ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, August 15, 2011

ਕੈਨੇਡਾ 'ਚ ਅਪਰੇਸ਼ਨ ਗਰੀਨ ਹੰਟ ਤੇ ਕੌਮੀਅਤਾਂ ਦੇ ਘਾਣ ਦਾ ਵਿਰੋਧ

ਈਸਟ ਇੰਡੀਅਨ ਡੀਫੈਂਸ ਕਮੇਟੀ ਵਲੋਂ 15 ਅਗਸਤ ਵਾਲੇ ਦਿਨ ਵੈਨਕੂਵਰ ਵਿੱਚ ਹਿੰਦੋਸਤਾਨੀ ਸਫ਼ਾਰਤਖਾਨੇ ਦੇ ਬਾਹਰ ਇੱਕ ਨਿਧੜਕ ਰੂਪ ਵਿੱਚ ਪਿਕਟ ਲਗਾਈ ਗਈ ਅਤੇ ਹਿੰਦੋਸਤਾਨੀ ਹਕੂਮਤ ਵਲੋਂ ਕਸ਼ਮੀਰ, ਨਾਗਾਲੈਂਡ, ਤਿਰੀਪੁਰਾ, ਮੀਜ਼ੋਰਾਮ ਅਤੇ ਆਦਿਵਾਸੀ ਲੋਕਾਂ ਉੱਪਰ ਕੀਤੇ ਜਾ ਰਹੇ ਹਮਲਿਆਂ ਤੇ ਜ਼ੁਲਮਾਂ ਦੀ ਵਿਰੋਧਤਾ ਕੀਤੀ ਗਈ।

ਅਪਰੇਸ਼ਨ ਗਰੀਨ ਹੰਟ ਰਾਹੀਂ ਹਕੂਮਤ ਵਲੋਂ ਆਪਣੇ ਹੀ ਲੋਕਾਂ ਵਿਰੁੱਧ ਛੇੜੀ ਜੰਗ ਦਾ ਸਖ਼ਤ ਵਿਰੋਧ ਕੀਤਾ ਗਿਆ।ਭ੍ਰਿਸ਼ਟਾਚਾਰ ਰਾਂਹੀ ਵਿਦੇਸ਼ਾਂ ਵਿੱਚ ਇੱਕਠੇ ਕੀਤੇ ਕਾਲੇ ਧੰਨ ਲਈ ਸਰਕਾਰਾਂ ਦੀ ਮਿਲੀ ਭੁਗਤ ਬਾਰੇ ਦੱਸਿਆ ਗਿਆ। ਭਾਰਤ ਅੰਦਰ ਪੰਜਾਬ ਸਮੇਤ ਕਿਸਾਨਾਂ ਪਾਸੋਂ ਖੋਹੀਆਂ ਜਾ ਰਹੀਆਂ ਜਬਰੀ ਜ਼ਮੀਨਾਂ ਅਤੇ ਲੋਕਾਂ ਉੱਤੇ ਕੀਤੇ ਜਾ ਰਹੇ ਜ਼ੁਲਮ ਜਬਰ ਤੋਂ ਇਲਾਵਾ ਭੁੱਖੇ ਮਰ ਰਹੇ ਗਰੀਬ ਮਜ਼ਦੂਰਾਂ ਦੀ ਹਾਲਤ ਜੋ ਇਹਨਾਂ ਵਲੋਂ ਕਿਸੇ ਵੀ ਰੂਪ ਵਿੱਚ ਦਰਸਾਈ ਨਹੀਂ ਜਾ ਰਹੀ ਦਾ ਕਰੂਪ ਚਿਹਰਾ ਨੰਗਾ ਕਰਨ ਲਈ ਹੀ ਅਤੇ ਹੋ ਰਹੇ ਜ਼ਸ਼ਨਾਂ ਦਾ ਦੂਸਰਾ ਪਾਸਾ ਦਿਖਾਉਣ ਲਈ ਹੀ ਇਹ ਪਿਕਟ ਲਗਾਈ ਗਈ ਸੀ।

ਸਫਾਰਤਖ਼ਾਨੇ ਦੇ ਕਈ ਹਫਤਿਆਂ ਦੇ ਪ੍ਰਚਾਰ ਦੇ ਬਾਵਜੂਦ ਸਮੁੱਚੀ ਕਮਿਊਨਿਟੀ ਵਿੱਚੋਂ 60 ਦੇ ਕਰੀਬ ਲੋਕ "ਅਜ਼ਾਦੀ" ਜਸ਼ਨਾਂ ਵਿੱਚ ਪਹੁੰਚ ਸਕੇ।ਸਫ਼ਾਰਤਖਾਨੇ ਦੇ ਕਰਮਚਾਰੀ ਇਤਨੀ ਘਬਰਾਹਟ ਵਿੱਚ ਆਏ ਕਿ ਉਹਨਾਂ ਨੇ ਈਸਟ ਇੰਡੀਅਨ ਡੀਫੈਂਸ ਕਮੇਟੀ ਵਲੋਂ ਛਾਇਆ ਕੀਤੀ ਸਟੇਟਮੈਂਟ ਨੂੰ ਲੋਕਾਂ ਦੇ ਹੱਥਾਂ ਵਿਚੋਂ ਖੋਹਣਾ ਸ਼ੁਰੂ ਕਰ ਦਿੱਤਾ ਤੇ ਆਪਣੀ ਕਮਜ਼ੋਰੀ ਤੇ ਖੋਖਲੇਪਣ ਦੀ ਪੂਰੀ ਨੁਮਾਇਸ਼ ਕੀਤੀ। ਜਿਹਨਾਂ ਲੋਕਾਂ ਨੇ ਸਟੇਟਮੈਂਟ ਅੰਦਰ ਲਿਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਅੰਦਰ ਜਾਣ ਦੀ ਬਜਾਇ ਵਾਪਸ ਮੋੜ ਦਿੱਤਾ। ਦੁਨੀਆਂ ਦੀ ਸਭ ਤੋਂ ਵੱਡੀ ਡੈਮੋਕਰੇਸੀ ਦਾ ਮਖੌਟਾ ਉਹਨਾਂ ਦੀਆਂ ਇਹਨਾਂ ਘਟੀਆ ਹਰਕਤਾਂ ਨੇ ਬਿਲਕੁਲ ਹੀ ਉਤਾਰ ਦਿੱਤਾ।

ਯਾਦ ਰਹੇ ਪਿਛਲੇ ਸਾਲ 15 ਅਗਸਤ ਦੇ ਮੁਜ਼ਾਹਰੇ ਤੋਂ ਬਾਅਦ ਸਫ਼ਾਰਤਖਾਨੇ ਵਲੋਂ ਮੁਜ਼ਾਹਰਾਕਾਰੀਆਂ ਦੇ ਹਿੰਦੋਸਤਾਨ ਜਾਣ ਦੇ ਲਈ ਵੀਜ਼ੇ ਰੋਕ ਦਿੱਤੇ ਸਨ ਤੇ ਨਵੇਂ ਸਿਰੇ ਤੋਂ ਕਾਲ਼ੀਆਂ ਸੂਚੀਆਂ ਬਣਾਉਣ ਦਾ ਐਲਾਨ ਕੀਤਾ ਸੀ।ਈਸਟ ਇੰਡੀਅਨ ਡੀਫੈਂਸ ਕਮੇਟੀ ਨੇ ਇਸਦੇ ਵਿਰੋਧ ਵਿੱਚ ਇੱਕ ਪਟੀਸ਼ਨ ਚਲਾਈ ਸੀ ਜਿਸ ਉੱਪਰ ਹੁਣ ਤੱਕ 10,000 ਤੋਂ ਵੱਧ ਲੋਕਾਂ ਨੇ ਦਸਖ਼ਤ ਕਰਕੇ ਇਹ ਦਰਸਾ ਦਿੱਤਾ ਹੈ ਕਿ ਹਿੰਦੋਸਤਾਨੀ ਕਮਿਊਨਿਟੀ ਦੇਸ਼ ਭਗਤਾਂ ਦੀ ਕਮਿਊਨਿਟੀ ਹੈ ਅਤੇ ਇਹ ਕਿਸੇ ਵੀ ਬਲੈਕਮੇਲ ਤੇ ਧਮਕੀ ਦੇ ਮੂਹਰੇ ਝੁਕਣ ਨੂੰ ਤਿਆਰ ਨਹੀਂ। ਅੰਗਰੇਜ਼ਾਂ ਨੂੰ ਹਿੰਦੋਸਤਾਨ ਵਿੱਚੋਂ ਬਾਹਰ ਕੱਢਣ ਲਈ ਗਦਰ ਪਾਰਟੀ ਨੇ ਅਹਿਮ ਭੂਮਿਕਾ ਨਿਭਾਈ ਸੀ।ਅੱਜ ਗਦਰ ਪਾਰਟੀ ਦੇ ਵਾਰਸਾਂ ਵਲੋਂ ਉਹੀ ਲੜਾਈ ਕਾਲੇ ਅੰਗਰੇਜ਼ਾਂ ਦੇ ਖਿਲਾਫ ਲੜੀ ਜਾ ਰਹੀ ਹੈ ਅਤੇ ਜਿੱਤ ਲੋਕਾਂ ਦੀ ਯਕੀਨੀ ਹੋਵੇਗੀ।

ਈਸਟ ਇੰਡੀਅਨ ਡੀਫੈਂਸ ਕਮੇਟੀ
ਹਰਭਜਨ ਚੀਮਾ
604 377 2415

No comments:

Post a Comment