ਲਿਖਤੁਮ,
ਤੇਰਾ ਛੋਟਾ ਵੀਰ।
ਵੀਰ ਭਗਤ ਸਿਆਂ, ਪੈਰੀਂ ਪੈਣਾ ਕਬੂਲ ਕਰੀਂ। ਮੈਂ ਤੈਨੂੰ ਵੀਰ ਤਾਂ ਕਹਿ ਦਿੱਤੈ ਪਰ ਦੁਚਿੱਤੀ ‘ਚ ਸੀ ਕਿ ਤੈਨੂੰ ਵੱਡੇ ਵੀਰ ਦੀ ਜਗ੍ਹਾ ਮੰਨ ਕੇ ਸੰਬੋਧਨ ਕਰਾਂ ਜਾਂ ਫਿਰ ਦਾਦੇ ਦੇ ਹਾਣ ਦਾ ਮੰਨ ਕੇ ਗੋਡੀਂ ਹੱਥ ਲਾਵਾਂ। ਵੀਰ ਮੇਰਿਆ ਜਿਸ ਉਮਰੇ ਤੂੰ ਸਾਡੇ ਲਈ ਜਾਨ ਵਾਰ ਗਿਆ ਸੀ, ਤੂੰ ਤਾਂ ਅੱਜ ਵੀ ਓਸ ਉਮਰ ਦਾ ਹੀ ਐਂ। ਬੇਸ਼ੱਕ ਸੰਨ 1907 ਬਹੁਤ ਦੂਰ ਰਹਿ ਗਿਆ ਤੇ ਤੂੰ ਹੁਣ 104 ਸਾਲਾਂ ਦਾ ਬਜ਼ੁਰਗ ਹੋਣਾ ਸੀ। ਪਰ ਤੇਰੀ ਸ਼ਹਾਦਤ ਕਾਰਨ ਤੂੰ ਅਜੇ ਵੀ 23-24 ਸਾਲ ਦਾ ਮੁੱਛਫੁੱਟ ਗੱਭਰੂ ਹੀ ਹੈਂ। ਬਾਈ, ਬੜਾ ਜੀਅ ਕਰਦਾ ਸੀ ਕਿ ਤੇਰੇ ਨਾਲ ਦੁੱਖ-ਸੁੱਖ ਫੋਲਾਂ…. ਤੇਰੀ ਅੱਖ ‘ਚ ਅੱਖ ਪਾ ਕੇ ਗੱਲ ਕਰਨ ਜੋਗੇ ਤਾਂ ਅਸੀਂ ਅਜੇ ਵੀ ਨਹੀਂ ਹੋਏ ਇਸੇ ਕਰਕੇ ਹੀ ਖ਼ਤ ਲਿਖ ਰਿਹਾ ਹਾਂ। ਵੈਸੇ ਤਾਂ ਤੈਨੂੰ ਪਤਾ ਈ ਹੋਣੈ ਪਰ ਜੇ ਪੋਤੜੇ ਫਰੋਲ ਕੇ ਤੈਨੂੰ ਦੱਸ ਦਿੱਤੇ ਤਾਂ ਤੂੰ ਵੀ ਪਛਤਾਵਾ ਕਰੇਂਗਾ ਕਿ ਐਂਵੇਂ ਲੋਕਾਂ ਪਿੱਛੇ ਜਾਨ ਗਵਾਈ। ਜਿਹਨਾਂ ਖਾਤਰ ਫਾਂਸੀ ਦਾ ਰੱਸਾ ਚੁੰਮਿਆ ਓਹੀ ਐਨੇ ਅਕ੍ਰਿਤਘਣ ਹੋਗੇ? ਤੂੰ ਤਾਂ ਹੁਣ ਵੀ ਸ਼ਰਮ ਨਾਲ ਪਾਣੀ ਪਾਣੀ ਹੋਜੇਂਗਾ ਕਿ ਜਿਸ ਸਮਾਜਿਕ ਤੇ ਰਾਜਨੀਤਕ ਤਬਦੀਲੀ ਲਈ ਆਪਾ ਵਾਰ ਦਿੱਤਾ, ਓਸ ਭਾਰਤ ਦਾ ਤਾਂ ਅਜੇ ਵੀ “ਓਹੀ ਬੈਹਾਂ ਤੇ ਓਹੀ ਕੁਹਾੜੀ” ਆ।
ਬਸ ਚਮੜੀ ‘ਚ ਈ ਫ਼ਰਕ ਪਿਐ, ਤੇਰੇ ਵੇਲੇ ਗੋਰੀ ਚਮੜੀ ਵਾਲੇ ਅੰਗਰੇਜ਼ ਲੋਕਾਂ ਦਾ ਖ਼ੂਨ ਚੂਸਦੇ ਸੀ ਤੇ ਹੁਣ ਓਹਨਾਂ ਦੀ ਜਗ੍ਹਾ ਮੱਲ ਕੇ ਭੂਸਲੀ ਜਿਹੀ ਚਮੜੀ ਵਾਲੇ ਲੋਕਾਂ ਦੀਆਂ ਖੁੱਚਾਂ ‘ਚ ਜੋਕਾਂ ਵਾਂਗੂੰ ਧੁਸੇ ਬੈਠੇ ਆ। ਜਿਸ ਖੁਸ਼ਹਾਲ ਭਾਰਤ ਦਾ ਸੁਪਨਾ ਲਿਆ ਸੀ ਓਹ ਭਾਰਤ ਹੀ ਕੁਰਸੀ ਦਿਆਂ ਭੁੱਖਿਆਂ ਦੀਆਂ ਚਾਲਾਂ ‘ਚ ਆ ਕੇ ਟੋਟੇ ਟੋਟੇ ਹੋਇਆ ਪਿਐ। ਬੰਦੇ ਨੂੰ ਬੰਦਾ ਨਹੀਂ ਸਗੋਂ ਕੀੜੇ-ਮਕੌੜੇ ਸਮਝ ਕੇ ਹੀ ਮਸਲ ਦਿੱਤਾ ਜਾਦੈ। ਕਦੇ ਮੁਸਲਮਾਨ ਹੋਣਾ ਕਿਸੇ ਦਾ ਗੁਨਾਂਹ ਹੋ ਜਾਂਦੈ ਤੇ ਕਦੇ ਹਿੰਦੂ ਹੋਣਾ। ਕਦੇ ਈਸਾਈ ਹੋਣਾ ਕਿਸੇ ਲਈ ਮੌਤ ਦਾ ਕਾਰਨ ਬਣ ਜਾਂਦੈ ‘ਤੇ ਕਦੇ ਕੋਈ ਸਿੱਖ ਹੋਣ ਕਾਰਨ ਆਪਣੀ ਜਾਨ ਗੁਆ ਬਹਿੰਦੈ। ਮਾਰਨ ਵਾਲੇ ਵੀ ਆਪਣੇ ਤੇ ਮਰਨ ਵਾਲੇ ਵੀ ਆਪਣੇ। ਲੋਕਾਂ ਦੀਆਂ ਲਾਸ਼ਾਂ ਉੱਪਰ ਟਿਕਦੀਆਂ ਨੇ ਸੱਤਾ ਦੀਆਂ ਕੁਰਸੀਆਂ…!
ਵੀਰ ਮੇਰਿਆ! ਇਸੇ ਖੇਡ ‘ਚ ਹੀ ਕਦੇ ਕਦੇ ਤਾਂ ਤੇਰੇ ‘ਤੇ ਵੀ ਤਰਸ ਜਿਹਾ ਆਉਣ ਲੱਗ ਜਾਂਦੈ ਕਿ ਤੂੰ ਐਵੇਂ ਜ਼ਜ਼ਬਾਤਾਂ ਦੇ ਵਹਿਣਾਂ ‘ਚ ਵਹਿ ਕੇ ਹੀ ਓਹਨਾਂ ਲੋਕਾਂ ਲਈ ਆਪਣਾ ਆਪ ਲੁਟਾ ਗਿਆ ਜਿਹੜੇ ਤੈਨੂੰ ਸਿਰਫ 28 ਸਤੰਬਰ ਜਾਂ 23 ਮਾਰਚ ਨੂੰ ਵੀ ਯਾਦ ਕਰਕੇ ਅਹਿਸਾਨ ਜਤਾਉਂਦੇ ਹਨ। ਪਰ ਤੇਰਾ ਜਨਮ ਦਿਨ ਜਾਂ ਸ਼ਹੀਦੀ ਦਿਨ ਮਨਾਉਣਾ ਵੀ ਹੁਣ ਤਾਂ ਵੋਟਾਂ ‘ਕੱਠੀਆਂ ਕਰਨ ਦਾ ਸਾਧਨ ਬਣ ਕੇ ਰਹਿ ਗਿਐ। ਤੂੰ ਤਾਂ ‘ਹਰ ਕਿਸੇ’ ਲਈ ਜਾਨ ਵਾਰੀ ਸੀ ਪਰ ਇੱਥੇ ਆਲਮ ਇਹ ਹੈ ਕਿ ਫਿਰਕਾਪ੍ਰਸਤਾਂ ਦੇ ਟੋਲਿਆਂ ਨੂੰ ਜੇ ਕਦੇ ਭੁੱਲ-ਭੁਲੇਖੇ ਲੋਕ ਲੱਜੋਂ “ਇਨਕਲਾਬ-ਜਿ਼ੰਦਾਬਾਦ” ਦਾ ਨਾਅਰਾ ਲਾਉਣਾ ਵੀ ਪੈ ਜਾਵੇ ਤਾਂ ਇਹਨਾਂ ਨੂੰ ਇਓਂ ਲਗਦੈ ਜਿਵੇਂ ਭਿੱਟੇ ਗਏ ਹੋਣ। ਬਾਈ ਤੇਰਾ ਇਨਕਲਾਬ ਦਾ ਸੁਪਨਾ ਗੋਰਿਆਂ ਨੂੰ ਤਾਂ ਹਜ਼ਮ ਕੀ ਆਉਣਾ ਸੀ ਇੱਥੇ ਤਾਂ ਇਨਕਲਾਬ ਦਾ ਨਾਂਅ ਸੁਣ ਕੇ ਸਾਡੇ ਆਵਦਿਆਂ ਨੂੰ ਵੀ ‘ਵੱਤ’ ਆਉਣ ਲੱਗ ਜਾਂਦੇ ਆ।
ਵੀਰ ਮੇਰਿਆ! ਕਦੇ ਕਦੇ ਲੱਗਦੈ ਕਿ ਮਾਤਾ ਵਿੱਦਿਆਵਤੀ ਤੇ ਬਾਪੂ ਕਿਸ਼ਨ ਸਿੰਘ ਜੀ ਦੇ ਵੀ ਸੁਪਨੇ ਹੋਣਗੇ ਕਿ ਸਾਡਾ ਭਗਤ ਵਿਆਹਿਆ ਜਾਦਾ। ਮਾਂ ਨੇ ਵੀ ਸੋਚਿਆ ਹੋਊਗਾ ਕਿ ਤੂੰ ਉਹਨਾਂ ਦੀ ਨੂੰਹ ਨੂੰ ਵਿਆਹ ਕੇ ਲਿਆਵੇਂ ਤੇ ਮਾਂ ਜੋੜੀ ਉੱਪਰੋਂ ਪਾਣੀ ਵਾਰ ਕੇ ਪੀਵੇ। ਭੈਣ ਨੇ ਵੀ ਚਿਤਵਿਆ ਹੋਣੈ ਕਿ ਭਰਜਾਈ ਨਾਲ ਹਾਸਾ-ਠੱਠਾ ਕਰੂੰਗੀ ਤੇ ਬਾਪੂ ਦੇ ਵੀ ਚਾਅ-ਮਲ੍ਹਾਰ ਕਰੰਡ ਹੋ ਗਏ ਹੋਣਗੇ ਜਿਸਨੇ ਆਪਣੇ ਪੋਤੇ ਜਾਂ ਪੋਤੀ ਨੂੰ ‘ਝੂਟੇ-ਮਾਟੇ’ ਦੇਣ ਦੀਆਂ ਰੀਝਾਂ ਪਾਲੀਆਂ ਹੋਣਗੀਆਂ। ਵੀਰਨਾ, ਤੂੰ ਤਾਂ ਉਹਨਾਂ ਲੋਕਾਂ ਲਈ ਮਾਂ-ਬਾਪ ਤੇ ਭੈਣ ਦੇ ਸੁਪਨੇ ਵੀ ਗਿਰਵੀ ਰੱਖ ਦਿੱਤੇ ਜਿਹੜੇ ਅੱਜ ਤੇਰੇ ਨਾਂਅ ਦੀ ਖੱਟੀ ਖਾ ਰਹੇ ਹਨ। ਤੂੰ ਤਾਂ ਕਿਹਾ ਸੀ ਕਿ ਨੌਜ਼ਵਾਨਾਂ ਨੂੰ ਸਰਗਰਮ ਸਿਆਸਤ ਦਾ ਹਿੱਸਾ ਬਨਣਾ ਚਾਹੀਦੈ ਪਰ ਅੱਜ ਦੇ ਨੌਜ਼ਵਾਨਾਂ ਨੂੰ ਨਸਿ਼ਆਂ ਦੀ ਦਲਦਲ ਵੱਲ ਧੱਕ ਕੇ ਕਿਸੇ ਹੋਰ ਪਾਸੇ ਸੋਚਣ ਦੀ ਵਿਹਲ ਹੀ ਨਹੀਂ ਦਿੱਤੀ ਜਾਦੀ।
ਨੌਜ਼ਵਾਨਾਂ ਨੂੰ ਤਾਂ ਤੇਰੀ ਕੁੰਢੀ ਮੁੱਛ, ਲੜ-ਛੱਡਵੀਂ ਪੱਗ ਜਾਂ ਹੱਥ ਪਿਸਤੌਲ ਹੋਣ ਵਾਲੀ ਫੋਟੋ ਹੀ ਪਰੋਸੀ ਜਾਂਦੀ ਐ, ਕਦੇ ਵੀ ਕਿਸੇ ਸਰਕਾਰ ਨੇ ਇਸ ਗੱਲ ਨੂੰ ਤਵੱਜੋਂ ਨਹੀਂ ਦਿੱਤੀ ਕਿ ਤੇਰੇ ਵਿਚਾਰਾਂ ਨੂੰ ਵਿੱਦਿਅਕ ਅਦਾਰਿਆਂ ‘ਚ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇ। ਨੌਜ਼ਵਾਨਾਂ ਨੂੰ ਤਾਂ ਇਹੀ ਦਿਖਾਇਆ ਜਾਂਦੈ ਕਿ ਤੂੰ ਬਹੁਤ ਗੁੱਸੇਖੋਰ ਸੀ…. “ਗੋਰੇ ਤੇਰੇ ਮੂਹਰੇ ਖੰਘੇ ਸੀ, ਤੂੰ ਤਾਹੀਉਂ ਟੰਗੇ ਸੀ” ਜਾਂ ਤੂੰ ਤਾਂ ਗੋਰਿਆਂ ਦੇ ਮਗਰ ਮਗਰ ਪਿਸਤੌਲ ਚੁੱਕੀ ਫਿਰਦਾ ਸੀ ਕਿ “ਕਿੱਥੇ ਜਾਏਂਗਾ ਫਰੰਗੀਆ ਬਚਕੇ ਹੱਥ ਪਾ ਕੇ ਅਣਖਾਂ ਨੂੰ”। ਬਾਈ ਕੋਈ ਕਸਰ ਨੀ ਛੱਡੀ ਤੈਨੂੰ ਵੈਲੀ ਬਣਾਉਣ ਵਾਲੀ। ਇਹਨਾਂ ਮਿੱਟੀ ਦੇ ਮਾਧੋਆਂ ਨੂੰ ਕੌਣ ਸਮਝਾਵੇ ਕਿ ਤੂੰ ਤਾਂ ਕਹਿੰਦਾ ਸੀ ਕਿ “ਮਨੁੱਖਤਾ ਨੂੰ ਪਿਆਰ ਕਰਨ ‘ਚ ਅਸੀਂ ਕਿਸੇ ਨਾਲੋਂ ਪਿੱਛੇ ਨਹੀ ਹਾਂ। ਸਾਨੂੰ ਕਿਸੇ ਨਾਲ਼ ਵਿਅਕਤੀਗਤ ਵਿਰੋਧ ਨਹੀਂ ਹੈ ਅਤੇ ਅਸੀਂ ਮਨੁੱਖ ਨੂੰ ਹਮੇਸ਼ਾ ਆਦਰ ਦੀ ਨਿਗ੍ਹਾ ਨਾਲ ਵੇਖਦੇ ਆਏ ਹਾਂ। ਅਸੀਂ ਵਹਿਸ਼ੀ ਦੰਗੇਬਾਜ਼ੀ ਕਰਨ ਵਾਲੇ਼ ਤੇ ਦੇਸ਼ ਲਈ ਕਲੰਕ ਨਹੀਂ ਹਾਂ, ਅਸੀਂ ਤਾਂ ਸਿਰਫ ਆਪਣੇ ਦੇਸ਼ ਦੇ ਇਤਿਹਾਸ, ਉਸਦੀ ਮੌਜੂਦਾ ਹਾਲਤ ਤੇ ਮਨੁੱਖ ਲਈ ਉਚਿਤ ਹੋਰ ਖਾਹਸ਼ਾਂ ਬਾਰੇ ਸੋਚਣ ਵਾਲੇ ਵਿਦਿਆਰਥੀ ਹੋਣ ਦਾ ਨਿਮਰਤਾ ਭਰਿਆ ਦਾਅਵਾ ਹੀ ਕਰ ਸਕਦੇ ਹਾਂ। ਸਾਨੂੰ ਢੌਂਗ ਤੇ ਪਾਖੰਡ ਨਾਲ ਨਫ਼ਰਤ ਹੈ।”
“ਅਸੀ ਸਾਮਰਾਜੀ-ਸਰਮਾਏਦਾਰ, ਭਾੜੇ ਦੇ ਫੌਜੀਆਂ ਵਰਗੇ ਨਹੀ; ਜਿੰਨਾ ਦਾ ਕੰਮ ਹੀ ਹੱਤਿਆ ਕਰਨਾ ਹੁੰਦਾ ਹੈ।” ਵੀਰ ਤੂੰ ਤਾਂ ਇਹ ਬਾਰ ਬਾਰ ਕਹਿੰਦਾ ਰਿਹੈਂ ਕਿ ਬੋਲੇ ਕੰਨਾਂ ਨੂੰ ਆਵਾਜ਼ ਸੁਨਾਉਣ ਲਈ ਬੰਬ ਦਾ ਆਸਰਾ ਲਿਆ ਸੀ ਨਾ ਕਿ ਕਿਸੇ ਨੂੰ ਮਾਰਨ ਲਈ, ਪਰ ਇਹਨਾਂ ਗਾਉਣ ਵਾਲਿਆਂ, ਰਾਜਨੀਤਕ ਆਗੂਆਂ ਨੇ ਕੋਈ ਕਸਰ ਨਹੀਂ ਛੱਡੀ ਤੈਨੂੰ ਮਨੁੱਖਤਾ ਦਾ ਖੂਨ ਪੀਣ ਲਈ ਆਫਰਿਆ ਫਿਰਦਾ ਦਿਖਾਉਣ ਲਈ। ਜਿਹਨਾਂ ਮਜ਼ਦੂਰਾਂ ਕਿਸਾਨਾਂ ਦੀ ਭਲਾਈ ਲਈ ਤੂੰ ਸੋਚਿਆ ਸੀ ਉਹਨਾਂ ਦੀ ਭਲਾਈ ਦੇ ਨਾਂਅ ‘ਤੇ ਚੌਧਰਾਂ ਮਾਣੀਆਂ ਜਾਂਦੀਆਂ ਹਨ। ਜੇ ਗੋਰਿਆਂ ਦੇ ਆਹੂ ਲਾਹੁਣਾ ਹੀ ਤੇਰਾ ਤੇ ਤੇਰੇ ਸਾਥੀਆਂ ਦਾ ਮੁੱਖ ਟੀਚਾ ਹੁੰਦਾ ਤਾਂ ਤੂੰ ਇਹ ਨਾ ਕਹਿੰਦਾ ਕਿ “ਮੇਰਾ ਦ੍ਰਿੜ ਵਿਸ਼ਵਾਸ਼ ਹੈ ਕਿ ਅਸੀਂ ਬੰਬਾਂ ਤੇ ਪਿਸਤੌਲਾਂ ਨਾਲ ਕੋਈ ਵੀ ਟੀਚਾ ਹਾਸਿਲ ਨਹੀ ਕਰ ਸਕਦੇ। ਇਹ ਗੱਲ ਹਿਦੁੰਸਤਾਨ ਸ਼ੋਸ਼ਲਿਸਟ ਰਿਪਬਲਿਕਨ ਪਾਰਟੀ ਦੇ ਇਤਿਹਾਸ ਤੋਂ ਆਸਾਨੀ ਨਾਲ਼ ਸਮਝੀ ਜਾ ਸਕਦੀ ਹੈ। ਸਿਰਫ ਬੰਬ ਸੁੱਟਣਾ ਨਾ ਕੇਵਲ ਬੇਅਰਥ ਹੈ ਬਲਕਿ ਕਈ ਵਾਰ ਨੁਕਸਾਨਦੇਹ ਵੀ ਹੈ। ਇਸ ਦੀ ਕੁੱਝ ਖਾਸ ਪੜਾਵਾਂ ‘ਤੇ ਜ਼ਰੂਰਤ ਪੈਂਦੀ ਹੈ।
ਸਾਡਾ ਮੁੱਖ ਮਕਸਦ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਜਥੇਬੰਦ ਕਰਨਾ ਹੈ।” ਵੀਰ ਮੇਰਿਆ! ਤੂੰ ਤਾਂ ਨਿਰ-ਸੁਆਰਥ ਤੁਰਿਆ ਸੀ ਪਰ ਹੁਣ ਤਾਂ ਕੋਈ ਸੁਆਰਥ ਬਗੈਰ ਸਕੇ ਪਿਉ ਨੂੰ ਪਾਣੀ ਨਹੀਂ ਪਿਆਉਂਦਾ। ਲੋਕਾਂ ਦੇ ਮਸਲੇ ਤਾਂ ਦੂਰ ਦੀ ਗੱਲ ਐ। ਬਾਹਲਾ ਦੂਰ ਨਾ ਜਾਈਏ… ਪੰਜਾਬ ਦੇ ਇੱਕ ਕਿਸਾਨ ਆਗੂ ਦੀ ਹੀ ਸੁਣਲੈ… ਲੋਕਾਂ ਦੇ ਮਸਲੇ ਉਠਾਉਣ ਦੇ ਨਾਂਅ ‘ਤੇ ਸਰਕਾਰੀ ਕੁਰਸੀ ਦਾ ਅਨੰਦ ਮਾਣ ਰਿਹੈ। ਥੋੜ੍ਹੇ ਕੁ ਦਿਨਾਂ ਬਾਦ ਜਦੋਂ ਮਗਰੋਂ ਹੁੱਝ ਵੱਜਦੀ ਐ ਤਾਂ ਅਖ਼ਬਾਰਾਂ ‘ਚ ਬਿਆਨ ਦੇ ਦਿੰਦੈ “ਅਸੀਂ ਦਿੱਲੀ ਪਾਰਲੀਮੈਂਟ ਘੇਰਾਂਗੇ।” ਬਾਈ ਓਹਦੀ ਵੀ ਓਹੀ ਗੱਲ ਐ ਕਿ ‘ਵਿਆਹ ਜੋਗੇ ਕੇ ਅਡਾਟ ਭੋਗੇ ਕੇ।’ ਪਤੈ ਪੰਜਾਬ ਵਿਧਾਨ ਸਭਾ ਨੂੰ ਘੇਰਨ ਦਾ ਬਿਆਨ ਕਿਉਂ ਨੀਂ ਦਿੰਦਾ? ਲੈ ਸੁਣ… ਜਿੱਦੇਂ ਇਹ ਬਿਆਨ ਦੇਤਾ ਅਗਲਿਆਂ ਨੇ ਉਧਾਰੀ ਦਿੱਤੀ ਸਰਕਾਰੀ ਕੁਰਸੀ ਖੋਹ ਲੈਣੀ ਐ ਤੇ ਬਾਦ ‘ਚ ਕਿਸੇ ਨੇ ਬੈਠਣ ਵਾਸਤੇ ਪੀੜ੍ਹੀ ਵੀ ਨੀ ਦੇਣੀ ਕੁਰਸੀ ਤਾਂ ਦੂਰ ਦੀ ਗੱਲ ਆ।
ਵੀਰ ਭਗਤ ਸਿਆਂ! 1931 ਤੇ 2011 ‘ਚ ਬਹੁਤ ਲੰਮੀ ਵਾਟ ਐ। ਅੱਜ ਤੱਕ ਕਿਸੇ ਨੇ ਸੱਚੇ ਦਿਲੋਂ ਤੇਰੀ ਅਸਲ ਸੋਚ ਨੂੰ ਲੋਕਾਂ ਸਾਹਮਣੇ ਲਿਆਉਣ ਦਾ ਜਿਗਰਾ ਨਹੀਂ ਕੱਢਿਆ। ਇੱਕ ਗਿਣੀ ਮਿਥੀ ਸਾਜਿਸ਼ ਹੀ ਕਹਿ ਲਈਏ ਤਾਂ ਠੀਕ ਰਹੂ ਕਿਉਂਕਿ ਤੂੰ ਆਵਦੀ ਪੂਰੀ ਉਮਰ ‘ਚ ਸਿਰਫ 3 ਗੋਲੀਆਂ ਚਲਾਈਆਂ….. ਜਿਹਨਾਂ ਦਾ ਰੌਲਾ ਪਈ ਜਾਂਦੈ ਪਰ ਐਨੀ ਛੋਟੀ ਉਮਰ ਵਿੱਚ ਅਣਗਿਣਤ ਪੜ੍ਹੀਆਂ ਕਿਤਾਬਾਂ ਬਾਰੇ ਕਿਸੇ ਕੰਜਰ ਨੇ ਨੀ ਦੱਸਿਆ ਕਿ ਭਗਤ ਸਿੰਘ ਐਨਾ ਅਧਿਐਨ-ਪਸੰਦ ਵੀ ਸੀ। ਗਾਇਕਾਂ, ਗੀਤਕਾਰਾਂ, ਚਿੱਤਰਕਾਰਾਂ, ਫਿਲਮਕਾਰਾਂ ਨੂੰ ਸਿਰਫ ਤੇਰਾ ਗੋਲੀ ਚਲਾਉਣਾ ਹੀ ਨਜ਼ਰ ਆਇਐ ਕਿਸੇ ਨੇ ਇਹ ਨਹੀਂ ਦਿਖਾਉਣ ਦੀ ਕੋਸਿ਼ਸ਼ ਕੀਤੀ ਕਿ ਕਿਤਾਬਾਂ ਨੂੰ ਬੇਹੱਦ ਪਿਆਰ ਕਰਨ ਵਾਲੇ ਭਗਤ ਸਿੰਘ ਨੂੰ ਹਿੱਕ ਨਾਲ ਕਿਤਾਬਾਂ ਲਾਈ ਖੜ੍ਹੇ ਦੀ ਹੀ ਕੋਈ ਤਸਵੀਰ ਲੋਕਾਂ ਸਾਹਮਣੇ ਲਿਆਂਦੀ ਜਾਂਵੇ ਤਾਂ ਜੋ ਨੌਜ਼ਵਾਨ ਵਰਗ ਨੂੰ ਵੱਧ ਤੋਂ ਵੱਧ ਅਧਿਐਨ ਕਰਨ ਵੱਲ ਰੁਚਿਤ ਕੀਤਾ ਜਾਂਦਾ ਪਰ ਦੇਸ਼ ਦੀ ਸੱਤਾ ‘ਤੇ ਬਾਰ ਬਾਰ ਕਾਬਜ਼ ਹੁੰਦੀਆਂ ਧਿਰਾਂ ਨੂੰ ਪਤੈ ਕਿ ਲੋਕਾਂ ਦਾ ਜਾਗਰੂਕ ਹੋਣਾ ਉਹਨਾਂ ਦੇ ਪਰਿਵਾਰਾਂ ਦਾ ਸੱਤਾ ਸਿਰੋਂ ਚਲਦਾ ਤੋਰੀ ਫੁਲਕਾ ਬੰਦ ਕਰ ਦੇਵੇਗਾ।
ਬਾਈ, ਜਿਹੜੇ ਮਰਜੀ ਰਾਜਨੀਤਕ ਨੇਤਾ ਨੂੰ ਦੇਖ ਲੈ ਸਭ ਲਈ ‘ਸ਼ਹੀਦ ਭਗਤ ਸਿੰਘ ਨਗਰ’ ਹੀ ਮੱਕਾ ਬਣਿਆ ਪਿਐ ਤੇ ਇਸ ਮੱਕਿਉਂ ਪਰ੍ਹੇ ਉਜਾੜਾਂ ਹੀ ਦਿਸਦੀਆਂ ਨੇ। ਐਤਕੀ 23 ਮਾਰਚ ਨੂੰ ਵੀ ਦੇਖ ਲਈਂ ਕਿਵੇਂ ਤੇਰਾ ਨਾਂ ਵੇਚ ਕੇ ਵੱਡੇ ਵੱਡੇ ਅਹਿਦ ਲਏ ਜਾਣਗੇ। ਮੈਂ ਤਾਂ ਸੁਣਿਐ ਕਿ ਤੇਰੀ ਸੋਚ ‘ਤੇ ਪਹਿਰਾ ਦੇਣ ਦੇ ਨਾਂਅ ‘ਤੇ ਤਾਏ ਨਾਲੋਂ ਰੁੱਸੇ ਭਤੀਜੇ ਦਾ ਸਾਥ ਦੇਣ ਲਈ ਤੇਰੇ ਰਿਸ਼ਤੇਦਾਰ ਵੀ ਆਵਦਾ ਪੁਰਾਣਾ ਠੱਡਾ ਪੁੱਟ ਕੇ ‘ਮੁੜ’ ਤੇਰੇ ਨਗਰ ਆ ਵਸੇ ਹਨ ਤਾਂ ਜੋ “ਲੋਕਾਂ ਨਾਲ ਰਾਬਤਾ ਬਣਾਇਆ ਜਾ ਸਕੇ।” ਵੀਰ ਭਗਤ ਸਿਆਂ, ਲੋਕ ਤਾਂ ਇਹੀ ਕਹਿੰਦੇ ਸੁਣੀਂਦੇ ਨੇ ਕਿ ਤੇਰਾ ਭਤੀਜ ਜਾਂ ਤੇਰਾ ਪੋਤਾ ਚੋਣ ਲੜ੍ਹਨ ਦੇ ਚੱਕਰ ‘ਚ ਹਨ। ਪਰ ਬਾਈ ਆਪਣੇ ਇਸ ਕਮਅਕਲ ਛੋਟੇ ਵੀਰ ਦੀ ਗੱਲ ਵੀ ਯਾਦ ਰੱਖੀਂ ਕਿ ਜੇ ‘ਸ਼ਹੀਦ ਭਗਤ ਸਿੰਘ ਨਗਰ’ ਤੋਂ ਤੇਰੇ ਪਰਿਵਾਰ ਦਾ ਕੋਈ ਵੀ ਮੈਂਬਰ ਚੋਣ ਲੜ੍ਹਨ ਲਈ ਕਮਰਕੱਸਾ ਕਰ ਤੁਰਿਆ ਤਾਂ ਦੂਜੀਆਂ ਪਾਰਟੀਆਂ ਵਾਲਿਆਂ ਨੇ ਵੀ ਆਵਦਾ ਪੂਰਾ ਤਾਣ ਲਾ ਦੇਣੈ ਕਿ “ਭਾਵੇਂ ਕੁੱਝ ਵੀ ਹੋਜੇ ਮਨਪ੍ਰੀਤ ਦਾ ਬੰਦਾ ਨੀ ਜਿੱਤਣ ਦੇਣਾ।” ਫੇਰ ਓਹ ਤੇਰਾ ਭਤੀਜਾ ਜਾਂ ਪੋਤਾ ਨੀ ਰਹਿਣਾ ਓਹ ਤਾਂ ਮਨਪ੍ਰੀਤ ਦਾ ਬੰਦਾ ਬਣਜੂ।
ਦੂਜੀ ਗੱਲ ਜੇ ਤੇਰਾ ਰਾਜਨੀਤਕ ਲੋਕ ਏਨਾ ਹੀ ਸਤਿਕਾਰ ਕਰਦੇ ਹੋਣ ਤਾਂ ਓਹ ਤੇਰੇ ਨਾਂ ‘ਤੇ ਲੜੀ ਜਾ ਰਹੀ ਚੋਣ ‘ਚੋਂ ਤੇਰਾ ਸਤਿਕਾਰ ਕਰਦੇ ਹੋਏ ਹੀ ਪਿਛਾਂਹ ਹਟ ਜਾਣ ਕਿ “ਲਓ ਜੀ ਇਹ ਸੀਟ ਭਗਤ ਸਿੰਘ ਦੇ ਪਰਿਵਾਰ ਲਈ ਬਿਨਾਂ ਮੁਕਾਬਲਾ ਛੱਡੀ।”। ਪਰ ਬਾਈ ਇਹ ਹਰਗਿਜ ਨਹੀਂ ਹੋਣਾ ਕਿਉਂਕਿ ਹੁਣ ਤਾਂ ਰਾਜਨੀਤੀ ਵੀ ਕਿਸੇ ਫੈਕਟਰੀ ਵਾਂਗੂੰ ਹੈ ਜਿੱਥੇ ਜਿੰਨਾ ਵੱਧ ਪੈਸਾ ਨਿਵੇਸ਼ ਕੀਤਾ ਜਾਊ ਓਨੀ ਹੀ ਵੱਧ ਕਮਾਈ ਕਰਨਗੇ। ਇਹ ਤੇਰੇ ਪਰਿਵਾਰ ਦੇ ਖੇਡਣ ਵਾਲੀ ਖੇਡ ਨਹੀਂ ਰਹੀ ਹੁਣ। ਤੀਜੀ ਗੱਲ ਇਹ ਕਿ ਤੇਰੇ ਨਾਂ ‘ਤੇ ਚੋਣ ਲੜ ਰਿਹਾ ਬੰਦਾ ‘ਜੇ’ ਹਾਰ ਗਿਆ (ਬਾਈ ‘ਜੇ’ ਇਸ ਕਰ ਕੇ ਕਿਹੈ ਕਿਉਂਕਿ ਤੇਰਾ ਨਾਂ ਜੁੜਿਆ ਹੋਣ ਕਰ ਕੇ ਮੈਂ ਖੁਦ ਵੀ ਨਹੀਂ ਚਾਹੁੰਦਾ ਕਿ ਤੇਰਾ ਨਾਂਅ ਵਰਤ ਕੇ ਕੋਈ ਕੰਮ ਕਰਨ ਵਾਲਾ ਨਿਰਾਸ਼ ਹੋਵੇ।) ਤਾਂ ਇਹ ਗੱਲ ਵੀ ਯਾਦ ਰੱਖ ਲਈਂ ਕਿ ਓਹ ਕਿਸੇ ਤਾਏ ਦੇ ਭਤੀਜੇ ਜਾਂ ਤੇਰੇ ਭਤੀਜੇ ਦੀ ਹਾਰ ਨਹੀਂ ਹੋਣੀ ਓਹ ਸਿੱਧੀ ਤੇਰੀ ਹਾਰ ਹੋਊਗੀ। ਤੇਰੇ ਕਿਸੇ ਰਿਸ਼ਤੇਦਾਰ ਵੱਲੋਂ ਤੇਰੇ ਬਾਰੇ ਐਨੀ ਦੇਰ ਬਾਦ ਹੇਜ਼ ਜਾਗਣਾ ਵੀ ਹੋਰੂੰ ਜਿਆ ਲਗਦੈ ਪਰ ਉਹਨਾਂ ਦਾ ਹੇਜ਼ ਵੀ ਪਾਕ-ਪਵਿੱਤਰ ਹੀ ਹੋਵੇ ਜਿਵੇਂ ਤੂੰ ਕਿਹਾ ਸੀ ਕਿ “ ਇਨਕਲਾਬ ਮਿਹਨਤੀ ਵਿਚਾਰਕਾਂ ਅਤੇ ਮਿਹਨਤੀ ਕਾਰਕੁੰਨਾ ਦੀ ਪੈਦਾਇਸ਼ ਹੁੰਦਾ ਹੈ। ਬਦਕਿਸਮਤੀ ਨੂੰ ਭਾਰਤੀ ਇਨਕਲਾਬ ਦਾ ਬੌਧਕ ਪੱਖ ਹਮੇਸ਼ਾ ਕਮਜੋਰ ਰਿਹਾ ਹੈ।
ਇਸ ਲਈ ਇਨਕਲਾਬ ਦੀਆ ਜਰੂਰੀ ਗੱਲਾਂ ਅਤੇ ਕੀਤੇ ਗਏ ਕਾਰਜ ਦੇ ਪ੍ਰਭਾਵ ਵੱਲੀਂ ਧਿਆਨ ਨਹੀਂ ਦਿੱਤਾ ਗਿਆ। ਇਸ ਵਾਸਤੇ ਇੱਕ ਇਨਕਲਾਬੀ ਨੂੰ ਅਧਿਐਨ ਅਤੇ ਚਿੰਤਨ ਨੂੰ ਆਪਣੀ ਪਵਿੱਤਰ ਜਿੰਮੇਵਾਰੀ ਬਣਾ ਲੈਣਾ ਚਾਹੀਦਾ ਹੈ।” ਰਾਜਨੀਤਕਾਂ ਵੱਲੋਂ ਖਟਕੜ ਕਲਾਂ ਨੂੰ ‘ਨਿਸ਼ਾਨਾ’ ਬਣਾਉਣ ਤੋਂ ਬਾਦ ਹੁਣ ਇਹੀ ਡਰ ਵੱਢ ਵੱਢ ਖਾਂਦਾ ਰਹਿੰਦੈ ਕਿ ਜਿਵੇਂ ਪੰਜਾਬ ‘ਚ ਵਿਹਲੜ ਬਾਬਿਆਂ ਦੀਆਂ ਡਾਰਾਂ ਆਵਦੇ ਡੇਰੇ ਉਸਾਰਨ ਲਈ ਸ਼ਾਮਲਾਟਾਂ ‘ਲੱਭਦੀਆਂ’ ਫਿਰਦੀਆਂ ਹਨ… ਹੋਰ ਨਾ ਕਿੱਧਰੇ ਤੇਰੇ ਨਾਂਅ ‘ਤੇ ਡੇਰਾ ਬਣਾ ਕੇ ਬਹਿ ਜਾਣ… ਹੋਰ ਨਾ ਸ਼ਹੀਦ ਭਗਤ ਸਿੰਘ ਨੂੰ “ਬਾਬਾ ਭਗਤ ਸਿੰਘ” ਬਣਾਕੇ ਪੂਜਾ ਕਰਵਾਉਣ ਲੱਗ ਜਾਣ? ਬਾਈ ਇਹ ਮੇਰਾ ਹੀ ਧੁੜਕੂ ਨਹੀਂ ਸਗੋਂ ਇਹ ਤਾਂ ਤੈਨੂੰ ਵੀ ਪਤਾ ਹੀ ਐ ਕਿ ਜਿਸ ਸੋਚ ਨੂੰ ਮਿਟਾਉਣਾ ਹੋਵੇ ਉਸਨੂੰ ਪੱਥਰਾਂ ਵਿੱਚ ਬਦਲ ਦਿਉ। ਇਹੀ ਕਾਰਨ ਹੈ ਕਿ ਤੇਰੀ ਸੋਚ ਨੂੰ ਲੋਕਾਂ ਵਿੱਚ ਲਿਜਾਣ ਦੀ ਬਜਾਏ ਤੇਰੇ ਵੀ ਬੁੱਤ ਲਗਾ ਦਿੱਤੇ ਹਨ।
ਤੇਰੀ ਸੋਚ ਨੂੰ ਘੱਟੇ ਮਿਲਾਉਣ ਦੀ ਹੀ ਸਾਜਿਸ਼ ਹੈ ਕਿ ਹੁਣ ਤਾਂ ਸਾਡੇ ‘ਮਾਣ-ਮੱਤੇ’ ਨੌਜ਼ਵਾਨ ਤੇਰੀ ਸੋਚ ਨੂੰ ਤੇਰੇ ਵਿਚਾਰਾਂ ਨੂੰ ਸੀਨਿਆਂ ‘ਅੰਦਰ’ ਵਸਾਉਣ ਨਾਲੋਂ ਤੇਰੀ ਫੋਟੋ ਵਾਲੇ ‘ਟੈਟੂ’ ਸਰੀਰਾਂ ‘ਉੱਪਰ’ ਖੁਣਵਾ ਰਹੇ ਹਨ। ਤੂੰ ਤਾਂ ਬੇਸ਼ੱਕ ਖੁਦ ਨੂੰ ਨਾਸਤਿਕ ਦੱਸਿਆ ਸੀ ਪਰ ਸ਼ਾਇਦ ਤੇਰਾ ਨਾਸਤਿਕ ਹੋਣਾ ਹੀ ਸਭ ਤੋਂ ਵੱਡਾ ਗੁਨਾਂਹ ਹੋ ਨਿੱਬੜਿਆ ਕਿ ਕੋਈ ਤੈਨੂੰ ਸਿੱਖ ਕਹਿ ਕੇ ਆਪਣੇ ਕਬਜ਼ੇ ‘ਚ ਲੈਣਾ ਚਾਹੁੰਦੈ ਤੇ ਕੋਈ ਤੈਨੂੰ ਹਿੰਦੂ ਦਰਸਾ ਕੇ ਤੇਰੇ ਮੱਥੇ ‘ਤੇ ਹਿੰਦੂਤਵ ਦੀ ਮੋਹਰ ਠੋਕਣੀ ਚਾਹੁੰਦੈ। ਕੋਈ ਤੈਨੂੰ ਅੱਜ ਸ਼ਹੀਦ ਮੰਨਣ ਤੋਂ ਵੀ ਇਨਕਾਰੀ ਐ ਤੇ ਕੋਈ ਕਹੀ ਜਾਂਦੈ ਕਿ ਫਾਂਸੀ ਤੋਂ ਪਹਿਲਾਂ ਤੇਰੀ ਸੁਤਾ ਹੀ ਪੂਜਾ ‘ਚ ਸੀ। ਹੋਰ ਤਾਂ ਹੋਰ ਇੱਕ ਨਾਨੇ ਦੇ ਸਿਆਸਤਦਾਨ ਦੋਹਤੇ ਨੇ ਤਾਂ ਤੈਨੂੰ ਕੌਮੀ ਸ਼ਹੀਦ ਮੰਨਣ ਤੋਂ ਹੀ ਸਿਰ ਫੇਰ ਦਿੱਤਾ… ਬਾਈ ਕੋਈ ਗੱਲ ਨੀਂ…. ਕਾਵਾਂ ਦੇ ਕਹਿਆਂ ਢੱਗੇ ਨੀ ਮਰਦੇ ਹੁੰਦੇ….।
ਚੱਲ ਬਾਈ ਛੱਡ ਇਹਨਾਂ ਗੱਲਾਂ ਨੂੰ…… ਲੈ ਹੋਰ ਸੁਣ, ਹੁਣ ਤਾਂ ਹਰ ਗਾਇਕ ਗੀਤਕਾਰ ਵੀ ਆਵਦੀ ਕਾਮਯਾਬੀ ਲਈ ਤੈਨੂੰ ‘ਵਰਤਣ’ ‘ਚ ਪਿੱਛੇ ਨਹੀਂ ਰਹਿੰਦਾ। ਕਿਸੇ ਨਾ ਕਿਸੇ ‘ਰੀਲ’ ‘ਚ ਤੇਰੇ ਬਾਰੇ ਇੱਕ ਅੱਧਾ ਗੀਤ ਜਰੂਰ ਪਾ ਦਿੰਦੇ ਨੇ। ਸੋਚ ਓਹੀ ਹੁੰਦੀ ਐ ਕਿ “ਮੰਡੀਰ ਪਸੰਦ ਕਰਦੀ ਆ ਐਹੋ ਜੇ ਗਾਣੇ।” ਤੇਰੀ ਸੋਚ ਨਾਲ ਕੋਈ ਲਾਕਾ-ਦੇਕਾ ਨਹੀਂ, ਬਾਕੀ ਦੀ ਕੈਸੇਟ ‘ਚ ਓਹੀ ਕੁੜੀ ਦੇ ਲੱਕ… ਕੁੜੀ ਦੀ ਗੁੱਤ…ਕੁੜੀ ਦੀ ਤੋਰ ਦੀਆਂ ਗੱਲਾਂ ਹੁੰਦੀਆਂ ਹਨ। ਹੁਣ ਤਾਂ ਗਾਇਕਾਂ ਦਾ ਏਹੀ ਜ਼ੋਰ ਲੱਗਿਆ ਪਿਐ ਕਿ ਕਿਵੇਂ ਨਾ ਕਿਵੇਂ ਗਾਂਧੀ ਦੀ ਫੋਟੋ ਮਿਟਾ ਕੇ ਨੋਟਾਂ ‘ਤੇ ਤੇਰੀ ਫੋਟੋ ਲੁਆ ਦਿੱਤੀ ਜਾਵੇ। ਬਾਈ ਮੇਰੇ ਤਾਂ ਹਜ਼ਮ ਨਹੀਂ ਆਉਂਦੀਆਂ ਇਹੋ ਜਿਹੀਆ ਫੁਕਰੀਆਂ ਗੱਲਾ..। ਤੂੰ ਆਪ ਈ ਸੋਚ ਲੈ ਕਿ ਜੇ ਤੇਰੀ ਫੋਟੋ ਨੋਟਾਂ ‘ਤੇ ਲੱਗ ਵੀ ਗਈ ਫੇਰ ਤਾਂ ਕੱਲੀ ਨੋਟ ‘ਤੇ ਫੋਟੋ ਦੀ ਹੀ ਤਬਦੀਲੀ ਹੋਊਗੀ… ਲੋਕਾਂ ਦੇ ਵਿਚਾਰਾਂ ‘ਚ ਤਾਂ ਤਬਦੀਲੀ ਨਹੀਂ ਆਉਣੀ। ਤੂੰ ਵੀ ਸ਼ਰਮ ਨਾਲ ਪਾਣੀ ਪਾਣੀ ਹੋ ਜਾਇਆ ਕਰੇਂਗਾ ਜਦੋਂ ਕਿਸੇ ਨੌਕਰੀ ਨੂੰ ‘ਖਰੀਦਣ’ ਲਈ ਕੋਈ ਅਯੋਗ ਉਮੀਦਵਾਰ ਤੇਰੀ ਫੋਟੋ ਵਾਲੇ ਨੋਟ ਕਿਸੇ ਨੇਤਾ ਜੀ ਨੂੰ ਦੇ ਕੇ ਕਿਸੇ ਹੱਕਦਾਰ ਦਾ ਹੱਕ ਮਾਰੂ।
ਇਹੀ ਨੋਟ ਹੁਣ ਵਾਂਗ ਕਿਸੇ ਲਾਚਾਰ ਦਾ ਜਿਸਮ ਨੋਚਣ ਬਦਲੇ ਉਸਦੇ ਸਿਰ ਤੋਂ ਦੀ ਵਾਰੇ ਜਾਣਗੇ। ਇਹਨਾਂ ਨੋਟਾਂ ਨਾਲ ਹੀ ਹੁਣ ਵਾਂਗੂੰ ਸੰਤਰੀ ਤੋਂ ਲੈ ਕੇ ਮੰਤਰੀ ਤੱਕ ਦੀਆਂ ਜ਼ਮੀਰਾਂ ਗਿਰਵੀ ਹੋਣਗੀਆਂ। ਇਹਨਾਂ ਨੋਟਾਂ ਨਾਲ ਹੀ ਹੁਣ ਵਾਂਗੂੰ ਵੋਟਾਂ ਖਰੀਦੀਆਂ ਜਾਣਗੀਆਂ। ਇਹਨਾਂ ਨੋਟਾਂ ਵੱਟੇ ਹੀ ਖਰੀਦੇ ਨਸ਼ੇ ਲੋਕਾਂ ਦਿਆਂ ਪੁੱਤਾਂ ਨੂੰ ਵੰਡ ਕੇ ‘ਅਮਲੀ’ ਬਣਾਇਆ ਜਾਂਦਾ ਰਹੂ। ਇਹਨਾਂ ਨੋਟਾਂ ਦੀ ਮੰਗ ਪੂਰੀ ਨਾ ਹੋਣ ‘ਤੇ ਵਿਆਹੀਆਂ ਕੁੜੀਆਂ ‘ਦਾਜ ਦੀ ਬਲੀ’ ਚੜ੍ਹਨਗੀਆਂ। ਇਹਨਾਂ ਨੋਟਾਂ ਦੀ ਘਾਟ ਦੇ ਸਿੱਟੇ ਵਜੋਂ ਹੀ ਕੁੜੀਆਂ ਪੇਟਾਂ ‘ਚ ਦਫਨ ਹੋਣਗੀਆਂ। ਇਹਨਾਂ ਨੋਟਾਂ ਦੀ ਲਾਲਸਾ ‘ਚ ਹੀ ਸਰਕਾਰੀ ਮਸ਼ੀਨਰੀ ਆਵਦੇ ਫ਼ਰਜ਼ਾਂ ਨੂੰ ਸੂਲੀ ਟੰਗ ਕੇ ਆਵਦੇ ਅਹੁਦੇ ਤੇ ਜਨਤਾ ਨਾਲ ਏਵੇਂ ਹੀ ਧ੍ਰਿਗ ਕਮਾਉਂਦੀ ਰਹੂਗੀ। ਬਾਈ ਤੂੰ ਹੀ ਦੱਸ ਕਿ ਨੋਟਾਂ ‘ਤੇ ਤੇਰੀ ਫੋਟੋ ਆਉਣ ਨਾਲ ਕੀ ਜੰਗ ਜਿੱਤਲਾਗੇ ਅਸੀਂ?
ਚੰਗਾ ਬਾਈ ਹੁਣ ਚਿੱਠੀ ਲਿਖਣੀ ਬੰਦ ਕਰਦਾ ਹਾਂ ਕਿਉਂਕਿ ਮਿਹਨਤ ਮੁਸ਼ੱਕਤ ਕਰਨ ਵਾਲੇ ਬੰਦੇ ਆਂ। ਰਾਤ ਵੀ ਬਾਹਵਾ ਹੋਗੀ ਸਵੇਰੇ ਕੰਮ ‘ਤੇ ਵੀ ਜਾਣੈ। ਬਾਈ ਆਵਦੇ ਸ਼ਹੀਦੀ ਦਿਨ ‘ਤੇ ਮੇਰੇ ਵੱਲੋਂ ਬਹੁਤ ਹੀ ਸਾਫ਼ ਦਿਲ ਨਾਲ ਬਿਨਾਂ ਕਿਸੇ ਫਰੇਬ ਦੇ ਪਾਈ ਨਿੱਘੀ ਗਲਵੱਕੜੀ ‘ਤੇ ਪੈਰੀਂ ਪੈਣਾ ਕਬੂਲ ਕਰੀਂ। ਬਾਕੀ ਗੱਲਾਂ ਕਦੇ ਫੇਰ ਸਹੀ। ਗਲਤੀ-ਫਲਤੀ ਮਾਫ ਕਰੀਂ।
ਤੇਰਾ ਛੋਟਾ ਵੀਰ,
ਮਨਦੀਪ ਖੁਰਮੀ ਹਿੰਮਤਪੁਰਾ
ਮੋਬਾ: 0044 75191 12312
No comments:
Post a Comment