ, ਫੇਰ ਅਸੀਂ ਤਕੜੇ ਜੇਰੇ ਵਾਲੇ ਹਾਂ। ਕੁਝ ਤਾਜ਼ਾ ਮਿਸਾਲਾਂ ਹੀ ਦੇਖ ਲਵੋ ਥੋੜ੍ਹਾ ਜਿਹਾ ਚਿਰ ਪਹਿਲਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਵਿੱਚ ਆਪਣੇ ਪੰਜਾਬੀ ਸ਼ੇਰਾਂ ਨੇ ਜਾਅਲੀ ਵੋਟਾਂ ਲਈ ਕੀ ਕੁਝ ਨਹੀਂ ਕੀਤਾ ਤੇ ਹੁਣ ਗ੍ਰਫਿਥ ਵਾਲੇ ਭੰਗ ਕਾਂਡ ਬਾਰੇ ਦੇਖ ਲਵੋ। ਕੋਈ ਕਿਸੇ ਨੇ ਨਿੰਦਿਆ ਦਾ ਬਿਆਨ ਨਹੀਂ ਦਿੱਤਾ।'' ਕੋਲ ਬੈਠਾ ਜੀਤਾ ਸੋਢੀ ਕਹਿੰਦਾ ''ਬਾਈ ਜੀ ! ਉਹ ਨਾਮੀ ਗਰਾਮੀ ਬੰਦਿਆਂ ਦੇ ਖ਼ਾਸ ਹੋਣਗੇ, ਬਸ ਇਸੇ ਕਰਕੇ ਸਾਡੇ ਸੀਨੇ ਵਲੂੰਧਰੇ ਨਹੀਂ ਗਏ।'' ਪਰ ਮੈਂ ਇਸ ਨਾਲ ਸਹਿਮਤ ਨਹੀਂ । ਜੇਕਰ ਗੱਲ ''ਨਾਮੀ ਗਰਾਮੀ ਬੰਦਿਆਂ'' ਦੀ ਕਰੀਏ ਤਾਂ ਵਿਦੇਸ਼ਾਂ 'ਚ ਨਾਮਣਾ ਖੱਟਣਾ ਖਾਲਾ ਜੀ ਦਾ ਵਾੜਾ ਨਹੀਂ, ਇਹ ਜਰੂਰ ਹੀ ਉਨ੍ਹਾਂ ਲੋਕਾਂ ਦੀ ਸਖ਼ਤ ਮਿਹਨਤ ਤੇ ਚੰਗੇ ਕਰਮਾਂ ਦਾ ਨਤੀਜਾ ਹੋਵੇਗਾ । ਪ੍ਰੰਤੂ ਜਿੱਥੋਂ ਤੱਕ ''ਖਾਸ ਬੰਦਿਆਂ'' ਦਾ ਸੁਆਲ ਹੈ ਤਾਂ ਸਪੱਸ਼ਟ ਜਿਹੀ ਗੱਲ ਹੈ ਕਿ ਅੱਜ ਕਲ ਤਾਂ ਆਪਣੇ ਜੰਮੇ-ਜਾਏ 'ਤੇ ਵੀ ਭਰੋਸਾ ਨਹੀਂ ਕਰ ਸਕਦੇ ਤੇ ਜੇਕਰ ''ਖਾਸ ਬੰਦਿਆਂ'' ਨੇ ਕੋਈ ਚੰਨ ਚਾੜ੍ਹ ਵੀ ਦਿੱਤਾ ਤਾਂ ਇਸ ਵਿੱਚ ਉਹਨਾਂ ਨਾਮੀ ਗਰਾਮੀ ਪਤਵੰਤਿਆਂ ਦਾ ਕੀ ਕਸੂਰ ? ਅਜ ਕਲ ਅਸੀਂ ਆਸਟ੍ਰੇਲੀਅਨ ਅਖ਼ਬਾਰਾਂ ਦਾ ਸ਼ਿੰਗਾਰ ਬਣੇ ਹੋਏ ਹਾਂ । ਕਦੇ ਅਸੀਂ ਪੁਲਿਸ ਹਿਰਾਸਤ 'ਚ, ਕਦੇ ਅਸੀਂ ਰੇਪ 'ਚ, ਕਦੇ ਡਰਾਈਵਿੰਗ 'ਚ ਤੇ ਕਦੇ ਭੰਗ 'ਚ ਮੱਲਾਂ ਮਾਰ ਕੇ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਹਾਂ। ਹਾਲੇ ਤਾਂ ਥੋੜਾ ਜਿਹਾ ਇੰਤਜ਼ਾਰ ਕਰੋ ਫੇਰ ਦੇਖਿਓ ਰੈਨਮਾਰਕ (ਰਿਵਰਲੈਂਡ ਸਾਊਥ ਆਸਟ੍ਰੇਲੀਆ) 'ਚ ਫੜੀ ਹੈਰੋਈਨ ਕਿਹੜੇ ਕਿਹੜੇ ਭੱਦਰ ਪੁਰਖਾਂ ਦੇ ਚਿਹਰੇ ਨੰਗੇ ਕਰਦੀ ਹੈ। ਹਾਲੇ ਫੈਡਰਲ ਪੁਲਿਸ ਤਫ਼ਤੀਸ਼ 'ਚ ਜੁੱਟੀ ਹੋਈ ਹੈ।

ਦੋ ਕੁ ਵਰ੍ਹੇ ਪਹਿਲਾਂ ਬਣੀ ਹਿੰਦੀ ਫ਼ਿਲਮ "ਸਿੰਘ ਇਜ਼ ਕਿੰਗ" ਜਿਸ ਦਾ ਵੱਡਾ ਹਿੱਸਾ ਆਸਟ੍ਰੇਲੀਆ ਚ ਫ਼ਿਲਮਾਇਆ ਗਿਆ ਸੀ ਤੇ ਉਸ ਵਿੱਚ ਸੱਚੀਂ-ਮੁੱਚੀਂ ਦੇ ਕਿੰਗ ਸਰਦਾਰ ਮਨਮੋਹਨ ਸਿੰਘ ਨੂੰ ਕਿੰਗ ਬਣਨ ਤਕ ਦੇ ਸਫ਼ਰ ਨੂੰ ਨਹੀਂ ਸੀ ਦਿਖਾਇਆ ਉਲਟਾ ਉਸ ਵਿੱਚ ਨਸ਼ਿਆਂ ਦੇ ਮਾਫ਼ੀਆ ਕਿੰਗ ਦੇ ਰੂਪ ਵਿੱਚ ਸਿੰਘਾਂ ਨੂੰ ਦਿਖਾਇਆ ਸੀ। ਇਹ ਫ਼ਿਲਮ ਦੇਖ ਕੇ ਅਸੀਂ ਸੋਚਿਆ ਸੀ ਕਿ ਅਮਰੀਕਾ-ਕੈਨੇਡਾ 'ਚ ਤਾਂ ਇਹੋ ਜਿਹੇ ਗੈਂਗ ਸੁਣਨ ਨੂੰ ਮਿਲਦੇ ਸਨ। ਪਰ ਆਸਟ੍ਰੇਲੀਆ ਚ ਇਹ ਇਕ ਕਲਪਨਾ ਮਾਤਰ ਹੀ ਸੀ। ਪਰ ਹੁਣ ਲਗਦਾ ਸ਼ਾਇਦ ਇਹ ਭਵਿੱਖ ਦੇ ਆਸਟ੍ਰੇਲੀਆ ਦੀ ਤਸਵੀਰ ਸੀ। ਕੁਝ ਹੋਰ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ, ਜਿਹੜੀਆਂ ਸੁਣੀ ਤਾਂ ਮੈਂ ਬਹੁਤ ਪਹਿਲਾਂ ਤੋਂ ਜਾਂਦਾ ਸੀ, ਪਰ ਅੱਖੀਂ ਦੇਖੇ ਬਿਨਾਂ ਯਕੀਨ ਨਹੀਂ ਸੀ ਆ ਰਿਹਾ। ਇਹ ਲੇਖ ਲਿਖਣ ਤੋਂ ਪਹਿਲਾਂ ਮੈਂ ਤੇ ਮੇਰੇ ਇਕ ਮਿੱਤਰ ਜੌਲੀ ਗਰਗ ਨੇ ਇਕ ਪੂਰਾ ਦਿਨ ਐਡੀਲੇਡ ਵਿੱਚ ਇਸੇ ਕੰਮ ਤੇ ਲਾਇਆ। ਨਸ਼ਿਆਂ ਦੇ ਸ਼ੁਰੂ ਹੋਏ ਇਸ ਕਾਲੇ ਕਾਰੋਬਾਰ ਬਾਰੇ ਨੇੜੇ ਤੋਂ ਜਾਣ ਕੇ ਹੀ ਇਹ ਲੇਖ ਲਿਖਣ ਬੈਠਾ ਹਾਂ।

ਮੇਰਾ ਇਕ ਪੁਰਾਣਾ ਮਿੱਤਰ ਜੋਗਿੰਦਰ ਸਿੰਘ ਕੁੰਡੀ ਐਡੀਲੇਡ 'ਚ ਹੀ ਰਹਿੰਦਾ ਹੈ। ਉਹ ਇਕ ਬੜਾ ਸੂਝਵਾਨ ਪਾਠਕ ਹੈ ਤੇ ਉਸ ਨੇ ਕਈ ਉੱਘੇ ਸਾਹਿਤਕਾਰਾਂ ਦਾ ਸਾਥ ਵੀ ਮਾਣਿਆ ਹੈ। ਉਹ ਅਕਸਰ ਹੀ ਮੇਰੇ ਲੇਖ ਪੜ੍ਹ ਕੇ ਟਿੱਕਾ ਟਿੱਪਣੀ ਕਰਦਾ ਹੁੰਦਾ ਹੈ। ਕਈ ਵਾਰ ਤਾਂ ਆਥਣ ਵੇਲੇ ਘੁੱਟ ਲਾ ਕੇ ਤਾਂ ਉਹ ਖਾਸੀ ਕਰੜੀ ਟਿੱਪਣੀ ਵੀ ਕਰ ਦਿੰਦਾ ਹੈ। ਪਰ ਦਿਨ ਚੜ੍ਹਦੇ ਸਾਰ ਉਸ ਨੂੰ ਡਿਲੀਟ ਵੀ ਕਰ ਦਿੰਦਾ ਹੈ। ਕਾਫ਼ੀ ਲੰਬੇ ਅਰਸੇ ਬਾਅਦ ਇਕ ਦਿਨ ਉਸ ਦਾ ਸੁਨੇਹਾ ਫੇਸ ਬੁੱਕ ਤੇ ਪੜ੍ਹਿਆ ਤਾਂ ਮੈਂ ਉਸੇ ਵਕਤ ਉਸ ਨੂੰ ਫੋਨ ਕਰਕੇ ਲੰਬੀ ਗੈਰਹਾਜ਼ਰੀ ਦਾ ਕਾਰਨ ਪੁੱਛਿਆ। ਉਸਨੇ ਆਪਣੇ ਨਾਲ ਵਾਪਰੇ ਹਾਦਸੇ ਬਾਰੇ ਦੱਸਿਆ, ਜਿਸ ਨਾਲ ਉਸ ਦੀ ਇੱਕ ਅੱਖ ਮਸਾਂ ਹੀ ਬਚੀ ਹੈ। ਦੂਜੇ ਦਿਨ ਹੀ ਮੈਂ ਆਪਣਾ ਫਰਜ਼ ਸਮਝਦਿਆਂ ਜੌਲੀ ਨੂੰ ਨਾਲ ਲੈ ਕੇ ਉਸ ਦੇ ਹਾਲ ਚਾਲ ਦਾ ਪਤਾ ਲੈਣ ਉਹਨਾਂ ਦੇ ਘਰ ਗਿਆ। ਹਾਲ ਚਾਲ ਪੁੱਛਣ ਤੋਂ ਬਾਅਦ ਜਦੋਂ ਏਧਰ-ਉਧਰ ਦੀਆਂ ਗੱਲਾਂ ਚਲੀਆਂ ਤਾਂ ਗੱਲ ਉਸੇ ਨਸ਼ੇ ਦੇ ਕਾਲੇ ਕਾਰੋਬਾਰ ਉਤੇ ਆ ਖੜ੍ਹੀ। ਜੋਗਿੰਦਰ ਕਹਿੰਦਾ ''ਬਾਈ ਜੀ ! ਆਪਣੇ ਮੁੰਡੇ ਇਥੇ ਆ ਕੇ ਭਾਵੇਂ ਔਖੇ ਹੋਏ ਪਰ ਆਹ ਨਸ਼ਿਆਂ ਤੋਂ ਬਚ ਗਏ ਸੀ। ਹੁਣ ਫਿਰ ਪਤਾ ਨਹੀਂ ਇਹ ਨਸ਼ਿਆਂ ਵਾਲਾ ਸੱਪ ਜਿਸਨੂੰ ਅਸੀਂ ਪੰਜਾਬ ਦੀ ਖੁੱਡ ਚ ਛੱਡ ਆਏ ਸੀ, ਅਜ ਕਲ੍ਹ ਇਥੇ ਫਨ ਚੁੱਕੀ ਫਿਰਦਾ!'' ਉਸ ਦੀ ਇਸ ਗਲ ਨੇ ਮੇਰੀ ਜਿਗਿਆਸਾ ਫੇਰ ਹਰੀ ਕਰ ਦਿੱਤੀ, ਇਸ ਬਾਰੇ ਵਿੱਚ ਡੂੰਘਾਈ ਨਾਲ ਛਾਣ-ਬੀਣ ਕਰਨ ਦੀ। ਫਿਰ ਅਸੀਂ ਇਸ ਕੰਮ 'ਤੇ ਜਦੋਂ ਮਿਸ਼ਨ ਵਿੱਢਿਆ ਤਾਂ ਬੜੇ ਹੀ ਹੈਰਾਨੀ ਜਨਕ ਸੱਚ ਸਾਹਮਣੇ ਆਏ ਜਿਨ੍ਹਾਂ ਵਿੱਚੋਂ ਕੁਝ ਆਪ ਦੇ ਸਾਹਮਣੇ ਕਰ ਰਿਹਾ ਹਾਂ।

ਆਸਟ੍ਰੇਲੀਆ ਵਿਚ ਭਾਵੇਂ ਸਿਗਰਟ ਨੋਸ਼ੀ ਬਹੁਤ ਜ਼ਿਆਦਾ ਹੈ ਤੇ ਬੰਦਿਆਂ ਦੇ ਨਾਲ ਨਾਲ ਤੀਵੀਆਂ ਵੀ ਇਸ ਦੀਆਂ ਸ਼ੌਕੀਨ ਹਨ। ਪਰ ਇਥੋਂ ਦੇ ਕਾਨੂੰਨ ਮੁਤਾਬਿਕ ਅਠਾਰਾਂ ਵਰ੍ਹਿਆਂ ਤੋਂ ਛੋਟਾ ਕੋਈ ਵੀ ਇਸ ਨੂੰ ਖ਼ਰੀਦ ਨਹੀਂ ਸਕਦਾ। ਇਸ ਨੂੰ ਵੇਚਣ ਵਾਲੇ ਨੂੰ ਵੀ ਇੱਕ ਖ਼ਾਸ ਲਾਇਸੈਂਸ ਦੀ ਲੋੜ ਹੁੰਦੀ ਹੈ। ਜਿਵੇਂ ਇੰਡੀਆ 'ਚ ਇਕ ਬਾਰੀਕ ਜਿਹੀ ਲਾਈਨ ਸਿਗਰਟਾਂ ਦੀ ਡੱਬੀ ਉਤੇ ਲਿਖੀ ਹੁੰਦੀ ਹੈ ਕਿ ਇਹ ਸਿਹਤ ਲਈ ਹਾਨੀਕਾਰਕ ਹੈ। ਪਰ ਆਸਟ੍ਰੇਲੀਆ ਵਿੱਚ ਡੱਬੀ ਦਾ ਵੱਡਾ ਹਿੱਸਾ ਚੇਤਾਵਨੀਆਂ ਨਾਲ ਭਰਿਆ ਹੁੰਦਾ ਹੈ। ਸੋ ਕਹਿਣ ਦਾ ਮਤਲਬ ਇੰਡੀਆ ਦੀ ਬਣੀ ਸਿਗਰਟ ਆਸਟ੍ਰੇਲੀਆ ਦੇ ਕਾਨੂੰਨ ਮੁਤਾਬਿਕ ਕਿਤੇ ਫ਼ਿੱਟ ਨਹੀਂ ਬੈਠਦੀ। ਪਰ ਹੁਣ ਦੇਖ ਲਵੋ, ਇੰਨੇ ਸਖ਼ਤ ਕਾਇਦੇ ਕਾਨੂੰਨ ਲੰਘ ਕੇ ਬਹੁਤ ਸਾਰੀਆਂ ਇੰਡੀਅਨ ਦੁਕਾਨਾਂ ਤੋਂ ਤੁਹਾਨੂੰ ਇੰਡੀਆ ਮੇਡ ਸਿਗਰਟਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਜਿਹੜਾ ਮਰਜ਼ੀ ਜ਼ਰਦਾ ਲੈ ਲਓ, ਜਿਹੜੀ ਮਰਜ਼ੀ ਨਸਵਾਰ, ਹੋਰ ਤਾਂ ਹੋਰ ਇੰਡੀਆ ਵਿੱਚ ਅਫ਼ੀਮ ਦੀ ਥਾਂ ਤੇ ਵਰਤੀਆਂ ਜਾਂਦੀਆਂ ਕਾਮਨੀ ਨਾਂ ਦੀਆਂ ਗੋਲੀਆਂ ਦੀ ਇਕ ਸ਼ੀਸ਼ੀ ਜੋ ਇੰਡੀਆ ਚ ਢਾਈ ਸੋ ਰੁਪਈਆਂ ਦੀ ਆ ਜਾਂਦੀ ਹੈ, ਉਸ ਲਈ ਇਹ ਦੁਕਾਨਾਂ ਵਾਲੇ ਡੇਢ ਸੋ ਡਾਲਰ ਮੰਗਦੇ ਹਨ। ਮਹਿੰਗੀਆਂ ਹੋਣ ਕਾਰਨ ਤੇਲੂ ਰਾਮ ਦੀ ਹੱਟੀ ਵਾਂਗ ਦਸ-ਵੀਹ ਦੀਆਂ ਖੁੱਲ੍ਹੀਆਂ ਵੀ ਦੇ ਦਿੰਦੇ ਹਨ। ਜਦੋਂ ਅਸੀਂ ਇਹ ਸਭ ਕੁਝ ਆਪਣੇ ਅੱਖੀਂ ਦੇਖਦੇ ਫਿਰਦੇ ਸੀ ਤਾਂ ਇਕ ਦੱਸਣ ਵਾਲੇ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਨਾਲ ਸਾਨੂੰ ਇਕ ਪਤਾ ਦਿਤਾ ਜਿਥੋਂ ਕਹਿੰਦੇ ਇੰਡੀਆ ਦੀ ਵਿਸਕੀ ਵੀ ਮਿਲ ਜਾਂਦੀ ਹੈ। ਬਸ ਸਾਡੇ ਕੋਲ ਵਕਤ ਦੀ ਕਮੀ ਹੋਣ ਕਾਰਨ ਉਸ ਮਹਾਂ ਪੁਰਖ ਦੇ ਦਰਸ਼ਨ ਨਹੀਂ ਹੋ ਸਕੇ, ਜਿਸ ਕੋਲੋਂ ਰਾਇਲ ਸਟੈਗ ਮਾਰ੍ਹਕੇ ਦੀ ਇਹ ਇੰਡੀਅਨ ਵਿਸਕੀ ਮਿਲਦੀ ਹੈ। ਪਰ ਮੇਰੀ ਜਿਗਿਆਸਾ ਮੈਨੂੰ ਛੇਤੀ ਹੀ ਉਸ ਦੇ ਦਰਸ਼ਨ ਵੀ ਕਰਾ ਦੇਵੇਗੀ। ਜਦੋਂ ਅਸੀਂ ਇਕ ਨਸ਼ੇ ਦੇ ਇਸ ਵਪਾਰੀ ਨੂੰ ਕਿਹਾ ਕਿ ਯਾਰ ਮੈਂ ਬੜੀ ਦੂਰ ਤੋਂ ਆਇਆ ਰੋਜ ਰੋਜ ਆਉਣਾ ਔਖਾ, ਜੇ ਇਕੱਠੀਆਂ ਲੈਣੀਆਂ ਹੋਣ ਤਾਂ ਕਿੰਨੀਆਂ ਤੇ ਕੀ ਭਾਅ ਮਿਲਣਗੀਆਂ? ਮੂਹਰੋਂ ਕਹਿੰਦਾ ''ਜਨਾਬ ਤੁਸੀ ਹੁਕਮ ਕਰੋ ਤੇ ਪੈਸੇ ਖ਼ਰਚੋ, ਕਹੋ ਤਾਂ ਟਰੱਕ ਭੇਜ ਦਿੰਦੇ ਹਾ''ਂ। ਬਾਕੀ ਇਹ ਸਭ ਕੁਝ ਤਾਂ ਮੈਂ ਇਕ ਛੋਟੇ ਜਿਹੇ ਸ਼ਹਿਰ ਐਡੀਲੇਡ 'ਚ ਹੀ ਦੇਖਿਆ ਹੈ । ਸਿਡਨੀ, ਮੈਲਬੌਰਨ ਜਿਹੇ ਵੱਡੇ ਮਹਾਂ ਨਗਰਾਂ ਵਿੱਚ ਪਤਾ ਨਹੀਂ ਕਿ ਕੀ ਹੁੰਦਾ ਹੋਣਾ? ਹੁਣ ਇਹਨਾਂ ਗੱਲਾਂ ਤੋਂ ਤੁਸੀ ਅੰਦਾਜ਼ਾ ਲਾਓ ਕਿ ਇਹ ਕਾਰੋਬਾਰ ਕੋਈ ਨਿੱਕੇ ਮੋਟੇ ਪੱਧਰ ਤੇ ਨਹੀਂ ਹੋ ਰਿਹਾ, ਇਸ ਪਿੱਛੇ ਕੋਈ ਵੱਡਾ ਗੈਂਗ ਜ਼ਰੂਰ ਹੋਵੇਗਾ। ਨਹੀਂ ਤਾਂ ਆਸਟ੍ਰੇਲੀਆ ਜਿਹੇ ਮੁਲਕ ਚ ਜਿੱਥੇ ਪੱਤੇ ਝੂਲਣ ਦਾ ਵੀ ਰਿਕਾਰਡ ਰੱਖਿਆ ਜਾਂਦਾ ਉੱਥੇ ਬਿਨਾਂ ਰੋਕ ਟੋਕ ਇਹ ਕਾਰੋਬਾਰ ਕਿਵੇਂ ਪੈਰ ਪਸਾਰ ਰਿਹਾ ਹੈ?

ਲਓ ਜੀ ਜਾਂਦੇ-ਜਾਂਦੇ ਇਕ ਹੋਰ ਸੁਣ ਲਵੋ, ਦੋ ਕੁ ਦਿਨ ਪਹਿਲਾਂ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਕਿਸੇ ਕੰਮ ਲਈ ਇਸ ਦੇ ਸਕੱਤਰ ਸ. ਹਰਵਿੰਦਰ ਸਿੰਘ ਗਰਚਾ ਨਾਲ ਮੇਰੀ ਗੱਲ ਹੋ ਰਹੀ ਸੀ। ਜਦੋਂ ਮੈਂ ਉਹਨਾਂ ਕੋਲ ਇਹ ਮੁੱਦਾ ਸਾਂਝਾ ਕੀਤਾ ਤਾਂ ਉਹਨਾਂ ਇਕ ਹੋਰ ਦਿਲਚਸਪ ਵਾਕਿਆ ਸੁਣਾ ਦਿਤਾ ਕਹਿੰਦੇ ਐਡੀਲੇਡ ਦੇ ਕੁਝ ਏਰੀਆ 'ਚ ਪਾਨ ਖਾ-ਖਾ ਕੇ ਸੜਕਾਂ ਤੇ ਲਾਲ ਥੁੱਕ ਦੇ ਨਿਸ਼ਾਨ ਦੇਖੇ ਗਏ । ਉਥੋਂ ਦੀ ਕੌਂਸਲ ਨੇ ਜਦੋਂ ਇਸ ਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇੱਕ ਇੰਡੀਅਨ ਸਟੋਰ ਵਾਲਾ ਉੱਥੇ ਪਾਨ ਸੁਪਾਰੀ ਬਣਾ-ਬਣਾ ਕੇ ਵੇਚ ਰਿਹਾ ਸੀ। ਇਕ ਵਾਰ ਤਾਂ ਉਸ ਨੂੰ ਚੇਤਾਵਨੀ ਦੇ ਕੇ ਛੱਡ ਦਿਤਾ। ਪਰ ਉਹ ਜਨਾਬ ਹਾਲੇ ਉਵੇਂ ਹੀ ਧੜੱਲੇ ਨਾਲ ਆਪਣਾ ਬਿਜਨੈੱਸ ਚਲਾ ਰਹੇ ਹਨ। ਜਾਂ ਤਾਂ ਇਹ ਲੋਕ ਡਰਦੇ ਨਹੀਂ ਜਾਂ ਫੇਰ ਇਹਨਾਂ ਨੇ ਇਥੋਂ ਦੇ ਦਫ਼ਤਰਾਂ 'ਚ ਮੇਜ਼ ਦੇ ਥੱਲੋਂ ਦੀ ਕੰਮ ਕਰਨ ਵਾਲਾ ਚਸਕਾ ਪਾ ਦਿਤਾ ਹੈ, ਜਿਹੜਾ ਕੋਈ ਸਰਕਾਰੀ ਅਮਲਾ ਇਹਨਾਂ ਨੂੰ ਰੋਕ ਨਹੀਂ ਰਿਹਾ ? ਵਾਹਿਗੁਰੂ ਜਾਣੇ ਇਸ ਗੋਲ ਮਾਲ ਨੂੰ! ਬਸ ਜੇ ਇੰਝ ਹੀ ਰਿਹਾ ਤਾਂ ਥੋੜ੍ਹੇ ਦਿਨਾਂ 'ਚ ਦਿੱਲੀ ਦਾ ਛਾਬੜੀ ਬਜ਼ਾਰ ਬਣਾ ਦੇਣਾ ਅਸੀਂ ਦੁਨੀਆਂ ਦੇ ਇਸ ਖ਼ੂਬਸੂਰਤ ਸ਼ਹਿਰ ਨੂੰ!
ਜਿਵੇਂ ਸਿਆਣੇ ਕਹਿੰਦੇ ਹਨ ਕਿ ਝੂਠ ਦੀ ਉਮਰ ਜਿਆਦਾ ਲੰਮੇਰੀ ਨਹੀਂ ਹੁੰਦੀ, ਖ਼ਾਸ ਕਰ ਆਸਟ੍ਰੇਲੀਆ ਜਿਹੇ ਮੁਲਕ 'ਚ। ਜਦੋਂ ਸੱਚ ਸਾਹਮਣੇ ਆਵੇਗਾ ਤਾਂ ਸ਼ਰਮਸਾਰ ਹੋਣਾ ਹੀ ਪੈਣਾ। ਚਾਹੇ ਲੱਖ ਮੁਕਰ ਜਾਇਓ। ਪਰ ਜਦੋਂ ਇਹਨਾਂ ਦੀ ਤਫ਼ਤੀਸ਼ ਹੋਈ ਤਾਂ ਸਬੂਤਾਂ ਨਾਲ ਝੂਠ ਨੂੰ ਸਾਬਤ ਕਰ ਦੇਣਗੇ। ਦਲੀਲ ਵੱਜੋ ਆਹ ਇਕ ਸਾਡੇ ਜੁਆਨ ਦੀ ਸੁਣ ਲਓ; ਉਂਝ ਤਾਂ ਸਾਡੇ ਲੋਕਾਂ ਦੇ ਚੁਟਕਲੇ ਆਮ ਹੀ ਸੁਣਨ ਨੂੰ ਮਿਲ ਜਾਂਦੇ ਹਨ। ਪਰ ਆਹ ਇਕ ਤਾਜ਼ਾ ਹੋਰ ਸੁਣ ਲਵੋ। ਕਹਿੰਦੇ, ਸਾਡਾ ਇਕ ਜੁਆਨ ਟੈਕਸੀ ਛੱਡ ਕੇ ਬੱਸ ਚਲਾਉਣ ਲਗ ਪਿਆ। ਪਹਿਲੇ ਦਿਨ ਹੀ ਜਦੋਂ ਆਪਣੀ ਸ਼ਿਫ਼ਟ ਖ਼ਤਮ ਕੀਤੀ ਤਾਂ ਡਿਊਟੀ ਮੁਤਾਬਕ ਡੀਪੂ ਵਿੱਚ ਬੱਸ ਛੱਡਣ ਤੋਂ ਪਹਿਲਾਂ ਬੱਸ ਦੀ ਸਫ਼ਾਈ ਕਰਨ ਲੱਗਿਆ ਤਾਂ ਉਸ ਵਿੱਚੋਂ ਉਸ ਨੂੰ ਇਕ ਗਰਮ-ਗਰਮ ਆਲੂਆਂ ਦੀ ਚਿਪਸ ਦਾ ਲਿਫਾਫਾ ਮਿਲ ਗਿਆ । ਜਨਾਬ ਹੋਰਾਂ ਨੂੰ ਲੱਗੀ ਸੀ ਭੁੱਖ ਤੇ ਉਹਨਾਂ ਬਿੰਦ 'ਚ ਹੀ ਸਮੇਟ ਦਿੱਤੀ। ਹਾਲੇ ਜਨਾਬ ਬਸ ਨੂੰ ਲਾਕ ਕਰ ਰਹੇ ਸੀ ਤਾਂ ਉਹ ਗੋਰੀ ਜੋ ਕਿ ਇਹ ਚਿਪਸ ਭੁੱਲ ਕੇ ਗਈ ਸੀ, ਉਹ ਲੱਭਦੀ-ਲੱਭਦੀ ਉੱਥੇ ਆ ਗਈ। ਜਦੋਂ ਉੱਥੇ ਮੈਨੇਜਰ ਨੇ ਡਰਾਈਵਰ ਸਾਹਿਬ ਨੂੰ ਪੁੱਛਿਆ ਤਾਂ ਉਹ ਸਾਫ਼ ਮੁਕਰ ਗਏ । ਕਹਿੰਦੇ ਮੈਂ ਤਾਂ ਇਥੇ ਕੁੱਝ ਨਹੀਂ ਦੇਖਿਆ! ਮੈਨੇਜਰ ਸਾਹਿਬ ਨੇ ਨਾਲ ਦੀ ਨਾਲ ਉਸ ਬੱਸ ਦੀ ਰਿਕਾਰਡਿੰਗ ਚਿੱਪ ਕੱਢੀ ਤੇ ਲਾ ਦਿੱਤੀ ਟੀ.ਵੀ. ਤੇ । ਫੇਰ ਕੀ ਸੀ, ਜਨਾਬ ਹੋਰੀਂ ਦੋ ਮਿੰਟਾਂ 'ਚ ਆਪਣੇ ਆਪ ਨੂੰ ਟੀ.ਵੀ. ਤੇ ਚਿਪਸ ਖਾਂਦਾ ਦੇਖ ਕੇ ਨੰਗਾ ਜਿਹਾ ਹੋ ਗਏ ਮਹਿਸੂਸ ਕਰ ਰਹੇ ਸੀ। ਸੋ ਕਹਿਣ ਦਾ ਭਾਵ ਦੇਖਤੇ ਜਾਓ ਆਗੇ ਆਗੇ ਹੋਤਾ ਹੈ ਕਿਆ!

ਆਸਟ੍ਰੇਲੀਆ 'ਚ ਅਜ ਕਲ ਜਿਥੇ ਚਾਰ ਬੰਦੇ ਜੁੜਦੇ ਹਨ, ਉੱਥੇ ਹੀ ਇਹ ਭੰਗ ਜਾਂ ਸਮੈਕ ਵਾਲਾ ਮੁੱਦਾ ਛਿੜ ਪੈਂਦਾ ਹੈ। ਪਰ ਇਕੱਲੇ ਜਾਬਰਾਂ ਦੇ ਭੇੜ ਤੋਂ ਬਿਨਾਂ ਕੁਝ ਨਹੀਂ ਨਿਕਲਦਾ। ਜਦੋਂ ਮੈਂ ਕਿਸੇ ਨੂੰ ਕਿਹਾ ਕਿ ਯਾਰ ਜਦੋਂ ਆਹ ਪੁੱਠੇ ਸਿੱਧੇ ਕੰਮ ਕਰਨੇ ਹੋਣ ਤਾਂ ਪੰਜਾਬੀਆਂ ਦਾ ਅਸਲੀ ਸਰੂਪ ਯਾਨੀ ਦਸਤਾਰ ਆਦਿ ਸਜਾ ਕੇ ਇਹੋ ਜਿਹਾ ਕੁਝ ਕਰਨ ਨਾਲ ਦੁਨੀਆ ਸਾਹਮਣੇ ਸਾਡੀ ਬੜੀ ਗ਼ਲਤ ਇਮੇਜ਼ ਜਾਂਦੀ ਹੈ। ਤਾਂ ਜਨਾਬ ਮੂਹਰੋਂ ਕਹਿੰਦੇ ''ਇਸ ਵਿਚ ਉਨ੍ਹਾਂ ਨੇ ਕੀ ਪਾਪ ਕੀਤਾ ਹੈ, ਜਿਸ ਦੀ ਉਨ੍ਹਾਂ ਨੂੰ ਸ਼ਰਮ ਆਵੇ? ਸਾਡਾ ਧਰਮ ਸਿਖਾਉਂਦਾ ਹੈ ਕਿ ਦਸਾਂ ਨੋਂਹਾਂ ਦੀ ਕਿਰਤ ਕਰੋ। ਇਹ ਕਿਰਤ ਖੇਤੀ ਦੇ ਧੰਦੇ ਬਾਝੋਂ ਹਰ ਕਿਤੇ ਅਸੰਭਵ ਹੈ। ਸੋ ਉਹ ਤਾਂ ਆਪਣੀ ਮਿਹਨਤ ਨਾਲ ਸੁੱਖੇ ਦੀ ਖੇਤੀ ਕਰ ਰਹੇ ਸੀ, ਜੇ ਸਰਕਾਰ ਨੂੰ ਇਹ ਚੰਗੀ ਨਹੀਂ ਲਗਦੀ ਤਾਂ ਕੋਈ ਕੀ ਕਰੇ?'' ਉਲਟਾ ਜਨਾਬ ਮੈਨੂੰ ਕਹਿੰਦਾ ਕਿ ਤੇਰੇ ਕੋਲ ਤਾਂ ਬੱਸ ਗੱਲਾਂ ਦੇ ਗ਼ੁਲੇਲੇ ਹਨ, ਜੋ ਵੱਟ ਛੱਡਦਾ ਹੈਂ । ਖ਼ਸਮਾਂ ਨੂੰ ਖਾਵੇ ਜੁਆਨੀ ਤੇ ਭਾਵੇਂ ਨਸ਼ੇ ਖਾ ਜਾਣ ਜੁਆਨੀ ਨੂੰ ਤੂੰ ਕੀ ਲੈਣੇ! ਜਿਸ ਦੀਆਂ ਦੁਖਣਗੀਆਂ ਉਹ ਆਪ ਹੀ ਪੱਟੀਆਂ ਬੰਨ੍ਹੂ।

ਮਿੰਟੂ ਬਰਾੜ
mintubrar@gmail.com

4 comments:

  1. ਮਿੰਟੂ ਬਰਾੜ ਜੀ ਓਹਨਾ ਬੰਦਿਆਂ ਵਿਚੋਂ ਲਗਦੇ ਹਨ ਜੋ ਬਾਹਰਲੇ ਦੇਸ਼ਾਂ ਨੂ ਪੰਜਾਬੀਆਂ ਤੋਂ ਬਚਾਉਣਾ ਚਾਹੁੰਦੇ ਹਨ ਅਤੇ ਸੋਚਦੇ ਹਨ ਕੀ ਅਪਰਾਧ ਕਰਨ ਦੀ ਪ੍ਰਵਿਰਤੀ ਦਾ ਕੀਤੇ ਨਾ ਕੀਤੇ ਮਨੁਖ ਦੀ ਪ੍ਰਜਾਤੀ ਜਾ ਸਭਿਯਾਚਾਰ ਨਾਲ ਕੋਈ ਸਬੰਧ ਹੁੰਦਾਂ ਹੈ. ਘੱਟ ਤੋਂ ਘੱਟ ਓਹ ਇਹ ਸੋਚ ਤਾਂ ਰਖਦੇ ਹੀ ਹਨ ਕੀ ਪੰਜਾਬੀ ਆਸਟ੍ਰੇਲੀਆ ਦੇ ਮਥੇ ਤੇ ਕਲੰਕ ਹਨ. ਮਿੰਟੂ ਬਰਾੜ ਵਰਗੇ ਬੰਦਿਆਂ ਨੂ ultra right wing ਸੋਚ ਦੇ ਮੁਖ ਧਾਰਾ ਦੇ ਲੋਕ ਬਹੁਤ ਪਸੰਦ ਕਰਦੇ ਹੋਣਗੇ ਕਿਓਂਕਿ ਓਹਨਾ ਦੇ ਵਿਚਾਰ ਵੀ ਏਹੋ ਹੀ ਹੁੰਦੇ ਹਨ. ਪਰ ਓਹਨਾ ਕੋਲੋਂ ਏਨਾ ਨਹੀਂ ਹੋਇਆ ਕੀ ਇਸ ਨੂ ਸਾਬਿਤ ਕਰਨ ਲਈ ਕੋਈ ਅੰਕੜਾ ਹੀ ਦੇ ਦੇਣ. ਕੈਨੇਡਾ ਵਿਚ ਵੀ ਮਿੰਟੂ ਬਰਾੜ ਦੀ ਸੋਚ ਵਾਲਿਆਂ ਦੀ ਕਮੀਂ ਨਹੀਂ ਹੈ.--Gurinder Saini

    ReplyDelete
  2. Janab do gallan tuhadi likhat vich menu tipni karan te majboor kar rahian ne: 1 Royal Stag je Adelaide vich milan lag gai tan ki jurm ho gaya--Jagdeep Saini

    ReplyDelete
  3. ਸੈਨੀ ਸਾਹਿਬ , ਓਹ ਪੰਜਾਬੀ ਜੋ ਪੁਠੇ ਕੰਮ ਕਰਦੇ ਹਨ , ਸਿਰਫ australia ਜਾਂ ਕੈਨੇਡਾ ਹੀ ਨਹੀਂ ਸਗੋਂ ਪੰਜਾਬੀਆਂ
    ਦੇ ਮੱਥੋ ਤੇ ਵੀ ਕਲੰਕ ਹੀ ਹਨ , ਆਪਣੀਆਂ ਕਮਜੋਰੀਆਂ ਫਰੋਲ ਕੇ ਦਰੁਸਤ ਕਰਨ ਵਲ ਵਧਣਾ ਬਹੁਤ ਚੰਗੀ ਗਲ ਹੈ , ਸਾਰਾ ਦਿਨ ਬਿਨਾ ਮਤਲਬ ਤੋਂ ਪੰਜਾਬੀਆਂ ਨੂ ਫੂਕ ਛਕਾਈ ਜਾਣਾ ਠੀਕ ਨਹੀਂ---Charanjit Brar

    ReplyDelete
  4. ਚਰਨਜੀਤ ਜੀ ਜੇ ਤੁਸੀਂ ਮੇਰਾ ਕੁਮੇੰਟ ਧਿਆਨ ਨਾਲ ਪੜੋ ਤਾਂ ਮੈਂ " ਅਪਾ ਫਰੋਲਣ" ਨੂ ਮਾੜਾ ਨਹੀਂ ਕਿਹਾ. ਮੈਂ ਤਾਂ ਇਕ ਤਰੁਟੀਪੂਰਨ ਅਧਾਰ ਦੇ ਸਬੂਤ ਦੀ ਮੰਗ ਕਰ ਰਿਹਾਂ ਜੋ ਕੀ ਸਾਨੂੰ ਇਸ ਬੇਹੁਦਾ ਨਿਸ਼ਕਰਸ਼ ਵੱਲ ਲੈ ਜਾਂਦਾ ਹੈ ਕੀ ਆਦਮੀ ਦੀ race ਜਾਂ ਧਰਮ ਨਾਲ ਓਸ ਦੀ ਜ਼ੁਲਮ ਕਰਨ ਦੀ ਪ੍ਰਵਿਰਤੀ ਜੁੜੀ ਹੁੰਦੀ ਹੈ.
    ਪੰਜਾਬੀਆਂ ਨੇ ਆਸਟ੍ਰੇਲੀਆ ਵਿਚ ਗੰਦ ਪਾਇਆ ਹੋਇਆ ਹੈ, ਭਈਆਂ ਨੇ ਪੰਜਾਬ ਵਿਚ ਗੰਦ ਪਾਇਆ ਹੋਇਆ ਹੈ, ਮੁਸਲਮਾਨਾ ਨੇ ਹੇਦਰਾਬਾਦ ਤੇ ਕਾਲੇਆਂ ਨੇ ਅਮੇਰਿਕਾ ਵਿਚ ......ਵਗੇਰਾ ਵਗੇਰਾ .........ਬਹੁਤ ਹੀ ਸੁਵਿਧਾਜਨਕ ਪਰ ਗਲਤ ਨਿਸ਼ਕਰਸ਼ ਹਨ.
    ਨਾਲੇ ਇਹ ਕਿਹੜਾ "ਆਪਾ ਫਰੋਲਣਾ" ਹੋਇਆ ਜਿਸ ਵਿਚ ਤੁਸੀਂ ਕੁਝ ਬੰਦਾਂ ਦੀਆਂ ਤਰੁਟੀਆਂ ਨੂ ਓਸ ਦੀ ਪੂਰੀ ਕੌਮ ਨਾਲ ਜੋੜ ਦਿੰਦੇ ਹੋ. ਡ੍ਰੁਗ੍ਸ, ਕਤਲ, ਰੇਪ ਸਮਾਜ ਦੇ ਲਈ ਸਮਾਸਿਯਾ ਹਨ ਤੇ ਇਹਨਾ ਦੇ ਕਾਰਣ ਵੀ ਹਨ, ਪਰ ਇਹ ਕਿਸੇ ਜਾਤੀ ਵਿਸ਼ੇਸ਼ ਨੇ ਸ਼ੁਰੂ ਨਹੀਂ ਕੀਤੇ.
    ਹਾਂ, " ਆਸਟ੍ਰੇਲੀਆ ਵਿਚ ਭੰਗ ਭੁਜ੍ਦੀ" ਵਰਗੇ ਲੇਖਾਂ ਦਾ ਸਮਾਜ ਦੇ ਇਕ ਵਰਗ ਨੂ ਜ਼ਰੂਰ ਫਾਏਦਾ ਹੁੰਦਾ ਹੈ ਜਿਹਨਾ ਦਾ ਮੁਖ ਕੰਮ anti immigration sentiment ਦੇ ਸਿਰ ਤੇ ਵੋਟਾਂ ਲੈਣੀਆਂ ਹੁੰਦੀਆਂ ਹਨ.---Gurinder Saini

    ReplyDelete