ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, August 16, 2011

ਜ਼ਿੰਦਗੀ ਭਰ ਜੂਝਦਾ ਰਿਹਾ ਕਾਮਰੇਡ ਦਰਸ਼ਨ ਦੁਸਾਂਝ

ਮੁਲਾਕਾਤੀ : ਅਜਮੇਰ ਸਿੱਧੂ
1967 ਵਿੱਚ ਉੱਠੀ ਨਕਸਲਬਾੜੀ ਦੀ ਬਗਾਵਤ ਭਾਰਤੀ ਲੋਕਾਂ ਦੇ ਮੁਕਤੀ ਸੰਘਰਸ਼ ਵਿੱਚ ਇੱਕ ਇਤਿਹਾਸਕ ਮੋੜ ਸੀ। ਪੰਜਾਬ ਵਿੱਚ ਸ਼ਹੀਦ ਬਾਬਾ ਬੂਝਾ ਸਿੰਘ, ਸ਼ਹੀਦ ਦਇਆ ਸਿੰਘ, ਸ਼ਹੀਦ ਬਾਬਾ ਹਰੀ ਸਿੰਘ ਮਰਗਿੰਦ, ਕਾਮਰੇਡ ਹਾਕਮ ਸਮਾਓਂ, ਕਾਮਰੇਡ ਦਰਸ਼ਨ ਖਟਕੜ ਅਤੇ ਬਹੁਤ ਸਾਰੇ ਨਕਸਲੀ ਆਗੂਆਂ ਨੇ ਨਕਸਲੀ ਬਗਾਵਤ ਜਥੇਬੰਦ ਕਰਕੇ ਅਤੇ ਸੀ.ਪੀ. ਆਈ. (ਐੱਮ.ਐੱਲ) ਦੀ ਸਥਾਪਨਾ ਕਰਕੇ ਕਮਿਊਨਿਸਟ ਵਿਚਾਰਧਾਰਾ ਨੂੰ ਇੱਕ ਨਵਾਂ ਮੋੜ ਦਿੱਤਾ। ਕਾਮਰੇਡ ਦਰਸ਼ਨ ਦੁਸਾਂਝ ਵੀ ਇਸ ਲਹਿਰ ਦੇ ਮੁੱਢਲੇ ਦੌਰ ਸਮੇਂ ਹੀ ਕੁੱਲ-ਵਕਤੀ ਕਾਮਰੇਡ ਵਜੋਂ ਸਾਹਮਣੇ ਆਏ। ਉਹ ਸੀ.ਟੀ.ਸੀ.ਪੀ.ਆਈ. (ਐੱਮ.ਐੱਲ) ਦੇ ਕੇਂਦਰੀ ਕਮੇਟੀ ਦੇ ਮੈਂਬਰ ਅਤੇ ਪੰਜਾਬ ਰਾਜ ਕਮੇਟੀ ਦੇ ਸੂਬਾ ਸਕੱਤਰ ਰਹੇ । ਮਾਸਿਕ ਮੈਗਜ਼ੀਨ 'ਸ਼ਹੀਦ' ਦੇ ਸੰਪਾਦਕ ਸਨ। ਉਨ੍ਹਾਂ ਜ਼ਿੰਦਗੀ ਦੇ ੪੫ ਵਰ੍ਹੇ ਕੁੱਲ-ਵਕਤੀ ਇਨਕਲਾਬੀ ਵਜੋਂ ਲੋਕ ਸੰਗਰਾਮ ਨੂੰ ਸਮਰਪਿਤ ਕੀਤੇ। ਉਹ ਚੜ੍ਹਦੀ ਉਮਰੇ ਰਿਪਟਾ ਵਿੱਚ ਰੰਗਕਰਮੀ ਵਜੋਂ, ਸੀ.ਪੀ.ਆਈ. ਅਤੇ ਸੀ.ਪੀ. ਐੱਮ. ਪਾਰਟੀਆਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਸੰਸਾਰ ਮਜ਼ਦੂਰ ਜਮਾਤ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਜਦੋਜਹਿਦ ਕਰਦੇ ਰਹੇ।

ਨਕਸਲਬਾੜੀ ਲਹਿਰ ਦੇ ਸਿਧਾਂਤ ਦੇ ਅਨੁਸਾਰ ਉਨ੍ਹਾਂ ਕ੍ਰਾਂਤੀਕਾਰੀ ਯਥਾਰਥ ਪਰਿਵਰਤਨ ਲਈ ਗੁਰੀਲਾ ਯੁੱਧ ਨੂੰ ਮੁੱਖ ਵਿਚਾਰਧਾਰਕ ਸਾਧਨ ਬਣਾ ਲਿਆ ਜਿਸ ਕਾਰਨ 10 ਸਤੰਬਰ 1970 ਨੂੰ ਪੁਲੀਸ ਨੇ ਫਿਲੌਰ ਲਾਗੇ ਜੋਗਿੰਦਰ ਸਿੰਘ ਦੇ ਖੂਹ ਤੋਂ ਫੜ ਲਿਆ। ਅੰਤਾਂ ਦਾ ਤਸ਼ੱਦਦ ਕਰਕੇ ਜੇਲ੍ਹ ਭੇਜ ਦਿੱਤਾ। 14 ਸਤੰਬਰ 1972 ਨੂੰ ਜੇਲ੍ਹ ਤੋਂ ਰਿਹਾਅ ਹੋ ਕੇ ਮੁੜ ਰੂਪੋਸ਼ ਹੋ ਗਏ। 22 ਸਤੰਬਰ 1974 ਨੂੰ ਪੁਲੀਸ ਨੇ ਧੋਖੇ ਨਾਲ ਸੂਰਾਨਸੀ ਨੇੜੇ ਜਲੰਧਰ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇੱਕ ਕਾਮਰੇਡ ਜੋਗਿੰਦਰ ਜਿੰਦ ਨੂੰ ਖ਼ਤਮ ਕਰਕੇ ਦੁਸਾਂਝ ਨੂੰ ਗੋਲੀਆਂ ਨਾਲ ਛੱਲਣੀ ਕਰ ਦਿੱਤਾ। ਜੇਲ੍ਹ ਵਿੱਚ ਇੱਕ ਲੱਤ ਗੈਂਗਰੀਨ ਕਰਕੇ ਕੱਟਣੀ ਪਈ। ਐਮਰਜੈਂਸੀ ਤੋਂ ਬਾਅਦ ਰਿਹਾਅ ਹੋ ਕੇ ਮੁੜ ਲਹਿਰ ਨੂੰ ਜਥੇਬੰਦ ਕਰਨ ਲਈ ਆਗੂ ਭੂਮਿਕਾ ਨਿਭਾਉਣ ਲੱਗੇ।

ਨਕਸਲਾਬਾੜੀ ਲਹਿਰ ਨੇ ਰਾਜਨੀਤਕ ਖੇਤਰ ਦੇ ਨਾਲ-ਨਾਲ ਸਾਹਿਤ ਦੇ ਖੇਤਰ ਵਿੱਚ ਵੀ ਇੱਕ ਅਹਿਮ ਮੋੜ ਲਿਆਂਦਾ। ਜੁਝਾਰਵਾਦੀ ਸਾਹਿਤ ਧਾਰਾ ਇਸੇ ਲਹਿਰ ਦਾ ਉਭਾਰ ਸੀ। ਦੁਸਾਂਝ ਨੇ ਵੀ ਜੁਝਾਰਵਾਦੀ ਕਾਵਿ-ਧਾਰਾ ਦੇ ਦੂਜੇ ਲੇਖਕਾਂ ਵਾਂਗ ਸਾਹਿਤ ਵਿੱਚਲੇ ਆਦਰਸ਼ ਦੀ ਨੀਂਹ ਕਿਰਤ ਉਪਰ ਹੋ ਰਹੇ ਜ਼ੁਲਮ ਵਿੱਰੁਧ ਹਥਿਆਰਬੰਦ ਸੰਘਰਸ਼ ਕਰਨ ਉੱਤੇ ਰੱਖੀ। ਉਨ੍ਹਾਂ 'ਲੂਣੀ ਧਰਤੀ' (ਕਾਵਿ ਸੰਗ੍ਰਹਿ ੧੯੯੪) ਅਤੇ 'ਅਮਿੱਟ ਪੈੜਾਂ (ਨਕਸਲੀ ਲਹਿਰ ਦੀਆਂ ਵਾਰਤਕ ਯਾਦਾਂ ਦਾ ਸੰਗ੍ਰਹਿ 2000) ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ। ਉਨ੍ਹਾਂ ਨਾਲ ਕਿਸੇ ਸਮੇਂ ਕੀਤੀ ਮੁਲਾਕਾਤ ਦੇ ਪੇਸ਼ ਹਨ ਕੁੱਝ ਅੰਸ਼:

* ਤੁਸੀਂ ਲਹਿਰ ਨਾਲ ਕਿਵੇਂ ਜੁੜੇ?

- ਮੇਰੀ ਸਮਾਜਿਕ ਆਰਥਿਕ ਨਾਬਰਾਬਰੀ ਵਾਲੇ ਅਤੇ ਵਰਣ ਵਿਵਸਥਾ ਵਾਲੇ ਕਰੂਪੀ ਚਿਹਰੇ ਵਾਲੇ ਮੌਜੂਦਾ ਰਾਜ ਪ੍ਰਬੰਧ ਨਾਲ ਅਥਾਹ ਨਫ਼ਰਤ ਹੈ। ਸਾਡੀ ਲਹਿਰ ਪੂੰਜੀਵਾਦੀ ਜਾਗੀਰਦਾਰਾਨਾ ਨਿਜ਼ਾਮ ਪ੍ਰਤੀ ਅਸੰਤੁਸ਼ਟਤਾ 'ਚੋਂ ਪ੍ਰਗਟ ਹੋਈ। ਸਾਡੀ ਇੱਕ ਧੀ-ਭੈਣ ਨੂੰ ਪੱਠਿਆਂ ਦੀ ਪੰਡ ਜਾਂ ਸਾਗ ਚੀਰਨੀ ਲਈ ਇੱਜ਼ਤ ਲੁਟਾਉਣੀ ਪੈ ਜਾਂਦੀ ਹੈ। ਕਿਸਾਨ ਦੀ ਧੀਆਂ ਪੁੱਤਾਂ ਤੋਂ ਵੀ ਪਿਆਰੀ ਫ਼ਸਲ ਮੰਡੀਆਂ ਵਿੱਚ ਰੁਲਦੀ ਹੈ। ਗੱਲ ਕੀ, ਜਿਹੜਾ ਭੁੱਖਾ ਮਰੇਗਾ, ਉਹ ਲੜੇਗਾ। ਜਦੋਂ ਲੜਨ ਦੀ ਗੱਲ ਆਏਗੀ, ਉਹ ਲਹਿਰ ਨਾਲ ਜੁੜ ਜਾਏਗਾ।

* ਨਕਸਲੀ ਲਹਿਰ ਨੇ ਨਾਅਰਾ ਦਿੱਤਾ ਸੀ ਕਿ ਰਾਜਸੀ ਤਾਕਤ ਬੰਦੂਕ ਦੀ ਨਾਲੀ ਵਿੱਚੋਂ ਨਿਕਲਦੀ ਹੈ। ਤੁਸੀ ਅੱਜ ਦੇ ਸਮੇਂ ਵੀ ਇਸ ਨੂੰ ਸਹੀ ਮੰਨਦੇ ਹੋ?

- ਹਾਂ, ਸਾਡੀ ਪਾਰਟੀ ਸਹੀ ਮੰਨਦੀ ਹੈ। ਮਤਲਬ ਰਾਜ ਸੱਤਾ ਤਾਕਤ ਨਾਲ ਹਥਿਆਈ ਜਾਂਦੀ ਹੈ। ਵੋਟਾਂ ਜਾਂ ਗੋਲੀ ਨਾਲ ਨਹੀਂ। ਅਸੀਂ ਅੱਜ ਵੀ ਹਥਿਆਰਬੰਦ ਸੰਘਰਸ਼ ਨੂੰ ਤਰਜੀਹ ਦਿੰਦੇ ਹਾਂ। ਲੋਕ ਉਠਣ, ਲੋਕਾਂ ਨਾਲੋਂ ਵੱਡਾ ਕੋਈ ਹਥਿਆਰ ਨਹੀਂ ਹੈ।

* ਹੁਣ ਤਾਂ ਹਾਲਤ ਬਦਲ ਗਈ ਹੈ, ਇਨਕਲਾਬ ਆਉਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਕਿਵੇਂ ਆਊ ਇਨਕਲਾਬ ?

- ਪੁੱਤਰਾ ਇਨਕਲਾਬ ਨੇ ਤਾਂ ਆਉਣੈ। ਕੋਈ ਮਾਈ ਦਾ ਲਾਲ ਰੋਕ ਨਹੀਂ ਸਕਦਾ। ਕਿਰਤੀ ਲੋਕਾਂ ਨੇ ਇਨਕਲਾਬ ਕਰਨਾ।ਜਿਸ ਦਿਨ ਮਜ਼ਦੂਰ ਜਮਾਤ ਜਾਗ ਗਈ, ਇਸ ਜਮਾਤ ਵਿੱਚੋਂ ਲੀਡਰ ਅੱਗੇ ਆ ਗਏ, ਸਮਝੋ ਇਨਕਲਾਬ ਹੋ ਗਿਆ। ਭਾਰਤੀ ਇਨਕਲਾਬ ਲੋਕਾਂ ਦੇ ਵਿਸ਼ਾਲ ਜਨ-ਸਮੂਹ ਨੂੰ ਉਭਾਰ ਵਿੱਚ ਲਿਆਕੇ ਜਥੇਵੰਦ ਕਰਕੇ ਲਮਕਵੇਂ ਲੋਕ ਯੁੱਧ ਨਾਲ ਹੀ ਹੋ ਸਕਦਾ ਹੈ। ਇਸ ਮਹਾਨ ਕੰਮ ਨੂੰ ਇਨਕਲਾਬੀ ਪਾਰਟੀ ਹੀ ਕਰ ਸਕਦੀ ਹੈ।


* ਪੁਲੀਸ ਤਸ਼ੱਦਦ ਦੌਰਾਨ ਤੁਹਾਡੀ ਇੱਕ ਲੱਤ ਨਾਕਾਮ ਕਰ ਦਿੱਤੀ ਗਈ। ਕਾਫ਼ੀ ਮੁਸ਼ਕਿਲ ਆਉਂਦੀ ਹੋਵੇਗੀ?

- ਇਕ ਇਨਕਲਾਬੀ ਸਾਹਮਣੇ ਕੋਈ ਵੀ ਮੁਸ਼ਕਿਲ ਰੁਕਾਵਟ ਨਹੀਂ ਬਣ ਸਕਦੀ। ਇਹ ਤਾਂ ਤੁਹਾਡੇ ਤੇ ਨਿਰਭਰ ਹੈ ਕਿ ਤੁਸੀਂ ਲਹਿਰ ਲਈ ਕਿੰਨੇ ਕੁ ਪ੍ਰਤੀਬੱਧ ਹੋ। ਪ੍ਰਤੀਬੱਧਤਾ ਤਾਂ ਪਰਬਤ ਵੀ ਸਰ ਕਰਾ ਦਿੰਦੀ ਹੈ।

* ਥਾਣੇ ਵਿੱਚ ਤੁਹਾਡੇ ਤੇ ਬਹੁਤ ਤਸ਼ੱਦਦ ਹੋਇਆ, ਜੇਲ੍ਹ ਵਿੱਚ ਤੁਹਾਡੀ ਲੱਤ ਗਲ ਗਈ। ਐਨੀ ਪੀੜ! ਤੁਸੀਂ ਘਬਰਾਏ ਨਹੀਂ?

- ਇੱਕ ਵਾਰ ਤਾਂ ਮੈਂ ਹੌਂਸਲਾ ਛੱਡ ਗਿਆ ਸੀ। ਫਿਰ ਮੈਨੂੰ ਇਤਿਹਾਸ ਦੀ ਤਵਾਰੀਖ ਨੇ ਬਲ ਬਖ਼ਸ਼ਿਆ। ਮੇਰੇ ਸਾਹਮਣੇ ੧੮ ਸਾਲ ਦਾ ਫਾਂਸੀ ਦਾ ਰੱਸਾ ਚੁੰਮਦਾ ਕਰਤਾਰ ਸਿੰਘ ਸਰਾਭਾ ਸੀ। 23 ਸਾਲ ਦਾ ਸਾਡਾ ਭਰਾ ਭਗਤ ਸਿੰਘ ਸੀ। ਮੇਰੇ ਆਲੇ-ਦੁਆਲੇ ਗਦਰੀ ਬਾਬੇ ਸਨ। ਸਾਰੀ ਪੀੜ ਜਾਂਦੀ ਰਹੀ।

* ਨਾਲ ਦੇ ਸਾਥੀ ਸ਼ਹੀਦ ਹੋ ਗਏ। ਲਹਿਰ ਖਿੰਡ-ਪੁੰਡ ਗਈ। ਇਨਕਲਾਬ ਲਿਆਉਣ ਦੇ ਜੋਸ਼ ਨੇ ਤੁਹਾਡਾ ਵਿਆਹ ਵੀ ਨਹੀਂ ਹੋਣ ਦਿੱਤਾ। ਇਕ ਤਰ੍ਹਾਂ ਕੱਲਮ-ਕੱਲ੍ਹੀ ਜ਼ਿੰਦਗੀ ਜੂਝ ਰਹੀ ਹੈ। ਤੁਸੀਂ ਟੁੱਟੇ ਹੋਏ ਮਹਿਸੂਸ ਨਹੀਂ ਕਰਦੇ? ਮੈਂ ਤੁਹਾਡੀ ਪੁਸਤਕ 'ਲੂਣੀ ਧਰਤੀ' ਪੜ੍ਹੀ ਹੈ। ਤੁਸੀਂ ਨਿਰਾਸ਼ ਹੋ ਗਏ ਲੱਗਦੇ ਹੋ।

- ਕਈ ਵਾਰ ਬੰਦਾ ਟੁੱਟ ਵੀ ਜਾਂਦਾ ਹੈ। ਨਿਰਾਸ਼ ਵੀ ਹੋ ਜਾਂਦੈ। ਖਾਸ ਕਰ ਉਦੋਂ ਜਦੋਂ ਤੁਹਾਡੇ ਸੁਪਨਿਆਂ ਦਾ ਕਤਲ ਹੋ ਜਾਵੇ। ਜਿਵੇਂ ਪਾਸ਼ ਕਹਿੰਦਾ-ਸੱਭ ਤੋਂ ਖਤਰਨਾਕ ਹੁੰਦਾ ਹੈ ਤੁਹਾਡੇ ਸੁਪਨਿਆਂ ਦਾ ਮਰ ਜਾਣਾ। ਇੱਥੇ ਬਹੁਤ ਸਾਰੇ ਲੋਕਾਂ ਦੇ ਸੁਪਨੇ ਮਰ ਗਏ ਹਨ। ਫਿਰ ਵੀ ਮੈਨੂੰ ਜੂਝਦੀ ਜ਼ਿੰਦਗੀ ਵਿੱਚ ਵਿਸ਼ਵਾਸ ਹੈ।

ਮੈਨੂੰ ਖੰਜਰ ਨਾਲ ਮਾਰੀਂ
ਜਾਂ ਸੂਲੀ ਤੇ ਟੰਗ ਦੇਵੋ।
ਮੈਂ ਮਰ ਕੇ ਵੀ
ਚੁਗਿਰਦੇ ਵਿੱਚ ਬਿਖਰ ਜਾਵਾਂਗਾ।
ਤੇ ਤੁਹਾਨੂੰ ਹਰ ਸਿਰ ਵਿਚੋਂ,
ਮੇਰਾ ਹੀ ਅਕਸ ਦਿਸੇਗਾ।


* ਲਹਿਰ ਫੇਲ੍ਹ ਕਿਉਂ ਹੋ ਗਈ?

- ਫੇਲ੍ਹ ਨਹੀਂ ਹੋਈ, ਕਮਜ਼ੋਰ ਪੈ ਗਈ। ਕੁੱਝ ਲੀਡਰਸ਼ਿਪ ਦੀ ਵੀ ਘਾਟ ਸੀ। ਅਗਵਾਈ ਕਰਨ ਵਾਲੇ ਲੀਡਰ ਸ਼ਹੀਦ ਹੋ ਗਏ ਜਾਂ ਜੇਲ੍ਹਾਂ ਵਿੱਚ ਡੱਕੇ ਗਏ। ਲਹਿਰ ਦੀਆਂ ਕੁੱਝ ਕਮਜ਼ੋਰੀਆਂ ਵੀ ਸਨ। ਉਹ ਦੂਰ ਨਹੀਂ ਹੋ ਸਕੀਆਂ। ਸਗੋਂ ਲਹਿਰ ਖਿੰਡ-ਪੁੰਡ ਜ਼ਿਆਦਾ ਗਈ। ਮਜ਼ਦੂਰ ਜਮਾਤ ਜਥੇਬੰਦ ਨਹੀਂ ਹੋ ਸਕੀ। ਗੱਲ ਕੀ, ਅਸੀਂ ਲੋਕਾਂ ਤੱਕ ਉਨਾ ਪਹੁੰਚ ਨਹੀਂ ਸਕੇ ਜਿੰਨੀ ਲੋੜ ਸੀ। ਸਾਮਰਾਜਵਾਦੀਆਂ ਦਾ ਜਾਲ ਸਾਰੀ ਦੁਨੀਆਂ ਵਿੱਚ ਫੈਲਿਆਂ ਹੋਇਆ ਹੈ। ਉਹਦੇ ਮਾਰੂ ਪੰਜਿਆਂ ਦਾ ਮੁਕਾਬਲਾ ਕਰਨ ਵਾਲੀ ਲਹਿਰ ਨਹੀਂ ਬਣੀ। ਸੱਭ ਤੋਂ ਵੱਡਾ ਨੁਕਸਾਨ ਕਮਿਊਨਿਸਟਾਂ ਦੀ ਏਕਤਾ ਨਾ ਹੋਣ ਕਰਕੇ ਹੋਇਆ।

* ਦਲਿਤ ਸਮੱਸਿਆ ਦਾ ਉਭਾਰ ਉਠਿਆ ਇਹਦੇ ਬਾਰੇ ਕੀ ਰਾਏ ਹੈ?

- ਅਸੀਂ ਤਾਂ ਪਹਿਲਾਂ ਤੋਂ ਹੀ ਮੰਨਦੇ ਹਾਂ ਕਿ ਭਾਰਤੀ ਸਮਾਜ ਵਿੱਚ ਜਾਤ-ਪਾਤ ਦਾ ਗਹਿਰਾ ਸੰਕਟ ਹੈ। ਇਹ ਸਾਡੀ ਪਾਰਟੀ ਦੇ ਏਜੰਡੇ 'ਤੇ ਸੀ। ਸਾਡੀ ਲਹਿਰ ਹੀ ਦੱਬੇ ਕੁਚਲਿਆਂ ਦੀ ਲਹਿਰ ਹੈ।

* ਪਰ ਸਾਹਿਤ ਵਿੱਚ ਦਲਿੱਤ ਲਹਿਰ ਚਲਾਉਣ ਵਾਲੇ ਕਮਿਊਨਿਸਟਾਂ ਨੂੰ ਭੰਡਦੇ ਨੇ?

- ਉਹ ਗਲਤ ਨੇ। ਅਸੀਂ ਸਮਾਜ ਦੇ ਸਰੋਕਾਰਾਂ ਨਾਲ ਜੁੜੇ ਹੋਏ ਹਾਂ। ਇਹ ਇੱਕ ਗੰਭੀਰ ਸਮੱਸਿਆ ਹੈ। ਸਗੋਂ ਜਾਤ-ਪਾਤ ਇਨਕਲਾਬ ਦੇ ਰਾਹ ਵਿੱਚ ਇੱਕ ਰੋੜਾ ਹੈ। ਜੁਝਾਰਵਾਦੀ ਸਾਹਿਤ ਦੱਬੇ ਕੁੱਚਲੇ ਲੋਕਾਂ ਦਾ ਹੀ ਸਾਹਿਤ ਹੈ। ਹੁਣ ਜਾਤ-ਪਾਤ ਤੇ ਕਈ ਚੰਗੀਆਂ ਗੱਲਾਂ ਵੀ ਹੋਈਆਂ ਨੇ। ਸਾਡੇ ਵਿੱਚ ਜੋ ਘਾਟਾਂ ਸਨ, ਉਹ ਸਾਹਮਣੇ ਆਈਆਂ ਹਨ। ਅਸੀਂ ਦੂਰ ਕਰਾਂਗੇ। ਪਰ ਦਲਿਤ ਸਾਹਿਤ ਨੂੰ ਜਾਤ ਤੱਕ ਸੀਮਿਤ ਰੱਖਣ ਦਾ ਰੋਲ ਨੈਗੇਟਿਵ ਹੈ। ਉਨ੍ਹਾਂ ਜਿਸ ਦੁਸ਼ਮਣ ਖਿਲਾਫ਼ ਲੜਨਾ ਸੀ, ਉਹਦੇ ਵਿਰੁੱਧ ਲੜਨ ਦੀ ਬਜਾਏ ਪ੍ਰਗਤੀਵਾਦੀਆਂ ਤੇ ਜੁਝਾਰਵਾਦੀਆਂ ਦੇ ਖਿਲਾਫ਼ ਲੜ ਰਹੇ ਹਨ।

* ਉਨ੍ਹਾਂ ਦਾ ਕਹਿਣਾ ਹੈ ਕਿ ਕਮਿਊਨਿਸਟਾਂ ਵਿੱਚ ਵੀ ਜਾਤ-ਪਾਤ ਹੈ?

- ਹਾਂ, ਕਈਆਂ ਵਿੱਚ ਹੈ। ਇਹਦੇ ਨਾਲ ਤੁਸੀਂ ਸਿਧਾਂਤ ਨੂੰ ਨਹੀਂ ਭੰਡ ਸਕਦੇ। ਜਿਹੜੇ ਗੱਲਾਂ ਕਰਦੇ ਨੇ ਉਹ ਲਹਿਰ ਵਿੱਚ ਆਉਣ। ਇਸ ਕੋਹੜ ਨੂੰ ਦੂਰ ਕਰਨ। ਪਰ ਇੱਕ ਗੱਲ ਦੱਸਾਂ, ਇਹ ਇਲਜ਼ਾਮ ਵੱਡਾ ਹੈ। ਜਦੋਂ ਬਿਹਾਰ ਵਿੱਚ ਦਲਿਤਾਂ ਦੇ ਕਤਲ ਹੁੰਦੇ ਨੇ, ਉਸ ਦਾ ਬਦਲਾ ਨਕਸਲਵਾਦੀ ਹੀ ਲੈਂਦੇ ਨੇ। ਗੱਲਾਂ ਕਰਨ ਵਾਲਿਆਂ ਦੇ ਤਾਂ ਨਿਖੇਧੀ ਬਿਆਨ ਤੱਕ ਵੀ ਨਹੀਂ ਆਉਂਦੇ। ਦਲਿਤਾਂ ਦੀ ਸਮੱਸਿਆ ਦਾ ਹੱਲ ਕਮਿਊਨਿਸਟਾਂ ਕੋਲ ਹੈ। ਅਸੀਂ ਲੜਨ ਵਾਲੇ ਸਾਰੇ ਦਲਿਤ ਹੀ ਹਾਂ। ਕਮਿਊਨਿਸਟ ਇਨਕਲਾਬੀ ਦੀ ਕੋਈ ਜਾਤ ਨਹੀਂ ਹੁੰਦੀ। ਪਰ ਇਹ ਲੋਕ ਜਾਤ ਅਭਿਮਾਨ ਰਾਹੀਂ ਵਰਣ ਵਿਵਸਥਾ ਨੂੰ ਹੀ ਪੱਕਾ ਕਰ ਰਹੇ ਹਨ।

* ਕਿਹਾ ਜਾਂਦਾ ਹੈ ਕਿ ਲਹਿਰਾਂ ਲਈ ਲਿਖਿਆ ਸਾਹਿਤ ਪੇਤਲਾ ਹੁੰਦਾ ਹੈ। ਤੁਸੀਂ ਕੀ ਸਮਝਦੇ ਹੋ?

- ਚਾਹੇ ਤੁਸੀਂ ਲਹਿਰਾਂ ਲਈ ਲਿਖੋ ਜਾਂ ਬਾਹਰ ਹੋ ਕੇ, ਦੋਨੋਂ ਤਰ੍ਹਾਂ ਦਾ ਸਾਹਿਤ ਲਿਖਿਆ ਜਾਂਦਾ ਹੈ। ਪੇਤਲਾ ਵੀ ਤੇ ਨਰੋਆ ਵੀ।

* ਜੋ ਅੱਜ-ਕੱਲ੍ਹ ਲਿਖਿਆ ਜਾ ਰਿਹੈ, ਇਹਦੇ ਬਾਰੇ ਕੀ ਰਾਏ ਹੈ?

- ਸਾਹਿਤ ਹਮੇਸ਼ਾਂ ਚੰਗਾ ਵੀ ਤੇ ਮਾੜਾ ਵੀ ਲਿਖ ਹੁੰਦਾ ਆਇਆ ਹੈ। ਹੁਣ ਵੀ ਕੁੱਝ ਚੰਗਾ ਲਿਖਿਆ ਜਾ ਰਿਹਾ ਹੈ। ਬਹੁਤ ਰਪੀਟ ਹੋ ਰਿਹਾ। ਊਲ-ਜਲੂਲ ਵੀ ਬਥੇਰਾ। ਮੈਂ ਸਮਝਦਾਂ ਲ਼ਹਿਰ ਤੋਂ ਬਿਨਾਂ ਚੰਗਾ ਲਿਖਿਆਂ ਨਹੀਂ ਜਾ ਸਕਦਾ।

* ਤੁਸੀਂ ਸੱਭ ਕੁੱਝ ਲਹਿਰ ਲੇਖੇ ਲਾ ਦਿੱਤਾ। ਤੁਹਾਡਾ ਕੋਈ ਪਰਿਵਾਰ ਨਹੀਂ। ਪਿੰਡ ਵਿੱਚ ਥਾਂ ਤੱਕ ਨਹੀਂ ਹੈ। ਬਿਮਾਰ ਰਹਿੰਦੇ ਹੋ। ਹੁਣ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ?

- ਮੇਰੇ ਲੋਕ ਮੇਰਾ ਪਰਿਵਾਰ ਨੇ। ਸਾਰੀ ਧਰਤੀ ਸਾਡੀ ਹੈ, ਇਹ ਪਿੰਡ, ਥਾਂ, ਜ਼ਾਤ ਸੱਭ ਕੁੱਝ ਭਾਰਤੀ ਸੰਸਕ੍ਰਿਤੀ ਹੈ। ਮੈਨੂੰ ਅਜਿਹੀ ਸੰਸਕ੍ਰਿਤੀ ਨਾਲ ਨਫ਼ਰਤ ਹੈ ਜਿਹੜੀ ਬੰਦੇ ਨੂੰ ਬੰਦਾ ਨਹੀਂ ਸਮਝਦੀ। ਬੰਦੇ ਦੇ ਭੂਤਕਾਲ ਤੇ ਭਵਿੱਖ ਨੂੰ ਸਿਰ ਤੇ ਲਈ ਫਿਰਦੀ ਹੈ। ਵਰਤਮਾਨ ਵੱਲ ਕੋਈ ਧਿਆਨ ਨਹੀਂ। ਮੈਂ ਜੜ੍ਹਾਂ ਨੂੰ ਫਰੋਲਣ ਦੇ ਹੱਕ ਵਿੱਚ ਨਹੀਂ ਹਾਂ।

ਮੇਰਾ ਨਾਂ ਕੀ ਪੁਛਦੇ ਹੋ,
ਮੈਂ ਇੱਕ ਭਟਕਣ ਹਾਂ।
ਤੇ ਮੈਨੂੰ ਤਲਾਸ਼ ਹੈ
ਉਸ ਕੁੱਖ ਦੀ, ਜੋ ਧੁਪਾਂ ਜੰਮੇ।

No comments:

Post a Comment