ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, January 12, 2012

ਅੰਨਦਾਤਾ ਦਾ ਦੂਜਾ ਭਾਗ ਛੇਤੀ ਹੀ ਲਿਖਾਂਗਾ--ਬਲਦੇਵ ਸਿੰਘ

ਢਾਹਵਾਂ ਦਿੱਲੀ ਦੇ ਕਿੰਗਰੇ' ਲਈ ਬਲਦੇਵ ਸਿੰਘ ਨੂੰ ਸਾਹਿਤ ਅਕਾਦਮੀ ਸਨਮਾਨ ਮਿਲਿਆ ਹੈ। ਇਸ ਨਾਵਲ ਨੂੰ ਹਰਫੀ ਰੂਪ ਦੇਣ ਤੋਂ ਪਹਿਲਾਂ ਉਹ ਪਾਕਿਸਤਾਨ 'ਚ ਲੋਕ ਨਾਇਕ 'ਦੁੱਲਾ ਭੱਟੀ' ਦੇ ਪਿੰਡ ਤੱਕ ਦੀ ਸੈਰ ਕਰ ਆਉਂਦੇ ਹਨ।ਕਿਸੇ ਨਾਵਲ ਦੀ ਸਿਰਜਣਾ ਕਰਨ ਤੋਂ ਪਹਿਲਾਂ ਬਲਦੇਵ ਸਿੰਘ ਉਸ ਪ੍ਰਤੀ ਖ਼ੋਜ ਪੂਰੀ ਗੰਭੀਰਤਾ ਨਾਲ ਕਰਦਾ ਹੈ। ਬਲਦੇਵ ਸਿੰਘ ਪੰਜਾਬੀ ਸਾਹਿਤ ਦਾ ਅਜਿਹਾ ਲੇਖਕ ਹੈ ਜਿਸਨੇ ਟਰੱਕ ਕੀ ਚਲਾਇਆ, ਟਰੱਕਾਂ ਵਾਲਿਆਂ ਦੀ ਜ਼ਿੰਦਗੀ ਤੇ ਉਹਨਾਂ ਦੇ ਜਜ਼ਬਾਤ ਨਾਲ ਹਰ ਪਾਠਕ ਨੂੰ ਰੂਬੂਰੂ ਕਰਵਾ ਦਿੱਤਾ।ਇਸ ਤੋਂ ਬਾਅਦ ਬਲਦੇਵ ਸਿੰਘ ਬਲਦੇਵ ਸਿੰਘ ਸਡ਼ਕਨਾਮਾ ਬਣ ਗਿਆ। ਸਾਹਿਤ ਅਕਾਦਮੀ ਸਨਮਾਨ ਮਿਲਣ 'ਤੇ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਇਹ ਸਨਮਾਨ ਮੈਨੂੰ ਨਹੀਂ, ਮੇਰੀ ਰਚਨਾ ਨੂੰ ਮਿਲਿਆ ਹੈ। ਹਰਪ੍ਰੀਤ ਕਾਹਲੋਂ ਨੇ ਉਹਨਾਂ ਨਾਲ ਖਾਸ ਮੁਲਾਕਾਤ ਕੀਤੀ ਹੈ- ਗੁਲਾਮ ਕਲਮ

ਸਾਹਿਤ ਦੇ ਖੇਤਰ 'ਚ ਅਜਿਹਾ ਪੁਰਸਕਾਰ ਮਿਲਣ 'ਤੇ ਲੇਖਕ ਦਾ ਕੱਦ ਕਿੰਨਾ ਕੁ ਉੱਚਾ ਹੋ ਜਾਂਦਾ ਹੈ?

ਨਹੀਂ, ਇਸ 'ਚ ਦੋ ਪੱਖ ਹਨ ਲੇਖਕ ਤਾਂ ਉਹੀ ਹੁੰਦਾ ਹੈ,ਉਹਦੀਆਂ ਰਚਨਾਵਾਂ ਵੀ ਉਹੀ ਹੁੰਦੀਆਂ ਹਨਲੇਖਕ ਦੀ ਮਕਬੂਲੀਅਤ ਤਾਂ ਪਾਠਕਾਂ ਵੱਲੋਂ ਹੀ ਹੋ ਜਾਂਦੀ ਹੈ ਪਰ ਅਜਿਹੇ ਪੁਰਸਕਾਰ ਤੁਹਾਨੂੰ ਯਕਦਮ ਇੰਝ ਸੁਰਖੀਆਂ 'ਚ ਲਿਆ ਦਿੰਦੇ ਹਨ ਜੋ ਮੇਰੇ ਲਈ ਇੱਕ ਤਸਵੀਰ ਸੀ ਜਿਸ ਤੋਂ ਮੈਨੂੰ ਮੁੜ ਅਹਿਸਾਸ ਹੋਇਆ ਕਿ ਲੋਕ ਤੁਹਾਨੂੰ ਕਿੰਨੀ ਦੂਰ ਦੂਰ ਤੱਕ ਜਾਣਦੇ ਹਨਸਨਮਾਨ ਤਾਂ ਕਿਸੇ ਕੀਤੇ ਕੰਮ ਨੂੰ ਕਰਦੇ ਹੋਏ ਸਾਹ ਲੈਣ ਲਈ ਹੁੰਦੇ ਹਨ,ਇਸ ਤੋਂ ਬਾਅਦ ਫਿਰ ਸਫਰ ਪਹਿਲਾਂ ਦੀ ਤਰ੍ਹਾਂ ਸ਼ੁਰੂ ਹੋ ਜਾਂਦਾ ਹੈ

ਪੰਜਾਬ ਦਾ ਇੱਕ ਅਜਿਹਾ ਜ਼ਿਲ੍ਹਾ ਜੀਹਨੂੰ 'ਮੋਗਾ ਚਾਹ ਜੋਗਾ' ਕਹਿਕੇ ਸੰਬੋਧਿਤ ਕੀਤਾ ਗਿਆ ਤੇ ਦੂਜੇ ਪਾਸੇ ਰੌਲੇ ਰੱਪੇ ਤੇ ਤੇਜ਼ ਤਰਾਰ ਜ਼ਿੰਦਗੀ ਨੂੰ ਭੋਗਦੇ ਸ਼ਹਿਰ ਕੋਲਕਾਤਾ 'ਚ ਸਾਹਿਤ ਦੇ ਹਰਫੀ ਫੁਰਨੇ,ਕਿਸ ਸਰਜ਼ਮੀਨ 'ਚ ਸਾਹਿਤ ਵਧੇਰੇ ਨਕਸ਼ਬੱਧ ਹੋਇਆ?
ਮੇਰੇ ਸ਼ਹਿਰ ਮੋਗੇ ਬਾਰੇ ਅਜਿਹੀ ਧਾਰਨਾ ਜ਼ਰੂਰ ਹੈ ਪਰ ਮੋਗਾ ਪੰਜਾਬ ਦੀ ਸੱਭਿਆਚਾਰਕ ਜ਼ਿੰਦਗੀ ਦਾ ਖਾਸ ਵਰਤਾਰਾ ਰਿਹਾ ਹੈਜਿੱਥੋਂ ਤੱਕ ਕੋਲਕਾਤਾ ਦੀ ਗੱਲ ਹੈ ਤਾਂ ਮੈਂ ਇਹੋ ਕਹਾਂਗਾ ਕਿ ਜੇ ਇਹ ਮਹਾਂਨਗਰ ਨਾ ਹੁੰਦਾ ਤਾਂ ਮੇਰੀ ਰਚਨਾ 'ਸੜਕਨਾਮਾ' ਨਾ ਹੁੰਦੀਇਸ ਸ਼ਹਿਰ ਨੇ ਮੇਰੀ ਸੋਚ,ਮੇਰੇ ਨਜ਼ਰੀਏ ਨੂੰ ਵਧੇਰੇ ਗੂੜ੍ਹਾ ਕੀਤਾ

'ਢਾਹਵਾਂ ਦਿੱਲੀ ਦੇ ਕਿੰਗਰੇ' ਬਾਰੇ ਦੱਸੋ?
ਇਸ ਨਾਵਲ ਨੂੰ ਲਿਖਣ ਦਾ ਕਾਰਨ ਸੀ ਕਿ ਮੈਂ ਲੋਕ ਨਾਇਕ 'ਦੁੱਲਾ ਭੱਟੀ' ਨੂੰ ਨਾਇਕ ਵੱਜੋਂ ਪੇਸ਼ ਕਰਦਾ ਨਾਵਲ ਲਿਖਣਾ ਚਾਹੁੰਦਾ ਸੀਇਸ ਲਈ ਮੈਂ ਖੋਜ ਕਰਨ ਦੋ ਵਾਰ ਲਾਹੌਰ(ਪਾਕਿਸਤਾਨ) ਗਿਆਉੱਥੇ ਪਿੰਡੀ ਭੱਟੀਆ ਦੁੱਲਾ ਭੱਟੀ ਦਾ ਪਿੰਡ ਹੈਮੈਂ ਉੱਥੇ ਜਾਕੇ ਉਹਨਾਂ ਲੋਕਾਂ ਦੀ ਬੋਲੀ ਨੂੰ ਜਾਨਣ ਦੀ ਕੋਸ਼ਿਸ ਵੀ ਕੀਤੀ ਜੋ ਮੇਰੇ ਨਾਵਲ 'ਚ ਕਾਫੀ ਸਹਾਈ ਸਿੱਧ ਹੋਈਉੱਥੇ ਮੈਂ ਮਿਆਨੀ ਸਾਹਿਬ ਜਾਕੇ ਦੁੱਲਾ ਭੱਟੀ ਦੀ ਸਮਾਧ ਵੀ ਵੇਖੀਉਹਦੀ ਸਮਾਧ 'ਤੇ ਲਿਖਿਆ ਸੀ 'ਢਾਹਵਾਂ ਦਿੱਲੀ ਦੇ ਕਿੰਗਰੇ' ਜਿਹਨੂੰ ਮੈਂ ਆਪਣੇ ਨਾਵਲ ਦਾ ਸਿਰਲੇਖ ਬਣਾਇਆ

ਕਿਸੇ ਸਾਹਿਤਕਾਰ ਲਈ ਸਭ ਤੋਂ ਵੱਡੀ ਮਕਬੂਲੀਅਤ ਹੁੰਦੀ ਹੈ ਜਦੋਂ ਪਾਠਕ ਲੇਖਕ ਨੂੰ ਉਸਦੀ ਰਚਨਾ ਦੇ ਨਾਲ ਜਾਨਣ ਲੱਗ ਜਾਵੇ,ਜਿਵੇਂ ਕਿ ਤੁਹਾਨੂੰ ਲੋਕ ਬਲਦੇਵ ਸਿੰਘ ਸੜਕਨਾਮਾ ਕਹਿਕੇ ਸੰਬੋਧਿਤ ਕਰਦੇ ਹਨ ਤਾਂ ਕਿੰਝ ਲੱਗਦਾ ਹੈ?
ਇਹ ਮੇਰੇ ਲਈ ਹਮੇਸ਼ਾ ਫਖ਼ਰ ਵਾਲੀ ਗੱਲ ਰਹੀ ਹੈ ਮੈਨੂੰ ਲੋਕ ਬਲਦੇਵ ਸਿੰਘ ਸੜਕਨਾਮਾ ਕਹਿਕੇ ਬਲਾਉਂਦੇ ਹਨ ਫਿਰ ਜਦੋਂ ਮੈਂ 'ਲਾਲ ਬੱਤੀ' ਲਿਖਿਆ ਤਾਂ ਪਾਠਕਾਂ ਬਲਦੇਵ ਸਿੰਘ ਲਾਲਬੱਤੀ ਕਹਿਕੇ ਸੰਬੋਧਿਤ ਕਰਨਾ ਸ਼ੁਰੂ ਕਰ ਦਿੱਤਾਇਸ ਤੋਂ ਮੈਨੂੰ ਇੱਕ ਕਿੱਸਾ ਵੀ ਯਾਦ ਆ ਗਿਆਗੱਲ ਚੰਡੀਗੜ੍ਹ ਦੀ ਹੈ ਇਸ ਸ਼ਹਿਰ 'ਚ ਕਿਸੇ ਸਾਹਿਤਕ ਸਮਾਗਮ 'ਚ ਮੇਰੇ ਮਿੱਤਰ ਨੇ ਮੈਨੂੰ ਮਜ਼ਾਕ ਨਾਲ ਕਿਹਾ, "ਬਲਦੇਵ ਤੇਰੀ ਕਿਤਾਬ ਇੰਨੀ ਮਸ਼ਹੂਰ ਹੁੰਦੀ ਹੈ ਕਿ ਤੇਰੇ ਨਾਮ ਦੇ ਨਾਲ ਤੇਰੀ ਕਿਤਾਬ ਦਾ ਨਾਮ ਵੀ ਜੁੜ ਜਾਂਦਾ ਹੈਜੇ ਤੂੰ ਆਪਣੀ ਕਿਸੇ ਕਿਤਾਬ ਦਾ ਨਾਮ 'ਹਰਾਮਜ਼ਾਦਾ' ਰੱਖ ਦਿੱਤਾ ਫੇਰ"ਮੈਂ ਉਹਨੂੰ ਜਵਾਬ ਦਿੱਤਾ ਕਿ ਮੇਰਾ ਦਿਮਾਗ ਥੋੜ੍ਹਾ ਖਰਾਬ ਹੈ ਕਿ ਮੈਂ ਅਜਿਹਾ ਨਾਮ ਰੱਖਾਗਾਂ ਸਗੋਂ ਮੈਂ ਆਪਣੀ ਕਿਤਾਬ ਦਾ ਨਾਮ 'ਜਵਾਈ ਭਾਈ' ਰੱਖਾਗਾਂਫਿਰ ਜਿਹਨੇ ਜੋ ਸੰਬੋਧਨ ਕਰਨਾ ਹੋਵੇ, ਕਰਦਾ ਰਹੇ

ਤੁਹਾਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਣ 'ਤੇ ਬਹੁਤ ਸਾਰਿਆਂ ਇਹ ਵੀ ਪ੍ਰਤੀਕਿਰਿਆ ਦਿੱਤੀ ਕਿ ਬਲਦੇਵ ਸਿੰਘ ਨੂੰ ਇਹ ਸਨਮਾਨ ਤਾਂ ਬਹੁਤ ਪਹਿਲਾਂ ਹੀ ਸੜਕਨਾਮਾ ਕਰਕੇ ਮਿਲ ਜਾਣਾ ਚਾਹੀਦਾ ਸੀ ਜੋਕਿ ਹੁਣ ਉਹਨੂੰ 'ਢਾਹਵਾਂ ਦਿੱਲੀ ਦੇ ਕਿੰਗਰੇ' ਰਾਹੀਂ ਮਿਲਿਆ ਹੈ?
ਇਹ ਮੇਰੇ ਪਾਠਕਾਂ ਦਾ ਪਿਆਰ ਹੈ ਕਿ ਉਹਨਾਂ ਦੀ ਅਜਿਹੀ ਟਿੱਪਣੀ ਸੀਮੇਰੇ ਲੇਖਕ ਦੋਸਤਾਂ ਦਾ ਵੀ ਅਜਿਹਾ ਵਿਚਾਰ ਸੀ ਕਿ ਇਹ ਸਨਮਾਨ 'ਸੜਕਨਾਮਾ' ਨੂੰ ਮਿਲਣਾ ਚਾਹੀਦਾ ਸੀਇਸ ਤੋਂ ਬਾਅਦ ਵੀ ਉਹਨਾਂ ਦਾ ਮੰਨਣਾ ਸੀ ਕਿ ਜੇ ਸੜਕਨਾਮਾ ਨਹੀਂ ਤਾਂ 'ਲਾਲਬੱਤੀ' ਜਾਂ 'ਅੰਨਦਾਤਾ' ਨੂੰ ਤਾਂ ਪੱਕਾ ਮਿਲ ਹੀ ਜਾਣਾ ਚਾਹੀਦਾ ਸੀਇਹ ਮੇਰੇ ਚਾਹੁਣ ਵਾਲਿਆਂ ਦਾ ਨਜ਼ਰੀਆ ਹੈ ਪਰ ਮੈਂ ਕਦੀ ਪੁਰਸਕਾਰਾਂ ਲਈ ਨਹੀਂ ਲਿਖਿਆਮੈਂ ਇਸ ਬਾਰੇ ਵੀ ਇਹੋ ਕਹਾਂਗਾ ਕਿ ਆਮ ਤੌਰ 'ਤੇ ਅਜਿਹੇ ਸਨਮਾਨ ਚਿਹਰੇ ਜਾਂ ਰਸੂਖਦਾਰ ਅਕਸ ਨੂੰ ਮਿਲਦੇ ਹਨ ਪਰ ਮੇਰੇ ਸੰਦਰਭ 'ਚ ਇਹ ਸਨਮਾਨ ਮੈਨੂੰ ਨਹੀਂ ਸਗੋਂ ਇੱਕ ਰਚਨਾ ਨੂੰ ਮਿਲਿਆ ਹੈ

ਤੁਹਾਡੇ ਸਾਹਿਤ ਅਕਾਦਮੀ ਪੁਰਸਕਾਰ ਦੇ ਸੰਦਰਭ 'ਚ ਫਿਲਹਾਲ ਦੇ ਸੰਪਾਦਕ ਗੁਰਬਚਨ ਹੁਰਾਂ ਦਾ ਤਾਂ ਇਹ ਵੀ ਕਹਿਣਾ ਸੀ ਕਿ ਪੰਜਾਬੀ 'ਚ ਹੁਣ ਤੱਕ ਔਸਤਨ ਸਾਹਿਤ ਲਿਖਿਆ ਜਾ ਰਿਹਾ ਹੈ,ਇਸ ਲਈ ਜੇ ਹੋਰ ਔਸਤਨ ਸਾਹਿਤਕਾਰਾਂ ਨੂੰ ਇਨਾਮ ਮਿਲੇ ਹਨ ਤਾਂ ਬਲਦੇਵ ਸਿੰਘ ਨੂੰ ਵੀ ਸਨਮਾਨ ਮਿਲਣਾ ਜਾਇਜ਼ ਹੈ ਪਰ ਇਹ ਬਲਦੇਵ ਸਿੰਘ ਲਈ ਕੋਈ ਖੁਸ਼ ਹੋਣ ਵਾਲੀ ਗੱਲ ਨਹੀਂ ਸਗੋਂ ਪੰਜਾਬੀ ਸਾਹਿਤ ਬਾਬਤ ਇਹ ਗੱਲ ਵਿਚਾਰਣਯੋਗ ਵੀ ਹੈ?
ਗੁਰਬਚਨ ਜੀ ਸਾਡੇ ਬਹੁਤ ਚੰਗੇ ਵਿਦਵਾਨ ਹਨ ਉਹ ਸਾਹਿਤ ਦੇ ਪੰਡਿਤ ਹਨ ਪਰ ਉਹ ਹਮੇਸ਼ਾ ਨਾਂਹ ਪੱਖੀ ਪਹੁੰਚ ਰੱਖਦੇ ਹਨ ਪੰਜਾਬੀ ਸਾਹਿਤ ਦਾ ਚੰਗਾ ਕੰਮ ਵੀ ਹੋ ਰਿਹਾ ਹੈ ਜੋ ਉਹ ਵੇਖਣਾ ਨਹੀਂ ਚਾਹੁੰਦੇਪਰ ਗੁਰਬਚਨ ਹੁਰਾਂ ਦੀ ਇਸ ਟਿੱਪਣੀ ਤੋਂ ਅਸੀ ਇਹ ਗੱਲ ਤਾਂ ਵਿਚਾਰ ਸਕਦੇ ਹਾਂ ਕਿ ਜਿਸ ਤਰ੍ਹਾਂ 'ਚਾਰ ਪੈਸੇ ਖਰਚ ਕਰਕੇ ਅੱਖਰ ਖਰੀਦਣ' ਵਾਲੀ ਗੱਲ ਕਰ ਪਬਲਿਸ਼ਰਾਂ ਤੋਂ ਹਰ ਕੋਈ ਥੋਕ ਦੇ ਭਾਅ ਕਿਤਾਬਾਂ ਛਪਵਾ ਰਿਹਾ ਹੈ,ਸੰਸਾਰ ਪੱਧਰ 'ਤੇ ਜੋ ਸਾਹਿਤ ਸਿਰਜਣਾ ਹੋ ਰਹੀ ਹੈ, ਉਸ ਤੋਂ ਕੁਝ ਵੱਖਰੀਆਂ ਨਕਾਰਤਾਮਕ ਗੱਲਾਂ ਪੰਜਾਬੀ ਸਾਹਿਤ 'ਚ ਵੇਖਣ ਨੂੰ ਮਿਲ ਰਹੀਆਂ ਹਨ ਕੀ ਕਿਤਾਬਾਂ ਦੀ ਗਿਣਤੀ ਵਧਣ ਦੇ ਨਾਲ ਕਲਾ ਦੀ ਗੁਣਵਤਾ 'ਚ ਖੜੋਤ ਵਾਲਾ ਮਸਲਾ ਗੰਭੀਰ ਨਹੀਂ?

ਮੈਂ ਇਸ ਗੱਲ ਨੂੰ ਰੱਦ ਨਹੀਂ ਕਰ ਰਿਹਾ ਅਤੇ ਅਜਿਹੀਆਂ ਕਿਤਾਬਾਂ ਨਾਲ ਕੋਈ ਬਹੁਤਾ ਉਤਾਰਾ ਨਹੀਂ ਹੁੰਦਾ ਪਰ ਗੁਰਬਚਨ ਹੁਰਾਂ ਦੀ ਟਿੱਪਣੀ ਜਿੱਥੇ ਖਲੋਤੀ ਹੈ ਉਹ ਇਹ ਹੈ ਕਿ ਉਹਨਾਂ ਨੂੰ ਸਿਰਫ ਨਾਂਹ ਪੱਖੀ ਗੱਲ ਨਹੀਂ ਕਹਿਣੀ ਚਾਹੀਦੀ ਜੇ ਪੰਜਾਬੀ ਸਾਹਿਤ 'ਚ ਵੀਹ ਫੀਸਦੀ ਵੀ ਚੰਗਾ ਕੰਮ ਹੋ ਰਿਹਾ ਹੈ, ਉਸ ਨੂੰ ਦਰਨਿਕਾਰ ਨਹੀਂ ਕੀਤਾ ਜਾ ਸਕਦਾ ਇਸ ਬਾਰੇ ਉਹਨਾਂ ਨੂੰ ਇਹ ਜ਼ਰੂਰ ਵਿਚਾਰਨਾ ਚਾਹੀਦਾ ਹੈ, ਅਮ੍ਰਿਤਾ ਵੀ ਵਧੀਆ ਨਹੀਂ ਲੱਗਦੀ,ਸੁਰਜੀਤ ਵੀ ਚੰਗਾ ਨਹੀਂ ਲੱਗਦਾ,ਉਹਨਾਂ ਨੂੰ ਅਜੀਤ ਕੌਰ ਵੀ ਚੰਗੀ ਨਹੀਂ ਲੱਗਦੀਉਹ ਹਮੇਸ਼ਾ ਅਜਿਹੀਆਂ ਟਿੱਪਣੀਆਂ ਨਾਲ ਕੀ ਸਿੱਧ ਕਰ ਰਹੇ ਹਨਉਹ ਇਹ ਜ਼ਰੂਰ ਦੱਸਣ ਕਿ ਉਹਨਾਂ ਦੀ ਔਸਤਨ ਸਾਹਿਤ ਦੀ ਪਰੀਭਾਸ਼ਾ ਕੀ ਹੈ?ਉਹਨਾਂ ਦੀ ਨਜ਼ਰ 'ਚ ਕਲਾਸੀਕਲ ਸਾਹਿਤ ਕੀ ਹੈ?ਮੇਰੇ ਮਨ 'ਚ ਉਹਨਾਂ ਦੀ ਬਹੁਤ ਇੱਜ਼ਤ ਹੈ,ਇਹ ਉਹਨਾਂ ਦਾ ਨਿਜੀ ਵਿਚਾਰ ਹੋ ਸਕਦਾ ਹੈ ਜੋ ਕਿ ਅੱਜ ਦੇ ਲੋਕਤੰਤਰੀ ਯੁੱਗ 'ਚ ਕਹਿਣ ਦਾ ਸਭ ਦਾ ਹੱਕ ਬਣਦਾ ਹੈ ਪਰ ਪੰਜਾਬੀ ਸਾਹਿਤ ਦਾ ਹਾਂ ਪੱਖੀ ਨਜ਼ਰੀਆ ਵੀ ਵੇਖਣਾ ਚਾਹੀਦਾ ਹੈਉਹ ਸਾਨੂੰ ਦੱਸਣ ਸਾਡੇ 'ਚ ਕੀ ਨੁਕਸ ਹੈ, ਅਸੀਂ ਜ਼ਰੂਰ ਉਹਨਾਂ ਦੇ ਵਿਚਾਰਾਂ ਨੂੰ ਸਿਰ ਮੱਥੇ ਲਵਾਂਗੇ ਪਰ ਸਿਰਫ ਨਾਂਹ ਪੱਖੀ ਗੱਲ ਕਰਨੀ ਤਾਂ ਉਹੀ ਗੱਲ ਹੋ ਗਈ ਕਿ ਕੋਈ ਬੰਦਾ ਤਾਰ 'ਤੇ ਤੁਰਿਆ ਜਾ ਰਿਹਾ ਹੈ ਤੇ ਥੱਲੇ ਖੜ੍ਹਕੇ ਢੋਲ ਵਾਲਾ ਕਹੀ ਜਾਵੇ ਕਿ ਮੈਂ ਨਾ ਮਾਨੂੰ ਮੈਂ ਨਾ ਮਾਨੂੰ' ਪੰਜਾਬੀ ਸਾਹਿਤ 'ਚ ਉਹ ਵੀ ਹਰਫੀ ਬੁਣਕਾਰੀ ਸੀ ਜਿਸ 'ਚ ਕੁਲਵੰਤ ਸਿੰਘ ਵਿਰਕ ਵਰਗੇ ਕਿਰਦਾਰਾਂ ਦਾ ਮਨੋਵਿਗਿਆਨਕ ਚਿਤਰਨ ਬਾਖੂਬ ਕਰਦੇ ਸਨ, ਸੰਤ ਸਿੰਘ ਸੇਖੋਂ ਦਾ ਆਪਣਾ ਕਮਾਲ ਸੀਪ੍ਰੋ ਪੂਰਨ ਸਿੰਘ ਦਾ ਆਪਣੀ ਤਰ੍ਹਾਂ ਦਾ ਅਲਬੇਲਾ ਚਿੰਤਨ ਸੀ ਅਜਿਹੇ 'ਚ ਪੰਜਾਬੀ ਸਾਹਿਤ ਦਾ ਇੱਕ ਆਪਣਾ ਜੋਬਨ ਹੈ, ਅਜਿਹੇ 'ਚ ਪੰਜਾਬੀ ਸਾਹਿਤ ਦੀ ਖੜੋਤ ਵਿਚਾਰਨਯੋਗ ਤਾਂ ਹੋਣੀ ਚਾਹੀਦੀ ਹੈ,ਕਿਉਂਕਿ ਔਸਤਨ ਸਾਹਿਤ ਦੇ ਹੱਲ ਬਾਰੇ ਗੁਰਬਚਨ ਤਾਂ ਇਹ ਵੀ ਕਹਿੰਦੇ ਹਨ ਕਿ ਕੁਝ ਸਮੱਸਿਆਵਾਂ ਹੁੰਦੀਆਂ ਹਨ ਜਿਨ੍ਹਾਂ ਦਾ ਹੱਲ ਨਹੀਂ ਹੁੰਦਾ

ਤੁਹਾਡੇ ਮੁਤਾਬਕ ਕਿਹੜੇ ਪਹਿਲੂ ਵਿਚਾਰਣਯੋਗ ਹਨ?
ਮੇਰਾ ਖੇਤਰ ਸਾਹਿਤ ਸਿਰਜਣਾ ਦਾ ਹੈ,ਆਲੋਚਨਾ ਦਾ ਖੇਤਰ ਮੇਰਾ ਨਹੀਂ ਹੈਇਹ ਜਿਹਨਾਂ ਦਾ ਖੇਤਰ ਹੈ, ਉਹਨਾਂ ਨੂੰ ਦੱਸਣਾ ਚਾਹੀਦਾ ਕਿ ਔਸਤਨ ਸਾਹਿਤ ਨੂੰ ਮਿਆਰੀ ਸਾਹਿਤ ਕਿਵੇਂ ਬਣਾਇਆ ਜਾ ਸਕਦਾ ਹੈਜਿਹਨਾਂ ਨੇ ਇਹ ਫਤਵਾ ਜਾਰੀ ਕੀਤਾ ਹੈ ਕਿ ਔਸਤਨ ਸਾਹਿਤ ਸਿਰਜਿਆ ਜਾ ਰਿਹਾ ਹੈ, ਇਹਦਾ ਹੱਲ ਉਹਨਾਂ ਨੂੰ ਵਧੇਰੇ ਗੰਭੀਰਤਾ ਨਾਲ ਕਰਨਾ ਚਾਹੀਦਾ ਹੈਸਾਹਿਤ ਜਦੋਂ ਸਿਨੇਮਾਈ ਰੂਪ ਲੈਂਦਾ ਹੈ ਤਾਂ ਸਾਹਿਤ ਪ੍ਰਤੀ ਲੋਕਾਂ ਦੀ ਰੁਚੀ ਵਧੇਰੇ ਉਜਾਗਰ ਹੋ ਜਾਂਦੀ ਹੈ,ਜਿਵੇਂ ਬੰਗਾਲੀ ਸਾਹਿਤ 'ਤੇ ਫਿਲਮਾਂ ਬਣੀਆਂ, ਪੰਜਾਬੀ ਦੇ ਵੀ ਕੁਝ ਨਾਵਲਾਂ (ਪਵਿੱਤਰ ਪਾਪੀ,ਅੰਨ੍ਹੇ ਘੋੜੇ ਦਾ ਦਾਨ,ਪਿੰਜਰ,ਮੜ੍ਹੀ ਦਾ ਦੀਵਾ) 'ਤੇ ਵੀ ਫਿਲਮਾਂ ਬਣੀਆਂਤੁਹਾਡੇ ਕੋਲ ਤੁਹਾਡੇ

ਨਾਵਲਾਂ ਬਾਬਤ ਕਦੀ ਅਜਿਹੀ ਵਿਉਂਤਬੰਦੀ ਲੈਕੇ ਕੋਈ ਆਇਆ?
ਇਸ ਬਾਰੇ ਮੇਰੇ ਤੱਕ ਕਈਆਂ ਨੇ ਪਹੁੰਚ ਕੀਤੀ ਪਰ ਅਜਿਹਾ ਕੋਈ ਸਬੱਬ ਨਹੀਂ ਬਣਿਆ ਸਗੋਂ ਸੁਰਿੰਦਰ ਸਿੰਘ ਪੂਨੇ ਵਾਲੇ ਜਿਨ੍ਹਾਂ ਗੁਰਦਿਆਲ ਸਿੰਘ ਦੇ ਨਾਵਲ 'ਤੇ 'ਮੜ੍ਹੀ ਦਾ ਦੀਵਾ' ਬਣਾਈ ਸੀ, ਨੇ ਮੇਰੇ ਨਾਵਲਾਂ ਨੂੰ ਅਧਾਰ ਬਣਾਕੇ ਫਿਲਮ ਬਣਾਉਣੀ ਚਾਹੀ ਸੀ ਪਰ ਉਹਨਾਂ ਦੀ ਅਚਨਚੇਤੀ ਮੌਤ ਹੋ ਗਈਇਸ ਤੋਂ ਬਾਅਦ ਵੀ ਕੁਝ ਅਜਿਹਾ ਹੀ ਵਾਪਰਦਾ ਰਿਹਾ, ਨਹੀਂ ਤਾਂ ਹੁਣ ਤੱਕ ਮੇਰੇ ਨਾਵਲਾਂ 'ਤੇ ਅਧਾਰਿਤ ਤਿੰਨ ਜਾਂ ਚਾਰ ਫਿਲਮਾਂ ਤਾਂ ਜ਼ਰੂਰ ਬਣੀਆਂ ਹੁੰਦੀਆਂ

ਭੱਵਿਖ 'ਚ ਤੁਹਾਡੀ ਕਲਮ ਦੀ ਕਿਹੜੀ ਹਰਫੀ ਬੁਣਕਾਰੀ ਸਾਡੇ ਸਾਹਮਣੇ ਹੋਵੇਗੀ?
ਪੰਜਾਬ 'ਚ ਜਿਵੇਂ ਭੂ ਮਾਫੀਆ ਨੇ ਜ਼ਮੀਨਾਂ 'ਤੇ ਕਬਜ਼ਾ ਕੀਤਾ ਹੋਇਆ ਹੈ ਤੇ ਅਜਿਹੇ 'ਚ ਕਿੰਝ ਜ਼ਮੀਨਾਂ ਦੇ ਭਾਅ ਕਰੋੜਾਂ 'ਚ ਹੋਏ ਪਏ ਹਨ ਅਜਿਹੇ 'ਚ ਕਿਸਾਨ ਦੀ ਜ਼ਿੰਦਗੀ ਕਿੰਝ ਪ੍ਰਭਾਵਿਤ ਹੋ ਰਹੀ ਹੈ ਇਸ ਵਿਸ਼ੇ ਨੂੰ ਸਮੇਟ ਕੇ ਮੈਂ 'ਅੰਨਦਾਤਾ' ਭਾਗ ਦੂਜਾ ਨਾਵਲ ਲਿਖਣ ਜਾ ਰਿਹਾ ਹਾਂ ਉਮੀਦ ਹੈ ਕਿ ਮੈਂ ਇੰਝ ਹਮਾਤੜ ਜ਼ਿੰਦਗਾਨੀ ਦੇ ਦਰਦ ਨੂੰ ਜ਼ੁਬਾਨ ਦੇ ਸਕਾਗਾਂ

No comments:

Post a Comment