ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, March 13, 2011

ਅਕਾਲੀ ਆਗੂਆਂ ਦੀ ਬਦੇਸ਼ੀ ਤੇ ਦੇਸੀ ਹਕੂਮਤ ਨਾਲ ਗੰਢਸੰਢ

ਇੱਕੀਵੀਂ ਸਦੀ ਵਿਚ ''ਸਿੱਖ ਸਟੇਟ'' ਦਾ ਸੁਪਨਾ-ਭਾਗ ਦੂਜਾ

(ਨੋਟ :ਇਸ ਟਿੱਪਣੀ ਵਿਚ ਲੇਖਕ ਦੀ ਕਿਤਾਬ ਦੇ ਸਾਰੇ ਹਵਾਲੇ, ਸਤੰਬਰ 2007 ਦੀ ਛਾਪ ਵਿਚੋਂ ਲਏ ਗਏ ਹਨ।)

ਅਜਮੇਰ ਸਿੰਘ ਦੇ ਜੀਵਨ ਪੰਧ ਦੇ ਵਿਚਾਰ ਪੈਂਡੂਲਮ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਜਾਣ ਲਈ ਕਦੇ ਕਿਸੇ ਸਫ਼ਾਈ ਦੇ ਮੁਥਾਜ਼ ਨਹੀਂ ਰਹੇ ਹਨ, ਨਾ ਉਨ੍ਹਾਂ ਨੇ ਲੋੜ ਸਮਝੀ ਹੈ।ਉਹ ਮਾਓਵਾਦੀ ਜਮਹੂਰੀਅਤ ਇਨਕਲਾਬ ਤੋਂ 'ਪੰਜਾਬੀ ਕੌਮ ਦੀ ਮੁਕਤੀ' ਤੱਕ ਜਾਂਦੇ ਹੋਏ, 'ਪ੍ਰੋਲੇਤਾਰੀ ਜਮਹੂਰੀਅਤ'' ਤੱਕ ਦਾ ਸਫ਼ਰ ਤਹਿ ਕਰਦੇ ਹੋਏ 'ਖਾਲਿਸਤਾਨੀਆਂ' ਨੂੰ ਪੜਚੋਲਵੀਂ ਹਮਾਇਤ ਦਿੰਦੇ ਹੋਏ ਅੰਤ ਨੂੰ ਆਪਣੇ ਚੇਲਿਆਂ ਨੂੰ ਵੀ ਬੇਦਾਵਾ ਦੇਣ ਮਗਰੋਂ, ਇਕ ਪੱਤਰਕਾਰ ਦੋਸਤ ਦੇ ਪਤਾ ਨਹੀਂ ਕੀ ਕੀ ਬਣਦੇ ਹੋਏ, ਅਜਮੇਰ ਸਿੰਘ ''ਜਥੇਦਾਰ'' ਦੀ ਪਦਵੀ ਤੱਕ ਪਹੁੰਚੇ ਹਨ। ਉਹ ਆਪਣੀਆਂ ਲਿਖਤਾਂ ਵਿਚ ਭਾਵੇਂ ਕਿੰਨੇ ਹੀ ਵਲ ਫੇਰ ਮਾਰਨ,ਉਨ੍ਹਾਂ ਦਾ ਤੋੜਾ 'ਸਿੱਖ ਇਕ ਕੌਮ ਹਨ'', ਅਕਾਲੀਆਂ ਨੇ ਹਮੇਸ਼ਾ ਹੀ ਸਿੱਖਾਂ ਨਾਲ ਦਗ਼ਾ ਕੀਤਾ ਹੈ'', ''ਸਿੱਖ ਆਪਣੀ ਨਿਆਰੀ ਹਸਤੀ ਲਈ ਸੰਘਰਸ਼ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਗੁਰੂ ਸਾਹਿਬ ਨੇ 'ਪਾਤਸ਼ਾਹੀ' ਵਿਰਸੇ ਵਿਚ ਬਖਸ਼ੀ ਹੈ, 'ਪਾਤਸ਼ਾਹੀ ਉਨ੍ਹਾਂ ਦਾ ਜਨਮ ਸਿੱਧ ਅਧਿਕਾਰ ਹੈ' ਅਤੇ ''ਪੰਜਾਬ ਦੇ ਕਮਿਊਨਿਸਟ ਹਿੰਦੂ ਬ੍ਰਾਹਮਣਵਾਦੀ ਸਟੇਟ ਨਾਲ ਇਕਮਿਕ ਹੋਕੇ, ਸਿੱਖ ਦੀ ਨਿਆਰੀ ਹਸਤੀ ਨੂੰ ਖ਼ਤਮ ਕਰਨ 'ਤੇ ਲੱਗੇ ਹੋਏ ਹਨ'', ਵਗੈਰਾ ਵਗੈਰਾ ਉਨ੍ਹਾਂ ਦੀਆਂ ਸਿੱਕੇਬੰਦ ਗੁਰਬੰਦੀਆਂ ਹਨ।

ਅਜਮੇਰ ਸਿੰਘ ਦੀ ਕਿਤਾਬ ''ਵੀਹਵੀਂ ਸਦੀ ਦੀ ਸਿੱਖ ਰਾਜਨੀਤੀ-ਇਕ ਗ਼ੁਲਾਮੀ ਤੋਂ ਦੂਜੀ ਗ਼ੁਲਾਮੀ ਤੱਕ'' ਵੀਹਵੀਂ ਸਦੀ ਦੀ ਗੱਲ ਕਰਦੀ ਹੈ, ਲੇਕਿਨ ਇਸ ਕਿਤਾਬ ਅਤੇ ਬਾਕੀ ਦੀਆਂ ਜੁੜਵੀਆਂ ਕਿਰਤਾਂ ਦਾ ਲੇਖਨਕਾਲ ਇਕਵੀਂ ਸਦੀ ਤੱਕ ਜਾ ਪੁੱਜਦਾ ਹੈ। ਇਸ ਲਈ ''ਰੁਲੀ ਹੋਈ ਪਾਤਸ਼ਾਹੀ'' ਨੂੰ ਦੁਬਾਰਾ ਹਾਸਲ ਕਰਨ ਦਾ ਪ੍ਰਾਜੈਕਟ ਇਕੀਵੀਂ ਸਦੀ ਵਿਚ ਜਾਕੇ ਹੀ ਪੂਰਾ ਕੀਤਾ ਜਾ ਸਕਦਾ ਹੈ।

ਅਜਮੇਰ ਸਿੰਘ ਦਾ ਸਾਰਾ ਪ੍ਰਵਚਨ ਵੱਖਰੇ ਸਿੱਖ ਰਾਜ ਦੀ ਕਾਇਮੀ ਦੇ ਦੁਆਲੇ ਘੁੰਮਦਾ ਹੈ। ਇਸਦਾ ਅਧਾਰ ਉਹ ਸਿੱਖਾਂ ਨੂੰ ਇਕ ਵੱਖਰੀ ਕੌਮ ਵਜੋਂ ਤਸੱਵਰ ਕਰਕੇ ਚੱਲ ਰਿਹਾ ਹੈ। (ਮੈਂ ਆਪਣੀ ਪਹਿਲੀ ਟਿੱਪਣੀ ਵਿਚ ''ਸਿੱਖ ਕੌਮ'' ਬਾਰੇ ਸਪਸ਼ਟ ਕਰ ਚੁੱਕਾ ਹਾਂ, ਅਣਸਰਦੇ ਨਾਲ ਹੀ ਦੁਹਰਾਈ ਕਰਾਗਾਂ) ਹਾਲਾਂਕਿ 1980ਵਿਆਂ ਦੇ ਅਖ਼ੀਰ ਤੱਕ ਉਸਦੀ ਪੁਜ਼ੀਸਨ ਪੰਜਾਬੀ ਕੌਮ ਦੀ ਮੁਕਤੀ ਵਾਲੀ ਸੀ, ਲੇਕਿਨ ਕਿਸੇ ਸਿਆਸੀ ਬੰਦੇ ਵੱਲੋਂ ਆਪਣੀ ਪੁਜੀਸ਼ਨ ਬਦਲ ਲੈਣਾ ਕੋਈ ਮਿਹਣਾ ਨਹੀਂ ਹੈ। ਉਂਜ ਚੰਗਾ ਹੁੰਦਾ, ਉਹ ਆਪਣੀ ਬਦਲੀ ਹੋਈ ਪੁਜ਼ੀਸ਼ਨ ਦੀ ਆਪਣੇ ਪਾਠਕਾਂ ਸਰੋਤਿਆਂ ਨਾਲ ਬਾਦਲੀਲ ਵਾਜਬੀਅਤ ਸਾਂਝੀ ਕਰ ਲੈਂਦਾ। ਲੇਕਿਨ ਅਜਮੇਰ ਸਿੰਘ ਨੇ ਕੁੱਝ ਅਜਿਹਾ ਕੀਤਾ ਹੋਵੇ, ਮੇਰੀ ਨਜ਼ਰੀਂ ਨਹੀਂ ਚੜ੍ਹਿਆ।

''ਵੀਹਵੀਂ ਸਦੀ ਦੀ ਸਿੱਖ ਰਾਜਨੀਤੀ ਵਿਚ'' ਉਸਨੇ ਜ਼ੋਰ ਨਾਲ ਦੱਸਿਆ ਹੈ ਕਿ ''ਕਿਸੇ ਵੀ ਕੌਮੀ ਭਾਈਚਾਰੇ ਦੇ ਸਮਾਜੀ ਜੀਵਨ ਅੰਦਰ ਭਾਸ਼ਾ ਕੁੰਜੀਵਤ ਸਥਾਨ ਰੱਖਦੀ ਹੈ।'' ਇਕ ਸਾਂਝੀ ਭਾਸ਼ਾ ਬਗੈਰ ਕਿਸੇ ਕੌਮ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।'' ਪੈਂਦੀ ਸੱਟੇ ਹੀ ਉਹ ਕਹਿ ਉਠਦਾ ਹੈ ਕਿ ''ਕੌਮ ਦੇ ਉਭਰਨ, ਵਿਗਸਣ ਵਿਚ ਭਾਸ਼ਾ ਦੀ ਬੇਹੱਦ ਮਹੱਤਵਪੂਰਨ ਭੂਮਿਕਾ ਦੇ ਬਾਵਜੂਦ ਇਸ ਨੂੰ ਕੌਮੀਅਤ ਦਾ
ਇਕ ਮਾਤਰ ਅਧਾਰ ਤੇ ਪ੍ਰਮਾਣ ਨਹੀਂ ਮਿੱਥਿਆ ਜਾ ਸਕਦਾ।'' ਫੇਰ ਉਹ ਅਰਨੇਸਟ ਰੇਨਨ ਵਲੋਂ ਦੱਸੇ ਗਏ ਗੁਣਾਂ ਵਿਚ ''ਜਿਉਂਦੀ ਜਾਗਦੀ ਆਤਮਾ'', ''ਰੂਹਾਨੀ ਸੰਗਤ'', ''ਯਾਦਾਂ ਦੇ ਇਕ ਅਮੀਰ ਵਿਰਸੇ ਦਾ ਸਾਂਝਾ ਖਜਾਨਾ'', ''ਹਕੀਕੀ ਰਜ਼ਾ'', ਭਾਵ '' 'ਕਠਿੱਆਂ ਰਹਿਣ ਦੀ ਚਾਹ ਅਤੇ ਸਾਂਝੇ ਵਿਰਸੇ ਨੂੰ ਸੰਭਾਲ ਕੇ ਰੱਖਣ ਦਾ ਦ੍ਰਿੜ ਇਰਾਦਾ'', ''ਭਵਿੱਖ ਦੇ ਆਦਰਸ਼ਾਂ ਦੀ ਸਾਂਝ, ਅਤੀਤ ਵਿਚ ਰਲਕੇ ਝੱਲੀਆਂ ਮੁਸੀਬਤਾਂ ਦੇ ਸਾਂਝੇ ਅਹਿਸਾਸ, ਹਾਰਾਂ ਦੇ ਦਰਦ, ਜਿੱਤਾਂ ਦੇ ਸਰੂਰ, ਸਾਂਝੀਆਂ ਖੁਸ਼ੀਆਂ ਆਦਿ ਕਾਵਿਮਈ ਵਾਕੰਸ਼ਾਂ ਨੂੰ ਕਿਸੇ ਕੌਮ ਦੇ ਜ਼ਰੂਰੀ ਲੱਛਣਾਂ ਵਿਚ ਜੋੜਣ ਲੱਗ ਪੈਂਦਾ ਹੈ। (ਸਫਾ 125)

ਆਓ ਦੇਖੀਏ ਕਿ ਲੇਖਕ ਵਲੋਂ ਕਿਸੇ ਕੌਮ ਦੀ ਕੀਤੀ ਵਿਆਖਿਆ ਵਿਚ ਕੁੱਝ ਟੁਟਵੇਂ ਵਾਧੂ ਸ਼ਬਦ ਜੋੜਨ ਤੋਂ ਇਲਾਵਾ ਰੂਸ ਦੇ ਇਕ ਉਘੇ ਲੈਨਿਨਵਾਦੀ ਲੀਡਰ ਜੋਜ਼ਫ ਸਟਾਲਿਨ ਦੀ ਵਿਆਖਿਆ ਨਾਲੋਂ ਕਿੰਨਾ ਕੁ ਫਰਕ ਹੈ? ਉਸ ਲੀਡਰ ਨੇ ਕਿਹਾ ਸੀ, ''ਇਕ ਕੌਮ ਸਾਂਝੀ ਭਾਸ਼ਾ, ਸਾਂਝੇ ਇਲਾਕੇ, ਆਰਥਿਕ ਜੀਵਨ ਅਤੇ ਰੂਹਾਨੀ ਬਣਤਰ, ਦੇ ਅਧਾਰ ਉਪਰ ਇਤਿਹਾਸਕ ਤੌਰ 'ਤੇ ਹੋਂਦ ਵਿਚ ਆਇਆ ਠੋਸ ਤੇ ਸਥਿਰ ਭਾਈਚਾਰਕ ਸਮੂਹ ਹੁੰਦਾ ਹੈ।'' ਪਾਠਕੋ, ਕੀ ਲੇਖਕ ਦੇ ਗਿਣਾਏ ਲੱਛਣਾਂ ਨਾਲੋਂ ਕੋਈ ਫਰਕ ਦਿਸਦਾ ਹੈ? ਭਾਸ਼ਾ ਬਾਰੇ ਲੇਖਕ ਨੂੰ ਪਹਿਲਾਂ ਹੀ ਕੋਈ ਇਤਰਾਜ਼ ਨਹੀਂ। ਕੱਠਿਆਂ ਰਹਿਣ ਦੀ ਚਾਹ ਵੀ ਤਾਂ ਹੀ ਆਵੇਗੀ, ਜੇਕਰ ਉਹ ਪਹਿਲਾਂ ਹੀ ਸਦੀਆਂ ਤੋਂ ਸਾਂਝੇ ਇਲਾਕੇ ਵਿਚ ਰਹਿ ਰਹੇ ਹੋਣਗੇ, ਸਾਂਝਾ ਵਿਰਸਾ, ਸਾਂਝੀਆਂ ਮੁਸੀਬਤਾਂ, ਆਦਰਸ਼ਾਂ ਦੀ ਸਾਂਝ ਅਤੇ ਅਤੀਤ ਦੇ ਅਹਿਸਾਸਾਂ ਦੀ ਸੋਝੀ , ਹਾਰਾਂ ਦੇ ਦਰਦ, ਜਿੱਤਾਂ ਦੇ ਸਰੂਰ, ਸਾਂਝੀਆਂ ਖੁਸ਼ੀਆਂ ਅਤੇ ਭਵਿਖ ਦੇ ਸਾਂਝੇ ਸੁਪਨੇ ਵੀ ਤਦ ਹੀ ਹੋਣਗੇ, ਜੇਕਰ ਉਹਨਾਂ ਦਾ ਇਤਿਹਾਸ ਸਾਂਝਾ ਹੋਵੇਗਾ, ਸਭਿਆਚਾਰ ਸਾਂਝਾ ਹੋਵੇਗਾ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੇਖਕ ਲਈ ਜਿਥੇ ਸਾਂਝੀ ਭਾਸ਼ਾ ਅੜਿੱਕਾ ਬਣਦੀ ਹੈ ਉਥੇ ਉਹਦੇ ਲਈ ਅਮਰੀਕਾ, ਕਨੇਡਾ, ਆਸਟਰੇਲੀਆ, ਇੰਗਲੈਂਡ ਆਦਿ ਨੂੰ ਵੱਖ ਵੱਖ ਕੌਮਾਂ ਵਿਚ ਵੰਡਣਾ ਮੁਸ਼ਕਲ ਹੋ ਜਾਂਦਾ ਹੈ, ਜਿਥੇ ਇਲਾਕੇ ਦੀ ਸਾਂਝ ਅੜਿੱਕਾ ਬਣਦੀ ਹੈ, ਉਥੇ ਬੰਗਲਾਦੇਸ਼ ਨੂੰ ਮੂਹਰੇ ਲੈ ਆਉਂਦਾ ਹੈ। ਜਿਥੇ ਧਰਮ ਅੜਿੱਕਾ ਬਣਦਾ ਹੈ, ਉਥੇ ਉਸ ਕੋਲ ਜਵਾਬ ਹੀ ਨਹੀਂ ਬਚਦਾ ਜਦਕਿ ਉਸਦਾ ਸਾਰਾ ਜ਼ੋਰ ਤਾਂ ਸਿਰਫ ਧਰਮ ਦੇ ਅਧਾਰ 'ਤੇ ਹੀ ਸਿੱਖਾਂ ਨੂੰ ਕੌਮ ਬਣਾਉਣ 'ਤੇ ਲੱਗਿਆ ਹੋਇਆ ਹੈ। ਲੇਕਿਨ ਸਾਡੇ ਲੇਖਕ ਨੂੰ ਤਾਂ ਸਿੱਖ ਕੌਮ ਲਈ ਇਕ ਵੱਖਰਾ ਦੇਸ਼ ਚਾਹੀਦਾ ਹੈ। ਕਿਉਂ? ਕਿਉਂਕਿ ਲੇਖਕ ਮੁਤਾਬਕ 1857 ਦੇ ਗਦਰ ਵੇਲੇ ਸਿੱਖ ਕੌਮ ਦੀ ਅੰਤਰ ਆਤਮਾ ਨੇ ਹਿੰਦੁਸਤਾਨ ਨੂੰ ਆਪਣਾ ਮੁਲਕ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਕੀ ਇਤਿਹਾਸ ਦਾ ਕੋਈ ਪਾਠਕ ਲੇਖਕ ਦੀ ਗੱੱਲ 'ਤੇ ਯਕੀਨ ਕਰ ਸਕਦਾ ਹੈ ? ਫੇਰ ਸਿੱਖ ਪੰਥ ਦੇ ਉਹ ਕਿਹੜੇ 'ਯੋਧੇ' ਸਨ ਜਿਹੜੇ ਸਿੱਖ ਰਾਠਸ਼ਾਹੀ ਦੀ ਕਮਾਨ ਹੇਠਾਂ ਬਾਗੀਆਂ ਨੂੰ ਕੁਚਲਣ ਲਈ ਅੰਗਰੇਜ਼ਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜੇ ਸਨ? ਲੇਖਕ ਸਿੱਖਾਂ ਦੀਆਂ ਅੰਗਰੇਜ਼ ਭਗਤੀ ਦੀਆਂ ਅਨੇਕਾਂ ਉਦਾਹਰਣਾਂ ਦਿੰਦਾ ਹੈ। ਉਸ ਨੇ ਮੌਂਟੇਗ-ਚੈਲਮਜ਼ਫੋਰਡ ਰਿਪੋਰਟ (1918) ਦੇ ਹਵਾਲੇ ਨਾਲ ਦੱਸਿਆ ਹੈ ਕਿ ''ਸਿੱਖ…... ਭਾਰਤੀ ਫੌਜ ਨੂੰ ਬਹਾਦਰ ਅਤੇ ਬਹੁਮੁੱਲਾ ਅੰਸ਼ ਮੁਹੱਈਆ ਕਰਦੇ ਹਨ।'' (ਸਫਾ 22) ''ਪਹਿਲੀ ਸੰਸਾਰ ਜੰਗ ਛਿੜਨ ਨਾਲ ਗੁਰਦੁਆਰਾ ਰਕਾਬ ਗੰਜ਼ ਦਾ ਮਸਲਾ ਆਰਜ਼ੀ ਤੌਰ 'ਤੇ ਦੱਬ ਗਿਆ ਸੀ,'' ਕਿਉਂਕਿ ਮਸਲਾ ਮਘਾਈ ਰੱਖਣ ਨਾਲ ਅੰਗਰੇਜ਼ ਭਗਤੀ ਨੂੰ ਆਂਚ ਆਉਂਦੀ ਸੀ। ''ਗੁਰਦੁਆਰਾ ਸੁਧਾਰ ਲਹਿਰ ਦਾ ਸੁਭਾਵਕ ਵਹਿਣ ਸਰਕਾਰ ਵਿਰੋਧੀ ਘੱਟ ਅਤੇ ਹਿੰਦੂਵਾਦ ਵਿਰੋਧੀ ਜ਼ਿਆਦਾ ਸੀ'' (ਸਫਾ 43) ਕੀ ਸਿੱਖਾਂ ਨੂੰ ਅੰਗਰੇਜ਼ਾਂ ਦੀ ਗੁਲਾਮੀ ਵਿਚੋਂ ਅਨੰਦ ਮਿਲਦਾ ਸੀ? ਲੇਕਿਨ ਫੇਰ ਅਚਾਨਕ ਹੀ ''ਸਿੱਖ ਭਾਈਚਾਰੇ ਅੰਦਰ ਨਵੀਂ ਸੋਚ ਤੇ ਨਵੀਆਂ ਭਾਵਨਾਵਾਂ ਪੈਦਾ ਹੋਣ ਲੱਗੀਆਂ ਅਤੇ ਉਸ ਨੂੰ ਧਾਰਮਿਕ ਮਾਮਲਿਆਂ ਵਿਚ ਸਰਕਾਰ ਦੀ ਦਖਲਅੰਦਾਜ਼ੀ ਰੜਕਣ ਲੱਗ ਪਈ ਅਤੇ ਉਹ ਉਸ ਨੂੰ ਕੌਮੀ ਅਪਮਾਨ ਦੇ ਰੂਪ ਵਿਚ ਦੇਖਣ ਲੱਗੇ।'' (ਸਫਾ 42) ਬਿਲਕੁਲ ਹੀ ਨਾਲ ਜੁੜਵੇਂ ਸਫਿਆਂ ਅੰਦਰ ਲੇਖਕ ਦੀਆਂ ਇਹ ਆਪਾ-ਵਿਰੋਧਤਾਈਆਂ ਕੀ ਪ੍ਰਗਟ ਕਰਦੀਆਂ ਹਨ? ਡਾਕਟਰ ਬਲਕਾਰ ਸਿੰਘ ਨੇ ਠੀਕ ਹੀ ਬੁੱਝਿਆ ਹੈ ਕਿ ਜਦੋਂ ਕੋਈ ਵਿਅਕਤੀ ਇਤਿਹਾਸ ਨੂੰ ਟੁਕੜਿਆਂ ਵਿਚ ਰੱਖ ਕੇ ਵਾਚਦਾ ਹੈ ਤਾਂ ਉਸ ਦਾ ਇਹੀ ਹਸ਼ਰ ਹੁੰਦਾ ਹੈ।

ਲੇਖਕ ਮੁਤਾਬਕ ਤਾਂ ਵੀਹਵੀਂ ਸਦੀ ਦੇ ਪਹਿਲੇ ਦੋ ਦਹਾਕਿਆਂ ਦੀ ਸਿੱਖ ਲੀਡਰਸ਼ਿਪ ''ਕਿਸੇ ਵੀ ਸੂਰਤ ਵਿਚ ਅੰਗਰੇਜ਼ ਸਰਕਾਰ ਨਾਲ ਟਕਰਾਓ ਦੇ ਹੱਕ ਵਿਚ ਨਹੀਂ ਸੀ.. ਕਿਉਂਕਿ ਉਨ੍ਹਾਂ ਨੂੰ ਸਿੱਖ ਕੌਮ ਵਰਗੀ ਨਿਗੂਣੀ ਘੱਟ ਗਿਣਤੀ ਦੇ ਇਸ ਰਾਹ ਪੈ ਜਾਣ ਨਾਲ ਵੱਡੇ ਖ਼ਤਰੇ ਅਤੇ ਤਬਾਹੀ ਨਜ਼ਰ ਆਉਂਦੀ ਸੀ.. ਉਨ੍ਹਾਂ ਵੱਲੋਂ ਗ਼ਦਰ ਪਾਰਟੀ ਦੀ ਅਤੇ ਬਾਅਦ ਵਿਚ ਬੱਬਰ ਅਕਾਲੀ ਲਹਿਰ ਸਮੇਤ ਸਭਨਾਂ ਸਰਕਾਰ ਵਿਰੋਧੀ ਹਿੰਸਕ ਰੁਝਾਨਾਂ ਦੀ ਕੱਟੜ ਮੁਖਾਫ਼ਲਤ ਨੂੰ , ਨਿਰਾਪੁਰਾ ਝੋਲੀਚੱਕਪੁਣਾ ਕਹਿਕੇ ਨਿੰਦਣ ਦੀ ਬਜਾਏ, ਇਸ ਦ੍ਰਿਸ਼ਟੀਕੋਣ ਤੋਂ ਵੀ ਵੇਖਣ ਤੇ ਸਮਝਣ ਦੀ ਲੋੜ ਹੈ।'' (ਸਫ਼ਾ 45) ਕੋਈ ਪੁੱਛਣ ਵਾਲਾ ਹੋਵੇ, ਜੇਕਰ ਲੇਖਕ ਦਾ ਇਹੀ ਦ੍ਰਿਸ਼ਟੀਕੋਣ ਅੰਗਰੇਜ਼ਾਂ ਵੇਲੇ ਦਰੁਸਤ ਸੀ, ਤਾਂ 1947 ਤੋਂ ਬਾਅਦ ਦੀ ਅਤੇ ਖਾਸ ਕਰਕੇ 1980ਵਿਆਂ ਦੀ ਸਿੱਖ ਲੀਡਰਸ਼ਿਪ ਲਈ ਮੁਆਫ਼ਕ ਕਿਉਂ ਨਹੀਂ ਸੀ? ਹੋਰ ਸੁਣੋ, '' ਪਹਿਲੀ ਸੰਸਾਰ ਜੰਗ ਦੌਰਾਨ ਬਰਤਾਨਵੀ ਹਕੂਮਤ ਨੂੰ ਸਿੱਖ ਕੌਮ ਦਾ ਬਹੁਤ ਵੱਡਾ ਸਮਰਥਨ ਮਿਲਿਆ.. ਖਾਸ ਕਰਕੇ ਵੱਡੇ ਸਿੱਖਾਂ, ਸਿੰਘ ਸਭਾਵਾਂ, ਚੀਫੀਆਂ, ਮਹੰਤਾਂ, ਸੇਵਾਦਾਰਾਂ, ਰਿਆਸਤੀ ਰਾਜ ਘਰਾਣਿਆਂ, ਸਰਦਾਰਾਂ, ਜ਼ੈਲਦਾਰਾਂ ਨੇ ਆਪਣਾ ਅਸਰ ਰਸੂਖ ਵਰਤਿਆਂ ਹੋਇਆਂ ਵੱਡੀ ਪੱਧਰ 'ਤੇ ਫੌਜੀ ਭਰਤੀ ਕਰਵਾਈ.. ਜੰਗ ਦੇ ਖ਼ਾਤਮੇ ਤੱਕ ਇਕੱਲੇ ਸਿੱਖਾਂ ਦੀ ਭਰਤੀ ਇਕ ਲੱਖ ਤੋਂ ਉਪਰ ਪਹੁੰਚ ਗਈ ਸੀ।'' (ਸਫ਼ਾ 46)

ਕਮਾਲ ਹੈ, ਇਕ ਪਾਸੇ ਲੇਖਕ ਟੋਡੀਆਂ ਦੀਆਂ, ਸਿੱਖ ਫੌਜੀਆਂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਦਾ ਹੈ, ਕਦੇ ਉਨ੍ਹਾਂ 'ਮਾਂਗਵੀਂ ਧਾੜ' ਦੱਸਦਾ ਹੈ, ਕਦੇ ਸਿੱਖਾਂ ਨੂੰ ਨਿਗੂਣੀ ਘੱਟ ਗਿਣਤੀ ਦੱਸਦੇ ਹੋਏ ਉਨ੍ਹਾਂ ਦੀ ਵਸੋਂ ਦੇ ਅਨੁਪਾਤ ਵਿਚ ਅੰਗਰੇਜ਼ਾਂ ਲਈ ਕੀਤੀਆਂ ਕੁਰਬਾਨੀਆਂ ਦਾ ਹਾਕਮਾਂ ਵੱਲੋਂ ਉਚਤ ਮੁੱਲ ਨਾ ਪਾਉਣ ਦਾ ਮਿਹਣਾ ਮਾਰਦਾ ਹੈ, ਅਤੇ ਫੇਰ ਕੁੱਲ ਤੋਂ ਪਹਿਲੇ ਅਤੇ ਬੁਨਿਆਦੀ ਤੌਰ 'ਤੇ ਇਸੇ ਸਰਕਾਰ ਭਗਤ, ਲੇਕਿਨ ਨਿਗੂਣੀ ਘੱਟ ਗਿਣਤੀ ''ਸਿੱਖ ਕੌਮ'' ਲਈ ਵੱਖਰੇ ਸਿੱਖ ਰਾਜ ਦੀ ਮੰਗ ਕਰਦਾ ਹੈ। ਅੰਗਰੇਜ਼ ਭਗਤ ਰਈਸਾਂ, ਰਜਵਾੜਿਆਂ ਨੂੰ ਪਿੱਛੇ ਧੱਕ ਕੇ ਅੱਗੇ ਆਈ ਖਾੜਕੂ ਸਿੱਖ ਲੀਡਰਸ਼ਿਪ ਨੂੰ ਅਖੌਤੀ ਹਿੰਦੂ ਰਾਜ ਦੀ ਭਗਤੀ ਕਰਨ ਬਦਲੇ ਪਾਣੀ ਪੀ ਪੀ ਕੇ ਕੋਸਦਾ ਹੈ। ਫੇਰ ਵੀ ਵੱਖਰੇ ਸਿੱਖ ਰਾਜ ਦੀ ਮੰਗ ਕੀਤੀ ਜਾਂਦੀ ਹੈ, ਕਿਉਂਕਿ ਲੇਖਕ ਅਨੁਸਾਰ ਸਿੱਖਾਂ ਨੇ ਹਰ ਮੋੜ 'ਤੇ ਅੰਗਰੇਜ਼ ਹਕੂਮਤ ਦੀ ਅਤੇ ਬਾਅਦ ਵਿਚ ''ਹਿੰਦੂ ਰਾਜ'' ਦੀ ਦੱਬਕੇ ਚਾਕਰੀ ਕੀਤੀ ਹੈ। ਜੇਕਰ ਇਸ ਤਰਾਂ ਅਜ਼ਾਦੀ ਨਹੀਂ ਦੇਣੀ, ਤਾਂ ਸਾਡੇ ਕੋਲ ਹੋਰ ਵੀ ਇਕ ਸਿੱਕੇਬੰਦ ਦਲੀਲ ਹੈ। ''ਸਿੱਖ ਕੌਮ ਨੂੰ ਇਸ ਕਰਕੇ ਹੀ ਵੱਖਰਾ ਰਾਜ ਦੇ ਦਿਓ, ਕਿਉਂਕਿ ਉਸਨੇ ਅਜ਼ਾਦੀ ਦੀ ਲੜਾਈ ਵਿਚ ਸਭਤੋਂ ਵੱਧ ਕੁਰਬਾਨੀਆਂ ਕੀਤੀਆਂ ਸਨ।'' ਸਿੱਖ ਕੌਮੀਆਂ ਦੀਆਂ ਦਲੀਲਾਂ ਦਾ ਜੇ ਕਿਸੇ ਨੂੰ ਕੋਈ ਮੂੰਹ ਸਿਰ ਦਿਸਦਾ ਹੋਵੇ, ਤਾਂ ਕਿਰਪਾ ਕਰਕੇ ਪਾਠਕਾਂ ਨੂੰ ਜ਼ਰੂਰ ਦਿਖਾਉਣ ਦੀ ਮਿਹਰਬਾਨੀ ਕਰੇ!!

19ਵੀਂ ਸਦੀ ਦੇ ਅਖੀਰਲੇ ਦਹਾਕੇ ਦੀ ਅਤੇ 20ਵੀਂ ਸਦੀ ਦੇ ਦੂਜੇ ਦਹਾਕੇ ਖਾਸ ਕਰਕੇ ਗਾਂਧੀ ਦੀ ਅਗਵਾਈ ਹੇਠਲੀ ਕਾਂਗਰਸ ਪਾਰਟੀ ਪ੍ਰਤੀ ਲੇਖਕ ਦੀ ਅੰਨ੍ਹੀ ਨਫ਼ਰਤ ਹਰੇਕ ਸਫ਼ੇ 'ਤੇ ਫੈਲੀ ਪਈ ਹੈ। ਕਿਸੇ ਲੇਖਕ ਲਈ ਕਿਸੇ ਪਾਰਟੀ ਲਈ ਔਖ ਪੈਦਾ ਹੋਣੀ ਮਾੜੀ ਗੱਲ ਨਹੀਂ, ਬਸ਼ਰਤੇ ਕਿ ਇਹ ਠੋਸ ਤੱਥਾਂ 'ਤੇ ਅਧਾਰਤ ਹੋਵੇ। ਕਾਂਗਰਸ ਪਾਰਟੀ ਵੱਲੋਂ ਸਿੱਖਾਂ ਨੂੰ ਅੰਗਰੇਜ਼ ਵਿਰੋਧੀ ਅੰਦੋਲਨ ਵਿਚ ਸ਼ਾਮਲ ਕਰਨ ਦੀ ਕਿਸੇ ਵੀ ਕੋਸ਼ਿਸ਼ ਵਿਚੋਂ ਲੇਖਕ ਨੂੰ ''ਬ੍ਰਾਹਮਣਵਾਦ'' ਦੇ ਖ਼ਾਰੇ ਸਮੁੰਦਰ ਵਿਚ ਜਜ਼ਬ ਕਰਨ ਦੀ ਬੋਅ ਆਉਂਦੀ ਹੈ। ਜ਼ਿੰਦਗੀ ਦੇ ਕੀਮਤੀ ਵਰ੍ਹੇ, ਜਮਾਤੀ ਸੰਘਰਸ਼ ਦੇ ਲੇਖੇ ਲਾਉਣ ਵਾਲੇ ਲੇਖਕ ਦੇ ਅਜਿਹੇ ਹੋਛੇ ਨਿਰਣੇ ਅਜਮੇਰ ਸਿੰਘ ਦਾ ਕੁੱਝ ਸੰਵਾਰ ਸਕਣਗੇ ਜਾਂ ਨਹੀਂ, ਲੇਕਿਨ ਇਤਿਹਾਸ ਅਤੇ ਰਾਜਨੀਤਕ ਅਰਥਸ਼ਾਸ਼ਤਰ ਦੇ ਵਿਦਿਆਰਥੀਆਂ ਲਈ ਇਹ ਕਿਸੇ ਕੰਮ ਨਹੀਂ ਆਉਣ ਲੱਗੇ।

ਲੇਖਕ ਦਾ ਝੋਰਾ ਹੈ ਕਿ ਹਿੰਦੂਆਂ ਨੇ ਅੰਗਰੇਜ਼ਾਂ ਵੱਲੋਂ ਸ਼ੁਰੂ ਕੀਤੀ ਆਧੁਨਿਕ ਵਿਦਿਅਕ ਪ੍ਰਣਾਲੀ ਦਾ ਲਾਹਾ ਲੈਕੇ, ਰਾਜਤੰਤਰ ਦੀਆਂ ਸਾਰੀਆਂ ਚੂਲਾਂ 'ਤੇ ਕਬਜ਼ਾ ਕਰ ਲਿਆ। ਮੈਕਾਲੇ ਵੱਲੋਂ ਸ਼ੁਰੂ ਕੀਤੀ ਇਹ ਆਧੁਨਿਕ ਵਿਦਿਅਕ ਪ੍ਰਣਾਲੀ ਕਿਹੋ ਜਿਹੀ ਅਤੇ ਕਿਸ ਮੰਤਵ ਲਈ ਸੀ, ਲੇਖਕ ਭਲੀਭਾਂਤ ਜਾਣਦਾ ਹੈ। ਪ੍ਰੰਤੂ ਉਹ ਇਹ ਦੱਸਣਾ ਭੁਲ ਜਾਂਦਾ ਹੈ, ਕਿ ਸਿੱਖਾਂ ਦਾ ਪਤਵੰਤਾ ਵਰਗ ਵੀ ਇਸ ਆਧੁਨਿਕ ਵਿਦਿਆ ਤੋਂ ਨਿਰਲੇਪ ਨਹੀਂ ਰਿਹਾ। ਉਸ ਵੇਲੇ ਪੇਂਡੂ ਸਮਾਜ ਵਿਚਲੀ ਜਮਾਤੀ ਵੰਡ ਹੀ ਇੰਨੀ ਤਿੱਖੀ ਸੀ, ਕਿ ਆਮ ਸਿੱਖ ਕਾਸ਼ਤਕਾਰਾਂ ਲਈ ਤਾਂ ਮਾਲੀਏ ਭਰਨੇ ਵੀ ਮੁਸ਼ਕਲ ਸਨ, ਦਲਿਤ ਭਾਈਚਾਰੇ ਦੀ ਤਾਂ ਗੱਲ ਹੀ ਛੱਡ ਦੇਈਏ। ਅਨਪੜ੍ਹ ਪੇਂਡੂਆਂ ਦੀ ਤਾਂ ਪੁੱਛ ਹੀ ਉਦੋਂ ਪਈ, ਜਦੋਂ ਅੰਗਰੇਜ਼ਾਂ ਨੂੰ 'ਮਾਂਗਵੀਂ ਧਾੜ' ਦੀ ਲੋੜ ਪਈ। ''ਸਿੱਖ ਕੌਮ'' ਦੇ ਪਹਿਲੇ ਅਜ਼ਾਦ ਰਾਜ ਵਿਚ ਵੀ ਇਸ 'ਮਾਂਗਵੀਂ ਧਾੜ' ਨੂੰ ਹਰੀ ਸਿੰਘ ਨਲੂਏ ਦੀ ਕਮਾਨ ਹੇਠਾਂ ਅਫ਼ਗਾਨੀਆਂ ਅਤੇ ਕਸ਼ਮੀਰੀਆਂ ਨੂੰ ਕੁੱਟਣ ਦੇ ਕੰਮ ਲਿਆਂਦਾ ਗਿਆ। ਇਸੇ 'ਮਾਂਗਵੀਂ ਧਾੜ' ਨੂੰ ਜਦੋਂ ਬਰਤਾਨਵੀਆਂ ਦੀ ਸਿਖਿਅਤ, ਆਧੁਨਿਕ ਹਥਿਆਰਾਂ ਅਤੇ ਯੁੱਧ ਕਲਾ ਨਾਲ ਲੈਸ ਫੌਜ ਨਾਲ ਪੈਰਗੱਡਵੀਆਂ (positional) ਜੰਗਾਂ ਦਾ ਸਾਹਮਣਾ ਕਰਨਾ ਪਿਆ, ਤਾਂ ਉਹ ਇਤਿਹਾਸਕ ਤੌਰ 'ਤੇ ਹਾਰ ਜਾਣ ਲਈ ਸਰਾਪੀ ਹੋਈ ਸੀ, ਡੋਗਰਿਆਂ ਅਤੇ ਬਿਹਾਰੀਆਂ ਦੇ ਸਿਰ ਤਾਂ ਐਵੇਂ ਭਾਂਡਾ ਭੰਨਿਆ ਜਾ ਰਿਹਾ ਹੈ। ਇਸ ਸਾਰੇ ਕਾਸੇ ਦੇ ਬਾਵਜੂਦ ਵੀ ਰਈਸੀਆਂ, ਰਜਵਾੜਿਆਂ ਅਤੇ ਸ਼ਹਿਰੀ ਅਮੀਰਾਂ ਅੰਦਰਲੇ ਸਿੱਖ ਹਿੱਸਿਆਂ ਨੇ ਆਧੁਨਿਕ ਵਿਦਿਆ ਦਾ ਭਰਪੂਰ ਲਾਹਾ ਲੈਕੇ ਉਚ ਪਦਵੀਆਂ ਹਾਸਲ ਕੀਤੀਆਂ ਅਤੇ ਅੰਗਰੇਜ਼ ਹਕੂਮਤ ਦੀ ਡਟਕੇ ਸੇਵਾ ਕੀਤੀ ਅਤੇ ਰਾਜਤੰਤਰ ਦੇ ਸੇਰਵੇ, ਬਾਹੀਆਂ ਬਣੇ।

ਗਾਂਧੀ ਨਵੀਂ ਉਭਰੀ ਦਲਾਲ ਸਰਮਾਏਦਾਰ ਦਾ ਆਹਲਾ ਨੁੰਮਾਇੰਦਾ ਸੀ ਅਤੇ ਸਨਾਤਨੀ ਹਿੰਦੂ ਧਰਮ ਉਹਦੇ ਲਈ ਦਲਾਲਾਂ ਵਾਸਤੇ ਸੱਤਾ ਵਿਚ ਹਿੱਸੇਦਾਰੀ ਵੰਡਾਉਣ ਲਈ ਸੰਦ ਮਾਤਰ ਸੀ। ਉਸ ਲਈ ਸਿੱਖਾਂ ਨੂੰ ਕਿਸੇ ''ਖ਼ਾਰੇ ਸਮੁੰਦਰ'' ਵਿਚ ਜਜ਼ਬ ਕਰਨ ਦੀ ਲੋੜ ਨਹੀਂ ਸੀ। 'ਪੰਜ ਕਕਾਰ' ਗਾਂਧੀ ਲਈ ਕਦੇ ਵੀ ਖ਼ਤਰਾ ਨਹੀਂ ਬਣੇ। ਵੈਸੇ ਵੀ ਪਿਸ਼ਾਵਰ ਤੋਂ ਲੈਕੇ ਫੂਲਕੀਆਂ ਦੀਆਂ ਸਿੱਖ ਰਿਆਸਤਾਂ ਤੱਕ 'ਸਿੱਖਾਂ' ਵਿਚਕਾਰ ਪੰਜ ਕਕਾਰਾਂ ਦੀ ਬਜਾਏ ਕੋਈ ਰੂਹਾਨੀ ਸਾਂਝ ਨਹੀਂ ਸੀ। ਅਜੇ ਵੀ ਕਿਹੜਾ ਕੋਈ ਸਾਂਝ ਹੈ। ਪੰਜਾਬ ਦੇ ਪੇਂਡੂ ਖੇਤਰ ਦੇ ਰੁੰਡਮੁੰਡ ਸਿੱਖਾਂ ਲਈ ਸਿੱਖੀ ਸਰੂਪ ਵਾਲੇ ਸ਼ਹਿਰੀ ਸਿੱਖਾਂ ਲਈ ਕੋਈ ਥਾਂ ਨਹੀਂ। ਸਿੱਖੀ ਦੀ ਆੜ ਹੇਠਲਾ 'ਜੱਟਵਾਦ' ਬ੍ਰਾਹਮਣਵਾਦ ਦਾ ਹੀ ਸਭਤੋਂ ਕਰੂਪ ਚਿਹਰਾ ਹੈ। ਅਜੋਕੇ ਪੰਜਾਬ ਦੇ 35 ਫੀਸਦੀ ਜੱਟਾਂ ਲਈ ਬਾਕੀ ਦੀਆਂ 65 ਫੀਸਦੀ ''ਨਿਕਸੁੱਕ'' ਜਾਤਾਂ ਲਈ ਘਿਰਣਾ ਤੋਂ ਬਿਨਾ ਕੋਈ ਥਾਂ ਨਹੀਂ। ਲੇਖਕ ਨੇ ਖੁਦ ਵੀ ਇਸ ਮਸਲੇ ਨੂੰ 'ਜੱਟਵਾਦ'-ਇਕ ਦੀਰਘ ਰੋਗ (ਸਫ਼ਾ 262-270) ਵਿਚ ਬਾਖੂਬੀ ਉਠਾਇਆ ਹੈ। ਸੱਚੇ ਸੌਦੇ, ਨੂਰਮਹਿਲੀਏ, ਭਨਿਆਰਾਂਵਾਲੇ ਅਤੇ ਸੱਚਖੰਡ ਵੱਲਾਂ ਵਾਲੇ ਵਰਤਾਰੇ ਐਂਵੇ ਕਿਸੇ ਸਰਕਾਰੀ ਤੇ ਖ਼ੁਫੀਆ ਅਜੰਸੀਆਂ ਦੀਆਂ ਕਾਢਾਂ ਨਹੀਂ ਹਨ? ਲੇਖਕ ਕਿਹੜੇ ਸੁਪਨ ਦੇਸ਼ ਵਿਚ ਰਹਿਕੇ ''ਸਿੱਖ ਕੌਮ'' ਲਈ ਅਜ਼ਾਦ ਰਾਜ ਦੀ ਗੱਲ ਕਰ ਰਿਹਾ ਹੈ?

ਗਾਂਧੀ ਲਈ ਤਾਂ ਮੁਸਲਮਾਨ ਵੀ ਓਪਰੇ ਨਹੀਂ ਸਨ, ਬਸ਼ਰਤੇ ਕਿ ਉਹ ਭਾਰਤੀ ਦਲਾਲ ਸਰਮਾਏਦਾਰ ਵੱਲੋਂ ਅੰਗਰੇਜ਼ਾਂ ਵੱਲੋਂ ਭਵਿੱਖ ਵਿਚ ਖਾਲੀ ਕੀਤੀ ਜਾਣ ਵਾਲੀ ਵਿਸ਼ਾਲ ਮੰਡੀ ਨੂੰ ਇਕਜੁੱਟ ਰੱਖਣ ਵਿਚ ਸਹਿਮਤੀ ਦੇ ਦਿੰਦੇ। ਉਹ ਤਾਂ ਅੰਤਮ ਸਵਾਸਾਂ ਤੱਕ ਭਾਰਤੀ ਮੰਡੀ ਨੂੰ ਇਕੱਠੀ ਰੱਖਣ ਲਈ ਤਰਲੋਮੱਛੀ ਹੁੰਦਾ ਰਿਹਾ। ਫੇਰ ਗਾਂਧੀ ਦੇ ਵਾਰਸ ਧਰਮ ਜਾਂ ਕੌਮੀਅਤ ਦੇ ਅਧਾਰ 'ਤੇ ਅੱਜ ਵੀ ਮੰਡੀ ਦੇ ਟੋਟੇ ਕਿਉਂ ਹੋਣ ਦੇਣ? ਭਾਂਵੇਂ ਕਿ ਮੈਂ ਡਾ. ਪਰਾਗ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਹਾਂ, ਲੇਕਿਨ ਉਨ੍ਹਾਂ ਵੱਲੋਂ ਕਾਰਪੋਰੇਟ ਪੂੰਜੀ ਦੀ ਸਰਦਾਰੀ ਦਾ ਉਠਾਇਆ ਸਵਾਲ ਗੰਭੀਰ ਅਧਿਐਨ ਦੀ ਮੰਗ ਕਰਦਾ ਹੈ। ਜੋ ਕੁੱਝ ਗਾਂਧੀ ਕਰ ਰਿਹਾ ਸੀ ਤਾਂ ਲੇਖਕ ਦੀ ਮਿਹਰ ਦੇ ਭਾਗੀ ਬਣੇ ਚੀਫ਼ੀਏ, ਸਿੰਘ ਸਭੀਏ, ਰਈਸ, ਰਜਵਾੜੇ, ਜਗੀਰਦਾਰੜੇ ਵੀ ਉਹੋ ਕੁੱਝ ਕਰ ਰਹੇ ਸਨ। ਇਤਿਹਾਸਕ ਦ੍ਰਿਸ਼ਟੀ ਤੋਂ ਦੇਖਿਆਂ, ਗਾਂਧੀ ਤਾਂ ਸਗੋਂ ਉਪਰੋਕਤ ਪਿਛਾਖੜੀ ਤਾਕਤਾਂ ਦੇ ਮੁਕਾਬਲੇ ਸਮਾਜਕ ਵਿਕਾਸ ਦੇ ਅਗਲੇਰੇ ਡੰਡੇ 'ਤੇ ਖੜੀਆਂ ਜਮਾਤਾਂ ਦੀ ਪ੍ਰਤੀਨਿਧਤਾ ਕਰ ਰਿਹਾ ਸੀ।

ਇਹ ਵੀ ਇਕ ਵਜਾਹ ਸੀ, ਕਿ ਸਿੱਖ ਲੀਡਰਸ਼ਿਪ ਇਤਿਹਾਸਕ, ਸਮਾਜਕ, ਆਰਥਕ, ਵਿਦਿਅਕ ਅਤੇ ਸਭਿਆਚਾਰਕ ਤੌਰ 'ਤੇ ਪਿਛਾਂਹ ਰਹਿ ਗਈ ਜਗੀਰੂ ਚੌਧਰ ਵਾਲੀ ਮੁਸਲਮ ਸਰਮਾਏਦਾਰੀ ਨਾਲ ਖੜ੍ਹਣ ਦੀ ਬਜਾਏ, ਹਿੰਦੂ ਸਰਮਾਏਦਾਰੀ ਨਾਲ ਖੜੀ੍ਹ, ਕਿਉਂਕਿ ਉਸ ਵੇਲੇ ਦੇ ਪੱਛਮੀ ਪੰਜਾਬ ਦੇ ਸਿੱਖ ਤਾਂ ਹਰ ਪੱਖ ਤੋਂ ਹਿੰਦੂਆਂ ਨਾਲ ਮੜਿੱਕ ਰਹੇ ਸਨ। ਭਾਰਤ ਨਾਲ ਆਪਣੀ ਹੋਣੀ ਨੱਥੀ ਕਰਨੀ ਕਿਸੇ ਬਲਦੇਵ ਸਿੰਘ ਦੀ ਸ਼ਰਾਰਤ ਜਾਂ ਸਿੱਖ ਲੀਡਰਸ਼ਿਪ ਦੀ 'ਨਾਲਾਇਕੀ' ਨਹੀਂ ਸੀ, ਸਗੋਂ ਉਨ੍ਹਾਂ ਦੀ ਕਮਾਲ ਦੀ ਦੂਰਅੰਦੇਸ਼ੀ ਦਾ ਪ੍ਰਗਟਾਵਾ ਸੀ। ਡਾ. ਪ੍ਰੇਮ ਸਿੰਘ ਨੇ ਅਜੋਕੇ ਪਾਕਿਸਤਾਨ ਦੀ ਦੁਰਦਸ਼ਾ ਦਾ ਉਚਿਤ ਸਵਾਲ ਉਠਾਇਆ ਹੈ, ਜਿਹੜਾ 63 ਸਾਲਾਂ ਬਾਅਦ ਵੀ ਸਭਤੋਂ ਹੇਠਲੇ ਦਰਜੇ ਦੇ ਜਮਹੂਰੀ ਅਮਲ ਵਿਚੋਂ ਵੀ ਨਹੀਂ ਲੰਘ ਸਕਿਆ। ਉਦੋਂ ਦੀ ਜਾਂ ਅਜੋਕੀ ਸਿੱਖ ਲੀਡਰਸ਼ਿਪ ਵਿਰੁੱਧ ਐਵੇਂ ਵਿਹੁ ਘੋਲਣ ਨਾਲ ਕੁੱਝ ਵੀ ਸੌਰਨ ਵਾਲਾ ਨਹੀਂ ਹੈ। ਅਸਲ ਵਿਚ ਲੇਖਕ ਅਨੇਕਾਂ ਕੌਮੀਅਤਾਂ ਵਾਲੇ ਦੇਸ਼ ਵਿਚ ਮੰਡੀ ਅਤੇ ਭਾਸ਼ਾ ਦੇ ਅਰਥ ਭਰਪੂਰ ਸਬੰਧਾਂ ਵਿਚਕਾਰ ਘਚੋਲਾ ਖੜ੍ਹਾ ਕਰ ਰਿਹਾ ਹੈ। ਜਜ਼ਬਾਤੀ ਹੋਇਆ ਲੇਖਕ ਅਨੇਕਾਂ ਥਾਵਾਂ 'ਤੇ ਕਿੰਨੀਆਂ ਹੀ ਆਪਾਵਿਰੋਧੀ ਗੱਲਾਂ ਕਰਦਾ ਹੈ। ਉਸਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਨਾਲ ਜੁੜਵੇਂ ਸਫ਼ੇ ਜਾਂ ਇਕੋ ਹੀ ਪੈਰ੍ਹੇ ਵਿਚ ਕੀ ਕਹਿੰਦਾ ਅਤੇ ਕੀ ਰੱਦ ਕਰਦਾ ਹੈ। ਮਿਸਾਲ ਵਜੋਂ, ਸਫ਼ਾ 56, 57 ਅਤੇ 59 ਦੇਖੇ ਜਾ ਸਕਦੇ ਹਨ।

ਜਦੋਂ ਉਹ ਗਾਂਧੀ ਅਤੇ ਨਵੀਂ ਉਭਰ ਰਹੀ ਸਿੱਖ ਲੀਡਰਸ਼ਿਪ ਦੀ ਅਲੋਚਨਾ ਕਰਦਾ ਹੋਇਆ, ਆਪਦੀਆਂ ਹੀ ਦਲੀਲਾਂ ਵਿਚ ਉਲਝ ਜਾਂਦਾ ਹੈ, ਤਾਂ ਕਹਿ ਉਠਦਾ ਹੈ, ''ਉਸ ਵਿਚੋਂ ਸਚਾਈ ਅਤੇ ਝੂਠ ਦੇ ਅੰਸ਼ਾਂ ਦੀ ਫਰੋਲਾ ਫਰਾਲੀ ਕਰਨੀ ਇਕ ਫਜੂਲ ਅਭਿਆਸ ਹੈ। ਇਹ ਮਾਮਲਾ ਦ੍ਰਿਸ਼ਟੀਕੋਣ ਦਾ ਹੈ.. ਸਮਾਜੀ ਲਹਿਰਾਂ ਬਾਰੇ ਮਕੈਨਕੀ ਕਿਸਮ ਦੇ ਨਿਰਣੇ ਤਾਂ ਕੱਢੇ ਜਾ ਸਕਦੇ ਹਨ, ਪ੍ਰੰਤੂ ਉਨ੍ਹਾਂ ਦੀ ਆਤਮਾ ਦੇ ਨਜ਼ਦੀਕ ਨਹੀਂ ਪਹੁੰਚਿਆ ਜਾ ਸਕਦਾ..।'' (ਸਫ਼ਾ 59) ਲੇਖਕ ਜੀ ਤੁਸੀਂ ਵਜ਼ਾ ਫੁਰਮਾਉਂਦੇ ਹੋ, ਲੇਕਿਨ ਐਨੇ ਸਫ਼ੇ ਕਾਹਦੇ ਲਈ ਕਾਲੇ ਕੀਤੇ ਹਨ? ਤੁਸੀਂ ਕਿਹੜਾ ਮਹਾਤਮਾ ਗਾਂਧੀ ਦੇ ਨਾਲ ਨਾਲ ਚੱਲ ਰਹੇ ਸੀ? ਫੇਰ ਸਾਰੇ ਕਾਸੇ ਨੂੰ ਲੜਣ ਵਾਲੀਆਂ ਧਿਰਾਂ ਦੇ ਉਪਰ ਕਿਉਂ ਨਹੀਂ ਛੱਡ ਦਿੰਦੇ? ਵੱਡੇ ਵੱਡੇ ਫ਼ਤਵੇ ਕਾਹਦੇ ਲਈ ਜਾਰੀ ਕਰ ਰਹੇ ਹੋ? ਇਕ ਹੀ ਕੁਤਕੇ ਨਾਲ ਤੁਸੀਂ ਗਾਂਧੀ ਅਤੇ ਨਵੀਂ ਉਭਰੀ ਸਿੱਖ ਲੀਡਰਸ਼ਿਪ ਨੂੰ ਕੁੱਟ ਰਹੇ ਹੋ। ਕਦੇ ਸਿੱਖ ਰਈਸਾਂ, ਅੰਗਰੇਜ਼ਾਂ ਅਤੇ ਲੀਗੀਆਂ ਦੀ ਢਾਲ ਬਣਦੇ ਹੋ, ਕਦੇ ਪੋਲੀ ਪੋਲੀ ਪੜਚੋਲ ਕਰਦੇ ਹੋ। ਇਹ ਸਾਰਾ ਢਮਢਮਾ ਕੀ ਹੈ, ਕਾਮਰੇਡ ਉਰਫ਼ ਜਥੇਦਾਰ ਅਜਮੇਰ ਸਿੰਘ ਜੀਓ!!

ਟਿੱਪਣੀ ਲੰਬੀ ਹੋ ਰਹੀ ਹੈ, ਇਸ ਲਈ ਸੰਪਾਦਕ ਕੋਲੋਂ ਕਾਹਲੀ 'ਚ ਸਮੇਟਣ ਦੀ ਆਗਿਆ ਲੈਣੀ ਪੈ ਰਹੀ ਹੈ। ਲੇਖਕ ਦਾ ਮੰਨਣਾ ਹੈ, ਕਿ 1947 ਵਿਚ ''ਸਿੱਖ ਕੌਮ'' ਅਤਿ ਦੀ ਨਿਗੂਣੀ ਗਿਣਤੀ ਵਿਚ ਸੀ। ਅੰਗਰੇਜ਼ਾਂ ਦੀ ਕ੍ਰਿਪਾ ਦ੍ਰਿਸ਼ਟੀ ਦੇ ਬਾਵਜੂਦ ਵੀ, ਸਥਾਪਤ ਕਾਇਦੇ ਕਾਨੂੰਨਾਂ ਮੁਤਾਬਕ ਇਸਦਾ ਕੋਈ ਹੱਲ ਨਜ਼ਰ ਨਹੀਂ ਸੀ ਆਉਂਦਾ। ਤਦ ਵੀ ਲੇਖਕ ਕੋਲ ਇਕ ਹੱਲ ਹੈ। ਲਓ ਸੁਣੋ, '' ਇਤਿਹਾਸ ਦੀਆਂ ਅਜਿਹੀਆਂ ਅਸਧਾਰਨ ਸਮੱਸਿਆਵਾਂ ਦੇ ਅਸਧਾਰਨ ਹੱਲ ਸਧਾਰਨ ਹਾਲਤਾਂ ਵਿਚ ਨਹੀਂ, ਅਸਧਾਰਨ ਹਾਲਤਾਂ ਵਿਚ ਹੀ ਸੰਭਵ ਹੁੰਦੇ ਹਨ.. ਅਤੇ ਇਹ ਗੱਲ ਅਸਹਿਮਤ ਧਿਰਾਂ ਦੇ ਗ਼ਲ ਵਿਚ 'ਗੂਠਾ ਦੇਕੇ ਕਰਵਾਈ ਜਾਂਦੀ ਹੁੰਦੀ ਹੈ।'' (ਸਫ਼ਾ 82)

ਖ਼ੈਰ ਲੀਗੀਆਂ ਨੂੰ ਪਾਕਿਸਤਾਨ ਮਿਲ ਗਿਆ। ਦਲਾਲ ਸਰਮਾਏ ਦੇ ਗਾਂਧੀ-ਨਹਿਰੂ ਮਾਰਕਾ ਨੁੰਮਾਇੰਦਿਆਂ ਨੂੰ ਭਾਰਤ ਮਿਲ ਗਿਆ। ਹੁਣ ਰਹਿ ਗਈ ਗੱਲ, ਸਿੱਖਾਂ ਤੇ ਹਿੰਦੂਆਂ ਵਿਚਾਲੇ। ਆਓ ਬਈ ਸਿੰਘੋ! ਬ੍ਰਾਹਮਣੀ ਹਿੰਦੂ ਹਾਕਮਾਂ ਦੇ ਗ਼ਲ 'ਗੂਠਾ ਦੇਕੇ ਰਾਜ ਖੋਹ ਲਈਏ! ਜੇਕਰ 1947 ਵਿਚ ਖੁੰਝ ਗਏ ਸੀ, ਤਾਂ ਕੀ ਹੋਇਆ? ''ਸਿੰਘਾਂ'' ਨੇ ਮੋਰਚੇ ਵਿੱਢ ਦਿੱਤੇ। 1980ਵਿਆਂ ਵਿਚ ਲੇਖਕ ਵਰਗਿਆਂ ਦੀ ਢਾਕ 'ਤੇ ਚੜ੍ਹਕੇ ''ਸਿੰਘਾਂ'' ਨੇ ਇੰਦਰਾ ਗਾਂਧੀ ਦੇ ''ਹਿੰਦੂ ਰਾਜ'' ਦੇ ਗ਼ਲ 'ਗੂਠਾ ਦੇ ਦਿੱਤਾ। ਅਫ਼ਸੋਸ! ਕਿ ਦੋਸਤਾ ਅਤੇ ਦੁਸ਼ਮਣਾਂ ਦੀ ਦਰੁਸਤ ਪਛਾਣ ਕਰਨ ਅਤੇ ਆਧੁਨਿਕ ਦੌਰ ਦੀ ਢੁਕਵੀਂ ਰਾਜਨੀਤੀ ਦੇਣ ਤੋਂ ਬਿਨਾਂ 'ਗੂਠਾ ਮਰੋੜਿਆ ਗਿਆ। ਚੜ੍ਹ ਜਾ ਬੱਚਾ ਸੂਲੀ, ਰਾਮ ਭਲੀ ਕਰੂਗਾ! ਇਹ ਹੈ, ਲੇਖਕ ਕੋਲ ਸਿੱਖਾਂ ਲਈ ''ਕੌਮੀ ਸਟੇਟ'' ਹਾਸਲ ਕਰਨ ਦਾ ਮੰਤਰ!!

- ਕਰਮ ਬਰਸਟ
ਪੂਰੀ ਬਹਿਸ ਨਾਲ ਜੁੜਨ ਲਈ ਹੇਠਲੀਆਂ ਲਿਖ਼ਤਾਂ ਨੂੰ ਪੜ੍ਹਿਆ ਜਾ ਸਕਦਾ ਹੈ।

No comments:

Post a Comment