ਬਾਮਣ ਨੁੰ ਹੱਥ ਵਿਖਾਉਣ ਪਿਛੋਂ ਸਾਡੇ ਮੁੰਡੇ ‘ਟੁੰਡੀ ਲਾਟ’ ਬਣ ਕੇ ਡੰਗਰਾਂ ਨੁੰ ਪੱਠਾ-ਦੱਥਾ ਵੀ ਛੱਡ ਏਜੰਟਾਂ ਪਿਛੇ ਹੋ ਜਾਂਦੇ ਨੇ ਤੇ ਉਧਰ ਸਿਆਸੀ ਹਲਕਿਆਂ ‘ਚ ਸੀ.ਪੀ.ਆਈ., ਸੀ.ਪੀ.ਐਮ,ਬਲਵੰਤ ਰਾਮੂਵਾਲੀਆ, ਸਿਮਰਨਜੀਤ ਸਿੰਘ ਮਾਨ, ਬਰਨਾਲਾ , ਭਾਈ ਬਿੱਟੂ , ਕਰੀਮਪੁਰੀ, ਦਲ ਖਾਲਸਾ ਸਣੇ ਕਈ ਅਕਾਲੀ ਦਲ ਲੌਗੋਵਾਲ ਤੇ 1920 ਵਰਗੀਆਂ ਰੁਸਦੀਆਂ-ਮੰਨਦੀਆਂ ਪਾਰਟੀਆਂ ਵਾਲੇ ਕੱਛਾਂ ਵਜਾਉਣ ਲਗ ਜਾਂਦੇ ਨੇ । ਪੰਜਾਬ ‘ਚ ਤੀਜਾ ਬਦਲ ਉਡੀਕਦੇ ਕਈ ਕਾਂ ਬਨੇਰਿਆਂ ਤੇ ਕਰੌਲੀਆਂ ਕਰ-ਕਰ ਉਡ ਗਏ ਪਰ ਤੀਜਾ ਬਦਲ ਨਹੀਂ ਆਇਆ । ਲਗਦੈ ਤੀਜੇ ਬਦਲ ਨੇ ਕਾਮਰੇਡਾਂ ਦੇ ‘ਇਨਕਲਾਬ’ ਦਾ ਜੂਠਾ ਖਾ ਲਿਆ।
ਉਝ ਇਮਾਨਦਾਰੀ ਨਾਲ ਖੰਗਾਲਿਆ ਜਾਵੇ ਤਾਂ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬ ‘ਚ ਪੋਲ ਹੋਈ ਕੁਲ ਵੋਟ ਪ੍ਰਤੀਸ਼ਤ (71%) ‘ਚੋਂ ਕਾਂਗਰਸ ਤੇ ਬਾਦਲ-ਅਕਾਲੀਆਂ ਨੁੰ ਪਈ ਵੋਟ ਮਨਫੀ ਕਰ ਦਿਤੀ ਜਾਵੇ ਤਾਂ ਪਤਾ ਲਗਦੈ ਕਿ ਸਿਰਫ 7 ਫੀਸਦੀ ਬੰਦੇ ਈ ਪੰਜਾਬ ‘ਚ ਤੀਜਾ ਬਦਲ ਚਾਹੁੰਦੇ ਨੇ । ਮਤਲਬ ਪਈ ਜੇ ਅਗਲੇ ਚਾਹੁੰਦੇ ਈ ਨਹੀਂ ਤੁਸੀ ਕਿਵੇਂ ਤੀਜਾ ਬਦਲ ਦੇ ਦਿਉਗੇ।
ਤੀਜਾ ਬਦਲ ਲੋਂੜੀਦਾ ਕਿਸ ਨੁੰ ਏ? ਮੇਰੀ ਜਾਂਚੇ ਉਨ੍ਹਾਂ ਨੇ ਤੀਜਾ ਬਦਲ ਕੀ ਕਰਨਾ ਜਿਨ੍ਹਾਂ ਦਾ ਭੁਕੜ ਵਾਲਾ ਜਹਾਜ਼ ਬਿਨਾ ਕਿਸੇ ਰੋਕ ਟੋਕ ਦੇ ਰਾਜਸਤਾਂਨ ਵਾਲਾ ਬਾਡਰ ਟੱਪ ਆਉਂਦਾ, ਉਨ੍ਹਾਂ ਤੀਜੇ ਬਦਲ ਰਗੜ ਕੇ ਫੋੜੇ ਤੇ ਲਾਉਣਾਂ ਜਿਨ੍ਹਾਂ ਨੁੰ ਠੇਕੇ ਤੇ ਜਾਣ ਲਈ ਚਾਰ ਪੈਰ ਨਹੀਂ ਤੁਰਨਦੇਂਦੇ ਅਗਲੇ ? ਹਰ ਪਿੰਡ ਦੇ ਅੱਡੇ ਤੇ ਦਿਨੇ ਲਾਟੂ ਜਗਾਈ ਬੈਠੇ ਠੇਕਿਆ ਵਾਲੇ । ਉਨ੍ਹਾਂ ਤੀਜੇ ਬਦਲ ਨੁੰ ਚਿਤੜਾਂ ‘ਚ ਲੈਣਾ ਜਿਨ੍ਹਾਂ ਦੇ ਘੱਤੀਮਾਰ ਗੋਲੀਆਂ ਟੀਕੇ ਕੈਪਸੁਲ ਵਿਕਣ ਡਹੇ ਨੇ ?ਕੋਈ 4000 ਦੀ ਟਰਾਲੀ ਰੇਤ ਵੇਚੀ ਜਾਂਦਾ, ਕੋਈ ਖਾਸ ਨੰਬਰ ਵਾਲੀਆਂ ਬੱਸਾਂ ਲਈ ਫਿਰਦਾ, ਰੋਡਵੇਜ ਤੇ ਘੋੜੇ ਵਾਲੀਆਂ (ਪੀ.ਆਰ.ਟੀ.ਸੀ)ਖੁਡੇ ਲੈਨ ਲਾਤੀਆਂ, ਕੋਈ ਹੋਟਲ ਖੋਲ ਕੇ ਰੰਡੀਪੁਣਾ ਕਰ ਰਿਹਾ, ਨੀਲੀ ਪੱਗ ਬੰਨ ਕੇ ਜਨਾਨੀਆਂ ਦੀ ਦਲਾਲੀ ਕਰ ਰਿਹਾ, ਕਈ ਸਾਰੀ ਉਮਰ ਅਫਸਰੀਆਂ ਕਰਕੇ ਹੁਣ ਨਿਆਣਿਆਂ ਲਈ ਬੈਂਕਾਂ ਪੋਲੀਆਂ ਕਰਨ ਨੁੰ ਫਿਰਦੇ ਆ । ਕੌਣ ਚਾਹੂਗਾ, ਬਦਲ ਜਦੋਂ ਬਾਦਲਾਂ ਨਾਲ ਵਧੀਆ ਸਰ ਰਿਹਾ ਤਾਂ ???
ਉਹ ਕਿਹੜੇ ਨੇ ਜਿਹੜੇ ਤੀਜਾ ਬਦਲ ਚਾਹੁੰਦੇ ਨੇ ? ਮਨਪ੍ਰੀਤ ਬਾਦਲ ਦੀ ਮੰਨੀਏ ਤਾਂ ਉਹ ਕਹਿੰਦਾ ਕਿ ਬਾਹਰਲੇ ਮੁਲਕਾਂ ‘ਚ ਬੈਠੇ ਪੰਜਾਬੀ, ਪੰਜਾਬ ‘ਚ ਤੀਜਾ ਬਦਲ ਚਾਹੁੰਦੇ ਨੇ । ਅਖੇ ਜੀ ! ਪੰਜਾਬ ‘ਚ ਅਗਾਂਹ ਵਧੂ ਲੋਕ ਤੀਜਾ ਬਦਲ ਚਾਹੁੰਦੇ ਨੇ । ਗੱਲ 16 ਆਨੇ ਸੱਚ ਆ , ਪਰ ਮਨਪ੍ਰੀਤ ਕੋਲੋਂ ਪੁਛਣਾ ਬਣਦਾ ਕਿ , ਭਾਈ ਤੇਰੇ ਸਾਥ ‘ਚ ਤੇਰੇ ਤਾਏ ਨੇ ਅਗਾਂਹ ਵਧਣ ਕਿਸ ਨੁੰ ਦਿਤਾ ?? ਰਹੀ ਗੱਲ ਵਿਦੇਸਾਂ ਵਾਲਿਆਂ ਦੀ, ਮੇਰੇ ਵਰਗੇ ਪੇਂਡੂਆਂ ਦਾ ਪਿੰਡੇ ਤੇ ਹੰਡਾਇਆ ਤਜ਼ਰਬਾ ਕਹਿੰਦਾ ਕਿ ਸਿਰ ਤੇ ਚੁਕੀ ਪੰਡ ਤੇ ਕੰਢ ਤੇ ਮਗਰੇ ਮਾਰੀ ਪੰਡ ‘ਚ ਫਰਕ ਹੁੰਦਾ । ਜਿਹੜੀ ਪੰਜਾਬ ‘ਚ ਰਹਿਣ ਵਾਲਿਆਂ ਦੇ ਸਿਰ ਤੇ ਆ ਤੇ ਬਾਹਰ ਵਾਲਿਆਂ ਦੇ ਮੋਢਿਆਂ ‘ਤੇ ਆ । ਬਾਹਰ ਵਾਲਿਆਂ ਦੇ ਸੁਲਝਾਇਆਂ ਮਸਲੇ ਸੁਲਝਦੇ ਹੁੰਦੇ ਤਾਂ ਸਿਮਰਨਜੀਤ ਸਿੰਘ ਹੁਰਾਂ ਦਾ ਖਾਲਿਸਤਾਨ ਬਣਿਆ ਹੁੰਦਾ । ਉਨ੍ਹਾਂ ਜਿਨੀ ਬਾਹਰੋ ਸਪੋਟ ਕਿਸ ਦੀ ਹੋਣੀ ਏ ?
ਮਨਪ੍ਰੀਤ ਬਾਦਲ ਨੁੰ ਤੀਜੇ ਬਦਲ ਦਾ ਝੰਡਾ ਕਿਹੜੀਆਂ ਮਜਬੂਰੀਆਂ ‘ਚ ਚੁਕਣਾ ਪਿਆ ਬਹੁਤਿਆਂ ਨੁੰ ਪਤੈ ਈ ਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਨਪ੍ਰੀਤ ਆਪਣੇ ਤਾਏ ਵਾਲੀ ਯੋਗਤਾ ਰੱਖਦਾ ਏ ਜਿਹੜੀ ਕਿ ਤਾਏ ਦੇ ਪੁਤ ‘ਚ ਨਹੀਂ । ਪ੍ਰਕਾਸ ਸਿੰਘ ਸਾਰੀ ਉਮਰ ਲੋਕਾਂ ਨੁੰ ਡਰਾਵੇ ਜਿਹੇ ਦੇ ਕੇ ਰਾਜ ਕਰ ਗਿਆ । ਕਦੇ ਪੰਥ ਨੁੰ ਖਤਰਾ ਪੈ ਗਿਆ, ਕਦੇ ਕੇਂਦਰ ਨੇ ਮਾਰਤੇ, ਕਦੇ ਕਾਂਗਰਸ ਦੀ ਸ਼ਾਜਸ,
ਕਦੇ ਅਤਿਵਾਦ, ਕਦੇ ਅਤਿਵਾਦ ਦਾ ਕਰਜ਼ਾ ਤੇ ਕਦੇ ਕੇਂਦਰ ਦਾ ਕਿਸਾਨ ਵਿਰੋਧੀ ਹੋਣਾਂ। 40 ਸਾਲਾਂ ਦੀ ਸਿਆਸਤ ‘ਚ ਪਹਿਲੇ ਦਿਨ ਤੋਂ ਲੈ ਕੇ ਅੱਜ ਤਕ ਇਹੀ 4 ਮੁਦੇ ਨੇ, ਕਦੇ ਰੋ-ਧੋ ਕੇ ਕਦੇ, ਕਦੇ ਨੀਵੇਂ ਬਹਿ ਕੇ, ਕਦੇ ਛਿਤਰ ਪੌਲੇ ਨਾਲ ਤੇ ਕਦੇ ਤੁਕੇ ਨਾਲ ਅਗਲਾ 4 ਵਾਰ ਮੁੱਖ ਮੰਤਰੀ ਬਣ ਗਿਆ । ਮਨਪ੍ਰੀਤ ਵੀ ਤਾਏ ਦੀ ਲੀਹ ਤੇ ਜੜੋਂ ਉਖੜੇ ਮੁਦੇ ਲੈ ਕੇ ਲੋਕਾਂ ਨੁੰ ਜਜਬਾਤੀ ਕਰਨ ਦੀ ਕੋਸ਼ਿਸ਼ ‘ਚ ਆ । ਮੁਦੇ ਵੇਖੋ, ਅਖੇ ਜੀ ! ਲਾਲ ਬੱਤੀ ਤੰਤਰ ਖਤਮ ਕਰਾਂਗੇ । ਇਸ ਮੁੱਦੇ ਦਾ ਮੁਹਾਂਦਰਾ ਤਾਏ ਦੇ ਸੰਗਤ ਦਰਸ਼ਨ ਨਾਲ ਰਲਦਾ, ਸਾਡੇ ਘਰਾਂ ‘ਚ ਰੁਜ਼ਗਾਰ ਨਹੀਂ ਗਰੀਬ ਦੇ ਰੋਟੀ ਨਹੀਂ , ਸਾਨੁੰ ਲਾਲ ਬੱਤੀ ਨਾਲ ਕੀ ? ਤੁਸੀ ਇਕ ਗੱਡੀ ਤੇ 20 ਬੱਤੀਆਂ ਵੀ ਲਾ ਲਾਉ , ਜਨਤਾ ਨੁੰ ਤੇ ਰੁਜਗਾਰ ਚਾਹੀਦਾ ।
ਦੂਜਾ ਵੱਡਾ ਮੁੱਦਾ ਭਿਰਸਟਾਚਾਰ, ਗੱਲ ਸੁਣਨ ‘ਚ ਕੌੜੀ ਆ ਪਰ ਭਾਰਤ ‘ਚ ਭਿਰਸਟਾਚਾਰ ਵੀ ਕੋਈ ਮੁਦਾ ਏ ? ਚੋਰਾਂ ਦਾ ਦੇਸ਼ ਏ ਇਹ ਤਾਂ ਇਉਂ ਆ ਜਿਵੇ ਕੋਈ ਅਲਾਨ ਦੇਵੇ ਕਿ ਮੈਨੁੰ ਵੋਟਾਂ ਪਾਉ ਮੈਂ ਤੁਹਾਡਾ ਹੁਕਾ-ਪਾਣੀ ਬੰਦ ਕਰਾਂਗਾ। ਜਨਾਬ ਹੁਰੀ, ਲੋਕਾਂ ਨੁੰ ਨਾਹਰਾ ਦਿੰਦੇ ਨੇ ਨਿਯਾਮ ਬਦਲਣ ਦਾ। ਨਿਯਾਮ ਹੁੰਦਾ ਕੀ ਏ ? ਨਿਯਾਮ ਤੋਂ ਭਾਵ ਕਿ ਜਿਵੇ ਭਾਰਤ ‘ਚ (ਨਾਂ ਦਾ) ਲੋਕਤੰਤਰ ਆ, ਕੀ ਮਨਪ੍ਰੀਤ ਲੋਕਤੰਤਰ ਦੀ ਥਾਂ ਕੋਈ ਨਵਾਂ ਤਤੰਰ ਲਿਆਊ , ਨਹੀਂ ਉਹ ਤਾਂ ਸਿਰਫ ਸਤਾ ਬਦਲਣ ਦਾ ਸੁਪਨਾ ਦੇਖ ਰਿਹਾ ।
ਸਵਾਲ ਇਹ ਬਣਦਾ ਕਿ ਕੀ ਮਨਪ੍ਰੀਤ ਸੱਤਾ ਬਦਲ ਸਕਦਾ ? ਕਹਿਣ ਨੁੰ ਤਾਂ ਸੱਤਾ ਬਦਲਣੀ ਲੋਕਾਂ ਦੇ ਹੱਥ ਹੁੰਦੀ ਆ, ਪਰ ਲੋਕ ਤਾਂ ਪਿਛਲੇ 50 ਸਾਲਾਂ ਦੀ ਸਿਆਸਤ ਨੇ ਅਪਾਹਜ ਕਰ ਛੱਡੇ, ਪ੍ਰਕਾਸ ਸਿੰਘ ਬਾਦਲ ਦੇ ਸੰਗਤ ਦਰਸ਼ਨ ਤੇ ਕਾਂਗਰਸ ਦੀਆਂ ਵਿਕਾਸਯਾਤਰਾਵਾਂ ਅੱਖੀ ਵੇਖੀਆਂ ਨੇ, ਲੋਕ ਨਿਕੀਆਂ ਨਿਕੀਆਂ ਗਰਜ਼ਾਂ ਲਈ ਲੇਟੇ ਮਾਰਦੇ ਆ ਸਿਆਸਤਦਾਨਾਂ ਅੱਗੇ । ਬੰਦਾ ਰੁਜਗਾਰ ਮੰਗਦਾ ਹੁੰਦਾ ਤੇ ਸਿਆਸਤਦਾਨ ਲੈਟਰੀਨ ਦੀ ਅਰਜੀ ਰਿਕਮੈਂਡ ਕਰ ਕੇ ਕਹਿੰਦਾ ‘ਭਾਈ ਸਾਨੁੰ ਤੇਰਾ ਫਿਕਰ ਆ’। ਲੋਕ ਕੈਸਰ ਦੀ ਬਿਮਾਰੀ ਦਾ ਇਲਾਜ ਮੰਗ ਰਹੇ ਹੁੰਦਾ ਨੇ ਤੇ ਬਾਦਲ ਸਾਬ ਮੜੀਆਂ ਦੇ ਰਾਹ ਤੇ ਇੱਟਾਂ ਤੇ ਸਿਵਿਆਂ ਕੋਲੇ ਨਲਕਾ ਲਾਉਣ ਲਈ ਗ੍ਰਾਂਟ ਦੇ ਕੇ ਤੁਰ ਜਾਂਦੇ ਨੇ । ਗੱਡੀ ਤੇ ਬੱਤੀ ਲਾਲ ਹੋਵੇ ਜਾਂ ਹਰੀ, ਤੁਸੀ ਲੋਕਾਂ ਦੇ ਵਿਹੜੇ ‘ਚ ਜਾ ਕੇ ਬੈਠੋ ਜਾਂ ਚੰਡੀਗੜ੍ਹ,ਕੀ ਫਰਕ ਪੈਂਦਾ ਜਦੋਂ ਕਿਸੇ ਦੀ ਜਿੰਦ ਈ ਸੁਖਾਲੀ ਨਹੀਂ ਹੋਣੀ ।
ਰਹੀ ਗੱਲ ਭਗਤ ਸਿੰਘ ਦੀ ਸੋਚ ਦੀ , ਕਹਿਣ ਨੁੰ ਤਾਂ ਅਕਾਲੀ ਦਲ ਵੀ ਬਾਬੇ ਨਾਨਕ ਤੇ ਗੁਰੂ ਗੋਬਿੰਦ ਸਿੰਗ ਜੀ ਦੀ ਵਿਚਾਰਧਾਰਾ ਦਾ ਪ੍ਰਚਾਰਕ ਹੈ । ਜਿਦਾਂ ਦੀ ਅਕਾਲੀਆਂ ਗੁਰੂ ਨਾਨਕ ਨਾਲ ਕੀਤੀ ਜੇ ਉਦਾਂ ਦੀ ਮਨਪ੍ਰੀਤ ਭਗਤ ਸਿੰਘ ਨਾਲ ਕਰੂ ਤਾਂ ਕੋਈ ਖਬਰ ਨਹੀਂ ਬਣਨੀ। ਕਿਉਂ ਕਿ ਇਹ ਵੋਟ-ਲੁਭਾਊ ਤੇ ਲੋਕ ਮਸਲਿਆਂ ਨਾਲੋਂ ਟੁਟੀ ਸਿਆਸਤ ਦੇ ਖਿਡਾਰੀ ਸਖਸੀਅਤਾਂ ਨੁੰ ਇਉਂ ਹੀ ਵਰਤਦੇ ਨੇ ।
ਅਸਲੀ ਤਸਵੀਰ ਕੀ ਹੈ ? ਸੱਤਾ ਦੇ ਸ਼ਿਕਾਰੀਆਂ ਨੇ ਸੱਤਾ ਤੇ ਕਾਬਜ਼ ਰਹਿਣ ਦੇ ਜੁਗਾੜ ਏਨੇ ਪੱਕੇ ਕੀਤੇ ਨੇ ਬਿਨ੍ਹਾਂ ਕਿਸੇ ਨਿਯਾਮ ਬਦਲੂ ਲੋਕ ਲਹਿਰ ਦੇ ਹਿੱਲ ਨਹੀਂ ਸਕਦੇ । ਸੱਤਾ ਬਦਲੀ ਹਵਾਵਾਂ ਤਾਂ ਕੀ ਵਿਗਾੜ ਸਕਦੀਆਂ । ਕਾਂਗਰਸ ਤੇ ਅਕਾਲੀ ਦਲ 47 ਤੋਂ ਪਹਿਲਾਂ ਦੀਆਂ ਪਾਰਟੀਆਂ , ਲੋਕਾਂ ‘ਚ ਇਨ੍ਹਾਂ ਦੀਆਂ ਜੜਾਂ ਬੋਹੜ ਵਾਂਗ ਲੱਗੀਆਂ ਨੇ, 150 ਵੋਟ ਵਾਲੇ ਪਿੰਡ ‘ਚ ਦੋਵਾਂ ਪਾਰਟੀਆਂ ਦੇ 5-5 ਚੜਿਕ ਪ੍ਰਧਾਨ ਹੁੰਦੇ ਆ ਤੇ ਅਗ਼ਾਂਹ 7-7 ਵਰਕਰ । ਲੋਕ ਪਾਰਟੀਆਂ ਨਾਲ ਇਨੀ ਕਰੂਪਤਾ ਨਾਲ ਜੁੜੇ ਨੇ ਕਿ ਮਰਨ-ਜੰਮਣ, ਵਿਆਹ-ਸਾਹੇ ਤੇ ਸਾਕ-ਸਕੀਰੀਆਂ ਵੀ ਛੁਟ ਗਈਆਂ ਨੇ। ਯਾਦ ਰੱਖੋ ! ਨਿਯਾਮ ਦੇ ਬੋਹੜ ਦੀਆਂ ਜੜਾਂ ਪੱਟਣ ਲਈ ਝੱਖੜ ਤੇ ਤੁਫਾਨ ਲੋੜੀਦੇ ਨੇ ।
ਫਿਰ ਬਦਲ ਦਾ ਬਾਨਣੂ ਕੌਣ ਬੰਨੂ ? ਬਦਲ ਤਾਂ ਉਦੋਂ ਈ ਆਊ ਜਦੋਂ ਲੋਕ ਬਦਲ ਚਾਹੁਣਗੇ, ਲੋਟੂ ਸਿਆਸਤਦਾਨਾਂ ਦੇ ਅਪਾਹਜ ਕੀਤੇ ਲੋਕ ਜਿਦਣ ਉਠਣਗੇ । ਜਿਦਣ ਲੀਡਰ ਕਿਸੇ ਸਿਆਸੀ ਟੱਬਰ ‘ਚੋਂ ਨਹੀਂ ਲੋਕਾਂ ‘ਚੋਂ ਉਠਣਗੇ । ਆਗੂ, ਜਿਹੜਾ ਤਿਲ ਤਿਲ ਮਰਦੀ ਛੋਟੀ ਕਿਸਾਨੀ ਦੀ ਮੁਕਤੀ ਦਾ ਰਾਹ ਲੱਭੂ । ਸਿਆਸਤਦਾਨਾਂ ਦੇ ਦਿਤੇ ਛੁਣਛਣੇ ਵਜਾਉਦੇ ਗੁੰਗੇ ਬੋਲੇ ਹੋਏ ਮਜ਼ਦੂਰਾਂ ਨੁੰ ਜੁਬਾਨ ਦੇਊ। ਪੈਲੀਆਂ ‘ਚ ਡੰਗਰਾਂ ਦੀ ਜੂਨ ਹੰਡਾਉਂਦੇ ਖੇਤ-ਮਜਦੂਰਾਂ ਦੀ ਚੁਰਾਸੀ ਕੱਟੂ । ਪੰਜਾਬ ਦੇ ਪਾਣੀਆਂ ਦੀ ਗੱਲ ਕਰੂ, ਜੁਬਾਨ ਤੇ ਪਛਾਣ ਵਰਗੇ ਹੋਂਦ ਨਾਲ ਜੁੜੇ ਮੁਦੇ ਲੈ ਕੇ ਆਊ । ਡੇਰਿਆਂ, ਨਸ਼ਿਆਂ ਤੇ ਗਾਉਂਣ ਵਾਲਿਆਂ ਤੋਂ ਮੁਕਤੀ ਦਿਵਾਊ। ਉਸ ਦਿਨ ਬਦਲ ਆਊਗਾ ।
ਗੱਲ ਸੁਣੀ ਸੁਣਾਈ ਤੇ ਸਿਆਸੀ ਪੰਡਤਾਂ ਦੀ ਭਵਿਖਬਾਣੀ ਵਾਲੀ, ਅਉਂਦੀਆਂ ਚੋਣਾਂ ‘ਚ ਜੇ ਅੱਜ ਦੀ ਤਰੀਕ ‘ਚ ਵੇਖਿਆ ਜਾਵੇ ਨੀਲੀ ਪੱਗ ਤੇ ਖਾਕੀ ਨਿਕਰ ਦੀ ਮੈਚਿੰਗ ਵਾਲਿਆਂ ਦੀ ਕਾਟੋ ਉਤਰਦੀ ਤੇ ਰਾਜੇ ਦੀ ਮੁਛ ਖੜਦੀ ਦਿਖਦੀ ਏ । ਕੁਲ ਮਿਲਾ ਕੇ ਹਾਲੇ ਤਾਂ ਮੇਰੇ ਲੋਕਾਂ ਦੀ ਬੇੜੀ ਹੋਰ ਡੁੰਘੇਪਾਣੀਆਂ ਨੁੰ ਜਾਂਦੀ ਲਗਦੀ ਏ। ਸ਼ਾਲਾ ! ਜਰੂਰ ਨਿਤਰਨਗੇ ਚੱਪੂ ਵਾਲੇ ਜਿਹੜਾ ਬੰਨੇ ਲਾਉਣਗੇ
ਪੰਜਾਬ ਦੀ ਡੁਬਦੀ ਬੇੜੀ ਨੁੰ ।
ਚਰਨਜੀਤ ਤੇਜਾ
ਲੇਖਕ ਪੱਤਰਕਾਰ ਹਨ।
ਵਾਹ ਤੇਜਾ..ਸਿਧੀਆਂ ਗੱਲਾਂ ਤੇ ਠੇਠ ਲਹਿਜਾ! ਸਚ ਬਿਆਨਿਆ ਏ ਮਿੱਤਰਾ!
ReplyDeleteਪੰਜਾਬ ਦਾ ਮਿਡਲ ਕਲਾਸ ਤਬਕਾ, ਬਹੁਤ ਵੋਕਲ (ਬੋਲਣ ਵਾਲਾ) ਹੈ ਅਤੇ ਸਿਰਫ ਵੋਕਲ (ਬੋਲਣ ਵਾਲਾ) ਹੀ ਹੈ,ਕੁਝ ਕਰ-ਗੁਜ਼ਰਨ ਦੇ ਸਮਰੱਥ ਨਹੀਂ ਹੈ. ਪੰਜਾਬ ਦੀਆਂ ਕਮਿਊਨਿਸਟ ਪਾਰਟੀਆਂ ਦੀ ਵਾਗ-ਡੋਰ ਇਹਨਾਂ ਦੇ ਹੱਥਾਂ ’ਚ ਹੀ ਹੈ. ਮਨਪ੍ਰੀਤ ਦੀ ਗੱਡੀ ਨੂੰ ਧੱਕਾ ਲਾਉਣ ਲਈ ਏਹੀ ਤਬਕਾ ਅੱਗੇ ਆਇਆ ਸੀ, ਗੱਡੀ ਨੂੰ ਧੱਕਾ ਜ਼ਰੂਰ ਲਗਾਇਆ ਸੀ ਪਰ ਫੇਸ ਬੁਕ ਰਾਹੀਂ. ਚੋਣਾ ਵਿਚ, ਮਨਪ੍ਰੀਤ ਦੇ ਉਮੀਦਵਾਰਾਂ ਨੂੰ ਵਰਕਰ ਹੀ ਨਹੀਂ ਲੱਭੇ. ਕਿੰਨੀ ਸਿਤਮ-ਜ਼ਰੀਫ਼ੀ ਹੈ ਕਿ ਗੁਰਦਾਸ ਬਾਦਲ ਨੂੰ, ਉਸਦੀ ਆਪਣੀ ਜ਼ਮੀਨ ਵਿਚੋਂ 6000 ਤੋਂ ਘੱਟ ਵੋਟ ਮਿਲੇ ਅਤੇ ਮਨਪ੍ਰੀਤ ਆਪਣੇ ਗਿਦੜਬਾਹੇ ਵਿਚੋਂ ਹੀ ਹਾਰ ਗਿਆ. ਕੁਝ ਲੋਕ ਕਹਿੰਦੇ ਨੇ ਕਿ ਜੇ ਮਨਪ੍ਰੀਤ ਨਾ ਹੁੰਦਾ ਤਾਂ ਬਾਦਲ ਸਾਹਿਬ ਸ਼ਾਇਦ ਤੀਜੀ ਦਫ਼ਾ ਮੁੱਖ-ਮੰਤਰੀ ਨਾ ਬਣ ਸਕਦੇ
ReplyDeletevery good veer ji
ReplyDelete