ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, January 1, 2012

ਏਹਨਾਂ ਰਾਹਾਂ 'ਚ ਬੰਦੇ ਬਿਰਖ ਹੋ ਗਏ…

ਨਵਾਂ ਸਾਲ ਮੁਬਾਰਕ ਕਿਸ ਨੂੰ ਕਹੀਏ। ਵੋਟਾਂ ਵਾਲਿਆਂ ਨੂੰ ਜਾਂ ਚੋਟਾਂ ਵਾਲਿਆਂ ਨੂੰ। ਚੋਟ ਖਾਣ ਵਾਲੇ ਤਾਂ ਨਿਤਾਣੇ ਹਨ। ਵੋਟ ਖਾਣ ਵਾਲੇ ਪੁਰਾਣੇ ਹਨ। ਕਿੰਨੇਵਰ੍ਹੇ ਗੁਜ਼ਰ ਗਏ ਹਨ। ਕੋਈ ਵਰ੍ਹਾ ਸੁੱਖ ਸੁਨੇਹਾ ਨਹੀਂ ਲੈ ਕੇ ਆਇਆ। ਇਹ ਗਮ ਚੋਟਾਂ ਖਾਣ ਵਾਲਿਆਂ ਦਾ ਹੈ। ਵੋਟਾਂ ਵਾਲਿਆਂ ਲਈ ਇਹ ਵਰ੍ਹਾ ਹੋਰ ਵੀ ਭਾਗਾਂ ਵਾਲਾਂ ਹੈ। ਉਨ੍ਹਾਂ ਨੂੰ ਪੰਜ ਵਰ੍ਹਿਆਂ ਲਈ ਗੱਦੀ ਮਿਲਣੀ ਹੈ। ਚੋਟਾਂ ਵਾਲਿਆਂ ਨੂੰ ਲਾਰੇ ਮਿਲਣੇ ਹਨ। ਢਾਰਸ ਮਿਲਣੀ ਹੈ। ਉਨ੍ਹਾਂ ਨੂੰ ਹੱਥ ਜੋੜਦੇ ਨੇਤਾ ਮਿਲਣੇ ਹਨ। ਚੋਣਾਂ ਵਾਲਾਸਿਆਸੇ ਅਖਾੜੇ 'ਚ ਉਹ ਵੀ ਮਿਲਣੇ ਹਨ ਜਿਨ੍ਹਾਂ ਦੇ ਪੰਜ ਵਰ੍ਹੇ ਦਰਸ਼ਨ ਦੁਰਲੱਭ ਰਹੇ। ਅਖਾੜੇ ਦੇ ਇਨ੍ਹਾਂ ਭਲਵਾਨਾਂ ਨੂੰ ਦੱਸਣਾ ਪਵੇਗਾ ਕਿ ਉਹ ਸਿਰਫ਼ ਤਾੜੀਆਂ ਮਾਰਨ ਲਈ ਨਹੀਂ ਬੈਠੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ੍ਹੇ ਮੁਕਤਸਰ ਦੀ ਮਿਸ਼ਾਲ ਲੈਂਦੇ ਹਾਂ। ਵੱਡੀ ਚੋਟ ਇਸ ਜ਼ਿਲ੍ਹੇ 'ਚ ਹੀ ਵੱਜੀ ਹੈ। ਜਿਸ ਦਾ ਸਿਆਸੀ ਖੜਾਕ ਵੀ ਹੋਇਆ ਹੈ। ਇਸੇ ਜ਼ਿਲ੍ਹੇ ਦੇ ਪਿੰਡ ਅਬਲੂ ਦੀ ਬਰਿੰਦਰਪਾਲ ਕੌਰ ਨੂੰ ਪਿੰਡ ਦੌਲਾ ਦੇ ਅਕਾਲੀ ਸਰਪੰਚ ਦਾ ਚਿਹਰਾ ਕਦੇ ਨਹੀਂ ਭੁੱਲੇਗਾ। ਬਰਿੰਦਰਪਾਲ ਕੌਰ ਅਣਜਾਣ ਸੀ ਕਿ ਉਸ ਤੋ ਪਹਿਲਾਂ ਤਿੰਨ ਥੱਪੜ ਹੋਰ ਔਰਤਾਂ ਨੇ ਵੀ ਖਾਧੇ ਹਨ ਜਿਨ੍ਹਾਂ ਦੀ ਅੱਜ ਤੱਕ ਭਾਫ ਬਾਹਰ ਨਹੀਂ ਨਿਕਲੀ ਹੈ। ਪੰਜਾਬ ਦੀ ਇਹ ਧੀ ਹੁਣ ਇਨਸਾਫ ਮੰਗ ਰਹੀ ਹੈ ਪ੍ਰੰਤੂ ਉਸ ਨੂੰ ਵੀ ਇਨਸਾਫ ਲਈ ਪਤਾ ਨਹੀਂ ਕਿੰਨੇ ਵਰ੍ਹੇ ਲੱਗਣਗੇ। ਗਿੱਦੜਬਹਾ ਦੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਵੀ ਛੇ ਮਹੀਨੇ ਪਹਿਲਾਂ ਅਕਾਲੀ ਆਗੂਆਂ ਤੋ ਥੱਪੜ ਖਾਣੇ ਪਏ ਸਨ।

ਦੇਸ਼ ਦਾ ਨਿਰਮਾਤਾ ਥੱਪੜ ਖਾਣ ਮਗਰੋਂ ਵੀ ਚੁੱਪ ਹੈ। ਉਸ ਦੀ ਏਨੀ ਕੁ ਗਲਤੀ ਸੀ ਕਿ ਉਸ ਨੇ ਇੱਕ ਅਕਾਲੀ ਨੇਤਾ ਦੀ ਧੀ ਦੀ ਥਾਂ ਕਿਸੇ ਹੋਰ ਲੜਕੀ ਨੂੰ ਪੇਪਰ ਦੇਣ ਤੋ ਰੋਕ ਦਿੱਤਾ ਸੀ। ਅਫਸਰਾਂ ਦੇ ਦਬਕੇ ਮਗਰੋਂ ਉਸ ਨੇ ਸਭ ਕੁਝ ਸਹਿਣ ਕਰ ਲਿਆ। ਜਦੋਂ ਆਖਰੀ ਪੇਪਰ ਵਿੱਚ ਡਿਊਟੀ ਕਰਨ ਮਗਰੋਂ ਇਹ ਅਧਿਆਪਕ ਪ੍ਰੀਖਿਆ ਕੇਂਦਰ ਚੋ ਬਾਹਰ ਆਇਆ ਤਾਂ ਉਸ ਦੇ ਇੱਕ ਥੱਪੜ ਨਹੀਂ ਬਲਕਿ ਕਈ ਥੱਪੜ ਮਾਰੇ ਗਏ। ਉਹ ਵੀ ਸਕੂਲੀ ਬੱਚਿਆਂ ਦੀ ਹਾਜ਼ਰੀ 'ਚ। ਉਸ ਨੂੰ ਧਮਕੀ ਦਿੱਤੀ ਗਈ ਕਿ ਜੇ ਭਾਫ ਬਾਹਰ ਨਿਕਲੀ ਤਾਂ ਖੈਰ ਨਹੀਂ। ਅੱਜ ਤੱਕ ਇਹ ਅਧਿਆਪਕ ਨਿਤਾਣਾ ਬਣ ਕੇ ਭਾਫ ਨੂੰ ਨੱਪੀ ਬੈਠਾ ਹੈ। ਥੱਪੜ ਮਾਰਨ ਵਾਲੇ ਪਹਿਲਾਂ ਮਨਪ੍ਰੀਤ ਬਾਦਲ ਦੇ ਨੇੜਲੇ ਸਨ ਅਤੇ ਅੱਜ ਕੱਲ ਸਰਕਾਰ ਦੇ ਨੇੜੇ ਹਨ। ਇਸ ਅਧਿਆਪਕ ਨੂੰ ਤਾਂ ਇਨਸਾਫ ਮੰਗਣ ਜੋਗਾ ਵੀ ਨਹੀਂ ਛੱਡਿਆ ਗਿਆ। ਸਾਲ 2011 ਦਾ ਵਰ੍ਹਾ ਉਸ ਨੂੰ ਕਦੇ ਵੀ ਨਹੀਂ ਭੁੱਲੇਗਾ। ਸਾਲ 2011 ਦਾ ਵਰ੍ਹਾ ਤਾਂ ਜ਼ਿਲ੍ਹਾ ਸਿੰਘ ਦੇ ਮਾਪਿਆਂ ਨੂੰ ਵੀ ਨਹੀਂ ਭੁੱਲੇਗਾ ਜਿਨ੍ਹਾਂ ਦਾ ਘਰ ਦਾ ਨੌਜਵਾਨ ਜੀਅ ਰੁਜ਼ਗਾਰ ਲਈ ਲੜਦਾ ਲੜਦਾ ਜ਼ਿੰਦਗੀ ਤੋਂ ਵੀ ਹੱਥ ਧੋ ਬੈਠਾ। ਦਲਿਤ ਮਾਪੇ ਹੈਰਾਨ ਹਨ ਕਿ ਕੇਹੀ ਸਰਕਾਰ ਹੈ ਜੋ ਕਿ ਇੱਕ ਜ਼ਿੰਦਗੀ ਲੈਣ ਮਗਰੋਂ ਇੱਕ ਨੌਕਰੀ ਦਿੰਦੀ ਹੈ। ਜ਼ਿਲ੍ਹਾ ਸਿੰਘ ਤਾਂ ਨੌਕਰੀ ਵੀ ਨਹੀਂ ਮੰਗਦਾ ਸੀ ,ਉਹ ਤਾਂ ਈ.ਟੀ.ਟੀ 'ਚ ਦਾਖਲਾ ਮੰਗਦਾ ਸੀ। ਮੁਕਤਸਰ ਜ਼ਿਲ੍ਹੇ ਦਾ ਜ਼ਿਲ੍ਹਾ ਸਿੰਘ 27 ਦਿਨ ਮਰਨ ਵਰਤ ਤੇ ਬੈਠਾ। ਆਖਰ ਜ਼ਿੰਦਗੀ ਦੇ ਬੈਠਾ। ਉਸ ਦੀ ਮੌਤ ਮਗਰੋਂ ਸਰਕਾਰ ਨੌਕਰੀ ਲੈ ਕੇ ਉਸ ਦੇ ਘਰ ਪੁੱਜ ਗਈ। ਕੀ ਇਹ ਇਨਸਾਫ ਹੈ। ਫਰੀਦਕੋਟ ਦੀ ਕਿਰਨਜੀਤ ਕੌਰ ਹੱਕ ਦੀ ਲੜਾਈ ਲਈ ਕਪੂਰਥਲਾ ਵਿੱਚ ਪਾਣੀ ਵਾਲੀ ਟੈਂਕੀ ਤੇ ਚੜ ਕੇ ਖ਼ੁਦਕਸ਼ੀ ਕਰ ਗਈ। ਸਰਕਾਰ ਨੇ ਇਸ ਧੀ ਦੀ ਗੱਲ ਤਾਂ ਸੁਣੀ ਨਹੀਂ। ਜਦੋਂ ਉਹ ਇਸ ਦੁਨੀਆਂ ਚੋਂ ਚਲੀ ਗਈ ਤਾਂ ਉਸ ਮਗਰੋਂ ਸਰਕਾਰ ਨੌਕਰੀ ਲੈ ਕੇ ਉਸ ਦੇ ਘਰ ਪੁੱਜ ਗਈ। ਇਹ ਸੌਦਾ ਹਰ ਪੰਜਾਬ ਵਾਸੀ ਦੇ ਸਮਝੋ ਬਾਹਰ ਹੈ।

ਕੀ ਸਰਕਾਰਾਂ ਏਦਾ ਰੁਜ਼ਗਾਰ ਦੇਣਗੀਆਂ। ਬੇਰੁਜ਼ਗਾਰ ਲਾਈਨਮੈਨ ਕਰੀਬ ਇੱਕ ਦਹਾਕੇ ਤੋ ਸੰਘਰਸ਼ ਕਰ ਰਹੇ ਹਨ। ਉਹ ਰੁਜ਼ਗਾਰ ਉਡੀਕਦੇ ਉਡੀਕਦੇ ਆਪਣੀ ਵਿਆਹ ਦੀ ਉਮਰ ਵੀ ਟਪਾ ਬੈਠੇ ਹਨ ਤੇ ਨੌਕਰੀ ਵਾਲੀ ਵੀ। ਬੇਰੁਜ਼ਗਾਰ ਸੋਮਾ ਸਿੰਘ ਭੜੋ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ ਪਰ ਸਰਕਾਰ ਦੀ ਜਾਗ ਫਿਰ ਵੀ ਨਹੀਂ ਖੁੱਲ੍ਹੀ। ਕਿਸਮਤ ਨਾਲ ਉਹ ਬਚ ਗਿਆ। ਪੰਜਾਬ ਦੀਆਂ ਕਈ ਜੇਲ੍ਹਾਂ ਉਹ ਰੁਜ਼ਗਾਰ ਦੇ ਚੱਕਰ ਵਿੱਚ ਵੇਖ ਚੁੱਕਾ ਹੈ। 800 ਦੇ ਕਰੀਬ ਬੇਰੁਜ਼ਗਾਰ ਲਾਈਨਮੈਨ ਜੇਲ੍ਹਾਂ ਵਿੱਚ ਜਾ ਚੁੱਕੇ ਹਨ। ਪਹਿਲਾਂ ਇਨ੍ਹਾਂ ਬੇਰੁਜ਼ਗਾਰਾਂ ਨੇ ਕੈਪਟਨ ਸਰਕਾਰ ਦੀ ਮਾਰ ਝੱਲੀ ਤੇ ਹੁਣ ਅਕਾਲੀ ਸਰਕਾਰ ਦੀ। ਦੋ ਸਰਕਾਰਾਂ ਬਦਲ ਗਈਆਂ ਪ੍ਰੰਤੂ ਇਨ੍ਹਾਂ ਨੂੰ ਰੁਜ਼ਗਾਰ ਨਸੀਬ ਨਾ ਹੋਇਆ। ਹੋਰ ਕਿੰਨੀਆਂ ਸਰਕਾਰਾਂ ਇਨ੍ਹਾਂ ਨੂੰ ਦੇਖਣੀਆਂ ਪੈਣਗੀਆਂ। ਜ਼ਿਲ੍ਹਾ ਸੰਗਰੂਰ ਦਾ ਗੁਰਜੀਤ ਸਿੰਘ ਮਾਹੀ ਪੀ.ਐਚ.ਡੀ ਹੈ। ਉਹ 18 ਵਰ੍ਹਿਆਂ ਤੋ ਰੁਜ਼ਗਾਰ ਲਈ ਲੜਾਈ ਲੜ ਰਿਹਾ ਹੈ। ਗੁਰਜੀਤ ਸਿੰਘ ਮਾਹੀ ਨੇ ਤਿੰਨ ਦਫ਼ਾ ਯੂ.ਜੀ.ਸੀ ਦਾ ਟੈਸਟ ਕਲੀਅਰ ਕੀਤਾ। ਕਿਤਾਬਾਂ ਲਿਖੀਆਂ। ਚੰਗੀ ਮੈਰਿਟ ਦੇ ਬਾਵਜੂਦ ਉਹ ਪੱਕਾ ਕਾਲਜ ਅਧਿਆਪਕ ਨਹੀਂ ਬਣ ਸਕਿਆ ਹੈ। ਉਹ ਇੱਕ ਕਾਲਜ ਵਿਚ 134 ਰੁਪਏ ਪ੍ਰਤੀ ਦਿਹਾੜੀ ਤੇ ਬੱਚਿਆਂ ਨੂੰ ਪੜਾ ਰਿਹਾ ਹੈ। ਉਸ ਦੇ ਪੜਾਏ ਹੋਏ ਵਿਦਿਆਰਥੀ ਵੀ ਅਧਿਆਪਕ ਬਣ ਗਏ ਹਨ ਪ੍ਰੰਤੂ ਉੁਸ ਨੂੰ ਇਨਸਾਫ ਨਹੀਂ ਮਿਲਿਆ ਕਿਉਂਕਿ ਉਸ ਕੋਲ ਸਿਫਾਰਸ਼ ਨਹੀਂ ਹੈ। ਉਹ ਦੱਸਦਾ ਹੈ ਕਿ ਉਸ ਨੇ ਹੁਣ ਤੱਕ ਕਾਲਜ ਅਧਿਆਪਕ ਲੱਗਣ ਲਈ 60 ਦੇ ਕਰੀਬ ਇੰਟਰਵਿਊਜ਼ ਦਿੱਤੀਆਂ ਹਨ। ਮੈਰਿਟ ਵਿੱਚ ਪਹਿਲਾ ਨੰਬਰ ਹੁੰਦਾ ਹੈ ਪ੍ਰੰਤੂ ਨਿਯੁਕਤੀ ਵਿੱਚ ਫਾਡੀ ਰਹਿ ਜਾਂਦਾ ਹੈ। ਉਸ ਲਈ ਤਾਂ ਕੋਈ ਸਾਲ ਵੀ ਚੰਗਾ ਸੁਨੇਹਾ ਲੈ ਕੇ ਨਹੀਂ ਆਇਆ। ਪਤਾ ਨਹੀਂ ਹੋਰ ਕਿੰਨੇ ਸਾਲ ਉਸ ਨੂੰ ਉਡੀਕ ਕਰਨੀ ਪਵੇਗੀ। ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀਆਂ ਵਿਧਵਾਵਾਂ ਵੀ 10 ਵਰ੍ਹਿਆਂ ਤੋ ਮਾਲੀ ਮਦਦ ਉਡੀਕ ਰਹੀਆਂ ਹਨ।

ਉਨ੍ਹਾਂ ਦੇ ਕਮਾਊ ਜੀਅ ਚਲੇ ਗਏ ਹਨ। ਸਰਕਾਰਾਂ ਨੇ ਉਨ੍ਹਾਂ ਨੂੰ ਲਾਰੇ ਹੀ ਦਿੱਤੇ ਹਨ। ਬਿਰਧ ਉਮਰ ਵਿੱਚ ਆਪਣੇ ਚਲੇ ਗਏ ਜੀਆਂ ਦੇ ਬਦਲੇ ਮਾਲੀ ਮਦਦ ਲੈਣ ਖਾਤਰ ਰੇਲ ਪਟੜੀਆਂ ਤੇ ਬੈਠਣਾ ਪੈ ਰਿਹਾ ਹੈ। ਕਿਸਾਨੀ ਸੰਘਰਸ਼ ਵਿੱਚ ਚੰਡੀਗੜ੍ਹ ਵਿਖੇ ਪਿੰਡ ਚਨਾਰਥਲ ਦਾ ਜਗਸੀਰ ਸਿੰਘ ਆਪਣੀ ਜਾਨ ਗੁਆ ਬੈਠਾ। ਉਸ ਦਾ ਪਰਿਵਾਰ ਅੱਜ ਤੱਕ ਸਰਕਾਰੀ ਮਦਦ ਉਡੀਕ ਰਿਹਾ ਹੈ। ਏਦਾ ਦੇ ਹਜ਼ਾਰਾਂ ਪਰਿਵਾਰ ਹਨ। ਲੰਬੀ ਅਤੇ ਬਠਿੰਡਾ ਕਈ ਸਾਲਾਂ ਤੋ ਹੱਕ ਮੰਗਣ ਵਾਲਿਆਂ ਦੀ ਰਾਜਧਾਨੀ ਬਣੇ ਹੋਏ ਹਨ। ਲੰਬੀ ਅਤੇ ਬਠਿੰਡਾ ਵਿੱਚ ਪੁਲੀਸ ਦੀ ਡਾਂਗ ਖੜਕਦੀ ਰਹੀ ਹੈ। ਏਦਾ ਦੀ ਡਾਂਗ ਪਹਿਲਾਂ ਕੈਪਟਨ ਸਰਕਾਰ ਨੇ ਵੀ ਖੜਕਾਈ ਸੀ। ਬਠਿੰਡਾ 'ਚ ਅਕਾਲੀਆਂ ਦੇ ਮੁੱਕੇ ਜੇ ਪੀ.ਟੀ.ਆਈ ਕੁੜੀਆਂ ਨੂੰ ਝੱਲਣੇ ਪਏ ਹਨ ਤਾਂ ਕਾਂਗਰਸੀ ਹਕੂਮਤ ਸਮੇਂ ਲੁਧਿਆਣਾ 'ਚ ਹੋਈ ਪੁਲੀਸ ਦੀ ਖਿੱਚ ਧੂਹ ਵੀ ਵੈਟਰਨਰੀ ਕੁੜੀਆਂ ਨੂੰ ਭੁੱਲੀ ਨਹੀਂ ਹੈ।

ਰੁਜ਼ਗਾਰ ਕੀ, ਇਥੇ ਤਾਂ ਲੋਕ ਆਪਣਾ ਹੱਕ ਸੱਚ ਮੰਗਦੇ ਹੀ ਬਿਰਖ ਹੋ ਜਾਂਦੇ ਹਨ। ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਪਿੰਡ ਚੁੰਬੜਾਂ ਵਾਲੀ ਦਾ ਦਲਿਤ ਸੋਹਣ ਲਾਲ ਤਾਂ ਇੱਕ ਛੱਤ ਨੂੰ ਤਰਸਦਾ ਜ਼ਿੰਦਗੀ ਲੰਘਾ ਬੈਠਾ ਹੈ। ਉਸ ਦੀ ਜ਼ਿੰਦਗੀ ਪਿੰਡ ਦੇ ਬੱਸ ਅੱਡੇ ਵਿੱਚ ਆ ਕੇ ਰੁਕ ਗਈ ਹੈ। ਉਹ ਵਰ੍ਹਿਆਂ ਤੋ ਆਪਣੇ ਪਰਵਾਰ ਨਾਲ ਪਿੰਡ ਦੇ ਬੱਸ ਅੱਡਾ ਵਿੱਚ ਰਹਿ ਰਿਹਾ ਹੈ। ਪਿੰਡ ਖੁੰਡੇ ਹਲਾਲ ਦਾ ਮੰਗਾ ਸਿੰਘ ਤਾਂ ਪਿੰਡ ਦੇ ਛੱਪੜ ਤੇ ਪਾਏ ਮੋਟਰ ਵਾਲੇ ਕਮਰੇ ਵਿੱਚ ਰਹਿ ਰਿਹਾ ਹੈ। ਏਦਾ ਦੇ ਹਜ਼ਾਰਾਂ ਪਰਿਵਾਰ ਹਨ ਜਿਨ੍ਹਾਂ ਨੂੰ ਛੱਤ ਨਸੀਬ ਨਹੀਂ ਹੋਈ ਹੈ। ਚੋਟਾਂ ਖਾਣ ਵਾਲਿਆਂ ਦੇ ਚੇਤੇ ਏਦਾ ਹੀ ਕਮਜ਼ੋਰ ਰਹੇ ਤਾਂ ਗੱਦੀ ਵਾਲਿਆਂ ਨੂੰ ਹਰ ਵਰ੍ਹਾ ਹੀ ਤਾਕਤ ਵੰਡੇਗਾ। ਤਾਹੀਓ ਇਹ ਨੇਤਾ ਚੋਣਾਂ ਵਾਲੇ ਮਹੀਨੇ 'ਚ ਸਭ ਕੁਝ ਵੰਡਦੇ ਹਨ ਤਾਂ ਜੋ ਇਸ ਵੰਡ ਵੰਡਾਰੇ 'ਚ ਇਹ ਚੋਟਾਂ ਵਾਲੇ ਅਸਲੀ ਤਾਕਤ ਹੀ ਭੁੱਲ ਜਾਣ। ਨਵਾਂ ਵਰ੍ਹਾ ਸੰਭਲਣ ਦਾ ਹੈ। ਸੋਚਣ ਦਾ ਹੈ। ਮੌਕਾ ਵਿਚਾਰਨ ਦਾ ਹੈ। ਖਾਸ ਕਰਕੇ ਨਵੇਂ ਸਾਲ ਦੇ ਪਹਿਲੇ ਮਹੀਨੇ ਵਿੱਚ। ਏਨਾ ਵੋਟਾਂ ਵਾਲਿਆਂ ਨੂੰ ਸਮਝੋ। ਕੋਈ ਚਿੱਟੇ ਕੱਪੜਿਆਂ ਵਿੱਚ ਹੈ ਤੇ ਕੋਈ ਨੀਲੇ ਕੱਪੜਿਆਂ ਵਿੱਚ। ਕੋਈ ਹੁਣ ਇਨਕਲਾਬੀ ਮਖੌਟੇ ਵਿੱਚ ਆਇਆ ਹੈ। ਇਨ੍ਹਾਂ ਦੇ ਕੱਪੜੇ ਰੰਗ ਬਰੰਗੇ ਹਨ। ਦਿਲਾਂ ਦੇ ਇੱਕ ਹਨ। ਇੱਕੋ ਸੋਚ ਹੈ ਇਨ੍ਹਾਂ ਦੀ। ਜਦੋਂ ਲੋਕਾਂ ਦਾ ਅੰਦਰਲਾ ਜਾਗ ਪਿਆ ਤਾਂ ਉਦੋਂ ਹੀ ਨਵੇਂ ਸਾਲ ਦੁੱਖਾਂ ਦੀ ਦਾਰੂ ਬਣਨਗੇ।


ਚਰਨਜੀਤ ਭੁੱਲਰ
ਲੇਖ਼ਕ ਸੀਨੀਅਰ ਪੱਤਰਕਾਰ ਹਨ।

No comments:

Post a Comment