ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, March 16, 2011

ਇੰਗਲੈਂਡ:ਜਾਤੀ ਚੌਧਰ ਦੀ ਸਿਆਸਤ ਦਾ ਸ਼ਿਕਾਰ ਗੁਰੂ ਦੇ ਦੁਆਰ

ਹਰਪ੍ਰੀਤ ਸਿੰਘ ਇੰਜਨੀਅਰਿੰਗ ਦਾ ਵਿਦਿਆਰਥੀ ਹੈ।ਇੰਜਨੀਅਰਿੰਗ ਨਾਲੋਂ ਜ਼ਿਆਦਾ ਸਮਾਜਿਕ ਇੰਜਨੀਅਰਿੰਗ 'ਤੇ ਨਜ਼ਰ ਰੱਖਦਾ ਹੈ।ਪਿਛਲੇ 3-4 ਸਾਲ ਤੋਂ ਇੰਗਲੈਂਡ 'ਚ ਰਹਿ ਰਿਹਾ ਹੈ।ਪਰਵਾਸ ਦੇ ਸਮਾਜ ਵਿਗਿਆਨ ਨੂੰ ਸਮਝਣ 'ਚ ਡੂੰਘੀ ਰੁਚੀ ਹੈ।ਗੁਲਾਮ ਕਲਮ ਲਈ ਉਸਦੀ ਪਹਿਲੀ ਰਚਨਾ ਹੈ,ਉਸਨੇ ਵਾਅਦਾ ਕੀਤਾ ਹੈ ਕਿ ਇੰਗਲੈਂਡ 'ਚ ਪੰਜਾਬੀ ਭਾਈਚਾਰੇ ਦੀਆਂ ਹਾਲਤਾਂ ਤੇ ਖਾਸ ਕਰ ਵਿਦਿਆਰਥੀਆਂ ਦੇ ਜੀਵਨ ਬਾਰੇ ਝਾਤ ਪਾਉਂਦੀਆਂ ਰਚਨਾਵਾਂ ਗੁਲਾਮ ਕਲਮ ਲਈ ਜਾਰੀ ਰੱਖੇਗਾ।ਇਨ੍ਹਾਂ ਗੱਲਾਂ ਬਾਰੇ ੳੇਹ ਲਗਾਤਾਰ ਸੋਚਦਾ ਹੈ,ਸਾਡੇ ਨਾਲ ਫੇਸਬੁੱਕ,ਮੇਲ ਤੇ ਫੋਨ 'ਤੇ ਗੱਲਬਾਤ ਕਰਦਾ ਹੈ,ਜੋ ਉਸਦੀ ਡਾਇਰੀ ਵਰਗਾ ਕੁਝ ਹੁੰਦਾ ਹੈ।ਡਾਇਰੀ ਪਤਾ ਨਹੀਂ ਲਿਖਦਾ ਹੈ ਜਾਂ ਨਹੀਂ,ਪਰ ਅਸੀਂ ਉਸਦੀ ਲਿਖ਼ਤ ਨੂੰ ਲੰਡਨ ਡਾਇਰੀ ਦਾ ਨਾਂਅ ਦਿੱਤਾ ਹੈ।--ਯਾਦਵਿੰਦਰ ਕਰਫਿਊ

ਕੁੱਝ ਦਿਨ ਪਹਿਲਾਂ ਇੰਗਲੈਂਡ ਦੇ ਸਭ ਤੋਂ ਵੱਡੇ ਗੁਰਦੁਵਾਰੇ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਵਿੱਚ ਕਮੇਟੀ ਦੀ ਚੋਣ ਲਈ ਵੋਟਾਂ ਪੈ ਕੇ ਹਟੀਆਂ ਹਨ।ਇਸ ਤੋਂ ਪਹਿਲਾਂ ਦੋ ਪਾਰਟੀਆਂ ਬਾਜ਼ ਅਤੇ ਸ਼ੇਰ ਗਰੁੱਪ ਵੋਟਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰਦੇ ਸਨ, ਪਰ ਇਸ ਵਾਰ ਸਿਰਫ ਦੋ ਧੜ੍ਹਿਆਂ ਨਾਲ ਕੰਮ ਨਾ ਸਰਦਾ ਵੇਖ ਇੱਕ ਤੀਸਰਾ ਗਰੁੱਪ ਵੀ ਮੈਦਾਨ ਵਿੱਚ ਕੁੱਦ ਪਿਆ, ਇਹ ਮਨਪ੍ਰੀਤ ਬਾਦਲ ਵਾਂਗ ਹੀ ਉਪਜਿਆ ਸੀ,ਮਤਲਬ ਇਸ ਤੋਂ ਪਹਿਲਾਂ ਇਹ ਸ਼ੇਰ ਗਰੁੱਪ ਵਿਚ ਹੀ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਉਂਦੇ ਸਨ, ਇਸ ਗਰੁੱਪ ਦਾ ਚੋਣ ਨਿਸ਼ਾਨ ਨਾਂ ਕੋਈ ਜਾਨਵਰ ਸੀ ਨਾਂ ਹੀ ਪੰਛੀ, ਸਗੋਂ ਖਾਲਸਾ ਦੇ ਸਾਜਨਾ ਦਿਵਸ ਨੂੰ ਧਿਆਨ ਵਿੱਚ ਰੱਖ ਕੇ 1699 ਅੰਕੜਾ ਰੱਖਿਆ ਗਿਆ, ਖੈਰ 1699 ਕਰਕੇ ਬਾਜ਼ ਗਰੁੱਪ ਵਾਲੇ ਬਾਜ਼ੀ ਮਾਰ ਗਏ ਹਨ।ਬਾਜ਼ ਗਰੁੱਪ ਦੇ ਚੋਣ-ਮੈਨੀਫੈਸਟੋ ਬਾਰੇ ਕਿਸੇ ਸੱਜਣ ਨੂੰ ਆਖਿਆ ਸੀ ਪਰ ਪ੍ਰਾਪਤ ਨਾ ਹੋ ਸਕਿਆ,ਪਿਛਲੀ ਵਾਰ ਦੇ ਪ੍ਰਬੰਧਕ ਸ਼ੇਰ ਗਰੁੱਪ ਵਾਲਿਆਂ ਦੇ ਮੈਨੀਫੈਸਟੋ ਦੀਆਂ ਕੁੱਝ ਝਲਕੀਆਂ ਪਾਈਆਂ ਗਈਆਂ ਹਨ,ਇਸ ਮੈਨੀਫੈਸਟੋ ਦੇ ਕੁੱਲ ਚਾਰ ਪੰਨੇ ਹਨ,ਪਹਿਲੇ ਪੰਨ੍ਹੇ ਉੱਤੇ ਗਰੁੱਪ ਦਾ ਲੋਗੋ ਤੇ ਗਰੁੱਪ ਦੇ ਕੁੱਝ ਪ੍ਰਮੁੱਖ ਅਹੁਦੇਦਾਰਾਂ ਦੀਆਂ ਤਸਵੀਰਾਂ ਹਨ, ਤੇ ਵਿਚਕਾਰ ਹੀ 21 ਸੇਵਾਦਾਰਾਂ ਦੇ ਨਾਵਾਂ ਸਮੇਤ ਲੰਬੀ ਲਾਈਨ ਹੈ, ਇੱਕੀਆਂ ਵਿਚੋਂ ਸਿਰਫ ਇੱਕ ਉਮੀਦਵਾਰ ਜ਼ਨਾਨੀ ਹੈ, ਤੇ ਇੱਕੀ ਦੇ ਇੱਕੀ ਨਾਮ ਗੋਤ ਨਾਲ ਸਮਾਪਤ ਹੁੰਦੇ ਹਨ।

ਇੰਗਲੈਂਡ ਵਿੱਚ ਪਾਸਪੋਰਟ ਉੱਤੇ ਕਨੇਡਾ ਅਮਰੀਕਾ ਵਾਂਗ ਸਰਨੇਮ ਲਾਉਣਾ ਜ਼ਰੂਰੀ ਨਹੀਂ ਹੈ, ਫਿਰ ਵੀ ਜੇਕਰ ਪਾ ਦਿੱਤਾ ਗਿਆ ਹੋਵੇ ਤਾਂ ਗੁਰਦੁਵਾਰਾ ਸਾਹਿਬ ਦੀਆਂ ਚੋਣਾਂ ਵਿੱਚ ਇਸ ਨੂੰ ਦਰਸਾਉਣ ਦੀ ਕੀ ਲੋੜ ਹੈ? ਇਕੱਲੇ ਸਾਉਥਹਾਲ ਵਿੱਚ, ਜਿਸ ਦਾ ਘੇਰਾ ਮਸਾਂ ੩-੪ ਕਿਲੋਮੀਟਰ ਦੀ ਗੋਲਾਈ ਵਿੱਚ ਹੋਵੇਗਾ, ਲੱਗਭੱਗ 6-7 ਗੁਰਦੁਵਾਰੇ ਹਨ, ਜਿੰਨ੍ਹਾਂ ਵਿਚੋਂ 3-4 ਤਾਂ ਸਿੱਧੇ ਰੂਪ ਵਿੱਚ ਹੀ ਕਿਸੇ ਨਾ ਕਿਸੇ ਇੱਕ ਜ਼ਾਤ ਨੂੰ ਧਿਆਨ ਵਿੱਚ ਰੱਖ ਕੇ ਉਸਾਰੇ ਗਏ ਹਨ, ਇੱਕ ਇਸ ਤਰ੍ਹਾਂ ਨਜ਼ਰ ਆਇਆ ਜਿਵੇਂ ਕਿਸੇ ਨੇ ਆਪਣੇ ਘਰ ਨੂੰ ਹੀ ਗੁਰੂਘਰ ਬਣਾ ਲਿਆ ਹੋਵੇ, ਇੱਕ ਹੋਰ, ਪਹਿਲਾਂ ਉਸ ਜਗ੍ਹਾ ਉੱਤੇ ਪੈਟਰੋਲ ਪੰਪ ਸੀ, ਪੰਪ ਦਾ ਕੰਮ ਫੇਲ੍ਹ ਹੋ ਗਿਆ ਤੇ ਉਹਨਾਂ ਓਸੇ ਇਮਾਰਤ ਦੀ ਢਾਹ-ਭੰਨ ਕਰਕੇ ਗੁਰਦੁਵਾਰਾ ਬਣਾ ਦਿੱਤਾ।ਜਿੱਥੇ ਗੁਰਦੁਵਾਰੇ ਦਾ ਮਾਲਕ ਆਏ ਹਫਤੇ ਗੋਲਕ ਵਿਚੋਂ ਪੈਸੇ ਕੱਢ ਕੇ ਲੈ ਜਾਂਦਾ ਹੈ ਤੇ ਦੋ ਵੱਡੇ ਅਤੇ ਪੁਰਾਣੇ ਗੁਰਦੁਵਾਰਿਆਂ ਵਿਚੋਂ ਜਿਨ੍ਹਾਂ ਵਿੱਚ ਉਪਰੋਕਤ ਸਿੰਘ ਸਭਾ ਗੁਰਦੁਵਾਰਾ, ਜਿੱਥੇ ਚੋਣਾਂ ਹੋ ਕੇ ਹਟੀਆਂ ਹਨ, ਸਿੱਧੇ ਰੂਪ ਵਿੱਚ ਜੱਟ ਭਾਈਚਾਰੇ ਨੂੰ ਸੰਬੋਧਿਤ ਹੁੰਦਾ ਨਜ਼ਰ ਆਉਂਦਾ ਹੈ।ਇੰਗਲੈਂਡ ਹਰ ਪੱਖੋਂ ਆਜ਼ਾਦ ਦੇਸ਼ ਹੈ, ਜਿਸ ਵਿੱਚ ਹਰ ਧਰਮ ਦੇ ਲੋਕਾਂ ਨੂੰ ਇਸਾਈ ਧਰਮ ਵਾਂਗ ਹੀ ਪੂਰੀਆਂ ਖੁੱਲਾਂ ਹਨ, ਇਹ ਨਹੀਂ ਕਹਿ ਸਕਦੇ, ਕੋਈ ਦਬਾਅ ਪਾਉਂਦਾ ਹੈ ਜਾਂ ਆਪਣੇ ਧਰਮ ਨੂੰ ਵਿੱਚ ਠੋਸ ਰਿਹਾ ਹੈ, ਫਿਰ ਵੀ ਸਿਰਫ ਸਿੱਖ ਤਬਕੇ ਵਿੱਚ ਹਰ ਜਾਤ ਵਰਗ ਨੇ ਆਪਣਾ ਆਪਣਾ ਗੁਰਦੁਵਾਰਾ ਬਣਾਇਆ ਹੋਇਆ ਹੈ, ਇੱਕ ਹੋਰ ਸ਼ਹਿਰ ਸਾਊਥਹੈਂਮਪਟਨ ਵਿੱਚ ਭਾਟੜਾ ਸੰਗਤ ਦੇ ਨਾਮ ਤੇ ਗੁਰਦੁਵਾਰਾ ਹੈ।
ਚੋਣ ਮੈਨੀਫੈਸਟੋ ਦੇ ਦੂਸਰੇ ਪੰਨੇ ਉੱਤੇ ਪਿਛਲੇ ਦੋ ਸਾਲਾਂ ਦਾ ਲੇਖਾ-ਜੋਖਾ ਹੈ, ਅਤੇ ਤੀਸਰੇ ਉੱਤੇ ਵਿਰੋਧੀ ਗਰੁੱਪ ਦੇ ਹਮਾਇਤੀਆਂ ਨੂੰ ਕੁੱਝ ਸਵਾਲ ਹਨ ਜਿੰਨ੍ਹਾਂ ਵਿਚੋਂ ਕੁੱਝ ਹੇਠ ਲਿਖੇ ਹਨ:-

੧--ਕੀ ਬਾਜ਼ ਗਰੁੱਪ ਦਾ ਪ੍ਰਧਾਨ ਸੰਗਤਾਂ ਨੂੰ ਦੱਸੇਗਾ ਉਸ ਨੇ ਕੇਸਾਂ ਦੇ ਬਹਾਨੇ ਕਿੰਨੇ ਪੈਸੇ ਲਏ ਜਾਂ ਵਕੀਲਾਂ ਨੂੰ ਦਵਾਏ ਅਤੇ ਹੋਰ ਕਿੰਨ੍ਹੇ ਲੈਣੇ ਹਨ?

੩--ਕੀ ਇਸ ਟਰਮ ਵਿੱਚ ਕਿਸੇ ਦੀ ਪੱਗ ਲੱਥੀ? ਜਿਵੇਂ ਕਿ ਪਹਿਲਾਂ ਹੁੰਦਾ ਰਿਹਾ ਹੈ।

੭--ਬਾਜ਼ ਗਰੁੱਪ ਵਿੱਚ ਬਹੁਤ ਸਾਰੇ ਉਮੀਦਵਾਰਾਂ ਦਾ ਕੁੱਝ ਕੁ ਪਰਿਵਾਰਾਂ ਨਾਲ ਹੀ ਸਬੰਧ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਇਸ ਗਰੁੱਪ ਵੱਲੋਂ ਸੋਚੀ ਸਮਝੀ ਸਾਜਿਸ਼ ਅਧੀਨ ਇੱਕ ਵਾਰ ਫਿਰ ਗੁਰਦੁਵਾਰੇ 'ਤੇ ਕੁੱਝ ਗਿਣਤੀ ਪਰਿਵਾਰਾਂ ਵੱਲੋਂ ਕਬਜ਼ਾ ਕਰਣ ਦੀ ਤਿਆਰੀ ਕੀਤੀ ਜਾ ਰਹੀ ਹੈ।

੮--ਕੀ ਇਹ ਗੁਰਦੁਵਾਰਾ ਸਾਹਿਬ ਨੂੰ ਮੁੜ੍ਹ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰਨਗੇ,ਜਿਵੇਂ ਏਨਾ ਪਿਛਲੀ ਵਾਰ ਕੀਤੀ ਸੀ।

੧੧--ਕੀ ਪਹਿਲਾਂ ਦੀ ਤਰ੍ਹਾਂ ਅੰਤਮ ਅਰਦਾਸ ਵੇਲੇ ਮੁੜ੍ਹ ਤਿੰਨ ਪੌਂਡ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਲਿਆ ਕਰਨਗੇ?

੧੦--ਕੀ ਗੁਰਸਿਖਾਂ ਨੂੰ ਗੁਰੂਘਰ ਦੀ ਹਦੂਦ ਅੰਦਰ ਆਉਣ ਤੋਂ ਰੋਕਣ ਵਰਗੇ ਫੁਰਮਾਨ ਜਾਰੀ ਕਰਨਗੇ?

੧੭--ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਗੁਰਦੁਵਾਰੇ ਦੇ ਖਰਚੇ ਤੇ ਇੱਕ ਨੌਜਵਾਨ ਨੂੰ ਪੀ.ਐਚ. ਡੀ ਦੀ ਪੜ੍ਹਾਈ ਕਰਨ ਲਈ ਸੱਦਿਆ ਜੋ ਰੂਪੋਸ਼ ਹੋ ਗਿਆ ਸੀ, ਕੀ ਅਜਿਹਾ ਮੁੜ ਕਰਨਗੇ?

੧੯ --ਫਿਲਮ ਦੀ ਸ਼ੂਟਿੰਗ ਕਰਨ ਆਏ ਲੋਕਾਂ ਵੱਲੋਂ ਗੁਰਦੁਵਾਰੇ ਵਿਖੇ ਸਿਗਰਟਾਂ ਤੇ ਸ਼ਰਾਬ ਪੀਤੀ ਗਈ, ਕੀ ਉਹ ਅਜੇਹਾ ਮੁੜ੍ਹ ਕਰਨਗੇ..?ਆਦਿ

ਤੇ ਚੌਥੇ ਉੱਤੇ ਸਿਰਫ ਇੱਕ ਬੰਦੇ ਦੀ ਫੋਟੋ ਸਮੇਤ ਸ਼ਲਾਘਾ ਕੀਤੀ ਹੋਈ ਹੈ ਜੋ ਕਿ ਸਮੁੱਚੇ ਗਰੁੱਪ ਦਾ ਲੀਡਰ ਹੈ,

ਲੀਡਰ......(ਗੋਤ) ਪਰਿਵਾਰ ਵੱਲੋਂ ਕਰਵਾਏ ਗਏ ਪ੍ਰੋਗਰਾਮ ਇਸ ਤਰ੍ਹਾਂ ਹਨ--

੧--ਸ਼ੇਰ ਗਰੁੱਪ ਦੀ ਜਿੱਤ ਤੋਂ ਬਾਅਦ ਸ੍ਰੀ ਅਖੰਡ ਪਾਠ

੨.....ਅਤੇ ..... ਵਿਡੋਜ਼ ਦੀ 14ਵੀਂ ਵਰ੍ਹੇਗੰਢ ਸੰਬੰਧੀ ਸਮਾਗਮ

੩--ਬੇਟੇ ਦੇ ਜਨਮ ਦਿਨ ਸਬੰਧੀ ਸਮਾਗਮ

੪--ਪੋਤਰੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਮਾਗਮ

ਇਸ ਤੋਂ ਇਲਾਵਾ ਰਕਮ ਦਰਸਾਈ ਗਈ ਹੈ,ਜੋ ਉਸਨੇ ਗੁਰਦੁਵਾਰਾ ਸਾਹਿਬ ਨੂੰ ਦਿੱਤੀ
10501, 2000,1100,505
ਮੈਨੀਫੈਸਟੋ ਖਤਮ

ਇਨ੍ਹਾਂ ਮੈਨੀਫੈਸਟੋ ਵਿੱਚ ਕਿਤੇ ਵੀ ਉਨ੍ਹਾਂ ਵਿਦਿਆਰਥੀਆਂ ਦੀ ਭਲਾਈ ਜਾਂ ਮੱਦਦ ਵਾਸਤੇ ਕੋਈ ਨੁਕਤਾ ਪੇਸ਼ ਨਹੀਂ ਕੀਤਾ ਗਿਆ ਸੀ ਜਿਹੜੇ ਪੜ੍ਹਾਈ ਵੀਜ਼ਿਆਂ ਤੇ ਇਸ ਆਰਥਿਕ ਸੰਕਟ ਦੇ ਦੌਰ ਵਿੱਚ ਇੰਗਲੈਂਡ ਪਹੁੰਚੇ ਹਨ, ਜੇ ਕੋਈ ਇਸ ਸੰਬੰਧ ਵਿੱਚ ਗੱਲ ਕਰਦਾ ਵੀ ਹੈ ਤਾਂ ਆਖ ਦਿੰਦੇ ਹਨ, ਗੁਰਦੁਵਾਰਾ ਤੁਹਾਨੂੰ ਲੰਗਰ ਦਿੰਦਾ ਹੈ, ਇਸ ਤੋਂ ਵਧਕੇ ਅਸੀਂ ਕੀ ਕਰ ਸਕਦੇ ਹਾਂ?

ਸਵੇਰ ਤੇ ਰਹਿਰਾਸ ਸਾਹਿਬ ਵੇਲੇ ਦੀ ਪ੍ਰਮੁੱਖ ਅਰਦਾਸ ਸੁਣਨ ਵਾਲੀ ਹੁੰਦੀ ਹੈ।ਜਿਸ ਵਿੱਚ ਸਰਬੱਤ ਦਾ ਭਲਾ ਆਉਣ ਤੋਂ ਪਹਿਲਾਂ ਅਥਾਹ ਨਾਮ, ਕਿਸੇ ਨੇ ਨਵੀਂ ਗੱਡੀ ਲਈ ਹੁੰਦੀ ਹੈ, ਉਸ ਦਾ ਸ਼ੁਕਰਾਨਾ, ਕੋਈ ਇੰਡੀਆ ਤੋਂ ਸੁੱਖੀ-ਸਾਂਦੀ ਵਾਪਿਸ ਆ ਗਿਆ, ਕਿਸੇ ਨੂੰ ਨਵੀਂ ਨੌਕਰੀ ਮਿਲੀ, ਕਿਸੇ ਦੇ ਮੁੰਡੇ ਦਾ ਜਨਮ ਦਿਨ, ਕਿਸੇ ਦੇ ਪੋਤੇ ਦਾ ਜਨਮ ਦਿਨ, ਵਿਦਿਆਰਥੀ ਵਿਚਾਰੇ ਸਰਬੱਤ ਦੇ ਭਲੇ ਦੇ ਆਉਣ ਦੀ ਉਡੀਕ ਵਿੱਚ ਹੱਥ ਜੋੜ੍ਹੀ ਖੜ੍ਹੇ ਹੁੰਦੇ ਹਨ।

ਲੰਗਰ ਬਾਰੇ- ਪਹਿਲਾਂ ਲੰਗਰ ਚੌਵੀ ਘੰਟੇ ਵਰਤਾਇਆ ਜਾਂਦਾ ਸੀ,ਜਦੋਂ ਤੋਂ ਵਿਦਿਆਰਥੀ ਅਤੇ ਹੋਰ ਵੀਜ਼ਿਆਂ ਦੀ ਖੁੱਲ੍ਹ ਹੋਣ ਕਾਰਣ ਕਾਫੀ ਸੰਖਿਆ ਵਿੱਚ ਵਿਦਿਆਰਥੀ ਵਰਗ ਏਥੇ ਪਹੁੰਚਿਆ ਹੈ ਲੰਗਰ ਦੀ ਸੇਵਾ ਸਾਢੇ ਨੌਂ ਤੱਕ ਕਰ ਦਿੱਤੀ ਗਈ ਹੈ, ਕਹਿੰਦੇ ਇਹ ਤਾਂ ਸਾਰੀ ਰਾਤ ਹੀ ਆਉਂਦੇ ਰਹਿੰਦੇ ਹਨ।

ਪੜ੍ਹਨ ਵਾਲਿਆਂ ਨੂੰ ਹਫਤੇ ਵਿੱਚ ਸਿਰਫ 20 ਘੰਟੇ ਕੰਮ ਕਰਣ ਲਈ ਪ੍ਰਵਾਨਗੀ ਹੈ, ਪਰ ਕੰਮ ਦੇ ਹਾਲਾਤ ਏਨੇ ਮਾੜ੍ਹੇ ਹਨ ਕਿ ਕਈ ੫-੫ ਮਹੀਨਿਆਂ ਤੋਂ ਵਿਹਲੇ ਬੈਠੇ ਹਨ, ਜੇ ਕੋਈ ਇੱਕੀ-ਦੁੱਕੀ ਦਿਹਾੜੀ ਬਿਲਡਰਾਂ ਨਾਲ ਮਿਲਦੀ ਵੀ ਹੈ ਤਾਂ ਉਹ ਸਰਕਾਰੀ ਰੇਟ ਦਾ ਅੱਧਾ ਹਿੱਸਾ ਵੀ ਨਹੀਂ ਦਿੰਦੇ ਤੇ ਕੰਮ ਵੀ 12-12 ਘੰਟੇ ਦੱਬ ਕੇ ਲੈਂਦੇ ਹਨ,ਤੇ 12 ਘੰਟੇ ਕੰਮ ਤੋਂ ਬਾਅਦ ਰੋਟੀ ਬਣਾਉਣ ਲਈ ਕਿਸ ਕੋਲ ਸਮਾਂ ਹੈ, ਜਿਸ ਕਰਕੇ ਵਿਦਿਆਰਥੀ ਜਦੋਂ ਕੰਮ ਤੋਂ ਹਟਦੇ ਸਨ ਗੁਰਦੁਵਾਰਾ ਸਾਹਿਬ ਵਿਖੇ ਲੰਗਰ ਛਕ ਆਉਂਦੇ ਸਨ, ਕਿਉਂਕਿ ਬਾਹਰੋਂ ਲੈ ਕੇ ਖਾਣਾ ਵੀ ਉਹਨਾਂ ਦੀ ਅੱਧੇ ਦਿਨ ਦੀ ਕਮਾਈ ਦੇ ਬਰਾਬਰ ਹੈ।

ਇਸ ਤੋਂ ਬਿਨ੍ਹਾਂ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਤਾਂ ਏਨੀਆ ਬਹੁਤਾਤ ਵਿੱਚ ਹਨ ਕਿ ਇੱਕ ਪੂਰਾ ਲੇਖ ਲਿਖਿਆ ਜਾ ਸਕਦਾ ਹੈ, ਖਾਸਕਰ ਅੱਜ ਨੂੰ ਧਿਆਨ ਵਿੱਚ ਰੱਖਕੇ ਕਿਉਂਕਿ ਜੋ ਵੀਜ਼ੇ ਹੁਣ ਲੱਗ ਰਹੇ ਹਨ ਉਹਨਾਂ ਵਿੱਚ ਤਾਂ ਕੰਮ ਕਰਣ ਦੀ ਪ੍ਰਵਾਨਗੀ ਵੀ ਜਾਂ ਤਾਂ ਬਿਲਕੁੱਲ ਹੀ ਨਹੀਂ ਜਾਂ ਘੰਟੇ ਘਟਾ ਦਿੱਤੇ ਗਏ ਹਨ, ਜਿਸ ਕਾਰਨ ਤੁਸੀਂ ਕੰਮ ਦੀ ਤਾਲਾਸ਼ ਲਈ ਵੀ ਕਾਨੂੰਨੀ ਤੌਰ ਤੇ ਬੰਦ ਕੀਤੇ ਗਏ ਹੋਂ।

ਸਿੱਖ ਭਾਈਚਾਰੇ ਨੂੰ ਜੇ ਹੋਰ ਬਾਹਰੀ ਧਰਮ ਜਿਵੇਂ ਕਿ ਮੁਸਲਮਾਨ ਵਰਗ ਨਾਲ ਮਿਲਾ ਕੇ ਵੇਖੀਏ ਤਾਂ ਇਸ ਦੇਸ਼ ਵਿੱਚ ਲੱਗਭੱਗ ਹਰ ਦੇਸ਼ ਵਿਚੋਂ ਮੁਸਲਮਾਨ ਪਹੁੰਚੇ ਹੋਏ ਹਨ।ਜਿੰਨਾਂ ਵਿਚੋਂ ਪਾਕਿਸਤਾਨੀ ਪੰਜਾਬ, ਸੋਮਾਲੀਆ, ਇਰਾਨ, ਇਰਾਕ ਆਦਿ ਬਹੁਤਾਤ ਵਿੱਚ ਹਨ, ਪਰ ਕਿਸੇ ਦੀ ਵੀ ਕੋਈ ਵੱਖਰੀ ਮਸਜਿਦ ਨਹੀਂ ਹੈ, ਸਿਰਫ ਦੋ ਤਰ੍ਹਾਂ ਦੀਆਂ ਸ਼ੀਆ ਤੇ ਸੁੰਨੀ ਦੀ ਵੰਡ ਨਾਲ ਦੋ ਤਰ੍ਹਾਂ ਦੀਆਂ ਮਸਜਿਦਾਂ ਹਨ, ਇਹ ਵੱਖ ਹੋਣੀਆਂ ਸੁਭਾਵਿਕ ਹਨ ਕਿਉਂਕਿ ਦੋਵਾਂ ਦਾ ਧਰਮ ਦੇ ਮੁੱਢਲੇ ਸਿਧਾਂਤਾਂ ਜਿਵੇਂ ਕਿ ਸ਼ੀਆ ਮੁਸਲਮਾਨ ਅੱਲ੍ਹਾ,ਫਿਰ ਹਜ਼ਰਤ ਮੁਹੰਮਦ ਤੇ ਉਸ ਤੋਂ ਬਾਅਦ ਹਜ਼ਰਤ ਮਹੁੰਮਦ ਹੁਰਾਂ ਦੇ ਜਵਾਈਂ ਅਲੀ ਨੂੰ ਆਪਣਾ ਪੈਗੰਬਰ ਮੰਨਦੇ ਹਨ ਤੇ ਸੁੰਨੀ ਅੱਲਾ, ਫਿਰ ਹਜਰਤ ਮੁਹੰਮਦ ਤੋਂ ਬਾਅਦ ਅਲੀ ਨੂੰ ਨਹੀਂ ਮਹੁੰਮਦ ਸਾਹਿਬ ਦੇ ਯਾਰਾਂ ਦੋਸਤਾਂ ਨੂੰ ਵੱਡੇ ਮੰਨਦੇ ਹਨ, ਦੂਸਰਾ ਦੋਵਾਂ ਦਾ ਨਮਾਜ਼ ਪੜ੍ਹਨ ਦਾ ਅੰਦਾਜ਼ ਬਿਲਕੁੱਲ ਵੱਖਰਾ ਹੈ, ਸ਼ੀਆ ਮੁਸਲਮਾਨ ਦੋਵੇਂ ਹੱਥ ਖੋਲ੍ਹਕੇ ਤੇ ਸੁੰਨੀ ਮੁਸਲਮਾਨ ਦੋਵੇਂ ਬਾਹਵਾਂ ਦਾ ਛਾਤੀ ਨਾਲ ਕਰੌਸ ਬਣਾਕੇ ਨਮਾਜ਼ ਪੜ੍ਹਦੇ ਹਨ, ਆਦਿ, ਪਰ ਦੋਵੇਂ ਤਰ੍ਹਾਂ ਦੀਆਂ ਮਸਜਿਦਾਂ ਵਿੱਚ ਕਿਤੇ ਵੀ ਚੋਣ ਪ੍ਰਬੰਧ ਨਹੀਂ ਹੈ।ਹਰ ਭਾਈਚਾਰੇ ,ਖਾਸਕਰ ਦੇਸ਼ਾਂ ਦੇ ਹਿਸਾਬ ਨਾਲ ਹਰ ਵਰਗ ਵਿਚੋਂ ਬਰਾਬਰ ਦੇ ਬੰਦੇ ਲਏ ਜਾਂਦੇ ਹਨ ਤੇ ਸਰਬਸੰਮਤੀ ਨਾਲ ਕਮੇਟੀ ਬਣਾਈ ਜਾਂਦੀ ਹੈ ਜਿਸ ਵਿਚੋਂ ਸੁੰਨੀ ਮੁਸਲਮਾਨ ਉਹਨਾਂ ਵਿਚੋਂ ਹੀ ਜੋ ਸਭ ਤੋਂ ਵੱਧ ਗਿਆਨਵਾਨ ਹੋਵੇ,ਉਸ ਨੂੰ ਮੌਲਵੀ ਚੁਣ ਲੈਂਦੇ ਹਨ, ਇਸੇ ਤਰ੍ਹਾਂ ਹੀ ਸ਼ੀਆ ਵਿੱਚ ਮੌਲਵੀ ਨੂੰ ਇਮਾਮ ਬੋਲਦੇ ਹਨ ਜੋ ਸਿਰਫ ਇਰਾਨ ਤੋਂ ਹੀ ਮੰਗਵਾਏ ਜਾਂਦੇ ਹਨ, ਜਿੱਥੇ ਕੇ ਉਹਨਾਂ ਨੂੰ ਧਰਮ ਬਾਰੇ ਪੂਰੀ ਸਿਖਲਾਈ ਦਿੱਤੀ ਜਾਂਦੀ ਹੈ।

ਮੁਕਦੀ ਗੱਲ ਇਹ ਹੈ ਕਿ ਚੌਧਰਬਾਜ਼ੀ ਕਾਰਨ ਤੇ ਜੱਟ ਭਾਈਚਾਰੇ ਦੇ ਦਬਦਬੇ ਕਾਰਣ ਅੱਜ ਹਰ ਜ਼ਾਤ ਦਾ ਵੱਖਰਾ ਗੁਰਦੁਵਾਰਾ ਹੋਂਦ ਵਿੱਚ ਆ ਚੁੱਕਿਆ ਹੈ, ਦੂਸਰਾ ਅਫਰੀਕਾ ਤੋਂ ਆਏ ਰਾਮਗੜ੍ਹੀਆ ਪਰਿਵਾਰਾਂ ਨੇ ਵੀ ਸਾਂਝਾ ਰੱਖਣ ਦੀ ਬਜਾਏ ਆਪਣੇ ਵੱਖਰੇ ਗੁਰਦੁਵਾਰੇ ਪਾ ਲਏ ਹਨ,ਗੁਰਦੁਵਾਰੇ ਦੀ ਸਟੇਜ ਤੋਂ ਵੀ ਜਾਤ ਵੰਡ ਦੀਆਂ ਟਿਪਣੀਆਂ ਵੀ ਵੇਖਣ ਲਈ ਮਿਲੀਆਂ।ਜਿੰਨ੍ਹਾ ਵਿਚੋਂ ਇੱਕ ਬੁਲਾਰੇ ਬਾਰੇ ਲੈਸਟਰ ਦੇ ਇੱਕ ਗੁਰਦੁਵਾਰੇ ਦੇ ਪ੍ਰਬੰਧਕ ਨੂੰ ਪਿਛਲੇ ਹਫਤੇ ਹੀ ਸ਼ਿਕਾਇਤ ਕਰ ਦਿੱਤੀ ਗਈ ਸੀ,ਪਰ ਉਨ੍ਹਾਂ ਇਹ ਕਹਿ ਕਿ ਗੱਲ ਟਾਲ ਦਿੱਤੀ ਕਿ "ਇਸ ਨੂੰ ਬੋਲਣ ਦਾ ਪਤਾ ਨਹੀਂ"।

ਇੰਗਲੈਂਡ ਵਿੱਚ ਇਹ ਢਾਂਚਾ ਵਿਗੜ ਚੁੱਕਿਆ ਹੈ ਤੇ ਜਾਤ ਵੰਡ ਦੇ ਹਿਸਾਬ ਨਾਲ ਇੱਕ ਸਾਂਝੀ ਥਾਂ ਵੰਡੀ ਜਾ ਚੁੱਕੀ ਹੈ, ਪਰ ਕੁੱਝ ਦੇਸ਼ ਜਿਵੇਂ ਆਸਟਰੇਲਆ, ਨਿਊਜ਼ੀਲੈਂਡ ਆਦਿ ਵਿੱਚ ਜਿੱਥੇ ਨੌਜਵਾਨ ਪੀੜ੍ਹੀ ਹੁਣ ਪਹੁੰਚਣੀ ਸ਼ੁਰੂ ਹੋਈ ਹੈ, ਉਹ ਸਮਝ ਤੋਂ ਕੰਮ ਲੈ ਕੇ ਸਮੁੱਚੇ ਸਿੱਖ ਭਾਈਚਾਰੇ ਨੂੰ ਇਕੱਠਿਆਂ ਰੱਖਣ ਵਿੱਚ ਸਹਾਇਕ ਸਿੱਧ ਹੋ ਸਕਦੀ ਹੈ।

ਲੇਖ਼ਕ-ਹਰਪ੍ਰੀਤ ਸਿੰਘ

2 comments:

  1. very nice article veer ji

    ReplyDelete
  2. ਇਥੇ ਪੰਜਾਬ ਵਿਚ ਤਾਂ ਬ੍ਰਾਹਮਨਵਾਦ ਦੇ ਸਿਰ ਠੁਣਾ ਫੁੱਟ ਜਾਂਦਾ ਹੈ ਇੰਗਲੈਂਡ ਵਿਚ ਸ਼ਾਇਦ ਕ੍ਰਿਸ਼੍ਚਿਯਨ ਭ੍ਰਸ਼ਟ ਕਰਕੇ ਜਾਤਾਂ ਉਤਸ਼ਾਹਿਤ ਕਰ ਰਹੇ ਹੋਣਗੇ | ਅਸਲ ਮੁੱਦਿਆਂ ਬਚਣ ਦਾ ਸੌਖਾ ਢੰਗ ਹੈ ਕਿ ਦੂਸਰੇ ਨੂੰ ਕਸੂਰਵਾਰ ਠਹਿਰਾ ਦੇਵੋ |

    ਬਹੁਤ ਸੋਹਣਾ ਲਿਖਿਆ ਵੀਰ ਹਰਪ੍ਰੀਤ |

    ReplyDelete