ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, October 26, 2012

ਜਸਪਾਲ ਭੱਟੀ ਨੇ ਬਚਾਈ ਸੀ ਮੇਰੀ ਨੌਕਰੀ

16 ਮਾਰਚ 2009 ਦਾ ਦਿਨ ਮੇਰੇ ਲਈ ਆਮ ਦਿਨਾਂ ਵਾਂਗ ਹੀ ਚੜ੍ਹਿਆ ਸੀ। ਇਹ ਉਹ ਸਮਾਂ ਸੀ ਜਦੋਂ ਭਾਰਤ ਸਮੇਤ ਪੂਰੀ ਦੁਨੀਆਂ ਮੰਦੇ ਦੇ ਦੌਰ 'ਚੋਂ ਲੰਘ ਰਹੀ ਸੀ ਅਤੇ ਹਰ ਕੋਈ ਆਪੋ-ਆਪਣੀਆਂ ਨੌਕਰੀਆਂ ਬਚਾਉਣ ਲਈ ਹੀਲਾ-ਵਸੀਲਾ ਕਰ ਰਿਹਾ ਸੀ।  ਦੂਜੇ ਹੱਥ ਸਿਆਸੀ ਪਾਰਟੀਆਂ ਮਈ ਮਹੀਨੇ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਰੁੱਝੀਆਂ ਹੋਈਆਂ ਸਨ। ਦੁਪਹਿਰ ਦੇ ਸਮੇਂ ਮੈਨੂੰ ਪਤਾ ਲੱਗਿਆ ਕਿ ਜਸਪਾਲ ਭੱਟੀ ਨੇ ਸੈਕਟਰ 17 ਦੇ ਪਲਾਜ਼ਾ 'ਚ ਕੋਈ 'ਸ਼ਗੂਫਾ' ਛੱਡਣਾ ਹੈ। ਮੈਂ ਗਿਆ ਤਾਂ ਭੱਟੀ ਆਪਣੀ ਪੂਰੀ ਟੀਮ ਸਮੇਤ ਤਕਰੀਬਨ-ਤਕਰੀਬਨ ਪ੍ਰੋਗਰਾਮ ਖਤਮ ਕਰ ਚੁੱਕੇ ਸਨ।  ਜਦ ਮੈਂ ਜਾ ਕੇ ਦੱਸਿਆ ਕਿ ਮੈਂ ਜ਼ੀ ਪੰਜਾਬੀ ਅਤੇ ਜ਼ੀ ਨਿਊਜ਼ ਲਈ ਕੰਮ ਕਰਦਾ ਹਾਂ ਤਾਂ ਉਨ੍ਹਾਂ ਆਪਣੇ ਵਿਅੰਗਮਈ ਅੰਦਾਜ਼ 'ਚ ਕਿਹਾ ਕਿ ਉਨ੍ਹਾਂ ਨੇ ਆਪਣੀ ਸਿਆਸੀ ਪਾਰਟੀ ਬਣਾਈ ਹੈ ਜਿਸਦਾ ਨਾਂ ਰੱਖਿਆ ਹੈ 'ਰਿਸੈਸ਼ਨ ਪਾਰਟੀ' ਭਾਵ ਮੰਦੇ ਵਾਲੀ ਪਾਰਟੀ ਅਤੇ ਉਹ ਚੋਣ ਲੜਕੇ ਜਿੱਤਣ ਤੋਂ ਬਾਅਦ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੀ ਕੋਸ਼ਿਸ਼ ਕਰਨਗੇ।

ਦੇਸ਼ 'ਚ ਮੰਦੇ ਦੀ ਹਾਲਤ ਅਤੇ ਚੋਣਾਂ ਦੇ ਦਿਨਾਂ 'ਤੇ ਵਿਅੰਗ ਕਰਦੇ ਉਨ੍ਹਾਂ ਦੇ ਇਸ ਸਮਾਗਮ ਦੀ ਖਬਰ ਮੈਂ ਨੋਇਡਾ ਮੁੱਖ ਦਫਤਰ ਨੂੰ ਭੇਜ ਦਿੱਤੀ। ਜਸਪਾਲ ਭੱਟੀ ਵੱਲੇ ਛੱਡੇ ਅਜਿਹੇ ਸ਼ਗੂਫਿਆ ਨੂੰ ਨਿਊਜ਼ ਚੈੱਨਲ ਹੱਥੋਂ-ਹੱਥ ਚੁੱਕਦੇ ਸਨ। ਭਾਵੇਂ ਉਸ ਵੱਲੋਂ ਤੇਲ ਦੀਆਂ ਕੀਮਤਾਂ 'ਚ ਕੀਤੇ ਵਾਧੇ ਖਿਲਾਫ ਘੋੜੇ 'ਤੇ ਦਫਤਰ ਜਾਣ ਦੀ ਗੱਲ ਹੋਵੇ, ਭਾਵੇਂ ਸਬਜ਼ੀਆਂ ਦੇ ਭਾਅ ਵੱਧਣ 'ਤੇ ਤਿਉਹਾਰਾਂ ਮੌਕੇ ਪਿਆਜ਼- ਟਮਾਟਰ ਤੋਹਫੇ ਵੱਜੋਂ ਦੇਣ ਦੀ ਗੱਲ ਹੋਵੇ ਜਾਂ ਹਾਕੀ ਦੀ ਦੁਰਦਸ਼ਾ 'ਤੇ ਹਾਕੀ ਦੀ ਸਟਿਕ ਨੂੰ ਕ੍ਰਿਕਟ ਵਾਲੇ ਬੱਲੇ ਦਾ ਰੂਪ ਦੇਣ ਦੀ ਗੱਲ ਹੋਵੇ, ਅਜਿਹੀਆਂ ਖਬਰਾਂ ਤੁਰੰਤ ਪ੍ਰਸਾਰਿਤ ਕਰ ਦਿੱਤੀਆਂ ਜਾਂਦੀਆਂ ਸਨ।


ਇਸ ਮੁਲਾਕਾਤ ਤੋਂ ਪਹਿਲਾਂ ਜਸਪਾਲ ਭੱਟੀ ਨੂੰ ਨਿੱਜੀ ਰੂਪ 'ਚ ਮੈਂ ਕਦੇ ਨਹੀਂ ਮਿਲਿਆ ਸੀ।  ਦੁਪਹਿਰ ਦੇ ਤਿੰਨ ਕੁ ਵਜੇ ਮੈਨੂੰ ਮੁੱਖ ਦਫਤਰੋਂ ਫੋਨ ਆਇਆ ਕਿ 19 ਮਾਰਚ ਨੂੰ ਚੱਲਣ ਵਾਲੇ ਜ਼ੀ ਪੰਜਾਬੀ ਦੇ ਹਫਤਾਵਾਰੀ ਪ੍ਰੋਗਰਾਮ 'ਇਕ ਖਾਸ ਮੁਲਾਕਾਤ' ਦਾ ਐਂਕਰ ਹੁਣ ਤੋਂ ਤੂੰ ਹੋਵੇਗਾ ਕਿਉਂ ਕਿ ਇਹ ਪ੍ਰੋਗਰਾਮ ਕਰਨ ਵਾਲਾ ਬੰਦਾ ਅਚਾਨਕ ਅਸਤੀਫਾ ਦੇ ਗਿਆ ਹੈ। ਇਸ ਲਈ ਅੱਜ ਹੀ ਕੋਈ ਇੰਟਰਵਿਊ ਰਿਕਾਰਡ ਕਰਕੇ ਭੇਜ ਦੇ।ਇਹ ਪ੍ਰੋਗਰਾਮ ਨਵਾਂ ਹੀ ਸੀ ਅਤੇ ਦਰਸ਼ਕਾਂ 'ਚ ਬਹੁਤਾ ਮਕਬੂਲ ਵੀ ਨਹੀਂ ਸੀ। ਜਦੋਂ ਮੈਂ ਇੰਨੇ ਘੱਟ ਸਮੇਂ 'ਚ ਰਿਕਾਰਡਿੰਗ ਕਰਨ ਅਤੇ ਕਿਸੇ ਮਹਿਮਾਨ ਨੂੰ ਸਟੀਡੀਓ ਬਲਾਉਣ ਪ੍ਰਤੀ ਆਪਣੀ ਅਸੱਮਰਥਾ ਪ੍ਰਗਟਾਈ ਤਾਂ ਮੈਨੂੰ ਸਮਝਾਇਆਂ ਗਿਆ ਕਿ ਮੰਦਾ ਚੱਲ ਰਿਹਾ ਹੈ, ਤੈਨੂੰ ਮੌਕਾ ਮਿਲਿਆ ਹੈ, ਆਪਣੀ ਨੌਕਰੀ ਬਚਾ ਤੇ ਜਿਵੇਂ-ਕਿਵੇਂ ਕਰਕੇ ਇੰਟਰਵਿਊ ਕਰ ਲੈ।


ਕੁਝ ਨਹੀਂ ਸੁੱਝ ਰਿਹਾ ਸੀ। ਸਾਢੇ ਕੁ ਤਿੰਨ ਵਜੇ ਜਸਪਾਲ ਭੱਟੀ ਨੂੰ ਮੋਬਾਈਲ ਕੀਤਾ ਕਿ ਜੇਕਰ ਉਹ ਸਟੂਡੀਓ ਆ ਸਕਦੇ ਹਨ ਤਾਂ 'ਰਿਸੈਸ਼ਨ ਪਾਰਟੀ' ਬਾਰੇ ਖੁੱਲ੍ਹੀਆਂ-ਡੁੱਲੀਆਂ ਗੱਲਾਂ ਰਿਕਾਰਡ ਕਰਨੀਆਂ ਹਨ।  ਕਹਿੰਦੇ ਠੀਕ ਹੈ ਮੈਂ ਸ਼ਾਮੀਂ ਸੱਤ ਵਜੇ ਆ ਜਾਵਾਗਾਂ।  ਮੈਂ ਸਟੂਡੀਓ ਦੇ ਟੈਕਨੀਕਲ ਸਟਾਫ ਅਤੇ ਮੇਕਅੱਪ ਆਰਟਿਸਟ ਨੂੰ ਇਸ ਬਾਬਤ ਜਦੋਂ ਜਾਣੂੰ ਕਰਵਾਇਆਂ ਤਾਂ ਸਭ ਨੇ ਮੱਥੇ 'ਤੇ ਹੱਥ ਮਾਰਦਿਆਂ ਕਿਹਾ "ਕਿੱਥੇ ਪੰਗਾ ਲੈ ਲਿਆ? ਭੱਟੀ ਅੱਜ ਤੱਕ ਕਦੇ ਸਟੂਡਿਓ 'ਚ ਟਾਈਮ ਸਿਰ ਨਹੀਂ ਪਹੁੰਚਿਆਂ।" ਤਕਰੀਬਨ ਸਾਰੇ ਜਣੇ ਮੇਰੇ ਤੋਂ ਪਹਿਲਾਂ ਜਸਪਾਲ ਭੱਟੀ ਹੋਰਾਂ ਨਾਲ ਕੰਮ ਕਰ ਚੁੱਕੇ ਸਨ। ਮੈਨੂੰ ਵੀ ਟੈਸ਼ਨ ਹੋ ਗਈ। ਮੈਂ ਕਿਹਾ ਦੇਖੀ ਜਾਊ ਜੋ ਹੋਵੇਗਾ। ਏਨੇ ਚਿਰ ਨੂੰ ਮੈਂ ਜਸਪਾਲ ਭੱਟੀ ਬਾਬਤ ਜਾਣਕਾਰੀ ਇਕੱਠੀ ਕੀਤੀ ਅਤੇ ਸਵਾਲਾਂ ਦੀ ਇਕ ਵੱਡੀ ਸਾਰੀ ਲਿਸਟ ਤਿਆਰ ਕਰ ਲਈ।


ਜਦੋਂ ਜਸਪਾਲ ਭੱਟੀ ਪੌਣੇ ਸੱਤ ਵਜੇ ਸਟੂਡੀਓ ਆ ਗਏ ਤਾਂ ਸਭਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ।  ਜਦੋਂ ਮੈਂ ਭੱਟੀ ਸਾਹਿਬ ਨੂੰ ਇਹ ਗੱਲ ਦੱਸੀ ਤਾਂ ਹੱਸਦੇ ਹੋਏ ਕਹਿੰਦੇ 'ਟਾਈਮ 'ਤੇ ਤਾਂ ਮੈਂ ਅੱਜ ਵੀ ਨਹੀਂ ਪਹੁੰਚਿਆਂ, ਸੱਤ ਵਜੇ ਦਾ ਕਹਿ ਕੇ ਪੌਣੇ ਸੱਤ ਵਜੇ ਆ ਗਿਆ।" ਹਫੜਾ-ਦਫੜੀ ਜਿਹੀ 'ਚ ਤਿਆਰ ਹੋ ਕੇ ਮੈਂ ਸਟੂਡੀਓ 'ਚ ਜਸਪਾਲ ਭੱਟੀ ਦੇ ਸਾਹਮਣੇ ਬੈਠਾ ਸੀ। ਮੈਂ ਕਿਹਾ " ਭਾਅ ਜੀ ਇਸ ਪ੍ਰੋਗਰਾਮ ਲਈ ਇਹ ਮੇਰੀ ਪਹਿਲੀ ਇੰਟਰਵਿਊ ਹੈ, ਸਵਾਲ ਮੈਂ ਉਹ ਕਰਾਂਗਾ ਜੋ ਇਕ ਦਰਸ਼ਕ ਵੱਜੋਂ ਤੁਹਾਨੂੰ ਸਕਰੀਨ 'ਤੇ ਦੇਖਦਿਆਂ ਮੇਰੇ ਦਿਮਾਗ 'ਚ ਆਉਂਦੇ ਹੁੰਦੇ ਸੀ। ਕੋਈ ਰਸਮੀ ਜਿਹੀ ਗੱਲਬਾਤ ਨਹੀਂ ਕਰਾਂਗਾ। ਭੱਟੀ ਸਾਹਿਬ ਕਹਿੰਦੇ ਨਰਿੰਦਰ ਇਸ ਵੇਲੇ ਤੂੰ ਇਕ ਪੱਤਰਕਾਰ ਦੇ ਤੌਰ 'ਤੇ ਮੇਰੇ ਤੋਂ ਕੁਝ ਵੀ ਪੁੱਛ ਸਕਦਾ ਹੈ। ਦਰਸ਼ਕ ਬਣਕੇ ਇੰਟਰਵਿਊ ਕਰੇਗਾ ਤਾਂ ਕਾਮਯਾਬ ਰਹੇਗਾ। ਜੋ ਗੱਲ ਕਰਨੀ ਐ ਕਰ ਲੈ।


ਇੰਟਰਵਿਊ ਰਿਕਾਰਡ ਕਰਕੇ ਰਾਤੀਂ ਨੌਂ ਵਜੇ ਮੈਂ ਤੇ ਕੈਮਰਾਮੈਨ ਜੈਵੀਰ ਚੰਡੀਗੜ੍ਹ ਬੱਸ ਅੱਡੇ 'ਤੇ ਦਿੱਲੀ ਜਾਣ ਵਾਲੀ ਇਕ ਬੱਸ ਦੇ ਕੰਡਕਟਰ ਨੂੰ ਉਹ ਟੇਪ ਫੜ੍ਹਾ ਕੇ ਆਏ। ਮੁੱਖ ਦਫਤਰ ਦੱਸਿਆ ਤੇ ਉਨ੍ਹਾਂ ਦਿੱਲੀ ਬੱਸ ਅੱਡੇ ਤੋਂ 17 ਮਾਰਚ ਦੀ ਸਵੇਰ ਰਿਕਾਰਡਿੰਗ ਵਾਲੀ ਟੇਪ ਪ੍ਰਾਪਤ ਕੀਤੀ। 18 ਮਾਰਚ ਦੁਪਹਿਰ ਤੱਕ ਐਡੀਟਿੰਗ ਹੋ ਕੇ ਐਪੀਸੋਡ ਤਿਆਰ ਸੀ। ਮੁੱਖ ਦਫਤਰ ਵੱਲੋਂ ਮੇਰੇ ਕੱਪੜਿਆਂ, ਫੇਸ ਐਕਸਪ੍ਰੈਸ਼ਨ ਅਤੇ ਦੇਸੀ ਭਾਸ਼ਾ ਬੋਲਣ ਵਰਗੀਆਂ ਕਈ ਗਲਤੀਆਂ ਕੱਢੀਆਂ ਗਈਆਂ ਪਰ ਗੱਲਬਾਤ ਦੇ ਵਿਸ਼ੇ 'ਚ ਕੋਈ ਦੁਆਨੀ ਨੁਕਸ ਵੀ ਨਹੀਂ ਕੱਢ ਸਕਿਆ। ਖੈਰ, ਜਦੋਂ 19 ਮਾਰਚ ਨੂੰ ਰਾਤੀਂ ਸਾਢੇ ਨੌਂ ਵਜੇ ਇਹ ਇੰਟਰਵਿਊ ਪ੍ਰਸਾਰਿਤ ਹੋਈ ਤਾਂ ਪ੍ਰੋਗਰਾਮ ਦੇ ਪਹਿਲੇ ਭਾਗ ਤੋਂ ਬਾਅਦ ਹੀ ਭੱਟੀ ਸਾਹਿਬ ਦਾ ਮੋਬਾਈਲ 'ਤੇ ਮੈਸੇਜ ਆਇਆ 'ਗੁੱਡ ਗੋਈਂਗ' ਭਾਵ ਵਧੀਆਂ ਚੱਲ ਰਿਹਾ ਏ। ਪ੍ਰੋਗਰਾਮ ਖਤਮ ਹੋਣ 'ਤੇ ਉਨ੍ਹਾਂ ਏਨਾ ਹੀ ਲਿਖਿਆ "ਥੈਂਕਸ, ਵੱਖਰੀ ਤਰ੍ਹਾਂ ਦੀ ਇੰਟਰਵਿਊ ਸੀ।" ਮੇਰੇ ਯਾਦ ਨਹੀਂ ਮੈਂ ਉਨ੍ਹਾਂ ਨੂੰ ਕਿੰਨੀਆਂ ਹੀ ਨਿੱਜੀ, ਸਮਾਜਕ, ਉਨ੍ਹਾਂ ਦੀ ਅਕੈਡਮੀ ਅਤੇ ਉਨ੍ਹਾਂ ਦੀ ਵਿਅੰਗ ਸ਼ੈਲੀ ਬਾਰੇ ਗੱਲਾਂ ਪੁੱਛੀਆਂ ਸਨ। ਅਫਸੋਸ ਇਸ ਗੱਲ ਦਾ ਹੈ ਕਿ ਇਸ ਇੰਟਰਵਿਊ ਦਾ ਮੇਰੇ ਕੋਲ ਕੋਈ ਰਿਕਾਰਡ ਵੀ ਨਹੀਂ ਪਿਆ। ਇਸ ਤੋਂ ਬਾਅਦ ਵੀ ਉਹ ਅਕਸਰ ਚੰਡੀਗੜ੍ਹ, ਮੋਹਾਲੀ ਜਾਂ ਫਿਰ ਪ੍ਰੈੱਸ ਕਲੱਬ 'ਚ ਮਿਲਦੇ ਰਹਿੰਦੇ ਸਨ। ਕਦੇ-ਕਦੇ ਐਸ.ਐਮ.ਐਸ. ਵੀ ਆ ਜਾਂਦਾ ਸੀ। ਸਾਲ 2011 'ਚ ਵੀ ਮੈਂ ਉਨ੍ਹਾਂ ਦੀ ਇੰਟਰਵਿਊ ਕਰਨ ਲਈ ਬਹੁਤ ਫੋਨ ਕੀਤੇ ਪਰ ਉਨ੍ਹਾਂ ਦੇ ਰੁਝੇਵਿਆਂ ਕਾਰਣ ਸਮਾਂ ਨਹੀਂ ਮਿਲ ਸਕਿਆ।


'ਇਕ ਖਾਸ ਮੁਲਾਕਾਤ' ਪ੍ਰੋਗਰਾਮ ਮੈਂ ਦੋ ਸਾਲ ਤੋਂ ਵੀ ਜ਼ਿਆਦਾ ਸਮਾਂ ਐਂਕਰ ਕੀਤਾ। 110 ਦੇ ਕਰੀਬ ਐਪੀਸੋਡ ਰਿਕਾਰਡ ਕੀਤੇ ਅਤੇ ਹਰ ਖੇਤਰ ਦੀਆਂ ਸਖਸ਼ੀਅਤਾਂ ਦੀ ਇੰਟਰਵਿਊ ਕੀਤੀ। ਪੰਜਾਬ ਦੇ ਤਕਰੀਬਨ ਸਾਰੇ ਨਾਮੀਂ ਕਾਮੇਡੀਅਨ ਮੇਹਰ ਮਿੱਤਲ, ਜਸਵਿੰਦਰ ਭੱਲਾ, ਭਗਵੰਤ ਮਾਨ, ਜਗਤਾਰ ਜੱਗੀ, ਗੁਰਚੇਤ ਚਿੱਤਰਕਾਰ, ਬੀਨੂੰ ਢਿੱਲੋਂ, ਸੁਰਿੰਦਰ ਸ਼ਰਮਾ, ਗਾਇਕ ਤੇ ਕਾਮੇਡੀਅਨ ਕੇ.ਦੀਪ ਆਦਿ ਦੀ ਇੰਟਰਵਿਊ ਕੀਤੀ ਪਰ ਜਸਪਾਲ ਭੱਟੀ ਦੀ ਗੱਲ ਹੀ ਵੱਖਰੀ ਸੀ। ਉਹ ਕਾਮੇਡੀਅਨ ਨਹੀਂ ਵਿਅੰਗਕਾਰ ਸੀ ਅਤੇ ਜਸਪਾਲ ਭੱਟੀ ਦਾ ਮੰਨਣਾ ਸੀ ਕਿ ਵਿਅੰਗ ਕਰਕੇ ਕਿਸੇ ਨੂੰ ਹਸਾਉਣਾ ਕਾਮੇਡੀ ਕਲਾ ਤੋਂ ਵੱਡੀ ਗੱਲ ਹੈ। ਅੱਜ ਸੋਚ ਰਿਹਾ ਹਾਂ ਕਿ ਉਸ ਸਮੇਂ ਜਸਪਾਲ ਭੱਟੀ ਕਰਕੇ ਨੌਕਰੀ ਬਚ ਗਈ ਸੀ। ਜੇ ਉਹ ਨਾ ਆਉਂਦੇ, ਇੰਟਰਵਿਊ ਨਾ ਰਿਕਾਰਡ ਹੁੰਦੀ, ਪਤਾ ਨਹੀਂ ਮੇਰਾ ਕੀ ਬਣਨਾ ਸੀ? ਉਸ ਦਿਨ ਤਾਂ ਇੰਟਰਵਿਊ ਲਈ ਸਮੇਂ ਸਿਰ ਆ ਗਏ ਸੀ ਪਰ ਦੁਨੀਆਂ 'ਚੋਂ ਜਾਣ ਦਾ ਇਹ ਸਮਾਂ ਠੀਕ ਨਹੀਂ ਸੀ ਭੱਟੀ ਸਾਹਿਬ!


ਨਰਿੰਦਰ ਪਾਲ ਸਿੰਘ ਜਗਦਿਓ
ਲੇਖ਼ਕ ਸਰਗਰਮ ਪੱਤਰਕਾਰੀ ਨੂੰ ਤਲਾਕ ਦੇਣ ਤੋਂ ਬਾਅਦ ਅੱਜਕਲ੍ਹ ਪੰਜਾਬ ਸਰਕਾਰ ਦੇ 'ਅਸਿਸਟੈਂਟ ਪਬਲਿਕ ਰਿਲੇਸ਼ਨ ਅਫਸਰ' ਹਨ।

No comments:

Post a Comment