ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, March 29, 2012

ਸਾਂਝੇ ਪੰਜਾਬ ਦੀ 'ਲਾਹੌਰ ਸਿਨੇਮਾ' ਸਨਅਤ ਵਿਰਾਸਤ

ਲਾਹੌਰ 'ਚ ਪਹਿਲਾ ਫ਼ਿਲਮ ਥੀਏਟਰ ਕਦੋਂ ਬਣਿਆ ਸੀ? ਇਸ ਦਾ ਕੋਈ ਪੱਕਾ ਜਵਾਬ ਨਹੀਂ ਹੋ ਸਕਦਾ ਪਰ ਅਸੀਂ ਇਹ ਕਹਿ ਸਕਦੇ ਹਾਂ ਕਿ 1920ਵਿਆਂ ਦੇ ਸ਼ੁਰੂ 'ਚ ਇੱਥੇ ਨੌਂ ਸਿਨੇਮਾ ਘਰ ਖੁੱਲ੍ਹ ਚੁੱਕੇ ਸਨ ਉਹ ਗੂੰਗੀਆਂ ਫ਼ਿਲਮਾਂ ਦਾ ਸਮਾਂ ਸੀ ਹਾਲੀਵੁੱਡ, ਲੰਡਨ, ਮੁੰਬਈ ਅਤੇ ਕੋਲਕਾਤਾ 'ਚ ਬਣੀਆਂ ਫ਼ਿਲਮਾਂ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਭੀੜ ਇਕੱਠੀ ਹੁੰਦੀ ਸੀ, ਕਿਉਂਕਿ ਮਨੋਰੰਜਨ ਦੇ ਮਾਮਲੇ 'ਚ ਪੰਜਾਬੀ ਹਮੇਸ਼ਾ ਅੱਗੇ ਰਹਿੰਦੇ ਹਨ ਗੂੰਗੀਆਂ ਫ਼ਿਲਮਾਂ ਦੀ ਵਿਸ਼ੇਸ਼ਤਾ ਇਹ ਹੁੰਦੀ ਸੀ ਕਿ ਉਦੋਂ ਫ਼ਿਲਮਾਂ ਦੇ ਨਾਲ ਪਿੱਛਿਓਂ ਸੰਗੀਤ ਵੀ ਵਜਾਇਆ ਜਾਂਦਾ ਸੀ ਸਿਨੇਮਾ ਘਰ 'ਚ ਕੁੱਝ ਸੰਗੀਤਵਾਦਕ ਬੈਠੇ ਹੁੰਦੇ ਸਨ ਜੋ ਕਿ ਫ਼ਿਲਮ ਦੇ ਦ੍ਰਿਸ਼ਾਂ ਅਨੁਸਾਰ ਪਿਆਨੋ, ਤਬਲਾ ਅਤੇ ਹੋਰ ਸਾਜ਼ ਵਜਾਉਂਦੇ ਰਹਿੰਦੇ ਸਨ ਇਸ ਤਰ੍ਹਾਂ ਫ਼ਿਲਮ ਵੇਖਣ ਸਮੇਂ ਸਿੱਧਾ ਪ੍ਰਸਾਰਣ ਹੋਣ ਦਾ ਅਹਿਸਾਸ ਹੁੰਦਾ ਸੀ ਜੋ ਕਿ ਆਵਾਜ਼ ਵਾਲੀਆਂ ਫ਼ਿਲਮਾਂ ਦੇ ਆਉਣ ਨਾਲ ਖ਼ਤਮ ਹੋ ਗਿਆ ਲਾਹੌਰ 'ਚ ਬਣੀ ਪਹਿਲੀ ਗੂੰਗੀ ਫ਼ਿਲਮ 1924 'ਚ ਰਿਲੀਜ਼ ਹੋਈ ਸੀ ਜਿਸ ਦਾ ਨਾਮ 'ਦ ਡਾਟਰਸ ਆਫ਼ ਟੂਡੇ' ਸੀ ਇਸ ਨੂੰ ਉੱਤਰੀ-ਪੱਛਮੀ ਰੇਲਵੇ ਦੇ ਸਾਬਕਾ ਅਫ਼ਸਰ, ਜੀ.ਕੇ. ਮਹਿਤਾ ਨੇ ਬਣਾਇਆ ਸੀ ਫ਼ਿਲਮ ਬਣਾਉਣ ਲਈ ਉਸ ਨੇ ਲੰਡਨ 'ਚੋਂ ਕੈਮਰਾ ਆਯਾਤ ਕਰਵਾਇਆ ਸੀ ਮੁੰਬਈ ਦੇ ਮਸ਼ਹੂਰ ਫ਼ਿਲਮ ਬਣਾਉਣ ਵਾਲੇ ਮੀਆਂ ਅਬਦੁਰ ਰਸ਼ੀਦ ਕਰਦਾਰ ਨੇ ਮਹਿਤਾ ਨਾਲ ਸਹਾਇਕ ਨਿਰਦੇਸ਼ਕ ਅਤੇ ਮੁੱਖ ਅਦਾਕਾਰ ਵਜੋਂ ਵੀ ਕੰਮ ਕੀਤਾ ਪੁਰਾਣੇ ਫ਼ਿਲਮ ਲੇਖਕ ਏ. ਹਮੀਦ ਅਨੁਸਾਰ, ਇਹ ਫ਼ਿਲਮ ਜ਼ਿਆਦਾਤਰ ਖੁੱਲ੍ਹੇ ਆਸਮਾਨ ਹੇਠ ਹੀ ਬਣਾਈ ਗਈ ਸੀ ਅਤੇ ਉਸ ਵਲੇ ਲਾਹੌਰ 'ਚ ਕੋਈ ਸਟੂਡੀਓ ਨਹੀਂ ਹੁੰਦਾ ਸੀ

ਕਰਦਾਰ ਅਤੇ ਉਸ ਦੇ ਮਿੱਤਰ ਕਲਾਕਾਰ ਅਤੇ ਸੁਲਿਪੀਕਾਰ ਐਮ. ਇਸਮਾਈਲ, ਜੋ ਕਿ ਵੰਡ ਤੋਂ ਬਾਅਦ ਮਸ਼ਹੂਰ ਚਰਿੱਤਰ ਅਦਾਕਾਰ ਬਣੇ, ਨੇ 1928 'ਚ ਆਪਣੀ ਸੰਪੱਤੀ ਵੇਚ ਦਿੱਤੀ ਅਤੇ ਭੱਟੀ ਗੇਟ ਨੇੜੇ ਰਾ ਵੀ ਰੋਡ 'ਤੇ ਇੱਕ ਸਟੂਡੀਓ ਬਣਾ ਲਿਆ ਉਹ ਇੱਥੇ ਹੀ ਰਹਿੰਦੇ ਸਨ ਸਟੂਡੀਓ 'ਚ ਰੌਸ਼ਨੀ ਦਾ ਇੰਤਜ਼ਾਮ ਬਹੁਤ ਵਧੀਆ ਨਹੀਂ ਸੀ ਅਤੇ ਫ਼ਿਲਮ ਬਣਾਉਣ ਦਾ ਕੰਮ ਸਿਰਫ਼ ਦਿਨ ਸਮੇਂ ਹੀ ਹੋ ਸਕਦਾ ਸੀ ਰਾਵੀ ਰੋਡ ਦੀ ਚੋਣ ਇਸ ਲਈ ਕੀਤੀ ਗਈ ਸੀ ਕਿਉਂਕਿ ਉਸ ਵੇਲੇ ਰਾਵੀ ਦਰਿਆ ਦੇ ਕਿਨਾਰਿਆਂ ਨੇੜੇ ਸੰਘਣੇ ਜੰਗਲ ਹੁੰਦੇ ਸਨ ਅਤੇ ਮੁਗਲ ਬਾਦਸ਼ਾਹ ਜਹਾਂਗੀਰ ਅਤੇ ਉਸ ਦੀ ਪਤਨੀ ਨੂਰਜਹਾਂ ਦੀਆਂ ਕਬਰਾਂ ਪੁਲ ਦੇ ਪਾਰ ਹੀ ਸਥਿਤ ਸਨ ਇਸ ਤਰ੍ਹਾਂ ਫ਼ਿਲਮਾਂ 'ਚ ਸੋਹਣੇ ਦ੍ਰਿਸ਼ਾਂ ਨੂੰ ਆਸਾਨੀ ਨਾਲ ਫ਼ਿਲਮਾਉਣ ਦਾ ਮੌਕਾ ਮਿਲ ਜਾਂਦਾ ਸੀ

ਰਾਵੀ ਰੋਡ ਸਟੂਡੀਓ 'ਚ ਬਣਾਈ ਪਹਿਲੀ ਫ਼ਿਲਮ ਦਾ ਨਾਮ ਹੁਸਨ ਕਾ ਡਾਕੂ ਸੀਇਸ ਵਾਰੀ ਸ੍ਰੀ ਕਰਦਾਰ ਨੇ ਫ਼ਿਲਮ ਦਾ ਨਿਰਦੇਸ਼ਨ ਖ਼ੁਦ ਕੀਤਾ ਉਹ ਇਸ ਫ਼ਿਲਮ 'ਚ ਮੁੱਖ ਅਦਾਕਾਰ ਵੀ ਬਣੇ ਉਨ੍ਹਾਂ ਦੇ ਨਾਲ ਗੁਲਜ਼ਾਰ ਬੇਗ਼ਮ ਨੇ ਮੁੱਖ ਅਦਾਕਾਰਾ ਵਜੋਂ ਕੰਮ ਕੀਤਾਇਸਮਾਇਲ ਨੇ ਸਹਾਇਕ ਅਦਕਾਰ ਦਾ ਕਿਰਦਾਰ ਨਿਭਾਇਆ ਇਸ ਫ਼ਿਲਮ 'ਚ ਅਮਰੀਕੀ ਅਦਾਕਾਰਾ ਇਰੀਸ਼ ਕਰਾਫ਼ੋਰਡ ਨੇ ਵੀ ਕੰਮ ਕੀਤਾਇਸ ਤੋਂ ਪਤਾ ਲਗਦਾ ਹੈ ਲਾਹੌਰ 'ਚ ਇੱਕ ਵੱਡਾ ਗੁਣ ਵਿਸ਼ਵਵਾਦ ਦਾ ਵੀ ਸੀਲਾਹੌਰ ਸੂਝਵਾਨ ਅੰਗਰੇਜ਼ ਪ੍ਰਸ਼ਾਸਕਾਂ ਹੇਠ ਬਹੁਤ ਸੁੰਦਰ ਸ਼ਹਿਰ ਵਜੋਂ ਵਿਕਸਤ ਹੋ ਗਿਆ ਸੀਇਹ ਫ਼ਿਲਮ ਬਹੁਤ ਮਸ਼ਹੂਰ ਹੋਈ ਪਰ ਕਰਦਾਰ ਨੇ ਫ਼ਿਲਮਾਂ 'ਚ ਅਦਾਕਾਰੀ ਨਾ ਕਰ ਕੇ ਨਿਰਦੇਸ਼ਨ ਵੱਲ੍ਹ ਧਿਆਨ ਦੇਣ ਦਾ ਫ਼ੈਸਲਾ ਕੀਤਾ ਕਰਦਾਰ ਨੇ ਸਰਫ਼ਰੋਸ਼ ਨਾਮ ਦੀ ਫ਼ਿਲਮ ਵੀ ਬਣਾਈਜਿਸ 'ਚ ਗੁਲ ਹਮੀਦ ਨੂੰ ਮੁੱਖ ਅਦਾਕਾਰ ਬਣਾਇਆ ਗਿਆਹਮੀਦ ਨੂੰ ਵੱਡੇ ਪਰਦੇ 'ਤੇ ਸੱਭ ਤੋਂ ਸੋਹਣੇ ਅਦਾਕਾਰ ਵਜੋਂ ਮੰਨਿਆ ਜਾਂਦਾ ਹੈਸਰਫ਼ਰੋਸ਼ ਨੂੰ ਮੁੰਬਈ ਅਤੇ ਕੋਲਕਾਤਾ 'ਚ ਬੈਠੇ ਫ਼ਿਲਮ ਮਾਹਰਾਂ ਨੇ ਵੀ ਵੇਖਿਆ,ਜਿਸ ਤੋਂ ਬਾਅਦ ਲਾਹੌਰ ਨੂੰ ਉੱਭਰਦੇ ਹੋਏ ਫ਼ਿਲਮ ਨਿਰਮਾਣ ਕੇਂਦਰ ਵਜੋਂ ਪਛਾਣਿਆ ਜਾਣ ਲੱਗਾ 1932 'ਚ ਕਰਦਾਰ ਨੇ ਲਾਹੌਰ ਤੋਂ ਪਹਿਲੀ ਬੋਲਣ ਵਾਲੀ ਫ਼ਿਲਮ ਬਣਾਈ ਉਸ ਦਾ ਨਾਮ ਹੀਰ-ਰਾਂਝਾ ਸੀਇਸ ਨੂੰ ਵੱਡੀ ਪ੍ਰਾਪਤੀ ਮੰਨਿਆ ਜਾ ਸਕਦਾ ਹੈ ਕਿਉਂਕਿ ਮੁੰਬਈ ਤੋਂ ਪਹਿਲੀ ਬੋਲਣ ਵਾਲੀ ਫ਼ਿਲਮ ਆਲਮ ਆਰਾ ਇਸ ਤੋਂ ਇੱਕ ਸਾਲ ਪਹਿਲਾਂ ਹੀ ਰਿਲੀਜ਼ ਹੋਈ ਸੀਪੰਜਾਬ ਦਾ ਪਿਆਰ ਅਤੇ ਬਿਰਹਾ ਦੇ ਦਰਦ ਨੂੰ ਯੋਗਦਾਨ ਬਹੁਤ ਪੁਰਾਣਾ ਹੈ ਹੀਰ ਦਾ ਕਿੱਸਾ ਤਾਂ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਇਹ ਅੰਗਰੇਜ਼ੀ ਦੇ ਰੋਮੀਓ ਅਤੇ ਜੂਲੀਅਟ ਦੇ ਬਰਾਬਰ ਹੈ
ਹਾਲਾਂਕਿ ਇਸ ਨੂੰ ਦਮੋਦਰ, ਮੁਕਾਜ਼ ਅਤੇ ਅਹਿਮਦ ਗੁੱਜਰ ਨੇ ਵੀ ਲਿਖਿਆ ਹੈ ਪਰ ਸੱਭ ਤੋਂ ਮਸ਼ਹੂਰ ਵਾਰਿਸ ਸ਼ਾਹ (1722-1798) ਦੀ ਹੀਰ ਹੋਈ ਰਾਂਝਾ ਪਹਿਲਾਂ ਤਾਂ ਕ੍ਰਿਸ਼ਨ ਦੀ ਤਰ੍ਹਾਂ ਹੀਰ ਨਾਲ ਪਿਆਰ ਪਾਉਂਦਾ ਹੈ,ਮੁਰਲੀ ਵਜਾਉਂਦ ਹੈਮੱਝਾਂ ਚਰਾਉਂਦਾ ਹੈ ਅਤੇ ਨੌਜਵਾਨ ਕੁੜੀਆਂ ਨੂੰ ਆਕਰਸ਼ਿਤ ਕਰਦਾ ਹੈਬਾਅਦ 'ਚ ਹੀਰ ਦਾ ਵਿਆਹ ਸੈਦੇ ਨਾਲ ਹੋਣ ਤੋਂ ਬਾਅਦ ਰਾਂਝਾ ਪਿਆਰ ਦੇ ਦੁਸ਼ਮਣ ਜ਼ਮਾਨੇ ਦਾ ਵਿਰੋਧ ਕਰਨ ਲਈ ਗੋਰਖਨਾਥ ਯੋਗੀ ਬਣ ਜਾਂਦਾ ਹੈ

ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਹੀਰ ਦਾ ਕਿੱਸਾ ਹਿੰਦੂ, ਮੁਸਲਿਮ ਅਤੇ ਸਿੱਖਾਂ 'ਚ ਸਾਰਿਆਂ ਨੂੰ ਇੱਕੋ ਜਿਹਾ ਪਸੰਦ ਆਉਂਦਾ ਹੈਕਿਉਂਕਿ ਇਹ ਹਿੰਦੁਸਤਾਨ 'ਚ ਧਾਰਮਕ ਮਿਥਿਹਾਸ ਅਤੇ ਲੋਕ ਸਭਿਆਚਾਰ ਦਾ ਸੁਮੇਲ ਹੈਮੁੰਬਈ 'ਚ ਇਸ 'ਤੇ ਕਈ ਫ਼ਿਲਮਾਂ ਬਣ ਚੁੱਕੀਆਂ ਹਨ1970 'ਚ ਖਵਾਜਾ ਖੁਰਸ਼ੀ ਅਨਵਰ ਦੀ ਇਸੇ ਨਾਮ ਦੀ ਸੰਗੀਤਮਈ ਫ਼ਿਲਮ ਆਪਣੇ ਆਪ 'ਚ ਬਹੁਤ ਮਹਾਨ ਬਣ ਗਈ,ਪਰ ਫ਼ਿਰ ਵੀ ਲਾਹੌਰ ਤੋਂ 1932 'ਚ ਪਹਿਲੀ ਬੋਲਣ ਵਾਲੀ ਫ਼ਿਲਮ ਦੇ ਰੂਪ 'ਚ ਹੀਰ-ਰਾਂਝਾ ਬਣਾ ਕੇ ਕਰਦਾਰ ਨੇ ਲਾਹੌਰ ਫ਼ਿਲਮ ਸਨਅਤ 'ਚ ਇਤਿਹਾਸਕ ਯੋਗਦਾਨ ਦਿੱਤਾ ਹੈਮੈਨੂੰ ਉਮੀਦ ਹੈ ਕਿ ਫ਼ਿਲਮ ਇਤਿਹਾਸਕਾਰ ਇਸ ਨੂੰ ਜ਼ਰੂਰ ਪਛਾਨਣਗੇ

ਇੱਥੇ ਵੇਖਣ ਵਾਲੀ ਗੱਲ ਇਹ ਹੈ ਕਿ ਵਾਰਿਸ਼ ਸ਼ਾਹ ਨੇ ਆਪਣੇ ਕਿੱਸੇ ਦਾ ਨਾਮ ਸਿਰਫ਼ ਹੀਰ ਰੱਖਿਆ ਸੀਮੇਰੇ ਇੱਕ ਕਰੀਬੀ ਮਿੱਤਰ ਭੀਸ਼ਮ ਕੁਮਾਰ ਬਖਸ਼ੀ ਦਾ ਕਹਿਣਾ ਹੈ ਕਿ ਇਸ ਪਿੱਛੇ ਔਰਤਵਾਦੀ ਸੋਚ ਸੀਵਾਰਿਸ ਸ਼ਾਹ ਪੱਛਮੀ ਪੰਜਾਬ ਦੀ ਮਜ਼ਬੂਤ ਜੱਟ ਜਾਤ ਝੰਗ ਦੇ ਕੱਟੜਪੁਣੇ ਨੂੰ ਉਜਾਗਰ ਕਰਨਾ ਚਾਹੁੰਦਾ ਸੀਹੀਰ ਵੀ ਇਸੇ ਜਾਤ ਨਾਲ ਸਬੰਧਤ ਸੀਅੱਜ ਵੀ ਔਰਤ 'ਤੇ ਮਲਕੀਅਤ ਜਤਾਉਣਾ ਮਰਦ ਵਲੋਂ ਆਪਣੀ ਚੌਧਰ ਦਿਖਾਉਣ ਦੇ ਕੱਟਣਪੁਣੇ ਦੀ ਨਿਸ਼ਾਨੀ ਹੈਅਸੀਂ ਅਜੇ ਵੀ ਇਸ ਦਲਦਲ 'ਚ ਫਸੇ ਹੋਏ ਹਾਂ ਅਤੇ ਸ਼ਾਇਦ ਇੱਜ਼ਤ ਲਈ ਕੀਤੇ ਜਾ ਰਹੇ ਕਤਲਾਂ ਅਤੇ ਤੇਜ਼ਾਬ ਸੁੱਟਣ ਵਾਲੀਆਂ ਵਾਰਦਾਤਾਂ ਕਾਰਨ ਹੋਰ ਡੂੰਘੇ ਧੱਸ ਗਏ ਹਾਂ ਸ਼ਰਮੀਨ ਓਬੈਦ-ਚਿਨਾਏ ਨੇ ਇਸ ਨੂੰ ਉਜਾਗਰ ਕਰਨ ਲਈ ਫ਼ਿਲਮ ਬਣਾਈ ਸੀ,ਜਿਸ ਲਈ ਉਸ ਨੂੰ 2012 'ਚ ਆਸਕਰ ਇਨਾਮ ਵੀ ਮਿਲਿਆ ਲਾਹੌਰ ਫ਼ਿਲਮ ਸਨਅਤ ਦੇ ਵਿਕਾਸ 'ਚ ਦੋ ਹੋਰ ਲੋਕਾਂ ਨੇ ਮਹੱਤਵਪੂਰਨ ਰੋਲ ਅਦਾ ਕੀਤਾਰੂਪ ਲਾਲ ਸ਼ੌਰੀ ਨੇ ਕਈ ਫ਼ਿਲਮਾਂ ਬਣਾਈਆਂ, ਜਿਨ੍ਹਾਂ ਨੂੰ ਪੰਜਾਬ ਤੋਂ ਬਾਹਰ ਵੀ ਕਈ ਲੋਕ ਨੇ ਵੇਖਿਆ ਵਿਸ਼ੇਸ਼ ਕਰ ਕੇ 'ਕਿਸਮਤ ਦੇ ਹੇਰ ਫ਼ੇਰ' ਨੇ ਲਾਹੌਰ ਫ਼ਿਲਮ ਸਨਅਤ ਨੂੰ ਹੋਰ ਫ਼ਿਲਮ ਉਦਯੋਗਾਂ ਦੇ ਬਰਾਬਰ ਖੜ੍ਹਾ ਕਰ ਦਿੱਤਾਇਸ ਤੋਂ ਬਾਅਦ ਇੱਕ ਗੁਜਰਾਤੀ ਡੀ.ਐਮ. ਪੰਚੋਲੀ ਨੇ ਲਾਹੌਰ ਵਿਖੇ ਆਪਣਾ ਸਟੂਡੀਓ ਬਣਾਇਆ ਅਤੇ ਇਸ ਨਾਲ ਲਾਹੌਰ ਫ਼ਿਲਮ ਉਦਯੋਗ ਨੇ ਆਪਣੇ ਪੈਰ ਪੱਕੀ ਤਰ੍ਹਾਂ ਜਮਾ ਲਏਪਹਿਲਾਂ ਲਾਹੌਰ 'ਚ ਬਣੀਆਂ ਫ਼ਿਲਮਾਂ ਮੁੱਖ ਤੌਰ 'ਤੇ ਪੰਜਾਬੀ ਹੁੰਦੀਆਂ ਸਨਇਨ੍ਹਾਂ ਨੂੰ ਵੰਡ ਤੋਂ ਪਹਿਲਾਂ ਪੂਰੇ ਪੰਜਾਬ 'ਚ ਅਤੇ ਪੰਜਾਬੀਆਂ ਦੀ ਵੱਡੀ ਗਿਣਤੀ ਵਾਲੀਆਂ ਥਾਵਾਂ ਜਿਵੇਂ ਦਿੱਲੀ, ਕੋਲਕਾਤਾ, ਮੁੰਬਈ ਅਤੇ ਕਾਨਪੁਰ 'ਚ ਵੀ ਵੇਖਿਆ ਜਾਂਦਾ ਸੀ1947 'ਚ ਵੰਡ ਤੋਂ ਬਾਅਦ ਇਸ ਫ਼ਿਲਮ ਸਨਅਤ ਦੇ ਬਰਾਬਰ ਦਾ ਕੋਈ ਫ਼ਿਲਮ ਸਨਅਤ ਭਾਰਤੀ ਪੰਜਾਬ 'ਚ ਪੈਦਾ ਨਹੀਂ ਹੋ ਸਕਿਆਮੁੰਬਈ 'ਚ ਕੁੱਝ ਪੰਜਾਬੀ ਫ਼ਿਲਮਾਂ ਜ਼ਰੂਰ ਬਣਦੀਆਂ ਰਹੀਆਂ ਪਰ ਪੰਜਾਬ 'ਚ ਸਿਨੇਮਾ ਜਗਤ ਨੂੰ ਵੰਡ ਦਾ ਬਹੁਤ ਵੱਡਾ ਨੁਕਸਾਨ ਹੋਇਆ

ਇਸ਼ਤਿਆਕ ਅਹਿਮਦ
ਲੇਖਕ ਸਟਾਕਹੋਮ ਯੂਨੀਵਰਸਿਟੀ 'ਚ ਸਿਆਸੀ ਵਿਗਿਆਨ ਦੇ ਪ੍ਰੋਫ਼ੈਸਰ ਹਨ।

ਡੇਲੀ ਪੋਸਟ ਤੋਂ ਚੋਰੀ

Tuesday, March 27, 2012

ਭਾਸ਼ਾ ਦਾ ਬਲਾਤਕਾਰ ਕਰਦੀ ਪੱਤਰਕਾਰਾਂ ਦੀ ਨਵੀਂ ਪੀੜ੍ਹੀ

ਜਿਸ ਦਿਨ ਪੰਜਾਬ ਵਿਧਾਨ ਸਭਾ 2012 ਦੇ ਚੋਣ ਨਤੀਜੇ ਟੈਲੀਵਿਜ਼ਨ 'ਤੇ ਪ੍ਰਸਾਰਿਤ ਕੀਤੇ ਜਾ ਰਹੇ ਸਨ ਤਾਂ ਪੰਜਾਬੀ ਦੇ ਦੋ ਨਿੱਜੀ ਚੈਨਲਾਂ ਦੇ ਪੇਸ਼ਕਾਰ ਵਾਰ-ਵਾਰ ਬੋਲ ਰਹੇ ਸਨ ਕਿ ਵਿਧਾਨ ਸਭਾ ਦੇ ਨਤੀਜਿਆਂ ਦਾ 'ਰੁਜਾਨ' ਫਲਾਣੀ ਪਾਰਟੀ ਦੇ ਹੱਕ 'ਚ ਜਾਂਦੇ ਨਜ਼ਰ ਆ ਰਹੇ ਹਨ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ 'ਰੁਝਾਨ' ਨੂੰ 'ਰੁਜਾਨ' ਬੋਲਿਆ ਜਾ ਰਿਹਾ ਸੀ। ਭਾਸ਼ਾ ਦੇ ਉਚਾਰਣ ਦੀਆਂ ਖਾਮੀਆਂ ਪੰਜਾਬੀ ਦੇ ਨਿੱਜੀ ਚੈਨਲਾਂ ਵੱਲੋਂ 'ਸ਼ਰੇਆਮ' ਤੇ 'ਹੱਸ-ਹੱਸ' ਕੇ ਦੁਹਰਾਈਆਂ ਜਾਂਦੀਆਂ ਹਨ। ਇਹ ਕਹਿਣ 'ਚ ਮੈਨੂੰ ਕੋਈ ਹਿਚਕਿਚਾਹਟ ਨਹੀਂ ਕਿ ਪੱਤਰਕਾਰਾਂ ਦੀ ਨਵੀਂ ਪੀੜ੍ਹੀ ਦੇ ਬਹੁਤੇ ਜਣੇ ਪੰਜਾਬੀ ਭਾਸ਼ਾ ਪੱਖੋਂ ਬਹੁਤ ਕਮਜ਼ੋਰ ਹੈ। ਮੈਂ ਖੁਦ ਪੱਤਰਕਾਰਾਂ ਦੀ ਨਵੀਂ ਪੀੜ੍ਹੀ ਨਾਲ ਸਬੰਧ ਰੱਖਦਾ ਹਾਂ। ਸਾਡੇ ਦੌਰ ਦੇ ਬਹੁਤੇ ਪੱਤਰਕਾਰ ਟੀ.ਵੀ. 'ਤੇ ਆਉਣ ਨੂੰ ਬਹੁਤ ਕਾਹਲੇ ਹਨ ਪਰ ਲਿਖਣ- ਪੜ੍ਹਨ ਦੀ ਇੱਕਾ-ਦੁੱਕਾ ਨੌਜਵਾਨ ਪੱਤਰਕਾਰ ਹੀ ਰੁਚੀ ਰੱਖਦੇ ਹਨ। ਮੇਰੇ ਨਿੱਜੀ ਤਜ਼ਰਬੇ ਅਨੁਸਾਰ ਇਸ ਮੁੱਦੇ ਪ੍ਰਤੀ ਜੋ ਮੁੱਖ ਖਾਮੀਆਂ ਹਨ ਉਨ੍ਹਾਂ 'ਚ ਪ੍ਰਮੁੱਖ ਇਹ ਹੈ ਕਿ ਨਿੱਜੀ ਪੰਜਾਬੀ ਚੈੱਨਲਾਂ ਦੇ ਦਫਤਰ ਨਵੀਂ ਦਿੱਲੀ ਜਾਂ ਆਸ-ਪਾਸ ਸਥਾਪਿਤ ਹਨ ਜਾਂ ਜੋ ਚੰਡੀਗੜ੍ਹ ਅਤੇ ਪੰਜਾਬ ਦੇ ਹੋਰ ਸ਼ਹਿਰਾਂ 'ਚ ਸਥਿਤ ਵੀ ਹਨ, ਉੱਥੇ ਵੱਡੀਆਂ ਪੁਜੀਸ਼ਨਾਂ 'ਤੇ ਗੈਰ ਪੰਜਾਬੀ ਲੋਕ ਬੈਠੇ ਹਨ। ਬਹੁਤਿਆਂ ਨੂੰ ਜਾਂ ਤਾਂ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਜਾਂ ਲਿਖਣੀ ਜਾਂ ਬੋਲਣੀ। ਸਾਰੇ ਪੰਜਾਬੀ ਚੈਨਲਾਂ 'ਚ ਪੰਜਾਬੀ ਭਾਸ਼ਾਂ ਦੀਆਂ ਉੱਚ ਡਿਗਰੀਆਂ ਵਾਲੇ ਪੱਤਰਕਾਰਾਂ ਦੀ ਜੇ ਗਿਣਤੀ ਕਰਨੀ ਬੈਠ ਜਾਓ ਤਾਂ ਗਿਣਤੀ ਦੋ ਅੱਖਰਾਂ 'ਚ ਨਹੀਂ ਪੁੱਜੇਗੀ। ਭਾਸ਼ਾ ਦੇ ਉਚਾਰਣ ਪੱਖੋਂ ਸਿਹਾਰੀ, ਬਿਹਾਰੀ, ਹੋੜਾ, ਕਨੌੜਾ, ਟਿੱਪੀ, ਅੱਧਕ, ਬਿੰਦੀ, ਣਾਣੇ, ਨੰਨੇ ਆਦਿ ਵਾਲੇ ਸ਼ਬਦਾਂ ਵੱਲ ਤਾਂ ਉੱਕਾ ਹੀ ਧਿਆਨ ਨਹੀਂ ਦਿੱਤਾ ਜਾਂਦਾ। ਕੌਲੀ ਨੂੰ ਕੋਲੀ, ਚੋਣ ਨੂੰ ਚੌਣ, ਚੌਲ ਨੂੰ ਚੋਲ, ਪਾਣੀ ਨੂੰ ਪਾਨੀ ਆਮ ਹੀ ਪੰਜਾਬੀ ਟੀ.ਵੀ. ਪੇਸ਼ਕਾਰਾਂ ਦੇ ਮੂੰਹੋ ਸੁਣਨ ਨੂੰ ਮਿਲ ਜਾਂਦੇ ਹਨ। ਜੋ ਸ਼ਬਦ ਪੰਜਾਬੀ 'ਚ ਬਹੁਤ ਹੀ ਸਰਲ ਤਰੀਕੇ ਨਾਲ ਮਿਲ ਜਾਂਦੇ ਹਨ ਉਨ੍ਹਾਂ ਦੀ ਥਾਂ ਵੀ ਹਿੰਦੀ ਜਾਂ ਅੰਗਰੇਜ਼ੀ ਦੇ ਭਾਰੀ-ਭਰਕਮ ਸ਼ਬਦ ਬੋਲੇ ਜਾਂਦੇ ਹਨ। ਉਦਾਹਰਣ ਦੇ ਤੌਰ 'ਤੇ ਅੰਨਾ ਦੇ 'ਮਰਨ ਵਰਤ' ਮੌਕੇ ਕੁਝ ਪੰਜਾਬੀ ਚੈੱਨਲ 'ਅਨਸ਼ਨ' ਬੋਲਦੇ ਤੇ ਲਿਖਦੇ ਰਹੇ ਹਨ।


ਟੀ.ਵੀ. ਮਾਧਿਅਮ ਸੰਚਾਰ ਦਾ ਅਜਿਹਾ ਸਾਧਨ ਹੈ ਜਿਸਦੀ ਵਿਸ਼ੇਸ਼ਤਾਂ ਹੀ ਸ਼ਬਦ ਉਚਾਰਣ ਹਨ। ਦੂਜੇ ਹੱਥ ਘੱਟ ਤਨਖਾਹਾਂ 'ਤੇ ਨੌਜਵਾਨਾਂ ਤੋਂ ਵਧੇਰੇ ਕੰਮ ਲੈਣਾ ਚੈਨਲਾਂ ਦੀ 'ਖਾਸੀਅਤ' ਹੈ। ਅਜਿਹੇ ਵਿਚ ਭਾਸ਼ਾ ਦੇ ਮਾਹਿਰ ਨੌਜਵਾਨਾਂ ਦੀ ਭਰਤੀ 'ਚ ਪੈਸਾ ਅੜਿੱਕਾ ਬਣ ਜਾਂਦਾ ਹੈ। ਕਈ ਪੰਜਾਬੀ ਚੈਨਲਾਂ 'ਚ ਗੈਰ ਪੰਜਾਬੀ ਪੱਤਰਕਾਰ ਇਸ ਦੀ ਚੰਗੀ ਉਦਾਹਰਣ ਹਨ। ਟੀ.ਵੀ. ਚੈਨਲਾਂ 'ਚ ਪ੍ਰੋਗਰਾਮਾਂ ਦੀ ਲਗਾਤਾਰਤਾ ਅਹਿਮ ਹੁੰਦੀ ਹੈ। ਮਤਲਬ ਚੈਨਲ ਬਿਨਾਂ ਰੋਕ ਚੱਲਦੇ ਰਹਿਣਾ ਚਾਹੀਦਾ ਹੈ, ਚੈਨਲ 'ਤੇ ਸ਼ਬਦ ਉਚਾਰਣ ਠੀਕ ਬੋਲਿਆ ਜਾ ਰਿਹਾ ਹੈ ਜਾਂ ਨਹੀਂ ਇਸ ਵੱਲ ਕੋਈ ਖਾਸ ਤਵੱਜੋਂ ਨਹੀਂ ਦਿੱਤੀ ਜਾਂਦੀ। ਇਸ਼ਤਿਹਾਰ ਹਾਸਲ ਕਰਨ ਲਈ ਪ੍ਰੋਗਰਾਮ ਦੇ ਤਕਨੀਕੀ ਪੱਖ ਅਤੇ ਸਜਾਵਟ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹੈ, ਭਾਸ਼ਾ ਉਚਾਰਣ ਵੱਲ ਨਹੀਂ। ਨਵੇਂ-ਨਵੇਂ ਜਿਹੇ ਮੁੰਡੇ-ਕੁੜੀਆਂ ਨੂੰ ਸਜ- ਸੰਵਰ ਕੇ ਟੀ.ਵੀ. ਐਂਕਰ ਬਣਨ ਦਾ ਤਾਂ ਬਹੁਤ ਸ਼ੌਕ ਹੈ ਪਰ ਬੋਲੀ ਦੇ ਸੁਧਾਰ ਵੱਲ ਕੋਈ ਖਾਸ ਅਹਿਮੀਅਤ ਨਹੀਂ ਦਿੱਤੀ ਜਾਂਦੀ। ਦੂਜਾ ਪੱਖ ਇਸ ਤੋਂ ਵੀ ਭੈੜਾ ਹੈ। ਲਿਖਤੀ ਰੂਪ 'ਚ ਜੋ ਭਾਸ਼ਾ ਪੰਜਾਬੀ ਚੈੱਨਲਾਂ ਵੱਲੋਂ ਪ੍ਰਸਾਰਿਤ ਕੀਤੀ ਜਾ ਰਹੀ ਹੈ, ਉਸਦਾ ਤਾਂ ਰੱਬ ਹੀ ਰਾਖਾ ਹੈ। ਨਿੱਜੀ ਤਜ਼ਰਬੇ 'ਚੋਂ ਕੁਝ ਉਦਾਹਰਣਾਂ ਦੇਣੀਆਂ ਚਾਹਾਂਗਾ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਚੈੱਨਲ 'ਚ ਕੰਮ ਕਰਦੀ ਇਕ ਕੁੜੀ ਨੇ ਟੀ.ਵੀ. ਦੇ ਹੇਠਾਂ ਚੱਲਦੀ ਪੱਟੀ (ਸਕਰੌਲ) 'ਚ ਕੁਝ ਇਸ ਤਰ੍ਹਾਂ ਲਿਖਿਆ ਸੀ " ਸੱਤਗੁਰੂ ਨਾਨਕ ਪ੍ਰਗਟਿਆ ਮਿੱਟੀ-ਧੁੰਦ ਜੱਗ ਚਾਨਣ ਹੋਆ।" ਜੋ 'ਸਟੋਰੀ' ਪ੍ਰਸਾਰਿਤ ਹੋਈ ਸੀ ਉਸ 'ਚ ਉਹਨੇ ਉਚਾਰਣ ਵੀ ਲਿਖੇ ਅਨੁਸਾਰ ਹੀ ਕੀਤਾ ਸੀ। ਹੋਰ ਉਦਾਹਰਣਾਂ- 'ਵਰਡ' ਕੱਪ 'ਚ ਭਾਰਤੀ ਟੀਮ 'ਫਸਟ', ਅੰਨਾ ਦਾ 'ਅਨਸ਼ਨ', 'ਗੇਹੂ'ੂ ਦੀ ਫਸਲ ਮੰਡੀਆਂ 'ਚ ਆਈ, 'ਬਸ-ਟਰੱਕ' 'ਐਕਸੀਡੈਂਟ' 'ਚ 'ਤੀਨ ਮੋਤਾ', 'ਸ਼ਿਕਸ਼ਾ' 'ਚ ਕਦੋ ਹੋਵੇਗਾ ਸਧਾਰ, ਲਾਲ ਬੱਤੀ 'ਜਮਪ' ਕਰਨ 'ਤੇ ਜੁਰਮਾਨਾ, ਸੀਟ ਬੈਲਟ 'ਨਾਂਅ ਬਨਣ' 'ਤੇ ਹੋਵੇਗਾ ਜੁਰਮਾਨ ਆਦਿ-ਆਦਿ । ਧਿਆਨ ਦੇਣਯੋਗ ਹੈ ਕਿ ਪਹਿਲਾਂ ਤਾਂ ਵਰਲਡ ਸ਼ਬਦ ਦਾ ਸੱਤਿਆਨਾਸ਼ ਵਰਡ (ਅੱਖਰ) ਲਿਖ ਕੇ ਕੀਤਾ ਜਦਕਿ ਇਸ ਦੀ ਜਗ੍ਹਾਂ 'ਵਿਸ਼ਵ' ਸ਼ਬਦ ਢੁਕਵਾਂ ਹੈ। ਇਸੇ ਤਰ੍ਹਾਂ ਅਨਸ਼ਨ ਦੀ ਜਗ੍ਹਾਂ ਮਰਨ ਵਰਤ ਅਤੇ ਗੇਹੂ ਦੀ ਜਗ੍ਹਾਂ ਕਣਕ ਸ਼ਬਦ ਪੰਜਾਬੀ ਦੇ ਵਰਤੇ ਜਾ ਸਕਦੇ ਹਨ। ਬਾਕੀ ਥਾਂ ਵੀ ਸ਼ਬਦਾਂ ਦੀਆਂ ਗਲਤੀਆਂ ਵੱਲ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ। ਇਹ ਕਹਿਕੇ ਚੈਨਲਾਂ 'ਚ ਕੰਮ ਕਰਦੇ ਪੱਤਰਕਾਰ ਨਹੀਂ ਬਚ ਸਕਦੇ ਕਿ ਉਨ੍ਹਾਂ ਕੋਲ ਸਮਾਂ ਬਹੁਤ ਘੱਟ ਅਤੇ ਕੰਮ ਦਾ ਦਬਾਅ ਬਹੁਤ ਜ਼ਿਆਦਾ ਹੁੰਦਾ ਹੈ।

ਹਾਲਾਂਕਿ ਬਹੁਤੇ ਨੌਜਵਾਨ ਮੁੰਡੇ-ਕੁੜੀਆਂ ਪੱਤਰਕਾਰੀ ਦੀ ਡਿਗਰੀ ਕਰਕੇ ਹੀ ਚੈੱਨਲਾਂ 'ਚ ਪ੍ਰਵੇਸ਼ ਕਰਦੇ ਹਨ ਪਰ ਇਨ੍ਹਾਂ ਡਿਗਰੀਆਂ 'ਚ ਪੱਤਰਕਾਰੀ ਦੇ ਵੱਖ-ਵੱਖ ਪਹਿਲੂਆਂ ਬਾਰੇ ਤਾਂ ਜਾਣਕਾਰੀ ਦਿੱਤੀ ਜਾਂਦੀ ਹੈ ਜਦਕਿ ਭਾਸ਼ਾ ਦੀ ਪੜ੍ਹਾਈ ਵੱਲ ਕੋਈ ਉਚੇਚਾ ਯਤਨ ਨਹੀਂ ਕੀਤਾ ਜਾਂਦਾ। ਇਹ ਸੁਝਾਅ ਕਈ ਵਾਰ ਸਾਹਮਣੇ ਆਇਆ ਹੈ ਕਿ ਪੰਜਾਬੀ ਦੀ ਐਮ.ਏ. ਦੇ ਸਿਲੇਬਸ ਨੂੰ ਹੀ ਪੱਤਰਕਾਰੀ ਨਾਲ ਜੋੜ ਦੇਣਾ ਚਾਹੀਦਾ ਹੈ। ਇਸ ਨਾਲ ਰੁਜ਼ਗਾਰ ਦੇ ਮੌਕੇ ਵੀ ਵੱਧਣਗੇ ਅਤੇ ਭਾਸ਼ਾ ਦੇ ਉਚਾਰਣ ਤੇ ਲਿਖਣ 'ਚ ਵੀ ਸੁਧਾਰ ਹੋਵੇਗਾ। ਇਸਦੇ ਨਾਲ ਹੀ ਸਿਲੇਬਸ 'ਚ ਅਨੁਵਾਦ ਅਤੇ ਪੰਜਾਬ ਦੀ ਆਰਥਿਕਤਾ, ਖੇਤੀਬਾੜੀ, ਰਾਜਨੀਤੀ ਆਦਿ ਦੀ ਜਾਣਕਾਰੀ ਦੇਣ ਵਾਲਾ ਵਿਸ਼ਾ ਜਾਂ ਪੇਪਰ ਵੀ ਸ਼ਾਮਲ ਹੋਣਾ ਚਾਹੀਦਾ ਹੈ।

ਇੱਥੇ ਪੱਤਰਕਾਰਾਂ ਦੀ ਨਵੀਂ ਪੀੜ੍ਹੀ ਦੀ ਸਮਝ ਬਾਰੇ ਵੀ ਗੱਲ ਕਰਨੀ ਬਣਦੀ ਹੈ। ਇਹ ਮੇਰਾ ਪੱਕਾ ਯਕੀਨ ਹੈ ਕਿ ਬਹੁਤੇ ਨੌਜਵਾਨ ਪੱਤਰਕਾਰਾਂ ਨੂੰ ਪੰਜਾਬ ਵਿਧਾਨ ਸਭਾ, ਪੰਜਾਬ ਤੋਂ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ ਦਾ ਵੀ ਨਹੀਂ ਪਤਾ ਹੋਣਾ, ਸਾਰਿਆਂ ਦੇ ਨਾਂ ਪਤਾ ਹੋਣ ਦਾ ਤਾਂ ਮਤਲਬ ਹੀ ਨਹੀਂ (ਅਜਿਹੇ ਕਈ ਪੱਤਰਕਾਰ ਮੁੰਡੇ-ਕੁੜੀਆਂ ਨੂੰ ਮੈਂ ਜਾਣਦਾ ਵੀ ਹਾਂ)। ਮਾਝਾ, ਮਾਲਵਾ ਅਤੇ ਦੁਆਬਾ ਖੇਤਰਾਂ ਦੀ ਵੰਡ ਅਤੇ ਇਸ ਅਧੀਨ ਆਉਣ ਵਾਲੀਆਂ ਸੀਟਾਂ ਦੀ ਗਿਣਤੀ ਬਾਰੇ ਪਤਾ ਹੋਣ ਦਾ ਤਾਂ ਸਵਾਲ ਹੀ ਬਾਕੀ ਨਹੀਂ ਬਚਦਾ। ਇਕ ਚੈਨਲ 'ਚ ਕੰਮ ਕਰਦਿਆਂ ਬਹੁਤਿਆਂ ਨੂੰ ਰੱਬੀ (ਹਾੜ੍ਹੀ) ਅਤੇ ਖਰੀਫ (ਸਾਉਣੀ) ਦੀਆਂ ਫਸਲਾਂ ਬਾਰੇ ਜਾਣਕਾਰੀ ਨਾ ਹੋਣ 'ਤੇ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਸੀ। 2007 ਦੀਆਂ ਚੋਣਾਂ ਦੌਰਾਨ ਜਦੋਂ ਮਰਹੂਮ ਕੈਪਟਨ ਕੰਵਲਜੀਤ ਸਿੰਘ ਦਾ ਬੇਟਾ ਜਸਜੀਤ ਸਿੰਘ ਬੰਨੀ ਚੋਣ ਹਾਰ ਗਿਆ ਤਾਂ ਮੇਰੇ ਇਕ ਸਾਥੀ ਨੇ ਉਲਟਾ ਇਹ ਸਵਾਲ ਕੀਤਾ ਸੀ ਕਿ ਉਹ ਕਿਹੜੀ ਪਾਰਟੀ ਵੱਲੋਂ ਖੜ੍ਹਾ ਸੀ। ਪੱਤਰਕਾਰੀ ਐਸਾ ਪੇਸ਼ਾ ਹੈ ਜਿਸ 'ਚ ਸਿੱਖਣ ਦੀ ਕੋਈ ਸੀਮਾ ਨਹੀਂ, ਕੋਈ ਉਮਰ ਨਹੀਂ ਤੇ ਕੋਈ ਵਿਸ਼ਾ ਇਸ ਖੇਤਰ ਤੋਂ ਬਾਹਰ ਨਹੀਂ। ਪਰ ਅੱਜ ਦੀ ਪੀੜ੍ਹੀ ਦੇ ਜ਼ਿਆਦਾ ਪੱਤਰਕਾਰ ਪੰਜਾਬ ਦੇ ਅਰਥਚਾਰੇ, ਸਭਿਆਚਾਰ, ਸਿੱਖ ਰਾਜਨੀਤੀ ਅਤੇ ਸਿਆਸਤ ਦੇ ਖੇਤਰਾਂ ਬਾਰੇ 'ਪੱਤਰਕਾਰਾਂ ਜੋਗੀ ਜਾਣਕਾਰੀ' ਹਾਸਲ ਕਰਨ ਲਈ ਵੀ ਖਾਸ ਤਰੱਦਦ ਨਹੀਂ ਕਰਦੇ। ਪ੍ਰੋਗਰਾਮਾਂ ਤੇ ਖਬਰਾਂ ਦੀ ਸਾਜ-ਸਜਾਵਟ ਅਤੇ ਐਂਕਰਾਂ ਦੀ ਸੁੰਦਰ ਦਿੱਖ ਵੱਲ ਤਾਂ ਬਹੁਤ ਧਿਆਨ ਦਿੱਤਾ ਜਾਂਦਾ ਹੈ ਪਰ ਸੋਹਣੇ ਚਿਹਰੇ ਬੋਲ ਕੀ ਰਹੇ ਹਨ, ਜੇਕਰ ਇਸ ਵੱਲ ਵੀ ਧਿਆਨ ਦੇ ਦਿੱਤਾ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।

ਨਰਿੰਦਰ ਪਾਲ ਸਿੰਘ ਜਗਦਿਓ
ਲੇਖ਼ਕ ਪੱਤਰਕਾਰ ਹੈ।ਪ੍ਰਿੰਟ ਤੇ ਇਲੈਟ੍ਰੋਨਿਕ ਮੀਡੀਆ ਦਾ ਲੰਮਾ ਤਜ਼ਰਬਾ ਹੈ।

ਕੈਨੇਡਾ:-ਡਾ ਸਾਧੂ ਸਿੰਘ ਨੂੰ "ਪੰਜਾਬੀ ਬੋਲੀ ਦੀ ਵਿਰਾਸਤ" ਯੂ.ਬੀ.ਸੀ. ਪੁਸਤਕ ਇਨਾਮ

ਯੂ.ਬੀ.ਸੀ. ਦੇ ਏਸ਼ੀਅਨ ਸਟੱਡੀਜ਼ ਵਿਭਾਗ ਵੱਲੋਂ 2012 ਦਾ ਪੰਜਾਬੀ ਪੁਸਤਕ ਇਨਾਮ ਡਾ: ਸਾਧੂ ਸਿੰਘ ਦੀ ਕਿਤਾਬ "ਪੰਜਾਬੀ ਬੋਲੀ ਦੀ ਵਿਰਾਸਤ" ਨੂੰ ਦਿੱਤਾ ਜਾਵੇਗਾ। ਇਸ ਕਿਤਾਬ ਵਿੱਚ ਡਾ: ਸਾਧੂ ਸਿੰਘ ਨੇ ਪੰਜਾਬੀ ਬੋਲੀ ਦੇ ਅਜਿਹੇ ਸ਼ਬਦਾਂ ਨੂੰ ਸੰਭਾਲਣ ਦਾ ਵੱਡਮੁੱਲਾ ਯਤਨ ਕੀਤਾ ਹੈ ਜਿਹੜੇ ਸ਼ਬਦ ਸਾਡੇ ਚੇਤਿਆਂ ਵਿੱਚੋਂ ਬੜੀ ਤੇਜ਼ੀ ਨਾਲ ਅਲੋਪ ਹੋ ਰਹੇ ਹਨ। ਉਹਨਾਂ ਦੀ ਇਹ ਕੋਸ਼ਿਸ਼ ਪੰਜਾਬੀ ਬੋਲੀ ਦੇ ਸ਼ਬਦ ਭੰਡਾਰ ਅਤੇ ਵਿਚਾਰ ਪ੍ਰਗਟਾਵੇ ਦੀ ਸਮਰੱਥਾ ਨੂੰ ਇਕ ਸ਼ਕਤੀਸ਼ਾਲੀ ਢੰਗ ਨਾਲ ਉਜਾਗਰ ਕਰਦੀ ਹੈ। ਇਸ ਇਨਾਮ ਵਿੱਚ ਲੇਖਕ ਨੂੰ ਇਕ ਸਨਮਾਨ ਚਿੰਨ ਅਤੇ ਇਕ ਹਜ਼ਾਰ ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ।

ਪੰਜਾਬੀ ਸਾਹਿਤਕ ਜਗਤ ਵਿੱਚ ਡਾ: ਸਾਧੂ ਸਿੰਘ ਦਾ ਨਾਂ ਇਕ ਜਾਣਿਆਂ ਪਛਾਣਿਆਂ ਨਾਂ ਹੈ। ਉਹ ਪਿਛਲੇ ਦੋ ਦਹਾਕਿਆਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ। ਕੈਨੇਡਾ ਆਉਣ ਤੋਂ ਪਹਿਲਾਂ ਉਹਨਾਂ ਨੇ ਡੇਢ ਦਹਾਕੇ ਦੇ ਕਰੀਬ ਸਮੇਂ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਖੇ ਅਧਿਆਪਨ ਦਾ ਕਾਰਜ ਨਿਭਾਇਆ ਸੀ। "ਪੰਜਾਬੀ ਬੋਲੀ ਦੀ ਵਿਰਾਸਤ" ਤੋਂ ਬਿਨਾਂ ਉਹ ਅੱਧੀ ਦਰਜਨ ਤੋਂ ਵੱਧ ਕਿਤਾਬਾਂ ਲਿਖ ਚੁੱਕੇ ਹਨ।

ਦਸੰਬਰ 2011 ਵਿੱਚ ਯੂ.ਬੀ. ਸੀ. ਦੇ ਏਸ਼ੀਅਨ ਸਟੱਡੀਜ਼ ਵਿਭਾਗ ਨੇ ਬੀ.ਸੀ. ਦੇ ਪੰਜਾਬੀ ਲੇਖਕਾਂ ਨੂੰ ਸੂਚਿਤ ਕੀਤਾ ਸੀ ਕਿ ਉਹ ਪਿਛਲੇ ਤਿੰਨਾਂ ਸਾਲਾਂ ਦੌਰਾਨ ਛਪੀਆਂ ਆਪਣੀਆਂ ਕਿਤਾਬਾਂ ਭੇਜ ਕੇ ਇਸ ਸਾਲ ਦਿੱਤੇ ਜਾ ਰਹੇ ਇਸ ਇਨਾਮ ਲਈ ਆਪਣਾ ਨਾਂ ਦਰਜ ਕਰਵਾ ਸਕਦੇ ਹਨ। ਇਸ ਸੂਚਨਾ ਦੇ ਹੁੰਗਾਰੇ ਵਿੱਚ ਯੂ. ਬੀ.ਸੀ. ਕੋਲ 18 ਕਿਤਾਬਾਂ ਪਹੁੰਚੀਆਂ ਸਨ। ਬੀ ਸੀ ਦੇ ਪੰਜਾਬੀ ਲੇਖਕਾਂ ਦੀ ਇਕ ਪੰਜ ਮੈਂਬਰੀ ਕਮੇਟੀ ਨੇ ਇਹਨਾਂ ਕਿਤਾਬਾਂ ਵਿੱਚੋਂ "ਪੰਜਾਬੀ ਬੋਲੀ ਦੀ ਵਿਰਾਸਤ" ਨੂੰ ਇਸ ਸਾਲ ਦਾ ਇਨਾਮ ਦੇਣ ਲਈ ਚੁਣਿਆ ਹੈ। ਕਮੇਟੀ ਮੈਂਬਰਾਂ ਦਾ ਵਿਚਾਰ ਹੈ ਕਿ ਇਹ ਕਿਤਾਬ ਪੰਜਾਬੀ ਵਿਰਾਸਤ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਦਾ ਇਕ ਉੱਤਮ ਨਮੂਨਾ ਹੈ। ਇਹ ਭਵਿੱਖ ਵਿੱਚ ਇਸ ਖੇਤਰ ਵਿੱਚ ਖੋਜ ਕਰਨ ਵਾਲੇ ਖੋਜੀਆਂ ਲਈ ਇਕ ਲਾਭਦਾਇਕ ਰੈਫਰੈਂਸ ਸ੍ਰੋਤ ਦਾ ਕੰਮ ਕਰੇਗੀ।

ਇਹ ਇਨਾਮ ਹਰਜੀਤ ਕੌਰ ਸਿੱਧੂ ਦੀ ਯਾਦ ਵਿੱਚ ਹਰ ਸਾਲ ਦਿੱਤਾ ਜਾਂਦਾ ਹੈ। ਹਰਜੀਤ ਕੌਰ ਸਿੱਧੂ (1937- 2007) ਇਕ ਚੰਗੀ ਪਤਨੀ, ਮਾਂ ਤੇ ਅਧਿਆਪਕਾ ਸੀ ਅਤੇ ਵਿਦਿਆ, ਪੰਜਾਬੀ ਬੋਲੀ ਅਤੇ ਸੱਭਿਆਚਾਰ ਅਤੇ ਨਾਰੀਆਂ ਦੇ ਹੱਕਾਂ ਦੀ ਸਮਰਥਕ ਸੀ। "ਪੰਜਾਬੀ ਬੋਲੀ ਦੀ ਵਿਰਾਸਤ" ਦੇ ਲੇਖਕ ਨੂੰ ਇਹ ਇਨਾਮ 3 ਅਪ੍ਰੈਲ 2012 ਨੂੰ ਯੂ.ਬੀ. ਸੀ. ਵਿੱਚ ਹੋਣ ਜਾ ਰਹੇ ਪੰਜਾਬੀ ਬੋਲੀ ਦੇ ਜਸ਼ਨ ਦੌਰਾਨ ਦਿੱਤਾ ਜਾਵੇਗਾ। ਪੰਜਾਬੀ ਬੋਲੀ ਦੇ ਜਸ਼ਨ ਸੰਬੰਧੀ ਇਹ ਸਮਾਗਮ ਏਸ਼ੀਅਨ ਸਟੱਡੀਜ਼ ਵਿਭਾਗ ਦੇ ਆਡੀਟੋਰੀਆਮ ਵਿਖੇ ਸ਼ਾਮ ਦੇ 5:00 ਵਜੇ ਤੋਂ ਲੈ ਕੇ 8:00 ਵਜੇ ਵਿਚਕਾਰ ਹੋਵੇਗਾ। "ਪੰਜਾਬੀ ਬੋਲੀ ਦੀ ਵਿਰਾਸਤ" ਦੇ ਲੇਖਕ ਨੂੰ ਇਨਾਮ ਦੇਣ ਤੋਂ ਇਲਾਵਾ ਇਸ ਸਮਾਗਮ ਵਿੱਚ ਮੇਨ, ਯੂ.ਐੱਸ਼.ਏ ਦੇ ਕੋਲਬੀ ਕਾਲਜ ਦੇ ਪ੍ਰੋਫੈਸਰ ਨਿੱਕੀ-ਗੁਨਿੰਦਰ ਸਿੰਘ ਪੰਜਾਬੀ ਕਵਿਤਾ ਬਾਰੇ ਅੰਗਰੇਜ਼ੀ ਵਿੱਚ ਲੈਕਚਰ ਦੇਣਗੇ ਅਤੇ ਪੰਜਾਬੀ ਲੇਖ ਮੁਕਾਬਲਿਆਂ ਵਿੱਚ ਪਹਿਲੇ ਨੰਬਰ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤਾ ਜਾਵੇਗਾ ਅਤੇ ਯੂæ ਬੀ. ਸੀ. ਵਿੱਚ ਪੰਜਾਬੀ ਪੜ੍ਹ ਰਹੇ ਵਿਦਿਆਰਥੀ ਆਪਣੇ ਸਕਿੱਟ ਪੇਸ਼ ਕਰਨਗੇ। ਪੰਜਾਬੀ ਬੋਲੀ, ਸਾਹਿਤ ਅਤੇ ਸਭਿਆਚਾਰ ਨਾਲ ਮੋਹ ਰੱਖਣ ਵਾਲੇ ਸਾਰੇ ਲੋਕਾਂ ਨੂੰ ਇਸ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਤੁਸੀਂ ਸੁਖਵੰਤ ਹੁੰਦਲ ਨੂੰ 604-644-2470 'ਤੇ ਫੋਨ ਕਰ ਸਕਦੇ ਹੋ ਜਾਂ ਪ੍ਰੋਫੈਸਰ ਐਨ ਮਰਫੀ ਨੂੰ anne.murphy2@ubc.ca 'ਤੇ ਈ-ਮੇਲ ਕਰ ਸਕਦੇ ਹੋ।

Sunday, March 25, 2012

ਜ਼ਿੰਦਗੀ-ਮੌਤ ਤੇ ਇਨਸਾਫ਼ ਬਨਾਮ 'ਕੌਮੀ ਸ਼ਰਮਸ਼ਾਰੀ'

ਬਲਵੰਤ ਸਿੰਘ ਰਾਜੋਆਣਾ ਦੇ ਕਾਲੇ ਵਾਰੰਟ ਜਾਰੀ ਹੋਣ ਤੋਂ ਬਾਅਦ 'ਮੌਤ ਦੀ ਸਜ਼ਾ' ਦੇ ਸਵਾਲ ਬਾਬਤ ਚਰਚਾ ਭਖ ਗਈ ਹੈ। ਇਹ ਕਾਨੂੰਨੀ ਤੌਰ ਉੱਤੇ ਹੱਲ ਹੋ ਚੁੱਕਿਆ ਮਾਮਲਾ ਹੈ। ਅਦਾਲਤ ਦੇ ਫ਼ੈਸਲੇ ਅਤੇ ਬਲਵੰਤ ਸਿੰਘ ਦੀਆਂ ਲਿਖਤਾਂ ਦੇ ਨਾਲ-ਨਾਲ ਸਮੁੱਚੀ ਪ੍ਰਚਾਰ ਮੁਹਿੰਮ ਵਿੱਚ ਤੱਥਮੂਲਕ ਸਹਿਮਤੀ ਹੈ। ਸਭ ਧਿਰਾਂ ਮੰਨਦੀਆਂ ਹਨ ਕਿ ਉਸ ਦੀ ਬੇਅੰਤ ਸਿੰਘ ਉੱਤੇ ਕਾਤਲਾਨਾ ਹਮਲੇ ਵਿੱਚ ਸ਼ਮੂਲੀਅਤ ਸੀ। ਉਹ ਆਪ ਇਹ ਤੱਥ ਮਾਣ ਨਾਲ ਦੱਸਦਾ ਹੈ ਅਤੇ ਕਿਸੇ ਅਦਾਲਤੀ ਕਾਰਵਾਈ ਵਿੱਚ ਆਪਣੀ ਪੈਰਵਾਈ ਨਹੀਂ ਕਰਨਾ ਚਾਹੁੰਦਾ ਤੇ ਜਲਦੀ ਤੋਂ ਜਲਦੀ ਆਪਣੇ ਦੂਜੇ ਸਾਥੀ ਦਿਲਾਵਰ ਸਿੰਘ ਕੋਲ ਪੁੱਜਣਾ ਚਾਹੁੰਦਾ ਹੈ। ਦਿਲਾਵਰ ਸਿੰਘ ਨੇ ਬੇਅੰਤ ਸਿੰਘ ਉੱਤੇ ਮਨੁੱਖੀ ਬੰਬ ਵਜੋਂ ਹਮਲਾ ਕੀਤਾ ਸੀ। ਇਸ ਮਾਮਲੇ ਨੂੰ ਆਲਮੀ ਪੱਧਰ ਉੱਤੇ ਚੱਲਦੀ 'ਮੌਤ ਦੀ ਸਜ਼ਾ' ਖ਼ਿਲਾਫ਼ ਮੁਹਿੰਮ ਨਾਲ ਜੋੜ ਕੇ ਵੇਖਣਾ ਜ਼ਰੂਰੀ ਹੈ। ਇਸ ਮੁਹਿੰਮ ਦੀ ਦਲੀਲ ਕਾਨੂੰਨ ਦੀ ਥਾਂ ਮਨੁੱਖਤਾ, ਨੈਤਿਕਤਾ ਤੇ ਸਿਧਾਂਤ ਉੱਤੇ ਟਿਕੀ ਹੋਈ ਹੈ। ਇਸ ਮੁਹਿੰਮ ਵਿੱਚ ਕਾਨੂੰਨ ਦਾ ਨੁਕਤਾ ਸਿਰਫ਼ ਇੰਨਾ ਕੁ ਹੈ ਕਿ ਅਦਾਲਤ ਫ਼ੈਸਲਾ ਕਰਨ ਵੇਲੇ ਪੱਖਪਾਤ ਜਾਂ ਗ਼ਲਤੀ ਕਰ ਸਕਦੀ ਹੈ। ਜੇ ਗ਼ਲਤੀ ਨਾਲ ਕਿਸੇ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਵੇ ਤਾਂ ਕੋਈ ਮੁਆਵਜ਼ਾ ਜਾਂ ਪਛਤਾਵਾ ਬੇਕਸੂਰ ਨੂੰ ਮੋੜ ਕੇ ਨਹੀਂ ਲਿਆ ਸਕਦਾ। ਇਸ ਪੱਖੋਂ ਮੌਤ ਦੀ ਸਜ਼ਾ ਦੇਣੀ ਹੀ ਨਹੀਂ ਚਾਹੀਦੀ। ਬਲੰਵਤ ਸਿੰਘ ਦੇ ਮਾਮਲੇ ਵਿੱਚ ਇਹ ਦਲੀਲ ਲਾਗੂ ਨਹੀਂ ਹੁੰਦੀ। ਉਸ ਨੇ ਇਲਜ਼ਾਮ ਕਬੂਲ ਕੀਤਾ ਹੈ ਤੇ ਆਪਣੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਹੈ।

ਸਵਾਲ ਇਹ ਹੈ ਕਿ ਕੀ ਬਲੰਵਤ ਸਿੰਘ ਦੇ ਇਕਬਾਲੀਆ ਬਿਆਨ ਜਾਂ ਹਠ ਸਾਹਮਣੇ ਚੁੱਪ ਵੱਟ ਲਈ ਜਾਣੀ ਚਾਹੀਦੀ ਹੈ ਤੇ ਅਦਾਲਤੀ ਫ਼ੈਸਲੇ ਨੂੰ ਬਿਨਾਂ ਸਵਾਲ ਕੀਤੇ ਲਾਗੂ ਹੋਣ ਦਿੱਤਾ ਜਾਣਾ ਚਾਹੀਦਾ ਹੈ? ਬਲਵੰਤ ਸਿੰਘ ਦੀ ਆਪਣੀ ਮਰਜ਼ੀ ਨੂੰ ਦਰਕਿਨਾਰ ਕਰਕੇ ਉਸ ਦੀ 'ਮੌਤ ਦੀ ਸਜ਼ਾ' ਰੱਦ ਕਰਨਾ ਕਿਉਂ ਜ਼ਰੂਰੀ ਹੈ? ਇਸ ਮਸਲੇ ਦੀਆਂ ਦੂਜੀਆਂ ਪਰਤਾਂ ਨੂੰ ਸਮਝਣ ਲਈ 'ਮੌਤ ਦੀ ਸਜ਼ਾ' ਖ਼ਿਲਾਫ਼ ਮੁਹਿੰਮ ਦੀਆਂ ਹੋਰ ਦਲੀਲਾਂ ਨੂੰ ਸਮਝਣਾ ਜ਼ਰੂਰੀ ਹੈ। 'ਮੌਤ ਦੀ ਸਜ਼ਾ' ਨਾਲ ਬੁਨਿਆਦੀ ਮਨੁੱਖੀ ਕਦਰਾਂ-ਕੀਮਤਾਂ ਦਾ ਅਪਮਾਨ ਹੁੰਦਾ ਹੈ। ਜੇ ਮਨੁੱਖ ਜ਼ਿੰਦਗੀ ਦੇ ਨਹੀਂ ਸਕਦਾ ਤਾਂ ਉਸ ਨੂੰ ਜ਼ਿੰਦਗੀ ਲੈਣ ਦਾ ਕੀ ਹੱਕ ਹੈ? ਮਨੁੱਖੀ ਵਿਗਾਸ ਦੇ ਮੌਜੂਦਾ ਮਿਆਰ ਨਾਲ ਅਜਿਹੀ ਸਜ਼ਾ ਮੇਲ ਨਹੀਂ ਖਾਂਦੀ। ਇਸ ਦਲੀਲ ਦਾ ਇੱਕ ਪਾਸਾ ਤਾਂ ਕਾਨੂੰਨੀ ਕਾਰਵਾਈ ਰਾਹੀਂ ਮਿਲਣ ਵਾਲੀ ਸਜ਼ਾ ਨਾਲ ਜੁੜਦਾ ਹੈ ਅਤੇ ਦੂਜਾ ਜ਼ਿੰਦਗੀ ਨੂੰ ਬੇਮੁਹਾਲ ਕਰਨ ਵਾਲੇ ਹਾਲਾਤ ਦੀ ਉਸਾਰੀ ਨਾਲ ਜੁੜਦਾ ਹੈ। ਜਦੋਂ ਬਹੁਤਾਤ ਦੇ ਦੌਰ ਵਿੱਚ ਥੁੜਾਂ, ਜ਼ਿੰਦਗੀ ਨੂੰ ਬੇਮੁਹਾਲ ਕਰਦੀਆਂ ਹਨ ਤਾਂ ਇਹ ਦਲੀਲ ਜ਼ਖੀਰੇਬਾਜ਼ੀ ਤੇ ਮੁਨਾਫ਼ਾਖ਼ੋਰੀ ਉੱਤੇ ਸਵਾਲ ਕਰਦੀ ਹੈ। ਇਸੇ ਵਿੱਚੋਂ ਡਾ. ਬਿਨਾਇਕ ਸੈਨ ਦੀ ਦਲੀਲ ਨਿਕਲਦੀ ਹੈ ਕਿ ਕੁਪੋਸ਼ਣ ਭਾਰਤ ਵਿੱਚ ਰਾਜਤੰਤਰ ਦੀ ਸਰਪ੍ਰਸਤੀ ਵਿੱਚ ਚੱਲ ਰਿਹਾ ਸਭ ਤੋਂ ਵੱਡਾ ਕਤਲੇਆਮ ਹੈ। ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਹਿੰਦੋਸਤਾਨ ਦੇ ਛੇ ਸਾਲ ਤੋਂ ਘੱਟ ਉਮਰ ਦੇ ੪੨ ਫ਼ੀਸਦੀ ਬੱਚਿਆਂ ਨੂੰ 'ਕੌਮੀ ਸ਼ਰਮਸ਼ਾਰੀ' ਦਾ ਸਬੱਬ ਤਾਂ ਮੰਨਦੇ ਹਨ ਪਰ ਉਨ੍ਹਾਂ ਦਾ ਪਸੰਦੀਦਾ ਵਿੱਤ ਮੰਤਰੀ ਆਪਣੇ ਬਜਟ ਵਿੱਚ ਇਸ ਸ਼ਰਮਸ਼ਾਰੀ ਤੋਂ ਬਾਹਰ ਨਿਕਲਣ ਦੀ ਕੋਈ ਤਜਵੀਜ਼ ਪੇਸ਼ ਨਹੀਂ ਕਰਦਾ। 'ਕੌਮੀ ਸ਼ਰਮਸ਼ਾਰੀ' ਦੀ ਕਤਲੇਅਮ ਦੇ ਰੂਪ ਵਿੱਚ ਨਿਸ਼ਾਨਦੇਹੀ ਕਾਤਲ ਦਾ ਖੁਰਾ ਨੱਪਣ ਦਾ ਸੱਦਾ ਤਾਂ ਦਿੰਦੀ ਹੀ ਹੈ। ਮਨੁੱਖ ਦੀ ਜਾਨ ਲੈਣ ਦਾ ਹਰ ਤਰੀਕਾ ਇਸ ਦਲੀਲ ਦੇ ਘੇਰੇ ਵਿੱਚ ਆਉਂਦਾ ਹੈ। ਕੁਪੋਸ਼ਣ ਦਾ ਸ਼ਿਕਾਰ ਬੇਆਵਾਜ਼ ਬੱਚਿਆਂ ਨੂੰ ਇਨਸਾਫ਼ ਲਈ ਆਵਾਜ਼ ਵਾਲੇ ਤਬਕੇ ਦੀ ਉਡੀਕ ਕਰਨੀ ਪਵੇਗੀ। ਬਲਵੰਤ ਸਿੰਘ ਦੇ ਮਾਮਲੇ ਵਿੱਚ ਇਹ ਦਲੀਲ ਵਜ਼ਨਦਾਰ ਹੈ ਕਿ ਜੇ ਕੋਈ ਜ਼ਿੰਦਗੀ ਦੇ ਨਹੀਂ ਸਕਦਾ ਤਾਂ ਲੈ ਕਿਵੇਂ ਸਕਦਾ ਹੈ।


ਸਜ਼ਾ ਦਾ ਅਹਿਮ ਮਕਸਦ ਮੁਜਰਮ ਨੂੰ ਸੁਧਾਰ ਦਾ ਮੌਕਾ ਦੇਣਾ ਹੈ। 'ਮੌਤ ਦੀ ਸਜ਼ਾ' ਸਜ਼ਾ ਦੇ ਇਸ ਬੁਨਿਆਦੀ ਨੁਕਤੇ ਨੂੰ ਨਜ਼ਰਅੰਦਾਜ਼ ਕਰਦੀ ਹੈ। ਇਹ ਸਜ਼ਾ ਬਦਲਾਖ਼ੋਰੀ ਜ਼ਿਆਦਾ ਜਾਪਦੀ ਹੈ। ਦੂਜਾ ਨੁਕਤਾ ਇਹ ਹੈ ਕਿ ਸਜ਼ਾ ਨੂੰ ਜੁਰਮ ਖ਼ਿਲਾਫ਼ ਪੇਸ਼ਬੰਦੀ ਵਜੋਂ ਪੇਸ਼ ਕੀਤਾ ਜਾਂਦਾ ਹੈ। ਜੇਲ੍ਹਾਂ ਤੇ ਥਾਣਿਆਂ ਦੀ ਉਸਾਰੀ ਇਸੇ ਦਲੀਲ ਨਾਲ ਹੋਈ ਹੈ। ਦੁਨੀਆ ਦੇ 96 ਮੁਲਕਾਂ ਨੇ 'ਮੌਤ ਦੀ ਸਜ਼ਾ' ਉੱਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ 34 ਮੁਲਕਾਂ ਨੇ ਭਾਵੇਂ ਪਾਬੰਦੀ ਨਹੀਂ ਲਗਾਈ ਪਰ ਕਈ ਸਾਲਾਂ ਤੋਂ ਕਿਸੇ ਨੂੰ ਇਹ ਸਜ਼ਾ ਨਹੀਂ ਦਿੱਤੀ ਜਾਂਦੀ। ਇਨ੍ਹਾਂ ਮੁਲਕਾਂ ਵਿੱਚ ਜੁਰਮ ਵਧਿਆ ਨਹੀਂ ਹੈ। ਦੂਜੇ ਪਾਸੇ ਜਿਨ੍ਹਾਂ ਮੁਲਕਾਂ ਵਿੱਚ 'ਮੌਤ ਦੀ ਸਜ਼ਾ' ਦਿੱਤੀ ਜਾਂਦੀ ਹੈ, ਉਨ੍ਹਾਂ ਵਿੱਚ ਜੁਰਮ ਘਟਿਆ ਨਹੀਂ ਹੈ। ਕੁੱਲ ਮਿਲਾ ਕੇ ਜੁਰਮ ਖ਼ਿਲਾਫ਼ ਪੇਸ਼ਬੰਦੀ ਵਜੋਂ 'ਮੌਤ ਦੀ ਸਜ਼ਾ' ਕੋਈ ਠੋਸ ਦਲੀਲ ਨਹੀਂ ਬਣਦੀ। ਭਾਰਤ ਵਿੱਚ 1996 ਤੋਂ ਬਾਅਦ ਸਿਰਫ਼ 2004 ਵਿੱਚ ਇੱਕ ਬੰਦੇ ਨੂੰ ਫਾਂਸੀ ਦਿੱਤੀ ਗਈ ਸੀ। ਜੇ ਇਸ ਦੌਰਾਨ ਅਤਿਵਾਦੀ ਹਮਲਿਆਂ ਵਿੱਚ ਕਮੀ ਆਈ ਹੈ ਤਾਂ ਇਸ ਦਾ ਕਾਰਨ ਪੇਸ਼ਬੰਦੀ ਵਜੋਂ ਦਿੱਤੀਆਂ ਸਜ਼ਾਵਾਂ ਨਹੀਂ ਹਨ। ਅਤਿਵਾਦ ਬਾਬਤ ਤਾਂ ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਫਿਦਾਇਨ ਨੂੰ 'ਮੌਤ ਦੀ ਸਜ਼ਾ' ਦੇ ਖ਼ੌਫ਼ ਨਾਲ ਕਿਵੇਂ ਰੋਕਿਆ ਜਾ ਸਕਦਾ ਹੈ? ਬਲੰਵਤ ਤੇ ਕਸਾਬ ਮੌਤ ਤੋਂ ਡਰਦੇ ਨਹੀਂ ਹਨ, ਸਗੋਂ ਸਚੇਤ ਤੌਰ ਉੱਤੇ ਮਰਨਾ ਕਬੂਲ ਕਰਕੇ ਆਏ ਹਨ। ਇਨ੍ਹਾਂ ਵਰਗਿਆਂ ਖ਼ਿਲਾਫ਼ 'ਮੌਤ ਦੀ ਸਜ਼ਾ' ਕੋਈ ਪੇਸ਼ਬੰਦੀ ਨਹੀਂ ਹੈ। ਜੇ ਅਜਿਹਾ ਹੁੰਦਾ ਤਾਂ ਅਮਰੀਕਾ ਦੀਆਂ ਜੰਗੀ ਮੁਹਿੰੰਮਾਂ ਨੇ ਸਮੁੱਚੇ ਆਲਮ ਨੂੰ ਸੀਲ ਕਰ ਲਿਆ ਹੁੰਦਾ। ਅਮਰੀਕੀ ਅਗਵਾਈ ਵਿੱਚ ਨਾਟੋ ਫ਼ੌਜਾਂ ਨੇ ਅਫ਼ਗ਼ਾਨਿਸਤਾਨ ਤੋਂ ਇਰਾਕ ਤੱਕ ਅਣਗਿਣਤ ਬੰਦੇ ਮਾਰ ਦਿੱਤੇ ਹਨ। ਹੁਣ ਕਿਹੜਾ ਉੱਥੇ ਮੋੜਵੇਂ ਹਮਲੇ ਨਹੀਂ ਹੁੰਦੇ? ਜੇ 'ਮੌਤ ਦੀ ਸਜ਼ਾ' ਸੁਰੱਖਿਆ ਦੀ ਕੋਈ ਜ਼ਾਮਨੀ ਨਹੀਂ ਭਰਦੀ ਤਾਂ ਅਜਿਹਾ ਘਿਣਾਉਣਾ ਕੰਮ ਕਿਸੇ ਵੀ ਸੱਭਿਅਕ ਸਮਾਜ ਵਿੱਚ ਰਾਜਤੰਤਰ ਦੀ ਸਰਪ੍ਰਸਤੀ ਵਿੱਚ ਕਿਉਂ ਹੋਣਾ ਚਾਹੀਦਾ ਹੈ? ਜੇ ਰਾਜਤੰਤਰ ਆਪਣੇ-ਆਪ ਨੂੰ ਅਤਿਵਾਦ ਤੋਂ ਵੱਖਰਾ ਕਰਕੇ ਦੇਖਦਾ ਹੈ ਅਤੇ ਵਧੇਰੇ ਜ਼ਿੰਮੇਵਾਰ ਹੋਣ ਦਾ ਦਾਅਵਾ ਕਰਦਾ ਹੈ ਤਾਂ ਇਸ ਦਾ ਅਮਲੀ ਰੂਪ ਪ੍ਰਤੱਖ ਹੋਣਾ ਚਾਹੀਦਾ ਹੈ।

'ਮੌਤ ਦੀ ਸਜ਼ਾ' ਖ਼ਿਲਾਫ਼ ਆਲਮੀ ਮੁਹਿੰਮ ਵਿੱਚ ਬਹੁਤ ਸਾਰੀ ਵੰਨ-ਸੁਵੰਨਤਾ ਹੈ। ਮੌਕੇ ਮੁਤਾਬਕ ਮੁਕਾਮੀ ਮੁਹਿੰਮਾਂ ਇਸ ਦਾ ਹਿੱਸਾ ਬਣਦੀਆਂ ਰਹਿੰਦੀਆਂ ਹਨ। 'ਮੌਤ ਦੀ ਸਜ਼ਾ' ਖ਼ਿਲਾਫ਼ ਦਲੀਲ ਇਹ ਵੀ ਦਿੱਤੀ ਜਾਂਦੀ ਹੈ ਕਿ ਰਾਜਤੰਤਰ ਸਿਆਸੀ, ਨਸਲੀ ਤੇ ਮਜ਼ਹਬੀ ਸ਼ਨਾਖ਼ਤ ਕਰਕੇ ਘੱਟ-ਗਿਣਤੀਆਂ ਤੇ ਗ਼ਰੀਬਾਂ ਨੂੰ ਮੌਤ ਦੀ ਸਜ਼ਾ ਦਿੰਦਾ ਹੈ। ਜਦੋਂ ਅਦਾਲਤੀ ਕਾਰਵਾਈ ਦਾ ਸਿਧਾਂਤਕ ਮੁਹਾਣ ਸਾਹਮਣੇ ਆਵੇ ਤਾਂ ਇਹ ਦਲੀਲ ਜ਼ਿਆਦਾ ਕਾਰਗਰ ਹੁੰਦੀ ਹੈ। ਬਲੰਵਤ ਦੇ ਮਾਮਲੇ ਵਿੱਚ ਇਹ ਦਲੀਲ ਪੇਸ਼ ਕੀਤੀ ਜਾ ਰਹੀ ਹੈ ਜੋ ਮੌਕੇ ਤੇ ਮਾਹੌਲ ਦੀ ਭਾਵੁਕਤਾ ਦਾ ਲਾਹਾ ਖੱਟਣ ਦਾ ਵਸੀਲਾ ਜ਼ਿਆਦਾ ਜਾਪਦੀ ਹੈ। ਇਸ ਨਾਲ ਬਲੰਵਤ ਦਾ ਮਾਮਲਾ ਮਜ਼ਹਬੀ ਘੇਰੇ ਵਿੱਚ ਆ ਕੇ ਕਮਜ਼ੋਰ ਜ਼ਰੂਰ ਹੁੰਦਾ ਹੈ। ਮੌਕੇ ਦਾ ਸਿਆਸੀ ਲਾਹਾ ਲੈਣ ਵਾਲਿਆਂ ਦਾ ਜ਼ਿਕਰ ਬਲੰਵਤ ਸਿੰਘ ਦੀਆਂ ਚਿੱਠੀਆਂ ਵਿੱਚ ਵੀ ਮਿਲਦਾ ਹੈ। ਬਲੰਵਤ ਸਿੰਘ ਸ਼ਰਧਾਵਾਨ ਸਿੱਖ ਹੈ। ਜਦੋਂ ਧਾਰਮਿਕ ਅਦਾਰੇ ਉਸ ਦੀ ਵਕਾਲਤ ਕਰਦੇ ਹੋਏ ਭਾਵੁਕਤਾ ਤੇ ਭੜਕਾਹਟ ਦੇ ਫ਼ਾਸਲੇ ਨੂੰ ਬੇਮਾਅਨਾ ਕਰਦੇ ਹਨ ਤਾਂ ਉਨ੍ਹਾਂ ਉੱਤੇ ਸਵਾਲ ਕੀਤਾ ਜਾਣਾ ਚਾਹੀਦਾ ਹੈ। ਜਿਨ੍ਹਾਂ ਦੇ ਕਤਲ ਦੇ ਇਲਜ਼ਾਮ ਵਿੱਚ ਬਲੰਵਤ ਸਿੰਘ ਨੂੰ ਸਜ਼ਾ ਹੋਈ ਹੈ, ਉਨ੍ਹਾਂ ਦੀ ਮਜ਼ਹਬੀ ਸ਼ਨਾਖ਼ਤ ਇਹ ਅਦਾਰੇ ਕਿਵੇਂ ਕਰਦੇ ਹਨ? ਦਲੀਲ ਦਾ ਦੂਜਾ ਪਾਸਾ ਇਹ ਵੀ ਹੈ ਕਿ ਆਪਣੇ ਕੀਤੇ ਕਤਲ ਨੂੰ ਜਾਇਜ਼ ਕਰਾਰ ਦੇਣਾ ਤੇ ਆਪਣਿਆਂ ਦੇ ਕਤਲ (ਸਜ਼ਾ) ਨੂੰ ਨੈਤਿਕਤਾ ਪੱਖੋਂ ਸਵਾਲ ਕਰਨਾ ਕਿੰਨਾ ਕੁ ਠੀਕ ਹੈ? ਇਹ ਬਹੁਤ ਵਾਰ ਵੇਖਿਆ ਗਿਆ ਹੈ ਕਿ 'ਮੌਤ ਦੀ ਸਜ਼ਾ' ਖ਼ਿਲਾਫ਼ ਪ੍ਰਚਾਰ ਕਰਨ ਵਾਲੀਆਂ ਜਥੇਬੰਦੀਆਂ " … ਨੂੰ ਫਾਹੇ ਲਾਓ" ਤੇ " … ਨੂੰ ਫਾਂਸੀ ਦਿਓ" ਦੇ ਨਾਅਰੇ ਲਗਾਉਂਦੀਆਂ ਹਨ। ਇਸ ਦਾ ਮਤਲਬ ਤਾਂ ਇਹੋ ਹੋਇਆ ਕਿ ਸਾਡਾ ਕੀਤਾ ਕਤਲ ਪਰਉਪਕਾਰ ਤੇ ਤੁਹਾਡਾ ਕੀਤਾ ਕਤਲ 'ਗ਼ੈਰ-ਮਨੁੱਖੀ ਕਾਰਾ'। ਰਾਜਤੰਤਰ ਮੁਲਕ ਦੇ ਅਮਨ-ਚੈਨ ਦੇ ਆਸਰਾ ਲੈ ਕੇ ਝੂਠੇ ਪੁਲਿਸ ਮੁਕਾਬਲਿਆਂ, ਤਸ਼ਦੱਦਖ਼ਾਨਿਆਂ, ਹਿਰਾਸਤੀ ਕਤਲਾਂ, ਪੱਖਪਾਤੀ ਅਦਾਲਤੀ ਕਾਰਵਾਈਆਂ ਤੇ ਹੋਰ ਵਧੀਕੀਆਂ ਨੂੰ ਜਾਇਜ਼ ਕਰਾਰ ਦਿੰਦਾ ਹੈ ਪਰ 'ਕੌਮੀ ਸ਼ਰਮਸ਼ਾਰੀ' ਵਿੱਚੋਂ ਨਿਕਲਣ ਦੀ ਕੋਈ ਚਾਰਾਜੋਈ ਨਹੀਂ ਕਰਦਾ। ਇਸ ਨੂੰ ਬਦਨੀਅਤੀ ਵੀ ਨਹੀਂ ਮੰਨਦਾ। ਜਦੋਂ ਆਪਣੀ ਹਰ ਕਮਜ਼ੋਰੀ ਨੂੰ ਢਕਣ ਲਈ ਰਾਜਤੰਤਰ ਦੀ ਬਦਨੀਅਤੀ ਦਾ ਪਰਦਾ ਪਾਇਆ ਜਾਂਦਾ ਹੈ ਤਾਂ ਦੂਜੀ ਧਿਰ ਵੀ ਸਵਾਲਾਂ ਦੇ ਘੇਰੇ ਵਿੱਚ ਆਉਣੀ ਚਾਹੀਦੀ ਹੈ।

'ਮੌਤ ਦੀ ਸਜ਼ਾ' ਖ਼ਿਲਾਫ਼ ਚੱਲਦੀ ਆਲਮੀ ਮੁਹਿੰਮ ਦੇ ਪੈਂਤੜੇ ਤੋਂ ਬਲਵੰਤ ਸਿੰਘ ਦਾ ਮਾਮਲਾ ਬਿਲਕੁਲ ਸਾਫ਼ ਜਾਪਦਾ ਹੈ। ਜਿਉਣਾ ਉਸ ਦਾ ਮਨੁੱਖੀ ਹੱਕ ਹੈ ਜੋ ਬਹਾਲ ਰਹਿਣਾ ਚਾਹੀਦਾ ਹੈ। ਆਪਣੇ-ਆਪ ਉੱਤੇ ਹਿੰਸਾ ਕਰਨ ਨੂੰ ਕੋਈ ਭਵਿੱਖਮੁਖੀ ਸਮਾਜ ਪ੍ਰਵਾਨ ਨਹੀਂ ਕਰ ਸਕਦਾ। ਇਨ੍ਹਾਂ ਵਿੱਚ ਬਦਹਾਲੀ ਵਿੱਚ ਖ਼ੁਦਕਸ਼ੀਆਂ ਕਰਨ ਵਾਲਿਆਂ ਤੋਂ ਲੈਕੇ ਫਿਦਾਇਨ ਹਮਲੇ ਕਰਨ ਵਾਲੇ ਸ਼ਾਮਿਲ ਹਨ। ਜੇ ਬਲੰਵਤ ਸਿੰਘ ਫਾਂਸੀ ਉੱਤੇ ਹਰ ਹੀਲੇ ਚੜ੍ਹਨ ਲਈ ਬਜ਼ਿੱਦ ਹੈ ਤਾਂ ਸਾਡਾ ਸਮਕਾਲੀਆਂ ਵਜੋਂ ਫ਼ਰਜ਼ ਬਣਦਾ ਹੈ ਕਿ ਉਸ ਦੀ 'ਹਾਂ' ਵਿੱਚ 'ਹਾਂ' ਨਾ ਮਿਲਾਈਏ। ਜੋ ਉਸ ਦੀ ਮੌਤ ਵਿੱਚੋਂ ਸਿਆਸੀ ਰੋਟੀਆਂ ਭਾਲ ਰਹੇ ਹਨ, ਉਹ 'ਸਰਬਤ ਦਾ ਭਲਾ' ਮੰਗਣ ਵਾਲੀ ਸਿੱਖੀ ਦੇ ਹਿਤੈਸ਼ੀ ਤਾਂ ਨਹੀਂ ਹੋ ਸਕਦੇ। ਇਸ ਵੇਲੇ ਚਰਚਾ ਭਖੀ ਹੋਈ ਹੈ ਜਿਸ ਨੂੰ 'ਮੌਤ ਦੀ ਸਜ਼ਾ' ਖ਼ਿਲਾਫ਼ ਸਹਿਮਤੀ ਦੀ ਉਸਾਰੀ ਵਿੱਚ ਬਦਲਿਆ ਜਾ ਸਕਦਾ ਹੈ। ਇਸ ਸਹਿਮਤੀ ਵਿੱਚ ਬਲਵੰਤ ਸਿੰਘ ਦੀ ਲੰਮੀ ਜ਼ਿੰਦਗੀ ਤੇ ਸਾਡੇ ਆਲਮੀ ਕਾਜ ਨਾਲ ਸੁਹਿਰਦ ਹੋ ਕੇ ਜੁੜਨ ਦੀ ਸੰਭਾਵਨਾ ਪਈ ਹੈ। ਸੌੜੀ ਸਿਆਸਤ ਨਾਲੋਂ ਇਹ ਰਾਹ ਔਖਾ ਹੈ ਕਿਉਂਕਿ ਜਦੋਂ ਇਹ ਸਵਾਲ ਝੂਠੇ ਪੁਲਿਸ ਮੁਕਾਬਲਿਆਂ ਜਾਂ ਦਿੱਲੀ, ਗੁਜਰਾਤ ਤੇ ਉੜੀਸਾ ਦੇ ਕਤਲੇਆਮਾਂ ਦੇ ਦੋਸ਼ੀਆਂ ਦੇ ਹਵਾਲੇ ਨਾਲ ਪੁੱਛਿਆ ਜਾਏਗਾ ਤਾਂ ਸਾਡੇ ਨਿਹਚੇ ਦਾ ਇਮਤਿਹਾਨ ਹੋਏਗਾ? ਨਿਹਚੇ ਨੂੰ ਜਿੱਤ ਦਾ ਅਹਿਮ ਤੱਤ ਇਸੇ ਕਰਕੇ ਮੰਨਿਆ ਗਿਆ ਹੈ ਤਾਂ ਜੋ ਸਰਬਤ ਪ੍ਰਧਾਨ ਰਹੇ ਤੇ ਫ਼ੈਸਲੇ ਕਰਨ ਵੇਲੇ ਮੂੰਹ ਸੰਗਤ ਵੱਲ ਰਹੇ। ਗੁਰੂ ਗੋਬਿੰਦ ਸਿੰਘ ਦੇ ਨਿਹਚੇ ਉੱਤੇ ਖੜੋ ਕੇ ਔਖੇ ਰਾਹ ਦੀ ਚੋਣ ਵਿੱਚੋਂ ਹੀ ਅਸੀਂ ਭਾਈ ਘਨ੍ਹਈਆ ਦੇ ਦੀਦਾਰ ਕਰ ਸਕੇ ਹਾਂ। ਬਲੰਵਤ ਸਿੰਘ ਦਾ ਮਾਮਲਾ ਸਵਾਲ ਕਰ ਰਿਹਾ ਹੈ ਕਿ ਕੀ ਅਸੀਂ ਆਲਮੀ ਲਹਿਰ ਦਾ ਸੁਹਿਰਦ ਹਿੱਸਾ ਬਣਨਾ ਹੈ ਜਾਂ ਮੌਕਾਪ੍ਰਸਤ? ਜ਼ਿੰਦਗੀ ਨੂੰ ਮੌਕਾਪ੍ਰਸਤੀ ਦਾ ਭੇਟ ਨਹੀਂ ਚੜ੍ਹਾਇਆ ਜਾਣਾ ਚਾਹੀਦਾ, ਸਗੋਂ ਵਿਛੜਿਆਂ ਦੇ ਮੇਲ ਦਾ ਸਬੱਬ ਬਣਾਇਆ ਜਾਣਾ ਚਾਹੀਦਾ ਹੈ। ਦੁਨੀਆਂ ਉੱਤੇ 'ਮੌਤ ਦੀ ਸਜ਼ਾ' ਖ਼ਤਮ ਹੋਣ ਨਾਲ ਬਿਹਤਰ ਜ਼ਿੰਦਗੀ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਹੁੰਦਾ ਹੈ। ਇਸ ਨਾਲ 'ਕੌਮੀ ਸ਼ਰਮਸ਼ਾਰੀ' ਨੂੰ ਹੱਡੀ-ਹੰਢਾਉਂਦੇ ਭੁਝੰਗੀਆਂ ਦੇ ਬੇਆਵਾਜ਼ ਤੋਂ ਬਾਆਵਾਜ਼ ਹੋਣ ਦਾ ਰਾਹ ਪੱਧਰਾ ਹੋ ਸਕਦਾ ਹੈ।

ਦਲਜੀਤ ਅਮੀ
ਦਲਜੀਤ ਅਮੀ ਦੇ ਬਲੌਗ ਅਨਹਦ ਬਾਜਾ ਬੱਜੇ ਤੋਂ ਧੰਨਵਾਦ ਸਹਿਤ

Wednesday, March 21, 2012

ਮੇਰਾ ਸਿਨੇਮਾ ਪੰਜਾਬ ਦੀਆਂ ਹੱਦਾਂ 'ਚ ਕੈਦ ਨਹੀਂ--ਗੁਰਵਿੰਦਰ ਸਿੰਘ

ਨਜ਼ਰੀਆ:-

ਗੁਰਦਿਆਲ ਸਿੰਘ,ਨਾਵਲਕਾਰ-"ਅੰਨ੍ਹੇ ਘੋੜੇ ਦਾ ਦਾਨ ਨਾਵਲ 'ਤੇ ਅਧਾਰਿਤ ਪੰਜਾਬੀ ਫ਼ਿਲਮ ਦਾ ਬਣਨਾ ਤੇ ਉਹ ਪਹਿਲੀ ਫ਼ਿਲਮ ਹੋਵੇ ਕੌਮਾਂਤਰੀ ਪੁਰਸਕਾਰਾਂ 'ਚ ਸ਼ਿਰਕਤ ਕਰਦੀ ਤਾਂ ਖੁਸ਼ੀ ਮਹਿਸੂਸ ਤਾਂ ਹੁੰਦੀ ਹੈ।"

ਸੈਮੁਅਲ ਜੌਨ੍ਹ,ਅਦਾਕਾਰ-"ਮੈਂ ਫ਼ਿਲਮਾਂ 'ਚ ਕਦੀ ਕੰਮ ਨਹੀਂ ਕਰਦਾ ਕਿਉਂ ਕਿ ਜਿਸ ਤਰ੍ਹਾਂ ਦੀਆਂ ਫ਼ਿਲਮਾਂ ਦੇ ਵਿਸ਼ੇ ਹੁੰਦੇ ਹਨ ਉਹਨਾਂ ਮੈਨੂੰ ਕਦੀ ਬਹੁਤਾ ਪ੍ਰੇਰਿਆ ਨਹੀਂ ਪਰ ਮੈਂ ਅੰਨ੍ਹੇ ਘੋੜੇ ਦਾ ਦਾਨ ਫ਼ਿਲਮ ਵਾਰ ਅਜਿਹਾ ਨਹੀਂ ਕਰ ਸਕਿਆ।ਇਸ ਫ਼ਿਲਮ ਦੇ ਵਿਸ਼ੇ ਨੇ ਮੈਨੂੰ ਪ੍ਰਭਾਵਿਤ ਕੀਤਾ।"

ਜਸਦੀਪ ਸਿੰਘ,ਐਡੀਸ਼ਨਲ ਡਾਇਲਾਗ ਰਾਈਟਰ-ਇਸ ਫ਼ਿਲਮ ਨੂੰ ਇਨਾਮ ਮਿਲਣ 'ਤੇ ਪੰਜਾਬੀ ਫ਼ਿਲਮਾਂ ਨੂੰ ਹੁੰਗਾਰਾ ਮਿਲਿਆ ਹੈ ਜੋ ਕਿ ਮੇਰੇ ਲਈ ਇਸ ਫ਼ਿਲਮ ਦਾ ਹਿੱਸਾ ਹੋਣ ਕਰਕੇ ਖੁਸ਼ੀ ਦਾ ਸਬੱਬ ਹੈ।ਇਹ ਫ਼ਿਲਮ ਵਿਸ਼ਾ ਵਸਤੂ ਪੱਖੋਂ ਦਰਸ਼ਕਾਂ ਨੂੰ ਛੂਹੇਗੀ।


ਗੁਰਵਿੰਦਰ ਨਾਲ ਪੰਛੀ ਝਾਤ ਮੁਲਾਕਾਤ

ਤੁਸੀ ਇੱਕ ਫ਼ਿਲਮਸਾਜ਼ ਹੋਣ ਦੇ ਨਾਲ ਨਾਲ ਇੱਕ ਚਿੱਤਰਕਾਰ ਵੀ ਹੋ ਕਿਹੜੀ ਭੂਮਿਕਾ ਜ਼ਿਆਦਾ ਟੁੰਬਦੀ ਹੈ?

:ਰਚਨਾਤਮਕ ਪੱਖ ਤੋਂ ਜੇ ਮੈਂ ਦੋਵੇਂ ਕਲਾਵਾਂ ਨਾਲ ਜੁੜਿਆ ਹਾਂ ਤਾਂ ਦੋਵੇਂ ਹੀ ਮੇਰੇ ਲਈ ਇੱਕੋ ਜਿਹੀਆਂ ਹਨ।ਪੇਟਿੰਗ ਮੈਂ ਬਚਪਨ ਤੋਂ ਹੀ ਕਰਦਾ ਆਇਆ ਹਾਂ ਪਰ ਮੈਂ ਇਹਨਾਂ ਪੇਟਿੰਗਜ਼ ਨੂੰ ਕਦੀ ਵੇਚਿਆ ਨਹੀਂ।ਮੇਰੇ ਲਈ ਕਲਾ ਇੱਕ ਸੰਵਾਦ ਕਰਨ ਦਾ ਜ਼ਰੀਆ ਹੈ ਤੇ ਮੈਂ ਦੋਵਾਂ ਰੂਪਾਂ 'ਚ ਅਜਿਹਾ ਕਰਦਾ ਹਾਂ।ਦੋਵਾਂ 'ਚ ਰਚਨਾਤਮਕਤਾ ਵੱਖਰੀ ਤਰ੍ਹਾਂ ਕੰਮ ਕਰਦੀ ਹੈ।

ਇੱਕ ਫ਼ਿਲਮਸਾਜ਼ ਹੋਣ ਨਾਤੇ ਤੁਹਾਡਾ ਨਜ਼ਰੀਆ ਕਿਸ ਤਰ੍ਹਾਂ ਕੰਮ ਕਰਦਾ ਹੈ?

:ਕਿਸੇ ਫ਼ਿਲਮ ਨੂੰ ਬਣਾਉਣ ਵੇਲੇ ਮੇਰੇ ਨਜ਼ਰੀਏ 'ਚ ਹਮੇਸ਼ਾ ਇਹ ਰਹਿੰਦਾ ਹੈ ਕਿ ਕਹਾਣੀ ਨੂੰ ਕਿੰਝ ਕਿਹਾ ਜਾ ਰਿਹਾ ਹੈ ਨਾ ਕਿ ਕੀ ਕਹਿਣਾ ਹੈ।ਜੇ ਤੁਸੀ ਕਹਾਣੀ ਨੂੰ ਕਹਿ ਰਹੇ ਹੋ ਤਾਂ ਇਹ ਆਪਣੇ ਆਪ ਹੀ ਆਪਣਾ ਕੰਮ ਕਰ ਜਾਵੇਗੀ।

ਤੁਹਾਡੀ ਪਹਿਲੀ ਫ਼ਿਲਮ ਪੁਰਸਕਾਰਾਂ ਦੀ ਚੌਖੀਆਂ ਉਪਲਬਧੀਆਂ 'ਤੇ ਬੈਠੀ ਹੈ,ਇਸ ਸਭ ਬਾਰੇ ਸੋਚ ਕੇ ਕਿੰਝ ਮਹਿਸੂਸ ਹੁੰਦਾ ਹੈ?

:ਜਦੋਂ ਫ਼ਿਲਮ ਬਣਾ ਰਹੇ ਸੀ ਤਾਂ ਇਸ ਬਾਰੇ ਸੋਚਿਆ ਨਹੀਂ ਸੀ।ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ 'ਚ ਚੰਗੇ ਅਨੁਸ਼ਾਸ਼ਨ 'ਚ ਕੰਮ ਹੋਇਆ ਹੈ।ਇਸ ਦੇ ਨਤੀਜੇ ਜੇ ਅਜਿਹੇ ਆ ਰਹੇ ਹਨ ਤਾਂ ਖੁਸ਼ੀ ਹੁੰਦੀ ਹੈ।ਫ਼ਿਲਮ ਨੂੰ ਬਣਾਉਣ ਵੇਲੇ ਸਿਨੇਮਾ ਦੀ ਇਤਿਹਾਸਕ ਸਮਝ ਨੇ ਮੇਰੇ ਲਈ ਕੰਮ ਕੀਤਾ ਹੈ।ਬੇਸ਼ੱਕ ਫ਼ਿਲਮ ਦੇ ਸੈਟ ਜਾਂ ਕਿਰਦਾਰ ਪੰਜਾਬ ਦੇ ਹਨ ਪਰ ਇਹ ਕੌਮਾਂਤਰੀ ਤੌਰ 'ਤੇ ਕੁਝ ਪੇਸ਼ ਕਰ ਰਹੇ ਹਨ ਤੇ ਕਲਾ 'ਤੇ ਫ਼ਿਲਾਸਫੀ ਨੂੰ ਅਸੀ ਜੋੜ ਕੇ ਕਾਵਿਕ ਅੰਦਾਜ਼ ਨਾਲ ਪੇਸ਼ ਕੀਤਾ ਹੈ।ਇਹ ਫ਼ਿਲਮ ਬਣਾਉਣ ਵੇਲੇ ਫ਼ਿਲਮ ਦਾ ਮਕਸਦ ਦੂਜੀਆਂ ਫ਼ਿਲਮਾਂ ਦੀ ਤਰ੍ਹਾਂ ਸਿਰਫ ਮਨੋਰੰਜਨ ਦੀ ਖੋਖਲੀ ਬੁਨਿਆਦ 'ਤੇ ਨਹੀਂ ਟਿਕਿਆ ਸੀ।

ਅਮਰਜੀਤ ਚੰਦਨ ਤੁਹਾਡੇ ਬਹੁਤ ਨੇੜੇ ਹਨ,ਇਸ ਫ਼ਿਲਮ ਨੂੰ ਲੈ ਕੇ ਉਹਨਾਂ ਦੀ ਭੂਮਿਕਾ ਕਿੰਨੀ ਕੁ ਰਹੀ?

:ਉਹਨਾਂ ਲਈ ਮੇਰੇ ਮਨ 'ਚ ਬਹੁਤ ਇੱਜ਼ਤ ਹੈ ਤੇ ਉਹਨਾਂ ਦੇ ਹਰ ਸੁਝਾਅ ਸਾਡੇ ਲਈ ਮਾਇਨੇ ਰੱਖਦੇ ਹਨ ਪਰ ਫ਼ਿਲਮ ਬਣਾਉਣਾ ਤਾਂ ਮੇਰਾ ਸੁੰਤਤਰ ਕੰਮ ਸੀ।

ਅੰਨ੍ਹੇ ਘੋੜੇ ਦਾ ਦਾਨ ਦੀ ਉਪਲਬਧੀਆਂ ਨੂੰ ਲੈਕੇ ਪੰਜਾਬੀ ਸਿਨੇਮਾ ਦਾ ਭਵਿੱਖ ਤੁਹਾਡੀ ਨਜ਼ਰ 'ਚ ਕੀ ਹੈ?

:ਮੈਂ ਅੱਗੇ ਵੀ ਪੰਜਾਬੀ ਫ਼ਿਲਮਾਂ ਹੀ ਬਣਾਵਾਗਾਂ,ਪੰਜਾਬੀ ਫ਼ਿਲਮਾਂ ਦਾ ਭੱਵਿਖ ਬਹੁਤ ਵਧੀਆ ਹੈ।ਬਾਕੀ ਮੇਰਾ ਸਿਨੇਮਾ ਪੰਜਾਬ ਦੀ ਹੱਦ ਤੱਕ ਨਹੀਂ,ਇਹ ਤਾਂ ਪੂਰੇ ਸਿਨੇਮਾ ਦੇ ਇਤਿਹਾਸ ਚੋਂ ਨਿਕਲਿਆ ਹੀ ਵਿਸਥਾਰ ਹੈ।

ਪਰ ਤੁਹਾਡੀ ਫ਼ਿਲਮ ਕਲਾਈਮੈਕਸ 'ਤੇ ਆਕੇ ਕੋਈ ਸਪੱਸ਼ਟ ਅਰਥ ਪੇਸ਼ ਨਹੀਂ ਕਰਦੀ,ਕਿਉਂ ਕਿ ਮੂਲ ਨਾਵਲ ਦੀ ਕਹਾਣੀ 'ਚ ਨਾਵਲਕਾਰ ਉਹਨਾਂ ਲੋਕਾਂ ਨੂੰ ਸਾਰਥਕ ਅਵਾਜ਼ ਦੇ ਰਿਹਾ ਹੈ,ਕਲਾਈਮੈਕਸ ਦੇ ਕਮਜ਼ੋਰ ਹੋਣ ਬਾਰੇ ਕੀ ਕਹੋਗੇ?

:ਨਹੀਂ ਮੇਰਾ ਸਿਨੇਮਾ ਕਦੀ ਵੀ ਅਜਿਹੀ ਉਬਜੈਕਟੀਵਿਟੀ ਪਿਛੇ ਨਹੀਂ ਦੋੜਦਾ।ਮੇਰਾ ਮੰਨਣਾ ਹੈ ਕਿ ਸਭ ਕੁਝ ਸਪੱਸ਼ਟ ਨਹੀਂ ਹੋਣਾ ਚਾਹੀਦਾ,ਕੁਝ ਮਿਸਟਰੀ ਵੀ ਰਹਿਣਾ ਚਾਹੀਦਾ ਹੈ,ਇਹਨਾਂ ਲੁਕੀਆਂ ਚੀਜ਼ਾਂ ਚੋਂ ਹੀ ਅਰਥ ਨਿਕਲਦੇ ਹਨ।ਜਿਵੇਂ ਅਖੀਰ ਦੇ ਦ੍ਰਿਸ਼ ਕਾਵਿਕ ਢੰਗ ਦੇ ਹਨ,ਵੇਖਣ ਵਾਲੇ ਨੂੰ ਵਿਖ ਰਿਹਾ ਹੈ ਕਿ ਮੇਲੂ ਵੀ ਆ ਗਿਆ ਹੈ ਤੇ ਅੰਨੇ ਘੋੜੇ ਦੇ ਦਾਨ ਮੰਗਣ ਵਾਲੇ ਨੂੰ ਕੋਈ ਬੰਦਾ ਗਲੀ 'ਚ ਖੜੋ ਕੇ ਕੀ ਕਹਿ ਰਿਹਾ ਹੈ।ਇਹ ਸਾਰੀਆਂ ਚੀਜ਼ਾਂ ਆਪਸ 'ਚ ਕੁਝ ਬਿਆਨ ਕਰ ਰਹੀਆਂ ਹੁੰਦੀਆਂ ਹਨ।

ਆਮ ਲੋਕਾਂ ਦੀ ਗੱਲ ਕਰਦੀ ਇਹ ਫ਼ਿਲਮ ਆਮ ਲੋਕਾਂ ਦੀ ਪਹੁੰਚ ਤੋਂ ਹੀ ਬਾਹਰ ਹੈ,ਕੀ ਇਹ ਫ਼ਿਲਮ ਪੁਰਸਕਾਰਾਂ ਲਈ ਹੀ ਬਣਾਈ ਗਈ ਸੀ?

:ਮੈਂ ਤਾਂ ਚਾਹੁੰਦਾ ਹਾਂ ਕਿ ਫ਼ਿਲਮ ਨੂੰ ਰੀਲੀਜ਼ ਕੀਤਾ ਜਾਵੇ ਪਰ ਇਹ ਮੇਰੇ ਹੱਥ ਨਹੀਂ ਹੈ।ਮੈਂ ਫ਼ਿਲਮ ਦਾ ਨਿਰਦੇਸ਼ਕ ਹਾਂ ਤੇ ਮੇਰਾ ਕੰਮ ਫ਼ਿਲਮ ਬਣਾਉਣਾ ਸੀ ਤੇ ਇਸ ਫ਼ਿਲਮ ਨੂੰ ਹੁਣ ਰੀਲੀਜ਼ ਕਰਨਾ ਐੱਨ.ਐੱਫ.ਡੀ ਦੇ ਹੱਥ ਹੈ।

ਫ਼ਿਲਮ ਬਣਾਉਣ ਵੇਲੇ ਜਿਸ ਤਰ੍ਹਾਂ ਗਤੀ,ਧੁਨੀ,ਪ੍ਰਕਾਸ਼ ਤੇ ਹਰ ਫ੍ਰੇਮ ਦੇ ਕੈਨਵਸ 'ਤੇ ਧਿਆਨ ਦਿੰਦਿਆ ਬਠਿੰਡੇ ਸ਼ਹਿਰ ਦੇ ਚੱਪੇ ਚੱਪੇ ਨੂੰ ਬਹੁਤ ਕਮਾਲ ਨਾਲ ਵਰਤਿਆ ਗਿਆ ਹੈ,ਅਜਿਹੇ ਕੌਸ਼ਲ ਬਾਰੇ ਕੀ ਕਹੋਗੇ?

:ਇਹ ਪਹਿਲੀ ਵਾਰ ਹੀ ਹੈ ਇਸ ਤੋਂ ਪਹਿਲਾਂ ਕਦੀ ਕਿਸੇ ਨੇ ਅੱਜ ਤੱਕ ਪੰਜਾਬ ਦੇ ਕਿਸੇ ਪਿੰਡ ਜਾਂ ਸ਼ਹਿਰ ਨੂੰ ਇੰਝ ਵਿਖਾਉਣ ਦੀ ਕੌਸ਼ਿਸ਼ ਹੀ ਨਹੀਂ ਕੀਤੀ।ਅੰਬਰਸਰ ਦੀ ਹੀ ਗੱਲ ਕਰੀਏ ਤਾਂ ਦਰਬਾਰ ਸਾਹਿਬ ਦੇ ਚਾਰ ਕਲੋਜ਼ ਅਪ ਨਾਲ ਹੀ ਪੰਜਾਬ ਨੂੰ ਬਿਆਨ ਕਰ ਦਿੰਦੇ ਹਨ।ਇਹੋ ਤਾਂ ਬੁਰੀ ਗੱਲ ਹੈ ਕਿ ਪੰਜਾਬ ਦੀ ਕਹਾਣੀ ਕਹਿਣ ਵੇਲੇ ਦ੍ਰਿਸ਼ ਪੰਜਾਬ ਦੇ ਲੱਗਦੇ ਹੀ ਨਹੀਂ ਹਨ।ਇਹ ਸਭ ਕੁਝ ਮਿਹਲਤ ਨਾਲ ਇੱਕਠਾ ਕਰਨਾ ਪੈਂਦਾ ਹੈ।

ਪੂਨੇ ਫ਼ਿਲਮ ਇੰਸਟੀਚਿਊਟ ਤੋਂ ਨਿਕਲਕੇ ਫ਼ਿਲਮ ਬਣਾਉਣ ਲਈ ਦਸ ਸਾਲ ਦਾ ਵਕਫਾ ਕਿਉਂ?

:ਮੈਂ ਇਸ ਤੋਂ ਪਹਿਲਾਂ ਕੁਝ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਹਨ ਤੇ ਉਸ ਦੌਰਾਨ ਮੈਂ ਪੰਜਾਬ ਦੇ ਸਮਾਜਿਕ,ਸਿਆਸੀ ਤੇ ਧਾਰਮਿਕ ਸੱਭਿਆਚਾਰ ਨੂੰ ਜਾਣਿਆ।ਮੇਰਾ ਮੰਨਣਾ ਹੈ ਕਿ ਇਹ ਕੋਈ ਰਿਕਾਰਡ ਬਣਾਉਣ ਦਾ ਸਾਧਨ ਨਹੀਂ ਹੈ।ਫ਼ਿਲਮ ਵਿਧਾ ਨੂੰ ਸਿੱਖਣ ਲਈ ਸਾਨੂੰ ਲੰਮਾ ਸਮਾਂ ਦੇਣਾ ਚਾਹੀਦਾ ਹੈ।ਜੇ ਮੈਂ ਅੱਜ ਤੋਂ ਪੰਜ ਸਾਲ ਪਹਿਲਾਂ ਇਹ ਫ਼ਿਲਮ ਬਣਾਉਂਦਾ ਤਾਂ ਸ਼ਾਇਦ ਮੈਂ ਇਹ ਇੰਝ ਨਾ ਬਣਾ ਸਕਦਾ।

ਤੁਸੀ ਗੁਰਦਿਆਲ ਸਿੰਘ ਦੇ ਨਾਵਲ 'ਤੇ ਫ਼ਿਲਮ ਬਣਾਈ ਹੈ ਤਾਂ ਉਹਨਾਂ ਦੀ ਸਾਹਿਤ ਸਿਰਜਣਾ ਬਾਰੇ ਕੀ ਵਿਚਾਰ ਰੱਖਦੇ ਹੋ?

:ਉਹਨਾਂ ਦੇ ਨਾਵਲਾਂ ਦੀ ਇਹ ਬਹੁਤ ਪਿਆਰੀ ਖੂਬਸੂਰਤੀ ਹੈ ਕਿ ਉਹ ਮਾਹੌਲ ਨੂੰ ਬਹੁਤ ਸੋਹਣਾ ਪੈਦਾ ਕਰਦੇ ਹਨ।ਉਹਨਾਂ ਨੂੰ ਪੱੜ੍ਹਕੇ ਮੈਨੂੰ ਤਾਲਸਤਾਏ ਦੀ ਯਾਦ ਆਉਂਦੀ ਹੈ।ਗੁਰਦਿਆਲ ਸਿੰਘ ਹੁਣਾਂ ਦੀ ਇਹ ਵਧੀਆ ਸਾਹਿਤਕ ਸਿਰਜਣਾ ਹੈ ਕਿ ਉਹ ਕਿਰਦਾਰਾਂ ਦੇ ਨਾਲ ਨਾਲ ਕੁਦਰਤ ਦਾ ਚਿਤਰਨ ਵੀ ਬਹੁਤ ਵਧੀਆ ਕਰਦੇ ਹਨ।

ਅਜਿਹੀ ਫ਼ਿਲਮ ਦਾ ਨਿਰਮਾਣ ਤਾਂ ਐੱਨ.ਐੱਫ.ਡੀ ਨੇ ਕਰ ਦਿੱਤਾ ਜੋ ਕਿ ਨੋ ਪਰੋਫਿਟ ਨੋ ਲੋਸ 'ਤੇ ਨਿਰਮਾਣ ਕਰ ਗਈ ਪਰ ਜਿਸ ਤਰ੍ਹਾਂ ਦੀਆਂ ਤੁਸੀ ਫ਼ਿਲਮਾਂ ਬਣਾ ਰਹੇ ਹੋ ਉਹਨਾਂ ਦੀ ਵਿਤੀ ਮਜ਼ਬੂਤੀ ਨੂੰ ਲੈਕੇ ਥੌੜ੍ਹਾ ਸ਼ਸ਼ੋਪੰਜ ਹੈ?

:ਨਹੀਂ ਅਜਿਹਾ ਨਹੀਂ ਹੈ,ਚੰਗੀ ਫ਼ਿਲਮ ਚਾਹੇ ਕਲਾਤਮਕ ਹੋਵੇ ਚਲਦੀ ਜ਼ਰੂਰ ਹੈ ਬਾਕੀ ਸਿਨੇਮਾ ਦੀ ਕੋਈ ਹੱਦਬੰਦੀ ਨਹੀਂ ਹੈ,ਇਹ ਪੂਰੇ ਵਿਸ਼ਵ ਨੇ ਵੇਖਣੀ ਹੁੰਦੀ ਹੈ।ਪੰਜਾਬੀ ਫ਼ਿਲਮ ਦਾ ਬਜਟ ਬਹੁਤ ਘੱਟ ਹੁੰਦਾ ਹੈ ਸੋ ਉਸ ਦੀ ਭਰਪਾਈ ਹੋਣੀ ਔਖੀ ਨਹੀਂ ਹੈ।

ਆਉਣ ਵਾਲੇ ਸਮੇਂ 'ਚ ਕਿਹੜੀ ਯੋਜਨਾਵਾਂ ਦੀ ਵਿਉਂਤਬੰਦੀ ਕਰ ਰਹੇ ਹੋ?

:ਮੇਰਾ ਦੋ ਤਿੰਨ ਪ੍ਰੋਜੈਕਟਾਂ 'ਤੇ ਕੰਮ ਚਲ ਰਿਹਾ ਹੈ।ਮੈਂ ਵਰਿਆਮ ਸੰਧੂ ਦੀਆਂ ਦੋ ਰਚਨਾਵਾਂ 'ਮੈਂ ਹੁਣ ਠੀਕ ਠਾਕ ਹਾਂ' ਤੇ 'ਚੌਥੀ ਕੁੱਟ' 'ਤੇ ਫਿਲਮ ਬਣਾਉਣ ਜਾ ਰਿਹਾ ਹਾਂ।ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਅੱਤਵਾਦ ਦੇ ਸਮੇਂ 'ਚ ਜਿਸ ਤਰ੍ਹਾਂ ਮਨੁੱਖਤਾ ਨੇ ਸੰਤਾਪ ਨੂੰ ਭੋਗਿਆ ਹੈ ਉਸ ਦੀ ਗੱਲ ਹੋਣੀ ਚਾਹੀਦੀ ਹੈ।ਉਹਨਾਂ ਸਮਿਆਂ 'ਚ ਅੰਮ੍ਰਿਤਸਰ ਦਰਬਾਰ ਸਾਹਿਬ 'ਤੇ ਹਮਲਾ ਆਪਣੀਆਂ ਹੀ ਫੌਜਾਂ ਵੱਲੋਂ ਕਰਨਾ ਬਹੁਤ ਦੁਖਦਾਈ ਸੀ।ਕੀ ਕਦੀ ਸੁਣਿਆ ਹੈ ਕਿ ਵੈਟੀਕਨ ਸਿਟੀ ਜਾਂ ਮੱਕੇ 'ਤੇ ਉਹਨਾਂ ਦੀਆਂ ਆਪਣੀਆਂ ਹੀ ਫੋਜਾਂ ਨੇ ਹਮਲੇ ਕੀਤੇ ਹੋਣ…

ਮੁਲਾਕਾਤੀ ਹਰਪ੍ਰੀਤ ਸਿੰਘ ਕਾਹਲੋਂ ਨੌਜਵਾਨ ਫਿਲਮ ਅਲੋਚਕ ਹੈ।ਹਰ ਤਰ੍ਹਾਂ ਦੇ ਸਿਨੇਮੇ ਨੂੰ ਸ਼ਬਦਾਂ ਰਾਹੀ ਫੜ੍ਹਨ ਦੀ ਕੋਸ਼ਿਸ਼ ਕਰਦਾ ਹੈ।
MOB-94641-41678

Sunday, March 18, 2012

ਗੁਰੀਲਾ ਕ੍ਰਾਂਤੀ ਦੇ ਜਜ਼ਬਾਤਾਂ ਦੀ ਹਵਾੜ ‘ਅੰਨ੍ਹੇ ਘੋੜੇ ਦਾ ਦਾਨ’

ਜੇ ਹਿੰਦੀ ਸਿਨੇਮਾ ‘ਚ ਸਿਲਕ ਸਮਿਤਾ ਦੀ ਜ਼ਿੰਦਗੀ ਨੂੰ ਲੈਕੇ ‘ਦੀ ਡਰਟੀ ਪਿਕਚਰ’ ਜਾਂ ‘ਕੋਲਾਵਰੀ ਡੀ’ ਗਾਣਾ ਦੱਖਣ ਨੂੰ ਕੇਂਦਰ ‘ਚ ਲਿਆ ਸਕਦਾ ਹੈ ਤਾਂ ਪਿਛਲੇ ਸਾਲ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ ਨੇ ਪੰਜਾਬੀ ਫ਼ਿਲਮ ਇੰਡਸਟਰੀ ਜਾਂ ਪੰਜਾਬੀ ਫ਼ਿਲਮਾਂ ਨੂੰ ਮੁੱਖਧਾਰਾ ਨਾਲ ਜੋੜਨ ਦੀ ਕੌਸ਼ਿਸ਼ ਕੀਤੀ ਹੈ।ਇਹ ਫ਼ਿਲਮ ਗੁਰਵਿੰਦਰ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਨਾਵਲਕਾਰ ਗੁਰਦਿਆਲ ਸਿੰਘ ਦੇ ਨਾਵਲ ‘ਤੇ ਅਧਾਰਿਤ ਹੈ ਜਿਸ ਨੂੰ ਵੀਨਸ ਫ਼ਿਲਮ ਫੈਸਟੀਵਲ ‘ਚ ਪਹੁੰਚਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਵੱਜੋਂ ਜਾਣਿਆ ਜਾਵੇਗਾ।ਇਸ ਫ਼ਿਲਮ ਨੂੰ ਹਾਲ ਹੀ ‘ਚ ਨੈਸ਼ਨਲ ਫ਼ਿਲਮ ਅਵਾਰਡ 2012 ‘ਚ ਸਰਵੋਤਮ ਪੰਜਾਬੀ ਫ਼ਿਲਮ,ਬੈਸਟ ਡਾਇਰੈਕਟਰ ਤੇ ਬੈਸਟ ਸਿਨਮੈਟੋਗ੍ਰਾਫੀ ਦੇ ਪੁਰਸਕਾਰ ਨਾਲ ਐਲਾਨਿਆ ਗਿਆ ਹੈ।ਇਸ ਤੋਂ ਅੱਗੇ ਗੁਰਵਿੰਦਰ ਸਿੰਘ ਦੇ ਨਿਰਦੇਸ਼ਕੀ ਕੌਸ਼ਲ ‘ਚ ਆਉਣ ਵਾਲੀ ਫ਼ਿਲਮ ਬਾਰੇ ਸਿਨੇਮਾ ਦੇ ਦਰਸ਼ਕ ਜ਼ਰੂਰ ਉਡੀਕ ਕਰਨਗੇ।

ਬੇਸ਼ੱਕ ਕਿਹਾ ਜਾਂਦਾ ਹੋਵੇ ਕਿ ਪੰਜਾਬੀ ਫ਼ਿਲਮਾਂ ਦਾ ਸੁਨਹਿਰਾ ਦੌਰ ਮਨਮੋਹਨ ਸਿੰਘ ਦੇ ਸਿਨੇਮਾ ਤੋਂ ਮੁੜ ਵਾਪਸ ਆਇਆ ਹੈ ਤੇ ਇਸ ਤੋਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ।ਪੰਜਾਬੀ ਫ਼ਿਲਮਾਂ ‘ਚ ਉਸ ਸ਼ੈਲੀ ਦੀਆਂ ਫ਼ਿਲਮਾਂ ਦੀ ਵੀ ਆਪਣੀ ਜਗ੍ਹਾ ਜ਼ਰੂਰਤ ਹੈ ਪਰ ਫ਼ਿਲਮ ਦੀ ਕਲਾ ਕਹਾਣੀ ਕਹਿਣ ਦੀ ਕਲਾ ਹੈ ਜਿਸ ‘ਚ ਹਰ ਦ੍ਰਿਸ਼ ਆਪਣੀ ਜ਼ੁਬਾਨ ਲੈਕੇ ਪੈਦਾ ਹੁੰਦਾ ਹੈ ਤੇ ਅਜਿਹੀ ਫ਼ਿਲਮ ਨਾਲ ਸੰਵਾਦ ਛੇੜਣ ਦੀ ਸਾਰਥਕ ਕੌਸ਼ਿਸ਼ ਹੈ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ ਅੰਨ੍ਹੇ ਘੋੜੇ ਦਾ ਦਾਨ ਫਿਲਮ ‘ਚ ਸਰਮਾਏਦਾਰੀ ਦੀ ਦਹਿਸ਼ਤ ਨੂੰ ਪਛੜੇ ਲੋਕਾਂ ਦੀ ਖ਼ਾਮੋਸ਼ੀ ‘ਚ ਹੀ ਸਮਝਿਆ ਜਾ ਸਕਦਾ ਹੈ।ਅਜਿਹਾ ਸੰਵਾਦ ਪਹਿਲਾਂ ਨਦਿੰਤਾ ਦਾਸ ਦੀ ਫ਼ਿਲਮ ਫ਼ਿਰਾਕ ‘ਚ ਵੀ ਮੈਨੂੰ ਮਹਿਸੂਸ ਹੋਇਆ ਸੀ।ਅੰਨੇ ਘੋੜੇ ਦਾ ਦਾਨ ਫ਼ਿਲਮ ‘ਚ ਇਸ ਨਜ਼ਰੀਏ ਨੂੰ ਕਿਸੇ ਸੰਵਾਦ ‘ਚ ਪੇਸ਼ ਨਹੀਂ ਕੀਤਾ ਗਿਆ ਪਰ ਇਹ ਦ੍ਰਿਸ਼ ਦਰ ਦ੍ਰਿਸ਼ ਮੇਲੂ ‘ਚ,ਉਹਦੇ ਪਿਓ ‘ਚ ਤੇ ਉਹਦੇ ਭਾਈਚਾਰੇ ਦੇ ਲੋਕਾਂ ‘ਚ ਮਹਿਸੂਸ ਕੀਤਾ ਗਿਆ ਹੈ।ਇਹ ਗੁਰਵਿੰਦਰ ਦਾ ਦ੍ਰਿਸ਼ਟੀਕੋਣ ਹੀ ਹੈ ਕਿ ਦਬੇ ਕੁੱਚਲੇ ਲੋਕਾਂ ਦੇ ਅੰਦਰਲਾ ਗੁੱਸਾ ਬਦਲਾਅ ਤੇ ਤੜਪ ਨੂੰ ਉਹ ਆਪਣੇ ਫ਼ਿਲਮਾਂਕਣ ‘ਚ ਬਿਨਾਂ ਕੋਈ ਸੰਵਾਦ ਕਹਾਏ ਪੇਸ਼ ਕਰ ਰਿਹਾ ਹੈ।ਪੂਰੀ ਫ਼ਿਲਮ ‘ਚ ਮਹਿਸੂਸ ਹੁੰਦਾ ਹੈ ਕਿ ਮੁਫ਼ਲਿਸੀ ਦੇ ਇਹਨਾਂ ਲੋਕਾਂ ਅੰਦਰ ਉਬਾਲ ਤਾਂ ਹੈ ਪਰ ਸਰਮਾਏਦਾਰੀ ਦੀ ਦਹਾੜ ਹੀ ਇੰਨੀ ਭਾਰੂ ਹੈ ਕਿ ਉਹਨਾਂ ਦੀ ਕ੍ਰਾਂਤੀ ਅੰਦਰੋ ਅੰਦਰ ਖ਼ਾਮੋਸ਼ ਹੈ।ਗੁਰਵਿੰਦਰ ਦਾ ਨਿਰਦੇਸ਼ਕੀ ਕੌਸ਼ਲ ਇਸ ਨੂੰ ਆਪਣੀ ਫ਼ਿਲਮ ਦੇ ਹਰ ਦ੍ਰਿਸ਼ ‘ਚ ਕਾਵਿਕ ਨਜ਼ਰੀਏ ਤੋਂ ਪੇਸ਼ ਕਰਦਾ ਹੈ।ਉਹ ਇਸ ਦੇ ਬਕਾਇਦਾ ਸੰਕੇਤ ਵੀ ਦਿੰਦਾ ਹੈ ਕਿ ਬਦਲਾਅ ਕਿੰਝ ਆ ਰਿਹਾ ਹੈ।ਫ਼ਿਲਮ ਦਾ ਅਖੀਰਲਾ ਦ੍ਰਿਸ਼ ਅਜਿਹਾ ਹੀ ਕਾਵਿਕ ਸੰਕੇਤ ਹੈ।ਇਹ ਇੱਕ ਤੋਂ ਬਾਅਦ ਇੱਕ ਕੱਟ ਟੂ ਕੱਟ ਪੇਸ਼ ਕੀਤਾ ਗਿਆ ਹੈ।ਅੰਨ੍ਹੇ ਘੋੜੇ ਦਾ ਦਾਨ ਮੰਗਦੇ ਬੰਦੇ ਨੂੰ ਗਲੀ ‘ਚ ਕੋਈ ਕਹਿ ਰਿਹਾ ਹੈ ਕਿ ਬੰਦ ਕਰੋ,ਕਦੋਂ ਤੱਕ ਇਹ ਦਾਨ ਮੰਗਦੇ ਰਹੋਗੇ,ਦੂਜੇ ਪਾਸੇ ਮੇਲੂ ਦਾ ਪਿਓ ਤੇ ਉਹਦਾ ਮਿੱਤਰ ਸ਼ਹਿਰ ਵੱਲ ਨੂੰ ਜਾ ਰਹੇ ਹਨ ਤੇ ਤੀਜੇ ਪਾਸੇ ਮੇਲੂ ਪਿੰਡ ਆ ਗਿਆ ਹੈ।ਇਸ ਨੂੰ ਕਿੰਝ ਸਮਝਿਆ ਜਾ ਸਕਦਾ ਹੈ ਕਿ ਹੁਣ ਸਭ ਇੱਕ ਜੁੱਟ ਹੋ ਰਹੇ ਹਨ?ਕੀ ਇਹ ਉਹਨਾਂ ਦੀ ਨਵੀਂ ਸ਼ੁਰੂਆਤ ਹੈ?ਮੇਲੂ ਦੀ ਭੈਣ ਗਲੀ ‘ਚ ਮੇਲੂ ਨੂੰ ਮਿਲਦੀ ਹੈ ਤੇ ਕਹਿੰਦੀ ਹੈ ਕਿ ਬਾਹਰ ਨੂੰ ਸੈਰ ਕਰਨ ਆ ਗਈ ਕਿ ਘਰ ‘ਚ ਜੀਅ ਘਬਰਾ ਰਿਹਾ ਸੀ।ਕੀ ਇਹ ਉਹਨਾਂ ਘਰਾਂ ਦੀ ਅੰਦਰਲੀ ਸਲਾਬ ਹੈ ਜੋ ਉਹਨਾਂ ਦੇ ਜਜ਼ਬਾਤ ਨੂੰ ਬਾਹਰ ਆਉਣ ਦੀ ਕਹਾਲ ਪਾਉਂਦਾ ਹੈ।ਇਹੋ ਤਾਂ ਨਕਸ਼ ਦੀ ਤਰਾਸ਼ ਹੈ ਜੋ ਜਜ਼ਬਾਤ ਦੇ ਪਰਵਾਜ਼ ਨੂੰ ਸਮਝ ਰਹੀ ਹੈ।

ਕਹਿੰਦੇ ਨੇ ਸਦੀਆਂ ਪਹਿਲਾਂ ਦਾ ਕਰਜ਼ ਹੈ,ਜੋ ਮਿਥਿਹਾਸ ਦਾ ਅੰਸ਼ ਸਮਝਿਆ ਜਾਂਦਾ ਰਿਹਾ ਹੈ ਪਰ ਕਦੋਂ ਯਥਾਰਥ ‘ਚ ਦੱਬੇ ਕੁਚਲੇ ਲੋਕਾਂ ਦਾ ਹਿੱਸਾ ਬਣ ਗਿਆ ਇਸ ਤਾਰੀਖ਼ ਦਾ ਪਤਾ ਹੀ ਨਹੀਂ ਚਲਿਆ।ਕਿਸੇ ਬੁੱਧੀਜੀਵੀ ਦੀ ਸੰਵੇਦਨਾ ਜਾਂ ਜਾਗਰੂਕ ਲੋਕਾਂ ਦੇ ਜਜ਼ਬਾਤ ਬੇਸ਼ੱਕ ਇਸ ਧੱਕੇ ਬਾਰੇ ਜਾਣੂ ਹਨ ਪਰ ਕੋਈ ਫਰਕ ਨਹੀਂ ਪੈਂਦਾ ਜਦੋਂ ਤੱਕ ਉਹਨਾਂ ਲੋਕਾਂ ਦੀ ਸੰਵੇਦਨਾ ਨਹੀਂ ਜਾਗਦੀ ਜੋ ਇਸ ਦਾ ਸੰਤਾਪ ਭੁਗਤ ਰਹੇ ਹਨ।ਜਦੋਂ ਤੱਕ ਉਹਨਾਂ ਅੰਦਰ ਇਹ ਇੱਛਾ ਨਹੀਂ ਜਾਗਦੀ ਕਿ ਅਸੀ ਕੌਣ ਹਾਂ ਅਤੇ ਸਾਨੂੰ ਵਰਤਿਆ ਕਿੰਝ ਜਾ ਰਿਹਾ ਹੈ।ਉਦੋਂ ਤੱਕ ਇਹ ਇੰਝ ਹੀ ਚਲਦਾ ਰਹੇਗਾ।ਇਸ ਮਿੱਥ ਨੂੰ ਤੋੜ ਕੇ ਨਾਵਲਕਾਰ ਗੁਰਦਿਆਲ ਸਿੰਘ ਉਹਨਾਂ ਲੋਕਾਂ ਨੂੰ ਇਸ ਗੱਲ ਨਾਲ ਸੰਬੋਧਿਤ ਹੁੰਦਾ ਹੈ ਕਿ ਕਦੋਂ ਤੱਕ ਤੁਸੀ ਇਹ ਅੰਨ੍ਹੇ ਘੋੜੇ ਦਾ ਦਾਨ ਮੰਗਦੇ ਰਹੋਗੇ।ਇੱਕ ਬੇਹਤਰ ਜ਼ਿੰਦਗੀ ਜਿਊਣਾ ਤੁਹਾਡਾ ਹੱਕ ਹੈ।ਇਹਦੀਆਂ ਜੜ੍ਹਾਂ ਬਹੁਤ ਪੁਰਾਣੀਆਂ ਹਨ ਅਤੇ ਜੇ ਇਸ ਨੂੰ ਗੁਰਦਿਆਲ ਸਿੰਘ ਨੇ ਕਲਮਬੱਧ ਕੀਤਾ ਹੈ ਤਾਂ ਇਸ ਦਾ ਸਿਨੇਮਾਈ ਤਰਜ਼ੁਮਾ ਕਰਕੇ ਪੇਸ਼ ਕਰਨ ਲਈ ਗੁਰਵਿੰਦਰ ਨੂੰ ਸਰਾਹੁਣਾ ਤਾਂ ਬਣਦਾ ਹੈ।

ਫ਼ਿਲਮ ਦਾ ਇੱਕ ਆਪਣਾ ਵਿਆਕਰਨ ਹੁੰਦਾ ਹੈ।ਫ਼ਿਲਮ ਨੇ ਕਹਾਣੀ ਨੂੰ ਕਹਿਣਾ ਹੁੰਦਾ ਹੈ ‘ਤੇ ਦ੍ਰਿਸ਼ਾਤਮਕ ਲਿਪੀਬੱਧ ਹੋਈ ਗੱਲ ਨੂੰ ਵਿਜ਼ੂਅਲੀ ਪੇਸ਼ ਕਰਨਾ ਹੁੰਦਾ ਹੈ।‘ਅੰਨ੍ਹੇ ਘੋੜੇ ਦਾ ਦਾਨ’ ਦੀ ਕਹਾਣੀ ‘ਚ ਫ਼ਿਲਮ ਆਪਣੀ ਗਤੀ,ਪ੍ਰਕਾਸ਼,ਧੁਨੀ,ਦ੍ਰਿਸ਼ਾਵਲੀ ਦੀ ਸੁਮੇਲਤਾ ਨਾਲ ਗ਼ਜ਼ਬ ਦਾ ਪ੍ਰਭਾਵ ਛੱਡਦੀ ਹੈ।ਇਸ ਫ਼ਿਲਮ ਨੂੰ ਵੇਖਕੇ ਇਹ ਭਲੀਭਾਂਤ ਸਮਝਿਆ ਜਾ ਸਕਦਾ ਹੈ ਕਿ ਆਖਰ ਇਸ ਫਿਲਮ ਨੂੰ ਵੀਨਸ ਫਿਲਮ ਫੈਸਟੀਵਲ ਤੋਂ ਲੈਕੇ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ,ਆਬੂ ਦਾਬੀ ਤੇ ਲਾਹੌਰ ‘ਚ ਕਿਉਂ ਸਰਾਹਿਆ ਗਿਆ।

ਇਸ ਫ਼ਿਲਮ ‘ਚ ਬਹੁਤ ਸੂਖ਼ਮ ਕਿਸਮ ਦੇ ਇਸ਼ਾਰੇ ਹਨ ਜੋ ਮੌਜੂਦਾ ਪ੍ਰਬੰਧ ਦੀ ਹਵਾੜ ਨੂੰ ਮਹਿਸੂਸ ਕਰਾਉਂਦੇ ਹਨ।ਜਿਵੇਂ ਕਿ ਫਾਟਕ ਲੱਗਿਆ ਹੋਇਆ ਹੈ ਤੇ ਬੱਸ ਖੱੜ੍ਹੋਤੀ ਹੋਈ ਹੈ।ਰੇਲਗੱਡੀ ਸੀਟੀ ਮਾਰਦੀ ਲੰਘ ਜਾਂਦੀ ਹੈ।ਇਸ ਦ੍ਰਿਸ਼ ਦੀ ਵੀ ਇੱਕ ਆਪਣੀ ਜ਼ੁਬਾਨ ਹੈ।ਕਿੰਝ ਮਸ਼ੀਨੀਕਰਨ ‘ਚ ਵੱਡੀ ਮਸ਼ੀਨਰੀ ਰੂਪੀ ਪ੍ਰਬੰਧ ਫਾਟਕ ਲਗਾਉਂਦੀ ਹੈ ਤੇ ਛੋਟੇ ਤਬਕਿਆਂ(ਬੱਸ ਇੱਕ ਪ੍ਰਤੀਕ ਹੈ) ਨੂੰ ਫਾਟਕ ਲਾ ਕੇ ਰੋਕਿਆ ਜਾਂਦਾ ਹੈ ਕਿ ਆਪਣੀ ਵਾਰੀ ਦੀ ਉਡੀਕ ਕਰੋ।ਇਸੇ ਤਰ੍ਹਾਂ ਰਿਕਸ਼ੇ ਚਲਾਉਂਦਾ ਜਾ ਰਿਹਾ ਮੇਲੂ ‘ਤੇ ਰਾਤ ਦੇ ਮੀਂਹ ਪੈਣ ਤੋਂ ਪਹਿਲਾਂ ਦੇ ਮਾਹੌਲ ‘ਚ ਥਰਮਲ ਪਲਾਂਟ ਦਾ ਦ੍ਰਿਸ਼ ਇੱਕ ਦੈਂਤ ਦੀ ਤਰ੍ਹਾਂ ਪੇਸ਼ ਹੁੰਦਾ ਹੈ।ਥਰਮਲ ਪਲਾਂਟ ਨੂੰ ਵਿਖਾਉਣ ਵੇਲੇ ਉਦਯੋਗੀਕਰਨ ‘ਚ ਸਮਾਜ ਦੀ ਬਰਾਬਰ ਤਰੱਕੀ ਨੂੰ ਕਿੰਝ ਵਿਉਂਤਬੰਦੀ ਤੋਂ ਦੂਰ ਰੱਖਿਆ ਗਿਆ ਤੇ ਉਸ ਦਾ ਸਿੱਧਾ ਫਾਇਦਾ ਸਰਮਾਏਦਾਰੀ ਨੂੰ ਹੁੰਦਾ ਰਿਹਾ ‘ਚ ਕਲਿਆਣਕਾਰੀ ਨਜ਼ਰੀਏ ਦੀ ਅਣਹੋਂਦ ਵੀ ਫ਼ਿਲਮ ਦੇ ਹਰ ਦ੍ਰਿਸ਼ ‘ਚ ਬਿਆਨ ਹੁੰਦੀ ਹੈ।ਬਠਿੰਡਾ ‘ਚ ਥਰਮਲ ਪਲਾਂਟ ਦੇ ਦ੍ਰਿਸ਼ ਅਤੇ ਰਿਕਸ਼ੇ ‘ਤੇ ਜਾਂਦੇ ਮੇਲੂ(ਸੈਮੁਅਲ ਜੌਨ੍ਹ) ਦੀ ਖਾਮੋਸ਼ੀ ਆਧੁਨਿਕਤਾ ਦੀ ਖੁਲ੍ਹੀ ਮੰਡੀ ‘ਚ,ਇਹਨਾਂ ਅਵਾਜ਼ਾਰ ਹਯਾਤੀਆਂ ਦੀ ਬੇਬੱਸੀ ਕਿਸ ਰੂਪ ‘ਚ ਵਿਚਰ ਰਹੀ ਹੈ ਇਹ ਸੰਵਾਦ ਪੂਰੀ ਫਿਲਮ ‘ਚ ਪਸਰਿਆ ਨਜ਼ਰ ਆਉਂਦਾ ਹੈ।

ਫਿਲਮ ਦੇ ਹਰ ਫ੍ਰੇਮ ਨੂੰ ਬਹੁਤ ਹੀ ਖੂਬਸੂਰਤੀ ਨਾਲ ਬੁਣਿਆ ਗਿਆ ਹੈ।ਜਿਵੇਂ ਕਿ ਕਿਸੇ ਸ਼ਹਿਰ ‘ਚ ਮੇਲੂ ਦੇ ਗੁਆਂਢੀ ਦੇ ਘਰ ਦਾ ਚਿਤਰਨ ਕਰਨ ਵੇਲੇ ਕਮਾਲ ਦਾ ਨਿਰਦੇਸ਼ਕੀ ਕੌਸ਼ਲ ਵੇਖਣ ਨੂੰ ਮਿਲਦਾ ਹੈ।ਬੈਠਕ ਦਾ ਇੱਕ ਦ੍ਰਿਸ਼ ਪੇਸ਼ ਕੀਤਾ ਗਿਆ ਹੈ।ਕੈਮਰਾ ਆਪਣੀ ਅੱਖ ਨਾਲ ਬੈਠਕ ਅੰਦਰ ਬੈਠੇ ਕਿਰਦਾਰ ਨੂੰ ਦੂਰੋਂ ਵਿਖਾਉਂਦਾ ਹੈ।ਉਹ ਕਿਰਦਾਰ ਉੱਪਰ ਨੂੰ ਵੇਖ ਰਿਹਾ ਹੈ।ਕੈਮਰਾ ਜਿਉਂ ਜਿਉਂ ਅੰਦਰ ਜਾਂਦਾ ਹੈ ਤਾਂ ਪਤਾ ਚਲਦਾ ਹੈ ਕਿ ਉਹ ਅੰਦਰ ਕੀ ਵੇਖ ਰਿਹਾ ਹੈ।ਬੈਠਕ ‘ਚ ਉਹ ਕੰਧ ‘ਤੇ ਲਗੀ ਫਿਲਮੀ ਅਦਾਕਾਰ ਦੀ ਤਸਵੀਰ ਵੇਖ ਰਿਹਾ ਹੈ।ਆਖਰ ਗ਼ਰੀਬ ਘਰਾਂ ਦੇ ਪ੍ਰਹਾਉਣਿਆ ਦਾ ਮਨੋਰੰਜਨ ਦਾ ਸਾਧਣ ਤਾਂ ਅਜਿਹਾ ਹੀ ਹੁੰਦਾ ਹੈ।ਕੰਧ ‘ਤੇ ਟੰਗਿਆ ਸਾਈਕਲ ਤਾਂ ਮਨ ‘ਚ ਟੀਸ ਨੂੰ ਉਭਾਰਕੇ ਪੇਸ਼ ਕਰ ਜਾਂਦਾ ਹੈ।ਹਮਾਤੜਾ ਦੇ ਘਰ ਸਾਈਕਲ(ਮਹਿੰਗੀ ਚੀਜ਼) ਬੱਚੇ ਦੇ ਚਾਅ ਪੂਰੀ ਕਰਦੀ ਜੇ ਲਿਆ ਵੀ ਦਿੱਤੀ ਜਾਵੇ ਤਾਂ ਉਸ ਨੂੰ ਇੰਝ ਸਾਂਭ ਕੇ ਰੱਖਿਆ ਜਾਂਦਾ ਹੈ ਕਿ ਮੰਨੋ ਦੇਸ਼ ਦਾ ਕੋਈ ਪਰਮਾਣੂ ਹਥਿਆਰ ਹੈ।ਅਜਿਹੀ ਹੱਦ ਤੋਂ ਵੱਧ ਸਾਂਭ ਵੀ ਇਸ ਲਈ ਕਿ ਉਂਝ ਤਾਂ ਅਜਿਹੀ ਚੀਜ਼ਾਂ ਲਿਆਦੀਆਂ ਨਹੀਂ ਜਾਂਦੀਆਂ ਪਰ ਜੇ ਆ ਜਾਵੇ ‘ਤੇ ਟੁੱਟ ਭੱਜ ਤੋਂ ਬਾਅਦ ਮੁਰੰਮਤ ਦੇ ਡਰ ਤੋਂ ਫਿਰ ਵੀ ਕਈ ਤਰ੍ਹਾਂ ਦੀਆਂ ਸੁਰੱਖਿਆ ਕਾਇਮ ਕੀਤੀ ਜਾਂਦੀ ਹੈ।

ਸ਼ਹਿਰ ‘ਚ ਰਿਕਸ਼ਿਆ ਦੀ ਹੜਤਾਲ ਤੇ ਮਸ਼ੀਨੀਕਰਨ ਦਾ ਇਹਨਾਂ ਮਜ਼ਦੂਰਾਂ ‘ਤੇ ਅਸਰ ਕੈਮਰੇ ਦੀ ਮੂਵਮੈਂਟ ਨਾਲ ਬਹੁਤ ਸੋਹਣਾ ਬਿਆਨ ਕੀਤਾ ਗਿਆ ਹੈ।ਨਾਵਲ ਦੀ ਕਹਾਣੀ ‘ਚ ਇਹ ਘਟਨਾਕ੍ਰਮ ਪੂਰਾ ਵਿਸਥਾਰ ਸਹਿਤ ਹੈ ਪਰ ਫ਼ਿਲਮ ‘ਚ ਗੁਰਵਿੰਦਰ ਸਿਰਫ ਇਸ਼ਾਰੇ ਦਿੰਦਾ ਹੈ।ਗੁਰਵਿੰਦਰ ਦੀ ਇਹ ਖੂਬੀ ਰਹੀ ਹੈ ਕਿ ਉਹ ਕਿਸੇ ਖਲਾਅ ਨੂੰ ਬਿਆਨ ਕਰਨ ਲਈ ਭਾਸ਼ਣ ‘ਚ ਨਹੀਂ ਪੈਂਦਾ।ਉਸਦੀ ਫਿਲਮ ਦਾ ਦ੍ਰਿਸ਼ ਹੀ ਪੂਰੇ ਦਾ ਪੂਰਾ ਬੋਲਦਾ ਹੈ।ਕਿਰਦਾਰਾਂ ਦੇ ਚਿਹਰਿਆਂ ‘ਤੇ ਹੀ ਭੈਅ ਦੇ ਨਿਸ਼ਾਨ,ਮੁਫਲਿਸੀ ਦਾ ਸੰਤਾਪ ਉੱਭਰਕੇ ਸਾਹਮਣੇ ਆਉਂਦਾ ਹੈ।ਹੋਰ ਕਿੰਨਾ ਕਿੰਨਾ ਪਹਿਲੂਆਂ ਦੀ ਗੱਲ ਕੀਤੀ ਜਾਵੇ ਫ਼ਿਲਮ ‘ਚ ਹਜ਼ਾਰਾਂ ਕਹਾਣੀਆਂ ਵਿਖਦੀਆਂ ਹਨ।ਬੰਦੇ ਨੂੰ ਬੰਦਾ ਸਮਝਨ ਦੀ ਸਾਂਝ,ਦਰਦ ਨੂੰ ਦਰਦ ਦੀ ਸਾਂਝ,ਅਵਾਜ਼ਾਰੀ ਨੂੰ ਅਵਾਜ਼ਾਰੀ ਦੀ ਸਾਂਝ,ਹੌਂਸਲੇ ਨੂੰ ਹੌਂਸਲੇ ਦੀ ਸਾਂਝ ਵੇਖਣੀ ਹੋਵੇ ਤਾਂ ਬਿਹਾਰ ਦੇ ਮਜ਼ਦੂਰ ਤੇ ਮੇਲੂ ਦੇ ਦ੍ਰਿਸ਼ ਵੇਖਦੇ ਹੀ ਰਹਿ ਜਾਈਦਾ ਹੈ।

ਉਂਝ ਤਾਂ ਪਿੰਡ ਸ਼ਾਂਤ ਹੁੰਦੇ ਹਨ ਪਰ ਗੁਰਵਿੰਦਰ ਨੇ ਫ਼ਿਲਮ ‘ਚ ਧੁਨੀ ਨੂੰ ਬਹੁਤ ਉੱਚਾ ਸੁਣਾਇਆ ਹੈ ਚਾਹੇ ਉਹ ਘੁੜੱਕੇ ਦੀ ਅਵਾਜ਼ ਹੋਵੇ ਜਾਂ ਕਦਮਾਂ ਦੀ ਥਾਪ ਹੋਵੇਂ ਜਾਂ ਪਾਵਾਂ ਘੜਨ ਦੀ ਅਵਾਜ਼ ਹੋਵੇ।ਹਾਂ ਮਹਿਸੂਸ ਕਰਨਾ ਹੋਵੇ ਤਾਂ ਜ਼ਰੂਰ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਕੁਦਰਤ ਦਾ ਹਰ ਜ਼ੱਰਾ ਬਗ਼ਾਵਤੀ ਲੱਗਦਾ ਹੈ।ਅਜਿਹਾ ਵੀ ਇੱਕ ਨਜ਼ਰੀਆ ਹੈ ਪਰ ਜਿੱਥੇ ਪੂਰੀ ਫ਼ਿਲਮ ਸੂਖ਼ਮ ਇਸ਼ਾਰੇ ਦਿੰਦੀ ਹੋਈ ਗੱਲ ਕਰ ਰਹੀ ਹੈ ਉੱਥੇ ਅਜਿਹੀ ਐਮਬੀਅਸ ਕਿਤੇ ਕਿਤੇ ਖਲਲ ਪਾਉਂਦੀ ਹੈ।

ਇੱਕ ਹੋਰ ਦ੍ਰਿਸ਼ ‘ਚ ਗੁਰਵਿੰਦਰ ਭਾਰਤੀ ਸਮਾਜ ਦੇ ਜਾਤੀ ਵਰਗੀਕਰਨ ਨੂੰ ਬਿਨਾਂ ਕਿਸੇ ਸੰਵਾਦ ਦੇ ਹੀ ਆਪਣੀ ਫਿਲਮ ‘ਚ ਪੇਸ਼ ਕਰ ਜਾਂਦਾ ਹੈ,ਜਿਸ ‘ਚ ਉਹ ਪੈਦਲ ਚਲ ਰਹੇ ਪਿੰਡ ਦੇ ਬੰਦਿਆ ਦੇ ਪੈਰਾਂ ‘ਤੇ ਕੈਮਰੇ ਨੂੰ ਕੇਂਦਰਿਤ ਕਰਦਾ ਹੈ,ਜਿਸ ‘ਚ ਪਹਿਲਾਂ ਪੈਰੀ ਚੰਗੀਆਂ ਜੁਤੀਆਂ ਪਾਈ ਹੋਏ ਲੋਕ ਹਨ,ਫਿਰ ਰਲਵੇ ਮਿਲਵੇਂ ਤੇ ਅਖੀਰ ‘ਚ ਨੰਗੇ ਪੈਰੀ ਜਾਂ ਚੱਪਲਾਂ ‘ਚ ਤੁਰ ਰਹੇ ਲੋਕਹਨ।ਭਾਰਤੀ ਸਮਾਜ ‘ਚ ਅਗੁਵਾਈ ਦਾ ਅਜਿਹਾ ਸਿਆਸੀ ਤੇ ਸਮਾਜਿਕ ਚਿਤਰਣ ਪਹਿਲਾਂ ਕਦੇ ਕਿਸੇ ਪੰਜਾਬੀ ਫਿਲਮਾਂ ‘ਚ ਨਹੀਂ ਵੇਖਿਆ ਗਿਆ।ਇੱਕ ਚਿੱਤਰਕਾਰ ਹੋਣ ਕਰਕੇ ਵੀ ਗੁਰਵਿੰਦਰ ਆਪਣੇ ਨਿਰਦੇਸ਼ਕ ‘ਚ ਅਜਿਹਾ ਕਰ ਸਕਿਆ ਹੈ।

ਮਨੁੱਖਤਾ ਕਿੰਝ ਲਹੂ ਲੁਹਾਣ ਹੋ ਰਹੀ ਹੈ ਤੇ ਇਹ ਲਹੂ ਕਿੰਝ ਸਮਾਜ ‘ਚ ਪਸਰਿਆ ਹੋਇਆ ਹੈ,ਇਸ ਨੂੰ ਪੂਰੀ ਫ਼ਿਲਮ ‘ਚ ਕਿਸੇ ਕਿਰਦਾਰ ਦੀ ਹਿੰਸਾਤਮਕ ਪ੍ਰਤੀਕਿਰਿਆ ਤੋਂ ਪੇਸ਼ ਨਹੀਂ ਕੀਤਾ।ਇਹ ਅਜਿਹਾ ਹੀ ਖੂਨ ਖਰਾਬਾ ਹੈ ਜੋ ਸਿਰਫ ਇਸ਼ਾਰਿਆਂ ਨਾਲ ਮਹਿਸੂਸ ਹੁੰਦਾ ਹੈ ਤੇ ਸਿੱਧੀ ਪ੍ਰਤੀਕਿਰਿਆ ਨਾਲੋਂ ਅੀਜਹੇ ਇਸ਼ਾਰੇ ਜ਼ਿਆਦੇ ਚੋਬ ਮਾਰਦੇ ਹਨ।

ਪਰ ਇਸ ਦਾ ਮਿਸਟੀਰਅਸ ਅੰਤ ਕਹਾਣੀ ਦੇ ਅਰਥਾਂ ਨੂੰ ਯਕਦਮ ਉਭਾਰਦਾ ਨਹੀਂ ਹੈ।ਜਿਹੜਾ ਨਜ਼ਰੀਆ ਗੁਰਦਿਆਲ ਸਿੰਘ ਆਪਣੇ ਨਾਵਲ ‘ਚ ਸਾਫ ਕਰਕੇ ਪੂਰੇ ਨਾਵਲ ‘ਚ ਸੰਬੋਧਿਤ ਹੁੰਦਾ ਹੈ ਅਜਿਹੇ ਅਰਥ ਫ਼ਿਲਮ ਦੇ ਅੰਤ ‘ਚ ਕਾਵਿਕ ਢੰਗ ਨਾਲ ਪੇਸ਼ ਹੋਏ ਹਨ।ਪੂਰੀ ਫਿਲਮ ਨੂੰ ਵੇਖਦੇ ਹੋਏ ਇਹ ਹੁਣ ਗੁਰਵਿੰਦਰ ਦੀ ਸੋਚ ਦਾ ਹੀ ਵਿਸ਼ਾ ਹੈ ਕਿ ਇਸ ਫਿਲਮ ਦਾ ਵਿਜ਼ੂਅਲੀ ਪ੍ਰਭਾਵ ਵਧੀਆ ਹੋਣ ਦੇ ਬਾਵਜੂਦ ਉਹ ਨਾਵਲ ਦੇ ਕੇਂਦਰ ਬਿੰਦੂ ਦਾ ਸਿਨੇਮਾਈ ਰੁਪਾਂਤਰਨ ਨੂੰ ਅਜਿਹਾ ਪੇਸ਼ ਕਰਦਾ ਹੈ।ਨਾਵਲ ‘ਚ ਜਿਸ ਨਜ਼ਰੀਏ ਨੂੰ ਸ਼ੁਰੂ ‘ਚ ਬਿਆਨਿਆ ਗਿਆ ਹੈ,ਉਸ ਬਾਰੇ ਗੁਰਵਿੰਦਰ ਬਿਲਕੁਲ ਕਾਵਿਕ ਹੈ।ਕਹਾਣੀ ਨੂੰ ਕਹਿਣਾ ਹੀ ਸਿਨੇਮਾ ਦਾ ਪਹਿਲਾ ਅਧਾਰ ਹੋ ਸਕਦਾ ਹੈ ਪਰ ਕਹਾਣੀ ‘ਚ ਕੀ ਹੈ ਇਸ ਨੂੰ ਉਭਾਰਨਾਂ ਵੀ ਨਿਰਦੇਸ਼ਕ ਦਾ ਇੱਕ ਹਿੱਸਾ ਹੋ ਸਕਦਾ ਹੈ।ਅਜਿਹੀਆਂ ਉਨੀ ਇੱਕੀ ਗੱਲਾਂ ‘ਚ ਇਹ ਜ਼ਰੂਰ ਹੈ ਕਿ ਫ਼ਿਲਮ ਦੀ ਆਤਮਾ ‘ਤੇ ਸ਼ੱਕ ਨਹੀਂ ਕੀਤਾ ਸਕਦਾ।ਅਖੀਰ ‘ਚ ਗੁਰਵਿੰਦਰ ਨੂੰ ਇਸ ਲਈ ਵਧਾਈ ਅਤੇ ਇਹ ਫ਼ਿਲਮ ਵੇਖਦੇ ਹੋਏ ਮੈਨੂੰ ਆਪਣੀ ਲਿਖੀ ਇੱਕ ਕਵਿਤਾ ਜ਼ਰੂਰ ਯਾਦ ਆਈ।
_____________________ਰੌਸ਼ਨ ਵਜੂਦ
ਆਖ਼ਰ ਮੈਨੂੰ ਸਮਝ ਆਈ,
ਕਿ ਵਜੂਦ ਕੀ ਹੈ।
ਸਦੀਆਂ ਤੋਂ ਦੱਬਿਆ ਹਿੱਕ ‘ਚ
ਬਾਰੂਦ ਕੀ ਹੈ।

ਇਸ ਰੂਹ ਦਾ ਹਰ ਤਿਣਕਾ,
ਗ਼ੁਲਾਮ ਸੀ ਜੋ…
ਅਜ਼ਾਦ ਕਰ ਬੈਠਾ ਹਾਂ,
ਹਰ ਖ਼ਿਆਲ ਹੁਣ।
ਪਹੁੰਚੀ ਹੈ ਪਰਵਾਜ਼,
ਵਿਹੜੇ ਦੀ ਡਿਊੜੀ,
ਪਰਛਾਂਵੇ ਨਹੀਂ ਖੱੜ੍ਹਦੇ,
ਬਣਕੇ ਸਵਾਲ ਹੁਣ।

ਸਰਪ੍ਰਸਤੀ ਦਾ ਮੁੱਦਾ,
ਜੋ ਜ਼ੁਬਾਨ ‘ਤੇ ਸੀ।
ਤ੍ਰਿਸਕਾਰ ਦੇ ਜੋ ਤੀਰ,
ਕਮਾਨ ‘ਤੇ ਸੀ।
ਸਭ ਮਿਟਾ ਦਿੱਤੇ ਮੈਂ ਜਦੋਂ,
ਲਹੂ ਸਿੰਝ ਕੇ,
ਖੁਸ਼ੀ ਹੋਈ ਜਦੋਂ ਲਗਿਆ ਪਤਾ,
ਮੈਂ ਵੀ ਜਹਾਨ ‘ਤੇ ਸੀ।

ਆਖਰ ਜਾਤਾਂ ‘ਚ ਵੰਡਿਆ
ਇਹ ਸ਼ਹਿਰ ਕਿਉਂ ਹੈ?
ਹੱਡ ਮਾਸ ਦਾ ਹੂ ਬੂ ਹੂ,
ਫਿਰ ਕਹਿਰ ਕਿਉਂ ਹੈ?
ਮੰਜ਼ਿਲਾ ਦੇ ਰਾਹ ਜੇ,
ਧੁਰ ਮਿਲਦੇ ਨੇ ਕਿਤੇ,
ਫਿਰ ਤੇਰੇ ਤੇਵਰਾਂ ‘ਚ,
ਜ਼ਹਿਰ ਕਿਉਂ ਹੈ?

ਪਾਉਂਦੇ ਹੋ ਜੋ ਵੰਡੀਆਂ,
ਤਾਂ ਸੂਝ ਕੀ ਹੈ?
ਇੱਕ ਹੋ ਜਾਤ ਮਾਨਸ ਕੀ,
ਤਾਂ ਦੂਜ ਕੀ ਹੈ?

ਹਰਪ੍ਰੀਤ ਸਿੰਘ ਕਾਹਲੋਂ ਨੌਜਵਾਨ ਫਿਲਮ ਅਲੋਚਕ ਹੈ।ਹਰ ਤਰ੍ਹਾਂ ਦੇ ਸਿਨੇਮੇ ਨੂੰ ਸ਼ਬਦਾਂ ਰਾਹੀ ਫੜ੍ਹਨ ਦੀ ਕੋਸ਼ਿਸ਼ ਕਰਦਾ ਹੈ।

ਬੇਬਾਕ ਤੇ ਫ਼ੱਕਰ ਲੇਖਕ ਸੀ 'ਗੁਰਮੇਲ ਸਰਾ'

ਗੁਰਬਾਣੀ ਦਾ ਫੁਰਮਾਨ ਹੈ, ''ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ''। ਬਹੁਤ ਸਾਰੇ ਸੱਚ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਚਾਹੁੰਦਾ ਹੋਇਆ ਵੀ ਦਿਲ ਮੰਨਣ ਤੋਂ ਇਨਕਾਰੀ ਹੁੰਦਾ ਹੈ। ਪਰ ਅਖੀਰ ਸੱਚ ਤਾਂ ਸੱਚ ਹੈ। ਅਜਿਹਾ ਹੀ ਸਮੇਂ ਦਾ ਸੱਚ ਹੈ ਕਿ ਅੱਜ 'ਗੁਰਮੇਲ ਸਰਾ' ਨੂੰ ''ਸੀ'' ਲਿਖਦਿਆਂ ਸੀਨੇ ਚੋਂ ਚੀਸ ਨਿਕਲ ਰਹੀ ਹੈ, ਪਰ ਕੀ ਕਰਾਂ ਇਹ ਤਾਂ ਵੀ ਤਾਂ ਸਮੇਂ ਦਾ ਸੱਚ ਹੈ ।

ਕਿਥੋਂ ਸ਼ੁਰੂ ਕਰਾਂ ਇਸ ਫ਼ੱਕਰ ਦੀ ਕਹਾਣੀ ਨੂੰ? ਮੇਰੇ ਜ਼ਿਹਨ 'ਚ ਉਨ੍ਹਾਂ ਦੀ ਜ਼ਿੰਦਗੀ ਦੇ ਏਨੇ ਕੁ ਕਿੱਸੇ ਭਰੇ ਪਏ ਹਨ ਕਿ ਇਕ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਪਰ ਅੱਜ ਜਦੋਂ ਉਨ੍ਹਾਂ ਦੀ ਅੰਤਿਮ ਅਰਦਾਸ ਹੈ, ਮੈਂ ਉਹ ਕੁਝ ਪਲ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ, ਜੋ ਮੈਂ ਉਨ੍ਹਾਂ ਨਾਲ ਗੁਜ਼ਾਰੇ ਜਾਂ ਇਹ ਕਹਾਂ ਕਿ ਜੋ ਮੇਰੇ ਭਾਗਾਂ ਵਿਚ ਆਏ।

ਗੁਰਮੇਲ ਸਰਾ ਦੇ ਆਪਣੇ ਬਾਰੇ ਸ਼ਬਦ ਸਨ ਕਿ ਉਹ ਇਕ ਅਮੀਰ ਘਰੇ ਜੰਮਿਆ ਗ਼ਰੀਬ ਇਨਸਾਨ ਹੈ। ਜੇਕਰ ਉਸ ਨੂੰ ਅੜਬ ਫ਼ੱਕਰ ਕਹਿ ਲਈਏ ਤਾਂ ਅੱਤਕਥਨੀ ਨਹੀਂ ਹੋਵੇਗੀ। ਉਹ ਬਾਬੂ ਸਿੰਘ, ਜਿਸ ਨੂੰ ਲੋਕ ਬਾਬੂ ਸਾਬ ਕਰ ਕੇ ਜਾਣਦੇ ਸਨ, ਦੇ ਤਿੰਨ ਵਿਆਹਾਂ ਚੋਂ ਹੋਏ ਦਸ ਧੀਆਂ ਪੁੱਤਰਾਂ ਵਿਚੋਂ ਇੱਕ ਸੀ। ਜਿੱਥੇ ਉਸ ਦੇ ਜ਼ਿਆਦਾਤਰ ਭੈਣ ਭਰਾ ਉੱਚ ਵਿੱਦਿਆ ਹਾਸਲ ਨਹੀਂ ਕਰ ਸਕੇ, ਉੱਥੇ ਇਸ ਇਨਸਾਨ ਨੇ ਇਕ ਪੇਂਡੂ ਏਰੀਏ ਚੋਂ ਉੱਠ ਕੇ ਨਾ ਸਿਰਫ਼ ਨਾਂ ਕਮਾਇਆ ਬਲਕਿ ਉੱਚ ਸਰਕਾਰੀ ਅਹੁਦਿਆਂ ਤੇ ਰਹਿ ਕੇ ਆਪਣੇ ਕੰਮ ਨਾਲ ਦੁਨੀਆਂ ਨੂੰ ਨਵੀਆਂ ਰਾਹਾਂ ਦਿਖਾਈਆਂ। ਉਹ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਵਿਚੋਂ ਡਿਪਟੀ ਡਾਇਰੈਕਟਰ ਵੱਜੋਂ ਰਿਟਾਇਰ ਹੋਏ।

ਆਪਣੀ ਨੌਕਰੀ ਦੌਰਾਨ ਉਹ ਵੱਖ ਵੱਖ ਅਖ਼ਬਾਰਾਂ ਨਾਲ ਜੁੜੇ ਰਹੇ। ਜਿਨ੍ਹਾਂ ਵਿਚੋਂ ਪੰਜਾਬੀ ਟ੍ਰਿਬਿਊਨ, ਨਵਾਂ ਜ਼ਮਾਨਾ, ਆਦਿ ਪ੍ਰਮੁੱਖ ਹਨ। ਉਨ੍ਹਾਂ ਦੀ ਕਈ ਭਾਸ਼ਾਵਾਂ ਉੱਤੇ ਚੰਗੀ ਪਕੜ ਸੀ ਇਸੇ ਲਈ ਉਹ ਭਾਰਤ ਸਰਕਾਰ ਦੇ ਆਫ਼ੀਸ਼ੀਅਲ ਟਰਾਂਸਲੇਟਰ ਵੱਜੋ ਵੀ ਕੰਮ ਕਰਦੇ ਸਨ। ਕਲਕੱਤੇ ਤੋਂ ਛਪਣ ਵਾਲੇ ਭਾਰਤ ਦੇ ਸਭ ਤੋਂ ਪੁਰਾਣੇ ਤੇ ਵਕਾਰੀ ਅੰਗਰੇਜ਼ੀ ਅਖ਼ਬਾਰ 'ਦੀ ਸਟੇਟਸਮੈਨ' ਵਿਚ ਛਪਣ ਵਾਲੇ ਉਹ ਇੱਕੋ-ਇੱਕ ਪੰਜਾਬੀ ਲਿਖਾਰੀ ਸਨ। ਉਹ ਦੂਰਦਰਸ਼ਨ ਜਲੰਧਰ ਦੇ ਨਿਊਜ਼ ਐਡੀਟਰ ਵੀ ਰਹੇ। ਜਿਸ ਦੌਰਾਨ ਦੂਰਦਰਸ਼ਨ ਦੀਆਂ ਖ਼ਬਰਾਂ ਪ੍ਰਤੀ ਆਮ ਲੋਕਾਂ ਦੀ ਦਿਲਚਸਪੀ ਕਾਫੀ ਵੱਧ ਗਈ ਸੀ, ਕਿਉਂਕਿ ਗੁਰਮੇਲ ਸਰਾ ਨੇ ਖ਼ਬਰਾਂ ਨੂੰ ਆਮ ਇਨਸਾਨ ਦੀ ਭਾਸ਼ਾ ਦਿੱਤੀ। ਉਦਾਹਰਨ ਵਜੋਂ ਉਸ ਵਕਤ ਖ਼ਬਰਾਂ ਵਿੱਚ ਮੌਸਮ ਦੀ ਜਾਣਕਾਰੀ ਦੌਰਾਨ ਮੀਂਹ ਬਾਰੇ ਮਿਲੀਮੀਟਰਾਂ ਜਾਂ ਸੈਂਟੀਮੀਟਰਾਂ 'ਚ ਨਹੀਂ, ਬਲਕਿ ਅਸਲੀ ਜੱਟਕੀ ਭਾਸ਼ਾ ਵਿਚ ਯਾਨੀ ਕਿ ਉਂਗਲਾਂ ਵਿਚ ਦੱਸਿਆ ਜਾਂਦਾ ਸੀ ਕਿ ਕੱਲ ਨੂੰ ਫਲਾਂ ਥਾਂ ਤੇ ਚਾਰ-ਚਾਰ ਉਂਗਲਾਂ ਮੀਂਹ ਪਵੇਗਾ। ਗੁਰਮੇਲ ਬਾਈ ਦਾ ਮੰਨਣਾ ਸੀ ਕਿ ਆਮ ਜੱਟ ਨੂੰ ਮਿਲੀਮੀਟਰਾਂ ਦਾ ਕੀ ਹਿਸਾਬ?

ਰਾਣੀ ਨੂੰ ਅੱਗਾ ਢੱਕਣ ਲਈ ਕਹਿਣ ਦੀ ਜੁਰਅਤ ਰੱਖਦਾ ਸੀ ਗੁਰਮੇਲ ਸਰਾ । ਦੂਰਦਰਸ਼ਨ ਦੇ ਵਿਹੜੇ 'ਚ ਅੱਜ ਵੀ ਇਹ ਗੱਲ ਸੁਣਾਈ ਜਾਂਦੀ ਹੈ ਕਿ ਕਿਵੇਂ ਉਸ ਨੇ ਮੌਕੇ ਦੇ ਮੰਤਰੀ ਨੂੰ ਇਹ ਕਹਿ ਕੇ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਟਾਈਮ ਲੈ ਕੇ ਨਹੀਂ ਆਇਆ । ਮੰਤਰੀ ਨਾਲੋਂ ਉਹ ਆਪਣੇ ਪੇਂਡੂ ਪ੍ਰਸ਼ੰਸਕਾਂ ਨੂੰ ਮਿਲਣ ਦੀ ਤਰਜੀਹ ਦੇ ਦਿੰਦਾ ਸੀ। ਉਸ ਨੂੰ ਜਾਣਨ ਵਾਲੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਜਦੋਂ ਅਗਲੀ ਵਾਰ ਗੁਰਮੇਲ ਨੂੰ ਮਿਲਣਗੇ ਤਾਂ ਉਹ ਵੱਖਰੇ ਰੂਪ ਵਿਚ ਹੀ ਹੋਵੇਗਾ । ਕਦੇ ਦਾੜ੍ਹੀ ਵਧਾ, ਕਦੇ ਗੰਜ ਕਢਵਾ ਲੈਣਾ ਤੇ ਭਗਵੇਂ ਪਾ ਕੇ ਦਫਤਰ ਜਾ ਪਹੁੰਚਣਾ । ਉਹ ਜਦੋਂ ਕਦੇ ਨਵੇਂ ਥਾਂ ਜੌਬ ਸੰਭਾਲਦਾ, ਉਦੋਂ ਰਾਜਸਥਾਨੀ ਪਗੜੀ ਬੰਨ੍ਹਣੀ ਨਹੀਂ ਸੀ ਭੁਲਦਾ ।

ਉਹ ਲੇਹ ਲਦਾਖ਼ ਵਿਚ ਵੀ ਕਾਫ਼ੀ ਚਿਰ ਤਾਇਨਾਤ ਰਹੇ ਅਤੇ ਕੁਝ ਚਿਰ ਹਿਸਾਰ ਦੂਰਦਰਸ਼ਨ ਦੇ ਨਿਊਜ਼ ਐਡੀਟਰ ਵੀ ਰਹੇ। ਹੁਣ ਤੱਕ ਉਨ੍ਹਾਂ ਦੀ ਸਿਰਫ਼ ਇਕ ਕਿਤਾਬ ''ਇਹ ਕਵਿਤਾ ਨਹੀਂ'' ਨਾਂ ਹੇਠ ਛਪੀ ਹੈ ਅਤੇ ਇਕ ਕਿਤਾਬ ''ਰਾਜਸਥਾਨ ਦੀ ਗਾਥਾ'' ਅਣਛਪੀ ਹੈ। ਇਕ ਕਿਤਾਬ ਤਿਤਲੀ ਮੇਰੇ ਕੋਲ ਛਪਣ ਲਈ ਤਿਆਰ ਪਈ ਹੈ। ਉਨ੍ਹਾਂ ਦੀ ਇਕ ਰਚਨਾ ''ਮੁੜ ਮੁੜ ਵਾਜਾ ਮਾਰੇ, ਮੈਨੂੰ ਮਿੱਟੀ ਰਾਜਸਥਾਨ ਦੀ'' ਰਾਜਸਥਾਨ ਦੇ ਸਕੂਲ ਸਿਲੇਬਸ ਵਿਚ ਪੜ੍ਹਾਈ ਜਾਂਦੀ ਹੈ। ਹੋਰ ਵੀ ਬਹੁਤ ਸਾਰੀਆਂ ਲਿਖਤਾਂ ਅਣਛਪੀਆਂ ਪਈਆਂ ਹਨ। ਜਿਸ ਦਾ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਨੇ ਆਪਣੇ ਆਪ ਨੂੰ ਸ਼ਰਾਬ 'ਚ ਡੁੱਬੋ ਲਿਆ ਸੀ ਤੇ ਬੱਸ ਇਕ ਹੀ ਗੱਲ ਕਹਿੰਦੇ ਸੀ ਕਿ ''ਨਹੀਂ ਮੈਂ ਨਹੀਂ ਕੁਝ ਛਪਵਾਉਣਾ''। ਸ਼ਾਇਦ ਕਾਫ਼ੀ ਡੂੰਘੀ ਸੱਟ ਲੱਗੀ ਸੀ ਉਨ੍ਹਾਂ ਦੇ ਦਿਲ 'ਤੇ, ਜਿਸ ਨਾਲ ਉਨ੍ਹਾਂ ਆਪਣੀ ਜ਼ਿੰਦਗੀ 'ਚ ਸ਼ਰਾਬ ਨੂੰ ਸਾਥੀ ਬਣਾ ਲਿਆ ਸੀ।

ਹੁਣ ਮੇਰੀ ਤੇ ਗੁਰਮੇਲ ਸਰਾ ਦੀ ਸਾਂਝ ਦੀ ਗੱਲ; ਗੁਰਮੇਲ ਸਰਾ ਮੇਰੇ ਪਿੰਡ ਦੇਸੂ ਮਲਕਾਣੇ ਦੇ ਗੁਆਂਢੀ ਪਿੰਡ ਕਾਲਾਂਵਾਲੀ ਦਾ ਰਹਿਣ ਵਾਲਾ ਸੀ ਤੇ ਸਾਡੇ ਖੇਤ ਵੀ ਕੋਲੋਂ ਕੋਲ ਸਨ। ਗੁਰਮੇਲ ਬਾਈ ਮੇਰੀ ਸੁਰਤ ਸੰਭਾਲਣ ਤੋਂ ਵੀ ਪਹਿਲਾਂ ਦਾ ਪਿੰਡੋਂ ਬਾਹਰ ਰਹਿੰਦਾ ਸੀ। ਗਿਆਰਾਂ ਕੁ ਸਾਲ ਦੀ ਉਮਰੇ 1980 'ਚ ਅਸੀਂ ਵੀ ਪਿੰਡ ਛੱਡ ਕੇ ਮੰਡੀ ਕਾਲਾਂਵਾਲੀ ਰਹਿਣ ਲੱਗ ਪਏ। ਹੌਲੀ-ਹੌਲੀ ਜਿਵੇਂ ਜਿਵੇਂ ਸਾਹਿਤਕ ਸੋਚ ਆਉਂਦੀ ਗਈ ਤਾਂ ਇਹ ਗੱਲਾਂ ਕੰਨੀਂ ਪੈਣ ਲੱਗ ਪਈਆਂ ਕਿ ਬਾਬੂ ਸਾਬ ਦਾ ਇਕ ਮੁੰਡਾ ਲਿਖਾਰੀ ਤੇ ਅਫ਼ਸਰ ਹੈ। ਜਦੋਂ ਕਦੇ ਖੇਤ ਨੂੰ ਜਾਂਦੇ ਤਾਂ ਬਾਬਾ ਨੂੰਨੀਆਂ ਪੀਰ ਦੀ ਸਮਾਧ ਕੋਲ ਬਾਬੂ ਸਾਬ ਜਾਂ ਉਸਦਾ ਕੋਈ ਨਾ ਕੋਈ ਮੁੰਡਾ ਮਿਲ ਪੈਂਦਾ। ਉਦੋਂ ਅੱਜ ਵਰਗਾ ਤੇਜ਼-ਤਰਾਰ ਜ਼ਮਾਨਾ ਨਾ ਹੋਣ ਕਾਰਨ ਕਈ ਬਾਰ ਦਿਲ ਕਰਦਾ ਕਿ ਬਾਈ ਗੁਰਮੇਲ ਬਾਰੇ ਹੋਰ ਜਾਣਿਆ ਜਾਵੇ । ਅਚਾਨਕ ਇਕ ਦਿਨ ਕਾਲਾਂਵਾਲੀ ਪਿੰਡ ਦੇ 'ਕੌਰੇ ਵੈਲੀ' ਨੇ ਥਾਣੇਦਾਰ ਉੱਤੇ ਗੋਲੀ ਚਲਾ ਦਿੱਤੀ ਤੇ ਕੁਝ ਹੀ ਦਿਨਾਂ ਮਗਰੋਂ ਮੈਂ ਪੰਜਾਬੀ ਟ੍ਰਿਬਿਊਨ ''ਕੌਰੇ ਵੈਲੀ' ਉੱਤੇ ਇਕ ਲੇਖ ਦੇਖਿਆ। ਲੇਖ ਦੀ ਬੇਬਾਕ ਭਾਸ਼ਾ ਦੇਖ ਕੇ ਜਦੋਂ ਲਿਖਾਰੀ ਬਾਰੇ ਜਾਣਨਾ ਚਾਹਿਆ ਤਾਂ ਉੱਥੇ ਗੁਰਮੇਲ ਸਰਾ ਦਾ ਨਾਂ ਪੜ੍ਹ ਕੇ ਦਿਲ ਬਾਗੋ ਬਾਗ਼ ਹੋ ਗਿਆ। ਉਸੇ ਦਿਨ ਤੋਂ ਹੀ ਮੇਰੇ ਮਨ ਅੰਦਰ ਇਕ ਚਾਹਤ ਜਿਹੀ ਜਾਗ ਪਈ ਕਿ 'ਮਿੰਟੂ ਬਰਾੜਾ' ਜੇ ਲਿਖਣ ਬਾਰੇ ਕੁਝ ਸਿੱਖਣਾ ਚਾਹੁੰਦਾ ਹੈਂ ਤਾਂ ਇਸ ਇਨਸਾਨ ਨੂੰ ਗੁਰੂ ਧਾਰ ਲੈ।

ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਕਿਸੇ ਵੀ ਢੰਗ ਨਾਲ ਮੇਰਾ ਗੁਰਮੇਲ ਬਾਈ ਨਾਲ ਮੇਲ ਨਾ ਹੋ ਸਕਿਆ। ਬੱਸ ਉਨ੍ਹਾਂ ਬਾਰੇ ਹਰ ਰੋਜ਼ ਨਵੇਂ ਨਵੇਂ ਕਿੱਸੇ ਬਾਈ ਭੁਪਿੰਦਰ ਪੰਨੀਵਾਲੀਆ ਕੋਲੋਂ ਸੁਣਦਾ ਰਿਹਾ। ਕਿਉਂਕਿ ਪੰਨੀਵਾਲੀਆ ਬਾਈ ਨੂੰ ਕੁਝ ਸਮਾਂ ਉਨ੍ਹਾਂ ਨਾਲ ਅਖ਼ਬਾਰ 'ਚ ਕੰਮ ਕਰਨ ਦਾ ਮੌਕਾ ਮਿਲਿਆ ਸੀ। ਬਾਈ ਭੁਪਿੰਦਰ ਦੀਆਂ ਗੱਲਾਂ ਸੁਣ ਸੁਣ ਕੇ ਇਹੋ ਜਿਹੇ ਫ਼ੱਕਰ ਨੂੰ ਮਿਲਣ ਲਈ ਦਿਲ ਹੋਰ ਉਤਸੁਕ ਹੋ ਗਿਆ।

ਜੱਦੋ ਬਾਈ ਗੁਰਮੇਲ ਬਠਿੰਡੇ ਰਹਿੰਦਾ ਸੀ ਤਾਂ ਇਕ ਦਿਨ ਮੈਂ ਤੇ ਮੇਰਾ ਭੂਆ ਦਾ ਪੁੱਤ ਘੱਟ ਤੇ ਜੁੰਡੀ ਦਾ ਯਾਰ ਜ਼ਿਆਦਾ ਕਸ਼ਮੀਰ ਸਰਾ ਕਿਸੇ ਕੰਮ ਗੁਰਮੇਲ ਬਾਈ ਦੇ ਘਰ ਗਏ। ਆਪਣੇ ਦਿਲੋਂ ਮੰਨੇ ਇਸ ਗੁਰੂ ਨੂੰ ਮਿਲਣ ਦਾ ਅੰਦਰੋਂ ਅੰਦਰੀਂ ਬੜਾ ਚਾਅ ਜਿਹਾ ਸੀ । ਪਰ ਜਦੋਂ ਅਸੀਂ ਉਨ੍ਹਾਂ ਦੀ ਕੋਠੀ ਦੀ ਘੰਟੀ ਖੜਕਾਈ ਤਾਂ ਇਕ ਨੌਕਰ ਬਾਹਰ ਆ ਕੇ ਸਾਡੇ ਕੋਲੋਂ ਸੁਨੇਹਾ ਲੈ ਗਿਆ ਤੇ ਕਹਿੰਦਾ ਕੋਈ ਘਰ ਨਹੀਂ, ਜਦੋਂ ਆਏ ਤਾਂ ਦੱਸ ਦੇਵਾਂਗਾ। ਉਸ ਦਿਨ ਤੋਂ ਬਾਅਦ ਜ਼ਿੰਦਗੀ ਓਵੇਂ ਹੀ ਚਲਦੀ ਰਹੀ ਤੇ ਮੇਰਾ ਧੁਰ ਅੰਦਰੋਂ ਧਾਰੇ ਗੁਰੂ 'ਗੁਰਮੇਲ' ਨਾਲ ਮੇਲ ਨਾ ਹੋ ਸਕਿਆ।

ਸੰਨ 2000 ਚੜ੍ਹਦੇ ਚੜ੍ਹਦੇ ਨੈੱਟ ਦਾ ਜ਼ਮਾਨਾ ਆ ਗਿਆ। ਇਸ ਆਧੁਨਿਕਤਾ ਨੇ ਚਿਰਾਂ ਤੋਂ ਮਿਲਣ ਦੀ ਤਾਂਘ ਨੂੰ ਖ਼ਤਮ ਕਰ ਦਿੱਤਾ ਜਦੋਂ ਮੇਰੀ ਲਿਖੀ ਇਕ ਕਵਿਤਾ ਪੜ੍ਹ ਕੇ ਇਕ ਈ-ਮੇਲ ਆਈ ਕਿ ''ਇਹ ਕੀ ਕਮਲ ਜਿਹਾ ਮਾਰੀ ਜਾਂਦੈਂ ਕਾਕਾ'' ? ਤੇ ਨਾਲ ਹੀ ਉਨ੍ਹਾਂ ਮੈਨੂੰ ਲਿਖਿਆ ਕਿ ਤੂੰ ਬਾਗ਼ ਵਾਲੇ ਸੁਰਜੀਤ ਸਿੰਘ ਕੇ ਲਾਣੇ 'ਚੋਂ ਲਗਦੈਂ । ਉਸ ਈ-ਮੇਲ ਦਾ ਸਿਰਨਾਵਾਂ ਕਾਲਾਂਵਾਲੀ ਐਟ ਜੀ ਮੇਲ ਡਾਟ ਕੌਮ ਸੀ, ਜਿਸ ਤੋਂ ਲਿਖਣ ਵਾਲੇ ਬਾਰੇ ਕੋਈ ਪਤਾ ਨਹੀਂ ਚੱਲ ਰਿਹਾ ਸੀ। ਬੱਸ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਹੈ ਤਾਂ ਕੋਈ ਸਾਹਿਤਕ ਅਤੇ ਮੇਰੇ ਤੋਂ ਵੱਡੀ ਉਮਰ ਦਾ,ਪਰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਹੈ ਕੌਣ?

ਮੈਂ ਈ-ਮੇਲ ਦਾ ਜਵਾਬ ਲਿਖਿਆ ਕਿ ''ਜੀ ਹਾਂ ! ਮੈਂ ਰਘਬੀਰ ਸਿੰਘ ਦਾ ਪੁੱਤਰ ਤੇ ਸੁਰਜੀਤ ਸਿੰਘ ਬਾਗ਼ ਵਾਲਿਆਂ ਦਾ ਪੋਤਾ ਹਾਂ ।ਅਸਲ 'ਚ ਮੈਂ ਕਵਿਤਾ ਨਹੀਂ ਲਿਖਦਾ ਮੈਂ ਤਾਂ ਵਾਰਤਕ ਲਿਖਣ ਦੀ ਕੋਸ਼ਿਸ਼ ਕਰਦਾ ਹਾਂ। ਇਹ ਤਾਂ ਐਵੇਂ ਦਿਲ ਦੀ ਭੜਾਸ ਜਿਹੀ ਸੀ, ਜੋ ਕੱਢ ਲਈ ਤੇ ਇੱਕ ਦੋ ਨੇ ਛਾਪ ਦਿੱਤੀ''

ਮੂਹਰੋਂ ਜਵਾਬ ਆਇਆ ਕਿ ''ਤੇਰੇ ਗੁਰੂ ਨੇ ਸਿਖਾਇਆ ਨਹੀਂ ਕਿ ਕਵਿਤਾ ਕੀ ਹੁੰਦੀ ਹੈ'' ?

ਮੇਰੀ ਸ਼ਸੋਪੰਜ ਵੱਧ ਗਈ ਕਿ ਇਹ ਕੀ ਚੀਜ਼ ਹੈ, ਜੋ ਇੰਝ ਕਹਿ ਰਿਹਾ ਹੈ । ਪਰ ਮੇਰੀ ਜੁਰਅਤ ਨਾ ਪਵੇ ਕਿ ਮੈਂ ਪੁੱਛ ਲਵਾਂ ਕਿ ਤੁਸੀਂ ਕੌਣ ਹੋ ਜੀ,ਇਸ ਤਰਾਂ ਕਹਿਣ ਵਾਲੇ? ਪਰ ਜਦੋਂ ਉਨ੍ਹਾਂ ਗੁਰੂ ਵਾਲੀ ਰਗ ਤੇ ਹੱਥ ਧਰਿਆ ਤਾਂ ਮੈਂ ਕਿਹਾ, ''ਜੀ ! ਮੇਰਾ ਗੁਰੂ ਤਾਂ ਮਾੜਾ ਨਹੀਂ ਹੈ ਜੀ ਪਰ ਬੱਸ ਹਾਲੇ ਤੱਕ ਮੇਰੀ ਆਵਾਜ਼ ਮੇਰੇ ਗੁਰੂ ਤੱਕ ਪਹੁੰਚੀ ਨਹੀਂ। ਜਦੋਂ ਪਹੁੰਚ ਗਈ ਉਦੋਂ ਸ਼ਾਇਦ ਤੁਹਾਡੇ ਮੇਰੀ ਲੇਖਣੀ ਪ੍ਰਤੀ ਇਹੋ ਜਿਹੇ ਗਿਲੇ ਨਾ ਹੋਣ''

''ਯਾਰ! ਇਹੋ ਜਿਹਾ ਤੇਰਾ ਗੁਰੂ ਹੋਣਾ, ਜੋ ਤੇਰੀ ਆਵਾਜ਼ ਹੀ ਨਹੀਂ ਸੁਣਦਾ''

''ਨਹੀਂ ਜੀ ! ਮੇਰੇ ਗੁਰੂ ਦਾ ਕੋਈ ਕਸੂਰ ਨਹੀਂ, ਕਸੂਰ ਤਾਂ ਮੇਰਾ ਹੀ ਹੈ। ਮੈਂ ਬੱਸ ਅੰਦਰੋਂ ਹੀ ਗੁਰੂ ਧਾਰੀ ਬੈਠਾ, ਕਦੇ ਗੁਰੂ ਕੋਲ ਗਿਆ ਨਹੀਂ ।''

''ਕਾਕਾ ਕਲਯੁਗ 'ਚ ਕਿਹੋ ਜਿਹੀਆਂ ਗੱਲਾਂ ਕਰ ਰਿਹਾ ? ਹੁਣ ਨਾ ਤਾਂ ਉਹੋ ਜਿਹੇ ਗੁਰੂ ਹਨ ਤੇ ਨਾ ਉਹੋ ਜਿਹੇ ਚੇਲੇ ਜਿਹੜੇ ਦਿਲ ਦੀਆਂ ਗੱਲਾਂ ਸਮਝ ਲੈਣ। ਚੱਲ ਛੱਡ ! ਤੇਰਾ ਗੁਰੂ ਤਾਂ ਜਦੋਂ ਕੁਝ ਤੈਨੂੰ ਦੱਸੂ ਦੇਖੀ ਜਾਊ । ਮੈਂ ਤੇਰੀ ਇਹ ਕਵਿਤਾ ਸੋਧ ਕੇ ਭੇਜਦਾ, ਫੇਰ ਦੱਸੀ ਕਿ ਕਿਵੇਂ ਲੱਗੀ''

ਥੋੜੇ ਜਿਹੇ ਚਿਰ ਪਿੱਛੋਂ ਮੇਰੀ ਕਵਿਤਾ ਦਾ ਨਵਾਂ ਅਵਤਾਰ ਮੇਰੇ ਸਾਹਮਣੇ ਸੀ। ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਉਸ ਇਨਸਾਨ ਨੇ ਬਿਨਾਂ ਕੋਈ ਮਤਲਬ ਬਦਲੇ ਮੇਰੀ ਗੱਲ ਮੇਰੇ ਨਾਲੋਂ ਅੱਧੇ ਸ਼ਬਦਾਂ 'ਚ ਪਰੋ ਕੇ ਕਵਿਤਾ ਨੂੰ ਤਰਾਸ਼ ਦਿਤਾ ਸੀ। ਨਾਲ ਹੀ ਬੜੀ ਠੇਠ ਭਾਸ਼ਾ 'ਚ ਲਿਖਿਆ ਸੀ, ''ਕਿਉਂ? ਹੁਣ ਮੰਨਦਾ ਸਾਨੂੰ ਗੁਰੂ'' ?

ਮੈਂ ਧੰਨਵਾਦ ਕੀਤਾ ਤੇ ਕਿਹਾ ''ਬਿਲਕੁਲ ਜੀ ! ਤੁਸੀਂ ਗੁਰੂ ਬਣਨ ਦੇ ਕਾਬਿਲ ਹੋ, ਪਰ ਇਕ ਬਾਰ ਮੈਂ ਆਪਣੇ ਗੁਰੂ ਨੂੰ ਮਿਲਣਾ ਚਾਹੁੰਦਾ ਹਾਂ । ਜੇ ਉਨ੍ਹਾਂ ਮੈਨੂੰ ਨਾ ਅਪਣਾਇਆ ਤਾਂ ਤੁਹਾਨੂੰ ਗੁਰੂ ਮੰਨ ਲਵਾਂਗਾ''

''ਇਹੋ ਜਿਹਾ ਕਿਹੜਾ ਤੇਰਾ ਗੁਰੂ ਹੈ । ਕੀ ਪਤਾ ਮੈਂ ਜਾਣਦਾ ਹੀ ਹੋਵਾਂ ਤੇਰੇ ਗੁਰੂ ਨੂੰ''!

''ਜੀ ਉਨ੍ਹਾਂ ਦਾ ਨਾਂ ਬਾਈ ਗੁਰਮੇਲ ਸਰਾ ਹੈ''

''ਅੱਛਾ ਅੱਛਾ ਤੇਰਾ ਫ਼ੋਨ ਨੰਬਰ ਕੀ ਹੈ''? ਏਨਾ ਸੁਣ ਕੇ ਉਨ੍ਹਾਂ ਕਿਹਾ ।

ਮੈਂ ਹਾਲੇ ਆਪਣਾ ਨੰਬਰ ਉਨ੍ਹਾਂ ਨੂੰ ਘੱਲਿਆ ਹੀ ਸੀ ਕਿ ਮੇਰੇ ਕੋਲ ਪਿਆ ਫ਼ੋਨ ਵੱਜ ਉਠਿਆ। ਸੋਚਿਆ ਕਿਸੇ ਗੈਸ ਲੈਣ ਵਾਲੇ ਦਾ ਹੋਵੇਗਾ। ਪਰ ਜਦ ਮੈਂ ਦੇਖਿਆ ਕਿ ਲੰਮੀ ਘੰਟੀ ਵੱਜਦੀ ਹੈ ਜ਼ਰੂਰ ਕੋਈ ਬਾਹਰ ਦਾ ਫ਼ੋਨ ਹੋਣਾ। ਜਦੋਂ ਮੈਂ ਫ਼ੋਨ ਚੁੱਕਿਆ ਤਾਂ ਮੂਹਰੋਂ ਠੇਠ ਪੇਂਡੂ ਭਾਸ਼ਾ 'ਚ ਬੋਲਣ ਵਾਲਾ ਕਹਿੰਦਾ ''ਕਿੱਦਾਂ ਬੱਚਾ''?

ਮੇਰੇ ਗਲ ਸਮਝ ਨਹੀਂ ਆਈ, ਮੈਂ ਕਿਹਾ ''ਕੌਣ ਬੋਲਦੇ ਹੋ ਜੀ'' ?

ਤਾਂ ਕਹਿੰਦੇ ''ਬੱਚਾ ਤੇਰਾ ਗੁਰੂ ਬੋਲਦਾਂ'' ਤੇ ਨਾਲ ਹੀ ਖਚਰੀ ਜਿਹੀ ਹਾਸੀ ਹੱਸਣ ਲੱਗ ਪਿਆ। ਮੇਰੇ ਕੁਝ ਕੁ ਤਾਂ ਗੱਲ ਸਮਝ ਆ ਗਈ ਪਰ ਯਕੀਨ ਨਹੀਂ ਸੀ ਹੋ ਰਿਹਾ। ਕਦੇ ਲੱਗੇ ਕਿ ਉਸ ਈ-ਮੇਲ ਵਾਲੇ ਬੰਦੇ ਨੇ ਮੇਰਾ ਨੰਬਰ ਬਾਈ ਨੂੰ ਦੇ ਦਿੱਤਾ ਤੇ ਮੇਰਾ ਸੁਨੇਹਾ ਵੀ। ਕਦੇ ਲੱਗੇ ਹੋਰ'ਕਾਲਾਂਵਾਲੀ' ਲਿਖਣ ਵਾਲਾ ਬੰਦਾ ਕੌਣ ਹੋ ਸਕਦਾ, ਜੋ ਮੈਨੂੰ ਈ-ਮੇਲ ਕਰ ਰਿਹਾ ਸੀ! ਪਰ ਅਖੀਰ ਜਦੋਂ ਸਾਰੀ ਗੱਲ ਤੋਂ ਪਰਦਾ ਲਹਿ ਗਿਆ ਤਾਂ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਬਾਈ ਗੁਰਮੇਲ ਦੇ ਕਿੱਸੇ ਸੁਣ-ਸੁਣ ਕੇ ਮੇਰੇ ਮਨ 'ਚ ਇਕ ਡਰ ਜਿਹਾ ਬੈਠਿਆ ਪਿਆ ਸੀ ਕਿ ਪਤਾ ਨਹੀਂ ਕਿੰਨਾ ਕੁ ਅੜਬ ਬੰਦਾ ਹੋਣਾ! ਪਰ ਜਦੋਂ ਉਨ੍ਹਾਂ ਨਾਲ ਗੱਲ ਹੋਈ ਤਾਂ ਯਕੀਨ ਨਾ ਆਵੇ ਕਿ ਇਕ ਏਡਾ ਉੱਚ ਅਧਿਕਾਰੀ ਇੰਨਾ ਸਾਦ-ਮੁਰਾਦਾ ਵੀ ਹੋ ਸਕਦਾ ਹੈ ।

ਗੱਲ ਅੱਗੇ ਤੋਰਦੇ ਹੀ, ਬੱਸ ਜੀ ਫੇਰ ਕੀ ਸੀ ਬਾਈ ਨੇ ਪੰਗਾ ਲੈ ਲਿਆ ਮੈਨੂੰ ਚੇਲਾ ਧਾਰ ਕੇ। ਉਦੋਂ ਹਾਲੇ ਯਾਹੂ ਦਾ ਜ਼ਮਾਨਾ ਸੀ । ਜਦੋਂ ਬਾਈ ਨੇ ਆਨਲਾਈਨ ਹੋਣਾ ਤੇ ਆਪਾਂ ਚੰਬੜ ਜਾਣਾ ਜੋਕ ਵਾਂਗ। ਕਦੇ ਕਦੇ ਅੱਕ ਕੇ ਜੇ ਮੈਨੂੰ ਲਾਹ ਕੇ ਮਾਰਨਾ ਪਰ ਫੇਰ ਆਪ ਹੀ ਬੁਲਾ ਲੈਣਾ ''ਲੈ ਹੁਣ ਦੱਸ ! ਉਦੋਂ ਬੀੜੀ ਬੱਤੀ ਨਹੀਂ ਪੀਤੀ ਸੀ''। ਮੈਂ ਬੜਾ ਹੈਰਾਨ ਹੋਣਾ ਕਿ ਬਾਈ ਇਸ ਮੁਕਾਮ ਤੇ ਪਹੁੰਚ ਕੇ ਬੀੜੀ ਥੋੜਾ ਪੀਂਦਾ ਹੋਣਾ! ਇਹ ਤਾਂ ਐਵੇਂ ਮੈਨੂੰ ਮਜ਼ਾਕ ਕਰਦੇ ਹੋਣੇ ਨੇ! ਫੇਰ ਔਰਕੁਟ ਦੇ ਜ਼ਮਾਨੇ ਦੀ ਗੱਲ ਸੁਣ ਲਵੋ, ਇਕ ਦਿਨ ਉਹ ਮੇਰੇ ਨਾਲ ਚੈਟ ਕਰ ਰਹੇ ਸਨ ਤਾਂ ਬ੍ਰਿਸਬੇਨ ਤੋਂ ਮੇਰੇ ਇਕ ਮਿੱਤਰ 'ਅਰਵਿੰਦਰ ਸਰਾ' ਦਾ ਫੋਨ ਆਇਆ । ਉਹ ਕਹਿੰਦਾ ''ਵੀਰ ਜੀ ! ਆਹ ਗੁਰਮੇਲ ਸਰਾ ਕੀ ਚੀਜ਼ ਹੈ''? ਮੈਂ ਪੁੱਛਿਆ ਕਿ ਕੀ ਹੋ ਗਿਆ? ਕਹਿੰਦਾ ''ਦੇਖਣ 'ਚ ਤਾਂ ਦੇਸੀ ਜਿਹਾ ਲਗਦਾ ਪਰ ਜਦੋਂ ਕਦੇ ਉਸ ਦੀਆਂ ਗੱਲਾਂ ਪੜ੍ਹਨੀਆਂ ਹੋਣ ਤਾਂ ਕੋਲ ਡਿਕਸ਼ਨਰੀ ਰੱਖਣੀ ਪੈਂਦੀ ਹੈ''

ਸਮਾਂ ਲੰਘਦਾ ਗਿਆ ਗੁਰੂ ਨਾਲ ਮੇਲ ਹੋ ਕੇ ਵੀ ਹਾਲੇ 'ਗੁਰਮੇਲ' ਨੂੰ ਮਿਲ ਨਹੀਂ ਸੀ ਸਕਿਆ। ਜਦੋਂ ਵੀ ਮਿਲਣ ਦੀ ਕੋਸ਼ਿਸ਼ ਕਰਨੀ ਕੋਈ ਨਾ ਕੋਈ ਮਜ਼ਬੂਰੀ ਹੋ ਜਾਣੀ । ਕਦੇ ਬਾਈ ਨੂੰ ਵਿਹਲ ਨਹੀਂ ਤੇ ਕਦੇ ਮੈਂ ਉਲਝ ਜਾਣਾ। ਪਰ ਸਾਡਾ ਫੋਨੀਂ ਰਾਬਤਾ ਹਰ ਰੋਜ਼ ਕਿਸੇ ਨਾ ਕਿਸੇ ਗੱਲ ਤੇ ਹੋ ਹੀ ਜਾਂਦਾ ਸੀ। ਮੈਂ ਬਾਈ ਦੀ ਯਾਦਦਾਸ਼ਤ, ਆਪਣੇ ਪਿੰਡ ਅਤੇ ਆਪਣੀ ਮਿੱਟੀ ਪ੍ਰਤੀ ਮੋਹ ਤੋਂ ਬੜਾ ਹੈਰਾਨ ਸੀ। ਇਕ ਦਿਨ ਮੈਂ ਆਪਣੀ ਬਚਪਨ ਦੀ ਇਕ ਫ਼ੋਟੋ ਸ਼ੇਅਰ ਕੀਤੀ ਤਾਂ ਬਾਈ ਕਹਿੰਦੇ ਕਿ ''ਇਹ ਤਾਂ ਮਾਖੇ ਵਾਲੀ ਨਹਿਰ 'ਤੇ ਖਿੱਚੀ ਲਗਦੀ ਹੈ''। ਮੈਂ ਹੈਰਾਨ ਸੀ ਕਿ ਇਹ ਵੀਹ ਵਰ੍ਹੇ ਪੁਰਾਣੀ ਫ਼ੋਟੋ ਬਾਈ ਨੇ ਕਿਵੇਂ ਪਛਾਣ ਲਈ, ਜੋ ਸੱਚੀ ਮੇਰੇ ਤਾਏ ਦੇ ਪੁੱਤ ਦੇ ਵਿਆਹ 'ਚ ਮਾਖੇ ਪਿੰਡ 'ਚ ਹੀ ਖਿੱਚੀ ਸੀ। ਉਹ ਅਕਸਰ ਹੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਉਹ ਇਕ ਵੀ ਦਰਖ਼ਤ ਨਹੀਂ ਭੁੱਲਿਆ ਹਾਲੇ, ਦਰਖ਼ਤ ਦੀ ਫ਼ੋਟੋ ਦੇਖ ਕੇ ਦੱਸ ਦੇਵਾਂਗਾ ਕਿ ਇਹ ਸਾਡੇ ਕੱਸੀ ਵਾਲੇ ਰਾਹ ਦਾ ਜਾਂ ਕਿਤੇ ਹੋਰ ਥਾਂ ਦਾ।

ਉਹ ਦੇ ਫੱਕਰਪੁਣੇ ਦੀ ਸੁਣ ਲਵੋ; ਚੰਡੀਗੜ੍ਹ ਡਿਪਟੀ ਡਾਇਰੈਕਟਰ ਦੇ ਅਹੁਦੇ ਤੇ ਬੈਠੇ ਇਸ ਇਨਸਾਨ ਨੂੰ ਜੇ ਕਦੇ ਫੋਨ ਕਰਦੇ ਤਾਂ ਮੂਹਰੋਂ ਕਹਿੰਦਾ ''ਫੇਰ ਕਰੀਂ ਯਾਰ ! ਹੁਣ ਤਾਂ ਸੀਪ ਦੀ ਬਾਜੀ ਅੜੀ ਪਈ ਹੈ'' । ਪੁੱਛਣ ਤੋਂ ਪਤਾ ਲਗਦਾ ਕਿ ਬਾਈ ਆਪਣੇ ਦਫਤਰ ਦੇ ਬਾਹਰ ਫੁੱਟਪਾਥ ਤੇ ਕੁਝ ਲੇਬਰ ਵਾਲਿਆਂ ਬੰਦਿਆਂ ਦੇ ਸਿਰ ਤੇ ਖੜ੍ਹਾ ਤਾਸ਼ ਦੀ ਬਾਜ਼ੀ ਦੇ ਨਜ਼ਾਰੇ ਲੈ ਰਿਹਾ । ਉਹ ਨਾ ਤਾਂ ਕਪੜੇ-ਲੀੜੇ ਹੀ ਇਹੋ ਜਿਹੇ ਪਾਉਂਦਾ ਸੀ ਤੇ ਨਾ ਹੀ ਬੋਲਣ ਲੱਗਾ ਅੱਗਾ ਪਿੱਛਾ ਦੇਖਦਾ ਸੀ, ਜਿਸ ਨਾਲ ਕਿਸੇ ਨੂੰ ਪਤਾ ਲੱਗ ਸਕੇ ਕਿ ਇਹ ਤਿੰਨ ਰਾਜਾਂ ਦੇ ਉਤੇ ਲੱਗਾ ਅਫਸਰ ਹੈ ।

ਕਿਸਮਤ ਮੈਨੂੰ ਵਿਦੇਸ਼ ਲੈ ਆਈ ਪਰ ਗੁਰੂ ਚੇਲੇ ਵਾਲਾ ਸਾਥ ਓਵੇਂ ਹੀ ਕਾਇਮ ਰਿਹਾ। ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਇਕ ਵਾਇਨਰੀ 'ਚ ਜੌਬ ਕਰ ਰਿਹਾ ਹਾਂ ਤਾਂ ਮੈਨੂੰ ਕਹਿੰਦੇ ''ਬੱਸ ਜਦੋਂ ਆਇਆ ਗੁਰੂ ਦੱਛਣਾ 'ਚ ਦੋ ਵਾਈਨ ਦੀਆਂ ਬੋਤਲਾਂ ਲੈ ਆਈਂ''। ਮੈਂ ਇੰਡੀਆ ਜਾਣ ਲੱਗੇ ਨੇ ਸਿਰੇ ਦੀ ਵਾਈਨ ਖ਼ਰੀਦੀ ਪਰ ਕਿਸੇ ਕਾਰਨਾਂ ਕਰ ਕੇ ਉਹ ਇੰਡੀਆ ਨਾ ਪਹੁੰਚ ਸਕੀ। ਪਰ ਗੁਰੂ ਨਾਲ ਵਾਅਦਾ ਕੀਤਾ ਸੀ ਕਿ ਰਿਵਰਲੈਂਡ ਦੀ ਵਾਈਨ ਲਿਆ ਕੇ ਦੇਵਾਂਗਾ। ਕਈ ਜੁਗਾੜ ਲਾਉਣ ਦੀ ਕੋਸ਼ਿਸ਼ ਕੀਤੀ, ਕੋਈ ਹੱਲ ਨਹੀਂ ਹੋਇਆ। ਮੈਨੂੰ ਪਤਾ ਸੀ ਮੇਰੇ ਗੁਰੂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ। ਕਿਵੇਂ ਨਾ ਕਿਵੇਂ ਚੰਡੀਗੜ੍ਹ ਤੋਂ ਰਿਵਰਲੈਂਡ ਦੀ ਵਾਈਨ ਮਿਲ ਗਈ। ਮੈਂ ਦੋ ਬੋਤਲਾਂ ਲੈ ਕੇ ਜਦੋਂ ਗੁਰੂ ਕੋਲ ਪਹੁੰਚਿਆ ਤਾਂ ਘਰ ਦੀਆਂ ਨੇ ਦੱਸਿਆ ਕਿ ਦਿਨ ਰਾਤ ਸ਼ਰਾਬ ਪੀ ਪੀ ਕੇ ਉਨ੍ਹਾਂ ਦੀ ਹਾਲਾਤ ਬਹੁਤ ਖ਼ਰਾਬ ਹੈ। ਡਾਕਟਰ ਕਹਿੰਦਾ ਸ਼ਰਾਬ ਇਹਨਾਂ ਲਈ ਜ਼ਹਿਰ ਹੈ। ਮੈਨੂੰ ਸਮਝ ਨਾ ਆਵੇ ਕਿ ਮੈਂ ਇਸ ਹਾਲਤ 'ਚ ਆਪਣੇ ਗੁਰੂ ਨੂੰ ਉਨ੍ਹਾਂ ਦੀ ਮੌਤ ਦਾ ਸਮਾਨ ਕਿਵੇਂ ਭੇਂਟ ਕਰਾਂ ਤੇ ਕਿਵੇਂ ਆਪਣੇ ਕੀਤੇ ਵਾਅਦੇ ਤੋਂ ਮੁੱਕਰਾਂ! ਜ਼ਿੰਦਗੀ 'ਚ ਪਹਿਲੀ ਵਾਰ ਧਰਮ ਸੰਕਟ ਵਿਚ ਫਸਣ ਦਾ ਸੁਆਦ ਚਖਿਆ।

ਚਲੋ ਜੀ! ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਜਦੋਂ ਮੇਰੇ ਆਉਣ ਬਾਰੇ ਦੱਸਿਆ ਤਾਂ ਉਹ ਉੱਠ ਕੇ ਬਹਿ ਗਏ। ਬਹੁਤ ਰੋਏ ਤੇ ਨਾਲ ਨਾਲ ਕਾਗ਼ਜ਼ਾਂ ਦੇ ਭਰੇ ਲਿਫ਼ਾਫ਼ਿਆਂ ਵਿਚੋਂ ਕਾਗ਼ਜ਼ ਕੱਢ-ਕੱਢ ਕੇ ਆਪਣੀਆਂ ਰਚਨਾਵਾਂ ਸੁਣਾਉਂਦੇ ਰਹੇ। ਇਹੋ ਜਿਹੇ ਹਾਲਾਤ ਵਿਚ ਵੀ ਉਹ ਮੈਨੂੰ ਕਹਿ ਰਹੇ ਸੀ ਯਾਰ ਮੈਂ ਬੜਾ ਦੁਖੀ ਹਾਂ, ਉਨ੍ਹਾਂ ਵਿਦਵਾਨਾਂ ਤੋਂ ਜੋ ਪੰਜਾਬੀ ਦਾ ਘਾਣ ਕਰੀ ਜਾਂਦੇ ਹਨ। ਉਨ੍ਹਾਂ ਇਕ ਅਜੀਬ ਸੱਚ ਦੱਸਿਆ ਕਿ ਪੰਜਾਬੀ ਅਨੁਵਾਦਕਾਂ ਨੇ ਦੁਨੀਆ ਵਿਚ ਸਭ ਤੋਂ ਵੱਧ ਪੜ੍ਹੀ ਤੇ ਸਭ ਤੋਂ ਜ਼ਿਆਦਾ ਭਾਸ਼ਾਵਾਂ 'ਚ ਅਨੁਵਾਦ ਹੋਈ ਕਿਤਾਬ ''ਮੇਰਾ ਦਾਗ਼ਿਸਤਾਨ'' ਦੇ ਲੇਖਕ ਦਾ ਨਾਂ ਹੀ ਗ਼ਲਤ ਲਿਖ ਦਿੱਤਾ ਹੋਰ ਗ਼ਲਤੀਆਂ ਤਾਂ ਛੱਡੋ। ਉਹ ਕਹਿੰਦੇ ਰੂਸੀ ਭਾਸ਼ਾ 'ਚ ਕਿਸੇ ਸ਼ਬਦ ਦਾ ਅੰਤਿਮ ਅੱਖਰ ਵੀ ਹੋਵੇ ਤਾਂ ਉਸ ਨੂੰ ''ਫੱਫਾ''ਬੋਲਿਆ ਜਾਂਦਾ ਹੈ। ਪਰ ਸਾਡੇ ਲੋਕਾਂ ਨੇ ਪਿਛਲੇ ਤੀਹ ਵਰ੍ਹਿਆਂ ਤੋਂ ਰਸੂਲ ਹਮਜ਼ਾਤੋਫ ਨੂੰ ਰਸੂਲ ਹਮਜ਼ਾਤੋਵ ਹੀ ਬਣਾ ਦਿੱਤਾ ਹੈ।

ਜਦੋਂ ਉਨ੍ਹਾਂ ਦੀ ਧਰਮ-ਪਤਨੀ ਮੇਰੇ ਲਈ ਚਾਹ ਲੈ ਕੇ ਆਈ ਤਾਂ ਉਹ ਨੂੰ ਕਹਿੰਦੇ ''ਜਾਹ ਨਾ ਦਿਓ ਮੈਨੂੰ ਸ਼ਰਾਬ, ਮੇਰਾ ਚੇਲਾ ਆਇਆ ਮੇਰੇ ਲਈ ਆਸਟ੍ਰੇਲੀਆ ਦੀ ਵਾਈਨ ਲੈ ਕੇ''। ਹਾਲਾਂਕਿ ਮੈਂ ਉਹ ਬੋਤਲਾਂ ਪਹਿਲਾਂ ਹੀ ਉਨ੍ਹਾਂ ਦੀ ਬੇਟੀ ਨੂੰ ਸੰਭਾਲ ਚੁੱਕਿਆ ਸੀ ਕਿ ਜੇ ਸ਼ਰਾਬ ਇਹਨਾਂ ਲਈ ਏਨੀ ਮਾੜੀ ਹੈ ਤਾਂ ਚਲੋ ਮੈਂ ਨਹੀਂ ਦਿੰਦਾ। ਹੁਣ ਮੈਂ ਹੋਰ ਫਸ ਚੁੱਕਿਆ ਸੀ ਇਕ ਪਾਸੇ ਗੁਰੂ ਦੱਛਣਾ ਤੇ ਦੂਜੇ ਪਾਸੇ ਗੁਰੂ ਦੀ ਜ਼ਿੰਦਗੀ।

ਇਸ ਤੋਂ ਬਾਅਦ ਵੀ ਕਈ ਬਾਰ ਆਪਣੇ ਕਲਮੀ ਗੁਰੂ ਨਾਲ ਮੇਲ ਹੋਇਆ ਤੇ ਹਰ ਬਾਰ ਉਨ੍ਹਾਂ ਦੀ ਹਾਲਤ ਦੇਖ ਕੇ ਲੱਗਦਾ ਕਿ ਇਹ ਮੇਰੀ ਉਨ੍ਹਾਂ ਨਾਲ ਆਖ਼ਰੀ ਮੁਲਾਕਾਤ ਹੈ, ਪਰ ਹੈਰਾਨੀ ਉਦੋਂ ਹੋਈ ਜਦੋਂ ਉਨ੍ਹਾਂ ਦਾ ਇਕ ਲੇਖ ''ਬਾਬਾ ਮੌਤ ਨੂੰ ਮਖ਼ੌਲ ਕਰਦਾ'' ਪੜ੍ਹਿਆ। ਫੇਰ ਹੌਸਲਾ ਜਿਹਾ ਪਿਆ ਕਿ ਇਸ ਸਿਰੜੀ ਇਨਸਾਨ ਤੋਂ ਤਾਂ ਮੌਤ ਵੀ ਡਰਦੀ ਹੈ, ਪਰ ਆਖ਼ਿਰ ਸਦਾ ਦੀ ਤਰਾਂ ਮੌਤ ਬਲਵਾਨ ਹੋ ਨਿੱਬੜੀ।

ਬਾਈ ਗੁਰਮੇਲ ਭਾਵੇਂ ਅੱਜ ਸਾਡੇ 'ਚ ਨਹੀਂ ਹਨ ਪਰ ਉਨ੍ਹਾਂ ਦੀ ਇਮਾਨਦਾਰੀ ਤੇ ਅੜਬਪੁਣੇ ਦੇ ਕਿੱਸੇ ਹਰ ਸਾਹਿਤਕ ਮਹਿਫ਼ਲ ਵਿਚ ਸੁਣਾਈ ਦੇ ਜਾਣਗੇ। ਮੇਰੇ ਯਾਦ ਹੈ ਉਹ ਦਿਨ ਜਦੋਂ ਮੈਨੂੰ 'ਯਾਰਾਂ ਦਾ ਯਾਰ' ਖ਼ਿਤਾਬ ਨਾਲ ਨਿਵਾਜਿਆ ਗਿਆ ਸੀ। ਉਦੋਂ ਉਨ੍ਹਾਂ ਮੈਨੂੰ ਕਿਹਾ ਸੀ ਕਿ ''ਯਾਰੀ ਨਿਭਾਉਣੀ ਸਿੱਖਣੀ ਹੈ ਤਾਂ ਜੱਗਾ ਸਿੰਘ ਤੋਂ ਸਿੱਖ, ਇਹ ਨਾ ਹੋਵੇ ਤੈਨੂੰ ਸਨਮਾਨ ਕਰਨ ਵਾਲੇ ਪਛਤਾਉਣ''। ਪੀ.ਐਨ.ਬੀ. ਵਿਚ ਜੌਬ ਕਰਦਾ ਜੱਗਾ ਸਿੰਘ ਤੇ ਗੁਰਮੇਲ ਸਰਾ ਦੀ ਯਾਰੀ ਤੋਂ ਵੱਡੀ ਉਦਾਹਰਨ ਮੈਨੂੰ ਦਿਖਾਈ ਵੀ ਨਹੀਂ ਦੇ ਰਹੀ। ਮੈਂ ਅੱਖੀਂ ਦੇਖਿਆ ਕਿ ਕਿੰਝ ਇਹ ਇਕ ਦੂਜੇ ਤੋਂ ਜਾਨ ਵਾਰਦੇ ਸਨ। ਪਿਛਲੇ ਸਾਲ ਜਦੋਂ ਗੁਰਮੇਲ ਸਰਾ, ਧੀ ਦੇ ਵਿਆਹ ਵਿਚ ਬਿਮਾਰੀ ਦੀ ਹਾਲਾਤ ਵਿਚ ਬੈੱਡ ਤੇ ਪਿਆ ਫ਼ੱਕਰਾਂ ਵਾਂਗ ਆਪਣੀਆਂ ਕਵਿਤਾਵਾਂ ਗਾ ਰਿਹਾ ਸੀ ਤਾਂ ਜੱਗਾ ਸਿੰਘ ਧੀ ਦੇ ਵਿਆਹ ਦੇ ਫ਼ਰਜ਼ ਨਿਭਾ ਰਿਹਾ ਸੀ।

ਯਾਰੀ ਦੀ ਇਕ ਹੋਰ ਉਦਾਹਰਨ ਜੋ ਮੈਂ ਗੁਰਮੇਲ ਸਰਾ 'ਚ ਦੇਖੀ ਉਹ 31 ਜੁਲਾਈ 2006 ਨੂੰ ਵਾਪਰੀ ਉਹ ਇਹ ਸੀ ਕਿ ਇਕ ਬਾਰ ਭੁਪਿੰਦਰ ਪੰਨੀਵਾਲੀਆ ਨੇ ਗੁਰਮੇਲ ਬਾਈ ਨੂੰ ਫ਼ੋਨ 'ਤੇ ਉਂਝ ਹੀ ਕਹਿ ਦਿੱਤਾ ਕਿ ''ਬਾਈ ਤੁਸੀਂ ਹੁਣ ਵੱਡੇ ਬੰਦੇ ਹੋ ਗਏ ਅਸੀਂ ਤੁਹਾਡੇ ਕਿੱਥੇ ਯਾਦ ਹਾਂ''। ਉਸ ਵਕਤ ਗੁਰਮੇਲ ਬਾਈ ਲੇਹ ਲਦਾਖ਼ 'ਚ ਤਾਇਨਾਤ ਸਨ। ਕਹਿੰਦੇ ਹਨ ਕਿ ਗੁਰਮੇਲ ਨੇ ਕਿਹਾ ਕਿ ''ਤੂੰ ਸੱਦ ਤਾਂ ਸਹੀ ਮੈਂ ਤਾਂ ਪੈਰ ਜੁੱਤੀ ਨਾ ਪਾਵਾਂ'' ਤੇ ਬਾਈ ਪੰਨੀਵਾਲੀਆ ਕਹਿੰਦੇ ਕਿ ''ਲੈ ! ਮੈਂ ਤਾਂ ਹੁਣ ਕਹਿ ਦਿੰਦਾ ਕਿ ਤੁਸੀਂ ਆ ਜਾਓ''। ਉਹ ਕਹਿੰਦੇ ''ਚੰਗਾ ਫੇਰ ਫ਼ੋਨ ਰੱਖ''। ਬਾਈ ਭੁਪਿੰਦਰ ਦੱਸਦੇ ਹਨ ਕਿ ਲੇਹ 'ਚ ਤਾਇਨਾਤ ਉਨ੍ਹਾਂ ਦੇ ਦੋਸਤ ਆਈ.ਬੀ. ਦੇ ਡੀ.ਐੱਸ.ਪੀ. ਜੇ.ਪੀ. ਜੱਸੂ ਦਾ ਫ਼ੋਨ ਆਇਆ ਕਿ ਪੰਨੀਵਾਲੀਆ ਯਾਰ ਗੁਰਮੇਲ ਨੂੰ ਰੋਕ, ਉਹ ਲੇਹ ਤੋਂ ਕਾਲਾਂਵਾਲੀ ਸਕੂਟਰ 'ਤੇ ਆ ਰਿਹਾ ਹੈ। ਮੈਂ ਕਿਹਾ ਕਿ ਉਹ ਹੁਣ ਨਹੀਂ ਰੁਕਦਾ ਜ਼ਰੂਰ ਆਵੇਗਾ। ਇੰਝ ਹੀ ਹੋਇਆ ਗੁਰਮੇਲ ਤੀਜੇ ਦਿਨ ਸਵੇਰੇ ਮੇਰਾ ਬੂਹਾ ਖੜਕਾ ਰਿਹਾ ਸੀ ਤੇ ਕਹਿ ਰਿਹਾ ਸੀ ''ਬਾਰ ਖੋਲ੍ਹੋ ਸੰਤ ਆਏ ਆ''। ਜਦੋਂ ਮੈਂ ਦੇਖਿਆ ਗੁਰਮੇਲ ਬਾਈ ਸਕੂਟਰ ਤੇ ਪਟਰੌਲ ਵਾਲੀਆਂ ਦੋ ਵੱਡੀਆਂ ਕੇਨੀਆਂ ਲੱਦ ਕੇ ਵਾਰ ਮੂਹਰੇ ਖੜਾ! ਕਹਿੰਦਾ ''ਜਦੋਂ ਤੂੰ ਫ਼ੋਨ ਰੱਖਿਆ ਸੀ, ਉਦੋਂ ਹੀ ਚੱਲ ਪਿਆ ਸੀ''। ਉਹ ਇਨਸਾਨ ਸਰਕਾਰੀ ਗੱਡੀ ਤੇ ਵੀ ਆ ਸਕਦਾ ਸੀ ਪਰ ਇਮਾਨਦਾਰੀ ਤੇ ਯਾਰੀ ਨਿਭਾਉਣ ਲਈ ਆਪਣੇ ਸਕੂਟਰ ਤੇ ਘੰਟਿਆਂ ਦਾ ਸਫ਼ਰ ਕਰ ਕੇ ਯਾਰ ਦਾ ਬੂਹਾ ਆ ਖੜਕਾਇਆ ਸੀ।

ਬੱਸ ਜੀ! ਹੁਣ ਤਾਂ ਯਾਦਾਂ ਹੀ ਪੱਲੇ ਹਨ। ਜਦੋਂ ਮੇਰੇ ਮਿੱਤਰ ਰਣਜੀਤ ਸਰਾ ਨੇ ਦੱਸਿਆ ਕਿ ਬਾਈ ਗੁਰਮੇਲ ਚੜ੍ਹਾਈ ਕਰ ਗਏ ਤਾਂ ਇਕ ਪਲ ਇੰਝ ਮਹਿਸੂਸ ਹੋਇਆ ਜਿਵੇਂ ਸਰੀਰ ਦਾ ਕੋਈ ਅੰਗ ਜਵਾਬ ਦੇ ਗਿਆ ਹੋਵੇ। ਪਰ ਫੇਰ ਦੂਜੇ ਹੀ ਪਲ ਬਾਈ ਗੁਰਮੇਲ ਦੀ ਦਿੱਤੀ ਸਿੱਖਿਆ ਨੇ ਹਲੂਣਾ ਦਿੱਤਾ। ਜੋ ਉਨ੍ਹਾਂ ਇਕ ਦਿਨ ਮੈਨੂੰ ਕਿਹਾ ਸੀ ''ਆੜੀਆ! ਜੇ ਹਨੇਰੀਆਂ ਤੁਫ਼ਾਨਾਂ ਤੋਂ ਡਰਨਾ ਤਾਂ ਗੁਰਮੇਲ ਸਰਾ ਤੋਂ ਕਿਨਾਰਾ ਕਰ ਲੈ, ਗੁਰਮੇਲ ਨੂੰ ਤਾਂ ਤੂਫ਼ਾਨ ਦੇ ਉਲਟ ਚੱਲ ਕੇ ਹੀ ਨਜ਼ਾਰਾ ਆਉਂਦਾ''। ਉਨ੍ਹਾਂ ਦੀਆਂ ਇਹਨਾਂ ਗੱਲਾਂ ਤੋਂ ਬੜਾ ਹੌਸਲਾ ਮਿਲਿਆ। ਪਰ ਇਕ ਦੁੱਖ ਸਾਰੀ ਉਮਰ ਮੇਰੇ ਸੀਨੇ 'ਚ ਜ਼ਰੂਰ ਰਹੇਗਾ ਕਿ ਹਾਲੇ ਬਹੁਤ ਕੁਝ ਸਿੱਖਣਾ ਰਹਿ ਗਿਆ ਉਸ ਕਲਮੀ ਯੋਧੇ ਤੋਂ। ਉਨ੍ਹਾਂ ਦੇ ਇਹ ਬੋਲ ਸਦਾ ਮੇਰੇ ਕੰਨਾਂ ਵਿਚ ਗੂੰਜਦੇ ਰਹਿਣਗੇ ਕਿ ''ਕਦੇ ਜ਼ਿੰਦਗੀ 'ਚ ਡੋਲ ਜਾਵੇ ਤਾਂ ਬੱਸ ਇਕ ਗੱਲ ਚਿਤਾਰ ਲਈਂ ਕਿ ਤੂੰ ਕੋਈ ਐਰਾ-ਗ਼ੈਰਾ ਨਹੀਂ, ਗੁਰਮੇਲ ਸਰਾ ਦਾ ਚੇਲਾ ਗੁਰਮੇਲ ਸਰਾ ਦਾ''

ਮਿੰਟੂ ਬਰਾੜ